1 John

1:1 ਹੁਣ ਅਸੀਂ ਤੁਹਾਨੂੰ ਉਸ ਬਾਰੇ ਕੁਝ ਦੱਸਦੇ ਹਾਂ ਜੋ ਮੁਢ ਤੋਂ ਹੀ ਮੌਜੁਦ ਸੀ। ਇਹ ਅਸੀਂ ਸੁਣਿਆ ਹੈ ਅਤੇ ਅਸੀਂ ਆਪਣੀਆਂ ਅਖਾਂ ਨਾਲ ਦੇਖਿਆ ਹੈ। ਅਸੀਂ ਇਸਨੂੰ ਆਪਣੇ ਹੱਥਾਂ ਨਾਲ ਛੂਹਿਆ ਹੈ। ਅਸੀਂ ਤੁਹਾਨੂੰ ਉਸ ਵਚਨ ਬਾਰੇ ਦੱਸਦੇ ਹਾਂ ਜਿਹੜਾ ਜੀਵਨ ਪ੍ਰਦਾਨ ਕਰਦਾ ਹੈ। 2 ਜਿਹੜਾ ਜੀਵਨ ਸਾਨੂੰ ਦਰਸ਼ਾਇਆ ਗਿਆ। ਅਸੀਂ ਇਸ ਨੂੰ ਦੇਖਿਆ ਅਸੀਂ ਇਸ ਬਾਰੇ ਗਵਾਹ ਹਾਂ। ਹੁਣ ਅਸੀਂ ਤੁਹਾਨੂੰ ਇਸ ਜੀਵਨ ਬਾਰੇ ਦੱਸਦੇ ਹਾਂ। ਇਹ ਜੀਵਨ ਸਦੀਵੀ ਹੈ। ਇਹ ਜੀਵਨ ਪਰਮੇਸ਼ੁਰ ਪਿਤਾ ਦੇ ਨਾਲ ਸੀ। ਪਰਮੇਸ਼ੁਰ ਨੇ ਇਹ ਜੀਵਨ ਸਾਨੂੰ ਦਰਸਾਇਆ। 3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂ? ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ। 5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ। 6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ। 7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ। 8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ। 9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਬਾਲ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ। 10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।

2:1 ਮੇਰੇ ਪਿਆਰੇ ਬਚਿਓ, ਮੈਂ ਇਹ ਖਤ ਤੁਹਾਨੂੰ ਇਸ ਲਈ ਲਿਖ ਰਿਹਾ ਤਾਂ ਜੋ ਤੁਸੀਂ ਪਾਪ ਨਾ ਕਰੋ ਪਰ ਜੇ ਕੋਈ ਵਿਅਕਤੀ ਪਾਪ ਕਰਦਾ ਹੈ ਤਾਂ ਸਾਡੇ ਕੋਲ ਯਿਸੂ ਮਸੀਹ ਸਹਾਇਤਾ ਕਰਨ ਲਈ ਮੌਜੁਦ ਹੈ। ਉਹ ਉਹੀ ਕਰਦਾ ਜੋ ਸਹੀ ਹੈ। ਯਿਸੂ ਪਰਮੇਸ਼ੁਰ ਦੇ ਸਾਮ੍ਹਣੇ ਸਾਡੇ ਲਈ ਬੋਲਦਾ ਹੈ। 2 ਯਿਸੂ ਸਾਡੇ ਪਾਪਾਂ ਦਾ ਪਰਾਸ਼ਚਿਤ ਹੈ। ਸਿਰਫ਼ ਸਾਡੇ ਹੀ ਪਾਪਾਂ ਦਾ ਨਹੀਂ ਸਗੋਂ ਸਾਰੇ ਸੰਸਾਰ ਦਾ ਵੀ। 3 ਜੇ ਅਸੀਂ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਾਂਗੇ, ਤਾਂ ਅਸੀਂ ਇਹ ਗੱਲ ਪਕੀ ਕਰ ਦਿਆਂਗੇ ਕਿ ਅਸੀਂ ਪਰਮੇਸ਼ੁਰ ਨੂੰ ਸੱਚ ਮੁਚ ਜਾਣਦੇ ਹਾਂ। 4 ਜੇ ਕੋਈ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ।” ਪਰ ਜੇ ਉਹ ਵਿਅਕਤੀ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਦਾ, ਤਾਂ ਉਹ ਵਿਅਕਤੀ ਝੂਠਾ ਹੈ। ਸੱਚ ਉਸ ਵਿੱਚ ਨਹੀਂ ਹੈ। 5 ਜਦੋਂ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ ਤਾਂ ਪਰਮੇਸ਼ੁਰ ਦਾ ਪਿਆਰ ਸੱਚ ਮੁੱਚ ਉਸ ਵਿਅਕਤੀ ਲਈ ਸੰਪੂਰਾਣ ਰੂਪ ਵਿੱਚ ਹੈ। ਇਸੇ ਤਰ੍ਹਾਂ ਹੀ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਹਾਂ। 6 ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਹ ਪਰਮੇਸ਼ੁਰ ਦੇ ਨਮਿਤ ਰਹਿ ਰਿਹਾ ਹੈ ਤਾਂ ਉਸਨੂੰ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਯਿਸੂ ਜੀਵਿਆ ਸੀ। 7 ਮੇਰੇ ਪਿਆਰੇ ਮਿੱਤਰੋ ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ। ਇਹ ਉਹੀ ਪੁਰਾਣਾ ਹੁਕਮ ਹੈ ਜਿਹੜਾ ਤੁਹਾਡੇ ਕੋਲ ਮੁਢ ਤੋਂ ਹੀ ਸੀ। ਇਹ ਪੁਰਾਣਾ ਹੁਕਮ ਉਹੀ ਉਪਦੇਸ਼ ਹੈ ਜਿਹੜਾ ਤੁਸੀਂ ਪਹਿਲਾਂ ਹੀ ਸੂਣ ਚੁੱਕੇ ਹੋਂ। 8 ਮੈਂ ਤੁਹਾਨੂੰ ਇਹ ਹੁਕਮ ਇੱਕ ਨਵੇਂ ਹੁਕਮ ਵਾਂਗ ਲਿਖ ਰਿਹਾ ਹਾਂ। ਇਹ ਹੁਕਮ ਸੱਚਾ ਹੈ, ਤੁਸੀਂ ਇਸਦੀ ਸੱਚਾਈ ਨੂੰ ਯਿਸੂ ਵਿੱਚ ਅਤੇ ਆਪਣੇ ਆਪ ਵਿੱਚ ਦੇਖਿਆ ਹੈ। ਹਨੇਰਾ ਅਲੋਪ ਹੋ ਰਿਹਾ ਹੈ ਅਤੇ ਸੱਚੇ ਪ੍ਰਕਾਸ਼ ਨੇ ਪਹਿਲਾਂ ਹੀ ਚਮਕਣਾ ਸ਼ੁਰੂ ਕਰ ਦਿੱਤਾ ਹੈ। 9 ਇੱਕ ਵਿਅਕਤੀ ਆਖਦਾ ਹੈ, “ਮੈਂ ਰੌਸ਼ਨੀ ਵਿੱਚ ਹਾਂ।” ਪਰ ਜੇ ਉਹ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਤਾਂ ਉਹ ਹਾਲੇ ਵੀ ਅੰਧਕਾਰ ਵਿੱਚ ਹੈ। 10 ਜਿਹੜਾ ਵਿਅਕਤੀ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿ ਰਿਹਾ ਹੈ ਅਤੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਉਸ ਪਾਸੋਂ ਗਲਤ ਕੰਮ ਕਰਾ ਸਕੇਗੀ। 11 ਪਰ ਜਿਹੜਾ ਵਿਅਕਤੀ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ ਉਹ ਹਾਲੇ ਵੀ ਅੰਧਕਾਰ ਵਿੱਚ ਹੈ ਅਤੇ ਅੰਧਕਾਰ ਵਿੱਚ ਚਲਦਾ ਹੈ? ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਉਂਕਿ ਅੰਧਕਾਰ ਨੇ ਉਸਨੂੰ ਅੰਨ੍ਹਾ ਬਣਾ ਦਿੱਤਾ ਹੈ। 12 ਪਿਆਰੇ ਬਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,ਕਿਉਂਕਿ ਮਸੀਹ ਰਾਹੀਂ ਤੁਹਾਡੇ ਪਾਪ ਮੁਆਫ਼ ਹੋ ਗਏ ਹਨ। 13 ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ,ਕਿਉਂਕਿ ਤੁਸੀਂ ਉਸ ਬਾਰੇ ਜਾਣਦੇ ਹੋ ਜਿਸਦੀ ਹੋਂਦ ਆਦਿ ਤੋਂ ਹੈ।ਨੌਜਵਾਨ ਲੋਕੋ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂਕਿਉਂਕਿ ਤੁਸੀਂ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ। 14 ਬਚਿਓ, ਮ੍ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂਕਿਉਂਕਿ ਤੁਸੀਂ ਪਰਮੇਸ਼ੁਰ ਪਿਤਾ ਨੂੰ ਜਾਣਦੇ ਹੋ।ਪਿਤਾਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂਕਿਉਂਕਿ ਤੁਸੀਂ ਉਸਨੂੰ ਜਾਣਦੇ ਹੋ ਜੋ ਮੁਢ ਤੋਂ ਮੌਜੁਦ ਸੀ।ਹੇ ਨੌਜਵਾਨ ਆਦਮੀਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ,ਕਿਉਂਕਿ ਤੁਸੀਂ ਮਜ਼ਬੂਤ ਹੋ;ਪਰਮੇਸ਼ੁਰ ਦਾ ਸ਼ਬਦ ਤੁਹਾਡੇ ਅੰਦਰ ਵਸਦਾ ਹੈ,ਅਤੇ ਤੁਸੀਂ ਉਸ ਦੁਸ਼ਟ (ਸ਼ੈਤਾਨ) ਨੂੰ ਹਰਾ ਦਿੱਤਾ ਹੈ। 15 ਦੁਨੀਆਂ ਨੂੰ ਜਾਂ ਦੁਨੀਆਂ ਵਿਚਲੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇ ਕੋਈ ਵਿਅਕਤੀ ਦੁਨੀਆਂ ਨੂੰ ਪਿਆਰ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ੁਰ ਦਾ ਪਿਆਰ ਨਹੀਂ ਹੈ। 16 ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ। 17 ਦੁਨੀਆਂ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੁਨੀਆਂ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ। 18 ਮੇਰੇ ਪਿਆਰੇ ਬਚਿਓ, ਅੰਤ ਨੇੜੇ ਆ ਚੁਕਿਆ ਹੈ। ਤੁਸੀਂ ਸੁਣਿਆ ਹੋਇਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ, ਅਤੇ ਹੁਣ ਮਸੀਹ ਦੇ ਇੰਨੇ ਦੁਸ਼ਮਣ ਪਹਿਲਾਂ ਹੀ ਇਥੇ ਹਨ। ਇਸ ਲਈ ਅਸੀਂ ਜਾਣਦੇ ਹਾਂ ਕਿ ਅੰਤ ਨੇੜੇ ਹੈ। 19 ਮਸੀਹ ਦੇ ਉਹ ਦੁਸ਼ਮਣ ਸਾਡੇ ਸਮੂਹ ਵਿੱਚ ਸਨ, ਪਰ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ। ਉਹ ਸੱਚਮੁਚ ਸਾਡੇ ਨਹੀਂ ਸਨ। ਜੇ ਉਹ ਸਾਡੀ ਸੰਗਤ ਦਾ ਹਿੱਸਾ ਹੁੰਦੇ ਤਾਂ ਉਹ ਸਾਡੇ ਨਾਲ ਹੀ ਰਹਿੰਦੇ। ਪਰ ਕਿਉਂ ਜੁ ਉਹ ਸਾਨੂੰ ਛੱਡ ਗਏ, ਇਹ ਦਰਸ਼ਾਉਂਦਾ ਹੈ ਕਿ ਉਨ੍ਹਾਂ ਵਿੱਚੋ ਕੋਈ ਵੀ ਸਾਡੇ ਵਿਚਲਾ ਨਹੀਂ ਸੀ। 20 ਪਰ ਤੁਹਾਡੇ ਕੋਲ ਉਸ ਪਵਿੱਤਰ (ਪਰਮੇਸ਼ੁਰ ਜਾਂ ਮਸੀਹ) ਵੱਲੋਂ ਦਿੱਤੀ ਗਈ ਦਾਤ ਹੈ, ਇਸ ਲਈ ਤੁਸੀਂ ਸਾਏ ਸੱਚ ਨੂੰ ਜਾਣਦੇ ਹੋ। 21 ਮੈਂ ਤੁਹਾਨੂੰ ਇਹ ਕਿਉਂ ਲਿਖ ਰਿਹਾ ਹਾਂ? ਕੀ ਮੈਂ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਸੱਚ ਬਾਰੇ ਨਹੀਂ ਜਾਣਦੇ? ਨਹੀਂ? ਮੈਂ ਇਹ ਖਤ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਸੱਚ ਬਾਰੇ ਜਾਣਦੇ ਹੋ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਝੂਠ ਸੱਚ ਵਿੱਚੋਂ ਪੈਦਾ ਨਹੀਂ ਹੁੰਦਾ। 22 ਇਸ ਲਈ ਝੂਠਾ ਕੌਣ ਹੈ? ਇਹ ਉਹੀ ਵਿਅਕਤੀ ਹੈ ਜਿਹੜਾ ਆਖਦਾ ਹੈ ਕਿ ਯਿਸੂ ਮਸੀਹ ਨਹੀਂ ਹੈ। ਉਹ ਮਸੀਹ ਦਾ ਦੁਸ਼ਮਣ ਹੈ। ਉਹ ਵਿਅਕਤੀ ਪਿਤਾ ਵਿੱਚ ਜਾਂ ਉਸਦੇ ਪੁੱਤਰ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। 23 ਜਿਹੜਾ ਕੋਈ ਪੁੱਤਰ ਵਿੱਚ ਨਿਹਚਾ ਰੱਖਣ ਤੋਂ ਇਨਕਾਰ ਕਰਦਾ ਹੈ ਪਿਤਾ ਵੀ ਉਸਦਾ ਨਹੀਂ ਹੈ। ਪਰ ਜਿਹੜਾ ਵਿਅਕਤੀ ਪੁੱਤਰ ਨੂੰ ਪ੍ਰਵਾਨ ਕਰਦਾ ਹੈ ਤਾਂ ਪਿਤਾ ਵੀ ਉਸਦਾ ਹੈ। 24 ਇਸ ਗੱਲੋਂ ਯਕੀਨੀ ਹੋਵੋ ਕਿ ਤੁਸੀਂ ਉਸੇ ਉਪਦੇਸ਼ ਦਾ ਅਨੁਸਰਣ ਕਰਦੇ ਹੋ ਜਿਹੜਾ ਤੁਸੀਂ ਮੁਢ ਤੋਂ ਹੀ ਸੁਣਦੇ ਆ ਰਹੇ ਹੋਂ। ਜੇ ਤੁਸੀਂ ਇਸ ਉਪਦੇਸ਼ ਤੇ ਅਮਲ ਕਰੋਂਗੇ ਤਾਂ ਤੁਸੀਂ ਪੁੱਤਰ ਅਤੇ ਪਿਤਾ ਦੋਹਾਂ ਵਿੱਚ ਸਥਿਰ ਰਹੋਂਗੇ। 25 ਇਹੀ ਹੈ ਜਿਸਦਾ ਪੁੱਤਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ। ਇਹ ਸਦੀਵੀ ਜੀਵਨ ਹੈ। 26 ਮੈਂ ਇਹ ਗੱਲਾਂ ਉਨ੍ਹਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜਿਹੜੇ ਤੁਹਾਨੂੰ ਗਲਤ ਰਾਹ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। 27 ਮਸੀਹ ਨੇ ਤੁਹਾਨੂੰ ਖਾਸ ਦਾਤ ਦਿੱਤੀ ਸੀ। ਅਤੇ ਇਹ ਦਾਤ ਹਾਲੇ ਤੁਹਾਡੇ ਅੰਦਰ ਹੈ। ਇਸ ਲਈ ਤੁਹਾਨੂੰ ਕਿਸੇ ਵਿਅਕਤੀ ਦੇ ਉਪਦੇਸ਼ ਦੀ ਲੋੜ ਨਹੀਂ। ਜਿਹੜੀ ਦਾਤ ਉਸਨੇ ਤੁਹਾਨੂੰ ਦਿੱਤੀ ਸੀ ਤੁਹਾਨੂੰ ਹਰ ਗੱਲ ਬਾਰੇ ਉਪਦੇਸ਼ ਦਿੰਦੀ ਹੈ। ਇਹ ਦਾਤ ਸੱਚੀ ਹੈ। ਇਹ ਗੱਲ ਝੂਠੀ ਨਹੀਂ ਹੈ। ਇਸ ਲਈ ਮਸੀਹ ਦੇ ਨਮਿਤ ਜਿਉਣ ਜਾਰੀ ਰਖੋ ਜਿਵੇਂ ਕਿ ਉਸਦੀ ਦਾਤ ਨੇ ਤੁਹਾਨੂੰ ਸਿਖਾਇਆ ਹੈ। 28 ਇਸ ਲਈ, ਮੇਰੇ ਪਿਆਰੇ ਬਚਿਓ, ਉਸ੍ਸ ਵਿੱਚ ਜੀਵੋ। ਜੇਕਰ ਤੁਸੀਂ ਅਜਿਹਾ ਕਰਦੇ ਹੋਂ, ਤਾਂ ਸਾਨੂੰ ਵਿਸ਼ਵਾਸ ਹੋਵੇਗਾ ਅਤੇ ਸਾਨੂੰ ਉਸਦੀ ਹਜੂਰੀ ਵਿੱਚ ਉਸ ਵੇਲੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੋਵੇਗੀ ਜਦੋਂ ਉਹ ਪ੍ਰਗਟੇਗਾ। 29 ਤੁਸੀਂ ਜਾਣਦੇ ਹੋ ਕਿ ਮਸੀਹ ਹਮੇਸ਼ਾ ਉਹੀ ਕਰਦਾ ਹੈ ਜੋ ਚੰਗਾ ਹੈ। ਇਸ ਲਈ ਤੁਸੀਂ ਜਾਣਦੇ ਹੋ ਕਿ ਸਾਰੇ ਲੋਕੀਂ ਜਿਹੜੇ ਨੇਕ ਕੰਮ ਕਰਦੇ ਹਨ ਪਰਮੇਸ਼ੁਰ ਦੇ ਬੱਚੇ ਹਨ।

3:1 ਪਿਤਾ ਨੇ ਸਾਨੂੰ ਇੰਨਾ ਪਿਆਰ ਦਿੱਤਾ ਹੈ। ਇਸ ਲਈ ਸਾਨੂੰ ਪਰਮੇਸ਼ੁਰ ਦੇ ਬੱਚੇ ਆਖਿਆ ਜਾਂਦਾ ਹੈ। ਅਤੇ ਅਸੀਂ ਸੱਚਮੁਚ ਪਰਮੇਸ਼ੁਰ ਦੇ ਬੱਚੇ ਹਾਂ। ਪਰ ਦੁਨੀਆਂ ਦੇ ਲੋਕ ਨਹੀਂ ਸਮਝਦੇ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ। 2 ਪਿਆਰੇ ਮਿੱਤਰੋ, ਅਸੀਂ ਹੁਣ ਪਰਮੇਸ਼ੁਰ ਦੇ ਬੱਚੇ ਹਾਂ। ਹਾਲੇ ਸਾਨੂੰ ਇਹ ਨਹੀਂ ਦਸਿਆ ਗਿਆ ਕਿ ਅਸੀਂ ਭਵਿਖ੍ਖ ਵਿੱਚ ਕੀ ਹੋਵਾਂਗੇ, ਪਰ ਸਾਨੂੰ ਪਤਾ ਹੈ ਜਦੋਂ ਮਸੀਹ ਵਾਪਸ ਆਵੇਗਾ, ਅਸੀਂ ਉਸ ਵਰਗੇ ਹੋਵਾਂਗੇ। ਅਸੀਂ ਉਸਨੂੰ ਓਸੇ ਰੂਪ ਵਿੱਚ ਦੇਖਾਂਗੇ ਜੋ ਉਹ ਅਸਲ ਵਿੱਚ ਹੈ। 3 ਮਸੀਹ ਪਵਿੱਤਰ ਹੈ। ਹਰ ਵਿਅਕਤੀ ਜਿਸਨੂੰ ਮਸੀਹ ਵਿੱਚ ਇਹ ਆਸ ਹੈ ਉਹ ਆਪਣੇ ਆਪ ਨੂੰ ਮਸੀਹ ਵਾਂਗ ਸ਼ੁਧ ਬਣਾ ਲੈਂਦਾ ਹੈ। 4 ਜਦੋਂ ਕੋਈ ਵਿਅਕਤੀ ਪਾਪ ਕਰਦਾ ਹੈ। ਤਾਂ ਉਹ ਪਰਮੇਸ਼ੁਰ ਦਾ ਨੇਮ ਤੋੜਦਾ ਹੈ। ਹਾਂ, ਪਾਪ ਕਰਨਾ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪਰਮੇਸ਼ੁਰ ਦੇ ਨੇਮ ਵਿਰੁੱਧ ਜਿਉਣਾ। 5 ਤੁਸੀਂ ਜਾਣਦੇ ਹੋ ਕਿ ਮਸੀਹ ਲੋਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਆਇਆ ਸੀ। ਮਸੀਹ ਵਿੱਚ ਕੋਈ ਪਾਪ ਨਹੀਂ ਸੀ। 6 ਇਸ ਲਈ ਜਿਹੜਾ ਵਿਅਕਤੀ ਮਸੀਹ ਵਿੱਚ ਜਿਉਂਦਾ ਹੈ ਉਹ ਪਾਪ ਨਹੀਂ ਕਰਦਾ ਰਹਿੰਦਾ। ਜੇ ਕੋਈ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਤਾਂ ਉਸਨੇ ਕਦੇ ਵੀ ਮਸੀਹ ਨੂੰ ਨਹੀਂ ਸਮਝਿਆ ਅਤੇ ਜਾਣਿਆ। 7 ਪਿਆਰੇ ਬਚਿਓ, ਕਿਸੇ ਵੀ ਵਿਅਕਤੀ ਨੂੰ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਗਲਤ ਪਾਸੇ ਪਾ ਸਕੇ। ਮਸੀਹ ਸੱਚਾ ਹੈ। ਉਸ ਵਾਂਗ ਸੱਚਾ ਹੋਣ ਲਈ ਵਿਅਕਤੀ ਨੂੰ ਉਹੀ ਕੁਝ ਕਰਨਾ ਪਵੇਗਾ ਜਿਹੜਾ ਸਹੀ ਹੈ। 8 ਸ਼ੈਤਾਨ ਮੁਢ ਤੋਂ ਹੀ ਪਾਪ ਕਰਦਾ ਆ ਰਿਹਾ ਹੈ, ਅਤੇ ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ ਸ਼ੈਤਾਨ ਨਾਲ ਸੰਬੰਧਿਤ ਹੈ। ਪਰਮੇਸ਼ੁਰ ਦਾ ਪੁੱਤਰ ਇਸ ਲਈ ਆਇਆ; ਸ਼ੈਤਾਨ ਦੇ ਕੰਮ ਨੂੰ ਖਤਮ ਕਰਨ ਲਈ। 9 ਜਦੋਂ ਪਰਮੇਸੁਰ ਕਿਸੇ ਵਿਅਕਤੀ ਨੂੰ ਆਪਣਾ ਬੱਚਾ ਬਣਾਉਂਦਾ ਹੈ ਤਾਂ ਉਹ ਵਿਅਕਤੀ ਪਾਪ ਕਰਦਾ ਨਹੀਂ ਰਹਿ ਸਕਦਾ। ਕਿਉਂ? ਕਿਉਂਕਿ ਜਿਹੜਾ ਨਵਾਂ ਜੀਵਨ ਪਰਮੇਸ਼ੁਰ ਨੇ ਉਸਨੂੰ ਦਿੱਤਾ ਹੈ, ਉਸ ਵਿੱਚ ਰਹਿੰਦਾ ਹੈ। ਇਸ ਲਈ ਉਹ ਵਿਅਕਤੀ ਪਾਪ ਕਰਨਾ ਜਾਰੀ ਨਹੀਂ ਰਖ ਸਕਦਾ। ਕਿਉਂਕਿ ਉਹ ਪਰਮੇਸ਼ੁਰ ਦਾ ਆਪਣਾ ਬੱਚਾ ਬਣ ਗਿਆ ਹੈ। 10 ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਕਿਹੜੇ ਹਨ। ਅਤੇ ਸ਼ੈਤਾਨ ਦੇ ਬੱਚੇ ਕਿਹੜੇ ਹਨ। ਜਿਹੜੇ ਲੋਕ ਨੇਕ ਕੰਮ ਨਹੀਂ ਕਰਦੇ ਪਰਮੇਸ਼ੁਰ ਦੇ ਬੱਚੇ ਨਹੀਂ ਹੋ ਸਕਦੇ। ਅਤੇ ਜਿਹੜਾ ਵਿਅਕਤੀ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਪਿਆਰ ਨਹੀਂ ਕਰਦਾ ਉਹ ਵੀ ਪਰਮੇਸ਼ੁਰ ਦਾ ਬੱਚਾ ਨਹੀਂ ਹੈ। 11 ਇਹੀ ਉਪਦੇਸ਼ ਹੈ ਜਿਹੜਾ ਤੁਸੀਂ ਸ਼ੁਰੂ ਤੋਂ ਸੁਣਿਆ ਹੈ; ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਇਨ ਵਰਗੇ ਨਾ ਬਣੋ। ਕਇਨ ਦੁਸ਼ਟ (ਸ਼ੈਤਾਨ) ਸੀ। ਕਇਨ ਨੇ ਆਪਣੇ ਭਰਾ ਏਬਲ ਨੂੰ ਮਾਰ ਦਿੱਤਾ। ਕਇਨ ਨੇ ਆਪਣੇ ਭਰਾ ਨੂੰ ਕਿਉਂ ਮਾਰ ਦਿੱਤਾ? ਕਿਉਂਕਿ ਜਿਹੜੀਆਂ ਗੱਲਾਂ ਕੇਨ ਨੇ ਕੀਤੀਆਂ ਮੰਦੀਆਂ ਸਨ, ਪਰ ਜਿਹੜੀਆਂ ਗੱਲਾਂ ਏਬਲ ਨੇ ਕੀਤੀਆਂ ਚੰਗੀਆਂ ਸਨ। 13 ਮੇਰੇ ਭਰਾਵੋ ਅਤੇ ਭੈਣੋ, ਜੇਕਰ ਦੁਨੀਆਂ ਦੇ ਲੋਕ ਤੁਹਾਨੂੰ ਨਫ਼ਰਤ ਕਰਨ ਤਾਂ ਹੈਰਾਨ ਨਾ ਹੋਵੋ। 14 ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਮੌਤ ਨੂੰ ਛੱਡ ਚੁੱਕੇ ਹਾਂ ਅਤੇ ਜੀਵਨ ਵਿੱਚ ਆ ਚੁੱਕੇ ਹਾਂ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹਾਂ। ਜਿਹੜੇ ਲੋਕ ਪਿਆਰ ਨਹੀਂ ਕਰਦੇ ਉਹ ਹਾਲੇ ਵੀ ਮੌਤ ਦੇ ਕਬਜ਼ੇ ਹੇਠ ਹਨ। 15 ਹਰੇਕ ਵਿਅਕਤੀ ਜਿਹੜਾ ਆਪਣੇ ਭਰਾ ਨੂੰ ਨਫ਼ਰਤ ਕਰਦਾ ਹੈ, ਇੱਕ ਕਾਤਲ ਹੈ। ਅਤੇ ਤੁਸੀਂ ਜਾਣਦੇ ਹੋ ਕਿ ਕੋਈ ਵੀ ਕਾਤਲ ਆਪਣੇ ਅੰਦਰ ਸਦੀਵੀ ਜੀਵਨ ਨਹੀਂ ਰਖਦਾ। 16 ਇਵੇਂ ਹੀ ਅਸੀਂ ਜਾਣਦੇ ਹਾਂ ਕਿ ਸੱਚਾ ਪਿਆਰ ਕੀ ਹੈ; ਮਸੀਹ ਨੇ ਸਾਡੇ ਲਈ ਆਪਣੇ ਜੀਵਨ ਦਿੱਤਾ। ਇਸ ਲਈ ਸਾਨੂੰ ਵੀ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਆਪਣਾ ਜੀਵਨ ਦੇਣਾ ਚਾਹੀਦਾ ਹੈ ਜਿਹੜੇ ਮਸੀਹ ਵਿੱਚ ਹਨ। 17 ਫ਼ਰਜ਼ ਕਰੋ ਕਿ ਇੱਕ ਨਿਹਚਾਵਾਨ ਹੈ ਜੋ ਕਿ ਬਹੁਤ ਅਮੀਰ ਹੈ ਅਤੇ ਉਸ ਕੋਲ ਉਹ ਸਭ ਕੁਝ ਹੈ, ਜੋ ਉਸਨੂੰ ਚਾਹੀਦਾ। ਪਰ ਜੇਕਰ ਉਹ ਨਿਹਚਾਵਾਨ ਉਦੋਂ ਹਮਦਰਦੀ ਨਹੀਂ ਵਿਖਾਉਂਦਾ ਜਦੋਂ ਉਹ ਆਪਣੇ ਭਰਾ ਨੂੰ ਵੇਖਦਾ ਹੈ ਜਿਹੜਾ ਗਰੀਬ ਹੈ ਅਤੇ ਆਪਣੀ ਰੋਜ਼ੀ ਦਾ ਲੋੜਵੰਦ ਹੈ, ਉਸ ਨਿਹਚਾਵਾਨ ਦੇ ਦਿਲ ਵਿੱਚ ਪਰਮੇਸ਼ੁਰ ਦਾ ਪਿਆਰ ਹੋਣਾ ਕਿਵੇਂ ਸੰਭਵ ਹੈ। 18 ਮੇਰੇ ਬਚਿਓ, ਸਾਡਾ ਪਿਆਰ ਗੱਲਾਂ ਅਤੇ ਸ਼ਬਦਾਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਸਾਨੂੰ ਸਚਾ ਪਿਆਰ ਹੋਣਾ ਚਾਹੀਦਾ ਅਤੇ ਸਾਨੂੰ ਇਹ ਅਮਲਾਂ ਰਾਹੀਂ ਦਰਸ਼ਾਉਣਾ ਚਾਹੀਦਾ ਹੈ। 19 ਇਸੇ ਢੰਗ ਨਾਲ ਅਸੀਂ ਜਾਣ ਸਕਦੇ ਹਾਂ ਕਿ ਕੀ ਅਸੀਂ ਸੱਚ ਦੇ ਰਾਹ ਨਾਲ ਸੰਬੰਧਿਤ ਹਾਂ ਜਾਂ ਨਹੀਂ। ਅਤੇ ਜਦੋਂ ਸਾਡਾ ਦਿਲ ਸਾਨੂੰ ਕਸੂਰਵਾਰ ਮਹਿਸੂਸ ਕਰਾਉਂਦਾ ਹੈ, ਤਾਂ ਅਸੀਂ ਹਾਲੇ ਵੀ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਸ਼ਾਂਤੀ ਪਾ ਸਕਦੇ ਹਾਂ। ਕਿਉਂਕਿ ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵਡੇਰਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ। 20 21 ਮੇਰੇ ਪਿਆਰੇ ਮਿੱਤਰੋ, ਜੇਕਰ ਅਸੀਂ ਇਹ ਮਹਿਸੂਸ ਕਰਾਂਗੇ ਕਿ ਅਸੀਂ ਕੁਝ ਗਲਤ ਨਹੀਂ ਕਰ ਰਹੇ, ਤਾਂ ਅਸੀਂ ਜਦੋਂ ਵੀ ਪਰਮੇਸ਼ੁਰ ਕੋਲ ਆਵਾਂਗੇ, ਨਿਡਰ ਹੋਵਾਂਗੇ। 22 ਅਤੇ ਪਰਮੇਸ਼ੁਰ ਸਾਨੂੰ ਉਹ ਚੀਜ਼ਾਂ ਦੇਵੇਗਾ ਜੋ ਅਸੀਂ ਮੰਗਾਂਗੇ। ਸਾਨੂੰ ਇਸ ਲਈ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ ਅਤੇ ਅਸੀਂ ਉਹ ਗੱਲਾਂ ਕਰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ। 23 ਇਹੀ ਹੈ ਜਿਸਦਾ ਪਰਮੇਸ਼ੁਰ ਆਦੇਸ਼ ਦਿੰਦਾ ਹੈ। ਸਾਨੂੰ ਉਸਦੇ ਪੁੱਤਰ ਯਿਸੂ ਮਸੀਹ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਸਨੇ ਸਾਨੂੰ ਹੁਕਮ ਦਿੱਤਾ ਸੀ। 24 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਦੇਸ਼ ਨੂੰ ਮੰਨਦਾ ਹੈ ਉਹ ਪਰਮੇਸ਼ੁਰ ਦੇ ਨਮਿਤ ਜਿਉਂਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਦੇ ਅੰਦਰ ਵਸਦਾ ਹੈ। ਇਹ ਗੱਲ ਅਸੀਂ ਕਿਵੇਂ ਜਾਣਦੇ ਹਾਂ ਕਿ ਸਾਡੇ ਅੰਦਰ ਪਰਮੇਸ਼ੁਰ ਵਸਦਾ ਹੈ? ਇਹ ਗੱਲ ਅਸੀਂ ਉਸ ਆਤਮਾ ਰਾਹੀਂ ਜਾਣਦੇ ਹਾਂ ਜੋ ਸਾਨੂੰ ਪਰਮੇਸ਼ੁਰ ਨੇ ਦਿੱਤਾ ਹੈ।

4:1 ਮੇਰੇ ਪਿਆਰੇ ਮਿੱਤਰੋ, ਇਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਿਆਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁਚ ਪਰਮੇਸ਼ੁਰ ਵੱਲੋਂ ਹੈ। 2 ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮੇ ਨੂੰ ਪਛਾਣ ਸਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3 ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁਕਿਆ ਹੈ। 4 ਮੇਰੇ ਪਿਆਰੇ ਬਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂ? ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5 ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6 ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮੇ ਅਤੇ ਫ਼ਰੇਬੀ ਆਤਮੇ ਨੂੰ ਜਾਣਦੇ ਹਾਂ। 7 ਪਿਆਰੇ ਮਿੱਤਰੋ ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। 8 ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। 9 ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸਕੇ। 10 ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ। 11 ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ। 13 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ। 15 ਜੇ ਕੋਈ ਵਿਅਕਤੀ ਇਹ ਆਖਦਾ ਹੈ, “ਮੇਰਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,” ਤਾਂ ਪਰਮੇਸ਼ੁਰ ਉਸ ਵਿਅਕਤੀ ਅੰਦਰ ਵਸਦਾ ਹੈ। ਅਤੇ ਉਹ ਵਿਅਕਤੀ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। 16 ਅਤੇ ਇਸ ਤਰ੍ਹਾਂ ਅਸੀਂ ਉਸ ਪਿਆਰ ਬਾਰੇ ਜਾਣਦੇ ਹਾਂ ਜਿਹੜਾ ਪਰਮੇਸ਼ੁਰ ਦਾ ਸਾਡੇ ਲਈ ਹੈ। ਅਤੇ ਅਸੀਂ ਉਸ ਪਿਆਰ ਵਿੱਚ ਭਰੋਸਾ ਰਖਦੇ ਹਾਂ।ਪਰਮੇਸ਼ੁਰ ਪਿਆਰ ਹੈ। ਉਹ ਵਿਅਕਤੀ ਜਿਹੜਾ ਪਿਆਰ ਵਿੱਚ ਜਿਉਂਦਾ ਹੈ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਵਿੱਚ ਵਸਦਾ ਹੈ। 17 ਜੇ ਸਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਸੰਪੂਰਣ ਹੈ, ਤਾਂ ਅਸੀਂ ਨਿਰਣੇ ਦੇ ਦਿਨ ਬੇ-ਡਰ ਹੋਵਾਂਗੇ। ਅਸੀਂ ਬੇ-ਡਰ ਇਸ ਲਈ ਹੋਵਾਂਗੇ ਕਿਉਂਕਿ ਅਸੀਂ ਇਸ ਦੁਨੀਆਂ ਵਿੱਚ ਉਵੇਂ ਹੀ ਹਾਂ ਜਿਵੇਂ ਉਹ ਹੈ। 18 ਜਿਥੇ ਪਰਮੇਸ਼ੁਰ ਦਾ ਪਿਆਰ ਹੈ, ਉਥੇ ਕੋਈ ਭੈ ਨਹੀਂ। ਕਿਉਂ? ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ। 19 ਅਸੀਂ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ ਸੀ। 20 ਜੇ ਕੋਈ ਵਿਅਕਤੀ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ,” ਪਰ ਉਹ ਵਿਅਕਤੀ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ, ਤਾਂ ਉਹ ਵਿਅਕਤੀ ਝੂਠਾ ਹੈ। ਕਿਉਂਕਿ ਜੇਕਰ ਉਹ ਅਪਣੇ ਉਸ ਭਰਾ ਨੂੰ ਪਿਆਰ ਨਹੀਂ ਕਰਦਾ ਜਿਸਨੂੰ ਉਹ ਵੇਖ ਸਕਦਾ ਹੈ, ਤਾਂ ਫ਼ੇਰ ਉਸ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਵੀ ਸੰਭਵ ਨਹੀਂ ਜਿਸਨੂੰ ਉਹ ਨਹੀਂ ਵੇਖ ਸਕਦਾ। 21 ਪਰਮੇਸ਼ੁਰ ਨੇ ਸਾਨੂੰ ਇਹੀ ਹੁਕਮ ਦਿੱਤਾ ਹੈ; ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਸਨੂੰ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।

5:1 ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸਦੇ ਬਚਿਆਂ ਨੂੰ ਵੀ ਪਿਆਰ ਕਰਦਾ ਹੈ। 2 ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਾਂ। 3 ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ। 4 ਕਿਉਂ? ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰਖਦਾ ਹੈ। 5 ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। 6 ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ। 7 ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ। 8 ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ। 9 ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦਸਿਆ। 10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿਧ ਕਰਦਾ ਹੈ। ਕਿਉਂ? ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਵੀ ਜੀਵਨ ਦਿੱਤਾ ਹੈ। ਅਤੇ ਇਹ ਅਮਰ ਜੀਵਨ ਉਸਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ। 13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸਕੇ ਕਿ ਅਮਰ ਜੀਵਨ ਤੁਹਾਡਾ ਹੈ। 14 ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15 ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ। 16 ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ। 17 ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ। 18 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰਖਦਾ। ਪਰਮੇਸ਼ੁਰ ਦਾ ਪੁੱਤਰ ਉਸਨੂੰ ਸੁਰਖਿਅਤ ਰਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸਕਦਾ। 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯਂਤ੍ਰਣ ਵਿੱਚ ਰਖਦਾ ਹੈ। 20 ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਅਮਰ ਜੀਵਨ ਹੈ। 21 ਇਸ ਲਈ ਮੇਰੇ ਬਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰਖੋ।