1 Timothy

1:1 ਮਸੀਹ ਯਿਸੂ ਦੇ ਰਸੂਲ, ਪੌਲੁਸ ਵੱਲੋਂ ਸ਼ੁਭ ਕਾਮਨਾਵਾਂ। ਮੈਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਆਦੇਸ਼ ਅਤੇ ਸਾਡੀ ਆਸ ਮਸੀਹ ਯਿਸੂ ਵੱਲੋਂ ਰਸੂਲ ਹਾਂ। 2 ਤਿਮੋਥਿਉਸ ਨੂੰ। ਤੂੰ ਮੈਨੂੰ ਨਿਹਚਾ ਇੱਕ ਸੱਚੇ ਪੁੱਤਰ ਵਰਗਾ ਹੈ।ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਵੱਲੋਂ ਤੈਨੂੰ ਕਿਰਪਾ, ਮਿਹਰ ਤੇ ਸ਼ਾਂਤੀ। 3 ਮੈਂ ਚਾਹੁੰਦਾ ਹਾਂ ਕਿ ਤੁਸੀਂ ਅਫ਼ਸੁਸ ਵਿੱਚ ਠਹਿਰੋ। ਜਦੋਂ ਮੈਂ ਮਕਦੂਨਿਯਾ ਵਿੱਚ ਗਿਆ ਸਾਂ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਹੈ। ਅਫ਼ਸੁਸ ਵਿੱਚ ਕੁਝ ਲੋਕ ਝੂਠੀਆਂ ਗੱਲਾਂ ਦਾ ਉਪਦੇਸ਼ ਦੇ ਰਹੇ ਹਨ। ਉਥੇ ਠਹਿਰੋ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਝੂਠੀਆਂ ਗੱਲਾਂ ਦੇ ਉਪਦੇਸ਼ ਦੇਣ ਤੋਂ ਰੁਕਣ ਦਾ ਆਦੇਸ਼ ਦੇ ਸਕੋਂ। 4 ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪਤ੍ਰ੍ਰੀਆ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ। 5 ਇਸ ਆਦੇਸ਼ ਦਾ ਟੀਚਾ ਲੋਕਾਂ ਨੂੰ ਪਿਆਰ ਭਾਵਨਾ ਰੱਖਣ ਨਾਲ ਸੰਬੰਧ ਰਖਦਾ ਹੈ। ਇਸ ਪਿਆਰ ਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਆਪਣਾ ਦਿਲ ਸ਼ੁਧ ਰੱਖਣਾ ਪਵੇਗਾ ਉਨ੍ਹਾਂ ਨੂੰ ਉਹੋ ਕੁਝ ਕਰਨਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀ ਸਮਝ ਅਨੁਸਾਰ ਸਹੀ ਹੈ, ਅਤੇ ਉਨ੍ਹਾਂ ਨੂੰ ਸੱਚਾ ਵਿਸ਼ਵਾਸ ਰੱਖਣਾ ਚਾਹੀਦਾ ਹੈ। 6 ਕੁਝ ਲੋਕਾਂ ਨੇ ਇਹ ਗੱਲਾਂ ਨਹੀਂ ਕੀਤੀਆਂ। ਉਹ ਦੂਰ ਚਲੇ ਗਏ ਸਨ ਅਤੇ ਹੁਣ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਹਨ ਜਿਹੜੀਆਂ ਨਿਰਾਰਥਕ ਹਨ। 7 ਉਹ ਲੋਕ ਨੇਮ ਦੇ ਉਪਦੇਸ਼ਕ ਬਣਨਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ। ਉਹ ਤਾਂ ਉਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਜਿਨ੍ਹਾਂ ਬਾਰੇ ਉਹ ਪਕੇ ਭਰੋਸੇ ਨਾਲ ਗੱਲਾਂ ਕਰ ਰਹੇ ਹਨ। 8 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਸਹੀ ਢੰਗ ਨਾਲ ਸ਼ਰ੍ਹਾ ਦੀ ਵਰਤੋਂ ਕਰਦਾ ਹੈ ਤਾਂ ਸ਼ਰ੍ਹਾ ਚੰਗੀ ਹੈ। 9 ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ, 10 ਉਨ੍ਹਾਂ ਲਈ ਜਿਹੜੇ ਜਿਨਸੀ ਪਾਪ ਕਰਦੇ ਹਨ, ਸਮਲਿਂਗੀਆਂ ਲਈ, ਉਨ੍ਹਾਂ ਲਈ ਜਿਹੜੇ ਗੁਲਾਮਾਂ ਨੂੰ ਵੇਚਦੇ ਹਨ, ਝੂਠਿਆਂ ਲਈ, ਉਨ੍ਹਾਂ ਲਈ ਜਿਹੜੇ ਕਚਿਹਰੀ ਵਿੱਚ ਝੂਠ ਬੋਲਦੇ ਹਨ, ਅਤੇ ਉਨ੍ਹਾਂ ਲਈ ਜਿਹੜੇ ਪਰਮੇਸ਼ੁਰ ਦੇ ਉਪਦੇਸ਼ ਦੇ ਖਿਲਾਫ਼ ਗੱਲਾਂ ਕਰਦੇ ਹਨ। 11 ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ। 12 ਮੈਂ ਮਸੀਹ ਤਿਸੂ, ਸਾਡੇ ਪ੍ਰਭੂ, ਦਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਉਸਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13 ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸਨੂੰ ਦੰਡ ਦਿੱਤੇ ਅਤੇ ਮੈਂ ਉਸਨੂੰ ਦੁਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਮਿਹਰ ਵਿਖਾਈ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤਿਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14 ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ। 15 ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16 ਪਰ ਮੈਨੂੰ ਦਯਾ ਵਿਖਾਈ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦ ਜੀਵਨ ਪ੍ਰਾਪਤ ਕਰਦੇ ਹਨ। 17 ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਦੇਖਿਆ ਜਾ ਸਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ। 18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸਦੇ ਆਧਾਰ ਤੇ ਜੀਣ ਜਿਸਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਆਸਥਾ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿਖਣਗੇ।

2:1 ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਰਬਤ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਆਖਦਾ ਹਾਂ। ਸਾਰੇ ਲੋਕਾਂ ਲਈ ਪਰਮੇਸ਼ੁਰ ਨਾਲ ਗੱਲ ਕਰੋ। ਉਸ ਕੋਲੋਂ ਉਹ ਚੀਜ਼ਾਂ ਮੰਗੋ ਜਿਹੜੀਆਂ ਲੋਕਾਂ ਨੂੰ ਲੋੜੀਂਦੀਆਂ ਹਨ, ਅਤੇ ਉਸਦਾ ਸ਼ੁਕਰਾਨਾ ਕਰੋ। 2 ਰਾਜਿਆਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਨ੍ਹਾਂ ਕੋਲ ਅਧਿਕਾਰ ਦੀਆਂ ਪਦਵੀਆਂ ਹਨ। ਉਨ੍ਹਾਂ ਆਗੂਆਂ ਲਈ ਪ੍ਰਾਰਥਨਾ ਕਰੋ ਤਾਂ ਜੋ ਅਸੀਂ ਇੱਕ ਅਜਿਹਾ ਜੀਵਨ ਜਿਉਂ ਸਕੀਏ ਜੋ ਸ਼ਾਂਤ, ਖਾਮੋਸ਼, ਉਪਾਸਨਾ ਨਾਲ ਭਰਪੂਰ ਅਤੇ ਪਰਮੇਸ਼ੁਰ ਨੂੰ ਸਤਿਕਾਰਦਾ ਹੋਵੇ। 3 ਇਹ ਚੰਗਾ ਹੈ, ਅਤੇ ਇਹ ਪਰਮੇਸ਼ੁਰ ਸਾਡੇ ਮੁਕਤੀਦਾਤਾ ਨੂੰ ਪ੍ਰਸੰਨ ਕਰਦਾ ਹੈ। 4 ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਲੋਕ ਮੁਕਤ ਹੋ ਸਕਣ। ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਸੱਚ ਨੂੰ ਜਾਣ ਲੈਣ। 5 ਪਰਮੇਸ਼ੁਰ ਕੇਵਲ ਇੱਕ ਹੈ। ਅਤੇ ਪਰਮੇਸ਼ੁਰ ਤੱਕ ਪਹੁੰਚਣ ਦਾ ਕੇਵਲ ਇੱਕ ਹੀ ਰਾਹ ਹੈ। ਇਹ ਰਾਹ ਮਸੀਹ ਯਿਸੂ ਰਾਹੀਂ ਹੈ, ਜੋ ਕਿ ਇੱਕ ਇਨਸਾਨ ਹੈ। 6 ਯਿਸੂ ਨੇ ਲੋਕਾਂ ਦੇ ਪਾਪਾਂ ਦੀ ਕੀਮਤ ਆਪਣੇ ਆਪ ਨੂੰ ਭੇਟਾ ਕਰਕੇ ਅਦਾ ਕੀਤੀ। ਯਿਸੂ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ੁਰ ਸਮੂਹ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ। ਅਤੇ ਉਹ ਸਹੀ ਸਮੇਂ ਤੇ ਆਇਆ। 7 ਇਹੀ ਕਾਰਣ ਹੈ ਜੋ ਉਸਨੂੰ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਇਹੀ ਕਾਰਣ ਹੈ ਕਿ ਮੈਨੂੰ ਰਸੂਲ ਚੁਣਿਆ ਗਿਆ ਸੀ। ਮੈਂ ਸੱਚ ਕਹਿ ਰਿਹਾ ਹਾਂ, ਝੂਠ ਨਹੀਂ ਬੋਲ ਰਿਹਾ। ਮੈਂ ਗੈਰ ਯਹੂਦੀਆਂ ਲਈ ਗੁਰੂ ਦੇ ਤੌਰ ਤੇ ਚੁਣਿਆ ਗਿਆ ਸੀ। ਮੈਂ ਉਨ੍ਹਾਂ ਨੂੰ ਵਿਸ਼ਵਾਸ ਕਰਨ ਅਤੇ ਸੱਚ ਜਾਨਣ ਦੇ ਉਪਦੇਸ਼ ਦਿੰਦਾ ਹਾਂ। 8 ਮੈਂ ਚਾਹੁੰਨਾ ਕਿ ਹਰ ਜਗ਼੍ਹਾ ਆਦਮੀ ਪ੍ਰਾਰਥਨਾ ਕਰਨ। ਲੋਕ ਜਿਹੜੇ ਪ੍ਰਾਰਥਨਾ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਹਨ ਪਵਿੱਤਰ ਹੋਣੇ ਚਾਹੀਦੇ ਹਨ। ਉਥੇ ਉਹ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਕ੍ਰੋਧ ਕਰਦੇ ਹਨ ਅਤੇ ਝਗੜਦੇ ਹਨ। 9 ਮੈਂ ਇਹ ਵੀ ਚਾਹੁੰਨਾ ਕਿ ਔਰਤਾਂ ਉਹੋ ਜਿਹੇ ਕੱਪੜੇ ਪਾਉਣ ਜਿਹੜੇ ਉਨ੍ਹਾਂ ਲਈ ਢੁਕਵੇਂ ਹੋਣ। ਔਰਤਾਂ ਨੂੰ ਲਾਜ਼ ਅਤੇ ਸੰਜਮ ਸਹਿਤ ਤਿਆਰ ਹੋਣ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਵਾਲਾਂ ਦੀ ਸਜਾਵਟ ਨਹੀਂ ਕਰਨੀ ਚਾਹੀਦੀ ਅਤੇ ਆਪਣੇ ਆਪ ਨੂੰ ਸੁੰਦਰ ਦਰਸ਼ਾਉਣ ਲਈ ਸੋਨੇ ਜਾਂ ਹੀਰੇ ਮੋਤੀ ਜਾਂ ਮਹਿੰਗੇ ਕੱਪੜੇ ਨਹੀਂ ਪਹਿਨਣੇ ਚਾਹੀਦੇ। 10 ਪਰ ਉਨ੍ਹਾਂ ਨੂੰ ਚੰਗੇ ਕੰਮਾਂ ਰਾਹੀਂ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ। ਉਹ ਔਰਤਾਂ ਜਿਹੜੀਆਂ ਆਖਦੀਆਂ ਹਨ ਕਿ ਉਹ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ, ਉਨ੍ਹਾਂ ਨੂੰ ਇਸ ਢੰਗ ਨਾਲ ਆਪਣੇ ਆਪ ਨੂੰ ਸੁੰਦਰ ਬਨਾਉਣਾ ਚਾਹੀਦਾ ਹੈ। 11 ਔਰਤ ਨੂੰ ਖਾਮੋਸ਼ੀ ਨਾਲ ਸੁਣਨ ਅਤੇ ਹਮੇਸ਼ਾ ਮੰਨਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਸਿਖਣਾ ਚਾਹੀਦਾ ਹੈ। 12 ਮੈਂ ਔਰਤ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਮਰਦ ਨੂੰ ਸਿਖਾਵੇ। ਅਤੇ ਮੈਂ ਔਰਤ ਨੂੰ ਮਰਦ ਉਪਰ ਹੁਕਮ ਚਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਔਰਤ ਨੂੰ ਖਾਮੋਸ਼ ਰਹਿਣਾ ਚਾਹੀਦਾ ਹੈ। 13 ਕਿਉਂ? ਕਿਉਂਕਿ ਆਦਮ ਨੂੰ ਪਹਿਲਾਂ ਸਾਜਿਆ ਗਿਆ ਸੀ ਅਤੇ ਫ਼ੇਰ ਹਵਾਹ ਬਣਾਈ ਗਈ ਸੀ। 14 ਇਹ ਵੀ, ਕਿ ਉਹ ਆਦਮ ਨਹੀਂ ਸੀ ਜੋ ਸ਼ੈਤਾਨ ਦੁਆਰਾ ਗੁਮਰਾਹ ਕੀਤਾ ਗਿਆ ਸੀ। ਇਹ ਔਰਤ ਸੀ ਜੋ ਗੁਮਰਾਹ ਕੀਤੀ ਗਈ ਸੀ ਅਤੇ ਪਰਮੇਸ਼ੁਰ ਵੱਲ ਅਵਗਿਆਕਾਰੀ ਬਣ ਗਈ। 15 ਪਰ ਔਰਤਾਂ ਨੂੰ ਬੱਚੇ ਪੈਦਾ ਕਰਨ ਦੇ ਆਪਣੇ ਕਾਰਜ ਰਾਹੀਂ ਮੁਕਤੀ ਮਿਲੇਗੀ, ਉਹ ਬਚਾਈਆਂ ਜਾਣਗੀਆਂ ਜੇ ਉਹ ਆਪਣੇ ਵਿਸ਼ਵਾਸ ਵਿੱਚ ਟਿਕੀਆਂ ਰਹਿਣਗੀਆਂ ਅਤੇ ਪਿਆਰ ਅਤੇ ਪਵਿੱਤਰਤਾ ਅਤੇ ਸਹੀ ਢੰਗ ਨਾਲ ਸਵੈ ਉੱਪਰ ਕਾਬੂ ਰੱਖਣਗੀਆਂ।

3:1 ਜੋ ਮੈਂ ਕਹਿੰਦਾ ਹਾਂ ਉਹ ਸੱਚ ਹੈ; ਜੇ ਕੋਈ ਵਿਅਕਤੀ ਕਲੀਸਿਯਾ ਦਾ ਬਜ਼ੁਰਗ ਬਣਨਾ ਚਾਹੁੰਦਾ ਹੈ ਤਾਂ ਉਹ ਚੰਗਾ ਕੰਮ ਕਰਨਾ ਚਾਹ ਰਿਹਾ ਹੈ। 2 ਬਜ਼ੁਰਗ ਨੂੰ ਇਸ ਹੱਦ ਤੱਕ ਚੰਗਾ ਹੋਣ ਚਾਹੀਦਾ ਹੈ ਕਿ ਲੋਕ ਉਸਨੂੰ ਹੱਕੀ ਤੌਰ ਤੇ ਗਲਤ ਨਾ ਕਹਿ ਸਕਣ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਬਜ਼ੁਰਗ ਨੂੰ ਆਪਣੇ ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ ਅਤੇ ਸਿਆਣਾ ਹੋਣਾ ਚਾਹੀਦਾ ਹੈ। ਉਸਨੂੰ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸਨੂੰ ਇੱਜ਼ਤ ਦੇ ਸਕਣ। ਉਸਨੂੰ ਹੋਰਨਾਂ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਆਪਣੇ ਘਰ ਵਿੱਚ ਪ੍ਰਵਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਹ ਇੱਕ ਚੰਗਾ ਉਪਦੇਸ਼ਕ ਹੋਣਾ ਚਾਹੀਦਾ ਹੈ। 3 ਉਸਨੂੰ ਬਹੁਤੀ ਸੁਰਾ ਨਹੀਂ ਪੀਣੀ ਚਾਹੀਦੀ। ਉਸਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ। ਉਹ ਸ਼ਰੀਫ਼ ਅਤੇ ਅਮਨ ਪਸੰਦ ਹੋਣਾ ਚਾਹੀਦਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜੇ ਪੈਸੇ ਨਾਲ ਪਿਆਰ ਕਰਦਾ ਹੋਵੇ। 4 ਉਸਨੂੰ ਆਪਣੇ ਘਰ ਦਾ ਇੱਕ ਚੰਗਾ ਆਗੂ ਹੋਣਾ ਚਾਹੀਦਾ। ਇਸਦਾ ਅਰਥ ਇਹ ਹੈ ਕਿ ਉਸਦੇ ਬੱਚੇ ਪੂਰੀ ਇੱਜ਼ਤ ਨਾਲ ਉਸਦਾ ਆਖਾ ਮੰਨਦੇ ਹੋਣ। 5 ਜੇ ਕਿਸੇ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਆਗੂ ਨਹੀਂ ਬਣਨਾ ਆਉਂਦਾ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦਾ ਧਿਆਨ ਰੱਖਣ ਦੇ ਯੋਗ ਨਹੀਂ ਹੋ ਸਕਦਾ। 6 ਪਰ ਇੱਕ ਬਜ਼ੁਰਗ ਨੂੰ ਨਵਾਂ ਨਿਹਚਾਵਾਨ ਨਹੀਂ ਹੋਣ ਚਾਹੀਦਾ। ਕਿਉਂਕਿ ਜਿਹੜਾ ਇਨਸਾਨ ਨਵਾਂ ਨਿਹਚਾਵਾਨ ਹੈ। ਤਾਂ ਉਹ ਆਪਣੇ ਆਪ ਉੱਪਰ ਗੁਮਾਨ ਕਰ ਸਕਦਾ ਹੈ। ਫ਼ੇਰ ਉਹ ਆਪਣੇ ਹੰਕਾਰ ਲਈ ਉਸੇ ਤਰ੍ਹਾਂ ਨਿੰਦਿਆ ਜਾਵੇਗਾ ਜਿਵੇਂ ਸ਼ੈਤਾਨ ਨਿੰਦਿਆ ਗਿਆ ਸੀ। 7 ਇੱਕ ਬਜ਼ੁਰਗ ਨੂੰ ਉਨ੍ਹਾਂ ਲੋਕਾਂ ਵੱਲੋਂ ਵੀ ਇੱਜ਼ਤ ਮਿਲਣੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧ ਨਹੀਂ ਰਖਦੇ। ਫ਼ੇਰ ਉਸ ਦੀ ਆਲੋਚਨਾ, ਹੋਰਨਾਂ ਦੁਆਰਾ ਨਹੀਂ ਹੋਵੇਗੀ ਅਤੇ ਉਹ ਸ਼ੈਤਾਨ ਦੁਆਰਾ ਨਹੀਂ ਫ਼ਸਾਇਆ ਜਾ ਸਕਦਾ। 8 ਇਸੇ ਢੰਗ ਨਾਲ, ਜਿਹੜੇ ਆਦਮੀ ਕਲੀਸਿਯਾ ਵਿੱਚ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਦੇ ਹਨ, ਇੱਜ਼ਤ ਦੇ ਭਾਗੀ ਵਿਅਕਤੀ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਉਹ ਗੱਲਾਂ ਨਹੀਂ ਆਖਣੀਆਂ ਚਾਹੀਡੀਆਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਅਤੇ ਉਨ੍ਹਾਂ ਨੂੰ ਆਪਣਾ ਸਮਾਂ ਸੁਰਾ ਪੀਣ ਵਿੱਚ ਨਹੀਂ ਬਿਤਾਉਣਾ ਚਾਹੀਦਾ। ਉਹ ਅਜਿਹੇ ਵਿਅਕਤੀ ਨਹੀਂ ਹੋਣੇ ਚਾਹੀਦੇ ਜਿਹੜੇ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਹੋਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। 9 ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਚੱਲਣਾ ਚਾਹੀਦਾ ਹੈ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ। ਅਤੇ ਉਨ੍ਹਾਂ ਨੂੰ ਹਮੇਸ਼ਾ ਉਸੇ ਆਧਾਰ ਤੇ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਸਨੂੰ ਉਹ ਸਹੀ ਸਮਝਦੇ ਹਨ। 10 ਤੁਹਾਨੂੰ ਇਨ੍ਹਾਂ ਲੋਕਾਂ ਦੀ ਪਰਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਉਨ੍ਹਾਂ ਵਿੱਚ ਕੋਈ ਨੁਕਸ ਦਿਖਾਈ ਨਾ ਦੇਵੇ ਤਾਂ ਉਹ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰ ਸਕਦੇ ਹਨ। 11 ਇਸੇ ਤਰ੍ਹਾਂ ਹੀ ਔਰਤਾਂ ਨੂੰ ਵੀ ਹੋਰਨਾਂ ਲੋਕਾਂ ਪਾਸੋਂ ਇੱਜ਼ਤ ਦੇ ਯੋਗ ਹੋਣਾ ਚਾਹੀਦਾ ਹੈ। ਉਹ ਅਜਿਹੀਆਂ ਔਰਤਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਦੂਸਰਿਆਂ ਬਾਰੇ ਮੰਦਾ ਬੋਲਦੀਆਂ ਹਨ। ਉਨ੍ਹਾਂ ਨੂੰ ਆਪਣੇ ਆਪ ਉੱਤੇ ਸੰਜਮ ਹੋਣ ਚਾਹੀਦਾ ਹੈ ਅਤੇ ਅਜਿਹੀਆਂ ਔਰਤਾਂ ਬਣਨਾ ਚਾਹੀਦਾ ਹੈ ਜਿਨ੍ਹਾਂ ਉੱਪਰ ਹਰ ਗੱਲੋਂ ਇਤਬਾਰ ਕੀਤਾ ਜਾ ਸਕੇ। 12 ਜਿਹੜੇ ਆਦਮੀ ਵਿਸ਼ੇਸ਼ ਸਹਾਇਕਾਂ ਵਜੋਂ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੇਵਲ ਇੱਕ ਪਤਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਬਚਿਆਂ ਦੇ ਚੰਗੇ ਆਗੂ ਹੋਣਾ ਚਾਹੀਦਾ ਹੈ। 13 ਉਹ ਜਿਹੜੇ ਸਹੀ ਢੰਗ ਨਾਲ ਸੇਵਾ ਕਰਦੇ ਹਨ ਆਪਣੇ ਆਪ ਲਈ ਸਨਮਾਨ ਯੋਗ ਥਾਂ ਬਣਾ ਰਹੇ ਹਨ ਅਤੇ ਉਹ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੀ ਨਿਸ਼ਚਿਤਤਾ ਪਾਉਣਗੇ। 14 ਮੈਨੂੰ ਉਮੀਦ ਹੈ ਕਿ ਮੈਂ ਛੇਤੀ ਹੀ ਤੁਹਾਡੇ ਵੱਲ ਆ ਸਕਦਾ ਹਾਂ। ਪਰ ਹੁਣ ਮੈਂ ਤੁਹਾਨੂੰ ਇਹ ਗੱਲਾਂ ਲਿਖ ਰਿਹਾ ਹਾਂ। 15 ਤਾਂ ਫ਼ੇਰ ਜੇ ਮੈਂ ਤੁਹਾਡੇ ਵੱਲ ਛੇਤੀ ਨਾ ਵੀ ਆ ਸਕਿਆ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣ ਲਵੋ ਜਿਹੜਿਆਂ ਪਰਮੇਸ਼ੁਰ ਦੇ ਪਰਿਵਾਰ ਵਿੱਚ ਲੋਕਾਂ ਲਈ ਕਰਨੀਆਂ ਜ਼ਰੂਰੀ ਹਨ। ਇਹ ਪਰਿਵਾਰ ਜਿਉਂਦੇ ਜਾਗਦੇ ਪਰਮੇਸ਼ੁਰ ਦੀ ਕਲੀਸਿਯਾ ਹੈ। ਅਤੇ ਪਰਮੇਸ਼ੁਰ ਦੀ ਕਲੀਸਿਯਾ ਸੱਚ ਦਾ ਸਹਾਰਾ ਤੇ ਬੁਨਿਆਦ ਹੈ। 16 ਬਿਨਾ ਕਿਸੇ ਸ਼ੱਕ, ਸਾਡੀ ਰੱਬੀ ਜ਼ਿੰਦਗੀ ਦਾ ਰਹੱਸ ਮਹਾਨ ਹੈ:“ਉਹ ਸਾਨੂੰ ਮਨੁੱਖੀ ਸ਼ਰੀਰ ਦੇ ਰੂਪ ਵਿੱਚ ਦਰਸ਼ਾਇਆ ਗਿਆ ਸੀ;ਆਤਮਾ ਨੇ ਇਹ ਪ੍ਰਮਾਣ ਦਿੱਤਾ ਕਿ ਉਹ ਸਹੀ ਸੀ;ਉਸ ਨੂੰ ਦੂਤਾਂ ਨੇ ਦੇਖਿਆ।ਉਸ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਹੋਰਾਂ ਕੌਮਾਂ ਵਿੱਚ ਕੀਤਾ ਗਿਆ;ਦੁਨੀਆਂ ਦੇ ਲੋਕਾਂ ਨੇ ਉਸ ਵਿੱਚ ਵਿਸ਼ਵਾਸ ਕੀਤਾਉਸਨੂੰ ਪੂਰੀ ਮਹਿਮਾ ਨਾਲ ਸਵਰਗਾਂ ਵਿੱਚ ਲਿਜਾਇਆ ਗਿਆ।

4:1 ਪਵਿੱਤਰ ਆਤਮਾ ਸਾਫ਼ ਤੌਰ ਤੇ ਆਖਦਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕੁਝ ਲੋਕ ਸੱਚੇ ਵਿਸ਼ਵਾਸ ਨੂੰ ਨਾਮੰਜ਼ੂਰ ਕਰ ਦੇਣਗੇ। ਉਹ ਉਨ੍ਹਾਂ ਆਤਮਿਆਂ ਨੂੰ ਸੁਣਨਗੇ ਜਿਹੜੇ ਝੂਠ ਆਖਦੇ ਹਨ, ਅਤੇ ਉਹ ਭੂਤਾਂ ਦੇ ਉਪਦੇਸ਼ਾਂ ਦਾ ਅਨੁਸਰਣ ਕਰਨਗੇ। 2 ਉਹ ਉਪਦੇਸ਼ ਉਨ੍ਹਾਂ ਲੋਕਾਂ ਵੱਲੋਂ ਆਉਂਦੇ ਹਨ ਜੋ ਝੂਠੇ ਅਤੇ ਕਪਟੀ ਹਨ। ਉਨ੍ਹਾਂ ਲੋਕਾਂ ਨੇ ਸਹੀ ਅਤੇ ਗਲਤ ਵਿੱਚ ਫ਼ਰਕ ਕਰਨ ਦੀ ਆਪਣੀ ਯੋਗਤਾ ਗੁਆ ਲਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਨ੍ਹਾਂ ਦੀ ਅੰਤਰ ਆਤਮਾ ਨੂੰ ਗਰਮ ਲੋਹੇ ਨਾਲ ਸਾੜ ਦਿੱਤਾ ਗਿਆ ਹੋਵੇ। 3 ਉਹ ਲੋਕ ਹੋਰਨਾਂ ਨੂੰ ਆਖਦੇ ਹਨ ਕਿ ਵਿਆਹ ਕਰਾਉਣਾ ਗਲਤ ਹੈ। ਅਤੇ ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜਿਆਂ ਲੋਕਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਪਰ ਜਿਹੜੇ ਲੋਕ ਨਿਹਚਾਵਾਨ ਹਨ ਅਤੇ ਜਿਹੜੇ ਸੱਚ ਨੂੰ ਜਾਣਦੇ ਹਨ ਉਹ ਉਨ੍ਹਾਂ ਭੋਜਨਾਂ ਨੂੰ ਪਰਮੇਸ਼ੁਰ ਦਾ ਸ਼ੁਕਰਾਨਾ ਕਰਕੇ ਖਾ ਸਕਦੇ ਹਨ ਕਿਉਂ ਕਿ ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਭੋਜਨਾਂ ਨੂੰ ਬਣਾਇਆ। 4 ਹਰ ਉਹ ਚੀਜ਼ ਜਿਹੜੀ ਪਰਮੇਸ਼ੁਰ ਨੇ ਸਾਜੀ ਹੈ ਚੰਗੀ ਹੈ। ਪਰਮੇਸ਼ੁਰ ਦੀ ਸਾਜੀ ਹੋਈ ਕੋਈ ਵੀ ਚੀਜ਼ ਨਾਮੰਜ਼ੂਰ ਨਹੀਂ ਕਰਨੀ ਚਾਹੀਦੀ ਜੇ ਇਸਨੂੰ ਪਰਮੇਸ਼ੁਰ ਦੇ ਸ਼ੁਕਰਾਨੇ ਨਾਲ ਲਿਆ ਜਾਵੇ। 5 ਪਰਮੇਸ਼ੁਰ ਦੁਆਰਾ ਸਾਜਿਆ ਹੋਇਆ ਸਭ ਕੁਝ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾ ਨਾਲ ਪਵਿੱਤਰ ਬਣ ਜਾਂਦਾ ਹੈ। 6 ਇਹ ਗੱਲਾਂ ਓਥੋਂ ਦੇ ਭਰਾਵਾਂ ਅਤੇ ਭੈਣਾਂ ਨੂੰ ਦੱਸੋ। ਇਹ ਸਾਬਤ ਕਰ ਦੇਵੇਗਾ ਕਿ ਤੁਸੀਂ ਮਸੀਹ ਯਿਸੂ ਦੇ ਸੱਚੇ ਸੇਵਕ ਹੋ। ਤੁਸੀਂ ਸਾਬਤ ਕਰ ਦੇਵੋਂਗੇ ਕਿ ਤੁਸੀਂ ਵਿਸ਼ਵਾਸ ਦੇ ਬਚਨਾਂ ਦੁਆਰਾ ਅਤੇ ਉਨ੍ਹਾਂ ਸੱਚੇ ਉਪਦੇਸ਼ਾਂ ਦੁਆਰਾ, ਜਿਨ੍ਹਾਂ ਦਾ ਤੁਸੀਂ ਅਨੁਸਰਣ ਕੀਤਾ ਹੈ ਤਕੜੇ ਬਣ ਗਏ ਹੋ। 7 ਲੋਕ ਮੂਰਖ ਕਹਾਣੀਆਂ ਸੁਣਾਉਂਦੇ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਸੱਚ ਨਾਲ ਕੋਈ ਮੇਲ ਨਹੀਂ। ਉਨ੍ਹਾਂ ਕਹਾਣੀਆਂ ਦੇ ਅਨੁਸਾਰ ਨਾ ਚੱਲੋ। ਪਰ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਵਜੋਂ ਤਿਆਰ ਕਰੋ। 8 ਤੁਹਾਡੀ ਸ਼ਰੀਰਿਕ ਕਸਰਤ ਕਿਸੇ ਗੱਲੋਂ ਤੁਹਾਡੀ ਸਹਾਇਤਾ ਕਰਦੀ ਹੈ। ਪਰ ਪਰਮੇਸ਼ੁਰ ਦੀ ਸੇਵਾ ਤੁਹਾਡੀ ਹਰ ਤਰੀਕੇ ਨਾਲ ਸਹਾਇਤਾ ਕਰਦੀ ਹੈ। ਪਰਮੇਸ਼ੁਰ ਦੀ ਸੇਵਾ ਤੁਹਾਡੀ ਵਰਤਮਾਨ ਜ਼ਿੰਦਗੀ ਅਤੇ ਭਵਿਖ ਦੀ ਜ਼ਿਦਗੀ ਲਈ ਵੀ ਅਸੀਸਾਂ ਦਾ ਵਾਅਦਾ ਕਰਦੀ ਹੈ। 9 ਜੋ ਮੈਂ ਆਖ ਰਿਹਾਂ ਉਹ ਸੱਚ ਹੈ ਅਤੇ ਤੁਹਾਨੂੰ ਇਸਨੂੰ ਪੂਰੀ ਤਰ੍ਹਾਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। 10 ਇਹੀ ਕਾਰਣ ਹੈ ਕਿ ਅਸੀਂ ਕੰਮ ਕਰਦੇ ਹਾਂ ਅਤੇ ਸੰਘਰਸ਼ ਕਰਦੇ ਹਾਂ; ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਵਿੱਚ ਆਸ ਰਖਦੇ ਹਾਂ। ਉਹ ਸਮੂਹ ਲੋਕਾਂ ਦਾ ਮੁਕਤੀਦਾਤਾ ਹੈ। ਖਾਸ ਤੌਰ ਤੇ ਜਿਹੜੇ ਲੋਕ ਉਸ ਵਿੱਚ ਨਿਹਚਾ ਰਖਦੇ ਹਨ। 11 ਹੁਕਮ ਦਿਉ ਅਤੇ ਇਨ੍ਹਾਂ ਗੱਲਾਂ ਦੇ ਉਪਦੇਸ਼ ਦਿਉ। 12 ਤੁਸੀਂ ਨੌਜਵਾਨ ਹੋ ਪਰ ਕਿਸੇ ਨੂੰ ਇਸ ਤਰ੍ਹਾਂ ਦਾ ਵਰਤਾਓ ਨਾ ਕਰਨ ਦਿਉ ਜਿਵੇਂ ਤੁਸੀਂ ਮਹੱਤਵਪੂਰਣ ਨਹੀਂ ਹੋ। ਉਨ੍ਹਾਂ ਲਈ ਆਪਣੇ ਭਾਸ਼ਣ ਵਿੱਚ, ਆਪਣੇ ਜ਼ਿੰਦਗੀ ਦੇ ਢੰਗ ਵਿੱਚ, ਆਪਣੇ ਪ੍ਰੇਮ ਵਿੱਚ, ਆਪਣੀ ਨਿਹਚਾ ਵਿੱਚ ਅਤੇ ਆਪਣੇ ਪਵਿੱਤਰ ਜੀਵਨ ਵਿੱਚ ਇੱਕ ਉਦਾਹਰਣ ਬਣੋ। 13 ਲੋਕਾਂ ਨੂੰ ਪੋਥੀ ਦਾ ਪਾਠ ਸੁਣਾਉਂਦੇ ਰਹੋ, ਉਨ੍ਹਾਂ ਨੂੰ ਮਜਬੂਤ ਬਣਾਉ, ਅਤੇ ਉਪਦੇਸ਼ ਦਿਉ। ਜਦੋਂ ਤੱਕ ਮੈਂ ਆਉਂਦਾ ਨਹੀਂ ਇਹ ਗੱਲਾਂ ਕਰੋ। 14 ਜਿਹੜੀ ਦਾਤ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰਨੀ ਚੇਤੇ ਰਖੋ। ਇਹ ਦਾਤ ਤੁਹਾਨੂੰ ਅਗੰਮੀ ਵਾਕ ਦੁਆਰਾ ਦਿੱਤੀ ਗਈ ਸੀ, ਜਦੋਂ ਬਜ਼ੁਰਗਾਂ ਨੇ ਤੁਹਾਡੇ ਉੱਤੇ ਆਪਣਾ ਹੱਥ ਰੱਖਿਆ ਸੀ। 15 ਇਹ ਗੱਲਾਂ ਕਰਦੇ ਰਹੋ। ਇਨ੍ਹਾਂ ਗੱਲਾਂ ਨੂੰ ਕਰਨ ਲਈ ਆਪਣਾ ਜੀਵਨ ਅਰਪਨ ਕਰ ਦਿਉ। ਫ਼ੇਰ ਸਾਰੇ ਲੋਕ ਵੇਖ ਸਕਣਗੇ ਕਿ ਤੁਹਾਡਾ ਆਤਮਕ ਜੀਵਨ ਪ੍ਰਗਤੀ ਕਰ ਰਿਹਾ ਹੈ। 16 ਆਪਣੇ ਜੀਵਨ ਅਤੇ ਉਪਦੇਸ਼ਾਂ ਵੱਲ ਧਿਆਨ ਦਿਉ। ਉਪਦੇਸ਼ ਦੇਣਾ ਅਤੇ ਸਹੀ ਢੰਗ ਨਾਲ ਰਹਿਣਾ ਜਾਰੀ ਰਖੋ। ਫ਼ੇਰ ਤੁਸੀਂ ਆਪਣੇ ਆਪ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਸਕਦੇ ਹੋਂ, ਜਿਹੜੇ ਤੁਹਾਡੇ ਉਪਦੇਸ਼ ਸੁਣਦੇ ਹਨ।

5:1 ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ। 2 ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁਧਤਾ ਨਾਲ ਵਿਹਾਰ ਕਰੋ। 3 ਕਲੀਸਿਯਾ ਨੂੰ ਉਨ੍ਹਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇਕੱਲੀਆਂ ਹਨ। 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਹਨ ਜਾਂ ਪੋਤਰੇ-ਪੋਤਰੀਆਂ ਹਨ, ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਣੀ ਚਾਹੀਦੀ ਹੈ ਉਹ ਇਹ ਹੈ; ਉਨ੍ਹਾਂ ਨੂੰ ਆਪਣੇ ਖੁਦ ਦੇ ਪਰਿਵਾਰ ਦੇ ਜੀਆਂ ਦਾ ਧਿਆਨ ਰਖਕੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਦੋਂ ਉਹ ਇਵੇਂ ਕਰਨਗੀਆਂ, ਤਾਂ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਉੱਤੇ ਉਪਕਾਰ ਕਰ ਰਹੀਆਂ ਹੋਣਗੀਆਂ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 5 ਜੇਕਰ ਇੱਕ ਵਿਧਵਾ ਸੱਚਮੁੱਚ ਬਿਨਾ ਕਿਸੇ ਦੇ ਸਹਾਰਿਉਂ ਇਕੱਲੀ ਹੈ, ਤਾਂ ਉਹ ਆਸ ਰਖਦੀ ਹੈ ਕਿ ਪਰਮੇਸ਼ੁਰ ਇਕੱਲਾ ਉਸਦੀ ਸਹਾਇਤਾ ਕਰੇਗਾ। ਉਹ ਪਰਮੇਸ਼ੁਰ ਨੂੰ ਸਹਾਇਤਾ ਲਈ ਦਿਨ ਰਾਤ ਪ੍ਰਾਰਥਨਾ ਕਰਨੀ ਜਾਰੀ ਰਖਦੀ ਹੈ। 6 ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ। 7 ਉਥੋਂ ਦੇ ਨਿਹਚਾਵਾਨਾਂ ਨੂੰ ਇਹ ਕਰਨ ਲਈ ਆਖੋ ਤਾਂ ਜੋ ਕੋਈ ਵੀ ਵਿਅਕਤੀ ਇਹ ਨਾ ਕਹਿ ਸਕੇ ਕਿ ਉਹ ਗਲਤ ਕੰਮ ਕਰ ਰਹੇ ਹਨ। 8 ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸਕਰ, ਉਸਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਨਾਸਥਾਵਾਨ ਨਾਲੋਂ ਵੀ ਭੈੜਾ ਹੈ। 9 ਵਿਧਵਾਵਾਂ ਦੀ ਤੁਹਾਡੀ ਸੂਚੀ ਵਿੱਚ ਜੁੜਨ ਲਈ ਉਹ ਸਠਾਂ ਵਰ੍ਹਿਆਂ ਦੀ ਜਾਂ ਇਸਤੋਂ ਵਡੇਰੀ ਹੋਣੀ ਚਾਹੀਦੀ ਹੈ। ਉਹ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਣੀ ਚਾਹੀਦੀ ਹੈ। 10 ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗਿਆਂ ਗੱਲਾਂ ਹਨ, ਜਿਵੇਂ ਆਪਣੇ ਬਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ। 11 ਪਰ ਉਸ ਪਤਰੀ ਵਿੱਚ ਜਵਾਨ ਵਿਧਵਾਵਾਂ ਨੂੰ ਸ਼ਾਮਿਲ ਨਾ ਕਰੋ। ਜਦੋਂ ਉਹ ਆਪਣੇ ਆਪ ਨੂੰ ਮਸੀਹ ਦੇ ਨਮਿਤ ਅਰਪਣ ਕਰ ਦਿੰਦੀਆਂ ਹਨ, ਤਾਂ ਬਹੁਤ ਵਾਰੀ ਉਹ ਆਪਣੀਆਂ ਤਕੜੀਆਂ ਸ਼ਰੀਰਕ ਲੋੜਾਂ ਕਾਰਣ ਉਸ ਕੋਲੋਂ ਦੂਰ ਹੋ ਜਾਂਦੀਆਂ ਹਨ। ਤਾਂ ਫ਼ੇਰ ਉਹ ਦੁਬਾਰਾ ਸ਼ਾਦੀ ਕਰਨਾ ਚਾਹੁੰਦੀਆਂ ਹਨ। 12 ਇਸ ਵਾਸਤੇ ਉਨ੍ਹਾਂ ਦਾ ਨਿਰਣਾ ਹੋਵੇਗਾ। ਕਿਉਂਕਿ ਉਨ੍ਹਾਂ ਨੇ ਆਪਣਾ ਪਹਿਲਾ ਵਾਅਦਾ ਨਹੀਂ ਨਿਭਾਇਆ। 13 ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਨਾ ਕਿ ਜਵਾਨ ਵਿਧਵਾਵਾਂ ਫ਼ਿਰ ਤੋਂ ਵਿਆਹ ਕਰਵਾ ਲੈਣ ਅਤੇ ਬੱਚੇ ਨੂੰ ਜਨਮ ਦੇਣ ਅਤੇ ਆਪਣੇ ਘਰਾਂ ਦਾ ਧਿਆਨ ਰੱਖਣ। ਜੇ ਉਹ ਅਜਿਹਾ ਕਰਦੀਆਂ ਹਨ ਤਾਂ ਸਾਡੇ ਦੁਸ਼ਮਣ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਨਹੀਂ ਮਿਲੇਗਾ। 15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ। 16 ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕਲੀਸਿਯਾ ਨੂੰ ਉਨ੍ਹਾਂ ਦਾ ਧਿਆਨ ਰੱਖਣ ਦਾ ਬੋਝ ਨਹੀਂ ਉਠਾਉਣਾ ਚਾਹੀਦਾ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰਖ ਸਕੇਗੀ ਜਿਨ੍ਹਾਂ ਦਾ ਪਰਿਵਾਰ ਜਿਉਂਦਾ ਨਹੀਂ ਹੈ। 17 ਜਿਹੜੇ ਬਜ਼ੁਰਗ ਕਲੀਸਿਯਾ ਦੀ ਅਗਵਾਈ ਚੰਗੇ ਢੰਗ ਨਾਲ ਕਰਦੇ ਹਨ ਉਹ ਮਹਾਨ ਇੱਜ਼ਤ ਪਾਉਣ ਦੇ ਯੋਗੀ ਹਨ। ਜਿਹੜੇ ਵਡੇਰੇ ਬੋਲ ਚਾਲ ਰਾਹੀਂ ਅਤੇ ਉਪਦੇਸ਼ ਰਾਹੀਂ ਕਾਰਜ ਕਰਦੇ ਹਨ ਅਜਿਹੇ ਵਿਅਕਤੀ ਹਨ ਜਿਹੜੇ ਮਹਾਨ ਇੱਜ਼ਤ ਦੇ ਯੋਗੀ ਹਨ। 18 ਕਿਉਂਕਿ ਪੋਥੀ ਆਖਦੀ ਹੈ, “ਉਸ ਬਲਦ ਦਾ ਮੂੰਹ ਨਾ ਬੰਨ੍ਹੋ ਜਿਹੜਾ ਗਾਹੁੰਦੇ ਥੱਲੇ ਉੱਤੇ ਕੰਮ ਕਰਦਾ “ ਅਤੇ ਪੋਥੀ ਇਹ ਵੀ ਆਖਦੀ ਹੈ, “ਮਜ਼ਦੂਰ ਆਪਣੀ ਮਜਦੂਰੀ ਦੇ ਯੋਗ ਹੈ।” 19 ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ। 20 ਪਾਪੀਆਂ ਨੂੰ ਆਖੋ ਕਿ ਉਹ ਗਲਤ ਕੰਮ ਕਰ ਰਹੇ ਹਨ। ਇਹ ਗੱਲ ਸਾਰੀ ਕਲੀਸਿਯਾ ਦੇ ਸਾਮ੍ਹਣੇ ਆਖੋ। ਇਸ ਤਰ੍ਹਾਂ ਹੋਰਾਂ ਨੂੰ ਵੀ ਚੇਤਾਵਨੀ ਮਿਲੇਗੀ। 21 ਮੈਂ ਤੁਹਾਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਦੇ ਸਨਮੁਖ, ਇਹ ਗੱਲਾਂ ਕਰਨ ਦਾ ਹੁਕਮ ਦਿੰਦਾ ਹਾਂ। ਪਰ ਸੱਚ ਜਾਨਣ ਤੋਂ ਪਹਿਲਾਂ ਲੋਕਾਂ ਬਾਰੇ ਨਿਰਣਾ ਨਾ ਕਰੋ। ਅਤੇ ਇਨ੍ਹਾਂ ਗੱਲਾਂ ਬਾਰੇ ਹਰੇਕ ਨਾਲ ਇੱਕੋ ਜਿਹਾ ਸਲੂਕ ਕਰੋ। 22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁਧ ਰਖੋ। 23 ਤਿਮੋਥਿਉਸ, ਤੁਸੀਂ ਕੇਵਲ ਪਾਣੀ ਹੀ ਪੀਂਦੇ ਰਹੇ ਹੋ। ਇਹ ਗੱਲ ਛੱਡੋ ਰਤਾ ਕੁ ਮੈ ਪੀਓ। ਇਹ ਤੁਹਾਡੇ ਮਿਹਦੇ ਅਤੇ ਤੁਹਾਡੀ ਅਕਸਰ ਹੋਣ ਵਾਲੀ ਬਿਮਾਰੀ ਲਈ ਚੰਗੀ ਹੋਵੇਗੀ। 24 ਕੁਝ ਲੋਕਾਂ ਦੇ ਪਾਪ ਦੇਖਣੇ ਸੁਖਾਲੇ ਹਨ। ਉਨ੍ਹਾਂ ਦੇ ਪਾਪ ਦਰਸ਼ਾਉਂਦੇ ਹਨ ਕਿ ਉਨ੍ਹਾਂ ਦਾ ਅਸਲੀ ਨਿਰਣਾ ਹੋਣ ਤੋਂ ਪਹਿਲਾਂ ਹੀ ਉਹ ਦੋਸ਼ੀ ਹਨ। ਪਰ ਕੁਝ ਲੋਕਾਂ ਦੇ ਪਾਪ ਮਗਰੋਂ ਨਜ਼ਰ ਆਉਂਦੇ ਹਨ। 25 ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸਕਦੀਆਂ।

6:1 ਉਹ ਜਿਹੜੇ ਗੁਲਾਮ ਹਨ ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਪਰਮੇਸ਼ੁਰ ਦੇ ਨਾਂ ਅਤੇ ਸਾਡੇ ਉਪਦੇਸ਼ ਦੀ ਆਲੋਚਨਾ ਨਹੀਂ ਹੋਵੇਗੀ। 2 ਕਈਆਂ ਗੁਲਾਮਾਂ ਦੇ ਮਾਲਕ ਨਿਹਚਾਵਾਨ ਹੁੰਦੇ ਹਨ। ਇਸ ਲਈ ਗੁਲਾਮ ਅਤੇ ਮਾਲਕ ਭਰਾ-ਭਰਾ ਹਨ। ਪਰ ਗੁਲਾਮਾਂ ਨੂੰ ਇਸ ਗੱਲੋਂ ਉਨ੍ਹਾਂ ਦੀ ਘੱਟ ਇੱਜ਼ਤ ਨਹੀਂ ਕਰਨੀ ਚਾਹੀਦੀ। ਨਹੀਂ। ਉਨ੍ਹਾਂ ਗੁਲਾਮਾਂ ਨੂੰ ਤਾਂ ਸਗੋਂ ਉਨ੍ਹਾਂ ਨਿਹਚਾਵਾਨ ਮਾਲਕਾਂ ਦੀ ਹੋਰ ਵਧੇਰੇ ਚੰਗੀ ਸੇਵਾ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਜਿਹੜੇ ਵਿਅਕਤੀ ਅਪਣੀ ਚੰਗੀ ਸੇਵਾ ਦੇ ਲਾਭ ਦੇ ਆਨੰਦ ਮਾਣਦੇ ਹਨ ਉਹ ਸ਼ਰਧਾਲੂ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ।ਇਹੀ ਸੱਚ ਹਨ ਜਿਨ੍ਹਾਂ ਦੇ ਤੁਹਾਨੂੰ ਉਪਦੇਸ਼ ਦੇਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ। 3 ਕੁਝ ਲੋਕ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦੇ ਹਨ। ਉਹ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨਾਲ ਸਹਿਮਤ ਨਹੀਂ ਹੁੰਦੇ। ਅਤੇ ਉਹ ਅਜਿਹੇ ਉਪਦੇਸ਼ ਨਾਲ ਸਹਿਮਤ ਨਹੀਂ ਹੋਣਗੇ ਜਿਹੜੇ ਪਰਮੇਸ਼ੁਰ ਦੀ ਸੱਚੀ ਸੇਵਾ ਨਾਲ ਸਹਿਮਤ ਹੁੰਦੇ ਹਨ। 4 ਜਿਹੜਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲ ਬਾਜ਼ੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲੜਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ। 5 ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲ ਬਾਜ਼ੀ ਵੀ ਸਾਮ੍ਹਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ। 6 ਹਾਂ, ਇਹ ਸੱਚ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਉਸਨੂੰ ਅਮੀਰ ਬਣਾ ਦਿੰਦੀ ਹੈ ਜੋ ਸੇਵਾ ਕਰਦਾ ਹੈ ਜੇਕਰ ਉਹ ਉਸ ਨਾਲ ਸੰਤੁਸ਼ਟ ਹੈ ਜੋ ਉਸ ਕੋਲ ਹੈ। 7 ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ, ਅਸੀਂ ਕੁਝ ਨਹੀਂ ਲਿਆਏ। ਜਦੋਂ ਅਸੀਂ ਮਰਾਂਗੇ, ਉਦੋਂ ਵੀ ਅਸੀਂ ਆਪਣੇ ਨਾਲ ਕੁਝ ਵੀ ਲੈਕੇ ਨਹੀਂ ਜਾਵਾਂਗੇ। 8 ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ। 9 ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ। 10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ। 11 ਪਰ ਤੂੰ ਇੱਕ ਪਰਮੇਸ਼ੁਰ ਦਾ ਬੰਦਾ ਹੈ। ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹੀ ਢੰਗ ਵਿੱਚ ਜਿਉਣ ਦੀ ਕੋਸ਼ਿਸ਼ ਕਰੋ, ਅਤੇ ਪਰਮੇਸ਼ੁਰ ਦੀ ਸੇਵਾ ਕਰੋ; ਵਿਸ਼ਵਾਸ,ਪ੍ਰੇਮ, ਸਬਰ, ਅਤੇ ਸਜਨਤਾ ਰਖੋ। 12 ਆਪਣੇ ਵਿਸ਼ਵਾਸ ਨੂੰ ਬਣਾਈ ਰਖਨਾ ਦੌੜ ਦੌੜਨ ਵਾਂਗ ਹੈ। ਉਸ ਦੌੜ ਨੂੰ ਜਿੱਤਣ ਲਈ ਪੂਰਾ ਤਾਣ ਲਾ ਦਿਉ। ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਸੀਂ ਉਹ ਜੀਵਨ ਪ੍ਰਾਪਤ ਕਰ ਲਵੋ ਜਿਹੜਾ ਸਦੀਵੀ ਹੈ। ਤੁਹਾਨੂੰ ਉਸ ਜੀਵਨ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਅੱਗੇ ਮਸੀਹ ਬਾਰੇ ਮਹਾਨ ਸੱਚ ਸਵਿਕਾਰ ਕਰ ਲਿਆ ਹੈ। 13 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵਿਕਾਰ ਕੀਤਾ ਸੀ ਅਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਮ੍ਹਣੇ ਖੜਾ ਸੀ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਹਰ ਇੱਕ ਨੂੰ ਜੀਵਨ ਦਿੰਦਾ ਹੈ। 14 ਹੁਣ ਮੈਂ ਤੁਹਾਨੂੰ ਦੱਸਦਾ ਹਾਂ; ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਇਲਜ਼ਾਮ ਨਾ ਲਾ ਸਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਆ ਜਾਂਦਾ। 15 ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ। 16 ਪ੍ਰਭੂ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸਦੇ ਨੇੜੇ ਨਹੀਂ ਜਾ ਸਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ। 17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ। 18 ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ। 19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋੜ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿਖਮਈ ਜੀਵਨ ਲਈ ਇੱਕ ਪਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹੜਾ ਸੱਚਾ ਹੈ। 20 ਤਿਮੋਥਿਉਸ, ਪਰਮੇਸ਼ੁਰ ਨੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਸੌਂਪੀਆਂ ਹਨ। ਇਨ੍ਹਾਂ ਚੀਜ਼ਾਂ ਦੀ ਰਖਵਾਲੀ ਕਰ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਮੂਰਖਮਈ ਗੱਲਾਂ ਆਖਦੇ ਹਨ, ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹਿ ਜਿਹੜੇ ਦਲੀਲਬਾਜ਼ੀ ਕਰਦੇ ਹਨ ਜਿਸਨੂੰ ਉਹ “ਗਿਆਨ” ਆਖਦੇ ਹਨ ਪਰ ਇਹ ਅਸਲ ਵਿੱਚ ਇਹ ਗਿਆਨ ਨਹੀਂ ਹੈ। 21 ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ।ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।