2 Corinthians

1:1 ਇਹ ਚਿਠੀ ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਹੈ। ਮੈਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਰਸੂਲ ਬਣਇਆ ਹਾਂ।ਮੈਂ ਇਹ ਚਿਠੀ ਕੁਰਿੰਥੁਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਅਖਾਯਾ ਦੇ ਸਾਰੇ ਦੇਸ਼ ਵਿੱਚ ਵਸਦੇ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਲਿਖ ਰਿਹਾ ਹਾਂ। 2 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ। 3 ਪਰਮੇਸ਼ੁਰ ਅਤੇ ਸਾਡੇ ਯਿਸੂ ਮਸੀਹ ਦੇ ਪਿਤਾ ਦੀ ਉਸਤਤਿ ਹੋਵੇ। ਪਰਮੇਸ਼ੁਰ, ਸਾਡਾ ਪਿਤਾ, ਦਇਆ ਨਾਲ ਭਰਪੂਰ ਹੈ। ਉਹੀ ਪਰਮੇਸ਼ੁਰ ਹੈ ਜਿਹੜਾ ਹਰ ਤਰ੍ਹਾਂ ਨਾਲ ਦਿਲਾਸਾ ਦਿੰਦਾ ਹੈ। 4 ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਉਹ ਸਾਨੂੰ ਦਿਲਾਸਾ ਦਿੰਦਾ ਹੈ। ਤਾਂ ਜੋ ਅਸੀਂ ਵੀ ਹੋਰਨਾਂ ਲੋਕਾਂ ਨੂੰ ਉਦੋਂ ਦਿਲਾਸਾ ਦੇਣ ਯੋਗ ਹੋ ਸਕੀਏ ਜਦੋਂ ਉਹ ਤਕਲੀਵ ਵਿੱਚ ਹੋਣ। ਜਿਹੜਾ ਦਿਲਾਸਾ ਸਾਨੂੰ ਪਰਮੇਸ਼ੁਰ ਦਿੰਦਾ ਹੈ ਉਸੇ ਤਰ੍ਹਾਂ ਦਾ ਦਿਲਾਸਾ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ। 5 ਅਸੀਂ ਮਸੀਹ ਦੇ ਬਹੁਤ ਕਸ਼ਟਾਂ ਵਿੱਚ ਭਾਗੀਦਾਰ ਬਣੇ। ਇਸੇ ਤਰ੍ਹਾਂ, ਅਸੀਂ ਵੀ ਮਸੀਹ ਰਾਹੀਂ ਵਧੇਰੇ ਸੁਖ ਪ੍ਰਾਪਤ ਕਰਦੇ ਹਾਂ। 6 ਜੇ ਸਾਨੂੰ ਦੁਖ ਤਕਲੀਫ਼ਾਂ ਮਿਲਦੀਆਂ ਹਨ ਤਾਂ ਇਹ ਸਾਡੇ ਸੁਖ ਅਤੇ ਮੁਕਤੀ ਲਈ ਹਨ। ਜੇ ਸਾਨੂੰ ਤੁਹਾਡੇ ਕੋਲੋਂ ਦਿਲਾਸਾ ਹੈ ਤਾਂ ਇਹ ਤੁਹਾਡੇ ਦਿਲਾਸੇ ਲਈ ਹੈ। ਇਹ ਸਾਨੂੰ ਸਾਡੇ ਕਸ਼ਟਾਂ ਵਿੱਚ ਵੀ ਸਹਿਨਸ਼ੀਲ ਬਣਾਉਂਦਾ ਹੈ। 7 ਤੁਹਾਡੇ ਲਈ ਸਾਡੇ ਕੋਲ ਬਹੁਤ ਮਜ਼ਬੂਤ ਆਸ਼ਾਵਾਂ ਹਨ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਡੇ ਕਸ਼ਟਾਂ ਵਿੱਚ ਸ਼ਰੀਕ ਹੋ। ਅਸੀਂ ਇਹ ਵੀ ਜਾਣਦੇ ਹਾਂ, ਕਿ ਤੁਸੀਂ ਸਾਡੇ ਦਿਲਾਸਿਆਂ ਵਿੱਚ ਵੀ ਸ਼ਰੀਕ ਹੋ। 8 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ, ਕਿ ਤੁਸੀਂ ਅਸਿਯਾ ਦੇ ਪ੍ਰਦੇਸ਼ ਵਿੱਚ ਜਿਹੜੀ ਪਰੇਸ਼ਾਨੀ ਅਸੀਂ ਝੱਲੀ ਹੈ, ਉਸ ਬਾਰੇ ਜਾਣੋ। ਅਸੀਂ ਉਥੇ ਬਹੁਤ ਦੁਖ ਝੱਲੇ। ਜਿੰਨਾ ਅਸੀਂ ਝੱਲ ਸਕੀਏ ਇਹ ਉਸਤੋਂ ਵਧੇਰੇ ਸੀ। ਅਸੀਂ ਉਮੀਦ ਵੀ ਛੱਡ ਦਿੱਤੀ ਸੀ ਕਿ ਅਸੀਂ ਜੀਵਾਂਗੇ। 9 ਅਸੀਂ ਸੱਚਮੁੱਚ ਸਾਡੇ ਦਿਲਾਂ ਵਿੱਚ ਸੋਚ ਲਿਆ ਸੀ ਕਿ ਸਾਨੂੰ ਮਰਨ ਦੀ ਸਜ਼ਾ ਦਿੱਤੀ ਗਈ ਸੀ। ਪਰ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਆਪਣੇ-ਆਪ ਵਿੱਚ ਯਕੀਨ ਨਾ ਕਰੀਏ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਅਸੀਂ ਪਰਮੇਸ਼ੁਰ ਵਿੱਚ ਯਕੀਨ ਰੱਖ ਸਕੀਏ ਜਿਹੜਾ ਲੋਕਾਂ ਨੂੰ ਮੌਤ ਤੋਂ ਉਭਾਰਦਾ ਹੈ। 10 ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ। 11 ਅਤੇ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਰਾਹੀਂ ਸਾਡੀ ਸਹਾਇਤਾ ਕਰ ਸਕਦੇ ਹੋ। ਫ਼ੇਰ ਅਨੇਕਾਂ ਲੋਕ ਸਾਡੇ ਲਈ ਸ਼ੁਕਰਾਨਾ ਦੇਣਗੇ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਰਹੀਂ ਸਾਨੂੰ ਅਸੀਸ ਦਿੱਤੀ। 12 ਅਸੀਂ ਇਹ ਆਖਣ ਵਿੱਚ ਮਾਣ ਕਰਦੇ ਹਾਂ, ਅਤੇ ਮੈਂ ਇਹ ਆਪਣੇ ਦਿਲੋਂ ਆਖ ਸਕਦਾ ਹਾਂ ਕਿ ਇਹ ਸੱਚ ਹੈ। ਉਹ ਹਰ ਕਰਨੀ ਜੋ ਅਸੀਂ ਇਸ ਦੁਨੀਆਂ ਵਿੱਚ ਕੀਤੀ, ਅਸੀਂ ਇਮਾਨਦਾਰੀ ਨਾਲ ਅਤੇ ਸਾਫ਼ ਦਿਲ ਨਾਲ ਕੀਤੀ, ਜੋ ਪਰਮੇਸ਼ੁਰ ਵੱਲੋਂ ਆਈ। ਉਨ੍ਹਾਂ ਕੰਮਾਂ ਬਾਰੇ ਵੀ, ਜਿਹੜੀ ਅਸੀਂ ਤੁਹਾਡੇ ਵਿਚਕਾਰ ਕੀਤੇ, ਇਹ ਹੋਰ ਵੀ ਵਧੇਰੇ ਸੱਚ ਹੈ। ਅਸੀਂ ਇਹ ਸਿਰਫ਼ ਪਰਮੇਸ਼ੁਰ ਦੀ ਮਿਹਰ ਨਾਲ ਕੀਤਾ ਹੈ ਨਾ ਕਿ ਇਸ ਦੁਨੀਆਂ ਦੀ ਸਿਆਣਪ ਨਾਲ। 13 ਅਸੀਂ ਸਿਰਫ਼ ਉਹੀ ਗੱਲਾਂ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਨ ਅਤੇ ਸਮਝਨ ਯੋਗ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਵੋਂਗੇ। 14 ਤੁਸੀਂ ਸਾਡੇ ਬਾਰੇ ਪਹਿਲਾਂ ਹੀ ਕੁਝ ਗੱਲਾਂ ਸਮਝ ਚੁੱਕੇ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝਨ ਯੋਗ ਹੋਵੋਂਗੇ ਅਤੇ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰੋਂਗੇ, ਜਿਵੇਂ ਕਿ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਵਾਲੇ ਦਿਨ ਤੁਹਾਡੇ ਉੱਤੇ ਮਾਣ ਕਰਾਂਗੇ। 15 ਮੈਨੂੰ ਇਸ ਸਭ ਕੁਝ ਬਾਰੇ ਪੂਰਾ ਭਰੋਸਾ ਸੀ। ਇਸੇ ਲਈ ਮੈਂ ਤੁਹਾਡੇ ਕੋਲ ਪਹਿਲਾਂ ਆਉਣ ਦੀ ਯੋਜਨਾ ਬਣਾਈ ਸੀ। ਇਉਂ ਤੁਸੀਂ ਦੂਹਰੀ ਮੇਹਰ ਪ੍ਰਾਪਤ ਕਰ ਸਕਦੇ ਸੀ। 16 ਮੈਂ ਆਪਣੀ ਮੈਕਦੂਨਿਆ ਦੀ ਯਾਤਰਾ ਵੇਲੇ ਤੁਹਾਡੇ ਵੱਲ ਆਉਣ ਦੀ ਯੋਜਨਾ ਬਣਾਈ ਸੀ। ਅਤੇ ਵਾਪਸੀ ਵੇਲੇ ਫ਼ੇਰ ਤੁਹਾਨੂੰ ਮਿਲਣ ਦੀ ਯੋਜਨਾ ਬਣਾਈ ਸੀ। ਤਾਂ ਜੋ ਜਦੋਂ ਮੈਂ ਯਹੂਦਿਯਾ ਨੂੰ ਸਫ਼ਰ ਕਰਾਂਗਾ ਤੁਹਾਡੇ ਤੋਂ ਸਹਾਇਤਾ ਪ੍ਰਾਪਤ ਕਰ ਸਕਾਂਗਾ। 17 ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਯੋਜਨਾਵਾਂ ਬਿਨਾ ਚੰਗੀ ਤਰ੍ਹਾਂ ਸੋਚਿਆਂ ਬਣਾਈਆਂ ਸਨ? ਜਾਂ ਸ਼ਾਇਦ ਤੁਸੀਂ ਇਹ ਸੋਚ ਰਹੇ ਹੋਵੋਂ ਕਿ ਉਵੇਂ ਵਿਉਂਤਿਆ ਜਿਵੇਂ ਹੋਰ ਦੁਨੀਆਂ ਕਰਦੀ ਹੈ ਅਤੇ ਆਖਦੀ ਹੈ, “ਹਾਂ, ਹਾਂ” ਅਤੇ ਉਸੇ ਸਮੇਂ, “ਨਾ, ਨਾ”। 18 ਜੇ ਤੁਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰੋ ਤਾਂ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਅਸੀਂ ਕਦੇ ਵੀ ਇੱਕੋ ਵੇਲੇ ਹਾਂ ਅਤੇ ਨਾਂਹ ਨਹੀਂ ਕਹਿੰਦੇ। 19 ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ, ਜਿਸਦਾ ਮੈਂ, ਸਿਲਵਾਨੁਸ ਅਤੇ ਤਿਮੋਥਿਉਸ ਨੇ ਪ੍ਰਚਾਰ ਕੀਤਾ, ਇੱਕੋ ਵੇਲੇ “ਹਾਂ” ਅਤੇ “ਨਾ” ਨਹੀਂ ਸੀ। ਮਸੀਹ ਵਿੱਚ ਇਹ ਹਮੇਸ਼ਾ ਹੀ “ਹਾਂ” ਰਿਹਾ ਹੈ। 20 ਪਰਮੇਸ਼ੁਰ ਦੇ ਸਾਰੇ ਇਕਰਾਰਾਂ ਬਾਰੇ “ਹਾਂ” ਮਸੀਹ ਵਿੱਚ ਹੀ ਹੈ। ਅਤੇ ਇਸੇ ਲਈ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਨੂੰ “ਆਮੀਨ” ਆਖਦੇ ਹਾਂ। 21 ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਮਜ਼ਬੂਤ ਬਣਾਉਂਦਾ ਹੈ! ਪਰਮੇਸ਼ੁਰ ਨੇ ਸਾਨੂੰ ਉਸਦੀ ਖਾਸ ਅਸੀਸ ਦਿੱਤੀ ਸੀ। 22 ਉਸਨੇ ਸਾਡੇ ਉੱਤੇ ਆਪਣਾ ਨਿਸ਼ਾਨ ਲਗਾਇਆ ਹੈ ਇਹ ਦਰਸ਼ਾਉਣ ਲਈ ਕਿ ਅਸੀਂ ਉਸਦੇ ਲੋਕ ਹਾਂ। ਅਤੇ ਉਸਨੇ ਜ਼ਮਾਨਤ ਦੇ ਤੌਰ ਤੇ ਸਾਡੇ ਦਿਲਾਂ ਵਿੱਚ ਆਪਣਾ ਆਤਮਾ ਰੱਖ ਦਿੱਤਾ ਹੈ ਉਹ ਸਾਨੂੰ ਉਹੋ ਸਭ ਕੁਝ ਦੇਵੇਗਾ ਜਿਸਦਾ ਉਸਨੇ ਵਾਦਾ ਕੀਤਾ ਸੀ। 23 ਪਰਮੇਸ਼ੁਰ ਗਵਾਹ ਹੈ ਕਿ ਇਹ ਸੱਚ ਹੈ ਕਿ ਮੈਂ ਕੁਰਿੰਥੁਸ ਨੂੰ ਸਿਰਫ਼ ਇਸੇ ਕਾਰਣ ਨਹੀਂ ਆਇਆ ਕਿ ਮੈਂ ਤੁਹਾਨੂੰ ਕਸ਼ਟ ਜਾਂ ਸਜ਼ਾ ਦੇਣਾ ਨਹੀਂ ਚਾਹੁੰਦਾ ਸੀ। 24 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ ਉੱਪਰ ਨਿਯਂਤ੍ਰਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵਿਸ਼ਵਾਸ ਦੇ ਪਕੇ ਹੋ। ਪਰ ਅਸੀਂ ਤਾਂ ਤੁਹਾਡੇ ਨਾਲ ਤੁਹਾਡੀ ਆਪਣੀ ਖੁਸ਼ੀ ਲਈ ਕਾਮੇ ਹਾਂ।

2:1 ਇਸੇ ਲਈ ਮੈਂ ਫ਼ੈਸਲਾ ਕੀਤਾ ਸੀ ਕਿ ਤੁਹਾਡੇ ਵੱਲ ਮੇਰੀ ਅਗਲੀ ਯਾਤਰਾ ਤੁਹਾਨੂੰ ਉਦਾਸ ਕਰਨ ਵਾਲੀ ਇੱਕ ਹੋਰ ਯਾਤਰਾ ਨਹੀਂ ਹੋਵੇਗੀ। 2 ਜੇ ਮੈਂ ਤੁਹਾਨੂੰ ਉਦਾਸ ਕਰਦਾ ਹਾਂ ਤਾਂ ਮੈਨੂੰ ਖੁਸ਼ੀ ਕੌਣ ਦੇਵੇਗਾ? ਸਿਰਫ਼ ਤੁਸੀਂ, ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ। 3 ਮੈਂ ਕਿਸੇ ਕਾਰਣ ਹੀ ਤੁਹਾਨੂੰ ਖਤ ਲਿਖਿਆ ਸੀ; ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਉਨ੍ਹਾਂ ਲੋਕਾਂ ਵੱਲੋਂ ਉਦਾਸੀ ਨਾ ਮਿਲੇ ਜਿਨ੍ਹਾਂ ਤੋਂ ਮੈਨੂੰ ਖੁਸ਼ੀ ਮਿਲਣੀ ਚਾਹੀਦੀ ਹੈ। ਮੈਨੂੰ ਤੁਹਾਡੇ ਵਿੱਚ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮਰੀ ਖੁਸ਼ੀ ਸਾਂਝੀ ਕਰੋਂਗੇ। 4 ਜਦੋਂ ਜਦੋਂ ਪਹਿਲਾਂ ਮੈਂ ਤੁਹਾਨੂੰ ਇੱਕ ਪੱਤਰ ਲਿਖਿਆ ਸੀ, ਤਾਂ ਮੈਂ ਬਹੁਤ ਪਰੇਸ਼ਾਨ ਅਤੇ ਦਿਲ ਵਿੱਚ ਬਹੁਤ ਉਦਾਸ ਸਾਂ। ਮੈਂ ਤੁਹਾਨੂੰ ਵਧੇਰੇ ਹੰਝੂਆਂ ਨਾਲ ਲਿਖਿਆ ਸੀ। ਮੈਂ ਆਪਣੀ ਲਿਖਤ ਰਾਹੀਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਇਸ ਲਈ ਖਤ੍ਤ ਲਿਖਿਆ ਸੀ ਤਾਂ ਜੋ ਤੁਸੀਂ ਇਹ ਜਾਣ ਸਕੋਂ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। 5 ਤੁਹਾਡੇ ਟੋਲੇ ਵਿਚੋਂ ਕਿਸੇ ਇੱਕ ਵਿਅਕਤੀ ਨੇ ਮੈਨੂੰ ਉਦਾਸੀ ਦਿੱਤੀ ਹੈ। ਉਸਨੇ ਮੈਨੂੰ ਹੀ ਉਦਾਸ ਨਹੀਂ ਕੀਤਾ, ਪਰ ਤੁਹਾਨੂੰ ਸਾਰਿਆਂ ਨੂੰ ਕੀਤਾ ਹੈ। ਜੋ ਮੈਂ ਆਖਦਾ ਹਾਂ, ਇੱਕ ਢੰਗ ਨਾਲ, ਉਹੀ ਤੁਹਾਡੇ ਸਾਰਿਆਂ ਲਈ ਉਦਾਸੀ ਲਿਆਇਆ ਸੀ। (ਮੈਂ ਇਹ ਇਸ ਲਈ ਆਖਦਾ ਹਾਂ ਕਿਉਂਕਿ ਮੈਂ ਉਸ ਉੱਤੇ ਬਹੁਤ ਜ਼ਿਆਦੇ ਕਠੋਰ ਨਹੀਂ ਹੋਣਾ ਚਾਹੁੰਦਾ। 6 ਜਿਹੜੀ ਸਜ਼ਾ ਤੁਹਾਡੀ ਕਲੀਸਿਯਾ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਦਿੱਤੀ ਉਹ ਉਸ ਲਈ ਕਾਫ਼ੀ ਹੈ। 7 ਪਰ ਹੁਣ ਤੁਹਾਨੂੰ ਉਸਨੂੰ ਬਖਸ਼ ਦੇਣਾ ਚਹੀਦਾ ਹੈ ਅਤੇ ਉਸਨੂੰ ਤਸਲੀ ਦੇਣੀ ਚਾਹੀਦੀ ਹੈ। ਇਹ ਗੱਲ ਉਸਨੂੰ ਹੱਦ ਤੋਂ ਵਧ ਉਦਾਸ ਹੋਣ ਲਈ ਪੂਰੀ ਤਰ੍ਹਾਂ ਦੁਖੀ ਹੋਣ ਤੋਂ ਰੋਕ ਲਵੇਗੀ। 8 ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਦਰਸ਼ਾਉ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ। 9 ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਖਤ ਲਿਖਿਆ ਸੀ। ਮੈਂ ਜਾਨਣ ਲਈ ਤੁਹਾਡੀ ਪਰੀਖਿਆ ਲੈਣੀ ਚਾਹੁੰਦਾ ਸੀ ਕਿ ਕੀ ਤੁਸੀਂ ਉਸ ਸਾਰੇ ਕਾਸੇ ਬਾਰੇ, ਜੋ ਮੈਂ ਆਖ ਰਿਹਾ ਹਾਂ, ਆਗਿਆਕਾਰੀ ਹੋ ਜਾਂ ਨਹੀਂ। 10 ਜੇ ਤੁਸੀਂ ਕਿਸੇ ਨੂੰ ਕਿਸੇ ਗੱਲ ਲਈ ਬਖਸ਼ਦੇ ਹੋ ਤਾਂ ਮੈਂ ਵੀ ਉਸ ਵਿਅਕਤੀ ਨੂੰ ਬਖਸ਼ ਦਿੰਦਾ ਹਾਂ। ਜੋ ਮੈਂ ਮੁਆਫ਼ ਕੀਤਾ ਹੈ ਜੇ ਉਥੇ ਕੁਝ ਵੀ ਮੁਆਫ਼ ਕਰਨ ਦੇ ਕਾਬਲ ਸੀ, ਤਾਂ ਉਹ ਮੈਂ ਮਸੀਹ ਦੀ ਹਾਜ਼ਰੀ ਵਿੱਚ ਤੁਹਾਡੀ ਖਾਤਿਰ ਮੁਆਫ਼ ਕੀਤਾ ਹੈ। 11 ਅਜਿਹਾ ਮੈਂ ਇਸ ਲਈ ਕੀਤਾ ਸੀ ਤਾਂ ਜੋ ਸ਼ੈਤਾਨ ਸਾਡਾ ਫ਼ਾਇਦਾ ਨਾ ਉਠਾ ਸਕੇ ਜਿਵੇਂ ਕਿ ਅਸੀਂ ਚੰਗੀ ਤਰ੍ਹਾਂ ਉਸ ਦੀਆਂ ਯੋਜਨਾਵਾਂ ਨੂੰ ਜਾਣਦੇ ਹਾਂ। 12 ਮੈਂ ਤ੍ਰੋਆਸ ਵਿੱਚ ਮਸੀਹ ਦੀ ਖੁਸ਼-ਖਬਰੀ ਦਾ ਪ੍ਰਚਾਰ ਕਰਨ ਲਈ ਗਿਆ ਸਾਂ। ਪ੍ਰਭੂ ਨੇ ਉਥੇ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ ਸੀ। 13 ਪਰ ਮੈਨੂੰ ਸ਼ਾਂਤੀ ਨਹੀਂ ਮਿਲੀ ਕਿਉਂ ਜੁ ਉਥੇ ਮੈਨੂੰ ਆਪਣਾ ਭਰਾ ਤੀਤੁਸ ਨਹੀਂ ਮਿਲ ਸਕਿਆ। ਇਸ ਲਈ ਮੈਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਮਕਦੂਨਿਯਾ ਨੂੰ ਚਲਾ ਗਿਆ। 14 ਪਰ ਪਰਮੇਸ਼ੁਰ ਦਾ ਧੰਨਵਾਦ ਹੈ। ਪਰਮੇਸ਼ੁਰ ਸਦਾ ਹੀ ਸਾਡੀ ਮਸੀਹ ਰਾਹੀਂ, ਮਹਾਨ ਜਿੱਤ ਵੱਲ ਅਗਵਾਈ ਕਰਦਾ ਹੈ। ਪਰਮੇਸ਼ੁਰ ਸਾਨੂੰ ਸਾਰੇ ਪਾਸੀਂ ਇੱਕ ਚੰਗੇ ਸੁਗੰਧਿਤ ਇਤ੍ਰ ਦੀ ਤਰ੍ਹਾਂ ਆਪਣਾ ਗਿਆਨ ਫ਼ੈਲਾਉਣ ਲਈ ਇਸਤੇਮਾਲ ਕਰਦਾ ਹੈ। 15 ਸਾਡੀ ਪਰਮੇਸ਼ੁਰ ਨੂੰ ਭੇਟ ਇਹ ਹੈ। ਅਸੀਂ ਲੋਕਾਂ ਵਿੱਚ ਮਸੀਹ ਦੀ ਮਿਠੀ ਸੁਗੰਧ ਹਾਂ ਜਿਹੜੇ ਬਚਾਏ ਜਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਵੀ ਜਿਹੜੇ ਗੁਆਚੇ ਹੋਏ ਹਨ। 16 ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ? 17 ਬਹੁਤ ਸਾਰੇ ਲੋਕਾਂ ਵਾਂਗ, ਮੁਨਾਫ਼ੇ ਲਈ ਅਸੀਂ ਪਰਮੇਸ਼ੁਰ ਦਾ ਸ਼ਬਦ ਨਹੀਂ ਵੇਚ ਰਹੇ। ਨਹੀਂ! ਪਰ ਅਸੀਂ ਮਸੀਹ ਵਿੱਚ ਪਰਮੇਸ਼ੁਰ ਅੱਗੇ ਸਚਿਆਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਭੇਜੇ ਬੰਦਿਆਂ ਵਾਂਗ ਬੋਲਦੇ ਹਾਂ।

3:1 ਕੀ ਅਸੀਂ ਫ਼ੇਰ ਤੋਂ ਆਪਣੇ-ਆਪ ਬਾਰੇ ਸ਼ੇਖੀ ਮਾਰਨ ਲੱਗ ਪਏ ਹਾਂ? ਕੀ ਕੁਝ ਹੋਰ ਲੋਕਾਂ ਵਾਂਗ, ਸਾਨੂੰ ਵੀ ਤੁਹਾਡੇ ਕੋਲ ਪਰਿਚਯ ਪੱਤਰ ਲਿਆਉਣੇ ਚਾਹੀਦੇ ਹਨ ਜਾਂ ਤੁਹਾਥੋਂ ਇਹ ਪੱਤਰ ਲੈਣੇ ਚਾਹੀਦੇ ਹਨ। 2 ਤੁਸੀਂ ਖੁਦ ਸਾਡੇ ਪੱਤਰ ਹੋ। ਇਹ ਪੱਤਰ ਸਾਡੇ ਦਿਲਾਂ ਉੱਤੇ ਲਿਖਿਆ ਹੋਇਆ ਹੈ। ਸਾਰੇ ਲੋਕੀਂ ਇਸ ਨੂੰ ਜਾਣਦੇ ਹਨ ਅਤੇ ਇਸ ਨੂੰ ਪੜ੍ਹ ਸਕਦੇ ਹਨ। 3 ਤੁਸੀਂ ਵਿਖਾਉ ਕਿ ਤੁਸੀਂ ਮਸੀਹ ਵੱਲੋਂ ਸਾਡੇ ਰਾਹੀਂ ਘਲਿਆ ਹੋਇਆ ਇੱਕ ਪੱਤਰ ਹੋ, ਇਹ ਪੱਤਰ ਸਿਆਹੀ ਨਾਲ ਨਹੀਂ ਲਿਖਿਆ ਹੋਇਆ ਪਰੰਤੂ ਜੀਵਿਤ ਪਰਮੇਸ਼ੁਰ ਦੇ ਆਤਮੇ ਨਾਲ ਲਿਖਿਆ ਹੋਇਆ ਹੈ। ਇਹ ਪੱਥਰੀ ਤਖਤੀ ਉੱਤੇ ਨਹੀਂ ਲਿਖਿਆ ਹੋਇਆ। ਇਹ ਮਨੁੱਖੀ ਹਿਰਦਿਆਂ ਉੱਤੇ ਲਿਖਿਆ ਹੋਇਆ ਹੈ। 4 ਅਸੀਂ ਇਹ ਗੱਲਾਂ ਇਸ ਲਈ ਆਖ ਸਕਦੇ ਹਾਂ ਕਿਉਂ ਜੁ ਅਸੀਂ ਮਸੀਹ ਦੇ ਰਾਹੀਂ ਪਰਮੇਸ਼ੁਰ ਅੱਗੇ ਪੂਰਾ ਯਕੀਨ ਰੱਖਦੇ ਹਾਂ। 5 ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਕੋਈ ਵੀ ਨੇਕ ਕਾਰਜ ਖੁਦ ਕਰ ਸਕਦੇ ਹਾਂ। ਇਹ ਤਾਂ ਪਰਮੇਸ਼ੁਰ ਹੀ ਹੈ ਜਿਹੜਾ ਸਾਨੂੰ ਇਹ ਕਰਨ ਯੋਗ ਬਣਾਉਂਦਾ ਹੈ। 6 ਪਰਮੇਸ਼ੁਰ ਨੇ ਸਾਨੂੰ ਨਵੇਂ ਇਕਰਾਰ ਦੇ ਸੇਵਾਦਾਰ ਬਣਨ ਦੇ ਯੋਗ ਬਣਾਇਆ। ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇਹ ਨਵਾਂ ਇਕਰਾਰਨਾਮਾ ਲਿਖਿਆ ਹੋਇਆ ਨੇਮ ਨਹੀਂ ਹੈ। ਇਹ ਆਤਮਾ ਦਾ ਹੈ। ਲਿਖਿਆ ਹੋਇਆ ਨੇਮ ਮੌਤ ਲਿਆਉਂਦਾ ਹੈ ਜਦ ਕਿ ਆਤਮਾ ਜੀਵਨ ਦਿੰਦਾ ਹੈ। 7 ਉਹ ਪੁਰਾਣਾ ਕਰਾਰ (ਸ਼ਰ੍ਹਾ) ਜਿਸਨੇ ਮੌਤ ਲਿਆਂਦੀ ਪੱਥਰ ਉੱਤੇ ਸ਼ਬਦਾ ਨਾਲ ਲਿਖਿਆ ਹੋਇਆ ਸੀ। ਇਹ ਪਰਮੇਸ਼ੁਰ ਦੇ ਗੌਰਵ ਨਾਲ ਆਇਆ। ਮੂਸਾ ਦਾ ਮੁਖ ਮਹਿਮਾ ਨਾਲ ਇੰਨਾ ਚਮਕ ਰਿਹਾ ਸੀ ਕਿ ਇਸਰਾਏਲੀ ਉਸ ਵੱਲ ਇੱਕ ਟਕ ਨਹੀਂ ਵੇਖ ਸਕੇ ਪਰ ਮਗਰੋਂ, ਇਹ ਮਹਿਮਾ ਫ਼ਿੱਕੀ ਪੈ ਗਈ। 8 ਇਸ ਲਈ, ਉਹ ਕਰਾਰ ਜਿਹੜਾ ਆਤਮਾ ਲਿਆਇਆ ਸੱਚ ਮੁੱਚ ਹੀ ਮਹਾਨ ਮਹਿਮਾ ਰੱਖਦਾ ਹੈ। 9 ਭਾਵ ਇਹ ਹੈ; ਕਿ ਉਹ ਪੁਰਾਣਾ ਕਰਾਰ ਜੋ ਲੋਕਾਂ ਦੇ ਪਾਪਾਂ ਦੇ ਦੋਸ਼ੀ ਹੋਣ ਦਾ ਨਿਰਣਾ ਕਰਦਾ ਹੈ, ਹਾਲੇ ਵੀ ਉਸਦੀ ਮਹਿਮਾ ਸੀ। ਤਾਂ ਅਜਿਹਾ ਨਵਾਂ ਕਰਾਰ, ਜਿਹੜਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ, ਨਿਸ਼ਚਿਤ ਹੀ ਮਹਾਨ ਮਹਿਮਾ ਰੱਖਦਾ ਹੈ। 10 ਉਸ ਪੁਰਾਣੇ ਕਰਾਰ ਦੀ ਮਹਿਮਾ ਸੀ। ਪਰ ਜਦੋਂ ਪੁਰਾਣੀ ਮਹਿਮਾ ਦੀ ਸਮਾਨਤਾ ਨਵੇਂ ਕਰਾਰ ਦੀ ਵਡੇਰੀ ਮਹਿਮਾ ਨਾਲ ਕੀਤੀ ਜਾਂਦੀ ਹੈ ਤਾਂ ਇਹ ਆਪਣੀ ਮਹਿਮਾ ਗੁਆ ਲੈਂਦਾ ਹੈ। 11 ਜੇ ਉਹ ਨਵਾਂ ਕਰਾਰ ਜਿਹੜਾ ਮਹਿਮਾ ਨਾਲ ਆਇਆ, ਫ਼ਿੱਕਾ ਹੋ ਸਕਦਾ ਹੈ, ਤਾਂ ਨਵਾਂ ਕਰਾਰ, ਜਿਹੜਾ ਸਦੀਵੀ ਜਾਰੀ ਰਹੇਗਾ, ਮਹਾਨ ਮਹਿਮਾ ਰੱਖਦਾ ਹੈ। 12 ਸਾਨੂੰ ਇਸ ਗੱਲ ਦੀ ਉਮੀਦ ਹੈ, ਇਸ ਲਈ ਅਸੀਂ ਬਹੁਤ ਬਹਾਦੁਰ ਹਾਂ। 13 ਅਸੀਂ ਮੂਸਾ ਵਾਂਗ ਨਹੀਂ ਹਾਂ। ਮੂਸਾ ਨੇ ਆਪਣਾ ਚਿਹਰਾ ਢਕਣ ਲਈ ਇੱਕ ਪੱਲਾ ਪਾਇਆ ਹੋਇਆ ਸੀ, ਤਾਂ ਜੋ ਇਸਰਾਏਲ ਦੇ ਲੋਕ ਉਸ ਮਹਿਮਾ ਵੱਲ ਇੱਕ ਟਕ ਨਾ ਵੇਖਣ ਜੋ ਜਲਦੀ ਹੀ ਫ਼ਿੱਕੀ ਹੋ ਰਹੀ ਸੀ। 14 ਪਰ ਉਨ੍ਹਾਂ ਦੇ ਮਨਾਂ ਨੂੰ ਤਾਲੇ ਲੱਗੇ ਹੋਏ ਸਨ। ਉਹ ਸਮਝ ਨਹੀਂ ਸਕੇ ਸੀ। ਅੱਜ ਦੇ ਦਿਨ ਤੱਕ ਵੀ, ਜਦੋਂ ਪੁਰਾਣਾ ਕਰਾਰ ਪੜ੍ਹਿਆ ਜਾਂਦਾ ਹੈ ਤਾਂ ਉਹੀ ਪਰਦਾ ਉਨ੍ਹਾਂ ਦੇ ਅਰਥਾਂ ਨੂੰ ਢਕ ਲੈਂਦਾ ਹੈ। ਇਹ ਪਰਦਾ ਨਹੀਂ ਹਟਾਇਆ ਗਿਆ। ਇਹ ਤਾਂ ਕੇਵਲ ਮਸੀਹ ਦੇ ਰਾਹੀਂ ਹੀ ਹਟਾਇਆ ਗਿਆ ਹੈ। 15 ਹੁਣ ਵੀ, ਜਦੋਂ ਮੂਸਾ ਦਾ ਨੇਮ ਪੜ੍ਹਿਆ ਜਾਂਦਾ ਹੈ ਤਾਂ ਇੱਕ ਪਰਦਾ ਉਨ੍ਹਾਂ ਦੇ ਮਨਾਂ ਉੱਤੇ ਪਿਆ ਹੁੰਦਾ ਹੈ। 16 ਪਰ ਜਦੋਂ ਕੋਈ ਵਿਅਕਤੀ ਬਦਲਦਾ ਹੈ ਹੈ ਅਤੇ ਪ੍ਰਭੂ ਵੱਲ ਪਰਤਦਾ ਹੈ, ਤਾਂ ਪਰਦਾ ਹਟ ਜਾਂਦਾ ਹੈ। 17 ਇਥੇ ਸ਼ਬਦ “ਪ੍ਰਭੂ” ਆਤਮਾ ਨਾਲ ਸੰਬੰਧਿਤ ਹੈ। ਅਤੇ ਜਿਥੇ ਕਿਤੇ ਪ੍ਰਭੂ ਦਾ ਆਤਮਾ ਹੈ ਉਥੇ ਆਜ਼ਾਦੀ ਹੈ। 18 ਅਤੇ ਸਾਡੇ ਚਿਹਰੇ ਢਕੇ ਹੋਏ ਨਹੀਂ ਹਨ। ਅਸੀਂ ਸਾਰੇ ਪ੍ਰਭੂ ਦੀ ਮਹਿਮਾ ਨੂੰ ਦਰਸ਼ਾਉਂਦੇ ਹਾਂ ਅਸੀਂ ਬਦਲਕੇ ਉਸੇ ਵਰਗੇ ਬਣ ਰਹੇ ਹਾਂ ਇਹ ਤਬਦੀਲੀ ਸਾਡੇ ਲਈ ਵਧੇਰੇ ਮਹਾਨ ਮਹਿਮਾ ਲਿਆਉਂਦੀ ਹੈ। ਇਹ ਮਹਿਮਾ ਪ੍ਰਭੂ ਵੱਲੋਂ ਆਉਂਦੀ ਹੈ ਜੋ ਕਿ ਆਤਮਾ ਹੈ।

4:1 ਪਰਮੇਸ਼ੁਰ ਨੇ ਸਾਨੂੰ ਇਹ ਕਾਰਜ ਆਪਣੀ ਮਿਹਰ ਰਾਹੀਂ ਦਿੱਤਾ ਸੀ। ਇਸ ਲਈ ਅਸੀਂ ਉਤਸਾਹ ਨਹੀਂ ਗੁਆਵਾਂਗੇ। 2 ਪਰੰਤੂ ਅਸੀਂ ਗੁਪਤ ਅਤੇ ਸ਼ਰਮਨਾਕ ਰਾਹਾਂ ਤੋਂ ਦੂਰ ਲੰਘ ਗਏ ਹਾਂ ਅਸੀਂ ਚਲਾਕੀਆਂ ਨਹੀਂ ਵਰਤਦੇ ਅਤੇ ਨਾਹੀ ਅਸੀਂ ਪਰਮੇਸ਼ੁਰ ਦੇ ਉਪਦੇਸ਼ ਨੂੰ ਤਬਦੀਲ ਕਰਦੇ ਹਾਂ। ਨਹੀਂ। ਅਸੀਂ ਸਪਸ਼ਟ ਤੌਰ ਤੇ ਸੱਚ ਦਾ ਪ੍ਰਚਾਰ ਕਰਦੇ ਹਾਂ। ਇਸੇ ਢੰਗ ਨਾਲ, ਅਸੀਂ ਲੋਕਾਂ ਨੂੰ ਦਿਖਉਂਦੇ ਹਾਂ ਅਸੀਂ ਕੌਣ ਹਾਂ। ਤਾਂ ਜੋ ਉਹ ਅਪਣੇ ਮਨਾਂ ਵਿੱਚ ਇਹ ਜਾਣ ਸਕਣ ਕਿ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ। 3 ਉਹ ਖੁਸ਼ ਖਬਰੀ ਜਿਸਦਾ ਅਸੀਂ ਪ੍ਰਚਾਰ ਕਰਦੇ ਹਾਂ, ਲੁਕੀ ਹੋਈ ਹੈ। ਪਰ ਇਹ ਸਿਰਫ਼ ਉਨ੍ਹਾਂ ਲੋਕਾਂ ਲਈ ਛੁਪੀ ਹੋਈ ਹੈ ਜਿਹੜੇ ਗੁਆਚੇ ਹੋਏ ਹਨ। 4 ਇਸ ਦੁਨੀਆਂ ਦੇ ਮਾਲਕ ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ-ਬ-ਹੂ ਪਰਮੇਸ਼ੁਰ ਵਰਗਾ ਹੈ। 5 ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ। ਪਰੰਤੂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਪ੍ਰਭੂ ਹੈ। ਅਤੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਅਸੀਂ ਯਿਸੂ ਲਈ ਤੁਹਾਡੇ ਸੇਵਾਦਾਰ ਹਾਂ। 6 ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸਨੂੰ ਸਾਨੂੰ ਦਿੱਤਾ। 7 ਸਾਡੇ ਕੋਲ ਇਹ ਖਜ਼ਾਨਾ ਹੈ ਜੋ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ ਹੈ। ਪਰੰਤੂ ਅਸੀਂ ਸਿਰਫ਼ ਮਿੱਟੀ ਦੇ ਉਨ੍ਹਾਂ ਗਮਲਿਆਂ ਵਾਂਗ ਹਾਂ ਜਿਨ੍ਹਾਂ ਵਿੱਚ ਖਜ਼ਾਨਾ ਸਾਂਭਿਆ ਹੁੰਦਾ ਹੈ। ਇਸਤੋਂ ਪ੍ਰਤਖ ਹੁੰਦਾ ਹੈ ਕਿ ਇਹ ਮਹਾਨ ਸ਼ਕਤੀ ਸਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਦਿੱਤੀ ਹੋਈ ਹੈ। 8 ਅਸੀਂ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਾਂ ਪਰ ਅਸੀਂ ਹਾਰੇ ਹੋਏ ਨਹੀਂ ਹਾਂ। ਬਹੁਤੀ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ ਪਰ ਅਸੀਂ ਹਿੰਮਤ ਨਈਂ ਹਾਰਦੇ। 9 ਸਾਨੂੰ ਸਤਾਇਆ ਜਾਂਦਾ ਹੈ ਪਰ ਪਰਮੇਸ਼ੁਰ ਸਾਨੂੰ ਨਹੀਂ ਛੱਡਦਾ। ਕਈ ਵਾਰੀ ਸਾਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਕਦੇ ਵੀ ਤਬਾਹ ਨਹੀਂ ਹੁੰਦੇ। 10 ਯਿਸੂ ਦੀ ਮਾਤ ਸਾਡੇ ਸ਼ਰੀਰਾਂ ਵਿੱਚ ਹੈ ਅਤੇ ਜਿਥੇ ਵੀ ਅਸੀਂ ਜਾਂਦੇ ਹਾਂ, ਅਸੀਂ ਇਸ ਮੌਤ ਨੂੰ ਹਮੇਸ਼ਾ ਆਪਣੇ ਨਾਲ ਚੁੱਕਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਸਾਡੇ ਸ਼ਰੀਰਾਂ ਵਿੱਚ ਵਿਖਾਇਆ ਜਾ ਸਕੇ। 11 ਅਸੀਂ ਜਿਉਂਦੇ ਹਾਂ ਪਰ ਯਿਸੂ ਲਈ ਅਸੀਂ ਸਾਰੇ ਮੌਤ ਦੇ ਖਤਰੇ ਹੇਠਾਂ ਰਹਿੰਦੇ ਹਾਂ ਇਹ ਸਾਡੇ ਨਾਲ ਵਾਪਰਦਾ ਹੈ ਤਾਂ ਜੋ ਸਾਡੇ ਮਰ ਜਾਣ ਵਾਲੇ ਸ਼ਰੀਰਾਂ ਵਿੱਚ ਯਿਸੂ ਦਾ ਜੀਵਨ ਦੇਖਿਆ ਜਾ ਸਕਦਾ ਹੈ। 12 ਇਸੇ ਲਈ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ। 13 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ; “ਮੈਂ ਵਿਸ਼ਵਾਸ ਕੀਤਾ ਇਸ ਲਈ, ਮੈਂ ਬੋਲਿਆ ਹਾਂ।” ਸਾਡੀ ਨਿਹਚਾ ਵੀ ਉਸੇ ਤਰ੍ਹਾਂ ਦੀ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਅਤੇ ਇਸੇ ਲਈ ਬੋਲਦੇ ਹਾਂ। 14 ਪਰਮੇਸ਼ੁਰ ਨੇ ਪ੍ਰਭੂ ਯਿਸੂ ਨੂੰ ਮੌਤ ਤੋਂ ਉਭਾਰਿਆ। ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਾਨੂੰ ਵੀ ਯਿਸੂ ਦੇ ਸਮੇਤ ਉਭਾਰੇਗਾ। ਪਰਮੇਸ਼ੁਰ ਸਾਨੂੰ ਤੁਹਾਡੇ ਨਾਲ ਲਿਆਵੇਗਾ ਅਸੀਂ ਉਸਦੇ ਸਨਮੁਖ ਖੜੇ ਹੋਵਾਂਗੇ। 15 ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਇਸਲਈ ਪਰਮੇਸ਼ੁਰ ਦੀ ਕਿਰਪਾ ਵਧ ਤੋਂ ਵਧ ਲੋਕਾਂ ਨੂੰ ਦਿੱਤੀ ਗਈ ਹੈ। ਇਸ ਲਈ ਪਰਮੇਸ਼ੁਰ ਨੂੰ ਉਸਦੀ ਮਹਿਮਾ ਲਈ ਵਧ ਤੋਂ ਵਧ ਸ਼ੁਕਰਾਨੇ ਹੋਣਗੇ। 16 ਇਹੀ ਕਾਰਣ ਹੈ ਕਿ ਅਸੀਂ ਕਦੇ ਵੀ ਕਮਜ਼ੋਰ ਨਹੀਂ ਬਣਾਂਗੇ। ਸਾਡਾ ਭੌਤਿਕ ਸ਼ਰੀਰ ਬੁਢਾ ਤੇ ਕਮਜ਼ੋਰ ਹੋ ਰਿਹਾ ਹੈ, ਪਰ ਸਾਡੀ ਅੰਦਰਲੀ ਹੋਂਦ ਦਿਨ ਪ੍ਰਤਿ ਦਿਨ ਨਵੀਂ ਬਣਦੀ ਜਾ ਰਹੀ ਹੈ। 17 ਹੁਣ ਥੋੜੇ ਸਮੇਂ ਲਈ, ਸਾਨੂੰ ਛੋਟੀਆਂ ਤਕਲੀਫ਼ਾਂ ਮਿਲਣਗੀਆਂ। ਪਰ ਇਹ ਮੁਸ਼ਕਿਲਾਂ ਸਾਨੂੰ ਸਦੀਵੀ ਮਹਿਮਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਹਨ। ਉਹ ਸਦੀਵੀ ਮਹਿਮਾ ਇਨ੍ਹਾਂ ਮੁਸ਼ਕਿਲਾਂ ਨਾਲੋਂ ਕਿਤੇ ਮਹਾਨ ਹੈ। 18 ਇਸ ਲਈ ਅਸੀਂ ਉਨ੍ਹਾਂ ਗੱਲਾਂ ਬਾਰੇ ਨਹੀਂ ਸੋਚਦੇ ਜੋ ਅਸੀਂ ਦੇਖਦੇ ਹਾਂ, ਸਗੋਂ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਾਂ ਜੋ ਅਸੀਂ ਦੇਖ ਨਹੀਂ ਸਕਦੇ। ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਹ ਥੋੜੇ ਚਿਰ ਲਈ ਹਨ ਅਤੇ ਜੋ ਚੀਜ਼ਾਂ ਅਸੀਂ ਦੇਖ ਨਹੀਂ ਸਕਦੇ, ਸਦੀਵੀ ਹਨ।

5:1 ਸਾਨੂੰ ਪਤਾ ਹੈ ਕਿ ਇਹ ਤੰਬੂ ਭਾਵ ਧਰਤੀ ਉੱਪਰਲਾ ਸਾਡਾ ਇਹ ਸ਼ਰੀਰ ਜਿਸ ਵਿੱਚ ਅਸੀਂ ਰਹਿੰਦੇ ਹਾਂ, ਤਬਾਹ ਕਰ ਦਿੱਤਾ ਜਾਵੇਗਾ। ਪਰ ਜਦੋਂ ਅਜਿਹਾ ਹੋਵੇਗਾ ਤਾਂ ਪਰਮੇਸ਼ੁਰ ਸਾਨੂੰ ਰਹਿਣ ਲਈ ਘਰ ਦੇਵੇਗਾ। ਇਹ ਘਰ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੋਵੇਗਾ। ਇਹ ਘਰ ਸਵਰਗ ਵਿੱਚ ਹੋਵੇਗਾ ਜਿਹੜਾ ਸਦੀਵੀ ਹੈ। 2 ਪਰ ਹੁਣ ਅਸੀਂ ਇਸ ਭੌਤਿਕ ਸ਼ਰੀਰ ਤੋਂ ਥੱਕ ਗਏ ਹਾਂ। ਅਸੀਂ ਆਪਣੇ ਆਪ ਨੂੰ ਸਾਡੇ ਸੁਰਗੀ ਘਰ ਨਾਲ ਢਕੇ ਜਾਣ ਲਈ ਬੜੀ ਤੀਬ੍ਰ ਇੱਛਾ ਕਰਦੇ ਹਾਂ। 3 ਇਹ ਸਾਨੂੰ ਕੱਜ ਲਵੇਗਾ ਅਤੇ ਅਸੀਂ ਨਗਨ ਨਹੀਂ ਹੋਵਾਂਗੇ। 4 ਜਿੰਨਾ ਚਿਰ ਅਸੀਂ ਇਸ ਤੰਬੂ ਵਿੱਚ ਰਹਾਂਗੇ, ਸਾਨੂੰ ਮੁਸ਼ਿਕਲਾਂ ਹਨ ਅਤੇ ਅਸੀਂ ਸ਼ਿਕਾਇਤਾਂ ਕਰਦੇ ਹਾਂ ਮੇਰਾ ਇਹ ਮਤਲਬ ਨਹੀਂ ਕਿ ਅਸੀਂ ਇਸ ਤੰਬੂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਵਰਗੀ ਤੰਬੂ ਨਾਲ ਸੱਜੇ ਹੋਈਏ। ਫ਼ੇਰ ਇਹ ਮਰ ਜਾਣ ਵਾਲਾ ਸ਼ਰੀਰ ਪੂਰੀ ਤਰ੍ਹਾਂ ਜੀਵਨ ਨਾਲ ਕਜਿਆ ਜਾਵੇਗਾ। 5 ਪਰਮੇਸ਼ੁਰ ਨੇ ਸਾਡੀ ਸਾਜਨਾ ਇਸ ਲਈ ਕੀਤੀ ਸੀ। ਅਤੇ ਉਸਨੇ ਪ੍ਰਮਾਣ ਦੇਣ ਲਈ ਜ਼ਮਾਨਤ ਵਜੋਂ ਸਾਨੂੰ ਇੱਕ ਆਤਮਾ ਪ੍ਰਦਾਨ ਕੀਤਾ ਹੈ ਕਿ ਉਹ ਸਾਨੂੰ ਇਹ ਨਵਾਂ ਜੀਵਨ ਦੇਵੇਗਾ। 6 ਇਸ ਲਈ ਅਸੀਂ ਸਦਾ ਹੌਂਸਲਾ ਰੱਖਦੇ ਹਾਂ ਅਸੀਂ ਜਾਣਦੇ ਹਾਂ ਕਿ ਜਿੰਨਾ ਚਿਰ ਅਸੀਂ ਇਸ ਸ਼ਰੀਰ ਵਿੱਚ ਰਹਿ ਰਹੇ ਹਾਂ ਅਸੀਂ ਪ੍ਰਭੂ ਤੋਂ ਦੂਰ ਹਾਂ। 7 ਅਸੀਂ ਉਸੇ ਸੰਗ ਰਹਿੰਦੇ ਹਾਂ ਜਿਸ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਨਾ ਕਿ ਜੋ ਸਾਨੂੰ ਨਜ਼ਰ ਆਉਂਦਾ ਹੈ। 8 ਇਸ ਲਈ ਮੈਂ ਕਹਿੰਦਾ ਹਾਂ ਕਿ ਸਾਨੂੰ ਯਕੀਨ ਹੈ। ਅਤੇ ਅਸੀਂ ਸੱਚ ਮੁੱਚ ਇਸ ਸ਼ਰੀਰ ਨੂੰ ਛੱਡਣਾ ਲੋਚਦੇ ਹਾਂ ਅਤੇ ਪ੍ਰਭੂ ਦੀ ਹਾਜ਼ਰੀ ਵਿੱਚ ਰਹਿਣਾ ਚਾਹੁੰਦੇ ਹਾਂ। 9 ਸਾਡਾ ਇੱਕੋ ਇੱਕ ਟੀਚਾ ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਹੈ। ਜਿਥੇ ਕਿਤੇ ਵੀ ਅਸੀਂ ਹਾਂ, ਭਾਵੇਂ ਅਸੀਂ ਇਥੇ ਸ਼ਰੀਰ ਵਿੱਚ ਰਹੀਏ ਜਾਂ ਉਥੇ ਪ੍ਰਭੂ ਨਾਲ, ਸਾਡੀ ਇੱਛਾ ਉਸਨੂੰ ਪ੍ਰਸੰਨ ਕਰਨ ਦੀ ਹੈ। 10 ਸਾਨੂੰ ਸਾਰਿਆਂ ਨੂੰ ਅਵਸ਼ ਹੀ ਮਸੀਹ ਦੇ ਸਾਮ੍ਹਣੇ ਨਿਰਣੇ ਲਈ ਖਲੋਣਾ ਪਵੇਗਾ। ਹਰ ਵਿਅਕਤੀ ਉਹੀ ਪ੍ਰਾਪਤ ਕਰੇਗਾ ਜੋ ਉਸਨੂੰ ਦੇਣ ਯੋਗ ਹੈ। ਜੋ ਕੁਝ ਵੀ ਉਸਨੇ ਇਸ ਭੌਤਿਕ ਸ਼ਰੀਰ ਵਿੱਚ ਰਹਿੰਦਿਆਂ ਕੀਤਾ ਭਾਵੇਂ ਉਹ ਚੰਗਾ ਸੀ ਜਾਂ ਬੁਰਾ। 11 ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ। ਇਸ ਲਈ ਅਸੀਂ ਲੋਕਾਂ ਦੀ ਸੱਚ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਅਸਲ ਵਿੱਚ ਕੀ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਆਪਣੇ ਦਿਲਾਂ ਵਿੱਚ ਜਾਣਦੇ ਹੋਂ। 12 ਅਸੀਂ ਤੁਹਾਨੂੰ ਆਪਣੇ ਆਪ ਦਾ ਮੁੜਕੇ ਪ੍ਰਮਾਣ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਪਰ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਰਹੇ ਹਾਂ। ਅਸੀਂ ਕਾਰਣ ਦੇ ਰਹੇ ਹਾਂ ਜਿਸ ਵਾਸਤੇ ਤੁਸੀਂ ਸਾਡੇ ਉੱਤੇ ਮਾਣ ਕਰ ਸਕਦੇ ਹੋ। ਫ਼ੇਰ ਤੁਹਾਡੇ ਕਲ ਉਨ੍ਹਾਂ ਲਈ ਉੱਤਰ ਹੋਵੇਗਾ ਜਿਹੜੇ ਦ੍ਰਿਸ਼ਟਮਾਨ ਚੀਜ਼ਾਂ ਉੱਤੇ ਮਾਣ ਕਰਦੇ ਹਨ। ਉਹ ਲੋਕ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਦਿਲ ਵਿੱਚ ਕੀ ਹੈ। 13 ਜੇ ਅਸੀਂ ਝੱਲੇ ਹਾਂ ਤਾਂ ਇਹ ਪ੍ਰਭੂ ਲਈ ਹੈ। ਜੇ ਸਾਡਾ ਦਿਮਾਗ ਸਹੀ ਹੈ ਤਾਂ ਤੁਹਾਡੇ ਲਈ ਹੈ। 14 ਅਸੀਂ ਮਸੀਹ ਦੇ ਪਿਆਰ ਦੇ ਵਸ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਸਾਰਿਆਂ ਲਈ ਮਰਿਆ, ਇਸੇ ਲਈ ਸਾਰੇ ਮਰ ਗਏ ਹਨ। 15 ਮਸੀਹ ਸਾਰਿਆਂ ਲਈ ਮਰਿਆ, ਤਾਂ ਜੋ ਜਿਹੜੇ ਲੋਕ ਜਿਉ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਲਈ ਜਿਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਉਨ੍ਹਾਂ ਲਈ ਮਰਿਆ ਅਤੇ ਮੌਤ ਤੋਂ ਉਭਾਰਿਆ ਗਿਆ। ਤਾਂ ਜੋ ਉਹ ਲੋਕ ਉਸਦੇ ਲਈ ਜਿਉਣ। 16 ਹੁਣ ਤੋਂ ਅਸੀਂ ਕਿਸੇ ਵਿਅਕਤੀ ਬਾਰੇ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਦੁਨੀਆਂ ਦੇ ਲੋਕ ਸੋਚਦੇ ਹਨ। ਇਹ ਸੱਚ ਹੈ ਕਿ ਪਿਛਲੇ ਸਮੇਂ ਅਸੀਂ ਮਸੀਹ ਬਾਰੇ ਦੁਨੀਆਂ ਦੇ ਲੋਕਾਂ ਵਾਂਗ ਹੀ ਸੋਚਿਆ ਸੀ। ਪਰ ਹੁਣ ਅਸੀਂ ਉਸ ਤਰ੍ਹਾਂ ਨਹੀਂ ਸੋਚਦੇ। 17 ਜੇਕਰ ਕੋਈ ਵੀ ਮਸੀਹ ਵਿੱਚ ਹੈ, ਉਹ ਨਵਾਂ ਬਣ ਗਿਆ ਹੈ। ਪੁਰਾਣੀਆਂ ਚੀਜ਼ਾਂ ਦੂਰ ਚਲੀਆਂ ਗਈਆਂ ਅਤੇ ਹੁਣ ਸਭ ਕੁਝ ਨਵਾਂ ਹੈ। 18 ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ। 19 ਭਾਵ ਇਹ ਹੈ ਕਿ ਪਰਮੇਸ਼ੁਰ ਮਸੀਹ ਵਿੱਚ ਆਪਣੇ ਅਤੇ ਦੁਨੀਆਂ ਵਿਚਕਾਰ ਸ਼ਾਂਤੀ ਸਥਾਪਿਤ ਕਰ ਰਿਹਾ ਸੀ। ਮਸੀਹ ਵਿੱਚ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਦੇ ਜੁਰਮੀ ਗੁਨਾਹਾਂ ਦਾ ਜ਼ਿੰਮੇਦਾਰ ਨਹੀਂ ਠਹਿਰਾਇਆ। ਉਸਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ। 20 ਲਈ ਅਸੀਂ ਮਸੀਹ ਬਾਰੇ ਗੱਲ ਕਰਨ ਲਈ ਭੇਜੇ ਗਏ ਹਾਂ। ਇਹ ਇਸ ਤਰ੍ਹਾਂ ਹੈ ਜਿਵੇ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਸੱਦ ਰਿਹਾ ਹੈ। ਇਸ ਲਈ ਮਸੀਹ ਦੇ ਪਖੋਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ; ਪਰਮੇਸ਼ੁਰ ਨਾਲ ਸ਼ਾਂਤੀ ਬਨਾਓ। 21 ਵਿੱਚ ਕੋਈ ਗੁਨਾਹ ਨਹੀਂ ਸੀ। ਪਰ ਪਰਮੇਸ਼ੁਰ ਨੇ ਉਸਨੂੰ ਗੁਨਾਹ ਬਣਾ ਦਿੱਤਾ। ਪਰਮੇਸ਼ੁਰ ਨੇ ਇਹ ਸਾਡੇ ਲਈ ਕੀਤਾ ਸੀ ਤਾਂ ਜੋ ਉਸ ਰਾਹੀਂ ਅਸੀਂ ਪਰਮੇਸ਼ੁਰ ਨਾਲ ਧਰਮੀ ਬਣ ਸਕਦੇ ਹਾਂ।

6:1 ਅਸੀਂ ਪਰਮੇਸ਼ੁਰ ਦੇ ਨਾਲ ਕੰਮ ਕਰਨ ਵਾਲੇ ਕਾਮੇ ਹਾਂ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ। ਇਹ ਵੇਖਣਾ ਕਿ ਜਿਹੜੀ ਮਿਹਰ ਤੁਸੀਂ ਪਰਮੇਸ਼ੁਰ ਤੋਂ ਪ੍ਰਾਪਤ ਕਰਦੇ ਹੋ ਕਿਤੇ ਵਿਅਰਥ ਨਾ ਹੋ ਜਾਵੇ। 2 ਪਰਮੇਸ਼ੁਰ ਦਾ ਕਥਨ ਹੈ;“ਮੈਂ ਸਹੀ ਸਮੇਂ ਤੁਹਾਨੂੰ ਸੁਣਿਆਅਤੇ ਮੁਕਤੀ ਦੇ ਦਿਹਾੜੇ ਤੁਹਾਡੀ ਸਹਾਇਤਾ ਕੀਤੀ।” ਮੈਂ ਤੁਹਾਨੂੰ ਆਖਦਾ ਹਾਂ ਕਿ “ਸਹੀ ਸਮਾਂ” ਹੁਣ ਹੈ “ਮੁਕਤੀ ਦਾ ਦਿਹਾੜਾ” ਹੁਣ ਹੈ। 3 ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਡੇ ਕੰਮ ਵਿੱਚ ਕੋਈ ਨੁਕਸ ਲਭ ਸਕਣ। ਇਸ ਲਈ ਅਸੀਂ ਅਜਿਹਾ ਕੁਝ ਨਹੀਂ ਕਰਦੇ ਜੋ ਲੋਕਾਂ ਲਈ ਰੁਕਾਵਟਾਂ ਪਾਉਂਦਾ ਹੋਵੇ। 4 ਪਰ ਅਸੀਂ ਇਸ ਤਰ੍ਹਾਂ ਨਾਲ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ; ਬਹੁਤ ਸਾਰੀਆਂ ਸਖਤ ਗੱਲਾਂ ਵਿੱਚ ਦੁਖ ਪ੍ਰਵਾਨ ਕਰਨ ਵਿੱਚ, ਮੁਸ਼ਕਿਲਾਂ ਅਤੇ ਸਮਸਿਆਵਾਂ ਵਿੱਚ। 5 ਸਾਨੂੰ ਮਾਰਿਆ ਕੁਟਿਆ ਅਤੇ ਬੰਦੀ ਬਣਾਇਆ ਜਾਂਦਾ ਹੈ। ਲੋਕ ਪਰੇਸ਼ਾਨ ਹੁੰਦੇ ਹਨ ਅਤੇ ਸਾਡੇ ਨਾਲ ਲੜਦੇ ਹਨ। ਅਸੀਂ ਸਖਤ ਮਿਹਨਤ ਕਰਦੇ ਹਾਂ, ਅਤੇ ਕਦੇ ਕਦੇ ਅਸੀਂ ਨੀਂਦ ਅਤੇ ਭੋਜਨ ਤੋਂ ਵਾਂਝੇ ਰਹਿ ਜਾਂਦੇ ਹਾਂ। 6 ਅਸੀਂ ਆਪਣੀ ਸਮਝ ਰਾਹੀਂ, ਆਪਣੇ ਧੀਰਜ, ਆਪਣੀ ਮਿਹਰਬਾਨੀ ਅਤੇ ਆਪਣੇ ਸ਼ੁਧ ਜੀਵਨ ਰਾਹੀਂ ਇਹ ਦਰਸ਼ਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ। ਅਜਿਹਾ ਅਸੀਂ ਪਵਿੱਤਰ ਆਤਮਾ ਰਾਹੀਂ, ਸੱਚੇ ਪ੍ਰੇਮ ਰਾਹੀਂ ਦਰਸ਼ਾਉਂਦੇ ਹਾਂ। 7 ਸੱਚ ਬੋਲਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਅਸੀਂ ਆਪਣੇ ਸਹੀ ਜੀਵਨ ਢੰਗ ਨੂੰ ਹਰ ਚੀਜ਼ ਦੇ ਖਿਲਾਫ਼ ਰੱਖਿਆ ਕਰਨ ਲਈ ਵਰਤਦੇ ਹਾਂ। 8 ਕੁਝ ਲੋਕ ਸਾਡਾ ਸਤਿਕਾਰ ਕਰਦੇ ਹਨ, ਪਰ ਦੂਸਰੇ ਲੋਕ ਸਾਡਾ ਨਿਰਾਦਰ ਕਰਦੇ ਹਨ। ਕੁਝ ਲੋਕ ਸਾਡੇ ਬਾਰੇ ਭਲੀਆਂ ਗੱਲਾਂ ਕਹਿੰਦੇ ਹਨ, ਦੂਸਰੇ ਲੋਕ ਮੰਦਿਆਂ ਗੱਲਾਂ ਬੋਲਦੇ ਹਨ। ਕੁਝ ਲੋਕ ਆਖਦੇ ਹਨ ਕਿ ਅਸੀਂ ਝੂਠੇ ਹਾਂ ਪਰ ਅਸੀਂ ਸੱਚ ਬੋਲਦੇ ਹਾਂ। 9 ਕੁਝ ਲੋਕਾਂ ਵੱਲੋਂ ਸਾਨੂੰ ਅਗਿਆਤ ਸਮਝਿਆ ਜਾਂਦਾ ਹੈ, ਜਦਕਿ ਅਸੀਂ ਚੰਗੀ ਤਰ੍ਹਾਂ ਪ੍ਰਸਿਧ ਹਾਂ। ਸਾਨੂੰ ਮਰੇ ਹੋਏ ਕਰਾਰ ਦਿੱਤਾ ਗਿਆ, ਪਰ ਦੇਖੋ ਅਸੀਂ ਜਿਉਂ ਰਹੇ ਹਾਂ। ਸਾਨੂੰ ਦੁਖ ਦਿੱਤੇ ਜਾਂਦੇ ਹਨ ਪਰ ਅਸੀਂ ਮਾਰੇ ਨਹੀਂ ਗਏ। 10 ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ। 11 ਅਸੀਂ ਤੁਹਾਨੂੰ, ਕੋਰਿੰਥੁਸ ਦੇ ਲੋਕਾਂ ਨੂੰ, ਸਪਸ਼ਟਤਾ ਨਾਲ ਸੰਬੋਧਨ ਕੀਤਾ ਹੈ। ਅਸੀਂ ਤੁਹਾਡੇ ਅੱਗੇ ਆਪਣੇ ਹਿਰਦੇ ਖੋਲ੍ਹ ਦਿੱਤੇ ਹਨ। 12 ਤੁਹਾਡੇ ਲਈ ਸਾਡਾ ਪ੍ਰੇਮ ਖਤਮ ਨਹੀਂ ਹੋਇਆ। ਪਰ ਤੁਸੀਂ ਸਾਡੇ ਵੱਲ ਆਪਣਾ ਪਿਆਰ ਰੋਕ ਦਿੱਤਾ ਹੈ। 13 ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਜਿਵੇਂ ਤੁਸੀਂ ਮੇਰੇ ਬੱਚੇ ਹੋਵੋਂ। ਉਵੇਂ ਹੀ ਕਰੋ ਜਿਵੇਂ ਅਸੀਂ ਕੀਤਾ ਹੈ-ਆਪਣੇ ਹਿਰਦੇ ਵੀ ਖੋਲ੍ਹ ਦਿਓ। 14 ਤੁਸੀਂ ਉਨ੍ਹਾਂ ਵਿਅਕਤੀਆਂ ਵਰਗੇ ਨਹੀਂ ਹੋ ਜਿਹੜੇ ਆਸਥਾ ਨਹੀਂ ਰੱਖਦੇ। ਇਸ ਲਈ ਉਨ੍ਹਾਂ ਦੇ ਨਾਲ ਨਾ ਜੁੜੋ। ਚੰਗਿਆਈ ਅਤੇ ਬੁਰਿਆਈ ਇਕਠੇ ਨਹੀਂ, ਚਾਨਣ ਅਤੇ ਹਨੇਰੇ ਦੀ ਸੰਗਤ ਇਕਠਿਆਂ ਨਹੀਂ ਹੋ ਸਕਦੀ। 15 ਕੀ ਮਸੀਹ ਅਤੇ ਬਲਿਆਲ (ਸ਼ੈਤਾਨ) ਵਿੱਚ ਕੋਈ ਕਰਾਰ ਹੋ ਸਕਦਾ? ਇੱਕ ਆਸਥਾਵਾਨ ਅਤੇ ਅਨਾਸਥਾਵਾਨ ਵਿੱਚ ਕੀ ਸਾਂਝ ਹੈ। 16 ਪਰਮੇਸ਼ੁਰ ਦੇ ਮੰਦਰ ਅਤੇ ਮੂਰਤਿਆਂ ਵਿਚਕਾਰ ਕੋਈ ਇਕਰਾਰਨਾਮਾ ਨਹੀਂ ਹੈ। ਅਤੇ ਅਸੀਂ ਜਿਉਂਦੇ ਜਾਗਦੇ ਪਰਮੇਸ਼ੁਰ ਦਾ ਮੰਦਰ ਹਾਂ ਜਿਵੇਂ ਕਿ ਪਰਮੇਸ਼ੁਰ ਨੇ ਕਿਹਾ ਹੈ;“ਮੈਂ ਉਨ੍ਹਾਂ ਸੰਗ ਰਹਾਂਗਾ ਅਤੇ ਉਨ੍ਹਾਂ ਸੰਗ ਤੁਰਾਂਗਾਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 17 “ਇਸ ਲਈ ਉਨ੍ਹਾਂ ਲੋਕਾਂ ਤੋਂ ਬਾਹਰ ਆ ਜਾਓਅਤੇ ਉਨ੍ਹਾਂ ਤੋਂ ਅਲੱਗ ਹੋ ਜਾਓ।”ਪ੍ਰਭੂ ਆਖਦਾ ਹੈ। ਕਿਸੇ ਵੀ ਅਸ਼ੁਧ ਚੀਜ਼ ਨੂੰ ਨਾ ਛੂਹੋ,ਫ਼ੇਰ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।” 18 “ਮੈਂ ਤੁਹਾਡਾ ਪਿਤਾ ਹੋਵਾਂਗਾਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਂਗੇ, ਇਹ ਸਰਬ-ਸ਼ਕਤੀਮਾਨ ਪ੍ਰਭੂ ਆਖਦਾ ਹੈ।”

7:1 ਪਿਆਰੇ ਮਿੱਤਰੋ, ਸਾਡੇ ਕੋਲ ਇਹ ਵਾਅਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਹਰ ਚੀਜ਼ ਤੋਂ ਸ਼ੁਧ ਕਰ ਲੈਣਾ ਚਾਹੀਦਾ ਹੈ ਜੋ ਸਾਡੇ ਸ਼ਰੀਰ ਜਾਂ ਆਤਮੇ ਨੂੰ ਅਸ਼ੁਧ ਬਣਾਉਂਦੀ ਹੈ। ਸਾਨੂੰ ਆਪਣੇ ਜੀਵਨ ਢੰਗ ਵਿੱਚ ਸੰਪੂਰਣ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਡਾ ਆਦਰ ਕਰਦੇ ਹਾਂ। 2 ਸਾਡੇ ਲਈ ਆਪਣੇ ਦਿਲ ਖੋਲ੍ਹ ਦਿਓ। ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਕਿਸੇ ਵਿਅਕਤੀ (ਦੇ ਵਿਸ਼ਵਾਸ) ਨੂੰ ਤਬਾਹ ਨਹੀਂ ਕੀਤਾ, ਅਤੇ ਕਿਸ ਨੂੰ ਵੀ ਧੋਖਾ ਨਹੀਂ ਦਿੱਤਾ। 3 ਇਹ ਗੱਲ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ ਆਖ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਕਿ ਤੁਹਾਡੇ ਲਈ ਜਿਉਂਦੇ ਇਛੁੱਕ ਹਾਂ ਅਤੇ ਇਥੋਂ ਤੱਕ ਕਿ ਤੁਹਾਡੇ ਨਾਲ ਮਰਨ ਦੇ ਵੀ। 4 ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ। ਮੈਨੂੰ ਤੁਹਾਡੇ ਉੱਪਰ ਬਹੁਤ ਮਾਣ ਹੈ। ਮੈਂ ਤੁਹਾਡੇ ਕੋਲੋਂ ਬਹੁਤ ਹੌਂਸਲਾ ਪ੍ਰਾਪਤ ਕੀਤਾ ਹੈ। ਅਤੇ ਮੈਂ ਆਪਣੇ ਸਾਰੇ ਦੁੱਖਾਂ ਵਿੱਚ ਬਹੁਤ ਖੁਸ਼ ਹਾਂ। 5 ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕੜਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲੜਾਈਆਂ ਸਨ ਅਤੇ ਸਾਡੇ ਅੰਦਰ ਡਰ। 6 ਪਰ ਪਰਮੇਸ਼ੁਰ ਦੁਖੀਆਂ ਨੂੰ ਸੁਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ। 7 ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹੜਾ ਦਿਲਾਸਾ ਤੁਸੀਂ ਉਸਨੂੰ ਦਿੱਤਾ, ਤੀਤੁਸ ਨੇ ਸਾਨੂੰ ਦਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸਨੇ ਦਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ। 8 ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇੜੇ ਚਿਰ ਲਈ ਉਦਾਸ ਕੀਤਾ। 9 ਹੁਣ ਮੈਂ ਖੁਸ਼ ਹਾਂ। ਇਸ ਲਈ ਨਹੀਂ ਕਿ ਮੈਂ ਤੁਹਾਨੂੰ ਉਦਾਸੀ ਦੇਣ ਦਾ ਕਾਰਣ ਬਣਿਆ ਹਾਂ, ਪਰ ਕਿਉਂ ਜੁ ਇਸ ਰਾਹੀਂ ਤੁਹਾਡੇ ਦਿਲ ਬਦਲ ਗਏ ਹਨ। ਤੁਸੀਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਉਦਾਸੀ ਨੂੰ ਲਿਆ। ਇਸ ਲਈ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਦੁਖ ਨਹੀਂ ਪਹੁੰਚਾਇਆ। 10 ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁਖ ਨਹੀਂ ਹੋ ਸਕਦਾ। ਜਿਹੜੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ। 11 ਤੁਹਾਨੂੰ ਗਮ ਮਿਲਿਆ ਜਿਹੜਾ ਪਰਮੇਸ਼ੁਰ ਚਾਹੁੰਦਾ ਸੀ। ਹੁਣ ਦੇਖੋ ਇਸ ਗਮ ਨੇ ਤੁਹਾਨੂੰ ਕੀ ਦਿੱਤਾ ਹੈ। ਇਸ ਗਮ ਨੇ ਤੁਹਾਨੂੰ ਬਹੁਤ ਗੰਭੀਰ ਬਣਾਇਆ ਹੈ। ਇਸਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਆਪਣੇ ਨਿਰਦੋਸ਼ ਹੋਣ ਦਾ ਪ੍ਰਮਾਣ ਦੇ ਸਕੋਂ। ਇਸਨੇ ਤੁਹਾਡੇ ਅੰਦਰ ਗੁੱਸਾ ਅਤੇ ਡਰ ਪੈਦਾ ਕੀਤਾ। ਇਸਨੇ ਤੁਹਾਨੂੰ ਮੇਰੇ ਬਾਰੇ ਫ਼ਿਕਰਮੰਦ ਬਣਾਇਆ। ਇਸਨੇ ਤੁਹਾਡੇ ਅੰਦਰ ਨਿਆਂ ਦੇਣ ਦੀ ਇੱਛਾ ਨੂੰ ਪੈਦਾ ਕੀਤਾ ਹੈ। ਤੁਸੀਂ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਹੈ ਕਿ ਤੁਸੀਂ ਉਸ ਸਮਸਿਆ ਬਾਰੇ ਕਿਸੇ ਵੀ ਪਖੋਂ ਗੁਨਾਹਗਾਰ ਨਹੀਂ ਸੀ। ਮੈਂ ਇਹ ਪੱਤਰ ਗਲਤ ਕੰਮ ਲਈ ਨਹੀਂ ਲਿਖਿਆ ਅਤੇ ਨਾ ਹੀ ਉਸ ਲਈ ਜਿਸਨੂੰ ਸਦਮਾ ਲਗਿਆ। 12 ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁਖ ਇਹ ਦੇਖ ਸਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ। 13 ਇਹੀ ਕਾਰਣ ਹੈ ਕਿ ਸਾਨੂੰ ਸੁਖ ਮਿਲਿਆ।ਸਾਨੂੰ ਇਹ ਗੱਲ ਦੀ ਹੋਰ ਵੀ ਖੁਸ਼ੀ ਹੋਈ ਕਿ ਤੀਤੁਸ ਇੰਨਾ ਖੁਸ਼ ਪਾਇਆ ਗਿਆ ਸੀ। ਤੁਸੀਂ ਸਾਰਿਆਂ ਨੇ ਉਸਨੂੰ ਬਹੁਤ ਸੁਖ ਦਿੱਤਾ। 14 ਮੈਂ ਤੀਤੁਸ ਨੂੰ ਤੁਹਾਡੇ ਬਾਰੇ ਅਭਿਮਾਨ ਜਤਾਇਆ ਸੀ। ਅਤੇ ਤੁਸੀਂ ਇਹ ਦਰਸ਼ਾ ਦਿੱਤਾ ਕਿ ਮੈਂ ਠੀਕ ਸੀ। ਅਸੀਂ ਸਰਿਆਂ ਨੇ ਜੋ ਕੁਝ ਵੀ ਤੁਹਾਨੂੰ ਆਖਿਆ ਉਹ ਸੱਚ ਸੀ। ਅਤੇ ਤੁਸੀਂ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ। ਕਿ ਜਿਨ੍ਹਾਂ ਗੱਲਾਂ ਬਾਰੇ ਅਸੀਂ ਤੀਤੁਸ ਨੂੰ ਅਭਿਮਾਨ ਜਤਾਇਆ ਸੀ ਉਹ ਠੀਕ ਸਨ। 15 ਜਦੋਂ ਵੀ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਉਸਨੂੰ ਮੰਨਣ ਲਈ ਤਿਆਰ ਸੀ ਤੁਹਾਡੇ ਵੱਲ ਉਸਦਾ ਪਿਆਰ ਵਧ ਜਾਂਦਾ ਹੈ। ਤੁਸੀਂ ਉਸਨੂੰ ਆਦਰ ਅਤੇ ਭੈਅ ਨਾਲ ਜੀ ਆਇਆਂ ਆਖਿਆ ਸੀ 16 ਮੈਂ ਬਹੁਤ ਖੁਸ਼ ਹਾਂ ਕਿ ਮੈਂ ਤੁਹਾਡੇ ਤੇ ਪੂਰਾ ਭਰੋਸਾ ਕਰ ਸਕਦਾ ਹਾਂ।

8:1 ਅਤੇ ਹੁਣ ਭਰਾਵੋ ਅਤੇ ਭੈਣੋ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਉਸ ਕਿਰਪਾ ਬਾਰੇ ਜਾਣ ਲਵੋਂ ਜਿਹੜੀ ਪਰਮੇਸ਼ੁਰ ਨੇ ਮਕਦੂਨਿਯਾ ਦੀਆਂ ਕਲੀਸਿਯਾਵਾਂ ਨੂੰ ਪ੍ਰਦਾਨ ਕੀਤਾ ਸੀ। 2 ਉਨ੍ਹਾਂ ਆਸਥਾਵਾਨਾਂ ਨੂੰ ਵੱਡੀਆਂ ਔਕੜਾਂ ਰਾਹੀਂ ਪਰਖਿਆ ਗਿਆ ਸੀ। ਅਤੇ ਉਹ ਬਹੁਤ ਗਰੀਬ ਸਨ। ਪਰ ਉਨ੍ਹਾਂ ਨੇ ਆਪਣੀ ਅਥਾਹ ਖੁਸ਼ੀ ਤੋਂ ਬਹੁਤ ਕੁਝ ਦਿੱਤਾ। 3 ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਉਹ ਜਿੰਨਾ ਕਰਨ ਦੇ ਯੋਗ ਸਨ ਉਨ੍ਹਾਂ ਨੇ ਬਹੁਤ ਕੁਝ ਕੀਤਾ। ਉਨ੍ਹਾਂ ਆਸਥਾਵਾਨਾਂ ਨੇ ਆਪਣੇ ਵਿਤ ਨਾਲੋਂ ਵੀ ਵਧ ਦਿੱਤਾ ਇਹ ਗੱਲ ਉਨ੍ਹਾਂ ਖੁਲ੍ਹ ਦਿਲੀ ਨਾਲ ਕੀਤੀ। ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਆਖਿਆ। 4 ਉਹ ਸਾਨੂੰ ਬੇਨਤੀ ਕਰ ਰਹੇ ਸਨ ਅਤੇ ਬਾਰ ਬਾਰ ਪੁਛ ਰਹੇ ਸਨ ਕਿ ਉਹ ਵੀ ਪਰਮੇਸ਼ੁਰ ਦੇ ਲੋਕਾਂ ਦੀ ਇਸ ਉਦਾਰ ਸੇਵਾ ਵਿੱਚ ਸ਼ਰੀਕ ਹੋ ਸਕਣ। 5 ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦਿੱਤਾ ਜਿਸਦੀ ਸਾਨੂੰ ਆਸ ਤੱਕ ਨਹੀਂ ਸੀ। ਉਨ੍ਹਾਂ ਨੇ ਆਪਣਾ ਧਨ ਦੇਣ ਤੋਂ ਵੀ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਅਤੇ ਸਾਡੇ ਨਮਿਤ ਸਮਰਪਿਤ ਕਰ ਦਿੱਤਾ। ਇਹੀ ਗੱਲ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ। 6 ਇਸ ਲਈ ਅਸੀਂ ਤੀਤੁਸ ਨੂੰ ਕਿਰਪਾ ਦੇ ਇਸ ਵਿਸ਼ੇਸ਼ ਕਾਰਜ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕਿਹਾ। ਤੀਤੁਸ ਨੇ ਉਹ ਵਿਅਕਤੀ ਹੈ ਜਿਸਨੇ ਉਹ ਕਾਰਨ ਆਰੰਭ ਕੀਤਾ। 7 ਤੁਸੀਂ ਹਰ ਚੀਜ਼ ਵਿੱਚ ਅਮੀਰ ਹੋ, ਵਿਸ਼ਵਾਸ ਵਿੱਚ, ਬੋਲਚਾਲ ਵਿੱਚ, ਗਿਆਨ ਵਿੱਚ, ਸਹਾਇਤਾ ਕਰਨ ਦੀ ਉਤਸੁਕਤਾ ਵਿੱਚ, ਅਤੇ ਉਸ ਪਿਆਰ ਵਿੱਚ ਜਿਹੜਾ ਤੁਸੀਂ ਸਾਡੇ ਕੋਲੋਂ ਸਿਖਿਆ। ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦਾਨ ਦੀ ਇਸ ਦਾਤ ਵਿੱਚ ਵੀ ਅਮੀਰ ਹੋਵੋਂ। 8 ਮੈਂ ਤੁਹਾਨੂੰ ਦਾਨ ਦੇਣ ਦਾ ਹੁਕਮ ਨਹੀਂ ਦੇ ਰਿਹਾ। ਪਰ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪ੍ਰੇਮ ਸੱਚਾ ਹੈ ਕਿ ਨਹੀਂ। ਅਜਿਹਾ ਮੈਂ ਤੁਹਾਨੂੰ ਇਹ ਦਰਸ਼ਾਉਣ ਲਈ ਕਰਦਾ ਹਾਂ ਕਿ ਹੋਰ ਲੋਕ ਵੀ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਨ। 9 ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਤਾਂ ਪਤਾ ਹੀ ਹੈ। ਤੁਸੀਂ ਜਾਣਦੇ ਹੋ ਕਿ ਮਸੀਹ ਅਮੀਰ ਸੀ, ਪਰ ਤੁਹਾਡੇ ਲਈ ਉਹ ਗਰੀਬ ਬਣ ਗਿਆ। ਮਸੀਹ ਨੇ ਅਜਿਹਾ ਇਸ ਵਾਸਤੇ ਕੀਤਾ ਤਾਂ ਜੋ ਤੁਸੀਂ ਉਸਦੇ ਗਰੀਬ ਬਣ ਜਾਣ ਤੇ ਅਮੀਰ ਬਣ ਸਕਦੇ ਹੋ। 10 ਮੈਂ ਸੋਚਦਾ ਹਾਂ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਅਤੇ ਕਿਉਂ ਜੁ ਮੈਨੂੰ ਵਿਸ਼ਵਾਸ ਹੈ ਕਿ ਇਹ ਤੁਹਾਡੇ ਲਈ ਚੰਗਾ ਹੈ, ਮੈਂ ਇਹ ਦੱਸਦਾ ਹਾਂ; ਪਿਛਲੇ ਸਾਲ, ਤੁਸੀਂ ਪਹਿਲੇ ਲੋਕੀ ਸੀ ਜੋ ਦੇਣ ਲਈ ਅਗਾਂਹ ਆਏ। ਅਤੇ ਤੁਸੀਂ ਦੇਣ ਵਾਲੇ ਪਹਿਲੇ ਲੋਕੀ ਸੀ। 11 ਇਸ ਲਈ ਹੁਣ ਇਹ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ, ਪੂਰਾ ਕਰ ਲਵੋ। ਫ਼ੇਰ ਤੁਹਾਡੀ “ਕਰਨੀ” ਤੁਹਾਡੀ “ਕਰਨੀ ਦੀ ਇੱਛਾ” ਦੇ ਬਰਾਬਰ ਹੋਵੇਗੀ। ਜੋ ਕੁਝ ਤੁਹਾਡੇ ਕੋਲ ਹੈ ਉਸ ਵਿੱਚੋਂ ਦੇਵੋ। 12 ਜੇ ਤੁਸੀਂ ਦੇਣਾ ਚਾਹੁੰਦੇ ਹੋ ਤੁਹਾਡੀ ਦਾਤ ਸਵੀਕਾਰ ਹੋ ਜਾਵੇਗੀ। ਤੁਹਾਡਾ ਦਾਨ ਇਸ ਪਖੋਂ ਸਵੀਕਾਰ ਹੋਵੇਗਾ ਕਿ ਤੁਹਾਡੇ ਕੋਲ ਕੀ ਹੈ ਨਾ ਕਿ ਉਸ ਪਖੋਂ ਕਿ ਤੁਹਾਡੇ ਕਲ ਕੀ ਨਹੀਂ ਹੈ। 13 ਅਸੀਂ ਤੁਹਾਨੂੰ ਮੁਸੀਬਤਾਂ ਵਿੱਚ ਨਹੀਂ ਵੇਖਣਾ ਚਾਹੁੰਦੇ ਜਦੋਂ ਦੂਸਰੇ ਆਪਣੀਆਂ ਮੁਸੀਬਤਾਂ ਤੋਂ ਮੁਕਤ ਹਨ। ਅਸੀਂ ਹਰ ਚੀਜ਼ ਦੀ ਬਰਾਬਰੀ ਚਾਹੁੰਦੇ ਹੰ। 14 ਇਸ ਵਕਤ ਤੁਹਾਡੇ ਕੋਲ ਬਹੁਤ ਕੁਝ ਹੈ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਹੋਰਨਾਂ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸਕਦੀਆਂ ਹਨ। ਫ਼ੇਰ ਮਗਰੋਂ ਜਦੋਂ ਉਨ੍ਹਾਂ ਦੇ ਕੋਲ ਬਹੁਤ ਕੁਝ ਹੋਵੇਗਾ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਫ਼ੇਰ ਸਾਰੇ ਬਰਾਬਰ ਹੋ ਜਾਣਗੇ। 15 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੈ,“ਜਿਸ ਵਿਅਕਤੀ ਨੇ ਬਹੁਤਾ ਜੋੜਿਆ, ਉਸ ਕੋਲ ਕੁਝ ਵੀ ਵਾਧੂ ਨਹੀਂ ਸੀਅਤੇ ਜਿਸ ਵਿਅਕਤੀ ਨੇ ਥੋੜਾ ਜੋੜਿਆ ਉਸ ਕੋਲ ਬਹੁਤ ਥੋੜਾ ਨਹੀਂ ਸੀ।” 16 ਮੈਂ ਪਰਮੇਸ਼ੁਰ ਦੀ, ਤੀਤੁਸ ਨੂੰ ਤੁਹਾਡੇ ਲਈ ਉਸੇ ਤਰ੍ਹਾਂ ਦਾ ਪਿਆਰ ਦੇਣ ਲਈ, ਉਸਤਤਿ ਕਰਦਾ ਹਾਂ ਜੋ ਮੈਨੂੰ ਤੁਹਾਡੇ ਲਈ ਹੈ। 17 ਤੀਤੁਸ ਨੇ ਉਨ੍ਹਾਂ ਚੀਜ਼ਾਂ ਨੂੰ ਹੀ ਪ੍ਰਵਾਨ ਕੀਤਾ ਜਿਨ੍ਹਾਂ ਬਾਰੇ ਅਸੀਂ ਉਸਨੂੰ ਕਰਨ ਲਈ ਆਖਿਆ ਸੀ। ਉਹ ਤੁਹਾਡੇ ਕੋਲ ਜਾਣ ਲਈ ਬਹੁਤ ਚਾਹਵਾਨ ਸੀ। ਇਹ ਉਸਦੀ ਆਪਣੀ ਪਸੰਦ ਸੀ। 18 ਅਸੀਂ ਤੀਤੁਸ ਦੇ ਨਾਲ ਉਸ ਭਰਾ ਨੂੰ ਘੱਲ ਰਹੇ ਹਾਂ ਜਿਸਦੀ ਸਾਰੀ ਕਲੀਸਿਯਾ ਉਸਤਤਿ ਕਰਦੀ ਹੈ ਇਸ ਭਰਾ ਦੀ ਉਸਤਤਿ ਉਸਦੇ ਖੁਸ਼ ਖਬਰੀ ਨੂੰ ਫ਼ੈਲਾਉਣ ਦੀ ਸੇਵਾ ਲਈ ਹਾ। 19 ਅਤੇ ਕਲੀਸਿਯਾ ਨੇ ਵੀ ਇਸ ਭਰਾ ਨੂੰ ਸਾਡਾ ਸਾਥ ਦੇਣ ਲਈ ਚੁਣਿਆ ਜਦੋਂ ਅਸੀਂ ਇਹ ਦਾਤ ਚੁੱਕਣੀ ਹੈ। ਅਸੀਂ ਇਹ ਸੇਵਾ ਪ੍ਰਭੂ ਦੀ ਮਹਿਮਾ ਲਈ ਕਰ ਰਹੇ ਹਾਂ ਅਤੇ ਇਹ ਦਰਸ਼ਾਉਣ ਲਈ ਵੀ ਕਿ ਅਸੀਂ ਸੱਚ ਮੁੱਚ ਸਹਾਇਤਾ ਕਰਨਾ ਚਾਹੁੰਦੇ ਹਾਂ। 20 ਅਸੀਂ ਸਾਵਧਾਨ ਹਾਂ ਤਾਂ ਜੋ, ਅਸੀਂ ਜਿਸ ਢੰਗ ਨਾਲ ਧਨ ਦੀ ਇੱਡੀ ਵੱਡੀ ਰਕਮ ਦੀ ਦੇਖ-ਭਾਲ ਕਰਦੇ ਹਾਂ, ਕੋਈ ਵੀ ਕਸੂਰ ਨਾ ਕਢ ਸਕੇ। 21 ਅਸੀਂ ਓਹੋ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਉਚਿਤ ਹੈ। ਅਸੀਂ ਓਹੋ ਕੁਝ ਕਰਨਾ ਚਾਹੁੰਦੇ ਹਾਂ ਜਿਸਨੂੰ ਪ੍ਰਭੂ ਸਹੀ ਪ੍ਰਵਾਨ ਕਰਦਾ ਹੈ। ਅਤੇ ਨਾਲੇ ਜਿਸਨੂੰ ਲੋਕ ਸਹੀ ਸਮਝਦੇ ਹਨ। 22 ਨਾਲੇ, ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜੋ ਕਿ ਹਮੇਸ਼ਾ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਉਸਨੇ ਇਹ ਕਈਆਂ ਅਵਸਰਾਂ ਤੇ ਸਾਬਤ ਕਰ ਦਿੱਤਾ ਸੀ। ਅਤੇ ਹੁਣ ਤਾਂ ਉਹ ਹੋਰ ਵੀ ਵਧੇਰੇ ਸਹਾਇਤਾ ਕਰਨਾ ਚਾਹੁੰਦਾ ਹੈ ਕਿਉਂਕਿ ਉਸਦਾ ਤੁਹਾਡੇ ਵਿੱਚ ਬਹੁਤ ਵਿਸ਼ਵਾਸ ਹੈ। 23 ਹੁਣ ਤੀਤਸ ਬਾਰੇ-ਉਹ ਮੇਰਾ ਭਾਈਵਾਲ ਹੈ। ਤੁਹਾਡੀ ਸਹਾਇਤਾ ਕਰਨ ਵਿੱਚ ਉਹ ਮੇਰੇ ਨਾਲ ਕੰਮ ਕਰ ਰਿਹਾ ਹੈ। ਅਤੇ ਹੋਰਾਂ ਭਰਾਵਾਂ ਬਾਰੇ ਉਨ੍ਹਾਂ ਨੂੰ ਕਲੀਸਿਯਾ ਵੱਲੋਂ ਘਲਿਆ ਗਿਆ ਹੈ, ਅਤੇ ਉਹ ਮਸੀਹ ਨੂੰ ਮਹਿਮਾ ਦਿੰਦੇ ਹਨ। 24 ਇਸ ਲਈ, ਇਨ੍ਹਾਂ ਲੋਕਾਂ ਨੂੰ ਦਿਖਾਓ ਕਿ ਤੁਹਾਨੂੰ ਪ੍ਰੇਮ ਹੈ। ਉਨ੍ਹਾਂ ਨੂੰ ਇਹ ਦਰਸ਼ਾ ਦਿਓ ਅਸੀਂ ਤੁਹਾਡੇ ਉੱਪਰ ਕਿਉਂ ਮਾਣ ਕਰਦੇ ਹਾਂ ਫ਼ੇਰ ਸਾਰੀ ਕਲੀਸਿਯਾ ਇਸਨੂੰ ਦੇਖ ਸਕੇਗੀ।

9:1 ਅਸਲ ਵਿੱਚ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਦੀ ਇਸ ਮਦਦ ਬਾਰੇ ਲਿਖਣ ਦੀ, ਮੇਰੇ ਲਈ, ਕੋਈ ਜ਼ਰੂਰਤ ਨਹੀਂ। 2 ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰਨੀ ਚਾਹੁੰਦੇ ਹੋ। ਇਸ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਨੂੰ ਮਾਣ ਨਾਲ ਕਹਿੰਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਅਖਾਯਾ ਦੇ ਲੋਕ ਪਿਛਲੇ ਵਰ੍ਹੇ ਤੋਂ ਹੀ ਦਾਨ ਦੇਣ ਲਈ ਤਿਆਰ ਸੀ। ਅਤੇ ਤੁਹਾਡੀ ਦੇਣ ਦੀ ਇਸ ਕਾਮਨਾ ਨੇ ਹੋਰ ਬਹੁਤ ਸਾਰੇ ਲੋਕਾਂ ਵਿੱਚ ਵੀ ਦੇਣ ਦੀ ਕਾਮਨਾ ਨੂੰ ਪੈਦਾ ਕੀਤਾ ਹੈ। 3 ਪਰ ਮੈਂ ਤੁਹਾਡੇ ਵੱਲ ਭਰਾਵਾਂ ਨੂੰ ਘੱਲ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਸ ਮਾਮਲੇ ਸੰਬੰਧੀ ਤੁਹਾਡੇ ਬਾਰੇ ਮੇਰਾ ਇਹ ਘਮੰਡ ਵਿਅਰਥ ਜਾਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸੇ ਤਰ੍ਹਾਂ ਤਿਆਰ ਰਹੋ ਜਿਵੇਂ ਮੈਂ ਤੁਹਾਡੇ ਬਾਰੇ ਕਿਹਾ ਸੀ। 4 ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋੜ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ। 5 ਇਸਲਈ ਮੈਂ ਸੋਚਿਆ ਕਿ ਇਸਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੱਲ ਆਈਏ ਮੈਨੂੰ ਚਾਹੀਦਾ ਹੈ ਕਿ ਇਨ੍ਹਾਂ ਭਰਾਵਾਂ ਨੂੰ ਤੁਹਾਡੇ ਵੱਲ ਘੱਲਾਂ। ਉਹ ਤੋਹਫ਼ਾ ਤਿਆਰ ਕਰ ਸਕਣਗੇ ਜਿਸਦਾ ਤੁਸੀਂ ਵਾਅਦਾ ਕੀਤਾ ਸੀ। ਇਹ ਤੁਹਾਡਾ ਤੋਹਫ਼ਾ ਹੋਵੇਗਾ। ਫ਼ੇਰ ਜਦੋਂ ਅਸੀਂ ਆਵਾਂਗੇ ਤਾਂ ਉਹ ਤੋਹਫ਼ਾ ਤਿਹਾਰ ਹੋਵਗਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ। ਫ਼ੇਰ ਇਹ ਤੋਹਫ਼ਾ ਇੱਕ ਸਵੈਂਇਛਿਤ ਤੋਹਫ਼ਾ ਹੋਵੇਗਾ ਨਾ ਕਿ ਅਣਇਛਿਤ। 6 ਇਹ ਯਾਦ ਰੱਖੋ; ਜਿਹੜਾ ਵਿਅਕਤੀ ਥੋੜਾ ਬੀਜਦਾ ਹੈ ਉਹ ਥੋੜਾ ਹੀ ਪ੍ਰਾਪਤ ਕਰਦਾ ਹੈ। ਪਰ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਕਟੇਗਾ। 7 ਹਰਆਦਮੀ ਨੂੰ ਉਹੀ ਦੇਣਾ ਚਾਹੀਦਾ ਹੈ ਜੋ ਕੁਝ ਵੀ ਉਸਨੇ ਆਪਣੇ ਦਿਲ ਵਿੱਚ ਨਿਸ਼ਚਿਤ ਕੀਤਾ ਹੈ। ਕਿਸੇ ਨੂੰ ਵੀ ਉਦਾਸੀ ਨਾਲ ਨਹੀਂ ਦੇਣਾ ਚਾਹੀਦਾ। ਪਰਮੇਸ਼ੁਰ ਉਸੇ ਨੂੰ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ। 8 ਤੇ ਪਰਮੇਸ਼ੁਰ ਤੁਹਾਨੂੰ ਤੁਹਾਡੀ ਲੋੜਾਂ ਨਾਲੋਂ ਵਧ ਅਸੀਸਾਂ ਦੇ ਸਕਦਾ ਹੈ। ਜਦੋਂ ਤੁਹਾਡੇ ਕੋਲ ਹਮੇਸ਼ਾ ਹਰ ਚੀਜ਼ ਦੀ ਬਹੁਤਾਤ ਹੋਵੇਗੀ। ਤੁਹਾਡੇ ਕੋਲ ਹਰ ਚੰਗੇ ਕਾਰਜ ਲਈ ਦੇਣ ਲਈ ਕਾਫ਼ੀ ਕੁਝ ਹੋਵੇਗਾ। 9 ਇਹ ਪੋਥੀਆਂ ਵਿੱਚ ਲਿਖਿਆ ਹੈ;“ਉਹ ਗਰੀਬਾਂ ਨੂੰ ਵੱਡੇ ਦਿਲ ਨਾਲ ਦਿੰਦਾ ਹੈ,ਉਸਦੀ ਮਿਹਰ ਸਦਾ ਸਥਿਰ ਰਹਿੰਦੀ ਹੈ।” 10 ਪਰਮੇਸ਼ੁਰ ਹੀ ਹੈ ਜਿਹੜਾ ਬੀਜਣ ਵਾਲੇ ਨੂੰ ਬੀਜ ਪ੍ਰਦਾਨ ਕਰਦਾ ਹੈ। ਅਤੇ ਭੋਜਨ ਲਈ ਰੋਟੀ ਦਿੰਦਾ ਹੈ। ਅਤੇ ਪਰਮੇਸ਼ੁਰ ਤੁਹਾਨੂੰ ਆਤਮਕ ਬੀਜ ਦੇਵੇਗਾ ਅਤੇ ਜਿਹੜਾ ਇਸਨੂੰ ਉਗਾਵੇਗਾ। ਉਹ ਤੁਹਾਡੀ ਚੰਗਿਆਈ ਵਿੱਚੋਂ ਵੱਡੀ ਫ਼ਸਲ ਵਢੇਗਾ। 11 ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਨਾਲ ਅਮੀਰ ਬਣਾਵੇਗਾ ਤਾਂ ਜੋ ਤੁਸੀਂ ਹਮੇਸ਼ਾ ਉਦਾਰਤਾ ਨਾਲ ਦਾਨ ਕਰ ਸਕੋਂ। ਅਤੇ ਸਾਡੇ ਰਾਹੀਂ ਤੁਹਾਡਾ ਦਿੱਤਾ ਹੋਇਆ ਦਾਨ ਲੋਕਾਂ ਨੂੰ ਪਰਮੇਸ਼ੁਰ ਦਾ ਧੰਨਵਾਦੀ ਬਣਾਵੇਗਾ। 12 ਜਿਹੜਾ ਚੰਦਾ ਤੁਸੀਂ ਇਸ ਸੇਵਾ ਲਈ ਦਿੰਦੇ ਹੋ ਉਹ ਪਰਮੇਸ਼ੁਰ ਦੇ ਲੋਕਾਂ ਦੀਆਂ ਲੋੜਾਂ ਵਿਚ ਮਦਦ ਕਰਦਾ ਹੈ। ਪਰ ਤੁਹਾਡੀ ਸੇਵਾ ਕੇਵਲ ਇੰਨੀ ਹੀ ਨਹੀਂ ਹੈ। ਇਹ ਪਰਮੇਸ਼ੁਰ ਲਈ ਹੋਰ ਵਧੇਰੇ ਸ਼ੁਕਰਾਨੇ ਲਿਆਉਂਦੀ ਹੈ। 13 ਜਿਹੜਾ ਚੰਦਾ ਤੁਸੀਂ ਦਿੰਦੇ ਹੋ ਉਹ ਤੁਹਾਡੇ ਵਿਸ਼ਵਾਸ ਦਾ ਪ੍ਰਮਾਣ ਹੈ। ਇਸ ਵਾਸਤੇ ਲੋਕੀਂ ਪਰਮੇਸ਼ੁਰ ਦੀ ਉਸਤਤਿ ਕਰਨਗੇ। ਉਹ ਪਰਮੇਸ਼ੁਰ ਦੀ ਉਸਤਤਿ ਇਸ ਵਾਸਤੇ ਕਰਨਗੇ ਕਿਉਂਕਿ ਤੁਸੀਂ ਮਸੀਹ ਦੀ ਇੰਜੀਲ ਪਿਛੇ ਚਲਦੇ ਹੋ ਉਹ ਇੰਜੀਲ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਲੋਕੀ ਪਰਮੇਸ਼ੁਰ ਦੀ ਉਸਤਤਿ ਕਰਨਗੇ ਕਿਉਂਕਿ ਤੁਸੀਂ ਉਨ੍ਹਾਂ ਨਾਲ ਅਤੇ ਸਾਰੇ ਲੋਕਾਂ ਨਾਲ ਸਾਂਝਾ ਕਰਦੇ ਹੋ। 14 ਅਤੇ ਜਦੋਂ ਉਹ ਲੋਕ ਪ੍ਰਾਰਥਨਾ ਕਰਨਗੇ, ਉਹ ਕਲਪਨਾ ਕਰਨਗੇ ਕਿ ਤੁਹਾਡੇ ਨਾਲ ਰਹਿਣ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਪਰਮੇਸ਼ੁਰ ਦੀ ਭਰਪੂਰ ਕਿਰਪਾ ਤੁਹਾਡੇ ਨਾਲ ਹੈ। 15 ਇਸ ਦਾਤ ਲਈ ਪਰਮੇਸ਼ੁਰ ਦਾ ਧੰਨਵਾਦ ਹੋਵੇ ਜੋ ਵਰਨਣ ਕਰਨ ਲਈ ਬਹੁਤ ਅਚੰਭਿਤ ਹੈ। 10:1 ਮੈਂ ਪੌਲੁਸ ਹਾਂ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੈਂ ਕੋਮਲਤਾ ਨਾਲ ਅਤੇ ਮਸੀਹ ਦੀ ਕਿਰਪਾ ਨਾਲ ਦਲੀਲ ਪੇਸ਼ ਕਰਦਾ ਹਾਂ ਕੁਝ ਲੋਕ ਇਹ ਆਖਦੇ ਹਨ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ ਤਾਂ ਹਲੀਮੀ ਵਾਲਾ ਹੁੰਦਾ ਹਾਂ ਅਤੇ ਜਦੋਂ ਤੁਹਾਡੇ ਤੋਂ ਦੂਰ ਹੁੰਦਾ ਹਾਂ ਮੈਂ ਦਲੇਰ ਹੁੰਦਾ ਹਾਂ। 2 ਕੁਝ ਲੋਕੀ ਸੋਚਦੇ ਨੇ ਕਿ ਅਸੀਂ ਦੁਨਿਆਦਾਰਾਂ ਵਾਂਗ ਰਹਿੰਦੇ ਹਾਂ। ਜਦੋਂ ਮੈਂ ਆਵਾਂਗਾ ਤਾਂ ਇਹੋ ਜਿਹੇ ਲੋਕਾਂ ਦੇ ਖਿਲਾਫ਼ ਮੈਂ ਬਹੁਤ ਬੇਬਾਕੀ ਤੋਂ ਕੰਮ ਲਵਾਂਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ ਤਾਂ ਮੈਨੂੰ ਅਜਿਹੀ ਬੇਬਾਕੀ ਤੁਹਾਡੇ ਨਾਲ ਨਹੀਂ ਵਰਤਣੀ ਪਵੇਗੀ। 3 ਅਸੀਂ ਦੁਨੀਆਂ ਵਿੱਚ ਰਹਿੰਦੇ ਹਾਂ ਪਰ ਅਸੀਂ ਉਸ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆਂ ਲੜਦੀ ਹੈ। 4 ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ੁਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰ ਸਕਦੇ ਹਨ। ਇਨ੍ਹਾਂ ਹਥਿਆਰਾਂ ਦੀ ਸਹਾਇਤਾ ਨਾਲ, ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ। 5 ਅਤੇ ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਖਿਲਾਫ਼ ਆਪਣੇ ਆਪ ਨੂੰ ਵਧਾਉਂਦੀ ਹੈ। ਅਤੇ ਅਸੀਂ ਹਰ ਵਿਚਾਰ ਨੂੰ ਫ਼ੜਦੇ ਹਾਂ ਅਤੇ ਇਸਨੂੰ ਨਿਰਹੰਕਾਰ ਬਣਾਕੇ ਮਸੀਹ ਦੇ ਆਗਿਆਕਾਰ ਬਣਾਉਂਦੇ ਹਾਂ। 6 ਉਥੇ ਅਸੀਂ ਹਰ ਉਸ ਵਿਅਕਤੀ ਨੂੰ ਸਜ਼ਾ ਦੇਣ ਲਈ ਤਿਆਰ ਰਹਿੰਦੇ ਹਾਂ ਜਿਹੜਾ ਆਗਿਆਕਾਰ ਨਹੀਂ ਹੈ। ਪਰ ਪਹਿਲੋਂ ਅਸੀਂ ਚਾਹੁੰਦੇ ਹਾਂ ਕਿ ਤਸੀਂ ਪੂਰੀ ਤਰ੍ਹਾਂ ਆਗਿਆਕਾਰ ਹੋਵੋਂ। 7 ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਸਾਮ੍ਹਣੇ ਪੇਸ਼ ਹੋਏ ਤਥਾਂ ਨੂੰ ਗਹੁ ਨਾਲ ਦੇਖੋਂ। ਜੋ ਕੋਈ ਵਿਅਕਤੀ ਸੋਚਦਾ ਹੈ ਕਿ ਉਹ ਮਸੀਹ ਨਾਲ ਸੰਬੰਧਿਤ ਹੈ। ਤਾਂ ਉਸ ਨੂੰ ਚੇਤੇ ਰੱਖਣਾ ਚਾਹੀਦਾ ਜਿਵੇਂ ਉਹ ਸੰਬੰਧਿਤ ਹੈ ਅਸੀਂ ਵੀ ਉਵੇਂ ਹੀ ਮਸੀਹ ਨਾਲ ਸੰਬੰਧ ਰੱਖਦੇ ਹਾਂ। 8 ਇਹ ਸੱਚ ਹੈ ਕਿ ਅਸੀਂ ਪ੍ਰਭੂ ਵੱਲੋਂ ਦਿੱਤੇ ਗਏ ਇਖਤਿਆਰ ਬਾਰੇ ਸ਼ੇਖੀ ਮਾਰਦੇ ਹਾਂ। ਪਰ ਉਸਨੇ ਤੁਹਾਨੂੰ ਮਜ਼ਬੂਤ ਬਨਾਉਣ ਲਈ ਸਾਨੂੰ ਇਹ ਇਖਤਿਆਰ ਦਿੱਤਾ ਹੈ ਨਾ ਕਿ ਤੁਹਾਨੂੰ ਦੁਖ ਪਹੁੰਚਾਉਣ ਲਈ। ਇਸਲਈ ਮੈਂ ਆਪਣੀ ਸ਼ੇਖੀ ਉੱਤੇ ਸ਼ਰਮਸਾਰ ਨਹੀਂ ਹਾਂ। 9 ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਰਾਹੀਂ ਭੈਭੀਤ ਕਰ ਰਿਹਾ ਹਾਂ। 10 ਕੁਝ ਲੋਕੀਂ ਆਖਦੇ ਨੇ, “ਪੌਲੁਸ ਦੇ ਪੱਤਰ ਸ਼ਕਤੀਸ਼ਾਲੀ ਹਨ ਤੇ ਮਹੱਤਵਪੂਰਣ ਹਨ। ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ ਉਹ ਕਮਜ਼ੋਰ ਹੁੰਦਾ ਹੈ। ਅਤੇ ਉਸਦੀ ਬੋਲਚਾਲ ਕੁਝ ਵੀ ਨਹੀਂ ਹੁੰਦੀ।” 11 ਉਨ੍ਹਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ; ਹੁਣ ਅਸੀਂ ਉਥੇ ਤੁਹਾਡੇ ਨਾਲ ਨਹੀਂ ਹਾਂ ਇਸ ਲਈ ਇਹ ਗੱਲਾਂ ਅਸੀਂ ਪੱਤਰਾਂ ਰਾਹੀਂ ਆਖ ਰਹੇ ਹਾਂ। ਪਰ ਜਦੋਂ ਅਸੀ ਤੁਹਾਡੇ ਨਾਲ ਹੋਵਾਂਗੇ, ਤਾਂ ਜਿਹੜਾ ਇਖਤਿਆਰ ਅਸੀਂ ਆਪਣੀਆਂ ਚਿਠੀਆਂ ਵਿੱਚ ਵਿਖਾਉਂਦੇ ਹਾਂ, ਉਹੀ ਇਖਤਿਆਰ ਅਸੀਂ ਤੁਹਾਨੂੰ ਵਿਖਾਵਾਂਗੇ। 12 ਅਸੀਂ ਇਸ ਗੱਲ ਬਾਰੇ ਸੋਚਾਂਗੇ ਵੀ ਨਹੀਂ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁੜ ਜਾਈਏ ਜਿਹੜੇ ਆਪਣੇ ਆਪ ਨੂੰ ਮਹੱਤਵਪੂਰਣ ਕਰਾਰ ਦਿੰਦੇ ਹਨ। ਅਸੀਂ ਆਪਣੇ ਆਪ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਕਰਦੇ। ਉਹ ਖੁਦ ਨਾਲ ਆਪਣੇ ਆਪ ਦਾ ਮੁਲਾਂਕਣ ਕਰਦੇ ਹਨ, ਅਤੇ ਆਪਣੇ ਆਪ ਦੀ ਤੁਲਨਾ ਆਪਣੇ ਆਪ ਨਾਲ ਕਰਦੇ ਹਨ। ਇਹ ਵਿਖਾਉਂਦਾ ਕਿ ਉਹ ਮੂਰਖ ਹਨ। 13 ਪਰ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਗੁਮਾਨ ਨਹੀਂ ਕਰਾਂਗੇ ਜਿਹੜੀਆਂ ਸਾਨੂੰ ਦਿੱਤੇ ਹੋਏ ਕਾਰਜ ਤੋਂ ਬਾਹਰ ਹਨ। ਅਸੀਂ ਆਪਣੀ ਸ਼ੇਖੀ ਨੂੰ ਉਸੇ ਕਾਰਜ ਤੱਕ ਸੀਮਤ ਰਖਾਂਗੇ ਜਿਹੜਾ ਪਰਮੇਸ਼ੁਰ ਨੇ ਸਾਨੂੰ ਪ੍ਰਦਾਨ ਕੀਤਾ ਹੈ। ਪਰ ਇਹ ਕਾਰਜ ਸਾਡੇ ਕਾਰਜ ਨੂੰ ਤੁਹਾਡੇ ਨਾਲ ਸ਼ਾਮਿਲ ਕਰਦਾ ਹੈ। 14 ਅਸੀਂ ਬਹੁਤੀ ਸ਼ੇਖੀ ਨਹੀਂ ਮਾਰਦੇ। ਜੇਕਰ ਅਸੀਂ ਪਹਿਲਾਂ ਹੀ ਤੁਹਾਡੇ ਕੋਲ ਨਾ ਆਏ ਹੁੰਦੇ, ਤਾਂ ਸਾਡੀ ਸ਼ੇਖੀ ਬਹੁਤ ਜ਼ਿਆਦਾ ਹੁੰਦੀ। ਪਰ ਅਸੀਂ ਤੁਹਾਡੇ ਕੋਲ ਆ ਗਏ ਹਾਂ ਅਸੀਂ ਤੁਹਾਡੇ ਕੋਲ ਮਸੀਹ ਦੀ ਖੁਸ਼ਖਬਰੀ ਲੈਕੇ ਆਏ ਹਾਂ। 15 ਅਸੀਂ ਆਪਣੀ ਸ਼ੇਖੀ ਨੂੰ ਆਪਣੇ ਕਾਰਜ ਤੱਕ ਹੀ ਸੀਮਿਤ ਰੱਖਦੇ ਹਾਂ ਅਸੀਂ ਹੋਰਾਂ ਦੇ ਕੀਤੇ ਹੋਏ ਕਾਰਜ ਬਾਰੇ ਗੁਮਾਨ ਨਹੀਂ ਕਰਦੇ। ਉਵੇਂ ਹੀ ਜਿਵੇਂ ਤੁਹਾਡੀ ਨਿਹਚਾ ਵਧਣਾ ਜਾਰੀ ਰੱਖਦੀ ਹੈ, ਸਾਨੂੰ ਉਮੀਦ ਹੈ ਕਿ ਤੁਹਾਡੇ ਵਿੱਚ ਸਾਡਾ ਕਾਰਜ ਵੀ ਵਧੇਰੇ ਹੱਦ ਤੱਕ ਵਧੇਗਾ। 16 ਅਸੀਂ ਖੁਸ਼ਖਬਰੀ ਦਾ ਪ੍ਰਚਾਰ ਤੁਹਾਡੇ ਸ਼ਹਿਰ ਤੋਂ ਅਗੇਰੇ ਹੋਰਨਾਂ ਸ਼ਹਿਰਾਂ ਵਿੱਚ ਵੀ ਕਰਨਾ ਚਾਹੁੰਦੇ ਹਾਂ। ਅਸੀਂ ਉਸ ਕਾਰਜ ਬਾਰੇ ਆਤਮ ਪ੍ਰਸ਼ੰਸਾ ਲੈਣਾ ਨਹੀਂ ਚਾਹੁੰਦੇ ਜਿਹੜਾ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਦੇ ਇਲਾਕੇ ਵਿੱਚ ਕੀਤਾ ਜਾ ਚੁਕਿਆ ਹੈ। 17 ਪਰ, “ਜਿਹੜਾ ਵਿਅਕਤੀ ਗੁਮਾਨ ਕਰਦਾ ਹੈ ਉਸਨੂੰ ਪ੍ਰਭੂ ਵਿੱਚ ਹੀ ਗੁਮਾਨ ਕਰਨਾ ਚਾਹੀਦਾ ਹੈ।” 18 ਜਿਹੜਾ ਵਿਅਕਤੀ ਆਪਣੇ ਆਪ ਨੂੰ ਚੰਗਾ ਆਖਦਾ ਹੈ ਉਹ ਪ੍ਰਵਾਨ ਨਹੀਂ ਹੁੰਦਾ। ਪਰ ਜਿਸ ਵਿਅਕਤੀ ਨੂੰ ਪ੍ਰਭੂ ਚੰਗਾ ਸਮਝਦਾ ਹੈ ਉਹੀ ਪ੍ਰਵਾਨ ਹੁੰਦਾ ਹੈ।

11:1 ਮੇਰੀ ਖਵਾਹਿਸ਼ ਹੈ ਕਿ ਤੁਸੀਂ ਓਦੋਂ ਵੀ ਮੇਰੇ ਨਾਲ ਤਹੱਮਲ ਤੋਂ ਕੰਮ ਲਵੋ ਜਦੋਂ ਮੈਂ ਥੋੜਾ ਜਿਹਾ ਮੂਰਖ ਹੋਵਾਂ ਪਰ ਤੁਸੀਂ ਤਾਂ ਮੇਰੇ ਨਾਲ ਪਹਿਲਾਂ ਤੋਂ ਹੀ ਧੀਰਜਵਾਨ ਹੋ। 2 ਮੈਨੂੰ ਤੁਹਾਡੇ ਨਾਲ ਈਰਖਾ ਹੋ ਰਹੀ ਹੈ। ਅਤੇ ਇਹ ਈਰਖਾ ਪਰਮੇਸ਼ੁਰ ਵੱਲੋਂ ਆਉਂਦੀ ਹੈ। ਮੈਂ ਤੁਹਾਨੂੰ ਮਸੀਹ ਨੂੰ ਦੇਣ ਦਾ ਵਾਅਦਾ ਕੀਤਾ ਹੈ ਤਾਂ ਜੋ ਸਿਰਫ਼ ਉਹੀ ਤੁਹਾਡਾ ਪਤੀ ਹੋ ਸਕੇ। ਮੈਂ ਤੁਹਾਨੂੰ ਮਸੀਹ ਨੂੰ ਉਸਦੀ ਪਾਕ ਕੁਆਰੀ ਹੋਣ ਲਈ ਪੇਸ਼ ਕਰਨਾ ਚਾਹੁੰਦਾ ਹਾਂ। 3 ਪਰ ਮੈਂ ਡਰਦਾ ਹਾਂ ਕਿ ਸ਼ਾਇਦ ਤੁਹਾਡੇ ਮਨ ਇਮਾਨਦਾਰੀ ਅਤੇ ਮਸੀਹ ਵੱਲ ਸ਼ੁਧਤਾ ਤੋਂ ਭਟਕ ਨਾ ਗਏ ਹੋਣ। ਜਿਵੇਂ ਹਵਾ ਸੱਪ ਦੀ ਸ਼ੈਤਾਨੀ ਵਿਉਂਤ ਨਾਲ ਗੁਮਰਾਹ ਹੋ ਗਈ ਸੀ। 4 ਤੁਸੀਂ ਹਰ ਵਿਅਕਤੀ ਨਾਲ ਬਹੁਤ ਨਿਮ੍ਰ ਹੋ ਜਿਹੜਾ ਤੁਹਾਡੇ ਕੋਲ ਆਉਂਦਾ ਹੈ। ਜਿਹੜਾ ਯਿਸੂ ਬਾਰੇ ਉਨ੍ਹਾਂ ਗੱਲਾਂ ਦਾ ਪ੍ਰਚਾਰ ਕਰਦਾ ਹੈ ਜੋ ਸਾਡੇ ਪ੍ਰਚਾਰ ਨਾਲੋਂ ਵੱਖਰੀਆਂ ਹਨ। ਤੁਸੀਂ ਕਿਸੇ ਆਤਮਾ ਜਾਂ ਇੰਜੀਲ ਨੂੰ ਜੋ ਆਤਮਾ ਅਤੇ ਇੰਜੀਲ ਨਾਲੋਂ ਵੱਖਰਾ ਹੈ ਜੋ ਤੁਸੀਂ ਸਾਡੇ ਕੋਲੋਂ ਗ੍ਰਹਿਣ ਕੀਤਾ ਹੈ, ਮੰਨਣ ਲਈ ਤਿਆਰ ਹੋ ਜਾਂਦੇ ਹੋ। ਫ਼ੇਰ ਤੁਹਾਨੂੰ ਮੇਰੇ ਨਾਲ ਵੀ ਧੀਰਜਵਾਨ ਹੋਣਾ ਚਾਹੀਦਾ ਹੈ। 5 ਮੈਂ ਨਹੀਂ ਸੋਚਦਾ ਕਿ ਉਹ “ਮਹਾਨ ਰਸੂਲ” ਕਿਸੇ ਵੀ ਢੰਗ ਵਿੱਚ ਮੇਰੇ ਨਾਲੋਂ ਬਿਹਤਰ ਹਨ। 6 ਇਹ ਠੀਕ ਹੈ ਕਿ ਮੈਂ ਕੋਈ ਕੁਸ਼ਲ ਬੁਲਾਰਾ ਨਹੀਂ ਹਾਂ ਪਰ ਮੇਰੇ ਕੋਲ ਗਿਆਨ ਜ਼ਰੂਰ ਹੈ। ਇਹ ਗੱਲ ਅਸੀ ਹਰ ਤਰ੍ਹਾਂ ਨਾਲ ਤੁਹਾਡੇ ਅੱਗੇ ਸਪਸ਼ਟ ਕਰ ਦਿੱਤੀ ਹੈ। 7 ਮੈਂ ਤੁਹਾਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਬਿਨ ਤਨਖਾਹੋਂ ਦਿੱਤਾ ਹੈ। ਮੈਂ ਆਪਣੇ ਆਪ ਨੂੰ ਨਿਮਾਣਾ ਬਣਾਇਆ ਤਾਂ ਜੋ ਮੈਂ ਤੁਹਾਨੂੰ ਮਹੱਤਵਪੂਰਣ ਬਣਾ ਸਕਾਂ। ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਗਲਤ ਸਾਂ। 8 ਮੈਂ ਹੋਰਨਾਂ ਕਲੀਸਿਯਾਵਾਂ ਵੱਲੋਂ ਤਨਖਾਹ ਪ੍ਰਵਾਨ ਕੀਤੀ। ਮੈਂ ਉਨ੍ਹਾਂ ਤੋਂ ਤੁਹਾਡੀ ਸੇਵਾ ਕਰਨ ਲਈ ਧਨ ਲਿਆ। 9 ਜਦੋਂ ਮੈਂ ਤੁਹਾਡੇ ਕੋਲ ਸਾਂ ਤਾਂ ਮੈਨੂੰ ਕੁਝ ਨਾ ਕੁਝ ਚਾਹੀਦਾ ਸੀ। ਪਰ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਤਕਲੀਫ਼ ਨਹੀਂ ਦਿੱਤੀ। ਜਿਹੜੇ ਭਰਾ ਮਕਦੂਨਿਯਾ ਤੋਂ ਆਏ ਉਨ੍ਹਾਂ ਨੇ ਮੈਨੂੰ ਸਭ ਕੁਝ ਦਿੱਤਾ ਜਿਸਦੀ ਮੈਨੂੰ ਲੋੜ ਸੀ। ਮੈਂ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਬੋਝ ਨਹੀਂ ਸਾਂ। ਅਤੇ ਮੈਂ ਭਵਿਖ ਵਿੱਚ ਕਦੇ ਵੀ ਤੁਹਾਡੇ ਉੱਪਰ ਬੋਝ ਨਹੀਂ ਬਣਾਂਗਾ। 10 ਅਖਾਯਾ ਦਾ ਕੋਈ ਵੀ ਵਿਅਕਤੀ ਮੈਨੂੰ ਇਸ ਬਾਰੇ ਗੁਮਾਨ ਕਰਨ ਤੋਂ ਰੋਕ ਨਹੀਂ ਸਕੇਗਾ। ਇਹ ਗੱਲ ਮੈਂ ਆਪਣੇ ਅੰਦਰ ਮਸੀਹ ਦੀ ਸੱਚਾ ਨਾਲ ਆਖ ਰਿਹਾ ਹਾਂ। 11 ਅਤੇ ਮੈਂ ਤੁਹਾਡੇ ਉੱਪਰ ਕਿਉਂ ਬੋਝ ਨਹੀਂ ਬਣਿਆ? ਤੁਹਾਡਾ ਕੀ ਖਿਆਲ ਹੈ ਕਿ ਇਹ ਇਸ ਲਈ ਹੈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। 12 ਅਤੇ ਸਦਾ ਉਹੀ ਕਰਦਾ ਰਹਾਂਗਾ ਜੋ ਮੈਂ ਹੁਣ ਕਰ ਰਿਹਾ ਹਾਂ ਅਜਿਹਾ ਮੈਂ ਇਸ ਲਈ ਕਰ ਰਿਹਾ ਹਾਂ ਤਾਂ ਜੋ ਉਨ੍ਹਾਂ ਲੋਕਾਂ ਕੋਲ ਸ਼ੇਖੀ ਮਾਰਨ ਦਾ ਕੋਈ ਕਾਰਣ ਨਹੀਂ ਹੋਵੇਗਾ। ਉਹ ਇਹ ਵਿਖਾਉਣਾ ਪਸੰਦ ਕਰਦੇ ਹਨ ਕਿ ਜਿਸ ਕਾਰਜ ਦੀ ਉਹ ਸ਼ੇਖੀ ਮਾਰ ਰਏ ਹਨ ਉਹ ਸਾਡੇ ਕਾਰਜ ਵਰਗਾ ਹੈ। 13 ਇਹ ਲੋਕੀ ਸੱਚੇ ਰਸੂਲ ਨਹੀਂ ਹਨ। ਉਹ ਅਜਿਹੇ ਕਰਿੰਦੇ ਹਨ ਜੋ ਝੂਠ ਬੋਲਦੇ ਹਨ। ਉਹ ਮਸੀਹ ਦੇ ਰਸੂਲਾਂ ਵਾਂਗ ਦਿਖਣ ਲਈ ਭੇਸ ਬਦਲ ਲੈਂਦੇ ਹਨ। 14 ਇਸ ਗੱਲੋਂ ਸਾਨੂੰ ਹੈਰਾਨੀ ਹੁੰਦੀ ਹੈ। ਸ਼ੈਤਾਨ ਵੀ ਆਪਣੇ ਆਪ ਨੂੰ ਰੌਸ਼ਨੀ ਦੇ ਦੂਤ ਵਾਂਗ ਦਿਖਣ ਲਈ ਭੇਸ ਬਦਲ ਲੈਂਦਾ ਹੈ। 15 ਇਸ ਲਈ ਅਸੀਂ ਹੈਰਾਨ ਨਹੀਂ ਹੁੰਦੇ ਜਦੋਂ ਸ਼ੈਤਾਨ ਦੇ ਸੇਵਕ ਆਪਣੇ ਭੇਸ ਸੱਚ ਦੇ ਸੇਵਕਾਂ ਵਰਗੇ ਬਣਾ ਲੈਂਦੇ ਹਨ। ਪਰ ਆਖਰਕਾਰ ਉਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਲਈ ਸਜ਼ਾ ਭੁਗਤਣੀ ਪਵੇਗੀ। 16 ਮੈਂ ਤੁਹਾਨੂੰ ਫ਼ੇਰ ਆਖਦਾ ਹਾਂ; ਕੋਈ ਵਿਅਕਤੀ ਵੀ ਇਹ ਨਾ ਸੋਚੇ ਕਿ ਮੈਂ ਮੂਰਖ ਹਾਂ। ਪਰ ਜੇ ਤੁਸੀਂ ਸੋਚਦੇ ਹੋ ਕਿ ਮੈਂ ਮੂਰਖ ਹਾਂ ਤਾਂ ਤੁਸੀਂ ਮੈਨੂੰ ਇੱਕ ਮੂਰਖ ਵਾਂਗ ਹੀ ਪ੍ਰਵਾਨ ਕਰੋ। ਫ਼ੇਰ ਮੈਂ ਵੀ ਥੋੜੀ ਜਿਹੀ ਸ਼ੇਖੀ ਮਾਰ ਸਕਾਂਗਾ। 17 ਮੈਂ ਇਸ ਲਈ ਸ਼ੇਖੀ ਮਾਰਦਾ ਹਾਂ ਕਿਉਂ ਜੁ ਮੈਂ ਆਪਣੇ ਬਾਰੇ ਭਰੋਸੇਮੰਦ ਹਾਂ। ਪਰ ਮੈਂ ਉਵੇਂ ਨਹੀਂ ਬੋਲ ਰਿਹਾ ਜਿਵੇਂ ਪ੍ਰਭੂ ਬੋਲ ਸਕਦਾ ਹੈ। ਮੈਂ ਇੱਕ ਮੂਰਖ ਵਾਂਗ ਸ਼ੇਖੀ ਮਾਰਦਾ ਹਾਂ। 18 ਬਹੁਤ ਸਾਰੇ ਲੋਕ ਦੁਨੀਆਂ ਵਿੱਚ ਆਪਣੇ ਜੀਵਨ ਬਾਰੇ ਸ਼ੇਖੀ ਮਾਰਦੇ ਹਨ। ਇਸ ਲਈ ਮੈਂ ਵੀ ਸ਼ੇਖੀ ਮਾਰਾਂਗਾ। 19 ਤੁਸੀਂ ਸੂਝਵਾਨ ਹੋ, ਇਸ ਲਈ ਤੁਸੀਂ ਖੁਸ਼ੀ ਨਾਲ ਮੂਰਖਾਂ ਬਾਰੇ ਤਹੱਮਲ ਤੋਂ ਕੰਮ ਲਵੋਂਗੇ। 20 ਮੈਂ ਜਾਣਦਾ ਹਾਂ ਕਿ ਤੁਸੀਂ ਤਹੱਮਲ ਤੋਂ ਕੰਮ ਲਵੋਂਗੇ ਕਿਉਂਕਿ ਤੁਸੀਂ ਉਸ ਵਿਅਕਤੀ ਨਾਲ ਵੀ ਨਿਮ੍ਰ ਹੋ ਜਿਹੜਾ ਤੁਹਾਥੋਂ ਗਲਤ ਗੱਲਾਂ ਕਰਾਉਂਦਾ ਹੈ ਅਤੇ ਤੁਹਾਨੂੰ ਵਰਤਦਾ ਹੈ। ਤੁਸੀਂ ਉਨ੍ਹਾਂ ਲੋਕਾਂ ਨਾਲ ਤਹੱਮਲ ਤੋਂ ਕੰਮ ਲੈਂਦੇ ਹੋ ਜਿਹੜੇ ਤੁਹਾਡੇ ਨਾਲ ਛਲ ਕਰਦੇ ਹਨ, ਜਾਂ ਜਿਹੜੇ ਸੋਚਦੇ ਹਨ ਕਿ ਉਹ ਤੁਹਾਡੇ ਨਾਲੋਂ ਬਿਹਤਰ ਹਨ, ਜਾਂ ਤੁਹਾਨੂੰ ਥੱਪੜ ਮਾਰਦੇ ਹਨ। 21 ਮੇਰੇ ਲਈ ਇਹ ਆਖਣਾ ਸ਼ਰਮਨਾਕ ਹੈ, ਪਰ ਅਸੀਂ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨ ਲਈ ਬਹੁਤ “ਕਮਜ਼ੋਰ” ਸਾਂ।ਪਰ ਜੇ ਕੋਈ ਸ਼ੇਖੀ ਮਾਰਨ ਦੀ ਦਲੇਰੀ ਕਰਦਾ ਹੈ, ਤਾਂ ਮੈਂ ਵੀ ਦਲੇਰ ਬਣਾਂਗਾ ਅਤੇ ਸ਼ੇਖੀ ਮਾਰਾਂਗਾ। ਮੈਂ ਇੱਕ ਮੂਰਖ ਵਾਂਗ ਗੱਲ ਕਰ ਰਿਹਾ ਹਾਂ। 22 ਕੀ ਉਹ ਲੋਕੀ ਇਬਰਾਨੀ ਹਨ? ਕੀ ਉਹ ਇਸਰਾਏਲੀ ਹਨ? ਮੈਂ ਵੀ ਇਸਰਾਏਲੀ ਹਾਂ, ਕੀ ਉਹ ਅਬਰਾਹਾਮ ਦੇ ਪਰਿਵਾਰ ਵਿੱਚੋਂ ਹਨ? ਮੈਂ ਵੀ ਹਾਂ। 23 ਕੀ ਉਹ ਲੋਕ ਮਸੀਹ ਦੀ ਸੇਵਾ ਕਰ ਰਹੇ ਹਨ? ਮੈਂ ਉਨ੍ਹਾਂ ਨਾਲੋਂ ਵਧਕੇ ਉਸਦੀ ਸੇਵਾ ਕਰ ਰਿਹਾ ਹਾਂ (ਮੈਂ ਝੱਲਾ ਹਾਂ ਜੋ ਇਸ ਤਰ੍ਹਾਂ ਗੱਲਾਂ ਕਰ ਰਿਹਾ ਹਾਂ) ਮੈਂ ਉਨ੍ਹਾਂ ਲੋਕਾਂ ਨਾਲੋਂ ਵਧੇਰੇ ਕਾਰਜ ਕੀਤਾ ਹੈ। ਬਹੁਤ ਵਾਰੀ ਮੈਂ ਕੈਦ ਵਿੱਚ ਸਾਂ। ਮੈਂ ਵੀ ਵਧੇਰੇ ਕੁੱਟਾਂ ਝੱਲੀਆਂ ਹਨ। ਬਹੁਤ ਵਾਰੀ ਮੈਂ ਮੌਤ ਦੇ ਬਹੁਤ ਨੇੜੇ ਸਾਂ। 24 ਯਹੂਦੀਆਂ ਨੇ ਮੈਨੂੰ ਪੰਜ ਵੇਰੀ 39 ਕੋੜਿਆਂ ਦੀ ਸਜ਼ਾ ਦਿੱਤੀ ਸੀ। 25 ਤਿੰਨ ਵੱਖ-ਵੱਖ ਸਮਿਆਂ ਤੇ ਮੈਨੂੰ ਸਲਾਖਾਂ ਨਾਲ ਕੁਟਿਆ ਗਿਆ ਸੀ। ਇੱਕ ਵਾਰੀ ਤਾਂ ਮੈਨੂੰ ਪਥਰਾਂ ਨਾਲ ਮਾਰ ਹੀ ਦਿੱਤਾ ਗਿਆ ਸੀ। ਤਿੰਨ ਵਾਰੀ ਮੈਂ ਉਨ੍ਹਾਂ ਜਹਾਜ਼ਾਂ ਵਿੱਚ ਸਾਂ ਜਿਹੜੇ ਤਬਾਹ ਹੋ ਗਏ, ਅਤੇ ਇਨ੍ਹਾਂ ਵਿੱਚੋਂ ਇੱਕ ਮੌਕੇ ਤੇ ਮੈਂ ਇੱਕ ਰਾਤ ਅਤੇ ਇੱਕ ਦਿਨ ਸਮੁੰਦਰ ਵਿੱਚ ਗੁਜਾਰੇ ਹਨ। 26 ਮੈਂ ਬਹੁਤ ਸਾਰੀਆਂ ਛੋਟੀਆਂ ਯਾਤਰਾਵਾਂ ਆਪਣੇ ਜਿੰਮੇ ਲਈਆਂ ਹਨ। ਮੈਂ ਦਰਿਆਵਾਂ, ਡਾਕੂਆਂ, ਆਪਣੇ ਸਹਿਯੋਗੀਆਂ ਅਤੇ ਗੈਰ ਯਹੂਦੀਆਂ ਵੱਲੋਂ ਖਤਰੇ ਦਾ ਸਾਮ੍ਹਣਾ ਕਰ ਰਿਹਾ ਸੀ। ਮੈਂ ਸ਼ਹਿਰਾਂ ਵਿੱਚ ਖਤਰਾ ਝਲਿਆ ਅਤੇ ਉਨ੍ਹਾਂ ਥਾਵਾਂ ਵਿੱਚ ਜਿਥੇ ਕੋਈ ਨਹੀਂ ਰਹਿੰਦਾ ਅਤੇ ਸਮੁੰਦਰ ਉੱਤੇ ਵੀ। ਅਤੇ ਮੈਂ ਉਨ੍ਹਾਂ ਲੋਕਾਂ ਦੇ ਸੰਗ ਵਿੱਚ ਵੀ ਖਤਰੇ ਵਿੱਚ ਪਿਆ ਹਾਂ ਜਿਹੜੇ ਆਖਦੇ ਹਨ ਕਿ ਉਹ ਭਰਾ ਹਨ ਪਰ ਉਹ ਸੱਚ ਮੁੱਚ ਭਰਾ ਨਹੀਂ ਹਨ। 27 ਮੈਂ ਸਖਤ ਅਤੇ ਥਕਾ ਦੇਣ ਵਾਲਾ ਕਾਰਜ ਵੀ ਕੀਤਾ ਹੈ। ਮੈਂ ਬਹੁਤ ਵਾਰ ਬਿਨ ਨੀਂਦੋਂ ਗਿਆ। ਮੈਂ ਭੁਖ ਅਤੇ ਪਿਆਸ ਮਹਿਸੂਸ ਕੀਤੀ। ਬਹੁਤ ਵਾਰੀ ਮੇਰੇ ਕੋਲ ਖਾਣ ਲਈ ਭੋਜਨ ਨਹੀਂ ਸੀ। ਮੈਂ ਕੱਪੜਿਆਂ ਤੋਂ ਬਿਨਾ ਸਰਦੀ ਸਹਾਰੀ ਹੈ। 28 ਅਤੇ ਬਹੁਤ ਸਾਰੀਆਂ ਹੋਰ ਸਮਸਿਆਵਾਂ ਵੀ ਹਨ। ਇਨ੍ਹਾਂ ਵਿੱਚੋਂ ਇੱਕ ਹੈ ਮੇਰੀ ਸਮੂਹ ਕਲੀਸਿਯਾਵਾਂ ਦੀ ਦੇਖ ਭਾਲ। ਇਨ੍ਹਾਂ ਬਾਰੇ ਮੈਂ ਹਰ ਰੋਜ਼ ਫ਼ਿਕਰਮੰਦ ਰਹਿੰਦਾ ਹਾਂ। 29 ਜਦੋਂ ਕੋਈ ਦੂਸਰਾ ਕਮਜ਼ੋਰ ਹੁੰਦਾ ਹੈ ਤਾਂ ਮੈਂ ਵੀ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ ਜਦੋਂ ਕਿਸੇ ਵਿਅਕਤੀ ਨੂੰ ਪਾਪ ਲਈ ਪਰਤਿਆਇਆ ਜਾਂਦਾ ਹੈ, ਮੈਂ ਵੀ ਪਰੇਸ਼ਾਨ ਹੋ ਜਾਂਦਾ ਹਾਂ। 30 ਜੇ ਮੈਂ ਸ਼ੇਖੀ ਮਾਰਨਾ ਹੀ ਚਾਹੁੰਦਾ ਹਾਂ, ਤਾਂ ਮੈਂ ਉਨ੍ਹਾਂ ਗੱਲਾਂ ਵਿੱਚ ਸ਼ੇਖੀ ਮਾਰਾਂਗਾ ਜਿਹੜੀਆਂ ਮੇਰੀ ਕਮਜ਼ੋਰੀ ਨੂੰ ਦਰਸ਼ਾਉਂਦੀਆਂ ਹਨ। 31 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਝੂਠ ਨਹੀਂ ਆਖ ਰਿਹਾ। ਉਹ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ੁਰ ਹੈ, ਅਤੇ ਉਸਦੀ ਸਦਾ ਉਸਤਤਿ ਹੋਣੀ ਚਾਹੀਦੀ ਹੈ। 32 ਜਦੋਂ ਮੈਂ ਦੰਮਿਸਕ ਵਿੱਚ ਸਾਂ ਤਾਂ ਰਾਜਾ ਅਰਿਤਾਸ ਦੇ ਗਵਰਨਰ ਨੇ ਮੈਨੂੰ ਗਿਰਫ਼ਤਾਰ ਕਰਨਾ ਚਾਹਿਆ। ਇਸ ਲਈ ਉਸਨੇ ਸਾਰੇ ਸ਼ਹਿਰ ਵਿੱਚ ਗਾਰਦ ਬਿਠਾ ਦਿੱਤੀ। 33 ਪਰ ਕੁਝ ਮਿੱਤਰਾਂ ਨੇ ਮੈਨੂੰ ਇੱਕ ਟੋਕਰੀ ਵਿੱਚ ਪਾ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਟੋਕਰੀ ਨੂੰ ਕੰਧ ਵਿਚਾਲੇ ਖਿੜਕੀ ਰਾਹੀਂ ਲੰਘਾ ਕੇ ਮੈਨੂੰ ਹੇਠਾਂ ਉਤਾਰ ਦਿੱਤਾ। ਇਸ ਲਈ ਮੈਂ ਰਾਜਪਾਲ ਦੇ ਹੱਥੋਂ ਬਚ ਗਿਆ ਸਾਂ।

12:1 ਮੈਂ ਸ਼ੇਖੀ ਮਾਰਨਾ ਅਵਸ਼ ਜਾਰੀ ਰਖਾਂਗਾ ਭਾਵੇਂ ਇਸਦਾ ਕੋਈ ਫ਼ਾਇਦਾ ਨਹੀਂ। ਪਰ ਹੁਣ ਮੈਂ ਪ੍ਰਭੂ ਵੱਲੋਂ ਦਰਸ਼ਨਾਂ ਤੇ ਪ੍ਰਕਾਸ਼ਾਂ ਬਾਰੇ ਗੱਲ ਕਰਾਂਗਾ। 2 ਮੈਂ ਮਸੀਹ ਵਿੱਚ ਇੱਕ ਆਦਮੀ ਨੂੰ ਜਾਣਦਾ ਹਾਂ ਜਿਸਨੂੰ ਉਤਾਹਾਂ ਤੀਸਰੇ ਸਵਰਗ ਨੂੰ ਲਿਜਾਇਆ ਗਿਆ ਸੀ। ਇਹ ਲਗਭੱਗ ਚੌਦਾਂ ਸਾਲਾਂ ਪਹਿਲਾਂ ਹੋਇਆ ਸੀ। ਮੈਨੂੰ ਪਤਾ ਨਹੀਂ ਕਿ ਉਹ ਆਦਮੀ ਸ਼ਰੀਰ ਵਿੱਚ ਗਿਆ ਸੀ ਜਾਂ ਸ਼ਰੀਰ ਤੋਂ ਬਿਨਾ। ਪਰ ਪਰਮੇਸ਼ੁਰ ਜਾਣਦਾ ਹੈ। 3 ਅਤੇ ਮੈਂ ਜਾਣਦਾ ਹਾਂ ਕਿ ਇਸ ਆਦਮੀ ਨੂੰ ਸਵਰਗ ਵਿੱਚ ਲਿਜਾਇਆ ਗਿਆ ਸੀ। ਮੈਂ ਨਹੀਂ ਜਾਣਦਾ ਕਿ ਉਹ ਆਪਣੇ ਸ਼ਰੀਰ ਵਿੱਚ ਸੀ ਜਾਂ ਇਸ ਤੋਂ ਦੂਰ ਸੀ। ਪਰ ਉਸਨੇ ਕੁਝ ਅਜਿਹੀਆਂ ਗੱਲਾਂ ਸੁਣੀਆਂ ਜਿਨ੍ਹਾਂ ਦੀ ਉਹ ਵਿਆਖਿਆ ਨਹੀਂ ਕਰ ਸਕਦਾ ਸੀ। ਉਸਨੇ ਉਹ ਗੱਲਾਂ ਸੁਣੀਆਂ ਜਿਸ ਬਾਰੇ ਦੱਸਣ ਦੀ ਕਿਸੇ ਆਦਮੀ ਨੂੰ ਇਜਾਜ਼ਤ ਨਹੀਂ। 4 5 ਮੈਂ ਅਜਿਹੇ ਵਿਅਕਤੀ ਬਾਰੇ ਸ਼ੇਖੀ ਮਾਰਾਂਗਾ। ਪਰ ਮੈਂ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਾਂਗਾ। ਮੈਂ ਕੇਵਲ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਾਂਗਾ। 6 ਭਾਵੇਂ ਮੈਂ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਨਾ ਚਾਹੁੰਦਾ ਹਾਂ ਪਰ ਤਾਂ ਵੀ ਮੈਂ ਮੂਰਖ ਨਹੀਂ ਹੋਵਾਂਗਾ ਕਿਉਂਕਿ ਮੈਂ ਸੱਚ ਦੱਸ ਰਿਹਾ ਹੋਵਾਂਗਾ। ਪਰ ਮੈਨੂੰ ਆਪਣੇ ਆਪ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਕਿਉਂ? ਕਿਉਂ ਜੋ ਮੈਂ ਇਹ ਨਹੀਂ ਚਾਹੁੰਦਾ ਕਿ ਉਹ ਮੇਰੇ ਬਾਰੇ ਵਧ ਸੋਚਣ, ਜੋ ਉਹ ਮੈਨੂੰ ਕਰਦਿਆਂ ਦੇਖਦੇ ਹਨ ਜਾਂ ਕਹਿੰਦਿਆਂ ਸੁਣਦੇ ਹਨ। 7 ਪਰ ਮੈਨੂੰ ਚਾਹੀਦਾ ਹੈ ਕਿ ਮੈਂ ਉਨ੍ਹਾਂ ਅਨੋਖੀਆਂ ਗੱਲਾਂ ਬਾਰੇ, ਜੋ ਮੈਨੂੰ ਦਰਸ਼ਾਈਆਂ ਗਈਆਂ ਸਨ, ਬਹੁਤ ਗੁਮਾਨ ਨਾ ਕਰਾਂ, ਇਸ ਲਈ ਮੈਨੂੰ ਇੱਕ ਦਰਦ ਭਰੀ ਸਮਸਿਆ ਦਿੱਤੀ ਗਈ ਸੀ। ਸਮਸਿਆ ਇਹ ਸੀ; ਸ਼ੈਤਾਨ ਵੱਲੋਂ ਇੱਕ ਦੂਤ ਨੂੰ ਮੈਨੂੰ ਕੁਟਣ ਲਈ ਮੇਰੇ ਕੋਲ ਭੇਜਿਆ ਗਿਆ ਸੀ ਤਾਂ ਜੋ ਮੈਂ ਗੁਮਾਨ ਨਾ ਕਰ ਸਕਾਂ। 8 ਮੈਂ ਪ੍ਰਭੂ ਨੂੰ ਇਹ ਸਮਸਿਆ ਲੈਣ ਲਈ ਤਿੰਨ ਵਾਰ ਬੇਨਤੀ ਕੀਤੀ। 9 ਪਰ ਪ੍ਰਭੂ ਨੇ ਮੈਨੂੰ ਆਖਿਆ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ। ਜਦੋਂ ਤੁਸੀਂ ਕਮਜ਼ੋਰ ਹੁੰਦੇ ਹੋ, ਮੇਰੀ ਪੂਰੀ ਸ਼ਕਤੀ ਤੁਹਾਡੇ ਵਿੱਚ ਦਰਸ਼ਾਈ ਜਾਵੇ।” ਇਸੇ ਲਈ ਮੈਂ ਆਪਣੀਆਂ ਕਮਜ਼ੋਰੀਆਂ ਬਾਰੇ ਸ਼ੇਖੀ ਮਾਰਕੇ ਖੁਸ਼ ਹਾਂ। ਉਦੋਂ ਮਸੀਹ ਦੀ ਸ਼ਕਤੀ ਮੇਰੇ ਅੰਦਰ ਨਿਵਾਸ ਕਰ ਸਕਦੀ ਹੈ। 10 ਇਸ ਲਈ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਲੋਕ ਮੈਨੂੰ ਬੁਰਾ ਬੋਲਦੇ ਹਨ ਤਾਂ ਮੈਂ ਖੁਸ਼ ਹੁੰਦਾ ਹਾਂ। ਜਦੋਂ ਮੈਂ ਤੰਗੀਆਂ ਰਾਹੀਂ ਲੰਘਦਾ ਹਾਂ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਜਦੋਂ ਲੋਕ ਮੈਨੂੰ ਦੰਡ ਦਿੰਦੇ ਹਨ, ਮੈਂ ਖੁਸ਼ੀ ਮਹਿਸੂਸ ਕਰਦਾ ਹਾਂ। ਅਤੇ ਜਦੋਂ ਮੈਂ ਸਮਸਿਆਵਾਂ ਦਾ ਸਾਮ੍ਹਣਾ ਕਰਦਾ ਹਾਂ ਤਾਂ ਮੈਂ ਖੁਸ਼ ਹੁੰਦਾ ਹਾਂ। ਇਹ ਸਾਰੀਆਂ ਗੱਲਾਂ ਮਸੀਹ ਲਈ ਹਨ। ਅਤੇ ਮੈਂ ਇਨ੍ਹਾਂ ਗੱਲਾਂ ਨਾਲ ਖੁਸ਼ ਹਾਂ ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਓਦੋਂ ਹੀ ਮੈਂ ਸੱਚ ਮੁੱਚ ਤਾਕਤਵਰ ਹੁੰਦਾ ਹਾਂ। 11 ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲਦਾ ਹਾਂ ਪਰ ਅਜਿਹਾ ਤੁਸੀਂ ਮੇਰੇ ਕੋਲੋਂ ਕਰਾਇਆ। ਤੁਹਾਨੂੰ ਲੋਕਾਂ ਨੂੰ ਮੈਨੂੰ ਚੰਗਾ ਕਹਿਣਾ ਚਾਹੀਦਾ ਹੈ। ਮੈਂ ਕੁਝ ਵੀ ਨਹੀਂ ਹਾ, ਪਰ ਮੈਂ ਕਿਸੇ ਵੀ ਢੰਗ ਨਾਲ “ਮਹਾਨ ਰਸੂਲਾਂ” ਨਾਲੋਂ ਘੱਟ ਨਹੀਂ ਹਾਂ। 12 ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਉਹ ਗੱਲਾਂ ਕੀਤੀਆਂ ਜਿਨ੍ਹਾਂ ਤੋਂ ਪ੍ਰਮਾਣ ਮਿਲਦਾ ਹੈ ਕਿ ਮੈਂ ਇੱਕ ਰਸੂਲ ਹਾਂ। ਮੈਂ ਚਿਨ੍ਹ ਦਿੱਤੇ, ਅਚੰਭੇ ਕੀਤੇ, ਅਤੇ ਕਰਿਸ਼ਮੇ ਕੀਤੇ। ਇਹ ਸਭ ਗੱਲਾਂ ਮੈਂ ਬਹੁਤ ਤਹੱਮਲ ਨਾਲ ਕੀਤੀਆਂ। 13 ਇਸ ਲਈ ਤੁਸੀਂ ਉਹ ਸਭ ਕੁਝ ਪ੍ਰਾਪਤ ਕੀਤਾ ਜੋ ਹੋਰਨਾਂ ਕਲੀਸਿਯਾਵਾਂ ਨੂੰ ਮਿਲਿਆ ਹੈ। ਸਿਰਫ਼ ਇੱਕੋ ਗੱਲ ਵੱਖਰੀ ਹੈ; ਮੈਂ ਤੁਹਾਡੇ ਉੱਪਰ ਬੋਝ ਨਹੀਂ ਬਣਿਆ। ਇਸ ਖਾਤਰ ਮੈਨੂੰ ਮੁਆਫ਼ ਕਰ ਦਿਉ। 14 ਹੁਣ ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ ਅਤੇ ਮੈਂ ਤੁਹਾਡੇ ਲਈ ਬੋਝ ਨਹੀਂ ਬਣਾਂਗਾ। ਮੈਨੂੰ ਤੁਹਾਡਾ ਆਪਣਾ ਕੁਝ ਵੀ ਨਹੀਂ ਚਾਹੀਦਾ। ਮੈਂ ਤਾਂ ਸਿਰਫ਼ ਤੁਹਾਨੂੰ ਚਾਹੁੰਦਾ ਹਾਂ, ਬਚਿਆਂ ਨੂੰ ਆਪਣੇ ਮਾਪਿਆਂ ਲਈ ਚੀਜ਼ਾਂ ਬਚਾਉਣ ਦੀ ਲੋੜ ਨਹੀਂ। ਜਦ ਕਿ ਮਾਪਿਆਂ ਨੂੰ ਆਪਣੇ ਬਚਿਆਂ ਲਈ ਬਚਤ ਕਰਨੀ ਚਾਹੀਦੀ ਹੈ। 15 ਇਸ ਲਈ ਮੈਂ ਤੁਹਾਨੂੰ ਉਹ ਸਭ ਕੁਝ ਦੇਣ ਲਈ ਆਨੰਦਿਤ ਹਾਂ ਜੋ ਮੇਰੇ ਕੋਲ ਹੈ। ਮੈਂ ਆਪਣਾ ਆਪ ਵੀ ਤੁਹਾਨੂੰ ਦੇ ਦੇਵਾਂਗਾ। ਜੇ ਮੈਂ ਤੁਹਾਨੂੰ ਵਧ ਪਿਆਰ ਕਰਾਂਗਾ ਤਾਂ ਵੀ ਤੁਸੀਂ ਮੈਨੂੰ ਘੱਟ ਪਿਆਰ ਕਰੋਂਗੇ। 16 ਇਹ ਗੱਲ ਤਾਂ ਸਾਫ਼ ਹੈ ਕਿ ਮੈਂ ਤੁਹਾਡੇ ਉੱਪਰ ਬੋਝ ਨਹੀਂ ਹਾਂ। ਪਰ ਤੁਸੀਂ ਸੋਚਦੇ ਹੋ ਕਿ ਮੈਂ ਮਕਾਰ ਹਾਂ ਅਤੇ ਤੁਹਾਨੂੰ ਫ਼ੜਨ ਲਈ ਤੁਹਾਨੂੰ ਝੂਠ ਬੋਲਿਆ। 17 ਕੀ ਮੈਂ ਆਪਣੇ ਭੇਜੇ ਹੋਏ ਕਿਸੇ ਵੀ ਆਦਮੀਆਂ ਰਾਹੀਂ ਤੁਹਾਨੂੰ ਧੋਖਾ ਦਿੱਤਾ ਹੈ? ਨਹੀਂ। ਤੁਸੀਂ ਜਾਣਦੇ ਹੋ ਕਿ ਮੈਂ ਇਹ ਨਹੀਂ ਕੀਤਾ। 18 ਮੈਂ ਤੀਤੁਸ ਨੂੰ ਆਖਿਆ ਕਿ ਤੁਹਾਡੇ ਕੋਲ ਜਾਵੇ। ਅਤੇ ਮੈਂ ਸਾਡੇ ਭਰਾ ਨੂੰ ਉਸਦੇ ਨਾਲ ਘਲਿਆ। ਕੀ ਤੀਤੁਸ ਨੇ ਤੁਹਾਨੂੰ ਧੋਖਾ ਦਿੱਤਾ? ਨਹੀਂ। ਤੁਹਾਨੂੰ ਪਤਾ ਹੈ ਕਿ ਮੈਂ ਅਤੇ ਤੀਤੁਸ ਨੇ ਓਸੇ ਤਰ੍ਹਾਂ ਦੇ ਕੰਮ ਕੀਤੇ ਅਤੇ ਓਸੇ ਤਰ੍ਹਾਂ ਦਾ ਵਿਹਾਰ ਕੀਤਾ। 19 ਤੁਹਾਡਾ ਕੀ ਖਿਆਲ ਹੈ ਕਿ ਅਸੀਂ ਇਹ ਸਾਰਾ ਸਮਾਂ ਆਪਣੇ ਆਪ ਨੂੰ ਸਫ਼ਾਈ ਦਿੰਦੇ ਰਹੇ ਹਾਂ? ਨਹੀਂ। ਅਸੀਂ ਇਹ ਗੱਲ ਮਸੀਹ ਵਿੱਚ ਆਖਦੇ ਹਾਂ ਅਤੇ ਇਹ ਗੱਲਾਂ ਅਸੀਂ ਪਰਮੇਸ਼ੁਰ ਦੇ ਅੱਗੇ ਆਖਦੇ ਹਾਂ ਤੁਸੀਂ ਸਾਡੇ ਪਿਆਰੇ ਮਿੱਤਰ ਹੋ। ਅਤੇ ਜੋ ਕੁਝ ਵੀ ਅਸੀਂ ਕਰਦੇ ਹਾਂ, ਅਸੀਂ ਇਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਕਰਦੇ ਹਾਂ। 20 ਅਜਿਹਾ ਮੈਂ ਇਸ ਲਈ ਕਰਦਾ ਹਾਂ ਕਿ ਜਦੋਂ ਮੈਂ ਆਵਾਂਗਾ, ਮੈਨੂੰ ਡਰ ਹੈ ਕਿ ਮੈਂ ਤੁਹਾਨੂੰ ਅਜਿਹਾ ਨਹੀਂ ਪਾਵਾਂਗਾ। ਜਿਹੀ ਕਿ ਮੈਨੂੰ ਆਸ ਹੈ, ਤੁਸੀਂ ਮੈਨੂੰ ਉਵੇਂ ਦਾ ਨਹੀਂ ਪਾਵੋਂਗੇ ਜਿਵੇਂ ਕਿ ਤੁਸੀਂ ਮੈਨੂੰ ਹੋਣ ਦੀ ਆਸ ਰੱਖਦੇ ਹੋ। ਮੈਨੂੰ ਡਰ ਹੈ ਕਿ ਤੁਹਾਡੇ ਸਮੂਹ ਵਿੱਚ ਕਿਧਰੇ ਦਲੀਲਬਾਜ਼ੀ, ਈਰਖਾ, ਗੁੱਸਾ, ਖੁਦਗਰਜ਼ੀ ਤੇ ਝਗੜੇ, ਮੰਦੇ ਬੋਲ, ਗਪ ਹੰਕਾਰ ਅਤੇ ਉਲਝਨਾ ਨਾ ਹੋਣ। 21 ਮੈਂ ਡਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਫ਼ੇਰ ਆਵਾਂ ਮੇਰਾ ਪਰਮੇਸ਼ੁਰ ਕਿਧਰੇ ਮੈਨੂੰ ਤੁਹਾਡੇ ਅੱਗੇ ਨਿਮਾਣਾ ਨਾ ਬਣਾ ਦੇਵੇ। ਮੈਂ ਉਦਾਸ ਹੋ ਸਕਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਈਆਂ ਨੇ ਗੁਨਾਹ ਕੀਤੇ ਹਨ। ਮੈਂ ਇਸ ਗੱਲੋਂ ਉਦਾਸ ਹੋ ਸਕਦਾ ਹਾਂ ਕਿ ਉਨ੍ਹਾਂ ਲੋਕਾਂ ਨੇ ਆਪਣੇ ਦਿਲਾਂ ਨੂੰ ਨਹੀਂ ਬਦਲਿਆ ਤਾਂ ਜੋ ਆਪਣੇ ਬਦਕਾਰੀ ਦੇ ਜੀਵਨ, ਆਪਣੇ ਜਿਨਸੀ ਗੁਨਾਹਾਂ ਅਤੇ ਆਪਣੇ ਕੀਤੇ ਹੋਏ ਸ਼ਰਮਨਾਕ ਕਾਰਜਾਂ ਬਾਰੇ ਸ਼ਰਮਿੰਦਾ ਹੋ ਸਕਣ।

13:1 ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ। ਇਹ ਤੀਸਰੀ ਵਾਰ ਹੋਵੇਗਾ। ਅਤੇ ਯਾਦ ਰੱਖੋ, “ਹਰ ਇੱਕ ਸ਼ਿਕਾਇਤ ਲਈ ਦੋ ਜਾਂ ਤਿੰਨ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਖ ਸਕਦੇ ਹੋਣ ਕਿ ਇਹ ਸੱਚ ਹੈ।” 2 ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ। 3 ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਬੋਲ ਰਿਹਾ ਹੈ। ਮੇਰਾ ਸਬੂਤ ਇਹ ਹੈ ਕਿ ਮਸੀਹ ਤੁਹਾਨੂੰ ਸਜ਼ਾ ਦੇਣ ਲਈ ਕਮਜ਼ੋਰ ਨਹੀਂ ਹੈ। ਪਰ ਮਸੀਹ ਤੁਹਾਡੇ ਵਿਚਕਾਰ ਸ਼ਕਤੀਸ਼ਾਲੀ ਹੈ। 4 ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟਂਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ। 5 ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਆਸਥਾ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6 ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰਖ ਵਿੱਚੋਂ ਫ਼ੇਲ ਨਹੀਂ ਹਾਂ। 7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰਖ ਵਿੱਚ ਅਸਫ਼ਲ ਹੋ ਗਏ ਹਾਂ। 8 ਅਸੀਂ ਕੁਝ ਵੀ ਨਹੀਂ ਕਰ ਸਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸਕਦੇ ਹਾਂ ਜਿਹੜੀਆਂ ਸੱਚ ਲਈ ਹਨ। 9 ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵਧੇਰੇ ਤਕੜੇ ਹੋਵੋ। 10 ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ। 11 ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ। 12 ਜਦੋਂ ਤੁਸੀਂ ਇੱਕ ਦੂਸਰੇ ਨੂੰ ਸ਼ੁਭਕਾਮਨਾ ਦਿਉ, ਤਾਂ ਇੱਕ ਦੂਸਰੇ ਨੂੰ ਇੱਕ ਪਵਿੱਤਰ ਚੁੰਮੀ ਦਿਉ। 13 ਪਰਮੇਸ਼ੁਰ ਦੇ ਸਭ ਪਵਿੱਤਰ ਲੋਕ ਤੁਹਾਡਾ ਸੁਆਗਤ ਕਰਦੇ ਹਨ। 14 ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।