1:1 ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹੜੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪਖ ਹੈ। 2 ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ। 3 ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸਦਿਆ ਹੈ। 4 ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀ ਹਨ ਜਿਨ੍ਹਾਂ ਦਾ ਵਾਅਦਾ ਉਸਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ। 5 ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਚਿੰਦਗੀ ਵਿੱਚ ਜੋੜਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋੜੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋੜੋ; 6 ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋੜੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋੜੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋੜੋ; 7 ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋੜੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋੜ ਲਵੋ। 8 ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇਕ ਬਨਾਉਣਗੀਆਂ। 9 ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁਕਿਆ ਹੈ, ਕਿ ਉਸਨੂੰ ਆਪਣੇ ਪਿਛਲੇ ਪਾਪ ਤੋਂ ਛੁਟਕਾਰਾ ਮਿਲ ਚੁਕਿਆ ਹੈ। 10 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਹੀ ਕਦੇ ਡਿੱਗੋਂਗੇ। 11 ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿਘਾ ਸਵਾਗਤ ਪ੍ਰਾਪਤ ਕਰੋਂਗੇ ਜਿਹੜਾ ਰਾਜ ਸਦੀਵੀ ਜਾਰੀ ਰਹਿੰਦਾ ਹੈ। 12 ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ। 13 ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ। 14 ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸ਼ਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ। 15 ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ। 16 ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸਦੇ ਆਉਣ ਬਾਰੇ ਦਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅਖਾਂ ਨਾਲ ਵੇਖਿਆ ਸੀ। 17 ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।” 18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ। 19 ਇਹ ਗੱਲਾਂ ਸਾਨੂੰ ਹੋਰ ਵਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚਢ਼ਨ ਤੱਕ ਰਹਿੰਦਾ ਹੈ। 20 ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ। 21 ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।
2:1 ਅਤੀਤ ਵਿੱਚ, ਪਰਮੇਸ਼ੁਰ ਦੇ ਲੋਕਾਂ ਦਰਮਿਆਨ ਝੂਠੇ ਨਬੀ ਸਨ। ਤੁਹਾਡੇ ਦਰਮਿਆਨ ਵੀ, ਇਸ ਤਰ੍ਹਾਂ ਵਿਅਕਤੀ ਹੋਣਗੇ। ਉਹ ਝੂਠੇ ਉਪਦੇਸ਼ ਦੇਣਗੇ ਜਿਹੜੇ ਲੋਕਾਂ ਦੀ ਗੁਆਚਣ ਵਿੱਚ ਅਗਵਾਈ ਕਰਨਗੇ। ਤੁਹਾਨੂੰ ਇਹ ਵੇਖਣ ਵਿੱਚ ਮੁਸ਼ਕਿਲ ਪੇਸ਼ ਆਵੇਗੀ ਕਿ ਜੋ ਉਪਦੇਸ਼ ਉਹ ਦੇ ਰਹੇ ਹਨ ਉਹ ਗਲਤ ਹਨ। ਉਹ ਉਸ ਪ੍ਰਭੂ ਨੂੰ ਨਹੀਂ ਕਬੂਲਣਗੇ ਜਿਸਨੇ ਉਨ੍ਹਾਂ ਨੂੰ ਅਜ਼ਾਦੀ ਲਿਆਂਦੀ ਹੈ। ਇਸ ਲਈ ਉਹ ਜਲਦੀ ਹੀ ਆਪਣੇ ਉੱਤੇ ਤਬਾਹੀ ਲਿਆਉਣਗੇ। 2 ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿਛੇ ਲੱਗਣਗੇ ਅਤੇ ਜੋ ਅਨੈਤਿਕ ਗੱਲਾਂ ਉਹ ਕਰਦੇ ਹਨ ਉਹੀ ਕਰਨਗੇ। ਉਨ੍ਹਾਂ ਲੋਕਾਂ ਦੇ ਕਾਰਣ, ਦੂਸਰੇ ਲੋਕ ਸੱਚ ਦੇ ਮਾਰਗ ਬਾਰੇ ਮੰਦੀਆਂ ਗੱਲਾਂ ਆਖਣਗੇ। 3 ਉਨ੍ਹਾਂ ਦੇ ਲਾਲਚ ਦੇ ਕਾਰਣ, ਉਹ ਤੁਹਾਨੂੰ ਝੂਠੀਆਂ ਕਹਾਣੀਆਂ ਦੱਸਕੇ ਤੁਹਾਡਾ ਨਜਾਇਜ਼ ਫ਼ਾਇਦਾ ਉਠਾਉਣਗੇ। ਪਰ ਉਨ੍ਹਾਂ ਦੀ ਸਜ਼ਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਦੁਆਰਾ ਨਿਰਧਾਰਿਤ ਹੋ ਚੁੱਕੀ ਹੈ। ਉਨ੍ਹਾਂ ਦੀ ਤਬਾਹੀ ਤਿਆਰ ਹੈ ਛੇਤੀ ਹੀ ਉਨ੍ਹਾਂ ਉੱਪਰ ਡਿੱਗ ਪਵੇਗੀ। 4 ਜਦੋਂ ਦੂਤਾਂ ਨੇ ਪਾਪ ਕੀਤਾ ਸੀ ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਸਜ਼ਾ ਤੋਂ ਨਹੀਂ ਬਖਸ਼ਿਆ ਅਤੇ ਸਜ਼ਾ ਦਿੱਤੀ। ਨਹੀਂ। ਪਰਮੇਸ਼ੁਰ ਨੇ ਉਨ੍ਹਾਂ ਨੂੰ ਦੋਜ਼ਖ ਵਿੱਚ ਭੇਜ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਅੰਧਕਾਰ ਦੀਆਂ ਗਰਾਂ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਨੂੰ ਹਸ਼ਰ ਦੇ ਦਿਹਾੜੇ ਤੱਕ ਓਥੇ ਹੀ ਰੱਖਿਆ ਗਿਆ ਹੈ। 5 ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵੀ ਸਜ਼ਾ ਦਿੱਤੀ ਜਿਹੜੇ ਪ੍ਰਾਚੀਨ ਕਾਲ ਵਿੱਚ ਜਿਉਂਦੇ ਸਨ। ਪਰਮੇਸ਼ੁਰ ਨੇ ਹੜ ਲਿਆ ਕੇ ਦੁਨੀਆਂ ਤੇ ਤਬਾਹੀ ਲਿਆਂਦੀ ਜੋ ਕਿ ਪਾਪੀਆਂ ਨਾਲ ਭਰਪੂਰ ਸੀ। ਪਰ ਪਰਮੇਸ਼ੁਰ ਨੇ ਨੂਹ ਅਤੇ ਉਸਦੇ ਨਾਲ ਹੋਰ ਸੱਤਾਂ ਲੋਕਾਂ ਨੂੰ ਬਚਾਇਆ। ਨੂਹ ਹੀ ਸੀ ਜਿਸਨੇ ਲੋਕਾਂ ਨੂੰ ਧਰਮੀ ਜੀਵਨ ਬਾਰੇ ਦਸਿਆ। 6 ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜ ਕੇ ਸੁਆਹ ਕਰਕੇ ਉਨ੍ਹਾਂ ਨੂੰ ਤਬਾਹ ਕਰਕੇ ਸਜ਼ਾ ਦਿੱਤੀ। ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਇੱਕ ਉਦਾਹਰਣ ਬਣਾ ਦਿੱਤਾ ਕਿ ਉਹ ਉਨ੍ਹਾਂ ਲੋਕਾਂ ਨਾਲ ਕੀ ਕਰਨ ਵਾਲਾ ਸੀ ਜੋ ਆਉਣ ਵਾਲੇ ਦਿਨਾਂ ਵਿੱਚ ਪਰਮੇਸ਼ੁਰ ਦੇ ਖਿਲਾਫ਼ ਮੁੜਨਗੇ। 7 ਪਰ ਪਰਮੇਸ਼ੁਰ ਨੇ ਲੂਤ ਨੂੰ ਚੰਗਾ ਮਨੁੱਖ ਹੋਣ ਕਰਕੇ ਇਨ੍ਹਾਂ ਸ਼ਹਿਰਾਂ ਤੋਂ ਬਚਾ ਲਿਆ। ਉਹ ਉਨ੍ਹਾਂ ਲੋਕਾਂ ਦੀਆਂ ਅਨੈਤਿਕ ਗੱਲਾਂ ਤੋਂ ਪਰੇਸ਼ਾਨ ਸੀ ਜਿਨ੍ਹਾਂ ਨੇ ਨੇਮ ਦੀ ਅਵਗਿਆ ਕਰਕੇ ਜੀਵਨ ਵਤੀਤ ਕੀਤਾ। 8 ਲੂਤ ਉਨ੍ਹਾਂ ਮੰਦੇ ਲੋਕਾਂ ਦੇ ਵਿੱਚ ਰਹਿੰਦਾ ਸੀ। ਇਸ ਚੰਗੇ ਮਨੁੱਖ ਦਾ ਦਿਲ ਉਨ੍ਹਾਂ ਬਦ ਕਰਨੀਆਂ ਨਾਲ ਦਿਨ ਰਾਤ ਪਰੇਸ਼ਾਨ ਰਹਿੰਦਾ ਸੀ ਜੋ ਉਹ ਸੁਣਦਾ ਅਤੇ ਦੇਖਦਾ ਸੀ। 9 ਇਸ ਲਈ ਪ੍ਰਭੂ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਵੱਲੋਂ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਰਣੇ ਦੇ ਦਿਲ ਲਈ ਰੱਖਿਆ ਗਿਆ ਹੈ। 10 ਸਜ਼ਾ ਖਾਸ ਤੌਰ ਤੇ ਉਨ੍ਹਾਂ ਲੋਕਾਂ ਲਈ ਬਣੀ ਹੈ ਜਿਹੜੇ ਆਪਣੇ ਪਾਪੀ ਆਪਿਆਂ ਦੀਆਂ ਭਰਿਸ਼ਟ ਕਾਮਨਾਵਾਂ ਦੇ ਅਨੁਸਾਰ ਦੁਸ਼ਟ ਗੱਲਾਂ ਕਰਦੇ ਹਨ ਅਤੇ ਪ੍ਰਭੂ ਦੇ ਅਧਿਕਾਰ ਨੂੰ ਨਫ਼ਰਤ ਕਰਦੇ ਹਨ।ਉਹ ਬੇਪਰਵਾਹ ਹਨ ਅਤੇ ਆਪਣੀ ਮਨ ਮਰਜ਼ੀ ਕਰਦੇ ਹਨ। ਉਹ ਪ੍ਰਤਾਪੀ ਦੂਤਾਂ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਡਰਦੇ। 11 ਦੂਤ ਇਨ੍ਹਾਂ ਝੂਠੇ ਉਪਦੇਸ਼ਕਾਂ ਨਾਲੋਂ ਕਿਤੇ ਵਧੇਰੇ ਤਾਕਤਵਰ ਅਤੇ ਸ਼ਕਤੀਸ਼ਾਲੀ ਹਨ। ਪਰ ਦੂਤ ਵੀ ਉਦੋਂ ਇਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦੇ ਜਦੋਂ ਉਨ੍ਹਾਂ ਨੇ ਪ੍ਰਭੂ ਅੱਗੇ ਇਨ੍ਹਾਂ ਝੂਠੇ ਪ੍ਰਚਾਰਕਾਂ ਉੱਤੇ ਝੂਠੇ ਇਲਜ਼ਾਮ ਲਾਉਣੇ ਹੁੰਦੇ ਹਨ। 12 ਪਰ ਇਹ ਝੂਠੇ ਉਪਦੇਸ਼ਕ ਉਨ੍ਹਾਂ ਗੱਲਾਂ ਦੇ ਵਿਰੁੱਧ ਵੀ ਮੰਦਾ ਬੋਲਦੇ ਹਨ ਜਿਨ੍ਹਾਂ ਨੂੰ ਉਹ ਸਮਝ ਨਹੀਂ ਸਕਦੇ। ਇਹ ਝੂਠੇ ਉਪਦੇਸ਼ਕ ਉਨ੍ਹਾਂ ਜਾਨਵਰਾਂ ਵਰਗੇ ਹਨ ਜਿਹੜੇ ਸੋਚ ਨਹੀ ਸਕਦੇ। ਉਹ ਇੰਝ ਵਰਤਾਉ ਕਰਦੇ ਹਨ ਜਿਵੇਂ ਉਨ੍ਹਾਂ ਦੀ ਅਗਵਾਈ ਆਪਣੀ ਸਹਿਜ ਪ੍ਰੇਰਣਾ ਦੁਆਰਾ ਕੀਤੀ ਗਈ ਹੋਵੇ। ਉਹ ਫ਼ੜੇ ਜਾਣ ਅਤੇ ਮਰੇ ਜਾਣ ਲਈ ਹੀ ਜੰਮਦੇ ਹਨ। ਇਸ ਲਈ ਜੰਗਲੀ ਪਸ਼ੂਆਂ ਵਾਂਗ ਇਹ ਝੂਠੇ ਪ੍ਰਚਾਰਕ ਵੀ ਤਬਾਹ ਹੋ ਜਾਣਗੇ। 13 ਇਹ ਝੂਠੇ ਪ੍ਰਚਾਰਕ ਕਈ ਲੋਕਾਂ ਨੂੰ ਤਸੀਹੇ ਦੇਣ ਦਾ ਕਾਰਣ ਬਣੇ ਹਨ। ਇਸ ਲਈ ਉਹ ਵੀ ਤਸੀਹੇ ਝੱਲਣਗੇ। ਇਹ ਉਨ੍ਹਾਂ ਦੇ ਬਦੀ ਕਰਨ ਦੀਆਂ ਤਨਖਾਹਾਂ ਹਨ।ਉਹ ਸੋਚਦੇ ਹਨ ਕਿ ਉਨ੍ਹਾਂ ਲਈ ਖੁਲ੍ਹੇਆਮ ਬਦੀ ਕਰਨਾ ਮੌਜ ਹੈ। ਉਹ ਦੁਸ਼ਟ ਗੱਲਾਂ ਕਰਕੇ ਅਨੰਦ ਮਾਣਦੇ ਹਨ ਜੋ ਉਨ੍ਹਾਂ ਨੂੰ ਪ੍ਰਸੰਨ ਕਰਦੀਆਂ ਹਨ। ਇਸ ਲਈ ਜਦੋਂ ਉਹ ਤੁਹਾਡੇ ਨਾਲ ਸਾਂਝੀਆਂ ਦਾਅਵਤਾਂ ਵਿੱਚ ਭੋਜਨ ਖਾਂਦੇ ਹਨ, ਤਾਂ ਉਹ ਤੁਹਾਡੇ ਵਿਚਕਾਰ ਭੱਦੇ ਦਾਗਾਂ ਅਤੇ ਧਬਿਆਂ ਵਰਗੇ ਹਨ। 14 ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲਭਦੇ ਰਹਿੰਦੇ ਹਨ। ਉਨ੍ਹਾਂ ਦੀ ਪਾਪ ਕਰਨ ਦੀ ਇੱਛਾ ਕਦੇ ਵੀ ਸੰਤੁਸ਼ਟ ਨਹੀਂ ਹੋਵੇਗੀ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ। 15 ਇਨ੍ਹਾਂ ਝੂਠੇ ਪ੍ਰਚਾਰਕਾਂ ਨੇ ਸਹੀ ਰਸਤਾ ਛੱਡ ਕੇ ਗਲਤ ਰਾਹ ਫ਼ੜ ਲਿਆ ਹੈ। ਉਨ੍ਹਾਂ ਨੇ ਉਹੀ ਰਸਤਾ ਫ਼ੜਿਆ ਹੈ ਜਿਹੜਾ ਬਿਲਆਮ ਨੇ ਫ਼ੜਿਆ ਸੀ। ਬਿਲਆਮ ਬਿਓਰ ਦਾ ਪੁੱਤਰ ਸੀ। ਬਿਲਆਮ ਗਲਤ ਕਰਨ ਲਈ ਪੈਸੇ ਕੁਮਾਉਣ ਨੂੰ ਚੰਗਾ ਸਮਝਦਾ ਸੀ। 16 ਪਰ ਇੱਕ ਗਧੇ ਨੇ ਬਿਲਆਮ ਨੂੰ ਦਸਿਆ ਕਿ ਉਹ ਗਲਤ ਕੰਮ ਕਰ ਰਿਹਾ ਸੀ। ਗਧਾ ਬੋਲ ਨਹੀਂ ਸਕਦਾ, ਪਰ ਇਹ ਇੱਕ ਮਨੁੱਖ ਦੀ ਅਵਾਜ਼ ਵਿੱਚ ਬੋਲਿਆ ਅਤੇ ਨਬੀ ਨੂੰ ਉਸ ਕਮਲੀ ਗੱਲ ਕਰਨ ਤੋਂ ਰੋਕਿਆ। 17 ਇਹ ਝੂਠੇ ਪ੍ਰਚਾਰਕ ਪਾਣੀ ਦੇ ਸੁਕੇ ਹੋਏ ਝਰਨੇ ਹਨ। ਇਹ ਉਨ੍ਹਾਂ ਬੱਦਲਾਂ ਵਰਗੇ ਹਨ ਜਿਨ੍ਹਾਂ ਨੂੰ ਇੱਕ ਬੁੱਲਾ ਉਡਾ ਲੈ ਜਾਂਦਾ ਹੈ। ਘੋਰ ਅੰਧਕਾਰ ਵਾਲੀ ਥਾਂ ਇਨ੍ਹਾਂ ਲਈ ਜਮ੍ਹਾਂ ਕੀਤੀ ਗਈ ਹੈ। 18 ਇਹ ਝੂਠੇ ਪ੍ਰਚਾਰਕ ਅਜਿਹੇ ਸ਼ਬਦਾਂ ਨਾਲ ਪਾਪ ਕਰਦੇ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਉਨ੍ਹਾਂ ਲੋਕਾਂ ਨੂੰ ਭਟਕਾਉਂਦੇ ਹਨ, ਜਿਨ੍ਹਾਂ ਨੇ ਹੁਣੇ ਗਲਤ ਕਰਨ ਵਾਲਿਆਂ ਦੀ ਸੰਗਤ ਛੱਡੀ ਹੋਵੇ। ਉਹ ਅਜਿਹਾ ਆਪਣੇ ਪਾਪੀ ਆਪਿਆਂ ਦੀਆਂ ਦੁਸ਼ਟ ਇੱਛਾਵਾਂ ਦੁਆਰਾ ਕਰਦੇ ਹਨ। 19 ਇਹ ਝੂਠੇ ਪ੍ਰਚਾਰਕ ਵਾਅਦਾ ਕਰਦੇ ਹਨ ਕਿ ਉਨ੍ਹਾਂ ਲੋਕਾਂ ਨੂੰ ਅਜ਼ਾਦੀ ਮਿਲੇਗੀ। ਪਰ ਇਹ ਝੂਠੇ ਪ੍ਰਚਾਰਕ ਤਾਂ ਖੁਦ ਵੀ ਅਜ਼ਾਦ ਨਹੀਂ ਹਨ। ਇਹ ਭ੍ਰਸ਼ਟਾਚਾਰ ਦੇ ਗੁਲਾਮ ਹਨ। ਇੱਕ ਵਿਅਕਤੀ ਹਰ ਉਸ ਚੀਜ਼ ਦਾ ਗੁਲਾਮ ਹੈ ਜਿਸਨੇ ਉਸਨੂੰ ਆਪਣੇ ਕਾਬੂ ਹੇਠਾਂ ਕਰ ਲਿਆ ਹੈ। 20 ਇਹ ਲੋਕ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਨੂੰ ਡੂੰਘਾਈ ਨਾਲ ਜਾਨਣ ਦੁਆਰਾ ਦੁਨੀਆਂ ਦੇ ਮੰਦੇ ਰਾਹਾਂ ਤੋਂ ਬਚਾਏ ਗਏ ਸਨ। ਪਰ ਜਦੋਂ ਇਹ ਲੋਕ ਇਨ੍ਹਾਂ ਮੰਦੀਆਂ ਗੱਲਾਂ ਵਿੱਚ ਵਾਪਸ ਮੁੜ ਪੈਂਦੇ ਹਨ ਅਤੇ ਫ਼ੇਰ ਇਸਦੇ ਨਿਯਂਤ੍ਰਣ ਹੇਠਾਂ ਆ ਜਾਂਦੇ ਹਨ, ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਵਧੇਰੇ ਖਰਾਬ ਹੋ ਜਾਂਦੀ ਹੈ। 21 ਹਾਂ, ਇਹ ਚੰਗਾ ਹੁੰਦਾ ਜੇ ਉਹ ਸਹੀ ਰਾਹ ਨੂੰ ਜਾਨਣ ਦੀ ਬਜਾਇ ਇਸਨੂੰ ਨਾ ਹੀ ਜਾਣਦੇ ਅਤੇ ਫ਼ੇਰ ਉਸ ਪਵਿੱਤਰ ਹੁਕਮ ਤੋਂ ਮੁੜ ਜਾਂਦੇ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ। 22 ਜੋ ਉਨ੍ਹਾਂ ਨੇ ਕੀਤਾ ਹੈ ਉਹ ਸਾਬਤ ਕਰਦਾ ਹੈ ਕਿ ਉਹ ਆਖਣੀਆਂ ਸੱਚ ਹਨ; “ਇੱਕ ਕੁੱਤਾ ਉਲਟੀ ਕਰਦਾ ਹੈ ਅਤੇ ਆਪਣੀ ਉਲਟੀ ਵੱਲ ਵਾਪਸ ਪਰਤਦਾ ਹੈ।” ਅਤੇ, “ਇੱਕ ਸੂਰ ਨੁਹਾਉਣ ਤੋਂ ਬਾਦ, ਮੁੜ ਚਿੱਕੜ ਵਿੱਚ ਲਿਟਣ ਲਈ ਵਾਪਸ ਚਲਿਆ ਜਾਂਦਾ ਹੈ।”
3:1 ਮੇਰੇ ਮਿੱਤਰੋ ਤੁਹਾਡੇ ਵੱਲ ਇਹ ਮੇਰੀ ਦੂਜੀ ਚਿੱਠੀ ਹੈ। ਮੈਂ ਤੁਹਾਨੂੰ ਇਹ ਦੋਵੇਂ ਚਿੱਠੀਆਂ ਇਮਾਨਦਾਰੀ ਨਾਲ ਸੋਚਣ ਲਈ, ਹੌਂਸਲਾ ਦੇਣ ਲਈ, ਅਤੇ ਇਹ ਗੱਲਾਂ ਚੇਤੇ ਰੱਖਣ ਲਈ ਲਿਖੀਆਂ ਹਨ। 2 ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਚੇਤੇ ਕਰੋ ਜਿਹੜੇ ਅਤੀਤ ਵਿੱਚ ਪਵਿੱਤਰ ਨਬੀਆਂ ਨੇ ਬੋਲੇ ਸਨ। ਸਾਡੇ ਪ੍ਰਭੂ ਅਤੇ ਮੁਕਤੀਦਾਤੇ ਨੇ ਇਹ ਹੁਕਮ ਸਾਨੂੰ ਤੁਹਾਡੇ ਰਸੂਲਾਂ ਰਾਹੀਂ ਦਿੱਤਾ ਸੀ। 3 ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ। 4 ਉਹ ਲੋਕ ਆਖਣਗੇ, “ਉਸਨੇ ਫ਼ੇਰ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ? ਸਾਡੇ ਪਿਉ ਦਾਦੇ ਮਰ ਚੁੱਕੇ ਹਨ। ਪਰ ਦੁਨੀਆਂ ਓਸੇ ਤਰ੍ਹਾਂ ਚੱਲ ਰਹੀ ਹੈ ਜਿਸ ਤਰ੍ਹਾਂ ਇਹ ਜਦੋਂ ਤੋਂ ਬਣਾਈ ਗਈ ਸੀ। 5 ਪਰ ਇਹ ਲੋਕ ਉਹ ਚੇਤੇ ਕਰਨਾ ਪਸੰਦ ਨਹੀਂ ਕਰਦੇ ਜੋ ਬਹੁਤ ਪਹਿਲਾਂ ਵਾਪਰਿਆ ਸੀ। ਅਕਾਸ਼ ਉਥੇ ਹੀ ਸੀ ਅਤੇ ਪਰਮੇਸ਼ੁਰ ਨੇ ਧਰਤੀ ਨੂੰ ਪਾਣੀ ਤੋਂ ਅਤੇ ਪਾਣੀ ਨਾਲ ਸਾਜਿਆ। ਇਹ ਸਭ ਕੁਝ ਉਸਦੇ ਬਚਨ ਨਾਲ ਸਾਜਿਆ ਗਿਆ ਹੈ। 6 ਉਸ ਦੁਨੀਆਂ ਵਿੱਚ ਹਢ਼ ਆਏ ਅਤੇ ਪਾਣੀ ਦੁਆਰਾ ਨਸ਼ਟ ਹੋ ਗਈ। 7 ਪਰਮੇਸ਼ੁਰ ਦਾ ਉਹੀ ਬਚਨ ਅਕਾਸ਼ ਅਤੇ ਧਰਤੀ ਨੂੰ ਰੱਖਦਾ ਹੈ ਜਿਹੜਾ ਹੁਣ ਸਾਡੇ ਕੋਲ ਹੈ। ਉਹ ਅੱਗ ਦੁਆਰਾ ਤਬਾਹੀ ਲਈ ਰਖੇ ਜਾ ਰਹੇ ਹਨ। ਇਹ ਨਿਰਣੇ ਦੇ ਦਿਨ ਤੱਕ ਰੱਖੇ ਜਾਣਗੇ ਅਤੇ ਉਨ੍ਹਾਂ ਦੀ ਤਬਾਹੀ ਲਈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਮੁੜਦੇ ਹਨ। 8 ਪਰ ਮੇਰੇ ਪਿਆਰੇ ਮਿੱਤਰੋ। ਇਹ ਇੱਕ ਗੱਲ ਨਾ ਭੁਲਿਓ। ਪ੍ਰਭੂ ਲਈ ਇੱਕ ਦਿਨ ਹਜ਼ਾਰਾਂ ਸਾਲਾਂ ਵਰਗਾ ਹੈ ਅਤੇ ਹਜ਼ਾਰਾਂ ਸਾਲ ਇੱਕ ਦਿਨ ਵਰਗੇ ਹਨ। 9 ਪ੍ਰਭੂ ਉਹ ਗੱਲ ਕਰਨ ਵਿੱਚ ਢਿਲ ਨਹੀਂ ਲਾ ਰਿਹਾ ਜਿਸ ਬਾਰੇ ਉਸਨੇ ਵਾਅਦਾ ਕੀਤਾ ਹੈ, ਜਿਵੇਂ ਕੁਝ ਲੋਕ ਸਮਝਦੇ ਹਨ। ਪਰ ਪਰਮੇਸ਼ੁਰ ਤੁਹਾਡੇ ਨਾਲ ਸਬਰ ਤੋਂ ਕੰਮ ਲੈ ਰਿਹਾ ਹੈ। ਪਰਮੇਸ਼ੁਰ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਤਬਾਹ ਹੋ ਜਾਵੇ। ਉਹ ਚਾਹੁੰਦਾ ਹੈ ਕਿ ਹਰ ਵਿਅਕਤੀ ਆਪਣੇ ਆਪ ਨੂੰ ਬਦਲ ਦੇਵੇ ਅਤੇ ਪਾਪ ਕਰਨਾ ਛੱਡ ਦੇਵੇ। 10 ਪ੍ਰਭੂ ਦੇ ਆਉਣ ਦਾ ਦਿਨ ਉਸੇ ਤਰ੍ਹਾਂ ਹੈਰਾਨੀਜਨਕ ਹੋਵੇਗਾ ਜਿਵੇਂ ਇੱਕ ਚੋਰ ਆਉਂਦਾ ਹੈ। ਇੱਕ ਉੱਚੀ ਅਵਾਜ਼ ਨਾਲ ਅਕਾਸ਼ ਅਲੋਪ ਹੋ ਜਾਵੇਗਾ ਅਤੇ ਅਕਾਸ਼ ਵਿਚਲੀ ਹਰ ਚੀਜ਼ ਅੱਗ ਦੁਆਰਾ ਤਬਾਹ ਕਰ ਦਿੱਤੀ ਜਾਵੇਗੀ। ਧਰਤੀ ਅਤੇ ਇਸ ਉਤਲੀ ਹਰ ਸ਼ੈਅ ਸਾੜ ਦਿੱਤੀ ਜਾਵੇਗੀ। 11 ਇਸ ਤਰ੍ਹਾਂ ਹਰ ਚੀਜ਼ ਜਿਵੇਂ ਕਿ ਮੈਂ ਤੁਹਾਨੂੰ ਦਸਿਆ ਹੈ, ਤਬਾਹ ਹੋ ਜਾਵੇਗੀ। ਇਸ ਲਈ ਸੋਚੋ ਤੁਹਾਨੂੰ ਕਿਸ ਤਰ੍ਹਾਂ ਦੇ ਲੋਕ ਹੋਣਾ ਚਾਹੀਦਾ ਹੈ? ਤੁਹਾਨੂੰ ਇੱਕ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਗੱਲਾਂ ਕਰਣੀਆਂ ਚਾਹੀਦੀਆਂ ਹਨ। 12 ਤੁਹਾਨੂੰ ਪ੍ਰਭੂ ਦੇ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਅਤੇ ਉਤਸੁਕਤਾ ਨਾਲ ਇਸ ਵਾਸਤੇ ਅਗਾਂਹ ਵੇਖੋ। ਜਦੋਂ ਉਹ ਦਿਨ ਆਵੇਗਾ, ਅਕਾਸ਼ ਅੱਗ ਦੁਆਰਾ ਤਬਾਹ ਹੋ ਜਾਵੇਗਾ, ਅਤੇ ਇਸ ਵਿਚਲਾ ਸਭ ਕੁਝ ਗਰਮੀ ਦੇ ਕਾਰਣ ਪਿਘਲ ਜਾਵੇਗਾ। 13 ਪਰ ਜਿਵੇਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ, ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦਾ ਇੰਤਜ਼ਾਰ ਕਰ ਰਹੇ ਹਾਂ ਜਿਥੇ ਧਾਰਮਿਕਤਾ ਵਸੇਗੀ। 14 ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁਦ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15 ਯਾਦ ਰਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦਸੀ ਸੀ ਜਦੋਂ ਉਸਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸਨੂੰ ਸੂਝ ਦਿੱਤੀ ਸੀ। 16 ਪੌਲੁਸ ਆਪਣੇ ਸਾਰੇ ਪੱਤਰਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਇਸੇ ਤਰ੍ਹਾਂ ਹੀ ਲਿਖਦਾ ਹੈ। ਉਸ ਦੀਆਂ ਲਿਖਤਾਂ ਵਿੱਚ, ਕੁਝ ਗੱਲਾਂ ਹਨ ਜਿਹੜੀਆਂ ਸਮਝਣ ਲਈ ਔਖੀਆਂ ਹਨ। ਅਣਜਾਣ ਲੋਕੀਂ ਅਤੇ ਉਹ ਲੋਕ ਜੋ ਨਿਹਚਾ ਵਿੱਚ ਕਮਜ਼ੋਰ ਹਨ, ਜਾਣ ਬੁਝ ਕੇ ਅਜਿਹੀਆਂ ਗੱਲਾਂ ਦਾ ਗਲਤ ਮਤਲਬ ਦਿੰਦੇ ਹਨ। ਉਹ ਦੂਸਰੀਆਂ ਪੋਥੀਆਂ ਨਾਲ ਵੀ ਉਹੀ ਸਲੂਕ ਕਰਦੇ ਹਨ। ਅਜਿਹਾ ਕਰਕੇ, ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ। 17 ਪਿਆਰੇ ਮਿੱਤਰ ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਲਈ ਹੋਸ਼ਿਆਰ ਰਹੋ। ਮੰਦੇ ਲੋਕਾਂ ਨੂੰ ਇਨ੍ਹਾਂ ਗਲਤ ਅੰਦਾਜ਼ਿਆਂ ਨਾਲ ਤੁਹਾਨੂੰ ਸਹੀ ਰਾਹ ਤੋਂ ਭਟਕਾਉਣ ਅਤੇ ਤੁਹਾਨੂੰ ਅੜਕਾ ਕੇ ਆਪਣੀ ਮਜਬੂਤ ਨਿਹਚਾ ਤੋਂ ਡੇਗਣ ਦਾ ਮੌਕਾ ਨਾ ਦਿਉ। 18 ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਈਹ ਦੀ ਕਿਰਪਾ ਅਤੇ ਗਿਆਨ ਵਿੱਚ ਵਧੋ। ਹੁਣ ਅਤੇ ਸਦਾ ਲਈ ਮਹਿਮਾ ਉਸਨੂੰ ਹੋਵੇ। ਆਮੀਨ।