Colossians

1:1 ਮਸੀਹ ਯਿਸੂ ਦੇ ਰਸੂਲ ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਇਸਲਈ ਪਰਮੇਸ਼ੁਰ ਦਾ ਰਸੂਲ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਸੀ। ਮਸੀਹ ਵਿੱਚ ਸਾਡੇ ਭਰਾ ਤਿਮੋਥਿਉਸ ਵੱਲੋਂ ਵੀ ਸ਼ੁਭਕਾਮਨਾਵਾਂ। 2 ਉਨ੍ਹਾਂ ਸਾਰੇ ਪਵਿੱਤਰ ਅਤੇ ਵਫ਼ਾਦਾਰ ਭਰਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮਸੀਹ ਵਿੱਚ ਨਿਹਚਾ ਰਖਦੇ ਹਨ ਅਤੇ ਜਿਹੜੇ ਕੁਲੁਸੈ ਸ਼ਹਿਰ ਵਿੱਚ ਰਹਿੰਦੇ ਹਨ।ਪਰਮੇਸ਼ੁਰ ਸਾਡੇ ਪਿਤਾ, ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ। 3 ਜਦੋਂ ਵੀ ਅਸੀਂ ਤੁਹਾਡੇ ਲਈ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਹਾਂ, ਅਸੀਂ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰਦੇ ਹਾਂ। 4 ਅਸੀਂ ਪਰਮੇਸ਼ੁਰ ਦਾ ਸ਼ੁਕਰਾਨਾ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰੇਮ ਬਾਰੇ ਸੁਣਿਆ ਹੈ। 5 ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਤੁਸੀਂ ਆਸ ਰਖਦੇ ਹੋ ਤੁਹਾਡੇ ਲਈ ਸਵਰਗ ਵਿੱਚ ਸੁਰਖਿਆਤ ਰਖੀਆਂ ਗਈਆਂ ਹਨ। ਤੁਸੀਂ ਉਸ ਆਸ ਬਾਰੇ ਉਦੋਂ ਸਿਖਿਆ ਜਦੋਂ ਤੁਸੀਂ ਸੱਚੇ ਉਪਦੇਸ਼, ਖੁਸ਼ਖਬਰੀ ਨੂੰ ਸੁਣਿਆ ਸੀ। 6 ਜਿਹੜੀ ਖੁਸ਼ਖਬਰੀ ਤੁਹਾਨੂੰ ਕਹੀ ਗਈ ਸੀ ਫ਼ਲ ਦੇ ਰਹੀ ਹੈ ਅਤੇ ਸਾਰੀ ਦੁਨੀਆਂ ਵਿੱਚ ਵਧ ਰਹੀ ਹੈ। ਹੁਣ ਤੱਕ ਤੁਹਾਡੇ ਨਾਲ ਵੀ ਉਹੀ ਗੱਲ ਵਾਪਰੀ ਜਿਸ ਸਮੇਂ ਤੋਂ ਤੁਸੀਂ ਖੁਸ਼ਖਬਰੀ ਸੁਣੀ ਅਤੇ ਪਰਮੇਸ਼ੁਰ ਦੀ ਕਿਰਪਾ ਬਾਰੇ ਸੱਚਮੁਚ ਸਮਝ ਗਏ। 7 ਤੁਸੀਂ ਪਰਮੇਸ਼ੁਰ ਦੀ ਕਿਰਪਾ ਬਾਰੇ ਸਾਡੇ ਸਾਥੀ ਸੇਵਕ ਇਪਫ਼੍ਰਾਸ ਤੋਂ ਸਿਖਿਆ। ਅਸੀਂ ਉਸਨੂੰ ਪਿਆਰ ਕਰਦੇ ਹਾਂ ਅਤੇ ਉਹ ਮਸੀਹ ਦਾ ਇੱਕ ਵਫ਼ਾਦਾਰ ਨੌਕਰ ਹੈ। 8 ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ। 9 ਜਿਸ ਦਿਨ ਤੋਂ ਅਸੀਂ ਤੁਹਾਡੇ ਬਾਰੇ ਇਹ ਸਭ ਸੁਣਿਆ ਹੈ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ। ਅਸੀਂ ਤੁਹਾਡੇ ਲਈ ਇਨ੍ਹਾਂ ਗੱਲਾਂ ਦੀ ਪ੍ਰਾਰਥਨਾ ਕਰ ਰਹੇ ਹਾਂ:ਤੁਹਾਨੂੰ ਉਸ ਬਾਰੇ ਪੂਰਾ ਗਿਆਨ ਹੋਵੇ ਜੋ ਪਰਮੇਸ਼ੁਰ ਚਾਹੁੰਦਾ ਹੈ; ਤੁਹਾਡੇ ਕੋਲ ਮਹਾਨ ਸਿਆਣਪ ਅਤੇ ਆਤਮਕ ਗੱਲਾਂ ਵਿੱਚ ਸਮਝਦਾਰੀ ਹੋਵੇ; 10 ਤੁਸੀਂ ਅਜਿਹੇ ਢੰਗ ਨਾਲ ਜੀਵੋ ਜੋ ਪ੍ਰਭੂ ਨੂੰ ਮਾਣ ਲਿਆਉਂਦਾ ਹੋਵੇ ਅਤੇ ਉਸਨੂੰ ਹਰ ਤਰ੍ਹਾਂ ਪ੍ਰਸੰਨ ਕਰਦਾ ਹੋਵੇ; ਤੁਸੀਂ ਸਭ ਤਰ੍ਹਾਂ ਦੇ ਚੰਗੇ ਕੰਮ ਕਰ ਸਕੋਂ ਅਤੇ ਪਰਮੇਸ਼ੁਰ ਦੇ ਪੂਰਨ ਗਿਆਨ ਵਿੱਚ ਵਧ ਸਕੋਂ; 11 ਪਰਮੇਸ਼ੁਰ ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਬਲ ਬਖਸ਼ੇ ਤਾਂ ਜੋ ਤੁਸੀਂ ਵੱਡੇ ਸਬਰ ਨਾਲ ਸਾਰੀਆਂ ਤਕਲੀਫ਼ਾਂ ਨੂੰ ਝੱਲ ਸਕੋਂ।ਫ਼ੇਰ ਅਨੰਦ ਨਾਲ, 12 ਤੁਸੀਂ ਪਿਤਾ ਦਾ ਸ਼ੁਕਰਾਨਾ ਕਰੋਂਗ਼ੇ। ਉਸਨੇ ਤੁਹਾਨੂੰ ਉਹ ਚੀਜ਼ਾਂ ਹਾਸਿਲ ਕਰਨ ਦੇ ਸਮਰਥ ਬਣਾਇਆ ਹੈ ਜਿਹੜੀਆਂ ਉਸਨੇ ਤੁਹਾਡੇ ਲਈ ਤਿਆਰ ਕੀਤੀਆਂ ਹਨ। ਉਸਨੇ ਇਹ ਸਭ ਚੀਜ਼ਾਂ ਆਪਣੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀਆਂ ਹਨ ਜਿਹੜੇ ਰੌਸ਼ਨੀ ਵਿੱਚ ਰਹਿੰਦੇ ਹਨ। 13 ਪਰਮੇਸ਼ੁਰ ਨੇ ਸਾਨੂੰ ਉਸ ਸ਼ਕਤੀ ਤੋਂ ਮੁਕਤ ਕਰਾਇਆ ਜਿਹੜੀ ਹਨੇਰੇ ਤੇ ਸ਼ਾਸਨ ਕਰਦੀ ਹੈ। ਅਤੇ ਸਾਨੂੰ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲਿਆਇਆ। 14 ਉਸ ਪੁੱਤਰ ਨੇ ਸਾਡੇ ਪਾਪਾਂ ਦਾ ਮੁਲ ਤਾਰਿਆ ਹੈ, ਉਸ ਵਿੱਚ ਅਸੀਂ ਆਪਣੇ ਪਾਪਾਂ ਤੋਂ ਬਖਸ਼ੇ ਗਏ ਹਾਂ। 15 ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸਕਦਾ।ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ।ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ। 16 ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ,ਪ੍ਰਤਖ ਚੀਜ਼ਾਂ ਜਾਂ ਅਪ੍ਰਤਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ,ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂਅਤੇ ਉਸੇ ਲਈ ਸਾਜੀਆਂ ਗਈਆਂ ਹਨ। 17 ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇਥੇ ਮੌਜੂਦ ਸੀ।ਅਤੇ ਉਸਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ। 18 ਮਸੀਹ ਸ਼ਰੀਰ ਦਾ ਮੁਖੀ ਹੈ। ਜੋ ਕਿ ਕਲੀਸਿਯਾ ਹੈ।ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ।ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਉਭਾਰਿਆ ਗਿਆ ਸੀ,ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮਹੱਤਵਪੂਰਣ ਹੈ। 19 ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿਚ ਪਰਮੇਸ਼ੁਰ ਦੀ ਖੁਸ਼ੀ ਸੀ। 20 ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ,ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ।ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦੇ ਮੇਲ ਮਿਲਾਪ ਕਰ ਦਿੱਤਾ। 21 ਅਤੀਤ ਵਿੱਚ, ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਤੁਸੀਂ ਆਪਣੇ ਮਨਾਂ ਅਤੇ ਆਪਣੇ ਦਿਲਾਂ ਵਿੱਚ ਵੀ ਉਸਦੇ ਦੁਸ਼ਮਣ ਸੀ। ਤੁਹਾਡੀਆਂ ਬਦਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਹ ਸੱਚ ਸੀ। 22 ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸ਼ਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸਕੇ। 23 ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੇ ਨਿਹਚੇ ਵਿੱਚ ਤਕੜੇ ਹੋਣਾ ਜਾਰੀ ਰਖੋਂਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ। 24 ਤੁਹਾਡੇ ਲਈ ਦੁਖ ਝੱਲਣ ਵਿੱਚ ਮੈਨੂੰ ਖੁਸ਼ੀ ਹੈ। ਕਲੀਸਿਯਾ ਦੀ ਖਾਤਿਰ ਹਾਲੇ ਮਸੀਹ ਲਈ ਜੋ ਵੀ ਦੁਖ ਬਾਕੀ ਹਨ। ਮੈਂ ਉਨ੍ਹਾਂ ਤਕਲੀਫ਼ਾਂ ਨੂੰ ਆਪਣੇ ਸ਼ਰੀਰ ਉੱਤੇ ਪ੍ਰਵਾਨ ਕਰਦਾ ਹਾਂ। ਮੈਂ ਉਸਦੇ ਸ਼ਰੀਰ, ਕਲੀਸਿਯਾ ਲਈ ਤਕਲੀਫ਼ਾਂ ਝੱਲਦਾ ਹਾ। 25 ਮੈਂ ਕਲੀਸਿਯਾ ਦਾ ਸੇਵਕ ਬਣ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਲਾਭ ਲਈ ਇੱਕ ਖਾਸ ਕੰਮ ਕਰਨ ਲਈ ਦਿੱਤਾ ਹੈ। ਮੇਰਾ ਕਾਰਜ ਪਰਮੇਸ਼ੁਰ ਦੇ ਉਪਦੇਸ਼ ਨੂੰ ਪੂਰੀ ਤਰ੍ਹਾਂ ਦੱਸਣਾ ਹੈ। 26 ਇਹ ਉਪਦੇਸ਼ ਉਹ ਗੁਪਤ ਸੱਚ ਹੈ ਜੋ ਸਦੀਆਂ ਅਤੇ ਪੀੜੀਆਂ ਤੱਕ ਲੋਕਾਂ ਤੋਂ ਲੁਕੋਇਆ ਹੋਇਆ ਸੀ। ਪਰ ਹੁਣ ਇਹ ਸੱਚ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਨੂੰ ਜਾਹਰ ਕੀਤਾ ਗਿਆ ਹੈ। 27 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਇਹ ਪਤਾ ਲਗਾਉਣ ਦਾ ਨਿਰਣਾ ਕਰ ਲਿਆ ਕਿ ਇਹ ਸੱਚ ਕਿੰਨਾ ਅਮੀਰ ਅਤੇ ਮਹਿਮਾਮਈ ਹੈ। ਇਹ ਗੁਪਤ ਸੱਚ ਸਮੂਹ ਕੌਮਾਂ ਲਈ ਹੈ। ਇਹ ਸਚਾਈ ਖੁਦ ਮਸੀਹ ਹੈ ਜਿਸਦਾ ਨਿਵਾਸ ਤੁਹਾਡੇ ਅਦਰ ਹੈ। ਮਹਿਮਾ ਲਈ ਉਹ ਸਾਡੀ ਇੱਕੋ ਇੱਕ ਉਮੀਦ ਹੈ। 28 ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ੍ਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ। 29 ਇਸ ਮੰਤਵ ਨਾਲ, ਮੈਂ ਉਸ ਤਾਕਤ ਨਾਲ ਸਖਤ ਮਿਹਨਤ ਕਰਦਾ ਹਾਂ ਜੋ ਮਸੀਹ ਮੈਨੂੰ ਦਿੰਦਾ ਹੈ। ਉਹ ਸ਼ਕਤੀ ਮੇਰੇ ਜੀਵਨ ਵਿੱਚ ਕਾਰਜ ਕਰ ਕਰ ਰਹੀ ਹੈ।

2:1 ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। 2 ਮੈਂ ਚਾਹੁੰਦਾ ਹਾਂ ਕਿ ਉਹ ਮਜ਼ਬੂਤ ਹੋਣ ਅਤੇ ਪ੍ਰੇਮ ਨਾਲ ਇਕਮੁਠ ਹੋਣ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਉਹ ਹੌਂਸਲੇਮੰਦ ਅਤੇ ਪ੍ਰੇਮ ਨਾਲ ਸੰਯੁਕਤ ਹੋਣਗੇ। ਮੈਂ ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਅਮੀਰ ਹੋਇਆ ਦੇਖਣਾ ਚਾਹੁੰਦਾ ਹਾਂ ਜੋ ਸਮਝਦਾਰੀ ਤੋਂ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਉਸ ਗੁਪਤ ਸੱਚ ਬਾਰੇ ਜਾਣ ਜਾਵੋਂ ਜੋ ਪਰਮੇਸ਼ੁਰ ਨੇ ਪਰਗਟ ਕੀਤਾ ਹੈ। ਇਹ ਸੱਚ ਮਸੀਹ ਹੀ ਹੈ। 3 ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ। 4 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਕੋਈ ਵੀ ਵਿਅਕਤੀ ਤੁਹਾਨੂੰ ਮਿਠੀਆਂ ਗੱਲਾਂ ਰਾਹੀਂ ਮੂਰਖ ਨਾ ਬਣਾ ਸਕੇ ਜਿਹੜੀਆਂ ਲਗਦੀਆਂ ਤਾਂ ਚੰਗੀਆਂ ਹਨ ਪਰ ਅਸਲ ਵਿੱਚ ਝੂਠੀਆਂ ਹਨ। 5 ਹਾਲਾਂ ਕਿ ਮੈਂ ਤੁਹਾਡੇ ਨਾਲ, ਸ਼ਰੀਰ ਵਿੱਚ ਨਹੀਂ ਹਾਂ, ਮੇਰਾ ਦਿਲ ਤੁਹਾਡੇ ਨਾਲ ਹੈ। ਮੈਂ ਤੁਹਾਡੇ ਚੰਗੇ ਜੀਵਨ ਅਤੇ ਮਸੀਹ ਵਿੱਚ ਤੁਹਾਡੇ ਤਕੜੇ ਵਿਸ਼ਵਾਸ ਨੂੰ ਦੇਖਕੇ ਖੁਸ਼ ਹਾਂ। 6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪ੍ਰਭੂ ਦੇ ਸ਼ੁਕਰਗੁਜ਼ਾਰ ਹੋਵੋ। 8 ਸਾਵਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਰਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। 9 ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸ਼ਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿਤ੍ਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ। 11 ਮਸੀਹ ਦੇ ਨਮਿਤ ਤੁਸੀਂ ਵਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਉਭਾਰੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸਨੇ ਮਸੀਹ ਨੂੰ ਮੌਤ ਤੋਂ ਉਭਾਰਿਆ ਸੀ। 13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸਨੂੰ ਲੈ ਲਿਆ ਅਤੇ ਇਸਨੂੰ ਸਲੀਬ ਉੱਤੇ ਟਂਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ। 16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸ਼ਰੀਰ ਦਾ ਮੁਖੀ ਹੈ। ਸਾਰਾ ਸ਼ਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸ਼ਰੀਰ ਦੇ ਸਾਰੇ ਅੰਗ ਇਕਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸ਼ਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ। 20 ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਸੁਤੰਤਰ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ। 21 “ਇਸਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ”, ਇਸਨੂੰ ਨਾ ਛੂਹੋ?” 22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। 23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸ਼ਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।

3:1 ਜੇਕਰ ਤੁਹਾਡਾ ਪੁਨਰ ਉਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। 2 ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। 3 ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। 4 ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ। 5 ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸਕ ਹਨ। 6 ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। 7 ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ। 8 ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। 9 ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ। 10 ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11 ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉਚ ਹੈ। 12 ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13 ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14 ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15 ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸ਼ਰੀਰ ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ। 16 ਆਪਣੇ ਅੰਦਰ ਮਸੀਹ ਦੀ ਸਿਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17 ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ। 18 ਪਤਨੀਓ, ਆਪਣੇ ਪਤੀਆਂ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਵਿੱਚ ਅਜਿਹਾ ਕਰਨਾ ਹੀ ਠੀਕ ਹੈ। 19 ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨਾਲ ਬਤਮੀਜ਼ੀ ਨਾ ਕਰੋ। 20 ਬਚਿਓ, ਹਰ ਗੱਲ ਵਿੱਚ ਆਪਣੇ ਮਾਪਿਆਂ ਦਾ ਆਖਿਆ ਮੰਨੋ। ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ। 21 ਪਿਤਾਓ, ਆਪਣੇ ਬਚਿਆਂ ਨੂੰ ਨਿਰਾਸ਼ਾਜਨਕ ਨਾ ਬਣਾਓ। ਜੇ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਖਤ ਹੋਵੋਂਗੇ ਤਾਂ ਉਹ ਕੋਸ਼ਿਸ਼ ਕਰਨੀ ਛੱਡ ਦੇਣਗੇ। 22 ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ। 23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ। 24 ਯਾਦ ਰਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ। 25 ਯਾਦ ਰਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।

4:1 ਮਾਲਕੋ, ਆਪਣੇ ਨੌਕਰਾਂ ਨਾਲ ਨਰਮ ਰਹੋ ਅਤੇ ਜੋ ਜਾਇਜ਼ ਤੌਰ ਤੇ ਉਨ੍ਹਾਂ ਦਾ ਹੈ, ਉਨ੍ਹਾਂ ਨੂੰ ਦਿਉ। ਯਾਦ ਰਖੋ ਕਿ ਸਵਰਗ ਵਿੱਚ ਤੁਹਾਡਾ ਵੀ ਕੋਈ ਮਾਲਕ ਹੈ। 2 ਅਡੋਲ ਪ੍ਰਾਰਥਨਾ ਕਰੋ ਅਤੇ ਜਦੋਂ ਤੁਸੀਂ ਪ੍ਰਾਰਥਨਾ ਕਰੋ, ਹਮੇਸ਼ਾ ਚੌਕਸ ਰਹੋ ਅਤੇ ਪਰਮੇਸ਼ੁਰ ਦਾ ਸ਼ੁਕਰਾਨਾ ਕਰੋ। 3 ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਅਸੀਂ ਮਸੀਹ ਬਾਰੇ ਉਸ ਗੁਪਤ ਸੱਚ ਦਾ ਪ੍ਰਚਾਰ ਲੋਕਾਂ ਨੂੰ ਕਰਨ ਯੋਗ ਹੋਈਏ ਜੋ ਪਰਮੇਸ਼ੁਰ ਨੇ ਸਾਡੇ ਤੇ ਪਰਗਟ ਕੀਤਾ ਹੈ। ਮੈਂ ਇਸ ਲਈ ਕੈਦ ਵਿੱਚ ਹਾਂ ਕਿਉਂਕਿ ਮੈਂ ਇਸ ਸੱਚ ਦਾ ਪ੍ਰਚਾਰ ਕਰਦਾ ਹਾਂ। 4 ਪ੍ਰਾਰਥਨਾ ਕਰੋ ਕਿ ਮੈਂ ਇਸ ਬਾਰੇ ਸਪਸ਼ਟ ਤੌਰ ਤੇ ਬੋਲ ਸਕਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ। 5 ਗੈਰ ਯਹੂਦੀਆਂ ਨਾਲ ਸਿਆਣਪ ਨਾਲ ਵਰਤਾਓ ਕਰੋ। ਆਪਣੇ ਸਮੇਂ ਨੂੰ ਵਧ ਤੋਂ ਵਧ ਚੰਗੀ ਤਰ੍ਹਾਂ ਵਰਤੋ। 6 ਜਦੋਂ ਤੁਸੀਂ ਗੱਲ ਬਾਤ ਕਰੋ, ਤੁਹਾਨੂੰ ਹਰ ਸਮੇਂ ਮਿਹਰਬਾਨ ਅਤੇ ਸਿਆਣਾ ਹੋਣਾ ਚਾਹੀਦਾ ਹੈ। ਫ਼ੇਰ ਤੁਸੀਂ ਹਰ ਵਿਅਕਤੀ ਨੂੰ ਉਸੇ ਤਰ੍ਹਾਂ ਜਵਾਬ ਦੇ ਸਕੋਂਗੇ ਜਿਸ ਤਰ੍ਹਾਂ ਤੁਹਾਨੂੰ ਦੇਣਾ ਚਾਹੀਦਾ ਹੈ। 7 ਮਸੀਹ ਵਿੱਚ ਇੱਕ ਪਿਆਰਾ ਭਰਾ, ਤੁਖਿਕੁਸ। ਉਹ ਮੇਰੇ ਨਾਲ ਪ੍ਰਭੂ ਲਈ ਕੰਮ ਕਰਿਦਆਂ ਭਰੋਸੇਯੋਗ ਸੇਵਕ ਹੈ। ਉਹ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੇਵੇਗਾ। ਜਿਹੜੀਆਂ ਮੇਰੇ ਨਾਲ ਵਾਪਰ ਰਹੀਆਂ ਹਨ। 8 ਇਹੀ ਕਾਰਣ ਹੈ ਕਿ ਮੈਂ ਉਸਨੂੰ ਤੁਹਾਡੇ ਵੱਲ ਭੇਜ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੀਆਂ ਗੱਲਾਂ ਤੋਂ ਜਾਣੂ ਹੋਵੋ। ਅਤੇ ਮੈਂ ਉਸਨੂੰ ਇਸ ਲਈ ਭੇਜ ਰਿਹਾ ਹਾਂ ਕਿ ਤੁਸੀਂ ਹੌਂਸਲਾ ਰਖੋ। 9 ਮੈਂ ਉਸਦੇ ਨਾਲ ਉਨੇਸਿਮੁਸ ਨੂੰ ਵੀ ਭੇਜ ਰਿਹਾ ਹਾਂ। ਉਹ ਸਾਡੇ ਲਈ ਇੱਕ ਵਫ਼ਾਦਾਰ ਅਤੇ ਪਿਆਰਾ ਭਰਾ ਹੈ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ। ਤੁਖਿਕੁਸ ਅਤੇ ਉਨੇਸਿਮੁਸ ਤੁਹਾਨੂੰ ਉਹ ਸਾਰਾ ਕੁਝ ਦੱਸ ਦੇਣਗੇ ਜੋ ਇਥੇ ਵਾਪਰਿਆ ਸੀ। 10 ਅਰਿਸਤਰਖੁਸ ਵੱਲੋਂ ਸ਼ੁਭਕਾਮਨਾਵਾਂ। ਉਹ ਮੇਰੇ ਨਾਲ ਕੈਦ ਵਿੱਚ ਹੈ। ਮਰਕੁਸ, ਬਰਨਾਬਾਸ ਦੇ ਚਚੇਰਾ ਭਰਾ, ਵੱਲੋਂ ਵੀ ਸ਼ੁਭਕਾਮਨਾਵਾਂ। ਮੈਂ ਪਹਿਲਾਂ ਹੀ ਤੁਹਾਨੂੰ ਉਸ ਬਾਰੇ ਹਿਦਾਇਤਾਂ ਦੇ ਚੁਕਿਆ ਹਾਂ ਜਦੋਂ ਉਹ ਆਵੇਗਾ, ਉਸਦਾ ਸੁਆਗਤ ਕਰਿਓ। 11 ਯਿਸੂ ਜਿਸਨੂੰ ਯੂਸਤੁਸ ਵੀ ਆਖਿਆ ਜਾਂਦਾ ਹੈ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਸਿਰਫ਼ ਇਹੀ ਉਹ ਯਹੂਦੀ ਨਿਹਚਾਵਾਨ ਹਨ ਜਿਹੜੇ ਮੇਰੇ ਨਾਲ ਪਰਮੇਸ਼ੁਰ ਦੇ ਰਾਜ ਲਈ ਕਾਰਜ ਕਰ ਰਹੇ ਹਨ। ਉਹ ਮੇਰੇ ਲਈ ਸਕੂਨ ਦਾ ਇੱਕ ਸਾਧਨ ਹਨ। 12 ਇਪਫ਼੍ਰਾਸ ਵੱਲੋਂ ਵੀ ਤੁਹਾਨੂੰ ਸ਼ੁਭਕਾਮਨਾਵਾਂ। ਉਹ ਤੁਹਾਡੇ ਸਮੂਹ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦੇ ਸੇਵਕਾਂ ਵਿੱਚੋਂ ਇੱਕ ਹੈ। ਉਹ ਹਮੇਸ਼ਾ ਗੰਭੀਰਤਾਪੂਰਵਕ ਪਰਮੇਸ਼ੁਰ ਨੂੰ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦਾ ਹੈ ਤਾਂ ਜੋ ਤੁਸੀਂ ਆਤਮਕ ਤੌਰ ਤੇ ਪੂਰੀ ਤਰ੍ਹਾਂ ਵਧੋ ਅਤੇ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰੋ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਣ। 13 ਮੈਂ ਜਾਣਦਾ ਹਾਂ ਕਿ ਉਸਨੇ ਤੁਹਾਡੇ ਲਈ ਅਤੇ ਲਾਉਦਿਕਿਯਾ ਅਤੇ ਹੀਏਰਪੁਲਿਸ ਦੇ ਲੋਕਾਂ ਲਈ ਸਖਤ ਮਿਹਨਤ ਕੀਤੀ ਹੈ। 14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ। 15 ਲਾਉਦਿਕਿਯਾ ਵਿੱਚ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਅਤੇ ਨੁਮਫ਼ਾਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਉਸਦੇ ਘਰ ਨਾਲ ਜੁੜਦੀ ਹੈ, ਸ਼ੁਭਕਾਮਨਾਵਾਂ ਆਖੋ। 16 ਜਦੋਂ ਇਹ ਪੱਤਰ ਤੁਹਾਨੂੰ ਸੁਣਾਇਆ ਜਾਏ ਇਸ ਗੱਲ ਨੂੰ ਵੀ ਯਕੀਨੀ ਬਣਾਓ ਕਿ ਇਹ ਲਾਉਦਿਕਿਯਾ ਦੀ ਕਲੀਸਿਯਾ ਨੂੰ ਸੁਣਾਇਆ ਜਾਵੇ। ਅਤੇ ਤੁਸੀਂ ਵੀ ਉਹ ਪੱਤਰ ਪੜਿਆ ਜੋ ਮੈਂ ਲਾਉਦਿਕਿਯਾ ਦੀ ਕਲੀਸਿਯਾ ਨੂੰ ਲਿਖਿਆ। 17 ਅਰਖਿਪੁੱਸ ਨੂੰ ਆਖ਼ੋ, “ਉਹ ਕੰਮ ਪੂਰਾ ਕਰੇ ਜਿਹੜਾ ਪ੍ਰਭੂ ਨੇ ਤੈਨੂੰ ਦਿੱਤਾ ਹੈ।” 18 ਮੈਂ ਪੌਲੁਸ ਸ਼ੁਭਕਾਮਨਾਵਾਂ ਆਖਦਾ ਹਾਂ ਅਤੇ ਇਸਨੂੰ ਆਪਣੇ ਹੱਥੀ ਲਿਖ ਰਿਹਾ ਹਾਂ। ਯਾਦ ਰਖੋ ਕਿ ਮੈਂ ਕੈਦ ਵਿੱਚ ਹਾਂ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਅੰਗ਼ ਸੰਗ ਹੋਵੇ।