Exodus

1:1 ਯਾਕੂਬ ਆਪਣੇ ਪੁੱਤਰਾਂ ਨਾਲ ਮਿਸਰ ਵਿੱਚ ਚਲਿਆ ਗਿਆ। ਉਸਦੇ ਹਰੇਕ ਪੁੱਤਰ ਨਾਲ ਉਸਦਾ ਆਪਣਾ ਪਰਿਵਾਰ ਸੀ। ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ; 2 ਰਊਬੇਨ, ਸਿਮਓਨ, ਲੇਵੀ, ਯਹੂਦਾਹ, 3 ਯਿੱਸਾਕਾਰ, ਜ਼ਬੂਲੁਨ, ਬਿਨਯਾਮੀਨ, 4 ਦਾਨ, ਨਫ਼ਤਾਲੀ, ਗਾਦ, ਆਸ਼ੇਰ। 5 ਕੁੱਲ 70 ਲੋਕ ਸਨ, ਜਿਹੜੇ ਯਾਕੂਬ ਦੇ ਉਤਰਾਧਿਕਾਰੀਆਂ ਵਿੱਚੋਂ ਸਨ। (ਯੂਸੁਫ਼ ਵੀ 12 ਪੁੱਤਰਾਂ ਵਿੱਚੋਂ ਇੱਕ ਸੀ, ਪਰ ਉਹ ਪਹਿਲਾਂ ਹੀ ਮਿਸਰ ਵਿੱਚ ਸੀ।) 6 ਬਾਦ ਵਿੱਚ ਯੂਸੁਫ਼, ਉਸਦੇ ਭਰਾਵਾਂ ਅਤੇ ਉਸਦੀ ਪੀੜੀ ਦੇ ਸਾਰੇ ਲੋਕਾਂ ਦਾ ਦੇਹਾਂਤ ਹੋ ਗਿਆ। 7 ਪਰ ਇਸਰਾਏਲ ਦੇ ਲੋਕਾਂ ਦੀ ਔਲਾਦ ਬਹੁਤ ਸੀ ਅਤੇ ਉਨ੍ਹਾਂ ਦੀ ਗਿਣਤੀ ਵਧਦੀ ਗਈ। ਇਸਰਾਏਲ ਦੇ ਲੋਕ ਤਾਕਤਵਰ ਬਣ ਗਏ, ਅਤੇ ਮਿਸਰ ਦਾ ਦੇਸ਼ ਇਸਰਾਏਲੀਆਂ ਨਾਲ ਭਰ ਗਿਆ। 8 ਫ਼ੇਰ ਇੱਕ ਨਵਾਂ ਰਾਜਾ ਮਿਸਰ ਵਿੱਚ ਰਾਜ ਕਰਨ ਲੱਗਾ। ਇਹ ਰਾਜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਉਸਨੇ ਆਪਣੇ ਲੋਕਾਂ ਨੂੰ ਆਖਿਆ, “ਵੇਖੋ, ਇਸਰਾਏਲ ਦੇ ਲੋਕ ਬਹੁਤ ਸਾਰੇ ਹਨ। ਅਤੇ ਉਹ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ। 10 ਸਾਨੂੰ ਇਸਰਾਏਲੀਆਂ ਨੂੰ ਤਾਕਤਵਰ ਹੋਣ ਤੋਂ ਰੋਕਣ ਦੀਆਂ ਵਿਉਂਤਾਂ ਜ਼ਰੂਰ ਬਨਾਉਣੀਆਂ ਚਾਹੀਦੀਆਂ ਹਨ। ਜੇ ਲੜਾਈ ਹੋਈ, ਤਾਂ ਹੋ ਸਕਦਾ ਹੈ ਕਿ ਇਸਰਾਏਲ ਦੇ ਲੋਕ ਸਾਡੇ ਦੁਸ਼ਮਨਾਂ ਨਾਲ ਰਲ ਜਾਣ। ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਹਰਾ ਦੇਣ ਅਤੇ ਸਾਡੇ ਕੋਲੋਂ ਬਚਕੇ ਨਿਕਲ ਜਾਣ।” 11 ਇਸ ਲਈ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਸਤਾਉਣ ਲਈ ਉਨ੍ਹਾਂ ਉੱਪਰ ਕੰਮ ਨਿਰੀਖਕ ਨਿਯੁਕਤ ਕਰ ਦਿੱਤੇ। ਜਦੋਂ ਉਹ ਫ਼ਿਰਊਨ ਲਈ ਭਂਡਾਰ ਰੱਖਣ ਵਾਲੇ ਸ਼ਹਿਰ ਫ਼ਿਤੋਮ ਤੇ ਰਾਮਸੇਸ ਉਸਾਰ ਰਹੇ ਸਨ। 12 ਮਿਸਰੀਆਂ ਨੇ ਇਸਰਾਏਲੀਆਂ ਨੂੰ ਔਖੇ ਤੋਂ ਔਖੇ ਕੰਮ ਕਰਨ ਲਈ ਮਜਬੂਰ ਕੀਤਾ। ਪਰ ਇਸਰਾਏਲ ਦੇ ਲੋਕਾਂ ਨੂੰ ਜਿੰਨਾ ਵਧੇਰੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਉਹ ਓਨਾ ਹੀ ਵਧੇਰੇ ਵਧੇ ਫ਼ੁੱਲੇ ਤੇ ਫ਼ੈਲੇ। ਅਤੇ ਮਿਸਰੀ ਲੋਕ ਇਸਰਾਏਲ ਦੇ ਲੋਕਾਂ ਤੋਂ ਹੋਰ ਵਧੇਰੇ ਡਰ ਗਏ। 13 ਤਾਂ ਮਿਸਰੀਆਂ ਨੇ ਇਸਰਾਏਲ ਦੇ ਲੋਕਾਂ ਨੂੰ ਹੋਰ ਵੀ ਵਧੇਰੇ ਸਖਤੀ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। 14 ਮਿਸਰੀਆਂ ਨੇ ਇਸਰਾਏਲੀਆਂ ਲਈ ਜਿਉਣਾ ਮੁਸ਼ਕਿਲ ਕਰ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਨੂੰ ਇੱਟਾਂ ਗਾਰੇ ਦਾ ਔਖਾ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਔਖੇ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਹਰ ਕੰਮ ਵਿੱਚ ਸਖਤ ਮਿਹਨਤ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। 15 ਦੋ ਦਾਈਆਂ ਸਨ ਜਿਹੜੀਆਂ ਇਸਰਾਏਲੀ ਔਰਤਾਂ ਨੂੰ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਸਨ। ਉਨ੍ਹਾਂ ਦੇ ਨਾਮ ਸਨ ਸਿਫ਼ਰਾਹ ਤੇ ਫ਼ੂਆਹ। ਮਿਸਰ ਦੇ ਰਾਜੇ ਨੇ ਦਾਈਆਂ ਨਾਲ ਗੱਲ ਕੀਤੀ। 16 ਰਾਜੇ ਨੇ ਆਖਿਆ, “ਤੁਸੀਂ ਇਬਰਾਨੀ ਔਰਤਾਂ ਦੀ ਬੱਚੇ ਜੰਮਣ ਵਿੱਚ ਸਹਾਇਤਾ ਕਰਦੀਆਂ ਰਹੋਂਗੀਆਂ। ਜੇ ਕੁੜੀ ਜੰਮੇ ਤਾਂ ਉਸਨੂੰ ਜਿਉਣ ਦਿਓ ਪਰ ਜੇ ਮੁੰਡਾ ਜੰਮੇ ਤਾਂ ਤੁਸੀਂ ਉਸਨੂੰ ਜ਼ਰੂਰ ਮਾਰ ਦਿਓ।” 17 ਪਰ ਦਾਈਆਂ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਤੇ ਉਹ ਨਹੀਂ ਕੀਤਾ ਜੋ ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਮੁੰਡਿਆਂ ਨੂੰ ਜਿਉਣ ਦਿੱਤਾ। 18 ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸਦਿਆ ਅਤੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਮੁੰਡਿਆਂ ਨੂੰ ਕਿਉਂ ਜਿਉਂਦਿਆਂ ਛੱਡ ਦਿੱਤਾ?” 19 ਦਾਈਆਂ ਨੇ ਫ਼ਿਰਊਨ ਨੂੰ ਆਖਿਆ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਨਾਲੋਂ ਵੱਧ ਤਾਕਤਵਰ ਹਨ। ਉਹ ਸਾਡੇ ਉਥੇ ਪਹੁੰਚ ਕੇ ਉਨ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਜਨਮ ਦੇ ਦਿੰਦੀਆਂ ਹਨ।” 20 ਇਸ ਲਈ ਪਰਮੇਸ਼ੁਰ ਨੇ ਦਾਈਆਂ ਦਾ ਭਲਾ ਕੀਤਾ, ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਿੱਤੇ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਨਮਾਨ ਦਿੱਤਾ ਅਤੇ ਉਸ ਤੋਂ ਭੈ ਖਾਧਾ।ਇਬਰਾਨੀਆਂ ਦੇ ਬੱਚਿਆਂ ਨੇ ਜਨਮ ਲੈਣਾ ਜਾਰੀ ਰੱਖਿਆ ਅਤੇ ਉਨ੍ਹਾਂ ਦੀ ਗਿਣਤੀ ਵਧਦੀ ਗਈ ਅਤੇ ਉਹ ਬਹੁਤ ਸ਼ਕਤੀਸ਼ਾਲੀ ਬਣ ਗਏ। 21 22 ਇਸ ਲਈ ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ; “ਸਾਰੀਆਂ ਕੁੜੀਆਂ ਨੂੰ ਜਿਉਂਦਿਆਂ ਰਹਿਣ ਦਿਓ। ਪਰ ਜਦੋਂ ਵੀ ਕੋਈ ਮੁੰਡਾ ਜਨਮੇ ਉਸਨੂੰ ਅਵੱਸ਼ ਹੀ ਨੀਲ ਨਦੀ ਵਿੱਚ ਸੁੱਟ ਦਿਓ।”

2:1 ਲੇਵੀ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਸੀ। ਉਸਨੇ ਇੱਕ ਔਰਤ ਨਾਲ ਸ਼ਾਦੀ ਕੀਤੀ ਸੀ ਜੋ ਲੇਵੀ ਦੇ ਪਰਿਵਾਰ ਵਿੱਚੋਂ ਹੀ ਸੀ। 2 ਔਰਤ ਗਰਭਵਤੀ ਹੋਈ, ਅਤੇ ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮਾਂ ਨੇ ਦੇਖਿਆ ਕਿ ਬੱਚਾ ਬਹੁਤ ਸੁਹਣਾ ਸੀ, ਅਤੇ ਉਸਨੇ ਉਸਨੂੰ ਤਿੰਨ ਮਹੀਨੇ ਤੱਕ ਲੁਕਾਈ ਰੱਖਿਆ। 3 ਮਾਂ ਡਰਦੀ ਸੀ ਕਿ ਬੱਚੇ ਦਾ ਜ਼ਰੂਰ ਪਤਾ ਚੱਲ ਜਾਵੇਗਾ ਅਤੇ ਉਸਨੂੰ ਮਾਰ ਦਿੱਤਾ ਜਾਵੇਗਾ ਕਿਉਂਕਿ ਉਹ ਮੁੰਡਾ ਸੀ। ਤਿੰਨਾ ਮਹੀਨਿਆਂ ਮਗਰੋਂ ਉਸਨੇ ਇੱਕ ਟੋਕਰਾ ਬਣਾਇਆ ਅਤੇ ਉਸ ਉੱਪਰ ਇੱਕ ਲੇਪ ਲਗਾਇਆ ਤਾਂ ਕਿ ਉਹ ਪਾਣੀ ਵਿੱਚ ਤਰ ਸਕੇ। ਉਸਨੇ ਬੱਚੇ ਨੂੰ ਟੋਕਰੇ ਵਿੱਚ ਰੱਖ ਦਿੱਤਾ। ਫ਼ੇਰ ਉਸਨੇ ਟੋਕਰੇ ਨੂੰ ਨਦੀ ਵਿਚਲੀ ਕਾਹੀ ਦੇ ਅੰਦਰ ਰੱਖ ਦਿੱਤਾ। 4 ਬੱਚੇ ਦੀ ਭੈਣ ਇਹ ਵੇਖਣ ਲਈ ਉਥੇ ਥੋੜੀ ਦੂਰ ਤੇ ਹੀ ਖੜੀ ਹੋ ਗਈ ਕਿ ਬੱਚੇ ਨਾਲ ਕੀ ਵਾਪਰੇਗਾ। 5 ਓਸੇ ਵੇਲੇ, ਫ਼ਿਰਊਨ ਦੀ ਧੀ ਨਦੀ ਉੱਤੇ ਨਹਾਉਣ ਲਈ ਆਈ। ਉਸਨੇ ਕਾਹੀ ਅੰਦਰ ਟੋਕਰਾ ਦੇਖਿਆ। ਉਸ ਦੀਆਂ ਦਾਸੀਆਂ ਨਦੀ ਕੰਢੇ ਤੁਰ ਰਹੀਆਂ ਸਨ। ਇਸਲਈ ਉਸਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ ਕਿ ਟੋਕਰਾ ਲੈਕੇ ਆ। 6 ਉਸਨੇ ਟੋਕਰਾ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ, ਜੋ ਕਿ ਰੋ ਰਿਹਾ ਸੀ। ਉਸਨੂੰ ਉਸ ਉੱਤੇ ਤਰਸ ਆ ਗਿਆ। ਉਸਨੇ ਆਖਿਆ; ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ। 7 ਬੱਚੇ ਦੀ ਭੈਣ ਨੇ ਖਢ਼ੀ ਹੋਕੇ ਫ਼ਿਰਊਨ ਦੀ ਧੀ ਨੂੰ ਪੁਛਿਆ, “ਕੀ ਤੂੰ ਚਾਹੁੰਦੀ ਹੈਂ ਕਿ ਮੈਂ ਕਿਸੇ ਇਬਰਾਨੀ ਔਰਤ ਨੂੰ ਲਭਕੇ ਲਿਆਵਾਂ ਜਿਹੜੀ ਬੱਚੇ ਨੂੰ ਦੁਧ ਚੁਂਘਾ ਸਕੇ ਅਤੇ ਇਸਦੀ ਦੇਖ-ਭਾਲ ਕਰਨ ਵਿੱਚ ਤੇਰੀ ਸਹਾਇਤਾ ਕਰ ਸਕੇ?” 8 ਰਾਜੇ ਦੀ ਧੀ ਨੇ ਆਖਿਆ, “ਹਾਂ, ਮਿਹਰਬਾਨੀ ਕਰਕੇ।”ਇਸ ਲਈ ਕੁੜੀ ਗਈ ਅਤੇ ਬੱਚੇ ਦੀ ਆਪਣੀ ਮਾਂ ਨੂੰ ਲੈ ਆਈ। 9 ਰਾਜੇ ਦੀ ਧੀ ਨੇ ਮਾਂ ਨੂੰ ਆਖਿਆ, “ਇਸ ਬੱਚੇ ਨੂੰ ਚੁੱਕ ਲੈ ਅਤੇ ਮੇਰੀ ਖਾਤਰ ਇਸਨੂੰ ਦੁਧ ਚੁਂਘਾ। ਮੈਂ ਇਸਦੀ ਦੇਖ-ਭਾਲ ਕਰਨ ਲਈ ਤੈਨੂੰ ਮਜ਼ਦੂਰੀ ਦੇਵਾਂਗੀ।”ਇਸ ਲਈ ਔਰਤ ਨੇ ਆਪਣਾ ਬੱਚਾ ਚੁੱਕ ਲਿਆ ਅਤੇ ਉਸਦੀ ਦੇਖ-ਭਾਲ ਕੀਤੀ। 10 ਬੱਚਾ ਵੱਡਾ ਹੋ ਗਿਆ, ਅਤੇ ਕੁਝ ਸਮੇਂ ਬਾਦ, ਔਰਤ ਨੇ ਬੱਚਾ ਰਾਜੇ ਦੀ ਧੀ ਨੂੰ ਦੇ ਦਿੱਤਾ। ਰਾਜੇ ਧੀ ਨੇ ਬੱਚੇ ਨੂੰ ਆਪਣੇ ਪੁੱਤਰ ਵਜੋਂ ਪ੍ਰਵਾਨ ਕਰ ਲਿਆ। ਉਸਨੇ ਉਸਦਾ ਨਾਮ ਮੂਸਾ ਰੱਖਿਆ, ਕਿਉਂਕਿ ਉਸਨੇ ਉਸਨੂੰ ਪਾਣੀ ਵਿੱਚੋਂ ਕਢਿਆ ਸੀ। 11 ਮੂਸਾ ਵੱਡਾ ਹੋਇਆ। ਇੱਕ ਦਿਨ ਉਹ ਆਪਣੇ ਇਬਰਾਨੀ ਲੋਕਾਂ ਕੋਲ ਗਿਆ ਅਤੇ ਵੇਖਿਆ ਕਿਵੇਂ ਉਨ੍ਹਾਂ ਨੂੰ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਸੇ ਸਮੇਂ, ਉਸਨੇ ਇੱਕ ਮਿਸਰੀ ਆਦਮੀ ਨੂੰ ਇਬਰਾਨੀ ਬੰਦੇ ਨੂੰ ਕੁੱਟਦਿਆਂ ਵੇਖਿਆ। 12 ਮੂਸਾ ਨੇ ਆਲੇ-ਦੁਆਲੇ ਦੇਖਿਆ ਅਤੇ ਉਸਨੇ ਦੇਖਿਆ ਕਿ ਕੋਈ ਵੀ ਨਹੀਂ ਦੇਖ ਰਿਹਾ ਸੀ। ਫ਼ੇਰ ਮੂਸਾ ਨੇ ਮਿਸਰੀ ਨੂੰ ਮਾਰ ਦਿੱਤਾ ਅਤੇ ਉਸਨੂੰ ਰੇਤੇ ਵਿੱਚ ਦਫ਼ਨਾ ਦਿੱਤਾ। 13 ਅਗਲੇ ਦਿਨ ਮੂਸਾ ਨੇ ਦੋ ਇਬਰਾਨੀ ਬੰਦਿਆਂ ਨੂੰ ਦੇਖਿਆ ਜੋ ਆਪਸ ਵਿੱਚ ਲੜ ਰਹੇ ਸਨ। ਮੂਸਾ ਨੇ ਦੇਖਿਆ ਕਿ ਇੱਕ ਆਦਮੀ ਗਲਤ ਸੀ। ਮੂਸਾ ਨੇ ਉਸ ਆਦਮੀ ਨੂੰ ਆਖਿਆ, “ਤੂੰ ਆਪਣੇ ਗੁਆਂਢੀ ਨੂੰ ਕਿਉਂ ਦੁੱਖ ਦੇ ਰਿਹਾ ਹੈਂ?” 14 ਆਦਮੀ ਨੇ ਜਵਾਬ ਦਿੱਤਾ, “ਕੀ ਤੈਨੂੰ ਕਿਸੇ ਨੇ ਆਖਿਆ ਹੈ ਕਿ ਤੂੰ ਸਾਡਾ ਨਿਆਂਕਾਰ ਹੋਵੇਂ? ਨਹੀਂ। ਮੈਨੂੰ ਦੱਸ, ਕੀ ਤੂੰ ਮੈਨੂੰ ਉਸੇ ਤਰ੍ਹਾਂ ਮਾਰ ਦੇਵੇਂਗਾ ਜਿਵੇਂ ਕਲ ਤੂੰ ਮਿਸਰੀ ਨੂੰ ਮਾਰਿਆ ਸੀ?”ਤਾਂ ਮੂਸਾ ਡਰ ਗਿਆ। ਮੂਸਾ ਨੇ ਦਿਲ ਵਿੱਚ ਸੋਚਿਆ, “ਹੁਣ ਤਾਂ ਹਰ ਕੋਈ ਜਾਣਦਾ ਹੈ ਕਿ ਮੈਂ ਕੀ ਕੀਤਾ ਹੈ।” 15 ਜਦੋਂ ਫ਼ਿਰਊਨ ਨੇ ਮੂਸਾ ਦੀ ਇਸ ਹਰਕਤ ਬਾਰੇ ਸੁਣਿਆ, ਉਸਨੇ ਉਸਨੂੰ ਮਾਰ ਦੇਣ ਦਾ ਨਿਰਣਾ ਕਰ ਲਿਆ। ਪਰ ਮੂਸਾ ਫ਼ਿਰਊਨ ਤੋਂ ਦੂਰ ਨੱਸ ਗਿਆ ਅਤੇ ਮਿਦਯਾਨ ਦੀ ਧਰਤੀ ਤੇ ਠਹਿਰ ਗਿਆ। ਉਹ ਇੱਕ ਖੂਹ ਦੇ ਨੇੜੇ ਬੈਠ ਗਿਆ।ਮੂਸਾ ਮਿਦਯਾਨ ਵਿੱਚ ਇੱਕ ਖੂਹ ਤੇ ਜਾਕੇ ਰੁਕ ਗਿਆ। 16 ਮਿਦਯਾਨ ਵਿੱਚ ਇੱਕ ਜਾਜਕ ਸੀ ਜਿਸਦੀਆਂ ਸੱਤ ਧੀਆਂ ਸਨ। ਉਹ ਕੁੜੀਆਂ ਆਪਣੇ ਪਿਤਾ ਦੀਆਂ ਭੇਡਾਂ ਲਈ ਪਾਣੀ ਭਰਨ ਵਾਸਤੇ ਉਸ ਖੂਹ ਤੇ ਆਈਆਂ। ਉਹ ਚੁਬੱਚੇ ਵਿੱਚ ਪਾਣੀ ਭਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। 17 ਪਰ ਉਥੇ ਕੁਝ ਅਯਾਲੀ ਸਨ ਜਿਨ੍ਹਾਂ ਨੇ ਕੁੜੀਆਂ ਨੂੰ ਦੂਰ ਭਜਾ ਦਿੱਤਾ ਅਤੇ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ। ਇਸ ਲਈ ਮੂਸਾ ਨੇ ਕੁੜੀਆਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਦਿੱਤਾ। 18 ਤਾਂ ਉਹ ਆਪਣੇ ਪਿਤਾ, ਰਊਏਲ ਕੋਲ ਵਾਪਸ ਚਲੀਆਂ ਗਈਆਂ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, “ਅੱਜ ਤੁਸੀਂ ਛੇਤੀ ਘਰ ਆ ਗਈਆਂ ਹੋ।” 19 ਕੁੜੀਆਂ ਨੇ ਜਵਾਬ ਦਿੱਤਾ, “ਹਾਂ ਜੀ, ਅਯਾਲੀਆਂ ਨੇ ਸਾਨੂੰ ਦੂਰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਮਿਸਰੀ ਆਦਮੀ ਨੇ ਸਾਡੀ ਮਦਦ ਕੀਤੀ। ਉਸਨੇ ਸਾਡੇ ਲਈ ਪਾਣੀ ਲਿਆਂਦਾ ਅਤੇ ਸਾਡੇ ਪਸ਼ੂਆਂ ਨੂੰ ਵੀ ਪਿਲਾਇਆ।” 20 ਇਸ ਲਈ ਰਊਏਲ ਨੇ ਆਪਣੀਆਂ ਧੀਆਂ ਨੂੰ ਆਖਿਆ, “ਕਿਥੇ ਹੈ ਉਹ ਆਦਮੀ? ਤੁਸੀਂ ਉਸਨੂੰ ਛੱਡਕੇ ਕਿਉਂ ਆ ਗਈਆਂ? ਉਸਨੂੰ ਇਥੋਂ ਸੱਦੋ ਅਤੇ ਉਸਨੂੰ ਸਾਡੇ ਨਾਲ ਖਾਣਾ ਖੁਆਓ।” 21 ਮੂਸਾ ਉਸ ਆਦਮੀ ਕੋਲ ਠਹਿਰ ਕੇ ਖੁਸ਼ ਸੀ। ਰਊਏਲ ਨੇ ਮੂਸਾ ਨੇ ਆਪਣੀ ਧੀ ਸਿੱਪੋਰਾ ਦਾ ਵਿਆਹ ਕਰ ਦਿੱਤਾ। 22 ਸਿੱਪੋਰਾ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੂਸਾ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ। ਮੂਸਾ ਨੇ ਆਪਣੇ ਪੁੱਤਰ ਨੂੰ ਇਹ ਨਾਮ ਇਸ ਲਈ ਦਿੱਤਾ ਕਿ ਉਹ ਇੱਕ ਪਰਾਈ ਧਰਤੀ ਉੱਤੇ ਅਜਨਬੀ ਸੀ। 23 ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ। 24 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਾਹਾਂ ਸੁਣੀਆਂ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕੀਤਾ। 25 ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀਆਂ ਮੁਸੀਬਤਾਂ ਦੇਖਿਆਂ, ਅਤੇ ਉਹ ਜਾਣਦਾ ਸੀ ਕਿ ਉਸਨੂੰ ਕੀ ਕਰਨਾ ਚਾਹੀਦਾ।

3:1 ਮੂਸਾ ਦੇ ਸਹੁਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2 ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3 ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਰਣਾ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸਕਦੀ ਹੈ। 4 ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।” 5 ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6 ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ। 7 ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8 ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿਂਨ-ਭਿਂਨ ਕੌਮਾਂ ਦੇ ਲੋਕ ਉਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9 ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।” 11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸਕਦਾ ਹਾਂ?” 12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ। 13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?” 14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’ 16 “ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕ ਸਾਥ ਇਕਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਰਣਾ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’ 18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜਾਉਣੀਆਂ ਚਾਹੀਦੀਆਂ ਹਨ।’ 19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ। 22 “ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”

4:1 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜਦੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਦੱਸਾਂਗਾ ਕਿ ਤੂੰ ਮੈਨੂੰ ਭੇਜਿਆ ਹੈ ਤਾਂ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਨਗੇ। ਉਹ ਆਖਣਗੇ, ‘ਯਹੋਵਾਹ ਤੇਰੇ ਅੱਗੇ ਪ੍ਰਗਟ ਨਹੀਂ ਹੋਇਆ।’” 2 ਪਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਕੀ ਚੀਜ਼ ਹੈ ਜੋ ਤੇਰੇ ਹੱਥ ਵਿੱਚ ਹੈ?”ਮੂਸਾ ਨੇ ਜਵਾਬ ਦਿੱਤਾ, “ਇਹ ਮੇਰੀ ਤੁਰਨ ਵਾਲੀ ਸੋਟੀ ਹੈ।” 3 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਧਰਤੀ ਤੇ ਸੁੱਟ।”ਇਸ ਲਈ ਮੂਸਾ ਨੇ ਆਪਣੀ ਸੋਟੀ ਧਰਤੀ ਤੇ ਸੁੱਟ ਦਿੱਤੀ। ਅਤੇ ਸੋਟੀ ਸੱਪ ਬਣ ਗਈ। ਮੂਸਾ ਡਰ ਗਿਆ ਅਤੇ ਇਸਤੋਂ ਦੂਰ ਭਜਿਆ। 4 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਗੇ ਵਧਕੇ ਸੱਪ ਨੂੰ ਇਸਦੀ ਪੂੰਛ ਤੋਂ ਫ਼ੜ ਲੈ।”ਤਾਂ ਮੂਸਾ ਅੱਗੇ ਵਧਿਆ ਤੇ ਸੱਪ ਦੀ ਪੂੰਛ ਫ਼ੜ ਲਈ। ਜਦੋਂ ਮੂਸਾ ਨੇ ਅਜਿਹਾ ਕੀਤਾ, ਤਾਂ ਸੱਪ ਇੱਕ ਵਾਰੀ ਫ਼ੇਰ ਸੋਟੀ ਬਣ ਗਿਆ। 5 ਤਾਂ ਪਰਮੇਸ਼ੁਰ ਨੇ ਆਖਿਆ, “ਆਪਣੀ ਸੋਟੀ ਨੂੰ ਇਸੇ ਤਰ੍ਹਾਂ ਵਰਤੀਂ ਅਤੇ ਲੋਕ ਵਿਸ਼ਵਾਸ ਕਰ ਲੈਣਗੇ ਕਿ ਤੂੰ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੂੰ ਦੇਖਿਆ ਹੈ।” 6 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਇੱਕ ਹੋਰ ਸਬੂਤ ਦੇਵਾਂਗਾ। ਆਪਣਾ ਹੱਥ ਆਪਣੇ ਚੋਲੇ ਅੰਦਰ ਪਾ।”ਤਾਂ ਮੂਸਾ ਨੇ ਆਪਣਾ ਹੱਥ ਆਪਣੇ ਚੋਲੇ ਅੰਦਰ ਪਾਇਆ। ਫ਼ੇਰ ਜਦੋਂ ਉਸਨੇ ਚੋਲੇ ਵਿੱਚੋਂ ਆਪਣਾ ਹੱਥ ਬਾਹਰ ਕਢਿਆ, ਇਸਨੂੰ ਬਿਮਾਰੀ ਲੱਗ ਗਈ ਸੀ ਅਤੇ ਇਹ ਬਰਫ਼ ਵਾਂਗ ਸਫ਼ੇਦ ਹੋ ਗਿਆ ਸੀ। 7 ਤਾਂ ਪਰਮੇਸ਼ੁਰ ਨੇ ਆਖਿਆ, “ਹੁਣ ਆਪਣਾ ਹੱਥ ਇੱਕ ਵਾਰੀ ਫ਼ੇਰ ਆਪਣੇ ਚੋਲੇ ਅੰਦਰ ਕਰ।” ਤਾਂ ਮੂਸਾ ਨੇ ਇੱਕ ਵਾਰੀ ਫ਼ੇਰ ਆਪਣਾ ਹੱਥ ਚੋਲੇ ਅੰਦਰ ਕਰ ਲਿਆ। ਫ਼ੇਰ ਮੂਸਾ ਨੇ ਆਪਣਾ ਹੱਥ ਬਾਹਰ ਕਢਿਆ, ਅਤੇ ਉਸਦਾ ਹੱਥ ਬਦਲ ਗਿਆ ਸੀ। ਹੁਣ ਉਸਦਾ ਹੱਥ ਪਹਿਲਾਂ ਵਾਂਗ ਹੀ ਇੱਕ ਵਾਰੀ ਫ਼ੇਰ ਠੀਕ ਹੋ ਗਿਆ ਸੀ। 8 ਤਾਂ ਪਰਮੇਸ਼ੁਰ ਨੇ ਆਖਿਆ, “ਜਦ ਤੂੰ ਆਪਣੀ ਸੋਟੀ ਦੀ ਵਰਤੋਂ ਕਰੇਂ ਪਰ ਲੋਕ ਤੇਰਾ ਵਿਸ਼ਵਾਸ ਨਾ ਕਰਨ ਤਾਂ ਤੂੰ ਇਹ ਨਿਸ਼ਾਨ ਉਨ੍ਹਾਂ ਨੂੰ ਦਿਖਾਵੀਂ, ਉਹ ਤੇਰੇ ਉੱਤੇ ਜ਼ਰੂਰ ਵਿਸ਼ਵਾਸ ਕਰ ਲੈਣਗੇ। 9 ਜੇ ਉਹ ਹਾਲੇ ਵੀ ਵਿਸ਼ਵਾਸ ਨਹੀਂ ਕਰਦੇ ਜਦ ਕਿ ਤੂੰ ਉਨ੍ਹਾਂ ਨੂੰ ਇਹ ਦੋਵੇਂ ਚੀਜ਼ਾਂ ਦਿਖਾ ਦਿੱਤੀਆਂ ਹੋਣ, ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲਵੀਂ। ਪਾਣੀ ਨੂੰ ਧਰਤੀ ਤੇ ਡੋਲ੍ਹ ਦੇਵੀਂ, ਅਤੇ ਜਿਵੇਂ ਹੀ ਇਹ ਧਰਤੀ ਨੂੰ ਛੂਹੇਗਾ ਇਹ ਖੂਨ ਬਣ ਜਾਵੇਗਾ।” 10 ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਯਹੋਵਾਹ, ਮੈਂ ਤੈਨੂੰ ਸੱਚ ਦੱਸ ਰਿਹਾ ਹਾਂ, ਮੈਂ ਕੋਈ ਚੰਗਾ ਬੁਲਾਰਾ ਨਹੀਂ ਹਾਂ। ਮੈਂ ਕਦੇ ਵੀ ਠੀਕ ਤਰ੍ਹਾਂ ਬੋਲਣ ਦੇ ਕਾਬਿਲ ਨਹੀਂ ਰਿਹਾ ਹਾਂ। ਹੁਣ, ਤੇਰੇ ਨਾਲ ਗੱਲਾਂ ਕਰਨ ਤੋਂ ਮਗਰੋਂ ਵੀ, ਮੈਂ ਚੰਗਾ ਬੁਲਾਰਾ ਨਹੀਂ ਹਾਂ ਤੂੰ ਜਾਣਦਾ ਹੈਂ ਕਿ ਮੈਂ ਹੌਲੀ ਅਤੇ ਬੇਢਂਗਾ ਬੋਲਦਾ ਹਾਂ।” 11 ਤਾਂ ਯਹੋਵਾਹ ਨੇ ਉਸਨੂੰ ਆਖਿਆ, ‘ਆਦਮੀ ਦਾ ਮੂੰਹ ਕਿਸਨੇ ਬਣਾਇਆ ਹੈ? ਅਤੇ ਕੌਣ ਕਿਸੇ ਆਦਮੀ ਨੂੰ ਬੋਲਾ ਜਾਂ ਗੂਂਗਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਅੰਨ੍ਹਾ ਬਣਾ ਸਕਦਾ ਹੈ? ਕੌਣ ਕਿਸੇ ਆਦਮੀ ਨੂੰ ਦੇਖਣ ਦੇ ਯੋਗ ਬਣਾ ਸਕਦਾ ਹੈ? ਮੈਂ ਹੀ ਹਾਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਕਰ ਸਕਦਾ ਹੈ - ਮੈਂ ਯਾਹਵੇਹ ਹਾਂ। 12 ਇਸ ਲਈ ਜਾਹ। ਜਦੋਂ ਤੂੰ ਬੋਲੇਂਗਾ, ਮੈਂ ਤੇਰੇ ਅੰਗ-ਸੰਗ ਹੋਵਾਂਗਾ। ਮੈਂ ਤੈਨੂੰ ਆਖਣ ਲਈ ਸ਼ਬਦ ਦੇਵਾਂਗਾ।” 13 ਪਰ ਮੂਸਾ ਨੇ ਆਖਿਆ, “ਮੇਰੇ ਯਹੋਵਾਹ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਨਹੀਂ, ਕਿਸੇ ਹੋਰ ਬੰਦੇ ਨੂੰ ਭੇਜੋ।” 14 ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ। 15 ਉਹ ਤੇਰੇ ਨਾਲ ਫ਼ਿਰਊਨ ਕੋਲ ਜਾਵੇਗਾ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਬੋਲਣਾ ਹੈ। ਫ਼ੇਰ ਤੂੰ ਹਾਰੂਨ ਨੂੰ ਦਸੇਂਗਾ ਅਤੇ ਮੈਂ ਪ੍ਰਪੱਕ ਕਰਾਂਗਾ ਕਿ ਤੇਰਾ ਮੂੰਹ ਅਤੇ ਉਸਦਾ ਮੂੰਹ ਸਹੀ ਗੱਲਾਂ ਆਖਣ। 16 ਹਾਰੂਨ ਤੇਰੀ ਖਾਤਰ ਲੋਕਾਂ ਨਾਲ ਵੀ ਗੱਲ ਕਰੇਗਾ। ਤੂੰ ਉਸ ਲਈ ਪਰਮੇਸ਼ੁਰ ਵਾਂਗ ਹੋਵੇਂਗਾ, ਅਤੇ ਉਹ ਤੇਰਾ ਦਫ਼ਤਰੀ ਬੁਲਾਰਾ ਹੋਵੇਗਾ। 17 ਇਸ ਲਈ ਜਾਹ ਇਹ ਸੋਟੀ ਆਪਣੇ ਨਾਲ ਲੈ, ਜਿਸ ਨਾਲ ਤੂੰ ਲੋਕਾਂ ਨੂੰ ਵਿਖਾਉਣ ਲਈ ਕਿ ਮੈਂ ਤੇਰੇ ਨਾਲ ਹਾਂ, ਕਰਿਸ਼ਮੇ ਕਰ ਸਕਦਾ ਹੈਂ।” 18 ਤਾਂ ਮੂਸਾ ਆਪਣੇ ਸਹੁਰੇ ਯਿਥਰੋ ਵੱਲ ਵਾਪਸ ਚਲਾ ਗਿਆ। ਮੂਸਾ ਨੇ ਯਿਥਰੋ ਨੂੰ ਆਖਿਆ, “ਮਿਹਰਬਾਨੀ ਕਰਕੇ ਮੈਨੂੰ ਮਿਸਰ ਵਾਪਸ ਜਾਣ ਦਿਓ। ਮੈਂ ਦੇਖਣਾ ਚਾਹੁੰਦਾ ਹਾਂ ਕਿ ਕੀ ਮੇਰੇ ਲੋਕ ਹਾਲੇ ਵੀ ਜਿਉਂਦੇ ਹਨ।” ਯਿਥਰੋ ਨੇ ਮੂਸਾ ਨੂੰ ਆਖਿਆ, “ਜ਼ਰੂਰ। ਅਤੇ ਤੂੰ ਸ਼ਾਂਤੀ ਨਾਲ ਜਾ ਸਕਦਾ ਹੈਂ।” 19 ਤਾਂ ਜਦੋਂ ਮੂਸਾ ਹਾਲੇ ਮਿਦਯਾਨ ਵਿੱਚ ਹੀ ਸੀ, ਪਰਮੇਸ਼ੁਰ ਨੇ ਉਸਨੂੰ ਆਖਿਆ, “ਤੇਰੇ ਲਈ ਹੁਣ ਮਿਸਰ ਵਾਪਸ ਜਾਣਾ ਸੁਰਖਿਅਤ ਹੈ। ਜਿਹੜੇ ਆਦਮੀ ਤੈਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ।” 20 ਇਸ ਲਈ ਮੂਸਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗਧੇ ਉੱਤੇ ਬਿਠਾਇਆ ਅਤੇ ਮਿਸਰ ਪਰਤ ਆਇਆ। ਮੂਸਾ ਨੇ ਆਪਣੇ ਨਾਲ ਆਪਣੀ ਸੋਟੀ ਵੀ ਲੈ ਲਈ - ਪਰਮੇਸ਼ੁਰ ਦੀ ਸ਼ਕਤੀ ਵਾਲੀ, ਤੁਰਨ ਵਾਲੀ ਸੋਟੀ। 21 ਜਦੋਂ ਮੂਸਾ ਮਿਸਰ ਵੱਲ ਵਾਪਸ ਜਾ ਰਿਹਾ ਸੀ, ਪਰਮੇਸ਼ੁਰ ਨੇ ਉਸਦੇ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ, “ਜਦੋਂ ਤੂੰ ਫ਼ਿਰਊਨ ਨਾਲ ਗੱਲ ਕਰੇਂ ਤਾਂ ਉਹ ਸਾਰੇ ਕਰਿਸ਼ਮੇ ਦਿਖਾਉਣੇ ਚੇਤੇ ਰਖੀਂ ਜਿਨ੍ਹਾਂ ਨੂੰ ਕਰਨ ਦੀ ਤਾਕਤ ਮੈਂ ਤੈਨੂੰ ਦਿੱਤੀ ਹੈ। ਪਰ ਮੈਂ ਫ਼ਿਰਊਨ ਨੂੰ ਬਹੁਤ ਜ਼ਿੱਦੀ ਬਣਾ ਦਿਆਂਗਾ। ਉਹ ਲੋਕਾਂ ਨੂੰ ਜਾਣ ਨਹੀਂ ਦੇਵੇਗਾ। 22 ਤਾਂ ਤੈਨੂੰ ਫ਼ਿਰਊਨ ਨੂੰ ਆਖਣਾ ਚਾਹੀਦਾ; 23 ਯਹੋਵਾਹ ਆਖਦਾ ਹੈ, ‘ਇਸਰਾਏਲ ਮੇਰਾ ਪਲੇਠਾ ਪੁੱਤਰ ਹੈ। ਅਤੇ ਮੈਂ ਤੈਨੂੰ ਆਖ ਰਿਹਾ ਹਾਂ ਕਿ ਮੇਰੇ ਪੁੱਤਰ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। ਜੇ ਤੂੰ ਇਸਰਾਏਲ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਤੇਰੇ ਪਲੇਠੇ ਪੁੱਤਰ ਨੂੰ ਮਾਰ ਦਿਆਂਗਾ।”‘ 24 ਮਿਸਰ ਦੇ ਰਸਤੇ ਉੱਤੇ ਮੂਸਾ ਇੱਕ ਥਾਂ ਰਾਤ ਬਿਤਾਉਣ ਲਈ ਠਹਿਰ ਗਿਆ। ਯਹੋਵਾਹ ਮੂਸਾ ਨੂੰ ਉਸ ਥਾਂ ਮਿਲਿਆ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। 25 ਪਰ ਸਿੱਪੋਰਾਹ ਨੇ ਇੱਕ ਫ਼ੌਲਾਦੀ ਛੁਰੀ ਲਈ ਅਤੇ ਆਪਣੇ ਪੁੱਤਰ ਦੀ ਸੁੰਨਤ ਕਰ ਦਿੱਤੀ। ਉਸਨੇ ਚਮੜੀ ਲਈ ਅਤੇ ਉਸਦੇ ਪੈਰੀਂ ਹੱਥ ਲਾਇਆ। ਫ਼ੇਰ ਉਸਨੇ ਮੂਸਾ ਨੂੰ ਆਖਿਆ, “ਤੂੰ ਮੇਰੇ ਲਈ ਖੂਨ ਦਾ ਲਾੜਾ ਹੈਂ।” 26 ਸਿੱਪੋਰਾਹ ਨੇ ਇਹ ਇਸ ਵਾਸਤੇ ਆਖਿਆ ਕਿਉਂਕਿ ਉਸਨੂੰ ਆਪਣੇ ਪੁੱਤਰ ਦੀ ਸੁੰਨਤ ਕਰਨੀ ਪਈ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਬਖਸ਼ ਦਿੱਤਾ ਅਤੇ ਉਸਨੂੰ ਨਹੀਂ ਮਾਰਿਆ। 27 ਯਹੋਵਾਹ ਨੇ ਹਾਰੂਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸਨੂੰ ਆਖਿਆ ਸੀ, “ਮਾਰੂਥਲ ਵਿੱਚ ਜਾਹ ਤੇ ਮੂਸਾ ਨੂੰ ਮਿਲ।” ਇਸ ਲਈ ਹਾਰੂਨ ਚਲਾ ਗਿਆ ਅਤੇ ਮੂਸਾ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਜਾ ਮਿਲਿਆ। ਹਾਰੂਨ ਨੇ ਮੂਸਾ ਨੂੰ ਦੇਖਿਆ ਅਤੇ ਉਸਨੂੰ ਚੁੰਮਿਆ। 28 ਮੂਸਾ ਨੇ ਹਾਰੂਨ ਨੂੰ ਦੱਸਿਆ ਕਿ ਯਹੋਵਾਹ ਨੇ ਉਸਨੂੰ ਕਿਉਂ ਭੇਜਿਆ ਸੀ। ਅਤੇ ਮੂਸਾ ਨੇ ਹਾਰੂਨ ਨੂੰ ਉਨ੍ਹਾਂ ਸਾਰੇ ਕਰਿਸ਼ਮਿਆਂ ਅਤੇ ਹੋਰ ਗੱਲਾਂ ਬਾਰੇ ਵੀ ਦੱਸਿਆ ਜੋ ਉਸਨੇ ਇਹ ਸਾਬਤ ਕਰਨ ਲਈ ਕਰਨੀਆਂ ਸਨ ਕਿ ਪਰਮੇਸ਼ੁਰ ਨੇ ਉਸਨੂੰ ਭੇਜਿਆ ਸੀ। ਮੂਸਾ ਨੇ ਹਾਰੂਨ ਨੂੰ ਉਹ ਹਰ ਗੱਲ ਦੱਸ ਦਿੱਤੀ ਜਿਹੜੀ ਯਹੋਵਾਹ ਨੇ ਆਖੀ ਸੀ। 29 ਤਾਂ ਮੂਸਾ ਅਤੇ ਹਾਰੂਨ ਗਏ ਅਤੇ ਇਸਰਾਏਲ ਦੇ ਲੋਕਾਂ ਦੇ ਸਾਰੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। 30 ਤਾਂ ਹਾਰੂਨ ਨੇ ਲੋਕਾਂ ਨਾਲ ਗੱਲ ਕੀਤੀ। ਉਸਨੇ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਮੂਸਾ ਨੂੰ ਆਖੀਆਂ ਸਨ। ਫ਼ੇਰ ਮੂਸਾ ਨੇ ਸਾਰੇ ਲੋਕਾਂ ਦੇ ਦੇਖਣ ਲਈ ਸਬੂਤ ਪੇਸ਼ ਕੀਤੇ। 31 ਲੋਕਾਂ ਨੇ ਵਿਸ਼ਵਾਸ ਕਰ ਲਿਆ ਕਿ ਪਰਮੇਸ਼ੁਰ ਨੇ ਹੀ ਮੂਸਾ ਨੂੰ ਭੇਜਿਆ ਸੀ। ਇਸਰਾਏਲ ਦੇ ਲੋਕ ਜਾਣਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਮੁਸੀਬਤਾਂ ਦੇਖ ਲਈਆਂ ਸਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆ ਗਿਆ ਸੀ। ਇਸ ਲਈ ਉਨ੍ਹਾਂ ਨੇ ਮਥਾ ਟੇਕਿਆ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।

5:1 ਜਦੋਂ ਮੂਸਾ ਅਤੇ ਹਾਰੂਨ ਲੋਕਾਂ ਨਾਲ ਗੱਲ ਕਰ ਹਟੇ, ਉਹ ਫ਼ਿਰਊਨ ਵੱਲ ਚਲੇ ਗਏ। ਉਨ੍ਹਾਂ ਨੇ ਆਖਿਆ, “ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮਾਰੂਥਲ ਵਿੱਚ ਜਾਣ ਦਿਓ ਤਾਂ ਜੋ ਉਹ ਮੇਰੇ ਸਨਮਾਨ ਵਿੱਚ ਦਾਵਤ ਕਰ ਸਕਣ।” 2 ਪਰ ਫ਼ਿਰਊਨ ਨੇ ਆਖਿਆ, “ਕੌਣ ਹੈ ਇਹ ਯਹੋਵਾਹ? ਮੈਂ ਉਸਦਾ ਹੁਕਮ ਕਿਉਂ ਮੰਨਾਂ? ਮੈਂ ਇਸਰਾਏਲ ਨੂੰ ਕਿਉਂ ਜਾਣ ਦੇਵਾਂ? ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਉਹ ਕੌਣ ਹੈ ਜਿਸਨੂੰ ਤੁਸੀਂ ਯਹੋਵਾਹ ਕਹਿੰਦੇ ਹੋ, ਇਸ ਲਈ ਇਸਰਾਏਲੀਆਂ ਦੇ ਚਲੇ ਜਾਣ ਤੋਂ ਇਨਕਾਰ ਕਰਦਾ ਹਾਂ।” 3 ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।” 4 ਪਰ ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਤੇ ਹਾਰੂਨ, ਤੁਸੀਂ ਕਾਮਿਆਂ ਨੂੰ ਕੰਮ ਤੋਂ ਰੋਕ ਰਹੇ ਹੋ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਜਾਓ, ਆਪਣਾ ਕੰਮ ਕਰੋ। 5 ਇੱਥੇ ਬਹੁਤ ਸਾਰੇ ਕਾਮੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਹੇ ਹੋ। 6 ਓਸੇ ਦਿਨ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਲਈ ਕੰਮ ਨੂੰ ਹੋਰ ਵਧੇਰੇ ਸਖਤ ਕਰਨ ਦਾ ਹੁਕਮ ਦੇ ਦਿੱਤਾ। ਫ਼ਿਰਊਨ ਨੇ ਦਾਸਾਂ ਦੇ ਸੁਆਮੀਆਂ ਅਤੇ ਇਬਰਾਨੀ ਆਗੂਆਂ ਨੂੰ ਆਖਿਆ, 7 “ਤੁਸੀਂ ਹਮੇਸ਼ਾ ਲੋਕਾਂ ਨੂੰ ਤੂੜੀ ਦਿੱਤੀ ਹੈ ਅਤੇ ਉਹ ਇਸਨੂੰ ਇੱਟਾਂ ਬਨਾਉਣ ਲਈ ਵਰਤਦੇ ਹਨ। ਪਰ ਹੁਣ, ਉਨ੍ਹਾਂ ਨੂੰ ਆਖੋ ਕਿ ਉਨ੍ਹਾਂ ਨੂੰ ਇੱਟਾਂ ਬਨਾਉਣ ਲਈ ਆਪਣੀ ਤੂੜੀ, ਖੁਦ ਜਾਕੇ ਲੱਭਣੀ ਪਵੇਗੀ। 8 ਪਰ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਜਿੰਨੀ ਗਿਣਤੀ ਦੀਆਂ ਇੱਟਾਂ ਬਨਾਉਣੀਆਂ ਪੈਣਗੀਆਂ। ਉਹ ਸੁਸਤ ਹੋ ਗਏ ਹਨ। ਇਹੀ ਕਾਰਣ ਹੈ ਕਿ ਉਹ ਮੇਰੇ ਕੋਲੋਂ ਜਾਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਕੋਲ ਕਰਨ ਲਈ ਕਾਫ਼ੀ ਕੰਮ ਨਹੀਂ ਹੈ। ਇਸੇ ਲਈ ਉਹ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਅੱਗੇ ਬਲੀਆਂ ਚੜਾਉਣ ਦਿਆਂ। 9 ਇਸ ਲਈ ਇਨ੍ਹਾਂ ਲੋਕਾਂ ਕੋਲੋਂ ਹੋਰ ਵਧੇਰੇ ਸਖਤ ਕੰਮ ਕਰਾਓ। ਉਨ੍ਹਾਂ ਨੂੰ ਰੁਝਾਈ ਰਖੋ। ਫ਼ੇਰ ਉਨ੍ਹਾਂ ਕੋਲ ਮੂਸਾ ਦੀਆਂ ਝੂਠੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਹੋਵੇਗੀ।” 10 ਇਸ ਲਈ ਮਿਸਰੀ ਸੁਆਮੀ ਅਤੇ ਇਬਰਾਨੀ ਆਗੂ (ਫ਼ੋਰਮੈਨ) ਇਸਰਾਏਲ ਦੇ ਲੋਕਾਂ ਕੋਲ ਗਏ ਅਤੇ ਆਖਣ ਲੱਗੇ, “ਫ਼ਿਰਊਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਤੁਹਾਨੂੰ ਤੁਹਾਡੀਆਂ ਇੱਟਾਂ ਲਈ ਤੂੜੀ ਨਹੀਂ ਦੇਵੇਗਾ। 11 ਤੁਹਾਨੂੰ ਖੁਦ ਜਾਕੇ ਤੂੜੀ ਲਭਣੀ ਪਵੇਗੀ। ਪਰ ਤਾਂ ਵੀ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।” 12 ਇਸ ਲਈ ਲੋਕ ਮਿਸਰ ਵਿੱਚ ਹਰ ਥਾਂ ਤੂੜੀ ਦੀ ਤਲਾਸ਼ ਵਿੱਚ ਗਏ। 13 ਦਾਸਾਂ ਦੇ ਸੁਆਮੀਆਂ ਨੇ ਲੋਕਾਂ ਨੂੰ ਹੋਰ ਵੀ ਵਧੇਰੇ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਜਿੰਨੀਆਂ ਇੱਟਾਂ ਬਨਾਉਣ ਲਈ ਮਜ਼ਬੂਰ ਕਰ ਦਿੱਤਾ। 14 ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸਕਦੇ ਹੋ।” 15 ਤਾਂ ਇਬਰਾਨੀ ਆਗੂ ਫ਼ਿਰਊਨ ਕੋਲ ਗਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਆਖਿਆ, “ਅਸੀਂ ਤੁਹਾਡੇ ਨੌਕਰ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹੋ? 16 ਤੁਸੀਂ ਸਾਨੂੰ ਕੋਈ ਤੂੜੀ ਨਹੀਂ ਦਿੰਦੇ, ਪਰ ਸਾਨੂੰ ਆਖਦੇ ਹੋ ਕਿ ਅਸੀਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਈਏ। ਅਤੇ ਹੁਣ ਸਾਡੇ ਸੁਆਮੀ ਸਾਨੂੰ ਕੁੱਟ ਰਹੇ ਹਨ। ਤੁਹਾਡੇ ਲੋਕ ਅਜਿਹਾ ਕਰਨ ਵਿੱਚ ਗਲਤ ਹਨ।” 17 ਫ਼ਿਰਊਨ ਨੇ ਜਵਾਬ ਦਿੱਤਾ, “ਤੁਸੀਂ ਸੁਸਤ ਹੋ। ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਲਈ ਤੁਸੀਂ ਆਖਦੇ ਹੋ ਕਿ ਮੈਂ ਤੁਹਾਨੂੰ ਜਾਣ ਦੇਵਾਂ। ਅਤੇ ਇਹੀ ਕਾਰਣ ਹੈ ਕਿ ਤੁਸੀਂ ਇਥੋਂ ਜਾਣਾ ਚਾਹੁੰਦੇ ਹੋ ਅਤੇ ਯਹੋਵਾਹ ਅੱਗੇ ਬਲੀਆਂ ਚੜਾਉਣਾ ਚਾਹੁੰਦੇ ਹੋ। 18 ਹੁਣ ਕੰਮ ਤੇ ਵਾਪਸ ਜਾਓ। ਅਸੀਂ ਤੁਹਾਨੂੰ ਕੋਈ ਤੂੜੀ ਨਹੀਂ ਦਿਆਂਗੇ। ਅਤੇ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।” 19 ਇਬਰਾਨੀ ਆਗੂਆਂ ਨੂੰ ਪਤਾ ਸੀ ਕਿ ਉਹ ਮੁਸੀਬਤ ਵਿੱਚ ਸਨ। ਆਗੂ ਜਾਣਦੇ ਸਨ ਕਿ ਉਹ ਪਹਿਲਾਂ ਜਿੰਨੀਆਂ ਇੱਟਾਂ ਨਹੀਂ ਬਣਾ ਸਕਦੇ ਸਨ। 20 ਜਦੋਂ ਉਹ ਫ਼ਿਰਊਨ ਨਾਲ ਮੁਲਾਕਾਤ ਕਰਕੇ ਜਾ ਰਹੇ ਸਨ, ਉਹ ਮੂਸਾ ਅਤੇ ਹਾਰੂਨ ਕੋਲੋਂ ਲੰਘੇ। ਮੂਸਾ ਅਤੇ ਹਾਰੂਨ ਉਨ੍ਹਾਂ ਨੂੰ ਉਡੀਕ ਰਹੇ ਸਨ। 21 ਇਸ ਲਈ ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਜਦੋਂ ਤੁਸੀਂ ਫ਼ਿਰਊਨ ਨੂੰ ਆਖਿਆ ਸੀ ਕਿ ਸਾਨੂੰ ਜਾਣ ਦੇਵੇ ਤਾਂ ਤੁਸੀਂ ਅਸਲ ਵਿੱਚ ਗਲਤੀ ਕੀਤੀ ਸੀ। ਯਹੋਵਾਹ ਤੁਹਾਨੂੰ ਸਜ਼ਾ ਦੇਵੇ, ਕਿਉਂਕਿ ਤੁਸੀਂ ਫ਼ਿਰਊਨ ਅਤੇ ਉਸਦੇ ਹਾਕਮਾਂ ਨੂੰ ਸਾਨੂੰ ਨਫ਼ਰਤ ਕਰਨ ਲਾਇਆ। ਤੁਸੀਂ ਉਨ੍ਹਾਂ ਨੂੰ ਸਾਨੂੰ ਮਾਰਨ ਦਾ ਬਹਾਨਾ ਦੇ ਦਿੱਤਾ ਹੈ।” 22 ਤਾਂ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਸੁਆਮੀ, ਤੁਸੀਂ ਆਪਣੇ ਬੰਦਿਆਂ ਲਈ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਇੱਥੇ ਕਿਉਂ ਭੇਜਿਆ ਹੈ? 23 ਮੈਂ ਫ਼ਿਰਊਨ ਕੋਲ ਗਿਆ ਅਤੇ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਆਖਣ ਲਈ ਕਹੀਆਂ ਸਨ। ਪਰ ਉਸੇ ਵੇਲੇ ਤੋਂ ਉਹ ਲੋਕਾਂ ਲਈ ਕਮੀਨਾ ਬਣ ਗਿਆ ਹੈ। ਅਤੇ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ।”

6:1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।” 2 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ। 3 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ। 4 ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ। 5 ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ। 6 ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ। 7 ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ। 8 ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।” 9 ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ। 10 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 11 “ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।” 12 ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪਸ਼ਟ ਹੁੰਦਾ ਹੈ।” 13 ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ। 14 ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ; 15 ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।) 16 ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ। 17 ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ। 18 ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ। 19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ। 20 ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ। 21 ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ। 22 ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ। 23 ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ। 24 ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅਸੀਰ, ਅਲਕਾਨਾਹ ਅਤੇ ਅਬੀਅਸਾਫ਼। 25 ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸਨੇ ਫ਼ੀਨਹਾਸ ਨੂੰ ਜਨਮ ਦਿੱਤਾ।ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ। 26 ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।” 27 ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ। 28 ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29 ਉਸਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।” 30 ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”

7:1 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਦੇ ਰਾਜਦੂਤ ਵਰਗਾ ਬਣਾ ਦੇਵਾਂਗਾ। ਹਾਰੂਨ ਤੇਰਾ ਨਬੀ ਹੋਵੇਗਾ। 2 ਹਾਰੂਨ ਨੂੰ ਹਰ ਉਹ ਗੱਲ ਦਸੀ ਜਿਸਦਾ ਮੈਂ ਤੈਨੂੰ ਹੁਕਮ ਦੇਵਾਂ। ਫ਼ੇਰ ਉਹ ਰਾਜੇ ਨੂੰ ਉਹ ਗੱਲਾਂ ਆਖੇਗਾ ਜੋ ਮੈਂ ਆਖਾਂਗਾ। ਅਤੇ ਫ਼ਿਰਊਨ ਇਸਰਾਏਲ ਦੇ ਲੋਕਾਂ ਨੂੰ ਇਹ ਦੇਸ਼ ਛੱਡ ਦੇਣ ਦੀ ਇਜਾਜ਼ਤ ਦੇ ਦੇਵੇਗਾ। 3 ਪਰ ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾ ਦੇਵਾਂਗਾ ਜਿਹੜੀਆਂ ਗੱਲਾਂ ਤੂੰ ਆਖੇਂਗਾ ਉਹ ਉਨ੍ਹਾਂ ਨੂੰ ਨਹੀਂ ਮਂਨੇਗਾ। ਫ਼ੇਰ ਮੈਂ ਮਿਸਰ ਵਿੱਚ ਬਹੁਤ ਸਾਰੇ ਕਰਿਸ਼ਮੇ ਕਰਾਂਗਾ, ਇਹ ਸਾਬਤ ਕਰਨ ਲਈ ਕਿ ਮੈਂ ਕੌਣ ਹਾਂ। ਪਰ ਉਹ ਹਾਲੇ ਵੀ ਗੱਲ ਨਹੀਂ ਸੁਣੇਗਾ। 4 ਇਸ ਲਈ ਫ਼ੇਰ ਮੈਂ ਮਿਸਰ ਨੂੰ ਬਹੁਤ ਸਜ਼ਾ ਦੇਵਾਂਗਾ ਅਤੇ ਮੈਂ ਲੋਕਾਂ ਨੂੰ ਉਸ ਧਰਤੀ ਤੋਂ ਬਾਹਰ ਲੈ ਜਾਵਾਂਗਾ। 5 ਤਾਂ ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ। ਮੈਂ ਉਨ੍ਹਾਂ ਦੇ ਖਿਲਾਫ਼ ਹੋਵਾਂਗਾ। ਅਤੇ ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਫ਼ੇਰ ਮੈਂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਬਾਹਰ ਲੈ ਜਾਵਾਂਗਾ।” 6 ਮੂਸਾ ਅਤੇ ਹਾਰੂਨ ਨੇ ਇਹ ਗੱਲਾਂ ਮੰਨ ਲਈਆਂ, ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ। 7 ਮੂਸਾ ਉਸ ਵੇਲੇ 80 ਵਰ੍ਹਿਆਂ ਦਾ, ਅਤੇ ਹਾਰੂਨ 83 ਵਰ੍ਹਿਆਂ ਦਾ ਸੀ। 8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, 9 “ਫ਼ਿਰਊਨ ਤੁਹਾਡੇ ਪਾਸੋਂ ਤੁਹਾਡੀ ਸ਼ਕਤੀ ਦਾ ਸਬੂਤ ਮਂਗੇਗਾ। ਉਹ ਤੁਹਾਡੇ ਕੋਲੋਂ ਕਰਿਸ਼ਮੇ ਕਰਨ ਦੀ ਮੰਗ ਕਰੇਗਾ। ਹਾਰੂਨ ਨੂੰ ਆਖੀਂ ਕਿ ਉਹ ਆਪਣੀ ਸੋਟੀ ਧਰਤੀ ਤੇ ਸੁੱਟੇ। ਜਦੋਂ ਫ਼ਿਰਊਨ ਦੇਖ ਰਿਹਾ ਹੋਵੇਗਾ, ਸੋਟੀ ਸੱਪ ਬਣ ਜਾਵੇਗੀ।” 10 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਕੋਲ ਗਏ ਅਤੇ ਯਹੋਵਾਹ ਦਾ ਹੁਕਮ ਮੰਨਿਆ। ਹਾਰੂਨ ਨੇ ਆਪਣੀ ਸੋਟੀ ਧਰਤੀ ਤੇ ਸੁੱਟੀ। ਜਦੋਂ ਫ਼ਿਰਊਨ ਅਤੇ ਉਸਦੇ ਅਧਿਕਾਰੀ ਦੇਖ ਰਹੇ ਸਨ, ਸੋਟੀ ਸੱਪ ਬਣ ਗਈ। 11 ਇਸ ਲਈ ਰਾਜੇ ਨੇ ਆਪਣੇ ਸਿਆਣਿਆਂ ਅਤੇ ਜਾਦੂਗਰਾਂ ਨੂੰ ਬੁਲਾਇਆ। ਇਨ੍ਹਾਂ ਬੰਦਿਆਂ ਨੇ ਵੀ ਆਪਣੀਆਂ ਚੁਸਤੀਆਂ ਵਰਤੀਆਂ ਅਤੇ ਹਾਰੂਨ ਵਰਗੀ ਗੱਲ ਕਰਨ ਵਿੱਚ ਕਾਮਯਾਬ ਹੋ ਗਏ। 12 ਉਨ੍ਹਾਂ ਨੇ ਆਪਣੀਆਂ ਸੋਟੀਆਂ ਧਰਤੀ ਤੇ ਸੁੱਟੀਆਂ ਅਤੇ ਉਨ੍ਹਾਂ ਦੀਆਂ ਸੋਟੀਆਂ ਸੱਪ ਬਣ ਗਈਆਂ। ਪਰ ਫ਼ੇਰ ਹਾਰੂਨ ਦੀ ਸੋਟੀ ਨੇ ਉਨ੍ਹਾਂ ਦੀਆਂ ਸੋਟੀਆਂ ਖਾ ਲਈਆਂ। 13 ਫ਼ਿਰਊਨ ਨੇ ਹਾਲੇ ਵੀ ਲੋਕਾਂ ਨੂੰ ਚਲੇ ਜਾਣ ਨਾ ਦਿੱਤਾ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ ਕਿ ਵਾਪਰੇਗਾ। ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। 14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਜ਼ਿੱਦੀ ਬਣ ਰਿਹਾ ਹੈ। ਫ਼ਿਰਊਨ ਲੋਕਾਂ ਨੂੰ ਜਾਣ ਨਹੀਂ ਦਿੰਦਾ। 15 ਸਵੇਰ ਵੇਲੇ, ਫ਼ਿਰਊਨ ਨਦੀ ਤੇ ਜਾਵੇਗਾ। ਉਸਦੇ ਕੋਲ ਨੀਲ ਨਦੀ ਦੇ ਕੰਢੇ ਜਾਵੀਂ। ਉਹ ਸੋਟੀ ਨਾਲ ਲਵੀਂ ਜਿਹੜੀ ਸੱਪ ਬਣ ਗਈ ਸੀ। 16 ਉਸਨੂੰ ਇਹ ਆਖੀਂ; ‘ਇਬਰਾਨੀ ਲੋਕਾਂ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਘਲਿਆ ਹੈ। ਯਹੋਵਾਹ ਨੇ ਮੈਨੂੰ ਆਖਿਆ ਸੀ ਕਿ ਤੈਨੂੰ ਆਖਾਂ ਕਿ ਉਸਦੇ ਲੋਕਾਂ ਨੂੰ ਮਾਰੂਥਲ ਵਿੱਚ ਜਾਕੇ ਉਸਦੀ ਉਪਾਸਨਾ ਕਰਨ ਦੇਵੇ। ਹੁਣ ਤੱਕ ਤੂੰ ਯਹੋਵਾਹ ਦੀ ਗੱਲ ਨਹੀਂ ਸੁਣੀਂ। 17 ਇਸ ਲਈ ਯਹੋਵਾਹ ਆਖਦਾ ਹੈ ਕਿ ਉਹ ਤੈਨੂੰ ਦਿਖਾਉਣ ਲਈ ਕੁਝ ਕਰੇਗਾ ਕਿ ਉਹ ਯਹੋਵਾਹ ਹੈ। ਮੈਂ ਨੀਲ ਨਦੀ ਉੱਤੇ ਆਪਣੇ ਹੱਥ ਵਾਲੀ ਇਹ ਸੋਟੀ ਮਾਰਾਂਗਾ, ਅਤੇ ਨਦੀ ਖੂਨ ਵਿੱਚ ਬਦਲ ਜਾਵੇਗੀ। 18 ਨਦੀ ਦੀਆਂ ਮਛੀਆਂ ਮਰ ਜਾਣਗੀਆਂ, ਅਤੇ ਨਦੀ ਸਢ਼ਾਂਦ ਮਾਰਨ ਲੱਗ ਪਵੇਗੀ। ਫ਼ੇਰ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਣਗੇ।’” 19 ਯਹੋਵਾਹ ਨੇ ਮੂਸਾ ਨੂੰ ਆਖਿਆ; “ਹਾਰੂਨ ਨੂੰ ਆਪਣੀ ਸੋਟੀ ਫ਼ੜਕੇ ਨਦੀਆਂ, ਨਹਿਰਾਂ, ਝੀਲਾਂ ਅਤੇ ਹਰ ਓਸ ਥਾਂ ਉੱਤੇ ਫ਼ੈਲਾਉਣ ਲਈ ਆਖ ਜਿਥੇ ਉਹ ਪਾਣੀ ਜਮ੍ਹਾਂ ਕਰਦੇ ਹਨ। ਜਦੋਂ ਉਹ ਅਜਿਹਾ ਕਰੇਗਾ, ਸਾਰਾ ਪਾਣੀ ਭਾਵੇਂ ਉਹ ਲੱਕੜ ਦੇ ਜਾਂ ਪੱਥਰ ਦੇ ਗਮਲਿਆਂ ਵਿੱਚ ਵੀ ਭਰਿਆ ਹੋਵੇ, ਖੂਨ ਵਿੱਚ ਬਦਲ ਜਾਵੇਗਾ।” 20 ਤਾਂ ਹਾਰੂਨ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ। ਹਾਰੂਨ ਨੇ ਸੋਟੀ ਚੁੱਕੀ ਤੇ ਨੀਲ ਨਦੀ ਪਾਣੀ ਉੱਤੇ ਮਾਰੀ। ਉਸਨੇ ਅਜਿਹਾ ਫ਼ਿਰਊਨ ਅਤੇ ਉਸਦੇ ਅਧਿਕਾਰੀਆਂ ਦੇ ਸਾਮ੍ਹਣੇ ਕੀਤਾ। ਇਸ ਤਰ੍ਹਾਂ ਨਦੀ ਦਾ ਸਾਰਾ ਪਾਣੀ ਖੂਨ ਵਿੱਚ ਬਦਲ ਗਿਆ। 21 ਨਦੀ ਦੀਆਂ ਮਛੀਆਂ ਮਰ ਗਈਆਂ, ਅਤੇ ਨਦੀ ਚੋਂ ਸੜਿਆਂਦ ਮਾਰਨ ਲੱਗ ਪਈ। ਇਸ ਲਈ ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ। ਮਿਸਰ ਵਿੱਚ ਹਰ ਥਾਂ ਖੂਨ ਹੀ ਖੂਨ ਸੀ। 22 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਓਹੀ ਗੱਲ ਕੀਤੀ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ, ਬਿਲਕੁਲ ਜਿਵੇਂ ਯਹੋਵਾਹ ਨੇ ਆਖਿਆ ਸੀ। 23 ਉਹ, ਜੋ ਮੂਸਾ ਤੇ ਹਾਰੂਨ ਨੇ ਕੀਤਾ ਸੀ ਤੋਂ ਪਰੇਸ਼ਾਨ ਨਾ ਹੋਇਆ ਅਤੇ ਆਪਣੀ ਪਿਠ ਮੋੜਕੇ ਆਪਣੇ ਘਰ ਅੰਦਰ ਚਲਾ ਗਿਆ। 24 ਮਿਸਰੀ ਨਦੀ ਦਾ ਪਾਣੀ ਨਹੀਂ ਪੀ ਸਕਦੇ ਸਨ। ਇਸ ਲਈ ਉਨ੍ਹਾਂ ਨੇ ਨਦੀ ਦੇ ਆਲੇ-ਦੁਆਲੇ ਪਾਣੀ ਪੀਣ ਲਈ ਖੂਹ ਪੁੱਟੇ। 25 ਯਹੋਵਾਹ ਨੇ ਨੀਲ ਨਦੀ ਨੂੰ ਬਦਲਿਆਂ ਸੱਤ ਦਿਨ ਬੀਤ ਗਏ।

8:1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ ਅਤੇ ਉਸਨੂੰ ਆਖ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਚਲੇ ਜਾਣ ਦੇ। 2 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮੈਂ ਸਾਰੇ ਮਿਸਰ ਨੂੰ ਡੱਡੂਆਂ ਨਾਲ ਭਰ ਦਿਆਂਗਾ। 3 ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ। 4 ਡੱਡੂ ਤੇਰੇ, ਤੇਰੇ ਲੋਕਾਂ ਅਤੇ ਤੇਰੇ ਅਧਿਕਾਰੀਆਂ ਦੇ ਹਰ ਪਾਸੇ ਹੋਣਗੇ।”‘ 5 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਨੂੰ ਆਖ ਕਿ ਉਹ ਆਪਣੀ ਸੋਟੀ ਫ਼ੜੇ ਅਤੇ ਨਹਿਰਾਂ, ਨਦੀਆਂ ਅਤੇ ਝੀਲਾਂ ਦੇ ਉੱਤੇ ਰਖੇ। ਤਾਂ ਡੱਡੂ ਨਿਕਲ ਆਉਣਗੇ ਅਤੇ ਮਿਸਰ ਦੀ ਧਰਤੀ ਤੇ ਫ਼ੈਲ ਜਾਣਗੇ।” 6 ਇਸ ਤਰ੍ਹਾਂ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਪਰ ਉਠਾਇਆ, ਅਤੇ ਡੱਡੂ ਪਾਣੀ ਵਿੱਚੋਂ ਨਿਕਲਣ ਲੱਗੇ ਅਤੇ ਉਨ੍ਹਾਂ ਨੇ ਮਿਸਰ ਦੀ ਧਰਤੀ ਨੂੰ ਭਰ ਦਿੱਤਾ। 7 ਮਿਸਰੀ ਜਾਦੂਗਰਾਂ ਨੇ ਆਪਣੀਆਂ ਜਾਦੂਗਰੀਆਂ ਵਰਤੀਆਂ ਅਤੇ ਉਨ੍ਹਾਂ ਨੇ ਵੀ ਹੋਰ ਵਧੇਰੇ ਡੱਡੂ ਬਾਹਰ ਕੱਢੇ ਅਤੇ ਮਿਸਰ ਦੀ ਧਰਤੀ ਤੇ ਫ਼ੈਲਾ ਦਿੱਤੇ। 8 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ ਅਤੇ ਆਖਿਆ, “ਯਹੋਵਾਹ ਨੂੰ ਆਖੋ ਕਿ ਮੇਰੇ ਅਤੇ ਮੇਰੇ ਲੋਕਾਂ ਤੋਂ ਡੱਡੂਆਂ ਨੂੰ ਹਟਾ ਦੇਵੇ। ਮੈਂ ਲੋਕਾਂ ਨੂੰ ਜਾਣ ਦੇਵਾਂਗਾ ਅਤੇ ਯਹੋਵਾਹ ਨੂੰ ਬਲੀਆਂ ਚੜਾਉਣ ਦੇਵਾਂਗਾ।” 9 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੈਨੂੰ ਇਹ ਦੱਸੋ ਕਿ ਤੁਸੀਂ ਡੱਡੂਆਂ ਨੂੰ ਕਦੋਂ ਦੂਰ ਕਰਨਾ ਚਾਹੁੰਦੇ ਹੋ। ਮੈਂ ਤੁਹਾਡੇ ਲਈ, ਤੁਹਾਡੇ ਲੋਕਾਂ ਲਈ ਅਤੇ ਤੁਹਾਡੇ ਅਧਿਕਾਰੀਆਂ ਲਈ ਪ੍ਰਾਰਥਨਾ ਕਰਾਂਗਾ। ਫ਼ੇਰ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ। ਤੁਸੀਂ ਕਦੋਂ ਚਾਹੁੰਦੇ ਹੋ ਕਿ ਡੱਡੂ ਇਥੋਂ ਚਲੇ ਜਾਣ?” 10 ਫ਼ਿਰਊਨ ਨੇ ਆਖਿਆ, “ਕਲ ਨੂੰ।”ਮੂਸਾ ਨੇ ਆਖਿਆ, “ਇਵੇਂ ਹੀ ਹੋਵੇਗਾ ਜਿਵੇਂ ਤੁਸੀਂ ਕਹਿੰਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਕੋਈ ਹੋਰ ਦੇਵਤਾ ਨਹੀਂ ਹੈ। 11 ਡੱਡੂ ਤੁਹਾਨੂੰ, ਤੁਹਾਡੇ ਘਰਾਂ ਨੂੰ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ। ਡੱਡੂ ਸਿਰਫ਼ ਨਦੀ ਵਿੱਚ ਰਹਿਣਗੇ।” 12 ਮੂਸਾ ਤੇ ਹਾਰੂਨ ਦੇ ਫ਼ਿਰਊਨ ਕੋਲੋਂ ਚਲੇ ਜਾਣ ਤੋਂ ਬਾਦ, ਮੂਸਾ ਨੇ ਯਹੋਵਾਹ ਅੱਗੇ ਉਨ੍ਹਾਂ ਡੱਡੂਆਂ ਬਾਰੇ ਪੁਕਾਰ ਕੀਤੀ ਜਿਹੜੇ ਉਸਨੇ ਫ਼ਿਰਊਨ ਖਿਲਾਫ਼ ਭੇਜੇ ਸਨ। 13 ਅਤੇ ਯਹੋਵਾਹ ਨੇ ਉਵੇਂ ਹੀ ਕੀਤਾ ਜਿਵੇਂ ਮੂਸਾ ਨੇ ਮੰਗ ਕੀਤੀ ਸੀ। ਘਰਾਂ ਵਿਚਲੇ, ਵਿਹੜਿਆਂ ਵਿਚਲੇ ਅਤੇ ਖੇਤਾਂ ਵਿਚਲੇ ਡੱਡੂ ਮਰ ਗਏ। 14 ਉਨ੍ਹਾਂ ਨੇ ਵੱਡੀ ਸਖਿਆ ਵਿੱਚ ਉਨ੍ਹਾਂ ਦੇ ਢੇਰ ਲਾ ਦਿੱਤੇ ਅਤੇ ਉਹ ਸੜਨ ਲੱਗੇ, ਇਸ ਲਈ ਸਾਰਾ ਦੇਸ਼ ਸੜਿਆਂਦ ਮਾਰਨ ਲੱਗ ਪਿਆ। 15 ਫ਼ਿਰਊਨ ਨੇ ਦੇਖਿਆ ਕਿ ਉਹ ਡੱਡੂਆਂ ਤੋਂ ਮੁਕਤ ਹੋ ਗਏ ਸਨ, ਅਤੇ ਉਹ ਫ਼ੇਰ ਜ਼ਿੱਦੀ ਬਣ ਗਿਆ। ਫ਼ਿਰਊਨ ਨੇ ਉਹ ਕੁਝ ਨਾ ਕੀਤਾ ਜਿਸਦੀ ਮੂਸਾ ਨੇ ਹਾਰੂਨ ਨੇ ਉਸਤੋਂ ਮੰਗ ਕੀਤੀ ਸੀ। ਇਹ ਉਸੇ ਤਰ੍ਹਾਂ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਤੂੰ ਆਪਣੀ ਸੋਟੀ ਚੁੱਕ ਤੇ ਧਰਤੀ ਦੀ ਧੂੜ ਉੱਤੇ ਮਾਰਨ ਲਈ ਆਖ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਜਾਵੇਗੀ।” 17 ਉਨ੍ਹਾਂ ਨੇ ਇਹੀ ਕੀਤਾ। ਹਾਰੂਨ ਨੇ ਆਪਣੇ ਹੱਥ ਵਿੱਚ ਆਪਣੀ ਸੋਟੀ ਚੁੱਕੀ ਅਤੇ ਧਰਤੀ ਦੀ ਧੂੜ ਉੱਤੇ ਮਾਰੀ, ਅਤੇ ਮਿਸਰ ਦੀ ਹਰ ਥਾਂ ਦੀ ਧੂੜ ਜੂਆਂ ਬਣ ਗਈ ਅਤੇ ਜਾਨਵਰਾਂ ਅਤੇ ਲੋਕਾਂ ਨੂੰ ਚੁਂਬੜ ਗਈਆਂ। 18 ਜਾਦੂਗਰਾਂ ਨੇ ਆਪਣੇ ਕਰਤਬ ਵਰਤੇ ਅਤੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਧੂੜ ਵਿੱਚੋਂ ਜੂਆਂ ਨਾ ਬਣਾ ਸਕੇ। ਜੂਆਂ ਜਾਨਵਰਾਂ ਅਤੇ ਲੋਕਾਂ ਨੂੰ ਚੁਬੜੀਆਂ ਰਹੀਆਂ। 19 ਇਸ ਲਈ ਜਾਦੂਗਰਾਂ ਨੇ ਫ਼ਿਰਊਨ ਨੂੰ ਦੱਸਿਆ ਕਿ ਪਰਮੇਸ਼ੁਰ ਦੀ ਸ਼ਕਤੀ ਨੇ ਅਜਿਹਾ ਕੀਤਾ ਸੀ। ਪਰ ਫ਼ਿਰਊਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 20 ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉਠਕੇ ਫ਼ਿਰਊਨ ਕੋਲ ਜਾਵੀਂ। ਫ਼ਿਰਊਨ ਨਦੀ ਵੱਲ ਜਾਵੇਗਾ। ਉਸਨੂੰ ਆਖੀਂ ਕਿ ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਅਤੇ ਮੇਰੀ ਉਪਾਸਨਾ ਕਰਨ ਦੇ। 21 ਜੇ ਤੂੰ ਮੇਰੇ ਲੋਕਾਂ ਨੂੰ ਨਹੀਂ ਜਾਣ ਦੇਵੇਂਗਾ, ਤਾਂ ਮਖੀਆਂ ਤੁਹਾਡੇ ਘਰਾਂ ਅੰਦਰ ਆ ਜਾਣਗੀਆਂ। ਮਖੀਆਂ ਤੁਹਾਡੇ ਅਤੇ ਤੁਹਾਡੇ ਅਧਿਕਾਰੀਆਂ ਉੱਪਰ ਹੋਣਗੀਆਂ। ਮਿਸਰ ਦੇ ਘਰ ਮਖੀਆਂ ਨਾਲ ਭਰ ਜਾਣਗੇ। ਮਖੀਆਂ ਸਾਰੇ ਪਾਸੇ ਹੋਣਗੀਆਂ, ਧਰਤੀ ਉੱਤੇ ਵੀ। 22 ਪਰ ਮੈਂ ਇਸਰਾਏਲ ਦੇ ਲੋਕਾਂ ਨਾਲ ਮਿਸਰੀ ਲੋਕਾਂ ਵਰਗਾ ਵਰਤਾਉ ਨਹੀਂ ਕਰਾਂਗਾ ਗੋਸ਼ਨ ਵਿੱਚ ਮਖੀਆਂ ਨਹੀਂ ਹੋਣਗੀਆਂ, ਜਿਥੇ ਮੇਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ, ਯਹੋਵਾਹ, ਇਸ ਧਰਤੀ ਤੇ ਹਾਂ। 23 ਇਸ ਲਈ ਕਲ ਨੂੰ ਮੈਂ ਆਪਣੇ ਲੋਕਾਂ ਨਾਲ ਤੁਹਾਡੇ ਲੋਕਾਂ ਨਾਲੋਂ ਵਖਰਾ ਸਲੂਕ ਕਰਾਂਗਾ। ਇਹ ਮੇਰਾ ਸਬੂਤ ਹੋਵੇਗਾ। 24 ਇਸ ਤਰ੍ਹਾਂ ਯਹੋਵਾਹ ਨੇ ਉਹੀ ਕੀਤਾ ਜੋ ਉਸਨੇ ਆਖਿਆ ਸੀ। ਮਿਸਰ ਵਿੱਚ ਬਹੁਤ ਸਾਰੀਆਂ ਮੱਖੀਆਂ ਆ ਗਈਆਂ। ਮੱਖੀਆਂ ਫ਼ਿਰਊਨ ਦੇ ਘਰ ਵਿੱਚ ਸਨ, ਅਤੇ ਇਹ ਉਸਦੇ ਸਾਰੇ ਅਧਿਕਾਰੀਆਂ ਦੇ ਘਰਾਂ ਵਿੱਚ ਸਨ। ਮੱਖੀਆਂ ਮਿਸਰ ਵਿੱਚ ਹਰ ਪਾਸੇ ਸਨ। ਮੱਖੀਆਂ ਦੇਸ਼ ਨੂੰ ਤਬਾਹ ਕਰ ਰਹੀਆਂ ਸਨ। 25 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਦੇਸ਼ ਵਿੱਚ ਆਪਣੇ ਪਰਮੇਸ਼ੁਰ ਲਈ ਬਲੀਆਂ ਚੜਾਵੋ।” 26 ਪਰ ਮੂਸਾ ਨੇ ਆਖਿਆ, “ਅਜਿਹਾ ਕਰਨਾ ਠੀਕ ਨਹੀਂ ਹੋਵੇਗਾ। ਮਿਸਰੀ ਸੋਚਦੇ ਹਨ ਕਿ ਯਹੋਵਾਹ ਸਾਡੇ ਪਰਮੇਸ਼ੁਰ ਲਈ ਜਾਨਵਰਾਂ ਨੂੰ ਮਾਰਕੇ ਬਲੀਆਂ ਚੜਾਉਣਾ ਭਿਆਨਕ ਗੱਲ ਹੈ। ਜੇ ਅਸੀਂ ਇੱਥੇ ਅਜਿਹਾ ਕਰਾਂਗੇ ਤਾਂ ਮਿਸਰੀ ਸਾਨੂੰ ਦੇਖਣਗੇ, ਅਤੇ ਉਹ ਸਾਡੇ ਉੱਤੇ ਪੱਥਰ ਸੁੱਟਣਗੇ ਅਤੇ ਸਾਨੂੰ ਮਾਰ ਦੇਣਗੇ। 27 ਸਾਨੂੰ ਤਿੰਨਾ ਦਿਨਾਂ ਲਈ ਮਾਰੂਥਲ ਅੰਦਰ ਜਾਣ ਦਿਉ ਅਤੇ ਯਹੋਵਾਹ ਸਾਡੇ ਪਰਮੇਸ਼ੁਰ ਲਈ ਬਲੀਆਂ ਚੜਾਉਣ ਦਿਉ। ਇਹੀ ਹੈ ਜੋ ਸਾਡੇ ਯਹੋਵਾਹ ਨੇ ਸਾਨੂੰ ਕਰਨ ਵਾਸਤੇ ਆਖਿਆ ਸੀ।” 28 ਇਸ ਲਈ ਫ਼ਿਰਊਨ ਨੇ ਆਖਿਆ, “ਮੈਂ ਤੁਹਾਨੂੰ ਜਾਣ ਦੇਵਾਂਗਾ ਅਤੇ ਮਾਰੂਥਲ ਵਿੱਚ ਜਾਕੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਬਲੀਆਂ ਚੜਾਉਣ ਦੇਵਾਂਗਾ। ਪਰ ਤੁਹਾਨੂੰ ਬਹੁਤੀ ਦੂਰ ਨਹੀਂ ਜਾਣਾ ਚਾਹੀਦਾ। ਹੁਣ, ਜਾਓ ਅਤੇ ਮੇਰੇ ਵਾਸਤੇ ਪ੍ਰਾਰਥਨਾ ਕਰੋ।” 29 ਮੂਸਾ ਨੇ ਆਖਿਆ, “ਦੇਖੋ, ਮੈਂ ਜਾਵਾਂਗਾ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ ਅਤੇ ਮਖੀਆਂ ਤੈਨੂੰ, ਤੇਰੇ ਲੋਕਾਂ ਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਕਲ ਨੂੰ ਛੱਡ ਦੇਣਗੀਆਂ। ਪਰ ਤੈਨੂੰ ਫ਼ਿਰ ਸਾਨੂੰ ਸਾਡੇ ਯਹੋਵਾਹ ਨੂੰ ਬਲੀਆਂ ਨਾ ਚੜਾਉਣ ਦੀ ਆਗਿਆ ਦੇਕੇ ਗੁਮਰਾਹ ਨਹੀਂ ਕਰਨ ਚਾਹੀਦਾ।” 30 ਇਸ ਤਰ੍ਹਾਂ ਮੂਸਾ ਫ਼ਿਰਊਨ ਕੋਲੋਂ ਚਲਿਆ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 31 ਅਤੇ ਯਹੋਵਾਹ ਨੇ ਓਹੀ ਕੀਤਾ ਜੋ ਮੂਸਾ ਨੇ ਮੰਗਿਆ ਸੀ। ਯਹੋਵਾਹ ਨੇ ਫ਼ਿਰਊਨ, ਉਸਦੇ ਅਧਿਕਾਰੀਆਂ ਅਤੇ ਉਸਦੀ ਪਰਜਾ ਤੋਂ ਮਖੀਆਂ ਨੂੰ ਦੂਰ ਕਰ ਦਿੱਤਾ। ਕੋਈ ਮੱਖੀ ਨਹੀਂ ਬਚੀ। 32 ਪਰ ਉਸਨੇ ਫ਼ੇਰ ਜ਼ਿਦ ਫ਼ੜ ਲਈ ਅਤੇ ਲੋਕਾਂ ਨੂੰ ਨਹੀਂ ਜਾਣ ਦਿੱਤਾ।

9:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਉਹ ਫ਼ਿਰਊਨ ਕੋਲ ਜਾਵੇ ਤਾਂ ਆਖੇ; “ਇਬਰਾਨੀ ਲੋਕਾਂ ਦਾ ਪਰਮੇਸ਼ੁਰ, ਯਹੋਵਾਹ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ।’ 2 ਜੇ ਤੂੰ ਉਨ੍ਹਾਂ ਨੂੰ ਰੋਕੀ ਰੱਖੇਂਗਾ ਅਤੇ ਜਾਣ ਨਹੀਂ ਦੇਵੇਂਗਾ, 3 ਤਾਂ ਯਹੋਵਾਹ ਆਪਣੀ ਸ਼ਕਤੀ ਖੇਤਾਂ ਵਿਚਲੇ ਤੁਹਾਡੇ ਪਸ਼ੂਆਂ ਦੇ ਖਿਲਾਫ਼ ਵਰਤੇਗਾ। ਯਹੋਵਾਹ ਤੁਹਾਡੇ ਘੋੜਿਆਂ, ਖੋਤਿਆਂ, ਊਠਾਂ, ਪਸ਼ੂਆਂ ਅਤੇ ਭੇਡਾਂ ਵਿੱਚ ਭਿਆਨਕ ਬਿਮਾਰੀ ਫ਼ੈਲਾ ਦੇਵੇਗਾ। 4 ਯਹੋਵਾਹ ਇਸਰਾਏਲ ਦੇ ਜਾਨਵਰਾਂ ਨਾਲ ਮਿਸਰ ਦੇ ਜਾਨਵਰਾਂ ਨਾਲੋਂ ਵੱਖਰਾ ਸਲੂਕ ਕਰੇਗਾ। ਇਸਰਾਏਲ ਦੇ ਲੋਕਾਂ ਦਾ ਕੋਈ ਵੀ ਜਾਨਵਰ ਨਹੀਂ ਮਰੇਗਾ। 5 ਯਹੋਵਾਹ ਨੇ ਅਜਿਹਾ ਵਾਪਰਨ ਲਈ ਸਮਾਂ ਨਿਸ਼ਚਿੰਤ ਕਰ ਦਿੱਤਾ ਹੈ। ਕਲ ਨੂੰ ਇਸ ਦੇਸ਼ ਵਿੱਚ ਯਹੋਵਾਹ ਦੀ ਰਜ਼ਾ ਕਾਰਣ ਅਜਿਹਾ ਹੀ ਵਾਪਰੇਗਾ।”‘ 6 ਅਗਲੀ ਸਵੇਰ, ਮਿਸਰ ਦੇ ਸਾਰੇ ਪਾਲਤੂ ਪਸ਼ੂ ਮਰ ਗਏ। ਪਰ ਇਸਰਾਏਲ ਦੇ ਲੋਕਾਂ ਦਾ ਕੋਈ ਵੀ ਪਸ਼ੂ ਨਹੀਂ ਮਰਿਆ। 7 ਫ਼ਿਰਊਨ ਨੇ ਲੋਕਾਂ ਨੂੰ ਦੇਖਣ ਲਈ ਭੇਜਿਆ ਕਿ ਕੀ ਇਸਰਾਏਲੀਆਂ ਦਾ ਕੋਈ ਪਸ਼ੂ ਮਰਿਆ ਅਤੇ ਉਸਨੇ ਸੁਣਿਆ ਕਿ ਇਸਰਾਏਲੀਆਂ ਦਾ ਇੱਕ ਵੀ ਪਸ਼ੂ ਨਹੀਂ ਮਰਿਆ ਸੀ। ਪਰ ਫ਼ਿਰਊਨ ਜ਼ਿੱਦੀ ਹੀ ਰਿਹਾ। ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ। 8 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਕਿਸੇ ਚੁਲ੍ਹੇ ਵਿੱਚੋਂ ਰਾਖ ਲੈਕੇ ਆਪਣੇ ਹੱਥਾਂ ਵਿੱਚ ਭਰੋ। ਮੂਸਾ ਨੇ, ਫ਼ਿਰਊਨ ਦੇ ਸਾਮ੍ਹਣੇ ਉਹ ਰਾਖ ਹਵਾ ਵਿੱਚ ਸੁੱਟੀ। 9 ਇਹ ਅਜਿਹੀ ਰਾਖ ਬਣ ਜਾਵੇਗੀ ਜਿਹੜੀ ਮਿਸਰ ਦੀ ਸਾਰੀ ਧਰਤੀ ਤੇ ਫ਼ੈਲ ਜਾਵੇਗੀ। ਜਦੋਂ ਵੀ ਰਾਖ ਮਿਸਰ ਦੇ ਕਿਸੇ ਬੰਦੇ ਜਾਂ ਜਾਨਵਰ ਨੂੰ ਛੂਹੇਗੀ, ਚਮੜੀ ਉੱਤੇ ਫ਼ੋੜੇ ਨਿਕਲ ਆਉਣਗੇ।” 10 ਤਾਂ ਮੂਸਾ ਤੇ ਹਾਰੂਨ ਨੇ ਭਠੀ ਵਿੱਚੋਂ ਰਾਖ ਲਈ। ਫ਼ੇਰ ਉਹ ਜਾਕੇ ਫ਼ਿਰਊਨ ਦੇ ਸਾਮ੍ਹਣੇ ਖਲੋ ਗਏ। ਉਨ੍ਹਾਂ ਨੇ ਰਾਖ ਹਵਾ ਵਿੱਚ ਉਡਾ ਦਿੱਤੀ, ਅਤੇ ਲੋਕਾਂ ਅਤੇ ਪਸ਼ੂਆਂ ਉੱਤੇ ਫ਼ੋੜੇ ਨਿਕਲਣੇ ਸ਼ੁਰੂ ਹੋ ਗਏ। 11 ਜਾਦੂਗਰ ਮੂਸਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕੇ, ਜਾਦੂਗਰਾਂ ਦੇ ਵੀ ਫ਼ੋੜੇ ਨਿਕਲ ਆਏ। ਇਹ ਮਿਸਰ ਵਿੱਚ ਹਰ ਥਾਂ ਵਾਪਰਿਆ। 12 ਪਰ ਯਹੋਵਾਹ ਨੇ ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਦੀ ਗੱਲ ਨਹੀਂ ਸੁਣੀ। ਅਜਿਹਾ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਆਖਿਆ ਸੀ। 13 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਵੇਰੇ ਉਠੀ ਅਤੇ ਫ਼ਿਰਊਨ ਵੱਲ ਜਾਵੀਂ। ਉਸਨੂੰ ਆਖੀਂ ਕਿ ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦੇ। 14 ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ। 15 ਮੈਂ ਆਪਣੀ ਸ਼ਕਤੀ ਵਰਤ ਸਕਦਾ ਸਾਂ ਅਤੇ ਅਜਿਹੀ ਬਿਮਾਰੀ ਫ਼ੈਲਾ ਸਕਦਾ ਸਾਂ ਜਿਹੜੀ ਤੈਨੂੰ ਤੇ ਤੇਰੇ ਲੋਕਾਂ ਦਾ ਧਰਤੀ ਉੱਤੋਂ ਨਾਮੋ ਨਿਸ਼ਾਨ ਮਿਟਾ ਦੇਵੇਗੀ। 16 ਪਰ ਮੈਂ ਤੈਨੂੰ ਇੱਥੇ ਕਿਸੇ ਕਾਰਣ ਰੱਖਿਆ ਹੈ। ਮੈਂ ਤੈਨੂੰ ਇੱਥੇ ਇਸ ਲਈ ਰੱਖਿਆ ਹੈ ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਦਿਖਾ ਸਕਾਂ। ਫ਼ੇਰ ਸਾਰੀ ਦੁਨੀਆਂ ਦੇ ਲੋਕ ਮੇਰੇ ਬਾਰੇ ਜਾਣ ਲੈਣਗੇ। 17 ਤੂੰ ਫ਼ੇਰ ਵੀ ਮੇਰੇ ਲੋਕਾਂ ਦੇ ਵਿਰੁੱਧ ਹੈ। ਤੂੰ ਉਨ੍ਹਾਂ ਨੂੰ ਅਜ਼ਾਦ ਹੋਕੇ ਜਾਣ ਨਹੀਂ ਦੇ ਰਿਹਾ। 18 ਇਸ ਲਈ ਕਲ ਇਸੇ ਵੇਲੇ, ਮੈਂ ਭਿਆਨਕ ਗੜੇਮਾਰ ਕਰਾਂਗਾ। ਇਸ ਤਰ੍ਹਾਂ ਦੀ ਗੜੇਮਾਰ ਮਿਸਰ ਵਿੱਚ ਕਦੇ ਵੀ ਨਹੀਂ ਹੋਈ, ਉਦੋਂ ਤੋਂ ਲੈਕੇ ਵੀ ਨਹੀਂ ਜਦੋਂ ਦਾ ਮਿਸਰ ਇੱਕ ਕੌਮ ਬਣਿਆ ਹੈ। 19 ਹੁਣ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੇ ਜਾਨਵਰਾਂ ਨੂੰ ਕਿਸੇ ਸੁਰਖਿਅਤ ਥਾਂ ਤੇ ਰਖੇਂ। ਤੂੰ ਆਪਣੀ ਹਰ ਸ਼ੈਅ ਨੂੰ ਜਿਹੜੀ ਹੁਣ ਖੇਤਾਂ ਵਿੱਚ ਹੈ, ਕਿਸੇ ਸੁਰਖਿਅਤ ਥਾਂ ਰਖੀਂ। ਕਿਉਂਕਿ ਜਿਹੜਾ ਵੀ ਬੰਦਾ ਜਾਂ ਜਾਨਵਰ ਖੇਤਾਂ ਵਿੱਚ ਹੋਵੇਗਾ, ਮਾਰਿਆ ਜਾਵੇਗਾ। ਗੜੇ ਹਰ ਉਸ ਚੀਜ਼ ਉੱਤੇ ਵਰ੍ਹਣਗੇ ਜਿਹੜੀ ਤੁਹਾਡੇ ਘਰਾਂ ਵਿੱਚ ਜਮ੍ਹਾ ਨਹੀਂ ਕੀਤੀ ਗਈ।’” 20 ਫ਼ਿਰਊਨ ਦੇ ਕੁਝ ਅਧਿਕਾਰੀਆਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦਿੱਤਾ। ਉਨ੍ਹਾਂ ਆਦਮੀਆਂ ਨੇ ਕਾਹਲੀ ਨਾਲ ਆਪਣੇ ਸਾਰੇ ਜਾਨਵਰਾਂ ਅਤੇ ਗੁਲਾਮਾਂ ਨੂੰ ਘਰਾਂ ਅੰਦਰ ਲੈ ਆਂਦਾ। 21 ਪਰ ਬਾਕੀ ਲੋਕ ਜਿਨ੍ਹਾਂ ਨੇ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਾ ਦਿੱਤਾ ਆਪਣੇ ਸਾਰੇ ਜਾਨਵਰ ਅਤੇ ਗੁਲਾਮਾਂ ਨੂੰ, ਖੇਤਾਂ ਵਿੱਚ ਛੱਡ ਗਏ। 22 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੀਆਂ ਬਾਹਾਂ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਰ ਥਾਂ ਗੜੇਮਾਰ ਹੋਣੀ ਸ਼ੁਰੂ ਹੋ ਜਾਵੇਗੀ। ਗੜੇ ਮਿਸਰ ਦੇ ਖੇਤਾਂ ਵਿੱਚ ਸਾਰੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਉੱਤੇ ਵਰ੍ਹਣਗੇ।” 23 ਤਾਂ ਮੂਸਾ ਨੇ ਆਪਣੀ ਸੋਟੀ ਹਵਾ ਵਿੱਚ ਹਿਲਾਈ ਅਤੇ ਯਹੋਵਾਹ ਨੇ ਧਰਤੀ ਉੱਤੇ ਗਰਜ, ਚਮਕ ਅਤੇ ਗੜੇ ਵਰ੍ਹਾ ਦਿੱਤੇ। ਗੜੇ ਸਾਰੇ ਮਿਸਰ ਉੱਤੇ ਵਰ੍ਹੇ। 24 ਗੜੇ ਵਰ੍ਹ ਰਹੇ ਸਨ ਅਤੇ ਇਸੇ ਦੌਰਾਨ ਬਿਜਲੀ ਲਿਸ਼ਕ ਰਹੀ ਸੀ। ਜਦੋਂ ਦਾ ਮਿਸਰ ਇੱਕ ਕੌਮ ਬਣਿਆ ਸੀ, ਇਹ ਸਭ ਤੋਂ ਭਿਆਨਕ ਗੜੇਮਾਰ ਸੀ। 25 ਤੂਫ਼ਾਨ ਨੇ ਮਿਸਰ ਦੇ ਖੇਤਾਂ ਦੀ ਹਰ ਸ਼ੈਅ ਤਬਾਹ ਕਰ ਦਿੱਤੀ। ਗੜਿਆਂ ਨੇ ਲੋਕਾਂ, ਜਾਨਵਰਾਂ ਅਤੇ ਪੌਦਿਆਂ ਨੂੰ ਤਬਾਹ ਕਰ ਦਿੱਤਾ। ਗੜਿਆਂ ਨੇ ਖੇਤਾਂ ਦੇ ਸਾਰੇ ਰੱਖ ਵੀ ਝੰਬ ਦਿੱਤੇ। 26 ਸਿਰਫ਼ ਇੱਕ ਥਾਂ ਜਿਥੇ ਗੜੇਮਾਰ ਨਹੀਂ ਹੋਈ ਉਹ ਗੋਸ਼ਨ ਦੀ ਧਰਤੀ ਸੀ ਜਿਥੇ ਇਸਰਾਏਲ ਦੇ ਲੋਕ ਰਹਿੰਦੇ ਸਨ। 27 ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਇਸ ਵਾਰੀ ਮੈਂ ਪਾਪ ਕੀਤਾ ਹੈ। ਯਹੋਵਾਹ ਠੀਕ ਹੈ, ਅਤੇ ਮੈਂ ਤੇ ਮੇਰੇ ਲੋਕ ਗਲਤ ਹਨ। 28 ਪਰਮੇਸ਼ੁਰ ਵੱਲੋਂ ਗਰਜ ਅਤੇ ਗੜੇਮਾਰ ਬਹੁਤ ਜ਼ਿਆਦਾ ਹੋਈ ਹੈ। ਪਰਮੇਸ਼ੁਰ ਨੂੰ ਆਖੋ ਕਿ ਤੂਫ਼ਾਨ ਨੂੰ ਰੋਕੇ ਅਤੇ ਮੈਂ ਤੁਹਾਨੂੰ ਜਾਣ ਦੇਵਾਂਗਾ। ਤੁਹਾਨੂੰ ਇੱਥੇ ਰਹਿਣ ਦੀ ਕੋਈ ਲੋੜ ਨਹੀਂ।” 29 ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ। 30 ਪਰ ਮੈਂ ਜਾਣਦਾ ਹਾਂ ਕਿ ਤੂੰ ਅਤੇ ਤੇਰੇ ਅਧਿਕਾਰੀ ਅਜੇ ਤੱਕ ਅਸਲ ਵਿੱਚ ਯਹੋਵਾਹ ਤੋਂ ਡਰਦੇ ਤੇ ਉਸਦਾ ਆਦਰ ਨਹੀਂ ਕਰਦੇ।” 31 ਸਣ ਦੇ ਬੀਜ ਪੁੰਗਰ ਚੁੱਕੇ ਸਨ। ਅਤੇ ਜੌ ਪਹਿਲਾਂ ਹੀ ਪਲਰ ਰਹੇ ਸਨ। ਇਸ ਲਈ ਇਹ ਪੌਦੇ ਤਬਾਹ ਹੋ ਗਏ। 32 ਪਰ ਕਣਕ ਦੂਜਿਆਂ ਅਨਾਜਾਂ ਤੋਂ ਪਛੇਤੀ ਪਕਦੀ ਹੈ ਇਸ ਲਈ ਉਸ ਦੇ ਪੌਦੇ ਤਬਾਹ ਨਹੀਂ ਹੋਏ। 33 ਮੂਸਾ ਫ਼ਿਰਊਨ ਨੂੰ ਛੱਡਕੇ ਸ਼ਹਿਰ ਦੇ ਬਾਹਰ ਚਲਾ ਗਿਆ। ਉਸਨੇ ਯਹੋਵਾਹ ਅੱਗੇ ਪ੍ਰਾਰਥਨਾ ਵਿੱਚ ਹੱਥ ਚੁੱਕੇ। ਅਤੇ ਗਰਜ ਅਤੇ ਗੜੇਮਾਰ ਰੁਕ ਗਈ ਅਤੇ ਫ਼ੇਰ ਬਾਰਿਸ਼ ਵੀ ਹਟ ਗਈ। 34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜੇਮਾਰ ਅਤੇ ਗਰਜ ਰੁਕ ਗਈ ਹੈ, ਉਸਨੇ ਫ਼ੇਰ ਗਲਤੀ ਕੀਤੀ। ਉਸਨੇ ਤੇ ਉਸਦੇ ਅਧਿਕਾਰੀਆਂ ਨੇ ਫ਼ੇਰ ਜ਼ਿਦ ਫ਼ੜ ਲਈ। 35 ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਅਜ਼ਾਦੀ ਨਾਲ ਜਾਣ ਨਹੀਂ ਦਿੱਤਾ। ਇਹ ਉਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਆਖਿਆ ਸੀ। 10:1 ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਕੋਲ ਜਾਹ। ਮੈਂ ਉਸਨੂੰ ਅਤੇ ਉਸਦੇ ਅਧਿਕਾਰੀਆਂ ਨੂੰ ਜ਼ਿੱਦੀ ਬਣਾਇਆ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਆਪਣੇ ਤਾਕਤਵਰ ਕਰਿਸ਼ਮੇ ਦਿਖਾ ਸਕਾਂ। 2 ਅਜਿਹਾ ਮੈਂ ਇਸ ਲਈ ਵੀ ਕੀਤਾ ਤਾਂ ਜੋ ਤੁਸੀਂ ਆਪਣੇ ਪੁੱਤਾਂ-ਪੋਤਿਆਂ ਨੂੰ ਉਨ੍ਹਾਂ ਕਰਿਸ਼ਮਿਆਂ ਅਤੇ ਕਾਰਨਾਮਿਆਂ ਬਾਰੇ ਦੱਸ ਸਕੋਂ ਜੋ ਮੈਂ ਮਿਸਰ ਵਿੱਚ ਕੀਤੇ ਹਨ। ਫ਼ੇਰ ਤੁਸੀਂ ਸਾਰੇ ਜਾਣ ਜਾਵੋਂਗੇ ਕਿ ਮੈਂ ਯਹੋਵਾਹ ਹਾਂ।” 3 ਇਸ ਲਈ ਮੂਸਾ ਤੇ ਹਾਰੂਨ ਫ਼ਿਰਊਨ ਵੱਲ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਇਬਰਾਨੀ ਲੋਕਾਂ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਕਿੰਨਾ ਚਿਰ ਤੱਕ ਤੁਸੀਂ ਮੇਰਾ ਹੁਕਮ ਮੰਨਣ ਤੋਂ ਇਨਕਾਰ ਕਰੋਂਗੇ? ਮੇਰੇ ਲੋਕਾਂ ਨੂੰ ਮੇਰੀ ਉਪਾਸਨਾ ਕਰਨ ਲਈ ਜਾਣ ਦਿਉ। 4 ਜੇ ਤੁਸੀਂ ਮੇਰੇ ਲੋਕਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਮੈਂ ਕਲ ਨੂੰ ਤੁਹਾਡੇ ਦੇਸ਼ ਉੱਤੇ ਟਿੱਡੀ ਦਲ ਛੱਡਾਂਗਾ। 5 ਟਿੱਡੀਆਂ ਸਾਰੀ ਧਰਤੀ ਤੇ ਫ਼ੈਲ ਜਾਣਗੀਆਂ। ਟਿੱਡੀਆਂ ਇੰਨੀਆਂ ਹੋਣਗੀਆਂ ਕਿ ਤੁਹਾਨੂੰ ਜ਼ਮੀਨ ਨਜ਼ਰ ਨਹੀਂ ਆਵੇਗੀ। ਜੋ ਕੁਝ ਵੀ ਗੜੇਮਾਰ ਤੋਂ ਬਚ ਗਿਆ ਸੀ ਉਸਨੂੰ ਟਿੱਡੀਆਂ ਖਾ ਜਾਣਗੀਆਂ। ਟਿੱਡੀਆਂ ਖੇਤਾਂ ਵਿਚਲੇ ਹਰ ਰੁਖ ਦੇ ਪੱਤੇ ਖਾ ਜਾਣਗੀਆਂ। 6 ਟਿੱਡੀਆਂ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਦੇ ਘਰਾਂ, ਅਤੇ ਮਿਸਰ ਦੇ ਸਾਰੇ ਘਰਾਂ ਵਿੱਚ ਹੋਣਗੀਆਂ। ਉਹ ਇੰਨੀਆਂ ਜ਼ਿਆਦਾ ਹੋਣਗੀਆਂ ਕਿ ਤੁਹਾਡੇ ਪਿਉ-ਦਾਦਿਆਂ ਨੇ ਕਦੇ ਵੀ ਟਿੱਡੀਆਂ ਦੀ ਇੰਨੀ ਵੱਡੀ ਤੌਣ ਨਹੀਂ ਵੇਖੀ ਹੋਵੇਗੀ ਜਦੋਂ ਤੋਂ ਕਿ ਮਿਸਰੀ ਇੱਥੇ ਵਸੇ ਹਨ।’” ਫ਼ੇਰ ਮੂਸਾ ਫ਼ਿਰਊਨ ਤੋਂ ਪਰ੍ਹਾਂ ਮੁੜਿਆ ਅਤੇ ਚਲਾ ਗਿਆ। 7 ਤਾਂ ਅਧਿਕਾਰੀਆਂ ਨੇ ਫ਼ਿਰਊਨ ਨੂੰ ਪੁਛਿਆ, “ਕਿੰਨਾ ਕੁ ਚਿਰ ਤੱਕ ਅਸੀਂ ਇਨ੍ਹਾਂ ਲੋਕਾਂ ਦੇ ਜਾਲ ਵਿੱਚ ਫ਼ਸੇ ਰਹਾਂਗੇ। ਇਨ੍ਹਾਂ ਆਦਮੀਆਂ ਨੂੰ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਨ ਦਿਓ। ਜੇ ਤੁਸੀਂ ਉਨ੍ਹਾਂ ਨੂੰ ਨਹੀਂ ਜਾਣ ਦਿਉਂਗੇ ਤਾਂ ਤੁਹਾਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਮਿਸਰ ਤਬਾਹ ਹੋ ਜਾਵੇਗਾ।” 8 ਇਸ ਲਈ ਫ਼ਿਰਊਨ ਨੇ ਆਪਣੇ ਅਧਿਕਾਰੀਆਂ ਨੂੰ ਮੂਸਾ ਤੇ ਹਾਰੂਨ ਨੂੰ ਆਪਣੇ ਕੋਲ ਵਾਪਸ ਲਿਆਉਣ ਲਈ ਆਖਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਜਾਓ ਜਾਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ। ਪਰ ਮੈਨੂੰ ਇਹ ਦੱਸੋ ਕਿ ਕੌਣ-ਕੌਣ ਜਾ ਰਿਹਾ ਹੈ?” 9 ਮੂਸਾ ਨੇ ਜਵਾਬ ਦਿੱਤਾ, “ਸਾਡੇ ਸਾਰੇ ਲੋਕ, ਜੁਆਨ ਤੇ ਬੁਢੇ, ਜਾਣਗੇ। ਅਤੇ ਆਪਣੇ ਪੁੱਤਾਂ-ਧੀਆਂ ਅਤੇ ਆਪਣੀਆਂ ਭੇਡਾਂ ਤੇ ਪਸ਼ੂਆਂ ਨੂੰ ਨਾਲ ਲੈ ਜਾਣਗੇ। ਅਸੀਂ ਸਾਰੇ ਹੀ ਜਾਵਾਂਗੇ ਕਿਉਂਕਿ ਯਹੋਵਾਹ ਦੀ ਦਾਵਤ ਸਾਡੇ ਸਾਰਿਆਂ ਵਾਸਤੇ ਹੈ।” 10 ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੂੰ ਸੱਚਮੁਚ ਤੁਹਾਡੇ ਅੰਗ-ਸੰਗ ਹੋਣਾ ਪਵੇਗਾ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਮਿਸਰ ਛੱਡ ਜਾਣ ਦੀ ਇਜਾਜ਼ਤ ਦਿਆਂ। ਤੁਸੀਂ ਕਿਸੇ ਦੁਸ਼ਟ ਗੱਲ ਦੀ ਯੋਜਨਾ ਬਣਾ ਰਹੇ ਲੱਗਦੇ ਹੋ। 11 ਆਦਮੀ ਜਾਕੇ ਯਹੋਵਾਹ ਦੀ ਉਪਾਸਨਾ ਕਰ ਸਕਦੇ ਹਨ। ਇਹੀ ਸੀ ਜੋ ਤੁਸੀਂ ਸ਼ੁਰੂ ਵਿੱਚ ਮੰਗਿਆ ਸੀ। ਪਰ ਤੁਹਾਡੇ ਸਾਰੇ ਲੋਕ ਨਹੀਂ ਜਾ ਸਕਦੇ।” ਫ਼ੇਰ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਵਾਪਸ ਤੋਰ ਦਿੱਤਾ। 12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮਿਸਰ ਦੀ ਧਰਤੀ ਉੱਪਰ ਆਪਣਾ ਹੱਥ ਉਠਾ ਅਤੇ ਟਿੱਡੀ ਦਲ ਆ ਜਾਵੇਗਾ। ਟਿੱਡੀਆਂ ਮਿਸਰ ਦੀ ਧਰਤੀ ਉੱਤੇ ਫ਼ੈਲ ਜਾਣਗੀਆਂ। ਟਿੱਡੀਆਂ ਉਹ ਸਾਰੇ ਪੌਦੇ ਖਾ ਜਾਣਗੀਆਂ ਜਿਹੜੇ ਗੜਿਆਂ ਨੇ ਤਬਾਹ ਕੀਤੇ ਸਨ।” 13 ਇਸ ਲਈ ਮੂਸਾ ਨੇ ਆਪਣੀ ਸੋਟੀ ਮਿਸਰ ਦੀ ਧਰਤੀ ਉੱਪਰ ਉਠਾਈ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਸਾਰਾ ਦਿਨ ਤੇ ਸਾਰੀ ਰਾਤ ਵਗਦੀ ਰਹੀ। ਜਦੋਂ ਸਵੇਰ ਹੋਈ ਹਵਾ ਮਿਸਰ ਦੀ ਧਰਤੀ ਉੱਪਰ ਟਿੱਡੀਆਂ ਲੈ ਆਈ। 14 ਟਿੱਡੀਆਂ ਉੱਡਕੇ ਮਿਸਰ ਦੇ ਦੇਸ਼ ਵਿੱਚ ਆ ਗਈਆਂ ਅਤੇ ਧਰਤੀ ਤੇ ਬੈਠ ਗਈਆਂ। ਇੰਨੀਆਂ ਟਿੱਡੀਆਂ ਮਿਸਰ ਵਿੱਚ ਕਦੇ ਨਹੀਂ ਦੇਖੀਆਂ ਗਈਆਂ ਸਨ। ਅਤੇ ਇੰਨੀਆਂ ਟਿੱਡੀਆਂ ਫ਼ੇਰ ਕਦੇ ਵੀ ਨਹੀਂ ਹੋਣਗੀਆਂ। 15 ਟਿੱਡੀਆਂ ਨੇ ਸਾਰੀ ਜ਼ਮੀਨ ਢਕ ਦਿੱਤੀ ਅਤੇ ਸਾਰੇ ਦੇਸ਼ ਅੰਦਰ ਹਨੇਰਾ ਛਾ ਗਿਆ। ਟਿੱਡੀਆਂ ਨੇ ਧਰਤੀ ਦਾ ਹਰ ਪੌਦਾ ਅਤੇ ਰੁਖਾਂ ਦਾ ਹਰ ਉਹ ਫ਼ਲ ਖਾ ਲਿਆ ਜਿਹੜਾ ਗੜਿਆਂ ਨੇ ਤਬਾਹ ਨਹੀਂ ਕੀਤਾ ਸੀ। ਮਿਸਰ ਵਿੱਚ ਕਿਧਰੇ ਵੀ ਰੁਖਾਂ ਜਾਂ ਪੌਦਿਆਂ ਉੱਤੇ ਪੱਤੇ ਨਹੀਂ ਬਚੇ। 16 ਫ਼ਿਰਊਨ ਨੇ ਛੇਤੀ ਨਾਲ ਮੂਸਾ ਅਤੇ ਹਾਰੂਨ ਨੂੰ ਬੁਲਾਇਆ। ਫ਼ਿਰਊਨ ਨੇ ਆਖਿਆ, “ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਖਿਲਾਫ਼ ਪਾਪ ਕੀਤਾ ਹੈ। 17 ਹੁਣ ਇਸ ਵਾਰੀ ਮੈਨੂੰ ਮੇਰੇ ਪਾਪਾਂ ਲਈ ਮਾਫ਼ੀ ਦਿਓ। ਯਹੋਵਾਹ ਨੂੰ ਆਖੋ ਕਿ ਇਸ ਮੌਤ (ਟਿੱਡੀ ਦਲ) ਨੂੰ ਮੇਰੇ ਕੋਲੋਂ ਦੂਰ ਕਰ ਦੇਵੇ।” 18 ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। 19 ਇਸ ਲਈ ਯਹੋਵਾਹ ਨੇ ਹਵਾ ਦਾ ਰੁਖ ਮੋੜ ਦਿੱਤਾ। ਯਹੋਵਾਹ ਨੇ ਪਛਮ ਵੱਲੋਂ ਬਹੁਤ ਤੇਜ਼ ਹਵਾ ਵਗਾਈ ਅਤੇ ਇਹ ਟਿੱਡੀਆਂ ਨੂੰ ਮਿਸਰ ਤੋਂ ਉਡਾਕੇ ਲਾਲ ਸਾਗਰ ਵਿੱਚ ਲੈ ਗਈ। ਮਿਸਰ ਵਿੱਚ ਇੱਕ ਵੀ ਟਿੱਡੀ ਨਹੀਂ ਬਚੀ। 20 ਪਰ ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਅਤੇ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਨੂੰ ਜਾਣ ਨਹੀਂ ਦਿੱਤਾ। 21 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਹਵਾ ਵਿੱਚ ਉਠਾ ਅਤੇ ਮਿਸਰ ਵਿੱਚ ਹਨੇਰਾ ਛਾ ਜਾਵੇਗਾ। ਇਹ ਇੰਨਾ ਘੁੱਪ ਹਨੇਰਾ ਹੋਵੇਗਾ ਕਿ ਤੁਸੀਂ ਇਸਨੂੰ ਮਹਿਸੂਸ ਕਰ ਸਕੋਂਗੇ।” 22 ਇਸ ਲਈ ਮੂਸਾ ਨੇ ਹਵਾ ਵਿੱਚ ਆਪਣਾ ਹੱਥ ਉਠਾਇਆ ਅਤੇ ਹਨੇਰੇ ਦੇ ਇੱਕ ਬੱਦਲ ਨੇ ਮਿਸਰ ਨੂੰ ਢਕ ਲਿਆ। ਹਨੇਰਾ ਮਿਸਰ ਵਿੱਚ ਤਿੰਨ ਦਿਨ ਰਿਹਾ। 23 ਕੋਈ ਵੀ ਬੰਦਾ ਇੱਕ ਦੂਜੇ ਨੂੰ ਨਹੀਂ ਦੇਖ ਸਕਦਾ ਸੀ। ਅਤੇ ਕੋਈ ਵੀ ਤਿੰਨ ਦਿਨਾਂ ਤੱਕ ਉਠਕੇ ਕਿਸੇ ਥਾਂ ਨਹੀਂ ਗਿਆ। ਪਰ ਜਿਨ੍ਹਾਂ ਥਾਵਾਂ ਉੱਤੇ ਇਸਰਾਏਲ ਦੇ ਲੋਕ ਰਹਿੰਦੇ ਸਨ ਓਥੇ ਰੌਸ਼ਨੀ ਸੀ। 24 ਫ਼ਿਰਊਨ ਨੇ ਮੂਸਾ ਨੂੰ ਫ਼ੇਰ ਬੁਲਾਇਆ। ਫ਼ਿਰਊਨ ਨੇ ਆਖਿਆ, “ਜਾਓ ਅਤੇ ਆਪਣੇ ਯਹੋਵਾਹ ਦੀ ਉਪਾਸਨਾ ਕਰੋ। ਤੁਸੀਂ ਆਪਣੇ ਬੱਚੇ ਆਪਣੇ ਨਾਲ ਲਿਜਾ ਸਕਦੇ ਹੋ। ਪਰ ਤੁਹਾਨੂੰ ਆਪਣੀਆਂ ਭੇਡਾਂ ਤੇ ਪਸ਼ੂ ਇੱਥੇ ਹੀ ਛੱਡਣੇ ਪੈਣਗੇ।” 25 ਮੂਸਾ ਨੇ ਆਖਿਆ, “ਨਾ ਸਿਰਫ਼ ਅਸੀਂ ਆਪਣੀਆਂ ਭੇਡਾਂ ਅਤੇ ਪਸ਼ੂ ਹੀ ਆਪਣੇ ਨਾਲ ਲੈ ਜਾਵਾਂਗੇ, ਸਗੋਂ ਜਦੋਂ ਅਸੀਂ ਜਾਵਾਂਗੇ, ਤੁਸੀਂ ਸਾਨੂੰ ਭੇਟਾ ਤੇ ਬਲੀਆਂ ਵੀ ਦੇਵੋਂਗੇ। 26 ਹਾਂ, ਅਸੀਂ ਆਪਣੇ ਯਹੋਵਾਹ ਦੀ ਉਪਾਸਨਾ ਲਈ ਆਪਣੇ ਪਸ਼ੂ ਆਪਣੇ ਨਾਲ ਲੈ ਜਾਵਾਂਗੇ। ਕੋਈ ਖੁਰ ਵੀ ਪਿਛੇ ਨਹੀਂ ਛੱਡਿਆ ਜਾਵੇਗਾ। ਹਾਲੇ ਤੱਕ ਸਾਨੂੰ ਪੱਕਾ ਪਤਾ ਨਹੀਂ ਕਿ ਯਹੋਵਾਹ ਦੀ ਉਪਾਸਨਾ ਲਈ ਸਾਨੂੰ ਕੀ ਕੁਝ ਚਾਹੀਦਾ ਹੋਵੇਗਾ। ਇਸਦਾ ਸਾਨੂੰ ਉਦੋਂ ਹੀ ਪਤਾ ਚੱਲੇਗਾ ਜਦੋਂ ਅਸੀਂ ਉਥੇ ਜਾਵਾਂਗੇ ਜਿਥੇ ਅਸੀਂ ਜਾ ਰਹੇ ਹਾਂ। ਇਸ ਲਈ ਸਾਨੂੰ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਲਿਜਾਣੀਆਂ ਪੈਣਗੀਆਂ।” 27 ਯਹੋਵਾਹ ਨੇ ਫ਼ਿਰਊਨ ਨੂੰ ਫ਼ੇਰ ਜ਼ਿੱਦੀ ਬਣਾ ਦਿੱਤਾ। ਇਸ ਲਈ ਫ਼ਿਰਊਨ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। 28 ਤਾਂ ਫ਼ਿਰਊਨ ਨੇ ਮੂਸਾ ਨੂੰ ਆਖਿਆ, “ਇਥੋਂ ਚਲਿਆ ਜਾਹ। ਮੈਂ ਨਹੀਂ ਚਾਹੁੰਦਾ ਕਿ ਤੂੰ ਫ਼ੇਰ ਇੱਥੇ ਆਵੇਂ। ਅਗਲੀ ਵਾਰ ਜਦੋਂ ਤੂੰ ਮਿਲਣ ਆਵੇਂਗਾ, ਤੂੰ ਮਾਰਿਆ ਜਾਵੇਂਗਾ।” 29 ਤਾਂ ਮੂਸਾ ਨੇ ਫ਼ਿਰਊਨ ਨੂੰ ਆਖਿਆ, “ਤੂੰ ਇੱਕ ਗੱਲ ਬਾਰੇ ਬਿਲਕੁਲ ਠੀਕ ਹੈਂ। ਮੈਂ ਦੋਬਾਰਾ ਤੈਨੂੰ ਮਿਲਣ ਨਹੀਂ ਆਵਾਂਗਾ।”

11:1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਫ਼ਿਰਊਨ ਅਤੇ ਮਿਸਰ ਉੱਪਰ ਲਿਆਉਣ ਲਈ ਇੱਕ ਹੋਰ ਸੰਕਟ ਹੈ। ਇਸਤੋਂ ਬਾਦ ਉਹ ਤੁਹਾਨੂੰ ਮਿਸਰ ਤੋਂ ਬਾਹਰ ਭੇਜ ਦੇਵੇਗਾ। ਅਸਲ ਵਿੱਚ ਉਹ ਤੁਹਾਨੂੰ ਇਹ ਦੇਸ਼ ਛੱਡਣ ਲਈ ਮਜ਼ਬੂਰ ਕਰੇਗਾ। 2 ਤੁਹਾਨੂੰ ਚਾਹੀਦਾ ਹੈ ਕਿ ਇਸਰਾਏਲ ਦੇ ਲੋਕਾਂ ਨੂੰ ਇਹ ਸੰਦੇਸ਼ ਦੇਵੋ; ‘ਆਦਮੀਓ ਅਤੇ ਔਰਤੋਂ, ਤੁਹਾਨੂੰ ਚਾਹੀਦਾ ਹੈ ਕਿ ਆਪਣੇ ਗੁਆਂਢੀਆਂ ਪਾਸੋਂ ਸੋਨਾ ਚਾਂਦੀ ਦੀਆਂ ਬਣੀਆਂ ਚੀਜ਼ਾਂ ਮੰਗੋ। 3 ਯਹੋਵਾਹ ਮਿਸਰੀਆਂ ਨੂੰ ਤੁਹਾਡੇ ਵੱਲ ਮਿਹਰਬਾਨ ਬਣਾ ਦੇਵੇਗਾ। ਮਿਸਰੀ, ਫ਼ਿਰਊਨ ਦੇ ਅਧਿਕਾਰੀ ਵੀ ਮੂਸਾ ਨੂੰ ਮਹਾਨ ਆਦਮੀ ਸਮਝਦੇ ਹਨ।”‘ 4 ਮੂਸਾ ਨੇ ਲੋਕਾਂ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਅੱਜ ਅਧੀ ਰਾਤ ਨੂੰ, ਮੈਂ ਮਿਸਰ ਵਿੱਚੋਂ ਲੰਘਾਂਗਾ, 5 ਅਤੇ ਮਿਸਰ ਵਿੱਚ ਜਨਮਿਆ ਹਰ ਪਲੇਠਾ ਪੁੱਤ, ਮਿਸਰ ਦੇ ਹਾਕਮ, ਫ਼ਿਰਊਨ ਦੇ ਪਲੇਠੇ ਪੁੱਤਰ ਤੋਂ ਲੈਕੇ, ਅਨਾਜ਼ ਪੀਹਣ ਵਾਲੀ ਗੁਲਾਮ ਔਰਤ ਦੇ ਪਲੇਠੇ ਪੁੱਤਰ ਤੱਕ, ਮਰ ਜਾਣਗੇ। 6 ਮਿਸਰ ਵਿੱਚ ਪੈਣ ਵਾਲੇ ਵੈਣ ਇਨੇ ਭੈੜੇ ਹੋਣਗੇ ਕਿ ਪਹਿਲਾਂ ਕਦੇ ਨਹੀਂ ਪਏ ਹੋਣਗੇ। ਅਤੇ ਇਹ ਭਵਿੱਖ ਵਿੱਚ ਪੈਣ ਵਾਲੇ ਵੈਣਾਂ ਤੋਂ ਵੀ ਭੈੜੇ ਹੋਣਗੇ। 7 ਪਰ ਇਸਰਾਏਲ ਦੇ ਲੋਕਾਂ ਵਿੱਚੋਂ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਵੇਗਾ - ਉਨ੍ਹਾਂ ਉੱਤੇ ਕੋਈ ਕੁਤਾ ਵੀ ਨਹੀਂ ਭੌਕੇਗਾ। ਇਸਰਾਏਲ ਦੇ ਕਿਸੇ ਬੰਦੇ ਜਾਂ ਉਨ੍ਹਾਂ ਦੇ ਕਿਸੇ ਜਾਨਵਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਤਰ੍ਹਾਂ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਨਾਲ ਮਿਸਰ ਨਾਲੋਂ ਵਖਰਾ ਵਰਤਾਉ ਕੀਤਾ ਹੈ। 8 ਤੇਰੇ ਇਹ ਸਾਰੇ ਗੁਲਾਮ (ਮਿਸਰੀ), ਥੱਲੇ ਝੁਕਕੇ ਮੇਰੀ ਉਪਾਸਨਾ ਕਰਨਗੇ। ਉਹ ਆਖਣਗੇ, “ਜਾ, ਅਤੇ ਆਪਣੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਜਾ।” ਇਸਤੋਂ ਮਗਰੋਂ ਮੈਂ ਬਾਹਰ ਜਾਵਾਂਗਾ। ਫ਼ੇਰ ਮੂਸਾ ਬਹੁਤ ਜ਼ਿਆਦਾ ਗੁੱਸੇ ਵਿੱਚ ਫ਼ਿਰਊਨ ਕੋਲੋਂ ਚਲਿਆ ਗਿਆ।’” 9 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਨੇ ਤੇਰੀ ਗੱਲ ਨਹੀਂ ਸੁਣੀ। ਤਾਂ ਜੋ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਵਿੱਚ ਦਰਸ਼ਾ ਸਕਾਂ।” 10 ਇਹੀ ਕਾਰਣ ਹੈ ਕਿ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਸਾਮ੍ਹਣੇ ਇਹ ਸਾਰੇ ਮਹਾਨ ਕਰਿਸ਼ਮੇ ਕੀਤੇ। ਅਤੇ ਇਹੀ ਕਾਰਣ ਹੈ ਕਿ ਯਹੋਵਾਹ ਨੇ ਫ਼ਿਰਊਨ ਨੂੰ ਇੰਨਾ ਜ਼ਿੱਦੀ ਬਣਾਇਆ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਨਹੀਂ ਸੀ ਦਿੰਦਾ।

12:1 ਜਦੋਂ ਹਾਲੇ ਮੂਸਾ ਤੇ ਹਾਰੂਨ ਮਿਸਰ ਵਿੱਚ ਹੀ ਸਨ, ਯਹੋਵਾਹ ਨੇ ਉਨ੍ਹਾਂ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਹ ਮਹੀਨਾ ਤੁਹਾਡੇ ਲਈ ਸਾਲ ਦਾ ਪਹਿਲਾ ਮਹੀਨਾ ਹੋਵੇਗਾ। 3 ਇਸਰਾਏਲ ਦੇ ਸਾਰੇ ਬਾਈਚਾਰੇ ਨੂੰ ਦੱਸ; ‘ਇਸ ਮਹੀਨੇ ਦੇ ਦਸਵੇਂ ਦਿਨ, ਹਰੇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਇੱਕ ਲੇਲਾ ਲਿਆਉਣ ਪਵੇਗਾ, ਘਰ ਦੇ ਹਰ ਜਣੇ ਲਈ ਇੱਕ ਲੇਲਾ। 4 ਜੇ ਉਸਦੇ ਘਰ ਵਿੱਚ ਪੂਰਾ ਲੇਲਾ ਖਾ ਸਕਣ ਵਾਲੇ ਕਾਫ਼ੀ ਬੰਦੇ ਨਹੀਂ ਹਨ ਤਾਂ ਉਸਨੂੰ ਭੋਜਨ ਸਾਂਝਾ ਕਰਨ ਲਈ ਕੁਝ ਗੁਆਂਢੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਹਰੇਕ ਦੇ ਖਾਣ ਲਈ ਲੇਲਾ ਕਾਫ਼ੀ ਹੋਣਾ ਚਾਹੀਦਾ ਹੈ। 5 ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬਕਰਾ ਹੋ ਸਕਦਾ ਹੈ। 6 ਤੁਹਾਨੂੰ ਮਹੀਨੇ ਦੇ ਚੌਦਵੇਂ ਦਿਨ ਤੱਕ ਜਾਨਵਰ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਸ ਦਿਨ, ਇਸਰਾਏਲ ਦੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਉਦੋਂ ਮਾਰਨਾ ਚਾਹੀਦਾ ਜਦੋਂ ਸੂਰਜ ਛੁਪ ਰਿਹਾ ਹੋਵੇ। 7 ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰੋ। ਇਸ ਖੂਨ ਨੂੰ ਉਨ੍ਹਾਂ ਘਰਾਂ ਦੀਆਂ ਚੁਗਾਠਾਂ ਦੇ ਉੱਪਰ ਅਤੇ ਪਾਸਿਆਂ ਉੱਤੇ ਮਲਣਾ ਚਾਹੀਦਾ ਹੈ, ਜਿਥੇ ਲੋਕ ਇਹ ਭੋਜਣ ਖਾਣ। 8 “ਇਸ ਰਾਤ ਨੂੰ ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਭੁਨੋ ਅਤੇ ਸਾਰਾ ਮਾਸ ਖਾ ਲਵੋ। ਤੁਹਾਨੂੰ ਕੌੜੀਆਂ ਬੂਟੀਆਂ ਅਤੇ ਪਤੀਰੀ ਰੋਟੀ ਵੀ ਖਾਣੀ ਚਾਹੀਦੀ ਹੈ। 9 ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਪਾਣੀ ਵਿੱਚ ਨਾ ਉਬਾਲੋ। ਪੂਰੇ ਲੇਲੇ ਨੂੰ ਅੱਗ ਉੱਤੇ ਭੁਂਨੋ। ਹਾਲੇ ਤੱਕ ਲੇਲੇ ਦੀ ਸਿਰੀ, ਲੱਤਾਂ ਅਤੇ ਅੰਦਰਲੇ ਹਿੱਸੇ ਪੂਰੇ ਹੋਣੇ ਚਾਹੀਦੇ ਹਨ। 10 ਤੁਹਾਨੂੰ ਉਹ ਸਾਰਾ ਮਾਸ ਉਸੇ ਰਾਤ ਖਾਣਾ ਚਾਹੀਦਾ ਹੈ। ਜੇ ਕੁਝ ਮਾਸ ਸਵੇਰ ਲਈ ਬਚ ਜਾਵੇ ਤਾਂ ਉਸਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 11 “ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ - ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। 12 “ਅੱਜ ਰਾਤ ਨੂੰ ਮੈਂ ਮਿਸਰ ਵਿੱਚੋਂ ਲੰਘਾਂਗਾ ਅਤੇ ਮਿਸਰ ਦੇ ਹਰ ਆਦਮੀ ਅਤੇ ਪਸ਼ੂ ਦੀ ਪਲੇਠੀ ਸੰਤਾਨ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਨਾਲ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਰਣਾ ਕਰਾਂਗਾ। ਮੈਂ ਦਰਸਾ ਦਿਆਂਗਾ ਕਿ ਮੈਂ ਯਹੋਵਾਹ ਹਾਂ। 13 ਪਰ ਤੁਹਾਡੇ ਘਰਾਂ ਉੱਤੇ ਖੂਨ, ਖਾਸ ਨਿਸ਼ਾਨ ਹੋਵੇਗਾ। ਜਦੋਂ ਮੈਂ ਖੂਨ ਨੂੰ ਦੇਖਾਂਗਾ ਤਾਂ ਮੈਂ ਤੁਹਾਡੇ ਘਰ ਨੂੰ ਲੰਘ ਜਾਵਾਂਗਾ। ਮੈਂ ਮਿਸਰ ਦੇ ਲੋਕਾਂ ਉਤੇ ਮੁਸੀਬਤਾਂ ਸੁੱਟਾਂਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਭੈੜੀ ਬਿਮਾਰੀ ਤੁਹਾਨੂੰ ਨਹੀਂ ਲੱਗੇਗੀ। 14 “ਇਸ ਲਈ ਤੁਸੀਂ ਹਮੇਸ਼ਾ ਅੱਜ ਦੀ ਰਾਤ ਨੂੰ ਚੇਤੇ ਰਖੋਂਗੇ - ਇਹ ਤੁਹਾਡੇ ਲਈ ਛੁੱਟੀ ਦਾ ਖਾਸ ਦਿਨ ਹੋਵੇਗਾ। ਤੁਹਾਡੇ ਉੱਤਰਾਧਿਕਾਰੀ ਇਸ ਛੁੱਟੀ ਨਾਲ ਯਹੋਵਾਹ ਦਾ ਹਮੇਸ਼ਾ ਆਦਰ ਕਰਨਗੇ। 15 ਇਸ ਛੁੱਟੀ ਤੇ, ਤੁਸੀਂ ਸੱਤਾਂ ਦਿਨਾਂ ਲਈ ਪਤੀਰੀ ਰੋਟੀ ਖਾਵੋਂਗ਼ੇ। ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਆਪਣੇ ਘਰਾਂ ਵਿੱਚੋਂ ਸਾਰਾ ਖਮੀਰ ਬਾਹਰ ਕੱਢ ਦਿਉਂਗੇ। ਜੇ ਕੋਈ ਪਹਿਲੇ ਅਤੇ ਸੱਤਵੇਂ ਦਿਨ ਦੇ ਵਿਚਕਾਰ ਖਮੀਰ ਖਾਂਦਾ ਹੈ ਤਾਂ ਉਸਨੂੰ ਬਾਕੀ ਦੇ ਇਸਰਾਏਲ ਤੋਂ ਅਡ ਕਰ ਦਿੱਤਾ ਜਾਣਾ ਚਾਹੀਦਾ ਹੈ। 16 ਛੁੱਟੀਆਂ ਦੇ ਪਹਿਲੇ ਤੇ ਆਖਰੀ ਦਿਨ ਪਵਿੱਤਰ ਸਭਾਵਾਂ ਹੋਣਗੀਆਂ ਇਨ੍ਹਾਂ ਦਿਨਾਂ ਤੇ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਸਿਰਫ਼ ਇੱਕੋ ਕੰਮ ਜਿਹੜਾ ਤੁਸੀਂ ਇਨ੍ਹਾਂ ਦਿਨਾਂ ਵਿੱਚ ਕਰ ਸਕਦੇ ਹੋ ਉਹ ਹੈ ਆਪਣੇ ਲਈ ਭੋਜਨ ਤਿਆਰ ਕਰਨਾ। 17 ਤੁਹਾਨੂੰ ਪਤੀਰੀ ਰੋਟੀ ਦੇ ਪਰਬ ਨੂੰ ਚੇਤੇ ਰਖਣਾ ਚਾਹੀਦਾ ਹੈ। ਕਿਉਂਕਿ ਇਸ ਦਿਨ ਮੈਂ ਤੁਹਾਡੇ ਸਮੂਹ ਲੋਕਾਂ ਨੂੰ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਗਿਆ ਸਾਂ। ਇਸ ਲਈ ਤੁਹਾਡੇ ਸਮੂਹ ਉੱਤਰਾਧਿਕਾਰੀਆਂ ਨੂੰ ਇਹ ਦਿਨ ਚੇਤੇ ਰਖਣਾ ਚਾਹੀਦਾ ਹੈ। ਇਹ ਉਹ ਨੇਮ ਹੈ ਜਿਹੜਾ ਸਦਾ ਰਹੇਗਾ। 18 ਇਸ ਲਈ, ਪਹਿਲੇ ਮਹੀਨੇ ਦੇ 14ਵੇਂ ਦਿਨ ਦੀ, ਸ਼ਾਮ ਨੂੰ ਤੁਸੀਂ ਪਤੀਰੀ ਰੋਟੀ ਖਾਣੀ ਸ਼ੁਰੂ ਕਰਕੇ ਉਸੇ ਮਹੀਨੇ ਦੇ 21ਵੇਂ ਦਿਨ ਦੀ ਸ਼ਾਮ ਤੱਕ ਖਾਵੋਂਗੇ। 19 ਸੱਤਾਂ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਹੀਂ ਹੋਣਾ ਚਾਹੀਦਾ। ਕੋਈ ਵੀ ਵਿਅਕਤੀ, ਇਸਰਾਏਲ ਦਾ ਨਾਗਰਿਕ ਜਾਂ ਵਿਦੇਸ਼ੀ ਜਨਮਿਆ ਵਾਸੀ, ਜਿਹੜਾ ਇਸ ਮੌਕੇ ਤੇ ਖਮੀਰ ਖਾਵੇ, ਉਸਨੂੰ ਬਾਕੀ ਦੇ ਇਸਰਾਏਲ ਤੋਂ ਅਡ ਕਰ ਦਿੱਤਾ ਜਾਵੇਗਾ। 20 ਇਸ ਮੌਕੇ ਤੇ ਤੁਸੀਂ ਖਮੀਰ ਨਹੀਂ ਖਾਵੋਂਗੇ। ਜਿਥੇ ਵੀ ਤੁਸੀਂ ਰਹਿੰਦੇ ਹੋਵੋਂ ਤੁਸੀਂ ਪਤੀਰੀ ਰੋਟੀ ਖਾਵੋਂਗੇ।” 21 ਇਸ ਲਈ ਮੂਸਾ ਨੇ ਸਾਰੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਪਰਿਵਾਰਾਂ ਲਈ ਲੇਲੇ ਲਿਆਵੋ। ਪਸਾਹ ਲਈ ਲੇਲੇ ਜ਼ਿਬਾਹ ਕਰੋ। 22 ਜ਼ੂਫ਼ੇ ਦੀਆਂ ਟਾਹਣੀਆਂ ਲੈਕੇ ਉਨ੍ਹਾਂ ਨੂੰ ਖੂਨ ਨਾਲ ਭਰੇ ਹੋਏ ਪਿਆਲਿਆਂ ਵਿੱਚ ਡੋਬੋ। ਖੂਨ ਨੂੰ ਆਪਣੇ ਦਰਵਾਜ਼ਿਆਂ ਦੀਆਂ ਸਰਦਲਾਂ ਦੇ ਪਾਸੇ ਤੇ ਅਤੇ ਉੱਪਰ ਮਲੋ। ਸਵੇਰ ਤੀਕ ਕਿਸੇ ਨੂੰ ਵੀ ਉਸਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ। 23 ਉਸ ਵੇਲੇ ਜਦੋਂ ਯਹੋਵਾਹ ਮਿਸਰ ਵਿੱਚੋਂ ਪਲੇਠੀ ਸੰਤਾਨ ਨੂੰ ਮਾਰਨ ਲਈ ਲੰਘੇਗਾ, ਤਾਂ ਯਹੋਵਾਹ ਤੁਹਾਡੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਉੱਪਰ ਪਾਸੇ ਅਤੇ ਪਾਸਿਆਂ ਉੱਤੇ ਖੂਨ ਦੇਖ ਲਵੇਗਾ। ਫ਼ੇਰ ਯਹੋਵਾਹ ਉਸ ਘਰ ਨੂੰ ਬਚਾਵੇਗਾ। ਯਹੋਵਾਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਆਉਣ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਵੇਗਾ। 24 ਤੁਹਾਨੂੰ ਇਹ ਹੁਕਮ ਯਾਦ ਰਖਣਾ ਚਾਹੀਦਾ ਹੈ। ਇਹ ਕਾਨੂਨ ਤੁਹਾਡੇ ਲਈ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਹਮੇਸ਼ਾ ਵਾਸਤੇ ਹੈ। 25 ਤੁਹਾਨੂੰ ਇਸਨੂੰ ਉਦੋਂ ਵੀ ਚੇਤੇ ਰਖਣਾ ਚਾਹੀਦਾ ਹੈ ਜਦੋਂ ਤੁਸੀਂ ਉਸ ਧਰਤੀ ਤੇ ਜਾਵੋਂ ਜਿਹੜੀ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 26 ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁਛਣ, ‘ਅਸੀਂ ਇਹ ਰਸਮ ਕਿਉਂ ਕਰ ਰਹੇ ਹਾਂ?’ 27 ਤਾਂ ਤੁਸੀਂ ਆਖੋਂਗੇ, ‘ਇਹ ਪਸਾਹ ਯਹੋਵਾਹ ਦੇ ਆਦਰ ਲਈ ਹੈ। ਕਿਉਂਕਿ ਜਦੋਂ ਅਸੀਂ ਮਿਸਰ ਵਿੱਚ ਸਾਂ, ਯਹੋਵਾਹ ਇਸਰਾਏਲ ਦੇ ਘਰਾਂ ਨੂੰ ਲੰਘ ਰਿਹਾ ਸੀ। ਯਹੋਵਾਹ ਨੇ ਮਿਸਰੀਆਂ ਨੂੰ ਮਾਰ ਦਿੱਤਾ, ਪਰ ਉਸਨੇ ਸਾਡੇ ਘਰਾਂ ਦੇ ਲੋਕਾਂ ਨੂੰ ਬਚਾ ਲਿਆ।’”ਇਸ ਲਈ ਹੁਣ ਲੋਕ ਯਹੋਵਾਹ ਨੂੰ ਮਥਾ ਟੇਕਦੇ ਹਨ ਤੇ ਉਪਾਸਨਾ ਕਰਦੇ ਹਨ। 28 ਯਹੋਵਾਹ ਨੇ ਇਹ ਹੁਕਮ ਮੂਸਾ ਅਤੇ ਹਾਰੂਨ ਨੂੰ ਦਿੱਤਾ ਇਸ ਲਈ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਸੀ। 29 ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਲੇਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਲੇਠੇ ਤੋਂ ਲੈਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਲੇਠੇ ਪੁੱਤਰ ਤੱਕ। ਸਾਰੇ ਪਲੇਠੇ ਜਾਨਵਰ ਵੀ ਮਰ ਗਏ। 30 ਉਸ ਰਾਤ ਮਿਸਰ ਦੇ ਹਰ ਘਰ ਵਿੱਚ ਕੋਈ ਨਾ ਕੋਈ ਮਰ ਗਿਆ। ਫ਼ਿਰਊਨ, ਉਸਦੇ ਅਧਿਕਾਰੀਆਂ ਅਤੇ ਮਿਸਰ ਦੇ ਸਾਰੇ ਲੋਕਾਂ ਨੇ ਉੱਚੀ-ਉੱਚੀ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। 31 ਇਸ ਲਈ ਉਸ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸਦਿਆ। ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਉਠੋ ਅਤੇ ਮੇਰੇ ਲੋਕਾਂ ਨੂੰ ਛੱਡ ਦਿਉ। ਤੁਸੀਂ ਅਤੇ ਤੁਹਾਡੇ ਲੋਕ ਜੋ ਕਹਿੰਦੇ ਹੋ ਕਰ ਸਕਦੇ ਹੋ। ਜਾਓ ਅਤੇ ਯਹੋਵਾਹ ਦੀ ਉਪਾਸਨਾ ਕਰੋ। 32 ਅਤੇ ਤੁਸੀਂ ਆਪਣੇ ਨਾਲ ਆਪਣੀਆਂ ਸਾਰੀਆਂ ਭੇਡਾਂ ਅਤੇ ਪਸ਼ੂ ਲੈ ਜਾ ਸਕਦੇ ਹੋ ਜਿਹਾ ਕਿ ਤੁਸੀਂ ਆਖਿਆ ਸੀ ਕਿ ਤੁਸੀਂ ਕਰੋਂਗੇ। ਜਾਓ। ਅਤੇ ਮੈਨੂੰ ਵੀ ਅਸੀਸ ਦਿਉ।” 33 ਮਿਸਰ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਛੇਤੀ ਚਲੇ ਜਾਣ ਲਈ ਆਖਿਆ। ਕਿਉਂਕਿ ਉਨ੍ਹਾਂ ਨੇ ਆਖਿਆ, “ਜੇ ਤੁਸੀਂ ਨਾ ਗਏ, ਅਸੀਂ ਸਾਰੇ ਮਾਰੇ ਜਾਵਾਂਗੇ।” 34 ਇਸਰਾਏਲ ਦੇ ਲੋਕਾਂ ਕੋਲ ਆਪਣੀ ਰੋਟੀ ਵਿੱਚ ਖਮੀਰ ਪਾਉਣ ਦਾ ਵੀ ਸਮਾਂ ਨਹੀਂ ਸੀ। ਉਨ੍ਹਾਂ ਨੇ ਆਟੇ ਦੀਆਂ ਤੌਣਾਂ ਕੱਪੜੇ ਵਿੱਚ ਬਂਨ੍ਹੀਆਂ ਅਤੇ ਉਨ੍ਹਾਂ ਨੂੰ ਮੋਢਿਆਂ ਉੱਤੇ ਚੁੱਕ ਲਿਆ। 35 ਫ਼ੇਰ ਇਸਰਾਏਲ ਦੇ ਲੋਕਾਂ ਨੇ ਓਹੀ ਕੀਤਾ ਜੋ ਮੂਸਾ ਨੇ ਉਨ੍ਹਾਂ ਨੂੰ ਕਰਨ ਲਈ ਆਖਿਆ ਸੀ। ਉਹ ਆਪਣੇ ਮਿਸਰੀ ਗੁਆਂਢੀਆਂ ਕੋਲ ਗਏ ਅਤੇ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣੇ ਮੰਗੇ। 36 ਯਹੋਵਾਹ ਨੇ ਮਿਸਰੀਆਂ ਨੂੰ ਇਸਰਾਏਲੀਆਂ ਵੱਲ ਮਿਹਰਬਾਨ ਬਣਾ ਦਿੱਤਾ ਅਤੇ ਜੋ ਵੀ ਉਨ੍ਹਾਂ ਨੂੰ ਚਾਹੀਦਾ ਸੀ, ਦਿੱਤਾ। ਇੰਝ ਇਸਰਾਏਲ ਦੇ ਲੋਕਾਂ ਨੇ ਮਿਸਰੀਆਂ ਤੋਂ ਸਾਰੀਆਂ ਕੀਮਤੀ ਮਲਕੀਅਤਾਂ ਲੈ ਲਈਆਂ। 37 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਤੋਂ ਸੁਕੋਥ ਤੱਕ ਸਫ਼ਰ ਕੀਤਾ। ਬੱਚਿਆਂ ਤੋਂ ਬਿਨਾ ਉਥੇ ਤਕਰੀਬਨ 6,00,000 ਆਦਮੀ ਸਨ। 38 ਉਥੇ ਬਹੁਤ ਸਾਰੀਆਂ ਭੇਡਾਂ ਅਤੇ ਪਸ਼ੂ ਅਤੇ ਹੋਰ ਚੀਜ਼ਾਂ ਸਨ। ਉਨ੍ਹਾਂ ਦੇ ਨਾਲ ਸਫ਼ਰ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਲੋਕ ਵੀ ਸਨ - ਇਹ ਲੋਕ ਇਸਰਾਏਲੀ ਨਹੀਂ ਸਨ ਪਰ ਇਨ੍ਹਾਂ ਨੇ ਇਸਰਾਏਲ ਦੇ ਲੋਕਾਂ ਨਾਲ ਹੀ ਮਿਸਰ ਛੱਡ ਦਿੱਤਾ ਸੀ। 39 ਨਾ ਤਾਂ ਲੋਕਾਂ ਕੋਲ ਆਪਣੇ ਆਟੇ ਵਿੱਚ ਖਮੀਰ ਪਾਉਣ ਦਾ ਸਮਾਂ ਸੀ ਨਾ ਹੀ ਆਪਣੇ ਸਫ਼ਰ ਲਈ ਰੋਟੀ ਪਕਾਉਣ ਦਾ ਕਿਉਂਕਿ ਉਹ ਮਿਸਰ ਵਿੱਚੋਂ ਕੱਢ ਦਿੱਤੇ ਗਏ ਸਨ। ਇਸ ਲਈ ਰਸਤੇ ਵਿੱਚ ਜਦੋਂ ਉਹ ਖਾਣ ਲਈ ਰੁਕੇ, ਉਨ੍ਹਾਂ ਨੇ ਬਿਨਾ ਖਮੀਰ ਤੋਂ ਆਪਣੀਆਂ ਰੋਟੀਆਂ ਸੇਕੀਆਂ। 40 ਇਸਰਾਏਲ ਦੇ ਲੋਕ ਮਿਸਰ ਵਿੱਚ 430 ਵਰ੍ਹਿਆਂ ਲਈ ਰਹੇ। 41 ਚਾਰ ਸੌ ਤੀਹਵੇਂ ਵਰ੍ਹੇ ਦੇ ਅਖੀਰਲੇ ਦਿਨ, ਯਹੋਵਾਹ ਦੀਆਂ ਸਾਰੀਂ ਫ਼ੌਜ਼ਾਂ ਨੇ ਮਿਸਰ ਛੱਡ ਦਿੱਤਾ। 42 ਇਸ ਲਈ ਇਹ ਬਹੁਤ ਖਾਸ ਰਾਤ ਹੈ ਜਦੋਂ ਲੋਕ ਯਹੋਵਾਹ ਦੀ ਕਰਨੀ ਨੂੰ ਚੇਤੇ ਕਰਦੇ ਹਨ। ਇਸਰਾਏਲ ਦੇ ਸਮੂਹ ਲੋਕ ਹਮੇਸ਼ਾ ਵਾਸਤੇ ਉਸ ਰਾਤ ਨੂੰ ਚੇਤੇ ਰਖਣਗੇ। 43 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਪਸਾਹ ਲਈ ਇਹ ਨੇਮ ਹਨ; ਕਿਸੇ ਵੀ ਵਿਦੇਸ਼ੀ ਨੇ ਪਸਾਹ ਦਾ ਭੋਜਨ ਨਹੀਂ ਕਰਨਾ। 44 ਪਰ ਜੇ ਕੋਈ ਬੰਦਾ ਕੋਈ ਗੁਲਾਮ ਖਰੀਦਦਾ ਹੈ ਅਤੇ ਉਸਦੀ ਸੁੰਨਤ ਕਰਾਉਂਦਾ ਹੈ ਤਾਂ ਉਹ ਗੁਲਾਮ ਪਸਾਹ ਦਾ ਭੋਜਨ ਖਾ ਸਕਦਾ ਹੈ। 45 ਪਰ ਜੇ ਕੋਈ ਬੰਦਾ ਸਿਰਫ਼ ਤੁਹਾਡੇ ਦੇਸ਼ ਅੰਦਰ ਰਹਿੰਦਾ ਹੈ, ਜਾਂ ਜੇ ਕੋਈ ਬੰਦਾ ਸਿਰਫ਼ ਤੁਹਾਦੇ ਕੰਮ ਵਾਸਤੇ ਰੱਖਿਆ ਹੋਇਆ ਹੈ, ਤਾਂ ਉਹ ਬੰਦਾ ਪਸਾਹ ਦਾ ਭੋਜਨ ਨਾ ਖਾਵੇ। ਪਸਾਹ ਇਸਰਾਏਲ ਦੇ ਲੋਕਾਂ ਲਈ ਹੈ। 46 “ਹਰੇਕ ਪਰਿਵਾਰ ਇੱਕੋ ਘਰ ਵਿੱਚ ਭੋਜਨ ਖਾਵੇ। ਘਰ ਤੋਂ ਬਾਹਰ ਕੋਈ ਭੋਜਨ ਨਾ ਖਾਧਾ ਜਾਵੇ। ਲੇਲੇ ਦੀ ਕੋਈ ਵੀ ਹੱਡੀ ਨਾ ਤੋੜੋ। 47 ਇਸਰਾਏਲ ਦੇ ਸਮੂਹ ਭਾਈਚਾਰੇ ਨੂੰ ਇਹ ਰੀਤ ਜ਼ਰੂਰ ਕਰਨੀ ਚਾਹੀਦੀ ਹੈ। 48 ਜੇ ਤੁਹਾਡੇ ਦਰਮਿਆਨ ਕੋਈ ਗੈਰ-ਇਸਰਾਏਲੀ ਰਹਿੰਦਾ ਹੈ ਅਤੇ ਜੇ ਉਹ ਯਹੋਵਾਹ ਦੇ ਪਸਾਹ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ, ਤਾਂ ਉਸਦੀ ਸੁੰਨਤ ਅਵੱਸ਼ ਹੋਣੀ ਚਾਹੀਦੀ ਹੈ। ਫ਼ੇਰ ਉਹ ਇਸਰਾਏਲ ਦੇ ਕਿਸੇ ਵੀ ਹੋਰ ਸ਼ਹਿਰੀ ਵਰਗਾ ਹੋਵੇਗਾ, ਇਸ ਲਈ ਉਹ ਭੋਜਨ ਸਾਂਝਾ ਕਰ ਸਕਦਾ ਹੈ। ਪਰ ਜੇ ਕਿਸੇ ਬੰਦੇ ਦੀ ਸੁੰਨਤ ਨਹੀਂ ਹੋਈ ਤਾਂ ਉਹ ਪਸਾਹ ਦਾ ਭੋਜਨ ਨਹੀਂ ਖਾ ਸਕਦਾ। 49 ਇਹੀ ਬਿਵਸਥਾ ਹਰ ਕਿਸੇ ਲਈ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਬੰਦਾ ਸ਼ਹਿਰੀ ਹੈ ਜਾਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਗੈਰ ਇਸਰਾਏਲੀ ਹੈ - ਬਿਵਸਥਾ ਸਾਰਿਆਂ ਲਈ ਇੱਕੋ ਜਿਹੀ ਹੈ।” 50 ਇਸ ਲਈ ਇਸਰਾਏਲ ਦੇ ਲੋਕਾਂ ਨੇ ਉਹ ਹੁਕਮ ਮਨੇ ਜਿਹੜੇ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਦਿੱਤੇ ਸਨ। 51 ਇਸ ਲਈ ਉਸੇ ਦਿਨ, ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਮਿਸਰ ਦੇ ਦੇਸ਼ ਤੋਂ ਬਾਹਰ ਲੈ ਗਿਆ। ਲੋਕ ਟੋਲਿਆਂ ਵਿੱਚ ਚਲੇ ਗਏ।

13:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਤੂੰ ਮੈਨੂੰ ਇਸਰਾਏਲ ਦਾ ਹਰੇਕ ਉਹ ਨਰ ਦੇ ਜਿਹੜਾ ਆਪਣੀ ਮਾਂ ਦੀ ਪਹਿਲੀ ਸੰਤਾਨ ਹੈ। ਇਸਦਾ ਅਰਥ ਹੈ ਕਿ ਹਰ ਪਲੇਠਾ ਨਰ ਬੱਚਾ ਅਤੇ ਹਰ ਪਲੇਠਾ ਨਰ ਜਾਨਵਰ ਮੇਰਾ ਹੋਵੇਗਾ।” 3 ਮੂਸਾ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਚੇਤੇ ਰਖਿਓ। ਮਿਸਰ ਵਿੱਚ ਤੁਸੀਂ ਗੁਲਾਮ ਸੀ। ਪਰ ਇਸ ਦਿਨ ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਵਰਤੀ ਤੇ ਤੁਹਾਨੂੰ ਅਜ਼ਾਦ ਕਰਾਇਆ। ਤੁਹਾਨੂੰ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। 4 ਅੱਜ ਹਬੀਬ ਦੇ ਮਹੀਨੇ, ਤੁਸੀਂ ਮਿਸਰ ਛੱਡਕੇ ਜਾ ਰਹੇ ਹੋ। 5 ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਧਰਤੀ ਵਿੱਚ ਲੈਕੇ ਜਾਵੇ, ਜਿਸ ਧਰਤੀ ਦਾ ਯਹੋਵਾਹ ਨੇ ਤੁਹਾਨੂੰ ਦੇਣ ਦਾ ਇਕਰਾਰ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। ਜਿਹੜੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਤੁਹਾਨੂੰ ਇਹ ਦਿਨ ਚੇਤੇ ਰਖਣਾ ਚਾਹੀਦਾ ਹੈ, ਹਰ ਵਰ੍ਹੇ ਦੇ ਪਹਿਲੇ ਮਹੀਨੇ ਦੇ ਇਸ ਦਿਨ ਤੁਹਾਨੂੰ ਉਪਾਸਨਾ ਦੀ ਇਹ ਵਿਸ਼ੇਸ਼ ਸੇਵਾ ਕਰਨੀ ਚਾਹੀਦੀ ਹੈ। 6 “ਸੱਤਾਂ ਦਿਨਾਂ ਤੱਕ ਤੁਹਾਨੂੰ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਸੱਤਵੇਂ ਦਿਨ ਮਹਾਂ ਭੋਜ ਹੋਵੇਗਾ। ਇਹ ਭੋਜ ਯਹੋਵਾਹ ਲਈ ਆਦਰ ਦਰਸਾਵੇਗਾ। 7 ਇਸ ਲਈ ਤੁਹਾਨੂੰ ਸੱਤ ਦਿਨ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। ਤੁਹਾਡੀ ਧਰਤੀ ਉੱਤੇ ਕਿਸੇ ਥਾਂ ਵੀ ਖਮੀਰ ਵਾਲੀ ਰੋਟੀ ਨਹੀਂ ਹੋਣੀ ਚਾਹੀਦੀ। 8 ਇਸ ਦਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ‘ਅਸੀਂ ਇਹ ਭੋਜਨ ਇਸ ਵਾਸਤੇ ਕਰ ਰਹੇ ਹਾਂ ਕਿ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਸੀ।’ 9 “ਇਹ ਤੁਹਾਡੇ ਹੱਥ ਉੱਤੇ ਬਨ੍ਹੇ ਨਿਸ਼ਾਨ ਵਾਂਗ ਅਤੇ ਤੁਹਾਡੀਆਂ ਅਖਾਂ ਸਾਮ੍ਹਣੇ ਯਾਦਗਾਰੀ ਵਾਂਗ ਹੋਵੇਗਾ ਤਾਕਿ ਯਹੋਵਾਹ ਦੀ ਬਿਵਸਥਾ ਤੁਹਾਡੇ ਬੁਲ੍ਹਾਂ ਉੱਤੇ ਹਮੇਸ਼ਾ ਰਹੇ। ਇਹ ਤੁਹਾਨੂੰ ਯਾਦ ਰੱਖਣ ਵਿੱਚ ਸਹਾਈ ਹੋਵੇਗੀ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਵਰਤੀ ਸੀ। 10 ਇਸ ਲਈ ਇਸ ਛੁੱਟੀ ਨੂੰ ਹਰ ਵਰ੍ਹੇ ਦੇ ਢੁਕਵੇਂ ਸਮੇਂ ਚੇਤੇ ਰਖੋ। 11 “ਯਹੋਵਾਹ ਤੁਹਾਨੂੰ ਉਸ ਧਰਤੀ ਤੇ ਲੈ ਜਾਵੇਗਾ ਜਿਸਦਾ ਉਸਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ। ਹੁਣ ਉਥੇ ਕਨਾਨੀ ਲੋਕ ਰਹਿੰਦੇ ਹਨ। ਪਰ ਪਰਮੇਸ਼ੁਰ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਹ ਧਰਤੀ ਦੇਵੇਗਾ, 12 ਤੁਹਾਨੂੰ ਚਾਹੀਦਾ ਹੈ ਕਿ ਆਪਣਾ ਹਰ ਪਲੇਠਾ ਮੁੰਡਾ ਉਸਨੂੰ ਅਰਪਨ ਕਰਨਾ ਚੇਤੇ ਰਖੋ। ਅਤੇ ਹਰ ਉਹ ਨਰ ਪਸ਼ੂ ਜਿਹੜਾ ਪਲੇਠਾ ਜੰਮਿਆ ਯਹੋਵਾਹ ਨੂੰ ਅਰਪਨ ਕੀਤਾ ਜਾਵੇਗਾ। 13 ਹਰੇਕ ਪਲੇਠੇ ਖੋਤੇ ਨੂੰ ਯਹੋਵਾਹ ਤੋਂ ਇਸ ਵਾਸਤੇ ਇਕ ਲੇਲੇ ਦੀ ਬਲੀ ਚੜਾਕੇ ਵਾਪਸ ਖਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਖੋਤਾ ਖਰੀਦਣਾ ਨਹੀਂ ਚਾਹੁੰਦੇ ਹੋ, ਤੁਹਾਨੂੰ ਇਸਦੀ ਗਿੱਚੀ ਤੋੜ ਦੇਣੀ ਚਾਹੀਦੀ ਹੈ। ਪਰ ਹਰੇਕ ਪਲੇਠਾ ਪੁੱਤਰ ਯਹੋਵਾਹ ਤੋਂ ਵਾਪਸ ਖਰੀਦਿਆ ਜਾਣਾ ਚਾਹੀਦਾ ਹੈ। 14 “ਭਵਿਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕਢਿਆ ਅਤੇ ਇੱਥੇ ਲਿਆਇਆ। 15 ਮਿਸਰ ਵਿੱਚ, ਫ਼ਿਰਊਨ ਜ਼ਿੱਦੀ ਸੀ। ਉਹ ਸਾਨੂੰ ਜਾਣ ਨਹੀਂ ਸੀ ਦਿੰਦਾ। ਇਸ ਲਈ ਯਹੋਵਾਹ ਨੇ ਉਸ ਧਰਤੀ ਦੀ ਹਰ ਪਲੇਠੀ ਸੰਤਾਨ ਨੂੰ ਮਾਰ ਦਿੱਤਾ। (ਯਹੋਵਾਹ ਨੇ ਪਲੇਠੇ ਜਾਨਵਰਾਂ ਅਤੇ ਪਲੇਠੇ ਪੁੱਤਰਾਂ ਨੂੰ ਮਾਰ ਦਿੱਤਾ।) ਇਹੀ ਕਾਰਣ ਹੈ ਕਿ ਮੈਂ ਹਰੇਕ ਪਲੇਠਾ ਨਰ ਜਾਨਵਰ ਯਹੋਵਾਹ ਨੂੰ ਅਰਪਨ ਕਰਦਾ ਹਾਂ। ਅਤੇ ਇਹੀ ਕਾਰਣ ਹੈ ਕਿ ਮੈਂ ਆਪਣੇ ਹਰੇਕ ਪਲੇਠੇ ਪੁੱਤਰ ਨੂੰ ਯਹੋਵਾਹ ਤੋਂ ਵਾਪਸ ਖਰੀਦਦਾ ਹਾਂ।’ 16 ਇਹ ਤੁਹਾਡੇ ਹੱਥ ਉੱਤੇ ਬਂਨ੍ਹੇ ਹੋਏ ਧਾਗੇ ਵਾਂਗ ਹੈ। ਅਤੇ ਇਹ ਤੁਹਾਡੀਆਂ ਅਖਾਂ ਸਾਮ੍ਹਣੇ ਨਿਸ਼ਾਨ ਵਾਂਗ ਹੈ। ਇਹ ਤੁਹਾਨੂੰ ਇਹ ਚੇਤੇ ਰੱਖਣ ਵਿੱਚ ਮਦਦ ਕਰਦਾ ਹੈ ਕਿ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਤੋਂ ਬਾਹਰ ਲਿਆਇਆ।” 17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਮਿਸਰ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ, ਯਹੋਵਾਹ ਨੇ ਲੋਕਾਂ ਦੀ ਅਗਵਾਈ ਫ਼ਿਲੀਸਤੀਆਂ ਦੀ ਧਰਤੀ ਵੱਲ ਜਾਂਦੀ ਸੜਕ ਵੱਲ ਨਹੀਂ ਕੀਤੀ ਜਦ ਕਿ ਨਵੀਂ ਧਰਤੀ ਨੂੰ ਇਹ ਸਭ ਤੋਂ ਛੋਟਾ ਰਾਹ ਸੀ। ਯਹੋਵਾਹ ਨੇ ਆਖਿਆ, “ਜੇ ਲੋਕ ਉਸ ਰਾਸਤੇ ਜਾਣਗੇ, ਉਨ੍ਹਾਂ ਨੂੰ ਲੜਨਾ ਪਵੇਗਾ। ਫ਼ੇਰ ਸ਼ਾਇਦ ਉਹ ਆਪਣੇ ਮਨ ਬਦਲ ਕੇ ਮਿਸਰ ਨੂੰ ਵਾਪਸ ਪਰਤ ਜਾਣ।” 18 ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਹੋਰ ਰਸਤੇ ਤੋਂ ਦੀ ਮਾਰੂਥਲ ਵਿੱਚ ਦੀ ਲਾਲ ਸਾਗਰ ਵੱਲ ਦੀ ਕੀਤੀ। ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਜੰਗ ਲਈ ਤਿਆਰ-ਬਰ-ਤਿਆਰ ਸਨ। 19 ਮੂਸਾ ਨੇ ਯੂਸੁਫ਼ ਦੀਆਂ ਅਸਥੀਆਂ ਆਪਣੇ ਨਾਲ ਲਈਆਂ। (ਮਰਨ ਤੋਂ ਪਹਿਲਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਕੋਲੋਂ ਉਸਦੇ ਲਈ ਅਜਿਹਾ ਕਰਨ ਦਾ ਇਕਰਾਰ ਲਿਆ ਸੀ। ਯੂਸੁਫ਼ ਨੇ ਆਖਿਆ, “ਜਦੋਂ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ, ਮੇਰੀ ਅਸਥੀਆਂ ਆਪਣੇ ਨਾਲ ਮਿਸਰ ਤੋਂ ਬਾਹਰ ਲੈ ਜਾਣੀਆਂ ਚੇਤੇ ਰਖਣਾ।”) 20 ਇਸਰਾਏਲ ਦੇ ਲੋਕਾਂ ਨੇ ਸੁਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ। 21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸਕਣ। 22 ਲਮਾ ਬੱਦਲ ਦਿਨ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਸੀ ਅਤੇ ਅੱਗ ਦੀ ਲਾਟ ਰਾਤ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਸੀ।

14:1 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਲੋਕਾਂ ਨੂੰ ਆਖ ਕਿ ਉਹ ਪੀ-ਹਹੀਰੋਥ ਨੂੰ ਵਾਪਸ ਜਾਣ।” ਉਨ੍ਹਾਂ ਨੂੰ ਆਖ ਕਿ ਉਹ ਮਿਗਦੋਲ ਅਤੇ ਲਾਲ ਸਾਗਰ ਦੇ ਵਿਚਕਾਰ ਬਆਲ-ਸਫ਼ੋਨ ਦੇ ਨੇੜੇ ਰਾਤ ਗੁਜ਼ਾਰਨ। 3 ਫ਼ਿਰਊਨ ਸੋਚੇਗਾ ਕਿ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਭਟਕ ਰਹੇ ਹਨ। ਅਤੇ ਉਹ ਸੋਚੇਗਾ ਕਿ ਲੋਕਾਂ ਕੋਲ ਜਾਣ ਦੀ ਕੋਈ ਥਾਂ ਨਹੀਂ। 4 ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾਵਾਂਗਾ ਅਤੇ ਉਹ ਤੁਹਾਡਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਹਰਾ ਦੇਵਾਂਗਾ ਅਤੇ ਇਹ ਮੇਰੇ ਲਈ ਸਤਿਕਾਰ ਲਿਆਵੇਗਾ। ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ।” ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ - ਉਨ੍ਹਾਂ ਨੇ ਉਹੀ ਕੀਤਾ ਜੋ ਉਸਨੇ ਆਖਿਆ ਸੀ। 5 ਫ਼ਿਰਊਨ ਨੂੰ ਸੂਹ ਮਿਲੀ ਕਿ ਇਸਰਾਏਲ ਦੇ ਲੋਕ ਬਚ ਨਿਕਲੇ ਹਨ। ਜਦੋਂ ਉਸਨੇ ਇਹ ਗੱਲ ਸੁਣੀ, ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਪਹਿਲਾਂ ਕੀਤੇ ਨਿਰਣੇ ਬਾਰੇ ਮਨ ਬਦਲ ਲਿਆ। ਫ਼ਿਰਊਨ ਨੇ ਆਖਿਆ, “ਅਸੀਂ ਇਸਰਾਏਲ ਦੇ ਲੋਕਾਂ ਨੂੰ ਜਾਣ ਕਿਉਂ ਦਿੱਤਾ? ਅਸੀਂ ਉਨ੍ਹਾਂ ਨੂੰ ਭੱਜਣ ਕਿਉਂ ਦਿੱਤਾ? ਹੁਣ ਅਸੀਂ ਆਪਣੇ ਗੁਲਾਮ ਗੁਆ ਲਏ ਹਨ।” 6 ਇਸ ਲਈ ਫ਼ਿਰਊਨ ਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੇ ਨਾਲ ਆਪਣੇ ਬੰਦੇ ਲਏ। 7 ਫ਼ਿਰਊਨ ਨੇ ਆਪਣੇ 600 ਸਭ ਤੋਂ ਵਧੀਆ ਬੰਦੇ ਅਤੇ ਆਪਣੇ ਸਾਰੇ ਰਥ ਨਾਲ ਲਈ। ਹਰ ਰਥ ਵਿੱਚ ਇੱਕ ਅਧਿਕਾਰੀ ਸੀ। 8 ਯਹੋਵਾਹ ਨੇ ਮਿਸਰ ਦੇ ਰਾਜੇ, ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ ਇਸ ਲਈ ਉਸਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ। 9 ਮਿਸਰੀ ਫ਼ੌਜ ਕੋਲ ਬਹੁਤ ਸਾਰੇ ਘੋੜਸਵਾਰ ਫ਼ੌਜੀ ਅਤੇ ਰਥ ਸਨ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਜਾ ਘੇਰਿਆ, ਜਦੋਂ ਉਨ੍ਹਾਂ ਨੇ ਲਾਲ ਸਾਗਰ ਕੰਢੇ ਬਆਲ-ਸਫ਼ੋਨ ਦੇ ਪੂਰਬ ਵੱਲ ਪੀ-ਹਹੀਰੋਥ ਵਿਖੇ ਡੇਰਾ ਲਾਇਆ ਹੋਇਆ ਸੀ। 10 ਇਸਰਾਏਲ ਦੇ ਲੋਕਾਂ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਲੋਕ ਬਹੁਤ ਘਬਰਾ ਗਏ। ਉਨ੍ਹਾਂ ਨੇ ਯਹੋਵਾਹ ਅੱਗੇ, ਸਹਾਇਤਾ ਲਈ, ਪੁਕਾਰ ਕੀਤੀ। 11 ਉਨ੍ਹਾਂ ਨੇ ਮੂਸਾ ਨੂੰ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਬਾਹਰ ਲਿਆਂਦਾ? ਤੂੰ ਸਾਨੂੰ ਇੱਥੇ ਮਾਰੂਥਲ ਵਿੱਚ ਮਾਰਨ ਲਈ ਕਿਉਂ ਲਿਆਂਦਾ ਹੈ? ਅਸੀਂ ਮਿਸਰ ਵਿੱਚ ਸ਼ਾਂਤੀ ਨਾਲ ਮਰ ਸਕਦੇ ਸਾਂ - ਮਿਸਰ ਵਿੱਚ ਬਹੁਤ ਕਬਰਾਂ ਸਨ। 12 ਅਸੀਂ ਤੈਨੂੰ ਆਖਿਆ ਸੀ ਕਿ ਇਹ ਗੱਲ ਵਾਪਰੇਗੀ। ਮਿਸਰ ਵਿੱਚ ਅਸੀਂ ਆਖਿਆ ਸੀ, ‘ਮਿਹਰਬਾਨੀ ਕਰਕੇ ਸਾਨੂੰ ਪਰੇਸ਼ਾਨ ਨਾ ਕਰ। ਸਾਨੂੰ ਇੱਥੇ ਰਹਿਣ ਦੇ ਅਤੇ ਮਿਸਰੀਆਂ ਦੀ ਗੁਲਾਮੀ ਕਰਨ ਦੇ।’ ਸਾਡੇ ਲਈ, ਇੱਥੇ ਆਕੇ ਮਾਰੂਥਲ ਵਿੱਚ ਮਰਨ ਨਾਲੋਂ ਓਥੇ ਗੁਲਾਮ ਬਣਕੇ ਰਹਿਣਾ ਵਧੇਰੇ ਚੰਗਾ ਹੁੰਦਾ।” 13 ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ। 14 ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁਧ ਕਰੇਗਾ।” 15 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੁਸੀਂ ਹਾਲੇ ਤੱਕ ਮੈਨੂੰ ਕਿਉਂ ਪੁਕਾਰ ਰਹੇ ਹੋ। ਇਸਰਾਏਲ ਦੇ ਲੋਕਾਂ ਨੂੰ ਤੁਰ ਪੈਣ ਲਈ ਆਖੋ। 16 ਆਪਣੇ ਹੱਥ ਵਿੱਚ ਸੋਟੀ ਲੈਕੇ ਉਸਨੂੰ ਲਾਲ ਸਾਗਰ ਉੱਪਰ ਉਠਾ, ਅਤੇ ਲਾਲ ਸਾਗਰ ਪਾਟ ਜਾਵੇਗਾ। ਫ਼ੇਰ ਲੋਕ ਖੁਸ਼ਕ ਧਰਤੀ ਰਾਹੀਂ ਰਾਹੀਂ ਪਾਰ ਲੰਘ ਸਕਣਗੇ। 17 ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸਦੇ ਘੋੜਿਆਂ ਅਤੇ ਉਸਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ। 18 ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸਦੇ ਘੋੜਸਵਾਰ ਫ਼ੌਜੀਆਂ ਅਤੇ ਰਥਾਂ ਨੂੰ ਹਰਾ ਦਿਆਂਗਾ।” 19 ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿਛੇ ਆ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਮ੍ਹਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿਛੇ ਚਲਾ ਗਿਆ। 20 ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿਚਕਾਰ ਖੜਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ। 21 ਮੂਸਾ ਨੇ ਆਪਣਾ ਹੱਥ ਲਾਲ ਸਾਗਰ ਉੱਪਰ ਉਠਾਇਆ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਰਾਤ ਭਰ ਚਲਦੀ ਰਹੀ। ਸਮੁੰਦਰ ਪਾਟ ਗਿਆ ਅਤੇ ਹਵਾ ਨੇ ਧਰਤੀ ਸੁਕਾ ਦਿੱਤੀ। 22 ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਥਾਂ ਤੋਂ ਲੰਘ ਗਏ। ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਇੱਕ ਕੰਧ ਵਾਂਗ ਸੀ। 23 ਫ਼ੇਰ ਫ਼ਿਰਊਨ ਦੇ ਸਾਰੇ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੇ ਉਨ੍ਹਾਂ ਦਾ ਸਮੁੰਦਰ ਵਿੱਚ ਪਿੱਛਾ ਕੀਤਾ। 24 ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ਸ਼ੋਪਚ ਵਿੱਚ ਪਾ ਦਿੱਤਾ। 25 ਫ਼ੇਰ ਉਸਨੇ ਰਥਾਂ ਦੇ ਪਹੀਆਂ ਨੂੰ ਕੱਟ ਦਿੱਤਾ ਅਤੇ ਰਥਾਂ ਤੇ ਕਾਬੂ ਰਖਣਾ ਮੁਸ਼ਕਿਲ ਕਰ ਦਿੱਤਾ। ਮਿਸਰੀ ਚੀਕੇ, “ਆਓ ਆਪਾਂ ਇਥੋਂ ਨਿਕਲ ਚੱਲੀਏ। ਇਸਰਾਏਲ ਦੇ ਲੋਕਾਂ ਲਈ ਯਹੋਵਾਹ ਸਾਡੇ ਖਿਲਾਫ਼ ਲੜ ਰਿਹਾ ਹੈ।” 26 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਸਮੁੰਦਰ ਉੱਪਰ ਉਠਾ। ਪਾਣੀ ਡਿੱਗ ਪਵੇਗਾ ਅਤੇ ਮਿਸਰੀ ਰਥਾਂ ਅਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦੇਵੇਗਾ।” 27 ਇਸ ਲਈ ਪ੍ਰਭਾਤ ਵੇਲੇ, ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਫ਼ੈਲਾਇਆ ਅਤੇ ਪਾਣੀ ਆਪਣੀ ਪਹਿਲਾਂ ਵਾਲੀ ਪਧਰ ਵੱਲ ਵਾਪਸ ਦੌੜਿਆ। ਮਿਸਰੀ ਆਪਣੀ ਪੂਰੀ ਵਾਹ ਲਾਕੇ ਪਾਣੀ ਵਿੱਚੋਂ ਭੱਜ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਦੇ ਨਾਲ ਹੀ ਰੋੜ ਦਿੱਤਾ। 28 ਪਾਣੀ ਆਪਣੀ ਪਹਿਲਾਂ ਵਾਰੀ ਪਧਰ ਉੱਤੇ ਆ ਗਿਆ ਅਤੇ ਰਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ। 29 ਪਰ ਇਸਰਾਏਲ ਦੇ ਲੋਕ ਸਮੁੰਦਰ ਰਾਹੀਂ ਸੁੱਕੀ ਧਰਤੀ ਤੇ ਲੰਘ ਗਏ। ਪਾਣੀ ਸੱਜੇ ਪਾਸੇ ਅਤੇ ਖੱਬੇ ਪਾਸੇ ਕੰਧਾਂ ਵਾਂਗ ਖਲੋਤਾ ਰਿਹਾ। 30 ਇਸ ਲਈ ਉਸ ਦਿਨ, ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਇਆ। ਅਤੇ ਬਾਦ ਵਿੱਚ ਇਸਰਾਏਲ ਦੇ ਲੋਕਾਂ ਨੇ ਲਾਲ ਸਾਗਰ ਦੇ ਕੰਢੇ ਮਿਸਰੀ ਫ਼ੌਜੀਆਂ ਦੀਆਂ ਲਾਸ਼ਾਂ ਦੇਖੀਆਂ। 31 ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਮਹਾਨ ਸ਼ਕਤੀ ਉਦੋਂ ਦੇਖੀ ਜਦੋਂ ਉਸਨੇ ਮਿਸਰੀਆਂ ਨੂੰ ਹਰਾਇਆ। ਇਸ ਲਈ ਲੋਕ ਯਹੋਵਾਹ ਤੋਂ ਡਰਦੇ ਅਤੇ ਉਸਦਾ ਆਦਰ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਅਤੇ ਉਸਦੇ ਸੇਵਕ ਮੂਸਾ ਵਿੱਚ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ।

15:1 ਤਾਂ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਲਈ ਇਹ ਗੀਤ ਗਾਉਣਾ ਸ਼ੁਰੂ ਕੀਤਾ:ਮੈਂ ਯਹੋਵਾਹ ਵਾਸਤੇ ਗਾਵਾਂਗਾ।ਉਸਨੇ ਮਹਾਨ ਕਾਰਨਾਮੇ ਕੀਤੇ ਹਨ।ਉਸਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। 2 ਯਹੋਵਾਹ ਮੇਰੀ ਤਾਕਤਅਤੇ ਮੇਰੀ ਮੁਕਤੀ ਹੈ।ਮੈਂ ਉਸ ਲਈ ਉਸਤਤਿ ਦੇ ਗੀਤ ਗਾਉਂਦਾ ਹਾਂ।ਇਹ ਮੇਰਾ ਪਰਮੇਸ਼ੁਰ ਹੈ,ਅਤੇ ਮੈਂ ਉਸਦੀ ਉਸਤਤਿ ਕਰਦਾ ਹਾਂ।ਯਹੋਵਾਹ ਮੇਰੇ ਪੁਰਖਿਆਂ ਦਾ ਪਰਮੇਸ਼ੁਰ ਹੈ,ਅਤੇ ਮੈਂ ਉਸਦਾ ਆਦਰ ਕਰਦਾ ਹਾਂ। 3 ਯਹੋਵਾਹ ਇੱਕ ਮਹਾਨ ਯੋਧਾ ਹੈ।ਯਹੋਵਾਹ ਉਸਦਾ ਨਾਮ ਹੈ। 4 ਉਸਨੇ ਫ਼ਿਰਊਨ ਦੇ ਰਥਾਂਅਤੇ ਫ਼ੌਜੀਆਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।ਫ਼ਿਰਊਨ ਦੇ ਸਭ ਤੋਂ ਚੰਗੇ ਫ਼ੌਜੀਲਾਲ ਸਾਗਰ ਵਿੱਚ ਡੁੱਬ ਗਏ। 5 ਡੂੰਘੇ ਪਾਣੀਆਂ ਨੇ ਉਨ੍ਹਾਂ ਨੂੰ ਕੱਜ ਲਿਆਅਤੇ ਉਹ ਪੱਥਰਾਂ ਵਾਂਗ ਹੇਠਾਂ ਡੁੱਬ ਗਏ। 6 “ਤੇਰਾ ਸੱਜਾ ਹੱਥ ਕਮਾਲ ਦੀ ਤਾਕਤ ਰਖਦਾ ਹੈ।ਯਹੋਵਾਹ, ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਭੰਨ ਦਿੱਤਾ। 7 ਆਪਣੇ ਮਹਾਨ ਪਰਤਾਪ ਨਾਲ ਤੂੰ ਆਪਣੇ ਦੁਸ਼ਮਣਾਂਨੂੰ ਤਬਾਹ ਕਰ ਦਿੱਤਾ ਜਿਹੜੇ ਤੇਰੇ ਖਿਲਾਫ਼ ਖੜੇ ਹੋਏ ਸਨ।ਤੇਰੇ ਕਰੋਧ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ,ਜਿਵੇਂ ਅੱਗ ਕਖਾਂ ਨੂੰ ਸਾੜ ਦਿੰਦੀ ਹੈ। 8 ਜਿਹੜਾ ਸਾਹ ਤੂੰ ਆਪਣੀਆਂ ਨਾਸਾਂ ਵਿੱਚੋਂਛੱਡਿਆ ਉਸਨੇ ਪਾਣੀ ਨੂੰ ਉੱਚਾ ਚੁੱਕ ਦਿੱਤਾ।ਵਗਦਾ ਪਾਣੀ ਕੰਧ ਬਣ ਗਿਆ।ਸਮੁੰਦਰ ਆਪਣੀਆਂ ਗਹਿਰਾਈਆਂ ਤਾਈਂ ਠੋਸ ਬਣ ਗਿਆ। 9 “ਦੁਸ਼ਮਣ ਨੇ ਆਖਿਆ,‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ ਤੇ ਉਨ੍ਹਾਂ ਨੂੰ ਫ਼ੜ ਲਵਾਂਗਾ।ਮੈਂ ਉਨ੍ਹਾਂ ਦੀ ਦੌਲਤ ਵੰਡ ਲਵਾਂਗਾ।ਮੈਂ ਇਹ ਸਭ ਕੁਝ ਆਪਣੀ ਤਲਵਾਰ ਨਾਲ ਖੋਹ ਲਵਾਂਗਾ।ਮੇਰੀ ਖੁਦ ਦੀ ਸ਼ਕਤੀ ਉਨ੍ਹਾਂ ਨੂੰ ਤਬਾਹ ਕਰੇਗੀ।’ 10 ਪਰ ਤੂੰ ਫ਼ੂਕ ਮਾਰੀਅਤੇ ਉਨ੍ਹਾਂ ਨੂੰ ਸਮੁੰਦਰ ਨਾਲ ਢਕ ਦਿੱਤਾ।ਉਹ ਸਿੱਕੇ ਵਾਂਗ ਡੂੰਘੇ ਸਮੁੰਦਰ ਵਿੱਚ ਡੁੱਬ ਗਏ। 11 “ਕੀ ਯਹੋਵਾਹ ਵਰਗੇ ਕੋਈ ਦੇਵਤੇ ਹਨ?ਨਹੀਂ। ਤੇਰੇ ਵਰਗੇ ਕੋਈ ਦੇਵਤੇ ਨਹੀਂ -ਤੂੰ ਅਦਭੁਤ ਪਵਿੱਤਰ ਹੈਂਤੂੰ ਅਦਭੁਤ ਤਾਕਤਵਰ ਹੈਂ।ਤੂੰ ਮਹਾਨ ਕਰਿਸ਼ਮੇ ਕਰਦਾ ਹੈਂ। 12 ਤੂੰ ਆਪਣਾ ਸੱਜਾ ਹੱਥ ਬਾਹਰ ਕਢਿਆ,ਇਸ ਲਈ ਧਰਤੀ ਉਨ੍ਹਾਂ ਨੂੰ ਨਿਗਲ ਗਈ। 13 ਪਰ ਆਪਣੀ ਕਿਰਪਾ ਨਾਲਤੂੰ ਲੋਕਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ ਤੂੰ ਬਚਾਇਆ।ਅਤੇ ਆਪਣੀ ਤਾਕਤ ਨਾਲਤੂੰ ਉਨ੍ਹਾਂ ਦੀ ਅਗਵਾਈ ਆਪਣੀ ਪਵਿੱਤਰ ਅਤੇ ਪ੍ਰਸੰਨ ਧਰਤੀ ਵੱਲ ਕੀਤੀ। 14 “ਦੂਸਰੀਆਂ ਕੌਮਾਂ ਇਸ ਕਹਾਣੀ ਨੂੰ ਸੁਣਨਗੀਆਂਅਤੇ ਉਹ ਡਰ ਜਾਣਗੀਆਂ।ਫ਼ਲਿਸਤੀ ਲੋਕ ਡਰ ਨਾਲ ਕੰਬਣਗੇ। 15 ਅਦੋਮ ਦੇ ਆਗੂ ਕੰਬਣਗੇ।ਮੋਆਬ ਦੇ ਆਗੂ ਡਰ ਨਾਲ ਕੰਬਣਗੇ।ਕਨਾਨ ਦੇ ਲੋਕਾਂ ਦਾ ਹੌਂਸਲਾ ਟੁਟ ਜਾਵੇਗਾ। 16 ਉਹ ਲੋਕ ਡਰ ਨਾਲ ਭਰ ਜਾਣਗੇ ਜਦੋਂਉਹ ਤੇਰੀ ਤਾਕਤ ਦੇਖਣਗੇ।ਉਹ ਯਹੋਵਾਹ ਦੇ ਲੋਕਾਂ,ਤੇਰੇ ਚੁਣੇ ਹੋਏ ਲੋਕਾਂ ਦੇ ਲੰਘ ਜਾਣ ਤੀਕ ਚੱਟਾਨ ਵਾਂਗ ਖਾਮੋਸ਼ ਰਹਿਣਗੇ। 17 ਯਹੋਵਾਹ, ਤੂੰ ਆਪਣੇ ਲੋਕਾਂ ਦੀ ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ।ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ। ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ।ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ। 18 “ਯਹੋਵਾਹ ਸਦਾ-ਸਦਾ ਲਈ ਰਾਜ ਕਰੇਗਾ।” 19 ਹਾਂ, ਇਹ ਸੱਚਮੁਚ ਵਾਪਰਿਆ ਸੀ। ਫ਼ਿਰਊਨ ਦੇ ਘੋੜੇ ਅਤੇ ਸਵਾਰ ਅਤੇ ਰਥ ਸਮੁੰਦਰ ਵਿੱਚ ਚਲੇ ਗਏ। ਅਤੇ ਯਹੋਵਾਹ ਨੇ ਸਮੁੰਦਰ ਦਾ ਸਾਰਾ ਪਾਣੀ ਉਨ੍ਹਾਂ ਦੇ ਉੱਪਰ ਲੈ ਆਂਦਾ। ਪਰ ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਧਰਤੀ ਤੋਂ ਲੰਘ ਗਏ। 20 ਤਾਂ ਹਾਰੂਨ ਦੀ ਭੈਣ, ਔਰਤ ਪੈਗੰਬਰ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ। 21 ਮਿਰਯਮ ਨੇ ਇਹ ਸ਼ਬਦ ਦੁਹਰਾਏ,“ਯਹੋਵਾਹ ਲਈ ਗਾਓ।ਉਸਨੇ ਮਹਾਨ ਕਾਰਨਾਮੇ ਕੀਤੇ ਹਨ।ਉਸਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।” 22 ਮੂਸਾ ਇਸਰਾਏਲ ਦੇ ਲੋਕਾਂ ਨੂੰ ਲਾਲ ਸਾਗਰਾਂ ਤੋਂ ਪਰ੍ਹਾਂ ਸੂਰ ਦੇ ਮਾਰੂਥਲ ਅੰਦਰ ਲੈ ਗਿਆ। ਉਨ੍ਹਾਂ ਨੇ ਮਾਰੂਥਲ ਵਿੱਚ ਤਿੰਨ ਦਿਨ ਤੱਕ ਸਫ਼ਰ ਕੀਤਾ। ਲੋਕਾਂ ਨੂੰ ਕੋਈ ਪਾਣੀ ਨਹੀਂ ਮਿਲਿਆ। 23 ਤਿੰਨ ਦਿਨਾਂ ਮਗਰੋਆਂ ਲੋਕ ਮਾਰਾਹ ਆ ਗਏ। ਮਾਰਾਹ ਵਿੱਚ ਪਾਣੀ ਸੀ ਪਰ ਇਹ ਪੀਣ ਵਿੱਚ ਕੌੜਾ ਸੀ। (ਇਸੇ ਲਈ ਉਸ ਥਾਂ ਦਾ ਨਾਮ ਮਾਰਾਹ ਸੀ।) 24 ਲੋਕਾਂ ਨੇ ਮੂਸਾ ਅੱਗੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ, “ਹੁਣ ਅਸੀਂ ਕੀ ਪੀਵਾਂਗੇ?” 25 ਮੂਸਾ ਨੇ ਯਹੋਵਾਹ ਨੂੰ ਅਵਾਜ਼ ਦਿੱਤੀ। ਇਸ ਲਈ ਯਹੋਵਾਹ ਨੇ ਉਸਨੂੰ ਇੱਕ ਦਰਖਤ ਦਿਖਾਇਆ। ਮੂਸਾ ਨੇ ਦਰਖਤ ਨੂੰ ਪਾਣੀ ਵਿੱਚ ਸੁੱਟ ਦਿੱਤਾ। ਜਦੋਂ ਉਸਨੇ ਅਜਿਹਾ ਕੀਤਾ, ਪਾਣੀ ਪੀਣ ਦੇ ਯੋਗ ਹੋ ਗਿਆ। ਉਸ ਥਾਂ ਤੇ, ਯਹੋਵਾਹ ਨੇ ਲੋਕਾਂ ਦਾ ਨਿਰਣਾ ਕੀਤਾ ਅਤੇ ਉਨ੍ਹਾਂ ਨੂੰ ਇੱਕ ਕਾਨੂਨ ਦਿੱਤਾ।ਯਹੋਵਾਹ ਨੇ ਲੋਕਾਂ ਦਾ ਵਿਸ਼ਵਾਸ ਵੀ ਪਰਖਿਆ। 26 ਯਹੋਵਾਹ ਨੇ ਆਖਿਆ, “ਤੁਹਾਨੂੰ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਜ਼ਰੂਰ ਮੰਨਣਾ ਚਾਹੀਦਾ ਹੈ। ਤੁਹਾਨੂੰ ਉਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਉਹ ਸਹੀ ਕਹਿੰਦਾ ਹੈ, ਜੇ ਤੁਸੀਂ ਯਹੋਵਾਹ ਦੇ ਸਾਰੇ ਹੁਕਮ ਤੇ ਕਾਨੂਨ ਮੰਨੋਗੇ ਤਾਂ ਤੁਸੀਂ ਮਿਸਰੀਆਂ ਦੀ ਤਰ੍ਹਾਂ ਬਿਮਾਰ ਨਹੀਂ ਹੋਵੋਂਗੇ। ਮੈਂ, ਯਹੋਵਾਹ, ਤੁਹਾਨੂੰ ਅਜਿਹੀ ਕੋਈ ਬਿਮਾਰੀ ਨਹੀਂ ਦਿਆਂਗਾ ਜਿਹੜੀ ਮੈਂ ਮਿਸਰੀਆਂ ਨੂੰ ਦਿੱਤੀ ਸੀ। ਮੈਂ ਯਹੋਵਾਹ ਹਾਂ। ਮੈਂ ਹੀ ਹਾਂ ਜਿਹੜਾ ਤੁਹਾਨੂੰ ਰਾਜ਼ੀ ਕਰਦਾ ਹੈ।” 27 ਫ਼ੇਰ ਲੋਕ ਸਫ਼ਰ ਕਰਦੇ ਹੋਏ ਏਲਿਮ ਪਹੁੰਚੇ। ਏਲਿਮ ਵਿਖੇ ਪਾਣੀ ਦੇ 12 ਚਸ਼ਮੇ ਅਤੇ ਖਜੂਰਾਂ ਦੇ 70 ਰੁਖ ਸਨ। ਇਸ ਲਈ ਲੋਕਾਂ ਨੇ ਪਾਣੀ ਦੇ ਨੇੜੇ ਡੇਰਾ ਲਾ ਲਿਆ।

16:1 ਫ਼ੇਰ ਲੋਕਾਂ ਨੇ ਏਲਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਆ ਗਏ, ਏਲਿਮ ਤੇ ਸੀਨਈ ਦੇ ਵਿਚਕਾਰ। ਉਥੇ ਉਹ ਮਿਸਰ ਛੱਡਣ ਤੋਂ ਬਾਦ ਦੂਸਰੇ ਮਹੀਨੇ ਦੀ ਪੰਦਰ੍ਹਾਂ ਤਾਰੀਕ ਨੂੰ ਪਹੁੰਚੇ। 2 ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ। 3 ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁਖ ਨਾਲ ਮਰ ਜਾਵਾਂਗੇ।” 4 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ। 5 ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।” 6 ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। 7 ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸਨੇ ਸੁਣ ਲਈ। ਇਸ ਲਈ ਕਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸਕੋਂ।” 8 ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਗੋਸ਼ਤ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸਕਾਂਗੇ। ਚੇਤੇ ਰਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।” 9 ਫ਼ੇਰ ਮੂਸਾ ਨੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਆਖੋ, ‘ਇਕਠੇ ਹੋਕੇ ਯਹੋਵਾਹ ਦੇ ਸਾਮ੍ਹਣੇ ਆਓ, ਕਿਉਂਕਿ ਉਸਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ।’” 10 ਹਾਰੂਨ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਉਹ ਸਾਰੇ ਇੱਕ ਥਾਂ ਇਕਠੇ ਹੋਏ ਸਨ। ਜਦੋਂ ਹਾਰੂਨ ਗੱਲ ਕਰ ਰਿਹਾ ਸੀ, ਸਾਰੇ ਲੋਕ ਮੁੜੇ ਅਤੇ ਮਾਰੂਥਲ ਵੱਲ ਦੇਖਣ ਲੱਗੇ। ਅਤੇ ਉਨ੍ਹਾਂ ਨੂੰ ਯਹੋਵਾਹ ਦਾ ਪਰਤਾਪ ਇੱਕ ਬੱਦਲ ਵਿੱਚ ਦਿਖਾਈ ਦਿੱਤਾ। 11 ਯਹੋਵਾਹ ਨੇ ਮੂਸਾ ਨੂੰ ਆਖਿਆ, 12 “ਮੈਂ ਇਸਰਾਏਲ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਉਨ੍ਹਾਂ ਨੂੰ ਆਖੋ, “ਅੱਜ ਤੁਸੀਂ ਗੋਸ਼ਤ ਖਾਵੋਂਗੇ। ਅਤੇ ਸਵੇਰ ਨੂੰ ਤੁਸੀਂ ਸਾਰੀ ਲੋੜੀਂਦੀ ਰੋਟੀ ਖਾਵੋਂਗੇ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਵਿੱਚ ਭਰੋਸਾ ਕਰ ਸਕਦੇ ਹੋ।’” 13 ਉਸ ਰਾਤ ਨੂੰ ਕੋਇਲਾਂ ਡੇਰੇ ਦੇ ਚਾਰ ਚੁਫ਼ੇਰੇ ਆਈਆਂ। ਲੋਕਾਂ ਨੇ ਗੋਸ਼ਤ ਲਈ ਇਹ ਪੰਛੀ ਫ਼ੜ ਲਈ। ਅਤੇ ਸਵੇਰੇ ਡੇਰੇ ਦੇ ਨੇੜੇ ਧਰਤੀ ਉੱਤੇ ਸਵੇਰ ਦੀ ਤ੍ਰੇਲ ਪਈ ਸੀ। 14 ਜਦੋਂ ਤ੍ਰੇਲ ਸੁੱਕ ਗਈ ਤਾਂ ਧਰਤੀ ਉੱਤੇ ਕੋਰੇ ਦੀਆਂ ਪਤਲੀਆਂ ਪਰਤਾਂ ਵਰਗੀ ਕੋਈ ਚੀਜ਼ ਪਈ ਸੀ। 15 ਇਸਰਾਏਲ ਦੇ ਲੋਕਾਂ ਨੇ ਇਸਨੂੰ ਦੇਖਿਆ ਅਤੇ ਇੱਕ ਦੂਜੇ ਨੂੰ ਪੁਛਣ ਲੱਗੇ, “ਇਹ ਕੀ ਹੈ?” ਉਹ ਇਹ ਸਵਾਲ ਪੁਛ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੀ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਉਹ ਭੋਜਨ ਹੈ ਜੋ ਯਹੋਵਾਹ ਤੁਹਾਨੂੰ ਖਾਣ ਲਈ ਦੇ ਰਿਹਾ ਹੈ। 16 ਯਹੋਵਾਹ ਆਖਦਾ ਹੈ, ‘ਹਰੇਕ ਬੰਦੇ ਨੂੰ ਓਨਾ ਹੀ ਇਕਠਾ ਕਰਨਾ ਚਾਹੀਦਾ ਹੈ ਜਿੰਨਾ ਉਸਨੂੰ ਲੋੜੀਂਦਾ ਹੈ। ਤੁਹਾਡੇ ਵਿੱਚ ਹਰੇਕ ਨੂੰ ਤਕਰੀਬਨ ਦੋ ਓਮਰ ਪਰਿਵਾਰ ਦੇ ਹਰ ਬੰਦੇ ਲਈ ਇਕਠਾ ਕਰਨਾ ਚਾਹੀਦਾ ਹੈ।’” 17 ਇਸ ਲਈ ਇਸਰਾਏਲ ਦੇ ਲੋਕਾਂ ਨੇ ਅਜਿਹਾ ਹੀ ਕੀਤਾ। ਹਰੇਕ ਬੰਦੇ ਨੇ ਆਪਣਾ ਭੋਜਨ ਇਕਠਾ ਕੀਤਾ। ਕੁਝ ਬੰਦਿਆਂ ਨੇ ਹੋਰਨਾਂ ਨਾਲੋਂ ਵਧ ਇਕਠਾ ਕੀਤਾ। 18 ਲੋਕਾਂ ਨੇ ਘਰ ਦੇ ਹਰ ਜੀਅ ਨੂੰ ਭੋਜਨ ਦਿੱਤਾ। ਜਦੋਂ ਭੋਜਨ ਮਾਪਿਆ ਜਾਂਦਾ, ਹਰੇਕ ਬੰਦੇ ਲਈ ਕਾਫ਼ੀ ਹੁੰਦਾ, ਪਰ ਕਦੇ ਵੀ ਬਹੁਤਾ ਜ਼ਿਆਦਾ ਨਹੀਂ। ਹਰ ਬੰਦਾ ਸਿਰਫ਼ ਓਨਾ ਹੀ ਇਕਠਾ ਕਰਦਾ ਸੀ ਜਿੰਨਾ ਉਸਦੇ ਅਤੇ ਉਸਦੇ ਪਰਿਵਾਰ ਲਈ ਕਾਫ਼ੀ ਹੁੰਦਾ ਸੀ। 19 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਅਗਲੇ ਦਿਨ ਖਾਣ ਲਈ ਭੋਜਨ ਨਾ ਬਚਾਓ।” 20 ਪਰ ਕੁਝ ਲੋਕਾਂ ਨੇ ਮੂਸਾ ਦੀ ਗੱਲ ਨਹੀਂ ਮੰਨੀ। ਇਨ੍ਹਾਂ ਲੋਕਾਂ ਨੇ ਅਗਲੇ ਦਿਨ ਲਈ ਆਪਣਾ ਭੋਜਨ ਬਚਾਇਆ। ਪਰ ਭੋਜਨ ਵਿੱਚ ਕੀੜੇ ਪੈ ਗਏ ਅਤੇ ਇਹ ਸੜਨ ਲੱਗਾ। ਮੂਸਾ ਉਨ੍ਹਾਂ ਲੋਕਾਂ ਨਾਲ ਗੁੱਸੇ ਸੀ ਜਿਨ੍ਹਾਂ ਨੇ ਅਜਿਹਾ ਕੀਤਾ ਸੀ। 21 ਹਰ ਸਵੇਰ ਲੋਕ ਭੋਜਨ ਇਕਠਾ ਕਰਦੇ ਸਨ। ਹਰੇਕ ਬੰਦਾ ਓਨਾ ਹੀ ਜਮ੍ਹਾਂ ਕਰਦਾ ਜਿੰਨਾ ਉਹ ਖਾ ਸਕਦਾ ਸੀ। ਪਰ ਦੁਪਿਹਰ ਵੇਲੇ ਭੋਜਨ ਪਿਘਲ ਜਾਂਦਾ ਅਤੇ ਚਲਿਆ ਜਾਂਦਾ। 22 ਸ਼ੁਕਰਵਾਰ ਨੂੰ ਲੋਕਾਂ ਨੇ ਦੁੱਗਣਾ ਭੋਜਨ ਇਕਠਾ ਕੀਤਾ। ਉਨ੍ਹਾਂ ਨੇ ਹਰ ਬੰਦੇ ਲਈ ਦੋ ਓਮਰ ਜਮ੍ਹਾ ਕੀਤਾ। ਇਸ ਲਈ ਲੋਕਾਂ ਦੇ ਆਗੂ ਮੂਸਾ ਕੋਲ ਆਏ ਅਤੇ ਇਸ ਬਾਰੇ ਦੱਸਿਆ। 23 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਇਹੀ ਸੀ ਜਿਸਦੇ ਵਾਪਰਨ ਬਾਰੇ ਯਹੋਵਾਹ ਨੇ ਆਖਿਆ ਸੀ। ਇਹ ਇਸ ਲਈ ਵਾਪਰਿਆ ਕਿਉਂਕਿ ਕਲ ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ, ਸਬਤ ਹੈ। ਤੁਸੀਂ ਓਨਾ ਭੋਜਨ ਪਕਾ ਸਕਦੇ ਹੋ ਜਿੰਨਾ ਤੁਹਾਨੂੰ ਅੱਜ ਲੋੜੀਂਦਾ ਹੈ। ਪਰ ਬਾਕੀ ਦਾ ਭੋਜਨ ਕਲ ਸਵੇਰ ਲਈ ਬਚਾ ਲਵੋ।” 24 ਇਸ ਲਈ ਲੋਕਾਂ ਨੇ ਬਾਕੀ ਦਾ ਭੋਜਨ ਅਗਲੇ ਦਿਨ ਲਈ ਬਚਾ ਲਿਆ। ਅਤੇ ਕੋਈ ਵੀ ਭੋਜਨ ਖਰਾਬ ਨਹੀਂ ਹੋਇਆ। ਇਸਦੇ ਕਿਸੇ ਵੀ ਹਿੱਸੇ ਵਿੱਚ ਕੀੜੇ ਦਾਖਲ ਨਹੀਂ ਹੋਏ। 25 ਸ਼ਨਿਚਰਵਾਰ ਨੂੰ, ਮੂਸਾ ਨੇ ਲੋਕਾਂ ਨੂੰ ਆਖਿਆ, “ਅੱਜ ਸਬਤ ਹੈ, ਯਹੋਵਾਹ ਦੇ ਆਦਰ ਵਿੱਚ ਅਰਾਮ ਦਾ ਖਾਸ ਦਿਨ ਹੈ। ਕਲ ਦਾ ਇੱਕਤ੍ਰ ਕੀਤਾ ਹੋਇਆ ਭੋਜਨ ਖਾਵੋ। ਅੱਜ ਤੁਹਾਨੂੰ ਖੇਤਾਂ ਵਿੱਚੋਂ ਕੁਝ ਨਹੀਂ ਮਿਲੇਗਾ। 26 ਤੁਹਾਨੂੰ ਛੇ ਦਿਨ ਭੋਜਨ ਇਕਠਾ ਕਰਨਾ ਚਾਹੀਦਾ ਹੈ। ਪਰ ਹਫ਼ਤੇ ਦਾ ਸੱਤਵਾਂ ਦਿਨ ਅਰਾਮ ਕਰਨ ਦਾ ਦਿਨ ਹੈ - ਇਸ ਲਈ ਏਸ ਦਿਨ ਕੋਈ ਵੀ ਖਾਸ ਭੋਜਨ ਧਰਤੀ ਤੇ ਨਹੀਂ ਹੋਵੇਗਾ।” 27 ਸ਼ਨਿਚਰਵਾਰ ਨੂੰ ਕੁਝ ਲੋਕ ਭੋਜਨ ਇਕਠਾ ਕਰਨ ਲਈ ਬਾਹਰ ਗਏ ਪਰ ਉਨ੍ਹਾਂ ਨੂੰ ਕੋਈ ਭੋਜਨ ਨਹੀਂ ਮਿਲਿਆ। 28 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਕਿੰਨਾ ਕੁ ਚਿਰ ਤੁਸੀਂ ਲੋਕ ਮੇਰੇ ਹੁਕਮ ਤੇ ਬਿਵਸਥਾਵਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਰਹੋਂਗੇ? 29 ਦੇਖੋ, ਯਹੋਵਾਹ ਨੇ ਸਬਤ ਨੂੰ ਤੁਹਾਡੇ ਲਈ ਅਰਾਮ ਕਰਨ ਦਾ ਦਿਨ ਬਣਾਇਆ ਹੈ। ਇਸ ਲਈ, ਸ਼ੁਕਰਵਾਰ ਨੂੰ ਯਹੋਵਾਹ ਤੁਹਾਨੂੰ ਦੋ ਦਿਨਾਂ ਲਈ ਕਾਫ਼ੀ ਭੋਜਨ ਦੇਵੇਗਾ। ਫ਼ੇਰ ਸਬਤ ਦੇ ਦਿਨ, ਤੁਹਾਡੇ ਵਿੱਚੋਂ ਹਰੇਕ ਨੂੰ ਬਹਿਕੇ ਅਰਾਮ ਕਰਨਾ ਚਾਹੀਦਾ ਹੈ। ਓਥੇ ਹੀ ਠਹਿਰੋ ਜਿਥੇ ਤੁਸੀਂ ਹੋ।” 30 ਇਸ ਲਈ ਲੋਕ ਸਬਤ ਦੇ ਦਿਨ ਅਰਾਮ ਕਰਦੇ ਸਨ। 31 ਲੋਕਾਂ ਨੇ ਖਾਸ ਭੋਜਨ ਨੂੰ “ਮੰਨ” ਆਖਣਾ ਸ਼ੁਰੂ ਕਰ ਦਿੱਤਾ। ਮੰਨ ਧਣੀਏ ਦੇ ਛੋਟੇ ਸਫ਼ੇਦ ਬੀਜਾਂ ਵਰਗਾ ਸੀ ਅਤੇ ਉਸਦਾ ਸੁਆਦ ਸ਼ਹਿਦ ਨਾਲ ਬਣੇ ਕੇਕ ਵਰਗਾ ਸੀ। 32 ਮੂਸਾ ਨੇ ਆਖਿਆ, “ਯਹੋਵਾਹ ਨੇ ਆਖਿਆ ਸੀ; ‘ਇਸ ਭੋਜਨ ਦੇ ਅਠ ਕੱਪ ਆਪਣੇ ਉੱਤਰਾਧਿਕਾਰੀਆਂ ਲਈ ਬਚਾ ਲਵੋ। ਫ਼ੇਰ ਉਹ ਇਸ ਭੋਜਨ ਨੂੰ ਦੇਖ ਸਕਣਗੇ ਜਿਹੜਾ ਮੈਂ ਤੁਹਾਨੂੰ ਉਦੋਂ ਮਾਰੂਥਲ ਵਿੱਚ ਦਿੱਤਾ ਜਦੋਂ ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ ਸੀ।’” 33 ਇਸ ਲਈ ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਜੱਗ ਲਵੋ ਅਤੇ ਇਸ ਵਿੱਚ ਅਠ ਕੱਪ ਮੰਨ ਦੇ ਭਰੋ। ਇਸ ਮੰਨ ਨੂੰ ਯਹੋਵਾਹ ਦੇ ਅੱਗੇ ਰੱਖਣ ਲਈ ਬਚਾਵੋ। ਇਸ ਨੂੰ ਸਾਡੇ ਉੱਤਰਾਧਿਕਾਰੀਆਂ ਲਈ ਬਚਾਵੋ।” 34 (ਹਾਰੂਨ ਨੇ ਬਾਦ ਵਿੱਚ ਓਵੇਂ ਹੀ ਕੀਤਾ ਜਿਸ ਬਾਰੇ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਮੰਨ ਵਾਲਾ ਜੱਗ ਇਕਰਾਰਨਾਮੇ ਦੇ ਸਾਮ੍ਹਣੇ ਰੱਖਿਆ।) 35 ਇਸਰਾਏਲ ਦੇ ਲੋਕਾਂ ਨੇ 40 ਸਾਲਾਂ ਤੀਕ ਮੰਨ ਖਾਧਾ। ਜਦੋਂ ਤੱਕ ਉਹ ਰਹਿਣ ਯੋਗ ਧਰਤੀ ਤੇ ਨਹੀਂ ਪਹੁੰਚ ਗਏ, ਜੋ ਕਿ ਕਨਾਨ ਦੀ ਧਰਤੀ ਦੀ ਸੀਮਾ ਤੇ ਹੈ। 36 (ਜਿਸ ਪੈਮਾਨੇ ਦੀ ਵਰਤੋਂ ਉਨ੍ਹਾਂ ਨੇ ਮੰਨ ਲਈ ਕੀਤੀ ਉਹ ਇੱਕ ਓਮਰ ਸੀ। ਇੱਕ ਓਮਰ ਤਕਰੀਬਨ 8 ਕੱਪ ਦੇ ਬਰਾਬਰ ਸੀ।)

17:1 ਇਸਰਾਏਲ ਦੇ ਸਾਰੇ ਲੋਕ ਸੀਨ ਮਾਰੂਥਲ ਤੋਂ ਇਕਠੇ ਸਫ਼ਰ ਤੇ ਚਲੇ। ਉਹ ਯਹੋਵਾਹ ਦੇ ਹੁਕਮ ਅਨੁਸਾਰ ਇੱਕ ਥਾਂ ਤੋਂ ਦੂਸਰੀ ਥਾਂ ਸਫ਼ਰ ਕਰਦੇ ਰਹੇ। ਲੋਕਾਂ ਨੇ ਰਫ਼ੀਦੀਮ ਤੱਕ ਸਫ਼ਰ ਕੀਤਾ ਅਤੇ ਓਥੇ ਡੇਰਾ ਲਾ ਲਿਆ। ਓਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ। 2 ਇਸ ਲਈ ਲੋਕ ਮੂਸਾ ਦੇ ਵਿਰੁੱਧ ਹੋ ਗਏ ਅਤੇ ਉਸ ਨਾਲ ਝਗੜਨ ਲੱਗੇ। ਲੋਕਾਂ ਨੇ ਆਖਿਆ, “ਸਾਨੂੰ ਪੀਣ ਲਈ ਪਾਣੀ ਦਿਉ।”ਮੂਸਾ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਵਿਰੁੱਧ ਕਿਉਂ ਹੋ ਗਏ ਹੋ? ਤੁਸੀਂ ਯਹੋਵਾਹ ਦੀ ਪਰਖ ਕਿਉਂ ਕਰ ਰਹੇ ਹੋ? ਕੀ ਤੁਸੀਂ ਇਹ ਸੋਚਦੇ ਹੋ ਕਿ ਯਹੋਵਾਹ ਸਾਡੇ ਨਾਲ ਨਹੀਂ ਹੈ?” 3 ਪਰ ਲੋਕ ਪਾਣੀ ਦੇ ਬਹੁਤ ਪਿਆਸੇ ਸਨ। ਇਸ ਲਈ ਉਨ੍ਹਾਂ ਨੇ ਮੂਸਾ ਨੂੰ ਸ਼ਿਕਾਇਤਾਂ ਕਰਨੀਆਂ ਜਾਰੀ ਰਖੀਆਂ। ਲੋਕਾਂ ਨੇ ਆਖਿਆ, “ਤੁਸੀਂ ਸਾਨੂੰ ਮਿਸਰ ਤੋਂ ਬਾਹਰ ਕਿਉਂ ਲਿਆਏ? ਕੀ ਤੁਸੀਂ ਸਾਨੂੰ ਇੱਥੇ ਇਸ ਲਈ ਲਿਆਏ ਸੀ ਕਿ ਅਸੀਂ ਅਤੇ ਸਾਡੇ ਬੱਚੇ ਅਤੇ ਸਾਡੇ ਪਸ਼ੂ ਸਾਰੇ ਹੀ ਪਾਣੀ ਤੋਂ ਬਿਨਾ ਮਰ ਜਾਣ?” 4 ਇਸ ਲਈ ਮੂਸਾ ਨੇ ਯਹੋਵਾਹ ਅੱਗੇ ਪੁਕਾਰ ਕੀਤੀ, “ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰ ਸਕਦਾ ਹਾਂ? ਇਹ ਮੈਨੂੰ ਪੱਥਰ ਮਾਰਨ ਲਈ ਤਿਆਰ ਹਨ।” 5 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਦੇ ਸਾਮ੍ਹਣੇ ਜਾ। ਆਪਣੇ ਨਾਲ ਲੋਕਾਂ ਦੇ ਕੁਝ ਬਜ਼ੁਰਗਾਂ ਨੂੰ ਲੈ ਜਾਵੀਂ। ਆਪਣੇ ਨਾਲ ਆਪਣੀ ਸੋਟੀ ਲੈ। ਇਹੀ ਸੋਟੀ ਹੈ ਜਿਹੜੀ ਤੂੰ ਨੀਲ ਨਦੀ ਉੱਤੇ ਮਾਰਨ ਲਈ ਵਰਤੀ ਸੀ। 6 ਮੈਂ ਤੇਰੇ ਸਾਮ੍ਹਣੇ ਹੋਰੇਬ ਚੱਟਾਨ ਉੱਤੇ ਖੜਾ ਹੋਵਾਂਗਾ। ਆਪਣੀ ਸੋਟੀ ਉਸ ਚੱਟਾਨ ਉੱਪਰ ਮਾਰੀ। ਅਤੇ ਇਸ ਵਿੱਚੋਂ ਪਾਣੀ ਨਿਕਲ ਆਵੇਗਾ। ਫ਼ੇਰ ਲੋਕ ਪਾਣੀ ਪੀ ਸਕਣਗੇ।”ਮੂਸਾ ਨੇ ਇਹੀ ਗੱਲਾਂ ਕੀਤੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਇਸਨੂੰ ਦੇਖਿਆ। 7 ਮੂਸਾ ਨੇ ਉਸ ਥਾਂ ਦਾ ਨਾਮ ਮਰੀਬਾਹ ਅਤੇ ਮਸ੍ਸਾਹ ਰੱਖਿਆ, ਕਿਉਂਕਿ ਇਹੀ ਥਾਂ ਸੀ ਜਿਥੇ ਇਸਰਾਏਲ ਦੇ ਲੋਕ ਉਸਦੇ ਵਿਰੁੱਧ ਹੋ ਗਏ ਸਨ ਅਤੇ ਯਹੋਵਾਹ ਦੀ ਪਰਖ ਕੀਤੀ ਸੀ। ਲੋਕ ਜਾਨਣਾ ਚਾਹੁੰਦੇ ਸਨ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਜਾਂ ਨਹੀਂ। 8 ਰਫ਼ੀਦੀਮ ਵਿਖੇ ਅਮਾਲੇਕੀ ਲੋਕ ਆਏ ਅਤੇ ਇਸਰਾਏਲ ਦੇ ਲੋਕਾਂ ਨਾਲ ਲੜੇ। 9 ਇਸ ਲਈ ਮੂਸਾ ਨੇ ਯਹੋਸ਼ੁਆ ਨੂੰ ਆਖਿਆ, “ਕੁਝ ਆਦਮੀ ਚੁਣੋ ਅਤੇ ਜਾਕੇ ਕਲ ਨੂੰ ਅਮਾਲੇਕੀਆਂ ਨਾਲ ਯੁਧ ਕਰੋ। ਮੈਂ ਪਹਾੜੀ ਦੀ ਚੋਟੀ ਉੱਤੇ ਖੜਾ ਹੋਵਾਂਗਾ ਅਤੇ ਤੁਹਾਨੂੰ ਦੇਖਾਂਗਾ। ਮੈਂ ਉਹ ਸੋਟੀ ਫ਼ੜੀ ਹੋਵੇਗੀ ਜੋ ਮੈਨੂੰ ਪਰਮਾਤਮਾ ਨੇ ਦਿੱਤੀ ਸੀ।” 10 ਯਹੋਸ਼ੁਆ ਨੇ ਮੂਸਾ ਦੀ ਗੱਲ ਮੰਨ ਲਈ ਅਤੇ ਅਗਲੇ ਦਿਨ ਅਮਾਲੇਕੀ ਲੋਕਾਂ ਨਾਲ ਲੜਨ ਲਈ ਗਿਆ। ਉਸ ਵੇਲੇ, ਮੂਸਾ, ਹਾਰੂਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11 ਜਦੋਂ ਵੀ ਕਦੇ ਮੂਸਾ ਨੇ ਆਪਣੇ ਹੱਥ ਹਵਾ ਵਿੱਚ ਕਰਦਾ, ਤਾਂ ਇਸਰਾਏਲ ਦੇ ਲੋਕ ਜੰਗ ਜਿੱਤ ਜਾਂਦੇ। ਪਰ ਜਦੋਂ ਮੂਸਾ ਆਪਣੇ ਹੱਥ ਹੇਠਾਂ ਕਰਦਾ ਇਸਰਾਏਲ ਦੇ ਲੋਕ ਲੜਾਈ ਹਾਰ ਜਾਂਦੇ। 12 ਕੁਝ ਸਮੇਂ ਬਾਦ, ਮੂਸਾ ਦੇ ਹੱਥ ਥੱਕ ਗਏ। ਮੂਸਾ ਦੇ ਨਾਲ ਦੇ ਬੰਦੇ ਕੋਈ ਤਰਕੀਬ ਲੱਭਣਾ ਚਾਹੁੰਦੇ ਸਨ ਤਾਂ ਜੋ ਮੂਸਾ ਦੇ ਹੱਥ ਹਵਾ ਵਿੱਚ ਰਹਿਣ। ਇਸ ਲਈ ਉਨ੍ਹਾਂ ਨੇ ਮੂਸਾ ਦੇ ਬੈਠਣ ਲਈ ਇੱਕ ਵੱਡੀ ਚੱਟਾਨ ਉਸਦੇ ਹੇਠਾਂ ਰੱਖ ਦਿੱਤੀ। ਫ਼ੇਰ ਹਾਰੂਨ ਅਤੇ ਹੂਰ ਨੇ ਮੂਸਾ ਦੇ ਹੱਥ ਹਵਾ ਵਿੱਚ ਰਖੇ। ਹਾਰੂਨ ਮੂਸਾ ਦੇ ਇੱਕ ਪਾਸੇ ਸੀ ਅਤੇ ਹੂਰ ਦੂਸਰੇ ਪਾਸੇ ਸੀ। ਉਨ੍ਹਾਂ ਨੇ ਉਸਦੇ ਹੱਥ ਇਸੇ ਤਰ੍ਹਾਂ ਉੱਪਰ ਚੁੱਕੀ ਰਖੇ ਜਦੋਂ ਤੱਕ ਕਿ ਸੂਰਜ ਛੁਪ ਨਹੀਂ ਗਿਆ। 13 ਇਸ ਲਈ ਯਹੋਸ਼ੁਆ ਅਤੇ ਉਸਦੇ ਬੰਦਿਆਂ ਨੇ ਇਸ ਲੜਾਈ ਵਿੱਚ ਅਮਾਲੇਕੀਆਂ ਨੂੰ ਹਰਾਇਆ। 14 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ “ਇਸ ਲੜਾਈ ਬਾਰੇ ਲੋਕਾਂ ਦੇ ਯਾਦ ਰੱਖਣ ਲਈ ਇੱਕ ਪੁਸਤਕ ਵਿੱਚ ਲਿਖ ਕਿ ਇੱਥੇ ਕੀ ਵਾਪਰਿਆ ਸੀ ਅਤੇ ਯਹੋਸ਼ੁਆ ਨੂੰ ਕਹਿ ਕਿ ਮੈਂ ਅਮਾਲੇਕੀਆਂ ਨੂੰ ਇਸ ਦੁਨੀਆਂ ਤੋਂ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।” 15 ਫ਼ੇਰ ਮੂਸਾ ਨੇ ਇੱਕ ਜਗਵੇਦੀ ਬਣਾਈ। ਮੂਸਾ ਨੇ ਜਗਵੇਦੀ ਦਾ ਨਾਮ ਰੱਖਿਆ, “ਯਹੋਵਾਹ ਮੇਰਾ ਝੰਡਾ ਹੈ।” 16 ਮੂਸਾ ਨੇ ਆਖਿਆ, “ਮੈਂ ਆਪਣੇ ਹੱਥ ਯਹੋਵਾਹ ਦੇ ਤਖਤ ਵੱਲ ਉਠਾਏ। ਇਸ ਲਈ ਯਹੋਵਾਹ ਅਮਾਲੇਕੀਆਂ ਦੇ ਵਿਰੁੱਧ ਲੜਿਆ, ਜਿਵੇਂ ਕਿ ਉਸਨੇ ਹਮੇਸ਼ਾ ਕੀਤਾ ਹੈ।”

18:1 ਮੂਸਾ ਦਾ ਸਹੁਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ। 2 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸਨੂੰ ਉਸਦੇ ਘਰ ਭੇਜ ਦਿੱਤਾ ਸੀ।) 3 ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।” 4 ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।” 5 ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ। 6 ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸਹੁਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।” 7 ਇਸ ਲਈ ਮੂਸਾ ਆਪਣੇ ਸਹੁਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸਨੂੰ ਮੱਥਾ ਟੇਕਿਆ ਅਤੇ ਉਸਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚਲੇ ਗਏ। 8 ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ। 9 ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ। 10 ਯਿਥਰੋ ਨੇ ਆਖਿਆ,“ਯਹੋਵਾਹ ਦੀ ਉਸਤਤਿ ਕਰੋ।ਉਸਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ। 11 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।” 12 ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਮ੍ਹਣੇ ਮੂਸਾ ਦੇ ਸਹੁਰੇ ਯਿਥਰੋ ਕੋਲ ਰੋਟੀ ਖਾਣ ਲਈ ਇਕਠੇ ਹੋਕੇ ਆਏ। 13 ਅਗਲੇ ਦਿਨ, ਮੂਸਾ ਕੋਲ ਲੋਕਾਂ ਦਾ ਨਿਰਣਾ ਕਰਨ ਦਾ ਖਾਸ ਕੰਮ ਸੀ। ਓਥੇ ਬਹੁਤ ਸਾਰੇ ਲੋਕ ਸਨ, ਇਸ ਲਈ ਲੋਕਾਂ ਨੂੰ ਸਾਰਾ ਦਿਨ ਮੂਸਾ ਦੇ ਸਾਮ੍ਹਣੇ ਖੜਾ ਹੋਣਾ ਪਿਆ। 14 ਯਿਥਰੋ ਨੇ ਮੂਸਾ ਨੂੰ ਲੋਕਾਂ ਦਾ ਨਿਰਣਾ ਕਰਦਿਆਂ ਦੇਖਿਆ। ਉਸਨੇ ਪੁੱਛਿਆ, “ਤੂੰ ਇਹ ਕਿਉਂ ਕਰ ਰਿਹਾ ਹੈਂ? ਤੂੰ ਇਕੱਲਾ ਹੀ ਨਿਆਂਕਾਰ ਕਿਉਂ ਹੈਂ? ਅਤੇ ਸਾਰਾ ਦਿਨ ਲੋਕ ਤੇਰੇ ਕੋਲ ਕਿਉਂ ਆਉਂਦੇ ਹਨ?” 15 ਤਾਂ ਮੂਸਾ ਨੇ ਆਪਣੇ ਸਹੁਰੇ ਨੂੰ ਆਖਿਆ, “ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਪਰਮੇਸ਼ੁਰ ਦਾ ਨਿਰਣਾ ਪੁਛਾਂ। 16 ਜੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ, ਉਹ ਮੇਰੇ ਕੋਲ ਆਉਂਦੇ ਹਨ। ਮੈਂ ਨਿਰਣਾ ਕਰਦਾ ਹਾਂ ਕਿ ਕਿਹੜਾ ਬੰਦਾ ਸਹੀ ਹੈ। ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦਿੰਦਾ ਹਾਂ।” 17 ਪਰ ਮੂਸਾ ਦੇ ਸਹੁਰੇ ਨੇ ਉਸਨੂੰ ਆਖਿਆ, “ਅਜਿਹਾ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। 18 ਇਹ ਤੇਰੇ ਇਕੱਲੇ ਲਈ ਬਹੁਤ ਔਖਾ ਕੰਮ ਹੈ। ਤੂੰ ਇਹ ਕੰਮ ਇਕਲਿਆਂ ਖੁਦ ਨਹੀਂ ਕਰ ਸਕਦਾ। ਇਹ ਤੈਨੂੰ ਥਕਾ ਦਿੰਦਾ ਹੈ। ਅਤੇ ਇਹ ਲੋਕਾਂ ਨੂੰ ਵੀ ਥਕਾਉਂਦਾ ਹੈ। 19 ਹੁਣ, ਮੇਰੀ ਗੱਲ ਸੁਣ। ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੋਵੇ। ਤੈਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਅਤੇ ਤੈਨੂੰ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨਾਲ ਗੱਲ ਕਰਨੀ ਜਾਰੀ ਰਖਣੀ ਚਾਹੀਦੀ ਹੈ। 20 ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚਿਤਾਵਨੀ ਦੇ ਕਿ ਉਹ ਬਿਧੀ ਨਾ ਤੋੜਨ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਦੱਸ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 21 ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ।“ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸਕਦਾ ਹੈਂ - ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ। 22 ਇਨ੍ਹਾਂ ਹਾਕਮਾਂ ਨੂੰ ਲੋਕਾਂ ਦੇ ਨਿਰਣੇ ਕਰਨ ਦੇ। ਜੇ ਕੋਈ ਬਹੁਤ ਮਹੱਤਵਪੂਰਣ ਮਾਮਲਾ ਹੋਵੇ ਤਾਂ ਉਹ ਤੇਰੇ ਕੋਲ ਆ ਸਕਦੇ ਹਨ ਅਤੇ ਤੈਨੂੰ ਨਿਰਣਾ ਕਰਨ ਦੇਣ। ਪਰ ਦੂਸਰੇ ਮਾਮਲੇ ਉਹ ਖੁਦ ਨਿਪਟਾ ਸਕਦੇ ਹਨ। ਇਸ ਤਰ੍ਹਾਂ ਇਹ ਆਦਮੀ ਤੇਰੇ ਨਾਲ ਕੰਮ ਸਾਂਝਾ ਕਰ ਸਕਦੇ ਹਨ ਅਤੇ ਤੇਰੇ ਲਈ ਲੋਕਾਂ ਦੀ ਅਗਵਾਈ ਕਰਨੀ ਸੌਖੀ ਹੋਵੇਗੀ। 23 ਜੇ ਤੂੰ ਇਹ ਗੱਲਾਂ ਕਰੇਗਾ, ਤੂੰ ਆਪਣਾ ਕੰਮ ਕਰਨ ਦੇ ਲਾਇਕ ਹੋਵੇਂਗਾ ਜਿਵੇਂ ਯਹੋਵਾਹ ਨੇ ਤੈਨੂੰ ਕਰਨ ਦਾ ਹੁਕਮ ਦਿੱਤਾ ਸੀ। ਉਸੇ ਵੇਲੇ, ਇਹ ਲੋਕ ਆਪਣੀਆਂ ਸੁਲਝੀਆਂ ਹੋਈਆਂ ਸਮਸਿਆਵਾਂ ਨਾਲ ਘਰ ਜਾ ਸਕਦੇ ਹਨ।” 24 ਇਸ ਲਈ ਮੂਸਾ ਨੇ ਉਹੀ ਕੀਤਾ ਜੋ ਯਿਥਰੋ ਨੇ ਉਸਨੂੰ ਆਖਿਆ ਸੀ। 25 ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ। 26 ਇਹ ਹਾਕਮ ਲੋਕਾਂ ਲਈ ਨਿਆਂਕਾਰ ਸਨ। ਲੋਕ ਹਮੇਸ਼ਾ ਆਪਣੇ ਝਗੜੇ ਇਨ੍ਹਾਂ ਹਾਕਮਾ ਸਾਮ੍ਹਣੇ ਲਿਆ ਸਕਦੇ ਸਨ। ਅਤੇ ਮੂਸਾ ਨੇ ਸਿਰਫ਼ ਬਹੁਤ ਜ਼ਰੂਰ ਮਾਮਲਿਆਂ ਦਾ ਨਿਰਣਾ ਕਰਨਾ ਸੀ। 27 ਕੁਝ ਸਮੇਂ ਬਾਦ ਮੂਸਾ ਨੇ ਆਪਣੇ ਸਹੁਰੇ, ਯਿਥਰੋ ਨੂੰ ਅਲਵਿਦਾ ਆਖੀ। ਅਤੇ ਯਿਥਰੋ ਆਪਣੇ ਘਰ ਵਾਪਸ ਚਲਾ ਗਿਆ।

19:1 ਇਸਰਾਏਲ ਦੇ ਲੋਕ ਮਿਸਰ ਤੋਂ ਆਪਣੀ ਯਾਤਰਾ ਦੇ ਤੀਸਰੇ ਮਹੀਨੇ ਸੀਨਈ ਮਾਰੂਥਲ ਵਿੱਚ ਪਹੁੰਚੇ। 2 ਉਨ੍ਹਾਂ ਨੇ ਰਫ਼ੀਦੀਮ ਤੋਂ ਸੀਨਈ ਮਾਰੂਥਲ ਦਾ ਸਫ਼ਰ ਕੀਤਾ ਸੀ। ਇਸਰਾਏਲ ਦੇ ਲੋਕਾਂ ਨੇ ਹੋਰੇਬ ਪਰਬਤ ਨੇੜੇ ਡੇਰਾ ਲਾਇਆ। 3 ਤਾਂ ਮੂਸਾ ਪਰਮੇਸ਼ੁਰ ਨੂੰ ਮਿਲਣ ਲਈ ਪਰਬਤ ਉੱਤੇ ਚੜ ਗਿਆ ਅਤੇ ਪਰਮੇਸ਼ੁਰ ਨੇ ਉਸ ਨਾਲ ਗੱਲ ਕੀਤੀ ਤੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਯਾਕੂਬ ਦੇ ਪਰਿਵਾਰ ਨੂੰ, ਇਹ ਗੱਲਾਂ ਆਖ; 4 ‘ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਆਪਣੇ ਦੁਸ਼ਮਣਾਂ ਨਾਲ ਕੀ ਕਰ ਸਕਦਾ ਹਾਂ। ਤੁਸੀਂ ਦੇਖਿਆ ਕਿ ਮੈਂ ਮਿਸਰ ਦੇ ਲੋਕਾਂ ਨਾਲ ਕੀ ਕੀਤਾ। ਤੁਸੀਂ ਦੇਖਿਆ ਕਿ ਮੈਂ ਤੁਹਾਨੂੰ ਮਿਸਰ ਵਿੱਚ ਬਾਜ਼ ਦੀ ਤਰ੍ਹਾਂ ਚੁੱਕ ਕੇ ਇੱਥੇ ਆਪਣੇ ਕੋਲ ਲਿਆਇਆ। 5 ਇਸ ਲਈ ਹੁਣ ਮੈਂ ਤੁਹਾਨੂੰ ਆਪਣੇ ਹੁਕਮ ਮੰਨਣ ਲਈ ਆਖਦਾ ਹਾਂ। ਮੇਰੇ ਇਕਰਾਰਨਾਮੇ ਦੀ ਪਾਲਣ ਕਰੋ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਤੁਸੀਂ ਮੇਰੇ ਆਪਣੇ ਖਾਸ ਬੰਦੇ ਹੋਵੋਂਗੇ। ਸਾਰੀ ਦੁਨੀਆਂ ਮੇਰੀ ਹੈ ਪਰ ਮੈਂ ਤੁਹਾਨੂੰ ਆਪਣੇ ਖਾਸ ਬੰਦਿਆਂ ਵਜੋਂ ਚੁਣ ਰਿਹਾ ਹਾਂ। 6 ਤੁਸੀਂ ਇੱਕ ਖਾਸ ਕੌਮ ਹੋਵੋਂਗੇ - ਜਾਜਕਾਂ ਦੀ ਰਿਆਸਤ।’ ਮੂਸਾ, ਤੈਨੂੰ ਇਸਰਾਏਲ ਦੇ ਲੋਕਾਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਮੈਂ ਕੀ ਆਖਿਆ ਹੈ।” 7 ਤਾਂ ਮੂਸਾ ਪਰਬਤ ਤੋਂ ਹੇਠਾਂ ਉਤਰ ਆਇਆ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇਕਠਿਆਂ ਕੀਤਾ। ਮੂਸਾ ਨੇ ਬਜ਼ੁਰਗਾਂ ਨੂੰ ਹਰ ਉਹ ਗੱਲ ਦਸੀ ਜਿਹੜੀ ਯਹੋਵਾਹ ਨੇ ਉਸਨੂੰ ਉਨ੍ਹਾਂ ਨੂੰ ਦੱਸਣ ਦਾ ਹੁਕਮ ਦਿੱਤਾ ਸੀ। 8 ਸਾਰੇ ਲੋਕ ਇੱਕੋ ਵੇਲੇ ਬੋਲੇ ਅਤੇ ਆਖਿਆ, “ਅਸੀਂ ਹਰ ਉਹ ਗੱਲ ਮੰਨਾਂਗੇ ਜੋ ਯਹੋਵਾਹ ਆਖਦਾ ਹੈ।”ਤਾਂ ਮੂਸਾ ਪਰਬਤ ਉੱਤੇ ਪਰਮੇਸ਼ੁਰ ਕੋਲ ਵਾਪਸ ਗਿਆ। ਮੂਸਾ ਨੇ ਪਰਮੇਸ਼ੁਰ ਨੂੰ ਦੱਸਿਆ ਕਿ ਲੋਕ ਉਸਦਾ ਹੁਕਮ ਮੰਨਣਗੇ। 9 ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸਂਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ। 10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੂਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸਕਦੇ ਹਨ।” 13 14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲe। 15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।” 16 ਤੀਸਰੇ ਦਿਨ ਹੀ ਸਵੇਰ ਨੂੰ ਪਰਬਤ੍ਰ ਉੱਤੋਂ ਇੱਕ ਸੰਘਣਾ ਬੱਦਲ ਹੇਠਾਂ ਆਇਆ। ਓਥੇ ਗਰਜ ਅਤੇ ਚਮਕ ਹੋਈ ਅਤੇ ਭੇਡੂ ਦੇ ਸਿੰਗ ਦੀ ਤੂਰ੍ਹੀ ਦੀ ਬਹੁਤ ਉੱਚੀ ਅਵਾਜ਼ ਸੁਣਾਈ ਦਿੱਤੀ। ਡੇਰੇ ਦੇ ਸਾਰੇ ਲੋਕ ਡਰ ਗਏ। 17 ਤਾਂ ਮੂਸਾ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਬਤ ਦੇ ਨੇੜੇ ਪਰਮੇਸ਼ੁਰ ਨਾਲ ਮੁਲਾਕਾਤ ਲਈ ਲੈ ਆਇਆ। 18 ਸੀਨਈ ਪਰਬਤ ਧੂੰਏਂ ਨਾਲ ਭਰਿਆ ਹੋਇਆ ਸੀ। ਪਰਬਤ ਤੋਂ ਧੂੰਆਂ ਇਸ ਤਰ੍ਹਾਂ ਉਠ ਰਿਹਾ ਸੀ ਜਿਵੇਂ ਕਿਸੇ ਭਠੀ ਵਿੱਚੋਂ ਉਠਦਾ ਹੈ। ਅਜਿਹਾ ਇਸ ਲਈ ਹੋਇਆ ਕਿ ਯਹੋਵਾਹ ਪਰਬਤ ਉੱਤੇ ਅਗਨੀ ਵਿੱਚ ਆਇਆ। ਅਤੇ ਸਾਰਾ ਪਰਬਤ ਕੰਬਣ ਲੱਗਾ। 19 ਭੇਡੂ ਦੇ ਸਿੰਗ ਦੀ ਅਵਾਜ਼ ਹਰ ਵਾਰ ਉੱਚੀ ਤੋਂ ਉੱਚੀ ਹੁੰਦੀ ਗਈ। ਮੂਸਾ ਬੋਲਿਆ ਅਤੇ ਪਰਮੇਸ਼ੁਰ ਨੇ ਗਰਜਦੀ ਆਵਾਜ਼ ਵਿੱਚ ਉਸਨੂੰ ਜਵਾਬ ਦਿੱਤਾ। 20 ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ ਗਿਆ। 21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹੇਠਾ ਜਾ ਅਤੇ ਲੋਕਾਂ ਨੂੰ ਚਿਤਾਵਨੀ ਦੇ ਕਿ ਮੇਰੇ ਨੇੜੇ ਨਾ ਆਉਣ ਤੇ ਮੇਰੇ ਵੱਲ ਨਾ ਦੇਖਣ। ਜੇ ਉਹ ਅਜਿਹਾ ਕਰਨਗੇ ਤਾਂ ਬਹੁਤ ਸਾਰੇ ਲੋਕ ਮਰ ਜਾਣਗੇ। 22 ਜਾਜਕਾਂ ਨੂੰ ਵੀ ਦੱਸ ਕਿ ਉਹ ਆਪਣੇ-ਆਪ ਨੂੰ ਇਸ ਖਾਸ ਮੁਲਾਕਾਤ ਲਈ ਤਿਆਰ ਕਰਨ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।” 23 ਮੂਸਾ ਨੇ ਯਹੋਵਾਹ ਨੂੰ ਆਖਿਆ, “ਪਰ ਲੋਕ ਪਰਬਤ ਉੱਤੇ ਨਹੀਂ ਆ ਸਕਦੇ ਤੂੰ ਮੈਨੂੰ ਖੁਦ ਆਖਿਆ ਸੀ ਕਿ ਇੱਕ ਲਕੀਰ ਖਿੱਚ ਦਿਆਂ ਅਤੇ ਲੋਕਾਂ ਨੂੰ ਲਕੀਰ ਟੱਪਕੇ ਪਵਿੱਤਰ ਧਰਤੀ ਤੇ ਨਾ ਆਉਣ ਦਿਆਂ।” 24 ਯਹੋਵਾਹ ਨੇ ਉਸਨੂੰ ਆਖਿਆ, “ਹੇਠਾਂ ਲੋਕਾਂ ਕੋਲ ਜਾ ਹਾਰੂਨ ਨੂੰ ਲੈ ਤੇ ਆਪਣੇ ਨਾਲ ਲੈਕੇ ਮੇਰੇ ਕੋਲ ਵਾਪਸ ਆ। ਪਰ ਜਾਜਕਾਂ ਜਾਂ ਲੋਕਾਂ ਨੂੰ ਮੇਰੇ ਨੇੜੇ ਨਾ ਆਉਣ ਦੇਵੀਂ। ਜੇ ਉਹ ਮੇਰੇ ਬਹੁਤਾ ਨੇੜੇ ਆਉਣਗੇ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ।” 25 ਇਸ ਲਈ ਮੂਸਾ ਹੇਠਾਂ ਲੋਕਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਇਹ ਗੱਲਾਂ ਦਸੀਆਂ।

20:1 ਤਾਂ ਪਰਮੇਸ਼ੁਰ ਨੇ ਆਖਿਆ, 2 “ਮੈਂ ਯਹੋਵਾਹ ਹਾਂ ਤੁਹਾਡਾ ਪਰਮੇਸ਼ੁਰ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿਥੇ ਤੁਸੀਂ ਗੁਲਾਮ ਸੀ। ਇਸ ਲਈ ਤੁਹਾਨੂੰ ਇਹ ਹੁਕਮ ਮਂਨਣੇ ਚਾਹੀਦੇ ਹਨ; 3 “ਤੁਹਾਨੂੰ ਮੇਰੇ ਇਲਾਵਾ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। 4 “ਤੁਹਾਨੂੰ ਕੋਈ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿੱਚ ਜਾਂ ਧਰਤੀ ਉੱਤੇ ਜਾਂ ਪਾਣੀ ਅੰਦਰ ਕਿਸੇ ਚੀਜ਼ ਦੇ ਬੁੱਤ ਜਾਂ ਤਸਵੀਰਾਂ ਨਾ ਬਨਾਓ। 5 ਕਿਸੇ ਤਰ੍ਹਾਂ ਦੇ ਬੁੱਤਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਕਿਉਂ? ਕਿਉਂਕਿ ਮੈਂ, ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਖਿਲਾਫ਼ ਪਾਪ ਕਰਦੇ ਹਨ ਉਹ ਮੇਰੇ ਦੁਸ਼ਮਣ ਬਣ ਜਾਂਦੇ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਦੇ ਪੁੱਤਾਂ ਪੋਤਿਆਂ ਅਤੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ। 6 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਉੱਪਰ ਹਜ਼ਾਰਾਂ ਪੀੜੀਆਂ ਤੱਕ ਮਿਹਰਬਾਨ ਹੋਵਾਂਗਾ। 7 “ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸਨੂੰ ਨਿਰਦੋਸ਼ ਨਹੀਂ ਬਣਾਵੇਗਾ। 8 “ਤੁਹਾਨੂੰ ਸਬਤ ਨੂੰ, ਇੱਕ ਖਾਸ ਦਿਨ ਵਜੋਂ ਰਖਣਾ ਚਾਹੀਦਾ ਹੈ। 9 ਆਪਣੀ ਨੌਕਰੀ ਤੇ ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 10 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਆਦਰ ਵਿੱਚ ਅਰਾਮ ਦਾ ਦਿਨ ਹੈ। ਇਸ ਲਈ ਓਸ ਦਿਨ ਕਿਸੇ ਬੰਦੇ ਨੂੰ ਕੰਮ ਨਹੀਂ ਕਰਨਾ ਚਾਹੀਦਾ - ਨਾ ਤੁਹਾਨੂੰ, ਨਾ ਤੁਹਾਡੇ ਪੁੱਤਰਾਂ - ਧੀਆਂ, ਜਾਂ ਤੁਹਾਡੇ ਨੌਕਰ-ਨੌਕਰਾਣੀਆਂ ਨੂੰ। ਤੁਹਾਡੇ ਸ਼ਹਿਰਾਂ ਵਿੱਚ ਰਹਿੰਦੇ ਤੁਹਾਡੇ ਜਾਨਵਰਾਂ ਅਤੇ ਵਿਦੇਸ਼ੀਆਂ ਨੂੰ ਵੀ ਕੰਮ ਨਹੀਂ ਕਰਨਾ ਚਾਹੀਦਾ। 11 ਕਿਉਂਕਿ ਯਹੋਵਾਹ ਨੇ ਛੇ ਦਿਨ ਕੰਮ ਕੀਤਾ ਅਤੇ ਅਕਾਸ਼, ਧਰਤੀ ਅਤੇ ਸਮੁੰਦਰ ਅਤੇ ਉਨ੍ਹਾਂ ਵਿਚਲੀ ਹਰ ਸ਼ੈਅ ਬਣਾਈ। ਅਤੇ ਸੱਤਵੇਂ ਦਿਨ ਪਰਮੇਸ਼ੁਰ ਨੇ ਅਰਾਮ ਕੀਤਾ। ਇਸ ਤਰ੍ਹਾਂ ਯਹੋਵਾਹ ਨੇ ਸਬਤ - ਅਰਾਮ ਦੇ ਦਿਨ ਨੂੰ ਅਸੀਸ ਦਿੱਤੀ। ਯਹੋਵਾਹ ਨੇ ਉਸਨੂੰ ਬਹੁਤ ਖਾਸ ਦਿਨ ਬਣਾ ਦਿੱਤਾ। 12 “ਤੁਹਾਨੂੰ ਤੁਹਾਡੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਤਾਂ ਜੋ ਤੁਸੀਂ ਉਸ ਧਰਤੀ ਤੇ ਭਰਪੂਰ ਜੀਵਨ ਜਿਉਂ ਸਕੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ। 13 “ਤੁਹਾਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ। 14 “ਤੁਹਾਨੂੰ ਵਿਭਚਾਰ ਦਾ ਪਾਪ ਨਹੀਂ ਕਰਨਾ ਚਾਹੀਦਾ। 15 “ਤੁਹਾਨੂੰ ਕੋਈ ਚੀਜ਼ ਚੁਰਾਉਣੀ ਨਹੀਂ ਚਾਹੀਦੀ। 16 “ਤੁਹਾਨੂੰ ਅਦਾਲਤ ਵਿੱਚ ਕਿਸੇ ਦੂਸਰੇ ਵਿਅਕਤੀ ਬਾਰੇ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ। 17 “ਤੁਹਾਨੂੰ ਆਪਣੇ ਗੁਆਂਢੀ ਦੇ ਘਰ ਦੀ ਇਛਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ, ਉਸਦੇ ਦਾਸ ਜਾਂ ਦਾਸੀਆਂ, ਉਸਦੇ ਬਲਦ ਜਾਂ ਖੋਤੇ ਜਾਂ ਤੁਹਾਡੇ ਗੁਆਂਢੀ ਨਾਲ ਸੰਬੰਧਿਤ ਕਿਸੇ ਵੀ ਚੀਜ਼ ਨੂੰ ਪਾਉਣ ਦੀ ਇਛਾ ਨਹੀਂ ਕਰਨੀ ਚਾਹੀਦੀ।” 18 ਇਸ ਸਮੇਂ ਦੌਰਾਨ, ਵਾਦੀ ਦੇ ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਸੁਣੀ ਅਤੇ ਪਰਬਤ ਉੱਤੇ ਬਿਜਲੀ ਲਿਸ਼ਕਦੀ, ਅਤੇ ਪਰਬਤ ਚੋਂ ਧੂੰਆਂ ਉਠਦਾ ਦੇਖਿਆ। ਉਹ ਡਰ ਨਾਲ ਕੰਬ ਰਹੇ ਸਨ ਅਤੇ ਪਰਬਤ ਤੋਂ ਪਰ੍ਹਾਂ ਹਟ ਗਏ। 19 ਤਾਂ ਲੋਕਾਂ ਨੇ ਮੂਸਾ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸੁਣਾਂਗੇ। ਪਰ ਮਿਹਰਬਾਨੀ ਕਰਕੇ ਪਰਮੇਸ਼ੁਰ ਨੂੰ ਸਾਡੇ ਨਾਲ ਗੱਲ ਨਾ ਕਰਨ ਦਿਓ। ਜੇ ਅਜਿਹਾ ਹੋਇਆ ਤਾਂ ਅਸੀਂ ਮਾਰੇ ਜਾਵਾਂਗੇ।” 20 ਤਾਂ ਮੂਸਾ ਨੇ ਲੋਕਾਂ ਨੂੰ ਆਖਿਆ, “ਡਰੋ ਨਾ। ਯਹੋਵਾਹ ਤੁਹਾਨੂੰ ਪਰਖਣ ਲਈ ਆਇਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਉਸਦੀ ਇੱਜ਼ਤ ਕਰੋ ਤਾਂ ਜੋ ਤੁਸੀਂ ਪਾਪ ਨਾ ਕਰੋ।” 21 ਲੋਕ ਪਰਬਤ ਤੋਂ ਦੂਰ ਖਲੋਤੇ ਰਹੇ ਜਦੋਂ ਕਿ ਮੂਸਾ ਉਸ ਕਾਲੇ ਬੱਦਲ ਵੱਲ ਗਿਆ ਜਿੱਥੇ ਪਰਮੇਸ਼ੁਰ ਸੀ। 22 ਫ਼ੇਰ ਯਹੋਵਾਹ ਨੇ ਮੂਸਾ ਨੂੰ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖਣ ਲਈ ਆਖਿਆ; “ਤੁਸੀਂ ਲੋਕਾਂ ਨੇ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਅਕਾਸ਼ ਤੋਂ ਗੱਲ ਕੀਤੀ। 23 ਇਸ ਲਈ ਤੁਹਾਨੂੰ ਮੇਰੇ ਨਾਲ ਮੁਕਾਬਲਾ ਕਰਨ ਲਈ ਸੋਨੇ ਜਾਂ ਚਾਂਦੀ ਦੇ ਬੁੱਤ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਇਹ ਝੂਠੇ ਦੇਵਤੇ ਨਹੀਂ ਬਨਾਉਣੇ ਚਾਹੀਦੇ। 24 “ਮੇਰੇ ਲਈ ਖਾਸ ਜਗਵੇਦੀ ਬਣਾਓ। ਇਸ ਜਗਵੇਦੀ ਨੂੰ ਬਨਾਉਣ ਲਈ ਮਿੱਟੀ ਦੀ ਵਰਤੋਂ ਕਰੋ। ਇਸ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਮੇਰੇ ਲਈ ਬਲੀ ਵਜੋਂ ਭੇਂਟ ਕਰੋ। ਅਜਿਹਾ ਕਰਨ ਲਈ ਆਪਣੀਆਂ ਭੇਡਾਂ ਜਾਂ ਪਸ਼ੂਆਂ ਦੀ ਵਰਤੋਂ ਕਰੋ। ਅਜਿਹਾ ਹਰ ਉਸ ਥਾਂ ਕਰੋ ਜਿਥੇ ਮੈਂ ਤੁਹਾਨੂੰ ਮੈਨੂੰ ਚੇਤੇ ਕਰਨ ਲਈ ਆਖਦਾ ਹਾਂ। ਫ਼ੇਰ ਮੈਂ ਆਵਾਂਗਾ ਤੇ ਤੁਹਾਨੂੰ ਅਸੀਸ ਦਿਆਂਗਾ। 25 “ਜੇ ਤੁਸੀਂ ਜਗਵੇਦੀ ਬਨਾਉਣ ਲਈ ਪੱਥਰਾਂ ਦੀ ਵਰਤੋਂ ਕਰੋ, ਤਾਂ ਉਨ੍ਹਾਂ ਪੱਥਰਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਨੂੰ ਲੋਹੇ ਦੇ ਔਜ਼ਾਰਾਂ ਨਾਲ ਤਰਾਸ਼ਿਆ ਗਿਆ ਹੋਵੇ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਜਗਵੇਦੀ ਨੂੰ ਮੈਂ ਅਪ੍ਰਵਾਨ ਬਣਾ ਦੇਵੇਗਾ। 26 ਅਤੇ ਤੁਹਾਨੂੰ ਜਗਵੇਦੀ ਤੱਕ ਜਾਣ ਲਈ ਪੌੜੀਆਂ ਨਹੀਂ ਬਨਾਉਣੀਆਂ ਚਾਹੀਦੀਆਂ। ਜੇ ਓਥੇ ਪੌੜੀਆਂ ਹੋਣਗੀਆਂ ਤਾਂ ਜਦੋਂ ਲੋਕ ਉੱਪਰ ਜਗਵੇਦੀ ਵੱਲ ਦੇਖਣਗੇ ਤਾਂ ਉਨ੍ਹਾਂ ਨੂੰ ਤੁਹਾਡੇ ਅੰਦਰਲੇ ਵਸਤਰ ਨਜ਼ਰ ਆਉਣਗੇ।”

21:1 ਫ਼ੇਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਹੋਰ ਨੇਮ ਹਨ ਜਿਹੜੇ ਤੂੰ ਲੋਕਾਂ ਨੂੰ ਦੇਵੇਂਗਾ: 2 “ਜੇ ਤੁਸੀਂ ਕਿਸੇ ਯਹੂਦੀ ਗੁਲਾਮ ਨੂੰ ਖਰੀਦੋ, ਤਾਂ ਉਹ ਗੁਲਾਮ ਤੁਹਾਡੀ ਸੇਵਾ ਸਿਰਫ਼ 6 ਸਾਲ ਤੱਕ ਕਰੇਗਾ। 6 ਸਾਲਾਂ ਬਾਦ ਉਹ ਅਜ਼ਾਦ ਹੋ ਜਾਵੇਗਾ। ਉਸਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ। 3 ਜੇ ਕੋਈ ਬੰਦਾ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਨਹੀਂ, ਤਾਂ ਜਦੋਂ ਉਹ ਅਜ਼ਾਦ ਹੋਵੇਗਾ, ਉਹ ਆਪਣੀ ਪਤਨੀ ਤੋਂ ਬਿਨਾ ਜਾਵੇਗਾ। ਪਰ ਜੇ ਉਹ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਹੈ ਤਾਂ ਜਦੋਂ ਉਸਨੂੰ ਅਜ਼ਾਦ ਕੀਤਾ ਜਾਵੇਗਾ ਤਾਂ ਉਹ ਆਪਣੀ ਪਤਨੀ ਨੂੰ ਰੱਖ ਸਕਦਾ ਹੈ। 4 ਜੇ ਗੁਲਾਮ ਵਿਆਹਿਆ ਹੋਇਆ ਨਹੀਂ ਹੈ ਤਾਂ ਸੁਆਮੀ ਉਸਨੂੰ ਪਤਨੀ ਦੇ ਸਕਦਾ ਹੈ। ਜੇ ਉਹ ਪਤਨੀ ਪੁੱਤਰਾਂ ਜਾਂ ਧੀਆਂ ਨੂੰ ਜਨਮ ਦਿੰਦੀ ਹੈ ਤਾਂ ਉਹ ਤੇ ਉਸਦੇ ਬੱਚੇ ਸੁਆਮੀ ਦੇ ਹੋਣਗੇ। ਜਦੋਂ ਗੁਲਾਮ ਆਪਣੀ ਨੌਕਰੀ ਦੇ ਵਰ੍ਹੇ ਪੂਰੇ ਕਰ ਲਵੇ ਤਾਂ ਉਸਨੂੰ ਆਜ਼ਾਦ ਕਰ ਦਿੱਤਾ ਜਾਵੇਗਾ। 5 “ਪਰ ਸ਼ਾਇਦ ਗੁਲਾਮ ਇਹ ਨਿਰਣਾ ਕਰੇ ਕਿ ਉਹ ਆਪਣੇ ਸੁਆਮੀ ਕੋਲ ਰਹਿਣਾ ਚਾਹੁੰਦਾ ਹੈ। ਤਾਂ ਉਸਨੂੰ ਕਹਿਣਾ ਚਾਹੀਦਾ ਹੈ, ‘ਮੈਂ ਆਪਣੇ ਸੁਆਮੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਮੈਂ ਆਜ਼ਾਦ ਨਹੀਂ ਹੋਵਾਂਗਾ - ਮੈਂ ਰੁਕਾਂਗਾ।’ 6 ਜੇ ਅਜਿਹਾ ਵਾਪਰੇ, ਤਾਂ ਸੁਆਮੀ ਨੂੰ ਗੁਲਾਮ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਲਿਆਵੇਗਾ। ਉਹ ਉਸਨੂੰ ਕਿਸੇ ਦਰਵਾਜੇ ਜਾਂ ਕਿਸੇ ਚੁਗਾਠ ਦੇ ਕੋਲ ਲਿਆਵੇਗਾ ਅਤੇ ਕਿਸੇ ਤਿਖੇ ਔਜ਼ਾਰ ਨਾਲ ਉਸਦੇ ਕੰਨ ਵਿੱਚ ਇੱਕ ਸੁਰਾਖ ਕਰੇਗਾ। ਫ਼ੇਰ ਉਹ ਗੁਲਾਮ ਹਮੇਸ਼ਾ ਲਈ ਸੁਆਮੀ ਦੀ ਸੇਵਾ ਕਰੇਗਾ। 7 “ਜੇ ਕੋਈ ਆਦਮੀ ਆਪਣੀ ਧੀ ਨੂੰ ਇੱਕ ਗੁਲਾਮ ਵਜੋਂ ਵੇਚਣ ਦਾ ਨਿਸ਼ਚਾ ਕਰ ਲਵੇ, ਤਾਂ ਉਸਨੂੰ ਅਜ਼ਾਦ ਕਰਨ ਦੀਆਂ ਬਿਧੀਆਂ ਓਹੀ ਨਹੀਂ ਹਨ ਜੋ ਮਰਦ ਗੁਲਾਮਾਂ ਲਈ ਹਨ। 8 ਜੇ ਉਹ ਆਪਣੇ ਸੁਆਮੀ ਨੂੰ ਪ੍ਰਸੰਨ ਨਾ ਕਰੇ, ਉਹ ਉਸ ਔਰਤ ਨੂੰ ਵਾਪਸ ਉਸਦੇ ਪਿਤਾ ਕੋਲ ਵੇਚ ਸਕਦਾ ਹੈ। ਉਸ ਕੋਲ ਉਸ ਔਰਤ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੋਈ ਹੱਕ ਨਹੀਂ। 9 ਜੇ ਸੁਆਮੀ ਨੇ ਔਰਤ ਨੂੰ ਆਪਣੇ ਪੁੱਤਰ ਨਾਲ ਵਿਆਹ ਕਰ ਲੈਣ ਦਾ ਇਕਰਾਰ ਕੀਤਾ ਹੈ ਤਾਂ ਉਸਨੂੰ ਗੁਲਾਮ ਵਾਂਗ ਨਹੀਂ ਸਮਝਣਾ ਚਾਹੀਦਾ। ਉਸਨੂੰ ਇੱਕ ਧੀ ਵਾਂਗ ਸਮਝਣਾ ਚਾਹੀਦਾ ਹੈ। 10 “ਜੇ ਸੁਆਮੀ ਕਿਸੇ ਦੂਸਰੀ ਔਰਤ ਨਾਲ ਸ਼ਾਦੀ ਕਰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਘੱਟ ਭੋਜਨ ਜਾਂ ਕੱਪੜੇ ਨਾ ਦੇਵੇ। ਅਤੇ ਉਸਨੂੰ ਚਾਹੀਦਾ ਹੈ ਉਸਨੂੰ ਉਹ ਸਾਰੀਆਂ ਚੀਜ਼ਾਂ ਦੇਣ ਜਾਰੀ ਰਖੇ ਜਿਸਦੀ ਉਹ ਸ਼ਾਦੀ ਕਾਰਣ ਅਧਿਕਾਰਨ ਹੈ। 11 ਆਦਮੀ ਨੂੰ ਉਸਦੇ ਲਈ ਇਹ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਉਹ ਨਹੀਂ ਕਰਦਾ, ਤਾਂ ਉਹ ਔਰਤ ਅਜ਼ਾਦ ਹੈ ਅਤੇ ਇਸਦਾ ਉਸਨੂੰ ਕੋਈ ਮੁੱਲ ਨਹੀਂ ਤਾਰਨਾ ਪਵੇਗਾ। ਉਹ ਉਸ ਆਦਮੀ ਦੀ ਕੁਝ ਵੀ ਦੇਣਦਾਰ ਨਹੀਂ ਹੋਵੇਗੀ। 12 “ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ। 13 ਪਰ ਜੇ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਬੰਦਾ ਬਿਨਾ ਯੋਜਨਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਪਰਮੇਸ਼ੁਰ ਨੇ ਇਸਨੂੰ ਵਾਪਰਨ ਦਿੱਤਾ। ਮੈਂ ਇੱਕ ਖਾਸ ਥਾਂ ਚੁਣਾਂਗਾ ਜਿਥੇ ਉਹ ਸੁਰਖਿਆ ਲਈ ਭੱਜ ਸਕਦਾ ਹੈ। 14 ਪਰ ਜੇ ਕਿਸੇ ਬੰਦੇ ਨੇ ਕਿਸੇ ਹੋਰ ਬੰਦੇ ਨੂੰ ਮਾਰਨ ਦੀ ਵਿਉਂਤ ਬਣਾਈ ਕਿਉਂ ਕਿ ਉਹ ਗੁੱਸੇ ਵਿੱਚ ਹੈ ਜਾਂ ਉਸਨੂੰ ਨਫਰਤ ਕਰਦਾ ਹੈ ਤਾਂ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸਨੂੰ ਮੇਰੀ ਜਗਵੇਦੀ ਤੋਂ ਦੂਰ ਲੈ ਜਾਓ ਅਤੇ ਮਾਰ ਦਿਓ। 15 “ਕੋਈ ਵੀ ਬੰਦਾ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਕੁੱਟਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ। 16 “ਜੇ ਕੋਈ ਬੰਦਾ ਕਿਸੇ ਨੂੰ ਚੋਰੀ ਕਰਦਾ ਹੈ ਤਾਂ ਜੋ ਉਸਨੂੰ ਗੁਲਾਮ ਵਜੋਂ ਵੇਚ ਸਕੇ ਜਾਂ ਉਸਨੂੰ ਖੁਦ ਲਈ ਗੁਲਾਮ ਰੱਖ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। 17 “ਕੋਈ ਵੀ ਜੋ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਸਰਾਪ ਦਿੰਦਾ ਹੈ, ਮਾਰਿਆ ਜਾਣਾ ਚਾਹੀਦਾ ਹੈ। 18 “ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵjI ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸਨੂੰ ਕੁਟਿਆ ਮਰਨਾ ਨਹੀਂ ਚਾਹੀਦਾ।) 19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸਨੂੰ ਉਸਨੂੰ ਫ਼ੱਟੜ ਕੀਤਾ ਉਹ ਉਸਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। 20 “ਕਈ ਵਾਰੀ ਲੋਕ ਆਪਣੇ ਗੁਲਾਮਾਂ ਜਾਂ ਗੁਲਾਮ ਔਰਤਾਂ ਨੂੰ ਕੁੱਟਦੇ ਹਨ। ਜੇ ਕੁੱਟ ਤੋਂ ਬਾਦ ਗੁਲਾਮ ਮਰ ਜਾਵੇ ਤਾਂ ਕਾਤਲ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। 21 ਪਰ ਜੇ ਗੁਲਾਮ ਮਰਦਾ ਨਹੀਂ ਅਤੇ ਕੁਝ ਦਿਨਾਂ ਬਾਦ ਠੀਕ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਉਂਕਿ ਸੁਆਮੀ ਨੇ ਗੁਲਾਮ ਨੂੰ ਆਪਣੇ ਪੈਸੇ ਨਾਲ ਖਰੀਦਿਆ ਸੀ ਅਤੇ ਗੁਲਾਮ ਉਸੇ ਦਾ ਹੈ। 22 “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ ਤਾਂ ਜਿਸ ਬੰਦੇ ਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਔਰਤ ਦਾ ਪਤੀ ਨਿਰਣਾ ਕਰੇਗਾ ਕਿ ਉਹ ਆਦਮੀ ਕਿੰਨਾ ਇਵਜ਼ਾਨਾ ਦੇਵੇ। ਨਿਆਂਕਾਰ ਉਸ ਬੰਦੇ ਨੂੰ ਇਹ ਨਿਰਣਾ ਕਰਨ ਵਿੱਚ ਸਹਾਇਤਾ ਦੇਣਗੇ ਕਿ ਜ਼ੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ। 23 ਪਰ ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੋਵੇ ਤਾਂ, ਜਿਸਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਜਿਸਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ। 24 ਤੁਹਾਨੂੰ ਅਖ ਦੇ ਬਦਲੇ ਅਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, 25 ਸੇਕ ਦੇ ਬਦਲੇ ਸੇਕ, ਝਰੀਟ ਦੇ ਬਦਲੇ ਝਰੀਟ, ਅਤੇ ਜ਼ਖਮ ਦੇ ਬਦਲੇ ਜ਼ਖਮ ਅਦਾ ਕਰਨਾ ਚਾਹੀਦਾ ਹੈ। 26 “ਜੇ ਕੋਈ ਬੰਦਾ ਕਿਸੇ ਗੁਲਾਮ ਦੀ ਅੱਖ ਉੱਤੇ ਸੱਟ ਮਾਰਦਾ ਹੈ ਅਤੇ ਗੁਲਾਮ ਦੀ ਉਹ ਅਖ ਅੰਨ੍ਹੀ ਹੋ ਜਾਂਦੀ ਹੈ, ਤਾਂ ਗੁਲਾਮ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ। ਉਸਦੀ ਅਖ ਉਸਦੀ ਅਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 27 ਜੇ ਸੁਆਮੀ ਆਪਣੇ ਗੁਲਾਮ ਦੇ ਮੂੰਹ ਤੇ ਸੱਟ ਮਾਰਦਾ ਹੈ ਅਤੇ ਗੁਲਾਮ ਦਾ ਦੰਦ ਟੁੱਟ ਜਾਂਦਾ ਹੈ, ਤਾਂ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਗੁਲਾਮ ਦਾ ਦੰਦ ਗੁਲਾਮ ਦੀ ਆਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 28 “ਜੇ ਕਿਸੇ ਬੰਦੇ ਦਾ ਬਲਦ ਕਸੇ ਆਦਮੀ ਜਾਂ ਔਰਤ ਨੂੰ ਮਾਰ ਦਿੰਦਾ, ਤੁਸੀਂ ਉਸ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਉਸ ਬਲਦ ਨੂੰ ਖਾਧਾ ਨਹੀਂ ਜਾਣਾ ਚਾਹੀਦਾ। ਪਰ ਬਲਦ ਦਾ ਮਾਲਕ ਦੋਸ਼ੀ ਨਹੀਂ ਹੋਵੇਗਾ। 29 ਪਰ ਜੇ ਬਲਦ ਨੇ ਪਹਿਲਾਂ ਵੀ ਲੋਕਾਂ ਨੂੰ ਜ਼ਖਮੀ ਕੀਤਾ ਹੋਵੇ ਅਤੇ ਮਾਲਕ ਨੂੰ ਚਿਤਾਵਨੀ ਮਿਲੀ ਹੋਵੇ ਤਾਂ ਮਾਲਕ ਦੋਸ਼ੀ ਹੋਵੇਗਾ। ਕਿਉਂਕਿ ਉਸਨੇ ਬਲਦ ਨੂੰ ਬੰਨ੍ਹ ਕੇ ਜਾਂ ਉਸਦੀ ਥਾਂ ਤੇ ਬੰਦ ਕਰਕੇ ਨਹੀਂ ਰੱਖਿਆ। ਇਸ ਲਈ ਜੇ ਬਲਦ ਕਿਸੇ ਨੂੰ ਮਾਰ ਦਿੰਦਾ, ਤੁਸੀਂ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਮਾਲਕ ਨੂੰ ਵੀ ਮਾਰ ਦਿਓ। 30 ਪਰ ਮਰੇ ਹੋਏ ਬੰਦੇ ਦਾ ਪਰਿਵਾਰ ਪੈਸਾ ਪ੍ਰਵਾਨ ਕਰ ਸਕਦਾ ਹੈ, ਜੇ ਉਹ ਪੈਸਾ ਲੈ ਲੈਣ ਤਾਂ ਉਹ ਬੰਦਾ ਜਿਸਦਾ ਬਲਦ ਸੀ, ਨਹੀਂ ਮਾਰਿਆ ਜਾਣਾ ਚਾਹੀਦਾ। ਪਰ ਉਸਨੂੰ ਓਨਾ ਪੈਸਾ ਜ਼ਰੂਰ ਦੇਣਾ ਚਾਹੀਦਾ ਹੈ ਜਿੰਨਾ ਨਿਆਂਕਾਰ ਆਖੇ। 31 “ਉਸੇ ਨੇਮ ਦੀ ਪਾਲਣਾ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਬਲਦ ਕਿਸੇ ਬੰਦੇ ਦੇ ਪੁੱਤਰ ਜਾਂ ਧੀ ਨੂੰ ਮਾਰ ਦੇਵੇ। 32 ਪਰ ਜੇ ਬਲਦ ਕਿਸੇ ਗੁਲਾਮ ਨੂੰ ਮਾਰ ਦੇਵੇ ਤਾਂ ਬਲਦ ਦੇ ਮਾਲਕ ਨੂੰ (ਗੁਲਾਮ ਦੇ) ਮਾਲਕ ਨੂੰ 30 ਚਾਂਦੀ ਦੇ ਸਿੱਕੇ ਦੇਣੇ ਚਾਹੀਦੇ ਹਨ। ਅਤੇ ਬਲਦ ਨੂੰ ਵੀ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਇਹ ਨੇਮ ਦਾਸਾਂ ਅਤੇ ਦਾਸੀਆਂ ਦੋਹਾਂ ਲਈ ਇੱਕ ਜਿਹਾ ਹੋਵੇਗਾ। 33 “ਹੋ ਸਕਦਾ ਹੈ ਕਿ ਕੋਈ ਬੰਦਾ ਖੂਹ ਤੋਂ ਢੱਕਣ ਲਾਹ ਦੇਵੇ ਜਾਂ ਉਹ ਕੋਈ ਟੋਆ ਪੁੱਟੇ ਅਤੇ ਇਸਨੂੰ ਢਕੇ ਨਾ। ਜੇ ਕਿਸੇ ਹੋਰ ਬੰਦੇ ਦਾ ਜਾਨਵਰ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ, ਤਾਂ ਟੋਏ ਦਾ ਮਾਲਕ ਦੋਸ਼ੀ ਹੈ। 34 ਜਿਸ ਬੰਦੇ ਦਾ ਟੋਆ ਹੈ ਉਸਨੂੰ ਜਾਨਵਰ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ। ਪਰ ਜਦੋਂ ਉਹ ਜਾਨਵਰ ਦੀ ਕੀਮਤ ਦੇ ਦਿੰਦਾ ਹੈ ਤਾਂ ਉਹ ਜਾਨਵਰ ਦਾ ਸ਼ਰੀਰ ਰੱਖ ਸਕਦਾ ਹੈ। 35 “ਜੇ ਕਿਸੇ ਆਦਮੀ ਦਾ ਬਲਦ ਕਿਸੇ ਹੋਰ ਆਦਮੀ ਦੇ ਬਲਦ ਨੂੰ ਮਾਰ ਦੇਵੇ ਤਾਂ ਉਨ੍ਹਾਂ ਨੂੰ ਜਿਉਂਦਾ ਬਲਦ ਵੇਚ ਦੇਣਾ ਚਾਹੀਦਾ ਹੈ। ਦੋਹਾਂ ਆਦਮੀਆਂ ਨੂੰ ਬਲਦ ਵੇਚਕੇ ਮਿਲੇ ਪੈਸੇ ਦਾ ਅਧਾ-ਅਧਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਦੋਵੇਂ ਆਦਮੀ ਮਰੇ ਹੋਏ ਬਲਦ ਦਾ ਸ਼ਰੀਰ ਵੀ ਅਧਾ-ਅਧਾ ਹਿੱਸਾ ਲੈਣਗੇ। 36 ਪਰ ਜੇ ਉਸ ਆਦਮੀ ਦੇ ਬਲਦ ਨੇ ਪਹਿਲਾਂ ਵੀ ਹੋਰ ਜਾਨਵਰਾਂ ਨੂੰ ਜ਼ਖਮੀ ਕੀਤਾ ਹੋਵੇ ਤਾਂ ਮਾਲਕ ਆਪਣੇ ਬਲਦ ਲਾਈ ਜ਼ਿੰਮੇਵਾਰ ਹੈ। ਜੇ ਉਸਦਾ ਬਲਦ ਕਿਸੇ ਹੋਰ ਬਲਦ ਨੂੰ ਮਾਰ ਦਿੰਦਾ ਹੈ। ਤਾਂ ਉਹ ਦੋਸ਼ੀ ਹੈ ਕਿਉਂਕਿ ਉਸਨੇ ਬਲਦ ਖੁਲ੍ਹਾ ਛੱਡਿਆ। ਉਸ ਆਦਮੀ ਨੂੰ ਬਲਦ ਬਦਲੇ ਬਲਦ ਦੇਣਾ ਪਵੇਗਾ। ਉਸਨੂੰ ਆਪਣਾ ਬਲਦ ਮਰੇ ਹੋਏ ਬਲਦ ਬਦਲੇ ਦੇਣਾ ਪਵੇਗਾ।

22:1 “ਉਸ ਆਦਮੀ ਨੂੰ ਤੁਸੀਂ ਕੀ ਸਜ਼ਾ ਦਿਉਂਗੇ ਜਿਹੜਾ ਕਿਸੇ ਬਲਦ ਜਾਂ ਭੇਡ ਨੂੰ ਚੁਰਾ ਲੈਂਦਾ ਹੈ? ਜੇ ਉਹ ਆਦਮੀ ਉਸ ਜਾਨਵਰ ਨੂੰ ਮਾਰ ਦਿੰਦਾ ਹੈ ਜਾਂ ਵੇਚ ਦਿੰਦਾ ਹੈ, ਤਾਂ ਉਹ ਇਸਨੂੰ ਵਾਪਸ ਨਹੀਂ ਕਰ ਸਕਦਾ। ਇਸ ਲਈ ਉਸਨੂੰ ਚੁਰਾਏ ਹੋਏ ਬਲਦ ਬਦਲੇ ਪੰਜ ਬਲਦ ਦੇਣੇ ਪੈਣਗੇ। ਜਾਂ ਉਸਨੂੰ ਚੋਰੀ ਕੀਤੀ ਇੱਕ ਭੇਡ ਬਦਲੇ ਚਾਰ ਭੇਡਾਂ ਦੇਣੀਆਂ ਪੈਣਗੀਆਂ। ਉਸਨੂੰ ਚੋਰੀ ਕਰਨ ਦਾ ਇਵਜ਼ਾਨਾ ਦੇਣਾ ਪਵੇਗਾ। 2 ਜੇ ਉਸ ਬੰਦੇ ਕੋਲ ਕੁਝ ਵੀ ਨਹੀਂ ਤਾਂ ਉਸਨੂੰ ਗੁਲਾਮ ਦੇ ਤੌਰ ਤੇ ਵੇਚ ਦਿੱਤਾ ਜਾਵੇਗਾ। ਪਰ ਜੇ ਉਸ ਆਦਮੀ ਕੋਲ ਉਹ ਜਾਨਵਰ ਹੈ ਅਤੇ ਤੁਸੀਂ ਉਸਨੂੰ ਲੱਭ ਲਿਆ ਤਾਂ ਉਸ ਆਦਮੀ ਨੂੰ ਮਾਲਕ ਨੂੰ ਹਰ ਇੱਕ ਚੁਰਾਏ ਹੋਏ ਜਾਨਵਰ ਬਦਲੇ ਦੋ ਜਾਨਵਰ ਦੇਣੇ ਪੈਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਬਲਦ ਸੀ ਜਾਂ ਖੋਤਾ ਜਾਂ ਭੇਡ।“ਜੇ ਕੋਈ ਚੋਰ ਰਾਤ ਵੇਲੇ ਕਿਸੇ ਘਰ ਵਿੱਚ ਸਂਨ੍ਹ ਲਾਉਂਦਾ ਮਾਰਿਆ ਜਾਵੇ, ਤਾਂ ਉਸਨੂੰ ਮਾਰਨ ਲਈ ਕੋਈ ਵੀ ਦੋਸ਼ੀ ਨਹੀਂ ਹੋਵੇਗਾ। ਪਰ ਜੇ ਅਜਿਹਾ ਦਿਨ ਵੇਲੇ ਵਾਪਰਦਾ ਹੈ, ਤਾਂ ਉਹ ਬੰਦਾ ਜਿਸਨੇ ਉਸਨੂੰ ਮਾਰਿਆ, ਕਤਲ ਦਾ ਦੋਸ਼ੀ ਹੋਵੇਗਾ। 3 4 5 “ਜੇ ਕੋਈ ਬੰਦਾ ਆਪਣੇ ਜਾਨਵਰਾਂ ਨੂੰ ਚਰਨ ਲਈ ਬਾਹਰ ਖੇਤ ਜਾਂ ਅੰਗੂਰਾਂ ਦੇ ਬਾਗ ਵਿੱਚ ਛੱਡਦਾ ਹੈ ਅਤੇ ਜੇਕਰ ਉਹ ਉਨ੍ਹਾਂ ਜਾਨਵਰਾਂ ਨੂੰ ਆਪਣੇ ਗੁਆਂਢੀ ਦੇ ਖੇਤ ਜਾਂ ਅੰਗੂਰ ਦੇ ਬਾਗ ਵਿੱਚ ਧੱਕੇ ਨਾਲ ਵੜਕੇ ਚਰਨ ਦਿੰਦਾ ਹੈ, ਤਾਂ ਉਸਨੂੰ ਨੁਕਸਾਨ ਦੀ ਅਦਾਇਗੀ ਵਜੋਂ ਆਪਣੀ ਸਭ ਤੋਂ ਚੰਗੀ ਖੇਤੀ ਦੇਣੀ ਪਵੇਗੀ। 6 “ਹੋ ਸਕਦਾ ਹੈ ਕੋਈ ਬੰਦਾ ਆਪਣੇ ਖੇਤ ਵਿੱਚ ਕੰਡਿਆਲੀਆਂ ਝਾੜੀਆਂ ਨੂੰ ਸਾੜਨ ਲਈ ਅੱਗ ਬਾਲੇ। ਪਰ ਜੇ ਇਹ ਅੱਗ ਫ਼ੈਲ ਜਾਂਦੀ ਹੈ ਅਤੇ ਉਸਦੇ ਗੁਆਂਢੀ ਦੀਆਂ ਫ਼ਸਲਾਂ ਜਾਂ ਉਸਦੇ ਖੇਤ ਦੇ ਅਨਾਜ਼ ਨੂੰ ਸਾੜ ਦਿੰਦੀ ਹੈ, ਤਾਂ ਜਿਸ ਬੰਦੇ ਨੇ ਅੱਗ ਲਾਈ ਸੀ, ਉਸਨੂੰ ਉਨ੍ਹਾਂ ਸਾੜੀਆਂ ਹੋਈਆਂ ਚੀਜ਼ਾਂ ਦਾ ਇਵਜ਼ਾਨਾ ਦੇਣਾ ਪਵੇਗਾ। 7 “ਹੋ ਸਕਦਾ ਹੈ ਕੋਈ ਬੰਦਾ ਆਪਣੇ ਲਈ ਗੁਆਂਢੀ ਦੇ ਘਰ ਵਿੱਚ ਕੁਝ ਚੀਜ਼ਾਂ ਜਾਂ ਪੈਸੇ ਰੱਖਣ ਲਈ ਆਖੇ। ਜੇ ਉਹ ਪੈਸੇ ਜਾਂ ਚੀਜ਼ਾਂ ਉਸ ਗੁਆਂਢੀ ਦੇ ਘਰੋਂ ਚੋਰੀ ਹੋ ਜਾਣ ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਚੋਰ ਨੂੰ ਫ਼ੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਤੁਸੀਂ ਚੋਰ ਨੂੰ ਫ਼ੜ ਲਵੋਂ ਤਾਂ ਉਸਨੂੰ ਉਨ੍ਹਾਂ ਚੀਜ਼ਾਂ ਦਾ ਦੁੱਗਣਾ ਅਦਾ ਕਰਨਾ ਚਾਹੀਦਾ ਹੈ। 8 ਪਰ ਜੇ ਤੁਸੀਂ ਚੋਰ ਨੂੰ ਨਾ ਫ਼ੜ ਸਕੋਂ, ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਕੀ ਘਰ ਦਾ ਮਾਲਕ ਦੋਸ਼ੀ ਹੈ ਜਾਂ ਨਹੀਂ। ਘਰ ਦੇ ਮਾਲਕ ਨੂੰ ਨਿਆਂਕਾਰਾਂ ਦੇ ਸਾਮ੍ਹਣੇ ਜਾਣਾ ਚਾਹੀਦਾ ਹੈ, ਅਤੇ ਉਹ ਸਹੁੰ ਖਾਵੇ ਕਿ ਉਸਨੇ ਆਪਣੇ ਗੁਆਂਢੀ ਦੀਆਂ ਚੀਜ਼ਾਂ ਨਹੀਂ ਚੁਰਾਈਆਂ। 9 “ਜੇ ਦੋ ਵਿਅਕਤੀਆਂ ਵਿਚਕਾਰ ਕਿਸੇ ਬਲਦ ਜਾਂ ਖੋਤੇ ਜਾਂ ਭੇਡ ਜਾਂ ਕੱਪੜੇ ਜਾਂ ਕਿਸੇ ਗੁਆਚੀ ਹੋਈ ਚੀਜ਼ ਬਾਰੇ ਝਗੜਾ ਹੋ ਜਾਵੇ, ਜਿਥੇ ਇੱਕ ਵਿਅਕਤੀ ਆਖੇ, ‘ਇਹ ਮੇਰਾ ਹੈ’, ਅਤੇ ਦੂਸਰਾ ਆਖੇ, ‘ਨਹੀਂ, ਇਹ ਮੇਰਾ ਹੈ’, ਉਨ੍ਹਾਂ ਦੋਹਾਂ ਨੂੰ ਨਿਆਂਕਾਰਾਂ ਦੇ ਸਾਮ੍ਹਾਣੇ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੂੰ ਨਿਆਂਕਾਰ ਦੋਸ਼ੀ ਘੋਸ਼ਿਤ ਕਰੇ, ਉਸਨੂੰ ਦੂਸਰੇ ਵਿਅਕਤੀ ਨੂੰ ਦੁੱਗਣਾ ਹਿੱਸਾ ਅਦਾ ਕਰਨਾ ਪਵੇਗਾ। 10 “ਹੋ ਸਕਦਾ ਹੈ ਕਿ ਕੋਈ ਬੰਦਾ ਆਪਣੇ ਗੁਆਂਢੀ ਨੂੰ ਕੁਝ ਸਮੇਂ ਲਈ ਕਿਸੇ ਜਾਨਵਰ ਦੀ ਦੇਖ-ਭਾਲ ਕਰਨ ਲਈ ਆਖੇ। ਇਹ ਖੋਤਾ ਜਾਂ ਬਲਦ ਜਾਂ ਭੇਡ ਵੀ ਹੋ ਸਕਦੀ ਹੈ। ਪਰ ਜੇ ਉਹ ਜਾਨਵਰ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਾਂ ਕੋਈ ਉਸ ਜਾਨਵਰ ਨੂੰ ਅਖ ਬਚਾਕੇ ਚੁਰਾ ਲੈਂਦਾ ਹੈ, ਤਾਂ ਫ਼ੇਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? 11 ਉਸ ਗੁਆਂਢੀ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਉਸਨੇ ਜਾਨਵਰ ਨਹੀਂ ਚੁਰਾਇਆ। ਜੇ ਇਹ ਸਹੀ ਹੈ, ਤਾਂ ਉਹ ਗੁਆਂਢੀ ਯਹੋਵਾਹ ਅੱਗੇ ਇਕਰਾਰ ਕਰੇਗਾ ਕਿ ਉਸਨੇ ਇਸਨੂੰ ਨਹੀਂ ਚੁਰਾਇਆ। ਜਾਨਵਰ ਦੇ ਮਾਲਕ ਨੂੰ ਇਸ ਇਕਰਾਰ ਨੂੰ ਮੰਨ ਲੈਣਾ ਚਾਹੀਦਾ ਹੈ। ਗੁਆਂਢੀ ਨੂੰ ਜਾਨਵਰ ਲਈ ਮਾਲਕ ਨੂੰ ਪੈਸੇ ਦੇਣ ਦੀ ਲੋੜ ਨਹੀਂ। 12 ਪਰ ਜੇਕਰ ਜਾਨਵਰ ਉਦੋਂ ਚੋਰੀ ਹੁੰਦਾ ਹੈ ਜਦੋਂ ਉਹ ਗੁਆਂਢੀ ਦੀ ਨਿਗਰਾਨੀ ਵਿੱਚ ਸੀ, ਤਾਂ ਉਸਨੂੰ ਜਾਨਵਰ ਦੀ ਕੀਮਤ ਮਾਲਕ ਨੂੰ ਅਦਾ ਕਰਨੀ ਪਵੇਗੀ। 13 ਜੇ ਜੰਗਲੀ ਜਾਨਵਰਾਂ ਨੇ ਉਸ ਜਾਨਵਰ ਨੂੰ ਮਾਰ ਦਿੱਤਾ ਹੋਵੇ, ਤਾਂ ਗੁਆਂਢੀ ਨੂੰ ਜਾਨਵਰ ਦੀ ਲਾਸ਼ ਸਬੂਤ ਵਜੋਂ ਪੇਸ਼ ਕਰਨੀ ਪਵੇਗੀ। ਗੁਆਂਢੀ ਨੂੰ ਉਸ ਜਾਨਵਰ ਦੀ ਕੀਮਤ ਮਾਲਕ ਨੂੰ ਨਹੀਂ ਦੇਣੀ ਪਵੇਗੀ ਜਿਹੜਾ ਮਾਰਿਆ ਗਿਆ ਸੀ। 14 “ਜੇ ਕੋਈ ਆਦਮੀ ਆਪਣੇ ਗੁਆਂਢੀ ਤੋਂ ਕੋਈ ਜਾਨਵਰ ਲੈਂਦਾ ਅਤੇ ਜੇਕਰ ਉਹ ਜਾਨਵਰ ਜਦੋਂ ਮਾਲਕ ਉਥੇ ਨਹੀਂ ਸੀ ਜ਼ਖਮੀ ਹੋ ਜਾਂਦਾ ਹੈ, ਜਾਂ ਉਹ ਜਾਨਵਰ ਮਰ ਜਾਂਦਾ, ਤਾਂ ਗੁਆਂਢੀ ਨੂੰ ਇਸਦੀ ਕੀਮਤ ਮਾਲਕ ਨੂੰ ਅਦਾ ਕਰਨੀ ਚਾਹੀਦੀ ਹੈ। 15 ਪਰ ਜੇ ਮਾਲਕ ਜਾਨਵਰ ਦੇ ਨਾਲ ਸੀ, ਤਾਂ ਗੁਆਂਢੀ ਨੂੰ ਕੁਝ ਦੇਣ ਦੀ ਲੋੜ ਨਹੀਂ। ਜਾਂ, ਜੇ ਗੁਆਂਢੀ ਇਸ ਕੰਮ ਲਈ ਜਾਨਵਰ ਦੀ ਵਰਤੋਂ ਲਈ ਪੈਸੇ ਦੇ ਰਿਹਾ ਸੀ। ਤਾਂ ਉਸਨੂੰ ਕੁਝ ਨਹੀਂ ਦੇਣਾ ਪਵੇਗਾ ਜੇ ਜਾਨਵਰ ਮਰ ਜਾਂਦਾ ਹੈ ਜਾਂ ਜ਼ਖਮੀ ਹੋ ਜਾਂਦਾ ਹੈ। ਜਿਹੜਾ ਪੈਸਾ ਉਸਨੇ ਜਾਨਵਰ ਦੀ ਵਰਤੋਂ ਲਈ ਦਿੱਤਾ ਉਹ ਅਦਾਇਗੀ ਲਈ ਕਾਫ਼ੀ ਹੋਵੇਗਾ। 16 “ਜੇ ਕਿਸੇ ਬੰਦੇ ਦੇ ਕਿਸੇ ਕੁਆਰੀ ਮੁਟਿਆਰ ਨਾਲ ਜਿਨਸੀ ਸੰਬੰਧ ਹਨ, ਤਾਂ ਉਸਨੂੰ ਉਸ ਨਾਲ ਵਿਆਹ ਕਰਾਉਣਾ ਪਵੇਗਾ। ਅਤੇ ਉਸਨੂੰ ਉਸਦੇ ਪਿਤਾ ਨੂੰ ਪੂਰਾ ਦਾਜ ਦੇਣਾ ਪਵੇਗਾ। 17 ਜੇ ਪਿਤਾ ਉਸਨੂੰ ਆਪਣੀ ਧੀ ਨਾਲ ਵਿਆਹ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਵੀ ਉਸ ਆਦਮੀ ਨੂੰ ਪੈਸਾ ਦੇਣਾ ਪਵੇਗਾ। ਉਸਨੂੰ ਉਸ ਲਈ ਪੂਰਾ ਪੂਰਾ ਪੈਸਾ ਦੇਣਾ ਪਵੇਗਾ। 18 “ਜੇਕਰ ਕੋਈ ਔਰਤ ਕਾਲਾ ਜਾਦੂ ਕਰਦੀ ਹੈ, ਤੁਹਾਨੂੰ ਉਸਨੂੰ ਜਿਉਂਦਿਆਂ ਨਹੀਂ ਰਹਿਣ ਦੇਣਾ ਚਾਹੀਦਾ। 19 “ਤੁਹਾਨੂੰ ਕਿਸੇ ਬੰਦੇ ਨੂੰ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਨਹੀਂ ਰੱਖਣ ਦੇਣੇ ਚਾਹੀਦੇ। ਜੇ ਅਜਿਹਾ ਹੁੰਦਾ ਹੈ ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। 20 “ਜੇ ਕੋਈ ਬੰਦਾ ਕਿਸੇ ਝੂਠੇ ਦੇਵਤੇ ਨੂੰ ਬਲੀ ਚੜਾਉਂਦਾ ਹੈ, ਤਾ ਉਸ ਬੰਦੇ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਇੱਕ ਯਹੋਵਾਹ ਪਰਮੇਸ਼ੁਰ ਹੀ ਹੈ ਜਿਸਨੂੰ ਤੁਹਾਨੂੰ ਬਲੀਆਂ ਚੜਾਉਣੀਆਂ ਚਾਹੀਦੀਆਂ ਹਨ। 21 “ਚੇਤੇ ਰਖੋ, ਅਤੀਤ ਵਿੱਚ ਤੁਸੀਂ ਮਿਸਰ ਦੀ ਧਰਤੀ ਉੱਤੇ ਵਿਦੇਸ਼ੀ ਸੀ। ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਕਿਸੇ ਅਜਿਹੇ ਬੰਦੇ ਨੂੰ ਧੋਖਾ ਨਾ ਦਿਓ ਜਾਂ ਨੁਕਸਾਨ ਨਾ ਪੁਚਾਓ ਜਿਹੜਾ ਤੁਹਾਡੇ ਦੇਸ਼ ਵਿੱਚ ਵਿਦੇਸ਼ੀ ਹੈ। 22 “ਤੁਹਾਨੂੰ ਕਦੇ ਵੀ ਉਨ੍ਹਾਂ ਔਰਤਾਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਤੀ ਮਰ ਚੁੱਕੇ ਹਨ ਜਾਂ ਉਨ੍ਹਾਂ ਬੱਚਿਆਂ ਨਾਲ ਮੰਦਾ ਨਹੀਂ ਕਰਨਾ ਚਾਹੀਦਾ ਜਿਹੜੇ ਯਤੀਮ ਹਨ। 23 ਜੇ ਤੁਸੀਂ ਉਨ੍ਹਾਂ ਵਿਧਵਾਵਾਂ ਜਾਂ ਯਤੀਮਾਂ ਨਾਲ ਮੰਦਾ ਕਰੋਂਗੇ, ਤਾਂ ਮੈਂ ਇਸਨੂੰ ਜਾਣ ਜਾਵਾਂਗਾ। ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਸੁਣਾਂਗਾ। 24 ਅਤੇ ਮੈਂ ਬਹੁਤ ਕਰੋਧਵਾਨ ਹੋਵਾਂਗਾ। ਮੈਂ ਤੁਹਾਨੂੰ ਤਲਵਾਰ ਨਾਲ ਕਤਲ ਕਰ ਦਿਆਂਗਾ। ਫ਼ੇਰ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ। ਅਤੇ ਤੁਹਾਡੇ ਬੱਚੇ ਯਤੀਮ ਹੋ ਜਾਣਗੇ। 25 “ਜੇ ਮੇਰੇ ਬੰਦਿਆਂ ਵਿੱਚੋਂ ਕੋਈ ਗਰੀਬ ਹੈ, ਅਤੇ ਤੁਸੀਂ ਉਸਨੂੰ ਪੈਸਾ ਉਧਾਰ ਦਿੰਦੇ ਹੋ ਤਾਂ ਤੁਹਾਨੂੰ ਉਸ ਪੈਸੇ ਦਾ ਬਿਆਜ ਨਹੀਂ ਲੈਣਾ ਚਾਹੀਦਾ। ਅਤੇ ਤੁਹਾਨੂੰ ਚਾਹੀਦਾ ਹੈ ਕਿ ਉਸਨੂੰ ਛੇਤੀ ਪੈਸਾ ਵਾਪਸ ਕਰਨ ਲਈ ਮਜਬੂਰ ਨਾ ਕਰੋ। 26 ਹੋ ਸਕਦਾ ਹੈ ਕੋ ਕੋਈ ਬੰਦਾ ਤੁਹਾਨੂੰ ਇਸ ਇਕਰਾਰ ਵਜੋਂ ਆਪਣਾ ਕੋਟ ਦੇ ਦੇਵੇ ਕਿ ਉਹ ਤੁਹਾਡਾ ਦਿੱਤਾ ਪੈਸਾ ਵਾਪਸ ਮੋੜ ਦੇਵੇਗਾ। ਪਰ ਤੁਹਾਨੂੰ ਚਾਹੀਦਾ ਹੈ ਕਿ ਸੂਰਜ ਛੁਪਣ ਤੋਂ ਪਹਿਲਾਂ ਉਸਨੂੰ ਉਹ ਕੋਟ ਵਾਪਸ ਕਰ ਦਿਓ। 27 ਜੇ ਉਸ ਬੰਦੇ ਕੋਲ ਕੋਟ ਨਹੀਂ ਹੋਵੇਗਾ ਤਾਂ ਉਸ ਕੋਲ ਆਪਣਾ ਸ਼ਰੀਰ ਢਕਣ ਲਈ ਕੁਝ ਨਹੀਂ ਹੋਵੇਗਾ। ਉਸਨੂੰ ਸੁਤਿਆਂ ਹ੍ਹੋਇਆਂ ਸਰਦੀ ਲੱਗ ਜਾਵੇਗੀ। ਅਤੇ ਜੇ ਉਹ ਮੇਰੇ ਅੱਗੇ ਪੁਕਾਰ ਕਰੇਗਾ, ਤਾਂ ਮੈਂ ਉਸਦੀ ਪੁਕਾਰ ਸੁਣਾਂਗਾ। ਮੈਂ ਧਿਆਨ ਦੇਵਾਂਗਾ ਕਿਉਂਕਿ ਮੈਂ ਮਿਹਰਬਾਨ ਹਾਂ। 28 “ਤੁਹਾਨੂੰ ਆਪਣੇ ਲੋਕਾਂ ਦੇ ਆਗੂਆਂ ਜਾਂ ਆਪਣੇ ਨਿਆਂਕਾਰਾਂ ਨੂੰ ਕੁਝ ਗਲਤ ਨਹੀਂ ਆਖਣਾ ਚਾਹੀਦਾ। 29 “ਫ਼ਸਲ ਦੀ ਵਾਢੀ ਵੇਲੇ ਤੁਸੀਂ ਮੈਨੂੰ ਪਹਿਲਾ ਅਨਾਜ਼ ਤੇ ਆਪਣੇ ਫ਼ਲਾਂ ਦਾ ਪਹਿਲਾ ਰਸ ਜ਼ਰੂਰ ਭੇਂਟ ਕਰੋਂਗੇ। ਵਰ੍ਹੇ ਦੇ ਦੌਰਾਨ ਦੇਰੀ ਨਾ ਕਰੋ।“ਆਪਣੇ ਪਲੇਠੇ ਪੁੱਤਰ ਮੈਨੂੰ ਦਿਓ। 30 ਆਪਣੇ ਪਲੇਠੇ ਪਸ਼ੂ ਅਤੇ ਭੇਡਾਂ ਵੀ ਮੈਨੂੰ ਦਿਓ। ਪਲੇਠੀ ਸੰਤਾਨ ਨੂੰ ਸੱਤਾਂ ਦਿਨਾਂ ਤੱਕ ਆਪਣੀ ਮਾਂ ਕੋਲ ਰਹਿਣ ਦਿਓ। ਫ਼ੇਰ ਅਠਵੇਂ ਦਿਨ ਉਸਨੂੰ ਮੈਨੂੰ ਦੇ ਦੇਵੋ। 31 “ਤੁਸੀਂ ਮੇਰੇ ਖਾਸ ਲੋਕ ਹੋ, ਇਸ ਲਈ ਉਸ ਜਾਨਵਰ ਦਾ ਗੋਸ਼ਤ ਨਾ ਖਾਓ ਜੋ ਜੰਗਲੀ ਜਾਨਵਰ ਦੁਆਰਾ ਮਾਰਿਆ ਗਿਆ ਹੋਵੇ। ਤੁਹਾਨੂੰ ਇਸਨੂੰ ਕੁਤਿਆਂ ਅੱਗੇ ਸੁੱਟ ਦੇਣਾ ਚਾਹੀਦਾ ਹੈ।

23:1 “ਹੋਰਨਾਂ ਲੋਕਾਂ ਦੇ ਵਿਰੁੱਧ ਝੂਠ ਨਾ ਬੋਲੋ। ਜੇ ਤੁਸੀਂ ਕਚਿਹਰੀ ਵਿੱਚ ਗਵਾਹ ਹੋ, ਤਾਂ ਕਿਸੇ ਬੁਰੇ ਆਦਮੀ ਦੀ ਝੂਠ ਬੋਲਕੇ ਸਹਾਇਤਾ ਨਾ ਕਰੋ। 2 “ਕੁਝ ਵੀ ਗਲਤ ਕਰਨ ਵਾਲੇ ਲੋਕਾਂ ਦੇ ਟੋਲਿਆਂ ਦਾ ਅਨੁਸਰਣ ਨਾ ਕਰੋ। ਜੇਕਰ ਤੁਸੀਂ ਅਦਾਲਤ ਵਿੱਚ ਗਵਾਹ ਹੋ, ਤਾਂ ਉਨ੍ਹਾਂ ਬੰਦਿਆਂ ਦੀ ਖਾਤਰ ਆਪਣੀ ਗਵਾਹੀ ਨਾ ਬਦਲੋ ਜੋ ਗਲਤ ਹਨ। ਉਹੀ ਕਰੋ ਜੋ ਸਹੀ ਅਤੇ ਬੇਲਾਗ ਹੈ। 3 “ਜੇ ਕਿਸੇ ਗਰੀਬ ਆਦਮੀ ਦਾ ਨਿਰਣਾ ਕੀਤਾ ਜਾਂਦਾ ਹੈ, ਤਾਂ ਕਈ ਵਾਰੀ ਲੋਕ ਉਸਦਾ ਪੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਉਸ ਉੱਪਰ ਤਰਸ ਆਉਂਦਾ ਹੈ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਸਦਾ ਪਖ ਤਾਂ ਹੀ ਲਵੋ ਜੇ ਉਹ ਸਹੀ ਹੈ। 4 “ਜੇ ਤੁਹਾਨੂੰ ਕੋਈ ਗੁਆਚਿਆ ਹੋਇਆ ਬਲਦ ਜਾਂ ਖੋਤਾ ਨਜ਼ਰ ਆਵੇ ਤਾਂ ਤੁਹਾਨੂੰ ਇਸਦੇ ਮਾਲਕ ਨੂੰ ਵਪਸ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਅਜਿਹਾ ਹੀ ਕਰਨਾ ਚਾਹੀਦਾ ਹੈ ਭਾਵੇਂ ਮਾਲਕ ਤੁਹਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ। 5 “ਜੇ ਤਸੀਂ ਦੇਖਦੇ ਹੋ ਕਿ ਕੋਈ ਜਾਨਵਰ ਇਸ ਲਈ ਨਹੀਂ ਚੱਲ ਸਕਦਾ ਕਿਉਂਕਿ ਉਸ ਉੱਪਰ ਬਹੁਤ ਭਾਰ ਲਦਿਆ ਹੋਇਆ ਹੈ, ਤਾਂ ਤੁਹਾਨੂੰ ਰੁਕ ਕੇ ਉਸ ਜਾਨਵਰ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਇਹ ਤੁਹਾਡੇ ਕਿਸੇ ਦੁਸ਼ਮਣ ਦਾ ਹੀ ਹੋਵੇ। 6 “ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕਿਸੇ ਗਰੀਬ ਆਦਮੀ ਨਾਲ ਪੱਖਪਾਤ ਨਾ ਕਰਨ ਦਿਓ। ਉਸਦਾ ਨਿਰਣਾ ਕਿਸੇ ਵੀ ਦੂਸਰੇ ਬੰਦੇ ਵਾਂਗ ਹੋਣਾ ਚਾਹੀਦਾ ਹੈ। 7 “ਕਿਸੇ ਬੰਦੇ ਉੱਤੇ ਝੂਠੇ ਦੋਸ਼ ਨਾ ਲਾਓ ਅਤੇ ਕਿਸੇ ਵੀ ਬੇਕਸੂਰ ਜਾਂ ਇਮਾਨਦਾਰ ਬੰਦੇ ਨੂੰ ਮੌਤ ਦੀ ਸਜ਼ਾ ਨਾ ਦੇਵੋ ਕਿਉਂ ਜੁ ਮੈਂ ਕਦੇ ਵੀ ਬਦ ਵਿਅਕਤੀ ਨੂੰ ਬੇਕਸੂਰ ਨਹੀਂ ਸਮਝਾਂਗਾ। 8 “ਜੇ ਕੋਈ ਆਦਮੀ ਤੁਹਾਨੂੰ ਪੈਸੇ ਦੇਕੇ ਆਪਣੇ ਲਈ ਹਾਮੀ ਭਰਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਹ ਗਲਤ ਹੈ, ਤਾਂ ਉਸਦੇ ਪੈਸੇ ਨੂੰ ਪ੍ਰਵਾਨ ਨਾ ਕਰੋ। ਇਸ ਤਰ੍ਹਾਂ ਦੀ ਰਿਸ਼ਵਤ ਮੁਨਸਫ਼ਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ ਤੇ ਉਹ ਸੱਚ ਨੂੰ ਨਹੀਂ ਦੇਖ ਸਕਦੇ। ਅਤੇ ਇਸ ਤਰ੍ਹਾਂ ਦੀ ਰਿਸ਼ਵਤ ਨੇਕ ਬੰਦਿਆਂ ਤੋਂ ਵੀ ਝੂਠ ਬੁਲਵਾ ਸਕਦੀ ਹੈ। 9 “ਤੁਹਾਨੂੰ ਚਾਹੀਦਾ ਹੈ ਕਿ ਕਿਸੇ ਵਿਦੇਸ਼ੀ ਨਾਲ ਕਦੇ ਵੀ ਗਲਤ ਵਿਹਾਰ ਨਾ ਕਰੋ। ਚੇਤੇ ਰਖੋ ਕਿ ਇੱਕ ਸਮੇਂ ਤੁਸੀਂ ਵੀ ਵਿਦੇਸ਼ੀ ਸੀ ਜਦੋਂ ਤੁਸੀਂ ਮਿਸਰ ਦੀ ਧਰਤੀ ਉੱਤੇ ਰਹਿੰਦੇ ਸੀ। 10 “ਛੇ ਵਰ੍ਹਿਆਂ ਤੱਕ ਜ਼ਮੀਨ ਵਾਹੋ, ਬੀਜ ਬੀਜੋ ਅਤੇ ਆਪਣੀਆਂ ਫ਼ਸਲਾਂ ਵਢੋ। 11 ਸੱਤਵਾਂ ਵਰ੍ਹਾ ਧਰਤੀ ਦੇ ਆਰਾਮ ਦਾ ਖਾਸ ਸਮਾਂ ਹੋਣਾ ਚਾਹੀਦਾ ਹੈ, ਆਪਣੇ ਖੇਤਾਂ ਵਿੱਚ ਕੁਝ ਨਾ ਬੀਜੋ। ਜੇ ਓਥੇ ਕੋਈ ਫ਼ਸਲਾਂ ਉੱਗਦੀਆਂ ਹਨ, ਤਾਂ ਇਹ ਗਰੀਬ ਲੋਕਾਂ ਨੂੰ ਲੈ ਲੈਣ ਦਿਓ ਅਤੇ ਜੋ ਉਹ ਛੱਡਣ ਜੰਗਲੀ ਜਾਨਵਰਾਂ ਨੂੰ ਖਾ ਲੈਣ ਦਿਓ। ਅਜਿਹਾ ਹੀ ਤੁਹਾਨੂੰ ਆਪਣੇ ਅੰਗੂਰਾਂ ਦੇ ਬਾਗਾਂ ਨਾਲ ਅਤੇ ਜੈਤੂਨ ਦੇ ਰੁਖਾਂ ਨਾਲ ਵੀ ਕਰਨਾ ਚਾਹੀਦਾ ਹੈ। 12 “ਛੇ ਦਿਨ ਕੰਮ ਕਰੋ। ਫ਼ੇਰ ਸੱਤਵੇ ਦਿਨ ਛੁੱਟੀ ਕਰੋ। ਇਸ ਨਾਲ ਤੁਹਾਡੇ ਗੁਲਾਮਾਂ ਅਤੇ ਹੋਰਨਾਂ ਕਾਮਿਆਂ ਨੂੰ ਅਰਾਮ ਕਰਨ ਅਤੇ ਸੁਸਤਾਉਣ ਦਾ ਸਮਾਂ ਮਿਲ ਜਾਵੇਗਾ। ਅਤੇ ਤੁਹਾਡੇ ਬਲਦਾਂ ਅਤੇ ਖੋਤਿਆਂ ਨੂੰ ਵੀ ਅਰਾਮ ਕਰਨ ਦਾ ਸਮਾਂ ਮਿਲੇਗਾ। 13 “ਇਨ੍ਹਾਂ ਸਾਰੇ ਕਨੂਨਾਂ ਦੀ ਪਾਲਣਾ ਕਰਨੀ ਯਾਦ ਰਖੋ। ਤੁਹਾਨੂੰ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਹੀਂ ਲੈਣੇ ਚਾਹੀਦੇ। ਤੁਹਾਨੂੰ ਉਨ੍ਹਾਂ ਨੂੰ ਆਪਣੇ ਬੁਲ੍ਹਾਂ ਤੇ ਵੀ ਨਹੀਂ ਸੁਣਨ ਦੇਣਾ ਚਾਹੀਦਾ। 14 “ਹਰ ਸਾਲ ਤੁਹਾਡੇ ਲਈ ਤਿੰਨ ਖਾਸ ਛੁੱਟੀਆਂ ਹੋਣਗੀਆਂ। ਇਨ੍ਹਾਂ ਛੁੱਟੀਆਂ ਵੇਲੇ ਤੁਸੀਂ ਮੇਰੇ ਖਾਸ ਸਥਾਨ ਉੱਤੇ ਮੇਰੀ ਉਪਾਸਨਾ ਕਰਨ ਲਈ ਆਵੋਂਗੇ। 15 ਪਹਿਲੀ ਛੁੱਟੀ ‘ਪਤੀਰੀ ਰੋਟੀ ਦਾ ਪਰਬ’ ਹੋਵੇਗੀ। ਇਹ ਉਸੇ ਤਰ੍ਹਾਂ ਹੈ ਜਿਵੇਂ ਮੈਂ ਹੁਕਮ ਦਿੱਤਾ ਸੀ। ਇਸ ਵੇਲੇ ਤੁਸੀਂ ਪਤੀਰੀ ਰੋਟੀ ਖਾਵੋਂਗੇ। ਇਹ ਸੱਤ ਦਿਨਾਂ ਤੱਕ ਜਾਰੀ ਰਹੇਗੀ। ਇਹ ਤੁਸੀਂ ਅਬੀਬ ਦੇ ਮਹੀਨੇ ਦੌਰਾਨ ਕਰੋਂਗੇ, ਕਿਉਂਕਿ ਇਹੀ ਉਹ ਸਮਾਂ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ। ਉਸ ਸਮੇਂ ਹਰ ਬੰਦਾ ਮੇਰੇ ਲਈ ਬਲੀ ਲੈਕੇ ਆਵੇਗਾ। 16 ““ਦੂਸਰੀ ਛੁੱਟੀ ‘ਪਹਿਲੇ ਫ਼ਲਾਂ ਦੇ ਪਰਬ’ ਦੀ ਹੋਵੇਗੀ ਇਹ ਛੁੱਟੀ ਗਰਮੀਆਂ ਦੇ ਸ਼ੁਰੂ ਵਿੱਚ ਹੋਵੇਗੀ ਜਦੋਂ ਤੁਸੀਂ ਉਨ੍ਹਾਂ ਫ਼ਸਲਾਂ ਦੀ ਵਾਢੀ ਸ਼ੁਰੂ ਕਰਦੇ ਹੋ, ਜੋ ਤੁਸੀਂ ਆਪਣੇ ਖੇਤਾਂ ਵਿੱਚ ਬੀਜੀਆਂ ਸਨ।“ਤੀਸਰੀ ਛੁੱਟੀ ‘ਵਾਢੀ ਦੇ ਪਰਬ’ ਦੀ ਹੋਵੇਗੀ ਇਹ ਪਤਝੜ ਦੇ ਮੌਸਮ ਵਿੱਚ ਹੋਵੇਗੀ ਜਦੋਂ ਤੁਸੀਂ ਆਪਣੇ ਖੇਤਾਂ ਦੀਆਂ ਸਾਰਿਆਂ ਫ਼ਸਲਾਂ ਇਕਠੀਆਂ ਕਰਦੇ ਹੋ। 17 “ਇਸ ਲਈ ਹਰ ਸਾਲ ਤਿੰਨ ਵਾਰੀ ਸਾਰੇ ਆਦਮੀ ਖਾਸ ਸਥਾਨ ਉੱਤੇ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਸਨਮੁਖ ਹੋਣ ਲਈ ਆਉਣਗੇ। 18 “ਜਦੋਂ ਤੁਸੀਂ ਕਿਸੇ ਜਾਨਵਰ ਨੂੰ ਮਾਰਕੇ ਇਸਦੇ ਖੂਨ ਨੂੰ ਬਲੀ ਵਜੋਂ ਚੜਾਉਂਦੇ ਹੋ, ਤੁਹਾਨੂੰ ਖਮੀਰ ਵਾਲੀ ਰੋਟੀ ਭੇਟ ਨਹੀਂ ਕਰਨੀ ਚਾਹੀਦੀ। ਇਸ ਬਲੀ ਦੇ ਗੋਸ਼ਤ ਦਾ ਕੋਈ ਵੀ ਹਿੱਸਾ ਅਗਲੇ ਦਿਨ ਲਈ ਨਾ ਬਚਾਓ। 19 “ਜਦੋਂ ਤੁਸੀਂ ਵਾਢੀ ਵੇਲੇ ਆਪਣੀਆਂ ਫ਼ਸਲਾਂ ਇਕੱਤਰ ਕਰੋ, ਤੁਹਾਨੂੰ ਵਾਢੀ ਕੀਤੀ ਹੋਈ ਹਰ ਚੀਜ਼ ਦਾ ਪਹਿਲਾ ਫ਼ਲ ਤੁਹਾਡੇ ਯਹੋਵਾਹ ਪਰਮੇਸ਼ੁਰ ਦੇ ਘਰ ਲੈਕੇ ਆਉਣਾ ਚਾਹੀਦਾ ਹੈ।“ਤੁਹਾਨੂੰ ਕਿਸੇ ਬਕਰੋਟੇ ਨੂੰ ਉਸਦੀ ਮਾਂ ਦੇ ਦੁਧ ਵਿੱਚ ਨਹੀਂ ਉਬਾਲਣਾ ਚਾਹੀਦਾ।” 20 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜ ਰਿਹਾ ਹਾਂ। ਇਹ ਦੂਤ ਤੁਹਾਨੂੰ ਉਸ ਸਥਾਨ ਤੇ ਲੈ ਜਾਵੇਗਾ ਜਿਸਨੂੰ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ। ਦੂਤ ਤੁਹਾਡੀ ਰੱਖਿਆ ਕਰੇਗਾ। 21 ਦੂਤ ਦਾ ਹੁਕਮ ਮੰਨਣਾ ਅਤੇ ਉਸਦੇ ਪਿਛੇ ਚੱਲਣਾ। ਉਸਦੇ ਖਿਲਾਫ਼ ਬਗਾਵਤ ਨਹੀਂ ਕਰਨੀ। ਦੂਤ ਉਨ੍ਹਾਂ ਮੰਦੀਆਂ ਗੱਲਾਂ ਨੂੰ ਮਾਫ਼ ਨਹੀਂ ਕਰੇਗਾ ਜਿਹੜੀਆਂ ਤੁਸੀਂ ਸਦੇ ਖਿਲਾਫ਼ ਕਰੋਂਗੇ। ਉਸਦੇ ਅੰਦਰ ਮੇਰੀ ਸ਼ਕਤੀ ਹੈ। 22 ਤੁਹਾਨੂੰ ਉਸਦੀ ਹਰ ਗੱਲ ਮੰਨਣੀ ਚਾਹੀਦੀ ਹੈ। ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਮੈਂ ਤੁਹਾਨੂੰ ਆਖਦਾ ਹਾਂ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਹੋਵਾਂਗਾ। ਅਤੇ ਮੈਂ ਹਰ ਉਸ ਬੰਦੇ ਦਾ ਦੁਸ਼ਮਣ ਹੇਵਾਂਗਾ ਜਿਹੜਾ ਤੁਹਾਡੇ ਵਿਰੁੱਧ ਹੋਵੇਗਾ।” 23 ਪਰਮੇਸ਼ੁਰ ਨੇ ਆਖਿਆ, “ਮੇਰਾ ਦੂਤ ਧਰਤੀ ਉੱਤੇ ਤੁਹਾਡੀ ਅਗਵਾਈ ਕਰੇਗਾ। ਉਹ ਤੁਹਾਡੀ ਬਹੁਤ ਸਾਰੇ ਵਖਰੇ ਲੋਕਾਂ ਦੇ ਖਿਲਾਫ਼ ਅਗਵਾਈ ਕਰੇਗਾ - ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ। ਪਰ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਹਰਾ ਦਿਆਂਗਾ। 24 “ਉਨ੍ਹਾਂ ਲੋਕਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ। ਕਦੇ ਵੀ ਉਨ੍ਹਾਂ ਦੇਵਤਿਆਂ ਅੱਗੇ ਸਿਰ ਨਹੀਂ ਝੁਕਾਉਣਾ। ਤੁਹਾਨੂੰ ਕਦੇ ਵੀ ਉਨ੍ਹਾਂ ਲੋਕਾਂ ਵਾਂਗ ਨਹੀਂ ਰਹਿਣਾ ਚਾਹੀਦਾ। ਤੁਹਾਨੂੰ ਉਨ੍ਹਾਂ ਦੇ ਬੁੱਤ ਤੋੜ ਦੇਣੇ ਚਾਹੀਦੇ ਹਨ। ਅਤੇ ਤੁਹਾਨੂੰ ਉਹ ਪੱਥਰ ਤੋੜ ਦੇਣੇ ਚਾਹੀਦੇ ਹਨ ਜੋ ਉਨ੍ਹਾਂ ਦੇ ਦੇਵਤਿਆਂ ਨੂੰ ਚੇਤੇ ਕਰਾਉਣ ਵਿੱਚ ਸਹਾਇਤਾ ਕਰਦੇ ਹਨ। 25 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਮੈਂ ਤੁਹਾਨੂੰ ਚੋਖੀ ਰੋਟੀ ਅਤੇ ਪਾਣੀ ਦਾ ਵਰਦਾਨ ਦਿਆਂਗਾ, ਮੈਂ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਕਰ ਦਿਆਂਗਾ। 26 ਤੁਹਾਡੀਆਂ ਸਾਰੀਆਂ ਔਰਤਾਂ ਬੱਚੇ ਜੰਮਣ ਦੇ ਯੋਗ ਹੋਣਗੀਆਂ। ਉਨ੍ਹਾਂ ਦਾ ਕੋਈ ਬੱਚਾ ਜਨਮ ਸਮੇਂ ਨਹੀਂ ਮਰੇਗਾ। ਅਤੇ ਮੈਂ ਤੁਹਾਨੂੰ ਲੰਮੀ ਉਮਰ ਦਾ ਵਰ ਦਿਆਂਗਾ। 27 “ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁਧ ਕਰੋਂਗੇ, ਤਾਂ ਮੈਂ ਆਪਣੀ ਮਹਾਨ ਸ਼ਕਤੀ ਤੁਹਾਡੇ ਅੱਗੇ ਭੇਜਾਂਗਾ। ਮੈਂ ਤੁਹਾਡੇ ਸਾਰੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਜਿਹੜੇ ਲੋਕ ਤੁਹਾਡੇ ਵਿਰੁੱਧ ਹਨ ਉਹ ਯੁਧ ਵਿੱਚ ਘਬਰਾ ਜਾਣਗੇ ਅਤੇ ਭੱਜ ਜਾਣਗੇ। 28 ਮੈਂ ਤੁਹਾਡੇ ਅੱਗੇ-ਅੱਗੇ ਹਾਰਨੈਟ ਨੂੰ ਭੇਜਾਂਗਾ। ਉਹ ਤੁਹਾਡੇ ਦੁਸ਼ਮਣਾਂ ਨੂੰ ਭਜਾ ਦੇਵਾਂਗਾ। ਹਿੱਵੀ ਲੋਕ, ਕਨਾਨੀ ਲੋਕ ਅਤੇ ਹਿੱਤੀ ਲੋਕ ਤੁਹਾਡਾ ਦੇਸ਼ ਛੱਡ ਜਾਣਗੇ। 29 ਪਰ ਮੈਂ ਸਾਰੇ ਲੋਕਾਂ ਨੂੰ ਛੇਤੀ ਹੀ, ਇੱਕ ਸਾਲ ਦੇ ਅੰਦਰ-ਅੰਦਰ ਤੁਹਾਡਾ ਦੇਸ਼ ਛੱਡ ਜਾਣ ਲਈ ਮਜ਼ਬੂਰ ਨਹੀਂ ਕਰਾਂਗਾ। ਜੇ ਮੈਂ ਸਾਰੇ ਲੋਕਾਂ ਨੂੰ ਬਹੁਤੀ ਛੇਤੀ ਇਸ ਧਰਤੀ ਵਿੱਚੋਂ ਕੱਢ ਦਿਆਂਗਾ, ਇਹ ਖਾਲੀ ਹੋ ਜਾਵੇਗੀ ਅਤੇ ਸਾਰੇ ਜੰਗਲੀ ਜਾਨਵਰ ਵਧ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ। ਉਹ ਤੁਹਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਜਾਣਗੇ। 30 ਇਸ ਲਈ ਮੈਂ ਇਨ੍ਹਾਂ ਲੋਕਾਂ ਨੂੰ ਥੋੜਾ-ਥੋੜਾ ਕਰਕੇ ਤੁਹਾਡੇ ਦੇਸ਼ ਵਿੱਚੋਂ ਕੱਢਾਂਗਾ ਜਦੋਂ ਤੱਕ ਕਿ ਤੁਹਾਡੀ ਗਿਣਤੀ ਵਧ ਜਾਵੇਗੀ ਅਤੇ ਤੁਸੀਂ ਜ਼ਮੀਨ ਉੱਤੇ ਕਾਬੂ ਪਾ ਲਵੋਂਗੇ। 31 “ਮੈਂ ਤੁਹਾਨੂੰ ਲਾਲ ਸਾਗਰ ਤੋਂ ਲੈਕੇ ਫ਼ਰਾਤ ਨਦੀ ਤੱਕ ਦੀ ਸਾਰੀ ਧਰਤੀ ਦੇ ਦਿਆਂਗਾ। ਪਛਮੀ ਸਰਹੱਦ ਫ਼ਲਿਸਤੀ ਸਾਗਰ (ਮੈਡੀਟ੍ਰੇਨੀਅਨ ਸਾਗਰ) ਹੋਵੇਗੀ, ਅਤੇ ਪੂਰਬੀ ਸਰਹੱਦ ਅਰਬ ਦਾ ਮਾਰੂਥਲ ਹੋਵੇਗੀ। ਮੈਂ ਤੁਹਾਨੂੰ ਓਥੇ ਰਹਿੰਦੇ ਲੋਕਾਂ ਨੂੰ ਹਰਾਉਣ ਵਿੱਚ ਮਦਦ ਦੇਵਾਂਗਾ। ਅਤੇ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਉਥੋਂ ਕੱਢ ਦਿਉਂਗੇ। 32 “ਤੁਹਾਨੂੰ ਉਨ੍ਹਾਂ ਲੋਕਾਂ ਨਾਲ ਜਾਂ ਉਨ੍ਹਾਂ ਦੇ ਦੇਵਤਿਆਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨੇ ਚਾਹੀਦੇ। 33 ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਠਹਿਰਣ ਨਾ ਦੇਣਾ। ਜੇ ਤੁਸੀਂ ਉਨ੍ਹਾਂ ਨੂੰ ਰਹਿਣ ਦਿਉਂਗੇ ਤਾਂ ਉਹ ਤੁਹਾਡੇ ਲਈ ਇੱਕ ਫ਼ਂਧੇ ਵਾਂਗ ਹੋਣਗੇ - ਉਹ ਤੁਹਾਡੇ ਕੋਲੋਂ ਮੇਰੇ ਵਿਰੁੱਧ ਪਾਪ ਕਰਾਉਣਗੇ। ਅਤੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਵੋਂਗੇ।”

24:1 ਪਰਮੇਸ਼ੁਰ ਨੇ ਮੁਸਾ ਨੂੰ ਆਖਿਆ, “ਤੁਸੀਂ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਪਰਬਤ ਕੋਲ ਆਕੇ ਦੂਰ ਤੋਂ ਮੇਰੀ ਉਪਾਸਨਾ ਕਰੋ। 2 ਤਾਂ ਮੂਸਾ ਖੁਦ ਯਹੋਵਾਹ ਦੇ ਨੇੜੇ ਆਵੇਗਾ, ਬਾਕੀ ਦੇ ਹੋਰ ਬੰਦਿਆਂ ਨੂੰ ਨੇੜੇ ਨਹੀਂ ਆਉਣਾ ਚਾਹੀਦਾ। ਲੋਕਾਂ ਨੂੰ ਤਾਂ ਉਸਦੇ ਨਾਲ ਪਰਬਤ ਉੱਤੇ ਵੀ ਨਹੀਂ ਆਉਣਾ ਚਾਹੀਦਾ।” 3 ਮੂਸਾ ਨੇ ਲੋਕਾਂ ਨੂੰ ਯਹੋਵਾਹ ਦੀਆਂ ਸਾਰੀਆਂ ਬਿਧੀਆਂ ਤੇ ਹੁਕਮ ਦੱਸੇ। ਤਾਂ ਸਾਰੇ ਲੋਕਾਂ ਨੇ ਆਖਿਆ, “ਅਸੀਂ ਉਨ੍ਹਾਂ ਸਾਰੇ ਹੁਕਮਾਂ ਨੂੰ ਮੰਨਾਂਗੇ ਜਿਹੜੇ ਯਹੋਵਾਹ ਨੇ ਸੁਣਾਏ ਹਨ।” 4 ਤਾਂ ਮੂਸਾ ਨੇ ਯਹੋਵਾਹ ਦੇ ਸਾਰੇ ਹੁਕਮ ਇੱਕ ਪੱਤਰੀ ਉੱਪਰ ਲਿਖ ਲਏ। ਅਗਲੀ ਸਵੇਰ ਨੂੰ, ਮੂਸਾ ਉਠਿਆ ਪਰਬਤ ਦੀ ਤਰਾਈ ਨੇੜੇ ਇੱਕ ਜਗਵੇਦੀ ਉਸਾਰੀ ਅਤੇ ਉਸਨੇ ਇਸਦੇ ਆਲੇ-ਦੁਆਲੇ ਬਾਰ੍ਹਾਂ ਪੱਥਰ ਧਰ ਦਿੱਤੇ ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚ ਹਰੇਕ ਲਈ ਇੱਕ ਪੱਥਰ। 5 ਫ਼ੇਰ ਮੂਸਾ ਨੇ ਇਸਰਾਏਲ ਦੇ ਜਵਾਨ ਆਦਮੀਆਂ ਨੂੰ ਬਲੀਆਂ ਚੜਾਉਣ ਲਈ ਭੇਜਿਆ। ਇਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ ਸਾਂਦ ਦੀਆਂ ਭੇਟਾਂ ਵਜੋਂ ਬਲਦਾਂ ਦੀ ਬਲੀ ਦਿੱਤੀ। 6 ਮੂਸਾ ਨੇ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰ ਲਿਆ। ਮੂਸਾ ਨੇ ਅੱਧਾ ਖੂਨ ਪਿਆਲਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਦਾ ਅਧਾ ਖੂਨ ਜਗਵੇਦੀ ਉੱਤੇ ਡੋਲ੍ਹ ਦਿੱਤਾ। 7 ਮੂਸਾ ਨੇ ਉਹ ਪੱਤਰੀ ਲਈ ਜਿਸ ਉੱਤੇ ਖਾਸ ਇਕਰਾਰਨਾਮਾ ਲਿਖਿਆ ਹੋਇਆ ਸੀ ਅਤੇ ਸਾਰੇ ਲੋਕਾਂ ਨੂੰ ਪੜਕੇ ਸੁਣਾਈ। ਫ਼ੇਰ ਉਨ੍ਹਾਂ ਨੇ ਆਖਿਆ, “ਉਹ ਸਾਰੇ ਕਾਨੂੰਨ ਜੋ ਯਹੋਵਾਹ ਨੇ ਸਾਨੂੰ ਦਿੱਤੇ ਹਨ, ਉਨ੍ਹਾਂ ਨੂੰ ਕਰਨ ਲਈ ਅਤੇ ਮੰਨਣ ਲਈ ਅਸੀਂ ਤਿਆਰ ਹਾਂ।” 8 ਤਾਂ ਮੂਸਾ ਨੇ ਬਲੀਆਂ ਤੋਂ ਭਰੇ ਖੂਨ ਦੇ ਪਿਆਲੇ ਲਈ ਅਤੇ ਇਸਨੂੰ ਲੋਕਾਂ ਉੱਤੇ ਛਿੜਕ ਕੇ ਆਖਿਆ, “ਇਹ ਖੂਨ ਦਰਸਾਉਂਦਾ ਹੈ ਕਿ ਤੁਹਾਡੇ ਇਨ੍ਹਾਂ ਸਾਰੇ ਕਾਨੂੰਨਾਂ ਦੇ ਅਧਾਰ ਤੇ ਯਹੋਵਾਹ ਨੇ ਤੁਹਾਡੇ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ।” 9 ਤਾਂ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਸਰਾਏਲ ਦੇ 70 ਬਜ਼ੁਰਗ ਪਰਬਤ ਉੱਤੇ ਗਏ। 10 ਪਰਬਤ ਉੱਤੇ ਇਨ੍ਹਾਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦਾ ਦੀਦਾਰ ਕੀਤਾ। ਪਰਮੇਸ਼ੁਰ ਕਿਸੇ ਅਜਿਹੀ ਚੀਜ਼ ਉੱਤੇ ਖਲੋਤਾ ਸੀ ਜਿਹੜੀ ਅਕਾਸ਼ ਵਾਂਗ ਸਾਫ਼ ਨੀਲਮ ਵਰਗੀ ਜਾਪਦੀ ਸੀ। 11 ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਉਨ੍ਹਾਂ ਸਾਰਿਆਂ ਨੇ ਰਲ-ਮਿਲਕੇ ਖਾਧਾ ਕੀਤਾ। 12 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਪਰਬਤ ਉੱਤੇ ਆ। ਮੈਂ ਤੈਨੂੰ ਦੋ ਪੱਥਰ ਦੀਆਂ ਤਖਤੀਆਂ ਦੇਵਾਂਗਾ ਜਿਨ੍ਹਾਂ ਉੱਤੇ ਮੈਂ ਆਪਣੀ ਬਿਵਸਥਾ ਅਤੇ ਕਾਨੂੰਨ ਲਿਖੇ ਹਨ ਤਾਂ ਜੋ ਤੂੰ ਲੋਕਾਂ ਨੂੰ ਸਿਖਾ ਸਕੇਂ।” 13 ਤਾਂ ਮੂਸਾ ਅਤੇ ਉਸਦਾ ਸਹਾਇਕ ਯਹੋਸ਼ੂਆ ਪਰਮੇਸ਼ੁਰ ਦੇ ਪਰਬਤ ਉੱਪਰ ਗਏ। 14 ਮੂਸਾ ਨੇ ਬਜ਼ੁਰਗਾਂ ਨੂੰ ਆਖਿਆ, “ਇੱਥੇ ਸਾਡਾ ਇੰਤਜ਼ਾਰ ਕਰੋ ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਜਦੋਂ ਮੈਂ ਚਲਾ ਗਿਆ ਤਾਂ ਹਾਰੂਨ ਅਤੇ ਹੋਰ ਤੁਹਾਡੇ ਉੱਪਰ ਹਕੂਮਤ ਕਰਨਗੇ। ਜੇ ਕਿਸੇ ਨੂੰ ਕੋਈ ਸਮਸਿਆ ਹੋਵੇ ਤਾਂ ਇਨ੍ਹਾਂ ਬੰਦਿਆਂ ਕੋਲ ਚਲਿਆ ਜਾਵੇ।” 15 ਤਾਂ ਮੂਸਾ ਪਹਾੜ ਉੱਪਰ ਗਿਆ। ਅਤੇ ਬੱਦਲ ਨੇ ਪਰਬਤ ਨੂੰ ਕੱਜ ਲਿਆ। 16 ਯਹੋਵਾਹ ਦਾ ਪਰਤਾਪ ਹੇਠਾਂ ਸੀਨਈ ਪਰਬਤ ਉੱਤੇ ਆਇਆ। ਬੱਦਲ ਨੇ ਛੇ ਦਿਨਾਂ ਤੱਕ ਪਰਬਤ ਨੂੰ ਕੱਜੀ ਰੱਖਿਆ। ਸੱਤਵੇਂ ਦਿਨ ਯਹੋਵਾਹ ਨੇ ਬੱਦਲ ਵਿੱਚੋਂ ਮੂਸਾ ਨਾਲ ਗੱਲ ਕੀਤੀ। 17 ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ। 18 ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।

25:1 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ। 3 ਜਿਹੜੀਆਂ ਚੀਜ਼ਾਂ ਤੈਨੂੰ ਲੋਕਾਂ ਤੋਂ ਪਰਵਾਨ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਦੀ ਸੂਚੀ ਇਹ ਹੈ; ਸੋਨਾ, ਚਾਂਦੀ ਅਤੇ ਤਾਂਬਾ; 4 ਨੀਲਾ ਜਾਮਨੀ ਅਤੇ ਲਾਲ ਧਾਗਾ ਅਤੇ ਮਹੀਨ ਲਿਨਨ, ਬੱਕਰੀ ਦੇ ਵਾਲ, 5 ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ, ਅਤੇ ਵਧੀਆ ਚਮੜਾ, ਸ਼ਿਟੀਮ ਦੀ ਲੱਕੜ, 6 ਦੀਵਿਆਂ ਲਈ ਤੇਲ, ਮਸਹ ਕਰਨ ਵਾਲੇ ਤੇਲ ਲਈ ਮਸਾਲੇ ਅਤੇ ਸੁਗੰਧਤ ਧੂਫ਼ ਦੇ ਮਸਾਲੇ। 7 ਇਸ ਤੋਂ ਇਲਾਵਾ ਸੁਲੇਮਾਨੀ ਪੱਥਰ ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਪਾਉਣ ਲਈ ਹੋਰ ਹੀਰੇ ਵੀ।” 8 ਪਰਮੇਸ਼ੁਰ ਨੇ ਇਹ ਵੀ ਆਖਿਆ, “ਲੋਕ ਮੇਰੇ ਲਈ ਪਵਿੱਤਰ ਸਥਾਨ ਬਨਾਉਣਗੇ, ਫ਼ੇਰ ਮੈਂ ਉਨ੍ਹਾਂ ਦਰਮਿਆਨ ਰਹਿ ਸਕਾਂਗਾ। 9 ਮੈਂ ਤੁਹਾਨੂੰ ਦਰਸਾਵਾਂਗਾ ਕਿ ਪਵਿੱਤਰ ਤੰਬੂ ਅਤੇ ਇਸ ਵਿਚਲੀ ਹਰ ਸ਼ੈ ਕਿਵੇਂ ਦਿਖਣੀ ਚਾਹੀਦੀ ਹੈ। ਹਰ ਚੀਜ਼ ਨੂੰ ਬਿਲਕੁਲ ਉਸੇ ਤਰ੍ਹਾਂ ਬਨਾਉਣਾ ਜਿਵੇਂ ਮੈਂ ਤੁਹਾਨੂੰ ਦਰਸਾਉਂਦਾ ਹਾਂ। 10 “ਸ਼ਿਟੀਮ ਦੀ ਲੱਕੜ ਲੈਕੇ ਇੱਕ ਖਾਸ ਸੰਦੂਕ ਬਣਾਉ ਇਸ ਪਵਿੱਤਰ ਸੰਦੂਕ ਦੀ ਲੰਬਾਈ ਢਾਈ ਹੱਥ, ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। 11 ਸ਼ੁਧ ਸੋਨਾ ਸੰਦੂਕ ਦੇ ਅੰਦਰ ਅਤੇ ਬਾਹਰ ਲਗਿਆ ਹੋਵੇ। ਸੰਦੂਕ ਦੇ ਕੋਨਿਆਂ ਉੱਤੇ ਸੋਨੇ ਦੀ ਪੱਤਰੀ ਲਗਾਓ। 12 ਸੰਦੂਕ ਚੁੱਕਣ ਲਈ ਚਾਰ ਸੁਨਿਹਰੀ ਕੜੇ ਬਣਾਉ ਇਨ੍ਹਾਂ ਸੁਨਿਹਰੀ ਕੜਿਆਂ ਨੂੰ ਚਾਰਾਂ ਪਉੜਾਂ ਵਿੱਚ ਪਾਉ। ਹਰ ਪਾਸੇ ਦੋ-ਦੋ। 13 ਫ਼ੇਰ ਸੰਦੂਕ ਚੁੱਕਣ ਲਈ ਚੋਬਾਂ ਬਣਾਉ ਇਹ ਚੋਬਾਂ ਸ਼ਿਟੀਮ ਦੀ ਲੱਕੜ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਉੱਪਰ ਸੋਨਾ ਮਢ਼ਿਆ ਹੋਣਾ ਚਾਹੀਦਾ ਹੈ। 14 ਇਨ੍ਹਾਂ ਚੋਬਾਂ ਨੂੰ ਸੰਦੂਕ ਦੇ ਕਿਨਾਰਿਆਂ ਤੇ ਲੱਗੇ ਕੜਿਆਂ ਵਿੱਚ ਪਾਉ। ਇਨ੍ਹਾਂ ਚੋਬਾਂ ਨੂੰ ਸੰਦੂਕ ਚੁੱਕਣ ਲਈ ਵਰਤੋਂ। 15 ਇਹ ਚੋਬਾਂ ਹਰ ਵੇਲੇ ਸੰਦੂਕ ਦੇ ਕੜਿਆਂ ਵਿੱਚ ਰਹਿਣੀਆਂ ਚਾਹੀਦੀਆਂ ਹਨ। ਇਨ੍ਹਾਂ ਚੋਬਾਂ ਨੂੰ ਬਾਹਰ ਨਾ ਕੱਢੋ।” 16 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਇਕਰਾਰਨਾਮਾ ਦੇਵਾਂਗਾ। ਇਕਰਾਰਨਾਮੇ ਨੂੰ ਇਸ ਸੰਦੂਕ ਵਿੱਚ ਰਖਣਾ। 17 ਫ਼ੇਰ ਇੱਕ ਢੱਕਣ ਬਨਾਉਣ ਇਸਨੂੰ ਸ਼ੁਧ ਸੋਨੇ ਨਾਲ ਬਨਾਉਣਾ ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ। 18 ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ। 19 ਇੱਕ ਦੂਤ ਨੂੰ ਢੱਕਣ ਦੇ ਇੱਕ ਸਿਰੇ ਉੱਤੇ ਲਗਾਉ ਅਤੇ ਦੂਸਰੇ ਦੂਤ ਨੂੰ ਦੂਸਰੇ ਉੱਤੇ। ਇਨ੍ਹਾਂ ਦੋਹਾਂ ਦੂਤਾਂ ਨੂੰ ਢੱਕਣ ਨਾਲ ਇੱਕਮਿਕ ਕਰ ਦਿਉ। 20 ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਮ੍ਹਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ। 21 “ਮੈਂ ਤੁਹਾਨੂੰ ਇਕਰਾਰਨਾਮਾ ਦਿਆਂਗਾ। ਉਸ ਇਕਰਾਰਨਾਮੇ ਨੂੰ ਸੰਦੂਕ ਵਿੱਚ ਰੱਖ ਦਿਉ, ਅਤੇ ਸੰਦੂਕ ਉੱਪਰ ਢੱਕਣ ਰੱਖ ਦੇਣਾ। 22 ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ। 23 “ਸ਼ਿਟੀਮ ਦੀ ਲੱਕੜ ਦਾ ਇੱਕ ਮੇਜ ਬਣਾਉ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਣਾ ਚਾਹੀਦਾ ਹੈ। 24 ਮੇਜ ਉੱਤੇ ਸ਼ੁਧ ਸੋਨਾ ਮਢ਼ ਦਿਉ ਅਤੇ ਇਸਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾ ਦਿਉ। 25 ਫ਼ੇਰ ਮੇਜ ਦੇ ਦੁਆਲੇ ਇੱਕ ਹੱਥ ਚੌੜਾ ਫ਼ਰੇਮ ਬਣਾਉ ਅਤੇ ਫ਼ਰੇਮ ਤੇ ਸੋਨੇ ਦੀਆਂ ਕੰਨੀਆਂ ਪਾਉ। 26 ਫ਼ੇਰ ਸੋਨੇ ਦੇ ਚਾਰ ਕੜੇ ਬਣਾਇਉ ਅਤੇ ਉਨ੍ਹਾਂ ਨੂੰ ਮੇਜ ਦੇ ਚੌਹਾਂ ਕੋਨਿਆਂ ਉੱਤੇ ਪੌੜਾਂ ਵਿੱਚ ਪਾ ਦੇਣਾ। 27 ਕੜਿਆਂ ਨੂੰ ਮੇਜ ਦੇ ਉਤਲੇ ਸਿਰੇ ਦੇ ਆਲੇ-ਦੁਆਲੇ ਫ਼ਰੇਮ ਦੇ ਨੇੜੇ ਪਾ ਦੇਣਾ। ਇਹ ਕੜੇ ਉਨ੍ਹਾਂ ਚੋਬਾਂ ਨੂੰ ਫ਼ੜੀ ਰਖਣਗੇ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਵੇਗਾ। 28 ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੋਂ ਅਤੇ ਉਨ੍ਹਾਂ ਉੱਪਰ ਸੋਨਾ ਮੜੋ। ਇਹ ਚੋਬਾਂ ਮੇਜ ਨੂੰ ਚੁੱਕਣ ਲਈ ਹਨ। 29 ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਘੜੇ ਅਤੇ ਪਿਆਲੇ ਬਣਾਉ। ਘੜੇ ਅਤੇ ਪਿਆਲੇ ਪੀਣ ਦੀਆਂ ਭੇਟਾਂ ਨੂੰ ਛਿੜਕਣ ਲਈ ਹੋਣਗੇ। 30 ਖਾਸ ਰੋਟੀ ਨੂੰ ਮੇਰੇ ਸਾਮ੍ਹਣੇ ਮੇਜ ਉੱਪਰ ਰਖੋ। ਇਹ ਹਮੇਸ਼ਾ ਮੇਰੇ ਸਾਮ੍ਹਣੇ ਹੋਣੀ ਚਾਹੀਦੀ ਹੈ। 31 “ਫ਼ੇਰ ਤੁਹਾਨੂੰ ਇੱਕ ਸ਼ਮਾਦਾਨ ਬਨਾਉਣਾ ਚਾਹੀਦਾ ਹੈ। ਸ਼ੁਧ ਸੋਨੇ ਦੀ ਵਰਤੋਂ ਕਰੋ ਅਤੇ ਇਸਦੀ ਪੱਤਰੀ ਬਣਾਕੇ ਸਟੈਂਡ ਦੇ ਬੇਸ ਅਤੇ ਡੰਡੇ ਉੱਪਰ ਲਗਾਉ। ਸ਼ੁਧ ਸੋਨੇ ਦੇ ਫ਼ੁੱਲ ਪੱਤੀਆਂ ਅਤੇ ਕਲੀਆਂ ਬਣਾਉ। ਇਨ੍ਹਾਂ ਨੂੰ ਇਕਠਿਆਂ ਕਰਕੇ ਜੋੜ ਦਿਉ। 32 “ਸ਼ਮਾਦਾਨ ਦੀਆਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ - ਤਿੰਨ ਟਹਿਣੀਆਂ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33 ਹਰ ਟਹਿਣੀ ਉੱਪਰ ਤਿੰਨ ਫੁੱਟ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਬਦਾਮ ਦੇ ਫ਼ੁੱਲਾਂ ਵਰਗੇ ਕਲੀਆਂ ਅਤੇ ਪੱਤੀਆਂ ਵਾਲੇ ਬਣਾਉ। 34 ਸ਼ਮਾਦਾਨ ਲਈ ਚਾਰ ਹੋਰ ਫ਼ੁੱਲ ਬਣਾਉ। ਇਹ ਫ਼ੁੱਲ ਕਲੀਆਂ ਤੇ ਪੱਤੀਆਂ ਵਾਲੇ ਬਦਾਮ ਦੇ ਫ਼ੁੱਲਾਂ ਵਰਗੇ ਬਣਾਏ ਜਾਣ। 35 ਸ਼ਮਾਦਾਨ ਉੱਪਰ ਛੇ ਟਹਿਣੀਆਂ ਹੋਣਗੀਆਂ - ਤਿੰਨ ਟਹਿਣੀਆਂ ਡੰਡੀ ਦੇ ਹਰੇਕ ਪਾਸਿਓਂ ਨਿਕਲਦੀਆਂ ਹੋਈਆਂ। ਉਨ੍ਹਾਂ ਤਿੰਨ ਥਾਵਾਂ ਦੇ ਹੇਠਾਂ, ਜਿਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਹਨ, ਕਲੀਆਂ ਅਤੇ ਪੱਤੀਆਂ ਨਾਲ ਫ਼ੁੱਲ ਬਣਾਉ। 36 ਸਾਰਾ ਸ਼ਮਾਦਾਨ, ਕਲਈਆਂ ਅਤੇ ਪਤਿਆਂ ਸਮੇਤ, ਕੁੱਟੇ ਹੋਏ ਸ਼ੁਧ ਸੋਨੇ ਤੋਂ ਇੱਕ ਪੀਸ ਦਾ ਬਣਿਆ ਹੋਣਾ ਚਾਹੀਦਾ ਹੈ। 37 ਫ਼ੇਰ ਸ਼ਮਾਦਾਨ ਕੋਲ ਰੱਖਣ ਲਈ ਸੱਤ ਦੀਵੇ ਬਣਾਉ। ਇਹ ਦੀਵੇ ਸ਼ਮਾਦਾਨ ਦੇ ਅਗਲੇ ਹਿੱਸੇ ਨੂੰ ਰੌਸ਼ਨ ਕਰਨਗੇ। 38 ਬੱਤੀਆਂ ਬੁਝਾਉਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਲਈ ਸ਼ੁਧ ਸੋਨਾ ਵਰਤੋਂ। 39 ਸ਼ਮਾਦਾਨ ਅਤੇ ਉਸਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ 75 ਪੌਂਡ ਸ਼ੁਧ ਸੋਨਾ ਵਰਤੋਂ। 40 ਹਰ ਚੀਜ਼ ਨੂੰ ਉਵੇਂ ਬਨਾਉਣ ਲਈ ਬਹੁਤ ਸਾਵਧਾਨੀ ਵਰਤੋਂ ਜਿਵੇਂ ਮੈਂ ਤੁਹਾਨੂੰ ਪਰਬਤ ਉੱਪਰ ਦਰਸਾਇਆ ਹੈ।”

26:1 “ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 2 ਹਰੇਕ ਪਰਦੇ ਨੂੰ ਇੱਕੋ ਨਾਪ ਦੇ ਬਣਾਉ। ਹਰੇਕ ਪਰਦਾ 28 ਹੱਥ ਲੰਬਾ ਅਤੇ ਚਾਰ ਹੱਥ ਚੌੜਾ ਹੋਣਾ ਚਾਹੀਦਾ ਹੈ। 3 ਪਰਦਿਆਂ ਨੂੰ ਦੋ ਸਮੂਹਾਂ ਵਿੱਚ ਜੋੜੋ। ਪੰਜ ਪਰਦੇ ਜੋੜਕੇ ਇੱਕ ਸਮੂਹ ਬਣਾਉ ਅਤੇ ਪੰਜ ਪਰਦੇ ਜੋੜਕੇ ਦੂਸਰਾ ਸਮੂਹ ਬਣਾਉ। 4 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀ ਝਾਲਰ ਬਣਾਉ। ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਵੇਂ ਹੀ ਕਰੋ। 5 ਪਹਿਲੇ ਸਮੂਹ ਦੇ ਆਖਰੀ ਪਰਦੇ ਉੱਤੇ 50 ਬੀੜੇ ਹੋਣੇ ਚਾਹੀਦੇ ਹਨ। ਅਤੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ 50 ਬੀੜੇ ਹੋਣੇ ਚਾਹੀਦੇ ਹਨ। 6 ਫ਼ੇਰ ਦੋਹਾਂ ਪਰਦਿਆਂ ਨੂੰ ਜੋੜਨ ਲਈ ਸੋਨੇ ਦੀਆਂ 50 ਕੁੰਡੀਆਂ ਬਣਾਉ। ਇਹ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 7 “ਬੱਕਰੀ ਦੇ ਵਾਲਾਂ ਤੋਂ ਪਵਿੱਤਰ ਤੰਬੂ ਵਾਸਤੇ ਇੱਕ ਕੱਜਣ ਬਨਾਉਣ ਲਈ, ਪਰਦਿਆਂ ਦੀ ਇੱਕ ਹੋਰ ਜੋੜੀ ਬਣਾਉ। 8 ਇਹ ਸਾਰੇ ਪਰਦੇ ਇੱਕੋ ਨਾਪ ਦੇ ਹੋਣੇ ਚਾਹੀਦੇ ਹਨ। ਇਹ 30 ਹੱਥ ਲੰਬੇ ਅਤੇ 4 ਹੱਥ ਚੌੜੇ ਹੋਣੇ ਚਾਹੀਦੇ ਹਨ। 9 ਪੰਜ ਪਰਦਿਆਂ ਨੂੰ ਜੋੜਕੇ ਇੱਕ ਸਮੂਹ ਬਣਾਉ। ਛੇਵੇਂ ਪਰਦੇ ਨੂੰ ਤੰਬੂ ਦੇ ਸਾਮ੍ਹਣੇ ਵਾਲੇ ਪਾਸੇ ਅਧਾ ਮੋੜ ਦਿਉ। 10 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ 50 ਬੀੜੇ ਬਣਾਉ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਸੇ ਤਰ੍ਹਾਂ ਕਰੋ। 11 ਫ਼ੇਰ ਪਰਦਿਆਂ ਨੂੰ ਜੋੜਨ ਲਈ ਪਿੱਤਲ ਦੀਆਂ 50 ਕੁੰਡੀਆਂ ਬਣਾਉ। ਇਹ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 12 ਇਸ ਤੰਬੂ ਦੇ ਆਖਰੀ ਪਰਦੇ ਦਾ ਅਧਾ ਹਿੱਸਾ ਪਵਿੱਤਰ ਤੰਬੂ ਦੇ ਪਿਛਲੇ ਕਿਨਾਰੇ ਦੇ ਹੇਠਾਂ ਕਰਕੇ ਲਟਕੇਗਾ। 13 ਦੋਹਾਂ ਪਾਸਿਆਂ ਦੇ ਇਸ ਤੰਬੂ ਦੇ ਪਰਦੇ ਪਵਿੱਤਰ ਤੰਬੂ ਦੇ ਹੇਠਲੇ ਕਿਨਾਰਿਆਂ ਉੱਤੇ ਇੱਕ ਹੱਥ ਹੇਠਾਂ ਲਟਕਣਗੇ। ਇਸ ਤਰ੍ਹਾਂ ਇਹ ਤੰਬੂ ਪਵਿੱਤਰ ਤੰਬੂ ਨੂੰ ਪੂਰੀ ਤਰ੍ਹਾਂ ਕੱਜ ਲਵੇਗਾ। 14 ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ। 15 “ਪਵਿੱਤਰ ਤੰਬੂ ਨੂੰ ਆਸਰਾ ਦੇਣ ਲਈ ਸ਼ਿਟੀਮ ਦੀ ਲੱਕੜ ਦੀਆਂ ਤਖਤੀਆਂ ਬਣਾਉ। 16 ਇਹ ਤਖਤੀਆਂ 10 ਕਿਊਬਿਟ ਉੱਚੀਆਂ ਅਤੇ ਡੇਢ ਕਿਊਬਿਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ। 17 ਹਰੇਕ ਫ਼ੱਟੀ ਨੂੰ ਜੋੜਨ ਲਈ, ਹਰ ਫ਼ੱਟੀ ਤੇ ਦੋ ਚੀਥੀਆਂ ਹੋਣੀਆਂ ਚਾਹੀਦੀਆਂ ਜੋ ਹੇਠਾਂ ਚੂਲਾਂ ਵਿੱਚ ਫ਼ਿਟ ਬੈਠ ਜਾਣ। ਪਵਿੱਤਰ ਤੰਬੂ ਦੀਆਂ ਸਾਰੀਆਂ ਫ਼ੱਟੀਆਂ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਪਵਿੱਤਰ ਤੰਬੂ ਦੇ ਦਖਣੀ ਪਾਸੇ ਲਈ 20 ਤਖਤੀਆਂ ਬਣਾਉ। 19 ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ। ਹਰੇਕ ਫ਼ੱਟੀ ਦੇ ਹੇਠਾਂ ਰੱਖਣ ਲਈ ਦੋ ਚਾਂਦੀ ਦੀਆਂ ਚੀਥੀਆਂ ਹੋਣੀਆਂ ਚਹੀਦੀਆਂ ਹਨ - ਹਰੇਕ ਪਾਸੇ ਦੀ ਫ਼ੱਟੀ ਲਈ ਇੱਕ ਚੀਥੀ। 20 ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ 20 ਫ਼ੱਟੀਆਂ ਬਣਾਉ। 21 ਅਤੇ ਇਨ੍ਹਾਂ ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ - ਹਰੇਕ ਫ਼ੱਟੀ ਹੇਠਾਂ ਦੋ ਚੀਥਿਆਂ। 22 ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪਛਮੀ ਪਾਸੇ) ਲਈ ਛੇ ਹੋਰ ਫ਼ੱਟੀਆਂ ਬਣਾਉ। 23 ਪਵਿੱਤਰ ਤੰਬੂ ਦੇ ਪਿਛਲੇ ਪਾਸੇ ਦੋ ਕੋਨਿਆਂ ਲਈ ਦੋ ਫ਼ੱਟੀਆਂ ਬਣਾਉ। 24 ਫ਼ੱਟੀਆਂ ਦੇ ਕੋਨੇ ਹੇਠੋ ਇੱਕ ਦੂਜੇ ਨਾਲ ਜੁੜੇ ਹੋਣੇ ਚਾਹੀਦੇ ਹਨ। ਇੱਕ ਕੜਾ ਇਨ੍ਹਾਂ ਫ਼ੱਟੀਆਂ ਨੂੰ ਉੱਪਰੋਂ ਬੰਨ੍ਹੀ ਰੱਖੇਗਾ। ਦੋਹਾਂ ਕੋਨਿਆਂ ਲਈ ਇਸੇ ਤਰ੍ਹਾਂ ਕਰੋ। 25 ਤੰਬੂ ਦੇ ਪੱਛਮੀ ਸਿਰ ਲਈ ਕੁੱਲ ਅੱਠ ਫ਼ੱਟੀਆਂ ਹੋਣਗੀਆਂ ਅਤੇ ਚਾਂਦੀ ਦੀਆਂ 16 ਚੀਥੀਆਂ ਹੋਣਗੀਆਂ - ਹਰੇਕ ਫ਼ੱਟੀ ਹੇਠਾਂ ਦੋ ਚੀਥੀਆਂ। 26 “ਪਵਿੱਤਰ ਤੰਬੂ ਦੇ ਪਾਸਿਆਂ ਲਈ ਸ਼ਿਟੀਮ ਦੀ ਲੱਕੜੀ ਦੀਆਂ ਟੇਕਾਂ ਬਣਾਉ। ਪਵਿੱਤਰ ਤੰਬੂ ਦੇ ਪਹਿਲੇ ਪਾਸੇ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 27 ਪਵਿੱਤਰ ਤੰਬੂ ਦੇ ਦੂਸਰੇ ਪਾਸੇ ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪੱਛਮ ਵਾਲੇ ਪਾਸੇ) ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 28 ਵਿਚਕਾਰਲੀ ਟੇਕ ਫ਼ੱਟੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਨੀ ਚਾਹੀਦੀ ਹੈ। 29 “ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ। 30 ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਪਰਬਤ ਉੱਤੇ ਦਰਸ਼ਾਇਆ ਸੀ। 31 “ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗੇ ਨਾਲ ਇੱਕ ਪਰਦਾ ਬਣਾਉ। ਕਿਸੇ ਮਾਹਰ ਕਾਰੀਗਰ ਦੁਆਰਾ ਇਸ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 32 ਸ਼ਿਟੀਮ ਦੀ ਲੱਕੜ ਦੀਆਂ ਚਾਰ ਥੰਮੀਆਂ ਬਣਾਉ ਅਤੇ ਇਨ੍ਹਾਂ ਥੰਮੀਆਂ ਨੂੰ ਸੋਨੇ ਨਾਲ ਮੜੋ। ਚਾਰਾਂ ਥੰਮੀਆਂ ਉੱਤੇ ਸੋਨੇ ਦੀਆਂ ਹੁੱਕਾਂ ਲਗਾਉ। ਸੁਨਿਹਰੀ ਹੁੱਕਾਂ ਉੱਤੇ ਪਰਦੇ ਲਟਕਾਉ। 33 ਪਰਦੇ ਨੂੰ ਸੋਨੇ ਦੀਆਂ ਕੁੰਡੀਆਂ ਹੇਠਾਂ ਲਮਕਾਉ। ਫ਼ੇਰ ਇਕਰਾਰਨਾਮੇ ਵਾਲੇ ਸੰਦੂਕ ਨੂੰ ਪਰਦੇ ਦੇ ਪਿਛੇ ਰੱਖ ਦੇਣਾ। ਇਹ ਪਰਦਾ ਪਵਿੱਤਰ ਸਥਾਨ ਨੂੰ ਸਭ ਤੋਂ ਪਵਿੱਤਰ ਸਥਾਨ ਤੋਂ ਵੱਖ ਕਰੇਗਾ। 34 ਅੱਤ ਪਵਿੱਤਰ ਸਥਾਨ ਤੇ ਰਖੇ ਇਕਰਾਰਨਾਮੇ ਵਾਲੇ ਸੰਦੂਕ ਉੱਤੇ ਕੱਜਣ ਰੱਖ ਦਿਉ। 35 “ਪਵਿੱਤਰ ਸਥਾਨ ਉੱਤੇ ਪਰਦੇ ਦੇ ਦੂਸਰੇ ਪਾਸੇ ਉਹ ਖਾਸ ਮੇਜ ਰਖੋ ਜਿਹੜਾ ਤੁਸੀਂ ਬਣਾਇਆ ਸੀ। ਮੇਜ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਹੋਣਾ ਚਾਹੀਦਾ ਹੈ। ਫ਼ੇਰ ਦਖਣ ਵਾਲੇ ਪਾਸੇ ਸ਼ਮਾਦਾਨ ਰਖੋ। ਇਹ ਮੇਜ ਦੇ ਸਾਮ੍ਹਣੇ ਹੋਵੇਗਾ। 36 “ਫ਼ੇਰ ਪਵਿੱਤਰ ਤੰਬੂ ਦੇ ਦਰਵਾਜ਼ੇ ਲਈ ਪਰਦਾ ਬਣਾਉ। ਇਸ ਪਰਦੇ ਨੂੰ ਬਨਾਉਣ ਲਈ ਨੀਲੇ, ਬੈਂਗਣੀ ਅਤੇ ਲਾਲ ਧਾਗੇ ਅਤੇ ਗੁੰਦੇ ਹੋਏ ਮਹੀਨ ਲਿਨਨ ਦੀ ਵਰਤੋਂ ਕਰੋ। 37 ਇਸ ਪਰਦੇ ਲਈ ਸੋਨੇ ਦੀਆਂ ਕੁੰਡੀਆਂ ਬਣਾਉ। ਅਤੇ ਸੋਨੇ ਨਾਲ ਮੜੀ ਹੋਈ ਸ਼ਿਟੀਮ ਦੀ ਲੱਕੜੀ ਦੀਆਂ ਪੰਜ ਬੱਲੀਆਂ ਬਣਾਉ। ਅਤੇ ਇਨ੍ਹਾਂ ਪੰਜ ਬੱਲੀਆਂ ਲਈ ਪਿੱਤਲ ਦੀਆਂ ਪੰਜ ਚੀਥੀਆਂ ਬਣਾਉ।”

27:1 “ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕਰਕੇ ਇੱਕ ਜਗਵੇਦੀ ਬਣਾਉ। ਜਗਵੇਦੀ ਚੌਰਸ ਹੋਣੀ ਚਾਹੀਦੀ ਹੈ। ਇਹ ਪੰਜ ਕਿਊਬਿਟ ਲੰਮੀ, ਪੰਜ ਕਿਊਬਿਟ ਚੌੜੀ ਅਤੇ ਤਿੰਨ ਕਿਊਬਿਟ ਉੱਚੀ ਹੋਣੀ ਚਾਹੀਦੀ ਹੈ। 2 ਜਗਵੇਦੀ ਦੇ ਚੌਹਾਂ ਕੋਨਿਆਂ ਚੋਂ ਹਰੇਕ ਉੱਤੇ ਇੱਕ ਸਿੰਗ ਬਣਾਈ। ਇਸਦੇ ਸਿੰਗ ਉਸੇ ਪਦਾਰਥ ਦੇ ਬਣੇ ਹੋਣੇ ਚਾਹੀਦੇ ਹਨ ਜਿਸਤੋਂ ਜਗਵੇਦੀ ਬਣੀ ਹੈ। ਫ਼ੇਰ ਜਗਵੇਦੀ ਉੱਤੇ ਪਿੱਤਲ ਚੜਾਵੀਂ। 3 “ਜਗਵੇਦੀ ਉੱਤੇ ਵਰਤੇ ਜਾਣ ਵਾਲੇ ਸਾਰੇ ਸੰਦ ਅਤੇ ਪਲੇਟਾਂ ਪਿੱਤਲ ਦੀਆਂ ਬਣਾਈ। ਪਤੀਲੇ, ਕੜਛੇ, ਕੌਲੇ, ਚਿਮਟੇ ਅਤੇ ਤਸਲੇ ਬਣਾਈ। ਇਨ੍ਹਾਂ ਦੀ ਵਰਤੋਂ ਜਗਵੇਦੀ ਉੱਤੋਂ ਰਾਖ ਸਾਫ਼ ਕਰਨ ਲਈ ਕੀਤੀ ਜਾਵੇਗੀ। 4 ਜਗਵੇਦੀ ਲਈ ਜਾਲ ਦੀ ਸ਼ਕਲ ਦੀ ਇੱਕ ਕਾਂਸੀ ਦੀ ਜਾਲੀ ਬਣਾਵੀਂ। ਅਤੇ ਜਾਲੀ ਦੇ ਚੌਹਾਂ ਕੋਨਿਆਂ ਲਈ ਇੱਕ-ਇੱਕ ਕਾਂਸੀ ਦਾ ਕੜਾ ਬਣਾਵੀਂ। 5 ਜਾਲੀ ਨੂੰ ਜਗਵੇਦੀ ਦੇ ਹੇਠਾਂ ਕਰਕੇ ਥੜੇ ਉੱਤੇ ਟਿਕਾ ਦੇਵੀਂ। ਜਾਲੀ ਜਗਵੇਦੀ ਦੇ ਹੇਠਾਂ ਤੋਂ ਉੱਪਰ ਵੱਲ ਅਧ ਤੱਕ ਜਾਵੇਗੀ। 6 “ਜਗਵੇਦੀ ਲਈ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਪਿੱਤਲ ਮਢ਼ ਦੇਵੀਂ। 7 ਜਗਵੇਦੀ ਦੇ ਦੋਹਾਂ ਪਾਸਿਆਂ ਉੱਤੇ ਲੱਗੇ ਕੜਿਆਂ ਵਿੱਚੋਂ ਚੋਬਾਂ ਨੂੰ ਗੁਜਾਰ ਦੇਵੀਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਹੋਵੇਗੀ। 8 ਜਗਵੇਦੀ ਨੂੰ ਇੱਕ ਅਜਿਹੇ ਖਾਲੀ ਬਕਸੇ ਵਾਂਗ ਬਣਾਈ ਜਿਸਦੇ ਆਸੇ-ਪਾਸੇ ਫ਼ੱਟੀਆਂ ਲੱਗੀਆਂ ਹੋਣ। ਜਗਵੇਦੀ ਨੂੰ ਬਿਲਕੁਲ ਉਵੇਂ ਹੀ ਬਣਾਵੀਂ ਜਿਵੇਂ ਮੈਂ ਪਰਬਤ ਉੱਤੇ ਤੈਨੂੰ ਦਰਸਾਇਆ ਸੀ। 9 “ਪਵਿੱਤਰ ਤੰਬੂ ਲਈ ਇੱਕ ਵਿਹੜਾ ਬਣਾਈ। ਦਖਣ ਵਾਲੇ ਪਾਸੇ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਹ ਪਰਦੇ ਮਹੀਨ ਲਿਨਨ ਦੇ ਬਣੇ ਹੋਣੇ ਚਾਹੀਦੇ ਹਨ। 10 ਵੀਹ ਚੋਬਾਂ ਅਤੇ ਉਨ੍ਹਾਂ ਚੋਬਾਂ ਦੇ ਹੇਠਾਂ ਪਿੱਤਲ ਦੀਆਂ ਵੀਹ ਚੀਥੀਆਂ ਵਰਤੀਂ। ਚੋਬਾਂ ਅਤੇ ਪਰਦਿਆਂ ਦੀਆਂ ਲੱਕੜਾਂ ਲਈ ਕੁੰਡਿਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 11 ਉਤਰ ਵਾਲੇ ਪਾਸੇ ਵੀ ਸੌ ਹੱਥ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇਸ ਦੀਆਂ ਵੀ ਵੀਹ ਚੋਬਾਂ ਅਤੇ ਵੀਹ ਪਿੱਤਲ ਦੀਆਂ ਚੀਥੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਅਤੇ ਪਰਦਿਆਂ ਦੀ ਲੱਕੜ ਦੀਆਂ ਕੁਡੀਆਂ ਚਾਂਦੀ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 12 “ਵਿਹੜੇ ਦੇ ਪਛਮ ਵਾਲੇ ਪਾਸੇ 50 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਹੋਣੀ ਚਾਹੀਦੀ ਹੈ। ਇੱਥੇ 10 ਚੋਬਾਂ ਅਤੇ 10 ਚੀਥੀਆਂ ਹੋਣੀਆਂ ਚਾਹੀਦੀਆਂ ਹਨ। 13 ਵਿਹੜੇ ਦਾ ਪੂਰਬ ਵਾਲਾ ਪਾਸਾ ਵੀ 50 ਹੱਥ ਲੰਬਾ ਹੋਣਾ ਚਾਹੀਦਾ ਹੈ। 14 ਇਹ ਪੂਰਬ ਵਾਲਾ ਪਾਸਾ ਵਿਹੜੇ ਦਾ ਲਾਂਘਾ ਹੈ। ਲਾਂਘੇ ਦੇ ਇੱਕ ਪਾਸੇ 15 ਹੱਥ ਲੰਬੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 15 ਦੂਸਰੇ ਪਾਸੇ ਵੀ 15 ਹੱਥ ਲੰਮੇ ਪਰਦੇ ਹੋਣੇ ਚਾਹੀਦੇ ਹਨ। ਇਸ ਪਾਸੇ ਉੱਤੇ ਵੀ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 16 “ਵਿਹੜੇ ਦੇ ਲਾਂਘੇ ਨੂੰ ਢਕਣ ਲਈ 20 ਹੱਥ ਲੰਮਾ ਪਰਦਾ ਬਣਾਈਂ। ਇਹ ਪਰਦਾ ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਧਾਗੇ ਦਾ ਬਣਿਆ ਹੋਣਾ ਚਾਹੀਦਾ ਹੈ। ਉਸ ਪਰਦੇ ਉੱਤੇ ਕਸੀਦਾਕਾਰੀ ਕਰੀਂ। ਉਸ ਪਰਦੇ ਲਈ ਚਾਰ ਚੋਬਾਂ ਅਤੇ ਚਾਰ ਚੀਥੀਆਂ ਹੋਣੀਆਂ ਚਾਹੀਦੀਆਂ ਹਨ। 17 ਵਿਹੜੇ ਦੇ ਆਲੇ-ਦੁਆਲੇ ਦੀਆਂ ਸਾਰੀਆਂ ਚੋਬਾਂ ਪਰਦੇ ਦੀਆਂ ਲੱਕੜਾਂ ਚਾਂਦੀ ਨਾਲ ਜੁੜੀਆਂ ਹੋਣੀਆਂ ਚਾਹੀਦੀਆਂ ਹਨ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਗੁੰਦੇ ਹੋਏ ਮਹੀਨ ਲਿਨਨ ਦੇ ਪੰਜ ਕਿਊਬਿਟ ਉੱਚੇ ਪਰਦਿਆਂ ਦੇ ਨਾਲ ਵਿਹੜਾ 100 ਕਿਊਬਿਟ ਲੰਮਾ ਅਤੇ 50 ਕਿਊਬਿਟ ਚੌੜਾ ਹੋਣਾ ਚਾਹੀਦਾ ਹੈ। ਚੋਬਾਂ ਦੇ ਹੇਠਾਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਣੀਆਂ ਚਾਹੀਦੀਆਂ ਹਨ। 19 ਪਵਿੱਤਰ ਤੰਬੂ ਵਿੱਚ ਵਰਤੇ ਜਾਣ ਵਾਲੇ ਸਾਰੇ ਔਜ਼ਾਰ ਕਿੱਲੀਆਂ ਅਤੇ ਹੋਰ ਸਾਜ਼-ਸਮਾਨ ਪਿੱਤਲ ਦਾ ਹੋਣਾ ਚਾਹੀਦਾ ਹੈ। (ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਸਾਰੀਆਂ ਕਿੱਲੀਆਂ ਪਿੱਤਲ ਦੀਆਂ ਹੋਣੀਆਂ ਚਾਹੀਦੀਆਂ ਹਨ। 20 “ਇਸਰਾਏਲ ਦੇ ਲੋਕਾਂ ਨੂੰ ਆਦੇਸ਼ ਦਿਉ ਕਿ ਉਹ ਰੌਸ਼ਨੀ ਲਈ ਦੀਵੇ ਨੂੰ ਹਮੇਸ਼ਾ ਬਲਦਾ ਰੱਖਣ ਲਈ ਸਭ ਤੋਂ ਵਧੀਆ ਜੈਤੂਨ ਦਾ ਤੇਲ ਲੈਕੇ ਆਉਣ। 21 ਹਾਰੂਨ ਅਤੇ ਉਸਦੇ ਪੁੱਤਰਾਂ ਦੇ ਜ਼ਿਂਮੇ ਦੀਵੇ ਦੀ ਦੇਖ-ਭਾਲ ਕਰਨ ਦਾ ਕੰਮ ਹੋਵੇਗਾ। ਉਹ ਮੰਡਲੀ ਵਾਲੇ ਤੰਬੂ ਦੇ ਪਹਿਲੇ ਕਮਰੇ ਵਿੱਚ ਜਾਣਗੇ। ਇਹ ਉਸ ਕਮਰੇ ਦੇ ਬਾਹਰ ਵਾਲਾ ਕਮਰਾ ਹੈ ਜਿਸਦੇ ਅੰਦਰ ਪਰਦੇ ਪਿਛੇ ਇਕਰਾਰਨਾਮਾ ਹੈ। (ਉਹ ਪਰਦਾ ਜਿਹੜਾ ਦੋਹਾਂ ਕਮਰਿਆਂ ਨੂੰ ਵੱਖ ਕਰਦਾ ਹੈ।) ਇਸ ਥਾਂ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਯਹੋਵਾਹ ਦੇ ਸਨਮੁਖ ਦੀਵਾ ਸ਼ਾਮ ਤੋਂ ਸਵੇਰ ਤੱਕ ਲਗਾਤਾਰ ਬਲਦਾ ਰਹੇ। ਇਸਰਾਏਲ ਦੇ ਲੋਕਾਂ ਅਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਨੂੰ ਇਸ ਨੇਮ ਦੀ ਪਾਲਣਾ ਹਮੇਸ਼ਾ ਲਈ ਕਰਨੀ ਚਾਹੀਦੀ ਹੈ।”

28:1 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਤੋਂ ਤੇਰੇ ਕੋਲ ਆਉਣ। ਇਹ ਆਦਮੀ ਮੇਰੇ ਲਈ ਜਾਜਕਾਂ ਵਜੋਂ ਸੇਵਾ ਕਰਨਗੇ। 2 “ਆਪਣੇ ਭਰਾ ਹਾਰੂਨ ਲਈ ਖਾਸ ਕੱਪੜੇ ਬਣਾ ਜੋ ਉਸਨੂੰ ਸਤਿਕਾਰਯੋਗ ਅਤੇ ਗੌਰਵਮਈ ਬਨਾਉਣ। 3 ਤੁਹਾਡੇ ਦਰਮਿਆਨ ਮੈਂ ਮਾਹਰ ਲੋਕਾਂ ਨੂੰ ਸਿਆਣਪ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਹਾਰੂਨ ਨੂੰ ਪਵਿੱਤਰ ਬਨਾਉਣ ਲਈ ਉਸ ਲਈ ਵਸਤਰ ਤਿਆਰ ਕਰਨ ਲਈ ਆਖ ਅਤੇ ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ। 4 ਉਹ ਕੱਪੜੇ ਇਹ ਹਨ ਜੋ ਉਨ੍ਹਾਂ ਆਦਮੀਆਂ ਨੂੰ ਤਿਆਰ ਕਰਨੇ ਚਾਹੀਦੇ ਹਨ; ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਲਾ, ਉਣਿਆ ਹੋਇਆ ਚਿੱਟਾ ਚੋਲਾ, ਇੱਕ ਅਮਾਮਾ ਅਤੇ ਇੱਕ ਪੇਟੀ। ਇਨ੍ਹਾਂ ਲੋਕਾਂ ਨੂੰ ਤੇਰੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਇਹ ਖਾਸ ਵਸਤਰ ਤਿਆਰ ਕਰਨੇ ਚਾਹੀਦੇ ਹਨ। ਫ਼ੇਰ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਦੇ ਹਨ। 5 ਇਨ੍ਹਾਂ ਆਦਮੀਆਂ ਨੂੰ ਆਖਣਾ ਕਿ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਰਨ। 6 “ਏਫ਼ੋਦ ਤਿਆਰ ਕਰਨ ਲਈ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ। ਇਹ ਕਿਸੇ ਬਹੁਤ ਹੀ ਕੁਸ਼ਲ ਕਾਰੀਗਰ ਦਾ ਕੰਮ ਹੋਣਾ ਚਾਹੀਦਾ ਹੈ। 7 ਏਫ਼ੋਦ ਦੇ ਹਰੇਕ ਮੋਢੇ ਉੱਤੇ ਇੱਕ-ਇੱਕ ਕਤਰ ਹੋਵੇ। ਮੋਢਿਆਂ ਦੀਆਂ ਇਨ੍ਹਾਂ ਕਤਰਾਂ ਨੂੰ ਜੋੜਕੇ ਏਫ਼ੋਦ ਦੇ ਦੋ ਕਿਨਾਰੇ ਬਣਾਏ ਜਾਣੇ ਚਾਹੀਦੇ ਹਨ। 8 “ਕਾਰੀਗਰ ਏਫ਼ੋਦ ਲਈ ਪੇਟੀ ਨੂੰ ਬੜੇ ਧਿਆਨ ਨਾਲ ਬੁਨਣਗੇ। ਇਹ ਪੇਟੀ ਵੀ ਉਸੇ ਤਰ੍ਹਾਂ ਦੀ ਬਣੀ ਹੋਣੀ ਚਾਹੀਦੀ ਹੈ - ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ। 9 “ਦੋ ਸੁਲੇਮਾਨੀ ਪੱਥਰ ਲਵੋ। ਇਨ੍ਹਾ ਹੀਰਿਆਂ ਉੱਤੇ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਲਿਖੋ। 10 ਛੇ ਨਾਮ ਇੱਕ ਹੀਰੇ ਉੱਤੇ ਅਤੇ ਛੇ ਨਾਮ ਦੂਸਰੇ ਹੀਰੇ ਉੱਤੇ ਲਿਖਣੇ। ਇਹ ਨਾਮ ਵੱਡੇ ਪੁੱਤਰ ਤੋਂ ਛੋਟੇ ਪੁੱਤਰਾਂ ਤੱਕ ਕਰਮਵਾਰ ਲਿਖੇ ਹੋਣ। 11 “ਇਨ੍ਹਾਂ ਹੀਰਿਆਂ ਉੱਤੇ ਇਸਰਾਏਲ ਦੇ ਪੁੱਤਰ ਦੇ ਨਾਮ ਲਿਖੋ। ਇਸਨੂੰ ਉਸੇ ਤਰ੍ਹਾਂ ਕਰੋ ਜਿਵੇਂ ਕੋਈ ਕਾਮਾ ਮੁਹਰ ਬਨਾਉਣ ਲਈ ਕਰਦਾ ਹੈ ਅਤੇ ਇਨ੍ਹਾਂ ਹੀਰਿਆਂ ਨੂੰ ਸੁਨਿਹਰੀ ਫ਼ਰੇਮ ਵਿੱਚ ਜੜ ਦਿਉ। 12 ਫ਼ੇਰ ਇਨ੍ਹਾਂ ਦੋਹਾਂ ਹੀਰਿਆਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਲਾਉ। ਹਾਰੂਨ ਇਸ ਖਾਸ ਕੋਟ ਨੂੰ ਉਸ ਵੇਲੇ ਪਹਿਨੇਗਾ ਜਦੋਂ ਉਹ ਯਹੋਵਾਹ ਦੇ ਸਨਮੁਖ ਖਲੋਵੇਗਾ ਅਤੇ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਵਾਲੇ ਹੀਰੇ ਏਫ਼ੋਦ ਉੱਤੇ ਹੋਣਗੇ। ਇਹ ਹੀਰੇ ਪਰਮੇਸ਼ੁਰ ਅੱਗੇ, ਇਸਰਾਏਲ ਦੇ ਲੋਕਾਂ ਦੀ ਯਾਦਗਾਰੀ ਵਜੋਂ ਹੋਣਗੇ। 13 ਹੀਰਿਆਂ ਨੂੰ ਏਫ਼ੋਦ ਉੱਤੇ ਲਗਾਉਣ ਲਈ ਸ਼ੁਧ ਸੋਨਾ ਵਰਤੋਂ। 14 ਡੋਰੀਆਂ ਵਾਂਗ ਗੁੰਦੀਆਂ ਹੋਈਆਂ ਦੋ ਸੋਨੇ ਦੀਆਂ ਜੰਜੀਰੀਆਂ ਬਣਾਉ ਅਤੇ ਉਨ੍ਹਾਂ ਨੂੰ ਸੁਨਿਹਰੀ ਖਾਨਿਆਂ ਨਾਲ ਜੋੜ ਦਿਉ। 15 “ਪਰਧਾਨ ਜਾਜਕ ਲਈ ਨਿਆਉਂ ਦਾ ਇੱਕ ਸੀਨੇ-ਬੰਦ ਬਣਾਉ। ਮਾਹਰ ਕਾਰੀਗਰਾਂ ਨੂੰ ਇਹ ਸੀਨੇ-ਬੰਦ ਉਸੇ ਤਰ੍ਹਾਂ ਬਨਾਉਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਏਫ਼ੋਦ ਬਣਾਇਆ ਸੀ। ਉਨ੍ਹਾ ਨੂੰ ਸੋਨੇ ਦੇ ਧਾਗੇ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ ਚਾਹੀਦੀ ਹੈ। 16 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਕੋਰ ਜੇਬ ਬਣਾ ਲੈਣਾ ਚਾਹੀਦਾ ਹੈ। ਇਹ ਇੱਕ ਗਿਠ ਲੰਮੀ ਅਤੇ ਇੱਕ ਗਿਠ ਚੌੜੀ ਹੋਣੀ ਚਾਹੀਦੀ ਹੈ। 17 ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਕਤਾਰਾਂ ਰਖੀਂ। ਹੀਰਿਆਂ ਦੀ ਪਹਿਲੀ ਕਤਾਰ ਵਿੱਚ ਲਾਲ ਅਕੀਕ, ਸੁਨਿਹਰਾ ਜਬਰਜ਼ਦ ਮੋਤੀ ਅਤੇ ਪੰਨਾ ਹੋਣ। 18 ਦੂਸਰੀ ਕਤਾਰ ਵਿੱਚ ਲਾਲ ਅਕੀਕ, ਨੀਲਮ ਅਤੇ ਦੁਧੀਯਾ ਬਿਲੌਰ ਹੋਣ। 19 ਤੀਸਰੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਣ। 20 ਚੌਥੀ ਕਤਾਰ ਵਿੱਚ ਬੈਰੁਜ਼, ਸੁਲੇਮਾਨੀ ਤੇ ਯਬੁਸ਼ ਹੋਣ। ਇਨ੍ਹਾਂ ਸਾਰੇ ਹੀਰਿਆਂ ਨੂੰ ਸੋਨੇ ਵਿੱਚ ਮੜੀ। 21 ਸੀਨੇ-ਬੰਦ ਉੱਤੇ ਬਾਰ੍ਹਾਂ ਮੋਤੀ ਹੋਣਗੇ - ਇਸਰਾਏਲ ਦੇ ਹਰੇਕ ਪੁੱਤਰ ਲਈ ਇੱਕ ਮੋਤੀ। ਹਰੇਕ ਮੋਤੀ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਨਾਮ ਇੰਝ ਲਿਖੀਂ ਜਿਵੇਂ ਕੋਈ ਕਾਰੀਗਰ ਮੁਹਰ ਬਣਾਉਂਦਾ ਹੈ। 22 “ਸੀਨੇ-ਬੰਦ ਲਈ ਰਸੀ ਵਾਂਗ ਗੁੰਦੀਆਂ ਹੋਈਆਂ ਸ਼ੁਧ ਸੋਨੇ ਦੀਆਂ ਜੰਜੀਰੀਆਂ ਬਣਾਈ। 23 ਦੋ ਸੁਨਿਹਰੀ ਕੁੰਡਲ ਬਣਾਈ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕਿਨਾਰਿਆਂ ਉੱਤੇ ਪਾ ਦੇਵੀਂ। 24 ਸੋਨੇ ਦੀਆਂ ਦੋਹਾਂ ਜੰਜੀਰੀਆਂ ਨੂੰ ਸੀਨੇ-ਬੰਦ ਦੇ ਸਿਰਿਆਂ ਤੇ ਬਂਨ੍ਹੇ ਕੁੰਡਲਾਂ ਵਿੱਚ ਪਰੋ ਦੇਵੀ। 25 ਸੋਨੇ ਦੀਆਂ ਜੰਜੀਰੀਆਂ ਦੇ ਦੋਹਾਂ ਸਿਰਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ, ਇਸਦੇ ਸਾਮ੍ਹਣੇ ਵਾਲੇ ਪਾਸੇ ਦੋਹਾਂ ਖਾਨਿਆਂ ਨਾਲ ਕਸ ਦੇਵੀਂ। 26 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋਹਾਂ ਕਿਨਾਰਿਆਂ ਨਾਲ ਬੰਨ੍ਹ ਦੇਵੀਂ। ਇਹ ਏਫ਼ੋਦ ਦੇ ਨਾਲ ਲਗਦੇ ਸੀਨੇ-ਬੰਦ ਦੇ ਅੰਦਰਲੇ ਪਾਸੇ ਹੋਣਗੇ। 27 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਮੋਢੇ ਦਿਆਂ ਕਤਰਾਂ ਦੇ ਹੇਠਲੇ ਪਾਸੇ ਰਖੀਂ। ਏਫ਼ੋਦ ਦੀ ਪੇਟੀ ਦੇ ਉੱਪਰ ਵੀ ਸੋਨੇ ਦੇ ਕੁੰਡਲ ਰਖੀਂ। 28 ਸੀਨੇ-ਬੰਦ ਕੁੰਡਲਾਂ ਨੂੰ ਏਫ਼ੋਦ ਦੇ ਕੁੰਡਲਾਂ ਨਾਲ ਬੰਨ੍ਹਣ ਲਈ ਨੀਲੀਆਂ ਡੋਰਾ ਦੀ ਵਰਤੋਂ ਇੰਝ ਕਰੀਂ ਕਿ ਸੀਨੇ-ਬੰਦ ਪੇਟੀ ਦੇ ਨੇੜੇ ਹੋਵੇਗਾ ਅਤੇ ਏਫ਼ੋਦ ਦੇ ਨਾਲ ਲਗਿਆ। 29 “ਜਦੋਂ ਹਾਰੂਨ ਪਵਿੱਤਰ ਥਾਂ ਅੰਦਰ ਦਾਖਲ ਹੋਵੇਗਾ, ਉਸਨੂੰ ਸੀਨੇ-ਬੰਦ ਪਹਿਨਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਆਪਣੇ ਦਿਲ ਦੇ ਉੱਪਰ ਕਰਕੇ ਪਹਿਨੇਗਾ ਅਤੇ ਯਹੋਵਾਹ ਉਨ੍ਹਾਂ ਨੂੰ ਹਮੇਸ਼ਾ ਚੇਤੇ ਰਖੇਗਾ। 30 ਊਰੀਮ ਅਤੇ ਥੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਮ੍ਹਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਮ੍ਹਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਰਣਾ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ। 31 “ਏਫ਼ੋਦ ਲਈ ਇੱਕ ਨੀਲਾ ਚੋਲਾ ਬਣਾਉ। 32 ਇਸਦੇ ਕੇਂਦਰ ਵਿੱਚ ਸਿਰ ਵਾਸਤੇ ਇੱਕ ਸੁਰਾਖ ਬਣਾਉ, ਅਤੇ ਇਸ ਸੁਰਾਖ ਦੇ ਆਲੇ-ਦੁਆਲੇ ਇੱਕ ਕੱਪੜਾ ਸਿਉਂਕੇ ਲਗਾਉ। ਇਹ ਕੱਪੜਾ ਇੱਕ ਕਾਲਰ ਵਾਂਗ ਹੋਵੇਗਾ ਜਿਹੜਾ ਸੁਰਾਖ ਨੂੰ ਪਾਟਣ ਤੋਂ ਰੋਕੇਗਾ। 33 ਕੱਪੜੇ ਦੇ ਅਨਾਰ ਬਨਾਉਣ ਲਈ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰੋ। ਇਨ੍ਹਾਂ ਅਨਾਰਾਂ ਨੂੰ ਚੋਲੇ ਦੇ ਹੇਠਲੇ ਸਿਰੇ ਉੱਤੇ ਲਟਕਾਉ। ਅਤੇ ਅਨਾਰਾਂ ਦੇ ਵਿਚਕਾਰ ਸੋਨੇ ਦੇ ਘੁੰਗਰੂ ਲਟਕਾਉ। 34 ਇਸ ਤਰ੍ਹਾਂ ਚੋਲੇ ਦੇ ਹੇਠਲੇ ਸਿਰੇ ਉੱਤੇ ਘੁੰਗਰੂ ਅਤੇ ਅਨਾਰ ਹੋਣੇ ਚਾਹੀਦੇ ਹਨ। ਹਰੇਕ ਅਨਾਰ ਦੇ ਵਿਚਕਾਰ ਇੱਕ ਘੁੰਗਰੂ ਹੋਣਾ ਚਾਹੀਦਾ ਹੈ। 35 ਹਾਰੂਨ ਇਸ ਚੋਲੇ ਨੂੰ ਉਦੋਂ ਪਹਿਨੇਗਾ ਜਦੋਂ ਉਹ ਜਾਜਕ ਵਜੋਂ ਸੇਵਾ ਕਰੇਗਾ। ਜਿਵੇਂ ਹੀ ਹਾਰੂਨ ਯਹੋਵਾਹ ਦੇ ਸਨਮੁੱਖ ਖੜਾ ਹੋਣ ਲਈ ਪਵਿੱਤਰ ਸਥਾਨ ਉੱਤੇ ਜਾਵੇਗਾ ਇਹ ਘੁੰਗਰੂ ਵੱਜਣਗੇ। ਅਤੇ ਜਦੋਂ ਉਹ ਪਵਿੱਤਰ ਸਥਾਨ ਤੋਂ ਬਾਹਰ ਆਵੇਗਾ ਤਾਂ ਘੁੰਗਰੂ ਵੱਜਣਗੇ। ਇਸ ਤਰ੍ਹਾਂ ਕਰਨ ਨਾਲ ਹਾਰੂਨ ਮਰੇਗਾ ਨਹੀਂ। 36 “ਨਮੂਨਿਆਂ ਨਾਲ ਉਕਰੀ ਹੋਈ ਸੁਨਿਹਰੀ ਫ਼ੱਟੀ ਬਣਾਓ ਅਤੇ ਇਸ ਉੱਤੇ ਇਹ ਸ਼ਬਦ ਇੰਝ ਲਿਖੋ ਜਿਵੇਂ ਲੋਕ ਮੁਹਰ ਬਣਾਉਂਦੇ ਹਨ। 37 ਸੁਨਿਹਰੀ ਫ਼ੱਟੀ ਨੂੰ ਅਮਾਮੇ ਦੇ ਸਾਮ੍ਹਣੇ ਵਾਲੇ ਪਾਸੇ ਇੱਕ ਨੀਲੇ ਰਿਬਨ ਨਾਲ ਬੰਨ੍ਹੋ। 38 ਹਾਰੂਨ ਇਸਨੂੰ ਆਪਣੇ ਸਿਰ ਉੱਤੇ ਬੰਨ੍ਹੇਗਾ। ਇਸ ਤਰ੍ਹਾਂ ਨਾਲ ਉਹ ਅਜਿਹੇ ਪਾਪ ਨੂੰ ਵੀ ਦੂਰ ਕਰ ਦੇਵੇਗਾ ਜਿਹੜਾ ਇਸਰਾਏਲ ਦੇ ਲੋਕਾਂ ਦੀਆਂ ਸੁਗਾਤਾਂ ਨਾਲ ਸੰਬੰਧਿਤ ਹੋਵੇਗਾ। ਇਹ ਸੁਗਾਤਾਂ ਉਹ ਹਨ ਜੋ ਲੋਕ ਯਹੋਵਾਹ ਨੂੰ ਦਿੰਦੇ ਹਨ। ਹਾਰੂਨ ਇਸਨੂੰ ਹਮੇਸ਼ਾ ਆਪਣੇ ਸਿਰ ਉੱਤੇ ਪਹਿਨੇਗਾ ਤਾਂ ਜੋ ਯਹੋਵਾਹ ਲੋਕਾਂ ਦੀਆਂ ਸੁਗਾਤਾਂ ਨੂੰ ਪਰਵਾਨ ਕਰ ਲਵੇ। 39 “ਉਣਿਆ ਹੋਇਆ ਚਿੱਟਾ ਚੋਲਾ ਬਨਾਉਣ ਲਈ ਮਹੀਨ ਕੱਪੜੇ ਦੀ ਵਰਤੋਂ ਕਰੋ ਅਤੇ ਅਮਾਮਾ ਬਨਾਉਣ ਲਈ ਵੀ ਮਹੀਨ ਕੱਪੜਾ ਵਰਤੋਂ। ਪੇਟੀ ਉੱਤੇ ਨਮੂਨੇ ਕੱਢੇ ਹੋਣੇ ਚਾਹੀਦੇ ਹਨ। 40 ਹਾਰੂਨ ਦੇ ਪੁੱਤਰਾਂ ਲਈ ਵੀ ਕੋਟ, ਪੇਟੀਆਂ ਅਤੇ ਅਮਾਮੇ ਬਣਾਉ। ਪਹਿਨਣ ਵਾਲੇ ਕੱਪੜੇ ਉਨ੍ਹਾਂ ਨੂੰ ਸਤਿਕਾਰ ਦੇਣਗੇ ਅਤੇ ਗੌਰਵਮਈ ਬਨਾਉਣਗੇ। 41 ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਬਸਤਰ ਪਹਿਨਾਓ। ਫ਼ੇਰ ਉਨ੍ਹਾਂ ਨੂੰ ਜਾਜਕ ਬਨਾਉਣ ਲਈ ਉਨ੍ਹਾਂ ਉੱਪਰ ਖਾਸ ਤੇਲ ਦਾ ਛਿੜਕਾਉ ਕਰੋ। ਇਹ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨਗੇ। 42 “ਜਾਜਕਾਂ ਦੇ ਅੰਦਰਲੇ ਵਸਤਰਾਂ ਲਈ ਲਿਨਨ ਦੀ ਵਰਤੋਂ ਕਰੋ। ਇਹ ਅੰਦਰਲੇ ਵਸਤਰ ਉਨ੍ਹਾਂ ਨੂੰ ਲੱਕ ਤੋਂ ਲੈਕੇ ਪੱਟਾਂ ਤੱਕ ਕੱਜਣਗੇ। 43 ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਰ ਉਸ ਸਮੇਂ ਇਹ ਵਸਤਰ ਪਹਿਣਣੇ ਚਾਹੀਦੇ ਹਨ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ। ਜਦੋਂ ਵੀ ਉਹ ਪਵਿੱਤਰ ਸਥਾਨ ਉੱਤੇ ਜਗਵੇਦੀ ਦੇ ਨੇੜੇ ਜਾਜਕਾਂ ਵਜੋਂ ਸੇਵਾ ਕਰਨ ਲਈ ਆਉਣ ਉਨ੍ਹਾਂ ਨੂੰ ਇਹ ਵਸਤਰ ਜ਼ਰੂਰ ਪਹਿਨਣੇ ਚਾਹੀਦੇ ਹਨ। ਜੇ ਉਹ ਇਹ ਵਸਤਰ ਨਹੀਂ ਪਹਿਨਣਗੇ ਤਾਂ ਉਹ ਗੁਨਾਹ ਦੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਮਰਨਾ ਪਵੇਗਾ। ਇਹ ਸਾਰਾ ਕੁਝ ਅਜਿਹੀ ਬਿਧੀ ਹੋਣੀ ਚਾਹੀਦੀ ਹੈ ਜੋ ਹਾਰੂਨ ਅਤੇ ਉਸਦੇ ਬਾਦ ਉਸਦੇ ਸਾਰੇ ਪਰਿਵਾਰ ਲਈ ਹਮੇਸ਼ਾ ਜਾਰੀ ਰਹੇ।”

29:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਮੈਂ ਤੈਨੂੰ ਦੱਸਾਂਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਖਾਸ ਢੰਗ ਨਾਲ ਮੇਰੀ ਸੇਵਾ ਕਰਦੇ ਹਨ, ਦਰਸਾਉਣ ਲਈ ਤੈਨੂੰ ਕੀ ਕਰਨਾ ਚਾਹੀਦਾ ਹੈ। ਇੱਕ ਜਵਾਨ ਵਹਿੜਕਾ ਅਤੇ ਦੋ ਜਵਾਨ ਭੇਡੂ ਲਵੀਂ ਜਿਨ੍ਹਾਂ ਵਿੱਚ ਕੋਈ ਨੁਕਸ ਨਾ ਹੋਵੇ। 2 ਫ਼ੇਰ ਖਮੀਰ ਤੋਂ ਬਿਨਾ ਰੋਟੀ ਬਨਾਉਣ ਲਈ ਮੈਦਾ ਲਵੋ। ਅਤੇ ਇਨ੍ਹਾਂ ਈਜ਼ਾਂ ਦੀ ਵਰਤੋਂ ਜੈਤੂਨ ਦੇ ਤੇਲ ਵਿੱਚ ਗੁਂਨ੍ਹਕੇ ਰੋਟੀਆਂ ਬਨਾਉਣ ਲਈ ਕਰੋ। ਅਤੇ ਜੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਛੋਟੀਆਂ, ਪਤਲੀਆਂ ਰੋਟੀਆਂ ਬਣਾਉ। 3 ਇਹ ਰੋਟੀਆਂ ਇੱਕ ਟੋਕਰੀ ਵਿੱਚ ਪਾਕੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਵੋ। ਉਸੇ ਵੇਲੇ, ਵਹਿੜਕਾ ਅਤੇ ਦੋ ਭੇਡੂ ਉਨ੍ਹਾਂ ਨੂੰ ਦੇ ਦੇਵੋ। 4 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਲਿਆਉ। ਉਨ੍ਹਾਂ ਨੂੰ ਪਾਣੀ ਨਾਲ ਇਸ਼ਨਾਨ ਕਰਾਉ। 5 ਹਾਰੂਨ ਨੂੰ ਖਾਸ ਵਸਤਰ ਪਹਿਨਾਉ। ਉਸਨੂੰ ਉਣਿਆ ਹੋਇਆ ਚਿੱਟਾ ਚੋਲਾ ਅਤੇ ਏਫ਼ੋਦ ਨਾਲ ਪਹਿਨਣ ਵਾਲਾ ਨੀਲਾ ਚੋਲਾ ਪਹਿਨਾਉ। ਉਸਨੂੰ ਏਫ਼ੋਦ ਅਤੇ ਸੀਨੇ-ਬੰਦ ਪਹਿਨਾਉ। ਫ਼ੇਰ ਉਸ ਉੱਤੇ ਖੂਬਸੂਰਤ ਪੇਟੀ ਬੰਨ੍ਹ ਦਿਉ। 6 ਉਸਦੇ ਸਿਰ ਉੱਤੇ ਅਮਾਮਾ ਰਖੋ। ਅਤੇ ਅਮਾਮੇ ਦੇ ਦੁਆਲੇ ਖਾਸ ਤਾਜ ਰਖੋ। 7 ਮਸਹ ਕਰਨ ਦਾ ਤੇਲ ਲੈਕੇ ਹਾਰੂਨ ਦੇ ਸਿਰ ਤੇ ਚੋਅ। ਇਹ ਦਰਸਾਵੇਗਾ ਕਿ ਹਾਰੂਨ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ। 8 “ਫ਼ੇਰ ਹਾਰੂਨ ਦੇ ਪੁੱਤਰਾਂ ਨੂੰ ਉਸ ਥਾਂ ਤੇ ਲਿਆਉਣਾ। ਉਨ੍ਹਾਂ ਨੂੰ ਉਣੇ ਹੋਏ ਚਿੱਟੇ ਚੋਲੇ ਪੁਆਉਣੇ। 9 ਫ਼ੇਰ ਉਨ੍ਹਾਂ ਦੀਆਂ ਕਮਰਾਂ ਦੁਆਲੇ ਪੇਟੀਆਂ ਬੰਨ੍ਹਣੀਆਂ। ਉਨ੍ਹਾਂ ਨੂੰ ਪਹਿਨਣ ਲਈ ਖਾਸ ਟੋਪੀਆਂ ਦੇਣੀਆਂ। ਉਸ ਸਮੇਂ ਉਹ ਜਾਜਕ ਬਨਣਾ ਸ਼ੁਰੂ ਹੋ ਜਾਣਗੇ। ਉਹ ਉਸ ਖਾਸ ਨੇਮ ਦੇ ਅਧੀਨ ਜਾਜਕ ਹੋਣਗੇ ਜਿਹੜਾ ਹਮੇਸ਼ਾ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਨਾਲ ਤੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕ ਥਾਪੇਂਗਾ। 10 “ਫ਼ੇਰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਉਸ ਥਾਂ ਤੇ ਵਹਿੜਕਾ ਲੈਕੇ ਆਉਣਾ। ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਚਾਹੀਦਾ ਹੈ ਕਿ ਉਹ ਵਹਿੜਕੇ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11 ਫ਼ੇਰ ਮੰਡਲੀ ਵਾਲੇ ਤੰਬੂ ਸਾਮ੍ਹਣੇ ਉਸੇ ਥਾਂ ਤੇ ਯਹੋਵਾਹ ਅੱਗੇ ਉਸ ਵਹਿੜਕੇ ਨੂੰ ਜ਼ਿਬਾਹ ਕਰਨਾ। 12 ਫ਼ੇਰ ਵਹਿੜਕੇ ਦਾ ਥੋੜਾ ਜਿਹਾ ਖੂਨ ਲੈਣਾ ਅਤੇ ਜਗਵੇਦੀ ਵੱਲ ਜਾਣਾ। ਆਪਣੀ ਉਂਗਲੀ ਨਾਲ ਥੋੜਾ ਜਿਹਾ ਖੂਨ ਜਗਵੇਦੀ ਦੇ ਸਿੰਗਾਂ ਉੱਤੇ ਲਾਉਣਾ। ਬਚਿਆ ਹੋਇਆ ਸਾਰਾ ਖੂਨ ਜਗਵੇਦੀ ਦੇ ਹੇਠਲੇ ਪਾਸੇ ਡੋਲ੍ਹ ਦੇਣਾ। 13 ਫ਼ੇਰ ਵਹਿੜਕੇ ਦੇ ਜਿਸਮ ਦੀ ਸਾਰੀ ਚਰਬੀ ਲੈਣੀ, ਜਿਗਰ ਦਾ ਚਰਬੀ ਵਾਲਾ ਭਾਗ, ਦੋਵੇਂ ਗੁਰਦੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀ ਚਰਬੀ। ਇਸ ਚਰਬੀ ਨੂੰ ਜਗਵੇਦੀ ਉੱਤੇ ਬਾਲਣਾ। 14 ਫ਼ੇਰ ਵਹਿੜਕੇ ਦਾ ਮਾਸ, ਇਸਦੀ ਚਮੜੀ, ਅਤੇ ਇਸਦੇ ਹੋਰ ਸਾਰੇ ਅੰਗ ਲੈਕੇ ਉਨ੍ਹਾਂ ਨੂੰ ਆਪਣੇ ਡੇਰੇ ਤੋਂ ਬਾਹਰ ਸਾੜ ਦੇਣਾ। ਇਹ ਜਾਜਕਾਂ ਦੇ ਪਾਪਾਂ ਨੂੰ ਦੂਰ ਕਰਨ ਲਈ ਪਾਪ ਦੀ ਭੇਟ ਹੈ। 15 “ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਭੇਡੂਆਂ ਵਿੱਚੋਂ ਇੱਕ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 16 ਉਸ ਭੇਡੂ ਨੂੰ ਜ਼ਿਬਾਹ ਕਰ ਦੇਣਾ ਅਤੇ ਉਸਦਾ ਖੂਨ ਬਚਾ ਲੈਣਾ ਇਸ ਖੂਨ ਨੂੰ ਜਗਵੇਦੀ ਦੇ ਚਾਰੀ ਪਾਸੀਂ ਨਾਲ-ਨਾਲ ਛਿੜਕ ਦੇਣਾ। 17 ਫ਼ੇਰ ਭੇਡੂ ਦੇ ਕਈ ਟੁਕੜੇ ਕਰ ਦੇਣੇ। ਭੇਡੂ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਧੋ ਲੈਣਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਭੇਡੂ ਦੇ ਸਿਰ ਅਤੇ ਹੋਰ ਹਿਸਿਆਂ ਦੇ ਨਾਲ ਰੱਖ ਦੇਣਾ। 18 ਫ਼ੇਰ ਹਰ ਚੀਜ਼ ਨੂੰ ਜਗਵੇਦੀ ਉੱਤੇ ਸਾੜ ਦੇਣਾ। ਇਹ ਹੋਮ ਦੀ ਭੇਟ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ। 19 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੂਸਰੇ ਭੇਡੂ ਦੇ ਸਿਰ ਤੇ ਹੱਥ ਰੱਖਣ ਲਈ ਆਖਣਾ। 20 ਉਸ ਭੇਡੂ ਨੂੰ ਮਾਰਕੇ ਉਸਦਾ ਕੁਝ ਖੂਨ ਇਕਠਾ ਕਰ ਲੈਣਾ। ਇਹ ਖੂਨ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਹੇਠਲੇ ਹਿੱਸੇ ਉੱਤੇ ਮਲ ਦੇਣਾ। ਕੁਝ ਖੂਨ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਮਲ ਦੇਣਾ, ਫ਼ੇਰ ਖੂਨ ਨੂੰ ਜਗਵੇਦੀ ਦੇ ਚਾਰੇ ਪਾਸੇ ਛਿੜਕ ਦੇਣਾ। 21 ਫ਼ੇਰ ਜਗਵੇਦੀ ਤੋਂ ਕੁਝ ਖੂਨ ਲੈਣਾ, ਇਸਨੂੰ ਖਾਸ ਤੇਲ ਵਿੱਚ ਮਿਲਾਕੇ ਹਾਰੂਨ ਅਤੇ ਉਸਦੇ ਵਸਤਰਾਂ ਉੱਤੇ ਛਿੜਕ ਦੇਣਾ ਅਤੇ ਉਸਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕ ਦੇਣਾ। ਇਹ ਦਰਸਾਵੇਗਾ ਕਿ ਹਾਰੂਨ ਅਤੇ ਉਸਦੇ ਪੁੱਤਰ ਮੇਰੀ ਖਾਸ ਤਰ੍ਹਾਂ ਨਾਲ ਸੇਵਾ ਕਰਦੇ ਹਨ ਅਤੇ ਉਨ੍ਹਾਂ ਦੇ ਵਸਤਰ ਸਿਰਫ਼ ਇਸ ਖਾਸ ਸੇਵਾ ਲਈ ਹੀ ਇਸਤੇਮਾਲ ਹੁੰਦੇ ਹਨ। 22 “ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸਦੇ ਅੰਦਰਲੇ ਅੰਗਾਂ ਨੂੰ ਢਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ। 23 ਫ਼ੇਰ ਰੋਟੀ ਵਾਲੀ ਉਹ ਟੋਕਰੀ ਲੈਣਾ ਜਿਹੜੀ ਤੁਸੀਂ ਖਮੀਰ ਤੋਂ ਬਿਨਾ ਬਣਾਕੇ ਯਹੋਵਾਹ ਦੇ ਅੱਗੇ ਰਖੀ ਸੀ। ਟੋਕਰੀ ਵਿੱਚੋਂ ਇਹ ਚੀਜ਼ਾਂ ਬਾਹਰ ਕੱਢ ਲੈਣੀਆਂ; ਇੱਕ ਡਬਲ ਰੋਟੀ, ਤੇਲ ਨਾਲ ਬਣੀ ਹੋਈ ਇੱਕ ਰੋਟੀ, ਅਤੇ ਇੱਕ ਪਤਲਾ ਕੇਕ। 24 ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦੇਣੀਆਂ। ਉਨ੍ਹਾਂ ਨੂੰ ਆਖਣਾ ਕਿ ਇਨ੍ਹਾਂ ਚੀਜ਼ਾਂ ਨੂੰ ਆਪਣੇ ਹੱਥਾਂ ਵਿੱਚ ਲੈਕੇ ਯਹੋਵਾਹ ਦੇ ਸਨਮੁਖ ਖਲੋਣ। ਇਹ ਯਹੋਵਾਹ ਲਈ ਹਿਲਾਉਣ ਦੀ ਭੇਟਾ ਹੋਵੇਗੀ। 25 ਫ਼ੇਰ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਪਾਸੋਂ ਲੈ ਲੈਣੀਆਂ ਅਤੇ ਉਨ੍ਹਾਂ ਨੂੰ ਭੇਡੂ ਦੇ ਸਮੇਤ ਜਗਵੇਦੀ ਉੱਤੇ ਰੱਖ ਦੇਣਾ। ਇਹ ਹੋਮ ਦੀ ਭੇਟਾ ਹੈ, ਅੱਗ ਦੁਆਰਾ ਚੜਾਈ ਗਈ ਭੇਟ, ਯਹੋਵਾਹ ਦੇ ਅੱਗੇ ਉਹ ਪ੍ਰਸੰਨ ਕਰਨ ਵਾਲੀ ਸੁਗੰਧੀ। 26 “ਫ਼ੇਰ ਭੇਡੂ ਦਾ ਸੀਨਾ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਵਿੱਚ ਕੀਤੀ ਜਾਵੇਗੀ।) ਯਹੋਵਾਹ ਦੇ ਸਾਮ੍ਹਣੇ ਭੇਡੂ ਦੇ ਸੀਨੇ ਨੂੰ ਖਾਸ ਬੇਟਾ ਵਜੋਂ ਹੱਥਾਂ ਵਿੱਚ ਫ਼ੜੋ। ਫ਼ੇਰ ਇਸਨੂੰ ਵਾਪਸ ਲੈਕੇ ਆਪਣੇ ਹਿੱਸੇ ਵਜੋਂ ਰੱਖ ਲਵੋ। 27 ਉਸ ਭੇਡੂ ਦਾ ਸੀਨਾ ਅਤੇ ਲੱਤ ਲਵੋ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਲਈ ਅਤੇ ਉਨ੍ਹਾਂ ਹਿਸਿਆਂ ਨੂੰ ਪਵਿੱਤਰ ਬਨਾਉਣ ਲਈ ਕੀਤੀ ਗਈ ਸੀ। ਫ਼ੇਰ ਇਹ ਖਾਸ ਹਿੱਸੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਉ। 28 ਇਸਰਾਏਲ ਦੇ ਲੋਕ ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਿੱਸੇ ਹਮੇਸ਼ਾ ਦੇਣਗੇ। ਜਦੋਂ ਇਸਰਾਏਲ ਦੇ ਲੋਕ ਯਹੋਵਾਹ ਨੂੰ ਚੜਾਵਾ ਚੜਾਉਣਗੇ ਇਹ ਹਿੱਸੇ ਹਮੇਸ਼ਾ ਜਾਜਕਾਂ ਦੇ ਹੋਣਗੇ। ਜਦੋਂ ਉਹ ਇਨ੍ਹਾਂ ਹਿਸਿਆਂ ਨੂੰ ਜਾਜਕਾਂ ਨੂੰ ਦੇਣਗੇ, ਇਹ ਇਨ੍ਹਾਂ ਨੂੰ ਯਹੋਵਾਹ ਨੂੰ ਭੇਂਟ ਕਰਨ ਵਾਲੀ ਗੱਲ ਹੀ ਹੋਵੇਗੀ। 29 “ਉਨ੍ਹਾਂ ਖਾਸ ਕੱਪੜਿਆਂ ਨੂੰ ਬਚਾਕੇ ਰਖੋ ਜਿਹੜੇ ਹਾਰੂਨ ਲਈ ਬਣਾਏ ਗਏ ਸਨ। ਉਹ ਕੱਪੜੇ ਉਸਤੋਂ ਬਾਦ ਜਿਉਣ ਵਾਲੇ ਉਸਦੇ ਸਾਰੇ ਲੋਕਾਂ ਦੇ ਹੋਣਗੇ। ਜਦੋਂ ਉਨ੍ਹਾਂ ਨੂੰ ਜਾਜਕ ਚੁਣਿਆ ਜਾਵੇਗਾ ਤਾਂ ਉਹ ਇਹ ਕੱਪੜੇ ਪਹਿਨਣਗੇ। 30 ਹਾਰੂਨ ਦਾ ਪੁੱਤਰ ਉਸਤੋਂ ਮਗਰੋਂ ਅਗਲਾ ਪਰਧਾਨ ਜਾਜਕ ਬਣੇਗਾ। ਉਹ ਪੁੱਤਰ ਜਦੋਂ ਪਵਿੱਤਰ ਸਥਾਨ ਉੱਤੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਵੇਗਾ ਤਾਂ ਸੱਤ ਦਿਨ ਇਹ ਵਸਤਰ ਪਹਿਨੇਗਾ। 31 “ਉਸ ਭੇਡੂ ਦਾ ਮਾਸ ਪਵਿੱਤਰ ਸਥਾਨ ਤੇ ਰਿੰਨ੍ਹੋ ਜਿਸਨੂੰ ਹਰੂਨ ਦੇ ਪਰਧਾਨ ਜਾਜਕ ਬਨਾਉਣ ਲਈ ਵਰਤਿਆ ਗਿਆ ਸੀ। 32 ਫ਼ੇਰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਉਹ ਮਾਸ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਦਰਵਾਜ਼ੇ ਤੇ ਖਾਣਾ ਚਾਹੀਦਾ ਹੈ। ਅਤੇ ਉਨ੍ਹਾਂ ਨੂੰ ਉਹ ਰੋਟੀ ਵੀ ਖਾਣੀ ਚਾਹੀਦੀ ਹੈ ਜਿਹੜੀ ਟੋਕਰੀ ਵਿੱਚ ਹੈ। 33 ਇਨ੍ਹਾਂ ਚੜਾਵਿਆਂ ਦੀ ਵਰਤੋਂ ਉਦੋਂ ਉਨ੍ਹਾਂ ਦਾ ਪਰਾਸਚਿਤ ਕਰਨ ਲਈ ਕੀਤੀ ਗਈ ਸੀ ਜਦੋਂ ਉਨ੍ਹਾਂ ਨੂੰ ਜਾਜਕ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਉਹ ਭੇਟਾਂ ਖਾਣੀਆਂ ਚਾਹੀਦੀਆਂ ਹਨ। ਕਿਸੇ ਵੀ ਅਜਨਬੀ ਨੂੰ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਉਹ ਪਵਿੱਤਰ ਹਨ। 34 ਜੇ ਉਸ ਭੇਡੂ ਦੇ ਮਾਸ ਵਿੱਚੋਂ ਜਾਂ ਰੋਟੀ ਦਾ ਕੋਈ ਟੁਕੜਾ ਸਵੇਰ ਲਈ ਬਚ ਜਾਵੇ ਤਾਂ ਉਸਨੂੰ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਹ ਮਾਸ ਜਾਂ ਰੋਟੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸਨੂੰ ਸਿਰਫ਼ ਖਾਸ ਢੰਗ ਨਾਲ ਖਾਸ ਸਮੇਂ ਹੀ ਖਾਣਾ ਚਾਹੀਦਾ ਸੀ। 35 “ਤੁਹਾਨੂੰ ਇਹ ਸਾਰੀਆਂ ਗੱਲਾਂ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਬਿਲਕੁਲ ਉਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਸੀ। ਉਨ੍ਹਾਂ ਨੂੰ ਜਾਜਕ ਥਾਪਣ ਦੀ ਰਸਮ ਪੂਰੇ ਸੱਤ ਦਿਨ ਜਾਰੀ ਰਖਣੀ ਚਾਹੀਦੀ ਹੈ। 36 ਤੁਹਾਨੂੰ ਸੱਤਾਂ ਦਿਨਾਂ ਤੱਕ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਵਹਿੜਕਾ ਮਾਰਨਾ ਚਾਹੀਦਾ ਹੈ। ਇਹ ਭੇਟ ਪਰਾਸਚਿਤ ਲਈ ਹੋਵੇਗੀ। ਤੁਸੀਂ ਇਨ੍ਹਾਂ ਬਲੀਆਂ ਨੂੰ ਜਗਵੇਦੀ ਨੂੰ ਪਵਿੱਤਰ ਬਨਾਉਣ ਲਈ ਵਰਤੋਂਗੇ। ਅਤੇ ਇਸਨੂੰ ਪਵਿੱਤਰ ਬਨਾਉਣ ਲਈ ਇਸ ਉੱਤੇ ਜੈਤੂਨ ਦਾ ਤੇਲ ਛਿੜਕੋਂਗੇ। 37 ਤੁਸੀਂ ਜਗਵੇਦੀ ਲਈ ਸੱਤਾਂ ਦਿਨਾਂ ਲਈ ਪਰਾਸਚਿਤ ਕਰੋਂਗੇ ਅਤੇ ਇਸਨੂੰ ਪਵਿੱਤਰ ਬਣਾਵੋਂਗੇ। ਉਸ ਸਮੇਂ, ਜਗਵੇਦੀ ਅੱਤ ਪਵਿੱਤਰ ਹੋ ਜਾਵੇਗੀ ਅਤੇ ਕੋਈ ਵੀ ਚੀਜ਼ ਜਿਹੜੀ ਜਗਵੇਦੀ ਨੂੰ ਛੂਹੇਗੀ, ਪਵਿੱਤਰ ਬਣ ਜਾਵੇਗੀ। 38 “ਹਰ ਰੋਜ਼ ਤੁਹਾਨੂੰ ਜਗਵੇਡੀ ਉੱਤੇ ਇੱਕ ਭੇਟ ਚੜਾਉਣੀ ਚਾਹੀਦੀ ਹੈ। ਤੁਹਾਨੂੰ ਇੱਕ ਸਾਲ ਦੇ ਦੋ ਲੇਲੇ ਮਾਰਨੇ ਚਾਹੀਦੇ ਹਨ। 39 ਇੱਕ ਲੇਲੇ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਵੇਲੇ ਬਲੀ ਚੜਾਉ। 40 ਜਦੋਂ ਤੁਸੀਂ ਪਹਿਲੇ ਲੇਲੇ ਨੂੰ ਚੜਾਵੋ, ਇਸਦੇ ਨਾਲ ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਮੈਅ ਦੀ ਭੇਟਾ ਵਜੋਂ ਚੜਾਵੋ। ਜਦੋਂ ਤੁਸੀਂ ਸ਼ਾਮ ਵੇਲੇ ਦੂਜੇ ਲੇਲੇ ਨੂੰ ਮਾਰੋਂ, ਪੁਰਾਣੇ ਤੇਲ ਦੇ ਇੱਕ ਹਿਨ ਦੇ ਇੱਕ ਚੁਥਾਈ ਹਿੱਸੇ ਨਾਲ ਮਿਲੇ ਮੈਦੇ ਦੇ 8 ਕੱਪ ਅਤੇ ਮੈਅ ਦੇ ਇੱਕ ਹਿਨ ਦਾ ਇੱਕ ਕੁਆਟਰ ਚੜਾਵੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਸਵੇਰੇ ਕੀਤਾ ਸੀ। ਇਹ ਯਹੋਵਾਹ ਨੂੰ ਭੋਜਨ ਦੀ ਭੇਟ ਹੋਵੇਗੀ ਅਤੇ ਜਦੋਂ ਤੁਸੀਂ ਇਹ ਭੇਟ ਸਾੜੋਂਗੇ, ਇਹ ਯਹੋਵਾਹ ਅੱਗੇ ਪ੍ਰਸੰਨ ਕਰਨ ਵਾਲੀ ਸੁਗੰਧ ਹੋਵੇਗੀ। 41 42 “ਤੁਹਾਨੂੰ ਇਹ ਚੀਜ਼ਾਂ ਹਰ ਰੋਜ਼ ਯਹੋਵਾਹ ਨੂੰ ਪੂਰੀ ਹੋਮ ਦੀ ਭੇਟ ਵਜੋਂ ਚੜਾਉਣੀਆਂ ਚਾਹੀਦੀਆਂ ਹਨ। ਇਸਨੂੰ ਯਹੋਵਾਹ ਦੇ ਸਾਮ੍ਹਣੇ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਕਰੋ। ਹਰ ਸਮੇਂ ਅਜਿਹਾ ਕਰਦੇ ਰਹੋ। ਜਦੋਂ ਤੁਸੀਂ ਭੇਟ ਚੜਾਵੋਂਗੇ, ਮੈਂ, ਯਹੋਵਾਹ, ਤੁਹਾਨੂੰ ਉਥੇ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43 ਮੈਂ ਤੁਹਾਨੂੰ ਉਸ ਥਾਂ ਇਸਰਾਏਲ ਦੇ ਲੋਕਾਂ ਨਾਲ ਮਿਲਾਂਗਾ। ਅਤੇ ਮੇਰਾ ਪਰਤਾਪ ਉਸ ਥਾਂ ਨੂੰ ਪਵਿੱਤਰ ਬਣਾ ਦੇਵੇਗਾ। 44 “ਇਸ ਤਰ੍ਹਾਂ ਮੈਂ ਮੰਡਲੀ ਵਾਲੇ ਤੰਬੂ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਜਗਵੇਦੀ ਨੂੰ ਪਵਿੱਤਰ ਬਣਾ ਦਿਆਂਗਾ। ਅਤੇ ਮੈਂ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਪਵਿੱਤਰ ਬਾਣਾ ਦਿਆਂਗਾ। ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ। 45 ਮੈਂ ਇਸਰਾਏਲ ਦੇ ਲੋਕਾਂ ਨਾਲ ਰਹਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। 46 ਲੋਕ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ ਉਹ ਜਾਣ ਲੈਣਗੇ ਕਿ ਮੈਂ ਹੀ ਉਹ ਹਾਂ ਜਿਹੜਾ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਸੀ ਤਾਂ ਜੋ ਮੈਂ ਉਨ੍ਹਾਂ ਦੇ ਨਾਲ ਰਹਿ ਸਕਾਂ। ਮੈਂ ਯਹੋਵਾਹ ਹਾਂ, ਉਨ੍ਹਾਂ ਦਾ ਪਰਮੇਸ਼ੁਰ।”

30:1 ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਸ਼ਿੱਟੀਮ ਦੀ ਲੱਕੜ ਦੀ ਇੱਕ ਜਗਵੇਦੀ ਬਣਾਉ। ਤੁਸੀਂ ਇਸ ਜਗਵੇਦੀ ਨੂੰ ਧੂਫ਼ ਧੁਖਾਉਣ ਲਈ ਵਰਤੋਂਗੇ। 2 ਤੁਹਾਨੂੰ ਜਗਵੇਦੀ ਚੌਕੋਰ ਬਨਾਉਣੀ ਚਾਹੀਦੀ ਹੈ - ਇੱਕ ਹੱਥ ਲੰਮੀ ਤੇ ਇੱਕ ਹੱਥ ਚੌੜੀ। ਇਹ ਦੋ ਹੱਥ ਉੱਚੀ ਹੋਣੀ ਚਾਹੀਦੀ ਹੈ ਇਸਦੇ ਚੌਹਾਂ ਕੋਨਿਆਂ ਉੱਤੇ ਸਿੰਗ ਹੋਣੇ ਚਾਹੀਦੇ ਹਨ। ਇਨ੍ਹਾਂ ਸਿੰਗਾ ਨੂੰ ਜਗਵੇਦੀ ਨਾਲ ਇੱਕ ਮਿੱਕ ਕਰਕੇ ਬਨਾਉਣਾ ਚਾਹੀਦਾ ਹੈ। 3 ਜਗਵੇਦੀ ਦੇ ਉੱਪਰ ਪਾਸੇ ਅਤੇ ਇਸਦੇ ਸਾਰੇ ਪਾਸਿਆਂ ਉੱਪਰ ਸ਼ੁਧ ਸੋਨਾ ਚੜਾਉ। ਅਤੇ ਜਗਵੇਦੀ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਉ। 4 ਇਸ ਸੁਨਿਹਰੀ ਕਿਨਾਰੀ ਦੇ ਹੇਠਾਂ ਸੋਨੇ ਦੇ ਦੋ ਕੜੇ ਅਤੇ ਜਗਵੇਦੀ ਦੇ ਹਰ ਪਾਸੇ ਸੋਨੇ ਦੇ ਦੋ ਕੜੇ ਹੋਣੇ ਚਾਹੀਦੇ ਹਨ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੋਬਾਂ ਨਾਲ ਚੁੱਕਣ ਲਈ ਕੀਤੀ ਜਾਵੇਗੀ। 5 ਚੋਬਾਂ ਵੀ ਸ਼ਿੱਟੀਮ ਦੀ ਲੱਕੜ ਦੀਆਂ ਬਣਾਉ। ਚੋਬਾਂ ਉੱਪਰ ਸੋਨਾ ਚੜਾਉ। 6 ਜਗਵੇਦੀ ਨੂੰ ਖਾਸ ਪਰਦੇ ਦੇ ਸਾਮ੍ਹਣੇ ਰਖੋ। ਇਸ ਪਰਦੇ ਦੇ ਪਿਛੇ ਇਕਰਾਰਨਾਮੇ ਵਾਲਾ ਸੰਦੂਕ ਹੈ। ਜਗਵੇਦੀ ਉਸ ਪਰਦੇ ਦੇ ਸਾਮ੍ਹਣੇ ਹੋਵੇਗੀ ਜਿਹੜਾ ਇਕਰਾਰਨਾਮੇ ਦੇ ਉੱਪਰ ਹੈ। ਇਹੀ ਉਹ ਥਾਂ ਹੈ ਜਿਥੇ ਮੈਂ ਤੁਹਾਨੂੰ ਮਿਲਾਂਗਾ। 7 “ਹਾਰੂਨ ਨੂੰ ਚਾਹੀਦਾ ਹੈ ਕਿ ਹਰ ਸਵੇਰ ਜਗਵੇਦੀ ਉੱਤੇ ਸੁਗੰਧੀ ਧੂਫ਼ ਧੁਖਾਵੇ। ਅਜਿਹਾ ਉਹ ਉਸ ਵੇਲੇ ਕਰੇਗਾ ਜਦੋਂ ਉਹ ਦੀਵਿਆਂ ਦੀ ਦੇਖ ਭਾਲ ਕਰਨ ਲਈ ਆਵੇਗਾ। 8 ਸ਼ਾਮ ਵੇਲੇ ਇੱਕ ਵਾਰ ਫ਼ੇਰ, ਉਸਨੂੰ ਧੂਫ਼ ਧੁਖਾਉਣੀ ਚਾਹੀਦੀ ਹੈ। ਇਹ ਉਹ ਸਮਾਂ ਹੈ ਜਦੋਂ ਉਹ ਸ਼ਾਮ ਵੇਲੇ ਦੀਵਿਆਂ ਦੀ ਜਾਂਚ ਕਰੇਗਾ। ਇਸ ਤਰ੍ਹਾਂ, ਉਹ ਧੂਫ਼ ਯਹੋਵਾਹ ਦੇ ਸਾਮ੍ਹਣੇ ਤੁਹਾਡੀ ਸਾਰੀ ਪੀੜੀ ਤੀਕ ਧੁਖਦੀ ਰਹੇਗੀ। 9 ਇਸ ਜਗਵੇਦੀ ਨੂੰ ਕਿਸੇ ਹੋਰ ਤਰ੍ਹਾਂ ਦੀ ਧੂਫ਼ ਜਾਂ ਹੋਮ ਦੀ ਭੇਟ ਲਈ ਨਾ ਵਰਤਣਾ। ਇਸ ਜਗਵੇਦੀ ਦੀ ਵਰਤੋਂ ਕਿਸੇ ਤਰ੍ਹਾਂ ਦੇ ਅਨਾਜ਼ ਦੀ ਭੇਟਾ ਜਾਂ ਪੀਣ ਦੀ ਭੇਟਾ ਲਈ ਨਹੀਂ ਕਰਨੀ। 10 “ਸਾਲ ਵਿੱਚ ਇੱਕ ਵਾਰੀ, ਹਾਰੂਨ ਨੂੰ ਯਹੋਵਾਹ ਅੱਗੇ ਖਾਸ ਬਲੀ ਚੜਾਉਣੀ ਚਾਹੀਦੀ ਹੈ। ਉਸਨੂੰ ਕਫ਼ਾਰੇ ਦੇ ਦਿਨ ਦੀ ਪਾਪ ਦੀ ਭੇਟ ਦਾ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਪਾਉਣਾ ਚਾਹੀਦਾ। ਇਸ ਤਰ੍ਹਾਂ ਸਾਲ ‘ਚ ਇੱਕ ਵਾਰੀ ਹਾਰੂਨ ਤੁਹਾਡੀਆਂ ਉੱਤੇ ਸਾਰੀਆਂ ਪੀੜੀਆਂ ਲਈ ਜਗਵੇਦੀ ਲਈ ਪਰਾਸਚਿਤ ਕਰੇਗਾ ਕਿਉਂਕਿ ਇਹ ਜਗਵੇਦੀ ਯਹੋਵਾਹ ਲਈ ਅੱਤ ਪਵਿੱਤਰ ਹੈ।” 11 ਯਹੋਆਹ ਨੇ ਮੂਸਾ ਨੂੰ ਆਖਿਆ, 12 “ਇਸਰਾਏਲ ਦੇ ਲੋਕਾਂ ਦੀ ਗਿਣਤੀ ਕਰ ਤਾਂ ਜੋ ਤੈਨੂੰ ਪਤਾ ਲੱਗੇ ਕਿ ਇੱਥੇ ਕਿੰਨੇ ਲੋਕ ਹਨ। ਹਰ ਵਰੀ ਜਦੋਂ ਇਹ ਕੀਤਾ ਜਾਵੇ, ਹਰ ਬੰਦੇ ਨੂੰ ਆਪਣੇ ਲਈ ਯਹੋਵਾਹ ਨੂੰ ਕੁਝ ਅਦਾਇਗੀ ਕਰਨੀ ਚਾਹੀਦੀ ਹੈ। ਜੇ ਹਰ ਬੰਦਾ ਅਜਿਹਾ ਕਰੇਗਾ ਤਾਂ ਲੋਕਾਂ ਉੱਤੇ ਕੋਈ ਵੀ ਭਿਆਨਕ ਤਬਾਹੀ ਨਹੀਂ ਆਵੇਗੀ। 13 ਹਰ ਉਸ ਬੰਦੇ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਡੇਢ ਸ਼ੈਕਲ ਅਦਾ ਕਰਨਾ ਚਾਹੀਦਾ ਹੈ। (ਅਰਥਾਤ ਡੇਢ ਸ਼ੈਕਲ ਸਰਕਾਰੀ ਮਾਪ ਅਨੁਸਾਰ। ਇੱਕ ਸ਼ੈਕਲ 20ਗਿਰਾਫ਼ ਦਾ ਹੈ।) ਇਹ ਅਧਾ ਸ਼ੈਕਲ ਯਹੋਵਾਹ ਲਈ ਭੇਟ ਹੈ। 14 ਹਰ ਬੰਦਾ ਜਿਹੜਾ ਘੱਟੋ-ਘੱਟ 20 ਵਰ੍ਹਿਆਂ ਦਾ ਹੈ, ਉਸਨੂੰ ਗਿਣਿਆ ਜਾਵੇਗਾ। ਅਤੇ ਹਰ ਉਸ ਨੂੰ, ਜਿਸਦੀ ਗਿਣਤੀ ਕੀਤੀ ਜਾਂਦੀ ਹੈ, ਯਹੋਵਾਹ ਨੂੰ ਇਹ ਭੇਟ ਦੇਣੀ ਚਾਹੀਦੀ ਹੈ। 15 ਅਮੀਰ ਆਦਮੀਆਂ ਨੂੰ ਅਧੇ ਸ਼ੈਕਲ ਤੋਂ ਵਧ ਨਹੀਂ ਦੇਣਾ ਚਾਹੀਦਾ ਅਤੇ ਗਰੀਬ ਲੋਕਾਂ ਨੂੰ ਅਧੇ ਸ਼ੈਕਲ ਤੋਂ ਘੱਟ ਨਹੀਂ ਦੇਣਾ ਚਾਹੀਦਾ। ਸਾਰੇ ਲੋਕ ਯਹੋਵਾਹ ਨੂੰ ਇੱਕੋ ਜਿਹੀ ਭੇਟ ਦੇਣਗੇ। ਇਹ ਭੇਟ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ। 16 ਇਹ ਪੈਸਾ ਇਸਰਾਏਲ ਦੇ ਲੋਕਾਂ ਪਾਸੋਂ ਇਕਠਾ ਕਰੋ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਲਈ ਵਰਤੋਂ। ਇਹ ਭੇਟ ਯਹੋਵਾਹ ਦਾ ਆਪਣੇ ਲੋਕਾਂ ਨੂੰ ਯਾਦ ਰੱਖਣ ਦਾ ਇੱਕ ਢੰਗ ਅਤੇ ਤੁਹਾਡੀਆਂ ਰੂਹਾਂ ਲਈ ਪਰਾਸਚਿਤ ਹੋਵੇਗੀ।” 17 ਯਹੋਵਾਹ ਨੇ ਮੂਸਾ ਨੂੰ ਆਖਿਆ, 18 “ਪਿੱਤਲ ਦਾ ਇੱਕ ਤਸਲਾ ਬਨਾਉਣ ਅਤੇ ਇਸਨੂੰ ਪਿੱਤਲ ਦੀ ਚੌਕੀ ਉੱਤੇ ਰਖੋ। ਤੁਸੀਂ ਇਸਨੂੰ ਧੋਣ ਲਈ ਇਸਤੇਮਾਲ ਕਰੋਂਗੇ। ਇਸ ਤਸਲੇ ਨੂੰ ਜਗਵੇਦੀ ਅਤੇ ਮੰਡਲੀ ਵਾਲੇ ਤੰਬੂ ਦੇ ਵਿਚਕਾਰ ਰਖੋ। ਇਸ ਤਸਲੇ ਨੂੰ ਪਾਣੀ ਨਾਲ ਭਰ ਦਿਉ। 19 ਹਾਰੂਨ ਅਤੇ ਉਸਦੇ ਪੁੱਤਰ ਇਸ ਤਸਲੇ ਦੇ ਪਾਣੀ ਨਾਲ ਆਪਣੇ ਹੱਥ ਪੈਰ ਧੋਣਗੇ। 20 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ ਜਾਂ ਜਗਵੇਦੀ ਦੇ ਨਜ਼ਦੀਕ ਆਉਣ ਉਨ੍ਹਾਂ ਨੂੰ ਪਾਣੀ ਨਾਲ ਹੱਥ ਪੈਰ ਧੋਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਮਰਨਗੇ ਨਹੀਂ। 21 ਅਤੇ ਉਹ ਆਪਣੇ ਹੱਥ ਅਤੇ ਆਪਣੇ ਪੈਰ ਜ਼ਰੂਰ ਧੋਣ ਤਾਂ ਜੋ ਉਹ ਮਰਨ ਨਾ। ਇਹ ਇੱਕ ਅਜਿਹਾ ਨੇਮ ਹੋਵੇਗਾ ਜਿਹੜਾ ਹਾਰੂਨ ਅਤੇ ਉਸਦੇ ਲੋਕਾਂ ਲਈ ਹਮੇਸ਼ਾ ਜਾਰੀ ਰਹੇਗ਼ਾ। ਇਹ ਬਿਧੀ ਹਾਰੂਨ ਦੇ ਉਨ੍ਹਾਂ ਸਮੂਹ ਲੋਕਾਂ ਲਈ ਜਾਰੀ ਰਹੇਗੀ ਜਿਹੜੇ ਭਵਿਖ ਵਿੱਚ ਜਿਉਣਗੇ।” 22 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 23 “ਵਧੀਆ ਤੋਂ ਵਧੀਆ ਮਸਾਲੇ ਤਲਾਸ਼ ਕਰੋ, 12 ਪੌਂਡ ਪਤਲਾ ਮੁਰ ਲਵੀਂ, ਉਸਤੋਂ (ਅਰਥਾਤ 6 ਪੌਂਡ) ਅੱਧੀ ਸੁਗੰਧਤ ਦਾਰਚੀਨੀ, ਅਤੇ 6 ਪੌਂਡ ਸੁਗੰਧ ਵਾਲਾ ਕੁਸ਼ਾ, 24 ਅਤੇ 12 ਪੌਂਡ ਕੇਸ਼ੀਆ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਨਾਪ ਤੋਂਲ ਦੇ ਅਨੁਸਾਰ ਲਵੀਂ। ਇੱਕ ਗੈਲਣ ਜੈਤੂਨ ਦਾ ਤੇਲ ਵੀ ਲਵੀਂ। 25 “ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾਕੇ ਅਤਰ ਬਨਾਉਣ ਵਾਲੇ ਮਾਹਰ ਦੀ ਕੁਸ਼ਲਤਾ ਅਨੁਸਾਰ ਖਾਸ ਕਿਸਮ ਦਾ ਸੁਗੰਧਤ ਮਸਹ ਵਾਲਾ ਤੇਲ ਬਣਾ ਲਵੀਂ। 26 ਇਸ ਤੇਲ ਨੂੰ ਮੰਡਲੀ ਵਾਲੇ ਤੰਬੂ ਅਤੇ ਇਕਰਾਰਨਾਮੇ ਵਾਲੇ ਸੰਦੂਕ ਉੱਪਰ ਮਸਹ ਕਰ ਦੇਵੀਂ। ਇਸਤੋਂ ਪਤਾ ਚੱਲੇਗਾ ਕਿ ਇਨ੍ਹਾਂ ਚੀਜ਼ਾਂ ਦਾ ਖਾਸ ਮਨੋਰਥ ਹੈ। 27 ਮੇਜ ਉੱਤੇ ਅਤੇ ਮੇਜ ਉੱਤੇ ਪਈਆਂ ਸਾਰੀਆਂ ਪਲੇਟਾਂ ਉੱਤੇ ਵੀ ਅਤੇ ਦੀਵੇ ਉੱਤੇ ਅਤੇ ਇਸਦੇ ਉੱਪਰ ਸਾਰੇ ਰਖੇ ਸਮਾਨ ਉੱਤੇ ਅਤੇ ਧੂਫ਼ ਦੀ ਜਗਵੇਦੀ ਉੱਤੇ ਵੀ ਤੇਲ ਮਸਹ ਕਰਨਾ। 28 ਇਹ ਤੇਲ ਪਰਮੇਸ਼ੁਰ ਲਈ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਪਰ ਅਤੇ ਉਸ ਜਗਵੇਦੀ ਦੀ ਹਰ ਸ਼ੈਅ ਉੱਪਰ ਅਤੇ ਤਸਲੇ ਅਤੇ ਤਸਲੇ ਹੇਠਲੀ ਚੌਂਕੀ ਉੱਪਰ ਵੀ ਮਸਹ ਕਰਨਾ। 29 ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਬਣਾ ਦਿਉਂਗੇ। ਇਹ ਯਹੋਵਾਹ ਲਈ ਬਹੁਤ ਖਾਸ ਹੋਣਗੀਆਂ। ਕੋਈ ਵੀ ਚੀਜ਼ ਜੋ ਇਨ੍ਹਾਂ ਚੀਜ਼ਾਂ ਨੂੰ ਛੂਹੇਗੀ ਪਵਿੱਤਰ ਹੋ ਜਾਵੇਗੀ। 30 “ਹਾਰੂਨ ਅਤੇ ਉਸਦੇ ਪੁੱਤਰਾਂ ਉੱਪਰ ਇਹ ਤੇਲ ਮਸਹ ਕਰੀਂ। ਇਹ ਦਰਸਾਵੇਗਾ ਕਿ ਉਹ ਖਾਸ ਤਰ੍ਹਾਂ ਨਾਲ ਮੇਰੀ ਸੇਵਾ ਕਰਦੇ ਹਨ ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਦੇ ਹਨ। 31 ਇਸਰਾਏਲ ਦੇ ਲੋਕਾਂ ਨੂੰ ਆਖਣਾ ਕਿ ਮਸਹ ਵਾਲਾ ਤੇਲ ਪਵਿਤਰ ਹੈ - ਇਸਨੂੰ ਹਮੇਸ਼ਾ ਸਿਰਫ਼ ਮੇਰੇ ਲਈ ਹੀ ਇਸਤੇਮਾਲ ਕੀਤਾ ਜਾਵੇ। 32 ਕਿਸੇ ਨੂੰ ਵੀ ਇਸ ਤੇਲ ਨੂੰ ਆਮ ਸੁਗੰਧ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ। ਇਸ ਖਾਸ ਤੇਲ ਵਾਂਗ ਕਿਸੇ ਵੀ ਸੁਗੰਧੀ ਨੂੰ ਨਹੀਂ ਬਨਾਉਣ। ਇਹ ਤੇਲ ਪਵਿੱਤਰ ਹੈ, ਅਤੇ ਇਹ ਤੁਹਾਡੇ ਲਈ ਬਹੁਤ ਖਾਸ ਹੋਣਾ ਚਾਹੀਦਾ ਹੈ। 33 ਜੇ ਕੋਈ ਇਸ ਪਵਿੱਤਰ ਤੇਲ ਵਾਂਗ ਕੋਈ ਸੁਗੰਧੀ ਬਣਾਉਂਦਾ ਹੈ, ਅਤੇ ਜੇ ਉਹ ਇਸਨੂੰ ਕਿਸੇ ਵਿਦੇਸ਼ੀ ਨੂੰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਲੋਕਾਂ ਤੋਂ ਛੇਕ ਦਿੱਤਾ ਜਾਵੇ।” 34 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਹ ਸੁਗੰਧਤ ਮਸਾਲੇ (ਸਮਗਰੀ) ਲਿਆਵੋ, ਮੁਰ ਵਾਲਾ ਮਸਾਲਾ ਅਤੇ ਲੌਨ ਅਤੇ ਖਾਲਸ ਲੋਬਾਨ। ਧਿਆਨ ਰਖਣਾ ਕਿ ਤੁਹਾਡੇ ਕੋਲ ਇਹ ਮਸਾਲੇ ਇੱਕੋ ਜਿੰਨੀ ਮਿਕਦਾਰ ਦੇ ਹੋਣ। 35 ਸੁਗੰਧਤ ਧੂਫ਼ ਬਨਾਉਣ ਲਈ ਇਨ੍ਹਾਂ ਨੂੰ ਮਿਲਾਉ। ਇਹ ਕੰਮ ਉਸੇ ਤਰ੍ਹਾਂ ਕਰੋ ਜਿਵੇਂ ਸੁਗੰਧੀ ਬਨਾਉਣ ਵਾਲਾ ਕਰਦਾ ਹੈ। ਇਸ ਧੂਫ਼ ਵਿੱਚ ਲੂਣ ਵੀ ਰਲਾਉ। ਇਹ ਇਸਨੂੰ ਸ਼ੁਧ ਅਤੇ ਖਾਸ ਬਣਾ ਦੇਵੇਗਾ। 36 ਇਸ ਵਿੱਚੋਂ ਕੁਝ ਧੂਫ਼ ਨੂੰ ਪੀਸੋ, ਜਦੋਂ ਤੱਕ ਕਿ ਇਕ ਬਰੀਕ ਪਾਉਡਰ ਨਾ ਬਣ ਜਾਵੇ। ਇਸ ਪਾਉਡਰ ਨੂੰ ਮੰਡਲੀ ਵਾਲੇ ਤੰਬੂ ਵਿੱਚ ਇਕਰਾਰਨਾਮੇ ਦੇ ਸਾਮ੍ਹਣੇ ਰੱਖ ਦਿਉ, ਜਿਥੇ ਮੈਂ ਤੁਹਾਨੂੰ ਮਿਲਦਾ ਹਾਂ। ਤੁਹਾਨੂੰ ਇਹ ਧੂਫ਼ ਪਾਉਡਰ ਸਿਰਫ਼ ਇਸਦੇ ਖਾਸ ਮਨੋਰਥ ਲਈ ਹੀ ਵਰਤਣਾ ਚਾਹੀਦਾ ਹੈ। ਇਹ ਅੱਤ ਪਵਿੱਤਰ ਹੋਵੇਗਾ। 37 ਤੁਹਾਨੂੰ ਇਹ ਧੂਫ਼ ਯਹੋਵਾਹ ਲਈ ਇਸ ਖਾਸ ਢੰਗ ਨਾਲ ਹੀ ਵਰਤਣੀ ਚਾਹੀਦੀ ਹੈ। ਤੁਸੀਂ ਇਸ ਧੂਫ਼ ਨੂੰ ਖਾਸ ਢੰਗ ਨਾਲ ਬਣਾਓਂਗੇ। ਕਿਸੇ ਹੋਰ ਧੂਫ਼ ਨੂੰ ਇਸ ਢੰਗ ਨਾਲ ਨਹੀਂ ਬਨਾਉਣਾ। 38 ਹੋ ਸਕਦਾ ਹੈ ਕਿ ਕੋਈ ਬੰਦਾ ਇਸ ਧੂਫ਼ ਨੂੰ ਆਪਣੇ ਲਈ ਬਨਾਉਣਾ ਚਾਹੇ ਤਾਂ ਜੋ ਉਹ ਇਸਦੀ ਸੁਗੰਧ ਮਾਣ ਸਕੇ। ਪਰ ਜੇ ਉਹ ਅਜਿਹਾ ਕਰਦਾ ਹੈ ਤਾਂ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”

31:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਮੈਂ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਨੂੰ ਆਪਣੇ ਲਈ ਕੁਝ ਖਾਸ ਕੰਮ ਕਰਨ ਲਈ ਚੁਣਿਆ ਹੈ। ਉਸਦਾ ਨਾਮ ਬਸਲਏਲ ਹੈ ਜੋ ਊਰੀ ਦਾ ਪੁੱਤਰ ਹੈ ਅਤੇ ਊਰੀ ਹੂਰ ਦਾ ਪੁੱਤਰ ਸੀ। 3 ਮੈਂ ਬਸਲਏਲ ਵਿੱਚ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ ਹੈ - ਮੈਂ ਉਸਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਗਿਆਨ ਅਤੇ ਯੋਗਤਾ ਦਿੱਤੀ ਹੈ। 4 ਬਸਲਏਲ ਬਹੁਤ ਚੰਗਾ ਕਾਰੀਗਰ ਹੈ। ਅਤੇ ਉਹ ਸੋਨੇ, ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਬਣਾ ਸਕਦਾ ਹੈ। 5 ਬਸਲਏਲ ਖੂਬਸੂਰਤ ਪੱਥਰਾਂ ਦਾ ਅਤੇ ਲੱਕੜ ਦਾ ਕੰਮ ਕਰ ਸਕਦਾ ਹੈ। ਉਹ ਹਰ ਤਰ੍ਹਾਂ ਦਾ ਕੰਮ ਕਰ ਸਕਦਾ ਹੈ। 6 ਮੈਂ ਆਹਾਲੀਆਬ ਨੂੰ ਵੀ ਉਸਦੇ ਨਾਲ ਕੰਮ ਕਰਨ ਵਾਸਤੇ ਚੁਣਿਆ ਹੈ। ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਹੈ। ਅਤੇ ਮੈਂ ਹੋਰ ਸਾਰੇ ਕਾਰੀਗਰਾਂ ਨੂੰ ਵੀ ਹੁਨਰ ਦਿੱਤੇ ਹਨ। ਇਸ ਲਈ ਉਹ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾ ਸਕਦੇ ਹਨ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ; 7 ਮੰਡਲੀ ਵਾਲਾ ਤੰਬੂ, 8 ਮੇਜ ਅਤੇ ਉਸ ਉਤਲੀ ਹਰ ਚੀਜ਼, 9 ਹੋਮ ਦੀਆਂ ਭੇਟਾ ਵਾਲੀ ਜਗਵੇਦੀ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਹਨ। 10 ਹਾਰੂਨ ਜਾਜਕ ਲਈ ਖਾਸ ਵਸਤਰ, 11 ਸੁਗੰਧਤ ਮਸਹ ਵਾਲਾ ਤੇਲ,ਕਾਰੀਗਰਾਂ ਨੂੰ ਇਹ ਸਾਰੀਆਂ ਚੀਜ਼ਾਂ ਉਵੇਂ ਹੀ ਬਨਾਉਣੀਆਂ ਚਾਹੀਦੀਆਂ ਹਨ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ। 12 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 13 “ਇਸਰਾਏਲ ਦੇ ਲੋਕਾਂ ਨੂੰ ਇਹ ਆਖੀਂ; ‘ਤੁਹਾਨੂੰ ਮੇਰੇ ਆਰਾਮ ਦੇ ਖਾਸ ਦਿਨਾਂ ਦੀਆਂ ਬਿਧੀਆਂ ਦੀ ਜ਼ਰੂਰ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਗੱਲ ਇਸ ਲਈ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਅਤੇ ਮੇਰੇ ਵਿਚਕਾਰ ਸਾਰੀਆਂ ਪੀੜੀਆਂ ਲਈ ਇੱਕ ਸੰਕੇਤ ਹੋਣਗੇ। ਇਹ ਤੁਹਾਨੂੰ ਦਰਸਾਉਣਗੇ ਕਿ ਮੈਂ, ਯਹੋਵਾਹ ਨੇ, ਤੁਹਾਨੂੰ ਆਪਣੇ ਖਾਸ ਬੰਦੇ ਬਣਾਇਆ ਹੈ। 14 “‘ਸਬਤ ਨੂੰ ਇੱਕ ਖਾਸ ਦਿਹਾੜਾ ਬਣਾਉ। ਜੇ ਕੋਈ ਬੰਦਾ ਸਬਤ ਨੂੰ ਕਿਸੇ ਵੀ ਹੋਰ ਦਿਨ ਵਾਂਗ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। 15 ਹਫ਼ਤੇ ਵਿੱਚ ਕੰਮ ਕਰਨ ਲਈ ਛੇ ਦਿਨ ਹੋਰ ਹਨ। ਪਰ ਸੱਤਵਾਂ ਦਿਨ ਅਰਾਮ ਦਾ ਖਾਸ ਦਿਨ ਹੈ। ਉਹ ਖਾਸ ਦਿਨ ਯਹੋਵਾਹ ਦਾ ਆਦਰ ਕਰਨ ਲਈ ਹੈ। ਜਿਹੜਾ ਵੀ ਬੰਦਾ ਸਬਤ ਦੇ ਦਿਨ ਕੰਮ ਕਰਦਾ ਹੈ ਉਸਨੂੰ ਮਾਰ ਦੇਣਾ ਚਾਹੀਦਾ ਹੈ। 16 ਇਸਰਾਏਲ ਦੇ ਲੋਕਾਂ ਨੂੰ ਸਬੂਤ ਨੂੰ ਅਵੱਸ਼ ਚੇਤੇ ਰਖਣਾ ਚਾਹੀਦਾ ਹੈ ਅਤੇ ਇਸਨੂੰ ਖਾਸ ਦਿਹਾੜਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਅਜਿਹਾ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਦੇ ਅਤੇ ਮੇਰੇ ਵਿਚਕਾਰ ਇਕਰਾਰਨਮਾ ਹੈ ਜਿਹੜਾ ਹਮੇਸ਼ਾ ਜਾਰੀ ਰਹੇਗਾ। 17 ਸਬਤ ਮੇਰੇ ਅਤੇ ਇਸਰਾਏਲ ਦੇ ਲੋਕਾਂ ਵਿਚਕਾਰ ਸਦਾ ਲਈ ਇੱਕ ਸੰਕੇਤ ਰਹੇਗਾ। ਯਹੋਵਾਹ ਨੇ ਛੇ ਦਿਨ ਤੱਕ ਕੰਮ ਕੀਤਾ ਅਤੇ ਅਕਾਸ਼ ਤੇ ਧਰਤੀ ਨੂੰ ਸਾਜਿਆ। ਅਤੇ ਸੱਤਵੇਂ ਦਿਨ ਉਸਨੇ ਛੁੱਟੀ ਕੀਤੀ ਅਤੇ ਅਰਾਮ ਕੀਤਾ।’” 18 ਇਸ ਤਰ੍ਹਾਂ ਯਹੋਵਾਹ ਨੇ ਸੀਨਈ ਪਰਬਤ ਉੱਤੇ ਮੂਸਾ ਨਾਲ ਗੱਲ ਖਤਮ ਕੀਤੀ। ਫ਼ੇਰ ਯਹੋਵਹ ਨੇ ਉਸਨੂੰ ਪੱਥਰ ਦੀਆਂ ਦੋ ਤਖਤੀਆਂ ਦਿੱਤੀਆਂ ਜਿਨ੍ਹਾਂ ਉੱਤੇ ਇਕਰਾਰਨਾਮਾ ਸੀ। ਪਰਮੇਸ਼ੁਰ ਨੇ ਪੱਥਰ ਉੱਤੇ ਲਿਖਣ ਲਈ ਆਪਣੀ ਉਂਗਲੀ ਦੀ ਵਰਤੋਂ ਕੀਤੀ।

32:1 ਲੋਕਾਂ ਨੇ ਦੇਖਿਆ ਕਿ ਬਹੁਤ ਸਮਾਂ ਬੀਤ ਗਿਆ ਸੀ ਅਤੇ ਮੂਸਾ ਪਰਬਤ ਤੋਂ ਹੇਠਾਂ ਨਹੀਂ ਆਇਆ ਸੀ। ਇਸ ਲਈ ਲੋਕ ਹਾਰੂਨ ਦੇ ਦੁਆਲੇ ਇਕਠੇ ਹੋ ਗਏ। ਉਨ੍ਹਾਂ ਨੇ ਉਸਨੂੰ ਆਖਿਆ, “ਦੇਖ, ਮੂਸਾ ਨੇ ਸਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ। ਪਰ ਅਸੀਂ ਇਹ ਨਹੀਂ ਜਾਣਦੇ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੇ ਲਈ ਕੁਝ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਤੁਰਨ ਅਤੇ ਸਾਡੀ ਅਗਵਾਈ ਕਰਨ।” 2 ਹਾਰੂਨ ਨੇ ਲੋਕਾਂ ਨੂੰ ਆਖਿਆ, “ਮੈਨੂੰ ਸੋਨੇ ਦੀਆਂ ਉਹ ਵਾਲੀਆਂ ਲਿਆਕੇ ਦੇਵੋ ਜਿਹੜੀਆਂ ਤੁਹਾਡੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੀਆਂ ਹੋਣ।” 3 ਇਸ ਲਈ ਸਾਰੇ ਲੋਕਾਂ ਨੇ ਆਪਣੀਆਂ ਸੋਨੇ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਹਾਰੂਨ ਕੋਲ ਲੈ ਆਏ। 4 ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸਨੇ ਇਸਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸਨੇ ਇਸ ਉੱਤੇ ਸੋਨਾ ਚੜਾਇਆ।”ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈਕੇ ਆਏ।” 5 ਹਾਰੂਨ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ। ਇਸ ਲਈ ਉਸਨੇ ਵੱਛੇ ਦੇ ਸਾਮ੍ਹਣੇ ਜਗਵੇਦੀ ਬਣਾਈ। ਫ਼ੇਰ ਹਾਰੂਨ ਨੇ ਇਹ ਐਲਾਨ ਕੀਤਾ। ਉਸਨੇ ਆਖਿਆ, “ਕੱਲ੍ਹ੍ਹ ਨੂੰ ਯਹੋਵਾਹ ਦੇ ਆਦਰ ਵਿੱਚ ਖਾਸ ਦਾਅਵਤ ਹੋਵੇਗੀ।” 6 ਅਗਲੀ ਸਵੇਰ ਲੋਕ ਬਹੁਤ ਸੁਵਖਤੇ ਉਠ ਬੈਠੇ। ਉਨ੍ਹਾਂ ਨੇ ਜਾਨਵਰ ਜ਼ਿਬਾਹ ਕੀਤੇ ਅਤੇ ਉਨ੍ਹਾਂ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਵਜੋਂ ਭੇਟ ਕੀਤਾ। ਲੋਕ ਖਾਣ ਪੀਣ ਲਈ ਬੈਠ ਗਏ। ਫ਼ੇਰ ਉਹ ਉਠ ਖਲੋਏ ਅਤੇ ਜੰਗਲੀ ਦਾਅਵਤ ਕੀਤੀ। 7 ਉਸ ਵੇਲੇ, ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸ ਪਰਬਤ ਤੋਂ ਹੇਠਾਂ ਜਾ। ਤੇਰੇ ਲੋਕਾਂ ਨੇ, ਜਿਨ੍ਹਾਂ ਨੂੰ ਤੂੰ ਮਿਸਰ ਦੀ ਧਰਤੀ ਤੋਂ ਲੈਕੇ ਆਇਆ ਸੀ, ਇੱਕ ਭਿਆਨਕ ਪਾਪ ਕੀਤਾ ਹੈ। 8 ਉਹ ਬਹੁਤ ਛੇਤੀ ਉਹ ਗੱਲਾਂ ਕਰਨ ਤੋਂ ਪਿਛੇ ਹਟ ਗਏ ਹਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਲਈ ਪਿਘਲੇ ਹੋਏ ਸੋਨੇ ਦਾ ਵੱਛਾ ਬਣਾਇਆ। ਉਸ ਵਛੇ ਦੀ ਉਪਾਸਨਾ ਕਰ ਰਹੇ ਹਨ ਅਤੇ ਉਸਨੂੰ ਬਲੀਆਂ ਚੜਾ ਰਹੇ ਹਨ। ਲੋਕਾਂ ਨੇ ਆਖਿਆ ਹੈ, “ਇਸਰਾਏਲ, ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਏ।’” 9 ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ। ਮੈਂ ਜਾਣਦਾ ਹਾਂ ਕਿ ਇਹ ਬਹੁਤ ਜ਼ਿੱਦੀ ਲੋਕ ਹਨ। ਇਹ ਹਮੇਸ਼ਾ ਮੇਰੇ ਖਿਲਾਫ਼ ਹੁੰਦੇ ਰਹਿਣਗੇ। 10 ਇਸ ਲਈ ਹੁਣ ਮੈਨੂੰ ਇਨ੍ਹਾਂ ਨੂੰ ਕਰੋਧ ਵਿੱਚ ਤਬਾਹ ਕਰ ਲੈਣ ਦੇ। ਫ਼ੇਰ ਮੈਂ ਤੇਰੇ ਵਿੱਚੋਂ ਇੱਕ ਮਹਾਨ ਕੌਮ ਬਣਾਵਾਂਗਾ।” 11 ਪਰ ਮੂਸਾ ਨੇ ਯਹੋਵਾਹ, ਆਪਣੇ ਪਰਮੇਸ਼ੁਰ ਨੂੰ ਬੇਨਤੀ ਕੀਤੀ, “ਯਹੋਵਾਹ ਆਪਣੇ ਗੁੱਸੇ ਨਾਲ ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। ਤੁਸੀਂ ਇਨ੍ਹਾਂ ਲੋਕਾਂ ਨੂੰ ਮਿਸਰ ਵਿੱਚੋਂ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਬਾਹਰ ਲਿਆਏ। 12 ਪਰ ਜੇ ਤੁਸੀਂ ਆਪਣੇ ਲੋਕਾਂ ਨੂੰ ਤਬਾਹ ਕਰ ਦਿੰਦੇ ਹੋ। ਤਾਂ ਮਿਸਰੀ ਲੋਕ ਆਖ ਸਕਦੇ ਹਨ, ‘ਯਹੋਵਾਹ ਨੇ ਆਪਣੇ ਲੋਕਾਂ ਨਾਮ ਮੰਦੀਆਂ ਗੱਲਾਂ ਕਰਨ ਦੀ ਵਿਉਂਤ ਬਣਾਈ। ਇਸੇ ਲਈ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ। ਉਹ ਉਨ੍ਹਾਂ ਨੂੰ ਪਹਾੜਾਂ ਵਿੱਚ ਲਿਜਾਕੇ ਮਾਰਨਾ ਚਾਹੁੰਦਾ ਸੀ। ਉਹ ਉਨ੍ਹਾਂ ਨੂੰ ਧਰਤੀ ਤੋਂ ਹੂੰਝ ਦੇਣ ਚਾਹੁੰਦਾ ਸੀ।’ ਇਸ ਲਈ ਆਪਣੇ ਲੋਕਾਂ ਉੱਪਰ ਕਰੋਧਵਾਨ ਨਾ ਹੋਵੋ। ਕਿਰਪਾ ਕਰਕੇ ਆਪਣਾ ਵਿਚਾਰ ਬਦਲ ਦਿਉ। ਆਪਣੇ ਲੋਕਾਂ ਨੂੰ ਤਬਾਹ ਨਾ ਕਰੋ। 13 ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰੋ। ਉਨ੍ਹਾਂ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਸੀ। ਅਤੇ ਤੁਸੀਂ ਆਪਣਾ ਨਾਮ ਲੈਕੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਤੁਸੀਂ ਆਖਿਆ ਸੀ; ‘ਮੈਂ ਤੁਹਾਡੇ ਲੋਕਾਂ ਨੂੰ ਇੰਨਾ ਵਧਾ ਦਿਆਂਗਾ ਜਿੰਨੇ ਅਕਾਸ਼ ਵਿੱਚ ਤਾਰੇ ਹਨ। ਮੈਂ ਤੁਹਾਡੇ ਲੋਕਾਂ ਨੂੰ ਇਹ ਸਾਰੀ ਧਰਤੀ ਦੇ ਦਿਆਂਗਾ, ਜਿਵੇਂ ਕਿ ਮੈਂ ਇਕਰਾਰ ਕੀਤਾ ਸੀ। ਇਹ ਧਰਤੀ ਸਦਾ ਲਈ ਉਨ੍ਹਾਂ ਦੀ ਹੋਵੇਗੀ।’” 14 ਫ਼ੇਰ ਯਹੋਵਾਹ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਲੋਕਾਂ ਨੂੰ ਕਸ਼ਟ ਨਾ ਦੇਣ ਦਾ ਫ਼ੈਸਲਾ ਕਰ ਲਿਆ। 15 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਚਲਾ ਗਿਆ। ਮੂਸਾ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਉਹ ਹੁਕਮ ਉਨ੍ਹਾਂ ਪੱਥਰਾਂ ਦੇ ਦੋਹੀ ਪਾਸੀਂ, ਸਿਧੇ ਅਤੇ ਪੁਠੇ ਪਾਸੇ, ਲਿਖੇ ਹੋਏ ਸਨ। 16 ਪਰਮੇਸ਼ੁਰ ਨੇ ਖੁਦ ਉਹ ਤਖਤੀਆਂ ਬਣਾਈਆਂ ਸਨ ਅਤੇ ਉਸਨੇ ਖੁਦ, ਉਹ ਹੁਕਮ ਉਨ੍ਹਾਂ ਤਖਤੀਆਂ ਉੱਪਰ ਲਿਖੇ ਸਨ। 17 ਪਰਬਤ ਤੋਂ ਹੇਠਾਂ ਉਤਰਦੇ ਸਮੇਂ ਮੂਸਾ ਨੇ ਡੇਰੇ ਵਿੱਚ ਦਾਅਵਤ ਦਾ ਸ਼ੋਰ ਸੁਣਿਆ। ਯਹੋਸ਼ੁਆ ਨੇ ਮੂਸਾ ਨੂੰ ਆਖਿਆ, “ਹੇਠਾਂ ਡੇਰੇ ਵਿੱਚੋਂ ਲੜਾਈ ਦੀਆਂ ਅਵਾਜ਼ਾਂ ਆ ਰਹੀਆਂ ਲੱਗਦੀਆਂ ਹਨ।” 18 ਮੂਸਾ ਨੇ ਜਵਾਬ ਦਿੱਤਾ, “ਇਹ ਕਿਸੇ ਫ਼ੌਜ ਦੇ ਜਿੱਤ ਦੇ ਨਾਹਰਿਆਂ ਦਾ ਸ਼ੋਰ ਨਹੀਂ। ਪਰ ਇਹ ਕਿਸੇ ਫ਼ੌਜ ਦੇ ਹਾਰ ਜਾਣ ਦੀਆਂ ਚੀਕਾਂ ਦਾ ਸ਼ੋਰ ਨਹੀਂ। ਜਿਹੜਾ ਸ਼ੋਰ ਮੈਂ ਸੁਣ ਰਿਹਾ ਹਾਂ ਉਹ ਸੰਗੀਤ ਦਾ ਸ਼ੋਰ ਹੈ।” 19 ਮੂਸਾ ਡੇਰੇ ਕੋਲ ਆਇਆ। ਉਸਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ। 20 ਫ਼ੇਰ ਮੂਸਾ ਨੇ ਉਹ ਵਛਾ ਤਬਾਹ ਕਰ ਦਿੱਤਾ ਜੋ ਲੋਕਾਂ ਨੇ ਬਣਾਇਆ ਸੀ। ਉਸਨੇ ਇਸਨੂੰ ਅੱਗ ਵਿੱਚ ਪਿਘਲਾ ਦਿੱਤਾ। ਫ਼ੇਰ ਉਸਨੇ ਸੋਨੇ ਨੂੰ ਪੀਹ ਕੇ ਧੂੜ ਬਣਾ ਦਿੱਤਾ। ਅਤੇ ਉਸਨੇ ਇਸ ਧੂੜ ਨੂੰ ਪਾਣੀ ਵਿੱਚ ਸੁੱਟ ਦਿੱਤਾ। ਉਸਨੇ ਇਸਰਾਏਲ ਦੇ ਲੋਕਾਂ ਨੂੰ ਇਹ ਪਾਣੀ ਪੀਣ ਜਾਣ ਲਈ ਮਜ਼ਬੂਰ ਕੀਤਾ। 21 ਮੂਸਾ ਨੇ ਹਾਰੂਨ ਨੂੰ ਆਖਿਆ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀਤਾ ਹੈ? ਤੂੰ ਇਨ੍ਹਾ ਦੀ ਅਜਿਹਾ ਮੰਦਾ ਪਾਪ ਕਰਨ ਵਿੱਚ ਅਗਵਾਈ ਕਿਉਂ ਕੀਤੀ?” 22 ਹਾਰੂਨ ਨੇ ਜਵਾਬ ਦਿੱਤਾ, “ਨਾਰਾਜ਼ ਨਾ ਹੋਵੋ ਹਜ਼ੂਰ। ਤੁਸੀਂ ਜਾਣਦੇ ਹੋ ਇਹ ਲੋਕ ਹਮੇਸ਼ਾ ਗਲਤ ਗੱਲਾਂ ਕਰਨ ਲਈ ਤਿਆਰ ਰਹਿੰਦੇ ਹਨ। 23 ਲੋਕਾਂ ਨੇ ਮੈਨੂੰ ਆਖਿਆ ਸੀ, ‘ਮੂਸਾ ਸਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ। ਪਰ ਸਾਨੂੰ ਨਹੀਂ ਪਤਾ ਕਿ ਉਸ ਨਾਲ ਕੀ ਵਾਪਰਿਆ ਹੈ। ਇਸ ਲਈ ਸਾਡੀ ਅਗਵਾਈ ਲਈ ਕੋਈ ਦੇਵਤੇ ਬਣਾਕੇ ਦਿਉ।’ 24 ਇਸ ਲਈ ਮੈਂ ਲੋਕਾਂ ਨੂੰ ਆਖਿਆ, ‘ਜੇ ਤੁਹਾਡੇ ਪਾਸ ਸੋਨੇ ਦੀਆਂ ਵਾਲੀਆਂ ਹਨ, ਤਾਂ ਮੈਨੂੰ ਦਿਉ।’ ਲੋਕਾਂ ਨੇ ਮੈਨੂੰ ਆਪਣਾ ਸੋਨਾ ਦੇ ਦਿੱਤਾ। ਮੈਂ ਸੋਨੇ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਅੱਗ ਵਿੱਚੋਂ ਇੱਕ ਵਛਾ ਬਾਹਰ ਨਿਕਲ ਆਇਆ।” 25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਬੇਕਾਬੂ ਹੋਣ ਦਿੱਤਾ। ਲੋਕੀ ਜੰਗਲੀ ਵਿਹਾਰ ਕਰ ਰਹੇ ਸਨ ਅਤੇ ਉਨ੍ਹਾਂ ਦੇ ਦੁਸ਼ਮਣ ਦੇਖ ਸਕਦੇ ਸਨ ਕਿ ਉਹ ਮੂਰਖਾਂ ਵਰਗਾ ਵਿਹਾਰ ਕਰ ਰਹੇ ਸਨ। 26 ਇਸ ਲਈ ਮੂਸਾ ਡੇਰੇ ਦੇ ਮੁੱਖ ਦਰਵਾਜ਼ੇ ਉੱਤੇ ਖੜਾ ਹੋ ਗਿਆ। ਮੂਸਾ ਨੇ ਆਖਿਆ, “ਜਿਹੜਾ ਵੀ ਬੰਦਾ ਯਹੋਆਹ ਦੇ ਪਿਛੇ ਲੱਗਣਾ ਚਾਹੁੰਦਾ ਹੈ ਉਹ ਮੇਰੇ ਕੋਲ ਆ ਜਾਵੇ।” ਅਤੇ ਲੇਵੀ ਦੇ ਪਰਿਵਾਰ ਦੇ ਸਾਰੇ ਲੋਕ ਮੂਸਾ ਵੱਲ ਦੌੜੇ। 27 ਫ਼ੇਰ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਦੱਸਾਂਗਾ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਕੀ ਆਖਦਾ ਹੈ; ‘ਹਰੇਕ ਆਦਮੀ ਨੂੰ ਆਪਣੀ ਤਲਵਾਰ ਫ਼ੜ ਲੈਣੀ ਚਾਹੀਦੀ ਹੈ ਅਤੇ ਡੇਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ, ਭਾਵੇਂ ਹਰ ਬੰਦੇ ਨੂੰ ਆਪਣਾ ਭਰਾ ਆਪਣੇ ਦੋਸਤਾਂ ਅਤੇ ਗੁਆਂਢੀਆਂ ਨੂੰ ਕਤਲ ਕਰਨਾ ਪਵੇ।’” 28 ਲੇਵੀ ਦੇ ਪਰਿਵਾਰ ਦੇ ਆਦਮੀਆਂ ਨੇ ਮੂਸਾ ਦੀ ਗੱਲ ਮੰਨ ਲਈ। ਉਸ ਦਿਨ ਇਸਰਾਏਲ ਦੇ ਤਕਰੀਬਨ 3000 ਲੋਕ ਮਾਰੇ ਗਏ। 29 ਫ਼ੇਰ ਮੂਸਾ ਨੇ ਆਖਿਆ, “ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਤਿਆਰ ਕਰੋ, ਭਾਵੇਂ ਇਸਦਾ ਭਾਵ ਤੁਹਾਡੇ ਖੁਦ ਦੇ ਭਰਾ ਜਾਂ ਤੁਹਾਡੇ ਪੁੱਤਰ ਦੇ ਖਿਲਾਫ਼ ਲੜਨਾ ਹੀ ਕਿਉਂ ਨਾ ਹੋਵੇ ਤਾਂ ਜੋ ਯਹੋਵਾਹ ਅੱਜ ਤੁਹਾਨੂੰ ਅਸੀਸ ਦੇ ਸਕੇ।” 30 ਅਗਲੀ ਸਵੇਰ, ਉਸਨੇ ਲੋਕਾਂ ਨੂੰ ਆਖਿਆ, ‘ਤੁਸੀਂ ਇਹ ਭਿਆਨਕ ਪਾਪ ਕੀਤਾ ਹੈ। ਪਰ ਹੁਣ ਮੈਂ ਯਹੋਵਾਹ ਕੋਲ ਉੱਪਰ ਜਾਵਾਂਗਾ, ਮੇਰੇ ਲਈ ਤੁਹਾਡੇ ਪਾਪਾਂ ਖਾਤਰ ਪਰਾਸਚਿਤ ਕਰਨਾ ਸੰਭਵ ਹੋ ਸਕਦਾ ਹੈ।” 31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਚਲਾ ਗਿਆ ਅਤੇ ਆਖਿਆ, “ਕਿਰਪਾ ਕਰਕੇ ਸੁਣੋ। ਇਨ੍ਹਾਂ ਲੋਕਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ ਅਤੇ ਸੋਨੇ ਦਾ ਦੇਵਤਾ ਬਣਾਇਆ। 32 ਹੁਣ, ਉਨ੍ਹਾਂ ਨੂੰ ਇਸ ਪਾਪ ਦੀ ਮਾਫ਼ੀ ਦੇ ਦਿਉ। ਜੇ ਤੁਸੀਂ ਮਾਫ਼ ਨਹੀਂ ਕਰੋਂਗੇ, ਤਾਂ ਮੇਰਾ ਨਾਮ ਉਸ ਪੁਸਤਕ ਵਿੱਚੋਂ ਮਿਟਾ ਦਿਉ ਜਿਹੜੀ ਤੁਸੀਂ ਲਿਖੀ ਹੈ।” 33 ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਸਿਰਫ਼ ਉਹੀ ਲੋਕ ਜਿਨ੍ਹਾਂ ਨੂੰ ਮੈਂ ਆਪਣੀ ਪੁਸਤਕ ਵਿੱਚੋਂ ਮਿਟਾ ਦਿੰਦਾ ਹਾਂ ਉਹ ਅਜਿਹੇ ਹਨ ਜਿਹੜੇ ਮੇਰੇ ਖਿਲਾਫ਼ ਪਾਪ ਕਰਦੇ ਹਨ। 34 ਇਸ ਲਈ ਹੁਣ, ਹੇਠਾਂ ਜਾ ਅਤੇ ਲੋਕਾਂ ਦੀ ਉਧਰ ਅਗਵਾਈ ਕਰ ਜਿਧਰ ਮੈਂ ਤੈਨੂੰ ਆਖਦਾ ਹਾਂ। ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ ਅਤੇ ਤੇਰੀ ਅਗਵਾਈ ਕਰੇਗਾ ਜਦੋਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਸਮਾਂ ਆਵੇਗਾ। ਜਿਨ੍ਹਾਂ ਨੇ ਪਾਪ ਕੀਤਾ ਸੀ, ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।” 35 ਇਸ ਤਰ੍ਹਾਂ ਯਹੋਵਾਹ ਨੇ ਲੋਕਾਂ ਵੱਲ ਇੱਕ ਭਿਆਨਕ ਬਿਮਾਰੀ ਭੇਜੀ। ਉਸਨੇ ਅਜਿਹਾ ਇਸ ਵਾਸਤੇ ਕੀਤਾ ਕਿਉਂਕਿ ਉਨ੍ਹਾਂ ਨੇ ਹਾਰੂਨ ਨੂੰ ਸੋਨੇ ਦਾ ਵਛਾ ਬਨਾਉਣ ਲਈ ਆਖਿਆ ਸੀ।

33:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਮਿਸਰ ਤੋਂ ਬਾਹਰ ਲਿਆਂਦਾ ਸੀ, ਇਹ ਥਾਂ ਛੱਡਣੀ ਪਵੇਗ਼ੀ। ਉਸ ਧਰਤੀ ਤੇ ਜਾਉ। ਜਿਹੜੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਹ ਧਰਤੀ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇ ਦਿਆਂਗਾ। 2 ਇਸ ਲਈ ਮੈਂ ਤੁਹਾਡੇ ਅੱਗੇ ਇੱਕ ਦੂਤ ਭੇਜਾਂਗਾ ਅਤੇ ਮੈਂ ਕਨਾਨੀਆਂ, ਅਮੋਰੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਹਰਾ ਦਿਆਂਗਾ। ਮੈਂ ਇਨ੍ਹਾਂ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ। 3 ਇਸ ਲਈ ਬਹੁਤ ਸਾਰੀਆਂ ਬਰਕਤਾਂ ਨਾਲ ਭਰੀ ਹੋਈ ਧਰਤੀ ਵੱਲ ਚਲੇ ਜਾਉ। ਮੈਂ ਤੁਹਾਡੇ ਨਾਲ ਜਾਵਾਂਗਾ। ਤੁਸੀਂ ਲੋਕ ਬਹੁਤ ਜ਼ਿੱਦੀ ਹੋ ਅਤੇ ਤੁਸੀਂ ਮੈਨੂੰ ਬਹੁਤ ਕਰੋਧਵਾਨ ਕਰ ਦਿੰਦੇ ਹੋ। ਜੇ ਮੈਂ ਤੁਹਾਡੇ ਨਾਲ ਜਾਵਾਂਗਾ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਰਸਤੇ ਵਿੱਚ ਤਬਾਹ ਕਰ ਦਿਆਂ।” 4 ਲੋਕਾਂ ਨੇ ਇਹ ਬੁਰੀ ਖਬਰ ਸੁਣੀ ਅਤੇ ਉਹ ਬਹੁਤ ਉਦਾਸ ਹੋ ਗਏ। ਅਤੇ ਲੋਕਾਂ ਨੇ ਗਹਿਣੇ ਪਾਉਣੇ ਛੱਡ ਦਿੱਤੇ। 5 ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਜ਼ਿੱਦੀ ਲੋਕ ਹੋ। ਜੇ ਮੈਂ ਤੁਹਾਡੇ ਨਾਲ-ਨਾਲ ਸਿਰਫ਼ ਥੋੜੇ ਜਿਹੇ ਰਸਤੇ ਤੇ ਹੀ ਤੁਰਿਆ ਤਾਂ ਹੋ ਸਕਦਾ ਹੈ ਕਿ ਮੈਂ ਤੁਹਾਨੂੰ ਤਬਾਹ ਕਰ ਦਿਆਂ। ਇਸ ਲਈ ਓਨਾ ਚਿਰ ਲਈ ਗਹਿਣੇ ਉਤਾਰ ਦਿਉ ਜਿੰਨਾ ਚਿਰ ਮੈਂ ਇਹ ਨਿਰਣਾ ਕਰਦਾ ਹਾਂ ਕਿ ਤੁਹਾਡੇ ਨਾਲ ਕੀ ਸਲੂਕ ਕਰਾਂ।’ 6 ਇਸ ਲਈ ਇਸਰਾਏਲ ਦੇ ਲੋਕਾਂ ਨੇ ਹੇਰੋਬ ਪਰਬਤ ਉੱਤੇ ਆਪਣੇ ਗਹਿਣੇ ਪਾਉਣੇ ਛੱਡ ਦਿੱਤੇ। 7 ਮੂਸਾ ਡੇਰੇ ਤੋਂ ਥੋੜਾ ਜਿਹਾ ਬਾਹਰ ਇਸ ਤੰਬੂ ਕੋਲ ਜਾਂਦਾ ਹੁੰਦਾ ਸੀ। ਉਹ ਇਸਨੂੰ “ਮੰਡਲੀ ਵਾਲਾ ਤੰਬੂ” ਬੁਲਾਉਂਦਾ ਸੀ। ਜਿਹੜਾ ਵੀ ਬੰਦਾ ਯਹੋਵਾਹ ਤੋਂ ਕੁਝ ਪੁਛਣਾ ਚਾਹੁੰਦਾ ਸੀ ਉਹ ਡੇਰੇ ਤੋਂ ਬਾਹਰ ਇਸ ਮੰਡਲੀ ਵਾਲੇ ਤੰਬੂ ਕੋਲ ਜਾਂਦਾ ਸੀ। 8 ਕਿਸੇ ਵੀ ਵੇਲੇ ਜਦੋਂ ਮੂਸਾ ਬਾਹਰ ਆਕੇ ਤੰਬੂ ਵਿੱਚ ਜਾਂਦਾ ਸੀ, ਸਾਰੇ ਲੋਕ ਉਸਨੂੰ ਦੇਖਦੇ ਸਨ। ਲੋਕ ਆਪਣੇ ਤੰਬੂਆਂ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸਨ ਅਤੇ ਮੂਸਾ ਨੂੰ ਉਦੋਂ ਤੱਕ ਦੇਖਦੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਨਹੀਂ ਹੋ ਜਾਂਦਾ ਸੀ। 9 ਜਦੋਂ ਵੀ ਮੂਸਾ ਇਸ ਤੰਬੂ ਵਿੱਚ ਜਾਂਦਾ ਸੀ, ਇੱਕ ਲੰਮਾ ਬੱਦਲ ਹੇਠਾ ਆਉਂਦਾ ਸੀ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਰੁਕ ਜਾਂਦਾ ਸੀ। ਅਤੇ ਯਹੋਵਾਹ ਮੂਸਾ ਨਾਲ ਗੱਲ ਕਰਦਾ ਹੁੰਦਾ ਸੀ। 10 ਇਸ ਲਈ ਜਦੋਂ ਵੀ ਲੋਕ ਤੰਬੂ ਦੇ ਦਰਵਾਜ਼ੇ ਉੱਤੇ ਬੱਦਲ ਨੂੰ ਦੇਖਦੇ ਸਨ, ਉਹ ਆਪਣੇ-ਆਪਣੇ ਤੰਬੂਆਂ ਦੇ ਦਰਵਾਜ਼ਿਆਂ ਤੇ ਜਾਂਦੇ ਸਨ ਅਤੇ ਪਰਮੇਸ਼ੁਰ ਦੀ ਉਪਾਸਨਾ ਲਈ ਮਥਾ ਟੇਕਦੇ ਸਨ। 11 ਇਸ ਤਰ੍ਹਾਂ ਨਾਲ ਯਹੋਵਾਹ ਮੂਸਾ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਦਾ ਸੀ। ਯਹੋਵਾਹ ਮੂਸਾ ਨਾਲ ਉਸੇ ਤਰ੍ਹਾਂ ਗੱਲ ਕਰਦਾ ਸੀ ਜਿਵੇਂ ਕੋਈ ਆਦਮੀ ਆਪਣੇ ਕਿਸੇ ਮਿੱਤਰ ਨਾਲ ਗੱਲ ਕਰਦਾ ਹੈ। ਯਹੋਵਾਹ ਨਾਲ ਗੱਲਾਂ ਕਰਨ ਤੋਂ ਮਗਰੋਂ ਮੂਸਾ ਡੇਰੇ ਅੰਦਰ ਵਾਪਸ ਆ ਜਾਂਦਾ ਸੀ। ਪਰ ਉਸਦਾ ਸਹਾਇਕ ਹਮੇਸ਼ਾ ਤੰਬੂ ਵਿੱਚ ਠਹਿਰਦਾ ਸੀ। ਇਹ ਸਹਾਇਕ ਸੀ ਨੂਨ ਦਾ ਪੁੱਤਰ ਯਹੋਸ਼ੂਆ। 12 ਮੂਸਾ ਨੇ ਯਹੋਵਾਹ ਨੂੰ ਆਖਿਆ, “ਤੁਸੀਂ ਮੈਨੂੰ ਆਖਿਆ ਸੀ ਕਿ ਮੈਂ ਇਨ੍ਹਾਂ ਲੋਕਾਂ ਦੀ ਅਗਵਾਈ ਕਰਾਂ। ਪਰ ਤੁਸੀਂ ਇਹ ਨਹੀਂ ਸੀ ਦੱਸਿਆ ਕਿ ਤੁਸੀਂ ਮੇਰੇ ਨਾਲ ਕਿਸਨੂੰ ਭੇਜੋਂਗੇ। ਤੁਸੀਂ ਮੈਨੂੰ ਆਖਿਆ ਸੀ, ‘ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਤੇ ਮੈਂ ਤੇਰੇ ਉੱਤੇ ਪ੍ਰਸੰਨ ਹਾਂ।’ 13 ਜੇ ਮੈਂ ਸੱਚ ਮੁੱਚ ਤੁਹਾਨੂੰ ਪ੍ਰਸੰਨ ਕੀਤਾ ਹੈ, ਤਾਂ ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ। ਮੈਂ ਤੁਹਾਨੂੰ ਜਾਨਣਾ ਚਾਹੁੰਦਾ ਹਾਂ। ਫ਼ੇਰ ਮੈਂ ਤੁਹਾਨੂੰ ਪ੍ਰਸੰਨ ਕਰਦਾ ਰਹਿ ਸਕਦਾ ਹਾਂ। ਚੇਤੇ ਰਖੋ ਕਿ ਇਹ ਸਾਰੇ ਲੋਕ ਤੁਹਾਡੇ ਲੋਕ ਹਨ।” 14 ਯਹੋਵਾਹ ਨੇ ਜਵਾਬ ਦਿੱਤਾ, “ਮੈਂ ਖੁਦ ਤੇਰੇ ਨਾਲ ਜਾਵਾਂਗਾ। ਮੈਂ ਤੇਰੀ ਅਗਵਾਈ ਕਰਾਂਗਾ।” 15 ਫ਼ੇਰ ਮੂਸਾ ਨੇ ਯਹੋਵਾਹ ਨੂੰ ਆਖਿਆ, “ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ ਤਾਂ ਸਾਨੂੰ ਇਸ ਥਾਂ ਤੋਂ ਦੂਰ ਨਾ ਭੇਜੋ। 16 ਅਤੇ ਹਾਂ, ਸਾਨੂੰ ਇਸ ਗੱਲ ਦਾ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਮੇਰੇ ਨਾਲ ਅਤੇ ਇਨ੍ਹਾਂ ਲੋਕਾਂ ਨਾਲ ਪ੍ਰਸੰਨ ਹੋ? ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਸਾਨੂੰ ਪੱਕਾ ਪਤਾ ਚੱਲ ਜਾਵੇਗਾ। ਜੇ ਤੁਸੀਂ ਸਾਡੇ ਨਾਲ ਨਹੀਂ ਜਾਵੋਂਗੇ, ਤਾਂ ਮੈਂ ਅਤੇ ਇਹ ਲੋਕ ਧਰਤੀ ਦੇ ਹੋਰਨਾਂ ਲੋਕਾਂ ਨਾਲੋਂ ਵਖਰੇ ਨਹੀਂ ਹੋਵਾਂਗੇ।” 17 ਤਾਂ ਯਹੋਵਾਹ ਨੇ ਮੂਸਾ ਨੂੰ ਅਖਿਆ, “ਮੈਂ ਉਹੀ ਕਰਾਂਗਾ ਜੋ ਤੂੰ ਆਖਦਾ ਹੈ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਮੈਂ ਤੇਰੇ ਉੱਤੇ ਪ੍ਰਸੰਨ ਹਾਂ ਅਤੇ ਮੈਂ ਤੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ।” 18 ਤਾਂ ਮੂਸਾ ਨੇ ਆਖਿਆ, “ਹੁਣ ਕਿਰਪਾ ਕਰਕੇ ਮੈਨੂੰ ਆਪਣਾ ਪਰਤਾਪ ਦਰਸਾਉ।” 19 ਤਾਂ ਯਹੋਵਾਹ ਨੇ ਜਵਾਬ ਦਿੱਤਾ, “ਮੈਂ ਆਪਣੀ ਮੁਕੰਮਲ ਨੇਕੀ ਨੂੰ ਤੇਰੇ ਅੱਗੇ ਭੇਜਕੇ ਆਪਣਾ ਨਾਮ “ਯਹੋਵਾਹ” ਘੋਸ਼ਿਤ ਕਰਾਂਗਾ। ਕਿਉਂਕਿ ਮੈਂ ਆਪਣੀ ਮਿਹਰ ਅਤੇ ਆਪਣਾ ਪਿਆਰ ਕਿਸੇ ਵੀ ਬੰਦੇ, ਜਿਸਨੂੰ ਮੈਂ ਚੁਣਦਾਂ ਦਰਸਾ ਸਕਦਾ ਹਾਂ। 20 ਪਰ ਤੂੰ ਮੇਰਾ ਚਿਹਰਾ ਨਹੀਂ ਦੇਖ ਸਕੇਂਗਾ। ਕੋਈ ਵੀ ਬੰਦਾ ਮੈਨੂੰ ਦੇਖਕੇ ਜਿਉਂਦਾ ਨਹੀਂ ਰਹਿ ਸਕਦਾ। 21 “ਮੇਰੇ ਨਜ਼ਦੀਕ ਇੱਕ ਥਾਂ ਤੇ ਇੱਕ ਪੱਥਰ ਹੈ। ਤੂੰ ਉਸ ਪੱਥਰ ਤੇ ਖਲੋ ਸਕਦਾ ਹੈਂ। 22 ਮੇਰਾ ਪਰਤਾਪ ਉਸ ਸਥਾਨ ਤੋਂ ਗੁਜ਼ਰੇਗਾ। ਮੈਂ ਤੈਨੂੰ ਉਸ ਪੱਥਰ ਦੀ ਇੱਕ ਵੱਡੀ ਤ੍ਰੇੜ ਵਿੱਚ ਰੱਖ ਦਿਆਂਗਾ, ਅਤੇ ਜਦੋਂ ਮੈਂ ਗੁਜ਼ਰਾਂਗਾ ਤਾਂ ਮੈਂ ਤੈਨੂੰ ਆਪਣੇ ਹੱਥ ਨਾਲ ਢਕ ਲਵਾਂਗਾ। 23 ਫ਼ੇਰ ਮੈਂ ਆਪਣਾ ਹੱਥ ਚੁੱਕ ਲਵਾਂਗਾ, ਅਤੇ ਤੂੰ ਮੇਰੀ ਪਿਠ ਦੇਖ ਸਕੇਂਗਾ। ਪਰ ਤੂੰ ਮੇਰਾ ਚਿਹਰਾ ਨਹੀਂ ਦੇਖੇਂਗਾ।”

34:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ। 2 ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁਖ ਖੜਾ ਹੋ ਜਾਵੀਂ। 3 ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।” 4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ। 5 ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ। 6 ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। 7 ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।” 8 ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ, 9 “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।” 10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ। 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ। 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ। 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ। 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ - ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ - ਈਰਖਾਲੂ ਪਰਮੇਸ਼ੁਰ। 15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ। 16 ਹੋ ਸਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸਕਦੀਆਂ ਹਨ। 17 “ਕੋਈ ਬੁੱਤ ਨਾ ਬਣਾਉ। 18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ। 19 “ਕਿਸੇ ਵੀ ਔਰਤ ਦਾ ਪਲੇਠਾ ਨਰ ਬੱਚਾ ਮੇਰਾ ਹੈ। ਉਹ ਪਲੇਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ। 20 ਜੇ ਤੁਸੀਂ ਕਿਸੇ ਪਲੇਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਲੇਲਾ ਦੇਕੇ ਖਰੀਦ ਸਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਲੇਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ। 21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ। 22 “ਅਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ। 23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ। 24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ - ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ। 25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜਾਓ।“ਪਸਾਹ ਦੇ ਭੋਜਨ ਦਾ ਬਚਿਆ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰਖਣਾ। 26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈਕੇ ਆਉ।“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸਦੇ ਮਾਂ ਦੇ ਦੁਧ ਵਿੱਚ ਨਾ ਪਕਾਉ।” 27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।” 28 ਮੂਸਾ ਉਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ। 29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ। 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸਦੇ ਕੋਲ ਜਾਣ ਤੋਂ ਡਰਦੇ ਸਨ। 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ। 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ। 33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ। 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸਦੇ ਸਾਮ੍ਹਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੁਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ। 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢਕੀ ਰਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।

35:1 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕਠਿਆ ਕੀਤਾ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਯਹੋਵਾਹ ਨੇ ਤੁਹਾਨੂੰ ਕਰਨ ਲਈ ਹੁਕਮ ਦਿੱਤਾ ਹੈ: 2 “ਕਂਮ ਕਰਨ ਲਈ ਛੇ ਦਿਨ ਹਨ। ਪਰ ਸੱਤਵੇ ਦਿਨ ਤੁਹਾਡੇ ਲਈ ਬਹੁਤ ਅਰਾਮ ਕਰਨ ਦਾ ਖਾਸ ਦਿਨ ਹੋਵੇਗਾ। ਤੁਸੀਂ ਉਸ ਦਿਨ ਅਰਾਮ ਕਰਕੇ ਯਹੋਵਾਹ ਨੂੰ ਆਦਰ ਦਿਉਂਗੇ। ਜਿਹੜਾ ਵੀ ਬੰਦਾ ਸੱਤਵੇਂ ਦਿਨ ਕੰਮ ਕਰਦਾ ਹੈ ਉਹ ਮਾਰਿਆ ਜਾਣਾ ਚਾਹੀਦਾ ਹੈ। 3 ਸਬਤ ਦੇ ਦਿਨ ਤੁਹਾਨੂੰ ਕਿਸੇ ਵੀ ਉਸ ਥਾਂ ਅੱਗ ਨਹੀਂ ਬਾਲਣੀ ਚਾਹੀਦੀ ਜਿਥੇ ਤੁਸੀਂ ਰਹਿੰਦੇ ਹੋ।” 4 ਮੂਸਾ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਇਹੀ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ; 5 ਯਹੋਵਾਹ ਲਈ ਖਾਸ ਸੁਗਾਤਾਂ ਇਕਠੀਆਂ ਕਰੋ। ਤੁਹਾਡੇ ਵਿੱਚੋਂ ਹਰ ਇੱਕ ਨੂੰ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਤੁਸੀਂ ਕੀ ਦੇਵੋਂਗੇ। ਅਤੇ ਫ਼ੇਰ ਤੁਹਾਨੂੰ ਉਹ ਸੁਗਾਤ ਯਹੋਵਾਹ ਲਈ ਲੈਕੇ ਆਉਣੀ ਚਾਹੀਦੀ ਹੈ। ਸੋਨਾ, ਚਾਂਦੀ ਅਤੇ ਪਿੱਤਲ, 6 ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ, ਬੱਕਰੀ ਦੀ ਜੱਤ। 7 ਭੇਡੂ ਦੀਆਂ ਲਾਲ ਰੰਗ ਵਿੱਚ ਰੰਗੀਆਂ ਖੱਲਾਂ ਅਤੇ ਕੀਮਤੀ ਚਮੜਾ, ਸ਼ਿੱਟੀਮ ਦੀ ਲੱਕੜ; 8 ਦੀਵਿਆਂ ਲਈ ਤੇਲ, ਮਸਹ ਦੇ ਤੇਲ ਲਈ ਸਮਗਰੀ ਅਤੇ ਸੁਗੰਧਤ ਧੂਫ਼ ਦੀ ਸਮਗਰੀ ਲੈਕੇ ਆਉ। 9 ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਲਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲੈਕੇ ਆਉ। 10 “ਤੁਹਾਡੇ ਵਿੱਚੋਂ ਜਿਹੜੇ ਕਾਰੀਗਰ ਹੋਣ ਉਨ੍ਹਾਂ ਨੂੰ ਉਹ ਸਾਰੀਆਂ ਚੀਜ਼ਾਂ ਬਨਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ; 11 ਪਵਿੱਤਰ ਤੰਬੂ, ਇਸਦਾ ਬਾਹਰਲਾ ਤੰਬੂ, ਅਤੇ ਇਸਦੇ ਪਰਦੇ, ਕੁੰਡੀਆਂ, ਫ਼ੱਟੀਆਂ, ਚੋਬਾਂ ਅਤੇ ਚੀਥਾਂ, 12 ਪਵਿੱਤਰ ਸੰਦੂਕ, ਇਸ ਦੀਆਂ ਚੋਬਾਂ, ਕੱਜਣ ਅਤੇ ਉਹ ਪਰਦਾ ਜਿਹੜਾ ਉਸ ਥਾਂ ਨੂੰ ਢਕਦਾ ਹੈ ਜਿਥੇ ਸੰਦੂਕ ਹੁੰਦਾ ਹੈ, 13 ਮੇਜ, ਇਸ ਦੀਆਂ ਚੋਬਾਂ, ਮੇਜ ਉਤਲੀਆਂ ਸਾਰੀਆਂ ਚੀਜ਼ਾਂ ਅਤੇ ਮੇਜ ਉੱਪਰਲੀ ਖਾਸ ਰੋਟੀ, 14 ਰੌਸ਼ਨੀ ਲਈ ਵਰਤਿਆ ਜਾਣ ਵਾਲਾ ਸ਼ਮਾਦਾਨ ਅਤੇ ਸ਼ਮਾਦਾਨ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਦੀਵੇ ਅਤੇ ਰੌਸ਼ਨੀ ਲਈ ਤੇਲ, 15 ਧੂਫ਼ ਧੁਖਾਉਣ ਵਾਲੀ ਜਗਵੇਦੀ, ਅਤੇ ਇਸ ਦੀਆਂ ਚੋਬਾਂ, ਮਸਹ ਵਾਲਾ ਤੇਲ, ਸੁਗੰਧਤ ਧੂਫ਼, ਉਹ ਪਰਦਾ ਜਿਹੜਾ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਹੈ, 16 ਹੋਮ ਦੀਆਂ ਭੇਟਾ ਲਈ ਜਗਵੇਦੀ ਅਤੇ ਇਸਦੀ ਪਿੱਤਲ ਦੀ ਅੰਗੀਠੀ, ਚੋਬਾਂ ਅਤੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਚੀਜ਼ਾਂ, ਪਿੱਤਲ ਦਾ ਤਸਲਾ ਅਤੇ ਇਸਦੀ ਚੌਂਕੀ। 17 ਵਰਾਂਡੇ ਦੇ ਆਲੇ-ਦੁਆਲੇ ਦੇ ਪਰਦੇ ਉਨ੍ਹਾਂ ਦੀਆਂ ਚੋਬਾਂ ਅਤੇ ਚੀਥਾਂ ਅਤੇ ਉਹ ਪਰਦੇ ਜਿਹੜੇ ਵਰਾਂਡੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦੇ ਹਨ, 18 ਉਹ ਕਿੱਲੀਆਂ ਜਿਹੜੀਆਂ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਿਦਆਂ ਦੀ ਕੰਧ ਨੂੰ ਰੋਕਦੀਆਂ ਹਨ ਅਤੇ ਕਿੱਲੀਆਂ ਨੂੰ ਬੰਨ੍ਹਣ ਵਾਲੀਆਂ ਰਸੀਆਂ, 19 ਅਤੇ ਪਵਿੱਤਰ ਸਥਾਨ ਉੱਤੇ ਪਹਿਨਣ ਵਾਲੇ ਜਾਜਕ ਦੇ ਖਾਸ ਉਣੇ ਹੋਏ ਵਸਤਰ। ਇਹ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਪਹਿਨਣ ਵਾਲੇ ਖਾਸ ਵਸਤਰ ਹਨ। ਜਦੋਂ ਉਹ ਜਾਜਕ ਵਜੋਂ ਸੇਵਾ ਕਰਨਗੇ ਤਾਂ ਇਹ ਵਸਤਰ ਪਹਿਨਣਗੇ।” 20 ਫ਼ੇਰ ਇਸਰਾਏਲ ਦੇ ਸਾਰੇ ਲੋਕ ਮੂਸਾ ਕੋਲੋਂ ਚਲੇ ਗਏ। 21 ਉਹ ਸਾਰੇ ਲੋਕ ਜਿਹੜੇ ਦੇਣਾ ਚਾਹੁੰਦੇ ਸਨ, ਆਏ ਅਤੇ ਯਹੋਵਾਹ ਲਈ ਭੇਟਾਂ ਲਿਆਏ। ਇਨ੍ਹਾਂ ਸੁਗਾਤਾਂ ਦੀ ਵਰਤੋਂ ਮੰਡਲੀ ਵਾਲੇ ਤੰਬੂ, ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਅਤੇ ਖਾਸ ਵਸਤਰਾਂ ਲਈ ਕੀਤੀ। 22 ਉਹ ਸਾਰੇ ਆਦਮੀ ਤੇ ਔਰਤਾਂ ਜਿਹੜੇ ਦੇਣਾ ਚਾਹੁੰਦੇ ਸਨ, ਹਰ ਕਿਸਮ ਦੇ ਸੋਨੇ ਦੇ ਗਹਿਣੇ ਲੈਕੇ ਆਏ। ਉਹ ਸੂਈਆਂ, ਕੰਨਾਂ ਦੀਆਂ ਵਾਲੀਆਂ, ਅੰਗੂਠੀਆਂ ਅਤੇ ਹੋਰ ਗਹਿਣੇ ਲੈਕੇ ਆਏ। ਉਨ੍ਹਾਂ ਨੇ ਆਪਣੇ ਸਾਰੇ ਗਹਿਣੇ ਯਹੋਵਾਹ ਨੂੰ ਭੇਂਟ ਕਰ ਦਿੱਤੇ। ਇਹ ਯਹੋਵਾਹ ਲਈ ਖਾਸ ਭੇਟਾ ਸਨ। 23 ਪਰ ਉਹ ਬੰਦਾ ਜਿਸਦੇ ਕੋਲ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ। ਜਿਸ ਕਿਸੇ ਦੇ ਕੋਲ ਬਕਿਆਨ ਦੇ ਵਾਲ ਸਨਜਾਂ ਭੇਡੂਆਂ ਦੀਆਂ, ਲਾਲ ਰੰਗ ਵਿੱਚ ਰੰਗੀਆਂ ਹੋਈਆਂ ਖੱਲਾਂ ਸਨਜਾਂ ਕੀਮਤੀ ਚਮੜਾ ਸੀ ਉਹ ਇਸਨੂੰ ਯਹੋਵਾਹ ਲਈ ਲੈ ਆਇਆ। 24 ਹਰ ਬੰਦਾ ਜਿਹੜਾ ਚਾਂਦੀ ਜਾਂ ਪਿੱਤਲ ਦੇਣਾ ਚਾਹੁੰਦਾ ਸੀ, ਉਹ ਇਸਨੂੰ ਯਹੋਆਹ ਲਈ ਭੇਂਟ ਵਜੋਂ ਲੈਕੇ ਆਇਆ। ਹਰ ਉਹ ਬੰਦਾ ਜਿਸਦੇ ਕੋਲ ਸ਼ਿੱਟੀਮ ਦੀ ਲੱਕੜੀ ਸੀ, ਆਇਆ ਅਤੇ ਇਹ ਯਹੋਵਾਹ ਲਈ ਅਰਪਨ ਕਰ ਦਿੱਤੀ। 25 ਹਰ ਸੁਘੜ-ਸਿਆਣੀ ਨੇ ਨੀਲਾ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਦਾ ਧਾਗਾ ਬਣਇਆ। 26 ਅਤੇ ਉਹ ਸਾਰੀਆਂ ਔਰਤਾਂ ਜੋ ਸੁੱਘੜ ਸਨ ਅਤੇ ਸਹਾਇਤਾ ਕਰਨੀ ਚਾਹੁੰਦੀਆਂ ਸਨ ਉਨ੍ਹਾਂ ਨੇ ਬੱਕਰੀ ਦੀ ਪਸ਼ਮ ਤੋਂ ਕੱਪੜਾ ਬਣਾਇਆ। 27 ਆਗੂ ਸੁਲੇਮਾਨੀ ਪੱਥਰ ਅਤੇ ਹੋਰ ਬੇਸ਼ਕੀਮਤੀ ਪੱਥਰ ਲਿਆਏ ਜੋ ਏਫ਼ੋਦ ਉੱਤੇ ਅਤੇ ਸਿਨੇ-ਬੰਦ ਉੱਤੇ ਪਾਏ ਜਾਣ ਵਾਲੇ ਸਨ। 28 ਆਗੂ ਮਸਾਲੇ ਅਤੇ ਜੈਤੂਨ ਦਾ ਤੇਲ ਵੀ ਲੈ ਆਏ। ਇਨ੍ਹਾਂ ਚੀਜ਼ਾਂ ਦੀ ਵਰਤੋਂ ਸੁਗੰਧਤ ਧੂਫ਼, ਮਸਹ ਵਾਲੇ ਤੇਲ ਲਈ ਅਤੇ ਦੀਵਿਆਂ ਦੇ ਤੇਲ ਲਈ ਕੀਤੀ ਗਈ ਸੀ। 29 ਇਸਰਾਏਲ ਦੇ ਇਹ ਸਾਰੇ ਲੋਕ ਜਿਹੜੇ ਸਹਾਇਤਾ ਕਰਨੀ ਚਾਹੁੰਦੇ ਸਨ, ਯਹੋਵਾਹ ਲਈ ਸੁਗਾਤਾਂ ਲੈਕੇ ਆਏ। ਲੋਕਾਂ ਨੇ ਇਹ ਸੁਗਾਤਾਂ ਮੁਫ਼ਤ ਦਿੱਤੀਆਂ ਕਿਉਂਕਿ ਉਹ ਇਹੀ ਚਾਹੁੰਦੇ ਸਨ। ਇਨ੍ਹਾਂ ਸੁਗਾਤਾਂ ਦੀ ਵਰਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਬਨਾਉਣ ਲਈ ਕੀਤੀ ਗਈ ਜਿਸ ਬਾਰੇ ਯਹੋਵਾਹ ਨੇ ਮੂਸਾ ਅਤੇ ਲੋਕਾਂ ਨੂੰ ਬਨਾਉਣ ਲਈ ਆਖਿਆ ਸੀ। 30 ਫ਼ੇਰ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਦੇਖੋ, ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਊਰੀ ਦੇ ਪੁੱਤਰ ਬਸਲੇਲ ਨੂੰ ਚੁਣਿਆ ਹੈ। (ਊਰੀ ਹੂਰ ਦਾ ਪੁੱਤਰ ਸੀ।) 31 ਯਹੋਵਾਹ ਨੇ ਬਸਲਏਲ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਭਰ ਦਿੱਤਾ। ਉਸਨੇ ਬਸਲਏਲ ਨੂੰ ਸਭ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਖਾਸ ਯੋਗਤਾ ਅਤੇ ਗਿਆਨ ਦਿੱਤਾ ਹੈ। 32 ਉਹ ਸੋਨੇ ਚਾਂਦੀ ਅਤੇ ਪਿੱਤਲ ਦੀਆਂ ਚੀਜ਼ਾਂ ਤਰਾਸ਼ ਸਕਦਾ ਹੈ ਤੇ ਬਣਾ ਸਕਦਾ ਹੈ। 33 ਉਹ ਕੀਮਤੀ-ਪੱਥਰ ਅਤੇ ਹੀਰੇ ਤਰਾਸ਼ ਸਕਦਾ ਹੈ ਅਤੇ ਉਨ੍ਹਾਂ ਨੂੰ ਜੜ ਸਕਦਾ ਹੈ। ਬਸਲਏਲ ਲੱਕੜ ਦਾ ਕੰਮ ਕਰ ਸਕਦਾ ਹੈ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦਾ ਹੈ। 34 ਯਹੋਵਾਹ ਨੇ ਬਸਲਏਲ ਅਤੇ ਆਹਾਲੀਆਬ ਨੂੰ ਹੋਰਨਾਂ ਲੋਕਾਂ ਨੂੰ ਸਿਖਿਆ ਦੇਣ ਦੀ ਯੋਗਤਾ ਦਿੱਤੀ ਹੈ। (ਆਹਾਲੀਆਬ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਅਹੀਸਾਮਾਕ ਦਾ ਪੁੱਤਰ ਸੀ।) 35 ਯਹੋਵਾਹ ਨੇ ਇਨ੍ਹਾਂ ਦੋਹਾਂ ਬੰਦਿਆਂ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੀ ਖਾਸ ਯੋਗਤਾ ਦਿੱਤੀ ਹੈ। ਉਹ ਤਰਖਾਣਾਂ ਅਤੇ ਠਠੇਰਿਆਂ ਦਾ ਕੰਮ ਕਰਨ ਦੇ ਯੋਗ ਹਨ। ਉਹ ਕੱਪੜਾ ਬੁਣ ਸਕਦੇ ਹਨ ਅਤੇ ਇਸ ਉੱਪਰ ਨੀਲੇ ਬੈਂਗਣੀ ਅਤੇ ਲਾਲ ਸੂਤ ਦੇ ਨਮੂਨੇ ਬਣਾ ਸਕਦੇ ਹਨ ਅਤੇ ਮਹੀਨ ਲਿਨਨ ਬੁਣ ਸਕਦੇ ਹਨ। ਅਤੇ ਉਹ ਉੱਨ ਦੀਆਂ ਚੀਜ਼ਾਂ ਬੁਣ ਸਕਦੇ ਹਨ।

36:1 “ਇਸ ਲਈ ਬਸਲਏਲ, ਆਹਾਲੀਆਬ ਅਤੇ ਹੋਰ ਸਾਰੇ ਕਾਰੀਗਰ ਆਦਮੀਆਂ ਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਜਿਸਦਾ ਯਹੋਵਾਹ ਨੇ ਹੁਕਮ ਦਿੱਤਾ ਹੈ। ਯਹੋਵਾਹ ਨੇ ਇਨ੍ਹਾਂ ਆਦਮੀਆਂ ਨੂੰ ਇਹ ਪਵਿੱਤਰ ਸਥਾਨ ਬਨਾਉਣ ਲਈ ਸਾਰਾ ਯੋਗਤਾ ਵਾਲਾ ਕੰਮ ਕਰਨ ਦੀ ਸੂਝ ਅਤੇ ਸਮਝ ਦਿੱਤੀ ਹੈ।” 2 ਫ਼ੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਹੋਰ ਸਾਰੇ ਯੋਗ ਲੋਕਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਯਹੋਵਾਹ ਨੇ ਖਾਸ ਯੋਗਤਾਵਾਂ ਦਿੱਤੀਆਂ ਸਨ। ਅਤੇ ਇਹ ਲੋਕ ਇਸ ਲਈ ਆਏ ਕਿਉਂਕਿ ਇਹ ਕੰਮ ਰਾਹੀਂ ਸਹਾਇਤਾ ਕਰਨਾ ਚਾਹੁੰਦੇ ਸਨ। 3 ਮੂਸਾ ਨੇ ਇਨ੍ਹਾਂ ਲੋਕਾਂ ਨੂੰ ਉਹ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਜੋ ਇਸਰਾਏਲ ਦੇ ਲੋਕ ਸੁਗਾਤਾਂ ਵਜੋਂ ਲਿਆਏ ਸਨ। ਅਤੇ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਵਰਤਿਆ। ਲੋਕ ਹਰ ਸਵੇਰ ਸੁਗਾਤਾਂ ਲਿਆਉਂਦੇ ਰਹੇ। 4 ਆਖਿਰਕਾਰ ਸਾਰੇ ਕਾਰੀਗਰਾਂ ਨੇ ਉਸ ਪਵਿੱਤਰ ਸਥਾਨ ਉੱਤੇ ਆਪਣਾ ਕੰਮ ਕਰਨਾ ਛੱਡ ਦਿੱਤਾ, ਅਤੇ ਉਹ ਮੂਸਾ ਨਾਲ ਗੱਲ ਕਰਨ ਲਈ ਗਏ। ਉਨ੍ਹਾਂ ਨੇ ਆਖਿਆ, 5 “ਲੋਕਾਂ ਨੇ ਬਹੁਤ ਜ਼ਿਆਦਾ ਲਿਆਂਦਾ ਹੈ। ਸਾਡੇ ਕੋਲ ਇਸ ਤੰਬੂ ਦਾ ਕੰਮ ਖਤਮ ਕਰਨ ਲਈ ਲੋੜ ਤੋਂ ਵਧ ਹੈ।” 6 ਫ਼ੇਰ ਮੂਸਾ ਨੇ ਸਾਰੇ ਡੇਰੇ ਅੰਦਰ ਇਹ ਸੰਦੇਸ਼ ਭੇਜਿਆ; “ਕਿਸੇ ਵੀ ਆਦਮੀ ਜਾਂ ਔਰਤ ਨੂੰ ਪਵਿੱਤਰ ਸਥਾਨ ਲਈ ਸੁਗਾਤ ਵਜੋਂ ਹੋਰ ਕੋਈ ਚੀਜ਼ ਨਹੀਂ ਲਿਆਉਣੀ ਚਾਹੀਦੀ।” ਇਸ ਲਈ ਲੋਕਾਂ ਨੂੰ ਹੋਰ ਸੁਗਾਤਾਂ ਦੇਣ ਤੋਂ ਜ਼ਬਰਦਸਤੀ ਰੋਕਿਆ ਗਿਆ। 7 ਲੋਕਾਂ ਨੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਲੋੜ ਤੋਂ ਵਧ ਲੈ ਆਂਦਾ ਸੀ। 8 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਬਨਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਦੇ ਦਸ ਪਰਦੇ ਬਣਾਏ। ਅਤੇ ਉਨ੍ਹਾਂ ਨੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦਿਆਂ ਤਸਵੀਰਾਂ ਉਨ੍ਹਾਂ ਉੱਤੇ ਸਿਉਂਤੀਆਂ। 9 ਹਰੇਕ ਪਰਦਾ ਇੱਕੋ ਜਿਹੇ ਅਕਾਰ ਦਾ ਸੀ - 28 ਹੱਥ ਲੰਮਾ ਅਤੇ 4 ਹੱਥ ਚੌੜਾ। 10 ਕਾਰੀਗਰਾਂ ਨੇ ਪਰਦਿਆਂ ਨੂੰ ਸਿਉਂਕੇ ਪਰਦਿਆਂ ਦੇ ਦੋ ਸਮੂਹ ਬਣਾ ਲਈ। ਉਨ੍ਹਾਂ ਨੇ ਪੰਜ ਪਰਦੇ ਇਕਠੇ ਸਿਉਂਕੇ ਇੱਕ ਸਮੂਹ ਬਣਾਇਆ ਅਤੇ ਪੰਜ ਪਰਦੇ ਸਿਉਂਕੇ ਦੂਸਰਾ ਸਮੂਹ। 11 ਫ਼ੇਰ ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀਆਂ ਝਾਲਰਾਂ ਬਣਾਈਆਂ। ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਹੋ ਕੀਤਾ। 12 ਇੱਕ ਸਮੂਹ ਦੇ ਆਖਰੀ ਪਰਦੇ ਉੱਤੇ 50 ਹੁੱਕਾਂ ਸਨ ਅਤੇ 50 ਹੁੱਕਾਂ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਸਨ। ਇਹ ਹੁੱਕਾਂ ਇੱਕ ਦੂਸਰੇ ਦੇ ਆਮ੍ਹੋ-ਸਾਮ੍ਹਣੇ ਸਨ। 13 ਫ਼ੇਰ ਉਨ੍ਹਾਂ ਨੇ ਦੋਹਾਂ ਪਰਦਿਆਂ ਨੂੰ ਇੱਕ ਦੂਸਰੇ ਨਾਲ ਜੋੜਨ ਲਈ 50 ਸੋਨੇ ਦੇ ਕੁੰਡਲ ਬਣਾਏ। ਇਸ ਤਰ੍ਹਾਂ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦਿੱਤਾ ਗਿਆ। 14 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਢਕਣ ਲਈ ਇੱਕ ਹੋਰ ਤੰਬੂ ਬਣਾਇਆ। ਉਨ੍ਹਾਂ ਨੇ ਬੱਕਰੀ ਦੇ ਬਾਲਾਂ ਦੇ ਗਿਆਰਾਂ ਪਰਦੇ ਬਣਾਏ। 15 ਸਾਰੇ ਪਰਦੇ ਇੱਕੋ ਅਕਾਰ ਦੇ ਸਨ - 30 ਕਿਊਬਿਟ ਲੰਮੇ ਅਤੇ 4 ਕਿਊਬਿਟ ਚੌੜੇ। 16 ਕਾਰੀਗਰਾਂ ਨੇ ਪੰਜ ਪਰਦੇ ਜੋੜਕੇ ਉਨ੍ਹਾਂ ਦਾ ਇੱਕ ਮਸੂਹ ਬਣਾਇਆ ਅਤੇ ਛੇ ਪਰਦੇ ਜੋੜਕੇ ਦੂਸਰਾ ਸਮੂਹ ਬਣਾਇਆ। 17 ਉਨ੍ਹਾਂ ਨੇ ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ 50 ਹੁੱਕਾਂ ਬਣਾਈਆਂ ਅਤੇ ਉਨ੍ਹਾਂ ਨੇ ਦੂਸਰੇ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਤੇ ਵੀ ਇਵੇਂ ਹੀ ਕੀਤਾ। 18 ਕਾਰੀਗਰਾਂ ਨੇ ਪਰਦਿਆਂ ਦੇ ਦੋਹਾਂ ਸਮੂਹਾਂ ਨੂੰ ਜੋੜਕੇ ਇੱਕ ਕਰਨ ਲਈ ਪਿੱਤਲ ਦੇ 50 ਕੁੰਡਲ ਬਣਾਏ। 19 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਲਈ ਦੋ ਹੋਰ ਕੱਜਣ ਬਣਾਏ। ਇੱਕ ਕੱਜਣ ਭੇਡੂ ਦੀਆਂ ਲਾਲ ਰੰਗ ਦੀਆਂ ਖੱਲਾਂ ਦਾ ਬਣਾਇਆ ਗਿਆ ਸੀ। ਦੂਸਰਾ ਕੱਜਣ ਕੀਮਤੀ ਚਮੜੇ ਦਾ ਬਣਾਇਆ ਗਿਆ ਸੀ। 20 ਫ਼ੇਰ ਕਾਰੀਗਰਾਂ ਨੇ ਪਵਿੱਤਰ ਤੰਬੂ ਨੂੰ ਟੇਕ ਦੇਣ ਲਈ ਸ਼ਿੱਟੀਮ ਦੀ ਲੱਕੜ ਤੋਂ ਤਖਤੀਆਂ ਬਣਾਈਆਂ। 21 ਹਰੇਕ ਤਖਤੀ 10 ਕਿਊਬਿਟ ਲੰਬੀ ਅਤੇ ਡੇਢ ਕਿਊਬਿਟ ਚੌੜੀ ਸੀ। 22 ਹਰੇਕ ਤਖਤੀ ਦੇ ਅਖੀਰ ਤੇ ਦੋ ਥਮ੍ਹ ਸਨ। ਪਵਿੱਤਰ ਤੰਬੂ ਲਈ ਹਰੇਕ ਤਖਤੀ ਇੱਕੋ ਜਿਹੀ ਬਣਾਈ ਗਈ ਸੀ। 23 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦਖਣੀ ਪਾਸੇ ਲਈ 20 ਤਖਤੀਆਂ ਬਣਾਈਆਂ। 24 ਫ਼ੇਰ ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ। ਹਰੇਕ ਤਖਤੀ ਲਈ ਦੋ ਚੀਥੀਆਂ ਸਨ - ਹਰੇਕ ਪਾਸੇ ਦੀ ਚੋਬ ਲਈ ਇੱਕ-ਇੱਕ ਚੀਥੀ। 25 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ ਵੀ 20 ਤਖਤੀਆਂ ਬਣਾਈਆਂ। 26 ਉਨ੍ਹਾਂ ਨੇ ਤਖਤੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਈਆਂ - ਹਰੇਕ ਤਖਤੀ ਲਈ ਦੋ ਚੀਥੀਆਂ। 27 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਪਛਮੀ ਪਾਸੇ) ਲਈ ਛੇ ਹੋਰ ਤਖਤੀਆਂ ਬਣਾਈਆਂ। 28 ਉਨ੍ਹਾਂ ਨੇ ਪਵਿੱਤਰ ਤੰਬੂ ਦੇ ਕੋਨਿਆਂ ਲਈ ਵੀ ਦੋ ਤਖਤੀਆਂ ਬਣਾਈਆਂ। 29 ਇਹ ਤਖਤੀਆਂ ਹੇਠਾਂ ਤੋਂ ਇੱਕ ਦੂਸਰੇ ਨਾਲ ਜੋੜਿਆਂ ਗਈਆਂ ਸਨ। ਅਤੇ ਉੱਪਰੋਂ, ਇੱਕ ਕੜਾ ਕੋਨਿਆਂ ਵਾਲੀਆਂ ਤਖਤੀਆਂ ਨੂੰ ਇਕ ਸਾਥ ਫ਼ੜਦਾ ਸੀ। ਉਨ੍ਹਾਂ ਨੇ ਅਜਿਹਾ ਦੋਹਾਂ ਕੋਨਿਆਂ ਲਈ ਕੀਤਾ। 30 ਪਵਿੱਤਰ ਤੰਬੂ ਦੇ ਪਛਮੀ ਪਾਸੇ ਲਈ ਕੁੱਲ ਅਠ ਤਖਤੀਆਂ ਸਨ ਅਤੇ ਚਾਂਦੀ ਦੀਆਂ 16 ਚੀਥੀਆਂ ਸਨ - ਹਰੇਕ ਫ਼ਰੇਮ ਲਈ ਦੋ ਚੀਥੀਆਂ। 31 ਫ਼ੇਰ ਕਾਰੀਗਰਾਂ ਨੇ ਤਖਤੀਆਂ ਲਈ ਬਰੇਸ਼ਾਂ ਬਨਾਉਣ ਵਾਸਤੇ ਸ਼ਿੱਟੀਮ ਦੀ ਲੱਕੜ ਦੀ ਵਰਤੋਂ ਕੀਤੀ - ਪਵਿੱਤਰ ਤੰਬੂ ਦੇ ਇੱਕ ਪਾਸੇ ਲਈ ਪੰਜ ਬਰੇਸ਼ਾ, 32 ਪੰਜ ਬਰੇਸਾ ਦੂਸਰੇ ਪਾਸੇ ਲਈ, ਅਤੇ ਪਵਿੱਤਰ ਤੰਬੂ ਦੇ ਪਿਛਲੇ ਪਾਸੇ (ਅਰਥਾਤ ਪਛਮੀ ਪਾਸੇ) ਲਈ ਪੰਜ ਬਰੇਸਾਂ। 33 ਉਨ੍ਹਾਂ ਨੇ ਇੱਕ ਵਿਚਕਾਰਲੀ ਬਰੇਸ ਬਣਾਈ ਜੋ ਤਖਤੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਦੀ ਸੀ। 34 ਉਨ੍ਹਾਂ ਨੇ ਇਨ੍ਹਾਂ ਤਖਤੀਆਂ ਉੱਤੇ ਸੋਨਾ ਮਢ਼ਿਆ। ਫ਼ੇਰ ਉਨ੍ਹਾਂ ਨੇ ਇਨ੍ਹਾਂ ਬਰੇਸਾਂ ਨੂੰ ਫ਼ੜਣ ਲਈ ਸੋਨੇ ਦੇ ਕੜੇ ਬਣਾਏ। ਅਤੇ ਬਰੇਸਾ ਨੂੰ ਸੋਨੇ ਨਾਲ ਢਕ ਦਿੱਤਾ। 35 ਉਨ੍ਹਾਂ ਨੇ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਖਾਸ ਪਰਦਾ ਬਨਾਉਣ ਵਾਸਤੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਿਤੀ। ਅਤੇ ਉਨ੍ਹਾਂ ਨੇ ਪਰਦੇ ਉੱਤੇ ਕਰੂਬੀ ਫ਼ਰਿਸ਼ਤਿਆਂ ਦੀਆਂ ਤਸਵੀਰਾਂ ਸਿਉਂਤੀਆਂ। 36 ਉਨ੍ਹਾਂ ਨੇ ਸ਼ਿੱਟੀਮ ਦੀ ਲੱਕੜ ਦੀਆਂ ਚਾਰ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੇ ਚੋਬਾਂ ਉੱਤੇ ਸੋਨਾ ਚੜਾਇਆ। ਅਤੇ ਫ਼ੇਰ ਉਨ੍ਹਾਂ ਨੇ ਚੋਬਾਂ ਲਈ ਸੋਨੇ ਦੀਆਂ ਕੁੰਡੀਆਂ ਬਣਾਈਆਂ। ਅਤੇ ਉਨ੍ਹਾਂ ਨੇ ਚੋਬਾਂ ਲਈ ਚਾਂਦੀ ਦੀਆਂ ਚਾਰ ਚੀਥੀਆਂ ਬਣਾਈਆਂ। 37 ਫ਼ੇਰ ਉਨ੍ਹਾਂ ਨੇ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਤੋਂ ਤੰਬੂ ਦੇ ਪ੍ਰਵੇਸ਼ ਦੁਆਰ ਦਾ ਕੱਜਣ ਬਣਾਇਆ। 38 ਫ਼ੇਰ ਉਨ੍ਹਾਂ ਨੇ ਪ੍ਰਵੇਸ਼ ਦੇ ਇਸ ਉੱਪਰ ਪਰਦੇ ਲਈ ਪੰਜ ਚੋਬਾਂ ਅਤੇ ਕੁੰਡੀਆਂ ਬਣਾਈਆਂ। ਉਨ੍ਹਾਂ ਨੇ ਚੋਬਾਂ ਦੇ ਉੱਪਰਲੇ ਸਿਰਿਆਂ ਨੂੰ ਅਤੇ ਪਰਦਿਆਂ ਦੀਆਂ ਡੰਡੀਆਂ ਨੂੰ ਸੋਨੇ ਨਾਲ ਮੜ ਦਿੱਤਾ। ਅਤੇ ਉਨ੍ਹਾਂ ਨੇ ਚੋਬਾਂ ਲਈ ਪਿੱਤਲ ਦੀਆਂ ਪੰਜ ਚੋਬਾਂ ਬਣਾਈਆਂ।

37:1 ਬਸਲਏਲ ਨੇ ਪਵਿੱਤਰ ਸੰਦੂਕ ਸ਼ਿੱਟੀਮ ਦੀ ਲੱਕੜ ਤੋਂ ਬਣਾਇਆ। ਸੰਦੂਕ ਢਾਈ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 2 ਉਸਨੇ ਸੰਦੂਕ ਦੇ ਅੰਦਰ ਤੇ ਬਾਹਰ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ। ਫ਼ੇਰ ਉਸਨੇ ਸੰਦੂਕ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 3 ਉਸਨੇ ਸੋਨੇ ਦੇ ਚਾਰ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਕੋਨਿਆਂ ਉੱਤੇ ਲਾ ਦਿੱਤਾ। ਇਹ ਕੜੇ ਸੰਦੂਕ ਨੂੰ ਚੁੱਕਣ ਲਈ ਵਰਤੇ ਜਾਂਦੇ ਸਨ। ਹਰੇਕ ਪਾਸੇ ਦੋ ਕੜੇ ਸਨ। 4 ਫ਼ੇਰ ਉਸਨੇ ਸੰਦੂਕ ਨੂੰ ਚੁੱਕਣ ਲਈ ਚੋਬਾਂ ਬਣਾਈਆਂ। ਉਸਨੇ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਢਕ ਦਿੱਤਾ। 5 ਉਸਨੇ ਸੰਦੂਕ ਦੇ ਹਰੇਕ ਪਾਸੇ ਦੇ ਕੜਿਆਂ ਵਿੱਚੋਂ ਚੋਬਾਂ ਗੁਜ਼ਾਰ ਦਿੱਤੀਆਂ। 6 ਫ਼ੇਰ ਉਸਨੇ ਸ਼ੁਧ ਸੋਨੇ ਦਾ ਢੱਕਣ ਬਣਾਇਆ। ਇਹ ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਸੀ। 7 ਫ਼ੇਰ ਬਸਲਏਲ ਨੇ ਸੋਨੇ ਨੂੰ ਚਂਡਕੇ ਦੋ ਕਰੂਬੀ ਫ਼ਰਿਸ਼ਤੇ ਬਣਾਏ ਅਤੇ ਢੱਕਣ ਦੇ ਹਰੇਕ ਪਾਸੇ ਉੱਤੇ ਉਨ੍ਹਾਂ ਨੂੰ ਚਿਪਕਾ ਦਿੱਤਾ। 8 ਉਸਨੇ ਢੱਕਣ ਦੇ ਇੱਕ ਸਿਰੇ ਉੱਤੇ ਇੱਕ ਕਰੂਬੀ ਫ਼ਰਿਸ਼ਤਾ ਚਿਪਕਾਇਆ ਅਤੇ ਦੂਸਰੇ ਨੂੰ ਦੂਸਰੇ ਸਿਰੇ ਉੱਤੇ। 9 ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਏ ਸਨ। ਦੂਤਾਂ ਨੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢਕਿਆ ਹੋਇਆ ਸੀ। ਦੂਤਾਂ ਦਾ ਮੂੰਹ ਢੱਕਣ ਵੱਲ ਦੇਖਦੇ ਹੋਏ ਇੱਕ ਦੂਸਰੇ ਵੱਲ ਸੀ। 10 ਫ਼ੇਰ ਉਸਨੇ ਸ਼ਿੱਟੀਮ ਦੀ ਲੱਕੜ ਦਾ ਖਾਸ ਮੇਜ ਬਣਾਇਆ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਸੀ। 11 ਉਸਨੇ ਮੇਜ ਨੂੰ ਸ਼ੁਧ ਸੋਨੇ ਨਾਲ ਢਕਿਆ। ਉਸਨੇ ਮੇਜ ਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾਈ। 12 ਫ਼ੇਰ ਉਸਨੇ ਮੇਜ ਦੇ ਆਲੇ-ਦੁਆਲੇ ਇੱਕ ਕਿਊਬਿਟ ਚੌੜਾ ਇੱਕ ਫ਼ਰੇਮ ਬਣਾਇਆ। ਉਸਨੇ ਫ਼ਰੇਮ ਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਈ। 13 ਫ਼ੇਰ ਉਸਨੇ ਸੋਨੇ ਦੇ ਚਾਰੇ ਕੜੇ ਬਣਾਏ ਅਤੇ ਉਨ੍ਹਾਂ ਚਾਰਾਂ ਲੱਤਾਂ ਵਾਲੀ ਥਾਂ ਤੇ ਚਾਰਾਂ ਕੋਨਿਆਂ ਉੱਤੇ ਰੱਖ ਦਿੱਤਾ। 14 ਉਸਨੇ ਕੜਿਆਂ ਨੂੰ ਮੇਜ ਦੇ ਟਾਪ ਦੇ ਚਾਰੇ ਪਾਸੇ ਤਖਤੀ ਦੇ ਨੇੜੇ ਕਰਕੇ ਰੱਖ ਦਿੱਤਾ। ਇਨ੍ਹਾਂ ਕੜਿਆਂ ਵਿੱਚ ਚੋਬਾਂ ਫ਼ਸਾਈਆਂ ਜਾਣੀਆਂ ਸਨ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਂਦਾ ਸੀ। 15 ਫ਼ੇਰ ਉਸਨੇ ਮੇਜ ਨੂੰ ਚੁੱਕਣ ਲਈ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ੁਧ ਸੋਨੇ ਨਾਲ ਮੜ ਦਿੱਤਾ। 16 ਫ਼ੇਰ ਉਸਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਮੇਜ ਉੱਤੇ ਇਸਤੇਮਾਲ ਹੁੰਦੀਆਂ ਸਨ। ਉਸਨੇ ਸ਼ੁਧ ਸੋਨੇ ਦੀਆਂ ਪਲੇਟਾਂ, ਚਮਚੇ, ਪਿਆਲੇ ਅਤੇ ਸੁਰਾਹੀਆਂ ਬਣਾਈਆਂ। ਪਿਆਲਿਆਂ ਅਤੇ ਸੁਰਾਹੀਆਂ ਦੀ ਵਰਤੋਂ ਪੀਣ ਦੀਆਂ ਭੇਟਾਂ ਲਈ ਕੀਤੀ ਜਾਂਦੀ ਹੈ। 17 ਫ਼ੇਰ ਉਸਨੇ ਸੋਨੇ ਦਾ ਸ਼ਮਾਦਾਨ ਬਣਾਇਆ। ਉਸਨੇ ਸ਼ੁਧ ਸੋਨੇ ਨੂੰ ਕੁਟਕੇ ਇੱਕ ਚੀਥੀ, ਇੱਕ ਡੰਡੀ ਅਤੇ ਟਹਿਣੀਆਂ ਬਣਾਈਆਂ। ਫ਼ੇਰ ਉਸਨੇ ਫ਼ੁੱਲ ਕਲੀਆਂ ਅਤੇ ਪੱਤੀਆਂ ਬਣਾਈਆਂ। ਉਸਨੇ ਇਹ ਸਭ ਕੁਝ ਸੋਨੇ ਦੇ ਉਸ ਟੁਕੜੇ ਤੋਂ ਬਣਾਇਆ। 18 ਸ਼ਮਾਦਾਨ ਦੀਆਂ ਛੇ ਸ਼ਾਖਾਵਾਂ ਸਨ - ਤਿੰਨ ਸ਼ਾਖਾਵਾਂ ਇੱਕ ਪਾਸੇ ਅਤੇ ਤਿੰਨ ਸ਼ਾਖਾਵਾਂ ਦੂਸਰੇ ਪਾਸੇ। 19 ਹਰੇਕ ਸ਼ਾਖ ਉੱਤੇ ਤਿੰਨ ਫ਼ੁੱਲ ਸਨ। ਇਨ੍ਹਾਂ ਫ਼ੁੱਲਾਂ ਨੂੰ ਬਦਾਮਾਂ ਦੇ ਫ਼ੁੱਲਾਂ ਵਾਂਗ, ਕਲੀਆਂ ਅਤੇ ਪੱਤੀਆਂ ਸਮੇਤ, ਬਣਾਇਆ ਗਿਆ ਸੀ। 20 ਸ਼ਮਾਦਾਨ ਦੀ ਡੰਡੀ ਉੱਤੇ ਚਾਰ ਹੋਰ ਫ਼ੁੱਲ ਸਨ। ਇਨ੍ਹਾਂ ਨੂੰ ਵੀ ਕਲੀਆਂ ਅਤੇ ਪੱਤੀਆਂ ਸਮੇਤ ਬਦਾਮਾਂ ਦੇ ਫ਼ੁੱਲਾਂ ਵਾਂਗ ਬਣਾਇਆ ਗਿਆ ਸੀ। 21 ਉਥੇ ਛੇ ਸ਼ਾਖਾਵਾਂ ਸਨ - ਹਰੇਕ ਪਾਸਿਓ ਆਉਂਦੀਆਂ ਹੋਈਆਂ ਤਿੰਨ ਸ਼ਾਖਾਵਾਂ। ਓਥੇ ਇਨ੍ਹਾਂ ਤਿੰਨਾਂ ਥਾਵਾਂ ਵਿੱਚ ਹਰੇਕ ਦੇ ਹੇਠਾਂ ਇੱਕ ਬਦਾਮ ਦੀ ਪੱਤੀ ਸੀ। ਜਿਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਸਨ। 22 ਸਾਰਾ ਸ਼ਮਾਦਾਨ ਫ਼ੁੱਲਾਂ ਤੇ ਟਹਿਣੀਆਂ ਸਮੇਤ, ਸ਼ੁਧ ਸੋਨੇ ਦਾ ਬਣਿਆ ਹੋਇਆ ਸੀ। ਇਹ ਸਾਰਾ ਕੁਝ ਕੁੱਟੇ ਹੋਏ ਸੋਨੇ ਦੇ ਇੱਕ ਟੁਕੜੇ ਤੋਂ ਬਣਾਇਆ ਗਿਆ ਸੀ। 23 ਉਸਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁਧ ਸੋਨੇ ਦੀਆਂ ਬਣਾਈਆਂ। 24 ਉਸਨੇ ਸ਼ਮਾਦਾਨ ਅਤੇ ਇਸਦੇ ਨਾਲ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ 75 ਪੌਂਡ ਦੀਆਂ ਬਣਾਈਆਂ। 25 ਉਸਨੇ ਧੂਫ਼ ਧੁਖਾਉਣ ਲਈ ਜਗਵੇਦੀ ਬਣਾਈ। ਉਸਨੇ ਇਹ ਸ਼ਿੱਟੀਮ ਦੀ ਲੱਕੜ ਤੋਂ ਬਣਾਈ। ਜਗਵੇਦੀ ਚੌਰਸ ਸੀ। ਇਹ ਇੱਕ ਹੱਥ ਲੰਮੀ ਇੱਕ ਹੱਥ ਚੌੜੀ ਤੇ ਦੋ ਹੱਥ ਉੱਚੀ ਸੀ। ਜਗਵੇਦੀ ਉੱਤੇ ਚਾਰ ਸਿੰਗ ਸਨ। ਹਰੇਕ ਕੋਨੇ ਉੱਤੇ ਇੱਕ ਸਿੰਗ ਸੀ। ਇਨ੍ਹਾਂ ਸਿੰਗਾਂ ਨੂੰ ਇੱਕ ਦੂਜੇ ਨਾਲ ਅਤੇ ਜਗਵੇਦੀ ਨਾਲ ਜੋੜਕੇ ਇੱਕ ਮਿਕ ਕਰ ਦਿੱਤਾ ਗਿਆ ਸੀ। 26 ਉਸਨੇ ਉੱਪਰਲਾ ਹਿੱਸਾ ਅਤੇ ਸਿੰਗਾਂ ਦੇ ਸਾਰੇ ਪਾਸੇ ਸ਼ੁਧ ਸੋਨੇ ਨਾਲ ਢਕ ਦਿੱਤੇ। ਫ਼ੇਰ ਉਸਨੇ ਜਗਵੇਦੀ ਦੇ ਆਲੇ-ਦੁਆਲੇ ਦੀ ਕਿਨਾਰੀ ਬਣਾਈ। 27 ਉਸਨੇ ਜਗਵੇਦੀ ਲਈ ਸੋਨੇ ਦੇ ਦੋ ਕੜੇ ਬਣਾਏ। ਉਸਨੇ ਜਗਵੇਦੀ ਦੇ ਹਰੇਕ ਪਾਸੇ ਕਿਨਾਰੀ ਦੇ ਹੇਠਾਂ ਕੜੇ ਪਾ ਦਿੱਤੇ। ਇਹ ਸੋਨੇ ਦੇ ਕੜੇ ਜਗਵੇਦੀ ਨੂੰ ਚੁੱਕਣ ਵਾਲੀਆਂ ਚੋਬਾਂ ਨੂੰ ਫ਼ੜੀ ਰਖਦੇ ਸਨ। 28 ਉਸਨੇ ਸ਼ਿੱਟੀਮ ਦੀ ਲੱਕੜ ਦੀਆਂ ਚੋਬਾਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ ਦਿੱਤਾ। 29 ਫ਼ੇਰ ਉਸਨੇ ਮਸਹ ਵਾਲਾ ਪਵਿੱਤਰ ਤੇਲ ਬਣਾਇਆ। ਉਸਨੇ ਸ਼ੁਧ ਸੁਗੰਧਤ ਧੂਫ਼ ਵੀ ਬਣਾਈ। ਇਹ ਚੀਜ਼ਾਂ ਉਸੇ ਤਰ੍ਹਾਂ ਬਣਾਈਆਂ ਗਈਆਂ ਸਨ ਜਿਵੇਂ ਕੋਈ ਅਤਰ ਬਨਾਉਣ ਵਾਲਾ ਉਨ੍ਹਾਂ ਨੂੰ ਬਣਾਉਂਦਾ ਹੈ।

38:1 ਬਸਲਏਲ ਨੇ ਜਗਵੇਦੀ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ। ਇਹ ਜਗਵੇਦੀ ਹੋਮ ਦੀਆਂ ਭੇਟਾਂ ਲਈ ਇਸਤੇਮਾਲ ਹੁੰਦੀ ਸੀ। ਇਹ ਜਗਵੇਦੀ ਚੌਰਸ ਸੀ। ਇਹ ਪੰਜ ਹੱਥ ਲੰਮੀ, ਪੰਜ ਹੱਥ ਚੌੜੀ ਅਤੇ ਤਿੰਨ ਹੱਥ ਉੱਚੀ ਸੀ। 2 ਉਸਨੇ ਜਗਵੇਦੀ ਦੇ ਚਾਰਾਂ ਕੋਨਿਆਂ ਲਈ ਇੱਕ-ਇੱਕ ਸਿੰਗ ਬਣਾਇਆ। ਹਰੇਕ ਸਿੰਗ ਨੂੰ ਇਸਦੇ ਕੋਨੇ ਨਾਲ ਜੋੜਕੇ, ਉਸਨੇ ਸਾਰੇ ਕਾਸੇ ਨੂੰ ਇੱਕ ਟੁਕੜਾ ਬਣਾ ਦਿੱਤਾ ਅਤੇ ਜਗਵੇਦੀ ਨੂੰ ਕਾਂਸੇ ਨਾਲ ਢਕ ਦਿੱਤਾ। 3 ਫ਼ੇਰ ਉਸਨੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੇ ਸਾਰੇ ਸੰਦ ਪਿੱਤਲ ਦੇ ਬਣਾ ਦਿੱਤੇ। ਉਸਨੇ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ। 4 ਫ਼ੇਰ ਉਸਨੇ ਜਗਵੇਦੀ ਲਈ ਪਿੱਤਲ ਦੀ ਇੱਕ ਝੰਜਰੀ ਬਣਾਈ। ਇਹ ਝੰਜਰੀ ਜਾਲ ਵਰਗੀ ਸੀ। ਝੰਜਰੀ ਜਗਵੇਦੀ ਦੇ ਕਿਂਗਰੇ ਹੇਠਾਂ ਪਾਈ ਗਈ ਸੀ। ਇਹ ਹੇਠੋਂ ਲੈਕੇ ਜਗਵੇਦੀ ਦੇ ਕਿਂਗਰੇ ਦੇ ਅਧ ਤੀਕ ਜੋੜੀ ਗਈ ਸੀ। 5 ਫ਼ੇਰ ਉਸਨੇ ਪਿੱਤਲ ਦੇ ਕੜੇ ਬਣਾਏ। ਇਨ੍ਹਾਂ ਕੜਿਆਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਚੋਬਾਂ ਫ਼ੜਨ ਵਾਸਤੇ ਕੀਤੀ ਜਾਂਦੀ ਸੀ। ਉਸਨੇ ਅੰਗੀਠੀ ਦੇ ਚਾਰਾਂ ਕੋਨਿਆਂ ਉੱਤੇ ਕੜੇ ਪਾ ਦਿੱਤੇ। 6 ਫ਼ੇਰ ਉਸਨੇ ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੀ ਅਤੇ ਇਨ੍ਹਾਂ ਨੂੰ ਕਾਂਸੇ ਨਾਲ ਮਢ਼ ਦਿੱਤਾ। 7 ਉਸਨੇ ਜਗਵੇਦੀ ਦੇ ਆਸੇ-ਪਾਸੇ ਦੇ ਕੜਿਆਂ ਵਿੱਚ ਚੋਬਾਂ ਫ਼ਸਾ ਦਿੱਤੀਆਂ। ਇਨ੍ਹਾਂ ਚੋਬਾਂ ਦੀ ਵਰਤੋਂ ਜਗਵੇਦੀ ਨੂੰ ਚੁੱਕਣ ਲਈ ਕੀਤੀ ਜਾਂਦੀ ਸੀ। ਉਸਨੇ ਜਗਵੇਦੀ ਦੇ ਆਸੇ-ਪਾਸੇ ਬਨਾਉਣ ਲਈ ਫ਼ਟਿਆਂ ਦੀ ਵਰਤੋਂ ਕੀਤੀ। ਇਹ ਅੰਦਰੋਂ ਖਾਲੀ ਸੰਦੂਕ ਵਾਂਗ ਸਖਣੀ ਸੀ। 8 ਉਸਨੇ ਚੌਂਕੀ ਸਮੇਤ ਪਿੱਤਲ ਦਾ ਤਸਲਾ ਬਣਾਇਆ ਉਸਨੇ ਔਰਤਾਂ ਵੱਲੋਂ ਦਿੱਤੇ ਹੋਏ ਪਿੱਤਲ ਦੇ ਸ਼ੀਸ਼ਿਆਂ ਦੀ ਵਰਤੋਂ ਕੀਤੀ। ਇਹ ਉਹੀ ਔਰਤਾਂ ਸਨ ਜਿਹੜੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਸੇਵਾ ਕਰਦੀਆਂ ਸਨ। 9 ਫ਼ੇਰ ਉਸਨੇ ਪਰਦਿਆਂ ਦੀ ਕੰਧ ਦੇ ਆਲੇ-ਦੁਆਲੇ ਉਸਾਰ ਕੇ ਵਿਹੜਾ ਬਣਾਇਆ। ਦਖਣ ਵਾਲੇ ਪਾਸੇ ਉਸਨੇ 100 ਹੱਥ ਲੰਮੇ ਪਰਦਿਆਂ ਦੀ ਕੰਧ ਬਣਾਈ। ਪਰਦੇ ਮਹੀਨ ਲਿਨਨ ਦੇ ਬਣੇ ਸਨ। 10 ਦਖਣ ਵਾਲੇ ਪਾਸੇ ਦੇ ਪਰਦੇ 20 ਚੋਬਾਂ ਦੇ ਸਹਾਰੇ ਟਿਕੇ ਹੋਏ ਸਨ। ਇਹ ਚੋਬਾਂ ਪਿੱਤਲ ਦੀਆਂ 20 ਚੀਥਿਆਂ ਉੱਤੇ ਰੱਖੀਆਂ ਹੋਈਆਂ ਸਨ। ਚੋਬਾਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 11 ਵਿਹੜੇ ਦੇ ਉੱਤਰੀ ਪਾਸੇ 100 ਕਿਊਬਿਟ ਲੰਮੇ ਪਰਦਿਆਂ ਦੀ ਕੰਧ ਸੀ। ਉਥੇ 20 ਪਿੱਤਲ ਦੀਆਂ ਚੀਥਿਆਂ ਨਾਲ 20 ਚੋਬਾਂ ਸਨ। ਚੋਬਾਂ ਲਈ ਕੁੰਡਿਆਂ ਅਤੇ ਪਰਦੇ ਦੀਆਂ ਛੜਾਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 12 ਵਿਹੜੇ ਦੇ ਪੱਛਮ ਵਾਲੇ ਪਾਸੇ ਪਰਦਿਆਂ ਦੀ ਕੰਧ 50 ਹੱਥ ਲੰਮੀ ਸੀ। ਇੱਥੇ ਦਸ ਚੋਬਾਂ ਅਤੇ ਦਸ ਚੀਥੀਆਂ ਸਨ। ਚੋਬਾਂ ਅਤੇ ਪਰਦਿਆਂ ਦੀਆਂ ਡੰਡੀਆਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 13 ਵਿਹੜੇ ਦਾ ਪੂਰਬੀ ਪਾਸਾ 50 ਹੱਥ ਚੌੜਾ ਸੀ। ਵਿਹੜੇ ਦਾ ਪ੍ਰਵੇਸ਼ ਦੁਆਰ ਇਸੇ ਪਾਸੇ ਸੀ। 14 ਪ੍ਰਵੇਸ਼ ਦੁਆਰ ਦੇ ਇੱਕ ਪਾਸੇ ਪਰਦਿਆਂ ਦੀ ਕੰਧ 15 ਹੱਥ ਲੰਮੀ ਸੀ। ਇੱਥੇ ਇਸ ਪਾਸੇ ਤਿੰਨ ਚੋਬਾਂ ਅਤੇ ਤਿੰਨ ਚੀਥੀਆਂ ਸਨ। 15 ਪ੍ਰਵੇਸ਼ ਦੁਆਰ ਦੇ ਦੂਸਰੇ ਪਾਸੇ ਵੀ ਪਰਦਿਆਂ ਦੀ ਕੰਧ ਪੰਦਰ੍ਹਾਂ ਹੱਥ ਲੰਮੀ ਸੀ। ਇੱਥੇ ਉਸ ਪਾਸੇ ਤਿੰਨ ਚੋਬਾਂ ਤੇ ਤਿੰਨ ਚੀਥੀਆਂ ਸਨ। 16 ਵਿਹੜੇ ਦੇ ਆਲੇ-ਦੁਆਲੇ ਦੇ ਸਾਰੇ ਪਰਦੇ ਮਹੀਨ ਲਿਨਨ ਦੇ ਬਣੇ ਹੋਏ ਸਨ। 17 ਚੋਬਾਂ ਦੀਆਂ ਚੀਥੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। ਕੁੰਡੀਆਂ ਅਤੇ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਵੀ ਚਾਂਦੀ ਨਾਲ ਮੜੀਆਂ ਹੋਈਆਂ ਸਨ। ਵਿਹੜੇ ਦੀਆਂ ਸਾਰੀਆਂ ਚੋਬਾਂ ਦੀਆਂ ਪਰਦਿਆਂ ਦੀਆਂ ਡੰਡੀਆਂ ਚਾਂਦੀ ਦੀਆਂ ਸਨ। 18 ਵਿਹੜੇ ਦੇ ਪ੍ਰਵੇਸ਼ ਦੁਆਰ ਦਾ ਪਰਦਾ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਬਣਿਆ ਹੋਇਆ ਸੀ। ਉਸ ਪਰਦੇ ਵਿੱਚ ਨਮੂਨੇ ਬਣੇ ਹੋਏ ਸਨ। ਪਰਦਾ 20 ਹੱਥ ਲੰਮਾ ਅਤੇ 5 ਹੱਥ ਉੱਚਾ ਸੀ। ਇਹ ਉਨੀ ਹੀ ਉਚਾਈ ਦਾ ਸੀ ਜਿੰਨੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦੇ ਸਨ। 19 ਪਰਦਾ ਚਾਰ ਚੋਬਾਂ ਅਤੇ ਪਿੱਤਲ ਦੀਆਂ ਚਾਰ ਚੀਥੀਆਂ ਉੱਤੇ ਟਿਕਿਆ ਹੋਇਆ ਸੀ। ਚੋਬਾਂ ਦੀਆਂ ਕੁੰਡੀਆਂ ਚਾਂਦੀ ਦੀਆਂ ਬਣੀਆਂ ਹੋਈਆਂ ਸਨ। ਚੋਬਾਂ ਦੀਆਂ ਸਿਖਰਾਂ ਚਾਂਦੀ ਨਾਲ ਮੜੀਆਂ ਹੋਈਆਂ ਸਨ ਅਤੇ ਪਰਦਿਆਂ ਦੀਆਂ ਡੰਡੀਆਂ ਵੀ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 20 ਪਵਿੱਤਰ ਤੰਬੂ ਅਤੇ ਵਿਹੜੇ ਦੇ ਆਲੇ-ਦੁਆਲੇ ਦੀਆਂ ਕਿੱਲੀਆਂ ਪਿੱਤਲ ਦੀਆਂ ਬਣੀਆਂ ਹੋਈਆਂ ਸਨ। 21 ਮੂਸਾ ਨੇ ਲੇਵੀ ਲੋਕਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਖ ਲੈਣ ਦਾ ਹੁਕਮ ਦਿੱਤਾ ਜਿਹੜੀਆਂ ਪਵਿੱਤਰ ਤੰਬੂ ਨੂੰ ਅਰਥਾਤ ਇਕਰਾਰਨਾਮੇ ਵਾਲੇ ਤੰਬੂ ਨੂੰ ਬਨਾਉਣ ਲਈ ਵਰਤੀਆਂ ਗਈਆਂ ਸਨ, ਹਾਰੂਨ ਦਾ ਪੁੱਤਰ ਈਥਾਮਾਰ ਸੂਚੀ ਰੱਖਣ ਦਾ ਇੰਚਾਰਜ ਸੀ। 22 ਯਹੂਦਾਹ ਦੇ ਪਰਿਵਾਰ-ਸਮੂਹ ਤੇ ਹੂਰ ਦੇ ਪੁੱਤਰ ਊਰੀ ਦੇ ਪੁੱਤਰ ਬਸਲਏਲ ਨੇ ਉਹ ਹਰ ਚੀਜ਼ ਬਣਾਈ ਜਿਸਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 23 ਦਾਨ ਦੇ ਪਰਿਵਾਰ-ਸਮੂਹ ਤੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੇ ਵੀ ਉਸਦੀ ਸਹਾਇਤਾ ਕੀਤੀ। ਆਹਾਲੀਆਬ ਕੁਸ਼ਲ ਦਾਪਾ ਅਤੇ ਸ਼ਿਲਪਕਾਰ ਸੀ ਉਹ ਮਹੀਨ ਲਿਨਨ ਅਤੇ ਨੀਲਾ ਬੈਂਗਣੀ ਤੇ ਲਾਲ ਸੂਤ ਬੁਨਣ ਦਾ ਮਾਹਰ ਸੀ। 24 ਦੋ ਟੱਨ ਤੋਂ ਵਧ ਸੋਨਾ ਇਸ ਪਵਿੱਤਰ ਸਥਾਨ ਲਈ ਯਹੋਵਾਹ ਨੂੰ ਭੇਟ ਕੀਤਾ ਗਿਆ ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ। 25 ਜਿਨ੍ਹਾਂ ਕੁੱਲ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਨ੍ਹਾਂ ਨੇ ਪੌਣੇਚਾਰ ਟੱਨ ਤੋਂ ਵਧ ਚਾਂਦੀ ਦਿੱਤੀ। (ਇਸਨੂੰ ਸਰਕਾਰੀ ਨਾਪ ਅਨੁਸਾਰ ਤੋਂਲਿਆ ਗਿਆ ਸੀ।) 26 ਵੀਹ ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਸਾਰੇ ਆਦਮੀਆਂ ਦੀ ਗਿਣਤੀ ਕੀਤੀ ਗਈ ਸੀ ਉਥੇ 6,03,550 ਆਦਮੀ ਸਨ। ਅਤੇ ਹਰੇਕ ਆਦਮੀ ਨੂੰ ਚਾਂਦੀ ਦਾ ਇੱਕ ਕਰ ਵਜੋਂ ਅਦਾ ਕਰਨਾ ਪਿਆ ਸੀ। (ਸਰਕਾਰੀ ਨਾਪ ਅਨੁਸਾਰ ਇੱਕ ਬਕਾ ਅੱਧੇ ਸ਼ੈਕਲ ਦਾ ਹੈ।) 27 ਉਨ੍ਹਾਂ ਨੇ ਉਸ ਚਾਂਦੀ ਦਾ ਪੌਣੇਚਾਰ ਟੱਨ ਯਹੋਵਾਹ ਦੇ ਪਵਿੱਤਰ ਸਥਾਨ ਲਈ ਅਤੇ ਪਰਦੇ ਲਈ 100 ਚੀਥੀਆਂ ਬਨਾਉਣ ਲਈ ਵਰਤਿਆ ਸੀ। ਉਨ੍ਹਾਂ ਨੇ ਹਰੇਕ ਚੀਥੀ ਲਈ 75 ਪੌਂਡ ਚਾਂਦੀ ਇਸਤੇਮਾਲ ਕੀਤੀ ਸੀ। 28 ਦੂਸਰੀ 50 ਪੌਂਡ ਚਾਂਦੀ ਕੁੰਡੀਆਂ, ਪਰਦਿਆਂ ਦੀਆਂ ਡੰਡੀਆਂ ਅਤੇ ਚੋਬਾਂ ਲਈ ਚਾਂਦੀ ਦੇ ਕੱਜਣ ਵਜੋਂ ਵਰਤੀ ਗਈ ਸੀ। 29 ਢਾਈ ਟੱਨ ਤੋਂ ਵਧ ਪਿੱਤਲ ਯਹੋਵਾਹ ਨੂੰ ਚੜਾਇਆ ਗਿਆ ਸੀ। 30 ਪਿੱਤਲ ਦੀ ਵਰਤੋਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੀਆਂ ਚੀਥੀਆਂ ਬਨਾਉਣ ਲਈ ਕੀਤੀ ਗਈ ਸੀ। ਉਨ੍ਹਾਂ ਨੇ ਜਗਵੇਦੀ ਬਨਾਉਣ ਲਈ ਅਤੇ ਪਿੱਤਲ ਦੀ ਅੰਗੀਠੀ ਬਨਾਉਣ ਲਈ ਇਸਦੀ ਵਰਤੋਂ ਕੀਤੀ ਸੀ। ਅਤੇ ਪਿੱਤਲ ਦੀ ਵਰਤੋਂ ਜਗਵੇਦੀ ਦੇ ਸਾਰੇ ਸੰਦਾਂ ਅਤੇ ਪਲੇਟਾਂ ਬਨਾਉਣ ਲਈ ਕੀਤੀ ਗਈ ਸੀ। 31 ਇਸਦੀ ਵਰਤੋਂ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਅਤੇ ਪ੍ਰਵੇਸ਼ ਦੁਆਰ ਦੇ ਪਰਦਿਆਂ ਦੀਆਂ ਚੀਥੀਆਂ ਬਨਾਉਣ ਲਈ ਵੀ ਕੀਤੀ ਗਈ ਸੀ। ਅਤੇ ਪਿੱਤਲ ਦੀ ਵਰਤੋਂ ਪਵਿੱਤਰ ਤੰਬੂ ਲਈ ਅਤੇ ਵਿਹੜੇ ਦੇ ਆਲੇ-ਦੁਆਲੇ ਦੇ ਪਰਦਿਆਂ ਲਈ ਕਿੱਲੀਆਂ ਬਨਾਉਣ ਵਾਸਤੇ ਕੀਤੀ ਗਈ ਸੀ।

39:1 ਕਾਰੀਗਰਾਂ ਨੇ ਜਾਜਕਾਂ ਦੇ ਉਸ ਵੇਲੇ ਪਹਿਨਣ ਵਾਲੇ ਖਾਸ ਵਸਤਰਾਂ ਲਈ, ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਦੋਂ ਉਹ ਯਹੋਵਾਹ ਦੇ ਪਵਿੱਤਰ ਸਥਾਨ ਉੱਤੇ ਸੇਵਾ ਕਰਦੇ ਸਨ। ਉਨ੍ਹਾਂ ਨੇ ਹਾਰੂਨ ਦੇ ਪਹਿਨਣ ਲਈ ਵੀ ਖਾਸ ਵਸਤਰ ਤਿਆਰ ਕੀਤੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 2 ਫ਼ੇਰ ਉਨ੍ਹਾਂ ਨੇ ਸੋਨੇ ਨੂੰ ਡੰਡੀਆਂ ਵਿੱਚ ਕੱਟਕੇ ਲੰਬਾ ਧਾਗਾ ਬਣਾਇਆ, ਮਹੀਨ ਲਿਨਨ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦਾ ਏਫ਼ੋਦ ਬਣਾਇਆ। 3 (ਉਨ੍ਹਾਂ ਨੇ ਸੋਨੇ ਨੂੰ ਪਤਲੀਆਂ ਪੱਤਰੀਆਂ ਵਿੱਚ ਕੁਟਿਆ ਅਤੇ ਉਨ੍ਹਾਂ ਨੂੰ ਲੰਮੇ ਧਾਗਿਆਂ ਵਿੱਚ ਕੱਟ ਲਿਆ। ਫ਼ੇਰ ਉਨ੍ਹਾਂ ਨੇ ਸੋਨੇ ਨੂੰ ਨੀਲੇ, ਬੈਂਗਣੀ ਅਤੇ ਲਾਲ ਸੂਤ ਅਤੇ ਮਹੀਨ ਲਿਨਨ ਵਿੱਚ ਕੱਤ ਦਿੱਤਾ। ਇਹ ਬਹੁਤ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ।) 4 ਉਨ੍ਹਾਂ ਨੇ ਏਫ਼ੋਦ ਦੇ ਮੋਢਿਆਂ ਵਾਲੇ ਟੁਕੜੇ ਬਣਾਏ। ਉਨ੍ਹਾਂ ਨੇ ਇਨ੍ਹਾਂ ਮੋਢੇ ਦੇ ਟੁਕੜਿਆਂ ਨੂੰ ਏਫ਼ੋਦ ਦੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ। 5 ਉਨ੍ਹਾਂ ਨੇ ਪੇਟੀ ਬੁਣੀ ਅਤੇ ਇਸਨੂੰ ਏਫ਼ੋਦ ਉੱਤੇ ਕਸ ਦਿੱਤਾ। ਇਹ ਓਸੇ ਤਰ੍ਹਾਂ ਬਣਾਈ ਗਈ ਸੀ ਜਿਵੇਂ ਏਫ਼ੋਦ ਬਣਾਇਆ ਗਿਆ ਸੀ - ਉਨ੍ਹਾਂ ਨੇ ਸੋਨੇ ਦੀ ਤਾਰ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕੀਤੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 6 ਕਾਰੀਗਰਾਂ ਨੇ ਏਫ਼ੋਦ ਲਈ ਸੁਲੇਮਾਨੀ ਪੱਥਰਾਂ ਨੂੰ ਸੋਨੇ ਵਿੱਚ ਜੜਿਆ। ਉਨ੍ਹਾਂ ਨੇ ਇਨ੍ਹਾਂ ਪੱਥਰਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖ ਦਿੱਤੇ। 7 ਫ਼ੇਰ ਉਨ੍ਹਾਂ ਨੇ ਇਹ ਸੁਲੇਮਾਨੀ ਪੱਥਰ ਏਫ਼ੋਦ ਦੇ ਮੋਢਿਆਂ ਦੇ ਟੁਕੜਿਆਂ ਉੱਪਰ ਜੜ ਦਿੱਤੇ। ਇਹ ਸੁਲੇਮਾਨੀ ਪੱਥਰ ਪਰਮੇਸ਼ੁਰ ਨੂੰ ਇਸਰਾਏਲ ਦੇ ਲੋਕਾਂ ਦਾ ਚੇਤਾ ਕਰਾਉਣ ਵਿੱਚ ਸਹਾਇਤਾ ਕਰਨ ਲਈ ਸਨ। ਇਸਨੂੰ ਉਵੇਂ ਕੀਤਾ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 8 ਫ਼ੇਰ ਉਨ੍ਹਾਂ ਨੇ ਸੀਨੇ-ਬੰਦ ਬਣਾਇਆ। ਇਹ ਏਫ਼ੋਦ ਵਾਂਗ ਹੀ ਮਾਹਰ ਕਾਰੀਗਰਾਂ ਦਾ ਕੰਮ ਸੀ। ਇਸਨੂੰ ਸੋਨੇ ਦੇ ਧਾਗਿਆਂ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਤੋਂ ਬਣਾਇਆ ਗਿਆ ਸੀ। 9 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਰਸ ਜੇਬ ਬਣਾ ਦਿੱਤਾ ਗਿਆ ਸੀ। ਇਹ ਇੱਕ ਗਿਠ ਲੰਮਾ ਅਤੇ ਇੱਕ ਗਿਠ ਚੌੜਾ ਸੀ। 10 ਫ਼ੇਰ ਕਾਰੀਗਰਾਂ ਨੇ ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਪਾਲਾਂ ਜੜੀਆਂ। ਪਹਿਲੀ ਪਾਲ ਵਿੱਚ ਲਾਲ ਅਕੀਕ ਸੁਨਹਿਲਾ ਅਤੇ ਜਬਰਜ਼ਦ ਸਨ। 11 ਦੂਸਰੀ ਪਾਲ ਵਿੱਚ ਪੰਨਾ, ਨੀਲਮ ਅਤੇ ਬਿਲੌਰ ਸਨ। 12 ਤੀਸਰੀ ਪਾਲ ਵਿੱਚ ਜਰਕਨ, ਹਰੀ ਅਕੀਕ, ਕਟਹਿਲਾ ਸਨ। 13 ਚੌਥੀ ਪਾਲ ਵਿੱਚ ਪੰਨਾ, ਸੁਲੇਮਾਨੀ ਅਤੇ ਯਸ਼ੁਬ ਸਨ। ਇਹ ਸਾਰੇ ਪੱਥਰ ਸੋਨੇ ਵਿੱਚ ਜੜੇ ਹੋਏ ਸਨ। 14 ਉਥੇ ਸੀਨੇ-ਬੰਦ ਉੱਤੇ ਬਾਰ੍ਹਾਂ ਪੱਥਰ ਸਨ ਇੱਕ-ਇੱਕ ਪੱਥਰ ਇਸਰਾਏਲ (ਯਾਕੂਬ) ਦੇ ਹਰੇਕ ਪੁੱਤਰ ਲਈ। ਹਰੇਕ ਪੱਥਰ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਦਾ ਨਾਮ ਮੁਹਰ ਵਾਂਗ ਉਕਰਿਆ ਹੋਇਆ ਸੀ। 15 ਕਾਰੀਗਰਾਂ ਨੇ ਸੀਨੇ-ਬੰਦ ਲਈ ਸ਼ੁਧ ਸੋਨੇ ਦੀਆਂ ਦੋ ਜ਼ੰਜ਼ੀਰੀਆਂ ਬਣਾਈਆਂ। ਇਹ ਜ਼ੰਜ਼ੀਰੀਆਂ ਰਸੀ ਵਾਂਗ ਵਟੀਆਂ ਹੋਈਆਂ ਸਨ। 16 ਕਾਰੀਗਰਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਬਣਾਈਆਂ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕੋਨਿਆਂ ਉੱਤੇ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੇ ਮੋਢਿਆਂ ਦੇ ਟੁਕੜਿਆਂ ਉੱਤੇ ਲਾਉਣ ਲਈ ਸੋਨੇ ਦੀਆਂ ਦੋ ਸੈਟਿਂਗਸ ਬਣਾਈਆਂ। 17 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਸੀਨੇ-ਬੰਦ ਦੇ ਕੋਨਿਆਂ ਉਤਲੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤੀਆਂ। 18 ਉਨ੍ਹਾਂ ਨੇ ਸੋਨੇ ਦੀਆਂ ਜ਼ੰਜ਼ੀਰੀਆਂ ਦੇ ਦੂਸਰੇ ਸਿਰਿਆਂ ਨੂੰ ਮੋਢਿਆਂ ਦੇ ਟੁਕੜਿਆਂ ਉੱਤੇ ਲੱਗੀਆਂ ਹੋਈਆਂ ਸੈਟਿੰਗਜ਼ ਨਾਲ ਬੰਨ੍ਹ ਦਿੱਤਾ। ਉਨ੍ਹਾਂ ਨੇ ਇਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ ਬੰਨ੍ਹ ਦਿੱਤਾ। 19 ਫ਼ੇਰ ਉਨ੍ਹਾਂ ਨੇ ਸੋਨੇ ਦੀਆਂ ਦੋ ਹੋਰ ਮੁੰਦਰੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋ ਕੋਨਿਆਂ ਨਾਲ ਬੰਨ੍ਹ ਦਿੱਤਾ ਇਹ ਏਫ਼ੋਦ ਦੇ ਨਾਲ ਲੱਗਦੀ ਸੀਨੇ-ਬੰਦ ਦੇ ਅੰਦਰਲੇ ਕੋਨੇ ਉੱਤੇ ਸੀ। 20 ਉਨ੍ਹਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਏਫ਼ੋਦ ਦੇ ਸਾਮ੍ਹਣੇ ਮੋਢਿਆਂ ਵਾਲੇ ਟੁਕੜਿਆਂ ਦੇ ਹੇਠਲੇ ਸਿਰੇ ਉੱਤੇ ਵੀ ਲਗਾ ਦਿੱਤੀਆਂ। ਇਹ ਮੁੰਦਰੀਆਂ ਪੇਟੀ ਦੇ ਰਤਾ ਕੁ ਉੱਪਰ ਕਸਣ ਵਾਲੇ ਹਿੱਸੇ ਦੇ ਨੇੜੇ ਸਨ। 21 ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਲਿਆ ਅਤੇ ਸੀਨੇ-ਬੰਦ ਦੀਆਂ ਮੁੰਦਰੀਆਂ ਨੂੰ ਏਫ਼ੋਦ ਦੀਆਂ ਮੁੰਦਰੀਆਂ ਨਾਲ ਬੰਨ੍ਹ ਦਿੱਤਾ। ਇਸ ਤਰ੍ਹਾਂ, ਸੀਨੇ-ਬੰਦ ਪੇਟੀ ਦੇ ਨਜ਼ਦੀਕ ਟਿਕਿਆ ਹੋਇਆ ਸੀ ਅਤੇ ਏਫ਼ੋਦ ਨਾਲ ਕਸਿਆ ਹੋਇਆ ਸੀ। ਉਨ੍ਹਾਂ ਨੇ ਸਭ ਕੁਝ ਓਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 22 ਫ਼ੇਰ ਉਨ੍ਹਾਂ ਨੇ ਏਫ਼ੋਦ ਲਈ ਚੋਲਾ ਬਣਾਇਆ। ਇਹ ਉਨ੍ਹਾਂ ਨੇ ਨੀਲੇ ਕੱਪੜੇ ਦਾ ਬਣਾਇਆ। ਇਸਨੂੰ ਕੁਸ਼ਲ ਕਾਰੀਗਰ ਨੇ ਬੁਣਿਆ ਸੀ। 23 ਉਨ੍ਹਾਂ ਨੇ ਚੋਲੇ ਦੇ ਕੇਂਦਰ ਵਿੱਚ ਇੱਕ ਸੁਰਾਖ ਕੀਤਾ ਅਤੇ ਇਸ ਸੁਰਾਖ ਦੇ ਕੰਢੇ ਦੇ ਆਲੇ-ਦੁਆਲੇ ਕੱਪੜੇ ਦਾ ਟੁਕੜਾ ਸਿਉਂ ਦਿੱਤਾ। ਇਹ ਕੱਪੜਾ ਸੁਰਾਖ ਨੂੰ ਪਾਟਣ ਤੋਂ ਰੋਕਦਾ ਸੀ। 24 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲਾ, ਬੈਂਗਣੀ ਅਤੇ ਲਾਲ ਸੂਤ ਲੈਕੇ ਕੱਪੜੇ ਦੇ ਅਨਾਰ ਬਣਾਏ। ਉਨ੍ਹਾਂ ਨੇ ਇਹ ਅਨਾਰ ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਟੰਗ ਦਿੱਤੇ। 25 ਫ਼ੇਰ ਉਨ੍ਹਾਂ ਨੇ ਸ਼ੁਧ ਸੋਨੇ ਦੀਆਂ ਘੰਟੀਆਂ ਬਣਾਈਆਂ। ਉਨ੍ਹਾਂ ਨੇ ਇਹ ਘੰਟੀਆਂ ਚੋਲੇ ਦੇ ਹੇਠਲੇ ਕਿਨਾਰੇ ਉੱਤੇ ਅਨਾਰਾਂ ਦੇ ਵਿਚਕਾਰ ਬੰਨ੍ਹ ਦਿੱਤੀਆਂ। 26 ਚੋਲੇ ਦੇ ਹੇਠਲੇ ਕਿਨਾਰੇ ਦੇ ਆਲੇ-ਦੁਆਲੇ ਘੰਟੀਆਂ ਅਤੇ ਅਨਾਰ ਸਨ। ਹਰੇਕ ਦੋ ਅਨਾਰਾਂ ਦੇ ਵਿਚਕਾਰ ਇੱਕ ਘੰਟੀ ਸੀ। ਇਹ ਚੋਲਾ ਜਾਜਕ ਵੱਲੋਂ ਉਦੋਂ ਪਹਿਨਿਆ ਜਾਣਾ ਸੀ ਜਦੋਂ ਉਸਨੇ ਯਹੋਵਾਹ ਦੀ ਸੇਵਾ ਕਰਨੀ ਸੀ, ਬਿਲਕੁਲ ਉਵੇਂ ਹੀ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 27 ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਦੋ ਕਮੀਜ਼ਾਂ ਬੁਣੀਆਂ। ਇਹ ਕਮੀਜ਼ਾਂ ਮਹੀਨ ਲਿਨਨ ਦੀਆਂ ਬਣੀਆਂ ਹੋਈਆਂ ਸਨ। 28 ਅਤੇ ਕਾਰੀਗਰਾਂ ਨੇ ਮਹੀਨ ਲਿਨਨ ਦੀ ਇੱਕ ਪਗੜੀ (ਅਮਾਮਾ) ਬਣਾਈ। ਉਨ੍ਹਾਂ ਨੇ ਮਹੀਨ ਲਿਨਨ ਲੈਕੇ ਸਿਰ ਦੇ ਪਟਕੇ ਅਤੇ ਅੰਦਰਲੇ ਵਸਤਰ ਵੀ ਬਣਾਏ। 29 ਫ਼ੇਰ ਉਨ੍ਹਾਂ ਨੇ ਮਹੀਨ ਲਿਨਨ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਪੇਟੀ ਬਣਾਈ। ਕੱਪੜੇ ਵਿੱਚ ਨਮੂਨੇ ਕੱਢੇ ਹੋਏ ਸਨ। ਇਹ ਚੀਜ਼ਾਂ ਉਵੇਂ ਹੀ ਬਣਾਈਆਂ ਗਈਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ। 30 ਫ਼ੇਰ ਉਨ੍ਹਾਂ ਨੇ ਪਵਿੱਤਰ ਤਾਜ ਲਈ ਸੋਨੇ ਦੀ ਪੱਤੀ ਬਣਾਈ। ਉਨ੍ਹਾਂ ਨੇ ਇਹ ਸ਼ੁਧ ਸੋਨੇ ਦੀ ਬਣਾਈ। ਉਨ੍ਹਾਂ ਨੇ ਸੋਨੇ ਉੱਤੇ ਸ਼ਬਦ ਲਿਖੇ। ਉਨ੍ਹਾਂ ਨੇ ਇਹ ਸ਼ਬਦ ਲਿਖੇ: । 31 ਉਨ੍ਹਾਂ ਨੇ ਸੋਨੇ ਦੀ ਪੱਤੀ ਇੱਕ ਨੀਲੇ ਰਿਬਨ ਨਾਲ ਬੰਨ੍ਹ ਦਿੱਤੀ। ਫ਼ੇਰ ਉਨ੍ਹਾਂ ਨੇ ਨੀਲਾ ਰਿਬਨ ਪਗੜੀ ਦੇ ਆਲੇ-ਦੁਆਲੇ ਬੰਨ੍ਹ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਕੀਤਾ ਸੀ। 32 ਇਸ ਤਰ੍ਹਾਂ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦਾ ਸਾਰਾ ਕੰਮ ਮੁੱਕ ਗਿਆ। ਇਸਰਾਏਲ ਦੇ ਲੋਕਾਂ ਨੇ ਹਰ ਕੰਮ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 33 ਫ਼ੇਰ ਉਨ੍ਹਾਂ ਨੇ ਪਵਿੱਤਰ ਤੰਬੂ ਮੂਸਾ ਨੂੰ ਦਿਖਾਇਆ। ਉਨ੍ਹਾਂ ਨੇ ਉਸਨੂੰ ਤੰਬੂ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ; ਕੜੇ, ਤਖਤੀਆਂ, ਬਰੇਸਾਂ, ਚੋਬਾਂ ਅਤੇ ਚੀਥੀਆਂ ਦਿਖਾਇਆਂ। 34 ਉਨ੍ਹਾਂ ਨੇ ਉਸਨੂੰ ਤੰਬੂ ਦਾ ਕੱਜਣ ਦਿਖਾਇਆ ਜਿਹੜਾ ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ ਨਾਲ ਬਣਇਆ ਗਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਕੱਜਣ ਦਿਖਾਇਆ ਜਿਹੜਾ ਸੁੰਦਰ ਚਮੜੇ ਦਾ ਬਣਿਆ ਸੀ। ਅਤੇ ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਅੱਤ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। 35 ਉਨ੍ਹਾਂ ਨੇ ਇਕਰਾਰਨਾਮੇ ਵਾਲਾ ਸੰਦੂਕ, ਉਹ ਚੋਬਾਂ ਜੋ ਸੰਦੂਕ ਨੂੰ ਚੁੱਕਣ ਲਈ ਵਰਤੀਆਂ ਜਾਂਦੀਆਂ ਸਨ ਅਤੇ ਸੰਦੂਕ ਦਾ ਢੱਕਣ ਦਿਖਾਇਆ। 36 ਉਨ੍ਹਾਂ ਨੇ ਉਸਨੂੰ ਮੇਜ ਅਤੇ ਉਸ ਉੱਪਰਲੀ ਹਰ ਚੀਜ਼ ਅਤੇ ਖਾਸ ਰੋਟੀ ਦਿਖਾਈ। 37 ਉਨ੍ਹਾਂ ਨੇ ਉਸਨੂੰ ਸ਼ੁਧ ਸੋਨੇ ਦਾ ਸ਼ਮਾਦਾਨ ਅਤੇ ਇਸ ਉੱਪਰ ਦੀਵੇ ਦਿਖਾਏ। ਅਤੇ ਉਨ੍ਹਾਂ ਨੇ ਉਸਨੂੰ ਤੇਲ ਅਤੇ ਉਹ ਸਾਰੀਆਂ ਚੀਜ਼ਾਂ ਦਿਖਾਈਆਂ ਜਿਹੜੀਆਂ ਦੀਵਿਆਂ ਦੇ ਨਾਲ ਵਰਤੀਆਂ ਜਾਂਦੀਆਂ ਸਨ। 38 ਉਨ੍ਹਾਂ ਨੇ ਮੂਸਾ ਨੂੰ ਸੁਨਿਹਰੀ ਜਗਵੇਦੀ, ਮਸਹ ਵਾਲਾ ਤੇਲ, ਸੁਗੰਧਤ ਧੂਫ਼ ਅਤੇ ਉਹ ਪਰਦਾ ਦਿਖਾਇਆ ਜਿਹੜਾ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। 39 ਉਨ੍ਹਾਂ ਨੇ ਉਸਨੂੰ ਪਿੱਤਲ ਦੀ ਜਗਵੇਦੀ ਅਤੇ ਪਿੱਤਲ ਦੀ ਝੰਜਰੀ, ਜਗਵੇਦੀ ਚੁੱਕਣ ਵਾਲੀਆਂ ਚੋਬਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜਗਵੇਦੀ ਉੱਤੇ ਇਸਤੇਮਾਲ ਹੁੰਦੀਆਂ ਸਨ ਅਤੇ ਤਸਲਾ ਅਤੇ ਉਸਦੇ ਹੇਠਾਂ ਵਾਲੀ ਚੌਂਕੀ ਦਿਖਾਈ। 40 ਉਨ੍ਹਾਂ ਨੇ ਮੂਸਾ ਨੂੰ ਵਿਹੜੇ ਦੇ ਆਲੇ-ਦੁਆਲੇ ਦੀ ਪਰਦਿਆਂ ਦੀ ਕੰਧ, ਚੋਬਾਂ ਅਤੇ ਚੀਥੀਆਂ ਸਮੇਤ, ਦਿਖਾਈ। ਉਨ੍ਹਾਂ ਨੇ ਉਸਨੂੰ ਉਹ ਪਰਦਾ ਦਿਖਾਇਆ ਜਿਹੜਾ ਵਿਹੜੇ ਦੇ ਪ੍ਰਵੇਸ਼ ਦੁਆਰ ਨੂੰ ਕੱਜਦਾ ਸੀ। ਉਨ੍ਹਾਂ ਨੇ ਉਸਨੂੰ ਰਸੀਆਂ ਅਤੇ ਤੰਬੂ ਦੀਆਂ ਕਿੱਲੀਆਂ ਦਿਖਾਈਆਂ। ਉਨ੍ਹਾਂ ਨੇ ਉਸਨੂੰ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਵਿਚਲੀਆਂ ਸਾਰੀਆਂ ਚੀਜ਼ਾਂ ਦਿਖਾਈਆਂ। 41 ਫ਼ੇਰ ਉਨ੍ਹਾਂ ਨੇ ਮੂਸਾ ਨੂੰ ਉਹ ਵਸਤਰ ਦਿਖਾਏ ਜਿਹੜੇ ਪਵਿੱਤਰ ਖੇਤਰ ਵਿੱਚ ਸੇਵਾ ਕਰਨ ਵਾਲੇ ਜਾਜਕਾਂ ਲਈ ਬਣਾਏ ਗਏ ਸਨ, ਉਨ੍ਹਾਂ ਨੇ ਉਸਨੂੰ ਜਾਜਕ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਬਣਾਏ ਗਏ ਖਾਸ ਵਸਤਰ ਦਿਖਾਏ। ਇਹ ਵਸਤਰ ਉਹ ਸਨ ਜਿਹੜੇ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਵੇਲੇ ਪਹਿਨਣੇ ਸਨ। 42 ਇਸਰਾਏਲ ਦੇ ਲੋਕਾਂ ਨੇ ਇਹ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 43 ਮੂਸਾ ਨੇ ਇਸ ਸਾਰੇ ਕੰਮ ਨੂੰ ਧਿਆਨ ਨਾਲ ਦੇਖਿਆ। ਮੂਸਾ ਨੇ ਦੇਖਿਆ ਕਿ ਸਾਰਾ ਕੰਮ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। ਇਸ ਲਈ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।

40:1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਤੰਬੂ, ਅਰਥਾਤ ਮੰਡਲੀ ਵਾਲੇ ਤੰਬੂ ਨੂੰ ਸਥਾਪਿਤ ਕਰੀਂ। 3 ਇਕਰਾਰਨਾਮੇ ਵਾਲੇ ਸੰਦੂਕ ਨੂੰ ਪਵਿੱਤਰ ਤੰਬੂ ਵਿੱਚ ਰੱਖ ਦੇਵੀਂ। ਸੰਦੂਕ ਨੂੰ ਪਰਦੇ ਨਾਲ ਢਕ ਦੇਵੀ। 4 ਫ਼ੇਰ ਮੇਜ ਲਿਆਵੀਂ। ਉਹ ਸਾਰੀਆਂ ਚੀਜ਼ਾਂ ਮੇਜ ਉੱਪਰ ਰੱਖ ਦੇਵੀਂ ਜਿਹੜੀਆਂ ਉਥੇ ਹੋਣੀਆਂ ਚਾਹੀਦੀਆਂ ਹਨ। ਫ਼ੇਰ ਸ਼ਮਾਦਾਨ ਨੂੰ ਤੰਬੂ ਵਿੱਚ ਰੱਖੀਂ। ਸ਼ਮਾਦਾਨ ਨੂੰ ਸਹੀ ਥਾਵਾਂ ਉੱਤੇ ਦੀਵੇ ਰੱਖੀਂ। 5 ਤੰਬੂ ਵਿੱਚ ਧੂਫ਼ ਧੁਖਾਉਣ ਲਈ ਇਕਰਾਰਨਾਮੇ ਵਲੇ ਸੰਦੂਕ ਦੇ ਸਾਮ੍ਹਣੇ ਸੁਨਿਹਰੀ ਜਗਵੇਦੀ ਰੱਖੀਂ। ਫ਼ੇਰ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਤੇ ਪਰਦਾ ਟੰਗੀ। 6 “ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਸਾਮ੍ਹਣੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਸਥਾਪਿਤ ਕਰੀਂ। 7 ਤਸਲੇ ਨੂੰ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰਖੀਂ। ਤਸਲੇ ਵਿੱਚ ਪਾਣੀ ਰਖੀਂ। 8 ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ। 9 “ਮਸਹ ਵਾਲਾ ਤੇਲ ਲੈਕੇ ਇਸਨੂੰ ਪਵਿੱਤਰ ਤੰਬੂ ਦੀ ਹਰ ਸੈਅ ਉੱਪਰ ਛਿੜਕ ਦੇਵੀਂ। ਜਦੋਂ ਤੂੰ ਇਨ੍ਹਾਂ ਚੀਜ਼ਾਂ ਉੱਪਰ ਤੇਲ ਛਿੜਕੇਂਗਾ ਤਾਂ ਤੂੰ ਇਨ੍ਹਾਂ ਨੂੰ ਪਵਿੱਤਰ ਬਣਾ ਦੇਵੇਂਗਾ। 10 ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਤੇ ਤੇਲ ਛਿੜਕੀਂ। ਜਗਵੇਦੀ ਦੀ ਹਰ ਚੀਜ਼ ਉੱਤੇ ਤੇਲ ਛਿੜਕੀਂ। ਤੂੰ ਜਗਵੇਦੀ ਨੂੰ ਪਵਿੱਤਰ ਬਣਾ ਦੇਵੇਂਗਾ। ਇਹ ਬਹੁਤ ਪਵਿੱਤਰ ਹੋਵੇਗੀ। 11 ਫ਼ੇਰ ਤੂੰ ਤਸਲੇ ਨੂੰ ਅਤੇ ਇਸਦੀ ਚੌਂਕੀ ਉੱਤੇ ਤੇਲ ਛਿੜਕੀਂ। ਇਨ੍ਹਾਂ ਚੀਜ਼ਾਂ ਨੂੰ ਪਵਿੱਤਰ ਬਨਾਉਣ ਲਈ ਅਜਿਹਾ ਕਰੀਂ। 12 “ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਕੋਲ ਲੈ ਆਵੀਂ। ਉਨ੍ਹਾਂ ਦਾ ਪਾਣੀ ਨਾਲ ਇਸਨਾਨ ਕਰਾਵੀਂ। 13 ਫ਼ੇਰ ਹਾਰੂਨ ਨੂੰ ਖਾਸ ਵਸਤਰ ਪਹਿਨਾਵੀਂ। ਉਸ ਉੱਪਰ ਤੇਲ ਛਿੜਕੀਂ ਤੇ ਉਸਨੂੰ ਪਵਿੱਤਰ ਬਣਾ ਦੇਵੀਂ। ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ। 14 ਫ਼ੇਰ ਉਸਦੇ ਪੁੱਤਰਾਂ ਨੂੰ ਵਸਤਰ ਪਹਿਨਾਵੀਂ। 15 ਉਸਦੇ ਪੁੱਤਰਾਂ ਉੱਤੇ ਵੀ ਓਸੇ ਤਰ੍ਹਾਂ ਤੇਲ ਛਿੜਕੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਛਿੜਕਿਆ ਸੀ। ਫ਼ੇਰ ਉਹ ਵੀ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣਗੇ। ਜਦੋਂ ਤੂੰ ਉਨ੍ਹਾਂ ਨੂੰ ਮਸਹ ਕਰੇਂਗਾ ਤਾਂ ਉਹ ਜਾਜਕ ਬਣ ਜਾਣਗੇ। ਉਹ ਪਰਿਵਾਰ ਸਾਰੇ ਸਮਿਆਂ ਲਈ ਜਾਜਕਾਂ ਦਾ ਬਣਿਆ ਰਹੇਗਾ।” 16 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ। ਉਸਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 17 ਇਸ ਲਈ ਠੀਕ ਸਮੇਂ ਪਵਿੱਤਰ ਤੰਬੂ ਸਥਾਪਿਤ ਕੀਤਾ ਗਿਆ। ਇਹ ਉਸ ਸਮੇਂ ਤੋਂ ਜਦੋਂ ਉਨ੍ਹਾਂ ਨੇ ਮਿਸਰ ਛੱਡਿਆ ਸੀ ਦੂਸਰੇ ਵਰ੍ਹੇ ਦੌਰਾਨ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। 18 ਮੂਸਾ ਨੇ ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਸਥਾਪਿਤ ਕੀਤਾ ਜਿਵੇਂ ਯਹੋਆਹ ਨੇ ਆਖਿਆ ਸੀ। ਸਭ ਤੋਂ ਪਹਿਲਾਂ, ਉਸਨੇ ਚੀਥੀਆਂ ਰੱਖੀਆਂ ਅਤੇ ਫ਼ੇਰ ਚੀਥੀਆਂ ਉੱਤੇ ਫ਼ੱਟੀਆਂ ਰੱਖੀਆਂ। ਫ਼ੇਰ ਉਸਨੇ ਬਰੇਸਾਂ ਲਾਕੇ ਚੋਬਾਂ ਲਾਈਆਂ। 19 ਇਸਤੋਂ ਮਗਰੋਂ ਪਵਿੱਤਰ ਤੰਬੂ ਉੱਤੇ ਬਾਹਰਲਾ ਤੰਬੂ ਲਾਇਆ। ਫ਼ੇਰ ਉਸਨੇ ਬਾਹਰਲੇ ਤੰਬੂ ਉੱਤੇ ਕੱਜਣ ਪਾਇਆ। ਉਸਨੇ ਇਹ ਚੀਜ਼ਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 20 ਮੂਸਾ ਨੇ ਇਕਰਾਰਨਮਾ ਲਿਆ ਅਤੇ ਇਸਨੂੰ ਪਵਿੱਤਰ ਸੰਦੂਕ ਵਿੱਚ ਰੱਖ ਦਿੱਤਾ। ਮੂਸਾ ਨੇ ਸੰਦੂਕ ਉੱਤੇ ਚੋਬਾਂ ਰੱਖੀਆਂ। ਫ਼ੇਰ ਉਸਨੇ ਸੰਦੂਕ ਉੱਪਰ ਕੱਜਣ ਪਾ ਦਿੱਤਾ। 21 ਫ਼ੇਰ ਮੂਸਾ ਨੇ ਪਵਿੱਤਰ ਸੰਦੂਕ ਨੂੰ ਪਵਿੱਤਰ ਤੰਬੂ ਦੇ ਅੰਦਰ ਰੱਖ ਦਿੱਤਾ। ਉਸਨੇ ਇਸਦੀ ਰੱਖਿਆ ਲਈ ਠੀਕ ਥਾਂ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਉਸਨੇ ਇਕਰਾਰਨਾਮੇ ਦੇ ਸੰਦੂਕ ਨੂੰ ਪਰਦੇ ਦੇ ਪਿਛੇ ਸੁਰਖਿਅਤ ਕਰ ਦਿੱਤਾ, ਜਿਵੇਂ ਕਿ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 22 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਮੇਜ ਨੂੰ ਸਥਾਪਿਤ ਕੀਤਾ। ਉਸਨੇ ਇਸਨੂੰ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਪਵਿੱਤਰ ਸਥਾਨ ਦੇ ਅੰਦਰ ਪਰਦੇ ਦੇ ਸਾਮ੍ਹਣੇ ਰੱਖਿਆ। 23 ਫ਼ੇਰ ਉਸਨੇ ਯਹੋਵਾਹ ਦੇ ਸਾਮ੍ਹਣੇ ਮੇਜ ਉੱਪਰ ਰੋਟੀ ਰੱਖ ਦਿੱਤੀ ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 24 ਫ਼ੇਰ ਮੂਸਾ ਨੇ ਸ਼ਮਾਦਾਨ ਨੂੰ ਮੰਡਲੀ ਵਾਲੇ ਤੰਬੂ ਦੇ ਦਖਣ ਵਾਲੇ ਪਾਸੇ, ਮੇਜ ਦੇ ਵਿਪਰੀਤ ਸਥਾਪਿਤ ਕੀਤਾ। 25 ਫ਼ੇਰ ਮੁਸਾ ਨੇ ਯਹੋਵਾਹ ਦੇ ਸਾਮ੍ਹਣੇ ਸ਼ਮਾਦਾਨ ਉੱਤੇ ਦੀਵੇ ਰੱਖ ਦਿੱਤੇ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 26 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਵਿੱਚ ਸੁਨਿਹਰੀ ਜਗਵੇਦੀ ਸਥਾਪਿਤ ਕੀਤੀ। ਉਸਨੇ ਜਗਵੇਦੀ ਨੂੰ ਪਰਦੇ ਦੇ ਸਾਮ੍ਹਣੇ ਰੱਖ ਦਿੱਤਾ। 27 ਫ਼ੇਰ ਉਸਨੇ ਜਗਵੇਦੀ ਉੱਤੇ ਸੁਗੰਧਤ ਧੂਫ਼ ਧੁਖਾਈ। ਉਸਨੇ ਅਜਿਹਾ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ। 28 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। 29 ਮੂਸਾ ਨੇ ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੋਮ ਦੀਆਂ ਭੇਟਾਂ ਲਈ ਜਗਵੇਦੀ ਸਥਾਪਿਤ ਕਰ ਦਿੱਤੀ। ਫ਼ੇਰ ਮੂਸਾ ਨੇ ਉਸ ਜਗਵੇਦੀ ਉੱਤੇ ਹੋਮ ਦੀ ਭੇਟ ਅਰਪਨ ਕੀਤੀ। ਉਸਨੇ ਯਹੋਵਾਹ ਨੂੰ ਅਨਾਜ਼ ਦੀ ਭੇਟ ਵੀ ਚੜਾਈ। ਉਸਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਸ ਤਰ੍ਹਾਂ ਯਹੋਵਾਹ ਨੇ ਉਸਨੂੰ ਹੁਕਮ ਕੀਤਾ ਸੀ। 30 ਫ਼ੇਰ ਮੂਸਾ ਨੇ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਤਸਲਾ ਰੱਖ ਦਿੱਤਾ। ਮੂਸਾ ਨੇ ਤਸਲੇ ਵਿੱਚ ਹੱਥ-ਪੈਰ ਧੋਣ ਲਈ ਪਾਣੀ ਰੱਖ ਦਿੱਤਾ। 31 ਮੂਸਾ, ਹਾਰੂਨ ਅਤੇ ਹਾਰੂਨ ਦੇ ਪੁੱਤਰਾਂ ਨੇ ਇਸ ਤਸਲੇ ਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਿਆ। 32 ਹਰ ਵਾਰੀ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੁੰਦੇ ਸਨ, ਉਹ ਆਪਣੇ ਹੱਥ ਪੈਰ ਧੋਂਦੇ ਸਨ। ਹਰ ਵਾਰੀ ਜਦੋਂ ਉਹ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਵੀ ਉਹ ਹੱਥ ਪੈਰ ਧੋਂਦੇ ਸਨ। ਉਨ੍ਹਾਂ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 33 ਫ਼ੇਰ ਮੂਸਾ ਨੇ ਪਵਿੱਤਰ ਤੰਬੂ ਦੇ ਵਿਹੜੇ ਦੇ ਆਲੇ-ਦੁਆਲੇ ਪਰਦੇ ਸਥਾਪਿਤ ਕਰ ਦਿੱਤੇ। ਮੂਸਾ ਨੇ ਜਗਵੇਦੀ ਦਾ ਵਿਹੜਾ ਵੀ ਸਥਾਪਿਤ ਕੀਤਾ। ਫ਼ੇਰ ਉਸਨੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਟੰਗ ਦਿੱਤਾ। ਇਸ ਤਰ੍ਹਾਂ ਮੂਸਾ ਨੇ ਇਹ ਸਾਰਾ ਕੰਮ ਮੁਕਾ ਲਿਆ ਜਿਹੜਾ ਯਹੋਵਾਹ ਨੇ ਉਸਨੂੰ ਕਰਨ ਲਈ ਦਿੱਤਾ ਸੀ। 34 ਫ਼ੇਰ ਮੰਡਲੀ ਵਾਲੇ ਤੰਬੂ ਉੱਪਰ ਬੱਦਲ ਛਾ ਗਿਆ। ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ। 35 ਮੂਸਾ ਮੰਡਲੀ ਵਾਲੇ ਤੰਬੂ ਵਿੱਚ ਨਹੀਂ ਜਾ ਸਕਦਾ ਸੀ ਕਿਉਂਕਿ ਇਸ ਉੱਤੇ ਬੱਦਲ ਠਹਿਰ ਗਿਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਪਵਿੱਤਰ ਤੰਬੂ ਨੂੰ ਭਰ ਦਿੱਤਾ ਸੀ। 36 ਇਹ ਉਹੀ ਬੱਦਲ ਸੀ ਜਿਹੜਾ ਲੋਕਾਂ ਨੂੰ ਇਹ ਦਰਸਾਉਂਦਾ ਸੀ ਕਿ ਉਨ੍ਹਾਂ ਨੇ ਕਦੋਂ ਕੂਚ ਕਰਨਾ ਹੈ। ਜਦੋਂ ਬੱਦਲ ਪਵਿੱਤਰ ਤੰਬੂ ਤੋਂ ਉੱਪਰ ਉਠਦਾ, ਇਸਰਾਏਲ ਦੇ ਲੋਕ ਸਫ਼ਰ ਸ਼ੁਰੂ ਕਰ ਦਿੰਦੇ। 37 ਪਰ ਜਦੋਂ ਬੱਦਲ ਪਵਿੱਤਰ ਤੰਬੂ ਉੱਪਰ ਠਹਿਰਿਆ ਹੁੰਦਾ, ਲੋਕ ਜਾਣ ਦੀ ਕੋਸ਼ਿਸ਼ ਨਾ ਕਰਦੇ। ਉਹ ਓਨੀ ਦੇਰ ਉਸੇ ਥਾਂ ਟਿਕੇ ਰਹਿੰਦੇ ਜਦੋਂ ਤੱਕ ਕਿ ਬੱਦਲ ਉੱਪਰ ਨਹੀਂ ਉਠ ਜਾਂਦਾ ਸੀ। 38 ਇਸ ਤਰ੍ਹਾ ਯਹੋਵਾਹ ਦਾ ਬੱਦਲ ਦਿਨ ਵੇਲੇ ਪਵਿੱਤਰ ਤੰਬੂ ਦੇ ਉੱਪਰ ਟਿਕਿਆ ਹੋਇਆ ਸੀ। ਅਤੇ ਰਾਤ ਵੇਲੇ ਬੱਦਲ ਵਿੱਚ ਅੱਗ ਹੁੰਦੀ ਸੀ। ਇਸ ਲਈ ਇਸਰਾਏਲ ਦੇ ਸਾਰੇ ਲੋਕ ਸਫ਼ਰ ਕਰਦੇ ਸਮੇਂ ਬੱਦਲ ਨੂੰ ਦੇਖ ਸਕਦੇ ਸਨ।