Ezra

1:1 ਪਹਿਲੇ ਵਰ੍ਹੇ ਵਿੱਚ ਜਦੋਂ ਕੋਰਸ਼ ਫਾਰਸ ਦਾ ਪਾਤਸ਼ਾਹ ਬਣਿਆ ਤਾਂ ਯਹੋਵਾਹ ਨੇ ਕੋਰਸ਼ ਨੂੰ ਇੱਕ ਐਲਾਨ ਕਰਨ ਲਈ ਉਤਸਾਹਿਤ ਕੀਤਾ। ਕੋਰਸ਼ ਨੇ ਇਸ ਐਲਾਨ ਨੂੰ ਲਿਖਤ ਰੂਪ ਦਿੱਤਾ ਅਤੇ ਆਪਣੇ ਰਾਜ ਦੀਆਂ ਸਭ ਥਾਵਾਂ ਤੇ ਇਸ ਨੂੰ ਪਢ਼ਵਾਇਆ। ਅਜਿਹਾ ਇਸ ਲਈ ਵਾਪਰਿਆ ਤਾਂ ਜੋ ਯਿਰਮਿਯਾਹ ਦੇ ਮੂੰਹੋ ਉਚ੍ਚਰਿਆ ਯਹੋਵਾਹ ਦਾ ਬਚਨ ਸੱਚ ਹੋਵੇ। ਇਹ ਐਲਾਨ ਇਉਂ ਸੀ: 2 "ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫੁਰਮਾਉਂਦਾ ਹੈ:"ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਨੇ ਦੁਨੀਆਂ ਦੇ ਸਾਰੇ ਰਾਜ ਮੈਨੂੰ ਦੇ ਦਿੱਤੇ ਅਤੇ ਯਹੋਵਾਹ ਨੇ ਯਹੂਦਾਹ ਦੇ ਯਰੂਸ਼ਲਮ ਵਿੱਚ ਉਸ ਦੇ ਲਈ ਇੱਕ ਮੰਦਰ ਬਨਾਉਣ ਲਈ ਮੈਨੂੰ ਚੁਣਿਆ ਹੈ। 3 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ; ਉਹ ਪਰਮੇਸ਼ੁਰ ਹੈ, ਜੋ ਕਿ ਯਰੂਸ਼ਲਮ ਵਿੱਚ ਹੈ। ਜੇਕਰ ਤੁਹਾਡੇ ਵਿੱਚੋਂ ਕੋਈ ਪਰਮੇਸ਼ੁਰ ਦਾ ਜਨ ਹੈ ਜੋ ਤੁਹਾਡੇ 'ਚ ਰਹਿੰਦਾ ਹੈ ਤਾਂ ਮੈਂ ਪ੍ਰਾਰਥਨਾ ਕਰਾਂਗਾ ਕਿ ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਜਾਕੇ ਇਸਰਾਏਲ ਦੇ ਯਹੋਵਾਹ ਦੇ ਮੰਦਰ ਦਾ ਨਿਰਮਾਣ ਕਰੇ। 4 ਇਸ ਲਈ ਜੇਕਰ ਕਿਤੇ ਵੀ ਜਿੱਥੇ ਕੋਈ ਬਚਿਆ ਹੋਇਆ ਰਹਿ ਰਿਹਾ ਹੋਵੇ; ਉਸ ਜਗ੍ਹਾ ਦੇ ਆਦਮੀ ਉਸਨੂੰ ਚਾਂਦੀ, ਸੋਨਾ, ਪਸ਼ੂ ਤੇ ਹੋਰ ਚੀਜ਼ਾਂ ਦੇ ਕੇ ਉਸ ਦੀ ਸਹਾਇਤਾ ਕਰਨ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਸੁਗਾਤ ਵੀ ਦੇਣੀ ਚਾਹੀਦੀ ਹੈ ਜਿਹੜੀ ਉਹ ਪਰਮੇਸ਼ੁਰ ਦੇ ਮੰਦਰ ਲਈ ਜੋ ਕਿ ਯਰੂਸ਼ਲਮ ਵਿੱਚ ਹੈ, ਚਾਹੁੰਦੇ ਹਨ।" 5 ਫ਼ੇਰ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ ਸਮੂਹਾਂ ਦੇ ਆਗੂ, ਯਹੋਵਾਹ ਦਾ ਮੰਦਰ ਉਸਾਰਨ ਲਈ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ। ਹਰ ਕੋਈ ਜੋ ਪਰਮੇਸ਼ੁਰ ਦੁਆਰਾ ਪ੍ਰੇਰਿਆ ਗਿਆ ਸੀ, ਸਭ ਯਰੂਸ਼ਲਮ ਨੂੰ ਜਾਣ ਲਈ ਤਿਆਰ ਹੋ ਗਏ। 6 ਉਨ੍ਹਾਂ ਦੇ ਸਾਰੇ ਗੁਆਂਢੀਆਂ ਨੇ ਉਤਸਾਹਿਤ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਨੂੰ ਸੋਨੇ ਅਤੇ ਚਾਂਦੀ ਤੋਂ ਬਣੇ ਭਾਂਡੇ, ਸਾਮਾਨ, ਪਸ਼ੂ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਦਿੱਤੀਆਂ। ਇਹ ਸੁਗਾਤਾਂ ਉਨ੍ਹਾਂ ਸੁਗਾਤਾਂ ਤੋਂ ਇਲਾਵਾ ਸਨ ਜੋ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਦਿੱਤੀਆਂ ਸਨ। 7 ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਉਨ੍ਹਾਂ ਭਾਂਡਿਆਂ ਨੂੰ ਕਢਵਾਇਆ, ਜਿਨ੍ਹਾਂ ਨੂੰ ਨਬੂਕਦਨ੍ਨਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹ੍ਹੋਇਆਂ ਸੀ। 8 ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਬਰਦਾਬ ਨੂੰ ਉਨ੍ਹਾਂ ਚੀਜ਼ਾਂ ਨੂੰ ਬਾਹਰ ਲਿਆਉਣ ਲਈ ਖਜ਼ਾਨਚੀ ਬਣਾ ਦਿੱਤਾ ਤੇ ਗਿਣ ਕੇ ਯਹੂਦਾਹ ਦੇ ਆਗੂ ਸ਼ੇਸ਼ਬ੍ਬਸਰ ਨੂੰ ਦੇ ਦਿੱਤੀਆਂ। 9 ਮਿਬਰਦਾਬ ਨੇ ਯਹੋਵਾਹ ਦੇ ਮੰਦਰ ਚੋ ਜੋ ਵਸਤਾਂ ਲਿਆਂਦੀਆਂ ਉਨ੍ਹਾਂ ਦੀ ਗਿਣਤੀ ਇਉਂ ਸੀ!30 ਬਾਲੀਆਂ ਸੋਨੇ ਦੀਆਂ, 1,000 ਚਾਂਦੀ ਦੇ ਬਾਲ, ਅਤੇ 29 ਛੁਰੀਆਂ। 10 ਤੀਹ ਸੋਨੇ ਦੇ ਕਟੋਰੇ, ਚਾਂਦੀ ਦੇ ਸੋਨੇ ਵਾਂਗ ਦੇ 410 ਕਟੋਰੇ ਅਤੇ 1,000 ਹੋਰ ਭਾਂਡੇ। 11 ਕੁਲ ਮਿਲਾ ਕੇ 5,400 ਸੋਨੇ ਅਤੇ ਚਾਂਦੀ ਤੋਂ ਬਣੀਆਂ ਹੋਇਆ ਵਸਤਾਂ ਸਨ। ਸ਼ੇਸ਼ਬਸ੍ਸਰ ਇਨ੍ਹਾਂ ਸਭਨਾਂ ਵਸਤਾਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲੇ ਕੈਦੀਆਂ ਨਾਲ ਲੈ ਕੇ ਆਇਆ ਸੀ।

2:1 ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ। ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਇਨ੍ਹਾਂ ਲੋਕਾਂ ਨੂੰ ਕੈਦੀਆਂ ਵਜੋ ਬਾਬਲ ਨੂੰ ਲੈ ਗਿਆ ਸੀ। ਇਹ ਸਾਰੇ ਲੋਕ ਯਰੂਸ਼ਲਮ ਅਤੇ ਯਹੂਦਾਹ ਨੂੰ ਵਾਪਸ ਪਰਤੇ ਅਤੇ ਇਨ੍ਹਾਂ ਵਿੱਚੋਂ ਹਰ ਕੋਈ ਮੁੜ ਆਪਣੇ ਸ਼ਹਿਰ ਵਿੱਚ ਵਾਪਸ ਪਰਤਿਆ। 2 ਇਹ ਲੋਕ ਹਨ ਜੋ ਜ਼ਰੂੱਬਾਬਲ ਦੇ ਨਾਲ ਪਰਤੇ ਸਨ ਯੇਸ਼ੂਆ, ਨਹਮਯਾਹ, ਸਰਾਯਾਹ, ਰਏਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ ਅਤੇ ਬਅਨਾਹ। ਇਸਰਾਏਲ ਦੇ ਉਨ੍ਹ੍ਹਾਂ ਲੋਕਾਂ ਦੀ ਗਿਣਤੀ ਜੋ ਵਾਪਸ ਪਰਤੇ, ਇਉਂ ਹੈ: 3 ਫਰੋਸ਼ ਦੇ ਉੱਤਰਾਧਿਕਾਰੀਆਂ ਚੋ 2,172 4 ਸ਼ਫਟਯਾਹ ਦੇ ਉੱਤਰਾਧਿਕਾਰੀ 372 5 ਆਰਹ ਦੇ ਉੱਤਰਾਧਿਕਾਰੀ 775 6 ਫਹਬ ਮੋਆਬ ਦੇ ਉੱਤਰਾਧਿਕਾਰੀ, ਜੋ ਕਿ ਯੇਸ਼ੂਆ ਅਤੇ ਯੋਆਬ ਦੇ ਉੱਤਰਾਧਿਕਾਰੀ ਹਨ 2,812 7 ਏਲਾਮ ਦੇ ਉੱਤਰਾਧਿਕਾਰੀ 1,254 8 ਜ਼ੱਤੂ ਦੇ ਉੱਤਰਾਧਿਕਾਰੀ 945 9 ਜ਼ਕ੍ਕਈ ਦੇ ਉੱਤਰਾਧਿਕਾਰੀ 760 10 ਬਾਨੀ ਦੇ ਉੱਤਰਾਧਿਕਾਰੀ 642 11 ਬੇਬਾਈ ਦੇ ਉੱਤਰਾਧਿਕਾਰੀ 623 12 ਅਜ਼ਗਾਦ ਦੇ ਉੱਤਰਾਧਿਕਾਰੀ 1,222 13 ਅਦੋਨੀਕਾਮ ਦੇ ਉੱਤਰਾਧਿਕਾਰੀ 666 14 ਬਿਗਵਾਈ ਦੇ ਉੱਤਰਾਧਿਕਾਰੀ 2,056 15 ਆਦੀਨ ਦੇ ਉੱਤਰਾਧਿਕਾਰੀ 454 16 ਹਿਜ਼ਕੀਯਾਹ ਲਈ ਆਟੇਰ ਦੇ ਉੱਤਰਾਧਿਕਾਰੀ 98 17 ਬੇਸਾਈ ਦੇ ਉੱਤਰਾਧਿਕਾਰੀ 323 18 ਯੋਰਾਹ ਦੇ ਉੱਤਰਾਧਿਕਾਰੀ 112 19 ਹਾਸ਼ੂਮ ਦੇ ਉੱਤਰਾਧਿਕਾਰੀ ਚੋ 223 20 ਗਿਬ੍ਬਾਰ ਦੇ ਉੱਤਰਾਧਿਕਾਰੀ 95 21 ਬੈਤਲਹਮ ਸ਼ਹਿਰ ਵਿੱਚੋਂ 123 22 ਨਟੋਫਾਹ ਸ਼ਹਿਰ ਵਿੱਚੋਂ 56 23 ਅਨਾਬੋਬ ਸ਼ਹਿਰ ਵਿੱਚੋਂ 128 24 ਅਜ਼ਮਾਵਖ ਸ਼ਹਿਰ ਵਿੱਚੋਂ 42 25 ਕਿਰਯਖ ਆਰੀਮ ਕਫੀਰਾਹ ਅਤੇ ਬਏਰੋਬ ਸ਼ਹਿਰ ਵਿੱਚੋਂ 743 26 ਹਾਮਾਹ ਤੇ ਗਾਬਾ ਸ਼ਹਿਰ ਵਿੱਚੋਂ 621 27 ਮਿਕਮਾਸ ਸ਼ਹਿਰ ਵਿੱਚੋਂ 122 28 ਬੈਬੇਲ ਅਤੇ ਆਈ ਸ਼ਹਿਰ ਵਿੱਚੋਂ 223 29 ਨਬੋ ਸ਼ਹਿਰ ਚੋ 52 30 ਮਗਬੀਸ਼ ਵਿੱਚੋਂ 156 31 ਏਲਾਮ ਨਾਂ ਦੇ ਇੱਕ ਦੂਸਰੇ ਸ਼ਹਿਰ ਵਿੱਚੋਂ 1,254 32 ਹਾਰੀਮ ਸ਼ਹਿਰ ਤੋਂ ਤਿੰਨ 320 33 ਹਦੀਦ ਅਤੇ ਉਨੋ ਸ਼ਹਿਰ ਵਿੱਚੋਂ 725 34 ਯੋਰੇਹ ਸ਼ਹਿਰ ਚੋ 345 35 ਸਨਾਆਹ ਸ਼ਹਿਰ ਤੋਂ 3,630 36 ਜਾਜਕਾਂ ਦੀ ਸੂਚੀ ਇਸ ਪ੍ਰਕਾਰ ਸੀ: ਯੇਸੂਆ ਦੇ ਘਰਾਣੇ ਰਾਹੀਂ ਯਦਅਯਾਹ ਦੇ ਉੱਤਰਾਧਿਕਾਰੀ : 973 37 ਇਂਮੇਰ ਦੇ ਉੱਤਰਾਧਿਕਾਰੀਆਂ ਚੋ 1,052 38 ਪਸ਼ਹੂਰ ਦੇ ਉੱਤਰਾਧਿਕਾਰੀਆਂ ਚੋ 1,247 39 ਗਰੀਮ ਦੇ ਉੱਤਰਾਧਿਕਾਰੀਆਂ ਚੋ 1,017 40 ਲੇਵੀਆਂ ਦੇ ਘਰਾਣੇ ਚੋ ਜਿਹੜੇ ਲੋਕ ਸਨ:ਹੋਦਵਯਾਹ ਦੇ ਉੱਤਰਾਧਿਕਾਰੀਆਂ ਰਾਹੀਂ ਯੇਸ਼ੂਆ ਅਤੇ ਕਦਮੀਏਲ ਦੇ ਉੱਤਰਾਧਿਕਾਰੀ 74 41 ਗਵਯ੍ਯਾਂ ਦੀ ਸੂਚੀ ਇਸ ਤਰਾਂ੍ਹ ਹੈ:ਅਸਾਫ ਦੇ ਉੱਤਰਾਧਿਕਾਰੀਆਂ ਵਿੱਚੋਂ 128 42 ਮੰਦਰ ਦੇ ਫ਼ਾਟਕਾਂ ਦੇ ਦਰਬਾਨਾਂ ਦੇ ਉੱਤਰਾਧਿਕਾਰੀਆਂ ਚੋ ਲੋਕ ਇਸ ਤਰ੍ਹਾਂ ਸਨ:ਸਲ੍ਲੂਮ, ਅਟੇਰ, ਟਲਮੋਨ, ਅਕੂਬ, ਹਟੀਟਾ ਅਤੇ ਸੋਬਈ ਦੇ ਉੱਤਰਾਧਿਕਾਰੀ 139 43 ਮੰਦਰ ਦੇ ਖਾਸ ਸੇਵਕ ਸਨ: ਸੀਹਾ ਦੇ ਉੱਤਰਾਧਿਕਾਰੀ, ਹਸੂਫਾ ਅਤੇ ਟਬ੍ਬਉਬ, 44 ਕੇਰੋਸ ,ਸੀਅਹਾ ਪਾਦੋਨ ਦੇ ਉੱਤਰਾਧਿਕਾਰੀ, 45 ਲਬਾਨਾਹ, ਹਗਾਬਾਹ ਅੱਕੂਬ ਦੇ ਉੱਤਰਾਧਿਕਾਰੀ, 46 ਹਾਗਾਬ, ਸ਼ਮਲਈ ਹਾਨਾਨ ਦੇ ਉੱਤਰਾਧਿਕਾਰੀ, 47 ਗਿਦ੍ਦੇਲ, ਰਾਹਰ ਰਆਯਾਹ ਦੇ ਉੱਤਰਾਧਿਕਾਰੀ, 48 ਰਸੀਨ, ਨਕੋਦਾ ਗਜ਼ਾਮ ਦੇ ਉੱਤਰਾਧਿਕਾਰੀ, 49 ਉਜ਼ਾ, ਪ੍ਪਾਮੇਅਹ ਬੇਸਾਈ ਦੇ ਉੱਤਰਾਧਿਕਾਰੀ, 50 ਅਸਨਾਹ, ਮਊਨੀਮ ਨਫੁਸੀਮ ਦੇ ਉੱਤਰਾਧਿਕਾਰੀ। 51 ਬਕਬੂਕ, ਹਕੂਫਾ ਹਰਹੂਰ ਦੇ ਉੱਤਰਾਧਿਕਾਰੀ। 52 ਬਸਲੂਬ ਮਹੀਦਾ, ਹਰਸ਼ਾ ਦੇ ਉੱਤਰਾਧਿਕਾਰੀ, 53 ਬਰਕੋਸ, ਸੀਸਰਾ, ਬਾਮਹ ਦੇ ਉੱਤਰਾਧਿਕਾਰੀ। 54 ਨਸੀਹ ਅਤੇ ਹਟੀਫਾ ਦੇ ਉੱਤਰਾਧਿਕਾਰੀ। 55 ਸੁਲੇਮਾਨ ਦੇ ਸੇਵਕਾਂ ਇਸ ਪ੍ਰਕਾਰ ਸਨ: ਸੋਟਈ, ਸੋਫਰਬ ਪਰੂਦਾ ਦੇ ਉੱਤਰਾਧਿਕਾਰੀ, 56 ਯਅਲਾਹ, ਦਰਕੋਨ ਅਤੇ ਗਿਦ੍ਦੇਲ ਦੇ ਉੱਤਰਾਧਿਕਾਰੀ, 57 ਸ਼ਫਟਯਾਹ, ਹਟ੍ਟੀਲ, ਪੋਕਰਬ,- ਹਸ੍ਸਬਾਇਮ, ਅਤੇ ਆਮੀ ਦੇ ਉੱਤਰਾਧਿਕਾਰੀ 58 ਸਾਰੇ ਮੰਦਰ ਦੇ ਸੇਵਕਾਂ ਅਤੇ ਸੁਲੇਮਾਨ ਦੇ ਸੇਵਕਾਂ ਦੇ ਉੱਤਰਾਧਿਕਾਰੀਆਂ ਦੀ ਗਿਣਤੀ 392 ਸੀ। 59 ਕੁਝ ਲੋਕ ਯਰੂਸ਼ਲਮ ਵਿੱਚ ਤੇਲ- ਮੇਹਲ, ਤੇਲ- ਹਰਸਾ, ਕਰੂਬ, ਅਦ੍ਦਾਨ ਅਤੇ ਇਂਮੇਰ ਦੇ ਸ਼ਹਿਰਾਂ ਤੋਂ ਸਨ, ਪਰ ਉਹ ਇਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਘਰਾਣੇ ਇਸਰਾਏਲ ਦੇ ਘਰਾਣਿਆਂ ਵਿੱਚੋਂ ਸਨ। 60 ਦਲਾਯਾਹ ਦੀ ਅੰਸ, ਟੋਬੀਯਾਹ ਦੀ ਅਤੇ ਨਕੋਦਾ ਦੇ ਉੱਤਰਾਧਿਕਾਰੀਆਂ ਚੋ 652, 61 ਜਾਜਕਾਂ ਦੇ ਘਰਾਣਿਆਂ ਵਿੱਚੋਂ ਉੱਤਰਾਧਿਕਾਰੀ ਇਉਂ ਸਨ:ਹਬ੍ਬਯਾਹ ਦੇ ਉੱਤਰਾਧਿਕਾਰੀ, ਹਕੋਸ਼ ਦੇ ਉੱਤਰਾਧਿਕਾਰੀ, ਬਰਜ਼ਿਲਈ ਦੇ ਉੱਤਰਾਧਿਕਾਰੀ (ਜੇਕਰ ਕੋਈ ਆਦਮੀ ਗਿਲਆਦ ਦੇ ਬਰਜਿਲਈ ਦੀਆਂ ਧੀਆਂ ਨਾਲ ਵਿਆਹਿਆ ਗਿਆ, ਉਹ ਬਰਜਿਲਈ ਦੇ ਨਾਮ ਤੋਂ ਬੁਲਾਇਆ ਜਾਂਦਾ ਸੀ।) 62 ਇਨ੍ਹਾਂ ਮਨੁੱਖਾਂ ਨੇ ਆਪਣੇ ਘਰਾਣੇ ਦੇ ਇਤਿਹਾਸ ਨੂੰ ਜਾਨਣਾ ਚਾਹਿਆ ਪਰ ਉਹ ਖੋਜ ਨਾ ਸਕੇ। ਇਨ੍ਹਾਂ ਦੇ ਨਾਂ ਜਾਜਕਾਂ ਦੀ ਫਹਰਿਸਤ ਵਿੱਚ ਦਰਜ ਨਹੀ ਸਨ ਅਤੇ ਇਹ ਉਹ ਸਾਬਿਤ ਨਾ ਕਰ ਸਕੇ ਕਿ ਉਨ੍ਹਾਂ ਦੇ ਪੁਰਖੇ ਜਾਜਕ ਸਨ, ਇਸ ਲਈ ਉਨ੍ਹਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਦੀ ਆਗਿਆ ਨਹੀਂ ਸੀ। 63 ਤੱਦ ਰਾਜਪਾਲ ਨੇ ਆਖਿਆ, "ਜਦ ਤੀਕ ਓਥੇ ਕੋਈ ਜਾਜਕ ਨਾ ਹੋਵੇ ਜੋ ਉਰੀਮ ਅਤੇ ਬੁਂਮੀਮ ਬਾਰੇ ਜਾਨਕਾਰੀ ਦੇ ਸਕੇ ਤਦ ਤੀਕ ਉਹ ਅੱਤ ਪਵਿੱਤਰ ਵਸਤਾਂ ਵਿੱਚੋਂ ਕੁਝ ਨਾ ਖਾਣ। 64 ਕੁਲ ਮਿਲਾ ਕੇ ਉਸ ਵਿੱਚ ਜਿਹੜੇ ਵਾਪਸ ਆਏ ਸਨ ਉਨ੍ਹਾਂ ਦੀ ਗਿਣਤੀ 42,360 ਸੀ। 65 ਇਹ ਗਿਣਤੀ ਉਨ੍ਹਾਂ ਦੇ 7,337 ਦਾਸ ਤੇ ਦਾਸੀਆਂ ਨੂੰ ਗਿਣੇ ਬਿਨਾ ਸੀ। ਉਨ੍ਹਾਂ ਦੇ ਨਾਲ 200 ਗਾਇਕ ਤੇ ਗਾਇਕਾਵਾਂ ਵੀ ਸਨ। 66 ਉਨ੍ਹਾਂ ਕੋਲ 736 ਘੋੜੇ, 245 ਖਚ੍ਚਰ, 435 ਊਠ ਅਤੇ 6,720 ਖੋਤੇ ਸਨ। 67 68 ਜਦ ਉਹ ਸਮੂਹ ਯੋਹਵਾਹ ਦੇ ਮੰਦਰ ਯਰੂਸ਼ਲਮ ਵਿੱਚ ਪੁਜਿਆ ਤ੍ਤਦ ਪਰਿਵਾਰਾਂ ਦੇ ਮੁਖੀਆਂ ਨੇ ਮੰਦਰ ਦੇ ਨਿਰਮਾਣ ਲਈ ਤੋਂਹਫੇ ਭੇਂਟ ਕੀਤੇ ਤਾਂ ਜੋ ਉਸ ਬਾਵੇਂ ਜਿੱਥੇ ਮੰਦਰ ਨਸ਼ਟ ਕੀਤਾ ਗਿਆ ਸੀ ਉਸ ਬਾਂਵੇਂ ਉਹ ਨਵਾਂ ਮੰਦਰ ਉਸਾਰ ਸਕਣ। 69 ਉਨ੍ਹਾਂ ਲੋਕਾਂ ਨੇ ਆਪਣੇ ਵਿਤ੍ਤ ਮੁਤਾਬਕ ਭੇਟਾਂ ਦਿੱਤੀਆਂ। ਜੋ ਭੇਟਾ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਲਈ ਕੀਤੀ ਉਸ ਵਿੱਚ ਤਕਰੀਬਨ 500 ਕਿਲ ਸੋਨਾ, 3,000 ਕਿੱਲੋ ਦੇ ਕਰੀਬ ਚਾਂਦੀ ਸੀ ਅਤੇ ਜਾਜਕਾਂ ਦੇ ਪਹਿਨਣ ਲਈ 100 ਚੋਗੇ। 70 ਫ਼ੇਰ ਜਾਜਕ, ਲੇਵੀ ਅਤੇ ਕੁਝ ਹੋਰ ਲੋਕ ਯਰੂਸ਼ਲਮ ਅਤੇ ਇਸਦੇ ਦੁਆਲੇ ਦੇ ਇਲਾਕੇ 'ਚ ਜਾਕੇ ਵਸ ਗਏ। ਇਸ ਟੋਲੇ ਵਿੱਚ ਗਵਯ੍ਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸ਼ਾਮਲ ਸਨ। ਬਾਕੀ ਦੇ ਇਸਰਾਏਲੀ ਆਪਣੇ ਖੁਦ ਦੇ ਨਗਰਾਂ ਵਿੱਚ ਵਸ ਗਏ।

3:1 ਇਉਂ ਸੱਤਵੇ ਮਹੀਨੇ ਵਿੱਚ, ਜਿਹੜੇ ਇਸਰਾਏਲੀ ਆਪਣੇ ਨਗਰਾਂ ਵਿੱਚ ਵਸ ਗਏ ਸਨ, ਯਰੂਸ਼ਲਮ ਨੂੰ ਗਏ। 2 ਤੱਦ ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸਦੇ ਨਾਲ ਦੇ ਜਾਜਕਾਂ ਅਤੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਸਮੇਤ ਉਸ ਦੇ ਭਰਾਵਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਉਸਾਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਇਸ ਉੱਪਰ ਹੋਮ ਦੀਆਂ ਬਲੀਆਂ ਚੜਾ ਸਕਣ। ਉਨ੍ਹਾਂ ਨੇ ਇਹ ਜਗਵੇਦੀ ਉਵੇਂ ਹੀ ਬਣਾਈ ਜਿਵੇਂ ਕਿ ਮੂਸਾ ਦੀ ਬਿਵਸਬਾ ਵਿੱਚ ਕਿਹਾ ਗਿਆ ਸੀ। ਮੂਸਾ ਪਰਮੇਸ਼ੁਰ ਦਾ ਖਾਸ ਸੇਵਕ ਸੀ। 3 ਉਹ ਲੋਕ ਆਪਣੇ ਨਜ਼ਦੀਕ ਰਹਿੰਦੇ ਹੋਰ ਲੋਕਾਂ ਤੋਂ ਡਰਦੇ ਸਨ, ਪਰ ਉਨ੍ਹਾਂ ਅੱਗੇ ਰੁਕਾਵਟ ਨਾ ਪਾਈ ਗਈ ਤਾਂ ਉਨ੍ਹਾਂ ਨੇ ਪੁਰਾਣੀ ਨੀਂਹ ਉੱਤੇ ਹੀ ਜਗਵੇਦੀ ਤਿਆਰ ਕੀਤੀ। ਫ਼ੇਰ ਉਨ੍ਹਾਂ ਨੇ ਯਹੋਵਾਹ ਦੇ ਅੱਗੇ ਹੋਮ ਦੀਆਂ ਬਲੀਆਂ ਚੜਾਈਆਂ। ਇਉਂ ਰੋਜ਼ ਸਵੇਰੇ ਸ਼ਾਮ ਉਨ੍ਹਾਂ ਨੇ ਹੋਮ ਦੀਆਂ ਬਲੀਆਂ ਚੜਾਈਆਂ। 4 ਫਿਰ ਉਨ੍ਹਾਂ ਨੇ ਲਿਖੇ ਮੁਤਾਬਕ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਦਿਨ ਸਹੀ ਗਿਣਤੀ ਮੁਤਾਬਕ ਹੋਮ ਦੀਆਂ ਭੇਟਾਂ ਚੜਾਈਆਂ। 5 ਫ਼ੇਰ ਉਨ੍ਹਾਂ ਨੇ ਰੋਜ਼ ਦੀ ਹੋਮ ਦੀ ਭੇਟ ਅਤੇ ਅਮਸਿਆ ਅਤੇ ਯਹੋਵਾਹ ਦੇ ਸਾਰੇ ਪਵਿੱਤਰ ਪਰਬਾਂ ਲਈ ਬਲੀਆਂ ਚੜਾਈਆਂ। ਇਸ ਤੋਂ ਇਲਾਵਾ, ਲੋਕਾਂ ਨੇ ਹੋਰ ਵੀ ਵਸਤਾਂ ਚੜਾਈਆਂ ਜੋ ਉਹ ਯਹੋਵਾਹ ਨੂੰ ਦੇਣੀਆਂ ਚਾਹੁੰਦੇ ਸਨ। 6 ਸੱਤਵੇਂ ਮਹੀਨੇਦੇ ਪਹਿਲੇ ਦਿਨ ਤੋਂ ਉਹ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜਾਉਣ ਲੱਗ ਪਏ, ਪਰ ਇਹ ਸਭ ਕੁਝ ਮੰਦਰ ਦੀ ਉਸਾਰੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। 7 ਸੋ ਉਨ੍ਹਾਂ ਨੇ ਸੰਗਤਰਾਸ਼ਾਂ ਅਤੇ ਤਰਖਾਣਾਂ ਨੂੰ ਪੈਸੇ ਦਿੱਤੇ ਅਤੇ ਸੀਦੋਨੀਆਂ ਅਤੇ ਸੂਰੀਆਂ ਨੂੰ ਭੋਜਨ, ਪੇਯ ਅਤੇ ਤੇਲ ਦਿੱਤਾ ਤਾਂ ਜੋ ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਦੀ ਆਗਿਆ ਮੁਤਾਬਕ ਲਬਨੋਨ ਤੋਂ ਦਿਆਰ ਦੀ ਲੱਕੜ ਸਮੁਦਰ ਰਾਹੀਂ ਯਾਫਾ ਨੂੰ ਲਿਆ ਸਕਣ। 8 ਤਦ ਉਨ੍ਹਾਂ ਦੇ ਪਰਮੇਸ਼ੁਰ ਦੇ ਮੰਦਰ ਵਿੱਚ, ਜੋ ਕਿ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਮਗਰੋਂ ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਭਰਾ ਜਾਜਕਾਂ ਅਤੇ ਲੇਵੀਆਂ ਨੇ ਅਤੇ ਉਨ੍ਹਾਂ ਨੇ ਜੋ ਕੈਦ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ। ਲੇਵੀਆਂ ਨੂੰ ਜੋ 20 ਸਾਲਾਂ ਦੇ ਜਾਂ ਇਸ ਤੋਂ ਵਧ ਉਮਰ ਦੇ ਸਨ ਨੂੰ ਯਾਹਵੇਹ ਦੇ ਮੰਦਰ ਦੇ ਕੰਮ ਦੀ ਦੇਖ ਭਾਲ ਉੱਪਰ ਲੱਗਾਇਆ। 9 ਜਿਨ੍ਹਾਂ ਆਦਮੀਆਂ ਨੇ ਯਹੋਵਾਹ ਦੇ ਮੰਦਰ ਦੇ ਨਿਰਮਾਣ ਦੇ ਕੰਮ ਦੀ ਦੇਖ ਭਾਲ ਕੀਤੀ ਉਹ ਸਨ: ਯੇਸ਼ੂਆ ਤੇ ਉਸ ਦੇ ਪੁੱਤਰ ਕਦਮੀਏਲ ਅਤੇ ਉਸਦੇ ਪੁੱਤਰ ਅਤੇ ਰਿਸ਼ਤੇਦਾਰ (ਯਹੂਦਾਹ ਦੇ ਉੱਤਰਾਧਿਕਾਰੀ) ਹੇਨਾ ਦਾਦ ਦੇ ਪੁੱਤਰ ਅਤੇ ਉਨ੍ਹਾਂ ਦੇ ਭਰਾ ਜੋ ਕਿ ਲੇਵੀ ਸਨ, 10 ਇਮਾਰਤਕਾਰਾਂ ਨੇ ਯਹੋਵਾਹ ਦੇ ਮੰਦਰ ਦੀ ਨੀਂਹ ਦਾ ਕਾਰਜ ਪੂਰਾ ਕੀਤਾ। ਜਦੋਂ ਇਹ ਕਾਰਜ ਪੂਰਾ ਹੋਇਆ ਤਾਂ ਜਾਜਕਾਂ ਨੇ ਆਪਣੇ ਜਾਜਕਾਂ ਵਾਲੇ ਵਸਤਰ ਪਹਿਨੇ ਅਤੇ ਆਪਣੀਆਂ ਤੂਰ੍ਹੀਆਂ ਫੜੀਆਂ ਅਤੇ ਆਸਾਫ਼ ਦੇ ਉੱਤਰਾਧਿਕਾਰੀਆਂ, ਲੇਵੀਆਂ ਨੇ ਆਪਣੇ ਛੈਣੇ ਲੇ। ਉਹ ਸਭ ਆਪੋ-ਆਪਣੀ ਬਾਂਵੇ ਯੋਹਵਾਹ ਦੀ ਉਸਤਤ ਲਈ ਖੜੇ ਸਨ। ਇਹ ਸਭ ਜਿਵੇਂ ਕਿ ਪਹਿਲਾਂ ਇਸਰਾਏਲ ਦੇ ਪਾਤਸ਼ਾਹ ਦਾਊਦ ਦਾ ਹੁਕਮ ਹੋਇਆ ਸੀ ਉਸੇ ਮੁਤਾਬਕ ਹੋਇਆ। 11 ਫਿਰ ਉਨ੍ਹਾਂ ਸਭ ਨੇ ਉਸਤਤ ਦੇ ਗੀਤ ਗਾਏ ਅਤੇ ਯਹੋਵਾਹ ਦਾ ਸ਼ੁਕਰਾਨਾ ਕੀਤਾ ਕਿ ਉਹ ਬਹੁਤ ਭਲਾ ਹੈ ਅਤੇ ਉਸ ਦਾ ਪਿਆਰ ਅਤੇ ਮਿਹਰ ਇਸਰਾਏਲ ਵਾਸਤੇ ਹਮੇਸ਼ਾ ਹੈ। ਫਿਰ ਸਭ ਲੋਕਾਂ ਨੇ ਉੱਚੀ ਆਵਾਜ਼ ਵਿੱਚ ਯਹੋਵਾਹ ਦੀ ਉਸਤਤ ਕੀਤੀ, ਇਹ ਸਭ ਇਸ ਲਈ ਹੋਇਆ ਕਿਉਂ ਕਿ ਮੰਦਰ ਦੀ ਨੀਂਹ ਦਾ ਕਾਰਜ ਸੰਪੰਨ ਹੋ ਗਿਆ ਸੀ। 12 ਪਰ ਬਹੁਤ ਸਾਰੇ ਬਜ਼ੁਰਗ ਜਾਜਕ, ਲੇਵੀ ਅਤੇ ਘਰਾਣਿਆਂ ਦੇ ਆਗੂ ਰੋਣ ਲੱਗ ਪਏ ਕਿਉਂ ਕਿ ਇਨ੍ਹਾਂ ਨੇ ਪਹਿਲੇ ਮੰਦਰ ਨੂੰ ਵੀ ਵੇਖਿਆ ਹੋਇਆ ਸੀ। ਇਸਲਈ ਜਦੋਂ ਉਨ੍ਹਾਂ ਨੇ ਇਸ ਮੰਦਰ ਦੀਆਂ ਨੀਹਾਂ ਵੇਖੀਆਂ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ। ਜਦ ਕਿ ਬਾਕੀ ਦੇ ਕੁਝ ਲੋਕ ਬੜੇ ਖੁਸ਼ ਸਨ ਅਤੇ ਸ਼ੋਰ ਮਚਾ ਰਹੇ ਸਨ। 13 ਦੂਰ ਤੀਕ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਉਨ੍ਹਾਂ ਸਭਨਾਂ ਨੇ ਮਿਲ ਕੇ ਇੰਨਾ ਸ਼ੋਰ ਮਚਾਇਆ ਹੋਇਆ ਸੀ ਕਿ ਰੋਣ ਤੇ ਹੱਸਣ ਦੀਆਂ ਆਵਾਜ਼ ਵਿੱਚ ਭੇਦ ਕਰਨਾ ਔਖਾ ਸੀ।

4:1 ਉਥੋਂ ਦੇ ਲੋਕ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਦੇ ਵਿਰੁੱਧ ਸਨ। ਜਦੋਂ ਉਨ੍ਹਾਂ ਵਿਰੋਧੀਆਂ ਨੂੰ ਪਤਾ ਲੱਗਾ ਕਿ ਉਹ ਲੋਕ ਜੋ ਦੇਸ਼ ਨਿਕਾਲੇ ਤੋਂ ਵਾਪਸ ਮੁੜੇ ਸਨ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਲਈ ਇੱਕ ਮੰਦਰ ਉਸਾਰ ਰਹੇ ਸਨ। 2ਤਾਂ ਇਹ ਵਿਰੋਧੀ ਜ਼ਰੂੱਬਾਬਲ ਅਤੇ ਉਸ ਦੇ ਘਰਾਣਿਆ ਦੇ ਮੁਖੀਆਂ ਕੋਲ ਆਏ ਅਤੇ ਕਿਹਾ, "ਸਾਨੂੰ ਵੀ ਇਸ ਨੂੰ ਉਸਾਰਨ ਵਿੱਚ ਤੁਹਾਡੀ ਮਦਦ ਕਰਨ ਦੇਵੋ ਕਿਉਂ ਕਿ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਸਹਾਇਤਾ ਲੋਚਦੇ ਹਾਂ ਅਤੇ ਅਸੀਂ ਅੱਸ਼ੂਰ ਦੇ ਪਾਤਸ਼ਾਹ, ਏਸਰ ਹਦਨ ਦੇ ਦਿਨਾਂ ਤੋਂ, ਬਲੀਆਂ ਚੜਾਉਂਦੇ ਆ ਰਹੇ ਹਾਂ, ਜੋ ਸਾਨੂੰ ਇੱਥੇ ਲਿਆਇਆ ਸੀ।" 2 3 ਪਰ ਜ਼ਰੂੱਬਾਬਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਤੇ ਹੋਰ ਆਗੂਆਂ ਨੇ ਕਿਹਾ, "ਨਹੀਂ ਤੁਸੀਂ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਨਿਰਮਾਣ ਲਈ ਸਾਡੀ ਮਦਦ ਨਹੀਂ ਕਰ ਸਕਦੇ ਸਿਰਫ ਯਹੋਵਾਹ ਲਈ ਅਸੀਂ ਹੀ ਭਵਨ ਬਣਾ ਸਕਦੇ ਹਾਂ ਉਹ ਇਸਰਾਏਲ ਦਾ ਪਰਮੇਸ਼ੁਰ ਹੈ ਸਾਨੂੰ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਇਹੀ ਹੁਕਮ ਹੈ।" 4 ਤਾਂ ਉਸ ਧਰਤੀ ਦੇ ਲੋਕਾਂ ਦਾ ਹੌਂਸਲਾ ਤੌੜ ਦਿੱਤਾ ਅਤੇ ਉਨ੍ਹਾਂ ਨੂੰ ਇਸਦੀ ਉਸਾਰੀ ਕਰਨ ਤੋਂ ਡਰਾ ਦਿੱਤਾ। 5 ਉਨ੍ਹਾਂ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈਕੇ ਦਾਰਾ ਦੇ ਫਾਰਸ ਦਾ ਪਾਤਸ਼ਾਹ ਬਨਣ ਤੀਕ ਉਨ੍ਹਾਂ ਦੀਆਂ ਵਿਉਂਤਾਂ ਨੂੰ ਤਬਾਹ ਕਰਨ ਲਈ ਸਰਕਾਰੀ ਸਲਾਹਕਾਰਾਂ ਨੂੰ ਉਨ੍ਹਾਂ ਦੇ ਖਿਲਾਫ਼ ਕੰਮ ਕਰਨ ਲਈ ਭਾੜੇ ਤੇ ਲਿਆ। 6 ਉਹ ਯਹੂਦੀਆਂ ਨੂੰ ਇਸ ਕਾਰਜ ਤੋਂ ਰੋਕਣ ਲਈ ਫਾਰਸ ਦੇ ਪਾਤਸ਼ਾਹ ਨੂੰ ਚਿੱਠੀਆਂ ਲਿਖਣ ਦੀ ਹਦ੍ਦ ਤੀਕ ਵੀ ਚਲੇ ਗਏ। ਅਹਸ਼ਵੇਰੋਸ਼ ਦੇ ਸ਼ਾਸਨਕਾਲ ਵਿੱਚ ਉਸ ਦੇ ਸ਼ਾਸਨਕਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀਆਂ ਲਿਖੀਆਂ। 7 ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ। 8 ਰਹੂਮ ਰਾਜ ਮੰਤਰੀ ਅਤੇ ਸ਼ਿਮਸਈ ਸਕੱਤਰ ਨੇ ਯਰੂਸ਼ਲਮ ਦੇ ਲੋਕਾਂ ਦੇ ਵਿਰੁੱਧ ਚਿੱਠੀ ਲਿਖੀ। ਇਹ ਚਿੱਠੀ ਉਨ੍ਹਾਂ ਅਰਤਹਸ਼ਸ਼ਤਾ ਪਾਤਸ਼ਾਹ ਨੂੰ ਲਿਖੀ ਜੋ ਇਉਂ ਸੀ: 9 ਕਮਾਨ ਅਧਿਕਾਰੀ ਰਹੂਮ ਅਤੇ ਸ਼ਿਮਸਈ ਸਕੱਤਰ ਤੇ ਉਨ੍ਹਾਂ ਦੇ ਬਾਕੀ ਸਾਥੀਆਂ, ਨਿਆਂਕਾਰਾਂ ਅਤੇ ਟਰਪਲਾਈ, ਫਰਸ, ਅਰਕ, ਦੇ ਮਹੱਤਵਪੂਰਣ ਅਧਿਕਾਰੀਆਂ ਅਤੇ ਸੂਸਾ ਦੇ ਏਲਮਾਈ ਲੋਕਾਂ ਵੱਲੋਂ। 10 ਅਤੇ ਬਾਕੀ ਦੇ ਉਨ੍ਹਾਂ ਸਾਰੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਮਹਾਨ ਅਤੇ ਸ਼ਰੀਫ਼ ਆਸਨਪਰ ਦੁਆਰਾ ਸਾਮਰਿਯਾ ਸ਼ਹਿਰ ਦੇ ਪਾਰ ਅਤੇ ਦਰਿਆ ਦੇ ਦੂਸਰੇ ਪਾਸੇ ਤੇ ਹੋਰਨਾਂ ਥਾਵਾਂ ਤੇ, ਜੋ ਕਿ ਫ਼ਰਾਤ ਦਰਿਆ ਦੇ ਪੱਛਮ ਵਾਲੇ ਪਾਸੇ ਤੇ ਹੈ ਲਿਜਾਇਆ ਗਿਆ ਸੀ। 11 ਇਹ ਉਸ ਖਤ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਭੇਜੀ।ਪਾਤਸ਼ਾਹ ਅਰਤਹਸ਼ਸ਼ਤਾ ਨੂੰ, ਤੁਹਾਡੇ ਸੇਵਕਾਂ ਵੱਲੋਂ, ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਰਹਿੰਦੇ ਹਨ। 12 ਪਾਤਸ਼ਾਹ ਅਰਤਹਸ਼ਸ਼ਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਯਹੂਦੀ ਤੁਸੀਂ ਆਪਣੇ ਵੱਲੋਂ ਭੇਜੇ ਸਨ, ਇੱਥੇ ਪੁੱਜ ਗਏ ਹਨ। ਅਤੇ ਇਹ ਲੋਕ ਇੱਥੇ ਹੁਣ ਇਸ ਨਗਰ ਨੂੰ ਮੁੜ ਤੋਂ ਉਸਾਰਨਾ ਚਾਹੁੰਦੇ ਹਨ। ਉਸ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ। ਉਸ ਸ਼ਹਿਰ ਦੇ ਲੋਕ ਬਦ ਹਨ। ਅਤੇ ਹੁਣ ਉਨ੍ਹਾਂ ਨੇ ਨੀਹਾਂ ਪਾ ਦਿੱਤੀਆਂ ਹਨ ਅਤੇ ਕੰਧਾਂ ਉਸਾਰ ਰਹੇ ਹਨ। 13 ਅਤੇ ਪਾਤਸ਼ਾਹ, ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਸ਼ਹਿਰ ਦੁਬਾਰਾ ਉਸਾਰਿਆ ਗਿਆ ਅਤੇ ਇਸ ਦੀਆਂ ਕੰਧਾ ਪੂਰੀਆਂ ਕੀਤੀਆਂ ਗਈਆਂ ਤਾਂ ਇਥੋਂ ਦੇ ਲੋਕ ਆਪਣੇ ਕਰ, ਦਾਨ ਅਤੇ ਫ਼ਰਜ਼ੀ ਕਰ ਦੇਣੇ ਬੰਦ ਕਰ ਦੇਣਗੇ ਅਤੇ ਪਾਤਸ਼ਾਹ ਇਹ ਸਾਰੀ ਆਮਦਨੀ ਗੁਆ ਲਵੇਗਾ। 14 ਅਸੀਂ ਪਾਤਸ਼ਾਹ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੋਇਆ ਹੈ ਅਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਕੁਝ ਵੀ ਹੋਵੇ। ਇਸ ਲਈ ਅਸੀਂ ਇਹ ਚਿੱਠੀ ਪਾਤਸ਼ਾਹ ਨੂੰ ਸੂਚਨਾ ਦੇਣ ਲਈ ਭੇਜ ਰਹੇ ਹਾਂ। 15 ਪਾਤਸ਼ਾਹ ਅਰਤਹਸ਼ਸ਼ਤਾ, ਅਸੀਂ ਤੈਨੂੰ ਇਹ ਸਲਾਹ ਦਿੰਦੇ ਹਾਂ ਕਿ ਤੂੰ ਆਪਣੇ ਤੋਂ ਪਹਿਲਾਂ ਦੇ ਪਾਤਸ਼ਾਹਾਂ ਦੀਆਂ ਲਿਖਤਾਂ ਨੂੰ ਖੋਜ ਤਾਂ ਉਨ੍ਹਾਂ ਲਿਖਤਾਂ ਵਿੱਚ ਤੂੰ ਵੇਖੇਂਗਾ ਕਿ ਯਰੂਸ਼ਲਮ ਨੇ ਹਮੇਸ਼ਾ ਦੂਜੇ ਪਾਤਸ਼ਾਹਾਂ ਦਾ ਵਿਰੋਧ ਕੀਤਾ ਹੈ ਉਨ੍ਹਾਂ ਨੇ ਹਮੇਸ਼ਾ ਦੂਸਰੇ ਰਾਜਿਆਂ ਅਤੇ ਰਾਜਾਂ ਲਈ ਮੁਸੀਬਤ ਪਾਈ ਹੈ। ਪ੍ਰਾਚੀਨ ਸਮਿਆਂ ਤੋਂ ਉੱਥੇ ਦੰਗੇ ਫ਼ਸਾਦ ਹੁੰਦੇ ਰਹੇ ਹਨ। ਇਹ ਕਾਰਣ ਹੈ ਕਿ ਯਰੂਸ਼ਲਮ ਨੂੰ ਉਜਾੜ ਦਿੱਤਾ ਗਿਆ ਸੀ। 16 ਹੇ ਪਾਤਸ਼ਾਹ! ਅਸੀਂ ਤੁਹਾਨੂੰ ਇਹ ਵੀ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜੇਕਰ ਇਸ ਨਗਰ ਨੂੰ ਅਤੇ ਇਸਦੀਆਂ ਕੰਧਾ ਨੂੰ ਮੁੜ ਬਣਾਇਆ ਗਿਆ ਤਾਂ ਤੁਸੀਂ ਦਰਿਆਓ ਪਾਰ ਦੇ ਪੱਛਮੀ ਹਿੱਸੇ ਤੋਂ ਆਪਣਾ ਕਬਜ਼ਾ ਤੇ ਹਕੂਮਤ ਗੁਆ ਬੈਠੋਗੇ।" 17 ਤਦ ਅਰਤਹਸ਼ਸ਼ਤਾ ਪਾਤਸ਼ਾਹ ਨੇ ਰਹੂਮ, ਕਮਾਨ ਅਧਿਕਾਰੀ,ਸ਼ਿਮਸਈ ਸਕੱਤਰ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਇੱਕ ਜਵਾਬ ਭੇਜਿਆ, ਜੋ ਸਾਮਰਿਯਾ ਦੇ ਸ਼ਹਿਰ ਅਤੇ ਫ਼ਰਾਤ ਦਰਿਆ ਦੇ ਪੱਛਮੀ ਸਬਾਨਾਂ ਤੇ ਰਹਿੰਦੇ ਸਨ।ਸਲਾਮ! 18 ਜਿਹੜੀ ਚਿੱਠੀ ਤੁਸੀਂ ਮੈਨੂੰ ਭੇਜੀ ਉਸਦਾ ਤਰਜਮਾ ਕਰਕੇ ਮੇਰੇ ਸਾਮ੍ਹਣੇ ਪੜੀ ਗਈ ਹੈ। 19 ਮੈਂ ਆਪਣੇ ਤੋਂ ਪਹਿਲੇ ਪਾਤਸ਼ਾਹ ਦੀਆਂ ਲਿਖੇਤਾਂ ਦੀ ਖੋਜ ਪੜਤਾਲ ਕਰਨ ਦਾ ਹੁਕਮ ਦਿੱਤਾ ਤਾਂ ਜੋ ਲਿਖਤਾਂ ਪ੍ਰਪਾਤ ਹੋਈਆਂ ਉਸ ਤੋਂ ਇਹ ਪਤਾ ਲੱਗਾ ਕਿ ਯਰੂਸ਼ਲਮ ਦੇ ਵਿਰੋਧ ਦਾ ਇਕ ਲੰਬਾ ਇਤਹਾਸ ਹੈ ਜੋ ਕਿ ਪਾਤਸ਼ਾਹ ਦੇ ਵਿਰੋਧ ਵਿੱਚ ਹੈ ਯਰੂਸ਼ਲਮ ਅਜਿਹਾ ਥਾਂ ਹੈ ਜਿੱਥੇ ਵਿਰੋਧ-ਰੋਹ ਤੇ ਫਸਾਦ ਅਕਸਰ ਹੁੰਦੇ ਆਏ ਹਨ। 20 ਅਤੇ ਯਰੂਸ਼ਲਮ ਵਿੱਚ ਸ਼ਕਤੀ ਸਾਲੀ ਪਾਤਸ਼ਾਹ ਵੀ ਹੋਏ ਸਨ ਜਿਨ੍ਹਾਂ ਨੇ ਦਰਿਆ ਦੇ ਪੱਛਮੀ ਪਾਸੇ ਦੇ ਸਾਰੇ ਦੇਸਾਂ ਉੱਪਰ ਰਾਜ ਕੀਤਾ ਸੀ। ਇਨ੍ਹਾਂ ਪਾਤਸ਼ਾਹਾਂ ਨੂੰ ਕਰ, ਦਾਨ ਅਤੇ ਫਰਜ਼ੀ ਕਰ ਦਿੱਤੇ ਜਾਂਦੇ ਸਨ। 21 ਹੁਣ ਇਸ ਲਈ ਤੁਸੀ ਹੁਕਮ ਦੇਵੋ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੀਕ ਮੇਰੇ ਵੱਲੋਂ ਆਗਿਆ ਨਾ ਮਿਲੇ ਇਹ ਸ਼ਹਿਰ ਨਾ ਬਣੇ। 22 ਇਸ ਮਾਮਲੇ ਵਿੱਚ ਆਪਣੇ ਕੰਮ ਦੀ ਲਾਪਰਵਾਹੀ ਨਾ ਕਰਨ ਵਿੱਚ ਸਤਰਕ ਰਹਿਣਾ। ਤਾਂ ਜੋ ਰਾਜ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 23 ਜਦ ਅਰਤਹਸ਼ਸ਼ਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸਈ ਸਕੱਤਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਅੱਗੇ ਪੜੀ ਗਈ, ਤਾਂ ਉਹ ਛੇਤੀ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਗਏ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਕੰਮ ਤੋਂ ਰੋਕ ਦਿੱਤਾ। 24 ਤੱਦ ਪਰਮੇਸ਼ੁਰ ਦੇ ਮੰਦਰ ਦਾ ਜੋ ਯਰੂਸ਼ਲਮ ਵਿੱਚ ਸੀ, ਕੰਮ ਰੋਕ ਦਿੱਤਾ ਗਿਆ ਅਤੇ ਫਾਰਸ ਦੇ ਪਾਤਸ਼ਾਹ ਫਾਰਸ ਦੇ ਰਾਜ ਦੇ ਦੂਜੇ ਵਰ੍ਹੇ ਤੀਕ ਇਹ ਕੰਮ ਰੁਕਿਆ ਰਿਹਾ।

5:1 ਉਸ ਵਕਤ, ਹੱਗਈ ਅਤੇ ਇੱਦੋ ਦਾ ਪੁੱਤਰ ਜ਼ਕਰਯਾਹ ਨਬੀ ਇਸਰਾਏਲ ਦੇ ਪਰਮੇਸ਼ੁਰ ਦੇ ਨਾਂ ਤੇ ਭਵਿੱਖਬਾਣੀ ਕਰਨ ਲੱਗੇ ਜੋ ਕਿ ਉਨ੍ਹਾਂ ਦੇ ਉੱਪਰ ਸੀ। ਅਤੇ ਉਨ੍ਹਾਂ ਨੇ ਉਨ੍ਹਾਂ ਯਹੂਦੀਆਂ ਨੂੰ ਉਤਸਾਹਿਤ ਕੀਤਾ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ। 2 ਤੱਦ ਸ਼ਮਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਯਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਅਤੇ ਮੰਦਰ ਨੂੰ ਜੋ ਯਰੂਸ਼ਲਮ ਵਿੱਚ ਸੀ, ਬਨਾਉਣ ਲੱਗੇ। ਪਰਮੇਸ਼ੁਰ ਦੇ ਸਾਰੇ ਨਬੀਆਂ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ। 3 ਉਸ ਵਕਤ, ਫਰਾਤ ਦਰਿਆ ਦੇ ਪੱਛਮੀ ਇਲਾਕੇ ਦਾ ਰਾਜਪਾਲ ਤਤਨਈ, ਸਬਰ ਬੋਜ਼ਨਈ ਅਤੇ ਉਨ੍ਹਾਂ ਦੇ ਸਾਬੀ ਉਨ੍ਹਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਮੰਦਰ ਨੂੰ ਉਸਾਰਨਾ ਅਤੇ ਇਸਦੀ ਇਸ ਕੰਧ ਨੂੰ ਖਤਮ ਕਰਨਾ ਸ਼ੁਰੂ ਕੀਤਾ ਹੈ? 4 ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਪੁਛਿਆ, "ਜਿਹੜੇ ਇਸ ਮੰਦਰ ਦਾ ਨਿਰਮਾਣ ਕਰ ਰਹੇ ਹਨ ਉਨ੍ਹ੍ਹਾਂ ਲੋਕਾਂ ਦੇ ਕੀ ਨਾਂ ਹਨ?" 5 ਪਰ ਦੇ ਪਰਮੇਸ਼ੁਰ ਦੀ ਨਿਗਾਹ ਉਨ੍ਹਾਂ ਯਹੂਦੀ ਆਗੂਆਂ ਉੱਪਰ ਸੀ ਅਤੇ ਇਮਾਰਤਕਾਰਾਂ ਨੇ ਇਮਾਰਤ ਬਨਾਉਣੀ ਤਦ ਤੀਕ ਨਾ ਛੱਡੀ ਜਦ ਤੀਕ ਇਹ ਖਬਰ ਦਾਰਾ ਪਾਤਸ਼ਾਹ ਤੀਕ ਨਾ ਪਹੁੰਚੀ। ਉਹ ਤਦ ਤੀਕ ਕੰਮ ਕਰਦੇ ਰਹੇ ਜਦ ਤੀਕ ਪਾਤਸ਼ਾਹ ਨੇ ਆਪਣਾ ਜਵਾਬ ਚਿੱਠੀ ਰਾਹੀਂ ਨਾ ਭੇਜਿਆ। 6 ਫਰਾਤ ਦਰਿਆ ਦੇ ਪੱਛਮੀ ਪਾਸੇ ਦਾ ਹਾਕਮ ਤਤਨਈ, ਸ਼ਬਰ ਬੇਜ਼ਨਈ ਅਤੇ ਉਸ ਦੇ ਸਹਿਯੋਗੀਆਂ ਨੇ, ਜੋ ਦਰਿਆ ਤੋਂ ਪਾਰ ਦੀ ਧਰਤੀ ਦੇ ਨਿਰੀਖਕ ਸਨ, ਦਾਰਾ ਪਾਤਸ਼ਾਹ ਨੂੰ ਚਿੱਠੀ ਦੀ ਨਕਲ ਭੇਜੀ। 7 ਉਸ ਚਿੱਠੀ ਦੀ ਨਕਲ ਇਉਂ ਸੀ:ਪਾਤਸ਼ਾਹ ਦਾਰਾ ਨੂੰ ਸਲਾਮ! 8 ਹੇ ਪਾਤਸ਼ਾਹ! ਤੈਨੂੰ ਪਤਾ ਹੋਵੇ ਕਿ ਅਸੀਂ ਯਹੂਦਾਹ ਦੇ ਸੂਬੇ ਵਿੱਚ ਮਹਾਨ ਪਰਮੇਸ਼ੁਰ ਦੇ ਮੰਦਰ ਵਿੱਚ ਗਏ। ਯਹੂਦਾਹ ਦੇ ਲੋਕ ਉਸ ਮੰਦਰ ਨੂੰ ਵੱਡੇ ਪੱਥਰ ਨਾਲ ਬਣਾ ਰਹੇ ਹਨ। ਉਹ ਕੰਧਾਂ ਵਿੱਚ ਲੱਕੜ ਦੀਆਂ ਵੱਡੀਆਂ ਸ਼ਤੀਰਾਂ ਪਾ ਲੱਗਾ ਰਹੇ ਹਨ। ਉਹ ਲੋਕ ਬੜੀ ਮਿਹਨਤ ਨਾਲ ਅਤੇ ਜਲਦੀ ਕੰਮ ਕਰ ਰਹੇ ਹਨ, ਇਹ ਬਹੁਤ ਜਲਦੀ ਪੂਰਾ ਹੋ ਜਾਵੇਗਾ। 9 ਜਿਹੜੇ ਕੰਮ ਉਹ ਕਰ ਰਹੇ ਹਨ ਉਸ ਬਾਬਤ ਅਸੀਂ ਉਨ੍ਹਾਂ ਦੇ ਆਗੂਆਂ ਨੂੰ ਕੁਝ ਸਵਾਲ ਕੀਤੇ। ਅਸੀਂ ਉਨ੍ਹਾਂ ਨੂੰ ਪੁਛਿਆ, "ਕਿਸਨੇ ਤੁਹਾਨੂੰ ਇਹ ਮੰਦਰ ਉਸਾਰਨ ਅਤੇ ਇਸਦੀ ਕੰਧ ਨੂੰ ਫਿਰ ਤੋਂ ਬਨਾਉਣ ਦੀ ਆਗਿਆ ਦਿੱਤੀ ਹੈ?" 10 ਅਸੀਂ ਉਨ੍ਹਾਂ ਕੋਲੋਂ ਉਨ੍ਹਾਂ ਦੇ ਨਾਵਾਂ ਬਾਰੇ ਵੀ ਪੁਛਿਆ। ਅਸੀਂ ਉਨ੍ਹਾਂ ਦੇ ਆਗੂਆਂ ਦੇ ਨਾਓ ਵੀ ਲਿਖਣਾ ਚਾਹੁੰਦੇ ਸੀ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਉਹ ਕਿਹੜੇ ਮਨੁੱਖ ਹਨ?" 11 ਜਿਹੜਾ ਜਵਾਬ ਉਨ੍ਹਾਂ ਸਾਨੂੰ ਦਿੱਤਾ ਉਹ ਇਸ ਤਰ੍ਹਾਂ ਹੈ:"ਅਸੀਂ ਧਰਤੀ ਅਤੇ ਅਕਾਸ਼ ਦੇ ਪਰਮੇਸ਼ੁਰ ਦੇ ਦਾਸ ਹਾਂ। ਅਸੀਂ ਉਹ ਮੰਦਰ ਬਣਾ ਰਹੇ ਹਾਂ ਜਿਸ ਨੂੰ ਇਸਰਾਏਲ ਦੇ ਇੱਕ ਮਹਾਨ ਪਾਤਸ਼ਾਹ ਨੇ ਬਹੁਤ ਪਹਿਲਾਂ ਬਣਾਇਆ ਸੀ। 12 ਪਰ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ੁਰ ਨੂੰ ਕ੍ਰੋਧਿਤ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਾਬਲ ਦੇ ਕਸਦੀ ਪਾਤਸ਼ਾਹ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ। ਤੱਦ ਨਬੂਕਦਨੱਸਰ ਨੇ ਇਸ ਮੰਦਰ ਨੂੰ ਨਸ਼ਟ ਕਰ ਦਿੱਤਾ। ਅਤੇ ਇਥੋਂ ਦੇ ਲੋਕਾਂ ਨੂੰ ਜ਼ਬਰਦਸਤੀ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ। 13 ਪਰ ਬਾਬਲ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦਾ ਮੰਦਰ ਮੁੜ ਬਨਾਉਣ ਦਾ ਹੁਕਮ ਦਿੱਤਾ। 14 ਪਾਤਸ਼ਾਹ ਕੋਰਸ਼ ਨੇ ਬਾਬਲ ਵਿਚਲੇ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚੋਂ ਸੋਨਾ ਅਤੇ ਚਾਂਦੀ ਕੱਢੇ ਜਿਸ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਆਇਆ ਸੀ। ਪਾਤਸ਼ਾਹ ਕੋਰਸ਼ ਨੇ ਇਨ੍ਹਾਂ ਡਾਕਿਆਂ ਨੂੰ ਸ਼ੇਸਬੱਸਰ ਨਾਂ ਦੇ ਇੱਕ ਆਦਮੀ ਨੂੰ ਦੇ ਦਿੱਤੇ ਜਿਸ ਨੂੰ ਉਸਦੇ ਰਾਜਪਾਲ ਹੋਣ ਲਈ ਚੁਣਿਆ ਸੀ।" 15 ਤੱਦ ਕੋਰਸ਼ ਨੇ ਸ਼ੇਸਬੱਸਰ ਨੂੰ ਆਖਿਆ, "ਤੂੰ ਇਨ੍ਹਾਂ ਭਾਂਡਿਆਂ ਨੂੰ ਲੈ ਅਤੇ ਜਾਹ ਅਤੇ ਜਾ ਕੇ ਇਨ੍ਹਾਂ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਰੱਖ ਅਤੇ ਉਸ ਥਾਂ ਤੇ ਪਰਮੇਸ਼ੁਰ ਦਾ ਮੰਦਰ ਬਣਾਇਆ ਜਾਵੇਂ।" 16 ਫ਼ੇਰ ਸ਼ੇਸਬੱਸਰ ਨੇ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਧਰੀ। ਉਸ ਵਕਤ ਤੋਂ ਹੁਣ ਤੀਕ ਇਹ ਬਣ ਰਿਹਾ ਹੈ ਅਤੇ ਅੱਜ ਤੀਕ ਮੁਕੰਮਲ ਨਹੀਂ ਹੋਇਆ। 17 ਇਸ ਲਈ ਹੁਣ, ਜੇਕਰ ਪਾਤਸ਼ਾਹ ਠੀਕ ਸਮਝਣ ਤਾਂ ਪਾਤਸ਼ਾਹ ਦੇ ਦਫਤਰੀ ਲਿਖਤਾਂ ਵਿੱਚ ਜੋ ਕਿ ਬਾਬਲ ਵਿੱਚ ਹਨ ਪੜਤਾਲ ਕੀਤੀ ਜਾਵੇ ਕਿ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦੇ ਇਸ ਮੰਦਰ ਨੂੰ ਯਰੂਸ਼ਲਮ ਵਿੱਚ ਬਨਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ। ਫਿਰ ਸ੍ਰੀ ਮਾਨ ਕਿਰਪਾ ਕਰਕੇ ਸਾਨੂੰ ਦੋਸ਼ੀ ਕੀ ਤੂੰ ਇਸ ਬਾਰੇ ਕੀ ਫ਼ੈਸਲਾ ਕੀਤਾ ਹੈ।"

6:1 ਤਾਂ ਫਿਰ ਦਾਰਾ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਰਾਜਿਆਂ ਦੀਆਂ ਲਿਖਤਾਂ ਦੀ ਪੜਤਾਲ ਦਾ ਹੁਕਮ ਦਿੱਤਾ। ਉਹ ਲਿਖਤਾਂ ਬਾਬਲ ਵਿੱਚ ਖਜਾਨੇ ਕੋਲ ਹੀ ਰੱਖੀਆਂ ਜਾਂਦੀਆਂ ਸਨ। 2 ਮਾਦਈ ਦੇ ਸੂਬੇ ਵਿੱਚ ਅਹਮਬਾ ਦੇ ਕਿਲੇ ਵਿੱਚੋਂ ਇੱਕ ਪੱਤ੍ਰੀ ਪ੍ਰਾਪਤ ਹੋਈ। ਅਤੇ ਉਸ ਪੱਤ੍ਰੀ ਤੇ ਇਹ ਲਿਖਿਆ ਹੋਇਆ ਸੀ: ਨੋਟ: 3 ਕੋਰਸ਼ ਪਾਤਸ਼ਾਹ ਦੇ ਪਹਿਲੇ ਵਰ੍ਹੇ ਕੋਰਸ਼ ਨੇ ਪਰਮੇਸ਼ੁਰ ਦੇ ਮੰਦਰ ਬਾਰੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ ਕਿ:ਮੰਦਰ ਦੀ ਫਿਰ ਤੋਂ ਉਸਾਰੀ ਕੀਤੀ ਜਾਵੇ ਅਤੇ ਇਹ ਉਹ ਜਗ੍ਹਾਂ ਹੋਣੀ ਚਾਹੀਦੀ ਹੈ ਜਿੱਥੇ ਬਲੀਆਂ ਚੜਾਈਅਮਾਂ ਜਾਂਦੀਆਂ ਹਨ। ਇਸਦੀਆਂ ਨੀਹਾਂ ਮਜਬੂਤ ਕੀਤੀਆਂ ਜਾਣ। ਇਹ ਮੰਦਰ 90 ਫੁੱਟ ਉੱਚਾ ਅਤੇ 90 ਫੁੱਟ ਚੌੜਾ ਹੋਣਾ ਚਾਹੀਦਾ। 4 ਇਸਦੀ ਚੋਗਿਰਦੀ ਦੀਵਾਰ ਦੀਆਂ ਵੱਡੇ ਪੱਥਰ ਵਾਲੀਆਂ ਤਿੰਨ ਕਤਾਰਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਕ ਕਤਾਰ ਵੱਡੀ ਗੇਲੀ ਦੀ ਅਤੇ ਮੰਦਰ ਦੇ ਨਿਰਮਾਣ ਦਾ ਖਰਚਾ ਪਾਤਸ਼ਾਹ ਦੇ ਖਜ਼ਾਨੇ ਵਿੱਚੋਂ ਭੇਂਟ ਕੀਤਾ ਜਾਵੇ। 5 ਪਰਮੇਸ਼ੁਰ ਦੇ ਮੰਦਰ ਦੇ ਸੋਨੇ ਅਤੇ ਚਾਂਦੀ ਦੇ ਭਾਂਡੇ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਉਸ ਮੰਦਰ ਤੋਂ ਜੋ ਯਰੂਸ਼ਲਮ ਵਿੱਚ ਹੈ, ਕੱਢ ਕੇ ਬਾਬਲ ਨੂੰ ਲੈ ਆਇਆ ਸੀ, ਮੋੜ ਦਿੱਤੇ ਜਾਣ ਅਤੇ ਯਰੂਸ਼ਲਮ ਦੇ ਮੰਦਰ ਵਿੱਚ ਆਪਣੇ ਥਾਂ ਪਹੁੰਚਾਏ ਜਾਣ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਮੰਦਰ ਵਿੱਚ ਰੱਖਿਆ ਜਾਵੇ। 6 ਹੁਣ, ਮੈਂ ਦਾਰਾ, ਫਰਾਤ ਦਰਿਆ ਦੇ ਪੱਛਮੀ ਪਾਸੇ ਦੇ ਰਾਜਪਾਲ, ਤਤਨਈ, ਸ਼ਬਰ ਬੋਜ਼ਨਈ ਅਤੇ ਸਾਰੇ ਅਧਿਕਾਰੀਆਂ ਨੂੰ, ਜਿਹੜੇ ਉਸ ਸੂਬੇ ਵਿੱਚ ਰਹਿੰਦੇ ਹਨ, ਯਰੂਸ਼ਲਮ ਤੋਂ ਦੂਰ ਰਹਿਣ ਦਾ ਹੁਕਮ ਦਿੰਦਾ ਹਾਂ। 7 ਮਜ਼ਦੂਰਾਂ ਦੀ ਫ਼ਿਕਰ ਨਾ ਕਰੋ ਤੇ ਨਾ ਹੀ ਪਰਮੇਸ਼ੁਰ ਦੇ ਮੰਦਰ ਦੇ ਹੁੰਦੇ ਇਸ ਨੇਕ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰੋ। ਇਸ ਦੀ ਬਜਾਇ ਇਸ ਨੂੰ ਦੁਬਾਰਾ ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀਆਂ ਦੇ ਆਗੂਆਂ ਦੁਆਰਾ ਆਪਣੀ ਪੱਕੀ ਜ਼ਮੀਨ ਤੇ ਬਣਾਇਆ ਜਾਣ ਦਿਓ। 8 ਹੁਣ ਮੈਂ ਇਹ ਹੁਕਮ ਦਿੰਦਾ ਹਾਂ ਕਿ ਪਰਮੇਸ਼ੁਰ ਦੇ ਇਸ ਮੰਦਰ ਨੂੰ ਬਨਾਉਣ ਲਈ ਯਹੂਦੀ ਆਗੂਆਂ ਨਾਲ ਕੀ ਕਰਨਾ ਹੈ। ਤੁਸੀਂ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਧੰਨ ਦਿਓ ਜੋ ਕਿ ਫਰਾਤ ਦਰਿਆ ਤੋਂ ਪਾਰ ਇਕੱਤ੍ਰ ਕੀਤੇ ਕਰ ਵਿੱਚੋਂ ਹੈ ਤਾਂ ਜੋ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਨਾ ਪਵੇ। 9 ਉਨ੍ਹਾਂ ਲੋਕਾਂ ਨੂੰ ਉਹ ਦਿਓ ਜੋ ਉਨ੍ਹਾਂ ਨੂੰ ਚਾਹੀਦਾ ਹੈ। ਜੇਕਰ ਉਨ੍ਹਾਂ ਨੂੰ ਜਵਾਨ ਬਲਦ, ਭੇਡੂ ਜਾਂ ਲੇਲੇ ਅਕਾਸ਼ ਦੇ ਪਰਮੇਸ਼ੁਰ ਨੂੰ ਬਲੀਆਂ ਚਾਢ਼ਾਉਣ ਲਈ ਚਾਹੀਦੇ ਹੋਣ। ਅਤੇ ਜਿੰਨੀ ਕਣਕ, ਲੂਣ ਮੈਅ ਅਤੇ ਤੇਲ, ਜੋ ਯਰੂਸ਼ਲਮ ਵਿਚਲੇ ਜਾਜਕ ਮੰਗਣ ਬਿਨ ਭੁਲਿਆਂ ਉਨ੍ਹ੍ਹਾਂ ਨੂੰ ਹਰ ਰੋਜ਼ ਦਿੱਤਾ ਜਾਣਾ ਚਾਹੀਦਾ ਹੈ। 10 ਤਾਂ ਜੋ ਉਹ ਉਹੀ ਬਲੀਆਂ ਚੜਾਉਣ ਜੋ ਅਕਾਸ਼ ਦੇ ਪਰਮੇਸ਼ੁਰ ਨੂੰ ਪ੍ਰਸੰਨ ਕਰ ਦੇਣ। ਇਹ ਸਭ ਚੀਜ਼ਾਂ ਉਨ੍ਹਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਪਾਤਸ਼ਾਹ ਅਤੇ ਉਸਦੇ ਪੁੱਤਰਾਂ ਲਈ ਪ੍ਰਾਰਥਨਾ ਕਰ ਸਕਣ। 11 ਮੈਂ ਇਹ ਆਗਿਆ ਵੀ ਦਿੱਤੀ ਹੈ ਕਿ ਜੋ ਕੋਈ ਇਸ ਆਗਿਆ ਨੂੰ ਬਦਲੇ, ਉਸਦੇ ਘਰ ਵਿੱਚੋਂ ਹੀ ਇੱਕ ਸ਼ਤੀਰੀ ਕੱਢੀ ਜਾਵੇ ਅਤੇ ਖੜੀ ਕੀਤੀ ਜਾਵੇ ਉਸਨੂੰ ਉਸ ਆਦਮੀ ਦੇ ਵਿੱਚ ਖੋਭਿਆ ਜਾਵੇ ਤੇ ਆਖੀਰ ਉਸਦੇ ਘਰ ਨੂੰ ਨਸ਼ਟ ਕਰਕੇ ਖੰਡਰ ਕੀਤਾ ਜਾਵੇ। 12 ਪਰਮੇਸ਼ੁਰ ਨੇ ਆਪਣਾ ਨਾਂ ਯਰੂਸ਼ਲਮ ਵਿੱਚ ਰੱਖਿਆ ਹੈ ਅਤੇ ਮੈਨੂੰ ਆਸ ਹੈ ਕਿ ਕੋਈ ਵੀ ਰਾਜਾ ਜਾਂ ਮਨੁੱਖ ਜੋ ਇਸ ਆਦੇਸ਼ ਨੂੰ ਬਦਲੇਗਾ, ਪਰਮੇਸ਼ੁਰ ਦੁਆਰਾ ਹਰਾਇਆ ਜਾਵੇਗਾ। ਜੇਕਰ ਕੋਈ ਵੀ ਮਨੁੱਖ ਯਰੂਸ਼ਲਮ ਵਿਚਲੇ ਇਸ ਮੰਦਰ ਨੂੰ ਢਾਹੇਗਾ ਮੈਨੂੰ ਯਕੀਨ ਹੈ ਪਰਮੇਸ਼ੁਰ ਉਸ ਨੂੰ ਤਬਾਹ ਕਰ ਦੇਵੇਗਾ।ਮੈਂ, ਦਾਰਾ ਨੇ ਇਹ ਆਦੇਸ਼ ਦਿੱਤਾ ਹੈ ਅਤੇ ਇਸ ਨੂੰ ਬਿਲਕੁਲ ਇੰਝ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ। 13 ਇਉਂ ਦਰਿਆ ਤੋਂ ਪਾਰ ਦੇ ਹਾਕਮ ਤਤਨਈ, ਸ਼ਬਰ ਬੋਜਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਪਾਤਸ਼ਾਹ ਦੀ ਭੇਜੀ ਹੋਈ ਆਗਿਆ ਅਨੁਸਾਰ ਸਭ ਕੰਮ ਕੀਤਾ। ਇਨ੍ਹਾਂ ਮਨੁੱਖਾਂ ਨੇ ਉਸਦਾ ਪੂਰਾ-ਪੂਰਾ ਹੁਕਮ ਮਂਨਿਆਂ ਤੇ ਕਾਰਜ ਸੰਪੰਨ ਕੀਤਾ। 14 ਇਸ ਤਰ੍ਹਾਂ, ਯਹੂਦੀ ਬਜ਼ੁਰਗ ਮੰਦਰ ਦੀ ਉਸਾਰੀ ਕਰਦੇ ਰਹੇ ਅਤੇ ਉਹ ਹੱਗਈ ਨਬੀ ਅਤੇ ਇਦ੍ਦੇ ਦੇ ਪੁੱਤਰ ਜ਼ਕਰਯਾਹ ਦੇ ਅਗੰਮ ਵਾਕ ਅਨੁਸਾਰ ਸਫਲ ਹੁੰਦੇ ਰਹੇ ਅਤੇ ਇਉਂ ਉਹ ਮੰਦਰ ਨੂੰ ਮੁਕੰਮਲ ਕਰਨ ਵਿੱਚ ਕਾਮਯਹਬ ਰਹੇ। ਇਹ ਸਭ ਕੁਝ ਇਸਰਾਏਲ ਦੇ ਪਰਮੇਸ਼ੁਰ ਦੇ ਹੁਕਮ ਨੂੰ ਅਤੇ ਕੋਰਸ਼, ਦਾਰਾ ਅਤੇ ਅਰਤਹਸ਼ਸਤਾਂ ਦੇ ਆਦੇਸ਼ਾਂ ਨੂੰ ਮੰਨਣ ਲਈ ਕੀਤਾ ਗਿਆ ਸੀ ਜੋ ਕਿ ਫਾਰਸ ਦੇ ਪਾਤਸ਼ਾਹ ਸਨ। 15 ਮੰਦਰ ਦਾ ਕਾਰਜ਼ ਅਦਾਰ ਮਹੀਨੇ ਦੇ ਤੀਜੇ ਦਿਨ, ਦਾਰਾ ਪਾਤਸ਼ਾਹ ਦੇ ਰਾਜ ਦੇ 6ਵੇਂ ਵਰ੍ਹੇ ਵਿੱਚ ਸੰਪੰਨ ਹੋ ਗਿਆ ਸੀ। 16 ਫਿਰ ਇਸਰਾਏਲ ਦੇ ਲੋਕਾਂ, ਜਾਜਕਾਂ, ਲੇਵੀਆਂ, ਬਾਕੀ ਦੇ ਲੋਕਾਂ ਨੇ ਜੋ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ, ਬੜੀ ਖੁਸ਼ੀ ਨਾਲ ਪਰਮੇਸ਼ੁਰ ਦੇ ਮੰਦਰ ਦੀ ਚੱਠ ਕੀਤੀ। 17 ਇਸ ਲਈ ਉਨ੍ਹਾਂ ਨੇ ਪਰਮੇਸ਼ੁਰ ਦੇ ਇਸ ਮੰਦਰ ਨੂੰ ਇਸ ਤਰ੍ਹਾਂ ਸਮਰਪਿਤ ਕੀਤਾ: ਉਨ੍ਹਾਂ ਨੇ 100 ਬਲਦ 200 ਭੇਡੂ ਅਤੇ 400 ਲੇਲੇ ਭੇਟ ਕੀਤੇ। ਉਨ੍ਹਾਂ ਨੇ ਪਾਪ ਦੀ ਭੇਟ ਵਜੋਂ ਇਸਰਾਏਲ ਦੇ ਵੰਸ਼ਾਂ ਦੀ ਗਿਣਤੀ ਮੁਤਾਬਕ ਬਾਰ੍ਹਾਂ ਬੱਕਰੀਆਂ ਚੜਾਈਆਂ। 18 ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ ਉਵੇਂ ਹੀ ਉਨ੍ਹਾਂ ਨੇ ਜਾਜਕਾਂ ਨੂੰ ਉਨ੍ਹਾਂ ਦੇ ਟੋਲਿਆਂ ਅਨੁਸਾਰ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਟੋਲਿਆਂ ਮੁਤਾਬਕ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਉਪਾਸਨਾ ਲਈ ਚੁਣਿਆ। 19 ਪਹਿਲੇ ਮਹੀਨੇ ਦੀ ਚੌਦਾਂ ਤਾਰੀਕ ਨੂੰ ਉਹ ਯਹੂਦੀ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ। ਉਨ੍ਹਾਂ ਨੇ ਪਸਹ ਦਾ ਪਰਬ ਮਨਾਇਆ। 20 ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁਧ ਕੀਤਾ। ਉਨ੍ਹਾਂ ਸਭਨਾ ਨੇ ਪਸਹ ਮਨਾਉਣ ਲਈ ਆਪਣੇ-ਆਪ ਨੂੰ ਸਾਫ ਕੀਤਾ। ਲੇਵੀਆਂ ਨੇ ਉਨ੍ਹਾਂ ਬੰਦੀਆਂ ਲਈ ਪਸਹ ਦਾ ਲੇਲਾ ਜਿਬਹ ਕੀਤਾ ਜੋ ਵਾਪਸ ਪਰਤੇ ਸਨ। ਇਹ ਸਭ ਉਨ੍ਹਾਂ ਨੇ ਆਪਣੇ ਸਹ-ਜਾਜਕਾਂ ਅਤੇ ਆਪਣੇ ਲਈ ਕੀਤਾ। 21 ਇੰਝ, ਉਨ੍ਹਾਂ ਸਾਰੇ ਇਸਰਾਏਲੀਆਂ ਨੇ ਜਿਹੜੇ ਕੈਦ ਤੋਂ ਪਰਤੇ ਸਨ ਪਸਹ ਦਾ ਭੋਜਨ ਖਾਧਾ। ਅਤੇ ਉਨ੍ਹਾਂ ਸਭ ਨੇ ਜਿਨ੍ਹਾਂ ਨੇ ਆਪਣੇ-ਆਪ ਨੂੰ ਇਸ ਧਰਤੀ ਦੀਆਂ ਹੋਰਨਾਂ ਦੀਆਂ ਨਾਪਾਕ ਚੀਜਾਂ ਤੋਂ ਸ਼ੁਧ ਬਣਾਇਆ ਸੀ, ਜੋ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਤਲਾਸ਼ ਵਿੱਚ ਸਨ, ਉਨ੍ਹਾਂ ਨੇ ਵੀ ਆਪਸ ਵਿੱਚ ਸਾਂਝਾ ਕੀਤਾ। 22 ਉਨ੍ਹਾਂ ਨੇ ਆਨੰਦ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਖੁਸ਼ ਕੀਤਾ ਸੀ ਅਤੇ ਅੱਸ਼ੂਰ ਦੇ ਪਾਤਸਾਹ ਦਾ ਮਨ ਫ਼ੇਰ ਦਿੱਤਾ ਸੀ। ਇਸ ਲਈ ਪਾਤਸ਼ਾਹ ਨੇ ਪਰਮੇਸ਼ੁਰ ਦਾ ਮੰਦਰ ਬਨਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

7:1 ਇਨ੍ਹਾਂ ਗੱਲਾਂ ਉਪਰੰਤ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਦੌਰਾਨ ਅਜ਼ਰਾ ਸਰਾਯਾਹ ਦਾ ਪੁੱਤਰ ਬਾਬਲ ਤੋਂ ਯਰੂਸ਼ਲਮ ਵਿੱਚ ਆਇਆ। ਸਰਾਯਾਹ ਅਜ਼ਰਯਾਹ ਦਾ ਪੁੱਤਰ ਸੀ। ਅਜ਼ਰਯਾਹ ਹਿਲਕੀਯਾਹ ਦਾ ਪੁੱਤਰ ਸੀ। 2 ਹਿਲਕੀਯਾਹ ਸ਼ੱਲੂਮ ਦਾ ਪੁੱਤਰ ਤੇ ਸ਼ਲੂਮ ਸਾਦੋਕ ਦਾ ਪੁੱਤਰ ਸੀ। ਸਾਦੋਕ ਆਹੀਟੂਬ ਦਾ ਪੁੱਤਰ ਸੀ। 3 ਅਹੀਟੂਬ ਅਮਰਯਾਹ ਦਾ, ਅਮਰਯਾਹ ਅਜ਼ਰਯਾਹ ਦਾ ਅਤੇ ਅਜ਼ਰਯਾਹ ਮਰਾਯੋਬ ਦਾ ਪੁੱਤਰ ਸੀ। 4 ਮਰਾਯੋਬ ਜ਼ਰਹਯਾਹ ਦਾ ਤੇ ਜ਼ਰਹਯਾਹ ਉਜ਼ੀ ਦਾ ਤੇ ਉਜ਼ੀ ਬੁੱਕੀ ਦਾ ਪੁੱਤਰ ਸੀ। 5 ਬੁੱਕੀ ਅਬੀਸ਼ੂਆ ਦਾ ਪੁੱਤਰ ਸੀ ਤੇ ਅਬੀਸ਼ੂਆ ਫੀਨਹਾਸ ਦਾ ਪੁੱਤਰ ਸੀ ਤੇ ਫੀਨਹਾਸ ਅਲਆਜ਼ਾਹ ਦਾ ਪੁੱਤਰ ਸੀ ਅਤੇ ਅਲਆਜ਼ਾਰ ਪ੍ਰਧਾਨ ਜਾਜਕ ਹਾਰੂਨ ਦਾ ਪੁੱਤਰ ਸੀ। 6 ਅਜ਼ਰਾ ਜੋ ਕਿ ਇੱਕ ਉਸਤਾਦ ਸੀ ਬਾਬਲ ਤੋਂ ਯਰੂਸ਼ਲਮ ਨੂੰ ਆਇਆ ਅਤੇ ਉਹ ਮੂਸਾ ਦੀ ਬਿਵਸਬਾ ਨੂੰ ਭਲੀ-ਭਾਂਤੀ ਸਮਝਦਾ ਸੀ। ਮੂਸਾ ਦੀ ਬਿਵਸਬਾ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ। ਪਾਤਸ਼ਾਹ ਨੇ ਹਰ ਵਸਤ ਜੋ ਅਜ਼ਰਾ ਨੇ ਚਾਹੀ ਉਸ ਨੂੰ ਦਿੱਤੀ ਕਿਉਂ ਕਿ ਯਹੋਵਾਹ, ਉਸ ਦੇ ਪਰਮੇਸ਼ੁਰ ਦੀ ਮਿਹਰ ਉਸ ਉੱਪਰ ਸੀ। 7 ਇਸਰਾਏਲ ਦੇ ਕੁਝ ਲੋਕ ਅਜ਼ਰਾ ਦੇ ਨਾਲ ਆਏ ਜਿਨ੍ਹਾਂ ਵਿੱਚ ਜਾਜਕ, ਲੇਵੀ, ਗਵੱਈਯੇ, ਦਰਬਾਨ ਅਤੇ ਮੰਦਰ ਦੇ ਸੇਵਕ ਸਨ। ਇਹ ਇਸਰਾਏਲੀ ਅਰਤਹਸ਼ਸ਼ਤਾ ਪਾਤਸ਼ਾਹ ਦੇ ਸੱਤਵੇਂ ਵਰ੍ਹੇ ਵਿੱਚ ਯਰੂਸ਼ਲਮ ਨੂੰ ਆਏ। 8 ਅਜ਼ਰਾ ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਦੇ ਸੱਤਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ ਯਰੂਸ਼ਲਮ ਦੇ ਆਇਆ। 9 ਅਜ਼ਰਾ ਅਤੇ ਉਸਦੇ ਸਾਬੀ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬਲ ਤੋਂ ਤੁਰੇ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਯਰੂਸ਼ਲਮ ਵਿੱਚ ਪਹੁੰਚ ਗਏ। ਉਸ ਦਾ ਯਹੋਵਾਹ ਪਰਮੇਸ਼ੁਰ ਉਸ ਦੇ ਨਾਲ ਸੀ। 10 ਅਜ਼ਰਾ ਨੇ ਆਪਣਾ ਸਾਰਾ ਸਮਾਂ ਤੇ ਧਿਆਨ ਯਹੋਵਾਹ ਦੀ ਬਿਵਸਬਾ ਨੂੰ ਸਮਝਣ ਵਿੱਚ ਅਤੇ ਮੰਨਣ ਵਿੱਚ ਹੀ ਲੱਗਾਇਆ। ਅਤੇ ਉਹ ਇਨ੍ਹਾਂ ਬਿਧੀਆਂ ਅਤੇ ਹੁਕਮਾਂ ਦਾ ਇਸਰਾਏਲ ਵਿੱਚ ਵਰਣਨ ਕਰਨਾ ਚਾਹੁੰਦਾ ਸੀ। 11 ਅਜ਼ਰਾ ਜੋ ਕਿ ਇੱਕ ਜਾਜਕ ਅਤੇ ਗਿਆਨੀ ਉਸਤਾਦ ਸੀ। ਉਹ ਯਹੋਵਾਹ ਦੀਆਂ ਬਿਧੀਆਂ ਅਤੇ ਇਸਰਾਏਲੀਆਂ ਲਈ ਦਿੱਤੇ ਹੁਕਮਾਂ ਨੂੰ ਜਾਣਦਾ ਸੀ। ਪਾਤਸ਼ਾਹ ਅਰਤਹਸ਼ਸ਼ਤਾ ਦੁਆਰਾ ਉਸ ਨੂੰ ਦਿੱਤੀ ਗਈ ਚਿੱਠੀ ਦੀ ਨਕਲ ਇਉਂ ਸੀ: 12 ਰਾਜਿਆਂ ਦੇ ਰਾਜੇ ਅਰਤਹਸ਼ਤਤਾ ਵੱਲੋਂ,ਜਾਜਕ ਅਜ਼ਰਾ, ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦੇ ਲਿਖਾਰੀ ਨੂੰ ਸਲਾਮ! 13 ਮੈਂ ਇਹ ਆਦੇਸ਼ ਦਿੰਦਾ ਹਾਂ, ਜੇਕਰ ਇਸਰਾਏਲ ਦਾ ਕੋਈ ਵੀ ਮਨੁੱਖ, ਇਸ ਦਾ ਕੋਈ ਵੀ ਜਾਜਕ ਜਾਂ ਲੇਵੀ ਜੋ ਮੇਰੇ ਰਾਜ ਵਿੱਚ ਰਹਿ ਰਿਹਾ ਹੋਵੇ ਤੇ ਉਹ ਅਜ਼ਰਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦਾ ਹੋਵੇ, ਉਹ ਜਾ ਸਕਦਾ ਹੈ। 14 ਅਜ਼ਰਾ, ਮੈਂ ਤੇ ਮੇਰੇ ਸੱਤ ਸਲਾਹਕਾਰ ਤੈਨੂੰ ਭੇਜ ਰਹੇ ਹਾਂ। ਤੈਨੂੰ ਯਰੂਸ਼ਲਮ ਅਤੇ ਯਹੂਦਾਹ ਨੂੰ ਜਾਣਾ ਚਾਹੀਦਾ। ਜਾ ਅਤੇ ਵੇਖ ਕਿ ਕਿੰਨਾ ਕੁ ਤੇਰੇ ਲੋਕ ਤੇਰੇ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਜੋ ਤੇਰੇ ਹੱਥ ਵਿੱਚ ਹੈ ਚੱਲਦੇ ਅਤੇ ਉਸ ਨੂੰ ਮੰਨਦੇ ਹਨ। 15 ਮੈਂ ਤੇ ਮੇਰੇ ਸਲਾਹਕਾਰ ਇਸਰਾਏਲ ਦੇ ਪਰਮੇਸ਼ੁਰ ਲਈ ਸੋਨਾ ਅਤੇ ਚਾਂਦੀ ਭੇਂਟ ਕਰਦੇ ਹਾਂ। ਪਰਮੇਸ਼ੁਰ ਯਰੂਸ਼ਲਮ ਵਿੱਚ ਵੱਸਦਾ ਹੈ ਇਸ ਲਈ ਤੂੰ ਇਹ ਸੋਨਾ ਚਾਂਦੀ ਜ਼ਰੂਰ ਆਪਣੇ ਨਾਲ ਲੈ ਕੈ ਜਾਵੀਂ। 16 ਇਨ੍ਹਾਂ ਚੀਜ਼ਾਂ ਦੇ ਸਮੇਤ, ਜੋ ਵੀ ਸੋਨਾ ਅਤੇ ਚਾਂਦੀ ਤੁਸੀਂ ਬਾਬਲ ਦੇ ਸੂਬਿਆਂ ਵਿੱਚੋਂ ਜਿਬ੍ਬੋ ਕਿਤੋਂ ਵੀ ਇਕੱਤ੍ਰ ਕੀਤੀ ਸੀ ਲਵੋ। ਉਹ ਕੋਈ ਵੀ ਸੁਗਾਤ ਲੈ ਲਵੋ ਜੋ ਲੋਕ ਅਤੇ ਜਾਜਕ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਲਈ ਦੇਣ ਦੇ ਇਛਿੱਤ ਹਨ। 17 ਖਾਸਕਰ ਉਸ ਪੈਸੇ ਨਾਲ ਬਲਦ, ਭੇਡੂ ਅਤੇ ਲੇਲੇ ਖਰੀਦੀਣਾ ਅਤੇ ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀ ਭੇਟਾਂ ਖਰੀਦੀ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੀ ਜਗਵਦੀ ਉੱਤੇ ਚੜਾਵੀਂ। 18 ਅਤੇ ਬਾਕੀ ਬਚੇ ਸੋਨੇ ਚਾਂਦੀ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਸੰਬੰਧੀਆਂ ਨੂੰ ਚੰਗਾ ਲੱਗੇ, ਉਹ ਆਪਣੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਕਰੀਂ। 19 ਜਿਹੜੇ ਭਾਂਡੇ ਤੈਨੂੰ ਤੇਰੇ ਪਰਮੇਸ਼ੁਰ ਦੇ ਮੰਦਰ ਵਿੱਚ ਉਪਾਸਨਾ ਲਈ ਸੌਂਪੇ ਗਏ ਹਨ, ਉਨ੍ਹਾਂ ਨੂੰ ਯਰੂਸ਼ਲਮ ਦੇ ਪਰਮੇਸ਼ੁਰ ਨੂੰ ਵਾਪਸ ਕਰ ਦੇਵੀਂ। 20 ਅਤੇ ਜੋ ਕੁਝ ਹੋਰ ਤੇਰੇ ਪਰਮੇਸ਼ੁਰ ਦੇ ਮੰਦਰ ਲਈ ਲੋੜੀਂਦਾ ਹੋਵੇ, ਤਾਂ ਉਹ ਸਭ ਕੁਝ ਖਰੀਦਣ ਲਈ ਧੰਨ ਤੂੰ ਸ਼ਾਹੀ ਖਜ਼ਾਨੇ ਵਿੱਚੋਂ ਵਰਤ ਲਵੀਂ। 21 ਹੁਣ ਮੈਂ, ਅਤਰਹਸ਼ਤਤਾ ਪਾਤਸ਼ਾਹ ਇਹ ਸੰਦੇਸ਼ ਦਿੰਦਾ ਹਾਂ: ਪਾਤਸ਼ਾਹ ਦੇ ਸਾਰੇ ਖਜਾਨਚੀ ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਤੇ ਰਹਿੰਦੇ ਹਨ ਅਜ਼ਰਾ ਨੂੰ ਉਸਦੀਆਂ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦੇਣ। ਅਜ਼ਰਾ ਅਕਾਸ਼ ਦੇ ਪਰਮੇਸ਼ੁਰ ਦੀ ਬਿਵਸਬਾ ਦਾ ਉਸਤਾਦ ਅਤੇ ਜਾਜਕ ਹੈ। ਇਹ ਬੜੀ ਜਲਦੀ ਹੀ ਕੀਤਾ ਜਾਵੇ। 22 ਅਜ਼ਰਾ ਨੂੰ ਜਿੰਨਾ ਹੋ ਸਕੇ: 3,400 ਕਿਲੋ ਚਾਂਦੀ, 600 ਬੁਸ਼ਲ ਕਣਕ, 600 ਗੈਲਨ ਮੈਅ ਅਤੇ 600 ਗੈਲਨ ਜੈਤੂਨ ਦਾ ਤੇਲ ਅਤੇ ਉਸਦੀ ਲੋੜ ਮੁਤਾਬਕ ਜਿੰਨਾ ਚਾਹੇ ਲੈਣ ਦਿਓ। 23 ਜੋ ਕੁਝ ਵੀ ਅਕਾਸ਼ ਦੇ ਪਰਮੇਸ਼ੁਰ ਨੇ ਅਜ਼ਰਾ ਲਈ ਹੁਕਮ ਦਿੱਤਾ ਹੈ, ਉਸ ਨੂੰ ਬਿਲਕੁਲ ਉਵੇਂ ਹੀ ਦਿੱਤਾ ਜਾਵੇ। ਉਹ ਸਭ ਕੁਝ ਅਕਾਸ਼ ਦੇ ਪਰਮੇਸ਼ੁਰ ਦੇ ਮੰਦਰ ਲਈ ਕੀਤਾ ਜਾਵੇ। ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ੁਰ ਮੇਰੇ ਰਾਜ ਜਾਂ ਮੇਰੇ ਪੁੱਤਰਾਂ ਤੇ ਕ੍ਰੋਧਿਤ ਹੋਵੇ। 24 ਮੈਂ ਤੁਹਾਨੂੰ ਸੂਚਨਾ ਦੇ ਰਿਹਾ ਹਾਂ ਕਿ ਜਾਜਕਾਂ, ਲੇਵੀਆਂ, ਗਵੈਯਾਂ, ਦਰਬਾਨਾਂ, ਮੰਦਰ ਦੇ ਸੇਵਕਾਂ ਅਤੇ ਪਰਮੇਸ਼ੁਰ ਦੇ ਮੰਦਰ ਦੇ ਹੋਰ ਮਜ਼ਦੂਰਾਂ ਕੋਲੋਂ ਕਰ ਲੈਣਾ ਬਿਵਸਬਾ ਦੇ ਖਿਲਾਫ ਹੈ। 25 ਹੇ ਅਜ਼ਰਾ! ਤੂੰ ਆਪਣੇ ਪਰਮੇਸ਼ੁਰ ਦੁਆਰਾ ਤੈਨੂੰ ਬਖਸ਼ੇ ਗਿਆਨ ਦੇ ਮੁਤਾਬਕ ਹਾਕਮਾਂ ਅਤੇ ਨਿਆਂਕਾਰ ਦੀ ਚੋਣ ਕਰ ਤਾਂ ਕਿ ਉਹ ਫਰਾਤ ਦਰਿਆ ਤੋਂ ਪਾਰ ਪੱਛਮੀ ਪਾਸੇ ਰਹਿੰਦੇ ਲੋਕਾਂ ਦਾ ਨਿਆਂ ਕਰ ਸਕਣ। ਉਹ ਉਨ੍ਹਾਂ ਸਾਰਿਆਂ ਦਾ ਨਿਆਂ ਕਰਨਗੇ ਜੋ ਤੇਰੇ ਪਰਮੇਸ਼ੁਰ ਦੀ ਬਿਧੀਆਂ ਨੂੰ ਜਾਣਦੇ ਹਨ। ਇਨ੍ਹਾਂ ਨਿਆਂ ਕਰਾਂ ਅਤੇ ਤੈਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਸਿਖਿਆ ਦੇਣੀ ਚਾਹੀਦੀ ਹੈ ਜਿਹੜੇ ਪਰਮੇਸ਼ੁਰ ਦੀ ਬਿਵਸਬਾ ਤੋਂ ਅਨਜਾਣ ਹਨ। 26 ਜਿਹੜਾ ਵੀ ਮਨੁੱਖ ਤੇਰੇ ਪਰਮੇਸ਼ੁਰ ਦੀ ਜਾਂ ਪਾਤਸ਼ਾਹ ਦੀ ਬਿਵਸਬਾ ਨੂੰ ਨਾ ਮਂਨੇ ਉਸ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ। ਇਸ ਮਨੁੱਖ ਨੂੰ ਉਸ ਦੇ ਪਾਪ ਮੁਤਾਬਕ ਮੌਤ ਦੀ ਸਜ੍ਹਾ, ਦੇਸ਼ ਨਿਕਾਲਾ, ਜਾਇਦਾਦ ਜ਼ਬਤ ਕਰਨ ਦਾ ਦੰਡ ਜਾਂ ਕੈਦ ਦੀ ਸਜ਼ਾ ਦਿੱਤੀ ਜਾਵੇ। 27 ਧੰਨ ਹੈ ਯਹੋਵਾਹ ਸਾਡੇ ਪੁਰਖਿਆਂ ਦਾ ਪਰਮੇਸ਼ੁਰ ਜਿਸਨੇ ਪਾਤਸ਼ਾਹ ਦੇ ਮਨ ਵਿੱਚ ਇਹ ਗੱਲ ਪਾਈ ਕਿ ਉਸਨੇ ਯਰੂਸ਼ਲਮ ਵਿੱਚ 28 ਯਹੋਵਾਹ ਨੇ ਪਾਤਸ਼ਾਹ, ਉਸਦੇ ਮੰਤਰੀਆਂ, ਅਤੇ ਪਾਤਸ਼ਾਹ ਦੇ ਤਾਕਤਵਰ ਆਗੂਆਂ ਦੇ ਅੱਗੇ ਮੇਰੇ ਲਈ ਆਪਣਾ ਪਿਆਰ ਅਤੇ ਮਿਹਰ ਦਰਸਾਈ। ਯਹੋਵਾਹ, ਪਰਮੇਸ਼ੁਰ ਦੀ ਕਿਰਪਾ ਮੇਰੇ ਉੱਪਰ ਸੀ ਤਾਂ ਮੈਂ ਬਲ ਪਾਇਆ ਅਤੇ ਇਸਰਾਏਲ ਦੇ ਆਗੂਆਂ ਨੂੰ ਇਕੱਤਰ ਕਰਕੇ ਆਪਣੇ ਨਾਲ ਯਰੂਸ਼ਲਮ ਲਿਜਾਣ ਦੇ ਸਮਰੱਥ ਹੋਇਆ।

8:1 ਇਹ ਸੂਚੀ ਘਰਾਣਿਆਂ ਦੇ ਆਗੂਆਂ ਅਤੇ ਉਨ੍ਹਾਂ ਦੀ ਵਂਸਾਵਲੀ ਦੀ ਹੈ ਜਿਹੜੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਸ਼ਾਸਨ ਦੌਰਾਨ ਮੇਰੇ ਨਾਲ ਬਾਬਲ ਤੋਂ (ਯਰੂਸ਼ਲਮ ਨੂੰ) ਆਏ। 2 ਫੀਨਹਾਸ ਦੇ ਉੱਤਰਾਧਿਕਾਰੀਆਂ ਵਿੱਚੋਂ ਗੇਰਸ਼ੋਮ, ਈਬਾਮਾਰ ਦੇ ਉੱਤਰਾਧਿਕਾਰੀਆਂ ਵਿੱਚੋਂ ਦਾਨੀਏਲ ਅਤੇ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਹੱਟੂਸ਼। 3 ਸ਼ਕਨਯਾਹ ਦੇ ਉੱਤਰਾਧਿਕਾਰੀਆਂ ਵਿੱਚੋਂ ਸਨ: ਫਰੋਸ਼ ਦੇ ਉੱਤਰਾਧਿਕਾਰੀ, ਜ਼ਕਰਯਾਹ ਅਤੇ ਉਸਦੇ ਨਾਲ 150 ਹੋਰ ਆਦਮੀ ਦਰਜ ਕੀਤੇ ਗਏ ਸਨ। 4 ਪਹਬ ਮੋਆਬ ਦੇ ਉੱਤਰਾਧਿਕਾਰੀਆਂ ਵਿੱਚੋਂ, ਜ਼ਕਰਯਾਹ ਦਾ ਪੁੱਤਰ ਅਲਯਹੋਏਨਈ ਅਤੇ 200 ਆਦਮੀ। 5 ਜ਼ੱਤੂ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ 300 ਹੋਰ ਆਦਮੀ। 6 ਆਦੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਯੋਨਾਬਾਨ ਦਾ ਪੁੱਤਰ ਆਬਦ ਅਤੇ ਉਸ ਨਾਲ 50 ਆਦਮੀ। 7 ਏਲਾਮ ਦੇ ਪੁੱਤਰਾਂ ਵਿੱਚੋਂ, ਅਬਲਯਾਹ ਦਾ ਪੁੱਤਰ ਯਸ਼ਆਯਾਹ ਅਤੇ 70 ਹੋਰ ਮਨੁੱਖ। 8 ਸ਼ਫਟਯਾਹ ਦੀ ਸੰਤਾਨ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਨਾਲ 80 ਹੋਰ ਮਨੁੱਖ, 9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ 218 ਹੋਰ ਮਨੁੱਖ; 10 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ, ਸ਼ਲੋਮੀਬ, ਯਸਿਫਯਾਹ ਦਾ ਪੁੱਤਰ ਤੇ ਉਸ ਨਾਲ 160 ਹੋਰ ਆਦਮੀ। 11 ਬੇਬਾਈ ਦੇ ਉੱਤਰਾਧਿਕਾਰੀਆਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ 28 ਹੋਰ ਮਨੁੱਖ; 12 ਅਜ਼ਗਾਦ ਦੀ ਸੰਤਾਨ ਵਿੱਚੋਂ ਹੱਕਟਾਨ ਦਾ ਪੁੱਤਰ ਯੋਹਾਨਾਨ ਅਤੇ 110 ਹੋਰ ਮਨੁੱਖ; 13 ਅਦੋਨੀਕਾਮ ਦੇ ਅਖੀਰਲੀ ਵੰਸ਼ ਦੇ ਵਿੱਚੋਂ 60 ਅਲੀਫਲਟ, ਯਈਏਲ ਅਤੇ ਸ਼ਮਅਯਾਹ ਅਤੇ ਸੱਠ ਹੋਰ ਮਨੁੱਖ; 14 ਬਿਗਵਈ ਦੀ ਵੰਸ਼ ਵਿੱਚੋਂ ਸਨ ਊਬਈ, ਜ਼ੱਬੂਦ ਅਤੇ 70 ਹੋਰ ਮਨੁੱਖ। 15 ਮੈਂ, (ਅਜ਼ਰਾ) ਨੇ ਉਨ੍ਹਾਂ ਸਾਰੇ ਲੋਕਾਂ ਨੂੰ ਅਹਵਾ ਵੱਲ ਵਹਿੰਦੀ ਨਦੀ ਦੇ ਕੋਲ ਇਕਠਿਆਂ ਕੀਤਾ ਅਤੇ ਤਿੰਨ ਦਿਨ ਅਸੀਂ ਉੱਥੇ ਡੇਰੇ ਲਾਏ। ਫਿਰ ਮੈਂ ਜਾਣਿਆ ਕਿ ਉਸ ਟੋਲੇ ਵਿੱਚ ਜਾਜਕ ਤਾਂ ਸਨ, ਪਰ ਕੋਈ ਲੇਵੀ ਨਹੀਂ ਸੀ। 16 ਇਸ ਲਈ ਮੈਂ ਅਲੀਅਜ਼ਰ, ਅਰੀਏਲ, ਸਮਅਸਾਹ, ਅਲਨਾਬਾਨ, ਯਾਰੀਬ, ਜ਼ਕਰਯਾਹ ਅਤੇ ਮਸ਼ੁੱਲਾਮ ਨੂੰ ਬੁਲਾਇਆ ਅਤੇ ਮੈਂ ਯੋਯਾਰੀਬ ਅਤੇ ਅਲਨਾਬਨ ਨੂੰ ਵੀ ਸਦਿਆ, ਜੋ ਕਿ ਉਸਤਾਦ ਸਨ। 17 ਮੈਂ ਉਨ੍ਹਾਂ ਨੂੰ ਇੱਦੋ ਕੋਲ ਭੇਜਿਆ ਜੋ ਕਿ ਕਾਸਿਫਯਾ ਨਾਂ ਦੇ ਇੱਕ ਸ਼ਹਿਰ ਦਾ ਆਗੂ ਸੀ। ਮੈਂ ਉਨ੍ਹਾਂ ਆਦਮੀਆਂ ਨੂੰ ਸਮਝਾਇਆ ਕਿ ਉਨ੍ਹਾਂ ਨੇ ਜਾ ਕੇ ਇੱਦੋ ਅਤੇ ਉਸ ਦੇ ਸੰਬੰਧੀਆਂ ਨੂੰ ਕੀ ਆਖਣਾ ਹੈ। ਉਸ ਦੇ ਰਿਸ਼ਤੇਦਾਰ ਕਾਸਿਫਯਾ ਵਿਖੇ ਮੰਦਰ ਦੇ ਸੇਵਾਦਾਰ ਸਨ। ਮੈਂ ਉਨ੍ਹਾਂ ਨੂੰ ਇੱਦੋ ਕੋਲ ਇਸ ਉਮੀਦ ਵਿੱਚ ਭੇਜਿਆ ਕਿ ਸ਼ਾਇਦ ਇੱਦੋ ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ ਸੇਵਕਾਂ ਨੂੰ ਭੇਜ ਦੇਵੇ। 18 ਕਿਉਂ ਕਿ ਪਰਮੇਸ਼ੁਰ ਸਾਡਾ ਪੱਖ ਲੈ ਰਿਹਾ ਸੀ ਇਸ ਲਈ ਇੱਦੋ ਦੇ ਸੰਬੰਧੀਆਂ ਨੇ ਇਨ੍ਹਾਂ ਮਨੁੱਖਾਂ ਨੂੰ ਸਾਡੇ ਵੱਲ ਭੇਜਿਆ:ਸ਼ੇਰੇਬਯਾਹ, ਮਹਲੀ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਬੁੱਧੀਮਾਨ ਵਿਅਕਤੀ (ਮਹਲੀ ਲੇਵੀ ਦੇ ਪੁੱਤਰਾਂ ਵਿੱਚੋਂ ਇੱਕ ਸੀ, ਅਤੇ ਲੇਵੀ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਸੀ।) ਉਸਨੇ ਆਪਣੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਨਾਲ ਭੇਜਿਆ। ਕੁੱਲ ਮਿਲਾ ਕੇ ਉਸ ਪਰਿਵਾਰ ਵਿੱਚੋਂ ਓਥੇ 18 ਆਦਮੀ ਸਨ। 19 ਮਮਰੀ ਦੇ ਉੱਤਰਾਧਿਕਾਰੀਆਂ ਵਿੱਚੋਂ ਯਸ਼ਾਯਾਹ ਅਤੇ ਹਸ਼ਬਯਾਹ (ਉਨ੍ਹਾਂ ਨੇ ਆਪਣੇ ਭਰਾਵਾਂ ਅਤੇ ਪੁੱਤਰਾਂ ਨੂੰ ਵੀ ਭੇਜਿਆ। ਉਸ ਘਰਾਣੇ ਵਿੱਚੋਂ ਉਹ ਕੁੱਲ 20 ਆਦਮੀ ਸਨ। 20ਨਬੀਨਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਤੇ ਅਧਿਕਾਰੀਆਂ ਨੇ ਲੇਵੀਆਂ ਦੀ ਸੇਵਾ ਲਈ ਬਾਪਿਆ ਗਿਆ ਸੀ, 220 ਮੰਦਰ ਦੇ ਸੇਵਾਦਾਰਾਂ ਨੂੰ ਵੀ। ਇਨ੍ਹਾਂ ਸਭਨਾਂ ਮਨੁੱਖਾਂ ਦੇ ਨਾ ਉਸ ਸੂਚੀ ਵਿੱਚ ਦਰਜਾ ਹਨ। 21 ਉੱਥੇ ਅਹਵਾ ਨਦੀ ਦੇ ਨੇੜੇ, ਮੈਂ (ਅਜ਼ਰਾ) ਨੇ ਐਲਾਨ ਕਰਵਾਇਆ ਕਿ ਸਾਨੂੰ ਸਭਨਾ ਨੂੰ ਵਰਤ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਪੇਸ਼ ਹੋ ਸਕੀਏ, ਅਸੀਂ ਪਰਮੇਸ਼ੁਰ ਨੂੰ ਆਪਣੇ ਲਈ, ਆਪਣੇ ਬੱਚਿਆਂ ਅਤੇ ਮਾਲ ਅਸਬਾਬ ਨਾਲ ਸੁਰਖਿਅਤ ਸਫ਼ਰ ਲਈ ਪ੍ਰਾਰਥਨਾ ਕਰੀਏ। 22 ਮੈਂ ਪਾਤਸ਼ਾਹ ਅਰਤਰਸ਼ਸ਼ਤਾ ਤੋਂ ਸਫ਼ਰ 'ਚ ਸਾਡੀ ਸੁਰਖਿਆ ਕਰਨ ਲਈ, ਕਿਉਂ ਜੁ ਰਾਹ ਵਿੱਚ ਦੁਸ਼ਮਣ ਸਨ ਸਿਪਾਹੀ ਅਤੇ ਘੋੜ-ਸਵਾਰ ਮੰਗਣ 'ਚ ਲਜ੍ਜਾ ਮਹਿਸੂਸ ਕੀਤੀ। ਮੇਰੀ ਲਾਜ ਦਾ ਕਾਰਣ ਇਹ ਸੀ ਕਿਉਂ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ "ਸਾਡੇ ਪਰਮੇਸ਼ੁਰ ਦਾ ਹੱਥ ਉਨ੍ਹਾਂ ਸਾਰਿਆਂ ਲੋਕਾਂ ਦੇ ਨਾਲ ਹੈ ਜੋ ਉਸ ਦੇ ਵਫ਼ਾਦਾਰ ਹਨ ਪਰ ਪਰਮੇਸ਼ੁਰ ਉਨ੍ਹਾਂ ਤੇ ਬੜਾ ਕਰੋਧ ਕਰਦਾ ਹੈ ਜੋ ਉਸ ਦੇ ਵਿਰੁੱਧ ਉੱਠਦੇ ਹਨ। 23 ਇਸ ਲਈ ਅਸੀਂ ਵਰਤ ਰੱਖ ਕੇ ਇਸ ਗੱਲ ਲਈ ਸਾਡੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਬੇਨਤੀ ਦਾ ਉੱਤਰ ਦਿੱਤਾ। 24 ਫਿਰ ਮੈਂ ਉਹ ਬਾਰ੍ਹਾਂ ਜਾਜਕ ਚੁਣੇ ਜਿਹੜੇ ਆਗੂ ਸਨ। ਮੈਂ ਸੇਰੇਬਯਾਹ, ਹਸ਼ਬਯਾਹ ਅਤੇ ਉਨ੍ਹਾਂ ਦੇ ਦਸ ਭਰਾਵਾਂ ਨੂੰ ਵੀ ਚੁਣਿਆ। 25 ਮੈਂ ਉਹ ਚਾਂਦੀ, ਸੋਨਾ ਅਤੇ ਹੋਰ ਵਸਤਾਂ ਜੋ ਸਾਡੇ ਪਰਮੇਸ਼ੁਰ ਦੇ ਮੰਦਰ ਲਈ ਦਿੱਤੀਆਂ ਗਈਆਂ ਸਨ, ਤੋਂਲੀਆਂ ਅਤੇ ਚੁਣੇ ਹੋਏ ਲੋਕਾਂ ਨੂੰ ਸੌਂਪ ਦਿੱਤੀਆਂ। ਅਰਤਹਸ਼ਸ਼ਤਾ ਪਾਤਸ਼ਾਹ, ਉਸਦੇ ਸਲਾਹਕਾਰਾਂ ਅਤੇ ਉਸਦੇ ਖਾਸ ਸਰਦਾਰਾਂ ਅਤੇ ਬਾਬਲ 'ਚ ਵਸਦੇ ਹੋਰ ਸਾਰੇ ਇਸਰਾਏਲੀ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਮੰਦਰ ਲਈ ਭੇਟ ਕੀਤਾ ਸੀ। 26 ਮੈਂ ਇਨ੍ਹਾਂ ਸਭਨਾਂ ਵਸਤਾਂ ਨੂੰ ਤੋਂਲਿਆ। ਓਥੇ 22,100 ਕਿਲੋ ਚਾਂਦੀ ਅਤੇ 3,400 ਕਿਲੋ ਚਾਂਦੀ ਦੇ ਬਰਤਨ ਅਤੇ 3,400 ਕਿਲੋ ਸੋਨਾ ਸੀ। 27 ਅਤੇ ਮੈਂ ਉਨ੍ਹਾਂ ਨੂੰ ਵੀਹ ਸੋਨੇ ਦੇ ਕਟੋਰੇ ਦਿੱਤੇ ਜਿਨ੍ਹਾਂ ਦਾ ਵਜ਼ਨ 8.5 ਕਿੱਲੋ ਦੇ ਕਰੀਬ ਸੀ। ਅਤੇ ਮੈਂ ਉਨ੍ਹਾਂ ਨੂੰ ਦੋ ਬੜੇ ਖੂਬਸੂਰਤ ਭਾਂਡੇ ਜਿਹੜੇ ਕਿ ਵਧੀਆ ਚਮਕਦੇ ਪਿੱਤਲ ਦੇ ਬਣੇ ਹੋਏ ਸਨ ਉਹ ਦਿੱਤੇ। ਇਹ ਸੋਨੇ ਜਿੰਨੀ ਹੀ ਕੀਮਤ ਦੇ ਵਾਂਗ ਮੁੱਲਵਾਨ ਸਨ। 28 ਫਿਰ ਮੈਂ ਉਨ੍ਹਾਂ ਬਾਰ੍ਹਾਂ ਜਾਜਕਾਂ ਨੂੰ ਆਖਿਆ: "ਤੁਸੀਂ ਯਹੋਵਾਹ ਲਈ ਪਵਿੱਤਰ ਹੋਵੇ ਅਤੇ ਇਹ ਸਾਰਾ ਸਾਮਾਨ ਵੀ। ਲੋਕਾਂ ਨੇ ਇਹ ਚਾਂਦੀ ਅਤੇ ਸੋਨਾ ਯਹੋਵਾਹ ਦੀ ਭੇਟ ਕੀਤਾ ਜਿਹੜੀ ਕਿ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। 29 ਇਸ ਲਈ ਹੁਣ ਇਨ੍ਹਾਂ ਵਸਤਾਂ ਦੀ ਧਿਆਨ ਨਾਲ ਸੰਭਾਲ ਕਰੋ ਜਦ ਤੀਕ ਇਹ ਵਸਤਾਂ ਯਰੂਸ਼ਲਮ ਦੇ ਮੰਦਰ ਦੇ ਆਗੂਆਂ ਦੇ ਹਵਾਲੇ ਨਾ ਕੀਤਾ ਜਾਵੇ, ਤਦ ਤੀਕ ਤੁਸੀਂ ਇਨ੍ਹਾਂ ਲਈ ਜਿੰਮੇਵਾਰ ਹੋ। ਤੁਸੀਂ ਇਨ੍ਹਾਂ ਨੂੰ ਯਰੂਸ਼ਲਮ ਵਿੱਚ ਜਾਜਕਾਂ ਅਤੇ ਲੇਵੀਆਂ ਦੇ ਸਰਦਾਰਾਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਆਗੂਆਂ ਦੇ ਸਾਮ੍ਹਣੇ ਮੰਦਰ ਦੇ ਕਮਰਿਆਂ ਵਿੱਚ ਰੱਖੋਗੇ ਤੇ ਉਹ ਤੋਂਲ ਕੇ ਉਨ੍ਹਾਂ ਨੂੰ ਰੱਖ ਲਵੇਗੀ।" 30 ਇਨ੍ਹਾਂ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਉਹ ਖਾਸ ਵਸਤਾਂ ਨੂੰ ਜਿਹੜੀਆਂ ਅਜ਼ਰਾ ਨੇ ਉਨ੍ਹਾਂ ਨੂੰ ਤੋਂਲ ਕੇ ਦਿੱਤੀਆਂ ਸਨ, ਸਵੀਕਾਰ ਕਰ ਲਈਆਂ। ਉਨ੍ਹਾਂ ਨੂੰ ਉਹ ਵਸਤਾਂ ਯਰੂਸ਼ਲਮ ਵਿੱਚ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਪਹੁੰਚਾਉਣ ਲਈ ਆਖਿਆ ਗਿਆ ਸੀ। 31 ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਦੀ ਤੋਂ ਤੁਰ ਪਏ ਅਤੇ ਯਰੂਸ਼ਲਮ ਵੱਲ ਨੂੰ ਚੱਲ ਪਏ। ਪਰਮੇਸ਼ੁਰ ਦੀ ਕਿਰਪਾ ਸਾਡੇ ਨਾਲ ਸੀ ਜਿਸ ਨੇ ਸਾਨੂੰ ਰਾਹ ਦੇ ਵੈਰੀਆਂ ਤੇ ਡਾਕੂਆਂ ਤੋਂ ਬਚਾਇਆ। 32 ਤਦ ਅਸੀਂ ਯਰੂਸ਼ਲਮ ਵਿੱਚ ਪਹੁੰਚੇ। ਫਿਰ ਉਬੇ ਅਸੀਂ ਤਿੰਨ ਦਿਨ ਅਰਾਮ ਕੀਤਾ। 33 ਚੌਬੇ ਦਿਨ, ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ 'ਚ ਜਾਕੇ ਚਾਂਦੀ, ਸੋਨੇ ਅਤੇ ਹੋਰ ਮੁੱਲਵਾਨ ਵਸਤਾਂ ਨੂੰ ਤੋਂਲਿਆ। ਫਿਰ ਅਸੀਂ ਉਹ ਵਸਤਾਂ ਉਰੀਯਾਹ ਦੇ ਪੁੱਤਰ ਮਰੇਮੋਬ ਜਾਜਕ ਨੂੰ ਸੌਂਪ ਦਿੱਤੀਆਂ। ਓਥੇ ਉਸਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਨ੍ਹਾਂ ਦੇ ਨਾਲ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿਨੂੰਈ ਦਾ ਪੁੱਤਰ ਨੋਅਦਯਾਹ ਲੇਵੀ ਵੀ ਸਨ। 34 ਅਸੀਂ ਸਭ ਵਸਤਾਂ ਦੀ ਗਿਣਤੀ-ਮਿਣਤੀ ਕੀਤੀ ਅਤੇ ਫਿਰ ਉਨ੍ਹਾਂ ਸਭਨਾ ਦਾ ਕੁੱਲ ਤੋਂਲ ਲਿਖਿਆ। 35 ਫਿਰ ਜਲਾਵਤਨੀਆਂ ਨੇ ਜਿਹੜੇ ਕੈਦ ਤੋਂ ਵਾਪਸ ਪਰਤੇ ਸਨ, ਇਸਰਾਏਲ ਦੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾਂ ਚੜਾਈਆਂ। ਉਨ੍ਹਾਂ ਨੇ ਸਾਰੇ ਇਸਰਾਏਲ ਲਈ 12 ਬਲਦ, 96 ਭੇਡੂ, 77 ਲੇਲੇ ਅਤੇ 12 ਬੱਕਰੇ ਪਾਪ ਦੀ ਭੇਟਾਂ ਵਜੋਂ ਚੜਾੇ। ਇਹ ਸਭ ਕੁਝ ਯਹੋਵਾਹ ਲਈ ਹੋਮ ਦੀ ਭੇਟ ਸੀ। 36 ਫ਼ੇਰ ਉਨ੍ਹਾਂ ਨੇ ਪਾਤਸ਼ਾਹ ਦਾ ਖਤ ਆਗੂਆਂ ਅਤੇ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਦੇ ਰਾਜਪਾਲਾਂ ਨੂੰ ਦੇ ਦਿੱਤਾ। ਫ਼ੇਰ ਉਨ੍ਹਾਂ ਲੋਕਾਂ ਨੇ ਲੋਕਾਂ ਨੂੰ ਅਤੇ ਮੰਦਰ ਨੂੰ ਸਹਾਰਾ ਦਿੱਤਾ।

9:1 ਜਦੋਂ ਅਸੀਂ ਇਹ ਕਾਰਜ ਕਰ ਚੁੱਕੇ, ਤਾਂ ਆਗੂਆਂ ਨੇ ਮੇਰੇ ਕੋਲ ਆਣ ਕੇ ਆਖਿਆ, "ਹੇ ਅਜ਼ਰਾ! ਇਸਰਾਏਲ ਦੇ ਲੋਕ ਜਾਜਕ ਅਤੇ ਲੇਵੀ ਸਾਡੇ ਦਰਮਿਆਨ ਰਹਿੰਦੇ ਹੋਰਨਾਂ ਦੇਸ਼ਾਂ ਦੇ ਲੋਕਾਂ ਤੋਂ ਵੱਖਰੇ ਨਹੀਂ ਰਹੇ ਹਨ। ਸਗੋਂ ਉਹ, ਕਨਾਨੀਆਂ ਹਿੱਤੀਆਂ, ਫਰਿਜ੍ਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ, ਤੇ ਅਮੋਰੀਆਂ ਦੇ ਘਿਨਾਉਣੇ ਕੰਮਾਂ ਦੇ ਪ੍ਰਭਾਵ ਦੇ ਹੇਠਾਂ ਆਉਂਦੇ ਰਹੇ ਹਨ। 2 ਇਸਰਾਏਲ ਲੋਕਾਂ ਨੇ ਆਪਣੇ-ਆਲੇ-ਦੁਆਲੇ ਦੇ ਲੋਕਾਂ ਵਿੱਚ ਵਿਆਹ ਕਰ ਲੇ ਜਦ ਕਿ ਇਸਰਾਏਲ ਦੇ ਮਨੁੱਖ ਖਾਸ ਸਮਝੇ ਗਏ ਸਨ ਪਰ ਹੁਣ ਉਹ ਆਪਣੇ ਆਸ-ਪਾਸ ਦੇ ਲੋਕਾਂ ਵਿੱਚ ਰਲ-ਮਿਲ ਗਏ ਹਨ। ਇਉਂ ਇਸਰਾਏਲ ਦੇ ਆਗੂਆਂ ਅਤੇ ਸਰਦਾਰਾਂ ਨੇ ਆਪਣੇ ਇੱਕ ਬੁਰੀ ਉਦਹਾਰਣ ਲੋਕਾਂ ਅੱਗੇ ਪੇਸ਼ ਕੀਤੀ ਹੈ।" 3 ਜਦੋਂ ਮੈਂ ਇਸ ਬਾਰੇ ਸੁਣਿਆ ਤਾਂ ਮੈਂ ਆਪਣੇ ਵਸਤਰ ਅਤੇ ਆਪਣਾ ਚੋਲਾ ਪਾਢ਼ ਸੁਟਿਆ। ਮੈਂ ਆਪਣੇ ਸਿਰ ਅਤੇ ਦਾੜੀ ਚੋ ਵਾਲ ਪੁੱਟ ਸੁੱਟੇ ਮੈਂ ਗੁੱਸੇ ਵਿੱਚ ਭੁਂਜੇ ਬੈਠ ਗਿਆ। 4 ਫਿਰ ਹਰ ਮਨੁੱਖ ਜੋ ਇਸਰਾਏਲ ਦੀ ਪਰਮੇਸ਼ੁਰ ਦੇ ਸ਼ਬਦਾਂ ਤੋਂ ਡਰਦਾ ਸੀ, ਡਰ ਨਾਲ ਹਿੱਲ ਗਿਆ। ਉਹ ਭੈਭੀਤ ਸਨ ਕਿਉਂ ਕਿ ਉਹ ਇਸਰਾਏਲੀ ਜਿਹੜੇ ਕੈਦੋਁ ਵਾਪਸ ਮੁੜੇ ਸਨ, ਉਹ ਪਰਮੇਸ਼ੁਰ ਵੱਲ ਵਫ਼ਾਦਾਰ ਨਹੀਂ ਸਨ। ਮੈਂ ਓਥੇ ਸ਼ਾਮ ਦੀ ਬਲੀ ਤਾਈਂ ਝਟਕੇ ਦੀ ਗਲਤ ਵਿੱਚ ਬੇਠਾ ਰਿਹਾ। 5 ਫਿਰ ਜਦੋਂ ਸ਼ਾਮ ਦੀ ਬਲੀ ਦਾ ਵਕਤ ਹੋਇਆ, ਮੈਂ ਆਪਣੇ ਸੋਗ ਤੋਂ ਉਠਿਆ। ਅਤੇ ਮੇਰੇ ਪਾਟੇ ਹੋਏ ਕੱਪੜਿਆਂ ਅਤੇ ਚੋਲਿਆਂ ਨਾਲ ਮੈਂ ਆਪਣੇ ਗੋਡਿਆਂ ਭਾਰ ਝੁਕ ਗਿਆ ਅਤੇ ਯਹੋਵਾਹ ਮੇਰੇ ਪਰਮੇਸ਼ੁਰ ਦੇ ਅੱਗੇ ਹੱਥ ਫੈਲਾਏ। 6 ਫਿਰ ਮੈਂ ਪ੍ਰਾਰਥਨਾ ਕੀਤੀ:ਮੇਰੇ ਪਰਮੇਸ਼ੁਰ, ਮੈਂ ਤੇਰੇ ਵੱਲ ਤੱਕਣ ਤੋਂ ਵੀ ਸ਼ਰਮਸਾਰ ਹਾਂ ਕਿਉਂ ਕਿ ਸਾਡੇ ਪਾਪ ਸਾਡੇ ਸਿਰਾਂ ਤੋਂ ਵੀ ਉੱਪਰ ਚੜ ਗਏ ਹਨ ਅਤੇ ਅਕਾਸ਼ ਤੀਕ ਪਹੁੰਚ ਗਏ ਹਨ। 7 ਅਸੀਂ ਆਪਣੇ ਪੁਰਖਿਆਂ ਦੇ ਸਮੇਂ ਤੋਂ ਲੈਕੇ ਹੁਣ ਤੀਕ ਸਾਡੇ ਕੀਤੇ ਪਾਪਾਂ ਦੇ ਦੋਸ਼ੀ ਹਾਂ ਅਤੇ ਇਸ ਕਾਰਣ ਸਾਨੂੰ, ਸਾਡੇ ਪਾਤਸ਼ਾਹ ਅਤੇ ਸਾਡੇ ਜਾਜਕਾਂ ਨੂੰ ਦੰਡ ਮਿਲਿਆ। ਵਿਦੇਸ਼ੀ ਪਾਤਸ਼ਾਹਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਉਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ, ਸਾਨੂੰ ਲੁਟਿਆ, ਅਤੇ ਸਾਡੇ ਲੋਕਾਂ ਨੂੰ ਗੁਲਾਮ ਬਣਾ ਲਿਆ। ਇੰਝ ਅਜੇ ਤੀਕ ਹੁੰਦਾ ਆ ਰਿਹਾ ਹੈ। 8 ਪਰ ਹੁਣ ਕੁਝ ਸਮੇਂ ਲਈ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਤੇ ਮਿਹਰਬਾਨ ਹੋਇਆ ਹੈ। ਉਸਨੇ ਸਾਡੇ ਚੋ ਕੁਝ ਇੱਕ ਨੂੰ ਕੈਦ ਤੋਂ ਪਰਤਨ ਦਿੱਤਾ ਅਤੇ ਆਪਣੇ ਪਵਿੱਤਰ ਸ਼ਹਿਰ ਵਿੱਚ ਸਾਨੂੰ ਆਪਣਾ ਤੰਬੂ ਗਡ੍ਡਣ ਲਈ ਜਗ੍ਹਾ ਦਿੱਤੀ ਹੈ। ਸਾਡੇ ਯਹੋਵਾਹ ਨੇ ਸਾਨੂੰ ਸਾਡੀ ਗੁਲਾਮੀ ਤੋਂ ਸੁਖ ਦਾ ਸਾਹ ਦਿੱਤਾ ਹੈ। 9 ਹਾਂ ਅਸੀਂ ਗੁਲਾਮ ਸੀ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਗੁਲਾਮਾਂ ਵਜੋਂ ਨਹੀਂ ਰਹਿਣ ਦਿੱਤਾ। ਉਹ ਸਾਡੇ ਤੇ ਦਯਾਲੂ ਸੀ ਅਤੇ ਫਾਰਸ ਦੇ ਪਾਤਸ਼ਾਹ ਤੋਂ ਵੀ ਸਾਡੇ ਉੱਤੇ ਮਿਹਰ ਦਰਸਾਈ। ਸਾਡੇ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਦਿੱਤਾ ਗਿਆ ਸੀ। ਪਰ ਉਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਜੋ ਅਸੀਂ ਉਸ ਦਾ ਮੰਦਰ ਮੁੜ ਤੋਂ ਉਸਾਰ ਕੇ ਨਵਾਂ ਬਣਾ ਸਕੀਏ। ਉਸਨੇ ਸਾਡੀ ਰੱਖਿਆ ਲਈ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚ ਕੰਧ ਦਿੱਤੀ। 10 ਹੁਣ, ਪਰਮੇਸ਼ੁਰ, ਅਸੀਂ ਤੈਨੂੰ ਹੋਰ ਕੀ ਕਹੀੇ? ਅਸੀਂ ਤੇਰੇ ਹੁਕਮਾਂ ਨੂੰ ਨਹੀਂ ਮੰਨਿਆ। 11 ਤਂੂ ਇਹ ਆਦੇਸ਼ ਆਪਣੇ ਦਾਸਾਂ, ਨਬੀਆਂ ਦੇ ਰਾਹੀਂ ਦਿੱਤਾ ਸੀ ਅਤੇ ਆਖਿਆ, "ਉਹ ਧਰਤੀ ਜਿਸ ਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ ਉਸ ਦੇਸ ਦੇ ਲੋਕਾਂ ਦੇ ਪਾਪੀ ਕੰਮਾਂ ਕਾਰਣ ਨਾਪਾਕ ਧਰਤੀ ਹੈ। ਉਨ੍ਹਾਂ ਨੇ ਉਸ ਜਮੀਨ ਦੇ ਹਰ ਹਿੱਸੇ ਵਿੱਚ ਬੁਰੀਆਂ ਗੱਲਾਂ ਕੀਤੀਆ ਹਨ ਅਤੇ ਇਸਨੂੰ ਆਪਣੇ ਪਾਪਾਂ ਨਾਲ ਭਰ ਦਿੱਤਾ ਹੈ। 12 ਤੁਸੀਂ ਆਪਣੇ ਬੱਚਿਆਂ ਦੇ ਵਿਆਹ ਇਨ੍ਹਾਂ ਲੋਕਾਂ ਦੇ ਬੱਚਿਆਂ ਨਾਲ ਨਾ ਕਰਨਾ। ਕਦੇ ਵੀ ਉਨ੍ਹਾਂ ਤੋਂ ਸ਼ਾਂਤੀ ਜਾਂ ਵਪਾਰ ਦੀ ਮੰਗ ਨਾ ਕਰਿਓ। ਜੇਕਰ ਤੁਸੀ ਮੇਰਾ ਹੁਕਮ ਮੰਨੋਗੇ ਤਾਂ ਫਿਰ ਤੁਸੀਂ ਤਕੜੇ ਰਹੋਁਗੇ ਅਤੇ ਧਰਤੀ ਦੇ ਸਾਰੇ ਸੁੱਖ ਭੋਗੋਁਗੇ। ਇਉਂ ਫਿਰ ਤੁਸੀਂ ਇਸ ਜ਼ਮੀਨ ਤੇ ਕਬਜ਼ਾ ਕਰਕੇ ਆਪਣੀ ਸੰਤਾਨ ਦੇ ਹਵਾਲੇ ਕਰ ਸਕੋਁਗੇ।" 13 ਜੋ ਬਦਕਿਸਮਤੀ ਸਾਨੂੰ ਭੋਗਣੀ ਪਈ ਹੈ ਉਹ ਸਾਡੀਆਂ ਆਪਣੀਆਂ ਗਲਤੀਆਂ ਕਾਰਣ ਹੈ। ਅਸੀਂ ਬਹੁਤ ਭੈੜੇ ਕੰਮ ਕੀਤੇ ਇਸ ਲਈ ਅਸੀਂ ਦੋਸ਼ੀ ਹਾਂ ਪਰ ਪਰਮੇਸ਼ੁਰ, ਤੂੰ ਸਾਨੂੰ ਉਸ ਨਾਲੋਂ ਬਹੁਤ ਘੱਟ ਸਜ਼ਾ ਦਿੱਤੀ ਹੈ ਜਿਸਦੇ ਕਿ ਅਸੀਂ ਅਧਿਕਾਰੀ ਹਾਂ ਉਨ੍ਹਾਂ ਭਿਆਨਕ ਕੰਮਾਂ ਲਈ ਜੋ ਅਸੀਂ ਕੀਤੇ ਸਨ। ਅਤੇ ਤੂੰ ਸਾਡੇ ਕੁਝ ਲੋਕਾਂ ਨੂੰ ਕੈਦ ਤੋਂ ਪਰਤਨ ਦਿੱਤਾ। 14 ਇਸ ਲਈ ਅਸੀਂ ਜਾਣਦੇ ਹਾਂ ਕਿ ਸਾਨੂੰ ਤੇਰੀ ਹੁਕਮ ਅਦੂਲੀ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਲੋਕਾਂ ਨਾਲ ਵਿਆਹ ਨਹੀਂ ਕਰਨੇ ਚਾਹੀਦੇ, ਕਿਉਂ ਕਿ ਉਹ ਮੰਦੀਆਂ ਗੱਲਾਂ ਕਰਦੇ ਹਨ। ਹੇ ਪਰਮੇਸ਼ੁਰ, ਜੇਕਰ ਅਸੀਂ ਉਨ੍ਹਾਂ ਲੋਕਾਂ ਨਾਲ ਵਿਆਹ ਕਰਦੇ ਰਹੇ ਤਾਂ ਤੂੰ ਗੁੱਸੇ ਹੋ ਜਾਵੇਂਗਾ ਅਤੇ ਬਿਨਾ ਕਿਸੇ ਨੂੰ ਜਿਉਂਦਿਆਂ ਛੱਡਿਆਂ ਸ੍ਸਾਨੂੰ ਤਬਾਹ ਕਰ ਦੇਵੇਂਗਾ। 15 ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੂੰ ਧਰਮਾਤਮਾ ਹੈਂ ਅਤੇ ਤੇਰੀ ਮਿਹਰ ਨਾਲ ਅਸੀਂ ਅੱਜ ਤੀਕ ਜਿਉਂਦੇ ਹਾਂ। ਫਿਰ ਵੀ ਅਸੀਂ ਸ਼ਰਮਸਾਰ ਹਾਂ। ਸਾਡੇ ਦੋਸ਼ਾ ਕਾਰਣ ਭਲਾਂ ਕੌਣ ਹੈ ਜੋ ਤੇਰੇ ਸਨਮੁੱਖ ਖਲੋਅ ਸਕਦਾ ਹੈ? 10:1 ਅਜ਼ਰਾ ਪਾ੍ਰਰਬਨਾ ਕਰ ਰਿਹਾ ਸੀ ਅਤੇ ਨਾਲ ਹੀ ਆਪਣੇ ਕੀਤੇ ਪਾਪਾਂ ਦਾ ਇਕਬਾਲ ਵੀ। ਉਹ ਰੋ-ਰੋ ਕੇ ਪਰਮੇਸ਼ੁਰ ਦੇ ਮੰਦਰ ਦੇ ਅੱਗੇ ਸਿਰ ਨਿਵਾ ਰਿਹਾ ਸੀ। ਜਦੋਂ ਅਜ਼ਰਾ ਇਉਂ ਕਰ ਰਿਹਾ ਸੀ ਤਾਂ ਇਕ ਵੱਡਾ ਸਮੂਹ ਇਸਰਾਏਲ ਦੇ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਉਸ ਦੇ ਗਿਰਦ ਇਕੱਠਾ ਹੋ ਗਿਆ। ਉਹ ਲੋਕ ਵੀ ਧਾਹਾਂ ਮਾਰ ਕੇ ਰੋਣ ਲੱਗੇ। 2 ਤੱਦ ਏਲਾਮ ਦੇ ਉੱਤਰਾਧਿਕਾਰੀਆਂ ਵਿੱਚੋਂ, ਯਹੀੇਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, "ਅਸੀਂ ਆਪਣੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਅਤੇ ਸਾਡੀ ਧਰਤੀ ਤੇ ਰਹਿੰਦੀਆਂ ਹੋਰਨਾਂ ਦੇਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾਏ। ਅਜਿਹਾ ਕਰਨ ਤੋਂ ਬਾਅਦ ਵੀ, ਇਸਰਾਏਲ ਲਈ ਉਮੀਦ ਹੈ। 3 ਹੁਣ ਚਲੋ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਇਕਰਾਰਨਾਮਾ ਕਰੀਏ ਅਤੇ ਉਨ੍ਹਾਂ ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਇਬੋਁ ਕੱਢ ਦੇਈਏ। ਸਾਨੂੰ ਅਜ਼ਰਾ ਅਤੇ ਉਨ੍ਹਾਂ ਸਿਆਣੇ ਲੋਕਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਪਰਮੇਸ਼ੁਰ ਦੀ ਬਿਵਸਬਾ ਦਾ ਆਦਰ ਕਰਦੇ ਹਨ। ਇਸ ਤਰ੍ਹਾਂ, ਅਸੀਂ ਵੀ ਪਰਮੇਸ਼ੁਰ ਦੀ ਬਿਵਸਬਾ ਦਾ ਪਾਲਨ ਕਰਾਂਗੇ। 4 ਅਜ਼ਰਾ ਉੱਠ ਕਿਉਂ ਕਿ ਇਹ ਗੱਲ ਤੇਰੇ ਉੱਪਰ ਹੈ ਅਤੇ ਅਸੀਂ ਤੇਰੇ ਨਾਲ ਹਾਂ ਸੋ ਤੂੰ ਬਹਾਦੁਰ ਬਣ ਕੇ ਇਹ ਕੰਮ ਕਰ!" 5 ਤਾਂ ਅਜ਼ਰਾ ਉਠਿਆ ਅਤੇ ਸਾਰੇ ਜਾਜਕਾਂ ਅਤੇ ਲੇਵੀਆਂ ਤੋਂ ਇਕਰਾਰ ਕਰਵਾਇਆ ਕਿ ਅਸੀਂ ਸਾਰੇ ਇਸ ਇਕਰਾਰ ਮੁਤਾਬਕ ਕੰਮ ਕਰਾਂਗੇ। 6 ਤੱਦ ਅਜ਼ਰਾ ਪਰਮੇਸ਼ੁਰ ਦੇ ਮੰਦਰ ਦੇ ਅੱਗੋਂ ਚਲਿਆ ਗਿਆ ਅਤੇ ਅਲਯਾਸੀਬ ਦੇ ਪੁੱਤਰ ਯੋਹਾਨਾਨ ਦੇ ਕਮਰੇ ਵਿੱਚ ਚਲਿਆ ਗਿਆ। ਉਸ ਨੇ ਯੋਹਾਨਾਨ ਦੇ ਕਮਰੇ ਵਿੱਚ ਰਾਤ ਗੁਜ਼ਾਰੀ। ਉਸ ਨੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਕਿਉਂ ਕਿ ਉਹ ਹਾਲੇ ਵੀ ਉਨ੍ਹਾਂ ਇਸਰਾਏਲੀਆਂ ਦੀ ਅਨਾਸਬਾ ਬਾਰੇ ਬੜਾ ਦੁੱਖੀ ਸੀ, ਜੋ ਯਰੂਸ਼ਲਮ ਨੂੰ ਵਾਪਸ ਪਰਤੇ ਸਨ। 7 ਤੱਦ ਉਸਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਹਰ ਥਾਂ ਤੇ ਇਹ ਪੈਗਾਮ ਭੇਜਿਆ। ਉਸਨੇ ਇਸਰਾਏਲੀਆਂ ਲਈ ਇਹ ਐਲਾਨ ਕੀਤਾ ਜਿਹੜੇ ਯਰੂਸ਼ਲਮ ਵਿੱਚ ਇਕੱਤ੍ਰ ਹੋਣ ਲਈ ਕੈਦ ਤੋਂ ਵਾਪਸ ਪਰਤੇ ਸਨ। 8 ਜਿਹੜਾ ਵੀ ਮਨੁੱਖ ਯਰੂਸ਼ਲਮ ਵਿੱਚ ਤਿੰਨਾ ਦਿਨਾਂ ਦੇ ਵਿੱਚ ਨਾ ਪਹੁੰਚਿਆ, ਉਸ ਨੂੰ ਆਪਣੀ ਸਾਰੀ ਦੌਲਤ ਤੋਂ ਹੱਥ ਧੋਣਾ ਪਵੇਗਾ। ਇਹ ਫੈਸਲਾ, ਮਹੱਤਵਪੂਰਣ ਅਧਿਕਾਰੀਆਂ ਅਤੇ ਬਜ਼ੁਰਗਾਂ ਨੇ ਇਕਠਿਆਂ ਕੀਤਾ। ਅਤੇ ਉਹ ਵਿਅਕਤੀ ਜਲਾਵਤਨੀਆਂ ਦੀ ਸਭਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। 9 ਇਸ ਲਈ, ਤਿੰਨਾਂ ਦਿਨਾਂ ਵਿੱਚ ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆ ਵਿੱਚੋਂ ਸਾਰੇ ਲੋਕ ਇਕੱਠੇ ਹੋਕੇ ਯਰੂਸ਼ਲਮ ਵਿੱਚ ਪਹੁੰਚ ਗਏ। ਅਤੇ ਨੌਵੇਂ ਮਹੀਨੇ ਦੇ 20 ਵੇਂ ਦਿਨ, ਸਾਰੇ ਮਨੁੱਖ ਪਰਮੇਸ਼ੁਰ ਦੇ ਮੰਦਰ ਦੇ ਵਿਹੜੇ ਵਿੱਚ ਇਕੱਤਰ ਹੋ ਗਏ। ਉਹ ਭਾਰੀ ਬਾਰਿਸ਼ ਅਤੇ ਸਭਾ ਦੇ ਕਾਰਣ ਕੰਬ ਰਹੇ ਸਨ। 10 ਤੱਦ ਅਜ਼ਰਾ ਜਾਜਕ ਨੇ ਲੋਕਾਂ ਦੇ ਸਾਮ੍ਹਣੇ ਖੜਾ ਹੋਕੇ ਆਖਿਆ, "ਤੁਸੀਂ ਲੋਕਾਂ ਨੇ ਪਰਮੇਸ਼ੁਰ ਨੂੰ ਧੋਖਾ ਦਿੱਤਾ ਹੈ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਅਤੇ ਇਸ ਦੁਆਰਾ, ਤੁਸੀਂ ਇਸਰਾਏਲ ਨੂੰ ਹੋਰ ਵੀ ਵਧੇਰੇ ਦੋਸ਼ੀ ਬਣਾ ਦਿੱਤਾ ਹੈ। 11 ਹੁਣ, ਤੁਸੀਂ ਲੋਕ ਪਰਮੇਸ਼ੁਰ ਅੱਗੇ ਕਬੂਲ ਕਰੋ। ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਹੈ। ਤੁਹਾਨੂੰ ਉਸ ਦੇ ਹੁਕਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਦੁਆਲੇ ਦੇ ਮੰਦੇ ਲੋਕਾਂ ਤੋਂ ਅਤੇ ਵਿਦੇਸ਼ੀ ਔਰਤਾਂ ਤੋਂ ਵੀ ਆਪਣੇ-ਆਪ ਨੂੰ ਵੱਖ ਕਰ ਲਵੋ।" 12 ਤੱਦ ਉਹ ਸਾਰਾ ਸਮੂਹ ਨੇ ਜਿਹੜਾ ਇਕੱਤਰ ਹੋਇਆ ਸੀ, ਅਜ਼ਰਾ ਨੂੰ ਉੱਚੀ ਆਵਾਜ਼ ਵਿੱਚ ਕਿਹਾ, "ਅਜ਼ਰਾ, ਜਿਵੇਂ ਤੂੰ ਕਿਹਾ ਸਾਨੂੰ ਉਵੇਂ ਹੀ ਕਰਨਾ ਚਾਹੀਦਾ ਹੈ। 13 ਲੇਕਿਨ ਢੇਰ ਸਾਰੀ ਪਰਜਾ ਹੈ ਅਤੇ ਇਹ ਬਾਰਸ਼ ਦਾ ਮੌਸਮ ਹੈ ਇਸ ਲਈ ਅਸੀਂ ਬਾਹਰ ਵੀ ਨਹੀਂ ਠਹਿਰ ਸਕਦੇ। ਇਹ ਸਮਸਿਆ ਇੱਕ ਜਾਂ ਦੋ ਦਿਨਾਂ ਵਿੱਚ ਖਤਮ ਹੋਣ ਵਾਲੀ ਨਹੀਂ ਕਿਉਂ ਕਿ ਅਸੀਂ ਬਹੁਤ ਮਾੜੇ ਕੰਮ ਕੀਤੇ ਹਨ। 14 ਸਾਡੇ ਆਗੂਆਂ ਨੂੰ ਸਾਰੀ ਸਭਾ ਦੇ ਪ੍ਰਤਿਨਿਧੀ ਹੋਣ ਦਿਓ। ਅਤੇ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਹਨ। ਉਹ ਨਿਸ਼ਚਿੰਤ ਕੀਤੇ ਸਮੇਂ ਤੇ ਆਗੂਆਂ ਅਤੇ ਨਿਆਕਾਰਾਂ ਦੇ ਨਾਲ ਆਉਣ ਜਦ ਤੱਕ ਅਸੀਂ ਇਹ ਸਮਸਿਆ ਸ੍ਸੁਧਾਰ ਕੇ ਪਰਮੇਸ਼ੁਰ ਦੇ ਗੁੱਸੇ ਨੂੰ ਘਟਨਾਂ ਦੇਈਏ।" 15 ਸਿਰਫ ਕੁਝ ਮਨੁੱਖ ਹੀ ਇਸ ਵਿਉਂਤ ਦੇ ਵਿਰੁੱਧ ਹਨ। ਉਨ੍ਹਾਂ ਵਿੱਚ ਅਸਾਹੇਲ ਦਾ ਪੁੱਤਰ ਯੋਨਾਬਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ। ਮਸ਼੍ਸ਼ਲਾਮ ਅਤੇ ਸ਼ਬਤਈ ਲੇਵੀ ਵੀ ਇਸ ਵਿਉਂਤ ਦੇ ਵਿਰੁੁਧ੍ਧ ਸਨ। 16 ਇਉਂ ਜਿਹੜੇ ਇਸਰਾਏਲ ਮਨੁੱਖ ਯਰੂਸ਼ਲਮ ਦੇ ਪਰਤੇ ਉਹ ਇਸ ਵਿਉਤ ਨੂੰ ਮੰਨਣ ਦੇ ਰਾਜ਼ੀ ਹੋ ਗਏ। ਅਜ਼ਰਾ ਜਾਜਕ ਨੇ ਘਰਾਣਿਆ ਦੇ ਆਗੂਆਂ ਨੂੰ ਚੁਣਿਆ। ਉਸਨੇ ਹਰੇਕ ਘਰਾਣੇ ਵਿੱਚੋਂ ਇਕ ਮਨੁੱਖ ਨੂੰ ਚੁਣਿਆ। ਹਰ ਮਨੁੱਖ ਨਾਮ ਤੋਂ ਚੁਣਿਆ ਗਿਆ। 10 ਵੇਂ ਮਹੀਨੇ ਦੇ ਪਹਿਲੇ ਦਿਨ ਫਿਰ ਉਹ ਮਨੁੱਖ ਜਿਹੜੇ ਕਿ ਚੁਣੇ ਗਏ ਸਨ ਹਰੇਕ ਦਾ ਖਾਤਾ ਵਾਚਣ ਲਈ ਬੈਠੇ ਜੋ ਉਨ੍ਹਾਂ ਦਾ ਧਿਆਨ ਨਾਲ ਪੱਤਰਾ ਵਾਚਿਆ ਜਾਵੇ। 17 ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਨ੍ਹਾਂ ਨੇ ਉਹ ਸਾਰੇ ਮਨੁੱਖਾਂ ਦਾ ਲੈਣ-ਦੇਣ ਕਰ ਲਿਆ ਸੀ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ। 18 ਜਾਜਕਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਉਨ੍ਹਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾਏ ਸਨ:ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਉੱਤਰਾਧਿਕਾਰੀਆਂ ਵਿੱਚੋਂ ਅਤੇ ਉਸਦੇ ਭਰਾਵਾਂ ਵਿੱਚੋਂ: ਮਅਸੇਯਾਹ, ਅਲੀਅਜ਼ਰ, ਯਰੀਬ ਅਤੇ ਗਦਲਯਾਹ, 19 ਉਨ੍ਹਾਂ ਸਭਨਾਂ ਨੇ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦਾ ਇਕਰਾਰ ਕਰ ਦਿੱਤਾ ਅਤੇ ਹਰੇਕ ਨੇ ਇੱਜੜ ਵਿੱਚੋਂ ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜਾਇਆ। 20 ਇਂਮੇਰ ਦੇ ਉੱਤਰਾਧਿਕਾਰੀਆਂ ਵਿੱਚੋਂ ਹਨਾਨੀ ਅਤੇ ਜ਼ਬਦਯਾਹ। 21 ਹਾਰੀਮ ਦੇ ਉੱਤਰਾਧਿਕਾਰੀਆਂ ਚੋ ਇਹ ਮਨੁੱਖ ਸਨ: ਮਅਸੇਯਾਹ, ਏਲੀਯਾਹ, ਸ਼ਮਅਯਾਹ, ਯਹੀੇਲ ਅਤੇ ਉਜ਼ੀਯ੍ਯਾਹ। 22 ਪਸ਼ਹੂਰ ਦੇ ਉੱਤਰਾਧਿਕਾਰੀਆਂ ਵਿੱਚੋਂ ਅਲਯੋੇਨਈ, ਮਅਸ਼ੇਯਾਹ, ਇਸਮਾੇਲ, ਨਬਨੇਲ, ਯੋਜ਼ਾਬਾਦ ਅਤੇ ਅਲਆਸਾਹ। 23 ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ ਕੇਲਾਯਾਹ (ਜਿਸ ਨੂੰ ਕਲੀਟਾ ਵੀ ਆਖਿਆ ਜਾਂਦਾ ਹੈ), ਪਬਹਯਾਹ, ਯਹੂਦਾਹ ਅਤੇ ਅਲੀਅਜ਼ਰ। 24 ਗਵਯ੍ਯਾਂ ਵਿੱਚੋਂ: ਅਲਯਾਸ਼ੀਬਦਰਬਾਨਾਂ ਵਿੱਚੋਂ: ਸ਼ੱਲੂਮ, ਟਲਮ ਅਤੇ ਊਰੀ। 25 ਤੇ ਇਸਰਾਏਲੀਆਂ ਵਿੱਚੋਂ: ਪਰੋਸ਼ ਦੇ ਉਰ੍ਰਾਧਿਕਾਰੀਆਂ ਵਿੱਚੋਂ: ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਹਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ। 26 ਲਾਮ ਦੇ ਉਰ੍ਰਾਧਿਕਾਰੀਆਂ ਵਿੱਚੋਂ: ਮਤ੍ਤਨਯਾਹ, ਜ਼ਕਰਯਾਹ, ਯਹੀੇਲ, ਅਬਦੀ, ਯਰੇਮੋਬ, ਅਤੇ ਏਲੀਯਾਹ। 27 ਜ਼ੱਤੂ ਦੇ ਉਰ੍ਰਾਧਿਕਾਰੀਆਂ ਵਿੱਚੋਂ ਇਹ ਮਨੁੱਖ ਸਨ: ਅਲਯੋੇਨਈ, ਅਲਯਾਮੀਬ, ਮਤ੍ਤਨਯਾਹ, ਯਰੇਮੋਬ, ਜ਼ਾਬਾਦ ਅਤੇ ਆਜ਼ੀਜ਼ਾ। 28 ਬੋਬਈ ਦੇ ਉਰ੍ਰਾਧਿਕਾਰੀਆਂ ਵਿੱਚੋਂ ਯਹੋਹਾਨਾਨ, ਹਨਨਯਾਹਣ ਜ਼ਬਈ ਅਤੇ ਅਬਲਈ। 29 ਅਤੇ ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ: ਮਸ਼੍ਸ਼ੁਲਾਮ, ਮਲ੍ਲੂਕ, ਅਦਾਯਾਹ, ਯਾਸ਼ੂਬ, ਸ਼ਆਲ, ਅਤੇ ਰਾਮੇਬ। 30 ਪਹਬ ਮੋਆਬ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਦਨਾ, ਕਲਾਲ, ਬਨਾਯਾਹ, ਮਅਸੇਆਹ, ਮਤ੍ਤਨਯਾਹ, ਬਸਲੇਲ, ਬਿੰਨੂਈ, ਅਤੇ ਮਨ੍ਨਸ਼ਹ। 31 ਹਾਰੀਮ ਦੇ ਉਰ੍ਰਾਧਿਕਾਰੀਆਂ ਵਿੱਚੋਂ ਅਲੀਅਜ਼ਰ, ਅਤੇ ਯਿਸੀਯਾਹ, ਮਲਕੀਯਾਹ, ਸ਼ਮਅਯਾਹ, ਅਤੇ ਸ਼ਿਮਓਨ। 32 ਬਿਨਯਾਮੀਨ, ਮਲ੍ਲੂਕ ਅਤੇ ਸਮਰਯਾਹ। 33 ਹਾਸ਼ੂਮ ਦੇ ਉੱਤਰਾਧਿਕਾਰੀਆਂ ਵਿੱਚੋਂ ਮਤਨਈ, ਮਤ੍ਤਤਾਹ, ਜ਼ਾਬਾਦ, ਅਲੀਫਲਟ, ਯਰੇਮਈ, ਮਨਸ਼ਹ ਅਤੇ ਸ਼ਿਮਈ। 34 ਬਾਨੀ ਦੇ ਉੱਤਰਾਧਿਕਾਰੀਆਂ ਵਿੱਚੋਂ ਮਾਅਦਈ, ਅਮਰਾਮ, ਊੇਲ, 35 ਬਨਾਯਾਹ, ਬੇਦਯਾਹ, ਕਲੂਹੀ, 36 ਵਨਯਾਹ, ਮਰੇਮੋਬ, ਅਲਯਾਸ਼ੀਬ, 37 ਮਤ੍ਤਨਯਾਹ, ਮਤ੍ਤਨਈ, ਅਤੇ ਯਅਸਾਈ, 38 ਬਿਂਨਈ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਈ, 39 ਸ਼ਲਮਯਾਹ, ਨਾਬਾਨ, ਅਦਯਾਹ, 40 ਮਕਨਦਬਈ, ਸ਼ਾਸ਼ਈ, ਸ਼ਾਰਈ, 41 ਅਜ਼ਰੇਲ, ਸਮਰਯਾਹ, ਮਸਲਯਾਹ, 42 ਸ਼ੱਲੂਮ, ਅਮਰਯਾਹ ਅਤੇ ਯੂਸਫ। 43 ਨਬੋ ਦੇ ਉੱਤਰਾਧਿਕਾਰੀਆਂ ਵਿੱਚੋਂ ਇਹ ਆਦਮੀ ਸਨ; ਯਈੇਲ, ਮਤਿਬ੍ਬਯਾਹ, ਜ਼ਾਬਾਦ, ਜ਼ਬੀਨਾ, ਯਦ੍ਦਈ, ਯੋੇਲ, ਅਤੇ ਬਨਾਯਾਹ। 44 ਇਹ ਸਾਰੇ ਆਦਮੀ ਵਿਦੇਸ਼ੀ ਔਰਤਾਂ ਨਾਲ ਵਿਆਹੇ ਹੋਏ ਸਨ ਅਤੇ ਇਨ੍ਹਾਂ ਵਿੱਚੋਂ ਕਈਆਂ ਦੇ ਉਨ੍ਹਾਂ ਔਰਤਾਂ ਤੋਂ ਬੱਚੇ ਵੀ ਸਨ।