Galatians

1:1 ਪੌਲੁਸ ਰਸੂਲ ਵੱਲੋਂ, ਸ਼ੁਭਕਾਮਨਾਵਾਂ। ਮੈਨੂੰ ਮਨੁੱਖਾਂ ਵੱਲੋਂ ਰਸੂਲ ਵਜੋਂ ਨਹੀਂ ਚੁਣਿਆ ਗਿਆ ਸੀ। ਮੈਂ ਲੋਕਾਂ ਦੁਆਰਾ ਨਹੀਂ ਭੇਜਿਆ ਗਿਆ। ਨਹੀਂ। ਯਿਸੂ ਮਸੀਹ ਅਤੇ ਪਰਮੇਸ਼ੁਰ ਪਿਤਾ ਨੇ ਮੈਨੂੰ ਇੱਕ ਰਸੂਲ ਬਣਾਇਆ। ਪਰਮੇਸ਼ੁਰ ਹੀ ਹੈ ਜਿਸਨੇ ਯਿਸੂ ਨੂੰ ਮੌਤ ਤੋਂ ਉਭਾਰਿਆ। 2 ਮਸੀਹ ਵਿੱਚ ਉਨ੍ਹਾਂ ਸਾਰੇ ਭਰਾਵਾਂ ਵੱਲੋਂ ਗਲਾਤਿਯਾ ਵਿਚਲੀਆਂ ਕਲੀਸਿਯਾਵਾਂ ਨੂੰ ਸ਼ੁਭਕਾਮਨਾਵਾਂ ਜਿਹੜੇ ਮੇਰੇ ਨਾਲ ਹਨ। 3 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡਾ ਪਿਤਾ ਅਤੇ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਨੂੰ ਸ਼ਾਂਤੀ ਦੇਵੇਗਾ। 4 ਯਿਸੂ ਨੇ ਸਾਡੇ ਪਾਪਾਂ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਯਿਸੂ ਨੇ ਅਜਿਹਾ ਸਾਨੂੰ ਇਸ ਬਦੀ ਦੀ ਦੁਨੀਆਂ ਤੋਂ ਮੁਕਤ ਕਰਨ ਲਈ ਕੀਤਾ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇਹੀ ਹੈ ਜੋ ਪਿਤਾ ਪਰਮੇਸ਼ੁਰ ਨੂੰ ਚਾਹੀਦਾ ਸੀ। 5 ਸਦੀਵੀ ਮਹਿਮਾ ਪਰਮੇਸ਼ੁਰ ਨਾਲ ਸੰਬੰਧਿਤ ਹੈ। ਆਮੀਨ। 6 ਥੋੜਾ ਸਮਾਂ ਪਹਿਲਾਂ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਪੈਰੋਕਾਰ ਹੋਣ ਲਈ ਬੁਲਾਇਆ ਸੀ। ਪਰਮੇਸ਼ੁਰ ਨੇ ਤੁਹਾਨੂੰ ਮਸੀਹ ਦੀ ਕਿਰਪਾ ਰਾਹੀਂ ਸਦਿਆ। ਪਰ ਮੈਂ ਤੁਸਾਂ ਲੋਕਾਂ ਉੱਤੇ ਬੜਾ ਹੈਰਾਣ ਹਾਂ ਕਿਉਂਕਿ ਤੁਸੀਂ ਇੱਕ ਵਖਰੀ ਖੁਸ਼ ਖਬਰੀ ਵੱਲ ਮੁੜ ਰਹੇ ਹੋ। 7 ਅਸਲ ਵਿੱਚ ਹੋਰ ਕੋਈ ਸੱਚੀ ਖੁਸ਼ ਖਬਰੀ ਹੈ ਹੀ ਨਹੀਂ ਪਰ ਕੁਝ ਲੋਕ ਤੁਹਾਨੂੰ ਸ਼ਸ਼ੋਪੰਚ ਵਿੱਚ ਪਾ ਰਹੇ ਹਨ। ਉਹ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਬਦਲਣਾ ਚਾਹੁੰਦੇ ਹਨ। 8 ਅਸੀਂ ਤੁਹਾਨੂੰ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਇਸ ਲਈ ਜੇਕਰ ਅਸੀਂ ਖੁਦ ਜਾਂ ਸਵਰਗ ਦਾ ਕੋਈ ਦੂਤ ਵੀ ਤੁਹਾਨੂੰ ਇੱਕ ਵਖਰੀ ਤਰ੍ਹਾਂ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ, ਤਾਂ ਉਸਦਾ ਤਿਰਸਕਾਰ ਕਰ ਦੇਣਾ ਚਾਹੀਦਾ ਹੈ। 9 ਇਹ ਗੱਲ ਮੈਂ ਪਹਿਲੋਂ ਵੀ ਆਖੀ ਸੀ ਅਤੇ ਹੁਣ ਮੈਂ ਫ਼ੇਰ ਆਖਦਾ ਹਾਂ ਕਿ ਤੁਸੀਂ ਪਹਿਲਾਂ ਹੀ ਸੱਚੀ ਖੁਸ਼ਖਬਰੀ ਨੂੰ ਪ੍ਰਵਾਨ ਕਰ ਚੁੱਕੇ ਹੋ। ਜੋ ਕੋਈ ਵਿਅਕਤੀ ਤੁਹਾਨੂੰ ਮੁਕਤੀ ਦਾ ਕੋਈ ਹੋਰ ਮਾਰਗ ਦੱਸਦਾ ਹੈ ਉਸਨੂੰ ਨਿੰਦਿਆ ਜਾਣਾ ਚਾਹੀਦਾ ਹੈ। 10 ਕੀ ਹੁਣ ਤੁਸੀਂ ਸੋਚਦੇ ਹੋ ਕਿ ਮੈਂ ਲੋਕਾਂ ਨੂੰ ਆਪਣੇ ਆਪ ਨੂੰ ਕਬੂਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ? ਨਹੀਂ। ਪਰਮੇਸ਼ੁਰ ਹੀ ਹੈ ਜਿਸਨੂੰ ਮੈਂ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੀ ਮੈਂ ਲੋਕਾਂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੁਦਾ, ਤਾਂ ਮੈਂ ਯਿਸੂ ਮਸੀਹ ਦਾ ਇੱਕ ਸੇਵਕ ਨਾ ਹੁੰਦਾ। 11 ਭਰਾਵੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖੁਸ਼ਖਬਰੀ ਦਾ ਪ੍ਰਚਾਰ ਮੈਂ ਤੁਹਾਨੂੰ ਕੀਤਾ ਸੀ ਉਹ ਮਨੁੱਖਾਂ ਦੀ ਬਣਾਈ ਹੋਈ ਨਹੀਂ ਸੀ। 12 ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪੜ੍ਹਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ। 13 ਤੁਸੀਂ ਮੇਰੇ ਪਿਛਲੇ ਜੀਵਨ ਬਾਰੇ ਸੁਣ ਚੁੱਕੇ ਹੋ। ਮੈਂ ਯਹੂਦੀ ਧਰਮ ਦਾ ਅਨੁਯਾਈ ਸਾਂ। ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਇਆ ਸੀ, ਅਤੇ ਮੈਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। 14 ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਹੋਰਨਾਂ ਯਹੂਦੀਆਂ ਨਾਲੋਂ ਵਧੇਰੇ ਵਧ ਰਿਹਾ ਸੀ। ਮੈਂ ਆਪਣੇ ਵੱਲੋਂ ਪੁਰਾਣੀ ਮਰਯਾਦਾ ਦਾ ਅਨੁਸਰਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਨੇਮ ਉਹੀ ਰਿਵਾਜ਼ ਸਨ ਜਿਨ੍ਹਾਂ ਨੂੰ ਅਸੀਂ ਆਪਣੇ ਪੁਰਖਿਆਂ ਤੋਂ ਹਾਸਿਲ ਕੀਤਾ ਸੀ। 15 ਪਰ ਮੇਰੇ ਜਨਮ ਤੋਂ ਵੀ ਪਹਿਲਾਂ, ਮੇਰੇ ਲਈ ਪਰਮੇਸ਼ੁਰ ਦੀ ਖਾਸ ਵਿਉਂਤ ਸੀ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਨਾਲ ਸਦਿਆ। 16 ਪਰਮੇਸ਼ੁਰ ਚਾਹੁੰਦਾ ਸੀ ਕਿ ਮੈਂ ਉਸਦੇ ਪੁੱਤਰ ਬਾਰੇ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸਾਂ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੇ ਪੁੱਤਰ ਬਾਰੇ ਪ੍ਰਕਾਸ਼ ਕੀਤਾ। ਜਦੋਂ ਪਰਮੇਸ਼ੁਰ ਨੇ ਮੈਨੂੰ ਬੁਲਾਇਆ, ਮੈਂ ਕਿਸੇ ਮਨੁੱਖ ਪਾਸੋਂ ਸਲਾਹ ਜਾਂ ਸਹਾਇਤਾ ਨਹੀਂ ਮੰਗੀ। 17 ਮੈਂ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਨਹੀਂ ਗਿਆ। ਇਹ ਲੋਕ ਮੇਰੇ ਤੋਂ ਵੀ ਪਹਿਲਾਂ ਹੀ ਰਸੂਲ ਸਨ। ਪਰ ਮੈਂ ਤੁਰੰਤ ਅਰਬ ਦੇਸ਼ ਨੂੰ ਚਲਾ ਗਿਆ। ਬਾਦ ਵਿੱਚ ਮੈਂ ਦੰਮਿਸਕ ਸ਼ਹਿਰ ਵਿੱਚ ਵਾਪਸ ਚਲਾ ਗਿਆ। 18 ਤਿੰਨਾਂ ਸਾਲਾਂ ਬਾਦ ਮੈਂ ਯਰੂਸ਼ਲਮ ਚਲਾ ਗਿਆ। ਮੈਂ ਪਤਰਸ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਪਤਰਸ ਕੋਲ ਪੰਦਰ੍ਹਾਂ ਦਿਨਾਂ ਤੱਕ ਠਹਿਰਿਆ। 19 ਮੈਂ ਯਿਸੂ ਦੇ ਭਰਾ ਯਾਕੂਬ ਤੋਂ ਬਿਨਾ ਕਿਸੇ ਹੋਰ ਰਸੂਲ ਨੂੰ ਨਹੀਂ ਮਿਲਿਆ। 20 ਪਰਮੇਸ਼ੁਰ ਜਾਣਦਾ ਹੈ ਕਿ ਇਹ ਜਿਹੜੀਆਂ ਗੱਲਾਂ ਮੈਂ ਲਿਖ ਰਿਹਾ ਹਾਂ ਝੂਠੀਆਂ ਨਹੀਂ ਹਨ। 21 ਬਾਦ ਵਿੱਚ ਮੈਂ ਸੁਰਿਯਾ ਤੋਂ ਕਿਲਿਕਿਯਾ ਦੇ ਇਲਾਕੇ ਵੱਲ ਚਲਾ ਗਿਆ। 22 ਯਹੂਦਿਯਾ ਵਿੱਚ ਮਸੀਹ ਦੀਆਂ ਕਲੀਸਿਯਾਵਾਂ ਮੈਨੂੰ ਨਿਜੀ ਤੌਰ ਤੇ ਨਹੀਂ ਮਿਲੀਆਂ। 23 ਉਨ੍ਹਾਂ ਨੇ ਮੇਰੇ ਬਾਰੇ ਇਹੀ ਸੁਣਿਆ ਸੀ; “ਇਹ ਆਦਮੀ ਸਾਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਹ ਲੋਕਾਂ ਨੂੰ ਓਸੇ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸਨੂੰ ਕਦੇ ਉਹ ਤਬਾਹ ਕਰਨਾ ਚਾਹੁੰਦਾ ਸੀ।” 24 ਇਨ੍ਹਾਂ ਆਸਥਾਵਾਨਾਂ ਨੇ ਮੇਰੇ ਵਾਸਤੇ ਪਰਮੇਸ਼ੁਰ ਦੀ ਵਡਿਆਈ ਕੀਤੀ।

2:1 ਚੌਦਾਂ ਸਾਲਾਂ ਬਾਦ ਮੈਂ ਇੱਕ ਵਾਰ ਫ਼ੇਰ ਯਰੂਸ਼ਲਮ ਗਿਆ। ਮੈਂ ਉਥੇ ਬਰਨਬਾਸ ਦੇ ਨਾਲ ਗਿਆ ਅਤੇ ਆਪਣੇ ਸੰਗ ਤੀਤੁਸ ਨੂੰ ਵੀ ਲੈ ਗਿਆ। 2 ਮੈਂ ਇਸ ਲਈ ਗਿਆ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਨਿਰਦੇਸ਼ ਦਿੱਤਾ ਸੀ ਕਿ ਮੈਨੂੰ ਜਾਣਾ ਚਾਹੀਦਾ ਹੈ। ਮੈਂ ਉਨ੍ਹਾਂ ਲੋਕਾਂ ਕੋਲ ਗਿਆ ਜਿਹੜੇ ਆਸਥਾਵਾਨਾਂ ਦੇ ਆਗੂ ਸਨ। ਜਦੋਂ ਅਸੀਂ ਆਗੂਆਂ ਨਾਲ ਇੱਕਲੇ ਸਾਂ, ਮੈਂ ਉਨ੍ਹਾਂ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਮੈਂ ਚਾਹੁੰਦਾ ਸੀ ਕਿ ਇਹ ਲੋਕ ਮੇਰੇ ਕਾਰਜ ਨੂੰ ਸਮਝ ਲੈਣ ਤਾਂ ਜੋ ਮੇਰਾ ਪਹਿਲਾਂ ਕੀਤਾ ਹੋਇਆ ਕਾਰਜ ਅਤੇ ਹੁਣ ਦਾ ਕਾਰਜ ਵਿਅਰਥ ਨਾ ਜਾਵੇ। 3 ਮੇਰੇ ਨਾਲ ਤੀਤੁਸ ਵੀ ਸੀ। ਤੀਤੁਸ ਇੱਕ ਯੂਨਾਨੀ ਹੈ। ਪਰ ਇਨ੍ਹਾਂ ਆਗੂਆਂ ਨੇ ਤੀਤੁਸ ਨੂੰ ਵੀ ਸੁੰਨਤ ਕਰਨ ਤੇ ਮਜਬੂਰ ਨਹੀਂ ਕੀਤਾ। ਇਨ੍ਹਾਂ ਗੱਲਾਂ ਬਾਰੇ ਗੱਲ ਕਰਨੀ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਕੁਝ ਨਕਲੀ ਭਰਾ ਚੋਰੀ ਛੁਪੇ ਸਾਡੇ ਸਮੂਹ ਅੰਦਰ ਆ ਵੜੇ ਸਨ। ਉਹ ਜਸੂਸਾਂ ਦੀ ਤਰ੍ਹਾਂ ਮਸੀਹ ਯਿਸੂ ਵਿੱਚ ਸਾਡੀ ਸੁਤੰਤਰਤਾ ਬਾਰੇ ਜਾਣ ਗਏ ਸਨ। 4 5 ਪਰ ਅਸੀਂ ਆਪਣੇ ਆਪ ਨੂੰ ਇੱਕ ਘੜੀ ਲਈ ਵੀ ਇਨ੍ਹਾਂ ਝੂਠੇ ਭਰਾਵਾਂ ਦੀਆਂ ਮੰਗਾਂ ਦੇ ਹਵਾਲੇ ਨਹੀਂ ਕੀਤਾ। ਅਸੀਂ ਤਾਂ ਖੁਸ਼ਖਬਰੀ ਦੇ ਸੱਚ ਨੂੰ ਤੁਹਾਡੇ ਲਈ ਬਨਾਉਣਾ ਚਾਹੁੰਦੇ ਹਾਂ। 6 ਜਿਹੜੇ ਲੋਕ ਮਹੱਤਵਪੂਰਣ ਲੱਗਦੇ ਹਨ ਉਨ੍ਹਾਂ ਨੇ ਖੁਸ਼ਖਬਰੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਿਸਦਾ ਮੈਂ ਪ੍ਰਚਾਰ ਕਰ ਰਿਹਾ ਸਾਂ। ਮੇਰੇ ਲਈ ਇਸ ਗੱਲ ਦਾ ਕੋਈ ਅਰਥ ਨਹੀਂ ਸੀ ਕਿ ਉਹ ਮਹੱਤਵਪੂਰਣ ਹਨ, ਜਾਂ ਨਹੀਂ। ਪਰਮੇਸ਼ੁਰ ਲਈ ਸਾਰੇ ਮਨੁੱਖ ਬਰਾਬਰ ਹਨ। 7 ਪਰ ਇਨ੍ਹਾਂ ਆਗੂਆਂ ਨੇ ਦੇਖਿਆ ਕਿ ਪਰਮੇਸ਼ੁਰ ਨੇ ਮੈਨੂੰ ਪਤਰਸ ਵਾਂਗ ਹੀ ਕੋਈ ਖਾਸ ਕਾਰਜ ਦਿੱਤਾ ਹੈ। ਪਰਮੇਸ਼ੁਰ ਨੇ ਪਤਰਸ ਨੂੰ ਯਹੂਦੀਆਂ ਨੂੰ ਖੁਸ਼ਖਬਰੀ ਦੇਣ ਦਾ ਕਾਰਜ ਦਿੱਤਾ ਸੀ। ਪਰ ਮੈਨੂੰ ਪਰਮੇਸ਼ੁਰ ਨੇ ਗੈਰ ਯਹੂਦੀ ਲੋਕਾਂ ਨੂੰ ਖੁਸ਼ਖਬਰੀ ਦੇਣ ਦਾ ਕੰਮ ਸੌਂਪਿਆ ਸੀ। 8 ਪਰਮੇਸ਼ੁਰ ਨੇ ਪਤਰਸ ਨੂੰ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ। ਪਤਰਸ ਯਹੂਦੀ ਲੋਕਾਂ ਲਈ ਰਸੂਲ ਹੈ। ਪਰਮੇਸ਼ੁਰ ਨੇ ਮੈਨੂੰ ਵੀ ਰਸੂਲ ਵਜੋਂ ਕਾਰਜ ਕਰਨ ਦਾ ਅਧਿਕਾਰ ਦਿੱਤਾ ਸੀ ਪਰ ਮੈਂ ਉਨ੍ਹਾਂ ਲੋਕਾਂ ਦਾ ਰਸੂਲ ਹਾਂ ਜਿਹੜੇ ਯਹੂਦੀ ਨਹੀਂ ਹਨ। 9 ਯਾਕੂਬ ਪਤਰਸ ਅਤੇ ਯੂਹੰਨਾ ਆਗੂ ਦਿਖਾਈ ਦਿੰਦੇ ਸਨ। ਉਨ੍ਹਾਂ ਨੇ ਵੇਖਿਆ ਕਿ ਪਰਮੇਸ਼ੁਰ ਨੇ ਮੇਰੇ ਤੇ ਵੀ ਇਹ ਵਿਸ਼ੇਸ਼ ਕਿਰਪਾ ਕੀਤੀ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਅਤੇ ਬਰਨਾਬਸ ਨੂੰ ਪ੍ਰਵਾਨ ਕਰ ਲਿਆ। ਪਤਰਸ ਯਾਕੂਬ ਅਤੇ ਯੂਹੰਨਾ ਨੇ ਆਖਿਆ, “ਪੌਲੁਸ ਤੇ ਬਰਨਬਾਸ ਅਸੀਂ ਇਹ ਮੰਨਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜਿਹੜੇ ਯਹੂਦੀ ਨਹੀਂ ਹਨ। ਅਸੀਂ ਯਹੂਦੀਆਂ ਕੋਲ ਜਾਵਾਂਗੇ।” 10 ਉਨ੍ਹਾਂ ਨੇ ਸਾਨੂੰ ਕੇਵਲ ਇੱਕ ਗੱਲ ਕਰਨ ਲਈ ਆਖਿਆ ਕਿ ਹਮੇਸ਼ਾ ਗਰੀਬਾਂ ਦੀ ਸਹਾਇਤਾ ਕਰਨੀ ਯਾਦ ਰੱਖਣਾ। ਅਤੇ ਇਹੀ ਸੀ, ਜੋ ਮੈਂ ਅਸਲ ਵਿੱਚ ਕਰਨਾ ਚਾਹੁੰਦਾ ਹਾਂ। 11 ਪਤਰਸ ਅੰਤਾਕਿਯਾ ਵਿੱਚ ਆਇਆ। ਉਸਨੇ ਕੁਝ ਅਜਿਹਾ ਕੀਤਾ ਜੋ ਠੀਕ ਨਹੀਂ ਸੀ। ਮੈਂ ਆਮ੍ਹੋ-ਸਾਮ੍ਹਣੇ ਪਤਰਸ ਦੇ ਵਿਰੁੱਧ ਬੋਲਿਆ ਕਿਉਂਕਿ ਉਹ ਗਲਤ ਸੀ। 12 ਇਹ ਉਦੋਂ ਹੋਇਆ ਜਦੋਂ ਪਤਰਸ ਪਹਿਲਾਂ ਪਹਿਲਾਂ ਅੰਤਾਕਿਯਾ ਵਿੱਚ ਆਇਆ। ਉਸਨੇ ਗੈਰ ਯਹੂਦੀ ਲੋਕਾਂ ਨਾਲ ਦੋਸਤੀ ਕੀਤੀ ਅਤੇ ਭੋਜਨ ਸਾਂਝਾ ਕੀਤਾ। ਪਰ ਫ਼ੇਰ ਕੁਝ ਯਹੂਦੀ ਲੋਕ ਯਾਕੂਬ ਵੱਲੋਂ ਆਏ। ਜਦੋਂ ਇਹ ਯਹੂਦੀ ਆਏ ਤਾਂ ਪਤਰਸ ਨੇ ਗੈਰ ਯਹੂਦੀਆਂ ਨਾਲ ਖਾਣਾ ਛੱਡ ਦਿੱਤਾ। ਪਤਰਸ ਨੇ ਆਪਣੇ ਆਪ ਨੂੰ ਗੈਰ ਯਹੂਦੀਆਂ ਤੋਂ ਵਖ ਕਰ ਲਿਆ। ਉਹ ਉਨ੍ਹਾਂ ਯਹੂਦੀਆਂ ਤੋਂ ਡਰਦਾ ਸੀ ਜਿਹੜੇ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਸਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਪਤਰਸ ਪਖੰਡੀ ਸੀ। ਹੋਰ ਯਹੂਦੀ ਆਸਥਾਵਾਨ ਵੀ ਪਤਰਸ ਨਾਲ ਰਲ ਗਏ। ਇਸ ਲਈ ਉਹ ਵੀ ਪਾਖੰਡੀ ਸਨ। ਬਰਨਬਾਸ ਵੀ ਉਨ੍ਹਾਂ ਯਹੂਦੀਆਂ ਤੋਂ ਪ੍ਰਭਾਵਿਤ ਸੀ ਅਤੇ ਉਹ ਵੀ ਇੱਕ ਕਪਟੀ ਸੀ। 14 ਮੈਂ ਦੇਖ ਲਿਆ ਕਿ ਯਹੂਦੀ ਕੀ ਕਰਦੇ ਸਨ। ਉਹ ਖੁਸ਼ਖਬਰੀ ਦੇ ਸੱਚ ਉੱਪਰ ਨਹੀਂ ਤੁਰ ਰਹੇ ਸਨ। ਇਸੇ ਲਈ ਮੈਂ ਪਤਰਸ ਨਾਲ ਇੰਝ ਗੱਲ ਕੀਤੀ ਤਾਂ ਕਿ ਹੋਰ ਸਾਰੇ ਯਹੂਦੀ ਵੀ ਮੇਰੀ ਗੱਲ ਸੁਣ ਲੈਣ। ਮੈਂ ਇਹ ਆਖਿਆ, “ਪਤਰਸ ਤੂੰ ਯਹੂਦੀ ਹੈ। ਪਰ ਤੂੰ ਇੱਕ ਯਹੂਦੀ ਵਾਂਗ ਨਹੀਂ ਰਹਿੰਦਾ। ਤੂੰ ਤਾਂ ਗੈਰ ਯਹੂਦੀ ਵਾਂਗ ਰਹਿੰਦਾ ਹੈਂ। ਇਸ ਲਈ ਤੂੰ ਹੁਣ ਗੈਰ ਯਹੂਦੀਆਂ ਨੂੰ ਯਹੂਦੀਆਂ ਵਾਂਗ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?” 15 ਅਸੀਂ ਯਹੂਦੀ ਪਾਪੀ ਗੈਰ ਯਹੂਦੀਆਂ ਵਾਂਗ ਪੈਦਾ ਨਹੀਂ ਹੋਏ ਸੀ। ਅਸੀਂ ਯਹੂਦੀਆਂ ਵਾਂਗ ਪੈਦਾ ਹੋਏ ਸਾਂ। 16 ਅਸੀਂ ਜਾਣਦੇ ਹਾਂ ਕਿ ਕੋਈ ਵਿਅਕਤੀ ਸਿਰਫ਼ ਨੇਮ ਦਾ ਅਨੁਸਰਣ ਕਰਕੇ ਧਰਮੀ ਨਹੀਂ ਬਣ ਸਕਦਾ। ਇਹ ਯਿਸੂ ਮਸੀਹ ਵਿੱਚ ਵਿਸ਼ਵਾਸ ਹੀ ਹੈ ਜੋ ਕਿਸੇ ਵਿਅਕਤੀ ਨੂੰ ਧਰਮੀ ਬਣਾਉਂਦਾ ਹੈ। ਇਸ ਲਈ ਅਸੀਂ ਯਿਸੂ ਮਸੀਹ ਵਿੱਚ ਆਪਣਾ ਵਿਸ਼ਵਾਸ ਪਾਇਆ ਹੈ ਕਿਉਂਕਿ ਅਸੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਸੀਂ ਪਰਮੇਸ਼ੁਰ ਨਾਲ ਧਰਮੀ ਹਾਂ ਕਿਉਂ ਜੋ ਅਸੀਂ ਮਸੀਹ ਉੱਤੇ ਵਿਸ਼ਵਾਸ ਕੀਤਾ ਨਾ ਕਿ ਇਸ ਲਈ ਕਿ ਅਸੀਂ ਨੇਮ ਉੱਤੇ ਚੱਲੇ। ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਨੇਮ ਉੱਤੇ ਚੱਲਕੇ ਧਰਮੀ ਨਹੀਂ ਹੋ ਸਕਦਾ। 17 ਅਸੀਂ ਯਹੂਦੀਆਂ ਦੇ ਮਸੀਹ ਨੂੰ ਅਪਨਾਇਆ ਤਾਂ ਜੋ ਅਸੀਂ ਧਰਮੀ ਬਣਾਏ ਜਾਈਏ। ਇਸ ਲਈ ਇਹ ਸਪਸ਼ਟ ਹੈ ਕਿ ਅਸੀਂ ਵੀ ਪਾਪੀ ਸਾਂ। ਕੀ ਇਸਦਾ ਭਾਵ ਇਹ ਹੈ ਕਿ ਮਸੀਹ ਸਾਨੂੰ ਪਾਪੀ ਬਣਾਉਂਦਾ ਹੈ? ਬਿਲਕੁਲ ਨਹੀਂ। 18 ਸੱਚਮੁੱਚ, ਮੈਂ ਗਲਤ ਹੋ ਸਕਦਾ ਹਾਂ ਜੇ ਮੈਂ ਫ਼ਿਰ ਤੋਂ ਉਨ੍ਹਾਂ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਆਂ ਜੋ ਮੈਂ ਛੱਡ ਦਿੱਤੇ ਸਨ। 19 ਮੈਂ ਨੇਮ ਲਈ ਜਿਉਣਾ ਛੱਡ ਦਿੱਤਾ। ਇਹ ਨੇਮ ਹੀ ਸੀ ਜਿਸਨੇ ਮੈਨੂੰ ਮਾਰ ਦਿੱਤਾ ਸੀ। ਮੈਂ ਨੇਮ ਖਾਤਰ ਇਸ ਲਈ ਮਰਿਆ ਤਾਂ ਜੋ ਹੁਣ ਮੈਂ ਪਰਮੇਸ਼ੁਰ ਲਈ ਜਿਉਂ ਸਕਾਂ। ਮੈਨੂੰ ਮਸੀਹ ਨਾਲ ਹੀ ਸਲੀਬ ਦਿੱਤੀ ਗਈ ਸੀ। 20 ਇਸ ਲਈ ਜਿਹੜਾ ਜੀਵਨ ਮੈਂ ਹੁਣ ਜਿਉਂ ਰਿਹਾ ਹਾਂ ਉਹ ਮੇਰਾ ਨਹੀਂ ਹੈ। ਉਹ ਤਾਂ ਮੇਰੇ ਅੰਦਰ ਮਸੀਹ ਜਿਉਂ ਰਿਹਾ ਹੈ। ਮੈਂ ਹਾਲੇ ਵੀ ਆਪਣੇ ਸ਼ਰੀਰ ਵਿੱਚ ਜਿਉਂਦਾ ਹਾਂ ਪਰ ਮੈਂ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰਾਹੀਂ ਜਿਉਂਦਾ ਹਾਂ। ਉਸਨੇ ਮੈਨੂੰ ਪਿਆਰ ਕੀਤਾ ਅਤੇ ਮੈਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 21 ਇਹ ਦਾਤ ਪਰਮੇਸ਼ੁਰ ਵੱਲੋਂ ਹੈ ਅਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਣ ਹੈ। ਕਿਉਂਕਿ ਜੇਕਰ ਨੇਮ ਹੀ ਸਾਨੂੰ ਧਰਮੀ ਬਣਾ ਸਕਦਾ ਹੁੰਦਾ, ਤਾਂ ਫ਼ੇਰ ਮਸੀਹ ਦੇ ਮਰਨ ਦਾ ਕੋਈ ਕਾਰਣ ਹੀ ਨਾ ਹੁੰਦਾ।

3:1 ਹੇ ਗਲਾਤੀਓ। ਅਸੀਂ ਤੁਹਾਡੀਆਂ ਅਖਾਂ ਸਾਮ੍ਹਣੇ ਵਿਆਖਿਆ ਕੀਤੀ ਕਿ ਕਿਵੇਂ ਯਿਸੂ ਮਸੀਹ ਨੂੰ ਸਲੀਬ ਦਿੱਤੀ ਗਈ ਸੀ। ਪਰ ਤੁਸੀਂ ਬਹੁਤ ਮੂਰਖ ਸੀ। ਤੁਸੀਂ ਕੁਝ ਲੋਕਾਂ ਦੀ ਚਲਾਕੀ ਦੇ ਸ਼ਿਕਾਰ ਬਣ ਗਏ। 2 ਮੈਨੂੰ ਇੱਕ ਗੱਲ ਦੱਸੋਂ ਕਿ ਤੁਸੀਂ ਪਵਿੱਤਰ ਆਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਕੀ ਤੁਸੀਂ ਨੇਮ ਦਾ ਅਨੁਸਰਣ ਕਰਕੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ? ਨਹੀਂ! ਤੁਸੀਂ ਆਤਮਾ ਇਸ ਲਈ ਪ੍ਰਾਪਤ ਕੀਤਾ ਸੀ ਕਿਉਂਕਿ ਤੁਸਾਂ ਖੁਸ਼ਖਬਰੀ ਸੁਣੀ ਉਸ ਵਿੱਚ ਵਿਸ਼ਵਾਸ ਵੀ ਕੀਤਾ। 3 ਤੁਸੀਂ ਮਸੀਹ ਵਿੱਚ ਆਪਣਾ ਜੀਵਨ ਆਤਮਾ ਨਾਲ ਸ਼ੁਰੂ ਕੀਤਾ। ਕੀ ਹੁਣ ਤੁਸੀਂ ਇਸਨੂੰ ਆਪਣੀ ਤਾਕਤ ਨਾਲ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ? ਇਹ ਮੂਰਖਤਾ ਹੈ। 4 ਤੁਸੀਂ ਬਹੁਤ ਗੱਲਾਂ ਅਨੁਭਵ ਕੀਤੀਆਂ ਹਨ। ਕੀ ਇਹ ਸਾਰੇ ਅਨੁਭਵ ਜਾਇਆ ਹੋ ਗਏ? ਮੈਨੂੰ ਉਮੀਦ ਹੈ ਕਿ ਉਹ ਅਨੁਭਵ ਬੇਕਾਰ ਨਹੀਂ ਹੋਏ। 5 ਕੀ ਪਰਮੇਸ਼ੁਰ ਤੁਹਾਨੂੰ ਇਸ ਲਈ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ। ਕੀ ਪਰਮੇਸ਼ੁਰ ਤੁਹਾਨੂੰ ਕਰਿਸ਼ਮੇ ਇਸ ਲਈ ਦਿਖਾਉਂਦਾ ਹੈ ਕਿ ਤੁਸੀਂ ਨੇਮ ਉੱਤੇ ਚੱਲਦੇ ਹੋ? ਨਹੀਂ। ਪਰਮੇਸ਼ੁਰ ਤੁਹਾਨੂੰ ਆਪਣਾ ਆਤਮਾ ਇਸ ਲਈ ਪ੍ਰਦਾਨ ਕਰਦਾ ਹੈ ਅਤੇ ਕਰਿਸ਼ਮੇ ਕਰਦਾ ਹੈ ਕਿਉਂਕਿ ਤੁਸੀਂ ਖੁਸ਼ਖਬਰੀ ਨੂੰ ਸੁਣਿਆ ਹੈ ਅਤੇ ਉਸ ਉੱਤੇ ਯਕੀਨ ਕੀਤਾ ਹੈ। 6 ਪੋਥੀਆਂ ਅਬਰਾਹਾਮ ਬਾਰੇ ਵੀ ਇਹੀ ਆਖਦੀਆਂ ਹਨ। “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਪਰਮੇਸ਼ੁਰ ਨੇ ਅਬਰਾਹਾਮ ਦੇ ਵਿਸ਼ਵਾਸ ਨੂੰ ਪ੍ਰਵਾਨ ਕੀਤਾ। ਉਸਨੇ ਅਬਰਾਹਾਮ ਨੂੰ ਧਰਮੀ ਬਣਾਇਆ।” 7 ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਨਿਹਚਾ ਹੈ ਉਹ ਅਬਰਾਹਾਮ ਦੀ ਸੱਚੀ ਔਲਾਦ ਹਨ। 8 ਪੋਥੀਆਂ ਨੇ ਆਖਿਆ ਕਿ ਭਵਿਖ ਵਿੱਚ ਕੀ ਵਾਪਰੇਗਾ। ਇਨ੍ਹਾਂ ਲਿਖਤਾਂ ਨੇ ਆਖਿਆ ਕਿ ਪਰਮੇਸ਼ੁਰ ਗੈਰ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਦੁਆਰਾ ਧਰਮੀ ਬਣਾਵੇਗਾ। ਅਬਰਾਹਾਮ ਨੂੰ ਇਹ ਖੁਸ਼ਖਬਰੀ ਇਸਦੇ ਵਾਪਰਨ ਤੋਂ ਪਹਿਲਾਂ ਹੀ ਦੱਸ ਦਿੱਤੀ ਗਈ ਸੀ: ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਮੈਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਤੇਰੇ ਰਾਹੀਂ ਅਸੀਸਾਂ ਦੇਵਾਂਗਾ।” 9 ਅਬਰਾਹਾਮ ਨੇ ਇਸ ਉੱਪਰ ਵਿਸ਼ਵਾਸ ਕੀਤਾ। ਕਿਉਂਕਿ ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਹੈ। ਅੱਜ ਵੀ ਇਹ ਗੱਲ ਹੈ। ਸਾਰੇ ਲੋਕ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਉਵੇਂ ਹੀ ਅਸੀਸ ਦਿੱਤੀ ਗਈ ਹੈ ਜਿਵੇਂ ਅਬਰਾਹਾਮ ਨੂੰ ਦਿੱਤੀ ਗਈ ਸੀ। 10 ਪਰ ਜਿਹੜੇ ਲੋਕ ਧਰਮੀ ਬਨਣ ਲਈ ਨੇਮ ਉੱਤੇ ਨਿਰਭਰ ਕਰਦੇ ਹਨ ਉਹ ਸਰਾਪੇ ਹੋਏ ਹਨ। ਕਿਉਂ? ਕਿਉਂਕਿ ਪੋਥੀਆਂ ਆਖਦੀਆਂ ਹਨ, “ਇੱਕ ਵਿਅਕਤੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੇ ਨੇਮ ਵਿੱਚ ਲਿਖਿਆ ਹੋਇਆ ਹੈ। ਜੋ ਉਹ ਹਮੇਸ਼ਾ ਇਸਦਾ ਪਾਲਣ ਨਹੀਂ ਕਰਦਾ ਤਾਂ ਉਹ ਵਿਅਕਤੀ ਸਰਾਪਿਆ ਹੋਇਆ ਹੈ।” 11 ਇਸੇ ਲਈ ਇਹ ਬਹੁਤ ਸਪਸ਼ਟ ਹੈ ਕਿ ਨੇਮ ਦੁਆਰਾ ਕੋਈ ਵੀ ਧਰਮੀ ਨਹੀਂ ਬਣਾਇਆ ਜਾ ਸਕਦਾ। ਪੋਥੀਆਂ ਆਖਦੀਆਂ ਹਨ, “ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਉਸਦੀ ਨਿਹਚਾ ਕਾਰਣ ਧਰਮੀ ਹੈ ਉਹ ਸਦਾ ਜੀਵੇਗਾ।” 12 ਨੇਮ ਵਿਸ਼ਵਾਸ ਦੀ ਵਰਤੋਂ ਨਹੀਂ ਕਰਦਾ ਇਹ ਵਖਰਾ ਢੰਗ ਅਪਨਾਉਂਦਾ ਹੈ। ਨੇਮ ਆਖਦਾ ਹੈ: ਜਿਹੜਾ, “ਵਿਅਕਤੀ ਨੇਮਾਂ ਦਾ ਅਨੁਸਰਣ ਕਰਕੇ ਜੀਵਨ ਪਾਉਣਾ ਚਾਹੁੰਦਾ ਹੈ ਉਸਨੂੰ ਉਹ ਸਭ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਨੇਮ ਆਖਦਾ ਹੈ।” 13 ਨੇਮ ਨੇ ਸਾਡੇ ਉੱਪਰ ਇੱਕ ਸਰਾਪ ਰਖ ਦਿੱਤਾ। ਪਰ ਮਸੀਹ ਨੇ ਉਸ ਸਰਾਪ ਨੂੰ ਦੂਰ ਕਰ ਦਿੱਤਾ ਹੈ। ਉਸਨੇ ਸਾਡੇ ਨਾਲ ਆਪਣੀ ਥਾਂ ਬਦਲ ਲਈ। ਮਸੀਹ ਨੇ ਉਹ ਸਰਾਪ ਆਪਣੇ ਆਪ ਉੱਪਰ ਲੈ ਲਿਆ। ਪੋਥੀਆਂ ਵਿੱਚ ਇਹ ਲਿਖਿਆ ਹੈ, “ਜੇ ਕਿਸੇ ਵਿਅਕਤੀ ਦੇ ਸ਼ਰੀਰ ਨੂੰ ਰੁੱਖ ਉੱਤੇ ਲਟਕਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਸਰਾਪ ਹੇਠਾਂ ਹੁੰਦਾ ਹੈ।” 14 ਯਿਸੂ ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੀ ਅਸੀਸ ਮਿਲ ਸਕੇ, ਪਰਮੇਸ਼ੁਰ ਨੇ ਇਸ ਅਸੀਸ ਦਾ ਵਚਨ ਅਬਰਾਹਾਮ ਨੂੰ ਦਿੱਤਾ ਸੀ। ਇਹੀ ਅਸੀਸ ਯਿਸੂ ਮਸੀਹ ਰਾਹੀਂ ਆਉਂਦੀ ਹੈ। ਯਿਸੂ ਇਸ ਲਈ ਕੁਰਬਾਨ ਹੋਇਆ ਕਿ ਅਸੀਂ ਉਸ ਪਵਿੱਤਰ ਆਤਮਾ ਨੂੰ ਪ੍ਰਾਪਤ ਕਰ ਸਕੀਏ ਜਿਸਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। ਇਹ ਵਾਦਾ ਸਾਡੇ ਵਿਸ਼ਵਾਸ ਕਾਰਣ ਸਾਨੂੰ ਪ੍ਰਾਪਤ ਹੋਇਆ ਹੈ। 15 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਇੱਕ ਕਰਾਰ ਬਾਰੇ ਸੋਚੋ ਜੋ ਇੱਕ ਵਿਅਕਤੀ ਲਿਖਦਾ ਹੈ। ਜਦੋਂ ਇਹ ਕਰਾਰ ਕਾਨੂੰਨੀ ਹੁੰਦਾ ਹੈ, ਤਾਂ ਕੋਈ ਵੀ ਇਸ ਨੂੰ ਰੱਦ ਨਹੀਂ ਕਰ ਸਕਦਾ ਤੇ ਨਾ ਹੀ ਉਸ ਵਿੱਚ ਕੁਝ ਜੋੜ ਸਕਦਾ ਹੈ। ਅਤੇ ਕੋਈ ਵਿਅਕਤੀ ਉਸ ਇਕਰਾਰਨਾਮੇ ਨੂੰ ਅਣਡਿਠ ਨਹੀਂ ਕਰ ਸਕਦਾ। 16 ਪਰਮੇਸ਼ੁਰ ਨੇ ਅਬਰਾਹਾਮ ਨੂੰ ਅਤੇ ਉਸਦੀ ਔਲਾਦ ਨਾਲ ਵਾਦੇ ਕੀਤੇ। ਪਰਮੇਸ਼ੁਰ ਨੇ ਇਹ ਨਹੀਂ ਆਖਿਆ, “ਅਤੇ ਤੁਹਾਡੀਆਂ ਔਲਾਦਾਂ ਨੂੰ।” ਉਸਦਾ ਅਰਥ ਬਹੁਤ ਸਾਰੇ ਲੋਕ ਹੋ ਸਕਦਾ ਹੈ। ਇਸਦੀ ਜਗ਼੍ਹਾ ਪਰਮੇਸ਼ੁਰ ਨੇ ਆਖਿਆ, “ਅਤੇ ਤੁਹਾਡੀ ਔਲਾਦ ਨੂੰ।”ਇਸਦਾ ਅਰਥ ਹੈ ਕੇਵਲ ਇੱਕ ਵਿਅਕਤੀ; ਅਤੇ ਉਹ ਮਸੀਹ ਹੈ। 17 ਮੇਰਾ ਕਹਿਣ ਦਾ ਭਾਵ ਇਹ ਹੈ ਕਿ; ਜਿਹੜਾ ਕਰਾਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤਾ ਜੋ ਨੇਮ ਦੇਣ ਤੋਂ ਬਹੁਤ ਸਮਾਂ ਪਹਿਲਾਂ ਕਾਨੂੰਨੀ ਬਣ ਗਿਆ ਸੀ। ਨੇਮ 430 ਵਰ੍ਹੇ ਬਾਦ ਵਿੱਚ ਆਇਆ। ਇਸ ਲਈ ਨੇਮ ‘ਕਰਾਰ’ ਨੂੰ ਰੱਦ ਕਰਨ ਦੇ ਯੋਗ ਨਹੀਂ ਸੀ ਅਤੇ ਨਾ ਹੀ ਪਰਮੇਸ਼ੁਰ ਦੇ ਅਬਰਾਹਾਮ ਨੂੰ ਦਿੱਤੇ ਵਾਦੇ ਨੂੰ ਰੱਦ ਕਰਨ ਯੋਗ ਸੀ। 18 ਕੀ ਨੇਮ ਦੀ ਪਾਲਣਾ ਕਰਨਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰ ਸਕਦਾ ਹੈ ਜਿਸਦਾ ਪਰਮੇਸ਼ੁਰ ਨੇ ਵਾਦਾ ਕੀਤਾ? ਨਹੀਂ। ਜੇ ਅਸੀਂ ਪਾਲਣਾ ਕਰਕੇ ਪ੍ਰਾਪਤ ਕਰ ਸਕਦੇ ਹੁੰਦੇ, ਤਾਂ ਉਹ ਪਰਮੇਸ਼ੁਰ ਦਾ ਵਾਦਾ ਨਹੀਂ ਜਿਹੜਾ ਸਾਨੂੰ ਉਹ ਚੀਜ਼ਾਂ ਪ੍ਰਦਾਨ ਕਰਦਾ ਹੈ। ਪਰੰਤੂ ਪਰਮੇਸ਼ੁਰ ਨੇ ਆਪਣੀਆਂ ਭਰਪੂਰ ਅਸੀਸਾਂ ਅਬਰਾਹਾਮ ਨੂੰ ਆਪਣੇ ਵਾਦੇ ਰਾਹੀਂ ਦਿੱਤੀਆਂ। 19 ਫ਼ੇਰ ਸ਼ਰ੍ਹਾ ਕਾਹਦੇ ਵਾਸਤੇ ਹੈ? ਨੇਮ ਲੋਕਾਂ ਦੀਆਂ ਕੀਤੀਆਂ ਬਦਕਾਰੀਆਂ ਨੂੰ ਉਜਾਗਰ ਕਰਨ ਲਈ ਦਿੱਤਾ ਸੀ। ਸ਼ਰ੍ਹਾ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਕਿ ਅਬਰਾਹਾਮ ਦੀ ਖਾਸ ਨਸਲ ਨਹੀਂ ਆਈ। ਪਰਮੇਸ਼ੁਰ ਦਾ ਵਾਦਾ ਇਸ ਖਾਸ ਉਲਾਦ ਨਾਲ ਸੰਬੰਧਿਤ ਸੀ। ਸ਼ਰ੍ਹਾ ਦੂਤਾਂ ਰਾਹੀਂ ਦਿੱਤੀ ਗਈ ਸੀ। ਦੂਤਾਂ ਨੇ ਲੋਕਾਂ ਤੱਕ ਸ਼ਰ੍ਹਾ ਪਹੁੰਚਾਉਣ ਲਈ ਮੂਸਾ ਨੂੰ ਵਿਚੋਲੇ ਦੀ ਤਰ੍ਹਾਂ ਇਸਤੇਮਾਲ ਕੀਤਾ। 20 ਪਰ ਜਦੋਂ ਕੇਵਲ ਇੱਕ ਧਿਰ ਹੁੰਦੀ ਹੈ ਤਾਂ ਵਿਚੋਲੇ ਦੀ ਕੋਈ ਲੋੜ ਨਹੀਂ ਹੁੰਦੀ, ਅਤੇ ਪਰਮੇਸ਼ੁਰ ਕੇਵਲ ਇੱਕ ਹੈ। 21 ਕੀ ਇਸਦਾ ਇਹ ਅਰਥ ਹੈ ਕਿ ਨੇਮ ਪਰਮੇਸ਼ੁਰ ਦੇ ਵਾਦਿਆਂ ਦੇ ਬਰਖਿਲਾਫ਼ ਹੈ? ਨਹੀਂ। ਜੇਕਰ ਅਜਿਹੀ ਸ਼ਰ੍ਹਾ ਹੁੰਦੀ ਜਿਹੜੀ ਲੋਕਾਂ ਨੂੰ ਜੀਵਨ ਦੇ ਸਕਦੀ, ਫ਼ੇਰ ਅਸੀਂ ਬੇਸ਼ੱਕ ਉਸ ਸ਼ਰ੍ਹਾ ਦਾ ਅਨੁਸਰਣ ਕਰਕੇ ਧਰਮੀ ਬਣਾਏ ਜਾਂਦੇ। 22 ਪਰ ਇਹ ਸੱਚ ਨਹੀਂ ਹੈ, ਕਿਉਂਕਿ ਪੋਥੀਆਂ ਨੇ ਪਰਗਟ ਕੀਤਾ ਕਿ ਸਾਰੇ ਲੋਕੀਂ ਪਾਪ ਨਾਲ ਬਝੇ ਹੋਏ ਕੈਦੀ ਹਨ। ਪੋਥੀਆਂ ਨੇ ਇਹ ਕਿਉਂ ਪਰਗਟ ਕੀਤਾ? ਤਾਂ ਜੋ ਵਿਸ਼ਵਾਸ ਰਾਹੀਂ ਲੋਕਾਂ ਨੂੰ ਵਾਦਾ ਦਿੱਤਾ ਜਾ ਸਕੇ। ਇਹ ਵਾਦਾ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਲਈ ਦਿੱਤਾ ਗਿਆ ਹੈ। 23 ਇਸ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਨੇਮ ਦੇ ਕੈਦੀ ਬਣੇ ਹੋਏ ਸਾਂ ਅਤੇ ਨੇਮ ਦੀ ਨਿਗਰਾਨੀ ਹੇਠ ਸਾਂ। ਸਾਨੂੰ ਉਦੋਂ ਤੱਕ ਕੋਈ ਅਜ਼ਾਦੀ ਨਹੀਂ ਸੀ ਜਦੋਂ ਤੱਕ ਪਰਮੇਸ਼ੁਰ ਨੇ ਸਾਡੇ ਤੇ ਵਿਸ਼ਵਾਸ ਦਾ ਉਹ ਮਾਰਗ, ਪਰਗਟ ਨਹੀਂ ਕੀਤਾ, ਜਿਹੜਾ ਆ ਰਿਹਾ ਸੀ। 24 ਇਸੇ ਲਈ ਮਸੀਹ ਦੇ ਆਉਣ ਤੱਕ ਨੇਮ ਸਾਡਾ ਨਿਗਹਬਾਨ ਸੀ। ਮਸੀਹ ਦੇ ਆਉਣ ਤੋਂ ਮਗਰੋਂ ਅਸੀਂ ਵਿਸ਼ਵਾਸ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਏ ਜਾ ਸਕਾਂਗੇ। 25 ਹੁਣ ਵਿਸ਼ਵਾਸ ਦਾ ਮਾਰਗ ਆ ਚੁਕਿਆ ਹੈ। ਇਸੇ ਲਈ, ਅਸੀਂ ਹੁਣ ਨੇਮ ਦੇ ਨਿਯਂਤ੍ਰਣ ਹੇਠਾਂ ਨਹੀਂ ਜਿਉਂਦੇ। 26 ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇਸ ਨਿਹਚਾ ਦੁਆਰਾ ਪਰਮੇਸ਼ੁਰ ਦੇ ਬੱਚੇ ਹੋ। 27 ਕਿਉਂਕਿ ਤੁਹਾਨੂੰ ਸਾਰਿਆਂ ਨੂੰ ਮਸੀਹ ਅੰਦਰ ਬਪਤਿਸਮਾ ਦਿੱਤਾ ਗਿਆ ਹੈ ਅਤੇ ਤੁਸੀਂ ਆਪਣੇ ਆਪ ਨੂੰ ਮਸੀਹ ਨਾਲ ਢਕ ਲਿਆ ਹੈ। 28 ਹੁਣ, ਮਸੀਹ ਯਿਸੂ ਵਿੱਚ, ਯਹੂਦੀਆਂ ਅਤੇ ਯੂਨਾਨੀਆਂ ਵਿਚਕਾਰ ਵੀ ਕੋਈ ਫ਼ਰਕ ਨਹੀਂ। ਇਥੇ ਗੁਲਾਮਾਂ ਅਤੇ ਅਜ਼ਾਦਾਂ ਵਿਚਕਾਰ ਵੀ ਕੋਈ ਫ਼ਰਕ ਨਹੀਂ। ਨਰ ਅਤੇ ਮਾਦਾ ਵਿੱਚ ਕੋਈ ਫ਼ਰਕ ਨਹੀਂ ਹੈ। ਕਿਉਂਕਿ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। 29 ਤੁਸੀਂ ਮਸੀਹ ਦੇ ਹੋ ਇਸ ਲਈ ਤੁਸੀਂ ਅਬਰਾਹਾਮ ਦੀ ਔਲਾਦ ਹੋ। ਤੁਸੀਂ ਸਾਰੇ ਪਰਮੇਸ਼ੁਰ ਦੇ ਅਬਰਾਹਾਮ ਨੂੰ ਵਾਦੇ ਕਾਰਣ ਪਰਮੇਸ਼ੁਰ ਦੀਆਂ ਅਸੀਸਾਂ ਪ੍ਰਾਪਤ ਕਰਦੇ ਹੋ।

4:1 ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, “ਜਦੋਂ ਤੱਕ ਇੱਕ ਵਾਰਸ ਨਾਬਾਲਗ ਹੁੰਦਾ ਹੈ ਉਹ ਗੁਲਾਮ ਨਾਲੋਂ ਬਹੁਤਾ ਵਖਰਾ ਨਹੀਂ ਹੁੰਦਾ। ਜੇਕਰ ਵਾਰਸ ਹਰ ਚੀਜ਼ ਦਾ ਮਾਲਕ ਬਣ ਜਾਂਦਾ ਹੈ ਤਾਂ ਵੀ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। 2 ਕਿਉਂ? ਕਿਉਂਕਿ ਉਸਦੇ ਬਚਪਨੇ ਵੇਲੇ, ਉਸਨੂੰ ਆਪਣੀ ਦੇਖ ਭਾਲ ਕਰਨ ਵਾਲਿਆਂ ਦੇ ਆਦੇਸ਼ ਨੂੰ ਮੰਨਣਾ ਪੈਂਦਾ ਹੈ। ਪਰ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਤ ਉਮਰ ਵਿੱਚ ਪਹੁੰਚਦਾ ਹੈ, ਉਹ ਅਜ਼ਾਦ ਹੋ ਜਾਂਦਾ ਹੈ। 3 ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। “ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ। 4 ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਨੂੰ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯਤ੍ਰਣ ਹੇਠ ਜਿਉਂਇਆ। 5 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਨੇਮ ਦੇ ਅਦੀਨ ਰਹਿ ਰਹੇ ਲੋਕਾਂ ਲਈ ਅਜ਼ਾਦੀ ਲਿਆ ਸਕੇ ਪਰਮੇਸ਼ੁਰ ਦਾ ਮੰਤਵ ਸਾਨੂੰ ਆਪਣੇ ਬੱਚੇ ਬਨਾਉਣਾ ਸੀ। 6 ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਉਸੇ ਲਈ ਪਰਮੇਸ਼ੁਰ ਨੇ ਸਾਡੇ ਹਿਰਦਿਆਂ ਵਿੱਚ ਆਪਣੇ ਪੁੱਤਰ ਦੇ ਆਤਮੇ ਨੂੰ ਘਲਿਆ। ਆਤਮਾ ਕੁਰਲਾਉਂਦਾ ਹੈ, “ਪਿਤਾ, ਪਿਆਰੇ ਪਿਤਾ।” 7 ਇਸ ਲਈ ਤੁਸੀਂ ਹੁਣ ਅਤੀਤ ਦੀ ਤਰ੍ਹਾਂ ਗੁਲਾਮ ਨਹੀਂ ਹੋ। ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਪਰਮੇਸ਼ੁਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਜਿਸਦਾ ਉਸਨੇ ਵਾਦਾ ਕੀਤਾ ਸੀ। ਕਿਉਂਕਿ ਤੁਸੀਂ ਉਸਦੇ ਬੱਚੇ ਹੋ। 8 ਅਤੀਤ ਵਿੱਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਸੀ ਜਾਣਦੇ। ਤੁਸੀਂ ਉਨ੍ਹਾਂ ਦੇਵਤਿਆਂ ਦੇ ਗੁਲਾਮ ਸੀ ਜਿਹੜੇ ਵਾਸਤਵਿਕ ਨਹੀਂ ਸਨ। 9 ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਨਣਾ ਚਾਹੁੰਦੇ ਹੋ? 10 ਤੁਸੀਂ ਹਾਲੇ ਵੀ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਹਤਤਾ ਦਿੰਦੇ ਹੋ। 11 ਮੈਂ ਤੁਹਾਥੋਂ ਇਸ ਲਈ ਡਰਦਾ ਹਾਂ। ਮੈਨੂੰ ਡਰ ਹੈ ਤੁਹਾਡੇ ਲਈ ਮੇਰਾ ਕਾਰਜ ਜ਼ਾਇਆ ਹੋ ਗਿਆ ਹੈ। 12 ਭਰਾਵੋ ਅਤੇ ਭੈਣੋ ਮੈਂ ਵੀ ਤੁਹਾਡੇ ਵਰਗਾ ਹੀ ਸਾਂ; ਇਸ ਲਈ ਕਿਰਪਾ ਕਰਕੇ ਮੇਰੇ ਵਰਗੇ ਬਣ ਜਾਵੋ। ਤੁਸੀਂ ਪਹਿਲਾਂ ਮੇਰੇ ਉੱਪਰ ਬਹੁਤ ਮਿਹਰਬਾਨ ਸੀ। 13 ਤੁਸੀਂ ਜਾਣਦੇ ਹੋ ਮੈਂ ਪਹਿਲੀ ਬਾਰ ਤੁਹਾਡੇ ਕੋਲ ਕਿਉਂ ਆਇਆ ਸਾਂ। ਇਹ ਇਸ ਲਈ ਸੀ ਕਿ ਮੈਂ ਬਿਮਾਰ ਸਾਂ। ਇਹ ਉਦੋਂ ਸੀ ਜਦੋਂ, ਤੁਹਾਨੂੰ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਸੀ। 14 ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ। 15 ਉਦੋਂ ਤੁਸੀਂ ਬਹੁਤ ਖੁਸ਼ ਸੀ ਉਹ ਖੁਸ਼ੀ ਹੁਣ ਕਿਥੇ ਹੈ? ਮੈਨੂੰ ਯਾਦ ਹੈ ਕਿ ਤੁਸੀਂ ਮੇਰੀ ਸਹਾਇਤਾ ਲਈ ਹਰ ਸੰਭਵ ਜਤਨ ਕਰਨਾ ਚਾਹੁੰਦੇ ਸੀ। ਜੇਕਰ ਸੰਭਵ ਹੁੰਦਾ ਤਾਂ ਤੁਸੀਂ ਆਪਣੀਆਂ ਅਖਾਂ ਬਾਹਰ ਖਿਚ ਲੈਂਦੇ ਅਤੇ ਉਨ੍ਹਾਂ ਨੂੰ ਮੈਨੂੰ ਦੇ ਦਿੰਦੇ। 16 ਕੀ ਹੁਣ ਮੈਂ ਤੁਹਾਡਾ ਦੁਸ਼ਮਣ ਹਾਂ ਕਿਉਂਕਿ ਮੈਂ ਤੁਹਾਨੂੰ ਸੱਚ ਆਖਦਾ ਰਿਹਾਂ। 17 ਉਹੀ ਲੋਕੀਂ ਤੁਹਾਨੂੰ ਉਤੇਜਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦਾ ਮੰਤਵ ਠੀਕ ਨਹੀਂ ਹੈ। ਉਹ ਲੋਕੀ ਤੁਹਾਨੂੰ ਸਾਡੇ ਵਿਰੁੱਧ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਕੇਵਲ ਉਨ੍ਹਾਂ ਦਾ ਹੀ ਅਨੁਸਰਣ ਕਰੋ ਨਾ ਕਿ ਹੋਰਾਂ ਦਾ। 18 ਲੋਕਾਂ ਲਈ ਤੁਹਾਡੇ ਅੰਦਰ ਦਿਲਚਸਪੀ ਦਰਸ਼ਾਉਣਾ ਚੰਗੀ ਗੱਲ ਹੈ। ਪਰ ਉਦੋਂ ਹੀ ਜਦੋਂ ਉਨ੍ਹਾਂ ਦਾ ਮੰਤਵ ਚੰਗਾ ਹੋਵੇ। ਇਹ ਗੱਲ ਹਮੇਸ਼ਾ ਸੱਚੀ ਹੈ। ਇਹ ਉਦੋਂ ਵੀ ਸੱਚੀ ਹੈ ਜਦੋਂ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਉਦੋਂ ਵੀ ਜਦੋਂ ਮੈਂ ਤੁਹਾਡੇ ਕੋਲੋਂ ਦੂਰ ਹੁੰਦਾ ਹਾਂ। 19 ਮੇਰੇ ਬਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁਚ ਮਸੀਹ ਵਾਂਗ ਨਹੀਂ ਬਣ ਜਾਂਦੇ। 20 ਮੈਂ ਕਾਮਨਾ ਕਰਦਾ ਹਾਂ ਕਿ ਹੁਣ ਤੁਹਾਡੇ ਨਾਲ ਹੋ ਸਕਾਂ। ਜੇਕਰ ਮੈਂ ਤੁਹਾਡੇ ਨਜ਼ਦੀਕ ਹੁੰਦਾ ਉਦੋਂ ਸ਼ਾਇਦ ਮੈਂ ਤੁਹਾਡੇ ਨਾਲ ਗੱਲ ਬਾਤ ਕਰਨ ਦਾ ਆਪਣਾ ਢੰਗ ਤਬਦੀਲ ਕਰ ਲੈਂਦਾ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਾਲ ਕੀ ਕਰਾਂ। 21 ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਮੂਸਾ ਦੇ ਨੇਮ ਦੇ ਅਧੀਨ ਹੋਣਾ ਲੋਚਦੇ ਹਨ। ਮੈਨੂੰ ਦੱਸੋ ਕਿ ਨੇਮ ਕੀ ਆਖ਼ਦਾ ਹੈ? 22 ਪੋਥੀਆਂ ਦੱਸਦੀਆਂ ਹਨ ਕਿ ਅਬਰਾਹਾਮ ਦੇ ਦੋ ਪੁੱਤਰ ਸਨ। ਇੱਕ ਪੁੱਤਰ ਦੀ ਮਾਂ ਗੁਲਾਮ ਔਰਤ ਸੀ। ਦੂਸਰੇ ਪੁੱਤਰ ਦੀ ਮਾਂ ਅਜ਼ਾਦ ਔਰਤ ਸੀ। 23 ਅਬਰਾਹਾਮ ਦਾ ਗੁਲਾਮ ਔਰਤ ਤੋਂ ਜਨਮਿਆਂ ਪੁੱਤਰ, ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਪਰ ਅਜ਼ਾਦ ਔਰਤ ਤੋਂ ਜਨਮਿਆ ਪੁੱਤਰ ਉਸ ਵਾਦੇ ਕਾਰਣ ਜਨਮਿਆ ਸੀ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ। 24 ਇਹ ਸੱਚੀ ਕਹਾਣੀ ਸਾਡੇ ਲਈ ਇੱਕ ਤਸਵੀਰ ਬਣਾਉਂਦੀ ਹੈ। ਦੋਵੇਂ ਔਰਤਾਂ ਪਰਮੇਸ਼ੁਰ ਅਤੇ ਮਨੁੱਖਾਂ ਵਿਚਕਾਰ ਕੀਤੇ ਗਏ ਦੋ ਕਰਾਰ ਵਾਂਗ ਹਨ। ਇੱਕ ਕਰਾਰ ਸੀਨਾਈ ਪਰਬਤ ਉੱਤੇ ਕੀਤਾ ਗਿਆ ਹੈ। ਜਿਹੜੇ ਲੋਕ ਇਸ ਕਰਾਰ ਦੇ ਅਧੀਨ ਹਨ ਉਹ ਗੁਲਾਮਾਂ ਵਰਗੇ ਹਨ। ਹਾਜਰਾ ਨਾਮੇ ਮਾਂ ਉਸ ਕਰਾਰ ਵਰਗੀ ਹੈ। 25 ਇਸੇ ਲਈ ਹਾਜਰਾ ਅਰਬ ਵਿੱਚ ਸੀਨਾਈ ਪਰਬਤ ਵਰਗੀ ਹੈ। ਹਾਜਰਾ ਮੌਜੂਦ ਯਰੂਸ਼ਲਮ ਸ਼ਹਿਰ ਦੀ ਤਸਵੀਰ ਹੈ। ਇਹ ਸ਼ਹਿਰ ਇੱਕ ਗੁਲਾਮ ਹੈ, ਅਤੇ ਇਸ ਵਿਚਲੇ ਸਾਰੇ ਵਸਨੀਕ ਨੇਮ ਦੇ ਗੁਲਾਮ ਹਨ। 26 ਪਰ ਸੁਰਗੀ ਯਰੂਸ਼ਲਮ ਉਸ ਅਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ। 27 ਪੋਥੀਆਂ ਵਿੱਚ ਇਉਂ ਲਿਖਿਆ ਹੈ;“ਖੁਸ਼ ਹੋ, ਬਾਂਝ ਔਰਤ।ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ।ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ,ਅਨੰਦ ਨਾਲ ਚੀਕ ਅਤੇ ਰੌਲਾ ਪਾ।ਜਿਹੜੀ ਔਰਤ ਤਿਆਗੀ ਹੋਈ ਹੈ ਉਸਨੂੰ ਉਸਔਰਤ ਨਾਲੋਂ ਵਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” 28 ਅਬਰਾਹਾਮ ਦਾ ਇੱਕ ਪੁੱਤਰ ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਅਬਰਾਹਾਮ ਦਾ ਦੂਸਰਾ ਪੁੱਤਰ, ਇਸਹਾਕ, ਪਰਮੇਸ਼ੁਰ ਦੇ ਵਾਦੇ ਕਾਰਣ ਆਤਮਾ ਦੀ ਸ਼ਕਤੀ ਨਾਲ ਜਨਮਿਆ ਸੀ। ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਇਸਹਾਕ ਦੀ ਤਰ੍ਹਾਂ ਵਾਦੇ ਤੋਂ ਜਨਮੇ ਬੱਚੇ ਹੋ। ਆਮ ਇਨਸਾਨੀ ਢੰਗ ਵਿੱਚ ਜਨਮੇ ਪੁੱਤਰ ਨੇ ਦੂਸਰੇ ਪੁੱਤਰ ਨਾਲ ਦੂਰ ਵਿਵਹਾਰ ਕੀਤਾ। ਅੱਜ ਵੀ ਇਵੇਂ ਹੀ ਹੈ। 29 30 ਪਰ ਪੋਥੀ ਕੀ ਆਖਦੀ ਹੈ? “ਗੁਲਾਮ ਔਰਤ ਨੂੰ ਅਤੇ ਉਸਦੇ ਪੁੱਤਰ ਨੂੰ ਬਾਹਰ ਧਕ ਦਿਓ। ਅਜ਼ਾਦ ਔਰਤ ਅਤੇ ਪਿਤਾ ਦਾ ਪੁੱਤਰ ਉਸ ਹਰ ਚੀਜ਼ ਨੂੰ ਪ੍ਰਾਪਤ ਕਰੇਗਾ ਜਿਹੜੀ ਉਸਦੇ ਪਿਤਾ ਦੀ ਹੈ।” ਪਰ ਗੁਲਾਮ ਔਰਤ ਕੁਝ ਵੀ ਹਾਸਿਲ ਨਹੀਂ ਕਰੇਗੀ।” ਇਸ ਲਈ ਮੇਰੇ ਭਰਾਵੋ ਅਤੇ ਭੈਣੋ ਅਸੀਂ ਗੁਲਾਮ ਔਰਤ ਦੇ ਬੱਚੇ ਨਹੀਂ ਹਾਂ। ਅਸੀਂ ਅਜ਼ਾਦ ਔਰਤ ਦੇ ਬੱਚੇ ਹਾਂ। 31

5:1 ਹੁਣ ਤੁਸੀਂ ਅਜ਼ਾਦ ਹੋ। ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ। ਇਸ ਲਈ ਮਜਬੂਤੀ ਨਾਲ ਖਲੋਵੋ। ਬਦਲੋ ਨਾ ਅਤੇ ਮੁੜ ਕੇ ਨੇਮ ਦੀ ਗੁਲਾਮੀ ਵੱਲ ਨਾ ਪਰਤੋ। 2 ਸੁਣੋ ਮੈਂ ਪੌਲੁਸ ਹਾਂ। ਮੈਂ ਤੁਹਾਨੂੰ ਦੱਸਦਾ ਹਾਂ ਜੇਕਰ ਤੁਸੀਂ ਨੇਮ ਵੱਲ ਵਾਪਸ ਜਾਵੋ ਅਤੇ ਸੁੰਨਤੀਏ ਹੋ ਜਾਵੋ ਤਾਂ ਮਸੀਹ ਦਾ ਤੁਹਾਡੇ ਲਈ ਹੋਰ ਵਧੇਰੇ ਕੋਈ ਨਫ਼ਾ ਨਹੀਂ। 3 ਇੱਕ ਵਾਰੀ ਫ਼ੇਰ, ਮੈਂ ਹਰ ਮਨੁੱਖ ਨੂੰ ਚਿਤਾਵਨੀ ਦਿੰਦਾ ਹਾਂ; ਜੇ ਤੁਸੀਂ ਆਪਣੀ ਸੁੰਨਤ ਕਰਨ ਦਿਉਂਗੇ ਤਾਂ ਤੁਹਾਨੂੰ ਮੂਸਾ ਦੇ ਸਾਰੇ ਨੇਮਾਂ ਦਾ ਪਾਲਣ ਕਰਨਾ ਪਵੇਗਾ। 4 ਜੇ ਤੁਸੀਂ ਸ਼ਰ੍ਹਾ ਰਾਹੀਂ ਧਰਮੀ ਹੋਣ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਮਸੀਹ ਨਾਲ ਜੀਵਨ ਅੰਤ ਤੇ ਆ ਪੁਜਿਆ ਹੈ। ਤੁਸੀਂ ਪਰਮੇਸ਼ੁਰ ਦੀ ਕਿਰਪਾ ਤੋਂ ਡਿੱਗ ਚੁੱਕੇ ਹੋ। 5 ਅਸੀਂ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਹੋਣਾ ਚਾਹੁੰਦੇ ਹਾਂ। ਅਤੇ ਅਸੀਂ ਆਤਮਾ ਰਾਹੀਂ ਸਾਨੂੰ ਦਿੱਤੀ ਜਾਣ ਵਾਲੀ ਉਸ ਉਮੀਦ ਦਾ ਇੰਤਜ਼ਾਰ ਕਰ ਰਹੇ ਹਾਂ। 6 ਜਦੋਂ ਕੋਈ ਵਿਅਕਤੀ ਮਸੀਹ ਯਿਸੂ ਵਿੱਚ ਹੈ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਭਾਵੇਂ ਉਸਦੀ ਸੁੰਨਤ ਹੋਈ ਹੋਵੇ ਜਾਂ ਨਾ। ਅੱਤ ਮਹੱਤਵਪੂਰਣ ਗੱਲ ਤਾਂ ਆਸਥਾ ਦੀ ਹੈ ਜਿਹੜੀ ਪ੍ਰੇਮ ਰਾਹੀਂ ਕਾਰਜ ਕਰਦੀ ਹੈ। 7 ਤੁਸੀਂ ਬੜੀ ਚੰਗੀ ਦੌੜ ਦੌਰ ਰਹੇ ਸੀ। ਤੁਸੀਂ ਸੱਚ ਦੀ ਪਾਲਣਾ ਕਰ ਰਹੇ ਸੀ। ਕਿਸਨੇ ਤੁਹਾਨੂੰ ਸੱਚ ਦੇ ਮਾਰਗ ਦਾ ਅਨੁਸਰਣ ਕਰਨ ਤੋਂ ਰੋਕਿਆ? 8 ਇਸ ਤਰ੍ਹਾਂ ਦੀ ਪ੍ਰੇਰਣਾ ਉਸ ਇੱਕ ਵੱਲੋਂ ਨਹੀਂ ਆਉਂਦੀ ਜਿਸਨੇ ਤੁਹਾਨੂੰ ਚੁਣਿਆ ਹੈ। 9 ਹੁਸ਼ਿਆਰ ਰਹੋ। “ਬਸ ਥੋੜਾ ਜਿਹਾ ਖਮੀਰ ਆਟੇ ਦੀ ਪੂਰੀ ਤੌਣ ਨੂੰ ਉਭਾਰ ਦਿੰਦਾ ਹੈ।” 10 ਮੈਨੂੰ ਪ੍ਰਭੂ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਉਨ੍ਹਾਂ ਵਖਰੇ ਵਿਚਾਰਾਂ ਉੱਤੇ ਵਿਸ਼ਵਾਸ ਨਹੀਂ ਕਰੋਂਗੇ। ਕੋਈ ਤੁਹਾਨੂੰ ਉਲਝਾ ਰਿਹਾ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ ਸਜ਼ਾ ਪਾਵੇਗਾ। 11 ਮੇਰੇ ਭਰਾਵੋ ਅਤੇ ਭੈਣੋ ਮੈਂ ਇਹ ਸਿਖਿਆ ਨਹੀਂ ਦਿੰਦਾ ਕਿ ਲੋਕਾਂ ਦੀ ਸੁੰਨਤ ਜਰੂਰ ਹੋਣੀ ਚਾਹੀਦੀ ਹੈ। ਜੇ ਮੈਂ ਹਾਲੇ ਵੀ ਸੁੰਨਤ ਬਾਰੇ ਪ੍ਰਚਾਰ ਕਰਾਂ ਤਾਂ ਮੈਨੂੰ ਹਾਲੇ ਵੀ ਦੰਡ ਕਿਉਂ ਦਿੱਤੇ ਜਾ ਰਹੇ ਹਨ? ਜੇਕਰ ਇਹ ਸੱਚ ਹੁੰਦਾ, ਫ਼ੇਰ ਸਲੀਬ ਬਾਰੇ ਮੇਰੇ ਪ੍ਰਚਾਰ ਤੋਂ ਕੋਈ ਵੀ ਸਮਸਿਆ ਪੈਦਾ ਨਾ ਹੋਈ ਹੁੰਦੀ। 12 ਮੇਰੀ ਖਾਹਸ਼ ਹੈ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਹਨ ਆਪਣੀ ਸੁੰਨਤ ਦੇ ਨਾਲ ਖਸੀ ਹੋਣ ਨੂੰ ਵੀ ਸ਼ਾਮਿਲ ਕਰ ਲੈਣ। 13 ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਅਜ਼ਾਦ ਹੋਣ ਦਾ ਸੱਦਾ ਦਿੱਤਾ ਸੀ। ਪਰ ਇਸ ਅਜ਼ਾਦੀ ਨੂੰ ਆਪਣੇ ਪਾਪੀ ਆਪਿਆਂ ਨੂੰ ਪ੍ਰਸੰਨ ਕਰਨ ਦੇ ਅਰਥਾਂ ਵਾਂਗ ਇਸਤੇਮਾਲ ਨਾ ਕਰੋ। ਪਰ ਇੱਕ ਦੂਸਰੇ ਦੀ ਪਿਆਰ ਨਾਲ ਸੰਪੂਰਣ ਸੇਵਾ ਕਰੋ। 14 ਸਮੁੱਚਾ ਨੇਮ ਦਾ ਸਾਰਾਂਸ਼ ਇਸ ਇੱਕ ਹੁਕਮ ਵਿੱਚ ਹੈ; “ਹੋਰਾਂ ਨੂੰ ਵੀ ਉਵੇਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ।” 15 ਜੇ ਤੁਸੀਂ ਇੱਕ ਦੂਸਰੇ ਨੂੰ ਦੁਖੀ ਕਰਦੇ ਰਹੋਂਗੇ ਅਤੇ ਇੱਕ ਦੂਸਰੇ ਨੂੰ ਪਾੜਦੇ ਰਹੋਂਗ਼ੇ, ਤਾਂ ਸਚੇਤ ਰਹੋ। ਤੁਸੀਂ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਤਬਾਹ ਕਰ ਦਿਉਂਗੇ। 16 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ; ਆਤਮਾ ਦੀ ਅਗਵਾਈ ਵਿੱਚ ਜੀਓ। ਫ਼ੇਰ ਤੁਸੀਂ ਕੋਈ ਮੰਦਾ ਕੰਮ ਨਹੀਂ ਕਰੋਂਗੇ ਜਿਹੜੇ ਤੁਹਾਡੇ ਪਾਪੀ ਆਪੇ ਨੂੰ ਪਸੰਦ ਹਨ। 17 ਸਾਡੇ ਪਾਪੀ ਆਪੇ ਉਹੀ ਗੱਲਾਂ ਚਾਹੁੰਦੇ ਹਨ ਜੋ ਆਤਮਾ ਦੇ ਵਿਰੁੱਧ ਹਨ। ਆਤਮਾ ਉਹ ਗੱਲਾਂ ਚਾਹੁੰਦਾ ਹੈ ਜੋ ਸਾਡੇ ਪਾਪੀ ਆਪਿਆਂ ਦੇ ਵਿਰੁੱਧ ਹਨ। ਇਹ ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਇਸ ਲਈ ਤੁਸੀਂ ਉਹ ਕੰਮ ਨਾ ਕਰੋ ਜਿਹੜੇ ਤੁਸੀਂ ਸੱਚਮੁਚ ਕਰਨਾ ਚਾਹੁੰਦੇ ਹੋ। 18 ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨੂੰ ਆਗਿਆ ਦੇਵੋ ਤਾਂ ਤੁਸੀਂ ਨੇਮ ਦੇ ਅਧੀਨ ਨਹੀਂ ਹੋ। 19 ਮੰਦੇ ਕੰਮ, ਜਿਹੜੇ ਸਾਡਾ ਪਾਪੀ ਆਪਾ ਕਰਦਾ ਹੈ ਬੜੇ ਸਪਸ਼ਟ ਹਨ। ਜਿਨਸੀ ਗੁਨਾਹ, ਅਪਵਿੱਤਰਤਾ ਅਤੇ ਜਿਨਸੀ ਬਦੀ, 20 ਝੂਠੇ ਦੇਵੀ ਅਤੇ ਦੇਵਤਿਆਂ ਦੀ ਪੂਜਾ ਕਰਨੀ, ਜਾਦੂ ਕਰਨੇ, ਨਫ਼ਰਤ, ਝਗੜਾ, ਈਰਖਾ, ਕ੍ਰੋਧ, ਖੁਦਗਰਜ਼ੀ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਉਣਾ, ਵੰਡੀਆਂ ਪਾਉਣੀਆਂ, 21 ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ। 22 ਪਰ ਆਤਮਾ ਪ੍ਰੇਮ, ਆਨੰਦ, ਸ਼ਾਂਤੀ, ਸਬਰ, ਦਯਾ, ਚੰਗਿਆਈ, ਵਫ਼ਾਦਾਰੀ, 23 ਕੋਮਲਤਾ ਅਤੇ ਸ੍ਵੈਂ ਸੰਜਮ ਪ੍ਰਦਾਨ ਕਰਦਾ ਹੈ। ਕੋਈ ਵੀ ਨੇਮ ਅਜਿਹਾ ਨਹੀਂ ਹੈ ਜਿਹੜਾ ਇਨ੍ਹਾਂ ਚੀਜ਼ਾਂ ਨੂੰ ਗਲਤ ਆਖ ਸਕਦਾ ਹੈ। 24 ਜਿਹੜੇ ਲੋਕ ਮਸੀਹ ਯਿਸੂ ਨਾਲ ਸੰਬੰਧਿਤ ਹਨ, ਉਨ੍ਹਾਂ ਨੇ ਆਪਣੇ ਪਾਪੀ ਆਪਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਖੁਦਗਰਜ਼ੀ ਅਤੇ ਮੰਦੀਆਂ ਗੱਲਾਂ ਛੱਡ ਦਿੱਤੀਆਂ ਹਨ ਜੋ ਉਹ ਕਰਨੀਆਂ ਚਾਹੁੰਦੇ ਸਨ। 25 ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹਾਂ। ਇਸ ਲਈ ਸਾਨੂੰ ਆਤਮਾ ਦੀ ਅਗਵਾਈ ਦੇ ਅਨੁਸਾਰ ਹੀ ਵਿਹਾਰ ਕਰਨਾ ਚਾਹੀਦਾ ਹੈ। 26 ਸਾਨੂੰ ਅਭਿਮਾਨੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਕ ਦੂਸਰੇ ਨੂੰ ਭੜਕਾਉਣਾ ਨਹੀਂ ਚਾਹੀਦਾ। ਅਤੇ ਸਾਨੂੰ ਇੱਕ ਦੂਸਰੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ।

6:1 ਭਰਾਵੋ ਅਤੇ ਭੈਣੋ ਤੁਹਾਡੇ ਸਮੂਹ ਵਿੱਚੋਂ ਕੋਈ ਗਲਤੀ ਕਰ ਲਵੇ। ਤੁਸਾਂ ਆਤਮਕ ਲੋਕਾਂ ਨੂੰ ਉਸ ਪਾਪ ਕਰਨ ਵਾਲੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ, ਜਿਹੜਾ ਗਲਤ ਕਰ ਰਿਹਾ ਹੈ। ਤੁਹਾਨੂੰ ਉਸਦੀ ਫ਼ੇਰ ਠੀਕ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਨਰਮਾਈ ਨਾਲ ਕਰਨਾ ਚਾਹੀਦਾ ਹੈ। ਪਰ ਹੋਸ਼ਿਆਰ ਰਹਿਣਾ। ਤੁਹਾਨੂੰ ਵੀ ਪਾਪ ਕਰਨ ਦੀ ਉਕਸਾਹਟ ਹੋ ਸਕਦੀ ਹੈ। 2 ਆਪਣੀਆਂ ਮੁਸ਼ਕਿਲਾਂ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਸੱਚਮੁਚ ਤੁਸੀਂ ਮਸੀਹ ਦੇ ਨੇਮ ਨੂੰ ਮੰਨਦੇ ਹੋ। 3 ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ। 4 ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰੱਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉੱਪਰ ਮਾਣ ਕਰ ਸਕਦਾ ਹੈ। 5 ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ। 6 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸਿਖ ਰਿਹਾ ਹੈ ਉਸਨੂੰ ਆਪਣੀਆਂ ਸਮੂਹ ਚੰਗੀਆਂ ਚੀਜ਼ਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਿਹੜਾ ਉਸ ਨੂੰ ਸਿਖਿਆ ਦੇ ਰਿਹਾ ਹੈ। 7 ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹੜੀਆਂ ਉਹ ਬੀਜਦਾ ਹੈ। 8 ਜੇ ਇੱਕ ਵਿਅਕਤੀ ਆਪਣੇ ਪਾਪੀ ਆਪੇ ਨੂੰ ਸੰਤੁਸ਼ਟ ਕਰਨ ਲਈ ਬੀਜ ਬੀਜਦਾ ਹੈ, ਉਸਦਾ ਪਾਪੀ ਆਪਾ ਉਸ ਲਈ ਤਬਾਹੀ ਲਿਆਏਗਾ। ਪਰ ਜੇ ਕੋਈ ਵਿਅਕਤੀ ਆਪਣੇ ਆਤਮੇ ਨੂੰ ਪ੍ਰਸੰਨ ਕਰਨ ਲਈ ਬੀਜਦਾ ਹੈ ਤਾਂ ਉਹ ਆਪਣੇ ਆਤਮੇ ਪਾਸੋਂ ਸਦੀਵੀ ਜੀਵਨ ਪ੍ਰਾਪਤ ਕਰੇਗਾ। 9 ਸਾਨੂੰ ਚੰਗਿਆਈ ਕਰਦਿਆਂ ਥੱਕਣਾ ਨਹੀਂ ਚਾਹੀਦਾ। ਅਸੀਂ ਠੀਕ ਸਮੇਂ ਤੇ ਆਪਣੀ ਸਦੀਵੀ ਜੀਵਨ ਦੀ ਫ਼ਸਲ ਪ੍ਰਾਪਤ ਕਰਾਂਗੇ। ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। 10 ਇਸ ਲਈ ਜਦੋਂ ਵੀ ਸਾਡੇ ਕੋਲ ਕੋਈ ਅਵਸਰ ਹੋਵੇਂ ਅਸੀਂ ਸਾਰਿਆਂ ਲੋਕਾਂ ਲਈ ਚੰਗਾ ਕਰੀਏ। ਪਰ ਉਨ੍ਹਾਂ ਲੋਕਾਂ ਵੱਲ ਸਾਨੂੰ ਵਿਸ਼ੇਸ਼ ਪਿਆਰ ਦੇਣਾ ਚਾਹੀਦਾ ਹੈ, ਜਿਹੜੇ ਆਸਥਾਵਾਨਾਂ ਦੇ ਪਰਿਵਾਰ ਨਾਲ ਸੰਬੰਧ ਰਖਦੇ ਹਨ। 11 ਇਹ ਪੱਤਰ ਮੈਂ ਆਪਣੇ ਹੱਥੀ ਲਿਖ ਰਿਹਾ ਹਾਂ। ਦੇਖੋ ਮੈਂ ਕਿੰਨੇ ਵੱਡੇ ਅਖਰ ਵਰਤ ਰਿਹਾ ਹਾਂ। 12 ਕੁਝ ਲੋਕ ਤੁਹਾਨੂੰ ਸੁੰਨਤੀਏ ਹੋਣ ਲਈ ਮਜਬੂਰ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂ ਜੁ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਕਬੂਲਣ। ਅਤੇ ਉਹ ਤੁਹਾਨੂੰ ਸਿਰਫ਼ ਇਸ ਡਰ ਦੇ ਕਾਰਣ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਕਿ ਜੇਕਰ ਉਹ ਸਿਰਫ਼ ਮਸੀਹ ਦੀ ਸਲੀਬ ਦਾ ਅਨੁਸਰਣ ਕਰਨਗੇ, ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ। 13 ਜਿਹੜੇ ਆਦਮੀਆਂ ਦੀ ਸੁੰਨਤ ਹੋਈ ਹੁੰਦੀ ਹੈ ਉਹ ਖੁਦ ਵੀ ਨੇਮ ਨੂੰ ਨਹੀਂ ਮੰਨਦੇ। ਪਰ ਉਹ ਤੁਹਾਡੀ ਸੁੰਨਤ ਕਰਾਉਣੀ ਚਾਹੁੰਦੇ ਹਨ ਤਾਂ ਜੋ ਉਹ ਘਮੰਡ ਕਰ ਸਕਣ ਕਿ ਉਹ ਤੁਹਾਡੀ ਸੁੰਨਤ ਕਰਾਉਣ ਵਿੱਚ ਸਫ਼ਲ ਹੋ ਗਏ। 14 ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਇਹੋ ਜਿਹੀਆਂ ਗੱਲਾਂ ਉੱਤੇ ਘਮੰਡ ਨਹੀਂ ਕਰਾਂਗਾ। ਸਿਰਫ਼ ਸਾਡੇ ਪ੍ਰਭੂ ਮਸੀਹ ਯਿਸੂ ਦੀ ਸਲੀਬ ਹੀ ਉਹ ਕਾਰਣ ਹੈ ਜਿਸਤੇ ਮੈਨੂੰ ਮਾਣ ਹੈ। ਯਿਸੂ ਦੀ ਸਲੀਬ ਉੱਤੇ ਹੋਈ ਮੌਤ ਰਾਹੀਂ ਦੁਨੀਆਂ ਮੇਰੇ ਲਈ ਮਰ ਚੁੱਕੀ ਹੈ ਅਤੇ ਮੈਂ ਦੁਨੀਆਂ ਲਈ ਮਰ ਚੁਕਿਆ ਹਾਂ। 15 ਇਹ ਗੱਲ ਕੋਈ ਮਹੱਤਵ ਨਹੀਂ ਰਖਦੀ ਕਿ ਕਿਸੇ ਵਿਅਕਤੀ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਬਣਾਏ ਨਵੇਂ ਲੋਕ ਬਣਨਾ ਹੈ। 16 ਉਨ੍ਹਾਂ ਸਭ ਨੂੰ ਸ਼ਾਂਤੀ ਅਤੇ ਮਿਹਰ, ਜੋ ਇਸ ਰਿਵਾਜ਼ ਦਾ ਅਨੁਸਰਣ ਕਰਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ। 17 ਇਸ ਲਈ ਕਿਰਪਾ ਕਰਕੇ ਮੈਨੂੰ ਹੋਰ ਕਸ਼ਟ ਨਾ ਦਿਓ। ਮੇਰੇ ਸ਼ਰੀਰ ਉੱਤੇ ਜ਼ਖਮਾਂ ਦੇ ਦਾਗ ਹਨ, ਅਤੇ ਇਹ ਦਰਸ਼ਾਉਂਦੇ ਹਨ ਕਿ ਮੈਂ ਮਸੀਹ ਯਿਸੂ ਨਾਲ ਸੰਬੰਧਿਤ ਹਾਂ। 18 ਮੇਰੇ ਭਰਾਵੋ ਅਤੇ ਭੈਣੋ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਆਤਮਿਆਂ ਨਾਲ ਸਾਡੇ ਪ੍ਰਭੂ ਮਸੀਹ ਯਿਸੂ ਦੀ ਕਿਰਪਾ ਹੋਵੇ। ਆਮੀਨ।