1:1 ਅਤੀਤ ਵਿੱਚ, ਪਰਮੇਸ਼ੁਰ ਨਬੀਆਂ ਰਾਹੀਂ ਸਾਡੇ ਪੁਰਖਿਆਂ ਨਾਲ ਬੋਲਿਆ। ਪਰਮੇਸ਼ੁਰ ਨੇ ਉਨ੍ਹਾਂ ਨਾਲ ਗੱਲ ਕੀਤੀ। 2 ਅਤੇ ਹੁਣ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਨੇ ਫ਼ੇਰ ਸਾਡੇ ਨਾਲ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਡੇ ਨਾਲ Aਪਣੇ ਪੁੱਤਰ ਰਾਹੀਂ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਰੀ ਦੁਨੀਆਂ ਆਪਣੇ ਪੁੱਤਰ ਰਾਹੀਂ ਸਾਜੀ। ਪਰਮੇਸ਼ੁਰ ਨੇ ਇਸਨੂੰ ਆਪਣੇ ਪੁੱਤਰ ਰਾਹੀਂ ਸਾਜਿਆ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਦਾ ਉੱਤਰਾਧਿਕਾਰੀ ਹੋਣ ਲਈ ਚੁਣਿਆ। 3 ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹਕੇ ਰਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰਖ ਦੇ ਸੱਜੇ ਹੱਥ ਬੈਠ ਗਿਆ। 4 ਪਰਮੇਸ਼ੁਰ ਨੇ ਉਸਨੂੰ ਉਹ ਨਾਮ ਦਿੱਤਾ ਜਿਹੜਾ ਕਿਸੇ ਵੀ ਦੂਤ ਦੇ ਨਾਂ ਨਾਲੋਂ ਮਹਾਨ ਸੀ। ਅਤੇ ਉਹ ਦੂਤ ਨਾਲੋਂ ਵੀ ਕਿੰਨਾ ਵਧੇਰੇ ਮਹਾਨ ਬਣ ਗਿਆ। 5 ਪਰਮੇਸ਼ੁਰ ਨੇ ਆਪਣੇ ਕਿਸੇ ਵੀ ਦੂਤ ਨੂੰ ਅਜਿਹੀਆਂ ਗੱਲਾਂ ਨਹੀਂ ਆਖੀਆਂ;“ਤੂੰ ਮੇਰਾ ਪੁੱਤਰ ਹੈਂ;ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” ਪਰਮੇਸ਼ੁਰ ਨੇ ਕਦੇ ਵੀ ਕਿਸੇ ਦੂਤ ਨੂੰ ਨਹੀਂ ਆਖਿਆ,“ਮੈਂ ਉਸਦਾ ਪਿਤਾ ਹੋਵਾਂਗਾ,ਅਤੇ ਉਹ ਮੇਰਾ ਪੁੱਤਰ ਬਣੇਗਾ।” 6 ਅਤੇ ਜਦੋਂ ਪਰਮੇਸ਼ੁਰ ਆਪਣੇ ਪਹਿਲਾਂ ਜਨਮੇ ਪੁੱਤਰ ਨੂੰ ਦੁਨੀਆਂ ਅੰਦਰ ਲਿਆਵੇਗਾ, ਤਾਂ ਆਖਦਾ ਹੈ,“ਪਰਮੇਸ਼ੁਰ ਦੇ ਸਾਰੇ ਦੂਤ ਪੁੱਤਰ ਦੀ ਉਪਾਸਨਾ ਕਰਨ।” 7 ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ,“ਪਰਮੇਸ਼ੁਰ ਆਪਣੇ ਦੂਤਾਂ ਨੂੰ ਹਨੇਰੀਆਂ ਵਰਗਾ ਬਣਾਉਂਦਾ ਹੈਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।” 8 ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਇਹ ਆਖਿਆ:“ਹੇ ਪਰਮੇਸ਼ੁਰ, ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ,ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਗਾ। 9 ਤੂੰ ਉਸੇ ਨੂੰ ਪਿਆਰ ਕੀਤਾ ਜੋ ਸਹੀ ਹੈ ਅਤੇ ਉਸਨੂੰ ਨਫ਼ਰਤ ਕੀਤੀ ਜੋ ਗਲਤ ਹੈ।ਇਸੇ ਲਈ, ਪਰਮੇਸ਼ੁਰ ਨੇ, ਤੇਰੇ ਪਰਮੇਸ਼ੁਰ ਨੇ,ਤੈਨੂੰ ਤੇਰੇ ਸਾਥੀਆਂ ਨਾਲੋਂ ਵਧੇਰੇ ਆਨੰਦ ਦਿੱਤਾ ਹੈ।” 10 ਪਰਮੇਸ਼ੁਰ ਇਹ ਵੀ ਆਖਦਾ ਹੈ,“ਹੇ ਪ੍ਰਭੂ, ਮੁਢ ਵਿੱਚ ਤੂੰ ਧਰਤੀ ਨੂੰ ਸਾਜਿਆਅਤੇ ਤੇਰੇ ਹੱਥਾਂ ਨੇ ਅਕਾਸ਼ ਨੂੰ ਸਾਜਿਆ। 11 ਇਹ ਚੀਜ਼ਾਂ ਅਲੋਪ ਹੋ ਜਾਣਗੀਆਂ ਪਰ ਤੂੰ ਰਹੇਗਾ।ਸਾਰੀਆਂ ਚੀਜ਼ਾਂ ਕੱਪੜਿਆਂ ਵਾਂਗ ਪੁਰਾਣੀਆਂ ਹੋ ਜਾਣਗੀਆਂ। 12 ਤੂੰ ਉਨ੍ਹਾਂ ਦੀ ਕੋਟ ਵਾਂਗ ਤਹਿ ਲਾਵੇਂਗਾ।ਅਤੇ ਉਹ ਕੱਪੜਿਆਂ ਵਾਂਗ ਤਬਦੀਲ ਹੋ ਜਾਣਗੀਆਂ।ਪਰ ਤੂੰ ਕਦੇ ਤਬਦੀਲ ਨਹੀਂ ਹੋਵੇਗਾ।ਅਤੇ ਤੇਰੇ ਜੀਵਨ ਦਾ ਕਦੇ ਅੰਤ ਨਹੀਂ ਹੋਵੇਗਾ।” 13 ਅਤੇ ਪਰਮੇਸ਼ੁਰ ਨੇ ਇਹ ਕਦੇ ਵੀ ਆਪਣੇ ਕਿਸੇ ਵੀ ਦੂਤ ਨੂੰ ਨਹੀਂ ਆਖਿਆ:“ਉਦੋਂ ਤੱਕ ਮੇਰੇ ਸੱਜੇ ਪਾਸੇ ਬੈਠ ਜਦੋਂਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਨਿਯਂਤ੍ਰਣ ਹੇਠਾਂ ਨਾ ਕਰ ਦੇਵਾਂ।” 14 ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮੇ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ।
2:1 ਇਸ ਲਈ ਸਾਨੂੰ ਬਹੁਤ ਧਿਆਨ ਨਾਲ ਉਨ੍ਹਾਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸਿਖਿਆ ਦਿੱਤੀ ਗਈ ਸੀ। ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚ ਦੇ ਮਾਰਗ ਤੋਂ ਦੂਰ ਨਾ ਹੋ ਜਾਈਏ। 2 ਜਿਹੜੇ ਉਪਦੇਸ਼ (ਸ਼ਰ੍ਹਾ) ਪਰਮੇਸ਼ੁਰ ਦੇ ਦੂਤਾਂ ਰਾਹੀਂ ਦਿਤੇ ਉਨ੍ਹਾਂ ਨੂੰ ਸੱਚ ਸਾਬਤ ਕੀਤੇ ਗਏ ਸਨ। ਅਤੇ ਜਦੋਂ ਵੀ ਲੋਕ ਉਸ ਉਪਦੇਸ਼ ਦੇ ਖਿਲਾਫ਼ ਗਏ ਅਤੇ ਉਸ ਉਪਦੇਸ਼ ਦੀ ਅਵਗਿਆ ਕੀਤੀ, ਉਨ੍ਹਾਂ ਨੇ ਢੁਕਵੀਂ ਸਜ਼ਾ ਪ੍ਰਾਪਤ ਕੀਤੀ। 3 ਜਿਹੜੀ ਮੁਕਤੀ ਸਾਨੂੰ ਮਿਲੀ ਹੈ ਉਹ ਬਹੁਤ ਮਹਾਨ ਹੈ। ਇਸ ਲਈ ਜੇਕਰ ਅਸੀਂ ਅਜਿਹਾ ਸੋਚਕੇ ਜੀਵਨ ਵਤੀਤ ਕਰੀਏ ਕਿ ਇਸ ਮੁਕਤੀ ਦਾ ਕੋਈ ਮਹੱਤਵ ਨਹੀਂ, ਤਾਂ ਅਸੀਂ ਸਜ਼ਾ ਪਾਉਣ ਲਈ ਬੰਧਿਤ ਹਾਂ। ਇਹ ਪ੍ਰਭੂ ਹੀ ਸੀ ਜਿਸਨੇ ਲੋਕਾਂ ਨੂੰ ਇਸ ਮੁਕਤੀ ਬਾਰੇ ਸਭ ਤੋਂ ਪਹਿਲਾਂ ਦਸਿਆ। ਅਤੇ ਜਿਹੜੇ ਲੋਕਾਂ ਨੇ ਉਸਨੂੰ ਸੁਣਿਆ, ਸਾਨੂੰ ਇਸ ਗੱਲ ਦਾ ਸਬੂਤ ਦਿੱਤਾ ਕਿ ਇਹ ਮੁਕਤੀ ਸੱਚੀ ਹੈ। 4 ਪਰਮੇਸ਼ੁਰ ਨੇ ਵੀ ਇਸਦਾ ਸਬੂਤ ਕਰਿਸ਼ਮਿਆਂ, ਮਹਾਨ ਨਿਸ਼ਾਨਾਂ ਅਤੇ ਕਈ ਤਰ੍ਹਾਂ ਦੇ ਅਚੰਭਿਆਂ ਰਾਹੀਂ ਦਿੱਤਾ। ਅਤੇ ਉਸਨੇ ਇਸਦਾ ਸਬੂਤ ਲੋਕਾਂ ਨੂੰ ਪਵਿੱਤਰ ਆਤਮਾ ਵੱਲੋਂ ਦਿੱਤੀਆਂ ਦਾਤਾਂ ਰਾਹੀਂ ਵੀ ਦਿੱਤਾ। ਉਸਨੇ ਇਹ ਦਾਤਾਂ ਆਪਣੀ ਰਜ਼ਾ ਅਨੁਸਾਰ ਦਿੱਤੀਆਂ। 5 ਪਰਮੇਸ਼ੁਰ ਨੇ ਆਉਣ ਵਾਲੀ ਨਵੀਂ ਦੁਨੀਆਂ ਉੱਪਰ ਹਕੂਮਤ ਕਰਨ ਲਈ ਦੂਤਾਂ ਦੀ ਚੋਣ ਨਹੀਂ ਕੀਤੀ। ਇਹ ਭਵਿਖ ਦੀ ਦੁਨੀਆਂ ਹੀ ਅਜਿਹੀ ਦੁਨੀਆ ਹੈ ਜਿਸ ਬਾਰੇ ਅਸੀਂ ਗੱਲਾਂ ਕਰਦੇ ਰਹੇ ਹਾਂ। 6 ਇਹ ਪੋਥੀਆਂ ਵਿੱਚ ਇੱਕ ਜਗ਼੍ਹਾ ਤੇ ਲਿਖਿਆ ਗਿਆ ਹੈ,“ਪਰਮੇਸ਼ੁਰ, ਤੂੰ ਮਨੁੱਖ ਦਾ ਧਿਆਨ ਕਿਉਂ ਰਖਦਾ ਹੈ?ਤੂੰ ਕਿਉਂ ਮਨੁੱਖ ਦੇ ਪੁੱਤਰ ਦੀ ਚਿੰਤਾ ਕਰਦਾ ਹੈ।ਕੀ ਉਹ ਇੰਨਾ ਹੀ ਮਹੱਤਵਪੂਰਣ ਹੈ? 7 ਥੋੜੇ ਜਿਹੇ ਸਮੇਂ ਲਈ, ਤੂੰ ਉਸਨੂੰ ਦੂਤਾਂ ਨਾਲੋਂ ਨੀਵਾਂ ਕਰ ਦਿੱਤਾ।ਤੂੰ ਉਸਨੂੰ ਮਹਿਮਾ ਅਤੇ ਇੱਜ਼ਤ ਤਾਜ ਵਾਂਗ ਦਿੱਤੀ ਹੈ। 8 ਤੂੰ ਹਰ ਚੀਜ਼ ਨੂੰ ਉਸਦੇ ਅਧੀਨ ਕਰ ਦਿੱਤਾ।” ਜੇ ਪਰਮੇਸ਼ੁਰ ਨੇ ਸਭ ਕੁਝ ਉਸਦੇ ਕਾਬੂ ਹੇਠਾਂ ਕਰ ਦਿੱਤਾ ਤਾਂ ਕੋਈ ਅਜਿਹੀ ਚੀਜ਼ ਨਹੀਂ ਬਚੀ ਜਿਸ ਉੱਤੇ ਉਸਦੀ ਹਕੂਮਤ ਨਹੀਂ ਸੀ। ਪਰ ਅਸੀਂ ਹਾਲੇ ਉਸਨੂੰ ਹਰ ਚੀਜ਼ ਉਪਰ ਹਕੂਮਤ ਕਰਦਿਆਂ ਨਹੀਂ ਦੇਖਦੇ। 9 ਥੋੜੇ ਪਲਾਂ ਲਈ, ਯਿਸੂ ਨੂੰ ਦੂਤਾਂ ਤੋਂ ਨੀਵਾਂ ਕੀਤਾ ਗਿਆ ਸੀ। ਪਰ ਹੁਣ ਅਸੀਂ ਉਸਨੂੰ ਮਹਿਮਾ ਅਤੇ ਸਤਿਕਾਰ ਤਾਜ ਦੀ ਤਰ੍ਹਾਂ ਪਹਿਨੇ ਹੋਏ ਦੇਖਦੇ ਹਾਂ, ਕਿਉਂਕਿ ਉਸਨੇ ਦੁਖ ਝੱਲੇ ਅਤੇ ਕਾਲਵਸ ਹੋ ਗਿਆ। ਪਰਮੇਸ਼ੁਰ ਦੀ ਕਿਰਪਾ ਦੇ ਕਾਰਣ ਯਿਸੂ ਹਰ ਮਨੁੱਖ ਲਈ ਮਰਿਆ। 10 ਪਰਮੇਸ਼ੁਰ ਹੀ ਹੈ ਜਿਸਨੇ ਸਾਰੀਆਂ ਚੀਜ਼ਾਂ ਸਾਜੀਆਂ ਅਤੇ ਇਹ ਸਮੂਹ ਚੀਜ਼ਾਂ ਉਸਦੀ ਮਹਿਮਾ ਲਈ ਸਥਿਰ ਹਨ। ਪਰਮੇਸ਼ੁਰ ਨੇ ਆਪਣੀ ਮਹਿਮਾ ਸਾਂਝੀ ਕਰਨ ਲਈ ਕਈ ਪੁੱਤਰ ਹੋਣ ਦੀ ਇੱਛਾ ਕੀਤੀ। ਇਸ ਲਈ ਪਰਮੇਸ਼ੁਰ ਨੇ ਉਹੀ ਕੀਤਾ ਜੋ ਉਹ ਕਰਨਾ ਲੋਚਦਾ ਸੀ। ਉਸਨੇ ਯਿਸੂ ਨੂੰ ਸੰਪੂਰਨ ਬਣਾਇਆ ਜਿਹੜਾ ਉਨ੍ਹਾਂ ਲੋਕਾਂ ਨੂੰ ਮੁਕਤੀ ਵੱਲ ਲੈ ਜਾਂਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਯਿਸੂ ਦੇ ਕਸ਼ਟਾਂ ਰਾਹੀਂ ਸੰਪੂਰਨ ਮੁਕਤੀਦਾਤਾ ਬਣਾਇਆ। 11 ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ। 12 ਯਿਸੂ ਆਖਦਾ ਹੈ,“ਹੇ ਪਰਮੇਸ਼ੁਰ, ਮੈਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਤੇਰੇ ਬਾਰੇ ਦੱਸਾਂਗਾ।ਤੇਰੇ ਸਾਰੇ ਲੋਕਾਂ ਦੇ ਸਨਮੁਖ ਮੈਂ ਤੇਰੇ ਗੁਣ ਗਾਵਾਂਗਾ।” 13 ਉਹ ਵੀ ਆਖਦਾ ਹੈ,“ਮੈਂ ਆਪਣਾ ਭਰੋਸਾ ਪਰਮੇਸ਼ੁਰ ਵਿੱਚ ਰਖਾਂਗਾ।” ਅਤੇ ਉਹ ਆਖਦਾ ਹੈ,“ਮੈਂ ਇਥੇ ਹਾਂ। ਅਤੇ ਉਹ ਸਾਰੇ ਬੱਚੇ ਮੇਰੇ ਨਾਲ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਮੈਨੂੰ ਦਿੱਤਾ ਹੈ।” 14 ਉਹ ਬੱਚੇ ਭੌਤਿਕ ਸ਼ਰੀਰਾਂ ਵਾਲੇ ਲੋਕ ਹਨ। ਇਸ ਲਈ ਯਿਸੂ ਖੁਦ ਉਨ੍ਹਾਂ ਵਰਗਾ ਬਣ ਗਿਆ ਅਤੇ ਉਹ ਉਸੇ ਅਨੁਭਵ ਰਾਹੀਂ ਲੰਘਿਆ ਜਿਸ ਰਾਹੀਂ ਉਹ ਵੀ ਲੰਘਦੇ ਹਨ। ਯਿਸੂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮਰਕੇ ਉਸਦਾ ਵਿਨਾਸ਼ ਕਰ ਸਕੇ ਜਿਸ ਕੋਲ ਮੌਤ ਦੀ ਸ਼ਕਤੀ ਹੈ। ਉਹ ਇੱਕ ਸ਼ੈਤਾਨ ਹੈ। 15 ਯਿਸੂ ਉਨ੍ਹਾਂ ਲੋਕਾਂ ਜਿਹਾ ਇਸ ਲਈ ਬਣਿਆ ਅਤੇ ਮਰਿਆ ਤਾਂ ਜੋ ਉਹ ਉਨ੍ਹਾਂ ਨੂੰ ਮੁਕਤ ਕਰ ਸਕੇ। ਉਹ ਮੌਤ ਦੇ ਭੈ ਕਾਰਣ ਜ਼ਿੰਦਗੀ ਭਰ ਲਈ ਗੁਲਾਮਾਂ ਵਰਗੇ ਸਨ। 16 ਇਹ ਗੱਲ ਸਾਫ਼ ਹੈ ਕਿ ਇਹ ਦੂਤ ਨਹੀਂ ਹਨ ਜਿਨ੍ਹਾਂ, ਦੀ ਸਹਾਇਤਾ ਯਿਸੂ ਕਰਦਾ ਹੈ। ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦਾ ਹੈ ਜਿਹੜੇ ਅਬਰਾਹਾਮ ਦੀ ਔਲਾਦ ਹਨ। 17 ਇਸੇ ਕਾਰਣ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਨ ਦੀ ਖਾਤਿਰ ਹਰ ਤਰ੍ਹਾਂ ਆਪਣੇ ਭਰਾਵਾਂ ਅਤੇ ਭੈਣਾਂ ਵਰਗਾ ਬਣਨਾ ਪੈਣ ਸੀ ਜੋ ਕਿ ਪਰਮੇਸ਼ੁਰ ਦੀ ਸੇਵਾ ਵਿੱਚ ਮਿਹਰਬਾਨ ਅਤੇ ਵਫ਼ਾਦਾਰ ਹੈ। ਤਾਂ ਫ਼ੇਰ ਯਿਸੂ ਲੋਕਾਂ ਦੇ ਪਾਪਾਂ ਨੂੰ ਬਖਸ਼ ਸਕੇ। 18 ਅਤੇ ਹੁਣ ਯਿਸੂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਸਕਦਾ ਹੈ ਜੋ ਭਰਮਾਏ ਗਏ ਹਨ। ਯਿਸੂ ਇਹ ਲਈ ਸਹਾਇਤਾ ਕਰ ਸਕਣ ਦੇ ਯੋਗ ਹੈ ਕਿਉਂ ਜੋ ਉਹ ਤਸੀਹਿਆਂ ਰਾਹੀਂ ਗੁਜਰਿਆ ਅਤੇ ਭਰਮਾਇਆ ਗਿਆ ਸੀ।
3:1 ਇਸ ਲਈ ਤੁਹਾਨੂੰ ਸਾਰਿਆਂ ਨੂੰ ਯਿਸੂ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਬਿਲਕੁਲ ਸਾਡੇ ਵੱਲ ਘਲਿਆ, ਅਤੇ ਉਹ ਸਾਡੇ ਵਿਸ਼ਵਾਸ ਦਾ ਸਰਦਾਰ ਜਾਜਕ ਹੈ। ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ, ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ। 2 ਪਰਮੇਸ਼ੁਰ ਨੇ ਯਿਸੂ ਨੂੰ ਸਾਡੇ ਵੱਲ ਘਲਿਆ ਅਤੇ ਉਸਨੂੰ ਸਾਡਾ ਸਰਦਾਰ ਜਾਜਕ ਬਣਾਇਆ। ਅਤੇ ਯਿਸੂ ਬਿਲਕੁਲ ਮੂਸਾ ਦੀ ਤਰ੍ਹਾਂ ਹੀ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਉਸਨੇ ਉਹੀ ਸਭ ਕੁਝ ਕੀਤਾ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ ਕਿ ਉਸਨੇ ਪਰਮੇਸ਼ੁਰ ਦੇ ਪੂਰੇ ਘਰ ਵਿੱਚ ਕਰਨਾ ਹੈ। 3 ਜਦੋਂ ਕੋਈ ਵਿਅਕਤੀ ਘਰ ਨਿਰਮਾਣ ਕਰਦਾ ਹੈ ਤਾਂ ਲੋਕ ਉਸ ਵਿਅਕਤੀ ਦੀ ਘਰ ਨਾਲੋਂ ਵਧ ਇੱਜ਼ਤ ਕਰਦੇ ਹਨ। ਯਿਸੂ ਬਾਰੇ ਵੀ ਇਵੇਂ ਹੀ ਹੈ। ਯਿਸੂ ਦੀ ਇੱਜ਼ਤ ਮੂਸਾ ਨਾਲੋਂ ਵਧੇਰੇ ਹੋਣੀ ਚਾਹੀਦੀ ਹੈ। 4 ਹਰ ਘਰ ਕਿਸੇ ਦੁਆਰਾ ਬਣਾਇਆ ਗਿਆ ਹੈ ਪਰ ਪਰਮੇਸ਼ੁਰ ਹੀ ਹੈ ਜਿਸਨੇ ਸਭ ਕੁਝ ਬਣਾਇਆ। 5 ਮੂਸਾ ਪਰਮੇਸ਼ੁਰ ਦੇ ਸਮੂਹ ਘਰ ਵਿੱਚ ਸੇਵਕ ਵਰਗਾ ਵਫ਼ਾਦਾਰ ਸੀ। ਉਸਨੇ ਲੋਕਾਂ ਨੂੰ ਉਨ੍ਹਾਂ ਲੋਕਾਂ ਬਾਰੇ ਕਿਹਾ ਜਿਹੜੀਆਂ ਪਰਮੇਸ਼ੁਰ ਉਨ੍ਹਾਂ ਨੂੰ ਭਵਿਖ ਵਿੱਚ ਆਖ ਸਕਦਾ ਸੀ। 6 ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਸ਼ੇਖੀ ਮਾਰਦੇ ਹਾਂ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ। 7 ਇਹ ਪਵਿੱਤਰ ਆਤਮਾ ਦੇ ਕਥਨ ਵਾਂਗ ਹੈ:“ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ, 8 ਤਾਂ ਬੀਤੇ ਸਮੇਂ ਦੀ ਤਰ੍ਹਾਂ ਜ਼ਿਦੀ ਨਾ ਬਣੋ, ਜਦੋਂ ਕਿ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸੀ।ਉਹੀ ਸਮਾਂ ਸੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਉਜਾੜ ਵਿੱਚ ਪਰਖਿਆ। 9 ਚਾਲੀ ਸਾਲਾਂ ਤੱਕ ਮਾਰੂਥਲ ਵਿੱਚ ਤੁਹਾਡੇ ਲੋਕਾਂ ਨੇ ਉਹ ਗੱਲਾਂ ਦੇਖੀਆਂ ਜੋ ਮੈਂ ਕੀਤੀਆਂ ਸਨ।ਪਰ ਉਨ੍ਹਾਂ ਨੇ ਮੇਰੀ ਪਰੀਖਿਆ ਲਈ ਅਤੇ ਮੇਰੇ ਸਬਰ ਦਾ ਇਮਤਿਹਾਨ ਲਿਆ। 10 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਗੁੱਸੇ ਸਾਂ।ਮੈਂ ਆਖਿਆ, ‘ਉਨ੍ਹਾਂ ਦੀਆਂ ਸੋਚਾਂ ਹਮੇਸ਼ਾਂ ਗਲਤ ਹਨ।ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੇ ਰਾਹਾਂ ਨੂੰ ਨਹੀਂ ਸਮਝਿਆ।’ 11 ਇਸ ਲਈ ਮੈਂ ਗੁੱਸੇ ਸਾਂ ਤੇ ਸੌਂਹ ਖਾਕੇ ਇਕਰਾਰ ਕੀਤਾ:‘ਉਹ ਲੋਕ ਕਦੇ ਵੀ ਮੇਰੀ ਆਰਾਮਗਾਹ ਵਿੱਚ ਦਾਖਲ ਨਹੀਂ ਹੋਣਗੇ।’” 12 ਭਰਾਵੋ ਅਤੇ ਭੈਣੋ, ਸਚੇਤ ਰਹੋ ਕਿ ਤੁਹਾਡੇ ਦਰਮਿਆਨ, ਕਿਸੇ ਕੋਲ ਵੀ ਦੁਸ਼ਟ ਦਿਲ ਨਹੀਂ ਹੋਣਾ ਚਾਹੀਦਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਅਤੇ ਤੁਹਾਨੂੰ ਜਿਉਂਦੇ ਪਰਮੇਸ਼ੁਰ ਦੇ ਅਨੁਸਰਣ ਕਰਨ ਵਿੱਚ ਵਿਘਨ ਪਾਉਂਦਾ ਹੋਵੇ। 13 ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ। 14 ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ। 15 ਇਹੀ ਹੈ ਜੋ ਪੋਥੀਆਂ ਵਿੱਚ ਲਿਖਿਆ ਗਿਆ ਹੈ:“ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ,ਤਾਂ ਉਸ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ ਜਦੋਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਸੀ।” 16 ਉਹ ਲੋਕ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਵਾਜ਼ ਸੁਣੀ ਅਤੇ ਉਸਦੇ ਖਿਲਾਫ਼ ਸਨ? ਇਹ ਉਹ ਸਮੂਹ ਲੋਕ ਸਨ ਜਿਹੜੇ ਮੂਸਾ ਰਾਹੀਂ ਮਿਸਰ ਤੋਂ ਬਾਹਰ ਲਿਆਏ ਗਏ ਸੀ। 17 ਅਤੇ ਪਰਮੇਸ਼ੁਰ ਚਾਲੀ ਸਾਲ੍ਹਾਂ ਤੱਕ ਕਿਸ ਨਾਲ ਨਰਾਜ਼ ਸੀ? ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਨਰਾਜ਼ ਸੀ ਜਿਨ੍ਹਾਂ ਨੇ ਪਾਪ ਕੀਤਾ। ਉਹ ਲੋਕ ਮਾਰੂਥਲ ਵਿੱਚ ਮਾਰੇ ਗਏ। 18 ਅਤੇ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਕੌਲ ਕੀਤਾ ਸੀ ਕਿ ਉਹ ਕਦੀ ਵੀ ਉਸਦੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਣਗੇ। ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸਦਾ ਹੁਕਮ ਨਹੀਂ ਮੰਨਿਆ। 19 ਇਸ ਲਈ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਪ੍ਰਵੇਸ਼ ਕਰਨ ਅਤੇ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂ? ਕਿਉਂਕਿ ਉਨ੍ਹਾਂ ਨੇ ਨਿਹਚਾ ਨਹੀਂ ਕੀਤੀ।
4:1 ਸਾਡੇ ਕੋਲ ਹਾਲੇ ਵੀ ਉਹ ਵਾਅਦਾ ਹੈ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕੀਤਾ ਸੀ ਕਿ ਅਸੀਂ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰ ਸਕੀਏ। ਇਸ ਲਈ ਸਾਨੂੰ ਬਹੁਤ ਸਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਸ ਵਾਅਦੇ ਤੋਂ ਵਾਂਝਾ ਨਾ ਰਹੇ। 2 ਮੁਕਤੀ ਦਾ ਮਾਰਗ ਸਾਨੂੰ ਦਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਸੁਣੇ ਪਰ ਉਸਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ। 3 ਅਸੀਂ ਲੋਕ, ਜਿਹੜੇ ਨਿਹਚਾ ਰਖਦੇ ਹਾਂ, ਪ੍ਰਵੇਸ਼ ਕਰਨ ਅਤੇ ਰੱਬੀ ਵਿਸ਼ਰਾਮ ਕਰਨ ਦੇ ਯੋਗ ਹਾਂ। ਉਵੇਂ ਹੀ ਜਿਵੇਂ ਪਰਮੇਸ਼ੁਰ ਨੇ ਆਖਿਆ,“ਕ੍ਰੋਧ ਵਿੱਚ ਮੈਂ ਸੌਂਹ ਖਾਧੀ:‘ਉਹ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ।’” ਹਾਲਾਂ ਕਿ ਪਰਮੇਸ਼ੁਰ ਦਾ ਕਾਰਜ ਉਦੋਂ ਹੀ ਸੰਪੂਰਣ ਹੋ ਚੁਕਿਆ ਸੀ, ਜਿਸ ਸਮੇਂ ਤੋਂ ਉਸਨੇ ਇਹ ਦੁਨੀਆਂ ਸਾਜੀ ਸੀ, ਉਸਨੇ ਇੰਝ ਆਖਿਆ। 4 ਪੋਥੀਆਂ ਵਿੱਚ ਇੱਕ ਜਗ਼੍ਹਾ, ਪਰਮੇਸ਼ੁਰ ਨੇ ਹਫ਼ਤੇ ਦੇ ਸੱਤਵੇਂ ਦਿਨ ਬਾਰੇ ਇਹ ਬੋਲਿਆ ਸੀ; “ਪਰਮੇਸ਼ੁਰ ਨੇ ਆਪਣੇ ਸਾਰੇ ਕਾਰਜ ਪੂਰਨ ਕਰ ਦਿੱਤੇ ਅਤੇ ਸੱਤਵੇਂ ਦਿਨ ਉਸਨੇ ਅਰਾਮ ਕੀਤਾ।” 5 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ, ਪਰਮੇਸ਼ੁਰ ਨੇ ਇਹ ਵੀ ਆਖਿਆ, “ਉਹ ਲੋਕ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਨਹੀਂ ਵੜਨਗੇ।” 6 ਇਹ ਸੱਚ ਹੈ ਕਿ ਕੁਝ ਲੋਕ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰਨਗੇ। ਪਰ ਉਹ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਕਤੀ ਦੇ ਮਾਰਗ ਬਾਰੇ ਸੁਣਿਆ ਪ੍ਰਵੇਸ਼ ਨਹੀਂ ਕੀਤਾ। ਉਨ੍ਹਾਂ ਨੇ ਇਸ ਲਈ ਪ੍ਰਵੇਸ਼ ਨਹੀਂ ਕੀਤਾ ਕਿਉਂਕਿ ਉਹ ਆਗਿਆਕਾਰੀ ਨਹੀਂ ਸਨ। 7 ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ:“ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ,ਤਾਂ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ।” 8 ਅਸੀਂ ਜਾਣਦੇ ਹਾਂ ਕੀ ਯਹੋਸ਼ੂਆ ਨੇ ਪਰਮੇਸ਼ੁਰ ਦੇ ਵਾਦੇ ਅਨੁਸਾਰ ਲੋਕਾਂ ਦੀ ਵਿਸ਼ਰਾਮ ਵਿੱਚ ਅਗਵਾਈ ਨਹੀਂ ਸੀ ਕੀਤੀ। ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਬਾਦ ਵਿੱਚ ਪਰਮੇਸ਼ੁਰ ਨੇ ਵਿਸ਼ਰਾਮ ਦੇ ਇੱਕ ਹੋਰ ਦਿਨ “ਅੱਜ ਦੇ ਦਿਨ” ਬਾਰੇ ਗੱਲ ਕੀਤੀ ਹੈ। 9 ਇਸਤੋਂ ਪਤਾ ਚਲਦਾ ਕਿ ਪਰਮੇਸ਼ੁਰ ਦੇ ਲੋਕਾਂ ਲਈ ਵਿਸ਼ਰਾਮ ਦਾ ਸੱਤਵਾਂ ਦਿਨ ਹਾਲੇ ਵੀ ਆ ਰਿਹਾ ਹੈ। 10 ਪਰਮੇਸ਼ੁਰ ਨੇ ਆਪਣੇ ਕਾਰਜ ਮੁਕਾ ਲੈਣ ਤੋਂ ਬਾਦ ਵਿਸ਼ਰਾਮ ਕੀਤਾ। ਇਸ ਲਈ ਉਹ ਵਿਅਕਤੀ ਜਿਹੜਾ ਪ੍ਰਵੇਸ਼ ਕਰਦਾ ਅਤੇ ਰੱਬੀ ਵਿਸ਼ਰਾਮ ਪਾਉਂਦਾ ਹੈ, ਉਹ ਵਿਅਕਤੀ ਹੈ ਜਿਸਨੇ ਪਰਮੇਸ਼ੁਰ ਦੀ ਤਰ੍ਹਾਂ ਆਪਣਾ ਕਾਰਜ ਮੁਕਾ ਲਿਆ ਹੈ। 11 ਇਸ ਲਈ ਅਸੀਂ ਉਸ ਵਿਸ਼ਰਾਮ ਵਿੱਚ ਵੜਨ ਲਈ ਸਖਤ ਕੋਸ਼ਿਸ਼ ਕਰੀਏ। ਸਾਨੂੰ ਅਜਿਹੇ ਢੰਗ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਉਦਾਹਰਣ ਦਾ ਅਨੁਸਰਣ ਕਰਕੇ ਉਨ੍ਹਾਂ ਵਾਂਗ ਵਿਸ਼ਰਾਮ ਨਾ ਗੁਆ ਲਵੇ, ਜੋ ਆਗਿਆਕਾਰੀ ਨਹੀਂ ਸਨ। 12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਦਾ ਨਿਰਣਾ ਕਰਦਾ ਹੈ। 13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸਕਦਾ ਹੈ। ਹਰ ਚੀਜ਼ ਉਸਦੇ ਸਾਮ੍ਹਣੇ ਖੁਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ। 14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰਖੀਏ। 15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਿਆਇਆ ਗਿਆ ਸੀ। ਪਰ ਉਸਨੇ ਕਦੇ ਪਾਪ ਨਹੀਂ ਕੀਤਾ ਸੀ। 16 ਯਿਸੂ ਨੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਮ੍ਹਣੇ ਆਉਣ ਲਈ ਸੁਤੰਤਰ ਹਾਂ। ਉਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ।
5:1 ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ। ਜਾਜਕ ਨੂੰ ਉਨ੍ਹਾਂ ਗੱਲਾਂ ਨਾਲ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਹੜੀਆਂ ਉਹ ਪਰਮੇਸ਼ੁਰ ਲਈ ਕਰਦਾ ਹੈ। ਉਸ ਜਾਜਕ ਨੂੰ ਪਾਪਾਂ ਲਈ ਪਰਮੇਸ਼ੁਰ ਨੂੰ ਤੋਹਫ਼ੇ ਅਤੇ ਕੁਰਬਾਨੀਆਂ ਅਰਪਨ ਕਰਨੀਆਂ ਚਾਹੀਦੀਆਂ ਹਨ। 2 ਸਰਦਾਰ ਜਾਜਕ ਸਮੂਹ ਲੋਕਾਂ ਵਾਂਗ ਖੁਦ ਕਮਜ਼ੋਰ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨਾਲ ਕੋਮਲ ਹੋ ਸਕਦਾ ਹੈ ਜੋ ਅਗਿਆਨੀ ਹਨ ਅਤੇ ਸਹੀ ਰਾਹ ਤੋਂ ਭਟਕਾਏ ਗਏ ਹਨ। 3 ਸਰਦਾਰ ਜਾਜਕ ਲੋਕਾਂ ਦੇ ਪਾਪ ਲਈ ਬਲੀ ਚੜਾਉਂਦਾ ਹੈ। ਪਰ ਸਰਦਾਰ ਜਾਜਕ ਖੁਦ ਕਮਜ਼ੋਰੀਆਂ ਰਖਦਾ ਹੈ। ਇਸ ਲਈ ਉਸਨੂੰ ਖੁਦ ਦੇ ਪਾਪਾਂ ਲਈ ਵੀ ਬਲੀਆਂ ਭੇਂਟ ਕਰਨੀਆਂ ਚਾਹੀਦੀਆਂ ਹਨ। 4 ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਆਰੋਨ ਵਾਂਗ, ਬੁਲਾਇਆ ਜਾਣਾ ਚਾਹੀਦਾ ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ,“ਤੂੰ ਮੇਰਾ ਪੁੱਤਰ ਹੈਂ;ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” 5 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ ਤੇ ਪਰਮੇਸ਼ੁਰ ਆਖਦਾ ਹੈ,“ਤੂੰ ਸਦਾ ਲਈ ਮਲਕਿਸਿਦਕਵਰਗਾ ਜਾਜਕ ਹੋਵੇਂਗਾ।” 6 7 ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸਨੂੰ ਮੌਤ ਤੋਂ ਬਚਾ ਸਕਦੀ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ। 8 ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਨੇ ਦੁਖ ਝੱਲੇ ਅਤੇ ਜਿਨ੍ਹਾਂ ਦੁਖਾਂ ਰਾਹੀਂ ਉਹ ਗੁਜ਼ਰਿਆ, ਉਸਨੇ ਤਾਬੇਦਾਰੀ ਸਿਖੀ। 9 ਫ਼ੇਰ ਯਿਸੂ ਸੰਪੰਨ ਸੀ। ਉਹ ਉਨ੍ਹਾਂ ਸਾਰੇ ਲੋਕਾਂ ਲਈ ਕਾਰਣ ਬਣਿਆ, ਜਿਹੜੇ ਸਦੀਵੀ ਮੁਕਤੀ ਪ੍ਰਾਪਤ ਕਰਨ ਲਈ ਉਸਨੂੰ ਮੰਨਦੇ ਹਨ। 10 ਅਤੇ ਪਰਮੇਸ਼ੁਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕਿਸਿਦਕ ਸੀ। 11 ਅਸੀਂ ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਾਂ। ਪਰ ਇਹ ਤੁਹਾਨੂੰ ਸਪਸ਼ਟ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੇ ਇਛੁੱਕ ਨਹੀਂ ਹੋ। 12 ਤੁਹਾਨੂੰ ਇੰਨਾ ਸਮਾਂ ਮਿਲ ਚੁਕਿਆ ਹੈ ਕਿ ਹੁਣ ਤੱਕ ਤਾਂ ਤੁਹਾਨੂੰ ਗੁਰੂ ਬਣ ਜਾਣਾ ਚਾਹੀਦਾ ਸੀ। ਪਰ ਤੁਹਾਨੂੰ, ਇੱਕ ਵਾਰੀ ਫ਼ੇਰ, ਪਰਮੇਸ਼ੁਰ ਦੇ ਉਪਦੇਸ਼ ਦੇ ਮੁਢਲੇ ਪਾਠ ਪਢ਼ਾਉਣ ਵਾਲੇ, ਕਿਸੇ ਵਿਅਕਤੀ ਦੀ ਲੋੜ ਹੈ। ਤੁਹਾਨੂੰ ਹਾਲੇ ਵੀ ਉਪਦੇਸ਼ ਦੀ ਦੁਧ ਵਾਂਗ ਲੋੜ ਹੈ। ਤੁਸੀਂ ਹਾਲੇ ਠੋਸ ਆਹਾਰ ਲਈ ਤਿਆਰ ਨਹੀਂ ਹੋ। 13 ਕੋਈ ਵੀ ਜਿਹੜਾ ਦੁਧ ਦੇ ਆਸਰੇ ਜਿਉਂਦਾ, ਇੱਕ ਸ਼ਿਸ਼ੂ ਹੈ। ਅਜਿਹਾ ਵਿਅਕਤੀ ਸਹੀ ਉਪਦੇਸ਼ ਬਾਰੇ ਕੁਝ ਨਹੀਂ ਜਾਣਦਾ। 14 ਪਰ ਠੋਸ ਆਹਾਰ ਉਨ੍ਹਾਂ ਲੋਕਾਂ ਲਈ ਨਹੀਂ ਹੈ ਜਿਹੜੇ ਸ਼ਿਸ਼ੂਆਂ ਵਰਗੇ ਹਨ। ਉਹ ਉਨ੍ਹਾਂ ਲਈ ਹੈ ਜਿਹੜੇ ਆਤਮਕ ਤੌਰ ਤੇ ਪ੍ਰੌਢ ਹਨ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ, ਉਨ੍ਹਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿੱਚ ਫ਼ਰਕ ਕਰਨ ਲਈ ਪੱਕਾ ਕਰ ਲਿਆ ਹੈ।
6:1 ਇਸ ਲਈ ਸਾਨੂੰ ਮਸੀਹ ਬਾਰੇ ਮੁਢਲੇ ਪਾਠ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਗੱਲਾਂ ਵੱਲ ਵਾਪਸ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਨਾਲ ਅਸੀਂ ਸ਼ੁਰੂਆਤ ਕੀਤੀ ਸੀ। ਅਸੀਂ ਮਸੀਹ ਵਿੱਚ ਆਪਣੇ ਜੀਵਨ ਦੀ ਸ਼ੁਰੂਆਤ ਪਹਿਲਾਂ ਕੀਤੀਆਂ ਮੰਦੀਆਂ ਗੱਲਾਂ ਤੋਂ ਦੂਰ ਜਾਣ ਤੋਂ ਅਤੇ ਪਰਮੇਸ਼ੁਰ ਵਿੱਚ ਵਿਸ਼ਵਾਸ ਰਾਹੀਂ ਕੀਤੀ ਸੀ। 2 ਉਸ ਸਮੇਂ, ਸਾਨੂੰ ਬਪਤਿਸਮੇ ਬਾਰੇ, ਲੋਕਾਂ ਉੱਤੇ ਹੱਥ ਰੱਖਣ ਦੇ ਖਾਸ ਵਿਖਾਵੇ ਬਾਰੇ, ਮੁਰਦਿਆਂ ਨੂੰ ਉਭਾਰੇ ਜਾਣ ਬਾਰੇ, ਅਤੇ ਸਦੀਵੀ ਨਿਆਂ ਬਾਰੇ ਸਿਖਾਇਆ ਗਿਆ ਸੀ। ਪਰ ਹੁਣ, ਸਾਨੂੰ ਅਗਾਹਾਂ ਹੋਰ ਵਧੇਰੇ ਪ੍ਰਪੱਕਤਾ ਦੇ ਉਪਦੇਸ਼ ਵੱਲ ਵਧਣਾ ਚਾਹੀਦਾ ਹੈ। 3 ਅਤੇ ਜੇ ਪਰਮੇਸ਼ੁਰ ਆਗਿਆ ਦੇਵੇ, ਤਾਂ ਅਸੀਂ ਵੀ ਇਹ ਕਰਾਂਗੇ। 4 ਜਦੋਂ ਲੋਕ ਮਸੀਹ ਦਾ ਮਾਰਗ ਛੱਡ ਚੁੱਕੇ ਹੋਣ ਤਾਂ ਕੀ ਤੁਸੀਂ ਉਨ੍ਹਾਂ ਦਾ ਜੀਵਨ ਫ਼ੇਰ ਤਬਦੀਲ ਕਰਵਾ ਸਕਦੇ ਹੋਂ? ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੂੰ ਸੱਚ ਦਾ ਪਤਾ ਹੈ। ਉਨ੍ਹਾਂ ਨੇ ਪਰਮੇਸ਼ੁਰ ਤੋਂ ਦਾਤ ਪ੍ਰਾਪਤ ਕੀਤੀ ਅਤੇ ਪਵਿੱਤਰ ਆਤਮਾ ਵਿੱਚ ਸੰਮਿਲਿਤ ਹੋਏ। ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀਆਂ ਆਖੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਮਹਾਨ ਸ਼ਕਤੀ ਵੀ ਦੇਖੀ। ਉਨ੍ਹਾਂ ਨੇ ਖੁਦ ਦੇਖਿਆ ਕਿ ਉਹ ਸਾਰੀਆਂ ਗੱਲਾਂ ਬਹੁਤ ਚੰਗੀਆਂ ਸਨ। ਪਰ ਫ਼ੇਰ ਉਨ੍ਹਾਂ ਨੇ ਯਿਸੂ ਦਾ ਮਾਰਗ ਛੱਡ ਦਿੱਤਾ। ਉਨ੍ਹਾਂ ਲੋਕਾਂ ਨੂੰ ਆਪਣਾ ਜੀਵਨ ਤਬਦੀਲ ਕਰਾਉਣਾ ਅਤੇ ਮਸੀਹ ਕੋਲ ਵਾਪਸ ਆਉਣਾ ਸੰਭਵ ਨਹੀਂ। ਕਿਉਂ? ਕਿਉਂਕਿ ਉਹ ਲੋਕ ਜਿਨ੍ਹਾਂ ਨੇ ਮਸੀਹ ਦਾ ਮਾਰਗ ਛੱਡ ਦਿੱਤਾ ਹੈ, ਅਸਲ ਵਿੱਚ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਫ਼ੇਰ ਤੋਂ ਸਲੀਬ ਉੱਤੇ ਠੋਕ ਰਹੇ ਹਨ ਅਤੇ ਸਮੂਹ ਲੋਕਾਂ ਸਾਮ੍ਹਣੇ ਉਸ ਲਈ ਸ਼ਰਮ ਲਿਆਉਂਦੇ ਹਨ। 5 6 7 ਉਹ ਲੋਕ ਉਸ ਧਰਤੀ ਵਰਗੇ ਹਨ ਜਿਹੜੀ ਬਹੁਤ ਵਰਖਾ ਪ੍ਰਾਪਤ ਕਰਦੀ ਹੈ। ਕਿਸਾਨ ਉਸ ਧਰਤੀ ਤੇ ਬੀਜ ਬੀਜਦਾ ਹੈ ਅਤੇ ਉਸਦੀ ਦੇਖ-ਭਾਲ ਕਰਦਾ ਹੈ ਤਾਂ ਜੋ ਉਹ ਇਸਤੋਂ ਅਨਾਜ਼ ਪਾ ਸਕੇ। ਜੇਕਰ ਉਹ ਜ਼ਮੀਨ ਉਨ੍ਹਾਂ ਲਈ ਫ਼ਸਲਾਂ ਉਗਾਉਂਦੀ ਹੈ ਜੋ ਉਸਤੇ ਵਾਹੀ ਕਰਦੇ ਹਨ, ਉਹ ਧਰਤੀ ਪਰਮੇਸ਼ੁਰ ਦੁਆਰਾ ਅਸੀਸਮਈ ਹੈ। 8 ਪਰ ਜੇ ਉਹ ਧਰਤੀ ਘਾਹ-ਪਤੇ ਤੇ ਕੰਡੇ ਉਗਾਉਂਦੀ ਹੈ ਤਾਂ ਬੇਕਾਰ ਹੈ। ਉਸ ਧਰਤੀ ਨੂੰ ਇਹ ਖਤਰਾ ਹੈ ਕਿ ਉਸ ਉੱਪਰ ਪਰਮੇਸ਼ੁਰ ਦੀ ਫ਼ਿਟਕਾਰ ਹੋਵੇਗੀ। ਅਤੇ ਉਸ ਧਰਤੀ ਨੂੰ ਅੱਗ ਰਾਹੀਂ ਤਬਾਹ ਕਰ ਦਿੱਤਾ ਜਾਵੇਗਾ। 9 ਪਿਆਰੇ ਮਿੱਤਰੋ, ਅਸੀਂ ਇਹ ਗੱਲਾਂ ਤੁਹਾਨੂੰ ਆਖ ਰਹੇ ਹਾਂ। ਪਰ ਅਸੀਂ ਤੁਹਾਡੇ ਪਾਸੋਂ ਵਧੇਰੇ ਚੰਗੀਆਂ ਗੱਲਾਂ ਦੀ ਆਸ ਰਖਦੇ ਹਾਂ। ਸਾਨੂੰ ਯਕੀਨ ਹੈ ਕਿ ਤੁਸੀਂ ਮੁਕਤੀ ਬਾਰੇ ਉਹ ਗੱਲਾਂ ਕਰੋਂਗੇ। 10 ਪਰਮੇਸ਼ੁਰ ਨਿਆਂਈ ਹੈ। ਪਰਮੇਸ਼ੁਰ ਉਸ ਸਾਰੇ ਕੰਮ ਨੂੰ ਚੇਤੇ ਰਖੇਗਾ ਜਿਹੜਾ ਤੁਸੀਂ ਕੀਤਾ ਹੈ। ਅਤੇ ਪਰਮੇਸ਼ੁਰ ਚੇਤੇ ਰਖੇਗਾ ਕਿ ਤੁਸੀਂ ਉਸਦੇ ਲੋਕਾਂ ਦੀ ਸਹਾਇਤਾ ਉਸ ਨਾਲ ਆਪਣਾ ਪਿਆਰ ਪ੍ਰਗਟ ਕਰਨ ਲਈ ਕੀਤੀ ਹੈ। ਅਤੇ ਪਰਮੇਸ਼ੁਰ ਚੇਤੇ ਰਖੇਗਾ ਕਿ ਤੁਸੀਂ ਉਸਦੇ ਲੋਕਾਂ ਦੀ ਸਹਾਇਤਾ ਨਿਰੰਤਰ ਕਰ ਰਹੇ ਹੋ। 11 ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜੀਵਨ ਭਰ ਉਹੀ ਮੁਸ਼ਕਿਲ ਕੰਮ ਕਰਦੇ ਰਹੋ। ਫ਼ੇਰ ਤੁਸੀਂ ਨਿਸ਼ਚਿਤ ਹੀ ਉਹ ਮਹਾਨ ਚੀਜ਼ ਪ੍ਰਾਪਤ ਕਰੋਂਗੇ ਜਿਸਦੀ ਤੁਸੀਂ ਉਮੀਦ ਕਰ ਰਹੇ ਸੀ। 12 ਅਸੀਂ ਇਹ ਨਹੀਂ ਚਾਹੁੰਦੇ ਕਿ ਤੁਸੀਂ ਆਲਸੀ ਬਣੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਵਰਗੇ ਬਣੋ ਜਿਹੜੇ ਪਰਮੇਸ਼ੁਰ ਵਲੋਂ ਵਾਦਾ ਕੀਤੀਆਂ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ। ਉਨ੍ਹਾਂ ਲੋਕਾਂ ਨੇ ਆਪਣੇ ਵਿਸ਼ਵਾਸ ਅਤੇ ਸਬਰ ਦੇ ਕਾਰਣ ਪਰਮੇਸ਼ੁਰ ਦੇ ਵਾਦਿਆਂ ਨੂੰ ਪ੍ਰਾਪਤ ਕੀਤਾ ਹੈ। 13 ਪਰਮੇਸ਼ੁਰ ਨੇ ਅਬਰਾਹਾਮ ਨਾਲ ਇੱਕ ਵਾਦਾ ਕੀਤਾ। ਜਿਵੇਂ ਕਿ ਉਥੇ ਪਰਮੇਸ਼ੁਰ ਨਾਲੋਂ ਵਡੇਰਾ ਕੋਈ ਨਹੀਂ ਸੀ, ਉਸਨੇ ਸੌਂਹ ਖਾਣ ਲਈ ਆਪਣਾ ਹੀ ਨਾਂ ਇਸਤੇਮਾਲ ਕੀਤਾ ਕਿ ਉਹ ਉਹੀ ਕਰੇਗਾ ਜਿਸਦਾ ਉਸਨੇ ਵਾਦਾ ਕੀਤਾ ਸੀ। 14 ਪਰਮੇਸ਼ੁਰ ਨੇ ਆਖਿਆ, “ਮੈਂ ਸੱਚਮੁਚ ਤੈਨੂੰ ਅਸੀਸਾਂ ਦਿੰਦਾ ਹਾਂ। ਮੈਂ ਤੈਨੂੰ ਬਹੁਤ ਬਹੁਤ ਉਲਾਦਾਂ ਦੇਵਾਂਗਾ।” 15 ਬਰਾਹਾਮ ਨੇ ਸਬਰ ਨਾਲ ਇਸਦਾ ਇੰਤਜ਼ਾਰ ਕੀਤਾ ਅਤੇ ਬਾਦ ਵਿੱਚ ਅਬਰਾਹਾਮ ਨੇ ਉਹ ਪ੍ਰਾਪਤ ਕੀਤਾ ਜਿਸਦਾ ਪਰਮੇਸ਼ੁਰ ਨੇ ਉਸ ਨਾਲ ਵਾਦਾ ਕੀਤਾ ਸੀ। 16 ਜਦੋਂ ਲੋਕ ਸੌਂਹ ਖਾਂਦੇ ਹਨ, ਉਹ ਹਮੇਸ਼ਾ ਆਪਣੇ ਆਪ ਤੋਂ ਮਹਾਨ ਵਿਅਕਤੀ ਨੂੰ ਵਰਤਦੇ ਹਨ। ਇਹ ਸੌਂਹ ਇਸ ਤਥ ਦਾ ਸਬੂਤ ਹੈ ਕਿ ਜੋ ਕੁਝ ਵੀ ਉਹ ਆਖਦੇ ਹਨ ਸੱਚ ਹੈ ਅਤੇ ਸਾਰੀਆਂ ਦਲੀਲਾਂ ਲਈ ਵੀ ਅੰਤ ਹੈ। 17 ਪਰਮੇਸ਼ੁਰ ਇਹ ਚਾਹੁੰਦਾ ਸੀ ਕਿ ਉਸਦਾ ਵਾਦਾ ਸੱਚਾ ਹੈ। ਪਰਮੇਸ਼ੁਰ ਇਹ ਸਬੂਤ ਉਨ੍ਹਾਂ ਲੋਕਾਂ ਲਈ ਚਾਹੁੰਦਾ ਸੀ ਜੋ ਉਸਦੇ ਵਾਦੇ ਨੂੰ ਪ੍ਰਾਪਤ ਕਰਨ ਵਾਲੇ ਸਨ। ਉਹ ਚਾਹੁੰਦਾ ਸੀ ਕਿ ਉਹ ਲੋਕ ਸਪਸ਼ਟਤਾ ਨਾਲ ਸਮਝ ਲੈਣ ਕਿ ਉਹ ਆਪਣੀਆਂ ਯੋਜਨਾਵਾਂ ਤਬਦੀਲ ਨਹੀਂ ਕਰੇਗਾ। ਇਸ ਲਈ ਜੋ ਪਰਮੇਸ਼ੁਰ ਨੇ ਆਖਿਆ ਵਾਪਰੇਗਾ, ਉਸਨੇ ਇਹ ਇੱਕ ਸੌਂਹ ਖਾਕੇ ਸਾਬਤ ਕਰ ਦਿੱਤਾ। 18 ਇਹ ਦੋ ਗੱਲਾਂ ਕਦੇ ਵੀ ਨਹੀਂ ਬਦਲਣਗੀਆਂ। ਜਦੋਂ ਵੀ ਪਰਮੇਸ਼ੁਰ ਕੁਝ ਆਖਦਾ ਹੈ, ਉਹ ਝੂਠ ਨਹੀਂ ਬੋਲਦਾ ਅਤੇ ਜਦੋਂ ਉਹ ਕੌਲ ਕਰਦਾ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ।ਇਸ ਲਈ ਅਸੀਂ ਸੁਰਖਿਆ ਲਈ ਪਰਮੇਸ਼ੁਰ ਕੋਲ ਭੱਜ ਪਏ ਹਾਂ, ਇਸ ਗੱਲ ਨੇ ਸਾਨੂੰ ਬਹੁਤ ਦਿਲਾਸਾ ਦਿੱਤਾ ਹੈ। ਇਹ ਦੋਵੇ ਗੱਲਾਂ ਸਾਨੂੰ ਦਿਲਾਸਾ ਅਤੇ ਤਾਕਤ ਦਿੰਦੀਆਂ ਹਨ, ਤਾਂ ਜੋ ਅਸੀਂ ਉਸ ਉਮੀਦ ਨੂੰ ਜਾਰੀ ਰੱਖੀਏ ਜਿਹੜੀ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ 19 ਸਾਨੂੰ ਇਸ ਉਮੀਦ ਦਾ ਅਧਿਕਾਰ ਹੈ। ਅਤੇ ਇਹ ਲੰਗਰ ਦੀ ਤਰ੍ਹਾਂ ਹੈ। ਇਹ ਮਜ਼ਬੂਤ ਅਤੇ ਭਰੋਸੇਯੋਗ ਹੈ ਅਤੇ ਸਾਡੇ ਆਤਮੇ ਲਈ ਸੁਰਖਿਆ ਹੈ। ਇਹਪਰਦੇ ਪਿਛੇ ਸਭ ਤੋਂ ਪਵਿੱਤਰ ਥਾਂ ਸਵਰਗੀ ਮੰਦਰ ਵਿੱਚ ਜਾਂਦੀ ਹੈ। 20 ਯਿਸੂ ਪਹਿਲਾਂ ਹੀ ਉੱਥੇ ਪ੍ਰਵੇਸ਼ ਪਾ ਚੁਕਿਆ ਹੈ ਅਤੇ ਉਸਨੇ ਸਾਡੇ ਲਈ ਰਾਹ ਖੋਲ੍ਹ ਦਿੱਤਾ ਹੈ। ਯਿਸੂ ਹਮੇਸ਼ਾ ਲਈ ਮਲਕਿਸਿਦਕ ਵਾਂਗ ਇੱਕ ਸਰਦਾਰ ਜਾਜਕ ਬਣ ਗਿਆ ਹੈ।
7:1 ਮਲਕਿਸਿਦਕ ਸਲੇਮ ਦਾ ਰਾਜਾ ਸੀ ਅਤੇ ਸਭ ਤੋਂ ਉੱਚੇ ਪਰਮੇਸ਼ੁਰ ਦਾ ਜਾਜਕ ਸੀ। ਜਦੋਂ ਅਬਰਾਹਾਮ ਰਾਜਿਆਂ ਨੂੰ ਹਰਾ ਕੇ ਵਾਪਸ ਪਰਤ ਰਿਹਾ ਸੀ ਤਾਂ ਮਲਿਕਸਿਦਕ ਨੇ ਅਬਰਾਹਾਮ ਨੂੰ ਮਿਲਿਆ। ਉਸ ਦਿਨ ਮਲਕਿਸਿਦਕ ਨੇ ਅਬਰਾਹਾਮ ਨੂੰ ਅਸੀਸ ਦਿੱਤੀ। 2 ਅਤੇ ਅਬਰਾਹਾਮ ਨੇ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ।ਮਲਕਿਸਿਦਕ ਦੇ ਨਾਂ ਸਲੇਮ ਦੇ ਰਾਜੇ ਦੇ ਦੋ ਅਰਥ ਹਨ। ਪਹਿਲਾਂ ਮਲਕਿਸਿਦਕ ਦਾ ਅਰਥ “ਚੰਗਿਆਈ ਦਾ ਰਾਜਾ,” ਅਤੇ, “ਸਲੇਮ ਦਾ ਰਾਜਾ,” ਦਾ ਮਤਲਬ ਹੈ “ਸ਼ਾਂਤੀ ਦਾ ਰਾਜਾ” 3 “ਕੋਈ ਨਹੀਂ ਜਾਣਦਾ ਕਿ ਮਲਕਿਸਿਦਕ ਦੇ ਮਾਤਾ ਪਿਤਾ ਕੌਣ ਸਨ ਜਾਂ ਉਹ ਕਿਥੋਂ ਆਇਆ ਸੀ।” ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਪੈਦਾ ਹੋਇਆ ਅਤੇ ਕਦੋਂ ਮਰਿਆ। ਮਲਕਿਸਿਦਕ ਪਰਮੇਸ਼ੁਰ ਦੇ ਪੁੱਤਰ ਵਰਗਾ ਸੀ ਅਤੇ ਉਹ ਸਦਾ ਇੱਕ ਜਾਜਕ ਬਣਨਾ ਜਾਰੀ ਰਖਦਾ ਹੈ। 4 ਤੁਸੀਂ ਦੇਖ ਸਕਦੇ ਹੋ ਕਿ ਮਲਕਿਸਿਦਕ ਬਹੁਤ ਮਹਾਨ ਸੀ। ਅਬਰਾਹਾਮ ਇੱਕ ਮਹਾਨ ਪਿਤਾ ਨੇ ਲੜਾਈ ਵਿੱਚ ਜਿੱਤੀ ਹੋਈ ਆਪਣੀ ਹਰ ਸ਼ੈਅ ਦਾ ਦਸਵਾਂ ਹਿੱਸਾ ਮਲਕਿਸਿਦਕ ਨੂੰ ਦੇ ਦਿੱਤਾ। 5 ਹੁਣ ਨੇਮ ਆਖਦਾ ਹੈ, ਕਿ ਲੇਵੀ ਦੇ ਘਰਾਣੇ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਜਾਜਕ ਬਣਦੇ ਹਨ, ਲੋਕਾਂ ਪਾਸੋਂ ਦਸਵੰਧ ਮਿਲਣਾ ਚਾਹੀਦਾ ਹੈ। ਜਾਜਕ ਇਸ ਨੂੰ ਆਪਣੇ ਲੋਕਾਂ ਪਾਸੋਂ ਇਕੱਠਾ ਕਰਦੇ ਹਨ, ਭਾਵੇਂ ਜਾਜਕ ਅਤੇ ਉਹ ਲੋਕ ਦੋਵੇਂ ਹੀ ਅਬਰਾਹਾਮ ਦੇ ਪਰਿਵਾਰ ਵਿੱਚੋਂ ਸਨ। 6 ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ। ਪਰ ਉਸਨੇ ਅਬਰਾਹਾਮ ਕੋਲੋਂ ਦਸਵੰਧ ਹਾਸਿਲ ਕੀਤਾ। ਅਤੇ ਉਸਨੇ ਅਬਰਾਹਾਮ ਨੂੰ - ਉਸ ਵਿਅਕਤੀ ਨੂੰ ਜਿਸਦੇ ਕੋਲ ਪਰਮੇਸ਼ੁਰ ਦੇ ਵਾਦੇ ਸਨ - ਅਸੀਸ ਦਿੱਤੀ। 7 ਅਤੇ ਸਾਰੇ ਲੋਕ ਜਾਣਦੇ ਹਨ ਕਿ ਵਧੇਰੇ ਮਹੱਤਵਪੂਰਣ ਵਿਅਕਤੀ ਘੱਟ ਮਹੱਤਵਪੂਰਣ ਵਿਅਕਤੀ ਨੂੰ ਅਸੀਸ ਦਿੰਦਾ ਹੈ। 8 ਇਹ ਜਾਜਕ ਦਸਵੰਧ ਪ੍ਰਾਪਤ ਕਰਦੇ ਹਨ ਪਰ ਉਹ ਇਨਸਾਨ ਹਨ ਜਿਉਂਦੇ ਅਤੇ ਮਰ ਜਾਂਦੇ ਹਨ। ਪਰ ਮਲਕਿਸਿਦਕ, ਜਿਸਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ, ਜੋ ਪੋਥੀਆਂ ਵਿੱਚ ਆਖਿਆ ਹੈ, ਉਸਦੇ ਅਨੁਸਾਰ ਸਦੀਵੀ ਜਿਉਂਦਾ ਹੈ। 9 ਇਹ ਲੇਵੀ ਹੈ ਜਿਹੜਾ ਲੋਕਾਂ ਪਾਸੋਂ ਦਸਵੰਧ ਇਕਠਾ ਕਰਦਾ ਹੈ ਪਰ ਅਸੀਂ ਆਖ ਸਕਦੇ ਹਾਂ ਕਿ ਜਦੋਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ, ਲੇਵੀ ਨੇ ਵੀ ਉਸਨੂੰ ਦਸਵੰਧ ਦਿੱਤਾ। 10 ਲੇਵੀ ਤਾਂ ਹਾਲੇ ਪੈਦਾ ਹੀ ਨਹੀਂ ਸੀ ਹੋਇਆ। ਪਰ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਹਾਲੇ ਆਪਣੇ ਪੁਰਖੇ ਅਬਰਾਹਾਮ ਦੇ ਸ਼ਰੀਰ ਵਿੱਚ ਹੀ ਸੀ। 11 ਲੋਕਾਂ ਨੂੰ ਲੇਵੀ ਦੇ ਘਰਾਣੇ ਵੱਲੋਂ ਜਾਜਕ-ਵਰਗ ਦੇ ਅਧਾਰ ਤੇ ਸ਼ਰ੍ਹਾ ਦਿੱਤੀ ਗਈ ਸੀ। ਪਰ ਲੋਕਾਂ ਨੂੰ ਜਾਜਕਾਂ ਦੀ ਉਸ ਬਿਵਸਥਾ ਰਾਹੀਂ ਆਤਮਕ ਤੌਰ ਤੇ ਪੂਰਣ ਨਹੀਂ ਬਣਾਇਆ ਜਾ ਸਕਿਆ। ਇਸ ਲਈ ਕਿਸੇ ਹੋਰ ਜਾਜਕ ਦੀ ਆਮਦ ਦੀ ਲੋੜ ਸੀ। ਮੇਰਾ ਭਾਵ ਹੈ ਉਸ ਜਾਜਕ ਦੀ ਜਿਹੜਾ ਆਰੋਨ ਵਰਗਾ ਨਹੀਂ ਸਗੋਂ ਮਲਕਿਸਿਦਕ ਵਰਗਾ ਹੋਵੇ। 12 ਅਤੇ ਜਦੋਂ ਇੱਕ ਵੱਖਰੀ ਤਰ੍ਹਾਂ ਦਾ ਜਾਜਕ ਆਉਂਦਾ ਹੈ, ਤਾਂ ਸ਼ਰ੍ਹਾ ਵੀ ਬਦਲੀ ਜਾਣੀ ਚਾਹੀਦੀ ਹੈ। 13 ਅਸੀਂ ਇਹ ਗੱਲਾਂ ਮਸੀਹ ਬਾਰੇ ਆਖ ਰਹੇ ਹਾਂ। ਉਹ ਇੱਕ ਵੱਖਰੇ ਪਰਿਵਾਰਕ ਸਮੂਹ ਤੋਂ ਸੀ। ਉਸ ਘਰਾਣੇ ਵਿੱਚੋਂ ਕਦੇ ਵੀ ਕਿਸੇ ਨੇ ਜਗਵੇਦੀ ਤੇ ਇੱਕ ਜਾਜਕ ਦੀ ਤਰ੍ਹਾਂ ਸੇਵਾ ਨਹੀਂ ਕੀਤੀ। 14 ਕਿਉਂਕਿ ਇਹ ਸਪਸ਼ਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਘਰਾਣੇ ਵਿੱਚੋਂ ਸੀ ਅਤੇ ਮੂਸਾ ਇਸ ਘਰਾਣੇ ਵਿੱਚੋਂ ਜਾਜਕਾਂ ਬਾਰੇ ਕਦੇ ਕੁਝ ਨਹੀਂ ਬੋਲਿਆ। 15 ਅਤੇ ਇਹ ਗੱਲਾਂ ਹੋਰ ਵੀ ਸਾਗ ਹੋ ਜਾਂਦੀਆਂ ਹਨ। ਅਸੀਂ ਦੇਖਦੇ ਹਾਂ ਕਿ ਇੱਕ ਹੋਰ ਜਾਜਕ ਆਉਂਦਾ ਹੈ ਜਿਹੜਾ ਮਲਕਿਸਿਦਕ ਵਰਗਾ ਹੈ। 16 ਉਹ ਨਾ ਹੀ ਸ਼ਰ੍ਹਾ ਦੁਆਰਾ ਤੇ ਨਾ ਹੀ ਉਸਦੇ ਇਨਸਾਨੀ ਪਰਿਵਾਰ ਦੇ ਅਸੂਲਾਂ ਕਾਰਣ, ਜਾਜਕ ਬਣਿਆ। ਉਹ ਆਪਣੇ ਜੀਵਨ ਦੀ ਉਸ ਸ਼ਕਤੀ ਦੁਆਰਾ ਜਾਜਕ ਬਣਿਆ ਜਿਹੜੀ ਸਦਾ ਜਾਰੀ ਰਹਿੰਦੀ ਹੈ। 17 ਉਸ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੈ; “ਤੂੰ ਮਲਕਿਸਿਦਕ ਦੀ ਤਰ੍ਹਾਂ ਇੱਕ ਸਦੀਵੀ ਜਾਜਕ ਹੈ।” 18 ਪੁਰਾਣਾ ਨੇਮ (ਸ਼ਰ੍ਹਾ) ਹੁਣ ਅੰਤ ਤੇ ਆਣ ਪੁਜਿਆ ਹੈ ਕਿਉਂਕਿ ਇਹ ਕਮਜ਼ੋਰ ਤੇ ਵਿਅਰਥ ਸੀ। 19 ਮੂਸਾ ਦੀ ਸ਼ਰ੍ਹਾ ਕਿਸੇ ਚੀਜ਼ ਨੂੰ ਵੀ ਸੰਪੂਰਣ ਨਹੀਂ ਬਣਾ ਸਕਦੀ ਸੀ। ਅਤੇ ਹੁਣ ਸਾਨੂੰ ਬਿਹਤਰ ਉਮੀਦ ਪ੍ਰਦਾਨ ਕੀਤੀ ਗਈ ਹੈ। ਅਤੇ ਉਸ ਉਮੀਦ ਨਾਲ ਅਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ ਸਕਦੇ ਹਾਂ। 20 ਇਹ ਮਹੱਤਵਪੂਰਣ ਹੈ ਕਿ ਜਦੋਂ ਪਰਮੇਸ਼ੁਰ ਨੇ ਯਿਸੂ ਨੂੰ ਇੱਕ ਸਰਦਾਰ ਜਾਜਕ ਬਣਾਇਆ, ਉਸਨੇ ਇੱਕ ਸੌਂਹ ਖਾਧੀ। ਜਦੋਂ ਦੂਸਰੇ ਜਾਜਕ ਬਣਾਏ ਗਏ ਸਨ, ਉਥੇ ਕੋਈ ਸੌਂਹ ਨਹੀਂ ਸੀ। 21 ਪਰ ਯਿਸੂ ਪਰਮੇਸ਼ੁਰ ਦੀ ਸੌਂਹ ਅਨੁਸਾਰ ਜਾਜਕ ਬਣਿਆ। ਪਰਮੇਸ਼ੁਰ ਨੇ ਉਸਨੂੰ ਆਖਿਆ,“ਪ੍ਰਭੂ ਨੇ ਇੱਕ ਸੌਂਹ ਖਾਧੀ ਹੈ,ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:‘ਤੂੰ ਸਦਾ ਲਈ ਇੱਕ ਜਾਜਕ ਹੈ।’” 22 ਇਸ ਲਈ ਇਸ ਦਾ ਅਰਥ ਹੈ ਕਿ ਯਿਸੂ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਬਿਹਤਰ ਕਰਾਰ ਦੀ ਜ਼ਾਮਨੀ (ਜਮਾਨਤ) ਹੈ। 23 ਅਤੇ, ਜਦੋਂ ਉਨ੍ਹਾਂ ਹੋਰਨਾਂ ਜਾਜਕਾਂ ਵਿੱਚੋਂ ਕੋਈ ਮਰ ਜਾਂਦਾ ਸੀ ਤਾਂ ਉਹ ਜਾਜਕ ਬਣਿਆ ਨਹੀਂ ਸੀ ਰਹਿ ਸਕਦਾ। ਇਸ ਲਈ ਉਹੋ ਜਿਹੇ ਅਨੇਕਾਂ ਜਾਜਕ ਸਨ। 24 ਪਰ ਯਿਸੂ ਸਦਾ ਜਿਉਂਦਾ ਹੈ। ਉਹ ਕਦੇ ਵੀ ਜਾਜਕ ਹੋਣ ਤੋਂ ਨਹੀਂ ਹਟੇਗਾ। 25 ਇਸ ਲਈ ਮਸੀਹ ਉਨ੍ਹਾਂ ਲੋਕਾਂ ਨੂੰ ਮੁਕਤੀ ਦੇ ਸਕਦਾ ਹੈ ਜਿਹੜੇ ਉਸਦੇ ਰਾਹੀਂ ਪਰਮੇਸ਼ੁਰ ਵੱਲ ਆਉਂਦੇ ਹਨ। ਮਸੀਹ ਸਦੀਵ ਕਾਲ ਲਈ ਅਜਿਹਾ ਕਰ ਸਕਦਾ ਹੈ ਕਿਉਂਕਿ ਉਹ ਸਦਾ ਜਿਉਂਦਾ ਹੈ, ਲੋਕਾਂ ਦੀ ਸਹਾਇਤਾ ਲਈ ਤਤਪਰ ਹੈ ਜਦੋਂ ਉਹ ਪਰਮੇਸ਼ੁਰ ਦੇ ਸਨਮੁਖ ਆਉਂਦੇ ਹਨ। 26 ਇਸ ਲਈ ਯਿਸੂ ਇੱਕ ਤਰ੍ਹਾਂ ਦਾ ਸਰਦਾਰ ਜਾਜਕ ਹੈ ਜਿਸਦੀ ਸਾਨੂੰ ਲੋੜ ਹੈ। ਉਹ ਪਵਿੱਤਰ ਹੈ ਉਸ ਵਿੱਚ ਕੋਈ ਪਾਪ ਨਹੀਂ ਹੈ। ਉਹ ਸ਼ੁਧ ਹੈ ਅਤੇ ਪਾਪੀਆਂ ਤੋਂ ਪ੍ਰਭਾਵਿਤ ਨਹੀਂ ਹੈ। ਉਹ ਸਵਰਗ ਨਾਲੋਂ ਵੀ ਉੱਚਾ ਚੁਕਿਆ ਗਿਆ ਹੈ। 27 ਉਹ ਹੋਰਨਾਂ ਜਾਜਕਾਂ ਵਰਗਾ ਨਹੀਂ ਹੈ। ਹੋਰਨਾਂ ਸਾਰੇ ਜਾਜਕਾਂ ਨੂੰ ਹਰ ਰੋਜ਼ ਬਲੀ ਦੇਣੀ ਪੈਂਦੀ ਸੀ। ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਪਾਪਾਂ ਖਾਤਰ ਬਲੀ ਦੇਣੀ ਪੈਂਦੀ ਸੀ ਅਤੇ ਫ਼ੇਰ ਆਪਣੇ ਖੁਦ ਦੇ ਪਾਪਾਂ ਲਈ। ਪਰ ਮਸੀਹ ਨੂੰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਸੀ। ਮਸੀਹ ਨੇ ਸਾਰੇ ਸਮਿਆਂ ਲਈ ਕੇਵਲ ਇੱਕ ਹੀ ਬਲੀ ਦਿੱਤੀ, ਉਸਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 28 ਸ਼ਰ੍ਹਾ ਸਰਦਾਰ ਜਾਜਕੰ ਦੀ ਚੋਣ ਉਨ੍ਹਾਂ ਲੋਕਾਂ ਵਿੱਚੋਂ ਕਰਦੀ ਹੈ ਜਿਨ੍ਹਾਂ ਦੀਆਂ ਕਮਜ਼ੋਰੀਆਂ ਲੋਕਾਂ ਵਰਗੀਆਂ ਹੀ ਹੁੰਦੀਆਂ ਹਨ। ਪਰ ਪਰਮੇਸ਼ੁਰ ਨੇ ਇੱਕ ਸੌਂਹ ਖਾਧੀ, ਜਿਹੜੀ ਸ਼ਰ੍ਹਾ ਤੋਂ ਬਾਦ ਆਈ। ਇਸ ਵਾਦੇ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਰਦਾਰ ਜਾਜਕ ਬਣਾਇਆ। ਉਹ ਪੁੱਤਰ ਸਦਾ ਲਈ ਸੰਪੂਰਣ ਬਣਾਇਆ ਗਿਆ ਸੀ।
8:1 ਜੋ ਕੁਝ ਅਸੀਂ ਆਖ ਰਹੇ ਹਾਂ ਉਸ ਵਿੱਚ ਨੁਕਤਾ ਇਹੇ ਹੈ; ਸਾਡੇ ਕੋਲ ਅਜਿਹਾ ਇੱਕ ਸਰਦਾਰ ਜਾਜਕ ਹੈ ਜਿਸ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਉਹ ਸਰਦਾਰ ਜਾਜਕ ਹੁਣ ਸਵਰਗ ਵਿੱਚ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। 2 ਉਹ ਅੱਤ ਪਵਿੱਤਰ ਸਥਾਨ ਤੇ ਸੇਵਾ ਕਰ ਰਿਹਾ ਹੈ, ਅਸਲੀ ਉਪਾਸਨਾ ਦਾ ਸਥਾਨ, ਜਿਹੜਾ ਪਰਮੇਸ਼ੁਰ ਨੇ ਬਣਾਇਆ ਹੈ ਅਤੇ ਨਾ ਕਿ ਕਿਸੇ ਇਨਸਾਨ ਨੇ। 3 ਹਰ ਸਰਦਾਰ ਜਾਜਕ ਦੇ ਜ਼ਿੰਮੇ ਪਰਮੇਸ਼ੁਰ ਨੂੰ ਬਲੀ ਅਤੇ ਤੋਹਫ਼ੇ ਅਰਪਨ ਕਰਨ ਦਾ ਕਾਰਜ ਦਿੱਤਾ ਗਿਆ ਹੈ। ਇਸ ਲਈ ਸਾਡੇ ਉਚ ਜਾਜਕ ਨੇ ਵੀ ਪਰਮੇਸ਼ੁਰ ਨੂੰ ਕੁਝ ਅਰਪਣ ਕਰਨਾ ਸੀ। 4 ਜੇ ਸਾਡਾ ਸਰਦਾਰ ਜਾਜਕ ਹੁਣ ਧਰਤੀ ਉੱਪਰ ਰਹਿ ਰਿਹਾ ਹੁੰਦਾ ਤਾਂ ਉਸਨੇ ਜਾਜਕ ਨਹੀਂ ਸੀ ਹੋਣਾ। ਅਜਿਹਾ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਇਥੇ ਪਹਿਲਾਂ ਹੀ ਜਾਜਕ ਹਨ ਜਿਹੜੇ ਸ਼ਰ੍ਹਾ ਅਨੁਸਾਰ ਪਰਮੇਸ਼ੁਰ ਨੂੰ ਤੋਹਫ਼ੇ ਭੇਂਟ ਕਰਦੇ ਹਨ। 5 ਜਿਹੜਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।” 6 ਪਰ ਜਿਹੜਾ ਕਾਰਜ ਯਿਸੂ ਨੂੰ ਸੌਂਪਿਆ ਗਿਆ ਹੈ ਉਹ ਉਨ੍ਹਾਂ ਜਾਜਕਾਂ ਨੂੰ ਸੌਂਪੇ ਹੋਏ ਕਾਰਜ ਨਾਲੋਂ ਕਿਤੇ ਵਡੇਰਾ ਹੈ। ਇਸੇ ਤਰ੍ਹਾਂ ਹੀ, ਉਹ ਕਰਾਰ, ਜੋ ਯਿਸੂ ਪਰਮੇਸ਼ੁਰ ਵੱਲੋਂ ਲੋਕਾਂ ਲਈ ਲਿਆਇਆ ਪੁਰਾਣੇ, ਕਰਾਰ ਨਾਲੋਂ ਵੀ ਕਿਤੇ ਵਡੇਰਾ ਹੈ। ਅਤੇ ਇਹ ਨਵਾਂ ਕਰਾਰ ਬਿਹਤਰ ਚੀਜ਼ਾਂ ਦੇ ਵਾਦੇ ਉੱਤੇ ਸਥਾਪਿਤ ਕੀਤਾ ਗਿਆ ਹੈ। 7 ਜੇ ਪਹਿਲੇ ਕਰਾਰ ਵਿੱਚ ਕੋਈ ਗਲਤੀ ਨਾ ਹੁੰਦੀ ਤਾਂ ਦੂਸਰੇ ਕਰਾਰ ਦੀ ਲੋੜ ਹੀ ਨਹੀਂ ਸੀ ਪੈਣੀ। 8 ਪਰ ਪਰਮੇਸ਼ੁਰ ਨੇ ਲੋਕਾਂ ਵਿੱਚ ਕੁਝ ਗਲਤੀਆਂ ਦੇਖੀਆਂ। ਪਰਮੇਸ਼ੁਰ ਨੇ ਆਖਿਆ,“ਵਕਤ ਆ ਰਿਹਾ ਹੈਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯੂਡਾ ਦੇ ਲੋਕਾਂ ਨਾਲ ਇੱਕ ਨਵਾਂ ਕਰਾਰ ਬਣਾਵਾਂਗਾ। 9 ਇਹ ਉਸ ਕਰਾਰ ਵਰਗਾ ਨਹੀਂ ਹੋਵੇਗਾ। ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ।ਇਹ ਕਰਾਰ ਉਹ ਸੀ ਜੋ ਮੈਂ ਉਨ੍ਹਾਂ ਨੂੰ ਹੱਥ ਫ਼ੜਕੇ ਮਿਸਰ ਤੋਂ ਬਾਹਰ ਲੈ ਜਾਣ ਵੇਲੇ ਕੀਤਾ ਸੀ।ਉਨ੍ਹਾਂ ਲੋਕਾਂ ਨੇ ਉਹ ਕਰਾਰ ਨਿਭਾਉਣਾ ਜਾਰੀ ਨਹੀਂ ਰੱਖਿਆ ਜਿਹੜਾ ਮੈਂ ਉਨ੍ਹਾਂ ਨਾਲ ਕੀਤਾ ਸੀਅਤੇ ਪ੍ਰਭੂ ਆਖਦਾ ਹੈ ਕਿ ਇਸੇ ਲਈ ਮੈਂ ਉਨ੍ਹਾਂ ਵੱਲ ਆਪਣੀ ਪਿਠ ਭੁਆ ਲਈ। 10 ਇਹ ਨਵਾਂ ਕਰਾਰ ਹੈ ਜਿਹੜਾ ਮੈਂ ਇਜ਼ਰਾਏਲ ਦੇ ਲੋਕਾਂ ਨਾਲ ਕਰਾਂਗਾ।ਮੈਂ ਇਹ ਨਵਾਂ ਕਰਾਰ ਆਉਣ ਵਾਲੇ ਦਿਨਾਂ ਵਿੱਚ ਦੇਵਾਂਗਾ ਪ੍ਰਭੂ ਆਖਦਾ ਹੈ।ਮੈਂ ਆਪਣੇ ਨੇਮ ਉਨ੍ਹਾਂ ਦੇ ਮਨਾਂ ਵਿੱਚ ਰੱਖ ਦਿਆਂਗਾ,ਅਤੇ ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਉੱਪਰ ਲਿਖ ਦਿਆਂਗਾ।ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾਅਤੇ ਉਹ ਮੇਰੇ ਲੋਕ ਹੋਣਗੇ। 11 ਫ਼ੇਰ ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਭਰਾ ਜਾਂ ਹੋਰਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਦੀ ਲੋੜ ਨਹੀਂ ਪਵੇਗੀ।ਤੇ ਨਾ ਹੀ ਕਿ ਪਰਮੇਸ਼ੁਰ ਨੂੰ ਜਾਣ ਬਾਰੇ ਦੱਸਣ ਦੀ ਲੋੜ ਹੋਵੇਗੀ। ਕਿਉਂਕਿ ਸਾਰੇ ਮਹਾਨ ਲੋਕ ਅਤੇ ਹੀਣ ਲੋਕ ਮੈਨੂੰ ਜਾਣ ਜਾਣਗੇ। 12 ਮੈਂ ਉਨ੍ਹਾਂ ਨੂੰ ਮੇਰੇ ਖਿਲਾਫ਼ ਕੀਤੀਆਂ ਬਦੀਆਂ ਮੁਆਫ਼ ਕਰ ਦਿਆਂਗਾਅਤੇ ਮੈਂ ਉਨ੍ਹਾਂ ਦੇ ਪਾਪਾਂ ਨੂੰ ਚੇਤੇ ਨਹੀਂ ਰਖਾਂਗਾ।” 13 ਪਰਮੇਸ਼ੁਰ ਨੇ ਇਸਨੂੰ ਨਵਾਂ ਕਰਾਰ ਆਖਿਆ, ਇਸ ਲਈ ਪਰਮੇਸ਼ੁਰ ਨੇ ਪਹਿਲੇ ਕਰਾਰ ਨੂੰ ਪੁਰਾਣਾ ਬਣਾ ਦਿੱਤਾ ਹੈ। ਅਤੇ ਜਿਹੜੀ ਚੀਜ਼ ਪੁਰਾਣੀ ਅਤੇ ਬੇਕਾਰ ਹੈ ਉਹ ਅਲੋਪ ਹੋਣ ਵਾਲੀ ਹੈ।
9:1 ਪਹਿਲੇ ਕਰਾਰ ਵਿੱਚ, ਉਥੇ ਉਪਾਸਨਾ ਵਾਸਤੇ ਅਸੂਲ ਅਤੇ ਆਦਮੀਆਂ ਦੁਆਰਾ ਬਣਾਇਆ ਉਪਾਸਨਾ ਸਥਾਨ ਸੀ। 2 ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚਢ਼ਾਈ ਖਾਸ ਰੋਟੀ ਸੀ। 3 ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ। 4 ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਿਹਰੀ ਵੇਦੀ ਸੀ ਜਿਸ ਉੱਪਰ ਧੂਪ ਧੁਖਾਈ ਜਾਂਦੀ ਸੀ। ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜਿਆ ਹੋਇਆ ਸੀ। ਸੰਦੂਕ ਵਿੱਚ, ਉਥੇ ਇੱਕ ਸੁਨਿਹਰੀ ਮਰਤਬਾਨ ਵਿੱਚ ਮੰਨ ਸੀ ਅਤੇ ਆਰੋਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪਤੇ ਉਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ ਦਸ ਆਦੇਸ਼ ਉਕਰੇ ਹੋਏ ਸਨ। 5 ਬਕਸੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ੁਰ ਦੀ ਮਹਿਮਾ ਦਰਸ਼ਾਉਂਦੀਆਂ ਸਨ। ਉਨ੍ਹਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ-ਸਥਾਨ ਦੇ ਉੱਪਰ ਸਨ। ਪਰ ਹੁਣ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸਕਦੇ। 6 ਤੰਬੂ ਵਿਚਲੀ ਸਾਰੀ ਸਮਾਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫ਼ੇਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ। 7 ਪਰ ਦੂਸਰੇ ਕਮਰੇ ਵਿੱਚ ਸਿਰਫ਼ ਸਰਦਾਰ ਜਾਜਕ ਹੀ ਜਾ ਸਕਦਾ ਸੀ। ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ਼ ਇੱਕ ਵਾਰੀ ਜਾਂਦਾ ਸੀ। ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਆਏ ਬਿਨਾ ਦਾਖਲ ਨਹੀਂ ਸੀ ਹੋ ਸਕਦਾ। ਜਾਜਕ ਉਹ ਲਹੂ ਪਰਮੇਸ਼ੁਰ ਨੂੰ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਅਰਪਨ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ। 8 ਪਵਿੱਤਰ ਆਤਮਾ ਸਾਨੂੰ ਇਨ੍ਹਾਂ ਦੋਹਾਂ ਕਮਰਿਆਂ ਰਾਹੀਂ ਸਿਖਾਉਂਦਾ ਹੈ ਕਿ ਉਦੋਂ ਅੱਤ ਪਵਿੱਤਰ ਸਥਾਨ ਦਾ ਰਾਹ ਨਹੀਂ ਖੁਲ੍ਹਾ ਸੀ ਜਦੋਂ ਤੱਕ ਅਜੇ ਪਹਿਲਾ ਕਮਰਾ ਸਥਿਰ ਸੀ। 9 ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚਢ਼ਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸਕੇ, ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਣ ਨਹੀਂ ਬਣਾ ਸਕਦੀਆਂ ਸਨ। 10 ਇਹ ਚੜਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸ਼ਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ। 11 ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਨ੍ਹਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਣ ਹੈ। ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆਂ ਦਾ ਨਹੀਂ ਹੈ। 12 ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ ਤੀਕ ਕਾਫ਼ੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਵਦੇ ਲਹੂ ਨਾਲ ਦਾਖਿਲ ਹੋਇਆ ਸੀ। ਬੱਕਰਿਆਂ ਤੇ ਜਾਂ ਵਹਿੜਕਿਆਂ ਦਾ ਲਹੂ ਲੈਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਅਜ਼ਾਦੀ ਲਿਆਇਆ। 13 ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸ਼ਰੀਰਾਂ ਨੂੰ। 14 ਇਸ ਲਈ ਅਵਸ਼ ਹੀ ਮਸੀਹ ਦਾ ਲਹੂ ਬਹੁਤ-ਬਹੁਤ ਵਧ ਕਰ ਸਕਦਾ ਹੈ। ਮਸੀਹ ਨੇ ਆਪਣੇ ਆਪ ਨੂੰ ਅਮਰ ਆਤਮੇ ਦੇ ਰਾਹੀਂ ਪਰਮੇਸ਼ੁਰ ਲਈ ਇੱਕ ਸੰਪੂਰਣ ਬਲੀ ਦੇ ਰੂਪ ਵਿੱਚ ਅਰਪਿਤ ਕੀਤਾ। ਉਸ ਦਾ ਲਹੂ ਸਾਨੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਪਾਕ ਕਰ ਦੇਵੇਗਾ। ਉਸ ਦਾ ਖੂਨ ਸਾਨੂੰ ਆਪਣੇ ਦਿਲਾਂ ਵਿੱਚ ਹੀ ਪਵਿੱਤਰ ਬਣਾਵੇਗਾ। ਸਾਨੂੰ ਇਸ ਲਈ ਸ਼ੁਧ ਬਣਾਇਆ ਗਿਆ ਹੈ ਤਾਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸਕੀਏ। 15 ਇਸ ਲਈ ਮਸੀਹ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇੱਕ ਨਵਾਂ ਕਰਾਰ ਲੈਕੇ ਆਉਂਦਾ ਹੈ। ਮਸੀਹ ਇਹ ਨਵਾਂ ਕਰਾਰ ਇਸ ਲਈ ਲੈਕੇ ਆਉਂਦਾ ਹੈ ਤਾਂ ਜੋ ਉਹ ਲੋਕ ਜਿਹੜੇ ਪਰਮੇਸ਼ੁਰ ਵੱਲੋਂ ਬੁਲਾਏ ਗਏ ਹਨ ਉਹ ਚੀਜ਼ਾਂ ਹਾਸਲ ਕਰ ਸਕਣ ਜਿਸਦਾ ਪਰਮੇਸ਼ੁਰ ਨੇ ਵਾਦਾ ਕੀਤਾ ਹੈ। ਪਰਮੇਸ਼ੁਰ ਦੇ ਲੋਕ ਉਹ ਚੀਜ਼ਾਂ ਹਮੇਸ਼ਾ ਲਈ ਹਾਸਲ ਕਰ ਸਕਦੇ ਹਨ। ਉਹ ਇਹ ਚੀਜ਼ਾਂ ਇਸ ਲਈ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਮਸੀਹ ਉਨ੍ਹਾਂ ਪਾਪਾਂ ਦਾ ਭੁਗਤਾਨ ਕਰਨ ਲਈ ਮਰਿਆ ਜੋ ਲੋਕਾਂ ਨੇ ਪਹਿਲੇ ਕਰਾਰ ਦੇ ਅਧੀਨ ਕੀਤੇ ਸਨ। ਮਸੀਹ ਲੋਕਾਂ ਨੂੰ ਉਨ੍ਹਾਂ ਪਾਪਾਂ ਤੋਂ ਮੁਕਤ ਕਰਾਉਣ ਲਈ ਮਰਿਆ। 16 ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਇੱਕ ਵਸੀਅਤ ਛੱਡ ਜਾਂਦਾ ਹੈ। ਪਰ ਲੋਕਾਂ ਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਕਿ ਉਸ ਵਸੀਅਤ ਨੂੰ ਲਿਖਣ ਵਾਲਾ ਮਰ ਚੁਕਿਆ ਹੈ। 17 ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ। 18 ਪਹਿਲਾ ਕਰਾਰ ਪਰਮੇਸ਼ੁਰ ਅਤੇ ਉਸਦੇ ਲੋਕਾਂ ਵਿਚਕਾਰ ਬਾਰੇ ਵੀ ਇਵੇਂ ਹੀ ਹੈ। ਨੇਮ ਨੂੰ ਅਸਰ ਵਿੱਚ ਆਉਣ ਲਈ ਲਹੂ ਭੇਂਟ ਕੀਤਾ ਜਾਣਾ ਚਾਹੀਦਾ ਸੀ। 19 ਪਹਿਲਾਂ, ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦਸਿਆ। ਫ਼ੇਰ ਉਸਨੇ ਵਛਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸਨੂੰ ਪਾਣੀ ਨਾਲ ਮਿਸ਼੍ਰਿਤ ਕੀਤਾ, ਫ਼ੇਰ ਲਾਲ ਉੱਨ ਅਤੇ ਇੱਕ ਜ਼ੂਫ਼ੇ ਦੇ ਪੌਦੇ ਦੀ ਟਹਿਣੀ ਨਾਲ, ਅਤੇ ਉਸਨੇ ਲਹੂ ਨਾਲ ਮਿਸ਼੍ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉਤੋਂ ਦੀ ਛਿੜਕਿਆ। 20 ਫ਼ੇਰ ਮੂਸਾ ਨੇ ਆਖਿਆ, “ਇਹ ਉਹ ਲਹੂ ਹੈ ਜਿਹੜਾ ਕਰਾਰ ਨੂੰ ਸਹੀ ਬਣਾਉਂਦਾ ਹੈ। ਉਸ ਕਰਾਰ ਨੂੰ ਜਿਸਦਾ ਪਰਮੇਸ਼ੁਰ ਨੇ ਤੁਹਾਨੂੰ ਪਾਲਣ ਕਰਨ ਦਾ ਆਦੇਸ਼ ਦਿੱਤਾ।” 21 ਇਸੇ ਤਰ੍ਹਾਂ ਮੂਸਾ ਨੇ ਪਵਿੱਤਰ ਤੰਬੂ ਉੱਪਰ ਲਹੂ ਦਾ ਛਿਟਾ ਦਿੱਤਾ ਉਸਨੇ ਪੂਜਾ ਦੀ ਹਰ ਸਮਗਰੀ ਉੱਪਰ ਖੂਨ ਦਾ ਛਿਟਾ ਦਿੱਤਾ। 22 ਸ਼ਰ੍ਹਾ ਆਖਦੀ ਹੈ ਕਿ ਤਕਰੀਬਨ ਸਭ ਚੀਜ਼ਾਂ ਨੂੰ ਲਹੂ ਰਾਹੀਂ ਪਵਿੱਤਰ ਬਣਾਇਆ ਜਾਣਾ ਚਾਹੀਦਾ ਹੈ। ਅਤੇ ਪਾਪਾਂ ਨੂੰ ਲਹੂ ਤੋਂ ਬਿਨਾ ਮਾਫ਼ ਨਹੀਂ ਕੀਤਾ ਜਾ ਸਕਦਾ। 23 ਇਹ ਚੀਜ਼ਾਂ ਅਸਲੀ ਸਵਰਗੀ ਚੀਜ਼ਾਂ ਦੀ ਨਕਲ ਹਨ। ਇਨ੍ਹਾਂ ਚੀਜ਼ਾਂ ਨੂੰ ਡੰਗਰਾਂ ਦੀਆਂ ਬਲੀਆਂ ਨਾਲ ਸ਼ੁਧ ਬਨਾਉਣਾ ਜਰੂਰੀ ਸੀ। ਪਰ ਸਵਰਗ ਦੀਆਂ ਅਸਲੀ ਚੀਜ਼ਾਂ ਵਾਸਤੇ ਬਹੁਤ ਬਿਹਤਰ ਬਲੀਆਂ ਲੋੜੀਂਦੀਆਂ ਹਨ। 24 ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਗਿਆ। ਪਰ ਮਸੀਹ ਉਸ ਅੱਤ ਪਵਿੱਤਰ ਸਥਾਨ ਵਿੱਚ ਨਹੀਂ ਗਿਆ ਜਿਹੜਾ ਮਨੁੱਖਾਂ ਦਾ ਬਣਾਇਆ ਹੋਇਆ ਸੀ। ਉਹ ਅੱਤ ਪਵਿੱਤਰ ਸਥਾਨ ਸੱਚੇ ਅੱਤ ਪਵਿੱਤਰ ਅਸਥਾਨ ਦੀ ਨਕਲ ਹੈ। ਮਸੀਹ ਸਵਰਗ ਵਿੱਚ ਗਿਆ। ਮਸੀਹ ਹੁਣ ਉਥੇ ਪਰਮੇਸ਼ੁਰ ਦੇ ਨਾਲ ਸਾਡੀ ਸਹਾਇਤਾ ਲਈ ਹੈ। 25 ਸਰਦਾਰ ਜਾਜਕ ਸਭ ਤੋਂ ਪਵਿੱਤਰ ਸਥਾਨ ਵਿੱਚ ਸਾਲ ਵਿੱਚ ਇੱਕ ਵਾਰੀ ਦਾਖਲ ਹੁੰਦਾ ਹੈ ਉਹ ਅਰਪਣ ਕਰਨ ਲਈ ਆਪਣੇ ਨਾਲ ਲਹੂ ਲੈਂਦਾ ਹੈ। ਪਰ ਉਹ ਆਪਣਾ ਲਹੂ ਅਰਪਣ ਨਹੀਂ ਕਰਦਾ ਜਿਹਾ ਕਿ ਮਸੀਹ ਨੇ ਕੀਤਾ ਸੀ। ਮਸੀਹ ਸਵਰਗ ਵਿੱਚ ਗਿਆ ਪਰ ਉਸ ਉਚ-ਜਾਜਕ ਵਾਂਗ ਜਿਹੜਾ ਬਾਰ-ਬਾਰ ਲਹੂ ਅਰਪਨ ਕਰਦਾ ਹੈ ਆਪਣੇ ਆਪ ਨੂੰ ਬਾਰ-ਬਾਰ ਅਰਪਣ ਕਰਨ ਲਈ ਨਹੀਂ। 26 ਜੇ ਮਸੀਹ ਨੂੰ ਆਪਣੇ ਆਪ ਨੂੰ ਵਾਰ-ਵਾਰ ਭੇਂਟ ਕਰਨਾ ਪੈਂਦਾ, ਤਾਂ ਉਸਨੂੰ ਇਸ ਦੁਨੀਆਂ ਦੀ ਸਾਜਨਾ ਤੋਂ ਲੈਕੇ ਹੁਣ ਤੱਕ ਬਹੁਤ ਵਾਰੀ ਦੁਖ ਝੱਲਣੇ ਪੈਣੇ ਸੀ। ਪਰ ਮਸੀਹ ਨੇ ਆਪਣੇ ਆਪ ਨੂੰ ਕੇਵਲ ਇੱਕੋ ਹੀ ਵਾਰੀ ਭੇਂਟ ਕਰ ਦਿੱਤਾ। ਅਤੇ ਉਹ ‘ਇੱਕੋ ਵਾਰੀ’ ਸਾਰੇ ਸਮਿਆਂ ਲਈ ਕਾਫ਼ੀ ਹੈ। ਮਸੀਹ ਉਦੋਂ ਆਇਆ ਜਦੋਂ ਦੁਨੀਆਂ ਅੰਤ ਦੇ ਨਜ਼ਦੀਕ ਸੀ। ਮਸੀਹ ਆਪਣੇ ਆਪ ਦੀ ਬਲੀ ਦੇ ਕੇ ਸਾਰੇ ਪਾਪਾਂ ਨੂੰ ਲੈ ਲੈਣ ਲਈ ਆਇਆ। 27 ਹਰ ਵਿਅਕਤੀ ਨੇ ਇੱਕ ਹੀ ਵਾਰ ਮਰਨਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਪਰਖਿਆ ਜਾਂਦਾ ਹੈ। 28 ਇਸ ਲਈ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਲੈ ਲੈਣ ਲਈ ਇੱਕ ਹੀ ਵਾਰੀ ਆਪਣੇ ਆਪ ਨੂੰ ਬਲੀ ਵਾਂਗ ਭੇਂਟ ਕਰ ਦਿੱਤਾ। ਮਸੀਹ ਦੂਸਰੀ ਵਾਰ ਫ਼ੇਰ ਪ੍ਰਗਟੇਗਾ ਪਰ ਪਾਪ ਦੀ ਖਾਤਰ ਨਹੀਂ। ਮਸੀਹ ਦੂਸਰੀ ਵਾਰ ਉਨ੍ਹਾਂ ਲੋਕਾਂ ਨੂੰ ਮੁਕਤੀ ਦੇਣ ਲਈ ਆਵੇਗਾ ਜਿਹੜੇ ਉਸਦਾ ਤਾਂਘ ਨਾਲ ਇੰਤਜ਼ਾਰ ਕਰ ਰਹੇ ਹਨ। 10:1 ਸ਼ਰ੍ਹਾ ਸਾਨੂੰ ਭਵਿਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁਂਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚੜਾਉਣ ਲਈ ਆਖਦੀ ਹੈ। ਉਹ ਲੋਕ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚੜਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸਕਦੀ। 2 ਜੇ ਕਿਤੇ ਸ਼ਰ੍ਹਾਂ ਲੋਕਾਂ ਨੂੰ ਸੰਪੂਰਣ ਬਣਾ ਸਕਦੀ ਹੁੰਦੀ, ਤਾਂ ਉਹ ਬਲੀਆਂ ਹੁਣ ਤੱਕ ਬੰਦ ਹੋ ਗਈਆਂ ਹੁੰਦੀਆਂ। ਉਹ ਲੋਕ ਆਪਣੇ ਪਾਪਾਂ ਤੋਂ ਹੁਣ ਤੱਕ ਪਾਕ ਹੋ ਗਏ ਹੁੰਦੇ। ਅਤੇ ਉਨ੍ਹਾਂ ਨੇ ਹੁਣ ਵੀ ਆਪਣੇ ਆਪ ਨੂੰ ਆਪਣੇ ਪਾਪਾਂ ਲਈ ਕਸੂਰਵਾਰ ਮਹਿਸੂਸ ਨਹੀਂ ਸੀ ਕਰਨਾ। ਪਰ ਸ਼ਰ੍ਹਾ ਇਹ ਕਰ ਹੀ ਨਹੀਂ ਸਕਦੀ। 3 ਉਨ੍ਹਾਂ ਲੋਕਾਂ ਦੀਆਂ ਬਲੀਆਂ ਹਰ ਸਾਲ ਉਨ੍ਹਾਂ ਨੂੰ ਆਪਣੇ ਪਾਪਾਂ ਦਾ ਚੇਤਾ ਕਰਾਉਂਦੀਆਂ ਹਨ, 4 ਕਿਉਂਕਿ ਬੱਕਰੀਆਂ ਅਤੇ ਵਹਿੜਕਿਆਂ ਦਾ ਲਹੂ ਪਾਪਾਂ ਨੂੰ ਦੂਰ ਨਾ ਕਰ ਸਕਿਆ। 5 ਇਸ ਲਈ ਜਦੋਂ ਮਸੀਹ ਦੁਨੀਆਂ ਵਿੱਚ ਆਇਆ ਤਾਂ ਉਸਨੇ ਆਖਿਆ,“ਹੇ ਪਰਮੇਸ਼ੁਰ, ਤੈਨੂੰ ਬਲੀਆਂ ਅਤੇ ਭੇਟਾਵਾਂ ਦੀ ਜ਼ਰੂਰਤ ਨਹੀਂਸਗੋਂ ਤੂੰ ਮੇਰੇ ਲਈ ਇੱਕ ਸ਼ਰੀਰ ਤਿਆਰ ਕੀਤਾ ਹੈ। 6 ਤੂੰ ਮਰੇ ਹੋਏ ਅਤੇ ਸਾੜੇ ਹੋਏ ਜਾਨਵਰਾਂ ਦੀਆਂ ਬਲੀਆਂ ਨਾਲ ਪ੍ਰਸੰਨ ਨਹੀਂ ਹੁੰਦਾ।ਅਤੇ ਤੂੰ ਪਾਪ ਦੀਆਂ ਬਲੀਆਂ ਨਾਲ ਖੁਸ਼ ਨਹੀਂ ਹੋਵੇਂਗਾ। 7 ਫ਼ੇਰ ਮੈਂ ਆਖਿਆ, ‘ਹੇ ਪਰਮੇਸ਼ੁਰ, ਮੈਂ ਇਥੇ ਹਾਂ।ਮੇਰੇ ਬਾਰੇ ਇਹ ਸ਼ਰ੍ਹਾ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਤੇਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾਂ।’” 8 ਪੋਥੀਆਂ ਦੇ ਇਸ ਭਾਗ ਵਿੱਚ, ਮਸੀਹ ਨੇ ਪਹਿਲਾਂ ਆਖਿਆ ਸੀ, “ਤੈਨੂੰ ਚਢ਼ਾਵਿਆਂ ਤੇ ਬਲੀਆਂ ਦੀ ਲੋੜ ਨਹੀਂ। ਤੂੰ ਹੋਮ ਬਲੀਆਂ ਅਤੇ ਪਾਪ ਦੀਆਂ ਭੇਟਾਵਾਂ ਤੋਂ ਖੁਸ਼ ਨਹੀਂ ਹੈ।” ਇਹ ਬਲੀਆਂ ਹਨ ਜੋ ਸ਼ਰ੍ਹਾ ਦੇ ਅਨੁਸਾਰ ਭੇਂਟ ਕੀਤੀਆਂ ਜਾਂਦੀਆਂ ਹਨ। 9 ਫ਼ੇਰ ਮਸੀਹ ਨੇ ਆਖਿਆ, “ਹੇ ਪਰਮੇਸ਼ੁਰ ਮੈਂ ਹਾਜਰ ਹਾਂ। ਮੈਂ ਤੇਰੀ ਰਜ਼ਾ ਨੂੰ ਹੀ ਪੂਰਾ ਕਰਨ ਲਈ ਆਇਆ ਹਾ।” ਇਸ ਲਈ ਪਰਮੇਸ਼ੁਰ ਬਲੀਆਂ ਦੇ ਉਸ ਪਹਿਲੇ ਪ੍ਰਬੰਧ ਨੂੰ ਖਤਮ ਕਰ ਦਿੰਦਾ ਹੈ ਅਤੇ ਆਪਣਾ ਨਵਾਂ ਰਾਹ ਸ਼ੁਰੂ ਕਰਦਾ ਹੈ। 10 ਯਿਸੂ ਮਸੀਹ ਨੇ ਉਹੀ ਗਲਾਂ ਕੀਤੀਆਂ ਜਿਹੜੀਆਂ ਪਰਮੇਸ਼ੁਰ ਉਸਤੋਂ ਕਰਵਾਉਣੀਆਂ ਚਾਹੁੰਦਾ ਸੀ। ਇਸ ਕਾਰਣ, ਅਸੀਂ ਮਸੀਹ ਦੇ ਸ਼ਰੀਰ ਦੀ ਬਲੀ ਦੁਆਰਾ ਪਵਿੱਤਰ ਬਣਾਏ ਗਏ ਹਾਂ। ਮਸੀਹ ਨੇ ਇੱਕ ਵਾਰੀ ਬਲੀ ਦਿੱਤੀ ਜਿਹੜੀ ਸਦਾ ਲਈ ਕਾਫ਼ੀ ਹੈ। 11 ਹਰ ਰੋਜ਼, ਜਾਜਕ ਖਲੋ ਕੇ ਆਪਣੀ ਧਾਰਮਿਕ ਸੇਵਾ ਅਦਾ ਕਰਦੇ ਹਨ ਅਤੇ ਉਹੀ ਬਲੀਆਂ ਬਾਰ-ਬਾਰ ਭੇਂਟ ਕਰਦੇ ਹਨ। ਪਰ ਉਹ ਬਲੀਆਂ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਕਰ ਸਕਦੀਆਂ। 12 ਪਰ ਮਸੀਹ ਨੇ ਪਾਪਾਂ ਲਈ ਸਿਰਫ਼ ਇੱਕ ਹੀ ਬਲੀ ਚਢ਼ਾਈ ਅਤੇ ਉਹ ਸਰਬ ਸਮੇਂ ਲਈ ਕਾਫ਼ੀ ਹੈ। ਫ਼ੇਰ ਮਸੀਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। 13 ਅਤੇ ਹੁਣ ਮਸੀਹ ਆਪਣੇ ਦੁਸ਼ਮਨਾਂ ਨੂੰ ਆਪਣੀ ਸ਼ਕਤੀ ਦੇ ਅਧਿਕਾਰ ਹੇਠਾਂ ਲਿਆਏ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ। 14 ਸਿਰਫ਼ ਇੱਕ ਹੀ ਬਲੀ ਰਾਹੀਂ ਮਸੀਹ ਨੇ ਸਦਾ ਲਈ ਆਪਣੇ ਲੋਕਾਂ ਨੂੰ ਪੂਰਨ ਕਰ ਦਿੱਤਾ। ਉਹ ਉਹੀ ਲੋਕ ਹਨ ਜਿਹੜੇ ਪਵਿੱਤਰ ਬਣਾਏ ਜਾ ਰਹੇ ਹਨ। 15 ਪਵਿੱਤਰ ਆਤਮਾ ਨੇ ਵੀ ਸਾਨੂੰ ਇਸ ਬਾਰੇ ਦਸਿਆ ਹੈ। ਪਹਿਲਾਂ ਉਹ ਕਹਿੰਦਾ ਹੈ: 16 “ਇਹੀ ਹੈ ਕਰਾਰ ਜਿਹੜਾ ਮੈਂ ਆਪਣੇ ਲੋਕਾਂ ਨਾਲ ਭਵਿਖ ਵਿੱਚ ਕਰਾਂਗਾ, ਪ੍ਰਭੂ ਆਖਦਾ ਹੈ।ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ।ਮੈਂ ਇਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਵਿੱਚ ਲਿਖ ਦਿਆਂਗਾ।” 17 ਫ਼ੇਰ ਉਹ ਆਖਦਾ ਹੈ:“ਮੈਂ ਉਨ੍ਹਾਂ ਦੇ ਪਾਪ ਮਾਫ਼ ਕਰ ਦਿਆਂਗਾਅਤੇ ਉਹ ਮੰਦੇ ਕੰਮ ਵੀ ਜਿਹੜੇ ਉਹ ਕਰਦੇ ਹਨ - ਮੈਂ ਉਹ ਗੱਲਾਂ ਕਦੇ ਦੁਬਾਰਾ ਚੇਤੇ ਨਹੀਂ ਕਰਾਂਗਾ।” 18 ਅਤੇ ਜਦੋਂ ਇਹ ਸਾਰੇ ਪਾਪ ਮੁਆਫ਼ ਹੋ ਜਾਂਦੇ ਹਨ, ਪਾਪਾਂ ਲਈ ਹੋਰ ਵਧੇਰੇ ਬਲੀ ਚੜਾਉਣ ਦੀ ਕੋਈ ਲੋੜ ਨਹੀਂ ਹੈ। 19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਅਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸ਼ਰੀਰ ਹੈ। 21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸ਼ਰੀਰਾਂ ਨੂੰ ਸ਼ੁਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। 23 ਸਾਨੂੰ ਉਸ ਉਮੀਦ ਨੂੰ ਕਸ੍ਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁਂਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸਨੇ ਵਾਦਾ ਕੀਤਾ ਹੈ। 24 ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। 25 ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸਨੂੰ ਹੋਰ ਵਧੇਰੇ ਕਰੋ ਕਿਉਂਕਿ ਦਿਹਾੜਾ ਨੇੜੇ ਆ ਰਿਹਾ ਹੈ। 26 ਜੇ ਤੁਸੀਂ ਸੱਚ ਬਾਰੇ ਗਿਆਨ ਪ੍ਰਾਪਤ ਕਰਨ ਤੋਂ ਬਾਦ ਵੀ ਪਾਪ ਕਰਨਾ ਜਾਰੀ ਰਖੋਂਗੇ, ਉਥੇ ਕੋਈ ਬਲੀ ਨਹੀਂ ਜੋ ਹੋਰਾਂ ਦੇ ਪਾਪਾਂ ਨੂੰ ਹਟਾ ਸਕਦੀ ਹੋਵੇ। 27 ਜੇ ਅਸੀਂ ਪਾਪ ਕਰਦੇ ਰਹਿੰਦੇ ਹਾਂ ਤਾਂ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਹਸ਼ਰ ਦੇ ਨਿਰਣੇ ਤੋਂ ਡਰੀਏ ਅਤੇ ਉਸ ਕਹਿਰੀ ਅੱਗ ਤੋਂ ਡਰੀਏ ਜਿਹੜੀ ਉਨ੍ਹਾਂ ਸਾਰੇ ਲੋਕਾਂ ਨੂੰ ਫ਼ਨਾਹ ਕਰ ਦੇਵੇਗੀ ਜਿਹੜੇ ਪਰਮੇਸ਼ੁਰ ਦੇ ਵਿਰੁੱਧ ਜਿਉਂਦੇ ਹਨ। 28 ਕੋਈ ਵੀ ਵਿਅਕਤੀ ਜਿਹੜਾ ਮੂਸਾ ਦੀ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹੁੰਦਾ ਸੀ ਉਸਨੂੰ ਦੋ ਜਾਂ ਤਿੰਨ ਗਵਾਹੀਆਂ ਦੇ ਅਧਾਰ ਤੇ ਕਸੂਰਵਾਰ ਠਹਿਰਾਇਆ ਜਾਂਦਾ ਸੀ। ਉਸ ਵਿਅਕਤੀ ਨੂੰ ਮੁਆਫ਼ ਨਹੀਂ ਸੀ ਕੀਤਾ ਜਾਂਦਾ। ਉਸਨੂੰ ਮਾਰਿਆ ਗਿਆ। 29 ਇਸ ਲਈ ਤੁਹਾਡੇ ਖਿਆਲ ਅਨੁਸਾਰ ਉਸ ਵਿਅਕਤੀ ਨਾਲ ਕੀ ਸਲੂਕ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਪਰਮੇਸ਼ੁਰ ਦੇ ਪੁੱਤਰ ਦੇ ਖਿਲਾਫ਼ ਨਫ਼ਰਤ ਪ੍ਰਗਟ ਕਰਦਾ ਹੈ? ਨਿਸ਼ਚਿਤ ਹੀ ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਹਾਂ, ਉਸ ਵਿਅਕਤੀ ਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਉਸ ਲਹੂ ਨਾਲ ਆਦਰ ਦਾ ਵਿਹਾਰ ਨਹੀਂ ਕੀਤਾ ਜਿਸ ਨਾਲ ਨਵਾਂ ਕਰਾਰ ਸ਼ੁਰੂ ਹੁੰਦਾ ਹੈ। ਉਸ ਲਹੂ ਨੇ ਉਸਨੂੰ ਪਵਿੱਤਰ ਬਣਾਇਆ ਹੈ। ਅਤੇ ਉਸਨੂੰ ਭਿਆਨਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਸਨੇ ਪਰਮੇਸ਼ੁਰ ਦੇ ਕਿਰਪਾ ਦੇ ਆਤਮੇ ਦੇ ਵਿਰੁੱਧ ਆਪਣੀ ਨਫ਼ਰਤ ਦਰਸ਼ਾਈ ਹੈ। 30 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਆਖਿਆ, “ਮੈਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ। ਮੈਂ ਉਨ੍ਹਾਂ ਨੂੰ ਕੀਤੇ ਗਲਤ ਕੰਮਾਂ ਦਾ ਜਵਾਬ ਦਿਆਂਗਾ।” ਅਤੇ ਪਰਮੇਸ਼ੁਰ ਨੇ ਇਹ ਵੀ ਆਖਿਆ ਸੀ, “ਪ੍ਰਭੂ ਆਪਣੇ ਲੋਕਾਂ ਦਾ ਨਿਰਣਾ ਕਰੇਗਾ।” 31 ਇੱਕ ਪਾਪੀ ਲਈ ਜਿਉਂਦੇ ਪਰਮੇਸ਼ੁਰ ਦੇ ਵਸ ਪੈਣਾ ਬਹੁਤ ਭਿਆਨਕ ਹੋਵੇਗਾ। 32 ਉਨ੍ਹਾਂ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਪਹਿਲਾਂ ਪਹਿਲ ਸੱਚ ਦਾ ਗ਼ਿਆਨ ਹਾਸਲ ਕੀਤਾ ਸੀ। ਤੁਹਾਨੂੰ ਬਹੁਤ ਸਾਰੇ ਕਸ਼ਟਾਂ ਨਾਲ ਜਦ੍ਦੋ-ਜਹਿਦ ਕਰਨੀ ਪਈ, ਪਰ ਤੁਸੀਂ ਮਜ਼ਬੂਤ ਬਣੇ ਰਹੇ। 33 ਕਈ ਵਾਰੀ ਲੋਕਾਂ ਨੇ ਤੁਹਾਨੂੰ ਨਫ਼ਰਤ ਭਰੀਆਂ ਗੱਲਾਂ ਆਖੀਆਂ ਅਤੇ ਬਹੁਤ ਸਾਰੇ ਲੋਕਾਂ ਸਾਮ੍ਹਣੇ ਤੁਹਾਨੂੰ ਸਤਾਇਆ। ਅਤੇ ਕਈ ਵਾਰੀ ਤੁਸੀਂ ਹੋਰਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨਾਲ ਕਦੇ ਇਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ ਸੀ। 34 ਹਾਂ, ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਹੈ ਜੋ ਕੈਦ ਕੀਤੇ ਗਏ ਸਨ ਅਤੇ ਤੁਸੀਂ ਉਨ੍ਹਾਂ ਦੇ ਦੁਖਾਂ ਨੂੰ ਸਾਂਝਾ ਕੀਤਾ ਹੈ। ਅਤੇ ਜਦੋਂ ਤੁਹਾਡੀਆਂ ਸਾਰੀਆਂ ਚੀਜ਼ਾਂ ਤੁਹਾਡੇ ਪਾਸੋਂ ਦੂਰ ਖੋਹ ਲਈਆਂ ਗਈਆਂ ਸਨ ਤਾਂ ਤੁਸੀਂ ਅਨੰਦ ਵਿੱਚ ਰਹੇ ਸੀ। ਤੁਸੀਂ ਇਸ ਲਈ ਅਨੰਦ ਵਿੱਚ ਰਹੇ ਕਿਉਂਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਕੋਲ ਕੁਝ ਬਿਹਤਰ ਸੀ ਜਿਹੜਾ ਸਦਾ ਰਹਿਣ ਵਾਲਾ ਸੀ। 35 ਇਸ ਲਈ ਹੌਂਸਲਾ ਨਾ ਹਾਰੋ ਜਿਹੜਾ ਤੁਸੀਂ ਅਤੀਤ ਵਿੱਚ ਰੱਖਿਆ ਸੀ। ਤੁਸੀਂ ਆਪਣੇ ਹੌਂਸਲੇ ਲਈ ਇੱਕ ਵੱਡਾ ਪੁਰਸਕਾਰ ਪ੍ਰਾਪਤ ਕਰੋਂਗੇ। 36 ਤੁਹਾਨੂੰ ਅਵਸ਼ ਹੀ ਸਬਰ ਰੱਖਣਾ ਚਾਹੀਦਾ ਹੈ। ਫ਼ੇਰ, ਤੁਹਾਡੇ ਉਹੀ ਕਰਨ ਤੋਂ ਬਾਦ, ਜੋ ਪਰਮੇਸ਼ੁਰ ਚਾਹੁੰਦਾ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰੋਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। 37 ਥੋੜੇ ਹੀ ਸਮੇਂ ਵਿੱਚ,“ਉਹ ਜਿਹੜਾ ਆਉਣ ਵਾਲਾ ਹੈ, ਆਵੇਗਾ।ਉਹ ਦੇਰ ਨਹੀਂ ਕਰੇਗਾ। 38 ਜਿਹੜਾ ਵਿਅਕਤੀ ਮੇਰੇ ਨਾਲ ਧਰਮੀ ਹੈ,ਉਹ ਆਪਣੀ ਆਸਥਾ ਦੁਆਰਾ ਜੀਵਨ ਪ੍ਰਾਪਤ ਕਰੇਗਾ।ਪਰ ਜੇ ਉਹ ਵਿਅਕਤੀ ਡਰ ਨਾਲ ਮੁੜ ਪੈਂਦਾ ਹੈ ਮੈਂ ਉਸਨਾਲ ਪ੍ਰਸੰਨ ਨਹੀਂ ਹੋਵਾਂਗਾ। 39 ਪਰ ਅਸੀਂ ਅਜਿਹੇ ਲੋਕ ਨਹੀਂ ਹਾਂ ਜਿਹੜੇ ਪਿੱਛੇ ਮੁੜੇ ਅਤੇ ਗੁਆਚ ਗਏ ਹੋਣ। ਨਹੀਂ। ਅਸੀਂ ਉਹ ਲੋਕ ਹਾਂ ਜਿਹੜੇ ਨਿਹਚਾ ਰਖਦੇ ਹਾਂ ਅਤੇ ਬਚਾਏ ਗਏ ਹਾਂ।
11:1 ਨਿਹਚਾ ਦਾ ਅਰਥ ਉਨ੍ਹਾਂ ਚੀਜ਼ਾਂ ਬਾਰੇ ਨਿਸ਼ਚਿਤ ਹੋਣਾ ਹੈ ਜਿਨ੍ਹਾਂ ਦੀ ਅਸੀਂ ਉਮੀਦ ਰੱਖਦੇ ਹਾਂ ਅਤੇ ਉਨ੍ਹਾਂ ਗੱਲਾਂ ਤੇ ਨਿਹਚਾ ਕਰਨੀ ਹੈ ਜਿਹੜੀਆਂ ਅਸੀਂ ਨਹੀਂ ਵੇਖ ਸਕਦੇ ਕਿ ਉਹ ਸੱਚ ਹਨ। 2 ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਖੁਸ਼ ਸੀ ਜਿਹੜੇ ਅਤੀਤ ਵਿੱਚ ਰਹੇ ਕਿਉਂਕਿ ਉਨ੍ਹਾਂ ਨੇ ਇਸ ਰਾਹ ਤੇ ਨਿਹਚਾ ਕੀਤੀ। 3 ਨਿਹਚਾ ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ ਕਿ ਪਰਮੇਸ਼ੁਰ ਨੇ ਆਪਣੇ ਆਦੇਸ਼ ਨਾਲ ਸਾਰੀ ਦੁਨੀਆਂ ਨੂੰ ਸਾਜਿਆ ਸੀ। ਇਸਦਾ ਇਹ ਅਰਥ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਉਨ੍ਹਾਂ ਚੀਜ਼ਾਂ ਤੋਂ ਬਾਹਰ ਬਣਾਈਆਂ ਗਈਆਂ ਸਨ ਜਿਸਨੂੰ ਦੇਖਿਆ ਨਹੀਂ ਜਾ ਸਕਦਾ। 4 ਕਇਨ ਅਤੇ ਏਬਲ ਦੋਹਾਂ ਨੇ ਪਰਮੇਸ਼ੁਰ ਨੂੰ ਬਲੀਆਂ ਚੜਾਈਆਂ ਸਨ। ਪਰ ਏਬਲ ਨੇ ਪਰਮੇਸ਼ੁਰ ਨੂੰ ਬਿਹਤਰ ਬਲੀ ਚੜਾਈ ਸੀ ਕਿਉਂਕਿ ਉਸਨੂੰ ਨਿਹਚਾ ਸੀ। ਪਰਮੇਸ਼ੁਰ ਨੇ ਆਖਿਆ ਕਿ ਉਹ ਏਬਲ ਦੀਆਂ ਚੜਾਈਆਂ ਚੀਜ਼ਾਂ ਤੋਂ ਪ੍ਰਸੰਨ ਸੀ। ਅਤੇ ਇਸ ਲਈ ਪਰਮੇਸ਼ੁਰ ਨੇ ਏਬਲ ਨੂੰ ਚੰਗਾ ਮਨੁੱਖ ਆਖਿਆ ਕਿਉਂਕਿ ਉਸਨੂੰ ਨਿਹਚਾ ਸੀ। ਏਬਲ ਮਰ ਗਿਆ, ਪਰ ਆਪਣੀ ਨਿਹਚਾ ਰਾਹੀਂ ਉਹ ਹਾਲੇ ਵੀ ਬੋਲ ਰਿਹਾ ਹੈ। 5 ਇਨੋਕ ਨੂੰ ਇਸ ਧਰਤੀ ਤੋਂ ਉਠਾ ਲਿਆ ਗਿਆ। ਉਹ ਕਦੇ ਨਹੀਂ ਮਰਿਆ ਪੋਥੀ ਆਖਦੀ ਹੈ ਕਿ ਇਨੋਕ ਨੂੰ ਉਠਾਏ ਜਾਣ ਤੋਂ ਪਹਿਲਾਂ, ਉਹ ਸੱਚੀ ਤਰ੍ਹਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਕੇ ਜਿਉਂਇਆ। ਬਾਦ ਵਿੱਚ, ਲੋਕ ਇਨੋਕ ਨੂੰ ਨਹੀਂ ਲਭ ਸਕੇ, ਕਿਉਂਕਿ ਪਰਮੇਸ਼ੁਰ ਨੇ ਇਨੋਕ ਨੂੰ ਸਵਰਗ ਵਿੱਚ ਹੋਣ ਲਈ ਉਠਾਇਆ। ਇਨੋਕ ਨਾਲ ਅਜਿਹਾ ਵਾਪਰਿਆ ਕਿਉਂਕਿ ਉਹ ਨਿਹਚਾਵਾਨ ਸੀ। 6 ਨਿਹਚਾ ਤੋਂ ਬਗੈਰ ਕੋਈ ਵਿਅਕਤੀ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਪਰਮੇਸ਼ੁਰ ਵੱਲ ਆਉਂਦਾ ਹੈ ਉਸਨੂੰ ਨਿਹਚਾ ਕਰਨੀ ਹੋਵੇਗੀ ਕਿ ਪਰਮੇਸ਼ੁਰ ਵਾਸਤਵਿਕ ਹੈ। ਅਤੇ ਜਿਹੜਾ ਵਿਅਕਤੀ ਪਰਮੇਸ਼ੁਰ ਕੋਲ ਆਉਂਦਾ ਹੈ ਉਸਨੂੰ ਨਿਹਚਾ ਕਰਨੀ ਪਵੇਗੀ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਫ਼ਲ ਦਿੰਦਾ ਹੈ ਜਿਹੜੇ ਉਸਨੂੰ ਸੱਚਮੁੱਚ ਲਭਣਾ ਚਾਹੁੰਦੇ ਹਨ। 7 ਨੂਹ ਨੂੰ ਪਰਮੇਸ਼ੁਰ ਵੱਲੋਂ ਉਨ੍ਹਾਂ ਚੀਜ਼ਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ ਜਿਨ੍ਹਾਂ ਨੂੰ ਉਹ ਹਾਲੇ ਨਹੀਂ ਦੇਖ ਸਕਿਆ ਸੀ। ਪਰ ਨੂਹ ਦੇ ਦਿਲ ਵਿੱਚ ਪਰਮੇਸ਼ੁਰ ਲਈ ਨਿਹਚਾ ਅਤੇ ਆਦਰ ਸੀ। ਇਸ ਲਈ ਨੂਹ ਨੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਵੱਡੀ ਕਿਸ਼ਤੀ ਬਣਾਈ। ਆਪਣੀ ਨਿਹਚਾ ਰਾਹੀਂ ਨੂਹ ਨੇ ਦਰਸਾਇਆ ਕਿ ਦੁਨੀਆਂ ਗਲਤ ਸੀ। ਅਤੇ ਨੂਹ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਨਿਹਚਾ ਰਾਹੀਂ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਸੀ। 8 ਪਰਮੇਸ਼ੁਰ ਨੇ ਅਬਰਾਹਾਮ ਨੂੰ ਬੁਲਾਇਆ ਕਿ ਉਹ ਦੂਸਰੇ ਸਥਾਨ ਦੀ ਯਾਤਰਾ ਕਰੇ ਜਿਸ ਬਾਰੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਦੇਣ ਲਈ ਵਾਦਾ ਕੀਤਾ ਸੀ। ਅਬਰਾਹਾਮ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਸਥਾਨ ਕਿੱਥੇ ਹੈ। ਪਰ ਅਬਰਾਹਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਸਫ਼ਰ ਸ਼ੁਰੂ ਕਰ ਦਿੱਤਾ ਕਿਉਂਕਿ ਅਬਰਾਹਾਮ ਨੂੰ ਨਿਹਚਾ ਸੀ। 9 ਅਬਰਾਹਾਮ ਉਸ ਦੇਸ਼ ਵਿੱਚ ਰਹਿਣ ਲੱਗਾ ਜਿਸਦਾ ਪਰਮੇਸ਼ੁਰ ਨੇ ਉਸਨੂੰ ਦੇਣ ਲਈ ਵਾਦਾ ਕੀਤਾ ਸੀ। ਅਬਰਾਹਾਮ ਉਸ ਜਗ਼੍ਹਾ ਇੱਕ ਯਾਤਰੀ ਵਾਂਗ ਰਿਹਾ ਜਿਥੋਂ ਦਾ ਉਹ ਨਹੀਂ ਸੀ। ਉਸਨੇ ਅਜਿਹਾ ਆਪਣੀ ਨਿਹਚਾ ਕਾਰਣ ਕੀਤਾ। ਅਬਰਾਹਾਮ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿੱਚ ਰਿਹਾ ਜਿਨ੍ਹਾਂ ਨੇ ਵੀ ਪਰਮੇਸ਼ੁਰ ਕੋਲੋਂ ਉਹੀ ਵਾਦਾ ਪ੍ਰਾਪਤ ਕੀਤਾ ਸੀ। 10 ਅਬਰਾਹਾਮ ਉਸ ਸ਼ਹਿਰ ਦਾ ਇੰਤਜ਼ਾਰ ਕਰ ਰਿਹਾ ਸੀ ਜਿਸਦੀ ਬੁਨਿਆਦ ਵਾਸਤਵਿਕ ਹੈ। ਉਹ ਉਸ ਸ਼ਹਿਰ ਲਈ ਇੰਤਜ਼ਾਰ ਕਰ ਰਿਹਾ ਸੀ ਜਿਸਦਾ ਪਰਮੇਸ਼ੁਰ ਨੇ ਨਮੂਨਾ ਤਿਆਰ ਕੀਤਾ ਸੀ ਅਤੇ ਉਸਾਰਿਆ ਸੀ। 11 ਅਬਰਾਹਾਮ ਬੱਚਾ ਪ੍ਰਾਪਤ ਕਰਨ ਲਈ ਬਹੁਤ ਬਿਰਧ ਹੋ ਚੁਕਿਆ ਸੀ। ਸਾਰਾਹ ਵੀ ਬੱਚੇ ਦੇ ਕਾਬਿਲ ਨਹੀਂ ਸੀ। ਪਰ ਅਬਰਾਹਾਮ ਨੂੰ ਪਰਮੇਸ਼ੁਰ ਵਿੱਚ ਨਿਹਚਾ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਔਲਾਦ ਪੈਦਾ ਕਰਨ ਦੇ ਯੋਗ ਬਣਾਇਆ। ਇਹ ਇਸ ਲਈ ਹੋਇਆ ਕਿਉਂਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਹ ਕਰ ਸਕਦਾ ਹੈ ਜਿਸਦਾ ਉਸਨੇ ਵਾਦਾ ਕੀਤਾ ਸੀ। 12 ਇਹ ਆਦਮੀ ਇੰਨਾ ਬਿਰਧ ਸੀ ਕਿ ਉਹ ਮਰਨ ਕੰਢੇ ਸੀ। ਪਰ ਉਸ ਇੱਕ ਆਦਮੀ ਤੋਂ ਇੰਨੇ ਲੋਕ ਆਏ, ਜਿੰਨੇ ਕਿ ਅਕਾਸ਼ ਵਿੱਚ ਅਣਗਿਣਤ ਤਾਰੇ ਹਨ ਅਤੇ ਸਮੁੰਦਰ ਦੇ ਕੰਢੇ ਰੇਤ ਦੇ ਕਣ ਹਨ। 13 ਉਹ ਸਾਰੇ ਮਹਾਨ ਲੋਕ ਮੌਤ ਤੱਕ ਨਿਹਚਾ ਨਾਲ ਜਿਉਂਦੇ ਰਹੇ। ਉਨ੍ਹਾਂ ਲੋਕਾਂ ਨੇ ਉਹ ਚੀਜ਼ਾਂ ਪਾਈਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਉਨ੍ਹਾਂ ਲਈ ਵਾਦਾ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਨ੍ਹਾਂ ਚੀਜ਼ਾਂ ਨੂੰ ਦੂਰ ਭਵਿਖ ਵਿੱਚ ਦੇਖਿਆ ਅਤੇ ਉਹ ਖੁਸ਼ ਸਨ। ਉਨ੍ਹਾਂ ਲੋਕਾਂ ਨੇ ਕਬੂਲਿਆ ਕਿ ਉਹ ਧਰਤੀ ਉੱਤੇ ਅਜਨਬੀ ਅਤੇ ਯਾਤਰੀ ਸਨ। 14 ਜਦੋਂ ਲੋਕ ਕੁਝ ਅਜਿਹਾ ਪ੍ਰਵਾਨ ਕਰ ਲੈਂਦੇ ਹਨ ਤਾਂ ਉਹ ਲੋਕ ਦਰਸ਼ਾਉਂਦੇ ਹਨ ਕੋ ਉਹ ਇੱਕ ਅਜਿਹੇ ਦੇਸ਼ ਦਾ ਇੰਤਜ਼ਾਰ ਕਰ ਰਹੇ ਹਨ ਜਿਹੜਾ ਉਨ੍ਹਾਂ ਦਾ ਆਪਣਾ ਹੋਵੇਗਾ। 15 ਜੇ ਉਹ ਲੋਕ ਉਸ ਦੇਸ਼ ਬਾਰੇ ਹੀ ਸੋਚ ਰਹੇ ਹੁੰਦੇ ਜਿਹੜਾ ਉਨ੍ਹਾਂ ਨੇ ਛੱਡ ਦਿੱਤਾ ਸੀ, ਤਾਂ ਫ਼ੇਰ ਉਨ੍ਹਾਂ ਕੋਲ ਉਥੇ ਵਾਪਸ ਜਾਣ ਦਾ ਵੇਲਾ ਸੀ। 16 ਪਰ ਉਹ ਲੋਕ ਇੱਕ ਬਿਹਤਰ ਦੇਸ਼ ਦਾ ਇੰਤਜ਼ਾਰ ਕਰ ਰਹੇ ਸਨ - ਕਿਸੇ ਸਵਰਗੀ ਦੇਸ਼ ਦਾ। ਇਸ ਲਈ ਪਰਮੇਸ਼ੁਰ ਉਨ੍ਹਾਂ ਦਾ ਪਰਮੇਸ਼ੁਰ ਅਖਵਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ। ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ। 17 ਪਰਮੇਸ਼ੁਰ ਨੇ ਅਬਰਾਹਾਮ ਦੀ ਨਿਹਚਾ ਨੂੰ ਪਰਖਿਆ। ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਉਸਨੂੰ ਇਸਹਾਕ ਦੀ ਬਲੀ ਚੜਾਉਣੀ ਚਾਹੀਦੀ ਹੈ। ਅਬਰਾਹਾਮ ਨੇ ਹੁਕਮ ਮੰਨਿਆ ਕਿਉਂਕਿ ਉਸਨੂੰ ਉਸ ਵਿੱਚ ਨਿਹਚਾ ਸੀ। ਅਬਰਾਹਾਮ ਕੋਲ ਪਹਿਲਾਂ ਹੀ ਪਰਮੇਸ਼ੁਰ ਦੇ ਵਾਦੇ ਸਨ। ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਪਹਿਲਾਂ ਹੀ ਆਖ ਦਿੱਤਾ ਸੀ, “ਇਹ ਇਸਹਾਕ ਹੀ ਹੈ ਜਿਸਦੇ ਰਾਹੀਂ ਤੇਰੀ ਔਲਾਦ ਪੈਦਾ ਹੋਵੇਗੀ।” ਪਰ ਅਬਰਾਹਾਮ ਆਪਣੇ ਇਕਲੌਤੇ ਪੁੱਤਰ ਇਸਹਾਕ ਦੀ ਬਲੀ ਦੇਣ ਲਈ ਤਿਆਰ ਸੀ। ਅਬਰਾਹਾਮ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸੀ। 18 19 ਅਬਰਾਹਾਮ ਨੇ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ ਲੋਕਾਂ ਨੂੰ ਮੌਤ ਤੋਂ ਜੀਵਨ ਵੱਲ ਵਾਪਸ ਲਿਆ ਸਕਦਾ ਹੈ। ਅਤੇ ਸੱਚਮੁਚ ਅਸੀਂ ਆਖ਼ ਸਕਦੇ ਹਾਂ ਕਿ ਇੱਕ ਤਰੀਕੇ ਨਾਲ, ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਉਸਨੂੰ ਮਾਰਨ ਤੋਂ ਰੋਕਿਆ, ਤਾਂ ਇਹ ਬਿਲਕੁਲ ਇੰਝ ਸੀ ਜਿਵੇਂ ਉਸਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕਰ ਲਿਆ ਹੋਵੇ। 20 ਇਸਹਾਕ ਨੇ ਯਾਕੂਬ ਅਤੇ ਤਿਮੋਥਿਉਸ ਦੇ ਭਵਿਖ ਨੂੰ ਅਸੀਸ ਦਿੱਤੀ। ਇਸਹਾਕ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਨੂੰ ਨਿਹਚਾ ਸੀ। 21 ਅਤੇ ਯਾਕੂਬ ਨੇ ਯੂਸੁਫ਼ ਦੇ ਹਰ ਪੁੱਤਰ ਨੂੰ ਅਸੀਸ ਦਿੱਤੀ। ਯਾਕੂਬ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਮਰਨ ਹੀ ਵਾਲਾ ਸੀ। ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਆਪਣੀ ਸੋਟੀ ਉੱਤੇ ਝੁਕਿਆ ਹੋਇਆ ਸੀ। ਯਾਕੂਬ ਨੇ ਇਹ ਗੱਲਾਂ ਇਸ ਲਈ ਕੀਤੀਆਂ ਕਿਉਂਕਿ ਉਸਨੂੰ ਨਿਹਚਾ ਸੀ। 22 ਅਤੇ ਜਦੋਂ ਯੂਸੁਫ਼ ਮਰਨ ਕੰਢੇ ਸੀ ਉਸਨੇ ਇਜ਼ਰਾਏਲੀਆਂ ਦੇ ਮਿਸਰ ਛੱਡਣ ਬਾਰੇ ਗੱਲ ਕੀਤੀ। ਅਤੇ ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਸਦੇ ਬਚੇ ਹੋਏ ਸ਼ਰੀਰ ਨਾਲ ਕੀ ਕਰਨਾ ਚਾਹੀਦਾ ਹੈ। ਯੂਸੁਫ਼ ਨੇ ਇਹ ਗੱਲਾਂ ਇਸ ਲਈ ਆਖੀਆਂ ਕਿਉਂਕਿ ਉਸਨੂੰ ਨਿਹਚਾ ਸੀ। 23 ਅਤੇ ਮੂਸਾ ਦੇ ਮਾਪਿਆਂ ਨੇ ਮੂਸਾ ਦੇ ਜਨਮ ਤੋਂ ਬਾਦ ਉਸਨੂੰ ਤਿੰਨ ਮਹੀਨੇ ਤੱਕ ਛੁਪਾਈ ਰੱਖਿਆ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਨਿਹਚਾਵਾਨ ਸਨ। ਕਿਉਂ ਜੁ ਉਨ੍ਹਾਂ ਨੇ ਦੇਖਿਆ ਕਿ ਮੂਸਾ ਇੱਕ ਖੂਬਸੂਰਤ ਬੱਚਾ ਸੀ, ਅਤੇ ਉਹ ਫ਼ਿਰਊਨ ਨੇ ਆਦੇਸ਼ ਦੀ ਅਵਗਿਆ ਕਰਨ ਤੋਂ ਵੀ ਨਾ ਡਰੇ। 24 ਜਦੋਂ ਮੂਸਾ ਵੱਡਾ ਹੋਇਆ, ਉਸਨੇ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਂਣਾ ਪਸੰਦ ਨਾ ਕੀਤਾ। ਕਿਉਂਕਿ ਉਸਨੂੰ ਆਸਥਾ ਸੀ, ਉਸਨੇ ਅਜਿਹਾ ਕੀਤਾ। 25 ਮੂਸਾ ਨੇ ਪਾਪ ਦੇ ਭੋਗ ਬਿਲਾਸ ਨਾ ਮਾਨਣ ਦੀ ਚੋਣ ਕੀਤੀ। ਇਹ ਭੋਗ ਬਿਲਾਸ ਛੇਤੀ ਮੁਕ ਜਾਣ ਵਾਲੇ ਸਨ। ਇਸਦੀ ਬਜਾਇ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਸੰਗ ਕਸ਼ਟ ਝੱਲਣ ਦੀ ਚੋਣ ਕੀਤੀ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਨੂੰ ਨਿਹਚਾ ਸੀ। 26 ਮੂਸਾ ਨੇ ਸੋਚਿਆ ਕਿ ਮਿਸਰ ਦੇ ਸਾਰੇ ਖਜਾਨਿਆਂ ਦਾ ਮਾਲਕ ਹੋਣ ਨਾਲੋਂ ਮਸੀਹ ਲਈ ਦੁੱਖ ਝੱਲਣਾ ਬਿਹਤਰ ਸੀ। ਮੂਸਾ ਉਸ ਇਨਾਮ ਦੀ ਉਡੀਕ ਕਰ ਰਿਹਾ ਸੀ ਜੋ ਪਰਮੇਸ਼ੁਰ ਉਸਨੂੰ ਦੇਣ ਵਾਲਾ ਸੀ। 27 ਮੂਸਾ ਨੇ ਮਿਸਰ ਛੱਡ ਦਿੱਤਾ। ਉਸਨੇ ਮਿਸਰ ਇਸ ਲਈ ਛਡਿਆ ਕਿਉਂਕਿ ਉਸਨੂੰ ਨਿਹਚਾ ਸੀ। ਮੂਸਾ ਰਾਜੇ ਦੇ ਕਹਿਰ ਤੋਂ ਨਹੀਂ ਡਰਦਾ ਸੀ। ਮੂਸਾ ਨੇ ਇਉਂ ਦ੍ਰਿੜ ਰਹਿਣਾ ਜਾਰੀ ਰੱਖਿਆ ਜਿਵੇਂ ਕਿ ਉਹ ਪਰਮੇਸ਼ੁਰ ਨੇ ਵੇਖ ਸਕੇ ਜਿਸਨੂੰ ਕੋਈ ਵੀ ਨਾ ਵੇਖ ਸਕਿਆ। 28 ਮੂਸਾ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਲਹੂ ਨੂੰ ਦਰਵਾਜ਼ਿਆ ਉੱਤੇ ਛਿੜਕਿਆ। ਇਹ ਲਹੂ ਦਰਵਾਜ਼ਿਆਂ ਤੇ ਇਸ ਲਈ ਛਿੜਕਿਆ ਗਿਆ ਸੀ ਤਾਂ ਜੋ ਮੌਤ ਦਾ ਦੂਤ ਯਹੂਦੀ ਲੋਕਾਂ ਦੇ ਪਹਿਲੇ ਜਨਮੇ ਪੁੱਤਰਾਂ ਨੂੰ ਮਾਰ ਨਾ ਸਕੇ। ਮੂਸਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਨੂੰ ਨਿਹਚਾ ਸੀ। 29 ਅਤੇ ਉਹ ਲੋਕ ਜਿਨ੍ਹਾਂ ਦੀ ਮੂਸਾ ਨੇ ਅਗਵਾਈ ਕੀਤੀ ਸੀ ਸਾਰੇ ਲਾਲ ਸਮੁੰਦਰ ਵਿੱਚੋਂ ਸੁਕੀ ਧਰਤੀ ਉਤੋਂ ਲੰਘ ਗਏ। ਉਹ ਅਜਿਹਾ ਕਰਨ ਦੇ ਯੋਗ ਇਸ ਲਈ ਹੋ ਸਕੇ ਕਿਉਂਕਿ ਉਸਨੂੰ ਨਿਹਚਾ ਸੀ। ਮਿਸਰੀਆਂ ਨੇ ਵੀ ਸਮੁੰਦਰ ਵਿੱਚੋਂ ਗੁਜ਼ਰਨਾ ਚਾਹਿਆ ਪਰ ਉਹ ਸਾਰੇ ਡੁੱਬ ਮਰੇ। 30 ਅਤੇ ਯੇਰੀਹੋ ਦੀਆਂ ਕੰਧਾਂ ਪਰਮੇਸ਼ੁਰ ਦੇ ਲੋਕਾਂ ਦੇ ਵਿਸ਼ਵਾਸ ਕਾਰਣ ਢਠ ਗਈਆਂ। ਲੋਕਾਂ ਨੇ ਯਰੀਹੋ ਦੀਆਂ ਕੰਧਾਂ ਦੁਆਲੇ ਸੱਤ ਦਿਨ ਤੱਕ ਮਾਰਚ ਕੀਤੀ ਅਤੇ ਕੰਧਾਂ ਢਠ ਗਈਆਂ। 31 ਅਤੇ ਵੇਸਵਾ ਰਹਾਬ ਨੇ ਇਜ਼ਰਾਏਲੀ ਜਾਸੂਸਾਂ ਦਾ ਸੁਆਗਤ ਕੀਤਾ ਅਤੇ ਮਿੱਤਰਾਂ ਵਾਂਗ ਉਨ੍ਹਾਂ ਦੀ ਸਹਾਇਤਾ ਕੀਤੀ। ਅਤੇ ਆਪਣੀ ਨਿਹਚਾ ਕਾਰਣ ਉਹ ਉਨ੍ਹਾਂ ਹੋਰ ਲੋਕਾਂ ਨਾਲ ਮਾਰੀ ਨਹੀਂ ਗਈ ਜਿਨ੍ਹਾਂ ਨੇ ਆਗਿਆ ਨਹੀਂ ਮੰਨੀ। 32 ਕੀ ਮੇਰੇ ਵੱਲੋਂ ਤੁਹਾਨੂੰ ਹੋਰ ਉਦਾਹਰਣਾਂ ਦੇਣ ਦੀ ਲੋੜ ਹੈ? ਤੁਹਾਨੂੰ ਗਦਿਊਨ, ਬਾਰਕ, ਸਮਸੂਨ, ਯਿਫ਼ਤਾ, ਦਾਊਸ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਲਈ ਮੇਰੇ ਕੋਲ ਘੱਟ ਸਮਾਂ ਹੈ। 33 ਇਨ੍ਹਾਂ ਸਾਰੇ ਲੋਕਾਂ ਨੂੰ ਆਸਥਾ ਸੀ। ਉਨ੍ਹਾਂ ਨੇ ਆਪਣੇ ਵਿਸ਼ਵਾਸ ਨਾਲ ਹਕੂਮਤਾਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਉਹ ਚੀਜ਼ਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਨਿਹਚਾ ਦੁਆਰਾ ਸ਼ੇਰਾਂ ਨੂੰ ਮੂੰਹ ਬੰਦ ਕਰ ਦਿੱਤੇ। 34 ਕੁਝ ਲੋਕਾਂ ਨੇ ਭਿਆਨਕ ਅੱਗਾਂ ਬੁਝਾ ਦਿੱਤੀਆਂ ਅਤੇ ਦੂਸਰੇ ਤਲਵਾਰਾਂ ਨਾਲ ਮਾਰੇ ਜਾਣ ਤੋਂ ਬਚ ਗਏ। ਉਨ੍ਹਾਂ ਨੇ ਇਹ ਸਭ ਆਪਣੀ ਨਿਹਚਾ ਦੇ ਕਾਰਣ ਕੀਤਾ। ਜਿਹੜੇ ਲੋਕ ਕਮਜ਼ੋਰ ਸਨ ਉਹ ਨਿਹਚਾ ਦੁਆਰਾ ਬਲਵਾਨ ਬਣਾਏ ਗਏ ਸਨ। ਉਹ ਜੰਗ ਵਿੱਚ ਸ਼ਕਤੀਸ਼ਾਲੀ ਬਣ ਗਏ ਅਤੇ ਦੁਸ਼ਮਣ ਦੀਆਂ ਫ਼ੌਜਾਂ ਨੂੰ ਬਾਹਰ ਭਜਾ ਦਿੱਤਾ। 35 ਜਿਹੜੇ ਲੋਕ ਮਾਰੇ ਗਏ ਉਹ ਉਨ੍ਹਾਂ ਦੀ ਮੌਤ ਤੋਂ ਉਭਾਰੇ ਗਏ, ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਹਵਾਲੇ ਕਰ ਦਿੱਤੇ ਗਏ। ਹੋਰਨਾਂ ਲੋਕਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੇ ਆਪਣੀ ਰਿਹਾਈ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਨ੍ਹਾਂ ਨੂੰ ਮੌਤ ਤੋਂ ਜੀਵਨ ਵੱਲ ਉਭਾਰ ਕੇ ਬਿਹਤਰ ਜੀਵਨ ਪ੍ਰਾਪਤ ਹੋ ਸਕੇ। 36 ਕੁਝ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਕੋੜਿਆਂ ਨਾਲ ਮਾਰੇ ਗਏ। ਹੋਰਨਾਂ ਲੋਕਾਂ ਨੂੰ ਬੰਨ੍ਹਕੇ ਕੈਦ ਵਿੱਚ ਸੁੱਟ ਦਿੱਤਾ ਗਿਆ। 37 ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਉਨ੍ਹਾਂ ਨੂੰ ਤਲਵਾਰ ਰਾਹੀਂ ਕਤਲ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਭੇਡਾਂ ਅਤੇ ਬੱਕਰੀਆਂ ਦੀਆਂ ਖਲਾਂ ਪਾ ਲਈਆਂ ਅਤੇ ਭਟਕਣ ਲੱਗੇ। ਉਹ ਗਰੀਬ, ਸਤਾਏ ਹੋਏ, ਅਤੇ ਹੋਰਾਂ ਦੁਆਰਾ ਬਦਸਲੂਕੀ ਕੀਤੀ ਹੋਏ ਸਨ। 38 ਇਨ੍ਹਾਂ ਮਹਾਨ ਲੋਕਾਂ ਲਈ ਦੁਨੀਆਂ ਕਾਫ਼ੀ ਨਹੀਂ ਸੀ। ਇਹ ਲੋਕ ਮਾਰੂਥਲਾਂ ਅਤੇ ਪਰਬਤਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ ਅਤੇ ਧਰਤੀ ਦੇ ਘੁਰਨਿਆਂ ਵਿੱਚ ਰਹਿੰਦੇ ਰਹੇ। 39 ਇਹ ਸਾਰੇ ਲੋਕ ਆਪਣੀ ਨਿਹਚਾ ਲਈ ਮਸ਼ਹੂਰ ਹੋ ਗਏ। ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਹ ਪ੍ਰਾਪਤ ਨਹੀਂ ਕੀਤਾ ਜਿਸਦਾ ਪਰਮੇਸ਼ੁਰ ਨੇ ਵਾਦਾ ਕੀਤਾ ਸੀ। 40 ਪਰਮੇਸ਼ੁਰ ਨੇ ਸਾਨੂੰ ਕੁਝ ਬਿਹਤਰ ਦੇਣ ਦੀ ਵਿਉਂਤ ਬਣਾਈ। ਉਹ ਇਨ੍ਹਾਂ ਲੋਕਾਂ ਨੂੰ ਸਾਡੇ ਸਮੇਤ ਸੰਪੂਰਣ ਬਨਾਉਣਾ ਸੀ।
12:1 ਸਾਡੇ ਆਲੇ-ਦੁਆਲੇ ਬਹੁਤ ਸਾਰੇ ਨਿਹਚਾਵਾਨ ਲੋਕ ਹਨ। ਉਨ੍ਹਾਂ ਦੀਆਂ ਜ਼ਿੰਦਗੀਆਂ ਸਾਨੂੰ ਦੱਸਦੀਆਂ ਹਨ ਕਿ ਨਿਹਚਾ ਦਾ ਕੀ ਅਰਥ ਹੈ। ਇਸ ਲਈ ਸਾਨੂੰ ਉਨ੍ਹਾਂ ਵਰਗਾ ਹੋਣਾ ਚਾਹੀਦਾ ਹੈ। ਸਾਨੂੰ ਵੀ ਉਹ ਦੌੜ ਲਾਉਣੀ ਚਾਹੀਦੀ ਹੈ ਜਿਹੜੀ ਸਾਡੇ ਸਾਮ੍ਹਣੇ ਹੈ ਅਤੇ ਕਦੇ ਵੀ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ। ਸਾਨੂੰ ਆਪਣੇ ਜੀਵਨ ਵਿੱਚੋਂ ਉਹ ਹਰ ਚੀਜ਼ ਜਿਹੜੀ ਸਾਨੂੰ ਰੋਕਦੀ ਹੋਵੇ ਦੂਰ ਕਰ ਦੇਣੀ ਚਾਹੀਦੀ ਹੈ। ਸਾਨੂੰ ਉਸ ਪਾਪ ਨੂੰ ਵੀ ਦੂਰ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਆਸਾਨੀ ਨਾਲ ਫ਼ੜ ਲੈਂਦਾ ਹੈ। 2 ਸਾਨੂੰ ਸਦਾ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੀਦਾ ਹੈ। ਯਿਸੂ ਸਾਡੀ ਨਿਹਚਾ ਦਾ ਆਗੂ ਹੈ ਅਤੇ ਉਹੀ ਹੈ ਜੋ ਇਸਨੂੰ ਸੰਪੂਰਣ ਕਰਦਾ ਹੈ। ਉਸਨੇ ਸਲੀਬ ਉੱਤੇ ਮੌਤ ਦਾ ਸਾਮ੍ਹਣਾ ਕੀਤਾ। ਪਰ ਯਿਸੂ ਨੇ ਸਲੀਬ ਦੀ ਬੇਇੱਜ਼ਤੀ ਨੂੰ ਇਸ ਤਰ੍ਹਾਂ ਝਲਿਆ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਉਸਨੇ ਅਜਿਹਾ ਉਸ ਹੁਲਾਸ ਲਈ ਕੀਤਾ ਜਿਹੜਾ ਪਰਮੇਸ਼ੁਰ ਨੇ ਉਸਦੇ ਸਾਮ੍ਹਣੇ ਰੱਖਿਆ ਸੀ। ਅਤੇ ਹੁਣ ਉਹ ਪਰਮੇਸ਼ੁਰ ਦੇ ਤਖਤ ਦੇ ਸੱਜੇ ਪਾਸੇ ਬੈਠਾ ਹੈ। 3 ਯਿਸੂ ਬਾਰੇ ਸੋਚੋ। ਜਦੋਂ ਗੁਨਾਹਗਾਰ ਲੋਕ ਉਸਦੇ ਖਿਲਾਫ਼ ਮੰਦੀਆਂ ਗੱਲਾਂ ਕਰ ਰਹੇ ਸਨ ਉਹ ਸਾਬਰ ਸੀ। ਉਸ ਬਾਰੇ ਸੋਚੋ ਤਾਂ ਜੋ ਤੁਸੀਂ ਵੀ ਸਬਰ ਵਾਲੇ ਬਣੋ ਅਤੇ ਕੋਸ਼ਿਸ਼ ਕਰਨੋ ਨਾ ਹਟੋ। 4 ਤੁਸੀਂ ਪਾਪ ਦੇ ਵਿਰੁੱਧ ਸੰਘਰਸ਼ ਕਰ ਰਹੇ ਹੋ, ਪਰ ਤੁਹਾਡੇ ਸੰਘਰਸ਼ ਅਜੇ ਤੁਹਾਡੇ ਮਾਰੇ ਜਾਣ ਦਾ ਕਾਰਣ ਨਹੀਂ ਬਣੇ। 5 ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ, ਅਤੇ ਉਹ ਤੁਹਾਨੂੰ ਸਕੂਨ ਪਹੁੰਚਾਣ ਵਾਲੇ ਸ਼ਬਦ ਬੋਲ ਰਿਹਾ ਹੈ। ਤੁਸੀਂ ਉਨ੍ਹਾਂ ਸ਼ਬਦਾਂ ਨੂੰ ਭੁੱਲ ਚੁੱਕੇ ਹੋ:“ਮੇਰੇ ਪੁੱਤਰ, ਜਦੋਂ ਪਰਮੇਸ਼ੁਰ ਤੈਨੂੰ ਅਨੁਸ਼ਾਸਿਤ ਕਰਦਾ ਹੈ, ਤਾਂ ਇਸ ਨੂੰ ਤੁਛ ਨਾ ਜਾਣੀ।ਅਤੇ ਕੋਸ਼ਿਸ਼ ਕਰਨੀ ਛੱਡੀ ਨਾ, ਪ੍ਰਭੂ ਤੈਨੂੰ ਸੌਂਪਦਾ ਹੈ। 6 ਪ੍ਰਭੂ ਉਸ ਨੂੰ ਸਹੀ ਕਰਦਾ ਜਿਸਨੂੰ ਉਹ ਪਿਆਰ ਕਰਦਾ ਹੈ,ਅਤੇ ਉਹ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜਿਸਨੂੰ ਉਹ ਆਪਣੇ ਪੁੱਤਰ ਦੀ ਤਰ੍ਹਾਂ ਕਬੂਲਦਾ ਹੈ।” 7 ਇਸ ਲਈ ਦੁਖਾਂ ਨੂੰ ਇੰਝ ਝੱਲੋ ਜਿਵੇਂ ਕਿ ਇਹ ਅਨੁਸ਼ਾਸਨ ਹੋਣ। ਪਰਮੇਸ਼ੁਰ ਤੁਹਾਡੇ ਨਾਲ ਪੁੱਤਰਾਂ ਵਰਗਾ ਵਿਹਾਰ ਕਰ ਰਿਹਾ ਹੈ। ਕੀ ਅਜਿਹੇ ਕੋਈ ਬੱਚੇ ਹਨ ਪਿਉਵਾਂ ਦੁਆਰਾ ਅਨੁਸ਼ਾਸਿਤ ਨਹੀਂ ਕੀਤੇ ਗਏ। 8 ਸਾਰੇ ਬਚਿਆਂ ਨੂੰ ਅਨੁਸ਼ਾਸਿਤ ਕੀਤਾ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਕਦੇ ਵੀ ਅਨੁਸ਼ਾਸਿਤ ਕੀਤੇ ਗਏ, ਫ਼ੇਰ ਤੁਸੀਂ ਸੱਚੇ ਬੱਚੇ ਨਹੀਂ ਹੋ, ਇਸ ਦੀ ਜਗ਼੍ਹਾ, ਤੁਸੀਂ ਨਜਾਇਜ਼ ਬੱਚੇ ਹੋ। 9 ਹਾਲਾਂ ਕਿ ਧਰਤੀ ਉੱਪਰ ਸਾਡੇ ਸਾਰਿਆਂ ਦੇ ਪਿਤਾ ਸਨ ਜਿਨ੍ਹਾਂ ਨੇ ਸਾਨੂੰ ਅਨੁਸ਼ਾਸਿਤ ਕੀਤਾ। ਅਸੀਂ ਅਜੇ ਵੀ ਉਨ੍ਹਾਂ ਦਾ ਆਦਰ ਕੀਤਾ। ਇਸ ਲਈ ਸਾਡੇ ਲਈ ਆਤਮਿਆਂ ਦੇ ਪਿਤਾ ਦੁਆਰਾ ਦਿੱਤੇ ਅਨੁਸ਼ਾਸਨ ਨੂੰ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਣ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਕੋਲ ਜੀਵਨ ਹੋਵੇਗਾ। 10 ਸਾਡੇ ਧਰਤੀ ਉੱਪਰਲੇ ਪਿਉਵਾਂ ਨੇ ਸਾਨੂੰ ਥੋੜੇ ਸਮੇਂ ਲਈ ਅਨੁਸ਼ਾਸਿਤ ਕੀਤਾ। ਉਨ੍ਹਾਂ ਨੇ ਸਾਨੂੰ ਉਸੇ ਢੰਗ ਵਿੱਚ ਅਨੁਸ਼ਾਸਿਤ ਕੀਤਾ ਜਿਹੜਾ ਉਨ੍ਹਾਂ ਨੇ ਸਭ ਤੋਂ ਉੱਤਮ ਸਮਝਿਆ। ਪਰ ਪਰਮੇਸ਼ੁਰ ਸਾਡੀ ਸਹਾਇਤਾ ਕਰਨ ਲਈ ਸਾਨੂੰ ਸਜ਼ਾ ਦਿੰਦਾ ਹੈ, ਤਾਂ ਜੋ ਅਸੀਂ ਉਸੇ ਵਾਂਗ ਪਵਿੱਤਰ ਬਣ ਸਕੀਏ। 11 ਜਦੋਂ ਅਸੀਂ ਅਨੁਸ਼ਾਸਿਤ ਹੁੰਦੇ ਹਾਂ, ਇਹ ਸਾਡੇ ਲਈ ਪ੍ਰਸ਼ੰਸਾ ਨਹੀਂ ਲਿਆਉਂਦਾ, ਜਦਕਿ ਇਹ ਦਰਦ ਲਿਆਉਂਦਾ ਹੈ। ਪਰ ਬਾਦ ਵਿੱਚ, ਜਦੋਂ ਅਸੀਂ ਉਸ ਅਨੁਸ਼ਾਸਨ ਤੋਂ ਕੁਝ ਸਿਖ ਲੈਂਦੇ ਹਾਂ, ਅਸੀਂ ਸ਼ੁਰੂਆਤ ਤੋਂ ਸਹੀ ਢੰਗ ਵਿੱਚ ਜਿਉਣ ਲਈ ਸ਼ਾਂਤੀ ਪ੍ਰਾਪਤ ਕਰਦੇ ਹਾਂ। 12 ਤੁਸੀਂ ਕਮਜ਼ੋਰ ਹੋ ਚੁੱਕੇ ਹੋ। ਇਸ ਲਈ ਆਪਣੇ ਆਪ ਨੂੰ ਇੱਕ ਵਾਰ ਫ਼ੇਰ ਮਜ਼ਬੂਤ ਬਣਾਓ। 13 ਠੀਕ ਤਰੀਕੇ ਨਾਲ ਤੁਰੋ ਤਾਂ ਜੋ ਤੁਸੀਂ ਮੁਕਤੀ ਪ੍ਰਾਪਤ ਕਰ ਸਕੋ ਅਤੇ ਤੁਹਾਡੀਆਂ ਕਮਜ਼ੋਰੀਆਂ ਤੁਹਾਨੂੰ ਗੁਆਚਣ ਨਹੀਂ ਦੇਣਗੀਆਂ। 14 ਸਮੂਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰੋ। ਅਤੇ ਪਾਪ ਤੋਂ ਮੁਕਤ ਜੀਵਨ ਜਿਉਣ ਦੀ ਕੋਸ਼ਿਸ਼ ਕਰੋ। ਜੇ ਕਿਸੇ ਵਿਅਕਤੀ ਦਾ ਜੀਵਨ ਪਵਿੱਤਰ ਨਹੀਂ ਹੈ, ਉਹ ਕਦੀ ਵੀ ਪ੍ਰਭੂ ਨੂੰ ਨਹੀਂ ਵੇਖੇਗਾ। 15 ਸਾਵਧਾਨ ਰਹੋ ਕਿ ਕੋਈ ਵੀ ਵਿਅਕਤੀ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਵਿੱਚ ਅਸਫ਼ਲ ਨਾ ਹੋਵੇ। ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਕੌੜੀ ਬੂਟੀ ਵਰਗਾ ਨਾ ਬਣ ਜਾਵੇ। ਅਜਿਹਾ ਵਿਅਕਤੀ ਤੁਹਾਡੇ ਸਾਰੇ ਸਮੂਹ ਨੂੰ ਗੰਦਾ ਕਰ ਸਕਦਾ ਹੈ। 16 ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਨਸੀ ਪਾਪ ਨਾ ਕਰੇ। ਸਾਵਧਾਨ ਰਹੋ ਕਿ ਕੋਈ ਵੀ ਏਸਾਉ ਵਰਗਾ ਨਹੀਂ ਜਿਸਨੇ ਕਦੇ ਵੀ ਪਰਮੇਸ਼ੁਰ ਬਾਰੇ ਨਹੀਂ ਸੋਚਿਆ। ਏਸਾਉ ਜੇਠਾ ਪੁੱਤਰ ਸੀ ਅਤੇ ਉਹ ਉਸ ਸਾਰੇ ਕਾਸੇ ਦਾ ਉੱਤਰਾਧਿਕਾਰੀ ਹੋਣ ਵਾਲਾ ਸੀ, ਜੋ ਉਸਦੇ ਪਿਤਾ ਦਾ ਸੀ। ਪਰ ਏਸਾਉ ਨੇ ਇਹ ਸਭ ਕੁਝ ਸਿਰਫ਼ ਇੱਕ ਡੰਗ ਭੋਜਨ ਦੀ ਖਾਤਿਰ ਵੇਚ ਦਿੱਤਾ। 17 ਯਾਦ ਕਰੋ ਕਿ ਇਹ ਕਰਨ ਤੋਂ ਬਾਦ ਏਸਾਉ ਨੇ ਚਾਹਿਆ ਕਿ ਉਹ ਆਪਣੇ ਪਿਤਾ ਦੀ ਅਸੀਸ ਲਵੇ। ਏਸਾਉ ਇਹ ਅਸੀਸ ਇੰਨੀ ਤੀਬਰਤਾ ਨਾਲ ਚਾਹੁੰਦਾ ਸੀ ਕਿ ਉਹ ਰੋ ਪਿਆ। ਪਰ ਉਸਦੇ ਪਿਤਾ ਨੇ ਉਸਨੂੰ ਅਸੀਸ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਏਸਾਉ ਦੇ ਕੋਲ ਕੋਈ ਅਜਿਹਾ ਤਰੀਕਾ ਨਹੀਂ ਸੀ ਜਿਸ ਨਾਲ ਉਹ ਆਪਣੇ ਕੀਤੇ ਨੂੰ ਤਬਦੀਲ ਕਰ ਸਕਦਾ। 18 ਤੁਸੀਂ ਇੱਕ ਨਵੀਂ ਥਾਂ ਤੇ ਆਏ ਹੋ। ਇਹ ਸਥਾਨ ਉਸ ਪਹਾੜ ਵਰਗੀ ਨਹੀਂ ਜਿਥੇ ਇਜ਼੍ਰਾਏਲ ਦੇ ਲੋਕ ਆਏ ਸਨ। ਤੁਸੀਂ ਉਸ ਪਹਾੜ ਤੇ ਨਹੀਂ ਆਏ ਹੋ ਜਿਸਨੂੰ ਤੁਸੀਂ ਛੂਹ ਸਕਦੇ ਹੋ ਅਤੇ ਉਸਤੇ ਜਿਹੜਾ ਅੱਗ ਨਾਲ ਬਲ ਰਿਹਾ ਹੈ। ਤੁਸੀਂ ਉਸ ਸਥਾਨ ਤੇ ਨਹੀਂ ਆਏ ਹੋ ਜਿਥੇ ਅੰਧਕਾਰ, ਉਦਾਸੀ ਅਤੇ ਤੁਫ਼ਾਨ ਹਨ। 19 ਉਥੇ ਕੋਈ ਤੂਰ੍ਹੀ ਦੀ ਅਵਾਜ਼ ਨਹੀਂ ਹੈ ਅਤੇ ਨਾ ਹੀ ਕੋਈ ਸ਼ਬਦ ਉਚਾਰਨ ਵਾਲੀ ਅਵਾਜ਼ ਹੈ ਜਿਵੇਂ ਉਨ੍ਹਾਂ ਲੋਕਾਂ ਨੇ ਸੁਣੀ ਸੀ। ਜਦੋਂ ਉਨ੍ਹਾਂ ਲੋਕਾਂ ਨੇ ਉਹ ਅਵਾਜ਼ ਸੁਣੀ, ਉਨ੍ਹਾਂ ਨੇ ਫ਼ੇਰ ਕਦੀ ਵੀ ਹੋਰ ਅਜਿਹਾ ਸ਼ਬਦ ਨਾ ਸੁਨਣ ਦੀ ਬੇਨਤੀ ਕੀਤੀ। 20 ਉਹ ਇਸ ਆਦੇਸ਼ ਨੂੰ ਸੁਣਨਾ ਬਰਦਾਸ਼ਤ ਨਾ ਕਰ ਸਕੇ; “ਜੇ ਕੋਈ ਵੀ ਚੀਜ਼, ਇੱਕ ਜਾਨਵਰ ਵੀ, ਇਸ ਪਹਾੜ ਨੂੰ ਛੂਹਦਾ ਹੈ ਇਹ ਪਥਰਾਂ ਨਾਲ ਮਾਰਿਆ ਜਾਣਾ ਚਾਹੀਦਾ।” 21 ਜਿਹੜੀਆਂ ਗੱਲਾਂ ਉਨ੍ਹਾਂ ਲੋਕਾਂ ਨੇ ਦੇਖੀਆਂ ਇੰਨੀਆਂ ਭਿਆਨਕ ਸਨ ਕਿ ਮੂਸਾ ਨੇ ਆਖਿਆ ਸੀ, “ਮੈਂ ਡਰ ਨਾਲ ਕੰਬ ਰਿਹਾ ਹਾਂ।” 22 ਪਰ ਤੁਸੀਂ ਇਸ ਤਰ੍ਹਾਂ ਦੇ ਸਥਾਨ ਤੇ ਨਹੀਂ ਆਏ ਹੋ। ਜਿਸ ਨਵੇਂ ਥਾਂ ਤੇ ਤੁਸੀਂ ਆਏ ਹੋ ਉh ਸੀਯੋਨ ਪਹਾੜ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਏ ਹੋ, ਜੋ ਕਿ ਸਵਰਗੀ ਯਰੂਸ਼ਲਮ ਹੈ। ਤੁਸੀਂ ਹੁਲਾਸ ਨਾਲ ਭਰੇ ਹਜ਼ਾਰਾਂ ਦੂਤਾਂ ਦੇ ਇਕਠ ਦੀ ਜਗ਼੍ਹਾ ਤੇ ਆਏ ਹੋ। 23 ਤੁਸੀਂ ਪਰਮੇਸ਼ੁਰ ਦੇ ਪਹਿਲਾਂ ਜਨਮੇ ਪੁੱਤਰਾਂ ਦੀ ਸਭਾ ਵਿੱਚ ਆਏ ਹੋ। ਉਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ। ਤੁਸੀਂ ਪਰਮੇਸ਼ੁਰ ਵੱਲ ਆਏ ਹੋ ਜਿਹੜਾ ਸਮੂਹ ਲੋਕਾਂ ਦਾ ਨਿਆਂ ਪਾਲਕ ਹੈ। ਅਤੇ ਤੁਸੀਂ ਉਨ੍ਹਾਂ ਚੰਗੇ ਲੋਕਾਂ ਦੇ ਆਤਮਿਆਂ ਕੋਲ ਆਏ ਹੋ ਜਿਨ੍ਹਾਂ ਨੂੰ ਸੰਪੂਰਣ ਬਣਾ ਦਿੱਤਾ ਗਿਆ ਹੈ। 24 ਤੁਸੀਂ ਯਿਸੂ ਕੋਲ ਆਏ ਹੋ। ਜੋ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਲੈਕੇ ਆਇਆ ਹੈ। ਤੁਸੀਂ ਉਸ ਛਿੜਕੇ ਹੋਏ ਲਹੂ ਕੋਲ ਆਏ ਹੋ ਜਿਹੜਾ ਸਾਨੂੰ ਏਬਲ ਦੇ ਲਹੂ ਨਾਲੋਂ ਬਿਹਤਰ ਗੱਲਾਂ ਬਾਰੇ ਦੱਸਦਾ ਹੈ। 25 ਸਾਵਧਾਨ ਰਹੋ ਅਤੇ ਜਦੋਂ ਪਰਮੇਸ਼ੁਰ ਬੋਲਦਾ ਹੋਵੇ ਤਾਂ ਸੁਣਨ ਤੋਂ ਇਨਕਾਰ ਨਾ ਕਰੋ। ਉਨ੍ਹਾਂ ਲੋਕਾਂ ਨੇ ਉਸ ਨੂੰ ਉਦੋਂ ਸੁਣਨਾ ਛੱਡ ਦਿੱਤਾ ਜਦੋਂ ਉਸਨੇ ਉਨ੍ਹਾਂ ਨੂੰ ਧਰਤੀ ਉੱਪਰ ਚਿਤਾਵਨੀ ਦਿੱਤੀ ਸੀ। ਅਤੇ ਉਹ ਲੋਕ ਨਹੀਂ ਬਚ ਸਕੇ। ਹੁਣ ਪਰਮੇਸ਼ੁਰ ਸਵਰਗ ਵਿੱਚੋਂ ਗੱਲ ਬੋਲ ਰਿਹਾ ਹੈ। ਇਸ ਲਈ ਹੁਣ ਇਹ ਉਨ੍ਹਾਂ ਲੋਕਾਂ ਲਈ ਹੋਰ ਮਾੜੀ ਹੋਵੇਗੀ ਜਿਹੜੇ ਉਸਨੂੰ ਸੁਣਨ ਤੋਂ ਇਨਕਾਰ ਕਰਦੇ ਹਨ। 26 ਜਿਸ ਸਮੇਂ ਉਹ ਬੋਲਿਆ, ਉਸਦੀ ਆਵਾਜ਼ ਨੇ ਧਰਤੀ ਹਿਲਾ ਦਿੱਤੀ। ਪਰ ਹੁਣ ਉਸਨੇ ਵਾਦਾ ਕੀਤਾ ਹੈ, “ਇੱਕ ਵਾਰ ਫ਼ੇਰ ਮੈਂ ਧਰਤੀ ਨੂੰ ਹਿਲਾ ਦਿਆਂਗਾ। ਪਰ ਮੈਂ ਸਵਰਗ ਨੂੰ ਵੀ ਹਿਲਾ ਦਿਆਂਗਾ।” 27 ਇਹ ਬਚਨ ਕਿ “ਇੱਕ ਵਾਰੀ ਫ਼ੇਰ” ਸਾਨੂੰ ਸਾਫ਼ ਦਰਸ਼ਾਉਂਦੇ ਹਨ ਕਿ ਹਰ ਚੀਜ਼ ਜਿਹੜੀ ਬਣਾਈ ਗਈ ਸੀ ਤਬਾਹ ਹੋ ਜਾਵੇਗੀ। ਇਹ ਚੀਜ਼ਾਂ ਹਨ ਜਿਹੜੀਆਂ ਹਿਲਾਈਆਂ ਜਾ ਸਕਦੀਆਂ ਹਨ। ਅਤੇ ਸਿਰਫ਼ ਉਹੀ ਚੀਜ਼ਾਂ ਜੋ ਹਿਲਾਈਆਂ ਨਹੀਂ ਜਾ ਸਕਦੀਆਂ, ਸਦੀਵੀ ਰਹਿਣਗੀਆਂ। 28 ਸਾਨੂੰ ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਨਾ ਹਿੱਲਣ ਵਾਲੀ ਬਾਦਸ਼ਾਹਤ ਹੈ। ਸਾਨੂੰ ਪਰਮੇਸ਼ੁਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਉਸ ਢੰਗ ਨਾਲ ਉਸਦੀ ਉਪਾਸਨਾ ਕਰਨੀ ਚਾਹੀਦੀ ਹੈ ਜੋ ਉਸਨੂੰ ਪ੍ਰਸੰਨ ਕਰਦਾ ਹੈ। ਸਾਨੂੰ ਸ਼ਰਧਾ ਅਤੇ ਡਰ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ। 29 ਕਿਉਂਕਿ ਸਾਡਾ ਪਰਮੇਸ਼ੁਰ ਉਸ ਅੱਗ ਵਰਗਾ ਹੈ ਜਿਹੜੀ ਤਬਾਹ ਕਰ ਸਕਦੀ ਹੈ।
13:1 ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣਾਂ ਹੋ, ਇਸ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਜਾਰੀ ਰੱਖੋ। 2 ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। 3 ਉਨ੍ਹਾਂ ਲੋਕਾਂ ਨੂੰ ਕੈਦ ਵਿੱਚ ਨਾ ਭੁੱਲੋ। ਉਨ੍ਹਾਂ ਨੂੰ ਇਸ ਤਰ੍ਹਾਂ ਚੇਤੇ ਕਰੋ ਜਿਵੇਂ ਤੁਸੀਂ ਵੀ ਉਨ੍ਹਾਂ ਨਾਲ ਕੈਦ ਵਿੱਚ ਹੋਵੋ। ਅਤੇ ਉਨ੍ਹਾਂ ਲੋਕਾਂ ਨੂੰ ਵੀ ਨਾ ਭੁੱਲੋ ਜਿਹੜੇ ਤਸੀਹਿਆਂ ਰਾਹੀਂ ਲੰਘ ਰਹੇ ਹਨ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਨੂੰ ਵੀ ਉਨ੍ਹਾਂ ਤਸੀਹਿਆਂ ਰਾਹੀਂ ਹੀ ਲੰਘਣਾ ਪਵੇਗਾ। 4 ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ। 5 ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ,“ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ।ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।” 6 ਇਸ ਲਈ ਅਸੀਂ ਯਕੀਨੀ ਆਖ ਸਕਦੇ ਹਾਂ,“ਪਰਮੇਸ਼ੁਰ ਮੇਰਾ ਸਹਾਇਕ ਹੈਅਤੇ ਮੈਂ ਨਹੀਂ ਡਰਾਂਗਾ।ਲੋਕ ਮੇਰਾ ਕੁਝ ਨਹੀਂ ਵਿਗਾੜ ਸਕਦੇ।” 7 ਆਪਣੇ ਆਗੂਆਂ ਨੂੰ ਚੇਤੇ ਰਖੋ। ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਚੇਤੇ ਰਖੋ ਕਿ ਉਹ ਕਿਵੇਂ ਜੀਵੇ ਅਤੇ ਮਰੇ, ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਨਕਲ ਕਰੋ। 8 ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। 9 ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ। ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ। 10 ਸਾਡੇ ਕੋਲ ਇੱਕ ਬਲੀ ਹੈ। ਅਤੇ ਜਿਹੜੇ ਜਾਜਕ ਪਵਿੱਤਰ ਤੰਬੂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਲੀ ਵਿੱਚੋਂ ਖਾਣ ਦਾ ਕੋਈ ਇਖਤਿਆਰ ਨਹੀਂ ਹੈ। 11 ਸਰਦਾਰ ਜਾਜਕ ਜਾਨਵਰਾਂ ਦਾ ਲਹੂ ਅੱਤ ਪਵਿੱਤਰ ਸਥਾਨ ਵਿੱਚ ਲੈ ਜਾਂਦਾ ਹੈ। ਉਹ ਉਸ ਲਹੂ ਨੂੰ ਪਾਪਾਂ ਲਈ ਅਰਪਨ ਕਰਦਾ ਹੈ। ਪਰ ਉਨ੍ਹਾਂ ਜਾਨਵਰਾਂ ਦੇ ਸ਼ਰੀਰ ਖੈਮੇ ਤੋਂ ਬਾਹਰ ਸਾੜੇ ਜਾਂਦੇ ਹਨ। 12 ਇਸੇ ਲਈ ਯਿਸੂ ਵੀ ਸ਼ਹਿਰ ਤੋਂ ਬਾਹਰ ਪ੍ਰਾਣ ਹੀਣ ਹੋਇਆ। ਯਿਸੂ ਆਪਣੇ ਲੋਕਾਂ ਨੂੰ ਆਪਣੇ ਹੀ ਲਹੂ ਰਾਹੀਂ ਪਵਿੱਤਰ ਬਨਾਉਣ ਦੇ ਉਦੇਸ਼ ਨਾਲ ਮਰਿਆ। 13 ਇਸੇ ਲਈ ਆਓ ਅਸੀਂ ਵੀ ਡੇਰਿਆਂ ਤੋਂ ਬਾਹਰ ਯਿਸੂ ਕੋਲ ਚੱਲੀਏ। ਸਾਨੂੰ ਵੀ ਉਸੇ ਸ਼ਰਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜਿਸਨੂੰ ਮਸੀਹ ਨੇ ਕੀਤਾ ਸੀ। 14 ਇਥੇ ਧਰਤੀ ਤੇ ਸਾਡੇ ਕੋਲ ਅਜਿਹਾ ਕੋਈ ਸ਼ਹਿਰ ਨਹੀਂ ਜਿਹੜਾ ਸਦੀਵੀ ਰਹੇਗਾ। ਪਰ ਅਸੀਂ ਉਸ ਸ਼ਹਿਰ ਦੀ ਉਡੀਕ ਕਰ ਰਹੇ ਹਾਂ ਜੋ ਸਾਨੂੰ ਭਵਿਖ ਵਿੱਚ ਮਿਲੇਗਾ। 15 ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁਲ੍ਹਾਂ ਤੋਂ ਆਉਂਦੀ ਹੈ ਜੋ ਉਸਦੇ ਨਾਂ ਨੂੰ ਮਹਿਮਾਮਈ ਕਰਦੇ ਹਨ। 16 ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ। 17 ਆਪਣੇ ਆਗੂਆਂ ਦਾ ਹੁਕਮ ਮੰਨੋ ਅਤੇ ਉਨ੍ਹਾਂ ਦੇ ਅਧੀਨ ਰਹੋ। ਉਹ ਲੋਕ ਤੁਹਾਡੇ ਲਈ ਜ਼ਿੰਮੇਵਾਰ ਹਨ। ਇਸ ਲਈ ਉਹ ਹਮੇਸ਼ਾ ਤੁਹਾਡਾ ਧਿਆਨ ਰਖਦੇ ਹਨ। ਉਨ੍ਹਾਂ ਲੋਕਾਂ ਦਾ ਹੁਕਮ ਮੰਨੋ ਤਾਂ ਜੋ ਉਹ ਅਜਿਹਾ ਕੰਮ ਖੁਸ਼ੀ ਨਾਲ ਕਰ ਸਕਣ, ਉਦਾਸੀ ਨਾਲ ਨਹੀਂ। ਉਨ੍ਹਾਂ ਦੇ ਕੰਮ ਨੂੰ ਮੁਸ਼ਕਿਲ ਬਣਾਕੇ ਤੁਹਾਡਾ ਭਲਾ ਨਹੀਂ ਹੋਵੇਗਾ। 18 ਸਾਡੇ ਲਈ ਪ੍ਰਾਰਥਨਾ ਕਰਦੇ ਰਹੋ। ਜੋ ਅਸੀਂ ਕਰਦੇ ਹਾਂ ਅਸੀਂ ਇਸ ਬਾਰੇ ਠੀਕ ਸਮਝਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਉੱਤਮ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। 19 ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਤਾਂ ਜੋ ਉਹ ਮੈਨੂੰ ਵਾਪਸ ਤੁਹਾਡੇ ਕੋਲ ਜਲਦੀ ਭੇਜੇ। ਇਹ ਗੱਲ ਮੈਂ ਕਿਸੇ ਵੀ ਹੋਰ ਚੀਜ਼ ਤੋਂ ਵਧ ਚਾਹੁੰਦਾ ਹਾਂ। 20 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਉਹ ਹਰ ਚੰਗੀ ਚੀਜ਼ ਦੇਵੇ ਜਿਸਦੀ ਤੁਹਾਨੂੰ ਲੋੜ ਹੈ ਤਾਂ ਜੋ ਤੁਸੀਂ ਉਸਦੀ ਰਜ਼ਾ ਅਨੁਸਾਰ ਕੰਮ ਕਰ ਸਕੋ। ਪਰਮੇਸ਼ੁਰ ਹੀ ਹੈ ਜਿਸਨੇ ਸਾਡੇ ਪ੍ਰਭੂ ਯਿਸੂ ਨੂੰ ਮੌਤ ਤੋਂ ਉਭਾਰਿਆ। ਪਰਮੇਸ਼ੁਰ ਨੇ ਯਿਸੂ, ਭੇਡਾਂ ਦੇ ਮਹਾਨ ਆਜੜੀ ਨੂੰ, ਆਪਣੀ ਲਹੂ ਰਾਹੀਂ ਉਭਾਰਿਆ। ਉਸਦੇ ਲਹੂ ਨੇ ਨਵੇਂ ਕਰਾਰ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਸਦੀਵੀ ਕਰੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡੇ ਵਿੱਚ ਚੰਗੀਆਂ ਗੱਲਾਂ ਕਰੇਗਾ ਜਿਹੜੀਆਂ ਉਸਨੂੰ ਪ੍ਰਸੰਨ ਕਰਦੀਆਂ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਇਹ ਗੱਲਾਂ ਯਿਸੂ ਮਸੀਹ ਰਾਹੀਂ ਕਰੇਗਾ। ਯਿਸੂ ਦੀ ਹਮੇਸ਼ਾ ਮਹਿਮਾ ਹੋਵੇ। ਆਮੀਨ। 21 22 ਮੇਰੇ ਭਰਾਵੋ ਅਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਇਨ੍ਹਾਂ ਨੂੰ ਸਬਰ ਨਾਲ ਸੁਣੋ। ਇਹ ਗੱਲਾਂ ਮੈਂ ਤੁਹਾਨੂੰ ਮਜਬੂਤ ਬਨਾਉਣ ਲਈ ਆਖੀਆਂ ਹਨ। ਅਤੇ ਇਹ ਚਿਠੀ ਬਹੁਤ ਲੰਮੀ ਨਹੀਂ ਹੈ। 23 ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਸਾਡਾ ਭਰਾ ਤਿਮੋਥਿਉਸ ਕੈਦ ਤੋਂ ਮੁਕਤ ਹੋ ਗਿਆ ਹੈ। ਜੇ ਉਹ ਮੇਰੇ ਕੋਲ ਛੇਤੀ ਆ ਗਿਆ ਤਾਂ ਅਸੀਂ ਦੋਵੇਂ ਤੁਹਾਨੂੰ ਮਿਲਣ ਆਵਾਂਗੇ। 24 ਆਪਣੇ ਸਾਰੇ ਆਗੂਆਂ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਨਮਸਕਾਰ ਆਖਿਓ। ਇਤਾਲਿਯਾ ਵਿੱਚ ਪਰਮੇਸ਼ੁਰ ਦੇ ਸਾਰੇ ਲੋਕ ਤੁਹਾਨੂੰ ਨਮਸਕਾਰ ਆਖਦੇ ਹਨ। 25 ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।