Joshua

1:1 ਮੂਸਾ ਯਹੋਵਾਹ ਦਾ ਸੇਵਕ ਸੀ। ਨੂਨ ਦਾ ਪੁੱਤਰ ਯਹੋਸ਼ੁਆ ਮੂਸਾ ਦਾ ਸਹਾਇਕ ਸੀ। ਮੂਸਾ ਦੀ ਮੌਤ ਤੋਂ ਬਾਦ ਯਹੋਵਾਹ ਨੇ ਯਹੋਸ਼ੁਆ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਮੇਰਾ ਸੇਵਕ ਮੂਸਾ ਗੁਜ਼ਰ ਗਿਆ ਹੈ। ਹੁਣ ਤੈਨੂੰ ਅਤੇ ਇਨ੍ਹਾਂ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਜ਼ਰੂਰ ਜਾਣਾ ਚਾਹੀਦਾ ਹੈ। ਤੁਹਾਨੂੰ, ਇਸਰਾਏਲ ਦੇ ਲੋਕਾਂ ਨੂੰ ਉਸ ਧਰਤੀ ਉੱਤੇ ਜਾਣਾ ਚਾਹੀਦਾ ਹੈ ਜਿਹੜੀ ਮੈਂ ਤੁਹਾਨੂੰ ਦੇ ਰਿਹਾ ਹਾਂ। 3 ਮੈਂ ਮੂਸਾ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਨੂੰ ਇਹ ਧਰਤੀ ਦੇਵਾਂਗਾ। ਇਸ ਲਈ, ਜਿਥੇ ਵੀ ਤੁਸੀਂ ਜਾਵੋਂਗੇ ਮੈਂ ਤੁਹਾਨੂੰ ਉਹ ਧਰਤੀ ਦੇਵਾਂਗਾ। 4 ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇਥੋਂ ਲੈਕੇ ਪੱਛਮ ਵਿੱਚ ਮੈਡਿਟ੍ਰੇਨੀਅਨ ਸਾਗਰ ਤੱਕ (ਅਰਥਾਤ ਉਹ ਥਾਂ ਜਿਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ। 5 ਮੈਂ ਤੁਹਾਡੇ ਨਾਲ ਹੋਵਾਂਗਾ ਉਵੇਂ ਹੀ ਜਿਵੇਂ ਮੈਂ ਮੂਸਾ ਦੇ ਨਾਲ ਸਾਂ। ਜ਼ਿੰਦਗੀ ਭਰ ਕੋਈ ਬੰਦਾ ਤੁਹਾਨੂੰ ਰੋਕ ਨਹੀਂ ਸਕੇਗਾ। ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ। ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ। 6 “ਯਹੋਸ਼ੁਆ, ਤੈਨੂੰ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ! ਤੈਨੂੰ ਇਨ੍ਹਾਂ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਆਪਣੀ ਧਰਤੀ ਲੈ ਸਕਣ। ਮੈਂ ਇਨ੍ਹਾਂ ਦੇ ਪੁਰਿਖਿਆਂ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਇਹ ਧਰਤੀ ਦੇਵਾਂਗਾ। 7 ਪਰ ਤੈਨੂੰ ਇੱਕ ਹੋਰ ਗੱਲ ਬਾਰੇ ਵੀ ਤਾਕਤਵਰ ਅਤੇ ਬਹਾਦਰ ਹੋਣਾ ਚਾਹੀਦਾ ਹੈ। ਤੈਨੂੰ ਇਹ ਪੱਕ ਕਰਨਾ ਚਾਹੀਦਾ ਹੈ ਕਿ ਤੂੰ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੇ ਜਿਹੜੇ ਤੈਨੂੰ ਮੇਰੇ ਸੇਵਕ ਮੂਸਾ ਨੇ ਦਿੱਤੇ ਸਨ। ਜੇ ਤੂੰ ਪੂਰੀ ਤਰ੍ਹਾਂ ਇਸ ਬਿਵਸਥਾ ਉੱਤੇ ਅਮਲ ਕਰੇਂਗਾ ਤਾਂ ਤੂੰ ਆਪਣੀ ਹਰ ਗੱਲ ਵਿੱਚ ਸਫ਼ਲ ਹੋ ਜਾਵੇਂਗਾ। 8 ਹਮੇਸ਼ਾ ਉਨ੍ਹਾਂ ਗੱਲਾਂ ਨੂੰ ਚੇਤੇ ਰਖਣਾ ਜਿਹੜੀਆਂ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਉਸ ਪੁਸਤਕ ਦਾ ਅਧਿਐਨ ਦਿਨ-ਰਾਤ ਕਰਨਾ। ਫ਼ੇਰ ਤੂੰ ਉਨ੍ਹਾਂ ਗੱਲਾਂ ਨੂੰ ਮੰਨਣ ਬਾਰੇ ਯਕੀਨ ਕਰ ਸਕਦਾ ਹੈਂ ਜਿਹੜੀਆਂ ਉਥੇ ਲਿਖੀਆਂ ਹੋਈਆਂ ਹਨ। ਜੇ ਤੂੰ ਅਜਿਹਾ ਕਰੇਂਗਾ, ਤਾਂ ਤੂੰ ਜੋ ਕੁਝ ਵੀ ਕਰੇਂਗਾ ਉਸ ਬਾਰੇ ਸਿਆਣਪ ਅਤੇ ਸਫ਼ਲਤਾ ਹਾਸਿਲ ਕਰ ਸਕੇਂਗਾ। 9 ਯਾਦ ਰਖੀਂ, ਮੈਂ ਤੈਨੂੰ ਤਾਕਤਵਰ ਅਤੇ ਬਹਾਦਰ ਬਣਨ ਦਾ ਆਦੇਸ਼ ਦਿੰਦਾ ਹਾਂ। ਇਸ ਲਈ ਭੈਭੀਤ ਨਾ ਹੋ, ਕਿਉਂਕਿ ਜਿਥੇ ਵੀ ਤੂੰ ਜਾਵੇਂਗਾ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੋਵੇਗਾ।” 10 ਇਸ ਲਈ ਯਹੋਸ਼ੁਆ ਨੇ ਲੋਕਾਂ ਦੇ ਆਗੂਆਂ ਨੂੰ ਹੁਕਮ ਦਿੱਤਾ। ਉਸਨੇ ਆਖਿਆ, 11 “ਖੈਮਿਆਂ ਵਿੱਚ ਜਾਉ ਅਤੇ ਲੋਕਾਂ ਨੂੰ ਤਿਆਰ ਹੋ ਜਾਣ ਲਈ ਆਖੋ। ਲੋਕਾਂ ਨੂੰ ਆਖੋ, ‘ਕੁਝ ਭੋਜਨ ਦਾ ਪ੍ਰਬੰਧ ਕਰੋ। ਹੁਣ ਤੋਂ ਤਿੰਨ ਦਿਨ ਬਾਦ ਅਸੀਂ ਯਰਦਨ ਨਦੀ ਦੇ ਪਾਰ ਜਾਵਾਂਗੇ। ਅਸੀਂ ਜਾਵਾਂਗੇ ਅਤੇ ਉਹ ਧਰਤੀ ਲੈ ਲਵਾਂਗੇ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ।’” 12 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, 13 “ਯਾਦ ਕਰੋ ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਕੀ ਆਖਿਆ ਸੀ। ਉਸਨੇ ਆਖਿਆ ਸੀ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਆਰਾਮ ਕਰਨ ਲਈ ਇੱਕ ਥਾਂ ਦੇਵੇਗਾ। ਯਹੋਵਾਹ ਤੁਹਾਨੂੰ ਉਹ ਧਰਤੀ ਦੇਵੇਗਾ। 14 ਅਸਲ ਵਿੱਚ, ਯਹੋਵਾਹ ਨੇ ਤੁਹਾਨੂੰ ਇਹ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਹੈ। ਤੁਹਾਡੀਆਂ ਪਤਨੀਆਂ ਅਤੇ ਬੱਚੇ ਇਸ ਧਰਤੀ ਉੱਤੇ ਤੁਹਾਡੇ ਪਸ਼ੂਆਂ ਸਮੇਤ ਰਹਿ ਸਕਦੇ ਹਨ। ਪਰ ਤੁਹਾਡੇ ਲੜਾਕੂ ਬੰਦੇ ਯਰਦਨ ਨਦੀ ਨੂੰ ਤੁਹਾਡੇ ਭਰਾਵਾ ਸਮੇਤ ਜ਼ਰੂਰ ਪਾਰ ਕਰਨ। ਤੁਹਾਨੂੰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਧਰਤੀ ਲੈਣ ਵਿੱਚ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। 15 ਯਹੋਵਾਹ ਤੁਹਾਨੂੰ ਅਰਾਮ ਕਰਨ ਲਈ ਇੱਕ ਥਾਂ ਦੇਵੇਗਾ ਅਤੇ ਉਹ ਤੁਹਾਡੇ ਭਰਾਵਾ ਨੂੰ ਵੀ ਸਥਾਨ ਦੇਵੇਗਾ। ਪਰ ਤੁਹਾਨੂੰ ਉਦੋਂ ਤੱਕ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਉਸ ਧਰਤੀ ਨੂੰ ਹਾਸਿਲ ਕਰ ਲੈਣ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਨ੍ਹਾਂ ਨੂੰ ਦੇ ਰਿਹਾ ਹੈ। ਫ਼ੇਰ ਤੁਸੀਂ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ, ਆਪਣੀ ਧਰਤੀ ਉੱਤੇ ਵਾਪਸ ਆ ਸਕਦੇ ਹੋ ਜਿਹੜੀ ਮੂਸਾ, ਯਹੋਵਾਹ ਦੇ ਸੇਵਕ ਨੇ ਤੁਹਾਨੂੰ ਦਿੱਤੀ ਸੀ।” 16 ਫ਼ੇਰ ਲੋਕਾਂ ਨੇ ਯਹੋਸ਼ੁਆ ਨੂੰ ਜਵਾਬ ਦਿੱਤਾ, “ਅਸੀਂ ਉਹੀ ਗੱਲ ਕਰਾਂਗੇ ਜਿਸਦਾ ਤੂੰ ਸਾਨੂੰ ਆਦੇਸ਼ ਦੇਵੇਂਗਾ! ਅਸੀਂ ਉਥੇ ਹੀ ਜਾਵਾਂਗੇ ਜਿਥੇ ਤੂੰ ਸਾਨੂੰ ਜਾਣ ਲਈ ਆਖੇਂਗਾ। 17 ਤੂੰ ਜੋ ਵੀ ਆਖੇਂਗਾ ਅਸੀਂ ਮੰਨਾਗੇ, ਉਵੇਂ ਹੀ ਜਿਵੇਂ ਅਸੀਂ ਮੂਸਾ ਦੀ ਗੱਲ ਮੰਨੀ ਸੀ। ਅਸੀਂ ਯਹੋਵਾਹ ਪਾਸੋਂ ਸਿਰਫ਼ ਇੱਕ ਚੀਜ਼ ਮੰਗਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਤੇਰਾ ਪਰਮੇਸ਼ੁਰ ਉਸੇ ਤਰ੍ਹਾਂ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਦੇ ਨਾਲ ਸੀ। 18 ਫ਼ੇਰ, ਜੇ ਕੋਈ ਬੰਦਾ ਤੇਰੇ ਆਦੇਸ਼ਾ ਨੂੰ ਮੰਨਣ ਤੋਂ ਇਨਕਾਰ ਕਰੇਗਾ ਜਾਂ ਜੋ ਕੋਈ ਬੰਦਾ ਤੇਰੇ ਖਿਲਾਫ਼ ਹੋਵੇਗਾ, ਤਾਂ ਉਹ ਬੰਦਾ ਮਾਰ ਦਿੱਤਾ ਜਾਵੇਗਾ। ਬਸ ਤਾਕਤਵਰ ਅਤੇ ਬਹਾਦਰ ਬਣ!”

2:1 ਯਹੋਸ਼ੁਆ, ਨੂਨ ਦਾ ਪੁੱਤਰ ਅਤੇ ਹੋਰ ਸਾਰੇ ਆਦਮੀਆਂ ਨੇ ਅਕਾਸੀਆ ਵਿਖੇ ਡੇਰਾ ਲਾਇਆ ਹੋਇਆ ਸੀ। ਯਹੋਸ਼ੁਆ ਨੇ ਦੋ ਬੰਦਿਆ ਨੂੰ ਜਸੂਸਾਂ ਵਜੋਂ ਉਸ ਧਰਤੀ ਉੱਤੇ ਘਲਿਆ। ਇਨ੍ਹ੍ਹਾਂ ਬੰਦਿਆਂ ਨੇ ਧਰਤੀ ਦੀ, ਖਾਸਕਰ ਯਰੀਹੋ ਸ਼ਹਿਰ ਦੀ ਜਸੂਸੀ ਕਰਨੀ ਸੀ।ਇਹ ਦੋਵੇਂ ਬੰਦੇ ਰਾਹਾਬ ਨਾਮ ਦੀ ਵੇਸਵਾ ਦੇ ਘਰੇ ਠਹਿਰੇ। 2 ਕਿਸੇ ਨੇ ਯਰੀਹੋ ਦੇ ਰਾਜੇ ਨੂੰ ਆਖਿਆ, “ਪਿਛਲੀ ਰਾਤ ਇਸਰਾਏਲ ਦੇ ਕੁਝ ਆਦਮੀ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਦੇਖਣ ਆਏ।” 3 ਇਸ ਲਈ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਇਹ ਸੰਦੇਸ਼ ਭੇਜਿਆ: “ਉਨ੍ਹਾਂ ਬੰਦਿਆਂ ਨੂੰ ਨਾ ਛੁਪਾ ਜਿਹੜੇ ਆਏ ਸਨ ਅਤੇ ਤੇਰੇ ਘਰ ਠਹਿਰੇ ਸਨ। ਉਨ੍ਹਾਂ ਨੂੰ ਬਾਹਰ ਲਿਆ। ਉਹ ਸਾਡੇ ਦੇਸ਼ ਦੀ ਜਸੂਸੀ ਕਰਨ ਆਏ ਹਨ।” 4 ਔਰਤ ਨੇ ਦੋ ਬੰਦਿਆ ਨੂੰ ਛੁਪਾਇਆ ਹੋਇਆ ਸੀ। ਪਰ ਔਰਤ ਨੇ ਆਖਿਆ, “ਉਹ ਦੋ ਆਦਮੀ ਇੱਥੇ ਆਏ ਜ਼ਰੂਰ ਸਨ, ਪਰ ਮੈਨੂੰ ਨਹੀਂ ਪਤਾ ਉਹ ਕਿਥੋਂ ਆਏ ਸਨ। 5 ਸ਼ਾਮ ਵੇਲੇ ਜਦੋਂ ਸ਼ਹਿਰ ਦਾ ਦਰਵਾਜ਼ਾ ਬੰਦ ਕਰਨ ਦਾ ਵੇਲਾ ਸੀ, ਉਹ ਆਦਮੀ ਚਲੇ ਗਏ। ਮੈਨੂੰ ਨਹੀਂ ਪਤਾ ਉਹ ਕਿਧਰ ਚਲੇ ਗਏ। ਪਰ ਜੇ ਤੁਸੀਂ ਛੇਤੀ ਜਾਉ, ਤਾਂ ਸ਼ਾਇਦ ਤੁਸੀਂ ਉਨ੍ਹਾਂ ਨੂੰ ਫ਼ੜ ਸਕੋ।” 6 (ਰਾਹਾਬ ਨੇ ਇਹ ਗੱਲਾਂ ਆਖੀਆਂ, ਪਰ ਅਸਲ ਵਿੱਚ ਉਹ ਔਰਤ ਉਨ੍ਹਾਂ ਆਦਮੀਆਂ ਨੂੰ ਛੱਤ ਉੱਤੇ ਲੈ ਗਈ ਸੀ, ਅਤੇ ਉਸਨੇ ਉਨ੍ਹਾਂ ਨੂੰ ਉਥੇ ਉਪਰ ਇਕਠੇ ਕੀਤੇ ਹੋਏ ਘਾਹ ਵਿੱਚ ਛੁਪਾਇਆ ਹੋਇਆ ਸੀ।) 7 ਇਸ ਲਈ ਰਾਜੇ ਦੇ ਬੰਦੇ ਸ਼ਹਿਰ ਤੋਂ ਬਾਹਰ ਚਲੇ ਗਏ, ਅਤੇ ਲੋਕਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਰਾਜੇ ਦੇ ਆਦਮੀ ਇਸਰਾਏਲ ਦੇ ਉਨ੍ਹਾਂ ਦੋਹਾਂ ਬੰਦਿਆਂ ਦੀ ਭਾਲ ਵਿੱਚ ਗਏ। ਉਹ ਯਰਦਨ ਨਦੀ ਉੱਤੇ ਗਏ ਅਤੇ ਉਨ੍ਹਾਂ ਨੇ ਉਹ ਸਾਰੀਆਂ ਥਾਵਾਂ ਦੇਖੀਆਂ ਜਿਥੋਂ ਲੋਕ ਨਦੀ ਪਾਰ ਕਰਦੇ ਹਨ। 8 ਦੋਵੇਂ ਬੰਦੇ ਰਾਤ ਵੇਲੇ ਸੌਣ ਲਈ ਤਿਆਰ ਸਨ। ਪਰ ਰਾਹਾਬ ਛੱਤ ਉੱਤੇ ਗਈ ਅਤੇ ਉਨ੍ਹਾਂ ਨਾਲ ਗੱਲ ਕੀਤੀ। 9 ਰਾਹਾਬ ਨੇ ਆਖਿਆ, “ਮੈਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਧਰਤੀ ਤੁਹਾਡੇ ਲੋਕਾਂ ਨੂੰ ਦੇ ਦਿੱਤੀ ਹੈ। ਤੁਸੀਂ ਸਾਨੂੰ ਭੈਭੀਤ ਕਰਦੇ ਹੋ। ਇਸ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕ ਤੁਹਾਡੇ ਕੋਲੋਂ ਭੈਭੀਤ ਹਨ। 10 ਅਸੀਂ ਇਸ ਲਈ ਭੈਭੀਤ ਹਾਂ ਕਿਉਂਕਿ ਅਸੀਂ ਉਨ੍ਹਾਂ ਢਂਗਾ ਬਾਰੇ ਸੁਣ ਲਿਆ ਹੈ ਜਿਨ੍ਹਾਂ ਰਾਹੀਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਹੈ। ਅਸੀਂ ਸੁਣਿਆ ਹੈ ਕਿ ਉਸਨੇ ਲਾਲ ਸਾਗਰ ਦੇ ਪਾਣੀ ਨੂੰ ਸੁਕਾ ਦਿੱਤਾ ਸੀ ਜਦੋਂ ਤੁਸੀਂ ਮਿਸਰ ਵਿੱਚੋਂ ਆਏ ਸੀ। ਅਸੀਂ ਇਹ ਵੀ ਸੁਣਿਆ ਸੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਨਾਲ ਕੀ ਕੀਤਾ ਸੀ। ਅਸੀਂ ਸੁਣਿਆ ਸੀ ਕਿ ਕਿਵੇਂ ਤੁਸੀਂ ਯਰਦਨ ਨਦੀ ਦੇ ਪੂਰਬ ਵੱਲ ਰਹਿਣ ਵਾਲੇ ਉਨ੍ਹਾਂ ਰਾਜਿਆਂ ਨੂੰ ਤਬਾਹ ਕੀਤਾ ਸੀ। 11 ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਸੀ ਅਤੇ ਅਸੀਂ ਬਹੁਤ ਭੈਭੀਤ ਹੋ ਗਏ ਸਾਂ। ਅਤੇ ਹੁਣ ਸਾਡੇ ਵਿੱਚੋਂ ਕੋਈ ਵੀ ਬੰਦਾ ਇੰਨਾ ਬਹਾਦਰ ਨਹੀਂ ਕਿ ਤੁਹਾਡੇ ਨਾਲ ਲੜ ਸਕੇ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਉਪਰ ਆਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਹਕੂਮਤ ਕਰਦਾ ਹੈ! 12 ਇਸ ਲਈ ਹੁਣ, ਯਹੋਵਾਹ ਅੱਗੇ ਮੇਰੇ ਨਾਲ ਇਕਰਾਰ ਕਰੋ ਕਿ ਜਿਵੇਂ ਮੈਂ ਤੁਹਾਡੇ ਲਈ ਚੰਗੀ ਸੀ ਅਤੇ ਤੁਹਾਡੀ ਸਹਾਇਤਾ ਕੀਤੀ ਤੁਸੀਂ ਮੇਰੇ ਪਰਿਵਾਰ ਲਈ ਚੰਗੇ ਹੋਵੋਂਗੇ। ਕਿਰਪਾ ਕਰਕੇ ਮੈਨੂੰ ਯਕੀਨ ਕਰਵਾਉ ਕਿ ਤੁਸੀਂ ਅਜਿਹਾ ਹੀ ਕਰੋਂਗੇ। 13 ਮੈਨੂੰ ਦੱਸੋ ਕਿ ਤੁਸੀਂ ਮੇਰੇ ਪਰਿਵਾਰ ਨੂੰ ਜਿਉਣ ਦੀ ਇਜਾਜ਼ਤ ਦਿਉਂਗੇ - ਮੇਰੇ ਪਿਤਾ, ਮਾਤਾ, ਭਰਾਵਾ, ਭੈਣਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵੀ। ਇਕਰਾਰ ਕਰੋ ਕਿ ਤੁਸੀਂ ਸਾਨੂੰ ਮੌਤ ਤੋਂ ਬਚਾਵੋਂਗੇ।” 14 ਉਨ੍ਹਾਂ ਆਦਮੀਆਂ ਨੇ ਉਸਨੂੰ ਯਕੀਨ ਦਿਵਾਇਆ, “ਅਸੀਂ ਤੁਹਾਡੀਆਂ ਜ਼ਿਂਦਗੀਆਂ ਖਾਤਰ ਆਪਣੀਆਂ ਜ਼ਿਂਦਗੀਆਂ ਦੇ ਦੇਵਾਂਗੇ ਜੇਕਰ ਤੂੰ ਕਿਸੇ ਨੂੰ ਨਾ ਦੱਸੇ ਕਿ ਅਸੀਂ ਕੀ ਕਰ ਰਹੇ ਹਾਂ। ਫ਼ੇਰ, ਜਦੋਂ ਯਹੋਵਾਹ ਸਾਨੂੰ ਸਾਡੀ ਧਰਤੀ ਦੇਵੇਗਾ, ਅਸੀਂ ਤੁਹਾਡੇ ਲਈ ਚੰਗੀ ਹੋਵਾਂਗੇ। ਤੂੰ ਸਾਡੇ ਉੱਤੇ ਭਰੋਸਾ ਕਰ ਸਕਦੀ ਹੈ।” 15 ਔਰਤ ਦਾ ਘਰ ਸ਼ਹਿਰ ਦੀ ਦੀਵਾਰ ਦੇ ਨਾਲ ਬਣਿਆ ਹੋਇਆ ਸੀ। ਇਹ ਦੀਵਾਰ ਦਾ ਹਿੱਸਾ ਸੀ। ਇਸ ਲਈ ਔਰਤ ਨੇ ਆਦਮੀਆਂ ਨੂੰ ਰਸੇ ਰਾਹੀਂ ਖਿੜਕੀ ਵਿੱਚੋਂ ਹੇਠਾ ਉਤਾਰ ਦਿੱਤਾ। 16 ਫ਼ੇਰ ਔਰਤ ਨੇ ਉਨ੍ਹਾਂ ਨੂੰ ਆਖਿਆ, “ਪੱਛਮ ਵੱਲ ਪਹਾੜਾ ਨੂੰ ਚਲੇ ਜਾਉ ਤਾਂ ਜੋ ਭੁੱਲ-ਭੁਲੇਖੇ ਰਾਜੇ ਦੇ ਬੰਦੇ ਤੁਹਾਨੂੰ ਲਭ ਨਾ ਲੈਣ। ਉਥੇ ਤਿੰਨ ਦਿਨਾ ਤੱਕ ਛੁਪੇ ਰਹੋ। ਜਦੋਂ ਰਾਜੇ ਦੇ ਆਦਮੀ ਵਾਪਸ ਆ ਜਾਣ ਤਾਂ ਤੁਸੀਂ ਆਪਣੇ ਰਾਹ ਜਾ ਸਕੋਂਗੇ।” 17 ਆਦਮੀਆਂ ਨੇ ਆਖਿਆ, “ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਪਰ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਪਣੇ ਇਕਰਾਰ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। 18 ਤੁਸੀਂ ਇਹ ਲਾਲ ਰੱਸਾ ਸਾਡੇ ਬਚ ਨਿਕਲਣ ਵਿੱਚ ਸਹਾਇਤਾ ਕਰਨ ਲਈ ਵਰਤ ਰਹੇ ਹੋ। ਅਸੀਂ ਇਸ ਧਰਤੀ ਉੱਤੇ ਵਾਪਸ ਆਵਾਂਗੇ। ਉਸ ਵੇਲੇ ਤੁਸੀਂ ਇਹ ਲਾਲ ਰੱਸਾ ਆਪਣੀ ਖਿੜਕੀ ਨਾਲ ਜ਼ਰੂਰ ਬੰਨ੍ਹ ਦੇਣਾ। ਤੁਸੀਂ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਨੂੰ ਆਪਣੇ ਘਰ ਵਿੱਚ ਜ਼ਰੂਰ ਨਾਲ ਲੈ ਆਉਣਾ। 19 ਅਸੀਂ ਹਰ ਉਸ ਬੰਦੇ ਦੀ ਰੱਖਿਆ ਕਰਾਂਗੇ ਜਿਹੜਾ ਇਸ ਘਰ ਵਿੱਚ ਠਹਿਰੇਗਾ। ਜੇ ਤੁਹਾਦੇ ਘਰ ਦੇ ਕਿਸੇ ਵੀ ਬੰਦੇ ਦਾ ਨੁਕਸਾਨ ਹੋਵੇਗਾ ਤਾਂ ਫ਼ੇਰ ਅਸੀਂ ਜ਼ਿੰਮੇਵਾਰ ਹੋਵਾਂਗੇ। ਪਰ ਜੇ ਕੋਈ ਬੰਦਾ ਤੁਹਾਡੇ ਘਰ ਵਿੱਚੋਂ ਬਾਹਰ ਜਾਵੇਗਾ ਤਾਂ ਹੋ ਸਕਦਾ ਹੈ ਕਿ ਉਹ ਬੰਦਾ ਮਾਰਿਆ ਜਾਵੇ। ਅਸੀਂ ਉਸ ਬੰਦੇ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਇਸ ਵਿੱਚ ਉਸਦਾ ਹੀ ਕਸੂਰ ਹੋਵੇਗਾ। 20 ਅਸੀਂ ਇਹ ਇਕਰਾਰਨਾਮਾ ਤੁਹਾਡੇ ਨਾਲ ਕਰ ਰਹੇ ਹਾਂ। ਪਰ ਜੇ ਤੁਸੀਂ ਕਿਸੇ ਨੂੰ ਇਸ ਬਾਰੇ ਦੱਸ ਦਿਉਂਗੇ ਕਿ ਅਸੀਂ ਕੀ ਕਰ ਰਹੇ ਹਾਂ ਤਾਂ ਅਸੀਂ ਇਸ ਇਕਰਾਰਨਾਮੇ ਤੋਂ ਮੁਕਤ ਹੋਵਾਂਗੇ।” 21 ਔਰਤ ਨੇ ਜਵਾਬ ਦਿੱਤਾ, “ਮੈਂ ਬਿਲਕੁਲ ਉਵੇਂ ਹੀ ਕਰਾਂਗੀ ਜਿਵੇਂ ਤੁਸੀਂ ਆਖਿਆ ਹੈ।” ਔਰਤ ਨੇ ਉਨ੍ਹਾਂ ਨੂੰ ਵਿਦਾ ਕਰ ਦਿੱਤਾ ਅਤੇ ਆਦਮੀ ਉਸਦੇ ਘਰ ਤੋਂ ਚਲੇ ਗਏ। ਫ਼ੇਰ ਔਰਤ ਨੇ ਖਿੜਕੀ ਵਿੱਚ ਲਾਲ ਰੱਸਾ ਬੰਨ੍ਹ ਦਿੱਤਾ। 22 ਆਦਮੀ ਉਸਦੇ ਘਰੋ ਚਲੇ ਗਏ ਅਤੇ ਪਹਾੜਾ ਵਿੱਚ ਚਲੇ ਗਏ। ਉਹ ਉਥੇ ਤਿੰਨ ਦਿਨ ਠਹਿਰੇ। ਰਾਜੇ ਦੇ ਆਦਮੀਆਂ ਨੇ ਸਾਰੇ ਰਾਹ ਉੱਤੇ ਨਜ਼ਰ ਮਾਰੀ। ਤਿੰਨ ਦਿਨਾ ਮਗਰੋਂ, ਰਾਜੇ ਦੇ ਆਦਮੀਆ ਨੇ ਤਲਾਸ਼ ਛੱਡ ਦਿੱਤੀ ਅਤੇ ਸ਼ਹਿਰ ਵਾਪਸ ਚਲੇ ਗਏ। 23 ਫ਼ੇਰ ਦੋਵੇਂ ਆਦਮੀ ਯਹੋਸ਼ੁਆ ਕੋਲ ਵਾਪਸ ਚਲੇ ਗਏ। ਆਦਮੀ ਪਹਾੜਾ ਵਿੱਚੋਂ ਬਾਹਰ ਆ ਗਏ ਅਤੇ ਨਦੀ ਨੂੰ ਪਾਰ ਕਰ ਗਏ। ਉਹ ਨੂਨ ਦੇ ਪੁੱਤਰ ਯਹੋਸ਼ੁਆ ਕੋਲ ਗਏ। ਉਨ੍ਹਾਂ ਨੇ ਜੋ ਕੁਝ ਵੀ ਜਾਣਿਆ ਸੀ ਯਹੋਸ਼ੁਆ ਨੂੰ ਦੱਸ ਦਿੱਤਾ। 24ਉਨ੍ਹਾਂ ਨੇ ਯਹੋਸ਼ੁਆ ਨੂੰ ਆਖਿਆ, “ਯਹੋਵਾਹ ਨੇ ਸੱਚ ਮੁੱਚ ਹੀ ਸਾਡੀ ਧਰਤੀ ਸਾਨੂੰ ਦੇ ਦਿੱਤੀ ਹੈ। ਉਸ ਦੇਸ਼ ਦੇ ਸਾਰੇ ਹੀ ਲੋਕ ਸਾਡੇ ਕੋਲੋਂ ਭੈਭੀਤ ਹਨ।” 24

3:1 ਦੂਸਰੇ ਦਿਨ ਬਹੁਤ ਸਵੇਰੇ, ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਉਠੇ ਅਤੇ ਅਕਾਸ਼ੀਆ ਨੂੰ ਛੱਡ ਗਏ। ਉਹ ਯਰਦਨ ਨਦੀ ਵੱਲ ਗਏ ਅਤੇ ਉਨ੍ਹਾਂ ਨੇ ਪਾਰ ਜਾਣ ਤੋਂ ਪਹਿਲਾ ਉਥੇ ਡੇਰਾ ਲਾ ਲਿਆ। 2 ਤਿੰਨ ਦਿਨਾ ਮਗਰੋਂ, ਆਗੂ ਡੇਰੇ ਵਿੱਚ ਗਏ। 3 ਆਗੂਆਂ ਨੇ ਲੋਕਾਂ ਨੂੰ ਹੁਕਮ ਦਿੱਤਾ। ਉਨ੍ਹਾਂ ਨੇ ਆਖਿਆ, “ਤੁਸੀਂ, ਜਾਜਕਾਂ ਅਤੇ ਲੇਵੀਆਂ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ ਦੇ ਇਕਰਾਰਨਾਮੇ ਵਾਲੇ ਸੰਦੂਕ ਨੂੰ ਲਿਜਾਂਦਿਆ ਦੇਖੋਂਗੇ। ਉਸ ਵੇਲੇ ਤੁਹਾਨੂੰ ਉਨ੍ਹਾਂ ਦੇ ਪਿਛੇ ਜ਼ਰੂਰ ਲੱਗਣਾ ਚਾਹੀਦਾ ਹੈ। 4 ਪਰ ਬਹੁਤ ਨੇੜੇ ਹੋਕੇ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ। ਉਨ੍ਹਾਂ ਕੋਲੋਂ ਤਕਰੀਬਨ 1,000 ਗਜ ਪਿਛੇ ਰਹਿਣਾ। ਤੁਸੀਂ ਉਥੇ ਪਹਿਲਾਂ ਕਦੇ ਨਹੀਂ ਗਏ। ਪਰ ਜੇ ਤੁਸੀਂ ਉਨ੍ਹਾਂ ਦਾ ਪਿੱਛਾ ਕਰੋਂਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਧਰ ਜਾਣਾ ਹੈ।” 5 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਬਣਾ ਲਵੋ। ਕੱਲ ਨੂੰ ਯਹੋਵਾਹ ਤੁਹਾਡੇ ਦਰਮਿਆਨ ਇੱਕ ਮਹਾਨ ਕਰਿਸ਼ਮਾ ਕਰੇਗਾ।” 6 ਫ਼ੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ, “ਇਕਰਾਰਨਾਮੇ ਦਾ ਸੰਦੂਕ ਚੁੱਕ ਲਵੋ ਅਤੇ ਲੋਕਾਂ ਦੇ ਸਾਮ੍ਹਣੇ ਨਦੀ ਦੇ ਪਾਰ ਜਾਵੋ।” ਇਸ ਲਈ ਜਾਜਕਾਂ ਨੇ ਸੰਦੂਕ ਚੁੱਕ ਲਿਆ ਅਤੇ ਇਸਨੂੰ ਲੋਕਾਂ ਦੇ ਸਾਮ੍ਹਣੇ ਲੈ ਗਏ। 7 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਅੱਜ ਮੈਂ ਤੈਨੂੰ ਇਸਰਾਏਲ ਦੇ ਸਾਰੇ ਲੋਕਾਂ ਦੀ ਨਜ਼ਰ ਵਿੱਚ ਮਹਾਨ ਬੰਦਾ ਬਨਾਉਣਾ ਸ਼ੁਰੂ ਕਰ ਦਿਆਂਗਾ। ਫ਼ੇਰ ਲੋਕਾਂ ਨੂੰ ਪਤਾ ਚੱਲ ਜਾਵੇਗਾ ਕਿ ਮੈਂ ਤੇਰੇ ਨਾਲ ਵੀ ਉਵੇਂ ਹੀ ਹਾਂ ਜਿਵੇਂ ਮੈਂ ਮੂਸਾ ਦੇ ਨਾਲ ਸੀ। 8 ਜਾਜਕ ਇਕਰਾਰਨਾਮੇ ਦਾ ਸੰਦੂਕ ਲੈ ਜਾਣਗੇ, ਜਾਜਕਾਂ ਨੂੰ ਇਹ ਆਖ, ‘ਯਰਦਨ ਨਦੀ ਦੇ ਕੰਢੇ ਤੱਕ ਤੁਰਕੇ ਜਾਣ ਅਤੇ ਪਾਣੀ ਵਿੱਚ ਪੈਰ ਪਾਉਣ ਤੋਂ ਰਤਾ ਕੁ ਪਹਿਲਾ ਠਹਿਰ ਜਾਣ।” 9 ਫ਼ੇਰ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਆਉ ਅਤੇ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸ਼ਬਦਾ ਨੂੰ ਧਿਆਨ ਨਾਲ ਸੁਣੋ। 10 ਇਹ ਇੱਕ ਸਬੂਤ ਹੈ ਕਿ ਜਿਉਂਦਾ ਪਰਮੇਸ਼ੁਰ ਸੱਚਮੁੱਚ ਤੁਹਾਡੇ ਨਾਲ ਹੈ ਅਤੇ ਉਹ ਤੁਹਾਡੇ ਦੁਸ਼ਮਣਾ ਨੂੰ ਹਰਾਉਣ ਵਿੱਚ ਅਸਫ਼ਲ ਨਹੀਂ ਹੋਵੇਗਾ। ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫ਼ਰਿਜ਼ੀਆਂ, ਗਿਰ੍ਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਹਰਾ ਦੇਵੇਗਾ ਅਤੇ ਉਨ੍ਹਾਂ ਨੂੰ ਧਰਤੀ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ। 11 ਇਹੀ ਇੱਕ ਸਬੂਤ ਹੈ। ਸਾਰੀ ਦੁਨੀਆਂ ਦੇ ਸੁਆਮੀ ਦਾ ਇਕਰਾਰਨਾਮੇ ਦਾ ਸੰਦੂਕ ਤੁਹਾਡੇ ਅੱਗੇ ਜਾਵੇਗਾ ਜਦੋਂ ਤੁਸੀਂ ਯਰਦਨ ਨਦੀ ਨੂੰ ਪਾਰ ਕਰੋਂਗੇ। 12 ਹੁਣ ਬਾਰ੍ਹਾਂ ਆਦਮੀ ਚੁਣੋ। ਇਸਰਾਏਲ ਦੇ ਹਰ ਇੱਕ ਪਰਿਵਾਰ ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 13 ਜਾਜਕ, ਯਹੋਵਾਹ ਦਾ ਸੰਦੂਕ ਲੈਕੇ ਜਾਣਗੇ ਯਹੋਵਾਹ ਸਾਰੀ ਦੁਨੀਆ ਦਾ ਸੁਆਮੀ ਹੈ। ਉਹ ਪਵਿੱਤਰ ਸੰਦੂਕ ਨੂੰ ਤੁਹਾਡੇ ਸਾਮ੍ਹਣੇ ਯਰਦਨ ਨਦੀ ਵਿੱਚ ਲੈਕੇ ਜਾਣਗੇ ਜਦੋਂ ਉਹ ਪਾਣੀ ਵਿੱਚ ਦਾਖਲ ਹੋਣਗੇ ਯਰਦਨ ਨਦੀ ਦਾ ਪਾਣੀ ਵਗਣੋ ਹਟ ਜਾਵੇਗਾ ਪਾਣੀ ਠਹਿਰ ਜਾਵੇਗਾ। ਅਤੇ ਉਸ ਸਥਾਨ ਦੇ ਪਿਛੇ ਬੰਨ੍ਹ ਵਾਂਗ ਭਰ ਜਾਵੇਗਾ।” 14 ਜਾਜਕਾਂ ਨੇ ਇਕਰਾਰਨਾਮੇ ਦਾ ਸੰਦੂਕ ਚੁੱਕ ਲਿਆ ਅਤੇ ਲੋਕਾਂ ਨੇ ਆਪਣੇ ਡੇਰੇ ਵਾਲੀ ਥਾਂ ਛੱਡ ਦਿੱਤੀ ਲੋਕ ਯਰਦਨ ਨਦੀ ਦੇ ਪਾਰ ਜਾਣੇ ਸ਼ੁਰੂ ਹੋ ਗਏ। 15 ਫ਼ਸਲ ਦੀ ਵਾਢੀ ਵੇਲੇ ਯਰਦਨ ਨਦੀ ਦੇ ਕੰਢਿਆਂ ਤੀਕ ਵਗਦੀ ਹੈ ਇਸ ਲਈ ਨਦੀ ਪੂਰੀ ਭਰੀ ਹੋਈ ਸੀ ਜਿਨ੍ਹਾਂ ਜਾਜਕਾਂ ਨੇ ਸੰਦੂਕ ਚੁਕਿਆ ਹੋਇਆ ਸੀ ਉਹ ਨਦੀ ਦੇ ਕੰਢੇ ਆ ਗਏ। ਉਨ੍ਹਾਂ ਨੇ ਨਦੀ ਵਿੱਚ ਪੈਰ ਪਾ ਦਿੱਤੇ। 16 ਅਤੇ ਫ਼ੌਰਨ ਹੀ, ਪਾਣੀ ਵਗਣੋ ਰੁਕ ਗਿਆ। ਪਾਣੀ ਉਸ ਥਾਂ ਦੇ ਪਿਛੇ ਬੰਨ੍ਹ ਵਾਂਗ ਭਰਿਆ ਹੋਇਆ ਸੀ। ਪਾਣੀ ਨਦੀ ਦੇ ਉੱਪਰ ਵੱਲ ਦੂਰ ਤੀਕ ਉੱਚਾ ਉਠਿਆ ਹੋਇਆ ਸੀ - (ਜ਼ਾਰੇਥਾਨ ਦੇ ਕਸਬੇ) ਆਦਮ ਤੀਕ। ਲੋਕਾਂ ਨੇ ਯਰੀਹੋ ਦੇ ਨਜ਼ਦੀਕ ਨਦੀ ਪਾਰ ਕੀਤੀ। 17 ਉਸ ਥਾਂ ਜ਼ਮੀਨ ਖੁਸ਼ਕ ਹੋ ਗਈ ਅਤੇ ਜਾਜਕ ਯਹੋਵਾਹ ਦੇ ਇਕਰਾਰਨਾਮੇ ਦਾ ਸੰਦੂਕ ਚੁੱਕੇ ਨਦੀ ਦੇ ਅਧ ਵਿਚਕਾਰ ਲੈ ਗਏ ਅਤੇ ਰੁਕ ਗਏ। ਜਾਜਕ ਉਥੇ ਖਲੋਕੇ ਉਡੀਕਣ ਲੱਗੇ ਜਦੋਂ ਕਿ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰਕੇ ਪਾਰ ਹੋ ਗਏ।

4:1 ਜਦੋਂ ਸਾਰੇ ਲੋਕ ਨਦੀ ਪਾਰ ਕਰ ਗਏ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 2 “ਬਾਰ੍ਹਾਂ ਆਦਮੀ ਚੁਣੋ। ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਦਮੀ ਚੁਣੋ। 3 ਉਨ੍ਹਾਂ ਨੂੰ ਆਖੋ ਕਿ ਨਦੀ ਵਿੱਚ ਉਸ ਥਾਂ ਦੇਖਣ ਜਿਥੇ ਜਾਜਕ ਖਲੋਤੇ ਹੋਏ ਸਨ। ਉਨ੍ਹਾਂ ਨੂੰ ਆਖੋ ਕਿ ਉਸ ਥਾਂ ਉੱਤੇ ਬਾਰ੍ਹਾਂ ਪੱਥਰ ਤਲਾਸ਼ ਕਰਨ। ਉਨ੍ਹਾਂ ਬਾਰ੍ਹਾਂ ਪੱਥਰਾਂ ਨੂੰ ਆਪਣੇ ਨਾਲ ਲੈ ਜਾਣਾ। ਬਾਰ੍ਹਾਂ ਪਥਰਾ ਨੂੰ ਉਥੇ ਰੱਖ ਦੇਣਾ ਜਿਥੇ ਤੁਸੀਂ ਰਾਤ ਕੱਟੋ।” 4 ਇਸ ਲਈ, ਯਹੋਸ਼ੁਆ ਨੇ ਹਰ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਬੰਦਾ ਚੁਣਿਆ। ਫ਼ੇਰ ਉਸਨੇ ਬਾਰ੍ਹਾਂ ਆਦਮੀਆਂ ਨੂੰ ਇਕਠੇ ਹੋਣ ਲਈ ਆਖਿਆ। 5 ਯਹੋਸ਼ੁਆ ਨੇ ਆਦਮੀਆਂ ਨੂੰ ਆਖਿਆ, ‘ਨਦੀ ਵਿੱਚ ਉਥੇ ਜਾਵੋ ਜਿਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਇੱਕ-ਇੱਕ ਪੱਥਰ ਤਲਾਸ਼ ਕਰਨਾ ਚਾਹੀਦਾ ਹੈ। ਇਸਰਾਏਲ ਦੇ ਬਾਰ੍ਹਾਂ ਪਰਿਵਾਰ-ਸਮੂਹਾਂ ਵਿੱਚੋਂ ਹਰੇਕ ਪਾਸ ਇੱਕ-ਇੱਕ ਪੱਥਰ ਹੋਵੇਗਾ। ਉਸ ਪੱਥਰ ਨੂੰ ਆਪਣੇ ਮੋਢਿਆ ਉੱਤੇ ਚੁੱਕੋ। 6 ਇਹ ਪੱਥਰ ਤੁਹਾਡੇ ਲਈ ਨਿਸ਼ਾਨ ਹੋਣਗੇ। ਭਵਿਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁਛਣਗੇ, ‘ਇਨ੍ਹਾਂ ਪਥਰਾ ਦਾ ਕੀ ਅਰਥ ਹੈ?’ 7 ਤੁਸੀਂ ਬੱਚਿਆਂ ਨੂੰ ਦੱਸੋਂਗੇ ਕਿ ਯਹੋਵਾਹ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣ ਤੋਂ ਰੋਕ ਦਿੱਤਾ ਸੀ। ਜਦੋਂ ਯਹੋਵਾਹ ਨੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਨਦੀ ਪਾਰ ਕਰ ਰਿਹਾ ਸੀ, ਪਾਣੀ ਵਗਣੋ ਹਟ ਗਿਆ ਸੀ। ਉਹ ਪੱਥਰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣ ਵਿੱਚ ਸਹਾਇਤਾ ਕਰਨਗੇ।” 8 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਹ ਯਰਦਨ ਨਦੀ ਦੇ ਅਧ ਵਿਚਕਾਰੋਂ ਬਾਰ੍ਹਾਂ ਪੱਥਰ ਚੁੱਕ ਲਿਆਏ। ਇਸਰਾਏਲ ਦੇ ਹਰ ਬਾਰ੍ਹਾਂ ਪਰਿਵਾਰ-ਸਮੂਹਾਂ ਲਈ ਇੱਕ-ਇੱਕ ਪੱਥਰ ਸੀ। ਉਨ੍ਹਾਂ ਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦਿੱਤਾ ਸੀ। ਲੋਕਾਂ ਨੇ ਪੱਥਰ ਆਪਣੇ ਨਾਲ ਲੈ ਲਈ। ਫ਼ੇਰ ਉਨ੍ਹਾਂ ਨੇ ਉਹ ਪੱਥਰ ਉਥੇ ਰੱਖ ਦਿੱਤੇ ਜਿਥੇ ਉਨ੍ਹਾਂ ਨੇ ਆਪਣਾ ਡੇਰਾ ਲਾਇਆ। 9 (ਯਹੋਸ਼ੁਆ ਨੇ ਯਰਦਨ ਨਦੀ ਦੇ ਅਧ ਵਿਚਕਾਰ ਵੀ ਬਾਰ੍ਹਾਂ ਪੱਥਰ ਰੱਖ ਦਿੱਤੇ। ਉਸਨੇ ਇਨ੍ਹਾਂ ਨੂੰ ਉਸ ਥਾਂ ਰੱਖ ਦਿੱਤਾ ਜਿਥੇ ਜਾਜਕ ਉਦੋਂ ਖਲੋਤੇ ਸਨ ਜਦੋਂ ਉਨ੍ਹਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਚੁਕਿਆ ਹੋਇਆ ਸੀ। ਇਹ ਪੱਥਰ ਅੱਜ ਵੀ ਉਸੇ ਥਾਂ ਹਨ।) 10 ਯਹੋਵਾਹ ਨੇ ਯਹੋਸ਼ੁਆ ਨੂੰ ਆਦੇਸ਼ ਦੇ ਦਿੱਤਾ ਸੀ ਕਿ ਉਹ ਲੋਕਾਂ ਨੂੰ ਦੱਸ ਦੇਵੇ ਕਿ ਉਨ੍ਹਾਂ ਨੇ ਕੀ ਕਰਨਾ ਹੈ। ਇਹ ਉਹੀ ਗੱਲਾਂ ਸਨ ਜਿਹੜੀਆਂ ਮੂਸਾ ਨੇ ਯਹੋਸ਼ੁਆ ਨੂੰ ਜ਼ਰੂਰ ਕਰਨ ਲਈ ਆਖੀਆਂ ਸਨ। ਇਸ ਲਈ ਜਿਹੜੇ ਜਾਜਕ ਪਵਿੱਤਰ ਸੰਦੂਕ ਨੂੰ, ਲਈ ਖਲੋਤੇ ਸਨ ਉਦੋਂ ਤੀਕ ਨਦੀ ਦੇ ਅਧ ਵਿਚਕਾਰ ਖਲੋਤੇ ਰਹੇ ਜਦੋਂ ਤੱਕ ਕਿ ਉਹ ਸਾਰੀਆਂ ਗੱਲਾਂ ਕਰ ਨਹੀਂ ਲਈਆਂ ਗਈਆਂ। ਲੋਕ ਕਾਹਲੀ ਨਾਲ ਨਦੀ ਦੇ ਪਾਰ ਹੋ ਗਏ। 11 ਲੋਕਾਂ ਨੇ ਨਦੀ ਪਾਰ ਕਰ ਲਈ। ਉਸਤੋਂ ਮਗਰੋਂ ਜਾਜਕ, ਯਹੋਵਾਹ ਦੇ ਸੰਦੂਕ ਨੂੰ ਲੋਕਾਂ ਦੇ ਸਾਮ੍ਹਣੇ ਲੈ ਆਏ। 12 ਰਊਬੇਨ, ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੇ ਮੂਸਾ ਦੀ ਗੱਲ ਮੰਨੀ। ਇਨ੍ਹਾਂ ਆਦਮੀਆਂ ਨੇ ਹੋਰਨਾਂ ਲੋਕਾਂ ਦੇ ਸਾਮ੍ਹਣੇ ਨਦੀ ਪਾਰ ਕੀਤੀ। ਇਹ ਆਦਮੀ ਲੜਾਈ ਲਈ ਤਿਆਰ ਸਨ। ਉਹ ਇਸਰਾਏਲ ਦੇ ਬਾਕੀ ਦੇ ਲੋਕਾਂ ਦੀ ਧਰਤੀ ਨੂੰ ਹਾਸਿਲ ਕਰਨ ਵਿੱਚ ਸਹਾਇਤਾ ਕਰਨ ਜਾ ਰਹੇ ਸਨ ਜਿਹੜੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦੇਣ ਦਾ ਇਕਰਾਰ ਕੀਤਾ ਸੀ। 13 ਤਕਰੀਬਨ 40,000 ਸਿਪਾਹੀ, ਲੜਾਈ ਲਈ ਤਿਆਰ ਹੋਏ, ਯਹੋਵਾਹ ਦੇ ਸਾਮ੍ਹਣਿਉ ਲੰਘੇ। ਉਹ ਯਰੀਹੋ ਦੇ ਮੈਦਾਨਾ ਵੱਲ ਕੂਚ ਕਰ ਰਹੇ ਸਨ। 14 ਉਸ ਦਿਨ ਯਹੋਵਾਹ ਨੇ ਯਹੋਸ਼ੁਆ ਨੂੰ ਇਸਰਾਏਲ ਦੇ ਸਾਰੇ ਲੋਕਾਂ ਲਈ, ਮਹਾਨ ਇਨਸਾਨ ਬਣਾ ਦਿੱਤਾ। ਉਸ ਸਮੇਂ ਤੋਂ ਬਾਦ ਲੋਕਾਂ ਨੇ ਯਹੋਸ਼ੁਆ ਦਾ ਆਦਰ ਕੀਤਾ। ਉਨ੍ਹਾਂ ਨੇ ਯਹੋਸ਼ੁਆ ਦਾ ਉਸਦੀ ਸਾਰੀ ਜ਼ਿੰਦਗੀ ਉਸੇ ਤਰ੍ਹਾਂ ਆਦਰ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਮੂਸਾ ਦਾ ਕੀਤਾ ਸੀ। 15 ਜਦੋਂ ਹਾਲੇ ਸੰਦੂਕ ਚੁੱਕਣ ਵਾਲੇ ਜਾਜਕ ਨਦੀ ਵਿੱਚ ਹੀ ਖਲੋਤੇ ਸਨ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, 16 “ਜਾਜਕਾਂ ਨੂੰ ਨਦੀ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦਿਉ।” 17 ਇਸ ਲਈ ਯਹੋਸ਼ੁਆ ਨੇ ਜਾਜਕਾਂ ਨੂੰ ਆਦੇਸ਼ ਦਿੱਤਾ। ਉਸਨੇ ਆਖਿਆ, “ਯਰਦਨ ਨਦੀ ਵਿੱਚੋਂ ਬਾਹਰ ਆ ਜਾਵੋ।” 18 ਜਾਜਕਾ ਨੇ ਯਹੋਸ਼ੁਆ ਦੀ ਗੱਲ ਮੰਨ ਲਈ। ਉਨ੍ਹਾਂ ਨੇ ਆਪਣੇ ਨਾਲ ਪੇਟੀ ਚੁੱਕ ਲਈ ਅਤੇ ਨਦੀ ਵਿੱਚੋਂ ਬਾਹਰ ਆ ਗਏ। ਜਦੋਂ ਜਾਜਕਾਂ ਦੇ ਪੈਰ ਨਦੀ ਦੇ ਦੂਸਰੇ ਕੰਢੇ ਧਰਤੀ ਨੂੰ ਛੂਹੇ, ਨਦੀ ਦਾ ਪਾਣੀ ਫ਼ੇਰ ਵਗਣ ਲੱਗ ਪਿਆ। ਪਾਣੀ ਉਸੇ ਤਰ੍ਹਾਂ ਕੰਢਿਆਂ ਤੋਂ ਬਾਹਰ ਵਗਣ ਲਗਿਆ ਜਿਵੇਂ ਲੋਕਾਂ ਦੇ ਇਸਨੂੰ ਪਾਰ ਕਰਨ ਤੋਂ ਪਹਿਲਾ ਵਗਦਾ ਸੀ। 19 ਲੋਕਾਂ ਨੇ ਯਰਦਨ ਨਦੀ ਨੂੰ ਪਹਿਲੇ ਮਹੀਨੇ ਦੇ ਦਸਵੇਂ ਦਿਨ ਪਾਰ ਕੀਤਾ। ਲੋਕਾਂ ਨੇ ਯਰੀਹੋ ਦੇ ਪੂਰਬ ਵੱਲ ਗਿਲਗਾਲ ਵਿਖੇ ਡੇਰਾ ਲਾ ਲਿਆ। 20 ਲੋਕਾਂ ਨੇ ਉਹ ਬਾਰ੍ਹਾਂ ਪੱਥਰ ਨਾਲ ਲਿਆਂਦੇ ਜਿਹੜੇ ਉਨ੍ਹਾਂ ਨੇ ਯਰਦਨ ਨਦੀ ਵਿੱਚੋਂ ਚੁੱਕੇ ਸਨ। ਅਤੇ ਯਹੋਸ਼ੁਆ ਨੇ ਉਨ੍ਹਾਂ ਪੱਥਰਾਂ ਨੂੰ ਗਿਲਗਾਲ ਵਿਖੇ ਸਥਾਪਿਤ ਕਰ ਦਿੱਤਾ। 21 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਭਵਿਖ ਵਿੱਚ ਤੁਹਾਡੇ ਬੱਚੇ ਆਪਣੇ ਮਾਪਿਆਂ ਨੂੰ ਪੁਛਣਗੇ, ‘ਇਨ੍ਹਾਂ ਪਥਰਾ ਦਾ ਕੀ ਅਰਥ ਹੈ?’ 22 ਤੁਸੀਂ ਬੱਚਿਆਂ ਨੂੰ ਦੱਸੋਂਗੇ, ‘ਇਹ ਪੱਥਰ ਸਾਨੂੰ ਇਹ ਗੱਲ ਚੇਤੇ ਰੱਖਣ ਵਿੱਚ ਸਹਾਇਤਾ ਕਰਦੇ ਹਨ ਕਿ ਕਿਵੇਂ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਨੂੰ ਸੁੱਕੀ ਥਾਂ ਤੋਂ ਪਾਰ ਕੀਤਾ ਸੀ। 23 ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਯਰਦਨ ਨਦੀ ਦੇ ਪਾਣੀ ਨੂੰ ਵਗਣੋ ਰੋਕ ਦਿੱਤਾ ਸੀ ਤਾਂ ਜੋ ਤੁਸੀਂ ਇਸਨੂੰ ਸੁੱਕੀ ਥਾਂ ਤੋਂ ਪਾਰ ਕਰ ਸਕੋ - ਉਸੇ ਤਰ੍ਹਾਂ ਜਿਵੇਂ ਯਹੋਵਾਹ ਨੇ ਲਾਲ ਸਾਗਰ ਦੇ ਪਾਣੀ ਨੂੰ ਰੋਕ ਦਿੱਤਾ ਸੀ ਤਾਂ ਜੋ ਅਸੀਂ ਇਸਨੂੰ ਸੁੱਕੀ ਥਾਂ ਤੋਂ ਪਾਰ ਕਰ ਸਕੀਏ।’ 24 ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਸ ਧਰਤੀ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਯਹੋਵਾਹ ਬਹੁਤ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਉਸ ਤੋਂ ਡਰੋ।”

5:1 ਜਦੋਂ ਯਰਦਨ ਨਦੀ ਦੇ ਪੱਛਮੀ ਪਾਸੇ ਵਾਲੇ ਅਮੋਰੀਆ ਦੇ ਰਾਜਿਆ ਅਤੇ ਮੈਡੀਟ੍ਰੇਨੀਅਨ ਸਾਗਰ ਦੇ ਕੰਢੇ ਰਹਿਣ ਵਾਲੇ ਕਨਾਨੀ ਰਾਜਿਆਂ ਨੇ ਇਸ ਬਾਰੇ ਸੁਣਿਆ, ਉਹ ਬਹੁਤ ਭੈਭੀਤ ਹੋ ਗਏ। ਉਸਤੋਂ ਮਗਰੋਂ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਲੜਨ ਲਈ ਇੰਨੇ ਬਹਾਦਰ ਨਾ ਰਹੇ। 2 ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਲੋਹੇ ਦੇ ਪੱਥਰਾਂ ਤੋਂ ਛੁੜੀਆਂ ਬਣਾਉ ਅਤੇ ਇਸਰਾਏਲ ਦੇ ਆਦਮੀਆਂ ਦੀ ਸੁੰਨਤ ਕਰੋ।” 3 ਇਸ ਲਈ ਯਹੋਸ਼ੁਆ ਨੇ ਲੋਹੇ ਦੇ ਪੱਥਰਾਂ ਤੋਂ ਛੁਰੀਆਂ ਬਣਾਈਆਂ। ਫ਼ੇਰ ਉਸਨੇ ਗਿਬੀਥ ਹਾਰਲੋਥ ਵਿਖੇ ਇਸਰਾਏਲ ਦੇ ਲੋਕਾਂ ਦੀ ਸੁੰਨਤ ਕੀਤੀ। 4 ਯਹੋਸ਼ੁਆ ਦਾ ਆਦਮੀਆ ਦੀ ਸੁੰਨਤ ਕਰਨ ਦਾ ਕਾਰਣ ਇਹ ਸੀ: ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਨ੍ਹ੍ਹਾਂ ਸਾਰੇ ਆਦਮੀਆਂ ਦੀ, ਜਿਹੜੇ ਫ਼ੌਜ ਵਿੱਚ ਹੋਣ ਦੇ ਯੋਗ ਸਨ, ਸੁੰਨਤ ਕੀਤੀ ਗਈ ਸੀ। ਮਾਰੂਥਲ ਅੰਦਰ ਬਹੁਤ ਸਾਰੇ ਲੜਨ ਵਾਲੇ ਆਦਮੀਆਂ ਨੇ ਯਹੋਵਾਹ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਇਸ ਲਈ ਯਹੋਵਾਹ ਨੇ ਇਕਰਾਰ ਕੀਤਾ ਕਿ ਉਹ ਬੰਦੇ “ਉਸ ਧਰਤੀ ਨੂੰ ਨਹੀਂ ਦੇਖਣਗੇ ਜਿਥੇ ਬਹੁਤ ਫ਼ਸਲ ਹੁੰਦੀ ਹੈ” ਯਹੋਵਾਹ ਨੇ ਸਾਡੇ ਪੁਰਿਖਆਂ ਨਾਲ ਇਕਰਾਰ ਕੀਤਾ ਕਿ ਉਹ ਸਾਨੂੰ ਉਹ ਧਰਤੀ ਦੇਵੇਗਾ ਪਰ ਉਨ੍ਹਾਂ ਆਦਮੀਆਂ ਕਾਰਣ ਪਰਮੇਸ਼ੁਰ ਨੇ ਲੋਕਾਂ ਨੂੰ 40 ਵਰ੍ਹਿਆਂ ਤੱਕ ਮਾਰੂਥਲ ਅੰਦਰ ਭਟਕਣ ਲਈ ਮਜ਼ਬੂਰ ਕੀਤਾ - ਉਸ ਤਰ੍ਹਾਂ ਉਹ ਸਾਰੇ ਲੜਨ ਵਾਲੇ ਆਦਮੀ ਮਰਨਗੇ। ਉਹ ਸਾਰੇ ਲੜਾਕੂ ਮਰ ਗਏ, ਅਤੇ ਉਨ੍ਹਾਂ ਦੇ ਪੁੱਤਰਾਂ ਨੇ ਉਨ੍ਹਾਂ ਦੀ ਥਾਂ ਲੈ ਲਈ। ਪਰ ਉਨ੍ਹਾਂ ਮੁੰਡਿਆਂ ਵਿੱਚੋਂ ਜਿਹੜੇ ਮਿਸਰ ਤੋਂ ਕੀਤੇ ਸਫ਼ਰ ਵੇਲੇ ਮਾਰੂਥਲ ਅੰਦਰ ਜਨਮੇ ਸਨ, ਕਿਸੇ ਦੀ ਵੀ ਸੁੰਨਤ ਨਹੀਂ ਸੀ ਹੋਈ। ਇਸ ਲਈ ਯਹੋਸ਼ੁਆ ਨੇ ਉਨ੍ਹਾਂ ਦੀ ਸੁੰਨਤ ਕੀਤੀ। 5 6 7 8 ਯਹੋਸ਼ੁਆ ਨੇ ਸਾਰੇ ਆਦਮੀਆਂ ਦੀ ਸੁੰਨਤ ਦਾ ਕੰਮ ਮੁਕਾ ਲਿਆ। ਸਾਰੇ ਆਦਮੀਆਂ ਦੇ ਰਾਜ਼ੀ ਹੋਣ ਤੱਕ ਲੋਕਾਂ ਨੇ ਉਥੇ ਹੀ ਡੇਰਾ ਲਾਈ ਰੱਖਿਆ। 9 ਉਸ ਵੇਲੇ, ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੁਸੀਂ ਮਿਸਰ ਵਿੱਚ ਗੁਲਾਮ ਸੀ। ਅਤੇ ਇਸ ਨਾਲ ਤੁਹਾਨੂੰ ਸ਼ਰਮਸਾਰੀ ਹੁੰਦੀ ਸੀ। ਪਰ ਅੱਜ ਮੈਂ ਉਸ ਸ਼ਰਮਸਾਰੀ ਨੂੰ ਦੂਰ ਕਰ ਦਿੱਤਾ ਹੈ।” ਇਸ ਲਈ ਯਹੋਸ਼ੁਆ ਨੇ ਉਸ ਥਾਂ ਦਾ ਨਾਮ ਗਿਲਗਾਲ ਰੱਖ ਦਿੱਤਾ। ਅਤੇ ਅੱਜ ਵੀ ਉਸ ਥਾਂ ਦਾ ਨਾਮ ਗਿਲਗਾਲ ਹੀ ਹੈ। 10 ਇਸਰਾਏਲ ਦੇ ਲੋਕਾਂ ਨੇ ਪਸਾਹ ਦਾ ਜਸ਼ਨ ਉਦੋਂ ਮਨਾਇਆ ਜਦੋਂ ਉਹ ਯਰੀਹੋ ਦੇ ਮੈਦਾਨਾ ਅੰਦਰ ਗਿਲਗਾਲ ਵਿਖੇ ਡੇਰਾ ਲਾਈ ਬੈਠੇ ਸਨ। ਇਹ ਗੱਲ ਮਹੀਨੇ ਦੇ 14ਵੇਂ ਦਿਨ ਦੀ ਸ਼ਾਮ ਦੀ ਸੀ। 11 ਪਸਾਹ ਤੋਂ ਅਗਲੇ ਦਿਨ ਲੋਕਾਂ ਨੇ ਉਹ ਭੋਜਨ ਖਾਧਾ ਜਿਹੜਾ ਉਸ ਧਰਤੀ ਉੱਤੇ ਉਗਿਆ ਸੀ। ਉਨ੍ਹਾਂ ਨੇ ਬਿਨਾ ਖਮੀਰ ਵਾਲੀ ਰੋਟੀ ਅਤੇ ਭੁਜਿਆ ਅਨਾਜ਼ ਖਾਧਾ। 12 ਅਗਲੀ ਸਵੇਰ, ਅਕਾਸ਼ ਵਿੱਚੋਂ ਆਉਣ ਵਾਲਾ ਖਾਸ ਭੋਜਨ ਬੰਦ ਹੋ ਗਿਆ। ਇਹ ਗੱਲ ਉਸ ਦਿਨ ਤੋਂ ਮਗਰੋਂ ਵਾਪਰੀ ਜਦੋਂ ਲੋਕਾਂ ਨੇ ਕਨਾਨ ਦੀ ਧਰਤੀ ਉੱਤੇ ਉਗਾਇਆ ਭੋਜਨ ਖਾਧਾ। ਉਸ ਸਮੇਂ ਤੋਂ ਬਾਦ ਇਸਰਾਏਲ ਦੇ ਲੋਕਾਂ ਨੂੰ ਅਕਾਸ਼ ਦਾ ਖਾਸ ਭੋਜਨ ਪ੍ਰਾਪਤ ਨਹੀਂ ਹੋਇਆ। 13 ਜਦੋਂ ਯਹੋਸ਼ੁਆ ਯਰੀਹੋ ਦੇ ਨੇੜੇ ਸੀ ਤਾਂ ਉਸਨੇ ਉੱਪਰ ਵੱਲ ਨਜ਼ਰ ਮਾਰੀ ਅਤੇ ਆਪਣੇ ਸਾਮ੍ਹਣੇ ਇੱਕ ਆਦਮੀ ਨੂੰ ਖਲੋਤਿਆ ਵੇਖਿਆ। ਆਦਮੀ ਦੇ ਹੱਥ ਵਿੱਚ ਤਲਵਾਰ ਸੀ। ਯਹੋਸ਼ੁਆ ਉਸ ਆਦਮੀ ਕੋਲ ਗਿਆ ਅਤੇ ਪੁਛਿਆ, “ਕੀ ਤੂੰ ਸਾਡੇ ਲੋਕਾਂ ਦਾ ਮਿੱਤਰ ਹੈ ਜਾਂ ਸਾਡੇ ਦੁਸ਼ਮਣਾ ਵਿੱਚੋਂ ਹੈ?” 14 ਆਦਮੀ ਨੇ ਜਵਾਬ ਦਿੱਤਾ, “ਮੈਂ ਦੁਸ਼ਮਣ ਨਹੀਂ ਹਾਂ। ਮੈਂ ਯਹੋਵਾਹ ਦੀ ਫ਼ੌਜ ਦਾ ਕਮਾਂਡਰ ਹਾਂ। ਮੈਂ ਹੁਣੇ ਹੀ ਤੁਹਾਡੇ ਕੋਲ ਆਇਆ ਹਾਂ।” ਫ਼ੇਰ ਯਹੋਸ਼ੁਆ ਨੇ ਧਰਤੀ ਵੱਲ ਝੁਕਕੇ ਪ੍ਰਮਾਣ ਕੀਤਾ।ਉਸਨੇ ਅਜਿਹਾ ਆਦਰ ਪ੍ਰਗਟ ਕਰਨ ਲਈ ਕੀਤਾ ਉਸਨੇ ਪੁਛਿਆ, “ਮੈਂ ਤੁਹਾਡਾ ਸੇਵਕ ਹਾਂ। ਕੀ ਮੇਰੇ ਸੁਆਮੀ ਵੱਲੋਂ ਮੇਰੇ ਲਈ ਕੋਈ ਆਦੇਸ਼ ਹੈ?” 15 ਯਹੋਵਾਹ ਦੀ ਫ਼ੌਜ ਦੇ ਕਮਾਂਡਰ ਨੇ ਜਵਾਬ ਦਿੱਤਾ, “ਆਪਣੀਆਂ ਜੁੱਤੀਆਂ ਉਤਾਰ ਲਵੋ। ਜਿਸ ਥਾਂ ਉੱਤੇ ਤੁਸੀਂ ਹੁਣ ਖਲੋਤੇ ਹੋਏ ਹੋ, ਉਹ ਪਵਿੱਤਰ ਹੈ।” ਇਸ ਲਈ ਯਹੋਸ਼ੁਆ ਨੇ ਉਸਦਾ ਹੁਕਮ ਮੰਨਿਆ।

6:1 ਯਰੀਹੋ ਸ਼ਹਿਰ ਬੰਦ ਸੀ। ਸ਼ਹਿਰ ਦੇ ਲੋਕ ਭੈਭੀਤ ਸਨ ਕਿਉਂਕਿ ਇਸਰਾਏਲ ਦੇ ਲੋਕ ਨੇੜੇ ਸਨ। ਕੋਈ ਵੀ ਸ਼ਹਿਰ ਦੇ ਅੰਦਰ ਨਹੀਂ ਸੀ ਜਾਂਦਾ ਅਤੇ ਨਾ ਹੀ ਬਾਹਰ ਜਾਂਦਾ ਸੀ। 2 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਦੇਖੋ, ਮੈਂ ਤੁਹਾਨੂੰ ਯਰੀਹੋ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਤੁਸੀਂ ਸ਼ਹਿਰ ਦੇ ਰਾਜੇ ਅਤੇ ਸਾਰੇ ਲੜਾਕੂਆਂ ਨੂੰ ਹਰਾ ਦੇਵੋਂਗੇ। 3 ਹਰ ਰੋਜ਼ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਆਪਣੀ ਫ਼ੌਜ ਨਾਲ ਮਾਰਚ ਕਰੋ। ਛੇ ਦਿਨਾ ਤੱਕ ਇਵੇਂ ਹੀ ਕਰੋ। 4 ਜਾਜਕਾਂ ਨੂੰ ਪਵਿੱਤਰ ਸੰਦੂਕ ਚੁੱਕਣ ਲਈ ਆਖੋ ਜਾਜਕਾਂ ਵਿੱਚੋਂ ਸੱਤ ਜਾਣਿਆ ਨੂੰ ਭੇਡੂਆਂ ਦੇ ਸਿੰਗਾ ਤੋਂ ਬਣੀਆਂ ਤੂਰ੍ਹੀਆਂ ਲਿਆਉਣ ਲਈ ਆਖੋ ਅਤੇ ਪਵਿੱਤਰ ਸੰਦੂਕ ਦੇ ਸਾਮ੍ਹਣੇ ਮਾਰਚ ਕਰੋ। ਸੱਤਵੇਂ ਦਿਨ ਸ਼ਹਿਰ ਦੇ ਗਿਰਦ ਸੱਤ ਵਾਰੀ ਮਾਰਚ ਕਰੋ। ਸੱਤਵੇਂ ਦਿਨ ਜਾਜਕਾਂ ਨੂੰ ਉਦੋਂ ਤੂਰ੍ਹੀਆਂ ਵਜਾਉਣ ਲਈ ਆਖੋ ਜਦੋਂ ਉਹ ਮਾਰਚ ਕਰ ਰਹੇ ਹੋਣ। 5 ਜਾਜਕ ਤੂਰ੍ਹੀਆਂ ਨਾਲ ਬਹੁਤ ਉੱਚਾ ਸ਼ੋਰ ਪੈਦਾ ਕਰਨਗੇ। ਜਦੋਂ ਤੁਸੀਂ ਉਹ ਸ਼ੋਰ ਸੁਣੋ ਤਾਂ ਸਾਰੇ ਲੋਕਾਂ ਨੂੰ ਸ਼ੋਰ ਮਚਾਉਣਾ ਸ਼ੁਰੂ ਕਰਨ ਲਈ ਆਖੋ। ਜਦੋਂ ਤੁਸੀਂ ਇਵੇਂ ਕਰੋਂਗੇ, ਤਾਂ ਸ਼ਹਿਰ ਦੀਆਂ ਕੰਧਾਂ ਢਹਿ ਜਾਣਗੀਆਂ ਅਤੇ ਤੁਹਾਡੇ ਲੋਕ ਸ਼ਹਿਰ ਵਿੱਚ ਸਿਧੇ ਹੀ ਪ੍ਰਵੇਸ਼ ਕਰਨ ਦੇ ਯੋਗ ਹੋ ਜਾਣਗੇ।” 6 ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਾਜਕਾਂ ਨੂੰ ਇਕਠਿਆ ਕੀਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕੋ। ਅਤੇ ਸੱਤ ਜਾਜਕਾਂ ਨੂੰ ਤੂਰ੍ਹੀਆਂ ਚੁੱਕੇ ਅਤੇ ਸੰਦੂਕ ਦੇ ਅੱਗੇ ਮਾਰਚ ਕਰਨ ਲਈ ਆਖੋ।” 7 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ, “ਹੁਣ, ਜਾਓ! ਸ਼ਹਿਰ ਦੇ ਇਰਦ-ਗਿਰਦ ਮਾਰਚ ਕਰੋ। ਹਥਿਆਰ ਬੰਦ ਸਿਪਾਹੀ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨਗੇ।” 8 ਜਦੋਂ ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਸਭ ਕੁਝ ਦੱਸਿਆ, ਸ੍ਸੱਤ ਜਾਜਕ ਭੇਡੂ ਦੇ ਸਿੰਗ ਵਜਾਉਂਦੇ ਹੋਏ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਨ ਲੱਗ ਪਏ। ਯਹੋਵਾਹ ਦਾ ਪਵਿੱਤਰ ਸੰਦੂਕ ਚੁੱਕਣ ਵਾਲੇ ਜਾਜਕ ਉਨ੍ਹਾਂ ਦੇ ਪਿਛੇ ਗਏ। 9 ਹਥਿਆਰ ਬੰਦ ਸਿਪਾਹੀ ਜਿਹੜੇ ਜਾਜਕਾਂ ਦੇ ਅੱਗੇ ਮਾਰਚ ਕਰ ਰਹੇ ਸਨ ਤੂਰ੍ਹੀਆਂ ਵਜਾ ਰਹੇ ਸਨ ਅਤੇ ਬਾਕੀ ਦੇ ਆਦਮੀ ਪਵਿੱਤਰ ਸੰਦੂਕ ਦੇ ਪਿਛੇ ਤੁਰ ਪਏ। ਇਸ ਤਰ੍ਹਾਂ, ਉਹ ਮਾਰਚ ਕਰਦੇ ਅਤੇ ਭੇਡੂ ਦੇ ਸਿੰਗ ਵਜਾਉਂਦੇ ਹੋਏ ਸ਼ਹਿਰ ਦੇ ਗਿਰਦ ਘੁੰਮੇ। 10 ਯਹੋਸ਼ੁਆ ਨੇ ਲੋਕਾਂ ਨੂੰ ਜੰਗ ਦਾ ਨਾਹਰਾ ਨਾ ਮਾਰਨ ਲਈ ਆਖਿਆ ਹੋਇਆ ਸੀ। ਉਸਨੇ ਆਖਿਆ, “ਸ਼ੋਰ ਨਾ ਮਚਾਉ। ਉਦੋਂ ਤੱਕ ਇੱਕ ਸ਼ਬਦ ਨਹੀਂ ਬੋਲਣਾ ਜਦੋਂ ਤੱਕ ਮੈਂ ਆਖਦਾ ਨਹੀਂ। ਫ਼ੇਰ ਤੁਸੀਂ ਸ਼ੋਰ ਮਚਾ ਸਕੋਂਗੇ!” 11 ਇਸ ਲਈ ਯਹੋਸ਼ੁਆ ਨੇ ਜਾਜਕਾਂ ਕੋਲੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਇੱਕ ਵਾਰੀ ਸ਼ਹਿਰ ਦੇ ਗਿਰਦ ਘੁਮਾਇਆ ਫ਼ੇਰ ਉਸ ਡੇਰੇ ਤੇ ਵਾਪਸ ਚਲੇ ਗਏ ਅਤੇ ਰਾਤ ਉਥੇ ਹੀ ਬਿਤਾਈ। 12 ਅਗਲੀ ਸਵੇਰ, ਸੁਵਖਤੇ ਹੀ ਯਹੋਸ਼ੁਆ ਉਠ ਖੜਾ ਹੋਇਆ। ਜਾਜਕਾਂ ਨੇ ਯਹੋਵਾਹ ਦਾ ਪਵਿੱਤਰ ਸੰਦੂਕ ਫ਼ੇਰ ਚੁੱਕ ਲਿਆ। 13 ਅਤੇ ਸੱਤ ਜਾਜਕਾਂ ਨੇ ਸੱਤ ਤੂਰ੍ਹੀਆਂ ਚੁੱਕ ਲਈਆਂ। ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਅੱਗੇ ਮਾਰਚ ਕਰਦੇ ਹੋਏ ਅਤੇ ਤੂਰ੍ਹੀਆਂ ਵਜਾਉਂਦੇ ਹੋਏ ਤੁਰ ਰਹੇ ਸਨ। ਹਥਿਆਰ ਬੰਦ ਸਿਪਾਹੀ ਉਨ੍ਹਾਂ ਦੇ ਅੱਗੇ ਮਾਰਚ ਕਰ ਰਹੇ ਸਨ। ਬਾਕੀ ਦੇ ਲੋਕ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਪਿਛੇ ਮਾਰਚ ਕਰ ਰਹੇ ਸਨ। ਉਹ ਮਾਰਚ ਕਰਦੇ ਹੋਏ ਅਤੇ ਤੂਰ੍ਹੀਆਂ ਵਜਾਉਂਦੇ ਹੋ ਸ਼ਹਿਰ ਦੇ ਆਲੇ-ਦੁਆਲੇ ਗਏ। 14 ਇਸ ਲਈ ਦੂਸਰੇ ਦਿਨ ਵੀ ਉਨ੍ਹਾਂ ਸਾਰਿਆਂ ਨੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ ਮਾਰਚ ਕੀਤੀ। ਅਤੇ ਫ਼ੇਰ ਉਹ ਡੇਰੇ ਵੱਲ ਵਾਪਸ ਚਲੇ ਗਏ। ਉਨ੍ਹਾਂ ਨੇ ਛੇ ਦਿਨਾ ਤੱਕ ਹਰ ਰੋਜ਼ ਇਹੀ ਕੁਝ ਕਰਨਾ ਜਾਰੀ ਰੱਖਿਆ। 15 ਸੱਤਵੇਂ ਦਿਨ ਉਹ ਸਰਘੀ ਵੇਲੇ ਉਠ ਖਲੋਤੇ। ਅਤੇ ਉਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਸੱਤ ਵਾਰੀ ਮਾਰਚ ਕੀਤੀ। ਉਨ੍ਹਾਂ ਨੇ ਉਸੇ ਤਰ੍ਹਾਂ ਨਾਲ ਮਾਰਚ ਕੀਤੀ ਜਿਵੇਂ ਇਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਕੀਤਾ ਸੀ, ਪਰ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੇ ਦੁਆਲੇ ਸੱਤ ਵਾਰੀ ਮਾਰਚ ਕੀਤੀ। 16 ਜਦੋਂ ਉਨ੍ਹਾਂ ਨੇ ਸ਼ਹਿਰ ਦਾ ਸੱਤਵਾਂ ਚਕਰ ਕਢਿਆ ਤਾਂ ਜਾਜਕਾਂ ਨੇ ਆਪਣੀਆਂ ਤੂਰ੍ਹੀਆਂ ਵਜਾਈਆਂ। ਉਸ ਵੇਲੇ ਯਹੋਸ਼ੁਆ ਨੇ ਆਦੇਸ਼ ਦਿੱਤਾ: “ਹੁਣ, ਸ਼ੋਰ ਮਚਾਉ! ਯਹੋਵਾਹ ਤੁਹਾਨੂੰ ਇਹ ਸ਼ਹਿਰ ਦੇ ਰਿਹਾ ਹੈ! 17 ਇਹ ਸ਼ਹਿਰ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਹੈ। ਸਿਰਫ਼ ਵੇਸਵਾ ਰਾਹਾਬ ਅਤੇ ਉਸਦੇ ਘਰ ਦੇ ਸਾਰੇ ਆਦਮੀ ਜਿਉਂਦੇ ਬਚਣਗੇ। ਇਨ੍ਹਾਂ ਲੋਕਾਂ ਨੂੰ ਬਿਲਕੁਲ ਨਾ ਮਾਰਿਆ ਜਾਵੇ ਕਿਉਂਕਿ ਰਾਹਾਬ ਨੇ ਦੋ ਜਸੂਸਾਂ ਦੀ ਸਹਾਇਤਾ ਕੀਤੀ ਸੀ। 18 ਅਤੇ ਇਹ ਵੀ ਯਾਦ ਰਖੋ ਸਾਨੂੰ ਹੋਰ ਹਰ ਚੀਜ਼ ਜ਼ਰੂਰ ਤਬਾਹ ਕਰ ਦੇਣੀ ਚਾਹੀਦੀ ਹੈ। ਉਹ ਚੀਜ਼ਾਂ ਨਹੀਂ ਚੁੱਕਣੀਆਂ। ਜੇ ਤੁਸੀਂ ਉਹ ਚੀਜ਼ਾਂ ਚੁੱਕ ਲਵੋਂਗੇ ਅਤੇ ਉਨ੍ਹਾਂ ਨੂੰ ਡੇਰੇ ਵਿੱਚ ਲੈ ਆਵੋਂਗੇ ਤਾਂ ਤੁਹਾਨੂੰ ਖੁਦ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ। ਅਤੇ ਤੁਸੀਂ ਇਸਰਾਏਲ ਦੇ ਸਮੂਹ ਲੋਕਾਂ ਲਈ ਮੁਸੀਬਤ ਦਾ ਕਾਰਣ ਬਣੋਗੇ। 19 ਸਾਰੀਆਂ ਚਾਂਦੀ ਅਤੇ ਸੋਨੇ ਅਤੇ ਪਿੱਤਲ ਅਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਦੀਆਂ ਹਨ। ਉਨ੍ਹਾਂ ਚੀਜ਼ਾਂ ਨੂੰ ਅਵੱਸ਼ ਯਹੋਵਾਹ ਦੇ ਤੋਂਸ਼ੇ ਖਾਨੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ।” 20 ਜਾਜਕਾਂ ਨੇ ਤੂਰ੍ਹੀਆਂ ਵਜਾਈਆਂ। ਲੋਕਾਂ ਨੇ ਤੂਰ੍ਹੀਆਂ ਦੀ ਆਵਾਜ਼ ਸੁਣੀ ਅਤੇ ਸ਼ੋਰ ਮਚਾਉਣ ਲੱਗੇ। ਕੰਧਾਂ ਢਹਿ ਗਈਆਂ ਅਤੇ ਲੋਕ ਸਿਧੇ ਸ਼ਹਿਰ ਵੱਲ ਦੌੜੇ। ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ। 21 ਲੋਕਾਂ ਨੇ ਸ਼ਹਿਰ ਦੀ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਉਥੋਂ ਦੀ ਹਰ ਜਾਨਦਾਰ ਸ਼ੈਅ ਤਬਾਹ ਕਰ ਦਿੱਤੀ। ਉਨ੍ਹਾਂ ਨੇ ਜਵਾਨ ਆਦਮੀਆਂ ਅਤੇ ਬੁਢਿਆਂ ਨੂੰ ਜਵਾਨ ਔਰਤਾ ਅਤੇ ਬੁਢੀਆਂ ਔਰਤਾਂ ਨੂੰ, ਜਾਨਵਰਾ, ਭੇਡਾਂ ਅਤੇ ਗਧਿਆ ਨੂੰ ਮਾਰ ਮੁਕਾਇਆ। 22 ਯਹੋਸ਼ੁਆ ਨੇ ਦੋਹਾਂ ਜਸੂਸਾਂ ਨਾਲ ਗੱਲ ਕੀਤੀ। ਯਹੋਸ਼ੁਆ ਨੇ ਆਖਿਆ, “ਵੇਸਵਾ ਦੇ ਘਰ ਜਾਉ। ਉਸਨੂੰ ਬਾਹਰ ਲਿਆਉ। ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਲਿਆਉ ਜਿਹੜੇ ਉਸਦੇ ਨਾਲ ਹਨ। ਅਜਿਹਾ ਇਸ ਵਾਸਤੇ ਕਰੋ ਕਿਉਂਕਿ ਤੁਸੀਂ ਉਸ ਨਾਲ ਇਕਰਾਰ ਕੀਤਾ ਸੀ।” 23 ਇਸ ਲਈ ਉਹ ਦੋਵੇਂ ਉਸਦੇ ਘਰ ਵਿੱਚ ਗਏ ਅਤੇ ਰਾਹਾਬ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸਦੇ ਪਿਤਾ, ਮਾਤਾ, ਭਰਾਵਾ ਉਸਦੇ ਸਾਰੇ ਪਰਿਵਾਰ ਅਤੇ ਹੋਰ ਸਾਰੇ ਲੋਕਾਂ ਨੂੰ ਜੋ ਉਸਦੇ ਨਾਲ ਸਨ, ਬਾਹਰ ਲਿਆਂਦਾ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸਰਾਏਲ ਦੇ ਡੇਰੇ ਤੋਂ ਬਾਹਰ ਸੁਰਖਿਅਤ ਥਾਂ ਉੱਤੇ ਬਿਠਾ ਦਿੱਤਾ। 24 ਫ਼ੇਰ ਇਸਰਾਏਲ ਦੇ ਲੋਕਾਂ ਨੇ ਸਾਰਾ ਸ਼ਹਿਰ ਸਾੜ ਦਿੱਤਾ। ਉਨ੍ਹਾਂ ਨੇ ਚਾਂਦੀ, ਸੋਨੇ, ਪਿੱਤਲ ਅਤੇ ਲੋਹੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੋਂ ਇਲਾਵਾ ਹੋਰ ਹਰ ਸ਼ੈਅ ਸਾੜ ਦਿੱਤੀ। ਉਨ੍ਹਾਂ ਨੇ ਇਹ ਚੀਜ਼ਾਂ ਯਹੋਵਾਹ ਦੇ ਤੋਂਸ਼ੇਖਾਨੇ ਵਿੱਚ ਰੱਖ ਦਿੱਤੀਆਂ। 25 ਯਹੋਸ਼ੁਆ ਨੇ ਵੇਸਵਾ ਰਾਹਾਬ ਨੂੰ, ਉਸਦੇ ਪਰਿਵਾਰ ਅਤੇ ਉਨ੍ਹਾਂ ਹੋਰ ਸਾਰੇ ਲੋਕਾਂ ਨੂੰ ਬਚਾ ਲਿਆ ਜਿਹੜੇ ਉਸਦੇ ਨਾਲ ਸਨ। ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ ਕਿਉਂਕਿ ਰਾਹਾਬ ਨੇ ਉਨ੍ਹਾਂ ਜਸੂਸਾਂ ਦੀ ਸਹਾਇਤਾ ਕੀਤੀ ਸੀ। ਜਿਨ੍ਹਾਂ ਨੂੰ ਯਹੋਸ਼ੁਆ ਨੇ ਯਰੀਹੋ ਵਿੱਚ ਭੇਜਿਆ ਸੀ ਰਾਹਾਬ ਅੱਜ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੀ ਹੈ। 26 ਉਸ ਵੇਲੇ, ਯਹੋਸ਼ੁਆ ਨੇ ਇਹ ਮਹੱਤਵਪੂਰਣ ਇਕਰਾਰ ਕੀਤਾ,“ਯਹੋਵਾਹ ਉਸ ਆਦਮੀ ਨੂੰ ਸਰਾਪੇਗਾਜੋ ਯਰੀਹੋ ਸ਼ਹਿਰ ਨੂੰ ਫ਼ਿਰ ਤੋਂ ਉਸਾਰੇਗਾ।ਉਹ ਜੋ ਉਸ ਸ਼ਹਿਰ ਦੀ ਬੁਨਿਆਦ ਰਖੇਗਾ ਆਪਣਾਸਭ ਤੋਂ ਵੱਡਾ ਪੁੱਤਰ ਗਵਾ ਲਵੇਗਾ।ਜੋ ਵੀ ਕੋਈ ਆਦਮੀ ਫ਼ਾਟਕ ਖੜਾ ਕਰੇਗਾ ਆਪਣੇਸਭ ਤੋਂ ਛੋਟੇ ਪੁੱਤਰ ਨੂੰ ਗਵਾ ਲਵੇਗਾ।” 27 ਇਸ ਲਈ ਯਹੋਵਾਹ ਯਹੋਸ਼ੁਆ ਦੇ ਨਾਲ ਸੀ। ਅਤੇ ਯਹੋਸ਼ੁਆ ਸਾਰੇ ਦੇਸ਼ ਵਿੱਚ ਪ੍ਰਸ਼ਿਧ ਹੋ ਗਿਆ।

7:1 ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਉਥੇ ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਇੱਕ ਆਦਮੀ ਸੀ ਜਿਸਦਾ ਨਾਮ ਸੀ ਆਕਾਨ ਵਲਦ ਕਰਮੀ ਜਿਹੜਾ ਜ਼ਬਦੀ ਦਾ ਪੋਤਾ ਸੀ। ਆਕਾਨ ਨੇ ਕੁਝ ਉਹ ਚੀਜ਼ਾਂ ਰੱਖ ਲਈਆਂ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਉੱਤੇ ਬਹੁਤ ਕਰੋਧਵਾਨ ਹੋ ਗਿਆ। 2 ਜਦੋਂ ਉਨ੍ਹਾਂ ਨੇ ਯਰੀਹੋ ਨੂੰ ਹਰਾ ਦਿੱਤਾ ਤਾਂ ਯਹੋਸ਼ੁਆ ਨੇ ਕੁਝ ਬੰਦਿਆਂ ਨੂੰ ਅਈ ਵਿਖੇ ਭੇਜਿਆ। ਅਈ ਬੈਤਏਲ ਦੇ ਪੂਰਬ ਵੱਲ ਬੈਤ-ਆਵਾਨ ਦੇ ਨੇੜੇ ਸੀ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਅਈ ਵਲ ਜਾਉ ਅਤੇ ਉਸ ਇਲਾਕੇ ਦੀਆਂ ਕਮਜ਼ੋਰੀਆਂ ਦਾ ਪਤਾ ਲਾਉ।” ਇਸ ਲਈ ਉਹ ਆਦਮੀ ਉਸ ਧਰਤੀ ਦੀ ਜਸੂਸੀ ਕਰਨ ਲਈ ਗਏ। 3 ਬਾਦ ਵਿੱਚ ਉਹ ਆਦਮੀ ਯਹੋਸ਼ੁਆ ਵੱਲ ਵਾਪਸ ਆ ਗਏ। ਉਨ੍ਹਾਂ ਨੇ ਆਖਿਆ, “ਅਈ ਇੱਕ ਕਮਜ਼ੋਰ ਇਲਾਕਾ ਹੈ। ਇਸ ਥਾਂ ਨੂੰ ਹਰਾਉਣ ਲਈ ਸਾਨੂੰ ਆਪਣੇ ਸਾਰੇ ਬੰਦਿਆਂ ਦੀ ਲੋੜ ਨਹੀਂ ਪਵੇਗੀ। ਦੋ ਜਾਂ ਤਿੰਨ ਹਜ਼ਾਰ ਬੰਦੇ ਉਥੇ ਲੜਨ ਲਈ ਭੇਜ ਦਿਉ। ਸਾਰੀ ਫ਼ੌਜ ਨੂੰ ਵਰਤਨ ਦੀ ਕੋਈ ਲੋੜ ਨਹੀਂ। ਉਥੇ ਸਾਡੇ ਵਿਰੁੱਧ ਲੜਨ ਵਾਲੇ ਕੁਝ ਹੀ ਆਦਮੀ ਹਨ।” 4 ਇਸ ਲਈ ਤਕਰੀਬਨ 3,000 ਆਦਮੀ ਅਈ ਨੂੰ ਗਏ। ਪਰ ਅਈ ਦੇ ਲੋਕਾਂ ਨੇ ਇਸਰਾਏਲ ਦੇ ਤਕਰੀਬਨ 36 ਆਦਮੀਆਂ ਨੂੰ ਮਾਰ ਦਿੱਤਾ। ਇਸ ਲਈ ਇਸਰਾਏਲ ਦੇ ਲੋਕ ਭੱਜ ਗਏ ਅਤੇ ਅਈ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕਾਂ ਤੋਂ ਲੈਕੇ ਖਦਾਨਾ ਤੀਕ ਭਜਾਇਆ। ਅਈ ਦੇ ਲੋਕਾਂ ਨੇ ਢਲਾਣ ਉੱਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ।ਜਦੋਂ ਇਸਰਾਏਲ ਦੇ ਲੋਕਾਂ ਨੇ ਇਹ ਦੇਖਿਆ, ਉਹ ਬਹੁਤ ਭੈਭੀਤ ਹੋ ਗਏ ਅਤੇ ਆਪਣਾ ਹੌਂਸਲਾ ਗੁਆ ਬੈਠੇ। 5 6 ਜਦੋਂ ਯਹੋਸ਼ੁਆ ਨੇ ਇਸ ਬਾਰੇ ਸੁਣਿਆ, ਉਸਨੇ ਆਪਣਾ ਗਮ ਪ੍ਰਗਟਾਉਣ ਲਈ ਕੱਪੜੇ ਪਾੜ ਲਈ। ਉਹ ਪਵਿੱਤਰ ਸੰਦੂਕ ਅੱਗੇ ਧਰਤੀ ਉੱਤੇ ਝੁਕ ਗਿਆ। ਯਹੋਸ਼ੁਆ ਸ਼ਾਮ ਤੀਕ ਉਥੇ ਹੀ ਰਿਹਾ। ਇਸਰਾਏਲ ਦੇ ਆਗੂਆਂ ਨੇ ਵੀ ਅਜਿਹਾ ਹੀ ਕੀਤਾ। ਉਨ੍ਹਾਂ ਨੇ ਆਪਣੇ ਸਿਰਾਂ ਵਿੱਚ ਘਟ੍ਟਾ ਪਾ ਲਿਆ। ਆਪਣਾ ਗਮ ਪ੍ਰਗਟ ਕਰਨ ਲਈ। 7 ਯਹੋਸ਼ੁਆ ਨੇ ਆਖਿਆ, “ਯਹੋਵਾਹ ਮੇਰੇ ਪ੍ਰਭੂ! ਤੁਸੀਂ ਸਾਡੇ ਲੋਕਾਂ ਨੂੰ ਯਰਦਨ ਨਦੀ ਦੇ ਪਾਰ ਲਿਆਂਦਾ। ਤੁਸੀਂ ਸਾਨੂੰ ਇੰਨੀ ਦੂਰ ਤੀਕ ਕਿਉਂ ਲਿਆਂਦਾ ਅਤੇ ਫ਼ੇਰ ਅਮੋਰੀ ਲੋਕਾਂ ਨੂੰ ਇਜਾਜ਼ਤ ਦਿੱਤੀ ਕਿ ਉਹ ਸਾਨੂੰ ਤਬਾਹ ਕਰ ਸਕਣ? ਸਾਨੂੰ ਯਰਦਨ ਨਦੀ ਦੇ ਦੂਸਰੇ ਕੰਢੇ ਰਹਿਕੇ ਹੀ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ। 8 ਮੈਂ ਆਪਣੀ ਜਾਨ ਦੀ ਕਸਮ ਖਾਂਦਾ ਹਾਂ, ਯਹੋਵਾਹ! ਇੱਥੇ ਹੁਣ ਮੇਰੇ ਆਖਣ ਲਈ ਹੋਰ ਕੁਝ ਵੀ ਨਹੀਂ ਹੈ। ਇਸਰਾਏਲ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। 9 ਕਨਾਨੀ ਲੋਕ ਅਤੇ ਇਸ ਦੇਸ਼ ਦੇ ਹੋਰ ਸਾਰੇ ਲੋਕ ਇਸ ਘਟਨਾ ਬਾਰੇ ਸੁਣਨਗੇ। ਫ਼ੇਰ ਉਹ ਸਾਡੇ ਉੱਤੇ ਹਮਲਾ ਕਰ ਦੇਣਗੇ ਅਤੇ ਸਾਨੂੰ ਸਾਰਿਆਂ ਨੂੰ ਮਾਰ ਦੇਣਗੇ! ਫ਼ੇਰ ਤੁਸੀਂ ਮਹਾਨ ਨਾਮ ਦੀ ਰੱਖਿਆ ਕਰਨ ਲਈ ਕੀ ਕਰੋਂਗੇ?” 10 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਤੂੰ ਆਪਣਾ ਮੂੰਹ ਧਰਤੀ ਵੱਲ ਸੁੱਟਕੇ ਉਦਾਸ ਕਿਉਂ ਹੈ? ਉਠ ਖਲੋ! 11 ਇਸਰਾਏਲ ਦੇ ਲੋਕਾਂ ਨੇ ਮੇਰੇ ਵਿਰੁੱਧ ਗੁਨਾਹ ਕੀਤਾ। ਉਨ੍ਹਾਂ ਨੇ ਮੇਰਾ ਉਹ ਇਕਰਾਰਨਾਮਾ ਤੋੜਿਆ ਜਿਸਨੂੰ ਮੰਨਣ ਦਾ ਮੈਂ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਕੁਝ ਉਹ ਚੀਜ਼ਾਂ ਚੁੱਕੇ ਰੱਖ ਲਈਆਂ ਜਿਨ੍ਹਾਂ ਨੂੰ ਮੈਂ ਤਬਾਹ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਨ੍ਹਾਂ ਨੇ ਝੂਠ ਬੋਲਿਆ ਹੈ। ਉਨ੍ਹਾਂ ਨੇ ਉਹ ਚੀਜ਼ਾਂ ਆਪਣੇ ਵਾਸਤੇ ਰੱਖ ਲਈਆਂ ਹਨ। 12 ਇਹੀ ਕਾਰਣ ਹੈ ਕਿ ਇਸਰਾਏਲ ਦੀ ਫ਼ੌਜ ਆਪਣੀ ਪਿਠ ਦਿਖਾਕੇ ਭੱਜ ਗਈ। ਕਿਉਂਕਿ ਉਨ੍ਹਾਂ ਨੇ ਪਾਪ ਕੀਤਾ ਸੀ ਇਸ ਲਈ ਉਨ੍ਹਾਂ ਨੂੰ ਤਬਾਹ ਕੀਤਾ ਜਾਣਾ ਚਾਹੀਦਾ। ਮੈਂ ਹੋਰ ਵਧੇਰੇ ਤੁਹਾਡੇ ਸੰਗ ਨਹੀਂ ਹੋਵਾਂਗਾ ਜਦੋਂ ਤੀਕ ਕਿ ਤੁਸੀਂ ਉਹ ਸਾਰੀਆਂ ਚੀਜ਼ਾਂ ਤਬਾਹ ਨਹੀਂ ਕਰ ਦਿੰਦੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ। 13 “ਹੁਣ ਜਾਉ ਅਤੇ ਲੋਕਾਂ ਨੂੰ ਪਵਿੱਤਰ ਬਣਾਉ। ਲੋਕਾਂ ਨੂੰ ਆਖੋ, ‘ਆਪਣੇ-ਆਪ ਨੂੰ ਪਵਿੱਤਰ ਬਣਾਉ। ਕਲ੍ਹ੍ਹ ਦੀ ਤਿਆਰੀ ਕਰੋ। ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ ਕਿ ਕੁਝ ਲੋਕਾਂ ਨੇ ਉਹ ਚੀਜ਼ਾਂ ਰੱਖ ਲਈਆਂ ਹਨ ਜਿਨ੍ਹਾਂ ਨੂੰ ਤਬਾਹ ਕਰਨ ਦਾ ਉਸਨੇ ਆਦੇਸ਼ ਦਿੱਤਾ ਸੀ। ਤੁਸੀਂ ਕਦੇ ਵੀ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਸਕੋਂਗੇ ਜਦੋਂ ਤੀਕ ਕਿ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਸੁੱਟ ਨਹੀਂ ਦਿੰਦੇ। 14 “‘ਕਲ੍ਹ੍ਹ ਸਵੇਰੇ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ-ਸਮੂਹਾਂ ਅਨੁਸਾਰ ਯਹੋਵਾਹ ਦੇ ਸਾਮ੍ਹਣੇ ਖਲੋਣਾ ਚਾਹੀਦਾ ਹੈ। ਫ਼ੇਰ ਯਹੋਵਾਹ ਤੁਹਾਡੇ ਵਿੱਚੋਂ ਇੱਕ ਪਰਿਵਾਰ-ਸਮੂਹ ਨੂੰ ਕੱਢੇਗਾ। ਯਹੋਵਾਹ ਦੁਆਰਾ ਕੱਢੇ ਹੋਏ ਪਰਿਵਾਰ-ਸਮੂਹ ਨੂੰ ਵੰਸ਼ ਦਰ ਵੰਸ਼ ਅੱਗੇ ਆਉਣਾ ਚਾਹੀਦਾ। ਜਿਸ ਵੰਸ਼ ਨੂੰ ਯਹੋਵਾਹ ਕਢੇਗਾ, ਪਰਿਵਾਰ ਦਰ ਪਰਿਵਾਰ ਅੱਗੇ ਆਵੇਗਾ। ਜਿਸ ਪਰਿਵਾਰ ਨੂੰ ਯਹੋਵਾਹ ਕੱਢੇਗਾ ਆਦਮੀ ਦਰ ਆਦਮੀ ਅੱਗੇ ਆਵੇਗਾ। 15 ਜਿਹੜਾ ਆਦਮੀ ਉਨ੍ਹਾਂ ਚੀਜ਼ਾਂ ਨੂੰ ਰਖੇਗਾ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਸੀ, ਫ਼ੜਿਆ ਜਾਵੇਗਾ। ਫ਼ੇਰ ਉਸਨੂੰ ਸਾੜਕੇ ਮਾਰ ਦਿੱਤਾ ਜਾਵੇਗਾ ਅਤੇ ਉਸਦੀ ਹਰ ਸ਼ੈਅ ਉਸਦੇ ਨਾਲ ਹੀ ਤਬਾਹ ਕਰ ਦਿੱਤੀ ਜਾਵੇਗੀ। ਉਸਨੇ ਯਹੋਵਾਹ ਦੇ ਇਕਰਾਰਨਾਮੇ ਨੂੰ ਤੋੜਿਆ ਸੀ ਅਤੇ ਉਸਨੇ ਇਸਰਾਏਲ ਦੇ ਲੋਕਾਂ ਦਰਮਿਆਨ ਬਹੁਤ ਭਿਆਨਕ ਪਾਪ ਕੀਤਾ ਹੈ!’” 16 ਅਗਲੀ ਸਵੇਰ ਸੁਵਖਤੇ ਹੀ, ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਯਹੋਵਾਹ ਦੇ ਸਾਮ੍ਹਣੇ ਇਕੱਠਾ ਕੀਤਾ। ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਸਾਮ੍ਹਣੇ ਖਲੋ ਗਏ। ਯਹੋਵਾਹ ਨੇ ਯਹੂਦਾਹ ਦੇ ਪਰਿਵਾਰ-ਸਮੂਹ ਦੀ ਚੋਣ ਕੀਤੀ। 17 ਇਸ ਲਈ ਯਹੂਦਾਹ ਦੇ ਸਾਰੇ ਵੰਸ਼ ਯਹੋਵਾਹ ਦੇ ਸਾਮ੍ਹਣੇ ਖਲੋ ਗਏ ਯਹੋਵਾਹ ਨੇ ਜ਼ਰਾਹ ਵੰਸ਼ ਦੀ ਚੋਣ ਕੀਤੀ। ਫ਼ੇਰ ਜ਼ਰਾਹ ਵੰਸ਼ ਦੇ ਸਾਰੇ ਪਰਿਵਾਰ-ਸਮੂਹ ਯਹੋਵਾਹ ਦੇ ਅੱਗੇ ਖਲੋ ਗਏ। ਜ਼ਬਦੀ ਦੇ ਪਰਿਵਾਰ ਦੀ ਚੋਣ ਕੀਤੀ ਗਈ। 18 ਯਹੋਵਾਹ ਨੇ ਕਰਮੀ ਦੇ ਪੁੱਤਰ ਆਕਾਨ ਦੀ ਚੋਣ ਕੀਤੀ। ਕਰਮੀ ਜ਼ਬਦੀ ਦਾ ਪੁੱਤਰ ਸੀ। ਅਤੇ ਜ਼ਬਦੀ ਜ਼ਰਾਹ ਦਾ ਪੁੱਤਰ ਸੀ। 19 ਫ਼ੇਰ ਯਹੋਸ਼ੁਆ ਨੇ ਆਕਾਨ ਨੂੰ ਆਖਿਆ, “ਪੁੱਤਰ, ਆਪਣੀ ਪ੍ਰਾਰਥਨਾ ਕਰ ਲੈ ਤੈਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਸਦੇ ਸਾਮ੍ਹਣੇ ਆਪਣੇ ਪਾਪਾ ਦਾ ਇਕਬਾਲ ਕਰਨਾ ਚਾਹੀਦਾ ਹੈ। ਮੈਨੂੰ ਦੱਸ ਕਿ ਤੂੰ ਕੀ ਕੀਤਾ ਸੀ, ਅਤੇ ਕੋਈ ਵੀ ਗੱਲ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਨਾ ਕਰ!” 20 ਆਕਾਨ ਨੇ ਜਵਾਬ ਦਿੱਤਾ, “ਇਹ ਠੀਕ ਹੈ! ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਪਾਪ ਕੀਤਾ ਹੈ। ਇਹੀ ਹੈ ਜੋ ਮੈਂ ਕੀਤਾ ਸੀ: 21 ਅਸੀਂ ਯਰੀਹੋ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਸਦੇ ਨਾਲ ਸਾਰੀਆਂ ਚੀਜ਼ਾਂ ਉੱਤੇ ਵੀ ਮੈਂ ਬੇਬੀਲੋਨ ਦਾ ਇੱਕ ਖੂਬਸੂਰਤ ਕੋਟ ਤਕਰੀਬਨ 15 ਪੌਂਡ ਚਾਂਦੀ, ਅਤੇ ਸੋਨੇ ਦਾ ਇੱਕ ਪੌਂਡ ਦੇਖਿਆ। ਮੈਂ ਇਹ ਚੀਜ਼ਾਂ ਆਪਣੇ ਵਾਸਤੇ ਚਾਹੁੰਦਾ ਸੀ। ਇਸ ਲਈ ਮੈਂ ਇਹ ਚੁੱਕ ਲਈਆਂ। ਤੁਹਾਨੂੰ ਉਹ ਚੀਜ਼ਾਂ ਮੇਰੇ ਤੰਬੂ ਦੀ ਜ਼ਮੀਨ ਹੇਠਾਂ ਦੱਬੀਆਂ ਹੋਈਆਂ ਮਿਲਣਗੀਆਂ। ਚਾਂਦੀ ਕੋਟ ਦੇ ਹੇਠਾਂ ਹੈ।” 22 ਇਸ ਲਈ ਯਹੋਸ਼ੁਆ ਨੇ ਕੁਝ ਆਦਮੀਆਂ ਨੂੰ ਤੰਬੂ ਵੱਲ ਭੇਜਿਆ। ਉਹ ਤੰਬੂ ਵੱਲ ਦੌੜ ਗਏ ਅਤੇ ਤੰਬੂ ਵਿੱਚ ਛੁਪੀਆਂ ਹੋਈਆਂ ਉਨ੍ਹਾਂ ਚੀਜ਼ਾਂ ਨੂੰ ਲਭ ਲਿਆ। ਚਾਂਦੀ ਕੋਟ ਦੇ ਹੇਠਾਂ ਸੀ। 23 ਆਡਮੀਆਂ ਨੇ ਤੰਬੂ ਵਿੱਚੋਂ ਚੀਜ਼ਾਂ ਬਾਹਰ ਲਿਆਂਦੀਆਂ। ਉਹ ਉਨ੍ਹਾਂ ਚੀਜ਼ਾਂ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕਾਂ ਦੇ ਕੋਲ ਲੈ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਸਾਮ੍ਹਣੇ ਧਰਤੀ ਉੱਤੇ ਸੁੱਟ ਦਿੱਤਾ। 24 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਕਾਨ ਵਲਦ ਜ਼ਰਹ ਨੂੰ ਆਕੋਰ ਦੀ ਵਾਦੀ ਵਿੱਚ ਲੈ ਗਏ। ਉਨ੍ਹਾਂ ਨੇ ਚਾਂਦੀ, ਕੋਟ, ਸੋਨਾ, ਆਕਾਨ ਦੇ ਧੀਆਂ, ਪੁੱਤਰਾਂ ਉਸਦੇ ਪਸ਼ੂਆਂ ਉਸਦੇ ਗਧਿਆਂ ਉਸ ਦੀਆਂ ਭੇਡਾਂ ਉਸਦੇ ਤੰਬੂ ਅਤੇ ਉਸਦੀ ਹਰ ਸ਼ੈਅ ਨੂੰ ਵੀ ਨਾਲ ਲੈ ਲਿਆ। ਉਹ ਇਹ ਸਾਰੀਆਂ ਚੀਜ਼ਾਂ ਆਕਾਨ ਦੇ ਨਾਲ ਹੀ ਆਕੋਰ ਦੀ ਵਾਦੀ ਵਿੱਚ ਲੈ ਗਏ। 25 ਫ਼ੇਰ ਯਹੋਸ਼ੁਆ ਨੇ ਆਖਿਆ, “ਤੂੰ ਸਾਡੇ ਲਈ ਬਹੁਤ ਮੁਸੀਬਤ ਪੈਦਾ ਕੀਤੀ! ਪਰ ਹੁਣ ਯਹੋਵਾਹ ਤੈਨੂੰ ਮੁਸੀਬਤ ਵਿੱਚ ਪਾਏਗਾ!” ਫ਼ੇਰ ਸਾਰੇ ਲੋਕਾਂ ਨੇ ਉਦੋਂ ਤੀਕ ਆਕਾਨ ਅਤੇ ਉਸਦੇ ਪਰਿਵਾਰ ਉੱਤੇ ਪੱਥਰ ਸੁੱਟੇ ਜਦੋਂ ਤੀਕ ਕਿ ਉਹ ਮਰ ਨਹੀਂ ਗਏ। ਫ਼ੇਰ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਸਾੜ ਦਿੱਤਾ। 26 ਜਦੋਂ ਉਨ੍ਹਾਂ ਨੇ ਆਕਾਨ ਨੂੰ ਸਾੜ ਦਿੱਤਾ ਤਾਂ ਉਨ੍ਹਾਂ ਨੇ ਉਸਦੇ ਸ਼ਰੀਰ ਉੱਤੇ ਬਹੁਤ ਸਾਰੇ ਪੱਥਰ ਰੱਖ ਦਿੱਤੇ। ਉਹ ਪੱਥਰ ਅੱਜ ਤੱਕ ਉਥੇ ਹੀ ਹਨ। ਇਸ ਲਈ ਪਰਮੇਸ਼ੁਰ ਨੇ ਆਕਾਨ ਲਈ ਮੁਸੀਬਤ ਲਿਆਂਦੀ। ਇਹੀ ਕਾਰਣ ਹੈ ਕਿ ਉਸ ਥਾਂ ਨੂੰ ਆਕੋਰ ਦੀ ਵਾਦੀ ਆਖਿਆ ਜਾਂਦਾ ਹੈ। ਇਸ ਤੋਂ ਮਗਰੋਂ ਯਹੋਵਾਹ ਲੋਕਾਂ ਨਾਲ ਕਰੋਧਵਾਨ ਨਹੀਂ ਸੀ।

8:1 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਭੈਭੀਤ ਨਾ ਹੋ। ਹੌਂਸਲਾ ਨਾ ਛੱਡ। ਆਪਣੇ ਸਾਰੇ ਲੜਾਕੂਆਂ ਨੂੰ ਅਈ ਵਿਖੇ ਲੈ ਜਾ। ਮੈਂ ਅਈ ਦੇ ਰਾਜੇ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕਰਾਂਗਾ। ਮੈਂ ਤੁਹਾਨੂੰ ਉਸਦੇ ਲੋਕ, ਉਸਦਾ ਸ਼ਹਿਰ ਅਤੇ ਉਸਦੀ ਧਰਤੀ ਦੇ ਰਿਹਾ ਹਾਂ। 2 ਤੁਸੀਂ ਅਈ ਅਤੇ ਉਸਦੇ ਰਾਜੇ ਨਾਲ ਉਹੀ ਸਲੂਕ ਕਰੋਂਗੇ ਜਿਹੜਾ ਤੁਸੀਂ ਯਰੀਹੋ ਅਤੇ ਉਸਦੇ ਰਾਜੇ ਨਾਲ ਕੀਤਾ ਸੀ। ਸਿਰਫ਼ ਇਸ ਵਾਰੀ ਤੁਸੀਂ ਸਾਰੀ ਦੌਲਤ ਨੂੰ ਅਤੇ ਸਾਰੇ ਪਸ਼ੂਆਂ ਨੂੰ ਆਪਣੇ ਲਈ ਰੱਖ ਸਕਦੇ ਹੋ। ਤੁਸੀਂ ਦੌਲਤ ਨੂੰ ਆਪਣੇ ਲੋਕਾਂ ਵਿੱਚ ਵੰਡ ਦਿਉਂਗੇ। ਹੁਣ, ਆਪਣੇ ਕੁਝ ਸਿਪਾਹੀਆਂ ਨੂੰ ਸ਼ਹਿਰ ਦੇ ਪਿਛੇ ਛੁਪ ਜਾਣ ਲਈ ਆਖੋ।” 3 ਇਸ ਲਈ ਯਹੋਸ਼ੁਆ ਆਪਣੀ ਸਾਰੀ ਫ਼ੌਜ ਅਈ ਵੱਲ ਲੈ ਗਿਆ। ਫ਼ੇਰ ਯਹੋਸ਼ੁਆ ਨੇ ਆਪਣੇ ਬਿਹਤਰੀਨ ਲੜਾਕੂਆਂ ਵਿੱਚੋਂ 3,000 ਦੀ ਚੋਣ ਕੀਤੀ। ਉਸਨੇ ਇਨ੍ਹਾਂ ਆਦਮੀਆਂ ਨੂੰ ਰਾਤ ਵੇਲੇ ਬਾਹਰ ਭੇਜ ਦਿੱਤਾ। 4 ਯਹੋਸ਼ੁਆ ਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਧਿਆਨ ਨਾਲ ਸੁਣੋ ਮੈਂ ਆਖਦਾ ਹਾਂ। ਤੁਹਾਨੂੰ ਸ਼ਹਿਰ ਦੇ ਪਿਛਲੇ ਪਾਸੇ ਵੱਲ ਛੁਪ ਜਾਣਾ ਚਾਹੀਦਾ ਹੈ। ਹਮਲੇ ਦੇ ਵਕਤ ਦਾ ਇੰਤਜ਼ਾਰ ਕਰੋ। ਸ਼ਹਿਰ ਤੋਂ ਬਹੁਤਾ ਦੂਰ ਨਾ ਜਾਣਾ। ਨਿਗਰਾਨੀ ਜਾਰੀ ਰਖਣਾ ਅਤੇ ਤਿਆਰ ਰਹਿਣਾ। 5 ਮੈਂ ਆਪਣੇ ਨਾਲ ਆਦਮੀ ਲੈਕੇ ਸ਼ਹਿਰ ਵੱਲ ਮਾਰਚ ਕਰਾਂਗਾ। ਸ਼ਹਿਰ ਦੇ ਲੋਕ ਸਾਡੇ ਨਾਲ ਲੜਨ ਲਈ ਬਾਹਰ ਆਉਣਗੇ। ਅਸੀਂ ਮੁੜ ਪਵਾਂਗੇ ਅਤੇ ਉਨ੍ਹਾਂ ਕੋਲੋਂ ਭੱਜ ਪਵਾਂਗੇ, ਜਿਵੇਂ ਅਸੀਂ ਪਹਿਲਾਂ ਕੀਤਾ ਸੀ। 6 ਉਹ ਆਦਮੀ ਸ਼ਹਿਰ ਤੋਂ ਦੂਰ ਤੱਕ ਸਾਡਾ ਪਿੱਛਾ ਕਰਨਗੇ। ਉਹ ਸੋਚਣਗੇ ਕਿ ਅਸੀਂ ਪਹਿਲਾਂ ਵਾਂਗ ਹੀ ਉਨ੍ਹਾਂ ਕੋਲੋਂ ਭੱਜ ਰਹੇ ਹਾਂ। ਇਸ ਲਈ ਅਸੀਂ ਦੂਰ ਭੱਜ ਜਾਵਾਂਗੇ। 7 ਫ਼ੇਰ ਤੁਹਾਨੂੰ ਆਪਣੀ ਛੁਪਣਗਾਹ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਜਿੱਤਣ ਦੀ ਸ਼ਕਤੀ ਦੇਵੇਗਾ। 8 “ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਆਖਦਾ ਹੈ। ਮੇਰੇ ਵੱਲ ਦੇਖਣਾ ਅਤੇ ਮੈਂ ਤੁਹਾਨੂੰ ਸ਼ਹਿਰ ਉੱਤੇ ਹਮਲਾ ਕਰਨ ਦਾ ਆਦੇਸ਼ ਦੇਵਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲੈਣਾ ਅਤੇ ਫ਼ੇਰ ਇਸਨੂੰ ਸਾੜ ਦੇਣਾ।” 9 ਫ਼ੇਰ ਯਹੋਸ਼ੁਆ ਨੇ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੀ ਛੁਪਣਗਾਹ ਵੱਲ ਭੇਜ ਦਿੱਤਾ ਅਤੇ ਇੰਤਜ਼ਾਰ ਕਰਨ ਲੱਗਾ। ਉਹ ਬੈਤਏਲ ਅਤੇ ਅਈ ਦੇ ਵਿਚਕਾਰ ਦੀ ਥਾਂ ਉੱਤੇ ਚਲੇ ਗਏ। ਇਹ ਅਈ ਦੇ ਪੱਛਮ ਵੱਲ ਸੀ। ਅਤੇ ਯਹੋਸ਼ੁਆ ਆਪਣੇ ਲੋਕਾਂ ਨਾਲ ਰਾਤ ਭਰ ਠਹਿਰਿਆ। 10 ਅਗਲੀ ਸਵੇਰ ਸੁਵਖਤੇ ਹੀ ਯਹੋਸ਼ੁਆ ਨੇ ਆਦਮੀਆਂ ਨੂੰ ਇਕਠਿਆ ਕੀਤਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਆਗੂ ਆਦਮੀਆਂ ਨੂੰ ਅਈ ਵੱਲ ਲੈ ਗਏ। 11 ਉਨ੍ਹਾਂ ਸਾਰੇ ਸਿਪਾਹੀਆਂ ਨੇ, ਜਿਹੜੇ ਯਹੋਸ਼ੁਆ ਦੇ ਨਾਲ ਸਨ, ਅਈ ਵੱਲ ਮਾਰਚ ਕਰ ਦਿੱਤਾ। ਉਹ ਸ਼ਹਿਰ ਦੇ ਸਾਮ੍ਹਣੇ ਜਾਕੇ ਰੁਕ ਗਏ। ਫ਼ੌਜ ਨੇ ਸ਼ਹਿਰ ਦੇ ਉੱਤਰ ਵੱਲ ਆਪਣਾ ਡੇਰਾ ਲਾ ਲਿਆ। ਫ਼ੌਜ ਅਤੇ ਅਈ ਦੇ ਵਿਚਕਾਰ ਇੱਕ ਵਾਦੀ ਸੀ। 12 ਫ਼ੇਰ ਯਹੋਸ਼ੁਆ ਨੇ ਤਕਰੀਬਨ 5,000 ਆਦਮੀ ਚੁਣੇ। ਯਹੋਸ਼ੁਆ ਨੇ ਇਨ੍ਹਾਂ ਆਦਮੀਆਂ ਨੂੰ ਸ਼ਹਿਰ ਦੇ ਪੱਛਮ ਵਾਲੇ ਪਾਸੇ ਬੈਤਏਲ ਅਤੇ ਅਈ ਦੇ ਵਿਚਕਾਰ ਜਾਕੇ ਛੁਪ ਜਾਣ ਲਈ ਭੇਜ ਦਿੱਤਾ। 13 ਇਸ ਲਈ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੜਾਈ ਲਈ ਤਿਆਰ ਕੀਤਾ। ਮੁਖ ਡੇਰਾ ਸ਼ਹਿਰ ਦੇ ਉੱਤਰ ਵੱਲ ਸੀ। ਦੂਸਰੇ ਆਦਮੀ ਪੱਛਮ ਵੱਲ ਛੁਪੇ ਹੋਏ ਸਨ। ਉਸ ਰਾਤ ਯਹੋਸ਼ੁਆ ਵਾਦੀ ਵਿੱਚ ਹੇਠਾਂ ਗਿਆ। 14 ਬਾਦ ਵਿੱਚ, ਅਈ ਦੇ ਰਾਜੇ ਨੇ ਇਸਰਾਏਲ ਦੀ ਫ਼ੌਜ ਨੂੰ ਦੇਖਿਆ। ਰਾਜਾ ਅਤੇ ਉਸਦੇ ਬੰਦੇ ਇਸਰਾਏਲ ਦੀ ਫ਼ੌਜ ਨਾਲ ਲੜਨ ਲਈ ਕਾਹਲੀ ਨਾਲ ਬਾਹਰ ਆਏ। ਅਈ ਦਾ ਰਾਜਾ ਸ਼ਹਿਰ ਦੇ ਪੂਰਬ ਵਾਲੇ ਪਾਸੇ ਯਰਦਨ ਵਾਦੀ ਵੱਲ ਗਿਆ, ਇਸ ਲਈ ਉਸਨੇ ਸ਼ਹਿਰ ਦੇ ਪਿਛੇ ਛੁਪੇ ਹੋਏ ਸਿਪਾਹੀਆਂ ਨੂੰ ਨਹੀਂ ਦੇਖਿਆ। 15 ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਆਦਮੀਆਂ ਨੇ ਅਈ ਦੀ ਫ਼ੌਜ ਨੂੰ ਉਨ੍ਹਾਂ ਨੂੰ ਪਿਛਾਂਹ ਵੱਲ ਧੱਕਣ ਦਿੱਤਾ। ਯਹੋਸ਼ੁਆ ਅਤੇ ਉਸਦੇ ਆਦਮੀ ਪੂਰਬ ਵਾਲੇ ਪਾਸੇ ਮਾਰੂਥਲ ਵੱਲ ਭੱਜਣ ਲੱਗੇ। 16 ਸ਼ਹਿਰ ਦੇ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਯਹੋਸ਼ੁਆ ਅਤੇ ਉਸਦੇ ਬੰਦਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਲੋਕਾਂ ਨੇ ਸ਼ਹਿਰ ਛੱਡ ਦਿੱਤਾ। 17 ਅਈ ਅਤੇ ਬੈਤਏਲ ਦੇ ਸਾਰੇ ਲੋਕਾਂ ਨੇ ਇਸਰਾਏਲ ਦੀ ਫ਼ੌਜ ਦਾ ਪਿੱਛਾ ਕੀਤਾ। ਸ਼ਹਿਰ ਖੁਲ੍ਹਾ ਰਹਿ ਗਿਆ - ਕੋਈ ਵੀ ਸ਼ਹਿਰ ਦੀ ਰਾਖੀ ਲਈ ਨਹੀਂ ਠਹਿਰਿਆ। 18 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਆਪਣੇ ਬਰਛੇ ਨੂੰ ਅਈ ਦੇ ਸ਼ਹਿਰ ਵੱਲ ਸੇਧ ਲੈ। ਮੈਂ ਤੈਨੂੰ ਇਹ ਸ਼ਹਿਰ ਦੇ ਦੇਵਾਂਗਾ।” ਇਸ ਲਈ ਯਹੋਸ਼ੁਆ ਨੇ ਆਪਣਾ ਬਰਛਾ ਅਈ ਸ਼ਹਿਰ ਵੱਲ ਸੇਧਿਆ। 19 ਜਿਹੜੇ ਇਸਰਾਏਲ ਦੇ ਆਦਮੀ ਛੁਪੇ ਹੋਏ ਸਨ ਉਨ੍ਹਾਂ ਨੇ ਇਸਨੂੰ ਦੇਖ ਲਿਆ। ਉਹ ਕਾਹਲੀ ਨਾਲ ਆਪਣੀ ਛੁਪਣਗਾਹ ਵਿੱਚੋਂ ਬਾਹਰ ਨਿਕਲ ਆਏ ਅਤੇ ਸ਼ਹਿਰ ਵੱਲ ਭੱਜੇ। ਉਹ ਸ਼ਹਿਰ ਵਿੱਚ ਦਾਖਲ ਹੋ ਗਏ ਅਤੇ ਇਸ ਉੱਤੇ ਕਾਬੂ ਪਾ ਲਿਆ। ਫ਼ੇਰ ਸਿਪਾਹੀਆਂ ਨੇ ਸ਼ਹਿਰ ਨੂੰ ਅੱਗ ਲਾਕੇ ਸਾੜਨਾ ਸ਼ੁਰੂ ਕਰ ਦਿੱਤਾ। 20 ਅਈ ਦੇ ਆਦਮੀਆਂ ਨੇ ਪਿਛੇ ਮੁੜਕੇ ਦੇਖਿਆ ਅਤੇ ਸ਼ਹਿਰ ਨੂੰ ਸੜਦਿਆਂ ਦੇਖਿਆ। ਉਨ੍ਹਾਂ ਨੇ ਆਕਾਸ਼ ਤੱਕ ਧੂਂਆ ਉਠਦਿਆਂ ਦੇਖਿਆ। ਇਸ ਲਈ ਉਨ੍ਹਾਂ ਦੀ ਸ਼ਕਤੀ ਅਤੇ ਹੌਂਸਲਾ ਟੁੱਟ ਗਿਆ। ਉਨ੍ਹਾਂ ਨੇ ਇਸਰਾਏਲ ਦੇ ਆਦਮੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ। ਇਸਰਾਏਲ ਦੇ ਆਦਮੀ ਭੱਜਣ ਤੋਂ ਰੁਕ ਗਏ। ਉਹ ਮੁੜ ਪਏ ਅਤੇ ਅਈ ਦੇ ਆਦਮੀਆਂ ਨਾਲ ਲੜਨ ਲਈ ਗਏ। ਅਈ ਦੇ ਆਦਮੀਆਂ ਲਈ ਭੱਜਣ ਦੀ ਕੋਈ ਸੁਰਖਿਅਤ ਥਾਂ ਨਹੀਂ ਸੀ। 21 ਯਹੋਸ਼ੁਆ ਅਤੇ ਉਸਦੇ ਆਦਮੀਆਂ ਨੇ ਦੇਖਿਆ ਕਿ ਉਸਦੀ ਫ਼ੌਜ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਸ਼ਹਿਰ ਵਿੱਚੋਂ ਧੂੰਆਂ ਉਠਦਿਆਂ ਦੇਖਿਆ। ਇਹ ਉਹੀ ਸਮਾਂ ਸੀ ਜਦੋਂ ਉਨ੍ਹਾਂ ਨੇ ਭੱਜਣਾ ਛੱਡ ਦਿੱਤਾ ਸੀ, ਅਤੇ ਮੁੜ ਪਏ ਸਨ ਅਤੇ ਅਈ ਦੇ ਬੰਦਿਆਂ ਨਾਲ ਲੜਨ ਲਈ ਦੌੜ ਪਏ ਸਨ। 22 ਫ਼ੇਰ ਜਿਹੜੇ ਆਦਮੀ ਛੁਪ ਗਏ ਸਨ ਸ਼ਹਿਰ ਤੋਂ ਬਾਹਰ ਲੜਾਈ ਵਿੱਚ ਸਹਾਇਤਾ ਕਰਨ ਲਈ ਆ ਗਏ। ਇਸਰਾਏਲ ਦੀ ਫ਼ੌਜ ਅਈ ਦੇ ਬੰਦਿਆਂ ਦੇ ਦੋਹੀ ਪਾਸੀਂ ਸੀ - ਅਈ ਦੇ ਬੰਦੇ ਫ਼ਸ ਗਏ। ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ। ਉਹ ਉਦੋਂ ਤੀਕ ਲੜਦੇ ਰਹੇ ਜਦੋਂ ਤੀਕ ਕਿ ਅਈ ਦਾ ਕੋਈ ਵੀ ਬੰਦਾ ਬਚਿਆ ਨਹੀਂ ਰਿਹਾ - ਦੁਸ਼ਮਣ ਦਾ ਕੋਈ ਵੀ ਬੰਦਾ ਬਚਿਆ ਨਹੀਂ ਰਿਹਾ - ਦੁਸ਼ਮਣ ਦਾ ਕੋਈ ਵੀ ਬੰਦਾ ਬਚ ਨਹੀਂ ਸਕਿਆ। 23 ਪਰ ਅਈ ਦਾ ਰਾਜਾ ਜਿਉਂਦਾ ਰਹਿ ਗਿਆ। ਯਹੋਸ਼ੁਆ ਦੇ ਆਦਮੀ ਉਸਨੂੰ ਯਹੋਸ਼ੁਆ ਕੋਲ ਲੈ ਗਏ। 24 ਲੜਾਈ ਸਮੇਂ, ਇਸਰਾਏਲ ਦੀ ਫ਼ੌਜ ਨੇ ਅਈ ਦੇ ਆਦਮੀਆਂ ਦਾ ਖੇਤਾਂ ਅਤੇ ਮਾਰੂਥਲ ਵਿੱਚ ਪਿੱਛਾ ਕੀਤਾ। ਇਸ ਲਈ ਇਸਰਾਏਲ ਦੀ ਫ਼ੌਜ ਨੇ ਅਈ ਦੇ ਸਾਰੇ ਆਦਮੀਆਂ ਨੂੰ ਖੇਤਾਂ ਅਤੇ ਮਾਰੂਥਲ ਅੰਦਰ ਮਾਰ ਮੁਕਾਇਆ। ਫ਼ੇਰ ਇਸਰਾਏਲ ਦੇ ਆਦਮੀ ਅਈ ਵਾਪਸ ਪਰਤ ਆਏ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਹਾਲੇ ਵੀ ਸ਼ਹਿਰ ਵਿੱਚ ਜਿਉਂਦੇ ਰਹਿ ਗਏ ਸਨ। 25 ਅਈ ਦੇ ਸਾਰੇ ਲੋਕ ਉਸ ਦਿਨ ਮਾਰੇ ਗਏ। ਉਥੇ 12,000 ਆਦਮੀ ਅਤੇ ਔਰਤਾਂ ਸਨ। 26 ਯਹੋਸ਼ੁਆ ਨੇ ਆਪਣਾ ਬਰਛਾ ਅਈ ਵੱਲ ਸੇਧਿਆ। ਇਹ ਉਸਦੇ ਲੋਕਾਂ ਨੂੰ ਸ਼ਹਿਰ ਤਬਾਹ ਕਰ ਦੇਣ ਦਾ ਸੰਕੇਤ ਸੀ। ਅਤੇ ਯਹੋਸ਼ੁਆ ਉਦੋਂ ਤੀਕ ਰੁਕਿਆ ਜਦੋਂ ਤੱਕ ਕਿ ਅਈ ਦੇ ਸਾਰੇ ਲੋਕ ਤਬਾਹ ਨਹੀਂ ਹੋ ਗਏ। 27 ਇਸਰਾਏਲ ਦੇ ਲੋਕਾਂ ਨੇ ਸ਼ਹਿਰ ਦੇ ਪਸ਼ੂਆਂ ਅਤੇ ਹਰੇਕ ਚੀਜ਼ ਨੂੰ ਆਪਣੇ ਲਈ ਰੱਖ ਲਿਆ। ਉਹੀ ਗੱਲ ਸੀ ਜਿਹੜੀ ਯਹੋਵਾਹ ਨੇ ਆਖੀ ਸੀ ਕਿ ਉਹ ਕਰ ਸਕਦੇ ਹਨ। ਜਦੋਂ ਉਸਨੇ ਯਹੋਸ਼ੁਆ ਨੂੰ ਆਦੇਸ਼ ਦਿੱਤੇ ਸਨ। 28 ਫ਼ਿਰ ਯਹੋਸ਼ੁਆ ਨੇ ਅਈ ਦੇ ਸ਼ਹਿਰ ਨੂੰ ਸਾੜ ਦਿੱਤਾ। ਉਹ ਸ਼ਹਿਰ ਮਲਬੇ ਦਾ ਢੇਰ ਬਣ ਗਿਆ ਇਹ ਅੱਜ ਵੀ ਉਸੇ ਤਰ੍ਹਾਂ ਹੈ। 29 ਯਹੋਸ਼ੁਆ ਨੇ ਅਈ ਦੇ ਰਾਜੇ ਨੂੰ ਇੱਕ ਰੁਖ ਉੱਤੇ ਫ਼ਾਂਸੀ ਦੇ ਦਿੱਤੀ। ਉਸਨੇ ਉਸਨੂੰ ਸ਼ਾਮ ਤੱਕ ਰੁਖ ਉੱਤੇ ਲਟਕੇ ਰਹਿਣ ਦਿੱਤਾ। ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਰਾਜੇ ਦੀ ਲੋਥ ਨੂੰ ਰੁਖ ਤੋਂ ਉਤਾਰਨ ਲਈ ਆਖਿਆ। ਉਨ੍ਹਾਂ ਨੇ ਉਸਦੀ ਲੋਥ ਸ਼ਹਿਰ ਦੇ ਦਰਵਾਜ਼ੇ ਉੱਤੇ ਸੁੱਟ ਦਿੱਤੀ। ਫ਼ਿਰ ਉਨ੍ਹਾਂ ਨੇ ਲੋਥ ਨੂੰ ਬਹੁਤ ਸਾਰੇ ਪੱਥਰਾਂ ਨਾਲ ਢਕ ਦਿੱਤਾ। ਉਹ ਪਥਰਾ ਦਾ ਢੇਰ ਅੱਜ ਵੀ ਉਥੇ ਹੀ ਹੈ। 30 ਫ਼ਿਰ ਯਹੋਸ਼ੁਆ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਲਈ ਇੱਕ ਜਗਵੇਦੀ ਉਸਾਰੀ। ਉਸਨੇ ਉਹ ਜਗਵੇਦੀ ਏਬਾਲ ਪਹਾੜੀ ਉੱਤੇ ਉਸਾਰੀ। 31 ਯਹੋਵਾਹ ਦੇ ਸੇਵਕ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦੱਸਿਆ ਸੀ ਕਿ ਜਗਵੇਦੀਆਂ ਕਿਵੇਂ ਬਨਾਉਣੀਆਂ ਹਨ। ਇਸ ਲਈ ਯਹੋਸ਼ੁਆ ਨੇ ਜਗਵੇਦੀ ਉਸੇ ਤਰ੍ਹਾਂ ਬਣਾਈ ਜਿਸ ਤਰ੍ਹਾਂ ਇਸ ਬਾਰੇ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਸੀ। ਜਗਵੇਦੀ ਅਨਘੜ ਪੱਥਰਾਂ ਦੀ ਬਣੀ ਹੋਈ ਸੀ। ਉਨ੍ਹਾਂ ਪੱਥਰਾਂ ਉੱਤੇ ਕਦੇ ਵੀ ਕਿਸੇ ਔਜ਼ਾਰ ਦੀ ਵਰਤੋਂ ਨਹੀਂ ਕੀਤੀ ਗਈ ਸੀ। ਉਹ ਉਸ ਜਗਵੇਦੀ ਉੱਤੇ ਯਹੋਵਾਹ ਨੂੰ ਹੋਮ ਦੀਆਂ ਭੇਟਾ ਚੜਾਉਂਦੇ ਸਨ। ਉਹ ਸੁਖ-ਸਾਂਦ ਦੀਆਂ ਭੇਟਾਂ ਵੀ ਚੜਾਉਂਦੇ ਸਨ। 32 ਉਸੇ ਥਾਂ, ਯਹੋਸ਼ੁਆ ਨੇ ਮੂਸਾ ਦੀ ਬਿਵਸਥਾ ਪੱਥਰਾਂ ਉੱਤੇ ਲਿਖੀ। ਉਸਨੇ ਅਜਿਹਾ ਉਦੋਂ ਕੀਤਾ ਜਦ ਸਾਰੇ ਇਸਰਾਏਲੀ ਵੇਖ ਰਹੇ ਸਨ। 33 ਬਜ਼ੁਰਗ, ਅਧਿਕਾਰੀ, ਜਜ੍ਜ ਅਤੇ ਇਸਰਾਏਲ ਦੇ ਸਾਰੇ ਲੋਕ ਪਵਿੱਤਰ ਸੰਦੂਕ ਦੇ ਆਲੇ-ਦੁਆਲੇ ਖੜੇ ਸਨ। ਉਹ ਉਨ੍ਹਾਂ ਲੇਵੀ ਜਾਜਕਾਂ ਦੇ ਸਾਮ੍ਹਣੇ ਖੜੇ ਸਨ ਜਿਹੜੇ ਯਹੋਵਾਹ ਦੇ ਇਕਰਾਰਨਾਮੇ ਵਾਲਾ ਪਵਿੱਤਰ ਸੰਦੂਕ ਚੁੱਕੇ ਲਿਆਏ ਸਨ। ਇਸਰਾਏਲ ਦੇ ਲੋਕ ਅਤੇ ਉਨ੍ਹਾਂ ਦੇ ਨਾਲ ਦੇ ਹੋਰ ਲੋਕ ਉਥੇ ਖੜੋਤੇ ਸਨ। ਅਧੇ ਲੋਕ ਏਬਾਲ ਪਹਾੜ ਦੇ ਸਾਮ੍ਹਣੇ ਖੜੋਤੇ ਸਨ ਅਤੇ ਦੂਸਰੇ ਅਧੇ ਲੋਕ ਗਰਿਜ਼ੀਮ ਪਹਾੜ ਦੇ ਸਾਮ੍ਹਣੇ ਖੜੋਤੇ ਸਨ। ਯਹੋਵਾਹ ਦੇ ਸੇਵਕ ਮੂਸਾ ਨੇ ਲੋਕਾਂ ਨੂੰ ਅਜਿਹਾ ਕਰਨ ਲਈ ਆਖਿਆ ਸੀ। ਮੂਸਾ ਨੇ ਉਨ੍ਹਾਂ ਨੂੰ ਅਜਿਹਾ ਉਹ ਅਸੀਸ ਲੈਣ ਲਈ ਕਰਨ ਨੂੰ ਆਖਿਆ ਸੀ। 34 ਫ਼ੇਰ ਯਹੋਸ਼ੁਆ ਨੇ ਨੇਮ ਦੇ ਸਾਰੇ ਸ਼ਬਦ ਪਢ਼ੇ। ਯਹੋਸ਼ੁਆ ਨੇ ਅਸੀਂਸਾ ਅਤੇ ਸਰਾਪਾ ਬਾਰੇ ਪਢ਼ਿਆ। ਉਸਨੇ ਹਰ ਗੱਲ ਉਸੇ ਤਰ੍ਹਾਂ ਪਢ਼ੀ ਜਿਵੇਂ ਬਿਵਸਥਾ ਦੀ ਪੋਥੀ ਵਿੱਚ ਲਿਖੀ ਹੋਈ ਸੀ। 35 ਇਸਰਾਏਲ ਦੇ ਸਾਰੇ ਲੋਕ ਉਥੇ ਇਕਠੇ ਹੋਏ ਸਨ। ਇਸਰਾਏਲ ਦੇ ਲੋਕਾਂ ਨਾਲ ਰਹਿਣ ਵਾਲੇ ਸਾਰੇ ਵਿਦੇਸ਼ੀ, ਔਰਤਾਂ ਅਤੇ ਬੱਚੇ ਉਥੇ ਸਨ। ਅਤੇ ਯਹੋਸ਼ੁਆ ਨੇ ਉਹ ਹਰ ਆਦੇਸ਼ ਪਢ਼ਿਆ ਜਿਹੜਾ ਮੂਸਾ ਨੇ ਦਿੱਤਾ ਸੀ।

9:1 ਯਰਦਨ ਨਦੀ ਦੇ ਪੱਛਮ ਵੱਲ ਦੇ ਸਾਰੇ ਰਾਜਿਆਂ ਨੇ ਇਨ੍ਹਾਂ ਗੱਲਾਂ ਬਾਰੇ ਸੁਣਿਆ। ਰਾਜੇ ਹਿੱਤੀ ਲੋਕਾਂ, ਅਮੋਰੀ ਲੋਕਾਂ, ਕਨਾਨੀ ਲੋਕਾਂ, ਫ਼ਰਿਜ਼ੀ ਲੋਕਾਂ, ਹਿੱਵੀ ਲੋਕਾਂ ਅਤੇ ਯਬੂਸੀ ਲੋਕਾਂ ਦੇ ਸਨ। ਉਹ ਪਹਾੜੀ ਇਲਾਕੇ ਅਤੇ ਮੈਦਾਨਾ ਵਿੱਚ ਰਹਿੰਦੇ ਸਨ। ਉਹ ਮੈਡੀਟ੍ਰੇਨੀਅਨ ਸਾਗਰ ਦੇ ਕੰਢੇ ਦੇ ਨਾਲ-ਨਾਲ ਲਬਾਨੋਨ ਤੱਕ ਰਹਿੰਦੇ ਸਨ।” 2 ਉਹ ਸਾਰੇ ਰਾਜੇ ਇਕਠੇ ਹੋ ਗਏ। ਉਨ੍ਹਾਂ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਵਿਰੁੱਧ ਲੜਨ ਦੀਆਂ ਵਿਉਂਤਾ ਬਣਾਈਆਂ। 3 ਗਿਬਓਨ ਦੇ ਲੋਕਾਂ ਨੇ ਇਹ ਗੱਲ ਸੁਣੀ ਕਿ ਯਹੋਸ਼ੁਆ ਨੇ ਯਰੀਹੋ ਅਤੇ ਅਈ ਨੂੰ ਕਿਵੇਂ ਹਰਾਇਆ ਸੀ। 4 ਇਸ ਲਈ ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਚਲਾਕੀ ਖੇਡਣ ਦੀ ਵਿਉਂਤ ਬਣਾਈ। ਉਨ੍ਹਾਂ ਦੀ ਵਿਉਂਤ ਇਹ ਸੀ: ਉਨ੍ਹਾਂ ਨੇ ਮੈਅ ਦੀਆਂ ਪੁਰਾਣੀਆਂ ਮਸ਼ਕਾ ਇਕਠੀਆਂ ਕੀਤੀਆਂ ਜਿਹੜੀਆਂ ਫ਼ਟੀਆਂ ਅਤੇ ਸੁਧਾਰੀਆਂ ਹੋਈਆਂ ਸਨ ਅਤੇ ਉਹ ਆਪਣੇ ਪਸ਼ੂਆਂ ਦੀਆਂ ਪਿਠਾਂ ਉੱਤੇ ਪਾ ਦਿੱਤੀਆਂ। ਉਨ੍ਹਾਂ ਨੇ ਆਪਣੇ ਪਸ਼ੂਆਂ ਉੱਤੇ ਪੁਰਾਣੀਆਂ ਪਾਟੀਆਂ ਹੋਈਆਂ ਬੋਰੀਆਂ ਵੀ ਪਾ ਦਿੱਤੀਆਂ ਜਿਸ ਤੋਂ ਲੱਗੇ ਕਿ ਉਨ੍ਹਾਂ ਨੇ ਬਹੁਤ ਲੰਬਾ ਸਫ਼ਰ ਕੀਤਾ ਹੈ। 5 ਆਦਮੀਆਂ ਨੇ ਆਪਣੇ ਪੈਰਾਂ ਵਿੱਚ ਪੁਰਾਣੀਆਂ ਜੁੱਤੀਆਂ ਪਾ ਲਈਆਂ। ਆਦਮੀਆਂ ਨੇ ਪੁਰਾਣੇ ਕੱਪੜੇ ਪਾ ਲਈ। ਉਨ੍ਹਾਂ ਆਦਮੀਆਂ ਨੇ ਕੁਝ ਬੇਹੀ ਰੋਟੀ ਲਭੀ ਜਿਹੜੀ ਸੁੱਕੀ ਅਤੇ ਉਲ੍ਲੀ ਵਾਲੀ ਸੀ। ਇਸ ਤਰ੍ਹਾਂ ਉਹ ਲੋਕ ਇਉਂ ਜਾਪਦੇ ਸਨ ਜਿਵੇਂ ਬਹੁਤ ਦੂਰੋਂ ਸਫ਼ਰ ਕਰਕੇ ਆਏ ਸਨ। 6 ਫ਼ਿਰ ਉਹ ਆਦਮੀ ਇਸਰਾਏਲ ਦੇ ਲੋਕਾਂ ਦੇ ਡੇਰੇ ਵਿੱਚ ਗਏ। ਡੇਰਾ ਗਿਲਗਾਲ ਦੇ ਨੇੜੇ ਸੀ।ਆਦਮੀ ਯਹੋਸ਼ੁਆ ਕੋਲ ਗਏ ਅਤੇ ਉਸਨੂੰ ਆਖਿਆ, “ਅਸੀਂ ਬਹੁਤ ਦੂਰ ਦੇਸ਼ੋਂ ਸਫ਼ਰ ਕਰਕੇ ਆਏ ਹਾਂ, ਅਸੀਂ ਤੁਹਾਡੇ ਨਾਲ ਇੱਕ ਸ਼ਾਂਤੀ ਦਾ ਇਕਰਾਰਨਾਮਾ ਕਰਨਾ ਚਾਹੁੰਦੇ ਹਾਂ।” 7 ਇਸਰਾਏਲ ਦੇ ਲੋਕਾਂ ਨੇ (ਗਿਬਓਨ ਦੇ ਆਦਮੀਆਂ) ਹਿੱਵੀਆਂ ਨੂੰ ਆਖਿਆ, “ਸ਼ਾਇਦ ਤੁਸੀਂ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸ਼ਾਇਦ ਤੁਸੀਂ ਸਾਡੇ ਬਹੁਤ ਹੀ ਨੇੜੇ ਰਹਿੰਦੇ ਹੋ। ਅਸੀਂ ਤੁਹਾਡੇ ਨਾਲ ਉਦੋਂ ਤੱਕ ਸ਼ਾਂਤੀ ਦਾ ਇਕਰਾਰਨਾਮਾ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਅਸੀਂ ਇਹ ਨਾ ਜਾਣ ਲਈਏ ਕਿ ਤੁਸੀਂ ਕਿਥੋਂ ਆਏ।” 8 ਇਨ੍ਹਾਂ ਹਿੱਵੀ ਆਦਮੀਆਂ ਨੇ ਯਹੋਸ਼ੁਆ ਨੂੰ ਆਖਿਆ, “ਅਸੀਂ ਤੁਹਾਡੇ ਸੇਵਕ ਹਾਂ”ਪਰ ਯਹੋਸ਼ੁਆ ਨੇ ਆਖਿਆ, “ਤੁਸੀਂ ਕੌਣ ਹੋ? ਤੁਸੀਂ ਕਿਥੋਂ ਆਏ ਹੋ?” 9 ਆਦਮੀਆਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਸੇਵਕ ਹਾਂ। ਅਸੀਂ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਅਸੀਂ ਇਸ ਲਈ ਆਏ ਹਾਂ ਕਿਉਂਕਿ ਅਸੀਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਮਹਾਨ ਸ਼ਕਤੀ ਬਾਰੇ ਸੁਣਿਆ ਹੈ। ਅਸੀਂ ਉਨ੍ਹਾਂ ਗੱਲਾਂ ਬਾਰੇ ਸੁਣਿਆ ਹੈ ਜਿਹੜੀਆਂ ਉਸਨੇ ਕੀਤੀਆਂ ਹਨ। ਅਸੀਂ ਮਿਸਰ ਵਿੱਚ ਉਸ ਵੱਲੋਂ ਕੀਤੀ ਹਰ ਗੱਲ ਬਾਰੇ ਸੁਣਿਆ। 10 ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਉਸਨੇ ਯਰਦਨ ਨਦੀ ਦੇ ਪੂਰਬ ਵੱਲ ਅਮੋਰੀ ਲੋਕਾਂ ਦੇ ਦੋ ਰਾਜਿਆਂ ਨੂੰ ਹਰਾ ਦਿੱਤਾ ਹੈ। ਇਹ ਅਸ਼ਤਾਰੋਥ ਦੀ ਧਰਤੀ ਉੱਤੇ ਹਸ਼ਬੋਨ ਦਾ ਰਾਜਾ ਸੀਹੋਨ ਸੀ ਅਤੇ ਬਾਸ਼ਾਨ ਦਾ ਰਾਜਾ ਓਗ ਸੀ। 11 ਇਸ ਲਈ ਸਾਡੇ ਬਜ਼ੁਰਗਾ ਅਤੇ ਸਾਡੇ ਲੋਕਾਂ ਨੇ ਸਾਨੂੰ ਆਖਿਆ, ‘ਆਪਣੇ ਸਫ਼ਰ ਲਈ ਕਾਫ਼ੀ ਭੋਜਨ ਲੈ ਲਓ। ਜਾਓ ਅਤੇ ਇਸਰਾਏਲ ਦੇ ਲੋਕਾਂ ਨੂੰ ਮਿਲੋ। ਉਨ੍ਹਾਂ ਨੂੰ ਆਖੋ, “ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਵੋ।’” 12 “ਸਾਡੀ ਰੋਟੀ ਵੱਲ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਗਰਮ ਅਤੇ ਤਾਜੀ ਸੀ। ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਸੁੱਕੀ ਅਤੇ ਬੇਹੀ ਹੈ। 13 ਸਾਡੀਆਂ ਮੈਅ ਦੀਆਂ ਮਸ਼ਕਾ ਦੇਖੋ! ਜਦੋਂ ਅਸੀਂ ਘਰੋਂ ਚੱਲੇ ਸਾਂ ਇਹ ਨਵੀਆਂ ਸਨ ਅਤੇ ਮੈਅ ਨਾਲ ਭਰੀਆਂ ਹੋਈਆਂ ਸਨ। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਫ਼ਟੀਆਂ ਪੁਰਾਣੀਆਂ ਹੋ ਗਈਆਂ ਹਨ। ਸਾਡੇ ਕੱਪੜਿਆਂ ਅਤੇ ਜੁੱਤੀਆਂ ਵੱਲ ਦੇਖੋ। ਤੁਸੀਂ ਦੇਖ ਸਕਦੇ ਹੋ ਕਿ ਲੰਮੇ ਸਫ਼ਰ ਨੇ ਇਨ੍ਹਾਂ ਪਹਿਨਣ ਵਾਲੀਆਂ ਚੀਜ਼ਾਂ ਨੂੰ ਤਕਰੀਬਨ ਬਰਬਾਦ ਕਰ ਦਿੱਤਾ ਹੈ।” 14 ਇਸਰਾਏਲ ਦੇ ਆਦਮੀ ਇਹ ਜਾਨਣਾ ਚਾਹੁੰਦੇ ਸਨ ਕਿ ਕੀ ਇਹ ਲੋਕ ਸੱਚ ਆਖ ਰਹੇ ਸਨ। ਇਸ ਲਈ ਉਨ੍ਹਾਂ ਨੇ ਰੋਟੀ ਦਾ ਸਵਾਦ ਚਖਿਆ - ਪਰ ਉਨ੍ਹਾਂ ਨੇ ਯਹੋਵਾਹ ਨੂੰ ਨਹੀਂ ਪੁਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 15 ਯਹੋਸ਼ੁਆ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਨ ਲਈ ਰਾਜ਼ੀ ਹੋ ਗਿਆ। ਉਹ ਉਨ੍ਹਾਂ ਨੂੰ ਜਿਉਂਦੇ ਛੱਡਣ ਲਈ ਮੰਨ ਗਿਆ। ਇਸਰਾਏਲ ਦੇ ਲੋਕ ਵੀ ਯਹੋਸ਼ੁਆ ਦੇ ਇਸ ਇਕਰਾਰ ਨਾਲ ਸਹਿਮਤ ਹੋ ਗਏ। 16 ਤਿੰਨ ਦਿਨਾ ਮਗਰੋਂ, ਇਸਰਾਏਲ ਦੇ ਲੋਕਾਂ ਨੂੰ ਪਤਾ ਲਗਿਆ ਕਿ ਉਹ ਲੋਕ ਉਨ੍ਹਾਂ ਦੇ ਡੇਰੇ ਦੇ ਬਹੁਤ ਨੇੜੇ ਹੀ ਰਹਿੰਦੇ ਸਨ। 17 ਇਸ ਲਈ ਇਸਰਾਏਲ ਦੇ ਲੋਕ ਉਸ ਥਾਂ ਗਏ ਜਿਥੇ ਉਹ ਰਹਿੰਦੇ ਸਨ। ਤੀਸਰੇ ਦਿਨ ਇਸਰਾਏਲ ਦੇ ਲੋਕ ਗਿਬੋਨ, ਕਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸ਼ਹਿਰ ਵਿੱਚ ਆਏ। 18 ਪਰ ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਸ਼ਹਿਰਾਂ ਦੇ ਵਿਰੁੱਧ ਲੜਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰ ਲਿਆ ਸੀ। ਉਨ੍ਹਾਂ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੇ ਸਾਮ੍ਹਣੇ ਇਨ੍ਹਾਂ ਲੋਕਾਂ ਨਾਲ ਇਕਰਾਰ ਕੀਤਾ ਸੀ।ਸਾਰੇ ਲੋਕਾਂ ਨੇ ਉਨ੍ਹਾਂ ਆਗੂਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਇਕਰਾਰਨਾਮਾ ਕੀਤਾ ਸੀ। 19 ਪਰ ਆਗੂਆਂ ਨੇ ਜਵਾਬ ਦਿੱਤਾ, “ਅਸੀਂ ਆਪਣਾ ਇਕਰਾਰ ਦੇ ਦਿੱਤਾ ਹੈ। ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਸਾਮ੍ਹਣੇ ਇਕਰਾਰ ਕੀਤਾ ਹੈ। ਹੁਣ ਅਸੀਂ ਉਨ੍ਹਾਂ ਦੇ ਖਿਲਾਫ਼ ਨਹੀਂ ਲੜ ਸਕਦੇ। 20 ਸਾਨੂੰ ਹੁਣ ਇਹ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਣਾ ਚਾਹੀਦਾ ਹੈ। ਅਸੀਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁਚਾ ਸਕਦੇ, ਨਹੀਂ ਤਾਂ ਪਰਮੇਸ਼ੁਰ ਸਾਡੇ ਨਾਲ ਇਸ ਕਰਕੇ ਨਾਰਾਜ਼ ਹੋ ਜਾਵੇਗਾ ਕਿਉਂਕਿ ਅਸੀਂ ਉਨ੍ਹਾਂ ਨਾਲ ਕੀਤਾ ਹੋਇਆ ਇਕਰਾਰ ਤੋੜਿਆ। 21 ਇਸ ਲਈ ਉਨ੍ਹਾਂ ਨੂੰ ਜਿਉਣ ਦਿਉ। ਪਰ ਉਹ ਸਾਡੇ ਸੇਵਕ ਹੋਣਗੇ ਉਹ ਸਾਡੇ ਲਈ ਲੱਕੜੀਆਂ ਕੱਟਣਗੇ ਅਤੇ ਸਾਡੇ ਲੋਕਾਂ ਦਾ ਪਾਣੀ ਢੋਣਗੇ।” ਇਸ ਲਈ ਆਗੂਆਂ ਨੇ ਉਨ੍ਹਾਂ ਲੋਕਾਂ ਨਾਲ ਕੀਤੇ ਸ਼ਾਂਤੀ ਦੇ ਇਕਰਾਰ ਨੂੰ ਨਹੀਂ ਤੋੜਿਆ। 22 ਯਹੋਸ਼ੁਆ ਨੇ ਗਿਬਓਨੀ ਲੋਕਾਂ ਨੂੰ ਸਦਿਆ। ਉਸਨੇ ਆਖਿਆ, “ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ? ਤੁਹਾਡੀ ਜ਼ਮੀਨ ਸਾਡੇ ਡੇਰੇ ਦੇ ਕੋਲ ਸੀ। ਪਰ ਤੁਸੀਂ ਸਾਨੂੰ ਆਖਿਆ ਸੀ ਕਿ ਤੁਸੀਂ ਕਿਸੇ ਦੂਰ ਦੇਸ਼ ਤੋਂ ਆਏ ਹੋ। 23 ਹੁਣ ਤੁਹਾਡੇ ਲੋਕਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ। ਤੁਹਾਡੇ ਵਿੱਚੋਂ ਕੁਝ ਲੋਕ ਹਮੇਸ਼ਾ ਲਈ ਗੁਲਾਮ ਹੋਣਗੇ। ਉਨ੍ਹਾਂ ਨੂੰ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਕੱਟਣੀਆਂ ਪੈਣਗੀਆਂ ਅਤੇ ਪਾਣੀ ਭਰਨਾ ਪਵੇਗਾ। 24 ਗਿਬਓਨੀ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਤੁਹਾਡੇ ਨਾਲ ਇਸ ਲਈ ਝੂਠ ਬੋਲਿਆ ਕਿਉਂਕਿ ਅਸੀਂ ਡਰਦੇ ਸਾਂ ਕਿ ਤੁਸੀਂ ਸਾਨੂੰ ਮਾਰ ਦਿਉਂਗੇ। ਅਸੀਂ ਸੁਣਿਆ ਸੀ ਕਿ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ ਇਹ ਸਾਰੀ ਧਰਤੀ ਦੇਣ ਦਾ ਆਦੇਸ਼ ਦਿੱਤਾ ਸੀ। ਅਤੇ ਪਰਮੇਸ਼ੁਰ ਨੇ ਤੁਹਾਨੂੰ ਆਖਿਆ ਸੀ ਕਿ ਇਸ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ। ਇਸੇ ਲਈ ਅਸੀਂ ਤੁਹਾਨੂੰ ਝੂਠ ਆਖਿਆ। 25 ਹੁਣ ਅਸੀਂ ਤੁਹਾਡੇ ਸੇਵਕ ਹਾਂ। ਤੁਸੀਂ ਜੋ ਠੀਕ ਸਮਝੋ ਕਰ ਸਕਦੇ ਹੋ।” 26 ਇਸ ਲਈ ਗਿਬਓਨ ਦੇ ਲੋਕ ਗੁਲਾਮ ਬਣ ਗਏ। ਪਰ ਯਹੋਸ਼ੁਆ ਨੇ ਉਨ੍ਹਾਂ ਨੂੰ ਜਿਉਣ ਦਿੱਤਾ। ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ। 27 ਯਹੋਸ਼ੁਆ ਨੇ ਗਿਬਓਨ ਦੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਦੇ ਗੁਲਾਮ ਬਣ ਜਾਣ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਲੱਕੜਾ ਕੱਟੀਆਂ ਅਤੇ ਪਾਣੀ ਭਰਿਆ - ਜਿਥੇ ਵੀ ਯਹੋਵਾਹ ਨੇ ਇਸ ਗੱਲ ਦੀ ਚੋਣ ਕੀਤੀ। ਉਹ ਲੋਕ ਅੱਜ ਵੀ ਗੁਲਾਮ ਹਨ। 10:1 ਇਸ ਵੇਲੇ ਅਦੋਨੀ ਸਦਕ ਯਰੂਸ਼ਲਮ ਦਾ ਰਾਜਾ ਸੀ। ਇਸ ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਅਈ ਨੂੰ ਹਰਾ ਦਿੱਤਾ ਸੀ ਅਤੇ ਇਸਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਰਾਜੇ ਨੇ ਸੁਣਿਆ ਕਿ ਯਹੋਸ਼ੁਆ ਨੇ ਯਰੀਹੋ ਅਤੇ ਉਸਦੇ ਰਾਜੇ ਨਾਲ ਵੀ ਅਜਿਹਾ ਹੀ ਕੀਤਾ ਸੀ। ਰਾਜੇ ਨੂੰ ਇਹ ਵੀ ਪਤਾ ਲਗਿਆ ਕਿ ਗਿਬਓਨ ਦੇ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਅਤੇ ਉਹ ਲੋਕ ਯਰੂਸ਼ਲਮ ਦੇ ਬਹੁਤ ਨਜ਼ਦੀਕ ਰਹਿੰਦੇ ਸਨ। 2 ਇਸ ਲਈ ਅਦੋਨੀ ਸਦਕ ਅਤੇ ਉਸਦੇ ਲੋਕ ਬਹੁਤ ਭੈਭੀਤ ਹੋ ਗਏ। ਗਿਬਓਨ ਅਈ ਵਾਂਗ ਛੋਟਾ ਕਸਬਾ ਨਹੀਂ ਸੀ। ਗਿਬਓਨ ਬਹੁਤ ਵੱਡਾ ਸ਼ਹਿਰ ਸੀ - ਇਹ ਰਾਜਧਾਨੀ ਜਿੰਨਾ ਵੱਡਾ ਸੀ। ਅਤੇ ਉਸ ਸ਼ਹਿਰ ਦੇ ਸਾਰੇ ਆਦਮੀ ਚੰਗੇ ਲੜਾਕੂ ਸਨ। ਇਸ ਲਈ ਰਾਜਾ ਭੈਭੀਤ ਸੀ। 3 ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹੋਹਾਮ ਨਾਲ ਗੱਲ ਕੀਤੀ। ਉਸਨੇ ਯਰਮੂਥ ਦੇ ਰਾਜੇ ਫ਼ਿਰਾਮ, ਲਾਕੀਸ਼ ਦੇ ਰਾਜੇ ਯਾਫ਼ੀਆ ਅਤੇ ਅਗਲੋਨ ਦੇ ਰਾਜੇ ਦਬੀਰ ਨਾਲ ਵੀ ਗੱਲ ਕੀਤੀ। ਯਰੂਸ਼ਲਮ ਦੇ ਰਾਜੇ ਨੇ ਇਨ੍ਹਾਂ ਆਦਮੀਆਂ ਨੂੰ ਬੇਨਤੀ ਕੀਤੀ, 4 “ਮੇਰੇ ਨਾਲ ਆਉ ਅਤੇ ਗਿਬਓਨ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਕਰੋ। ਗਿਬਓਨ ਨੇ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਹੈ।” 5 ਇਸ ਲਈ ਇਨ੍ਹਾਂ ਪੰਜ ਅਮੋਰੀ ਰਾਜਿਆਂ ਨੇ ਫ਼ੌਜਾਂ ਇਕਠੀਆਂ ਕਰ ਲਈਆਂ। (ਪੰਜ ਰਾਜੇ ਸਨ, ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ।) ਉਹ ਫ਼ੌਜਾਂ ਗਿਬਓਨ ਵੱਲ ਗਈਆਂ। ਫ਼ੌਜਾਂ ਨੇ ਗਿਬਓਨ ਨੂੰ ਘੇਰਾ ਪਾ ਲਿਆ ਅਤੇ ਉਸਦੇ ਵਿਰੁੱਧ ਲੜਨ ਲੱਗੀਆਂ। 6 ਗਿਬਓਨ ਸ਼ਹਿਰ ਦੇ ਲੋਕਾਂ ਨੇ ਯਹੋਸ਼ੁਆ ਨੂੰ ਉਸਦੇ ਗਿਲਗਾਲ ਦੇ ਡੇਰੇ ਵਿਖੇ ਸੰਦੇਸ਼ ਭੇਜਿਆ। ਸੰਦੇਸ਼ ਵਿੱਚ ਆਖਿਆ ਸੀ: ਅਸੀਂ ਤੁਹਾਡੇ ਸੇਵਕ ਹਾਂ! ਸਾਨੂੰ ਇਕਲਿਆਂ ਨਾ ਛੱਡੋ। ਆਉ ਅਤੇ ਸਾਡੀ ਸਹਾਇਤਾ ਕਰੋ! ਛੇਤੀ ਕਰੋ! ਸਾਨੂੰ ਬਚਾਉ! ਪਹਾੜੀ ਇਲਾਕੇ ਦੇ ਸਾਰੇ ਅਮੋਰੀ ਰਾਜਿਆਂ ਨੇ ਸਾਡੇ ਨਾਲ ਲੜਨ ਲਈ ਫ਼ੌਜਾਂ ਇਕਠੀਆਂ ਕਰਕੇ ਲੈ ਆਂਦੀਆਂ ਹਨ।” 7 ਇਸ ਲਈ ਯਹੋਸ਼ੁਆ ਨੇ ਆਪਣੀ ਪੂਰੀ ਫ਼ੌਜ ਸਮੇਤ ਗਿਲਗਾਲ ਤੋਂ ਕੂਚ ਕਰ ਦਿੱਤਾ। ਯਹੋਸ਼ੁਆ ਦੇ ਬਿਹਤਰੀਨ ਜੰਗਾਜ਼ੂ ਆਦਮੀ ਉਸਦੇ ਨਾਲ ਸਨ। 8 ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਨ੍ਹਾਂ ਫ਼ੌਜਾਂ ਕੋਲੋਂ ਭੈਭੀਤ ਨਾ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦੇਵਾਂਗਾ। ਉਨ੍ਹਾਂ ਫ਼ੌਜਾਂ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਹਰਾ ਸਕੇਗੀ।” 9 ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਸਾਰੀ ਰਾਤ ਗਿਬਓਨ ਵੱਲ ਨੂੰ ਮਾਰਚ ਕੀਤਾ। ਦੁਸ਼ਮਣ ਨੂੰ ਕੋਈ ਪਤਾ ਨਹੀਂ ਸੀ ਕਿ ਯਹੋਸ਼ੁਆ ਆ ਰਿਹਾ ਹੈ। ਇਸ ਲਈ ਜਦੋਂ ਉਸਨੇ ਉਨ੍ਹਾਂ ਉੱਤੇ ਹਮਲਾ ਕੀਤਾ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਹੋ ਗਏ। 10 ਯਹੋਵਾਹ ਨੇ ਉਨ੍ਹਾਂ ਫ਼ੌਜਾਂ ਨੂੰ ਬਹੁਤ ਉਲਝਣ ਵਿੱਚ ਪਾ ਦਿੱਤਾ ਜਦੋਂ ਇਸਰਾਏਲ ਨੇ ਹਮਲਾ ਕੀਤਾ। ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸਰਾਏਲ ਨੇ ਦੁਸ਼ਮਣ ਦਾ ਗਿਬਓਨ ਤੋਂ ਬੈਤ ਹੋਰੋਨ ਵੱਲ ਜਾਂਦੀ ਸੜਕ ਉੱਤੇ ਪਿੱਛਾ ਕੀਤਾ। ਇਸਰਾਏਲ ਦੀ ਫ਼ੌਜ ਨੇ ਅਜ਼ੇਕਾਹ ਅਤੇ ਮਕੇਦਾਹ ਦੇ ਸਾਰੇ ਰਸਤੇ ਆਦਮੀਆਂ ਨੂੰ ਮਾਰ ਮੁਕਾਇਆ। 11 ਫ਼ੇਰ ਇਸਰਾਏਲ ਦੀ ਫ਼ੌਜ ਨੇ ਦੁਸ਼ਮਣ ਦੀ ਫ਼ੌਜ ਨੂੰ ਬੈਤ ਹੋਰੋਨ ਤੋਂ ਅਜ਼ੇਕਾਹ ਵੱਲ ਜਾਂਦੀ ਸੜਕ ਵੱਲ ਭਜਾ ਦਿੱਤਾ। ਜਦੋਂ ਉਹ ਦੁਸ਼ਮਣ ਦਾ ਪਿੱਛਾ ਕਰ ਰਹੇ ਸਨ, ਯਹੋਵਾਹ ਨੇ ਆਕਾਸ਼ ਤੋਂ ਵੱਡੇ-ਵੱਡੇ ਗੜਿਆਂ ਦਾ ਮੀਂਹ ਵਰ੍ਹਾਇਆ। ਬਹੁਤ ਸਾਰੇ ਦੁਸ਼ਮਣ ਇਨ੍ਹਾਂ ਵੱਡੇ ਗਢ਼ਿਆਂ ਨਾਲ ਮਾਰੇ ਗਏ। ਇਸਰਾਏਲ ਦੇ ਸਿਪਾਹਿਆਂ ਦੀਆਂ ਤਲਵਾਰਾਂ ਨਾਲੋਂ ਗਢ਼ਿਆਂ ਨਾਲ ਵਧੇਰੇ ਆਦਮੀ ਮਰੇ। 12 ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਅਮੋਰੀ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। ਅਤੇ ਉਸ ਦਿਨ ਯਹੋਸ਼ੁਆ ਇਸਰਾਏਲ ਦੇ ਸਾਰੇ ਲੋਕਾਂ ਸਾਮ੍ਹਣੇ ਖਲੋ ਗਿਆ ਅਤੇ ਯਹੋਵਾਹ ਨੂੰ ਆਖਿਆ:“ਸੂਰਜ, ਰੁਕ ਜਾ ਗਿਬਓਨ ਉੱਤੇ।ਚੰਦਰਮਾ ਖਲੋ ਜਾ ਚੁੱਪ ਕਰਕੇ ਅਯ੍ਯਾਲੋਨ ਦੀ ਵਾਦੀ ਉੱਤੇ।” 13 ਇਸ ਲਈ ਸੂਰਜ ਹਿਲਿਆ ਨਹੀਂ ਅਤੇ ਚੰਦਰਮਾ ਓਨੀ ਦੇਰ ਤੱਕ ਰੁਕਿਆ ਰਿਹਾ ਜਦੋਂ ਤੀਕ ਕਿ ਲੋਕਾਂ ਨੇ ਆਪਣੇ ਦੁਸ਼ਮਣਾ ਨੂੰ ਹਰਾ ਨਹੀਂ ਦਿੱਤਾ। ਇਹ ਕਹਾਣੀ ‘ਯਾਸ਼ਰ ਦੀ ਪੁਸਤਕ’ ਵਿੱਚ ਲਿਖੀ ਹੋਈ ਹੈ। ਸੂਰਜ ਆਕਾਸ਼ ਦੇ ਅਧ ਵਿਚਕਾਰ ਖਲੋ ਗਿਆ। ਇਹ ਪੂਰੇ ਦਿਨ ਭਰ ਨਹੀਂ ਹਿਲਿਆ। 14 ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ। ਅਤੇ ਅਜਿਹਾ ਫ਼ੇਰ ਕਦੇ ਵੀ ਨਹੀਂ ਵਾਪਰੇਗਾ! ਇਹੀ ਉਹ ਗੱਲ ਸੀ ਜਦੋਂ ਯਹੋਵਾਹ ਨੇ ਆਦਮੀ ਦੀ ਗੱਲ ਮੰਨੀ। ਯਹੋਵਾਹ ਸੱਚ ਮੁੱਚ ਇਸਰਾਏਲ ਲਈ ਲੜ ਰਿਹਾ ਸੀ। 15 ਇਸ ਤੋਂ ਮਗਰੋਂ, ਯਹੋਸ਼ੁਆ ਅਤੇ ਉਸਦੀ ਫ਼ੌਜ ਗਿਲਗਾਲ ਦੇ ਡੇਰੇ ਵੱਲ ਵਾਪਸ ਪਰਤ ਗਏ। 16 ਪਰ ਲੜਾਈ ਦੇ ਦੌਰਾਨ ਪੰਜ ਰਾਜੇ ਭੱਜ ਗਏ। ਉਹ ਮਕੇਦਾਹ ਦੇ ਨੇੜੇ ਇੱਕ ਗੁਫ਼ਾ ਵਿੱਚ ਛੁਪ ਗਏ। 17 ਪਰ ਕਿਸੇ ਨੇ ਉਨ੍ਹਾਂ ਨੂੰ ਉਸ ਗੁਫ਼ਾ ਵਿੱਚ ਛੁਪੇ ਹੋਇਆ ਲਭ ਲਿਆ। ਯਹੋਸ਼ੁਆ ਨੂੰ ਇਸਦਾ ਪਤਾ ਲਗਿਆ। 18 ਯ੍ਯਹੋਸ਼ੁਆ ਨੇ ਆਖਿਆ, “ਗੁਫ਼ਾ ਦੇ ਪ੍ਰਵੇਸ਼ ਵੱਡੇ-ਵੱਡੇ ਪਥਰਾ ਆਲ ਬੰਦ ਕਰ ਦਿਉ। ਕੁਝ ਆਦਮੀਆਂ ਨੂੰ ਗੁਫ਼ਾ ਦੀ ਰਾਖੀ ਲਈ ਪਹਿਰੇ ਤੇ ਬਿਠਾ ਦਿਉ। 19 ਪਰ ਖੁਦ ਉਥੇ ਨਹੀਂ ਠਹਿਰਨਾ ਦੁਸ਼ਮਣ ਦਾ ਪਿੱਛਾ ਕਰਨਾ ਜਾਰੀ ਰਖੋ। ਉਨ੍ਹਾਂ ਉੱਤੇ ਪਿਛਿਓ ਦੀ ਵਾਰ ਕਰਨਾ ਜਾਰੀ ਰਖੋ। ਦੁਸ਼ਮਣ ਨੂੰ ਆਪਣੇ ਸ਼ਹਿਰਾਂ ਵਿੱਚ ਵਾਪਸ ਨਾ ਆਉਣ ਦਿਉ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਨ੍ਹਾਂ ਉੱਪਰ ਜਿੱਤ ਦਿੱਤੀ ਹੈ।” 20 ਇਸ ਲਈ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਦੁਸ਼ਮਣ ਨੂੰ ਮਾਰ ਮੁਕਾਇਆ। ਪਰ ਦੁਸ਼ਮਣਾ ਵਿੱਚੋਂ ਕੁਝ ਬੰਦੇ ਆਪਣੇ ਸ਼ਹਿਰਾਂ ਵਿੱਚ ਜਾਣ ਅਤੇ ਛੁਪ ਜਾਣ ਵਿੱਚ ਸਫ਼ਲ ਹੋ ਗਏ ਜਿਨ੍ਹਾਂ ਨੇ ਆਲੇ-ਦੁਆਲੇ ਕੰਧਾਂ ਸਨ। ਇਹ ਆਦਮੀ ਨਹੀਂ ਮਰੇ। 21 ਲੜਾਈ ਤੋਂ ਮਗਰੋਂ, ਯਹੋਸ਼ੁਆ ਦੇ ਬੰਦੇ ਉਸ ਕੋਲ ਮਕੇਦਾਹ ਵਿਖੇ ਆਏ। ਉਸ ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਇੰਨਾ ਬਹਾਦਰ ਨਹੀਂ ਸੀ ਕਿ ਉਹ ਇਸਰਾਏਲ ਦੇ ਲੋਕਾਂ ਦੇ ਵਿਰੁੱਧ ਕੁਝ ਆਖ ਸਕੇ। 22 ਯਹੋਸ਼ੁਆ ਨੇ ਆਖਿਆ, “ਉਨ੍ਹਾਂ ਪੱਥਰਾਂ ਨੂੰ ਹਟਾ ਦਿਉ ਜਿਨ੍ਹਾਂ ਨੇ ਗੁਫ਼ਾ ਦੇ ਦਾਖਲੇ ਨੂੰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਪੰਜਾ ਰਾਜਿਆਂ ਨੂੰ ਮੇਰੇ ਕੋਲ ਲਿਆਉ। 23 ਇਸ ਲਈ ਯਹੋਸ਼ੁਆ ਦੇ ਆਦਮੀ ਪੰਜਾ ਰਾਜਿਆਂ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ। ਉਹ ਯਰੂਸ਼ਲਮ, ਹਬਰੋਨ, ਯਰਮੂਥ, ਲਾਕੀਸ਼ ਅਤੇ ਅਗਲੋਨ ਦੇ ਰਾਜੇ ਸਨ। 24 ਉਹ ਪੰਜਾ ਰਾਜਿਆਂ ਨੂੰ ਯਹੋਸ਼ੁਆ ਕੋਲ ਲੈ ਆਏ। ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਉਸ ਥਾਂ ਬੁਲਾਇਆ। ਯਹੋਸ਼ੁਆ ਨੇ ਆਪਣੀ ਫ਼ੌਜ ਦੇ ਅਧਿਕਾਰੀਆਂ ਨੂੰ ਆਖਿਆ, “ਇੱਥੇ ਆਉ! ਆਪਣੇ ਪੈਰ ਇਨ੍ਹਾਂ ਰਾਜਿਆਂ ਦੀ ਗਰਦਨਾ ਉੱਤੇ ਰੱਖ ਦਿਉ।” ਇਸ ਲਈ ਯਹੋਸ਼ੁਆ ਦੀ ਫ਼ੌਜ ਦੇ ਅਫ਼ਸਰ ਨੇੜੇ ਆ ਗਏ। ਉਨ੍ਹਾਂ ਨੇ ਆਪਣੇ ਪੈਰਾਂ ਨੂੰ ਰਾਜਿਆਂ ਦੀਆਂ ਗਰਦਨ ਉੱਤੇ ਰੱਖ ਦਿੱਤਾ। 25 ਫ਼ੇਰ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਆਖਿਆ, “ਤਕੜੇ ਹੋਵੋ ਅਤੇ ਬਹਾਦਰ ਬਣੋ! ਭੈਭੀਤ ਨਾ ਹੋਵੋ। ਮੈ ਤੁਹਾਨੂੰ ਦਰਸਾਉਂਦਾ ਹਾਂ ਕਿ ਯਹੋਵਾਹ ਉਨ੍ਹਾਂ ਸਾਰੇ ਦੁਸ਼ਮਣਾ ਨਾਲ ਕੀ ਕਰੇਗਾ ਜਿਨ੍ਹਾਂ ਨਾਲ ਤੁਸੀਂ ਭਵਿਖ ਵਿੱਚ ਲੜੋਂਗੇ।” 26 ਫ਼ੇਰ ਯਹੋਸ਼ੁਆ ਨੇ ਪੰਜਾ ਰਾਜਿਆਂ ਨੂੰ ਕਤਲ ਕਰ ਦਿੱਤਾ। ਉਸਨੇ ਉਨ੍ਹਾਂ ਦੀਆਂ ਲੋਥਾਂ ਨੂੰ ਪੰਜਾਂ ਰੁਖਾਂ ਉੱਤੇ ਲਟਕਾ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਨੂੰ ਸ਼ਾਮ ਤੱਕ ਰੁਖਾਂ ਉੱਤੇ ਲਟਕੇ ਰਹਿਣ ਦਿੱਤਾ। 27 ਸੂਰਜ ਛੁਪਣ ਵੇਲੇ ਯਹੋਸ਼ੁਆ ਨੇ ਆਪਣੇ ਆਦਮੀਆਂ ਨੂੰ ਲੋਥਾਂ ਰੁਖਾਂ ਉੱਤੋਂ ਉਤਾਰਨ ਲਈ ਆਖਿਆ। ਇਸ ਲਈ ਉਨ੍ਹਾਂ ਨੇ ਲੋਥਾਂ ਉਸੇ ਗੁਫ਼ਾ ਵਿੱਚ ਸੁੱਟ ਦਿੱਤੀਆਂ ਜਿਥੇ ਰਾਜੇ ਛੁਪੇ ਹੋਏ ਸਨ ਅਤੇ ਗੁਫ਼ਾ ਦੇ ਪ੍ਰਵੇਸ਼ ਨੂੰ ਵੱਡੇ ਪਥਰਾ ਨਾਲ ਢਕ ਦਿੱਤਾ। ਉਹ ਲੋਥਾਂ ਅੱਜ ਵੀ ਉਸੇ ਗੁਫ਼ਾ ਵਿੱਚ ਹਨ। 28 ਉਸ ਦਿਨ ਯਹੋਸ਼ੁਆ ਨੇ ਮਕੇਦਾਹ ਨੂੰ ਹਰਾਇਆ। ਯਹੋਸ਼ੁਆ ਨੇ ਉਸ ਸ਼ਹਿਰ ਦੇ ਰਾਜੇ ਅਤੇ ਲੋਕਾਂ ਨੂੰ ਮਾਰ ਦਿੱਤਾ। ਉਥੇ ਕੋਈ ਵੀ ਜਿਉਂਦਾ ਨਹੀਂ ਬਚਿਆ। ਯਹੋਸ਼ੁਆ ਨੇ ਮਕੇਦਾਹ ਦੇ ਰਾਜੇ ਨਾਲ ਵੀ ਉਹੀ ਕੁਝ ਕੀਤਾ ਜਿਹੜਾ ਉਸਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ। 29 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕ ਮਕੇਦਾਹ ਤੋਂ ਤੁਰ ਪਏ। ਉਹ ਲਿਬਨਾਹ ਵੱਲ ਗਏ ਅਤੇ ਸ਼ਹਿਰ ਉਤੇ ਹਮਲਾ ਕਰ ਦਿੱਤਾ। 30 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਉਸ ਸ਼ਹਿਰ ਅਤੇ ਉਸਦੇ ਰਾਜੇ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਮਾਰ ਦਿੱਤਾ। ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ। ਅਤੇ ਲੋਕਾਂ ਨੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਯਰੀਹੋ ਦੇ ਰਾਜੇ ਨਾਲ ਕੀਤਾ ਸੀ। 31 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਲਾਕੀਸ਼ ਨੂੰ ਚਲੇ ਗਏ। ਯਹੋਸ਼ੁਆ ਅਤੇ ਉਸਦੀ ਫ਼ੌਜ ਨੇ ਉਸ ਸ਼ਹਿਰ ਦੇ ਦੁਆਲੇ ਘੇਰਾ ਪਾ ਲਿਆ ਅਤੇ ਉਸ ਉੱਤੇ ਹਮਲਾ ਕਰ ਦਿੱਤਾ। 32 ਯਹੋਵਾਹ ਨੇ ਉਨ੍ਹਾਂ ਨੂੰ ਲਾਕੀਸ਼ ਦੇ ਸ਼ਹਿਰ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਨੇ ਦੂਸਰੇ ਦਿਨ ਸ਼ਹਿਰ ਨੂੰ ਹਰਾ ਦਿੱਤਾ। ਇਸਰਾਏਲ ਦੇ ਲੋਕਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੇ ਉਸੇ ਤਰ੍ਹਾਂ ਮਾਰ ਦਿੱਤਾ ਜਿਵੇਂ ਉਨ੍ਹਾਂ ਨੇ ਲਿਬਨਾਹ ਵਿੱਚ ਕੀਤਾ ਸੀ। 33 ਗਜ਼ਰ ਦਾ ਰਾਜਾ ਹੋਰਾਮ ਲਾਕੀਸ਼ ਦੀ ਸਹਾਇਤਾ ਲਈ ਆਇਆ ਪਰ ਯਹੋਸ਼ੁਆ ਨੇ ਉਸਨੂੰ ਅਤੇ ਉਸਦੀ ਫ਼ੌਜ ਨੂੰ ਵੀ ਹਰਾ ਦਿੱਤਾ। ਉਨ੍ਹਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਬਚਿਆ। 34 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਲਾਕੀਸ਼ ਤੋਂ ਸਫ਼ਰ ਕਰਕੇ ਅਗਲੋਨ ਪਹੁੰਚੇ। ਉਨ੍ਹਾਂ ਨੇ ਏਹਲੋਮ ਦੇ ਗਿਰਦ ਘੇਰਾ ਪਾ ਲਿਆ ਅਤੇ ਇਸ ਉੱਤੇ ਹਮਲਾ ਕਰ ਦਿੱਤਾ। 35 ਉਸ ਦਿਨ ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਸਾਰੇ ਬੰਦਿਆਂ ਨੂੰ ਮਾਰ ਦਿੱਤਾ। ਇਹ ਉਵੇਂ ਹੀ ਸੀ ਜਿਵੇਂ ਉਨ੍ਹਾਂ ਨੇ ਲਾਕੀਸ਼ ਵਿੱਚ ਕੀਤਾ ਸੀ। 36 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਅਗਓਨ ਤੋਂ ਸਫ਼ਰ ਕਰਕੇ ਹਬਰੋਨ ਚਲੇ ਗਏ। ਫ਼ੇਰ ਉਨ੍ਹਾਂ ਨੇ ਹਬਰੋਨ ਉੱਤੇ ਹਮਲਾ ਕਰ ਦਿੱਤਾ। 37 ਉਨ੍ਹਾਂ ਨੇ ਹਬਰੋਨ ਦੇ ਦੁਆਲੇ ਦੇ ਸਾਰੇ ਛੋਟੇ ਨਗਰਾਂ ਅਤੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ। ਇਸਰਾਏਲੀਆਂ ਨੇ ਸ਼ਹਿਰ ਵਿੱਚ ਹਰ ਕਿਸੇ ਨੂੰ ਮਾਰ ਦਿੱਤਾ। ਇੱਕ ਇਕੱਲਾ ਵਿਅਕਤੀ ਵੀ ਜਿਉਂਦਾ ਨਹੀਂ ਛੱਡਿਆ ਜਿਵੇਂ ਕਿ ਉਨ੍ਹਾਂ ਨੇ ਅਗਲੋਨ ਵਿੱਚ ਕੀਤਾ ਸੀ। ਉਨ੍ਹਾਂ ਨੇ ਉਸ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਹਰ ਕਿਸੇ ਨੂੰ ਮਾਰ ਦਿੱਤਾ। 38 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਦਬਿਰ ਨੂੰ ਵਾਪਸ ਚਲੇ ਗਏ ਅਤੇ ਉਸ ਸ਼ਹਿਰ ਉੱਤੇ ਹਮਲਾ ਕਰ ਦਿੱਤਾ। 39 ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ, ਇਸਦੇ ਰਾਜੇ ਅਤੇ ਦਬਿਰ ਨੇੜੇ ਦੇ ਸਾਰੇ ਛੋਟੇ ਕਸਬਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉਥੇ ਕੋਈ ਵੀ ਬੰਦਾ ਜਿਉਂਦਾ ਨਹੀਂ ਬਚਿਆ। ਇਸਰਾਏਲ ਦੇ ਲੋਕਾਂ ਨੇ ਦਬਿਰ ਅਤੇ ਉਸਦੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਹਬਰੋਨ ਅਤੇ ਉਸਦੇ ਰਾਜੇ ਨਾਲ ਕੀਤਾ ਸੀ। 40 ਇੰਝ ਯਹੋਸ਼ੁਆ ਨੇ ਨੇਗੇਵ ਦੇ ਪਹਾੜੀ ਦੇਸ਼, ਪੂਰਬੀ ਅਤੇ ਪੱਛਮੀ ਪਹਾੜੀਆਂ ਅਤੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਲੋਕਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ ਇਸ ਲਈ ਉਸਨੇ ਉਥੇ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ। 41 ਯ੍ਯਹੋਸ਼ੁਆ ਨੇ ਕਾਦੇਸ਼ ਬਰਨੇਆ ਤੋਂ ਲੈਕੇ ਅਜ਼ਾਹ੍ਹ ਤੀਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸਨੇ (ਮਿਸਰ ਦੇ) ਗੋਸ਼ਨ ਦੀ ਧਰਤੀ ਤੋਂ ਲੈਕੇ ਗਿਬਓਨ ਤੱਕ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। 42 ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਇੱਕੋ ਹਲ੍ਲੇ ਵਿੱਚ ਕਬਜ਼ੇ ਹੇਠ ਲੈ ਲਿਆ। ਯਹੋਸ਼ੁਆ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸਰਾਏਲ ਦਾ ਯਹੋਵੁਆਹ ਪਰਮੇਸ਼ੁਰ ਇਸਰਾਏਲ ਲਈ ਲੜ ਰਿਹਾ ਸੀ। 43 ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਆਪਣੇ ਡੇਰੇ ਗਿਲਗਾਲ ਵਾਪਸ ਆ ਗਏ।

11:1 ਹਾਸੋਰ ਦੇ ਰਾਜੇ ਯਬੀਨ ਨੇ ਇਨ੍ਹਾਂ ਗੱਲਾਂ ਦੇ ਵਾਪਰਨ ਬਾਰੇ ਸਾਰਾ ਕੁਝ ਸੁਣਿਆ। ਇਸ ਲਈ ਉਸਨੇ ਕਈ ਰਾਜਿਆਂ ਦੀਆਂ ਫ਼ੌਜਾਂ ਨੂੰ ਇੱਕਮੁਠ ਕਰਨ ਦਾ ਨਿਰਣਾ ਕੀਤਾ। ਯਬੀਨ ਨੇ ਮਾਦੋਨ ਦੇ ਰਾਜੇ ਯੋਬਾਬ, ਸ਼ਿਮਰੋਨ ਦੇ ਰਾਜੇ ਅਤੇ ਆਕਸ਼ਾਫ਼ ਦੇ ਰਾਜੇ ਨੂੰ 2 ਅਤੇ ਪਹਾੜੀ ਇਲਾਕੇ ਅਤੇ ਮਾਰੂਥਲ ਦੇ ਉੱਤਰ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਯਬੀਨ ਨੇ ਕਿੰਨਰੋਥ, ਨੇਗੇਵ ਅਤੇ ਪੱਛਮੀ ਤਰਾਈ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। 3 ਯਬੀਨ ਨੇ ਪੂਰਬ ਅਤੇ ਪੱਛਮ ਦੇ ਕਨਾਨੀ ਲੋਕਾਂ ਦੇ ਰਾਜਿਆਂ ਨੂੰ ਸੰਦੇਸ਼ ਭੇਜਿਆ। ਉਸਨੇ ਅਮੋਰੀ ਲੋਕਾਂ ਨੂੰ, ਹਿੱਤੀ ਲੋਕਾਂ, ਫ਼ਰਿਜ਼ੀ ਲੋਕਾਂ ਅਤੇ ਪਹਾੜੀ ਇਲਾਕੇ ਵਿੱਚ ਰਹਿਣ ਵਲੇ ਯਬੂਸੀ ਲੋਕਾਂ ਨੂੰ ਸੰਦੇਸ਼ ਭੇਜਿਆ। ਉਸਨੇ ਮਿਸਫ਼ਾਹ ਦੇ ਨੇੜੇ ਹਰਮੋਨ ਪਹਾੜੀ ਦੇ ਹੇਠਾਂ ਰਹਿਣ ਵਾਲੇ ਹਿੱਵੀ ਲੋਕਾਂ ਨੂੰ ਵੀ ਸੰਦੇਸ਼ ਭੇਜਿਆ। 4 ਇਸ ਲਈ ਇਨ੍ਹਾਂ ਰਾਜਿਆਂ ਦੀਆਂ ਫ਼ੌਜਾਂ ਇਕਠੀਆਂ ਹੋ ਗਈਆਂ। ਉਨ੍ਹਾਂ ਕੋਲ ਬਹੁਤ ਸਾਰੇ ਲੜਾਕੂ ਯੋਧੇ ਅਤੇ ਬਹੁਤ ਸਾਰੇ ਘੋੜੇ ਅਤੇ ਰਥ ਸਨ। ਇਹ ਬਹੁਤ ਵੱਡੀ ਫ਼ੌਜ ਸੀ - ਇਸ ਤਰ੍ਹਾਂ ਲੱਗਦਾ ਸੀ ਜਿਵੇਂ ਇਸ ਵਿੱਚ ਇੰਨੇ ਬੰਦੇ ਹੋਣ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਿਣਕੇ ਹੁੰਦੇ ਹਨ। 5 ਇਹ ਸਾਰੇ ਰਾਜੇ ਮੇਰੋਮ ਦੀ ਛੋਟੀ ਨਦੀ ਕੰਢੇ ਇਕਠੇ ਹੋ ਗਏ। ਉਨ੍ਹਾਂ ਨੇ ਆਪਣੀਆਂ ਫ਼ੌਜਾਂ ਇੱਕ ਡੇਰੇ ਵਿੱਚ ਇਕਠੀਆਂ ਕਰ ਲਈਆਂ ਅਤੇ ਇਸਰਾਏਲ ਦੇ ਵਿਰੁੱਧ ਲੜਨ ਦੀਆਂ ਵਿਉਂਤਾਂ ਬਣਾਈਆਂ। 6 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, “ਉਸ ਫ਼ੌਜ ਕੋਲੋਂ ਭੈਭੀਤ ਨਹੀਂ ਹੋਣਾ। ਮੈਂ ਤੁਹਾਨੂੰ ਉਨ੍ਹਾਂ ਨੂੰ ਹਰਾਉਣ ਦੀ ਇਜਾਜ਼ਤ ਦਿਆਂਗਾ। ਕਲ੍ਹ੍ਹ ਇਸ ਵੇਲੇ ਹੀ ਤੁਸੀਂ ਉਨ੍ਹਾਂ ਸਾਰਿਆਂ ਨੂੰ ਮਾਰ ਚੁੱਕੇ ਹੋਵੋਂਗੇ। ਤੁਸੀਂ ਘੋੜਿਆਂ ਦੀਆਂ ਲੱਤਾਂ ਵਢ ਦਿਉਂਗੇ ਅਤੇ ਉਨ੍ਹਾਂ ਦੇ ਸਾਰੇ ਰਥਾਂ ਨੂੰ ਸਾੜ ਦਿਉਂਗੇ।” 7 ਯਹੋਸ਼ੁਆ ਅਤੇ ਉਸਦੀ ਪੂਰੀ ਫ਼ੌਜ ਨੇ ਦੁਸ਼ਮਣ ਉੱਤੇ ਅਚਾਨਕ ਹਲ੍ਲਾ ਬੋਲ ਦਿੱਤਾ। ਉਨ੍ਹਾਂ ਨੇ ਦੁਸ਼ਮਣ ਉੱਤੇ ਮੋਰੇਮ ਨਦੀ ਕੰਢੇ ਹਮਲਾ ਕਰ ਦਿੱਤਾ। 8 ਯਹੋਵਾਹ ਨੇ ਇਸਰਾਏਲ ਨੂੰ ਇਜਾਜ਼ਤ ਦਿੱਤੀ ਕਿ ਉਹ ਉਨ੍ਹਾਂ ਨੂੰ ਹਰਾ ਦੇਵੇ। ਇਸਰਾਏਲ ਦੀ ਫ਼ੌਜ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਵਡੇਰੇ ਸੀਦੋਨ, ਮਿਸਰਫ਼ੋਥ ਮਇਮ ਅਤੇ ਪੂਰਬ ਵਿੱਚ ਮਿਸਫ਼ਾਹ ਦੀ ਵਾਦੀ ਅੰਦਰ ਭਜਾ ਦਿੱਤਾ। ਇਸਰਾਏਲ ਦੀ ਫ਼ੌਜ ਓਨਾ ਚਿਰ ਲੜਦੀ ਰਹੀ ਜਿੰਨਾ ਚਿਰ ਦੁਸ਼ਮਣ ਦਾ ਇੱਕ ਵੀ ਆਦਮੀ ਜਿਉਂਦਾ ਰਿਹਾ। 9 ਯਹੋਸ਼ੁਆ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਨੇ ਉਸਨੂੰ ਕਰਨ ਵਾਸਤੇ ਆਖਿਆ ਸੀ - ਯਹੋਸ਼ੁਆ ਨੇ ਉਨ੍ਹਾਂ ਦੇ ਘੋੜਿਆਂ ਦੀਆਂ ਲੱਤਾਂ ਵਢ ਦਿੱਤੀਆਂ ਅਤੇ ਰਥ ਸਾੜ ਦਿੱਤੇ। 10 ਫ਼ੇਰ ਯਹੋਸ਼ੁਆ ਵਾਪਸ ਪਰਤਿਆ ਅਤੇ ਹਾਸੋਰ ਸ਼ਹਿਰ ਉੱਤੇ ਕਬਜ਼ਾ ਕਰ ਲਿਆ। (ਹਾਸੋਰ ਉਨ੍ਹਾਂ ਸਾਰੇ ਰਾਜਾ ਦਾ ਆਗੂ ਸੀ ਜਿਹੜੇ ਇਸਰਾਏਲ ਦੇ ਵਿਰੁੱਧ ਲੜੇ ਸਨ।) 11 ਇਸਰਾਏਲ ਦੀ ਫ਼ੌਜ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉਨ੍ਹਾਂ ਨੇ ਸਾਰੇ ਬੰਦਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਉਥੇ ਕੋਈ ਵੀ ਜੀਵਿਤ ਨਹੀਂ ਬਚਿਆ। ਫ਼ੇਰ ਉਨ੍ਹਾਂ ਨੇ ਸ਼ਹਿਰ ਨੂੰ ਸਾੜ ਦਿੱਤਾ। 12 ਯਹੋਸ਼ੁਆ ਨੇ ਇਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਉਸਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਮਾਰ ਦਿੱਤਾ। ਯਹੋਸ਼ੁਆ ਨੇ ਉਨ੍ਹਾਂ ਸ਼ਹਿਰਾਂ ਦੀ ਹਰ ਚੀਜ਼ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ। ਉਸਨੇ ਅਜਿਹਾ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਆਦੇਸ਼ ਦਿੱਤਾ ਸੀ। 13 ਪਰ ਇਸਰਾਏਲ ਦੀ ਫ਼ੌਜ ਨੇ ਪਹਾੜਾ ਉੱਤੇ ਵਸੇ ਸ਼ਹਿਰਾਂ ਵਿੱਚੋਂ ਕਿਸੇ ਨੂੰ ਨਹੀਂ ਸਾੜਿਆ। ਪਹਾੜੀ ਉੱਤੇ ਵਸੇ ਹੋਏ ਜਿਸ ਇੱਕੋ-ਇੱਕ ਸ਼ਹਿਰ ਨੂੰ ਸਾੜਿਆ ਗਿਆ ਸੀ ਉਹ ਹਾਸੋਰ ਸੀ। ਇਹੀ ਸ਼ਹਿਰ ਸੀ ਜਿਸਨੂੰ ਯਹੋਸ਼ੁਆ ਨੇ ਸਾੜਿਆ ਸੀ। 14 ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਆਪਣੇ ਲਈ ਰੱਖ ਲਈਆਂ ਜਿਹੜੀਆਂ ਉਨ੍ਹਾਂ ਨੂੰ ਸ਼ਹਿਰ ਵਿੱਚੋਂ ਮਿਲੀਆਂ। ਪਰ ਉਨ੍ਹਾਂ ਨੇ ਉਥੋਂ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਕਿਸੇ ਵੀ ਬੰਦੇ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ। 15 ਬਹੁਤ ਪਹਿਲਾਂ ਯਹੋਵਾਹ ਨੇ ਆਪਣੇ ਸੇਵਕ ਮੂਸਾ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਸੀ। ਫ਼ੇਰ ਮੂਸਾ ਨੇ ਯਹੋਸ਼ੁਆ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ। ਇਸ ਲਈ ਯਹੋਸ਼ੁਆ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ। ਯਹੋਸ਼ੁਆ ਨੇ ਉਹ ਹਰ ਗੱਲ ਕੀਤੀ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ। 16 ਇਸ ਲਈ ਯਹੋਸ਼ੁਆ ਨੇ ਉਸ ਪੂਰੇ ਦੇਸ਼ ਦੇ ਸਾਰੇ ਲੋਕਾਂ ਨੂੰ ਹਰਾ ਦਿੱਤਾ। ਉਸਦਾ ਪਹਾੜੀ ਪ੍ਰਦੇਸ਼ ਨੇਗੇਵ, ਗੋਸ਼ਨ ਦੇ ਸਾਰੇ ਇਲਾਕੇ, ਪੱਛਮੀ ਤਰਾਈ ਦੇ ਇਲਾਕੇ, ਯਰਦਨ ਵਾਦੀ ਅਤੇ ਇਸਰਾਏਲ ਦੇ ਪਹਾੜਾਂ ਅਤੇ ਉਨ੍ਹਾਂ ਦੇ ਨੇੜੇ ਦੀਆਂ ਸਾਰੀਆਂ ਪਹਾੜੀਆਂ ਉੱਤੇ ਕਾਬੂ ਸੀ। 17 ਯਹੋਸ਼ੁਆ ਦਾ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਦੀ ਸਾਰੀ ਧਰਤੀ ਤੋਂ ਲੈਕੇ ਹਰਮੋਨ ਪਰਬਤ ਹੇਠਾਂ ਲਬਾਨੋਨ ਦੀ ਵਾਦੀ ਦੀ ਵਿਚਲੇ ਬਆਲ ਗਾਦ ਤੀਕ ਅਧਿਕਾਰੀ ਸੀ। ਯਹੋਸ਼ੁਆ ਨੇ ਉਸ ਧਰਤੀ ਦੇ ਸਾਰੇ ਰਾਜਿਆਂ ਨੂੰ ਫ਼ੜ ਲਿਆ ਅਤੇ ਮਾਰ ਦਿੱਤਾ। 18 ਯਹੋਸ਼ੁਆ ਬਹੁਤ ਵਰ੍ਹਿਆਂ ਤੱਕ ਉਨ੍ਹਾਂ ਰਾਜਿਆਂ ਨਾਲ ਲੜਿਆ। 19 ਇਸ ਸਾਰੀ ਧਰਤੀ ਉੱਤੇ ਸਿਰਫ਼ ਇੱਕ ਸ਼ਹਿਰ ਨੇ ਇਸਰਾਏਲ ਨਾਲ ਸ਼ਾਂਤੀ ਦਾ ਇਕਰਾਰਨਾਮਾ ਕੀਤਾ ਸੀ। ਇਹ ਸੀ ਹਿੱਵੀ ਸ਼ਹਿਰ ਗਿਬਓਨ। ਹੋਰ ਸਾਰੇ ਸ਼ਹਿਰ ਲੜਾਈ ਵਿੱਚ ਹਾਰ ਗਏ। 20 ਯਹੋਵਾਹ ਨੇ ਕਨਾਨੀਆਂ ਨੂੰ ਜ਼ਿੱਦੀ ਬਣਾਇਆ ਅਤੇ ਇਸਰਾਏਲ ਦੇ ਖਿਲਾਫ਼ ਲੜਨ ਦਾ ਨਿਸ਼ਚਾ ਕਰਵਾਇਆ। ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਕਨਾਨੀ ਬਿਨਾ ਤਰਸ਼ ਪੂਰਨ ਤੌਰ ਤੇ ਤਬਾਹ ਹੋ ਜਾਣ ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। 21 ਅਨਾਕੀ ਲੋਕ ਹਬਰੋਨ, ਦਬਿਰ, ਅਨਾਬ ਅਤੇ ਯਹੂਦਾਹ ਦੇ ਇਲਾਕੇ ਵਿੱਚ ਪਹਾੜੀ ਪ੍ਰਦੇਸ਼ ਵਿੱਚ ਰਹਿੰਦੇ ਸਨ। ਯਹੋਸ਼ੁਆ ਨੇ ਉਨ੍ਹਾਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਕਸਬਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 22 ਇਸਰਾਏਲ ਦੀ ਧਰਤੀ ਉੱਤੇ ਅਨਾਕੀ ਲੋਕ ਜਿਉਂਦੇ ਨਹੀਂ ਬਚੇ। ਸਿਰਫ਼ ਉਹੀ ਅਨਾਕੀ ਲੋਕ ਜਿਉਂਦੇ ਰਹੇ ਜਿਹੜੇ ਅਜ਼ਾਹ੍ਹ, ਗਥ ਅਤੇ ਅਸ਼ਦੋਦ ਵਿੱਚ ਰਹਿੰਦੇ ਸਨ। 23 ਯਹੋਸ਼ੁਆ ਨੇ ਇਸਰਾਏਲ ਦੀ ਸਾਰੀ ਧਰਤੀ ਉੱਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਕਿ ਯਹੋਵਾਹ ਨੇ ਬਹੁਤ ਪਹਿਲਾਂ ਮੂਸਾ ਨੂੰ ਆਖਿਆ ਸੀ। ਯਹੋਵਾਹ ਨੇ ਉਹ ਧਰਤੀ ਇਸਰਾਏਲ ਨੂੰ ਉਵੇਂ ਹੀ ਦੇ ਦਿੱਤੀ ਜਿਵੇਂ ਉਸਨੇ ਇਕਰਾਰ ਕੀਤਾ ਸੀ। ਅਤੇ ਯਹੋਸ਼ੁਆ ਨੇ ਧਰਤੀ ਨੂੰ ਸਰਾਏਲ ਦੇ ਪਰਿਵਾਰ-ਸਮੂਹਾਂ ਵਿਚਕਾਰ ਵੰਡ ਦਿੱਤਾ। ਆਖਰਕਾਰ ਲੜਾਈ ਖਤਮ ਹੋ ਗਈ ਅਤੇ ਧਰਤੀ ਉੱਤੇ ਸ਼ਾਂਤੀ ਸਥਾਪਿਤ ਹੋ ਗਈ।

12:1 ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ: 2 ਉਨ੍ਹਾਂ ਨੇ ਹਸ਼ਬੋਨ ਸ਼ਹਿਰ ਵਿੱਚ ਰਹਿਣ ਵਾਲੇ ਅਮੋਰੀ ਲੋਕਾਂ ਦੇ ਰਾਜੇ ਸੀਹੋਨ, ਨੂੰ ਹਰਾਇਆ। ਉਹ ਅਰਨੋਨ ਘਾਟੀ ਵਿੱਚ ਅਰੋਏਰ ਤੋਂ ਲੈਕੇ ਯਬੋਕ ਨਦੀ ਤੱਕ ਦੀ ਧਰਤੀ ਉੱਤੇ ਹਕੂਮਤ ਕਰਦਾ ਸੀ। ਉਸਦੀ ਜ਼ਮੀਨ ਘਾਦੀ ਦੇ ਐਨ ਵਿਚਕਾਰੋਂ ਸ਼ੁਰੂ ਹੁੰਦੀ ਸੀ। ਇਹ ਅੰਮੋਨੀ ਲੋਕਾਂ ਨਾਲ ਲੱਗਦੀ ਉਨ੍ਹਾਂ ਦੀ ਸਰਹੱਦ ਸੀ। ਸੀਹੋਨ ਦੀ ਗਿਲਆਦ ਦੀ ਅਧੀ ਧਰਤੀ ਉੱਤੇ ਹਕੂਮਤ ਸੀ। 3 ਉਹ ਯਰਦਨ ਨਦੀ ਦੇ ਪੂਰਬੀ ਪਾਸੇ ਵੱਲ ਗਲੀਲੀ ਝੀਲ ਤੋਂ ਲੈਕੇ ਖਾਰੇ ਸਾਗਰ ਤੱਕ ਵੀ ਹਕੂਮਤ ਕਰਦਾ ਸੀ। ਅਤੇ ਉਹ ਬੈਤ ਯਸ਼ਿਮੋਨ ਤੋਂ ਲੈਕੇ ਦਖਣ ਵੱਲ ਪਿਸਗਾਹ ਦੀਆਂ ਪਹਾੜੀਆਂ ਤੱਕ ਹਕੂਮਤ ਕਰਦਾ ਸੀ। 4 ਉਨ੍ਹਾਂ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਵੀ ਹਰਾਇਆ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਉਸਦੀ ਹਕੂਮਤ ਅਸ਼ਤਾਰੋਥ ਅਤੇ ਅੰਦਰਈ ਵਿੱਚ ਸੀ। 5 ਓਗ ਹਰਮੋਨ ਪਰਬਤ, ਸਾਲਕਾਹ ਅਤੇ ਬਾਸ਼ਾਨ ਦੇ ਸਾਰੇ ਇਲਾਕੇ ਉੱਤੇ ਹਕੂਮਤ ਕਰਦਾ ਸੀ। ਉਸਦੀ ਧਰਤੀ ਦੀ ਹਦ੍ਦ ਓਥੋਂ ਤੀਕ ਸੀ ਜਿਥੇ ਗਸ਼ੂਰ ਅਤੇ ਮਆਕਾਤ ਦੇ ਲੋਕ ਰਹਿੰਦੇ ਸਨ। ਓਗ ਗਿਲਆਦ ਦੀ ਅਧੀ ਧਰਤੀ ਉੱਤੇ ਵੀ ਹਕੂਮਤ ਕਰਦਾ ਸੀ। ਇਸ ਧਰਤੀ ਦੀ ਹਦ੍ਦ ਹਸ਼ਬੋਨ ਦੇ ਰਾਜੇ ਸੀਹੋਨ ਦੀ ਧਰਤੀ ਦੇ ਨਾਲ ਲੱਗਦੀ ਸੀ। 6 ਯਹੋਵਾਹ ਦੇ ਸੇਵਕ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਇਨ੍ਹਾਂ ਸਾਰੇ ਰਾਜਿਆਂ ਨੂੰ ਹਰਾ ਦਿੱਤਾ। ਅਤੇ ਮੂਸਾ ਨੇ ਇਹ ਧਰਤੀ ਰਊਬੇਨ ਦੇ ਪਰਿਵਾਰ-ਸਮੂਹ, ਗਾਦ ਦੇ ਪਰਿਵਾਰ-ਸਮੂਹ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦੇ ਦਿੱਤੀ। ਮੂਸਾ ਨੇ ਉਨ੍ਹਾਂ ਨੂੰ ਇਹ ਧਰਤੀ ਆਪਣੀ ਬਨਾਉਣ ਲਈ ਦੇ ਦਿੱਤੀ। 7 ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਉਤਲੇ ਰਾਜਿਆਂ ਨੂੰ ਵੀ ਹਰਾ ਦਿੱਤਾ ਜਿਹੜੀ ਯਰਦਨ ਨਦੀ ਦੀ ਪੱਛਮ ਵੱਲ ਸੀ। ਯਹੋਸ਼ੁਆ ਨੇ ਇਸ ਧਰਤੀ ਵਿੱਚ ਲੋਕਾਂ ਦੀ ਅਗਵਾਈ ਕੀਤੀ। ਯਹੋਸ਼ੁਆ ਨੂੰ ਇਹ ਧਰਤੀ ਲੋਕਾਂ ਨੂੰ ਦਿੱਤੀ ਅਤੇ ਇਸਨੂੰ 12 ਪਰਿਵਾਰ-ਸਮੂਹਾਂ ਵਿੱਚ ਵੰਡ ਦਿੱਤਾ। ਇਹ ਉਹੀ ਧਰਤੀ ਸੀ ਜਿਸਨੂੰ ਦੇਣ ਦਾ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਇਹ ਧਰਤੀ ਲਬਾਨੋਨ ਦੀ ਵਾਦੀ ਵਿਚਲੇ ਬਆਲ ਗਾਦ ਅਤੇ ਸੇਈਰ ਦੇ ਨਜ਼ਦੀਕ ਹਾਲਾਕ ਪਰਬਤ ਵਿਚਕਾਰ ਸੀ। 8 ਇਸ ਵਿੱਚ ਪਹਾੜੀ ਪ੍ਰਦੇਸ਼, ਪੱਛਮੀ ਤਰਾਈ, ਯਰਦਨ ਵਾਦੀ, ਪੂਰਬੀ ਪਰਬਤ, ਮਾਰੂਥਲ ਅਤੇ ਨੇਗੇਵ ਸ਼ਾਮਿਲ ਸੀ। ਇਹੀ ਧਰਤੀ ਸੀ ਜਿਥੇ, ਹਿੱਤੀ ਲੋਕ, ਅਮੋਰੀ ਲੋਕ, ਕਨਾਨੀ ਲੋਕ, ਫ਼ਰਿਜ਼ੀ ਲੋਕ, ਹਿੱਵੀ ਲੋਕ ਅਤੇ ਯਬੂਸੀ ਲੋਕ ਰਹਿੰਦੇ ਸਨ। ਇਸਰਾਏਲ ਵੱਲੋਂ ਹਰਾਏ ਰਾਜਿਆਂ ਦੀ ਸੂਚੀ ਇਹ ਹੈ: 9 ਯਰੀਹੋ ਦਾ ਰਾਜਾ#1 10 ਯਰੂਸ਼ਲਮ ਦਾ ਰਾਜਾ #1 11 ਯਰਮੂਥ ਦਾ ਰਾਜਾ#1 12 ਅਗਲੋਨ ਦਾ ਰਾਜਾ#1 13 ਦਬਿਰ ਦਾ ਰਾਜਾ#1 14 ਹਾਰਮਾਹ ਦਾ ਰਾਜਾ#1 15 ਲਿਬਨਾਹ ਦਾ ਰਾਜਾ#1 16 ਮਕੇਦਾਹ ਦਾ ਰਾਜਾ#1 17 ਤਪ੍ਪੂਆਹ ਦਾ ਰਾਜਾ#1 18 ਅਫ਼ੇਕ ਦਾ ਰਾਜਾ#1 19 ਮਾਦੋਨ ਦਾ ਰਾਜਾ#1 20 ਸ਼ਿਮਰੋਨ ਦਾ ਰਾਜਾ#1 21 ਤਿਆਨਾਕ ਦਾ ਰਾਜਾ#1 22 ਕਦਸ਼ ਦਾ ਰਾਜਾ#1 23 ਦੋਰ ਪਰਬਤ ਉੱਤੇ ਦੋਰ ਦਾ ਰਾਜਾ#1 24 ਤਿਰਸਾਹ ਦਾ ਰਾਜਾ#1

13:1 ਜਦੋਂ ਯਹੋਸ਼ੁਆ ਬਹੁਤ ਬਿਰਧ ਹੋ ਗਿਆ ਤਾਂ ਯਹੋਵਾਹ ਨੇ ਆਖਿਆ, “ਯਹੋਸ਼ੁਆ ਤੂੰ ਬਿਰਧ ਹੋ ਗਿਆ ਹੈ ਪਰ ਹਾਲੇ ਵੀ ਕਾਫ਼ੀ ਅਜਿਹੀ ਧਰਤੀ ਹੈ ਜਿਸ ਉੱਤੇ ਤੂੰ ਕਬਜ਼ਾ ਕਰ ਸਕਦਾ ਹੈਂ। 2 ਤੂੰ ਹਾਲੇ ਤੀਕ ਗਸ਼ੂਰ ਜਾਂ ਫ਼ਲਿਸਤੀਆਂ ਦੀ ਧਰਤੀ ਹਾਸਿਲ ਨਹੀਂ ਕੀਤੀ। 3 ਤੂੰ ਹਾਲੇ ਤੱਕ ਮਿਸਰ ਵਿਚਲੀ ਸ਼ੀਹੋਰ ਨਦੀ ਤੋਂ ਲੈਕੇ ਅਕਰੋਨ ਦੀ ਸਰਹੱਦ ਅਤੇ ਉੱਤਰ ਵੱਲ ਹੋਰ ਅਗਲੇਰੀ ਧਰਤੀ ਨੂੰ ਪ੍ਰਾਪਤ ਨਹੀਂ ਕੀਤਾ। ਇਹ ਧਰਤੀ ਹਾਲੇ ਵੀ ਕਨਾਨੀ ਲੋਕਾਂ ਦੀ ਹੈ। ਤੈਨੂੰ ਹਾਲੇ ਰਾਜਾ, ਅਸ਼ਦੋਦ, ਅਸ਼ਕਲੋਨ, ਗਿਤ੍ਤ ਅਤੇ ਅਕਰੋਨ ਦੇ ਪੰਜਾ ਫ਼ਲਿਸਤੀ ਆਗੂਆਂ ਨੂੰ ਹਰਾਉਣਾ ਚਾਹੀਦਾ ਹੈ। ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਅਵ੍ਵੀ ਲੋਕਾਂ ਨੂੰ ਹਰਾਵੇ। 4 ਕਨਾਨੀਆਂ ਦੀ ਸਾਰੀ ਧਰਤੀ ਦੇ ਦਖਣ ਅਤੇ ਅਫ਼ੇਕਾਹ ਤੋਂ ਸਿਦੋਨੀਆਂ ਦੀ ਗੁਫ਼ਾ ਤੋਂ ਅਮੋਰੀਆਂ ਦੀ ਸੀਮਾ ਤਾਈਂ। 5 ਤੂੰ ਅਜੇ ਤੱਕ ਗਿਬਲੀਆਂ ਦੇ ਇਲਾਕੇ ਨੂੰ ਵੀ ਨਹੀਂ ਹਰਾਇਆ। ਅਤੇ ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਦੇ ਪੂਰਬ ਤੋਂ ਲੈਕੇ ਲੇਬੋ ਹਾਮਥ ਤੱਕ ਲਬਾਨੋਨ ਦਾ ਇਲਾਕਾ ਵੀ ਹੈ। 6 “ਸੀਦੋਨ ਦੇ ਲੋਕ ਲਬਾਨੋਨ ਦੇ ਪਹਾੜੀ ਇਲਾਕੇ ਤੋਂ ਲੈਕੇ ਮਿਸਰਫ਼ੋਥ ਮਯਿਮ ਤੱਕ ਰਹਿ ਰਹੇ ਹਨ। ਪਰ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਬਾਹਰ ਨਿਕਲਣ ਉਤੇ ਮਜ਼ਬੂਰ ਕਰ ਦਿਆਂਗਾ। ਜਦੋਂ ਤੁਸੀਂ ਇਸਰਾਏਲ ਦੇ ਲੋਕਾਂ ਵਿਚਕਾਰ ਧਰਤੀ ਵੰਡੇ ਤਾਂ ਇਸ ਧਰਤੀ ਨੂੰ ਵੀ ਜ਼ਰੂਰ ਯਾਦ ਰਖਣਾ। ਇਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਹੈ। 7 ਹੁਣ ਧਰਤੀ ਨੂੰ ਨੌ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਵਿਚਕਾਰ ਵੰਡੇ।” 8 ਰਊਬੇਨ, ਗਾਦ ਅਤੇ ਮਨਸ਼ਹ ਦੇ ਦੂਸਰੇ ਅਧੇ ਪਰਿਵਰ-ਸਮੂਹ ਪਹਿਲਾਂ ਹੀ ਆਪਣੀ ਸਾਰੀ ਧਰਤੀ ਲੈ ਚੁੱਕੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦਿੱਤੀ ਸੀ। 9 ਉਨ੍ਹਾਂ ਦੀ ਧਰਤੀ ਅਰਨੋਨ ਘਾਟੀ ਦੇ ਕੋਲ ਅਰੋਏਰ ਤੋਂ ਸ਼ੁਰੂ ਹੁੰਦੀ ਸੀ ਅਤੇ ਘਾਟੀ ਦੇ ਅਧ ਵਿਚਾਲੇ ਸ਼ਹਿਰ ਤੱਕ ਜਾਂਦੀ ਸੀ। ਅਤੇ ਇਸ ਵਿੱਚ ਮੇਦਬਾ ਤੋਂ ਦੀਬੋਨ ਤੱਕ ਦਾ ਸਾਰਾ ਮੈਦਾਨ ਸ਼ਾਮਿਲ ਸੀ। 10 ਉਹ ਸਾਰੇ ਕਸਬੇ ਜਿਥੇ ਅਮੋਰੀ ਲੋਕਾਂ ਦਾ ਰਾਜਾ, ਸੀਹੋਨ, ਹਕੂਮਤ ਕਰਦਾ ਸੀ, ਉਸੇ ਧਤੀ ਉੱਤੇ ਸਨ। ਉਹ ਰਾਜਾ ਹਸ਼ਬੋਨ ਸ਼ਹਿਰ ਵਿੱਚ ਰਾਜ ਕਰਦਾ ਸੀ। ਧਰਤੀ ਉਥੋਂ ਤੱਕ ਦੇ ਇਲਾਕੇ ਤੱਕ ਸੀ ਜਿਥੇ ਅੰਮੋਨੀ ਲੋਕ ਰਹਿੰਦੇ ਸਨ। 11 ਗਿਲਆਦ ਸ਼ਹਿਰ ਵੀ ਉਸੇ ਧਰਤੀ ਉੱਤੇ ਹੀ ਸੀ। ਅਤੇ ਉਹ ਇਲਾਕਾ ਜਿਥੇ ਗਸ਼ੂਰ ਅਤੇ ਮਆਕਾਹ ਦੇ ਲੋਕ ਰਹਿੰਦੇ ਸਨ ਵੀ ਉਸੇ ਧਰਤੀ ਉੱਤੇ ਸੀ। ਹਰਮੋਨ ਪਰਬਤ ਸਾਰਾ ਅਤੇ ਸਲਕਾਹ ਤੱਕ ਦਾ ਸਾਰਾ ਬਾਸ਼ਾਨ ਉਸੇ ਧਰਤੀ ਉੱਤੇ ਸੀ। 12 ਰਾਜੇ ਓਗ ਦੀ ਸਾਰੀ ਰਿਆਸਤ ਉਸੇ ਧਰਤੀ ਉੱਤੇ ਸੀ। ਰਾਜਾ ਓਗ ਬਾਸ਼ਾਨ ਵਿੱਚ ਰਾਜ ਕਰਦਾ ਸੀ। ਅਤੀਤ ਵਿੱਚ ਉਹ ਅਸ਼ਤਾਰੋਥ ਅਤੇ ਅੰਦਰਈ ਵਿਖੇ ਰਾਜ ਕਰਦਾ ਸੀ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਅਤੀਤ ਕਾਲ ਵਿੱਚ ਮੂਸਾ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਲੈ ਲਈ ਸੀ। 13 ਇਸਰਾਏਲ ਦੇ ਲੋਕਾਂ ਨੇ ਗਸ਼ੂਰ ਅਤੇ ਮਆਕਾਹ ਦੇ ਲੋਕਾਂ ਨੂੰ ਜਬਰਨ ਨਹੀਂ ਸੀ ਕਢਿਆ। ਉਹ ਲੋਕ ਅੱਜ ਤੱਕ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੇ ਹਨ। 14 ਇੱਕ ਲੇਵੀ ਦਾ ਪਰਿਵਾਰ-ਸਮੂਹ ਹੀ ਅਜਿਹਾ ਪਰਿਵਾਰ-ਸਮੂਹ ਹੈ ਜਿਸਨੂੰ ਕੋਈ ਜ਼ਮੀਨ ਨਹੀਂ ਮਿਲੀ। ਇਸਦੀ ਬਜਾਇ ਲੇਵੀ ਦੇ ਲੋਕ ਉਨ੍ਹਾਂ ਜਾਨਵਰਾਂ ਨੂੰ ਹੀ ਹਾਸਿਲ ਕਰਦੇ ਹਨ ਜਿਨ੍ਹਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਹੋਮ ਚੜਾਵੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹੀ ਸੀ ਜਿਸਦਾ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। 15 ਮੂਸਾ ਨੇ ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਕੁਝ ਜ਼ਮੀਨ ਦਿੱਤੀ ਸੀ। ਉਨ੍ਹਾਂ ਨੇ ਇਹ ਧਰਤੀ ਹਾਸਿਲ ਕੀਤੀ ਸੀ: 16 ਇਹ ਅਰਨੋਨ ਘਾਟੀ ਦੇ ਨੇੜੇ ਅਰੋਏਰ ਤੋਂ ਲੈਕੇ ਮੇਦਬਾ ਦੇ ਕਸਬੇ ਤੱਕ ਦੀ ਧਰਤੀ ਸੀ। ਇਸ ਵਿੱਚ ਘਾਟੀ ਦੇ ਅਧ ਵਿਚਾਲੇ ਸਾਰਾ ਮੈਦਾਨ ਅਤੇ ਕਸਬਾ ਸ਼ਾਮਿਲ ਸੀ। 17 ਧਰਤੀ ਹਸ਼ਬੋਨ ਤੱਕ ਜਾਂਦੀ ਸੀ। ਇਸ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ। ਉਹ ਕਸਬੇ ਸਨ: ਦੀਬੋਨ, ਬਾਮੋਥ, ਬਆਲ, ਬੈਤ ਬਆਲ ਮਓਨ, 18 ਯਹਸਾਹ ਕਦੇਮੋਥ, ਮੇਫ਼ਆਥ, 19 ਕਿਰਯਾਥਇਮ, ਸਿਬਮਾਹ, ਸਰਬ ਸ਼ਹਿਰ ਜਿਹੜੇ ਵਾਦੀ ਵਿੱਚ ਪਹਾੜੀ ਉੱਤੇ ਸਨ। 20 ਬੈਤ ਪਓਰ, ਪਿਸਗਾਹ ਦੀਆਂ ਪਹਾੜੀਆਂ ਅਤੇ ਯਸ਼ਿਮੋਥ। 2ਇਸ ਲਈ ਉਸ ਧਰਤੀ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ ਅਤੇ ਉਹ ਸਾਰਾ ਇਲਾਕਾ ਵੀ ਜਿਥੇ ਅਮੋਰੀ ਲੋਕਾਂ ਦਾ ਰਾਜਾ ਸੀਹੋਨ ਰਾਜ ਕਰਦਾ ਸੀ। ਉਹ ਰਾਜਾ ਹਸ਼ਬੋਨ ਸ਼ਹਿਰ ਉੱਤੇ ਰਾਜ ਕਰਦਾ ਸੀ। ਪਰ ਮੂਸਾ ਨੇ ਉਸਨੂੰ ਅਤੇ ਮਿਦਯਾਨੀ ਲੋਕਾਂ ਦੇ ਆਗੂਆਂ ਨੂੰ ਹਰਾ ਦਿੱਤਾ ਸੀ। ਉਹ ਆਗੂ ਸਨ: ਅਵ੍ਵੀ, ਰਕਮ, ਸ਼ੂਰ, ਹੂਰ ਅਤੇ ਰਬਾ। (ਇਹ ਸਾਰੇ ਆਗੂ ਸੀਹੋਨ ਨਾਲ ਰਲਕੇ ਲੜੇ ਸਨ।) ਇਹ ਸਾਰੇ ਆਗੂ ਉਸ ਦੇਸ਼ ਵਿੱਚ ਰਹਿੰਦੇ ਸਨ। 21 ਇਸਰਾਏਲ ਦੇ ਲੋਕਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਹਰਾ ਦਿੱਤਾ। (ਬਿਲਆਮ ਭਵਿਖ ਦੱਸਣ ਲਈ ਜਾਦੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਸੀ।) ਇਸਰਾਏਲ ਦੇ ਲੋਕਾਂ ਨੇ ਲੜਾਈ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ। 22 23 ਜਿਹੜੀ ਧਰਤੀ ਰਊਬੇਨ ਨੂੰ ਦਿੱਤੀ ਗਈ ਸੀ ਉਹ ਯਰਦਨ ਨਦੀ ਦੇ ਕੰਢੇ ਜਾਕੇ ਖਤਮ ਹੁੰਦੀ ਸੀ। ਇਸ ਲਈ ਜਿਹੜੀ ਧਰਤੀ ਰਊਬੇਨ ਦੇ ਪਰਿਵਾਰ-ਸਮੂਹਾਂ ਨੂੰ ਦਿੱਤੀ ਗਈ ਸੀ ਉਸ ਵਿੱਚ ਇਹ ਸਾਰੇ ਕਸਬੇ ਅਤੇ ਉਨ੍ਹਾਂ ਦੇ ਖੇਤ ਸ਼ਾਮਿਲ ਸਨ ਜਿਹੜੇ ਸੂਚੀ ਵਿੱਚ ਦਰਜ ਸਨ। 24 ਇਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮੂਸਾ ਨੇ ਇਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ: 25 ਯਾਜ਼ੇਰ ਦੀ ਧਰਤੀ ਅਤੇ ਗਿਲਆਦ ਦੇ ਸਾਰੇ ਕਸਬਿਆਂ ਦੀ ਧਰਤੀ। ਮੂਸਾ ਨੇ ਉਨ੍ਹਾਂ ਨੂੰ ਰਬ੍ਬਾਹ ਦੇ ਨਜ਼ਦੀਕ ਅਰੋਏਰ ਤੱਕ ਦੀ ਅੰਮੋਰੀ ਲੋਕਾਂ ਦੀ ਅਧੀ ਧਰਤੀ ਵੀ ਦੇ ਦਿੱਤੀ। 26 ਉਸ ਧਰਤੀ ਵਿੱਚ ਹਸ਼ਬੋਨ ਤੋਂ ਗਮਥ ਮਿਸਪਹ ਅਤੇ ਬਟੋਨੀਮ ਤੱਕ ਦਾ ਇਲਾਕਾ ਸ਼ਾਮਿਲ ਸੀ। ਉਸ ਧਰਤੀ ਵਿੱਚ ਮਹਨਇਮ ਤੋਂ ਦਬਿਰ ਦੀ ਧਰਤੀ ਤੱਕ ਦਾ ਇਲਾਕਾ ਸ਼ਾਮਿਲ ਸੀ। 27 ਉਸ ਧਰਤੀ ਵਿੱਚ ਬੈਤ-ਹਾਰਾਮ, ਬੈਤ ਨਿਮਰਾਹ, ਸੁਕੋਥ ਅਤੇ ਸਾਫ਼ੋਨ ਦੀ ਵਾਦੀ ਵੀ ਸ਼ਾਮਿਲ ਸੀ। ਹੋਰ ਸਾਰੀ ਉਹ ਧਰਤੀ ਜਿਥੇ ਹਸ਼ਬੋਨ ਦੇ ਰਾਜੇ ਸੀਹੋਨ ਦੀ ਹਕੂਮਤ ਸੀ ਇਸ ਧਰਤੀ ਵਿੱਚ ਸ਼ਾਮਿਲ ਸੀ। ਇਹ ਧਰਤੀ ਉਹ ਹੈ ਜਿਹੜੀ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੈ। ਧਰਤੀ ਗਲੀਲੀ ਝੀਲ ਦੇ ਅੰਤ ਤੀਕ ਜਾਂਦੀ ਸੀ। 28 ਇਹ ਸਾਰੀ ਧਰਤੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਉਸ ਧਰਤੀ ਵਿੱਚ ਉਹ ਸਾਰੇ ਕਸਬੇ ਸ਼ਾਮਿਲ ਹਨ ਜਿਹੜੇ ਸੂਚੀ ਵਿੱਚ ਦਰਜ਼ ਸਨ। ਮੂਸਾ ਨੇ ਉਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ। 29 ਇਹੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਅਧੇ ਪਰਿਵਾਰਾਂ ਨੂੰ ਇਹ ਧਰਤੀ ਮਿਲੀ: 30 ਇਹ ਧਰਤੀ ਮਹਨਇਮਦ ਤੋਂ ਸ਼ੁਰੂ ਹੁੰਦੀ ਸੀ। ਇਸ ਧਰਤੀ ਵਿੱਚ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੀ ਸਾਰੀ ਧਰਤੀ, ਬਾਸ਼ਾਨ ਵਿੱਚ ਯਾਈਰ ਦੇ ਸਾਰੇ ਕਸਬੇ ਸ਼ਾਮਿਲ ਸਨ। (ਕੁੱਲ ਮਿਲਾਕੇ ਇਹ ਸਠ ਸ਼ਹਿਰ ਸਨ।) 31 ਇਸ ਧਰਤੀ ਵਿੱਚ ਗਿਲਆਦ, ਅਸ਼ਤਾਰੋਥ ਅਤੇ ਅਰਦਈ ਦਾ ਅਧਾ ਹਿੱਸਾ ਵੀ ਸ਼ਾਮਿਲ ਸੀ। (ਗਿਲਆਦ, ਅਸ਼ਤਾਰੋਥ ਅਤੇ ਅੰਦਰਈ ਉਹ ਸ਼ਹਿਰ ਸਨ ਜਿਥੇ ਰਾਜਾ ਓਗ ਰਹਿ ਚੁੱਕਾ ਸੀ।) ਇਹ ਸਾਰੀ ਧਰਤੀ ਮਨਸ਼ਹ ਦੇ ਪੁੱਤਰ ਮਾਕੀਰ ਦੇ ਪਰਿਵਾਰ ਨੂੰ ਦਿੱਤੀ ਗਈ। ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਅਧਿਆਂ ਨੇ ਇਹ ਧਰਤੀ ਹਾਸਿਲ ਕੀਤੀ। 32 ਮੂਸਾ ਨੇ ਇਹ ਸਾਰੀ ਧਰਤੀ ਇਨ੍ਹਾਂ ਪਰਿਵਾਰ-ਸਮੂਹਾਂ ਨੂੰ ਦਿੱਤੀ। ਮੂਸਾ ਨੇ ਅਜਿਹਾ ਉਦੋਂ ਕੀਤਾ ਜਦੋਂ ਲੋਕ ਮੋਆਬ ਦੇ ਮੈਦਾਨਾ ਉੱਤੇ ਡੇਰਾ ਲਾਈ ਬੈਠੇ ਸਨ। ਇਹ ਯਰੀਹੋ ਦੇ ਪੂਰਬ ਵੱਲ ਯਰਦਨ ਨਦੀ ਦੇ ਪਾਰ ਸੀ। 33 ਮੂਸਾ ਨੇ ਲੇਵੀ ਦੇ ਪਰਿਵਾਰ-ਸਮੂਹ ਨੂੰ ਕੋਈ ਧਰਤੀ ਨਹੀਂ ਦਿੱਤੀ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਖੁਦ ਲੇਵੀ ਦੇ ਪਰਿਵਾਰ-ਸਮੂਹ ਲਈ ਇੱਕ ਸੌਗਾਤ ਹੋਵੇਗਾ।

14:1 ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੇ ਨਿਰਣਾ ਕੀਤਾ। ਕਿ ਕਿਹੜੀ ਧਰਤੀ ਲੋਕਾਂ ਨੂੰ ਦੇਣੀ ਹੈ। 2 ਯਹੋਵਾਹ ਨੇ ਬਹੁਤ ਪਹਿਲਾ ਮੂਸਾ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਚਾਹੁੰਦਾ ਸੀ ਕਿ ਲੋਕ ਆਪਣੀ ਧਰਤੀ ਦੀ ਚੋਣ ਕਰਨ। ਸਾਢੇ ਨੌ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਨਰਦਾਂ ਸੁੱਟਕੇ ਨਿਰਣਾ ਕਰ ਲਿਆ ਕਿ ਧਰਤੀ ਕਿ ਕਿਹੜੀ ਧਰਤੀ ਉਨ੍ਹਾਂ ਨੂੰ ਮਿਲਣੀ ਸੀ। 3 ਮੂਸਾ ਨੇ ਪਹਿਲਾ ਹੀ ਢਾਈ ਪਰਿਵਾਰ -ਸਮੂਹਾਂ ਨੂੰ ਉਨ੍ਹਾਂ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੇ ਦਿੱਤੀ ਸੀ। ਪਰ ਲੇਵੀ ਪਰਿਵਾਰ-ਸਮੂਹ ਨੂੰ ਹੋਰਨਾਂ ਲੋਕਾਂ ਵਾਂਗ ਕੋਈ ਧਰਤੀ ਨਹੀਂ ਮਿਲੀ। 4 ਬਾਰ੍ਹਾਂ ਪਰਿਵਾਰ-ਸਮੂਹਾਂ ਨੂੰ ਆਪੋ-ਆਪਣੀ ਧਰਤੀ ਦੇ ਦਿੱਤੀ ਗਈ ਸੀ। ਯੂਸੁਫ਼ ਦੇ ਪੁੱਤਰ ਦੋ ਪਰਿਵਾਰ-ਸਮੂਹਾਂ ਵਿੱਚ ਵੰਡੇ ਗਏ ਸਨ - ਮਨਸ਼ਹ ਅਤੇ ਅਫ਼ਰਾਈਮ। ਅਤੇ ਹਰ ਪਰਿਵਾਰ-ਸਮੂਹ ਨੂੰ ਕੁਝ ਧਰਤੀ ਮਿਲੀ। ਪਰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਨੂੰ ਕੋਈ ਧਰਤੀ ਨਹੀਂ ਮਿਲੀ। ਉਨ੍ਹਾਂ ਨੂੰ ਰਹਿਣ ਲਈ ਸਿਰਫ਼ ਕੁਝ ਕਸਬੇ ਦਿੱਤੇ ਗਏ। ਅਤੇ ਇਹ ਕਸਬੇ ਹਰੇਕ ਪਰਿਵਾਰ-ਸਮੂਹ ਦੀ ਧਰਤੀ ਉੱਤੇ ਸਨ। ਉਨ੍ਹਾਂ ਨੂੰ ਆਪਣੇ ਪਸ਼ੂਆਂ ਲਈ ਖੇਤ ਵੀ ਦਿੱਤੇ ਗਏ। 5 ਯਹੋਵਾਹ ਨੇ ਮੂਸਾ ਨੂੰ ਦੱਸ ਦਿੱਤਾ ਸੀ ਕਿ ਇਸਰਾਏਲ ਦੇ ਪਰਿਵਾਰ-ਸਮੂਹਾਂ ਵਿਚਕਾਰ ਧਰਤੀ ਕਿਵੇਂ ਵੰਡਣੀ ਹੈ। ਇਸਰਾਏਲ ਦੇ ਲੋਕਾਂ ਨੇ ਧਰਤੀ ਨੂੰ ਓਸੇ ਤਰ੍ਹਾਂ ਵੰਡਿਆਂ ਜਿਵੇਂ ਯਹੋਵਾਹ ਦਾ ਆਦੇਸ਼ ਸੀ। 6 ਇੱਕ ਦਿਨ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕੁਝ ਲੋਕ ਗਿਲਗਾਲ ਵਿਖੇ ਯਹੋਸ਼ੁਆ ਕੋਲ ਗਏ। ਇਨ੍ਹਾਂ ਲੋਕਾਂ ਵਿੱਚੋਂ ਇੱਕ ਕਨਿਜ਼ੀ ਯ੍ਯਫ਼ੁਂਨਹ ਦਾ ਪੁੱਤਰ ਕਾਲੇਬ ਸੀ। ਕਾਲੇਬ ਨੇ ਯਹੋਸ਼ੁਆ ਨੂੰ ਆਖਿਆ, “ਤੁਹਾਨੂੰ ਉਹ ਗੱਲਾਂ ਯਾਦ ਹਨ ਜਿਹੜੀਆਂ ਯਹੋਵਾਹ ਨੇ ਕਾਦੇਸ਼ ਬਰਨੇਆ ਵਿਖੇ ਆਖੀਆਂ। ਯਹੋਵਾਹ ਆਪਣੇ ਸੇਵਕ ਮੂਸਾ ਨਾਲ ਗੱਲ ਕਰ ਰਿਹਾ ਸੀ। ਯਹੋਵਾਹ ਤੁਹਾਡੇ ਅਤੇ ਮੇਰੇ ਬਾਰੇ ਗੱਲ ਕਰ ਰਿਹਾ ਸੀ। 7 ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਉਹ ਧਰਤੀ ਦੇਖਣ ਲਈ ਭੇਜਿਆ ਜਿਥੇ ਅਸੀਂ ਜਾ ਰਹੇ ਸਾਂ। ਮੈਂ ਉਸ ਵੇਲੇ 40 ਸਾਲਾਂ ਦਾ ਸਾਂ। ਜਦੋਂ ਮੈਂ ਵਾਪਸ ਆਇਆ ਮੈਂ ਮੂਸਾ ਨੂੰ ਧਰਤੀ ਬਾਰੇ ਉਹੀ ਦੱਸਿਆ ਜੋ ਮੈਂ ਸੋਚਦਾ ਸਾਂ। 8 ਹੋਰਨਾ ਆਦਮੀਆਂ ਨੇ, ਜਿਹੜੇ ਮੇਰੇ ਨਾਲ ਗਏ ਸਨ, ਲੋਕਾਂ ਨੇ ਅਜਿਹੀਆਂ ਗੱਲਾਂ ਦਸੀਆਂ ਜਿਨ੍ਹਾਂ ਨੇ ਉਨ੍ਹਾ ਨੂੰ ਭੈਭੀਤ ਕਰ ਦਿੱਤਾ। ਪਰ ਮੈਂ ਸੱਚ ਮੁੱਚ ਵਿਸ਼ਵਾਸ ਕਰਦਾ ਹਾਂ ਕਿ ਯਹੋਵਾਹ ਸਾਨੂੰ ਉਸ ਧਰਤੀ ਨੂੰ ਪ੍ਰਾਪਤ ਕਰਨ ਦੀ ਇਜਾਜ਼ਤ ਦੇ ਦੇਵੇਗਾ। 9 ਇਸ ਲਈ ਉਸ ਦਿਨ ਮੂਸਾ ਨੇ ਮੇਰੇ ਨਾਲ ਇੱਕ ਇਕਰਾਰ ਕੀਤਾ ਉਸਨੇ ਆਖਿਆ, ‘ਉਹ ਧਰਤੀ, ਜਿਥੇ ਤੂੰ ਗਿਆ ਸੀ, ਤੇਰੀ ਹੋ ਜਾਵੇਗੀ। ਤੇਰੇ ਬੱਚੇ ਹਮੇਸ਼ਾ ਉਸਦੇ ਮਾਲਿਕ ਰਹਿਣਗੇ। ਉਹ ਧਰਤੀ ਮੈਂ, ਤੈਨੂੰ ਇਸ ਲਈ ਦੇਵਾਂਗਾ ਕਿਉਂਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਵਿੱਚ ਸੱਚ ਮੁੱਚ ਯਕੀਨ ਕੀਤਾ।’ 10 “ਹੁਣ, ਯਹੋਵਾਹ ਨੇ ਮੈਨੂੰ 45 ਵਰ੍ਹੇ ਜਿਉਂਦਾ ਰੱਖਿਆ ਹੈ - ਜਿਵੇਂ ਕਿ ਉਸਨੇ ਕਰਨ ਲਈ ਆਖਿਆ ਸੀ। ਉਸ ਸਮੇਂ ਦੌਰਾਨ ਅਸੀਂ ਸਾਰੇ ਮਾਰੂਥਲ ਅੰਦਰ ਭਟਕਦੇ ਰਹੇ। ਹੁਣ ਮੈਂ ਇੱਥੇ ਹਾਂ, 85 ਵਰ੍ਹਿਆਂ ਦਾ। 11 ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਸ ਦਿਨ ਸਾਂ ਜਦੋਂ ਮੈਨੂੰ ਮੂਸਾ ਨੇ ਬਾਹਰ ਭੇਜਿਆ ਸੀ। ਮੈਂ ਅੱਜ ਵੀ ਲੜਨ ਲਈ ਓਨਾ ਹੀ ਤਿਆਰ ਹਾਂ ਜਿੰਨਾ ਉਦੋਂ ਸਾਂ। 12 ਇਸ ਲਈ ਹੁਣ ਮੈਨੂੰ ਉਹ ਪਹਾੜੀ ਇਲਾਕਾ ਦੇ ਦੇਵੋ ਜਿਸ ਬਾਰੇ ਯਹੋਵਾਹ ਨੇ ਉਸ ਦਿਨ ਬਹੁਤ ਪਹਿਲਾਂ ਮੈਨੂੰ ਦੇਣ ਦਾ ਇਕਰਾਰ ਕੀਤਾ ਸੀ। ਉਸ ਸਮੇਂ, ਤੁਸੀਂ ਸੁਣਿਆ ਹੋਵੇਗਾ ਕਿ ਉਥੇ ਤਾਕਤਵਰ ਅਨਾਕੀ ਲੋਕ ਰਹਿੰਦੇ ਸਨ, ਅਤੇ ਸ਼ਹਿਰ ਬਹੁਤ ਵੱਡੇ ਅਤੇ ਬਹੁਤ ਸੁਰਖਿਅਤ ਸਨ। ਪਰ ਹੁਣ, ਸ਼ਾਇਦ ਯਹੋਵਾਹ ਮੇਰੇ ਨਾਲ ਹੋਵੇ ਅਤੇ ਮੈਂ ਉਸ ਧਰਤੀ ਨੂੰ ਹਾਸਿਲ ਕਰ ਲਵਾ ਜਿਹਾ ਕਿ ਯਹੋਵਾਹ ਨੇ ਆਖਿਆ ਸੀ।” 13 ਯਹੋਸ਼ੁਆ ਨੇ ਯਫ਼ੁੰਨਹ ਦੇ ਪੁੱਤਰ, ਕਾਲੇਬ ਨੂੰ ਅਸੀਸ ਦਿੱਤੀ। ਯਹੋਸ਼ੁਆ ਨੇ ਉਸਨੂੰ ਹਬਰੋਨ ਦਾ ਸ਼ਹਿਰ ਆਪਣੇ ਲਈ ਰੱਖਣ ਵਾਸਤੇ ਦੇ ਦਿੱਤਾ। 14 ਅਤੇ ਉਹ ਸ਼ਹਿਰ ਅੱਜ ਵੀ ਕਨਿਜ਼ੀ ਯ੍ਯਫ਼ੁਂਨਹ ਦੇ ਪੁੱਤਰ ਕਾਲੇਬ ਦੀ ਮਲਕੀਅਤ ਹੈ। ਉਹ ਸ਼ਹਿਰ ਹਾਲੇ ਵੀ ਉਸਦੇ ਲੋਕਾਂ ਦਾ ਹੈ ਕਿਉਂਕਿ ਉਸਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਉਸ ਵਿੱਚ ਭਰੋਸਾ ਕੀਤਾ। 15 ਅਤੀਤ ਕਾਲ ਵਿੱਚ ਉਸ ਸ਼ਹਿਰ ਦਾ ਨਾਮ ਕਿਰਯਥ ਅਰਬਾ ਸੀ। ਉਸ ਸ਼ਹਿਰ ਦਾ ਨਾਮ ਅਨਾਕੀ ਲੋਕਾਂ ਦੇ ਸਭ ਤੋਂ ਮਹਾਨ ਆਦਮੀ - ਅਰਬਾ ਨਾਮ ਦੇ ਆਦਮੀ - ਦੇ ਨਾਲ ਉੱਤੇ ਰੱਖਿਆ ਗਿਆ ਸੀ।ਇਸਤੋਂ ਮਗਰੋਂ ਉਸ ਧਰਤੀ ਉੱਤੇ ਸ਼ਾਂਤੀ ਹੋ ਗਈ।

15:1 ਜਿਹੜੀ ਧਰਤੀ ਯਹੂਦਾਹ ਨੂੰ ਦਿੱਤੀ ਗਈ ਸੀ ਉਹ ਉਸ ਪਰਿਵਾਰ-ਸਮੂਹ ਦੇ ਪਰਿਵਾਰਾਂ ਵਿਚਕਾਰ ਵੰਡੀ ਗਈ ਸੀ। ਇਸ ਧਰਤੀ ਦੀ ਹਦ੍ਦ ਅਦੋਮ ਅਤੇ ਦਖਣ ਦੀ ਸਰਹੱਦ ਦੇ ਨਾਲ ਸੀ ਜਿਹੜੀ ਸੀਨ ਦੇ ਮਾਰੂਥਲ ਵੱਲ ਟੇਮਾਨ ਦੇ ਕੰਢੇ ਤੀਕ ਜਾਂਦੀ ਸੀ। 2 ਯਹੂਦਾਹ ਦੀ ਧਰਤੀ ਦੀ ਦਖਣੀ ਸਰਹੱਦ ਖਾਰੇ ਸਾਗਰ ਦੇ ਦਖਣੀ ਕੰਢੇ ਤੋਂ ਸ਼ੁਰੂ ਹੁੰਦੀ ਸੀ। 3 ਇਹ ਸਰਹੱਦ ਦਖਣ ਵਲ੍ਵ੍ਵ ਵਿਛੂ ਪਾਸ ਵੱਲ ਜਾਂਦੀ ਸੀ ਅਤੇ ਸੀਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਦਖਣ ਵੱਲ ਕਾਦੇਸ਼ ਬਰਨੇਆ ਵੱਲ ਜਾਂਦੀ ਸੀ। ਸਰਹੱਦ ਹਸ਼ਰੋਨ ਤੋਂ ਹੁੰਦੀ ਹੋਈ ਅੱਗੇ ਅਦ੍ਦਾਰ ਤੀਕ ਜਾਂਦੀ ਸੀ। ਅਦ੍ਦਾਰ ਤੋਂ ਅੱਗੇ ਸਰਹੱਦ ਮੁੜ ਜਾਂਦੀ ਸੀ ਅਤੇ ਕਰਕਾ ਤੱਕ ਜਾਂਦੀ ਸੀ। 4 ਸਰਹਦ੍ਦ ਮਿਸਰ ਦੇ ਝਰਨੇ ਅਸਮੋਨ ਤੱਕ ਜਾਂਦੀ ਸੀ ਅਤੇ ਫ਼ੇਰ ਮਧ ਸਾਗਰ ਵੱਲ। ਇਹ ਸਾਰੀ ਧਰਤੀ ਉਨ੍ਹਾਂ ਦੀ ਦਖਣੀ ਸਰਹੱਦ ਉੱਤੇ ਸੀ। 5 ਉਨ੍ਹਾਂ ਦੀ ਪੂਰਬੀ ਸਰਹੱਦ ਖਾਰੇ ਸਾਗਰ ਦੇ ਕੰਢੇ ਤੋਂ ਉਸ ਇਲਾਕੇ ਤੱਕ ਸੀ ਜਿਥੇ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ।ਉਨ੍ਹਾਂ ਦੀ ਉੱਤਰੀ ਸਰਹੱਦ ਉਸ ਇਲਾਕੇ ਤੋਂ ਸ਼ੁਰੂ ਹੁੰਦੀ ਸੀ ਜਿਥੇ ਯਰਦਨ ਨਦੀ ਖਾਰੇ ਸਾਗਰ ਵਿੱਚ ਡਿੱਗਦੀ ਸੀ। 6 ਫ਼ੇਰ ਉੱਤਰੀ ਸਰਹੱਦ ਬੈਤ ਹਗਲਾਹ ਤੱਕ ਜਾਂਦੀ ਸੀ ਅਤੇ ਬੈਤ ਅਰਬਾਹ ਦੇ ਉੱਤਰ ਵੱਲ ਚਲੀ ਗਈ ਸੀ। ਸਰਹੱਦ ਬੋਹਨ ਦੀ ਸ਼ਿਲਾ ਤੱਕ ਚਲੀ ਗਈ ਸੀ। (ਬੋਹਨ ਰਊਬੇਨ ਦਾ ਪੁੱਤਰ ਸੀ।) 7 ਫ਼ੇਰ ਉੱਤਰੀ ਸਰਹੱਦ ਆਕੋਰ ਦੀ ਵਾਦੀ ਤੋਂ ਹੁੰਦੀ ਹੋਈ ਦਬਿਰ ਤੱਕ ਚਲੀ ਗਈ ਸੀ। ਉਥੋਂ ਸਰਹੱਦ ਉੱਤਰ ਵੱਲ ਮੁੜ ਗਈ ਸੀ ਅਤੇ ਗਿਲਗਾਲ ਤੱਕ ਚਲੀ ਗਈ ਸੀ। ਗਿਲਗਾਲ ਉਸ ਸੜਕ ਦੇ ਸਾਮ੍ਹਣੇ ਹੈ ਜਿਹੜੀ ਅਦੋਮੀਮ ਦੇ ਪਰਬਤ ਤੋਂ ਹੋਕੇ ਜਾਂਦੀ ਹੈ। ਉਹ ਝਰਨੇ ਦੇ ਦਖਣੀ ਪਾਸੇ ਵੱਲ ਹੈ। ਸਰਹੱਦ ਏਨਸ਼ਮਸ਼ ਦੀ ਧਾਰਾ ਦੇ ਨਾਲ-ਨਾਲ ਚਲੀ ਗਈ ਸੀ। ਸਰਹੱਦ ਏਨ ਰੋਗੇਲ ਉੱਤੇ ਜਾਕੇ ਖਤਮ ਹੋ ਜਾਂਦੀ ਸੀ। 8 ਫ਼ੇਰ ਸਰਹੱਦ ਯਬੂਸੀ ਸ਼ਹਿਰ ਦੇ ਦਖਣੀ ਪਾਸੇ ਦੇ ਨਾਲ-ਨਾਲ ਬਨ ਹਿਂਨੋਮ ਦੀ ਵਾਦੀ ਵਿੱਚੋਂ ਲੰਘਦੀ ਹੈ। (ਉਸ ਯਬੂਸੀ ਸ਼ਹਿਰ ਦਾ ਨਾਮ ਯਰੂਸ਼ਲਮ ਸੀ।) ਉਸ ਸਥਾਨ ਉੱਤੇ ਸਰਹੱਦ ਹਿਂਨੋਮ ਦੀ ਵਾਦੇ ਦੇ ਪੱਛਮ ਵੱਲ ਪਹਾੜ ਦੀ ਚੋਟੀ ਤੱਕ ਚਲੀ ਗਈ ਸੀ। ਇਹ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ਉੱਤੇ ਸੀ। 9 ਉਸ ਥਾਂ ਤੋਂ ਬਾਦ ਸਰਹੱਦ ਨਫ਼ਤੋਂਆ ਦੇ ਝਰਨੇ ਦੇ ਪਾਣੀ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅਫ਼ਰੋਨ ਪਰਬਤ ਦੇ ਨੇੜੇ ਦੇ ਸ਼ਹਿਰਾਂ ਨੂੰ ਚਲੀ ਗਈ ਸੀ। ਉਸ ਥਾਂ ਉੱਤੇ ਸਰਹੱਦ ਮੁੜ ਗਈ ਸੀ ਅਤੇ ਬਆਲਾਹ ਨੂੰ ਚਲੀ ਗਈ ਸੀ। (ਬਆਲਾਹ ਦਾ ਨਾਮ ਕਿਰਯਥ ਯਾਰੀਮ ਵੀ ਹੈ।) 10 ਬਆਲਾਹ ਉੱਤੇ ਆਕੇ ਸਰਹੱਦ ਪੱਛਮ ਨੂੰ ਮੁੜਕੇ ਸੇਈਰ ਦੇ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਯਾਰੀਮ ਪਰਬਤ (ਕਸਾਲੋਨ) ਦੇ ਉੱਤਰੀ ਪਾਸੇ ਦੇ ਨਾਲ-ਨਾਲ ਜਾਂਦੀ ਸੀ ਅਤੇ ਹੇਠਾਂ ਬੈਤ ਸ਼ਮਸ਼ ਤੱਕ ਚਲੀ ਗਈ ਸੀ। ਉਥੋਂ ਸਰਹੱਦ ਤਿਮਨਾਹ ਤੋਂ ਅੱਗੇ ਚਲੀ ਗਈ ਸੀ। 11 ਫ਼ੇਰ ਸਰਹੱਦ ਅਕਰੋਨ ਦੀ ਉੱਤਰ ਵੱਲ ਪਹਾੜੀ ਤੱਕ ਚਲੀ ਗਈ ਸੀ। ਉਸ ਥਾਂ ਤੇ ਸਰਹੱਦ ਸ਼ਿਕਰੋਨ ਨੂੰ ਮੁੜ ਗਈ ਸੀ ਅਤੇ ਬਆਲਾਹ ਪਰਬਤ ਦੇ ਪਾਰ ਚਲੀ ਗਈ ਸੀ। ਸਰਹੱਦ ਯਬਨੇਲ ਤੱਕ ਚਲੀ ਗਈ ਸੀ ਅਤੇ ਮਧ ਸਾਗਰ ਉੱਤੇ ਆਕੇ ਮੁੱਕਦੀ ਸੀ। 12 ਮਧ ਸਾਗਰ ਯਹੂਦਾਹ ਦੀ ਧਰਤੀ ਦੀ ਪੱਛਮੀ ਸਰਹੱਦ ਸੀ। ਇਸ ਤਰ੍ਹਾਂ ਯਹੂਦਾਹ ਦੀ ਧਰਤੀ ਇਨ੍ਹਾਂ ਚਾਰ ਸਰਹੱਦਾਂ ਦੇ ਵਿਚਕਾਰ ਸੀ। ਯਹੂਦਾਹ ਦੇ ਪਰਿਵਾਰ ਇਸ ਇਲਾਕੇ ਵਿੱਚ ਰਹਿੰਦੇ ਸਨ। 13 ਯਹੋਵਾਹ ਨੇ ਯਹੋਸ਼ੁਆ ਨੂੰ ਯਹੂਦਾਹ ਦੀ ਧਰਤੀ ਦਾ ਇੱਕ ਹਿੱਸਾ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਦੇਣ ਦਾ ਆਦੇਸ ਦਿੱਤਾ ਸੀ। ਇਸ ਲਈ ਯਹੋਸ਼ੁਆ ਨੇ ਕਾਲੇਬ ਨੂੰ ਉਹ ਧਰਤੀ ਦੇ ਦਿੱਤੀ ਜਿਸਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਯਹੋਸ਼ੁਆ ਨੇ ਉਸਨੂੰ ਕਿਰਯਥ ਅਰਬਾ (ਹਬਰੋਨ) ਦਾ ਕਸਬਾ ਦੇ ਦਿੱਤਾ। (ਅਰਬਾ ਅਨੋਕ ਦਾ ਪਿਤਾ ਸੀ) 14 ਕਾਲੇਬ ਨੇ ਹਬਰੋਨ ਵਿੱਚ ਤਿੰਨ ਅਨਾਕੀ ਪਰਿਵਾਰਾਂ ਦਾ, ਵਿਨਾਸ਼ ਕਰ ਦਿੱਤਾ ਜਿਥੇ ਉਹ ਰਹਿੰਦੇ ਸਨ। ਇਹ ਪਰਿਵਾਰ ਸਨ ਸ਼ੇਸ਼ੈ, ਅਹੀਮਾਨ ਅਤੇ ਤਲਮੈ। ਉਹ ਅਨੋਕ ਦੇ ਪਰਿਵਾਰ ਵਿੱਚੋਂ ਸਨ। 15 ਫ਼ੇਰ ਕਾਲੇਬ ਨੇ ਦਬਿਰ ਵਿੱਚ ਰਹਿੰਦੇ ਲੋਕਾਂ ਨਾਲ ਲੜਾਈ ਲੜੀ। (ਅਤੀਤ ਕਾਲ ਵਿੱਚ ਦਬਿਰ ਦਾ ਨਾਮ ਕਿਰਯਥ ਸੇਫ਼ਰ ਵੀ ਸੀ।) 16 ਕਾਲੇਬ ਨੇ ਆਖਿਆ, “ਮੈਂ ਕਿਰਯਥ ਸੇਫ਼ਰ ਉੱਤੇ ਹਮਲਾ ਕਰਨਾ ਚਾਹੁੰਦਾ ਹਾਂ। ਮੈਂ ਆਪਣੀ ਧੀ ਅਕਸਾਹ ਦਾ ਡੋਲਾ ਉਸ ਆਦਮੀ ਨੂੰ ਦਿਆਂਗਾ ਜਿਹੜਾ ਉਸ ਸ਼ਹਿਰ ਉੱਤੇ ਹਮਲਾ ਕਰਕੇ ਉਸਨੂੰ ਹਰਾਵੇਗਾ। ਮੈਂ ਉਸ ਬੰਦੇ ਨਾਲ ਆਪਣੀ ਧੀ ਦਾ ਵਿਆਹ ਕਰ ਦਿਆਂਗਾ।” 17 ਆਥਨੀਏਲ ਕਾਲੇਬ ਦੇ ਭਰਾ ਕਨਜ਼ ਦਾ ਪੁੱਤਰ ਸੀ। ਆਥਨੀਏਲ ਨੇ ਉਸ ਸ਼ਹਿਰ ਨੂੰ ਹਰਾ ਦਿੱਤਾ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਆਥਨੀਏਲ ਨਾਲ ਕਰ ਦਿੱਤਾ। 18 ਅਕਸਾਹ ਆਥਨੀਏਲ ਦੇ ਘਰ ਵਿੱਚ ਰਹਿਣ ਲਈ ਚਲੀ ਗਈ। ਆਥਨੀਏਲ ਨੇ ਅਕਸਾਹ ਨੂੰ ਆਖਿਆ ਕਿ ਉਹ ਆਪਣੇ ਪਿਤਾ ਕਾਲੇਬ ਤੋਂ ਕੁਝ ਹੋਰ ਧਰਤੀ ਮੰਗੇ। ਅਕਸਾਹ ਆਪਣੇ ਪਿਤਾ ਕੋਲ ਗਈ। ਜਦੋਂ ਉਹ ਆਪਣੇ ਗਧੇ ਤੋਂ ਉੱਤਰੀ ਤਾਂ ਕਾਲੇਬ ਨੇ ਉਸਨੂੰ ਪੁਛਿਆ, “ਤੂੰ ਕੀ ਚਾਹੁੰਦੀ ਹੈ?” 19 ਅਕਸਾਹ ਨੇ ਜਵਾਬ ਦਿੱਤਾ, “ਮੈਨੂੰ ਆਪਣੀਆਂ ਅਸੀਸਾਂ ਦੇ। ਤੂੰ ਮੈਨੂੰ ਨੇਗੇਵ ਵਿੱਚ ਸੁੱਕੀ ਮਾਰੂ ਧਰਤੀ ਦਿੱਤੀ ਹੈ। ਮਿਹਰਬਾਨੀ ਕਰਕੇ ਮੈਨੂੰ ਪਾਣੀ ਵਾਲੀ ਵੀ ਕੁਝ ਧਰਤੀ ਦੇ ਦੇ।” ਇਸ ਲਈ ਕਾਲੇਬ ਨੇ ਉਸਨੂੰ ਉਹੋ ਕੁਝ ਦੇ ਦਿੱਤਾ ਜੋ ਉਹ ਚਾਹੁੰਦੀ ਸੀ। ਉਸਨੇ ਉਸਨੂੰ ਉੱਪਰਲੀ ਅਤੇ ਹੇਠਲੀ ਜ਼ਮੀਨ ਦਿੱਤੀ, ਜਿਸ ਦੀਆਂ ਕੰਧਾਂ ਸਨ। 20 ਯਹੂਦਾਹ ਦੇ ਪਰਿਵਾਰ-ਸਮੂਹ ਨੇ ਉਹ ਧਰਤੀ ਲੈ ਲਈ ਜਿਸ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਹਰ ਪਰਿਵਾਰ-ਸਮੂਹ ਨੂੰ ਧਰਤੀ ਦਾ ਹਿੱਸਾ ਮਿਲਿਆ। 21 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਨੇਗੇਵ ਦੇ ਦਖਣੀ ਹਿੱਸੇ ਦੇ ਸਾਰੇ ਕਸਬੇ ਮਿਲ ਗਏ। ਇਹ ਕਸਬੇ ਅਦੋਮ ਦੀ ਸਰਹੱਦ ਦੇ ਨੇੜੇ ਸਨ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ: 22 ਕੀਨਾਹ, ਦੀਮੋਨਾਹ, ਅਦਾਦਾਹ, 23 ਕਦਸ਼, ਹਾਸੋਰ, ਯਿਥਨਾਨ, 24 ਜ਼ੀਫ਼, ਤਲਮ, ਬਆਲੋਥ, 25 ਹਾਸੋਰ, ਹਦ੍ਦਤਾਹ, ਕਰੀਯੋਥ ਹਸਰੋਨ (ਹਾਸੋਰ), 26 ਅਮਾਮ, ਸ਼ਮਾ, ਮੋਲਾਦਾਹ, 27 ਹਸਰ ਗਦ੍ਦਾਹ, ਹਸ਼ਮੋਨ, ਬੈਤ ਪਾਲਟ, 28 ਹਸਰ ਸ਼ੂਆਲ, ਬਏਰ-ਸ਼ਬਾ, ਬਿਜ਼ਯੋਥਯਾਹ, 29 ਬਆਲਾਹ, ਇਯ੍ਯੀਮ, ਆਮਸ, 30 ਅਲਤੋਂਲਦ, ਕਸੀਲ, ਹਾਰਮਾਹ, 31 ਸਿਕਲਾਗ, ਮਦਮਂਨਾਹ, ਸਨਸਂਨਾਹ, 32 ਲਬਾਓਥ, ਸ਼ਿਲਹਿਮ, ਅਯਿਨ ਅਤੇ ਰਿਂਮੋਨ। ਕੁੱਲ ਮਿਲਾਕੇ ਉਥੇ ਉਨ੍ਹਾਂ ਦੇ ਸਾਰੇ ਖੇਤਾਂ ਸਮੇਤ 29 ਕਸਬੇ ਸਨ। 33 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਪੱਛਮੀ ਤਰਾਈ ਵਿਚਲੇ ਕਸਬੇ ਵੀ ਮਿਲੇ। ਉਨ੍ਹਾਂ ਕਿਸਬਆਂ ਦੀ ਸੂਚੀ ਇਹ ਹੈ: 34 ਜ਼ਨੋਅਹ, ਏਨ ਗਨ੍ਨੀਮ, ਤਪ੍ਪੂਆਹ, ਏਨਾਮ, 35 ਯਰਮੂਥ, ਅਦ੍ਦੁਲਾਮ, ਸੋਕੋਹ, ਅਜ਼ੇਕਾਹ, 36 ਸ਼ਅਰਯਿਮ, ਅਦੀਥਾਯਿਮ ਅਤੇ ਗਦੇਰਾਹ ਗਦੇਰੋਥਯਿਮ ਕੁੱਲ ਮਿਲਾਕੇ ਉਥੇ 14 ਕਸਬੇ ਅਤੇ ਉਨ੍ਹਾਂ ਦੇ ਖੇਤ ਸਨ। 37 ਯਹੂਦਾਹ ਦੇ ਪਰਿਵਾਰ-ਸਮੂਹ ਨੂੰ ਇਹ ਕਸਬੇ ਵੀ ਦਿੱਤੇ ਗਏ: 38 ਦਿਲਾਨ, ਮਿਸਪਹ, ਯਾਕਥਏਲ, 39 ਲਾਕੀਸ਼, ਬਾਸਕਥ, ਅਗਲੋਨ, 40 ਕਬ੍ਬੋਨ, ਲਹਮਾਸ, ਕਿਥਲੀਸ਼, 41 ਗਦੇਰੋਥ, ਬੈਤ ਦਾਗੋਨ, ਨਅਮਾਹ ਅਤੇ ਮਕੇਦਾਹ। ਕੁੱਲ ਮਿਲਾਕੇ ਇਹ 16 ਕਸਬੇ ਅਤੇ ਉਨ੍ਹਾਂ ਦੇ ਦੁਆਲੇ ਖੇਤ ਸਨ। 42 ਯਹੂਦਾਹ ਦੇ ਲੋਕਾਂ ਨੇ ਇਹ ਕਸਬੇ ਵੀ ਹਾਸਿਲ ਕੀਤੇ: 43 ਯਿਫ਼ਤਾਹ, ਅਸ਼ਨਾਹ, ਨਸੀਬ, 44 ਕਈਲਾਹ, ਅਕਜ਼ੀਬ ਅਤੇ ਮਾਰੇਸ਼ਾਹ। ਕੁੱਲ ਮਿਲਾਕੇ ਇਹ ਨੌ ਕਸਬੇ ਸਨ ਅਤੇ ਉਨ੍ਹਾਂ ਦੇ ਇਰਦ-ਗਿਰਦ ਖੇਤ ਸਨ। 45 ਯਹੂਦਾਹ ਦੇ ਲੋਕਾਂ ਨੂੰ ਅਕਰੋਨ ਦਾ ਕਸਬਾ ਅਤੇ ਉਸਦੇ ਨੇੜੇ ਦੇ ਛੋਟੇ ਕਸਬੇ ਅਤੇ ਖੇਤ ਵੀ ਮਿਲੇ। 46 ਉਨ੍ਹਾਂ ਨੂੰ ਅਕਰੋਨ ਦੇ ਪੱਛਮ ਵੱਲ ਦਾ ਇਲਾਕਾ ਵੀ ਮਿਲਿਆ ਅਤੇ ਅਸ਼ਦੋਦ ਦੇ ਨੇੜੇ ਦੇ ਸਾਰੇ ਖੇਤ ਅਤੇ ਕਸਬੇ ਵੀ। 47 ਅਸ਼ਦੋਦ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਅਤੇਉਥੋਂ ਦੇ ਛੋਟੇ ਕਸਬੇ ਯਹੂਦਾਹ ਦੀ ਧਰਤੀ ਦਾ ਹਿੱਸਾ ਸਨ। ਯਹੂਦਾਹ ਦੇ ਲੋਕਾਂ ਨੂੰ ਅਜ਼ਾਹ੍ਹ ਦੇ ਆਲੇ-ਦੁਆਲੇ ਦਾ ਇਲਾਕਾ ਉਸਦੇ ਨੇੜੇ ਦੇ ਖੇਤ ਅਤੇ ਕਸਬੇ ਵੀ ਮਿਲੇ। ਉਨ੍ਹਾਂ ਦੀ ਧਰਤੀ ਮਿਸਰ ਦੀ ਨਦੀ ਤੱਕ ਜਾਂਦੀ ਸੀ। ਅਤੇ ਉਨ੍ਹਾਂ ਦੀ ਧਰਤੀ ਮਧ ਸਾਗਰ ਦੇ ਕੰਢੇ ਦੇ ਨਾਲ-ਨਾਲ ਸੀ। 48 ਯਹੂਦਾਹ ਦੇ ਲੋਕਾਂ ਨੂੰ ਪਹਾੜੀ ਪ੍ਰਦੇਸ਼ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ: 49 ਦਂਨਾਹ, ਕਿਰਯਥ ਸਂਨਾਹ (ਦਬਿਰ), 50 ਅਨਾਬ, ਅਸ਼ਤਮੋਹ, ਅਨੀਮ, 51 ਗੋਸ਼ਨ, ਹੋਲੋਨ ਅਤੇ ਗਿਲੋਹ। ਕੁੱਲ ਮਿਲਾਕੇ ਇਹ 11 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਸਾਰੇ ਖੇਤ ਸਨ। 52 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ: 53 ਯਾਨੀਮ, ਬੈਤ ਤਪ੍ਪੂਆਹ, ਅਫ਼ੇਕਾਹ 54 ਹੁਮਤਾਹ, ਕਿਰਯਥ ਅਰਬਾ (ਹਬਰੋਨ) ਅਤੇ ਸੀਓਰ। ਇਹ 9 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 55 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ: 56 ਯਿਜ਼ਰਏਲ, ਯਾਕਦਾਮ, ਜ਼ਾਨੋਅਹ, 57 ਕਯਿਨ, ਗਿਬਾਹ, ਅਤੇ ਤਿਮਨਾਹ। ਕੁੱਲ ਮਿਲਾਕੇ ਇਹ 10 ਕਸਬੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 58 ਯਹੂਦਾਹ ਦੇ ਲੋਕਾਂ ਨੂੰ ਇਹ ਕਸਬੇ ਵੀ ਦਿੱਤੇ ਗਏ: 59 ਮਅਰਾਥ, ਬੈਤ ਅਨੋਥ ਅਤੇ ਅਲਤਕੋਨ। ਕੁੱਲ ਮਿਲਾਕੇ ਇਹ 6 ਕਸਬੇ ਸਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 60 ਯਹੂਦਾਹ ਦੇ ਲੋਕਾਂ ਨੂੰ ਰਬ੍ਬਾਹ ਅਤੇ ਕਿਰਯਥ ਬਆਲ (ਕਿਰਯਥ ਯਾਰੀਮ) ਦੇ ਦੋ ਸ਼ਹਿਰ ਵੀ ਦਿੱਤੇ ਗਏ। 61 ਯਹੂਦਾਹ ਦੇ ਲੋਕਾਂ ਨੂੰ ਮਾਰੂਥਲ ਦੇ ਕਸਬੇ ਵੀ ਦਿੱਤੇ ਗਏ। ਇਨ੍ਹਾਂ ਕਸਬਿਆਂ ਦੀ ਸੂਚੀ ਇਹ ਹੈ: 62 ਨਿਬਸ਼ਾਨ, ਸਾਲਟ ਸਿਟੀ ਅਤੇ ਏਨ ਗੱਦੀ। ਕੁੱਲ ਮਿਲਾਕੇ ਇਹ 6 ਕਸਬੇ ਅਤੇ ਇਨ੍ਹਾਂ ਦੇ ਖੇਤ ਸਨ। 63 ਯਹੂਦਾਹ ਦੀ ਫ਼ੌਜ ਯਰੂਸ਼ਲਮ ਵਿੱਚ ਰਹਿੰਦੇ ਯਬੂਸੀ ਲੋਕਾਂ ਨੂੰ ਬਾਹਰ ਨਹੀਂ ਕੱਢ ਸਕੀ। ਇਸ ਲਈ ਅੱਜ ਤੱਕ ਵੀ ਉਥੇ, ਯਰੂਸ਼ਲਮ ਵਿੱਚ, ਯਹੂਦਾਹ ਦੇ ਲੋਕਾਂ ਨਾਲ ਯਬੂਸੀ ਲੋਕ ਰਹਿ ਰਹੇ ਸਨ।

16:1 ਇਹ ਉਹ ਧਰਤੀ ਹੈ ਜਿਹੜੀ ਯੂਸੁਫ਼ ਦੇ ਪਰਿਵਾਰ ਨੂੰ ਮਿਲੀ। ਇਹ ਧਰਤੀ ਯਰੀਹੋ ਨੇੜੇ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ ਦੇ ਪਾਣੀਆਂ ਤੱਕ ਜਾਂਦੀ ਸੀ। (ਇਹ ਯਰੀਹੋ ਦੇ ਬਿਲਕੁਲ ਪੂਰਬ ਵੱਲ ਸੀ।) ਸਰਹੱਦ ਯਰੀਹੋ ਤੋਂ ਬੈਤਏਲ ਦੇ ਪਹਾੜੀ ਪ੍ਰਦੇਸ਼ ਤੱਕ ਜਾਂਦੀ ਸੀ। 2 ਫ਼ੇਰ ਸਰਹੱਦ ਬੈਤਏਲ (ਲੂਜ਼) ਤੋਂ ਸ਼ੁਰੂ ਹੋਕੇ ਅਟਰੋਥ ਵਿਖੇ ਅਰਕੀ ਦੀ ਸਰਹੱਦ ਤੱਕ ਜਾਂਦੀ ਸੀ। ਸਰਹੱਦ ਹੇਠਲੇ ਬੈਤ ਹੋਰੋਨ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਗਜ਼ਰ ਤੱਕ ਗਈ ਸੀ। ਅਤੇ ਮਧ ਸਾਗਰ ਤੱਕ ਚਲੀ ਗਈ ਸੀ। 3 ਇਸ ਤਰ੍ਹਾਂ ਮਨਸ਼ਹ ਅਤੇ ਅਫ਼ਰਾਈਮ ਦੇ ਲੋਕਾਂ ਨੇ ਇਹ ਧਰਤੀ ਪ੍ਰਾਪਤ ਕੀਤੀ। (ਮਨਸ਼ਹ ਅਤੇ ਅਫ਼ਰਾਈਮ ਯੂਸੁਫ਼ ਦੇ ਪੁੱਤਰ ਸਨ।) 4 5 ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਉਨ੍ਹਾਂ ਦੀ ਪੂਰਬੀ ਸਰਹੱਦ ਉੱਪਰ ਬੈਤ ਹੋਰੋਨ ਦੇ ਨੇੜੇ ਅਟਰੋਧ ਅਦ੍ਦਾਰ ਤੋਂ ਸ਼ੁਰੂ ਹੁੰਦੀ ਸੀ। 6 ਅਤੇ ਪੱਛਮੀ ਸਰਹੱਦ ਮਿਕਮਥਾਥ ਤੋਂ ਸ਼ੁਰੂ ਹੁੰਦੀ ਸੀ। ਸਰਹੱਦ ਪੂਰਬ ਵੱਲ ਤਅਨਥ ਸ਼ੀਲੋਹ ਨੂੰ ਮੁੜ ਜਾਂਦੀ ਸੀ ਅਤੇ ਯਾਨੋਹਾਹ ਦੇ ਪੂਰਬ ਤੱਕ ਜਾਂਦੀ ਸੀ। 7 ਫ਼ੇਰ ਸਰਹੱਦ ਯਾਨੋਹਾਹ ਤੋਂ ਹੁੰਦੀ ਹੋਈ ਹੇਠਾਂ ਅਟਰੋਥ ਅਤੇ ਨਆਰਾਥ ਨੂੰ ਜਾਂਦੀ ਸੀ। ਸਰਹੱਦ ਉਥੋਂ ਤੱਕ ਜਾਂਦੀ ਸੀ ਜਿਥੇ ਇਹ ਯਰੀਹੋ ਨੂੰ ਛੁਂਹਦੀ ਸੀ ਅਤੇ ਯਰਦਨ ਨਦੀ ਉੱਤੇ ਜਾਕੇ ਮੁਕਦੀ ਸੀ। 8 ਸਰਹਦ੍ਦ ਪੱਛਮੀ ਤਪ੍ਪੂਆਹ ਤੋਂ ਕਾਨਾਹ ਘਾਟੀ ਤੱਕ ਜਾਂਦੀ ਸੀ ਅਤੇ ਸਮੁੰਦਰ ਉੱਤੇ ਮੁੱਕਦੀ ਸੀ। ਇਹੀ ਉਹ ਸਾਰੀ ਧਰਤੀ ਸੀ ਜਿਹੜੀ ਅਫ਼ਰਾਈਮ ਦੇ ਲੋਕਾਂ ਨੂੰ ਦਿੱਤੀ ਗਈ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਇਸ ਧਰਤੀ ਦਾ ਹਿੱਸਾ ਮਿਲਿਆ ਸੀ। 9 ਅਫ਼ਰਾਈਮ ਦੇ ਬਹੁਤ ਸਾਰੇ ਸਰਹਦ੍ਦੀ ਕਸਬੇ ਅਸਲ ਵਿੱਚ ਮਨਸ਼ਹ ਦੀਆਂ ਸਰਹੱਦਾਂ ਵਿੱਚ ਸਨ, ਪਰ ਅਫ਼ਰਾਈਮ ਦੇ ਲੋਕਾਂ ਨੂੰ ਉਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਮਿਲੇ ਸਨ। 10 ਪਰ ਅਫ਼ਰਾਈਮ ਲੋਕ ਕਨਾਨੀ ਲੋਕਾਂ ਨੂੰ ਗਜ਼ਰ ਦਾ ਕਸਬਾ ਛੱਡਣ ਲਈ ਮਜ਼ਬੂਰ ਨਹੀਂ ਕਰ ਸਕੇ। ਇਸ ਲਈ ਕਨਾਨੀ ਲੋਕ ਅੱਜ ਤੱਕ ਵੀ ਅਫ਼ਰਾਮੀ ਲੋਕਾਂ ਦੇ ਵਿਚਕਾਰ ਰਹਿ ਰਹੇ ਹਨ। ਪਰ ਕਨਾਨੀ ਲੋਕ ਅਫ਼ਰਾਮੀ ਲੋਕਾਂ ਦੇ ਗੁਲਾਮ ਬਣ ਗਏ।

17:1 ਫ਼ੇਰ ਮਨਸ਼ਹ ਦੇ ਪਰਿਵਾਰ-ਸਮੂਹ ਨੂੰ ਧਰਤੀ ਦਿੱਤੀ ਗਈ। ਮਨਸ਼ਹ ਯੂਸੁਫ਼ ਦਾ ਵੱਡਾ ਪੁੱਤਰ ਸੀ। ਮਨਸ਼ਹ ਦਾ ਵੱਡਾ ਪੁੱਤਰ ਮਾਕਾਰ ਸੀ ਜਿਹੜਾ ਗਿਲਆਦ ਦਾ ਪਿਤਾ ਸੀ। ਮਾਕਾਰ ਮਹਾਨ ਸਿਪਾਹੀ ਸੀ ਇਸ ਲਈ ਗਿਲਆਦ ਅਤੇ ਬਾਸ਼ਾਨ ਦੇ ਇਲਾਕੇ ਮਕਾਰ ਪਰਿਵਾਰ ਨੂੰ ਦਿੱਤੇ ਗਏ। 2 ਮਨਸ਼ਹ ਦੇ ਪਰਿਵਾਰ-ਸਮੂਹ ਦੇ ਹੋਰਨਾਂ ਪਰਿਵਾਰਾਂ ਨੂੰ ਧਰਤੀ ਦਿੱਤੀ ਗਈ। ਉਹ ਪਰਿਵਾਰ ਸਨ ਅਬੀਅਜ਼ਰ, ਹੇਲਕ, ਅਸਰੀਏਲ, ਸ਼ਕਮ, ਹੇਫ਼ਰ ਅਤੇ ਸ਼ਮੀਦਾ। ਇਹ ਸਾਰੇ ਆਦਮੀ ਯੂਸੁਫ਼ ਦੇ ਪੁੱਤਰ ਮਨਸ਼ਹ ਦੇ ਹੋਰ ਪੁੱਤਰ ਸਨ। ਇਨ੍ਹਾਂ ਆਦਮੀਆਂ ਦੇ ਪਰਿਵਾਰਾਂ ਨੂੰ ਵੀ ਧਰਤੀ ਦਾ ਆਪਣਾ ਹਿੱਸਾ ਮਿਲਿਆ। 3 ਸਲਾਫ਼ਹਾਦ ਹੇਫ਼ੇਰ ਦਾ ਪੁੱਤਰ ਸੀ। ਹੇਫ਼ਰ ਗਿਲਆਦ ਦਾ ਪੁੱਤਰ ਸੀ! ਗਿਲਆਦ ਮਾਕਾਰ ਦਾ ਪੁੱਤਰ ਸੀ ਅਤੇ ਮਾਕਾਰ ਮਨਸ਼ਹ ਦਾ ਪੁੱਤਰ ਸੀ। ਸਲਾਫ਼ਹਾਦ ਦਾ ਕੋਈ ਪੁੱਤਰ ਨਹੀਂ ਸੀ ਪਰ ਉਸ ਦੀਆਂ ਪੰਜ ਧੀਆਂ ਸਨ। ਧੀਆਂ ਦੇ ਨਾਮ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। 4 ਧੀਆਂ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਹੋਰ ਸਾਰੇ ਆਗੂਆਂ ਕੋਲ ਗਈਆਂ। ਧੀਆਂ ਨੇ ਆਖਿਆ, “ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਉਹ ਸਾਨੂੰ ਵੀ ਸਾਡੇ ਸਾਰੇ ਰਿਸ਼ਤੇਦਾਰਾਂ ਵਾਂਗ ਹੀ ਧਰਤੀ ਦੇਵੇ।” ਇਸ ਲਈ ਉਸਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਧੀਆਂ ਨੂੰ ਕੁਝ ਧਰਤੀ ਦਿੱਤੀ। ਇਸ ਲਈ ਇਨ੍ਹਾਂ ਧੀਆਂ ਨੂੰ ਆਪਣੇ ਚਾਚਿਆਂ ਵਾਂਗ ਹੀ ਧਰਤੀ ਮਿਲੀ। 5 ਇਸ ਲਈ ਮਨਸ਼ਹ ਦੇ ਪਰਿਵਾਰ-ਸਮੂਹ ਨੂੰ ਯਰਦਨ ਨਦੀ ਦੇ ਪੱਛਮ ਵੱਲ ਧਰਤੀ ਦੇ ਦਸ ਇਲਾਕੇ ਅਤੇ ਧਰਤੀ ਦੇ ਦੋ ਹੋਰ ਇਲਾਕੇ, ਗਿਲਆਦ ਅਤੇ ਬਾਸ਼ਾਨ, ਜਿਹੜੇ ਯਰਦਨ ਨਦੀ ਦੇ ਦੂਸਰੇ ਪਾਸੇ ਸਨ, ਮਿਲੇ। 6 ਇਸ ਲਈ ਮਨਸ਼ਹ ਦੇ ਪਰਿਵਾਰ-ਸਮੂਹ ਦੀਆਂ ਇਨ੍ਹਾਂ ਔਰਤਾਂ ਨੂੰ ਵੀ ਮਰਦਾ ਵਾਂਗ ਹੀ ਧਰਤੀ ਮਿਲੀ। ਗਿਲਆਦ ਦੀ ਧਰਤੀ ਮਨਸ਼ਹ ਦੇ ਬਾਕੀ ਦੇ ਪਰਿਵਾਰਾਂ ਨੂੰ ਦਿੱਤੀ ਗਈ। 7 ਮਨਸ਼ਹ ਦੀਆਂ ਜ਼ਮੀਨਾ ਆਸ਼ੇਰ ਅਤੇ ਮਿਕਮਥਾਥ ਦੇ ਇਲਾਕੇ ਵਿਚਕਾਰ ਸਨ। ਇਹ ਸ਼ਕਮ ਦੇ ਨੇੜੇ ਹੈ। ਸਰਹੱਦ ਦਖਣ ਵੱਲ ਏਨ ਤਪ੍ਪੂਆਹ ਇਲਾਕੇ ਵੱਲ ਚਲੀ ਗਈ ਸੀ। 8 ਤਪ੍ਪੂਆਹ ਦੇ ਇਰਦ-ਗਿਰਦ ਦੀ ਧਰਤੀ ਮਨਸ਼ਹ ਦੀ ਸੀ ਪਰ ਖੁਦ ਕਸਬਾ ਉਸਦਾ ਨਹੀਂ ਸੀ। ਤਪ੍ਪੂਆਹ ਦਾ ਕਸਬਾ ਮਨਸ਼ਹ ਦੀ ਧਰਤੀ ਦੀ ਹਦ੍ਦ ਉੱਤੇ ਸੀ ਅਤੇ ਇਹ ਅਫ਼ਰਾਈਮ ਦੇ ਲੋਕਾਂ ਦਾ ਸੀ। 9 ਮਨਸ਼ਹ ਦੀ ਸਰਹੱਦ ਦਖਣ ਵੱਲ ਕਾਨਾਹ ਘਾਟੀ ਤੱਕ ਚਲੀ ਗਈ ਸੀ। ਇਹ ਇਲਾਕਾ ਮਨਸ਼ਹ ਦੇ ਪਰਿਵਾਰ-ਸਮੂਹ ਦਾ ਸੀ ਪਰ ਸ਼ਹਿਰ ਅਫ਼ਰਾਈਮ ਦੇ ਲੋਕਾਂ ਦੇ ਸਨ। ਮਨਸ਼ਹ ਦੀ ਸਰਹੱਦ ਨਦੀ ਦੇ ਉਤਰ ਵਾਲੇ ਪਾਸੇ ਸੀ ਅਤੇ ਇਹ ਪੱਛਮ ਵਿੱਚ ਮਧ ਸਾਗਰ ਤੱਕ ਜਾਂਦੀ ਸੀ। 10 ਦਖਣ ਵੱਲ ਦੀ ਧਰਤੀ ਅਫ਼ਰਾਈਮ ਦੀ ਸੀ। ਅਤੇ ਉੱਤਰ ਵਾਲੇ ਪਾਸੇ ਦੀ ਧਰਤੀ ਮਨਸ਼ਹ ਦੀ ਸੀ। ਮਧ ਸਾਗਰ ਪੱਛਮੀ ਸਰਹੱਦ ਸੀ। ਸਰਹੱਦ ਉੱਤਰ ਵਿੱਚ ਆਸ਼ੇਰ ਦੀ ਧਰਤੀ ਨੂੰ ਛੂਂਹਦੀ ਸੀ ਅਤੇ ਪੂਰਬ ਵੱਲ ਯਿੱਸਾਕਾਰ ਦੀ ਧਰਤੀ ਨੂੰ। 11 ਮਨਸ਼ਹ ਦੇ ਲੋਕਾਂ ਕੋਲ ਯਿੱਸਾਕਾਰ ਅਤੇ ਆਸ਼ੇਰ ਦੇ ਇਲਾਕੇ ਅੰਦਰ ਕਸਬੇ ਵੀ ਸਨ। ਬੈਤ-ਸ਼ਾਨ ਯਿਬਲਆਮ ਅਤੇ ਉਨ੍ਹਾਂ ਦੇ ਦੁਆਲੇ ਦੇ ਛੋਟੇ ਕਸਬੇ ਮਨਸ਼ਹ ਦੇ ਲੋਕਾਂ ਦੇ ਸਨ। ਮਨਸ਼ਹ ਦੇ ਲੋਕ ਦੋਰ, ਏਨਦੋਰ, ਤਅਨਾਕ, ਮਗਿੱਦੋ ਅਤੇ ਉਨ੍ਹਾਂ ਸ਼ਹਿਰਾਂ ਦੇ ਦੁਆਲੇ ਦੇ ਛੋਟੇ ਕਸਬਿਆਂ ਵਿੱਚ ਰਹਿੰਦੇ ਸਨ। ਉਹ ਨਾਫ਼ੋਥ ਦੇ ਤਿੰਨ ਕਸਬਿਆਂ ਅੰਦਰ ਵੀ ਰਹਿੰਦੇ ਸਨ। 12 ਮਨਸ਼ਹ ਦੇ ਲੋਕ ਉਨ੍ਹਾਂ ਸ਼ਹਿਰਾਂ ਨੂੰ ਹਰਾ ਨਹੀਂ ਸਕੇ ਸਨ। ਇਸ ਲਈ ਕਨਾਨੀ ਲੋਕਾਂ ਦਾ ਰਹਿਣਾ ਉਥੇ ਜਾਰੀ ਰਿਹਾ 13 ਪਰ ਇਸਰਾਏਲ ਦੇ ਲੋਕ ਮਜ਼ਬੂਤ ਬਣ ਗਏ ਜਦੋਂ ਇਹ ਗੱਲ ਵਾਪਰੀ ਤਾਂ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਆਪਣੇ ਲਈ ਕੰਮ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ। ਪਰ ਉਨ੍ਹਾਂ ਨੇ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਨਹੀਂ ਕਢਿਆ। 14 ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?” 15 ਯਹੋਸ਼ੁਆ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਜੇ ਤੁਸੀਂ ਬਹੁਤੇ ਬੰਦੇ ਹੋ ਤਾਂ ਪਹਾੜੀ ਪ੍ਰਦੇਸ਼ ਵਿਚਲੇ ਜੰਗਲ ਦੇ ਇਲਾਕੇ ਵਿੱਚ ਚਲੇ ਜਾਓ ਅਤੇ ਉਸ ਧਰਤੀ ਨੂੰ ਸਾਫ਼ ਕਰਕੇ ਵਾਹੀ ਯੋਗ ਬਣਾ ਲਵੋ। ਉਹ ਧਰਤੀ ਹੁਣ ਫ਼ਰਿਜ਼ੀ ਲੋਕਾਂ ਅਤੇ ਰਫ਼ਾਈ ਲੋਕਾਂ ਦੀ ਹੈ। ਪਰ ਜੇ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ ਤਾਂ ਜਾਕੇ ਉਹ ਧਰਤੀ ਲੈ ਲਵੋ।” 16 ਯੂਸੁਫ਼ ਦੇ ਲੋਕਾਂ ਨੇ ਆਖਿਆ, “ਇਹ ਠੀਕ ਹੈ ਕਿ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸਾਡੇ ਲਈ ਕਾਫ਼ੀ ਨਹੀਂ ਹੈ। ਪਰ ਉਥੇ ਰਹਿਣ ਵਾਲੇ ਕਨਾਨੀ ਲੋਕਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ - ਉਨ੍ਹਾਂ ਕੋਲ ਲੋਹੇ ਦੇ ਰਥ ਹਨ ਅਤੇ ਉਨ੍ਹਾਂ ਨੇ ਬੈਤ-ਸ਼ਾਨ ਅਤੇ ਯਿਜ਼ਰਾਏਲ ਵਾਦੀ ਵਿਚਲੇ ਛੋਟੇ-ਛੋਟੇ ਨਗਰਾਂ ਉੱਤੇ ਕਬਜ਼ਾ ਕਰ ਲਿਆ ਹੈ।” 17 ਫ਼ੇਰ ਯਹੋਸ਼ੁਆ ਨੇ ਯੂਸੁਫ਼ ਦੇ ਲੋਕਾਂ ਨੂੰ, ਅਫ਼ਰਾਈਮ ਦੇ ਲੋਕਾਂ ਨੂੰ ਅਤੇ ਮਨਸ਼ਹ ਦੇ ਲੋਕਾਂ ਨੂੰ ਆਖਿਆ, “ਪਰ ਤੁਸੀਂ ਤਾਂ ਬਹੁਤ-ਬਹੁਤ ਸਾਰੇ ਹੋ। ਅਤੇ ਤੁਸੀਂ ਬਹੁਤ ਤਾਕਤਵਰ ਹੋ। ਤੁਹਾਨੂੰ ਧਰਤੀ ਦਾ ਇੱਕ ਨਾਲੋਂ ਵਧੇਰੇ ਹਿੱਸਾ ਮਿਲਣਾ ਚਾਹੀਦਾ ਹੈ। 18 ਤੁਸੀਂ ਪਹਾੜੀ ਪ੍ਰਦੇਸ਼ ਲੈ ਲਵੋਂਗੇ। ਇਹ ਜੰਗਲ ਹੈ, ਪਰ ਤੁਸੀਂ ਰੁਖ ਕੱਟਕੇ ਇਸਨੂੰ ਰਹਿਣ ਲਈ ਚੰਗੀ ਥਾਂ ਬਣਾ ਸਕਦੇ ਹੋ। ਅਤੇ ਤੁਸੀਂ ਇਸ ਸਾਰੀ ਧਰਤੀ ਦੇ ਮਾਲਕ ਹੋਵੋਂਗੇ। ਤੁਸੀਂ ਕਨਾਨੀ ਲੋਕਾਂ ਨੂੰ ਉਸ ਧਰਤੀ ਤੋਂ ਕੱਢ ਦਿਉਂਗੇ। ਅਤੇ ਤੁਸੀਂ ਉਨ੍ਹਾਂ ਨੂੰ ਹਰਾ ਦਿਉਂਗੇ ਭਾਵੇਂ ਉਹ ਤਾਕਤਵਰ ਹਨ ਅਤੇ ਉਨ੍ਹਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ।”

18:1 ਸਾਰੇ ਇਸਰਾਏਲੀ ਲੋਕ ਸ਼ੀਲੋਹ ਵਿੱਚ ਇਕਠੇ ਹੋਏ ਅਤੇ ਉਥੇ ਮੰਡਲੀ ਦਾ ਤੰਬੂ ਸਥਾਪਿਤ ਕੀਤਾ। ਇਸਰਾਏਲੀਆਂ ਨੇ ਉਸ ਦੇਸ਼ ਵਿਚਲੇ ਸਾਰੇ ਦੁਸ਼ਮਣਾ ਨੂੰ ਹਰਾ ਦਿੱਤਾ ਅਤੇ ਉਸ ਦੇਸ਼ ਨੂੰ ਆਪਣੇ ਨਿਯਂਤ੍ਰਣ ਹੇਠਾ ਕਰ ਲਿਆ। 2 ਪਰ ਇਸ ਸਮੇਂ ਇਸਰਾਏਲ ਦੇ ਸੱਤ ਪਰਿਵਾਰ-ਸਮੂਹ ਅਜਿਹੇ ਸਨ ਜਿਨ੍ਹਾਂ ਨੂੰ ਉਹ ਧਰਤੀ ਨਹੀਂ ਮਿਲੀ ਸੀ ਜਿਸ ਬਾਰੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ। 3 ਇਸ ਲਈ ਯਹੋਸ਼ੁਆ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਤੁਸੀਂ ਆਪਣੀ ਧਰਤੀ ਹਾਸਿਲ ਕਰਨ ਵਿੱਚ ਇੰਨੀ ਦੇਰ ਇੰਤਜ਼ਾਰ ਕਿਉਂ ਕਰ ਰਹੇ ਹੋ? ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਹੈ। 4 ਇਸ ਲਈ ਤੁਹਾਡੇ ਪਰਿਵਾਰ-ਸਮੂਹਾਂ ਨੂੰ ਤਿੰਨ ਆਦਮੀ ਚੁਣਨੇ ਚਾਹੀਦੇ ਹਨ। ਮੈਂ ਉਨ੍ਹਾਂ ਆਦਮੀਆਂ ਨੂੰ ਧਰਤੀ ਬਾਰੇ ਪਤਾ ਲਾਉਣ ਲਈ ਭੇਜਾਂਗਾ। ਉਹ ਉਸ ਧਰਤੀ ਬਾਰੇ ਪਤਾ ਲਾਉਣਗੇ ਅਤੇ ਫ਼ੇਰ ਮੇਰੇ ਕੋਲ ਵਾਪਸ ਆਉਣਗੇ। 5 ਉਹ ਧਰਤੀ ਨੂੰ ਸੱਤ ਹਿਸਿਆਂ ਵਿੱਚ ਵੰਡਣਗੇ। ਯਹੂਦਾਹ ਦੇ ਲੋਕ ਆਪਣੀ ਧਰਤੀ ਦਖਣ ਵਿੱਚ ਰਖਣਗੇ। ਯੂਸੁਫ਼ ਦੇ ਲੋਕ ਆਪਣੀ ਧਰਤੀ ਉੱਤਰ ਵਿੱਚ ਰਖਣਗੇ। 6 ਪਰ ਤੁਹਾਨੂੰ ਧਰਤੀ ਦਾ ਵੇਰਵਾ ਕਰਨਾ ਚਾਹੀਦਾ ਹੈ ਅਤੇ ਇਸਨੂੰ ਸੱਤਾਂ ਹਿਸਿਆਂ ਵਿੱਚ ਵੰਡਣਾ ਚਾਹੀਦਾ ਹੈ। ਮੇਰੇ ਕੋਲ ਨਕਸ਼ਾ ਲਿਆਉ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਇਹ ਨਿਰਣਾ ਕਰਨ ਦਿਆਂਗੇ ਕਿ ਕਿਹੜੇ ਪਰਿਵਾਰ-ਸਮੂਹ ਨੂੰ ਕਿਹੜੀ ਧਰਤੀ ਮਿਲਣੀ ਚਾਹੀਦੀ ਹੈ। 7 ਲੇਵੀ ਲੋਕਾਂ ਦਾ ਧਰਤੀ ਵਿੱਚ ਕੋਈ ਹਿੱਸਾ ਨਹੀਂ। ਉਨ੍ਹਾਂ ਦਾ ਹਿੱਸਾ ਜਾਜਕਾਂ ਦੇ ਤੌਰ ਤੇ ਯਹੋਵਾਹ ਦੀ ਸੇਵਾ ਕਰਨ ਵਿੱਚ ਹੈ। ਗਾਦ, ਰਊਬੇਨ ਅਤੇ ਮਨਸ਼ਹ ਦੇ ਅਧੇ ਪਰਿਵਾਰ-ਮਸੂਹ ਵਾਲਿਆਂ ਨੂੰ ਉਹ ਧਰਤੀ ਪਹਿਲਾਂ ਹੀ ਮਿਲ ਚੁੱਕੀ ਹੈ ਜਿਸਦਾ ਇਕਰਾਰ ਕੀਤਾ ਗਿਆ ਸੀ। ਉਹ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਉਹ ਧਰਤੀ ਦੇ ਦਿੱਤੀ ਸੀ।” 8 ਇਨ੍ਹਾਂ ਲਈ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ ਉਹ ਧਰਤੀ ਨੂੰ ਦੇਖਣ ਅਤੇ ਉਸਦਾ ਵੇਰਵਾ ਲਿਖਣ ਲਈ ਚਲੇ ਗਏ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਧਰਤੀ ਵਿੱਚ ਘੁੰਮੋ ਅਤੇ ਉਸਦਾ ਵੇਰਵਾ ਲਿਖੋ। ਫ਼ੇਰ ਮੇਰੇ ਕੋਲ ਸ਼ੀਲੋਹ ਵਿਖੇ ਵਾਪਸ ਆ ਜਾਉ। ਫ਼ੇਰ ਮੈਂ ਨਰਦਾਂ ਸੁੱਟਾਂਗਾ ਅਤੇ ਤੁਹਾਡੇ ਲਈ ਯਹੋਵਾਹ ਨੂੰ ਧਰਤੀ ਦੀ ਵੰਡ ਕਰਨ ਦਿਆਂਗਾ।” 9 ਇਸ ਲਈ ਉਹ ਆਦਮੀ ਉਸ ਧਰਤੀ ਵੱਲ ਗਏ। ਉਹ ਆਦਮੀ ਉਸ ਸਾਰੀ ਧਰਤੀ ਵਿੱਚ ਘੁੰਮੇ ਅਤੇ ਯਹੋਸ਼ੁਆ ਲਈ ਇਸਦਾ ਵੇਰਵਾ ਲਿਖਿਆ। ਉਨ੍ਹਾਂ ਨੇ ਸਾਰੇ ਸ਼ਹਿਰਾਂ ਦੀ ਸੂਚੀ ਬਣਾਈ ਅਤੇ ਧਰਤੀ ਨੂੰ ਸੱਤ ਹਿਸਿਆਂ ਵਿੱਚ ਵੰਡਿਆ। ਉਹ ਸ਼ੀਲੋਹ ਵਿਖੇ ਯਹੋਸ਼ੁਆ ਕੋਲ ਵਾਪਸ ਗਏ। 10 ਯਹੋਸ਼ੁਆ ਨੇ ਸ਼ੀਲੋਹ ਵਿਖੇ ਯਹੋਵਾਹ ਦੇ ਸਾਮ੍ਹਣੇ ਉਨ੍ਹਾਂ ਲਈ ਨਰਦਾ ਸੁੱਟੀਆਂ। ਇਸ ਤਰ੍ਹਾਂ ਯਹੋਸ਼ੁਆ ਨੇ ਧਰਤੀ ਦੀ ਵੰਡ ਕੀਤੀ ਅਤੇ ਪਰਿਵਾਰ-ਸਮੂਹ ਨੂੰ ਉਸ ਧਰਤੀ ਵਿੱਚ ਬਣਦਾ ਹਿੱਸਾ ਦਿੱਤਾ। 11 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦਿੱਤੀ ਗਈ ਜਿਹੜੀ ਯਹੂਦਾਹ ਅਤੇ ਯੂਸੁਫ਼ ਦੇ ਇਲਾਕਿਆਂ ਦੇ ਵਿਚਕਾਰ ਸੀ। ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। ਬਿਨਯਾਮੀਨ ਲਈ ਚੁਣੀ ਗਈ ਧਰਤੀ ਇਹ ਸੀ: 12 ਉੱਤਰੀ ਸਰਹੱਦ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ। ਇਹ ਸਰਹੱਦ ਯਰੀਹੋ ਦੇ ਉੱਤਰੀ ਕੰਢੇ ਦੇ ਨਾਲ-ਨਾਲ ਚਲੀ ਗਈ ਸੀ। ਫ਼ੇਰ ਸਰਹੱਦ ਪੱਛਮ ਵਿੱਚ ਪਹਾੜੀ ਪ੍ਰਦੇਸ਼ ਵੱਲ ਚਲੀ ਗਈ ਸੀ। ਸਰਹੱਦ ਉਦੋਂ ਤੀਕ ਜਾਰੀ ਰਹਿੰਦੀ ਸੀ ਜਦੋਂ ਇਹ ਬੈਤ ਆਵਨ ਦੇ ਬਿਲਕੁਲ ਪੂਰਬ ਵੱਲ ਪਹੁੰਚ ਜਾਂਦੀ ਸੀ। 13 ਫ਼ੇਰ ਸਰਹੱਦ ਦਖਣ ਵੱਲ ਲੂਜ਼ (ਬੈਤਏਲ) ਤੱਕ ਜਾਂਦੀ ਸੀ। ਫ਼ੇਰ ਸਰਹੱਦ ਅਟਾਰੋਥ, ਅਦ੍ਦਾਰ ਤੱਕ ਚਲੀ ਗਈ ਸੀ। ਅਟਾਰੋਥ ਅਦ੍ਦਾਰ ਹੇਠਲੇ ਬੈਤ ਹੋਰੋਨ ਦੇ ਦਖਣ ਵੱਲ ਪਹਾੜੀ ਉੱਤੇ ਹੈ। 14 ਬੈਤ ਹੋਰੋਨ ਦੇ ਦਖਣ ਵੱਲ ਦੀ ਪਹਾੜੀ ਉੱਤੇ ਸਰਹੱਦ ਦਖਣ ਵੱਲ ਮੁੜ ਜਾਂਦੀ ਸੀ ਅਤੇ ਪਹਾੜੀ ਦੇ ਪੱਛਮੀ ਪਾਸੇ ਵੱਲ ਜਾਂਦੀ ਸੀ। ਸਰਹੱਦ ਕਿਰਯਥ ਬਆਲ (ਜਿਸਨੂੰ ਕਿਰਯਥ ਯਾਰੀਮ ਵੀ ਆਖਿਆ ਜਾਂਦਾ ਸੀ) ਵੱਲ ਚਲੀ ਗਈ ਸੀ। ਇਹ ਕਸਬਾ ਯਹੂਦਾਹ ਦੇ ਲੋਕਾਂ ਦਾ ਸੀ। ਇਹ ਪੱਛਮੀ ਸਰਹੱਦ ਸੀ। 15 ਦਖਣੀ ਸਰਹੱਦ ਕਿਰਯਥ ਯਾਰੀਮ ਨੇੜਿਉ ਸ਼ੁਰੂ ਹੁੰਦੀ ਸੀ ਅਤੇ ਨਫ਼ਤੋਂਆਹ ਦੀ ਨਦੀ ਤੱਕ ਚਲੀ ਗਈ ਸੀ। 16 ਫ਼ੇਰ ਸਰਹੱਦ ਰਫ਼ਾਈਮ ਵਾਦੀ ਦੇ ਉੱਤਰ ਵੱਲ, ਬਨ ਹਿਂਨੋਮ ਦੀ ਵਾਦੀ ਦੇ ਨੇੜੇ ਪਹਾੜੀ ਦੇ ਹੇਠਾਂ ਤੱਕ ਚਲੀ ਗਈ ਸੀ। ਸਰਹੱਦ ਯਬੂਸੀ ਸ਼ਹਿਰ ਦੇ ਬਿਲਕੁਲ ਦਖਣ ਵਿੱਚ ਹਿਂਨੋਮ ਵਾਦੀ ਦੇ ਹੇਠਾਂ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਏਨ ਰੋਗੇਲ ਨੂੰ ਚਲੀ ਗਈ ਸੀ। 17 ਉਥੇ, ਸਰਹੱਦ ਉੱਤਰ ਵੱਲ ਮੁੜਦੀ ਸੀ ਅਤੇ ਏਨ ਸ਼ਮਸ਼ ਨੂੰ ਚਲੀ ਗਈ ਸੀ। ਸਰਹੱਦ ਗਲੀਲੋਥ ਤੱਕ ਜਾਰੀ ਰਹਿੰਦੀ ਸੀ। (ਗਲੀਲੋਥ ਪਹਾੜਾਂ ਵਿੱਚ ਅਦ੍ਦੂਮੀਮ ਦਰ੍ਰੇ ਦੇ ਨੇੜੇ ਹੈ।) ਸਰਹੱਦ ਹੇਠਾਂ ਵੱਲ ਵੱਡੇ ਪੱਥਰ ਤੱਕ ਚਲੀ ਗਈ ਸੀ ਜਿਸਦਾ ਨਾਮ ਰਊਬੇਨ ਦੇ ਪੁੱਤਰ ਬੋਹਨ ਦੇ ਨਾਮ ਉੱਤੇ ਰੱਖਿਆ ਗਿਆ ਸੀ। 18 ਸਰਹਦ੍ਦ ਬੈਤ ਅਰਾਬਾਹ ਦੇ ਉੱਤਰੀ ਪਾਸੇ ਤੱਕ ਜਾਰੀ ਰਹਿੰਦੀ ਸੀ। ਫ਼ੇਰ ਸਰਹੱਦ ਹੇਠਾਂ ਯਰਦਨ ਵਾਦੀ ਵੱਲ ਚਲੀ ਗਈ ਸੀ। 19 ਫ਼ੇਰ ਸਰਹੱਦ ਬੈਤ ਹਾਗਲਾਹ ਦੇ ਉੱਤਰੀ ਪਾਸੇ ਤੱਕ ਚਲੀ ਗਈ ਸੀ ਅਤੇ ਡੈਡ ਸੀ ਦੇ ਉੱਤਰੀ ਕੰਢੇ ਉੱਤੇ ਖ਼ਤਮ ਹੁੰਦੀ ਸੀ। ਇੱਥੇ ਹੀ ਯਰਦਨ ਨਦੀ ਸਾਗਰ ਵਿੱਚ ਡਿੱਗਦੀ ਸੀ। ਇਹ ਦਖਣੀ ਸਰਹੱਦ ਸੀ। 20 ਯਰਦਨ ਨਦੀ ਪੂਰਬੀ ਸਰਹੱਦ ਸੀ। ਇਸ ਤਰ੍ਹਾਂ ਉਹ ਧਰਤੀ ਸੀ ਜਿਹੜੀ ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ। ਸਾਰੇ ਪਾਸਿਆਂ ਦੀਆਂ ਸਰਹੱਦਾਂ ਇਹ ਹਨ: 21 ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ ਸੀ। ਉਨ੍ਹਾਂ ਦੇ ਸ਼ਹਿਰ ਇਹ ਹਨ: 22 ਬੈਤ ਅਰਾਬਾਹ, ਸਮਾਰਯਿਮ, ਬੈਤਏਲ, 23 ਅਵ੍ਵੀਮ, ਪਾਰਾਹ, ਅਫ਼ਰਾਹ, 24 ਕਫ਼ਰ-ਅੰਮੋਨੀ, ਆਫ਼ਨੀ ਅਤੇ ਗਾਬਾ। ਉਥੇ 12 ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 25 ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਗਿਬਓਨ, ਰਾਮਾਹ, ਬਏਰੋਥ, 26 ਮਿਸਪਾਹ, ਕਫ਼ੀਰਾਹ, ਮੋਸਾਹ, 27 ਰਕਮ, ਯਿਰਪਏਲ, ਤਰਲਾਹ, 28 ਸੇਲਾ, ਅਲਫ਼, ਯਬੂਸ਼ੀ ਸ਼ਹਿਰ (ਯਰੂਸ਼ਲਮ) ਗਿਬਥ ਅਤੇ ਕਿਰਯਥ ਵੀ ਮਿਲੇ। ਉਥੇ ਆਲੇ-ਦੁਆਲੇ ਦੇ ਖੇਤਾਂ ਸਮੇਤ 14 ਸ਼ਹਿਰ ਸਨ। ਬਿਨਯਾਮੀਨ ਦੇ ਪਰਿਵਾਰ-ਸਮੂਹ ਨੂੰ ਇਹ ਸਾਰੇ ਇਲਾਕੇ ਮਿਲੇ ਸਨ।

19:1 ਫ਼ੇਰ ਯਹੋਸ਼ੁਆ ਨੇ ਸ਼ਿਮਓਨ ਦੇ ਪਰਿਵਾਰ-ਸਮੂਹ ਦੇ ਸਾਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਧਰਤੀ ਦਿੱਤੀ। ਜਿਹੜੀ ਧਰਤੀ ਉਨ੍ਹਾਂ ਨੂੰ ਮਿਲੀ ਉਹ ਉਸ ਇਲਾਕੇ ਦੇ ਅੰਦਰ ਸੀ ਜਿਹੜਾ ਯਹੂਦਾਹ ਦਾ ਸੀ। 2 ਉਨ੍ਹਾਂ ਨੂੰ ਇਹ ਕੁਝ ਮਿਲਿਆ: ਬਏਰਸ਼ਬਾ (ਜਿਸਨੂੰ ਸ਼ਬਾ ਵੀ ਆਖਿਆ ਜਾਂਦਾ ਸੀ,) ਮੋਲਾਦਾਹ, 3 ਹਸਰ ਸੂਆਲ, ਬਾਲਾਹ, ਆਮਸ, 4 ਅਲਤੋਂਲਦ, ਬਥੂਲ, ਹਾਰਮਾਹ, 5 ਸਿਕਲਾਗ, ਬੈਤ ਮਾਰਕਾਬੋਥ, ਹਸਰ ਸੂਸਾਹ, 6 ਬੈਤ ਲਬਾਓਥ ਅਤੇ ਸਾਰੂਹਨ। ਉਥੇ 13 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 7 ਉਨ੍ਹਾਂ ਨੂੰ ਏਨ, ਰਿਂਮੋਨ, ਅਥਰ ਅਤੇ ਆਸ਼ਾਨ ਦੇ ਕਸਬੇ ਵੀ ਮਿਲੇ। ਓਥੇ ਚਾਰ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 8 ਉਨ੍ਹਾਂ ਨੂੰ ਬਆਲਥ-ਬਏਰ (ਨੇਗੇਵ ਵਿਚਲੇ ਰਾਮਥ) ਤੱਕ ਦੇ ਸ਼ਹਿਰਾਂ ਦੇ ਸਾਰੇ ਖੇਤ ਵੀ ਮਿਲੇ। ਇਸ ਤਰ੍ਹਾਂ ਇਹ ਇਲਾਕਾ ਸੀ ਜਿਹੜਾ ਸ਼ਿਮਓਨ ਦੇ ਪਰਿਵਾਰ-ਸਮੂਹ ਨੂੰ ਮਿਲਿਆ ਸੀ। ਹਰ ਪਰਿਵਾਰ ਨੂੰ ਆਪਣੀ ਧਰਤੀ ਮਿਲੀ। 9 ਸ਼ਿਮਓਨ ਦੀ ਧਰਤੀ ਦਾ ਹਿੱਸਾ ਉਸ ਇਲਾਕੇ ਵਿੱਚ ਸੀ ਜਿਹੜਾ ਯਹੂਦਾਹ ਨੂੰ ਮਿਲਿਆ ਸੀ। ਯਹੂਦਾਹ ਦੇ ਲੋਕਾਂ ਨੂੰ ਆਪਣੀ ਲੋੜ ਨਾਲੋਂ ਵਧੇਰੇ ਧਰਤੀ ਮਿਲੀ ਸੀ, ਇਸ ਲਈ ਸ਼ਿਮਓਨ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਇੱਕ ਹਿੱਸਾ ਮਿਲਿਆ ਸੀ। 10 ਅਗਲਾ ਪਰਿਵਾਰ-ਸਮੂਹ, ਜਿਸਨੇ ਆਪਣੀ ਧਰਤੀ ਹਾਸਿਲ ਕੀਤੀ, ਜ਼ਬੂਲੁਨ ਸੀ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਉਹ ਧਰਤੀ ਮਿਲੀ ਜਿਸਦਾ ਉਨ੍ਹਾਂ ਨੂੰ ਇਕਰਾਰ ਕੀਤਾ ਗਿਆ ਸੀ। ਜ਼ਬੂਲੁਨ ਦੀ ਸਰਹੱਦ ਸਰੀਦ ਤੱਕ ਜਾਂਦੀ ਸੀ। 11 ਫ਼ੇਰ ਸਰਹੱਦ ਪੱਛਮ ਵੱਲ ਮਰਾਲਾਹ ਤੱਕ ਚਲੀ ਗਈ ਸੀ ਜਿਹੜੀ ਦਬ੍ਬਾਸ਼ਬ ਨੂੰ ਛੁਂਹਦੀ ਸੀ। ਫ਼ੇਰ ਸਰਹੱਦ ਯਾਕਨੁਆਮ ਦੇ ਨੇੜੇ ਦੀ ਘਾਟੀ ਦੇ ਨਾਲ-ਨਾਲ ਚਲੀ ਗਈ ਸੀ। 12 ਫ਼ੇਰ ਸਰਹੱਦ ਪੂਰਬ ਵੱਲ ਮੁੜਦੀ ਸੀ। ਇਹ ਸ਼ਹਿਰ ਤੋਂ ਕਿਸਲੋਥ ਤਾਬੋਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਅੱਗੇ ਦਾਬਰਥ ਅਤੇ ਯਾਫ਼ੀਆਂ ਤੱਕ ਚਲੀ ਗਈ ਸੀ। 13 ਫ਼ੇਰ ਸਰਹੱਦ ਗਿਤ੍ਤਾ ਹੇਫ਼ਰ ਅਤੇ ਇਤ੍ਤਾਕਾਸੀਨ ਤੱਕ ਪੂਰਬ ਵੱਲ ਨੂੰ ਚਲੀ ਜਾਂਦੀ ਸੀ। ਸਰਹੱਦ ਰਿਂਮੋਨ ਤੇ ਖਤਮ ਹੁੰਦੀ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਨੇਆਹ ਵੱਲ ਜਾਂਦੀ ਸੀ। 14 ਨੇਆਹ ਉੱਤੇ ਸਰਹੱਦ ਫ਼ੇਰ ਮੁੜ ਜਾਂਦੀ ਸੀ ਅਤੇ ਉੱਤਰ ਵੱਲ ਹਨਾਥੋਨ ਨੂੰ ਜਾਂਦੀ ਸੀ ਅਤੇ ਯਿਫ਼ਤ੍ਤਰ ਏਲ ਦੀ ਵਾਦੀ ਤੱਕ ਜਾਂਦੀ ਰਹਿੰਦੀ ਸੀ। 15 ਇਸ ਸਰਹੱਦ ਦੇ ਅੰਦਰ ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਦੇ ਸ਼ਹਿਰ ਆ ਜਾਂਦੇ ਸਨ। ਕੁੱਲ ਮਿਲਾਕੇ, ਇੱਥੇ ਬਾਰ੍ਹਾਂ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 16 ਇਸ ਤਰ੍ਹਾਂ ਇਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ ਜਿਹੜੇ ਜ਼ਬੂਲੁਨ ਨੂੰ ਦਿੱਤੇ ਗਏ ਸਨ। ਜ਼ਬੂਲੁਨ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 17 ਧਰਤੀ ਦਾ ਚੌਥਾ ਹਿੱਸਾ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਇਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 18 ਜਿਹੜੀ ਧਰਤੀ ਇਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਉਹ ਇਹ ਸੀ: ਯਿਜ਼ਰਾਏਲ, ਕਸੂਲੋਥ, ਸੂਨੇਮ, 19 ਹਫ਼ਾਰਈਮ, ਸ਼ੀਓਨ, ਅਨਾਹਰਾਥ, 20 ਰਂਬੀਥ, ਕਿਸ਼ਯੋਨ, ਆਬਸ, 21 ਰਮਥ, ਏਨ ਗਨੀਮ, ਏਨ ਹਦ੍ਦਦ ਅਤੇ ਬੈਤ ਪਸ੍ਸੇਸ। 22 ਉਨ੍ਹਾਂ ਦੀ ਧਰਤੀ ਦੀ ਸਰਹੱਦ, ਤਾਬੋਰ, ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਛੁਂਹਦੀ ਸੀ। ਸਰਹੱਦ ਯਰਦਨ ਨਦੀ ਉੱਤੇ ਮੁੱਕਦੀ ਸੀ। ਕੁੱਲ ਮਿਲਾਕੇ ਇੱਥੇ 16 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੇਤ ਸਨ। 23 ਇਹ ਸ਼ਹਿਰ ਅਤੇ ਕਸਬੇ ਉਸ ਧਰਤੀ ਦਾ ਹਿੱਸਾ ਸਨ ਜਿਹੜੀ ਯਿੱਸਾਕਾਰ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ ਸੀ! ਪਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ। 24 ਧਰਤੀ ਦਾ ਪੰਜਵਾਂ ਹਿੱਸਾ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ। ਉਹ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ। 25 ਉਸ ਪਰਿਵਾਰ-ਸਮੂਹ ਨੂੰ ਦਿੱਤੀ ਗਈ ਧਰਤੀ ਇਹ ਸੀ: ਹਲਕਥ, ਹਲੀ, ਬਟਨ, ਅਕਸ਼ਾਫ਼, 26 ਅਲੀਮਲਕ, ਅਮਾਦ ਅਤੇ ਮਿਸ਼ਾਲ।ਪੱਛਮੀ ਸਰਹੱਦ ਕਰਮਲ ਪਰਬਤ ਅਤੇ ਸ਼ੀਹੋਰ ਲਿਬਨਾਥ ਤੱਕ ਚਲੀ ਗਈ ਸੀ। 27 ਫ਼ੇਰ ਸਰਹੱਦ ਪੂਰਬ ਵੱਲ ਮੁੜ ਗਈ ਸੀ। ਸਰਹੱਦ ਬੈਤ ਦਾਗੋਨ ਨੂੰ ਜਾਂਦੀ ਸੀ ਸਰਹੱਦ ਜ਼ਬੂਲੁਨ ਅਤੇ ਯਿਫ਼ਤ੍ਤਾਏਲ ਦੀ ਵਾਦੀ ਨੂੰ ਛੁਂਹਦੀ ਸੀ। ਫ਼ੇਰ ਸਰਹੱਦ ਉੱਤਰ ਵੱਲ ਬੈਤ ਏਮਕ ਨਈਏਲ ਤੱਕ ਜਾਂਦੀ ਸੀ। ਸਰਹੱਦ ਕਬੂਲ ਦੇ ਉੱਤਰ ਵੱਲੋਂ ਲੰਘਦੀ ਸੀ। 28 ਫ਼ੇਰ ਸਰਹੱਦ ਅਬਰੋਨ, ਰਹੋਬ, ਹਂਮੋਨ ਅਤੇ ਕਾਨਾਹ ਨੂੰ ਜਾਂਦੀ ਸੀ। ਸਰਹੱਦ ਵਡੇਰੇ ਸੀਦੋਨ ਇਲਾਕੇ ਵੱਲ ਚਲੀ ਗਈ ਸੀ। 29 ਫ਼ੇਰ ਸਰਹੱਦ ਵਾਪਸ ਦਖਣ ਵੱਲ ਰਾਮਾਹ ਨੂੰ ਜਾਂਦੀ ਸੀ। ਸਰਹੱਦ ਟਾਰੇ ਦੇ ਮਜ਼ਬੂਤ ਸ਼ਹਿਰ ਤੱਕ ਚਲੀ ਗਈ ਸੀ। ਫ਼ੇਰ ਸਰਹੱਦ ਮੁੜ ਜਾਂਦੀ ਸੀ ਅਤੇ ਹੋਸਾਹ ਨੂੰ ਜਾਂਦੀ ਸੀ। ਸਰਹੱਦ ਅਕਜ਼ੀਬ, 30 ਉਮ੍ਮਾਹ, ਅਫ਼ੇਕ ਅਤੇ ਰਹੋਬ ਨੇੜੇ ਸਮੁੰਦਰ ਕੰਢੇ ਜਾਕੇ ਮੁਕਦੀ ਸੀ।ਕੁੱਲ ਮਿਲਾਕੇ ਇੱਥੇ 22 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 31 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਆਸ਼ੇਰ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ ਸੀ। 32 ਧਰਤੀ ਦਾ ਛੇਵਾਂ ਹਿੱਸਾ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤਾ ਗਿਆ ਸੀ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 33 ਉਨ੍ਹਾਂ ਦੀ ਧਰਤੀ ਦੀ ਸਰਹੱਦ ਸਆਨਂਨੀਮ ਨੇੜੇ ਇੱਕ ਵੱਡੇ ਰੁਖ ਤੋਂ ਸ਼ੁਰੂ ਹੁੰਦੀ ਸੀ। ਇਹ ਹਲਫ਼ ਦੇ ਨੇੜੇ ਹੈ। ਫ਼ੇਰ ਸਰਹੱਦ ਅਦਾਮੀ ਨਕਬ ਅਤੇ ਯਬਨਏਲ ਵਿੱਚੋਂ ਲੰਘਦੀ ਸੀ। ਸਰਹੱਦ ਲਕ੍ਕੂਮ ਤੱਕ ਜਾਰੀ ਰਹਿੰਦੀ ਸੀ ਅਤੇ ਯਰਦਨ ਨਦੀ ਤੇ ਆਕੇ ਮੁੱਕਦੀ ਸੀ। 34 ਫ਼ੇਰ ਸਰਹੱਦ ਅਜ਼ਨੋਥ ਤਾਬੋਰ ਵਿੱਚੋਂ ਹੁੰਦੀ ਹੋਈ ਪੱਛਮ ਵੱਲ ਚਲੀ ਗਈ ਸੀ। ਸਰਹੱਦ ਹੁੱਕੋਕ ਉੱਤੇ ਆਕੇ ਰੁਕ ਜਾਂਦੀ ਸੀ। ਦਖਣੀ ਸਰਹੱਦ ਜ਼ਬੂਲੁਨ ਨੂੰ ਛੁਂਹਦੀ ਸੀ ਅਤੇ ਪੱਛਮੀ ਸਰਹੱਦ ਆਸ਼ੇਰ ਨੂੰ ਛੁਂਹਦੀ ਸੀ। ਸਰਹੱਦ ਪੂਰਬ ਵੱਲ ਯਰਦਨ ਨਦੀ ਕੰਢੇ ਯਹੂਦਾਹ ਨੂੰ ਜਾਂਦੀ ਸੀ। 35 ਇਨ੍ਹਾਂ ਸਰਹੱਦਾਂ ਦੇ ਅੰਦਰ ਕੁਝ ਬਹੁਤ ਮਜ਼ਬੂਤ ਸ਼ਹਿਰ ਸਨ। ਉਹ ਸ਼ਹਿਰ ਸਨ ਸਿੱਦੀਮ, ਸੇਰ, ਹਂਮਥ, ਰਕ੍ਕਥ, ਕਿੰਨਾਰਥ, 36 ਅਦਾਮਾਹ, ਰਾਮਾਹ, ਹਾਸੋਰ 37 ਕਦਸ਼, ਅੰਦਰਈ, ਏਨ ਹਾਸੋਰ, 38 ਯਿਰੋਨ, ਮਿਗਦਲਏਲ, ਹਾਰੇਮ, ਬੈਤ ਅਨਾਥ ਅਤੇ ਬੈਤ ਸ਼ਮਸ਼। ਕੁੱਲ ਮਿਲਾਕੇ 19 ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਸਨ। 39 ਇਹ ਸ਼ਹਿਰ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਨਫ਼ਤਾਲੀ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ ਸਨ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪੋ-ਆਪਣਾ ਹਿੱਸਾ ਮਿਲਿਆ। 40 ਫ਼ੇਰ ਧਰਤੀ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੀ ਗਈ। ਉਸ ਪਰਿਵਾਰ-ਸਮੂਹ ਦੇ ਹਰ ਪਰਿਵਾਰ ਨੂੰ ਧਰਤੀ ਦਾ ਆਪਣਾ ਹਿੱਸਾ ਮਿਲਿਆ। 41 ਉਨ੍ਹਾਂ ਨੂੰ ਦਿੱਤੀ ਗਈ ਧਰਤੀ ਇਹ ਸੀ: ਸਾਰਾਹ, ਅਸ਼ਤਾਓਲ, ਇਰਸ਼ਮਸ਼, 42 ਸ਼ਆਲਬ੍ਬੀਨ, ਅਯ੍ਯਾਲੋਨ, ਯਿਥਲਾਹ, 43 ਏਲੋਨ, ਤਿਮਨਾਥਾਹ, ਅਕਰੋਨ, 44 ਅਲਤਕੇਹ, ਗਿਬਥੋਨ, ਬਆਲਾਥ, 45 ਯਿਹੁਦ, ਬਨੇ-ਬਰਕ, ਗਾਥ ਰਿਂਮੋਨ, 46 ਮੇ ਯਰਕੋਨ, ਅਤੇ ਯਾਫ਼ੋ ਦੇ ਨੇੜੇ ਦਾ ਇਲਾਕਾ। 47 ਪਰ ਦਾਨ ਪਰਿਵਾਰ-ਸਮੂਹ ਦੇ ਸਦੱਸਾਂ ਨੇ ਆਪਣੀ ਧਰਤੀ ਗੁਆ ਲਈ। ਉਥੇ ਤਾਕਤਵਰ ਦੁਸ਼ਮਨ ਸਨ ਅਤੇ ਦਾਨ ਦੇ ਲੋਕ ਉਨ੍ਹਾਂ ਨੂੰ ਆਸਾਨੀ ਨਾਲ ਹਰਾ ਨਹੀਂ ਸਕਦੇ ਸਨ। ਇਸ ਲਈ ਉਹ ਇਸਰਾਏਲ ਦੇ ਉੱਤਰੀ ਹਿੱਸੇ ਵੱਲ ਗਏ ਅਤੇ ਲਾਈਸ਼ ਦੇ ਖਿਲਾਫ਼ ਲੜੇ ਉਨ੍ਹਾਂ ਨੇ ਲਾਈਸ਼ ਨੂੰ ਹਰਾ ਦਿੱਤਾ ਅਤੇ ਉਥੇ ਰਹਿੰਦੇ ਲੋਕਾਂ ਨੂੰ ਮਾਰ ਦਿੱਤਾ। ਫ਼ੇਰ ਉਨ੍ਹਾਂ ਨੇ ਉਸ ਜਗ਼੍ਹਾ ਦਾ ਨਾਮ ਦਾਨ ਰੱਖ ਦਿੱਤਾ ਕਿਉਂਕਿ ਇਹ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਨਾਮ ਸੀ। 48 ਇਹ ਸਾਰੇ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦਾਨ ਦੇ ਪਰਿਵਾਰ-ਸਮੂਹ ਨੂੰ ਦਿੱਤੇ ਗਏ। ਹਰ ਪਰਿਵਾਰ ਨੂੰ ਧਰਤੀ ਵਿੱਚੋਂ ਆਪਣਾ ਹਿੱਸਾ ਮਿਲਿਆ। 49 ਇਸ ਤਰ੍ਹਾਂ ਆਗੂਆਂ ਨੇ ਧਰਤੀ ਨੂੰ ਵੰਡਣ ਅਤੇ ਇਸਨੂੰ ਭਿਂਨ-ਭਿਂਨ ਪਰਿਵਾਰ-ਸਮੂਹਾਂ ਨੂੰ ਦੇਣ ਦਾ ਕੰਮ ਮੁਕਾ ਲਿਆ। ਸਾਰਾ ਕੰਮ ਮੁਕਾ ਲੈਣ ਤੋਂ ਬਾਦ ਇਸ੍ਰਾਏਲ ਦੇ ਲੋਕਾਂ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਵੀ ਧਰਤੀ ਦਾ ਕੁਝ ਹਿੱਸਾ ਦੇਣ ਦਾ ਨਿਰਣਾ ਕੀਤਾ। ਇਹ ਉਹ ਧਰਤੀ ਸੀ ਜਿਸਦਾ ਉਸਦੇ ਲਈ ਇਕਰਾਰ ਕੀਤਾ ਗਿਆ ਸੀ। 50 ਯਹੋਵਾਹ ਨੇ ਆਦੇਸ਼ ਦਿੱਤਾ ਸੀ ਕਿ ਉਸਨੂੰ ਇਹ ਧਰਤੀ ਮਿਲੇ। ਇਸ ਲਈ ਉਨ੍ਹਾਂ ਨੇ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਤਿਮਨਾਥਾਹ ਸਰਹ ਦਾ ਕਸਬਾ ਯਹੋਸ਼ੁਆ ਨੂੰ ਦਿੱਤਾ। ਇਹ ਉਹੀ ਕਸਬਾ ਸੀ ਜਿਸ ਬਾਰੇ ਯਹੋਸ਼ੁਆ ਨੇ ਆਖਿਆ ਸੀ ਕਿ ਉਹ ਇਸਨੂੰ ਲੈਣ ਚਾਹੁੰਦਾ ਹੈ ਇਸ ਲਈ ਯਹੋਸ਼ੁਆ ਨੇ ਕਸਬੇ ਨੂੰ ਵਧੇਰੇ ਮਜ਼ਬੂਤ ਬਣਾਇਆ ਅਤੇ ਉਥੇ ਰਹਿਣ ਲੱਗਾ। 51 ਇਸ ਤਰ੍ਹਾਂ ਇਹ ਸਾਰੀਆਂ ਧਰਤੀਆਂ ਇਸਰਾਏਲ ਦੇ ਭਿਂਨ-ਭਿਂਨ ਪਰਿਵਾਰ-ਸਮੂਹਾਂ ਨੂੰ ਦਿੱਤੀਆਂ ਗਈਆਂ। ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ ਅਤੇ ਹਰੇਕ ਪਰਿਵਾਰ-ਸਮੂਹ ਦੇ ਸਾਰੇ ਆਗੂ ਧਰਤੀ ਵੰਡਣ ਲਈ ਸ਼ੀਲੋਹ ਵਿਖੇ ਇਕਠੇ ਹੋਏ। ਉਹ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਉੱਤੇ ਯਹੋਵਾਹ ਦੇ ਸਾਮ੍ਹਣੇ ਇਕਠੇ ਹੋਏ। ਇਸ ਤਰ੍ਹਾਂ ਉਨ੍ਹਾਂ ਨੇ ਧਰਤੀ ਵੰਡਣ ਦਾ ਕੰਮ ਮੁਕਾਇਆ।

20:1 ਫ਼ੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ: 2 “ਆਪਣੇ ਲਈ ਸੁਰਖਿਆ ਦੇ ਸ਼ਹਿਰ ਚੁਣੋ ਜਿਨ੍ਹਾਂ ਬਾਰੇ ਮੈਂ ਮੂਸਾ ਰਾਹੀਂ ਤੇਰੇ ਨਾਲ ਬੋਲਿਆ ਸੀ। 3 ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਮਾਰ ਦਿੰਦਾ ਹੈ, ਪਰ ਇਹ ਇੱਕ ਦੁਰਘਟਨਾ ਹੀ ਹੈ, ਅਤੇ ਉਸਨੇ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਚਾਹਿਆ, ਤਾਂ ਉਹ ਉਨ੍ਹਾਂ ਰਿਸ਼ਤੇਦਾਰਾਂ ਤੋਂ ਛੁਪਣ ਲਈ, ਸੁਰਖਿਅਤ ਸ਼ਹਿਰ ਵਿੱਚ ਜਾ ਸਕਦਾ ਹੈ, ਜਿਹੜੇ ਉਸਨੂੰ ਮਾਰਨਾ ਚਾਹੁੰਦੇ ਸਨ। 4 “ਉਸ ਬੰਦੇ ਨੂੰ ਇਹ ਗੱਲ ਅਵੱਸ਼ ਕਰਨੀ ਚਾਹੀਦੀ ਹੈ। ਜਦੋਂ ਉਹ ਭੱਜਕੇ ਉਨ੍ਹਾਂ ਸੁਰਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਜਾਵੇ ਤਾਂ ਉਸਨੂੰ ਸ਼ਹਿਰ ਦੇ ਪ੍ਰਵੇਸ਼ ਉੱਤੇ ਜ਼ਰੂਰ ਖੜਾ ਹੋ ਜਾਣਾ ਚਾਹੀਦਾ ਹੈ। ਉਸਨੂੰ ਦਰਵਾਜ਼ੇ ਉੱਤੇ ਖਲੋ ਜਾਣਾ ਚਾਹੀਦਾ ਹੈ ਅਤੇ ਲੋਕਾਂ ਦੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਵਾਪਰਿਆ ਸੀ। ਫ਼ੇਰ ਆਗੂ ਉਸਨੂੰ ਸ਼ਹਿਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਸਕਦੇ ਹਨ। ਉਹ ਉਸਨੂੰ ਆਪਣੇ ਵਿਚਕਾਰ ਰਹਿਣ ਦੀ ਜਗ਼੍ਹਾ ਦੇਣਗੇ। 5 ਪਰ ਜੇਕਰ ਬਦਲੇ ਦੀ ਝਾਕ ਰੱਖਣ ਵਾਲਾ ਆਦਮੀ ਸ਼ਹਿਰ ਅੰਦਰ ਉਸਦਾ ਪਿੱਛਾ ਕਰਦਾ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ, ਉਸ ਨੂੰ ਉਸ ਵਿਅਕਤੀ ਦੇ ਹਵਾਲੇ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸਨੇ ਦੁਰਘਟਨਾ ਵਸ਼ ਅਤੇ ਬਿਨਾ ਕਿਸੇ ਬੁਰੇ ਮੰਤਵ ਤੋਂ ਕਿਸੇ ਨੂੰ ਮਾਰਿਆ ਹੈ। 6 ਉਸ ਬੰਦੇ ਨੂੰ ਉਦੋਂ ਤੀਕ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਉਸ ਸ਼ਹਿਰ ਦੀ ਕਚਿਹਰੀ ਵਿੱਚ ਉਸ ਬਾਰੇ ਨਿਰਣਾ ਨਾ ਕੀਤਾ ਜਾਵੇ। ਅਤੇ ਉਸਨੂੰ ਉਸ ਸ਼ਹਿਰ ਵਿੱਚ ਉਦੋਂ ਤੱਕ ਰਹਿਣਾ ਚਾਹੀਦਾ ਹੈ ਜਦੋਂ ਤੱਕ ਕਿ ਪ੍ਰਧਾਨ ਜਾਜਕ ਮਰ ਨਹੀਂ ਜਾਂਦਾ। ਫ਼ੇਰ ਉਹ ਆਪਸ ਆਪਣੇ ਘਰ ਆਪਣੇ ਉਸ ਸ਼ਹਿਰਾਂ ਵਿੱਚ ਜਾ ਸਕਦਾ ਹੈ ਜਿਥੋਂ ਉਹ ਭੱਜਕੇ ਆਇਆ ਸੀ।” 7 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਸ਼ਹਿਰ ਦੀ “ਸੁਰਖਿਅਤ ਸ਼ਹਿਰਾਂ” ਵਜੋਂ ਚੋਣ ਕੀਤੀ। ਇਹ ਸ਼ਹਿਰ ਸਨ:ਨਫ਼ਤਾਲੀ ਦੇ ਪਹਾੜੀ ਇਲਾਕੇ ਵਿੱਚ ਸਨ ਗਲੀਲ ਵਿਚਾ ਕਦਸ਼; ਅਫ਼ਰਾਈਮ ਦੇ ਪਹਾੜੀ ਇਲਾਕੇ ਵਿਚਲਾ ਸ਼ਕਮ; ਯਹੂਦਾਹ ਦੇ ਪਹਾੜੀ ਇਲਾਕੇ ਵਿਚਲਾ ਕਿਰਯਥ ਅਰਬਾ (ਹਬਰੋਨ) 8 ਰਊਬੇਨ ਦੀ ਧਰਤੀ ਉੱਤੇ ਮਾਰੂਥਲ ਦੇ ਇਲਾਕੇ ਵਿੱਚ ਯਰੀਹੋ ਦੇ ਸਾਮ੍ਹਣੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਦਾ, ਬਸਰ; ਗਾਦ ਦੀ ਧਰਤੀ ਉੱਤੇ, ਗਿਲਆਦ ਵਿਚਲਾ ਰਾਮੋਥ; ਮਨਸ਼ਹ ਦੀ ਧਰਤੀ ਉੱਤੇ, ਬਾਸ਼ਾਨ ਵਿਚਲਾ ਗੋਲਨ। 9 ਕੋਈ ਵੀ ਇਸਰਾਏਲੀ ਜਾਂ ਉਨ੍ਹਾਂ ਦੇ ਵਿਚਕਾਰ ਰਹਿਣ ਵਾਲਾ ਉਹ ਵਿਦੇਸ਼ੀ ਜਿਸਨੇ ਦੁਰਘਟਨਾ ਵਸ਼ ਕਿਸੇ ਬੰਦੇ ਨੂੰ ਮਾਰ ਦਿੱਤਾ ਸੀ, ਉਸਨੂੰ ਇਨ੍ਹਾਂ ਸੁਰਖਿਅਤ ਸ਼ਹਿਰਾਂ ਵਿੱਚੋਂ ਕਿਸੇ ਇੱਕ ਵੱਲ ਭੱਜ ਜਾਣ ਦੀ ਇਜਾਜ਼ਤ ਸੀ। ਫ਼ੇਰ ਉਹ ਬੰਦਾ ਉਥੇ ਸੁਰਖਿਅਤ ਹੋ ਸਕਦਾ ਸੀ ਅਤੇ ਕਿਸੇ ਅਜਿਹੇ ਬੰਦੇ ਵੱਲੋਂ ਮਾਰਿਆ ਨਹੀਂ ਜਾ ਸਕਦਾ ਸੀ ਜਿਹੜਾ ਉਸਦਾ ਪਿੱਛਾ ਕਰ ਰਿਹਾ ਹੋਵੇ! ਉਸ ਬੰਦੇ ਬਾਰੇ ਸ਼ਹਿਰ ਦੀ ਕਚਿਹਰੀ ਵਿੱਚ ਨਿਰਣਾ ਹੋਣਾ ਸੀ।

21:1 ਲੇਵੀ ਪਰਿਵਾਰ-ਸਮੂਹ ਦੇ ਸ਼ਾਸਕ, ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਦੇ ਆਗੂਆਂ ਕੋਲ ਗੱਲ ਕਰਨ ਲਈ ਗਏ। 2 ਇਹ ਗੱਲ ਕਨਾਨ ਦੀ ਧਰਤੀ ਉੱਤੇ ਸ਼ੀਲੋਹ ਕਸਬੇ ਵਿੱਚ ਵਾਪਰੀ। ਲੇਵੀ ਹਾਕਮਾਂ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ ਨੇ ਮੂਸਾ ਨੂੰ ਇੱਕ ਆਦੇਸ਼ ਦਿੱਤਾ ਸੀ। ਉਸਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਰਹਿਣ ਵਾਸਤੇ ਕਸਬੇ ਦੇਵੋਂਗੇ। ਅਤੇ ਉਸਨੇ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਨੂੰ ਸਾਡੇ ਜਾਨਵਰਾਂ ਦੇ ਚਰਨ ਵਾਸਤੇ ਖੇਤ ਦੇਵੋਂਗੇ।” 3 ਇਸ ਲਈ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੇ ਇਸ ਆਦੇਸ਼ ਨੂੰ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਨੂੰ ਇਹ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਆਲੇ-ਦੁਆਲੇ ਦੇ ਖੇਤ ਦਿੱਤੇ: 4 ਕਹਾਥ ਪਰਿਵਾਰ ਵਾਲੇ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਜਾਜਕ ਹਾਰੂਨ ਦੇ ਉੱਤਰਾਧਿਕਾਰੀ ਸਨ। ਕਹਾਥ ਪਰਿਵਾਰ ਦੇ ਇੱਕ ਹਿੱਸੇ ਨੂੰ, ਉਨ੍ਹਾਂ ਇਲਾਕਿਆਂ ਵਿੱਚ 13 ਕਸਬੇ ਦਿੱਤੇ ਗਏ, ਜਿਹੜੇ ਯਹੂਦਾਹ, ਸ਼ਿਮਓਨ ਅਤੇ ਬਿਨਯਾਮੀਨ ਦੀ ਮਾਲਕੀ ਹੇਠਾਂ ਸਨ। 5 ਹੋਰਨਾ ਕਹਾਥ ਪਰਿਵਾਰਾਂ ਨੂੰ ਦਸ ਕਸਬੇ ਉਨ੍ਹਾਂ ਇਲਾਕਿਆਂ ਅੰਦਰ ਦਿੱਤੇ ਗਏ ਜਿਹੜੇ ਅਫ਼ਰਾਈਮ, ਦਾਨ ਅਤੇ ਅਧੇ ਮਨਸ਼ਹ ਦੀ ਮਾਲਕੀ ਹੇਠਾਂ ਸਨ। 6 ਗੇਰਸ਼ੋਨ ਪਰਿਵਾਰ ਦੇ ਲੋਕਾਂ ਨੂੰ 13 ਕਸਬੇ ਦਿੱਤੇ ਗਏ। ਇਹ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਯਿੱਸਾਕਾਰ, ਆਸ਼ੇਰ, ਨਫ਼ਤਾਲੀ ਅਤੇ ਬਾਸ਼ਾਨ ਵਿਚਲੇ ਅਧੇ ਮਨਸ਼ਹ ਦੀ ਮਾਲਕੀ ਹੇਠਾਂ ਸਨ। 7 ਮਰਾਰੀ ਪਰਿਵਾਰ ਦੇ ਲੋਕਾਂ ਨੂੰ ਬਾਰ੍ਹਾਂ ਕਸਬੇ ਦਿੱਤੇ ਗਏ। ਇਹ ਬਾਰ੍ਹਾਂ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਆਉਂਦੇ ਸਨ ਜਿਹੜੇ ਰਊਬੇਨ, ਗਾਦ ਅਤੇ ਜ਼ਬੂਲੁਨ ਦੀ ਮਾਲਕੀ ਹੇਠਾਂ ਸਨ। 8 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਲੇਵੀ ਲੋਕਾਂ ਨੂੰ, ਜਿਵੇਂ ਕਿ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ, ਇਹ ਕਸਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤ ਦੇ ਦਿੱਤੇ। 9 ਉਨ੍ਹਾਂ ਕਸਬਿਆਂ ਦੇ ਨਾਮ, ਜਿਹੜੇ ਯਹੂਦਾਹ ਅਤੇ ਸ਼ਿਮਓਨ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ, ਇਹ ਹਨ। 10 ਕਸਬਿਆਂ ਦੀ ਚੋਣ ਕਰਨ ਦਾ ਪਹਿਲਾ ਹੱਕ ਕਹਾਥ ਪਰਿਆਰ ਦੇ ਲੇਵੀਆਂ ਨੂੰ ਦਿੱਤਾ ਗਿਆ। 11 ਉਨ੍ਹਾਂ ਨੇ ਉਨ੍ਹਾਂ ਨੂੰ ਕਿਰਯਥ ਅਰਬਾ ਦਿੱਤਾ (ਇਹ ਹਬਰੋਨ ਹੈ। ਇਸਦਾ ਨਾਮ ਅਰਬਾ ਨਾਮ ਦੇ ਆਦਮੀ ਉੱਤੇ ਰੱਖਿਆ ਗਿਆ ਸੀ। ਅਰਬਾ ਅਨੋਕ ਦਾ ਪਿਉ ਸੀ।) ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਕਸਬੇ ਦੇ ਨਜ਼ਦੀਕ ਕੁਝ ਧਰਤੀ ਵੀ ਦੇ ਦਿੱਤੀ। 12 ਪਰ ਕਿਰਯਥ ਅਰਬਾ ਸ਼ਹਿਰ ਦੇ ਆਲੇ-ਦੁਆਲੇ ਦੇ ਛੋਟੇ ਕਸਬੇ ਅਤੇ ਖੇਤ ਯਫ਼ੁਂਨਾਹ ਦੇ ਪੁੱਤਰ ਕਾਲੇਬ ਦੀ ਮਾਲਕੀ ਹੇਠਾਂ ਸਨ। 13 ਇਸ ਲਈ ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ ਸ਼ਹਿਰ ਦੇ ਦਿੱਤਾ। (ਹਬਰੋਨ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਲਬਾਨੋਨ, 14 ਯਤਿਰ੍ਰ, ਅਸ਼ਤਮੋਆ, 15 ਹੋਲੋਨ, ਦਬਿਰ, 15ਹੋਲੋਨ, ਦਬਿਰ, 16 ਆਇਨ, ਯੁਤ੍ਤਾਹ ਅਤੇ ਬੈਤ ਸ਼ਮਸ਼ ਦੇ ਕਸਬੇ ਵੀ ਦਿੱਤੇ। ਉਨ੍ਹਾਂ ਨੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਵੀ ਦੇ ਦਿੱਤੀ। ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਨੌਁ ਕਸਬੇ ਦਿੱਤੇ। 17 ਉਨ੍ਹਾਂ ਨੇ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਉਹ ਸ਼ਹਿਰ ਵੀ ਦਿੱਤੇ ਜਿਹੜੇ ਬਿਨਯਾਮੀਨ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਾਂ ਸਨ ਇਹ ਸ਼ਹਿਰ ਸਨ ਗਿਬਓਨ, ਗਬਾ, 18 ਅਨਾਥੋਥ ਅਤੇ ਅਲਮੋਨ ਉਨ੍ਹਾਂ ਨੇ ਉਨ੍ਹਾਂ ਨੂੰ ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਇਨ੍ਹਾਂ ਕਸਬਿਆਂ ਦੇ ਨੇੜੇ ਦੀ ਕੁਝ ਧਰਤੀ ਦਿੱਤੀ। 19 ਕੁੱਲ ਮਿਲਾਕੇ ਉਨ੍ਹਾਂ ਨੇ ਜਾਜਕਾਂ ਨੂੰ 13 ਕਸਬੇ ਦਿੱਤੇ। (ਸਾਰੇ ਜਾਜਕ ਹਾਰੂਨ ਦੀ ਸੰਤਾਨ ਸਨ।) ਉਨ੍ਹਾਂ ਨੇ ਉਨ੍ਹਾਂ ਨੂੰ ਹਰੇਕ ਕਸਬੇ ਦੇ ਨੇੜੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 20 ਕਹਾਥ ਪਰਿਵਾਰ ਦੇ ਹੋਰਨਾਂ ਲੋਕਾਂ ਨੂੰ ਉਹ ਕਸਬੇ ਦਿੱਤੇ ਗਏ ਜਿਹੜੇ ਅਫ਼ਰਾਈਮ ਦੇ ਪਰਿਵਾਰ-ਸਮੂਹ ਦੀ ਮਾਲਕੀ ਹੇਠਲੇ ਇਲਾਕਿਆਂ ਵਿੱਚ ਸਨ। ਉਨ੍ਹਾਂ ਨੂੰ ਇਹ ਕਸਬੇ ਮਿਲੇ: 21 ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਦਾ ਸ਼ਹਿਰ ਸ਼ਕਮ। (ਸ਼ਕਮ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੂੰ ਗਜ਼ਰ, 22 ਕਿਬਸੈਮ ਅਤੇ ਬੈਤ ਹੋਰੋਨ ਵੀ ਮਿਲੇ। ਕੁੱਲ ਮਿਲਾਕੇ ਅਫ਼ਰਾਈਮ ਨੇ ਉਨ੍ਹਾਂ ਨੂੰ ਚਾਰ ਕਸਬੇ, ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 23 ਦਾਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਅਲਤਕੇਹ ਗਿਬਥੋਨ, 24 ਅਯ੍ਯਾਲੋਨ ਅਤੇ ਗਥ ਰਿਂਮੋਨ ਦਿੱਤੇ। ਕੁੱਲ ਮਿਲਾਕੇ ਦਾਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 25 ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਤਾਨਾਕ ਅਤੇ ਗਥ ਰਿਂਮੋਨ ਦਿੱਤੇ। ਕੁੱਲ ਮਿਲਾਕੇ ਇਸ ਅਧੇ ਮਨਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 26 ਕੁੱਲ ਮਿਲਾਕੇ, ਕਹਾਥ ਪਰਿਵਾਰ ਦੇ ਰਹਿੰਦੇ ਲੋਕਾਂ ਨੂੰ ਦਸ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। 27 ਗੇਰਸ਼ੋਨ ਪਰਿਵਾਰ ਵੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਨ੍ਹਾਂ ਨੂੰ ਇਹ ਕਸਬੇ ਮਿਲੇ:ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਾਸ਼ਾਨ ਵਿਚਲਾ ਗੋਲਨ ਦਿੱਤਾ। (ਗੋਲਨ ਸੁਰਖਿਅਤ ਸ਼ਹਿਰ ਸੀ।) ਮਨਸ਼ਹ ਨੇ ਉਨ੍ਹਾਂ ਨੂੰ ਬਅਸ਼ਤਰਾਹ ਵੀ ਦਿੱਤਾ। ਕੁੱਲ ਮਿਲਾਕੇ ਇਸ ਅਧੇ ਮਨਸ਼ਹ ਨੇ ਉਨ੍ਹਾਂ ਨੂੰ ਦੋ ਕਸਬੇ ਅਤੇ ਹਰੇਕ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 28 ਯਿੱਸਾਕਾਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਕਿਸ਼ਯੋਨ, ਦਾਬਰਥ, 29 ਯਰਮੂਥ ਅਤੇ ਏਨ ਗਨ੍ਨੀਮ ਦਿੱਤੇ। ਕੁੱਲ ਮਿਲਾਕੇ ਯਿੱਸਾਕਾਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 30 ਆਸ਼ੇਰ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਮਿਸ਼ਾਲ, ਅਬਦੋਨ, 31 ਹਲਕਾਥ ਅਤੇ ਰਹੋਬ ਦਿੱਤੇ। ਕੁੱਲ ਮਿਲਾਕੇ ਆਸ਼ੇਰ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 32 ਨਫ਼ਤਾਲੀ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਲੀਲ ਵਿਚਲਾ ਕਦਸ਼ ਦਿੱਤਾ। (ਕਦਸ਼ ਸੁਰਖਿਅਤ ਸ਼ਹਿਰ ਸੀ।) ਨਫ਼ਤਾਲੀ ਨੇ ਉਨ੍ਹਾਂ ਨੂੰ ਹਮੋਥ ਦੌਰ ਅਤੇ ਕਰਤਾਨ ਵੀ ਦਿੱਤੇ ਕੁੱਲ ਮਿਲਾਕੇ ਨਫ਼ਤਾਲੀ ਨੇ ਉਨ੍ਹਾਂ ਨੂੰ ਤਿੰਨ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 33 ਕੁੱਲ ਮਿਲਾਕੇ ਗੇਰਸ਼ੋਨ ਪਰਿਵਾਰ ਨੂੰ 13 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। 34 ਦੂਸਰਾ ਲੇਵੀ-ਸਮੂਹ ਮਰਾਰੀ ਪਰਿਵਾਰ ਸੀ। ਮਰਾਰੀ ਪਰਿਵਾਰ ਨੂੰ ਇਹ ਕਸਬੇ ਮਿਲੇ: ਜ਼ਬੂਲੁਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਯਾਕਨਾਮ, ਕਾਰਤਾਹ, 35 ਦਿਮਨਾਹ ਅਤੇ ਨਹਲਾਲ ਦਿੱਤੇ। ਕੁੱਲ ਮਿਲਾਕੇ ਜ਼ਬੂਲੁਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 36 ਰਊਬੇਨ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਬਸਰ, ਯਾਹਸਾਹ, 37 ਕੇਦੋਮੋਥ ਅਤੇ ਮੇਪਅਬ ਦਿੱਤੇ। ਕੁੱਲ ਮਿਲਾਕੇ ਰਊਬੇਨ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ, ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 38 ਗਾਦ ਦੇ ਪਰਿਵਾਰ-ਸਮੂਹ ਨੇ ਉਨ੍ਹਾਂ ਨੂੰ ਗਿਲਆਦ ਵਿਚਲਾ ਰਮੋਥ ਦਿੱਤਾ। (ਰਮੋਥ ਸੁਰਖਿਅਤ ਸ਼ਹਿਰ ਸੀ।) ਉਨ੍ਹਾਂ ਨੇ ਉਨ੍ਹਾਂ ਨੂੰ ਮਹਨਇਮ, 39 ਹਸ਼ਬੋਨ ਅਤੇ ਯਆਜ਼ੇਰ ਵੀ ਦਿੱਤੇ। ਕੁੱਲ ਮਿਲਾਕੇ ਗਾਦ ਨੇ ਉਨ੍ਹਾਂ ਨੂੰ ਚਾਰ ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਦਿੱਤੀ। 40 ਕੁੱਲ ਮਿਲਾਕੇ ਲੇਵੀ ਦੇ ਆਖਰੀ ਪਰਿਵਾਰ ਮਰਾਰੀ ਪਰਿਵਾਰ ਨੂੰ 12 ਕਸਬੇ ਮਿਲੇ। 41 ਇਸ ਤਰ੍ਹਾਂ ਲੇਵੀਆਂ ਨੂੰ ਕੁੱਲ 48 ਕਸਬੇ ਅਤੇ ਹਰੇਕ ਕਸਬੇ ਦੇ ਆਲੇ-ਦੁਆਲੇ ਦੀ ਕੁਝ ਧਰਤੀ ਉਨ੍ਹਾਂ ਦੇ ਜਾਨਵਰਾਂ ਲਈ ਮਿਲੀ। ਇਹ ਸਾਰੇ ਕਸਬੇ ਉਨ੍ਹਾਂ ਇਲਾਕਿਆਂ ਵਿੱਚ ਸਨ ਜਿਹੜੇ ਹੋਰਨਾ ਪਰਿਵਾਰ-ਸਮੂਹਾਂ ਦੀ ਮਾਲਕੀ ਹੇਠਾਂ ਸਨ। 42 ਇਨ੍ਹਾਂ ਵਿੱਚੋਂ ਹਰੇਕ ਕਸਬੇ ਕੋਲ ਉਨ੍ਹਾਂ ਦੇ ਜਾਨਵਰਾਂ ਲਈ ਕੁਝ ਧਰਤੀ ਸੀ। ਇਹ ਗੱਲ ਹਰੇਕ ਕਸਬੇ ਬਾਰੇ ਸਹੀ ਸੀ। 43 ਇਸ ਤਰ੍ਹਾਂ ਯਹੋਵਾਹ ਨੇ ਉਸ ਇਕਰਾਰ ਨੂੰ ਨਿਭਾਇਆ ਜਿਹੜਾ ਉਸਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਉਸਨੇ ਲੋਕਾਂ ਨੂੰ ਉਹ ਸਾਰੀ ਧਰਤੀ ਦਿੱਤੀ ਜਿਸਦਾ ਉਸਨੇ ਇਕਰਾਰ ਕੀਤਾ ਸੀ। ਲੋਕਾਂ ਨੇ ਧਰਤੀ ਪ੍ਰਾਪਤ ਕੀਤੀ ਅਤੇ ਉਸ ਵਿੱਚ ਵਸ ਗਏ। 44 ਅਤੇ ਯਹੋਵਾਹ ਨੇ, ਜਿਹਾ ਕਿ ਉਸਨੇ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ, ਉਨ੍ਹਾਂ ਦੇ ਧਰਤੀ ਦੇ ਹਰ ਪਾਸੇ ਸ਼ਾਂਤੀ ਰੱਖਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਦੇ ਕਿਸੇ ਵੀ ਦੁਸ਼ਮਣ ਨੇ ਉਨ੍ਹਾਂ ਨੂੰ ਨਹੀਂ ਹਰਾਇਆ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਹਰ ਦੁਸ਼ਮਣ ਨੂੰ ਹਰਾਉਣ ਦੀ ਇਜਾਜ਼ਤ ਦਿੱਤੀ। 45 ਯਹੋਵਾਹ ਨੇ ਉਹ ਹਰ ਇਕਰਾਰ ਨਿਭਾਇਆ ਜਿਹੜਾ ਉਸਨੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਸੀ। ਕੋਈ ਵੀ ਇਕਰਾਰ ਅਜਿਹਾ ਨਹੀਂ ਸੀ ਜਿਹੜਾ ਉਸਨੇ ਨਿਭਾਇਆ ਨਾ ਹੋਵੇ। ਹਰ ਇਕਰਾਰ ਸੱਚਾ ਸਾਬਤ ਹੋਇਆ।

22:1 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਇਕਤ੍ਰ੍ਰਤਾ ਬੁਲਾਈ। 2 ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਯਹੋਵਾਹ ਦਾ ਸੇਵਕ ਸੀ, ਤੁਸੀਂ ਉਹ ਸਾਰੀਆਂ ਗੱਲਾਂ ਮੰਨੀਆਂ ਜਿਹੜੀਆਂ ਮੂਸਾ ਨੇ ਤੁਹਾਨੂੰ ਕਰਨ ਲਈ ਆਖੀਆਂ ਸਨ। ਅਤੇ ਤੁਸੀਂ ਮੇਰੇ ਸਾਰੇ ਆਦੇਸ਼ਾਂ ਦੀ ਵੀ ਪਾਲਣਾ ਕੀਤੀ। 3 ਅਤੇ ਇਸ ਸਾਰੇ ਸਮੇਂ ਦੌਰਾਨ ਤੁਸੀਂ ਇਸਰਾਏਲ ਦੇ ਹੋਰ ਸਾਰੇ ਲੋਕਾਂ ਦਾ ਸਮਰਥਨ ਕੀਤਾ ਹੈ। ਤੁਸੀਂ ਉਨ੍ਹਾਂ ਸਾਰੇ ਆਦੇਸ਼ਾਂ ਦੀ ਧਿਆਨ ਨਾਲ ਪਾਲਣਾ ਕੀਤੀ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ। 4 “ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਸ਼ਾਂਤੀ ਦੇਣ ਦਾ ਇਕਰਾਰ ਕੀਤਾ। ਇਸ ਲਈ ਹੁਣ, ਯਹੋਵਾਹ ਨੇ ਆਪਣੇ ਇਕਰਾਰ ਨੂੰ ਨਿਭਾਇਆ ਹੈ। ਅਤੇ ਹੁਣ ਤੁਸੀਂ ਘਰ ਜਾ ਸਕਦੇ ਹੋ। ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦੇ ਦਿੱਤੀ ਹੈ। ਹੁਣ ਤੁਸੀਂ ਉਸ ਧਰਤੀ ਉੱਤੇ ਆਪਣੇ ਘਰ ਜਾ ਸਕਦੇ ਹੋ। 5 ਪਰ ਉਸ ਬਿਵਸਥਾ ਦਾ ਅਨੁਸਰਣ ਕਰਨਾ ਹਮੇਸ਼ਾ ਯਾਦ ਰਖਣਾ ਜਿਹੜੀ ਮੂਸਾ ਨੇ ਤੁਹਾਡੇ ਲਈ ਨਿਰਧਾਰਿਤ ਕੀਤੀ ਹੈ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸਨੂੰ ਮੰਨਦੇ ਰਹਿਣਾ ਅਤੇ ਉਸਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਅਤੇ ਆਪਣੇ ਤਹੇ ਦਿਲੋਂ ਅਤੇ ਰੂਹ ਤੋਂ ਉਸਦੀ ਸੇਵਾ ਕਰਨੀ ਚਾਹੀਦੀ ਹੈ।” 6 ਫ਼ੇਰ ਯਹੋਸ਼ੁਆ ਨੇ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਉਹ ਚਲੇ ਗਏ ਉਹ ਘਰ ਚਲੇ ਗਏ। 7 ਮੂਸਾ ਨੇ ਬਾਸ਼ਾਨ ਦੀ ਧਰਤੀ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਯਹੋਸ਼ੁਆ ਨੇ ਯਰਦਨ ਨਦੀ ਦੇ ਪੱਛਮ ਵਾਲੇ ਪਾਸੇ ਦੀ ਧਰਤੀ ਮਨਸ਼ਹ ਦੇ ਪਰਿਵਾਰ-ਸਮੂਹ ਦੇ ਦੂਸਰੇ ਅਧ ਨੂੰ ਦੇ ਦਿੱਤੀ। ਯਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ। 8 ਉਸਨੇ ਆਖਿਆ, “ਤੁਸੀਂ ਬਹੁਤ ਅਮੀਰ ਹੋ ਗਏ ਹੋ। ਤੁਹਾਡੇ ਕੋਲ ਬਹੁਤ ਸਾਰਾ ਪਸ਼ੂ, ਧਨ ਹੈ। ਤੁਹਾਡੇ ਕੋਲ ਸੋਨਾ ਅਤੇ ਚਾਂਦੀ ਅਤੇ ਕੀਮਤੀ ਗਹਿਣੇ ਹਨ। ਤੁਹਾਡੇ ਕੋਲ ਬਹੁਤ ਸਾਰੇ ਸੁੰਦਰ ਕੱਪੜੇ ਹਨ। ਤੁਸੀਂ ਆਪਣੇ ਦੁਸ਼ਮਣ ਪਾਸੋਂ ਬਹੁਤ ਚੀਜ਼ਾਂ ਹਾਸਿਲ ਕੀਤੀਆਂ ਹਨ। ਘਰ ਜਾਉ ਅਤੇ ਇਨ੍ਹਾਂ ਚੀਜ਼ਾਂ ਨੂੰ ਆਪਸ ਵਿੱਚ ਵੰਡ ਲਵੋ।” 9 ਇਸ ਲਈ ਰਊਬੇਨ, ਗਾਦ ਅਤੇ ਮਨਸ਼ਹ ਦੇ ਪਰਿਵਾਰ-ਸਮੂਹ ਇਸਰਾਏਲ ਦੇ ਹੋਰਨਾ ਪਰਿਵਾਰ-ਸਮੁਹਾਂ ਨੂੰ ਛੱਡ ਗਏ। ਉਹ ਕਨਾਨ ਵਿੱਚ ਸ਼ੀਲੋਹ ਵਿਖੇ ਸਨ। ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਗਿਲਆਦ ਨੂੰ ਵਾਪਸ ਚਲੇ ਗਏ। ਉਹ ਆਪਣੀ ਧਰਤੀ ਉੱਤੇ ਆਪਣੇ ਘਰ ਚਲੇ ਗਏ - ਜਿਹੜੀ ਧਰਤੀ ਉਨ੍ਹਾਂ ਨੂੰ ਮੂਸਾ ਨੇ ਦਿੱਤੀ ਸੀ। ਯਹੋਵਾਹ ਨੇ ਮੂਸਾ ਨੂੰ ਇਹ ਧਰਤੀ ਉਨ੍ਹਾਂ ਦੇਣ ਦਾ ਆਦੇਸ਼ ਦਿੱਤਾ ਸੀ। 10 ਰਊਬੇਨ, ਗਾਦ ਦੇ ਲੋਕ ਅਤੇ ਮਨਸ਼ਹ ਦੇ ਅਧੇ ਲੋਕ ਗੇਲੀਲੋਥ ਨਾਮ ਦੀ ਥਾਂ ਉੱਤੇ ਚਲੇ ਗਏ। ਇਹ ਕਨਾਨ ਵਿੱਚ ਯਰਦਨ ਨਦੀ ਦੇ ਨੇੜੇ ਸੀ। ਉਸ ਥਾਂ ਉੱਤੇ ਲੋਕਾਂ ਨੇ ਇੱਕ ਸੁੰਦਰ ਜਗਵੇਦੀ ਬਣਾਈ। 11 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਨੇ, ਜਿਹੜੇ ਹਾਲੇ ਤੱਕ ਸ਼ੀਲੋਹ ਵਿਖੇ ਹੀ ਸਨ, ਇਸ ਜਗਵੇਦੀ ਬਾਰੇ ਸੁਣਿਆ ਜਿਹੜੀ ਇਨ੍ਹਾਂ ਤਿੰਨ ਪਰਿਵਾਰ-ਸਮੂਹਾਂ ਨੇ ਉਸਾਰੀ ਸੀ। ਉਨ੍ਹਾਂ ਨੇ ਸੁਣਿਆ ਕਿ ਜਗਵੇਦੀ ਕਨਾਨ ਦੀ ਸਰਹੱਦ ਉੱਤੇ ਗੇਲੀਲੋਥ ਨਾਮ ਦੇ ਸਥਾਨ ਉੱਤੇ ਸੀ। ਇਹ ਇਸਰਾਏਲ ਵਾਲੇ ਪਾਸੇ ਯਰਦਨ ਨਦੀ ਦੇ ਨੇੜੇ ਸੀ। 12 ਇਸਰਾਏਲ ਦੇ ਸਾਰੇ ਲੋਕ ਇਨ੍ਹਾਂ ਤਿੰਨਾ ਪਰਿਵਾਰ-ਸਮੂਹਾਂ ਨਾਲ ਬਹੁਤ ਨਾਰਾਜ਼ ਹੋਏ। ਉਹ ਇਕਠੋ ਹੋ ਗਏ ਅਤੇ ਉਨ੍ਹਾਂ ਦੇ ਵਿਰੁੱਧ ਲੜਨ ਦਾ ਨਿਰਣਾ ਕੀਤਾ। 13 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਬੰਦਿਆਂ ਨੂੰ ਰਊਬੇਨ, ਗਾਦ ਅਤੇ ਮਨਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ। ਇਨ੍ਹਾਂ ਬੰਦਿਆਂ ਦਾ ਆਗੂ ਜਾਜਕ ਅਲਆਜ਼ਾਰ ਦਾ ਪੁੱਤਰ, ਫ਼ੀਨਹਾਸ ਸੀ। 14 ਉਨ੍ਹਾਂ ਨੇ ਉਥੋਂ ਦੇ ਪਰਿਵਾਰ-ਸਮੂਹਾਂ ਦੇ ਦਸ ਆਗੂਆਂ ਨੂੰ ਵੀ ਭੇਜਿਆ। ਉਥੇ ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚੋਂ, ਜਿਹੜੇ ਸ਼ੀਲੋਹ ਵਿਖੇ ਸਨ, ਇੱਕ-ਇੱਕ ਬੰਦਾ ਸੀ। 15 ਇਸ ਤਰ੍ਹਾਂ ਇਹ 11 ਬੰਦੇ ਗਿਲਆਦ ਨੂੰ ਗਏ। ਉਹ ਰਊਬੇਨ, ਗਾਦ ਅਤੇ ਮਨਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਗਏ। 11 ਬੰਦਿਆਂ ਨੇ ਉਨ੍ਹਾਂ ਨੂੰ ਆਖਿਆ, 16 “ਇਸਰਾਏਲ ਦੇ ਸਾਰੇ ਲੋਕ ਤੁਹਾਨੂੰ ਪੁਛਦੇ ਹਨ: ‘ਤੁਸੀਂ ਇਸਰਾਏਲ ਦੇ ਪਰਮੇਸ਼ੁਰ ਵਿਰੁੱਧ ਅਜਿਹਾ ਕਿਉਂ ਕੀਤਾ? ਤੁਸੀਂ ਯਹੋਵਾਹ ਦੇ ਖਿਲਾਫ਼ ਕਿਉਂ ਹੋ ਗਏ ਹੋ? ਤੁਸੀਂ ਆਪਣੀ ਖਾਤਿਰ ਜਗਵੇਦੀ ਕਿਉਂ ਬਣਾਈ? ਤੁਸੀਂ ਜਾਣਦੇ ਹੋ ਕਿ ਤੁਸੀਂ ਯਹੋਵਾਹ ਦੇ ਵਿਰੁੱਧ ਵਿਦ੍ਰੋਹ ਕਰ ਰਹੇ ਹੋ! 17 ਚੇਤੇ ਕਰੋ ਪਓਰ ਵਿਖੇ ਕੀ ਵਾਪਰਿਆ ਸੀ? ਅਸੀਂ ਹਾਲੇ ਤੀਕ ਉਸ ਪਾਪ ਦੀ ਸਜ਼ਾ ਭੋਗ ਰਹੇ ਹਾਂ। ਉਸ ਵੱਡੇ ਪਾਪ ਕਾਰਣ, ਪਰਮੇਸ਼ੁਰ ਨੇ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਰੋਗੀ ਬਣਾ ਦਿੱਤਾ ਸੀ ਅਤੇ ਅਸੀਂ ਹਾਲੇ ਵੀ ਅੱਜ ਤੱਕ ਉਸ ਰੋਗ ਤੋਂ ਪੀੜਤ ਹਾਂ। 18 ਅਤੇ ਹੁਣ ਵੀ ਤੁਸੀਂ ਉਹੀ ਗੱਲ ਕਰ ਰਹੇ ਹੋ! ਤੁਸੀਂ ਯਹੋਵਾਹ ਦੇ ਖ਼ਿਲਾਫ਼ ਹੋ ਰਹੇ ਹੋ! ਕੀ ਤੁਸੀਂ ਯਹੋਵਾਹ ਦੇ ਪਿਛੇ ਲੱਗਣ ਤੋਂ ਇਨਕਾਰ ਕਰੋਂਗੇ? ਜੇ ਤੁਸੀਂ ਉਹ ਗੱਲ ਕਰਨੋ ਨਹੀਂ ਹਟੋਂਗੇ ਜੋ ਤੁਸੀਂ ਕਰ ਰਹੇ ਹੋ, ਯਹੋਵਾਹ ਇਸਰਾਏਲ ਦੇ ਹਰ ਬੰਦੇ ਨਾਲ ਨਾਰਾਜ਼ ਹੋਵੇਗਾ। 19 “‘ਜੇ ਤੁਹਾਡੀ ਧਰਤੀ ਨਾਪਾਕ ਹੈ ਤਾਂ ਸਾਡੀ ਧਰਤੀ ਉੱਤੇ ਆ ਜਾਓ। ਯਹੋਵਾਹ ਦਾ ਤੰਬੂ ਸਾਡੀ ਧਰਤੀ ਉੱਤੇ ਹੈ। ਤੁਸੀਂ ਸਾਡੀ ਧਰਤੀ ਦਾ ਇੱਕ ਹਿੱਸਾ ਲੈਕੇ ਉਥੇ ਰਹਿ ਸਕਦੇ ਹੋ। ਪਰ ਯਹੋਵਾਹ ਜਾਂ ਸਾਡੇ ਖਿਲਾਫ਼ ਵਿਦ੍ਰੋਹ ਨਾ ਕਰੋ। ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਪਾਸੇ ਤੇ ਕੋਈ ਹੋਰ ਜਗਵੇਦੀ ਨਾ ਬਣਾਉ। 20 “‘ਜ਼ਰਹ ਦੇ ਪੁੱਤਰ ਆਕਾਨ ਨਾਮ ਦੇ ਆਦਮੀ ਨੂੰ ਚੇਤੇ ਕਰੋ। ਉਸਨੇ ਉਨ੍ਹਾਂ ਚੀਜ਼ਾਂ ਬਾਰੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਨ੍ਹਾਂ ਨੂੰ ਅਵੱਸ਼ ਤਬਾਹ ਕਰਨਾ ਚਾਹੀਦਾ ਸੀ। ਉਸ ਇਕੱਲੇ ਆਦਮੀ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ। ਪਰ ਇਸਰਾਏਲ ਦੇ ਸਾਰੇ ਲੋਕਾਂ ਨੂੰ ਸਜ਼ਾ ਮਿਲੀ। ਆਕਾਨ ਆਪਣੇ ਪਾਪ ਕਰਕੇ ਮਰਿਆ। ਪਰ ਹੋਰ ਵੀ ਬਹੁਤ ਸਾਰੇ ਬੰਦੇ ਮਾਰੇ ਗਏ।’” 21 ਰਊਬੇਨ, ਗਾਦ ਅਤੇ ਮਨਸ਼ਹ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 11 ਆਦਮੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਖਿਆ, 22 “ਯਹੋਵਾਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ! ਅਸੀਂ ਫ਼ੇਰ ਆਖਦੇ ਹਾਂ ਕਿ ਯਹੋਵਾਹ ਹੀ ਪਰਮੇਸ਼ੁਰ ਹੈ! ਅਤੇ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੰਝ ਕਿਉਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਜਾਣ ਲਵੋ ਤਾਂ ਜੋ ਤੁਸੀਂ ਨਿਆਂ ਕਰ ਸਕੋ ਕਿ ਅਸੀਂ ਕੀ ਕੀਤਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਸੀਂ ਕੁਝ ਗਲਤ ਕੰਮ ਕੀਤਾ ਹੈ, ਤੁਸੀਂ ਸਾਨੂੰ ਹੁਣੇ ਮਾਰ ਸਕਦੇ ਹੋ। 23 ਜੇ ਅਸੀਂ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ, ਤਾਂ ਅਸੀਂ ਖੁਦ ਯਹੋਵਾਹ ਨੂੰ ਆਖਦੇ ਹਾਂ ਕਿ ਉਹ ਸਾਨੂੰ ਸਜ਼ਾ ਦੇਵੇ, 24 ਕੀ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇਹ ਜਗਵੇਦੀ ਹੋਮ ਦੀਆਂ ਭੇਟਾ, ਅਨਾਜ਼ ਦੀਆਂ ਭੇਟਾ ਜਾਂ ਸੁਖ-ਸਾਂਦ ਦੀਆਂ ਭੇਟਾ ਲਈ ਬਣਾਈ ਹੈ? ਨਹੀਂ! ਅਸੀਂ ਇਸਨੂੰ ਇਸ ਕਾਰਣ ਨਹੀਂ ਉਸਾਰਿਆ। ਅਸੀਂ ਇਹ ਜਗਵੇਦੀ ਕਿਉਂ ਉਸਾਰੀ? ਅਸੀਂ ਡਰਦੇ ਸਾਂ ਕਿ ਭਵਿਖ ਵਿੱਚ ਤੁਹਾਡੇ ਲੋਕ ਸਾਨੂੰ ਆਪਣੀ ਕੌਮ ਦਾ ਅੰਗ ਨਹੀਂ ਪ੍ਰਵਾਨ ਕਰਨਗੇ। ਫ਼ੇਰ ਤੁਹਾਡੇ ਲੋਕ ਆਖਦੇ ਕਿ ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰ ਸਕਦੇ। 25 ਪਰਮੇਸ਼ੁਰ ਨੇ ਸਾਨੂੰ ਯਰਦਨ ਨਦੀ ਦੇ ਦੂਸਰੇ ਪਾਸੇ ਧਰਤੀ ਦਿੱਤੀ। ਇਸਦਾ ਅਰਥ ਇਹ ਹੈ ਕਿ ਯਰਦਨ ਨਦੀ ਸਾਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ। ਅਸੀਂ ਡਰਦੇ ਸਾਂ ਕਿ ਜਦੋਂ ਤੁਹਾਡੇ ਬੱਚੇ ਜਵਾਨ ਹੋਣਗੇ ਅਤੇ ਤੁਹਾਡੀ ਧਰਤੀ ਉੱਤੇ ਹਕੂਮਤ ਕਰਨਗੇ। ਉਨ੍ਹਾਂ ਨੂੰ ਇਹ ਗੱਲ ਯਾਦ ਨਹੀਂ ਰਹੇਗੀ ਕਿ ਅਸੀਂ ਵੀ ਤੁਹਾਡੇ ਲੋਕ ਸਾਂ। ਉਨ੍ਹਾਂ ਸਾਨੂੰ ਆਖਣਾ ਸੀ, ‘ਤੁਸੀਂ ਰਊਬੇਨ ਅਤੇ ਗਾਦ ਦੇ ਲੋਕ ਇਸਰਾਏਲ ਦਾ ਅੰਗ ਨਹੀਂ ਹੋ!’ ਫ਼ੇਰ ਤੁਹਾਡੇ ਬੱਚਿਆਂ ਨੇ ਸਾਡੇ ਬੱਚਿਆਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਤੋਂ ਰੋਕ ਦੇਣਾ ਸੀ। 26 “ਇਸ ਲਈ ਅਸੀਂ ਇਸ ਜਗਵੇਦੀ ਨੂੰ ਉਸਾਰਨ ਦਾ ਨਿਰਣਾ ਕੀਤਾ। ਪਰ ਅਸੀਂ ਇਸਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਵਰਤਨ ਦੀ ਯੋਜਨਾ ਨਹੀਂ ਬਣਾਈ। 27 ਸਾਡਾ ਜਗਵੇਦੀ ਨੂੰ ਉਸਾਰਨ ਦਾ ਨਿਰਣਾ ਇਹ ਦਰਸਾਉਣਾ ਸੀ ਕਿ ਅਸੀਂ ਵੀ ਉਸੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਜਿਸਦੀ ਤੁਸੀਂ ਕਰਦੇ ਹੋ। ਇਹ ਜਗਵੇਦੀ ਤੁਹਾਡੇ ਲਈ ਅਤੇ ਸਾਡੇ ਲਈ ਅਤੇ ਸਾਡੇ ਸਾਰੇ ਭਵਿਖ ਦੇ ਬੱਚਿਆਂ ਲਈ ਇੱਕ ਸਬੂਤ ਹੋਵੇਗਾ ਕਿ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣੀਆਂ ਬਲੀਆਂ, ਅਨਾਜ਼ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾ ਅਰਪਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਵੱਡੇ ਹੋਕੇ ਇਹ ਜਾਨਣ ਕਿ ਅਸੀਂ ਵੀ ਤੁਹਾਡੇ ਵਾਂਗ ਹੀ ਇਸਰਾਏਲ ਦੇ ਲੋਕ ਹਾਂ। 28 ਭਵਿਖ ਵਿੱਚ, ਜੇ ਅਜਿਹਾ ਵਾਪਰੇ ਕਿ ਤੁਹਾਡੇ ਬੱਚੇ ਇਹ ਆਖਣ ਕਿ ਅਸੀਂ ਇਸਰਾਏਲ ਦੇ ਨਹੀਂ ਹਾਂ, ਤਾਂ ਸਾਡੇ ਬੱਚੇ ਆਖ ਸਕਦੇ ਹਨ, ‘ਦੇਖੋ! ਸਾਡੇ ਪੁਰਖਿਆਂ ਨੇ, ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਇੱਕ ਜਗਵੇਦੀ ਬਣਾਈ ਸੀ। ਇਹ ਜਗਵੇਦੀ ਬਿਲਕੁਲ ਯਹੋਵਾਹ ਦੀ ਜਗਵੇਦੀ ਵਰਗੀ ਹੈ (ਜਿਹੜੀ ਪਵਿੱਤਰ ਤੰਬੂ ਵਿਖੇ ਹੈ) ਅਸੀਂ ਇਸ ਜਗਵੇਦੀ ਦੀ ਵਰਤੋਂ ਬਲੀਆਂ ਲਈ ਨਹੀਂ ਕਰਦੇ - ਇਹ ਜਗਵੇਦੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਸਰਾਏਲ ਦਾ ਅੰਗ ਹਾਂ।’ 29 “ਸੱਚਮੁੱਚ, ਅਸੀਂ ਯਹੋਵਾਹ ਦੇ ਵਿਰੁੱਧ ਹੋਣਾ ਨਹੀਂ ਚਾਹੁੰਦੇ। ਅਸੀਂ ਹੁਣ ਉਸਦੇ ਪਿਛੇ ਲੱਗਣ ਤੋਂ ਹਟਣਾ ਨਹੀਂ ਚਾਹੁੰਦੇ। ਅਸੀਂ ਜਾਣਦੇ ਹਾਂ ਕਿ ਸੱਚੀ ਜਗਵੇਦੀ ਸਿਰਫ਼ ਉਹੀ ਹੈ ਜਿਹੜੀ ਪਵਿੱਤਰ ਤੰਬੂ ਦੇ ਸਾਮ੍ਹਣੇ ਹੈ। ਉਹ ਜਗਵੇਦੀ ਯਹੋਵਾਹ ਸਾਡੇ ਪਰਮੇਸ਼ੁਰ ਦੀ ਹੈ।” 30 ਜਾਜਕ ਫ਼ੀਨਹਾਸ ਅਤੇ ਉਸਦੇ ਨਾਲ ਦੇ ਆਗੂਆਂ ਨੇ ਰਊਬੇਨ, ਗਾਦ ਅਤੇ ਮਨਸ਼ਹ ਦੇ ਲੋਕਾਂ ਦੀਆਂ ਆਖੀਆਂ ਹੋਈਆਂ ਇਹ ਗੱਲਾਂ ਸੁਣੀਆਂ। ਉਹ ਸੰਤੁਸ਼ਟ ਹੋ ਗਏ ਕਿ ਇਹ ਲੋਕ ਸੱਚ ਆਖ ਰਹੇ ਸਨ। 31 ਇਸ ਲਈ ਫ਼ੀਨਹਾਸ ਜਾਜਕ ਨੇ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸਦੇ ਵਿਰੁੱਧ ਨਹੀਂ ਹੋਏ। ਅਸੀਂ ਖੁਸ਼ ਹਾਂ ਕਿ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਨਹੀਂ ਮਿਲੇਗੀ।” 32 ਫ਼ੇਰ ਫ਼ੀਨਹਾਸ ਅਤੇ ਆਗੂ ਉਸ ਥਾਂ ਤੋਂ ਚਲੇ ਗਏ ਅਤੇ ਘਰ ਚਲੇ ਗਏ। ਉਨ੍ਹਾਂ ਨੇ ਰਊਬੇਨ ਅਤੇ ਗਾਦ ਦੇ ਲੋਕਾਂ ਨੂੰ ਗਿਲਆਦ ਦੀ ਧਰਤੀ ਉੱਤੇ ਛੱਡ ਦਿੱਤਾ ਅਤੇ ਵਾਪਸ ਕਨਾਨ ਨੂੰ ਚਲੇ ਗਏ। ਉਹ ਇਸਰਾਏਲ ਦੇ ਲੋਕਾਂ ਕੋਲ ਵਾਪਸ ਚਲੇ ਗਏ ਅਤੇ ਉਨਾਂ ਨੂੰ ਜੋ ਕੁਝ ਵਾਪਰਿਆ ਸੀ, ਉਹ ਦੱਸ ਦਿੱਤਾ। 33 ਇਸਰਾਏਲ ਦੇ ਲੋਕਾਂ ਦੀ ਵੀ ਤਸੱਲੀ ਹੋ ਗਈ। ਉਹ ਖੁਸ਼ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਰਊਬੇਨ, ਗਾਦ ਅਤੇ ਮਨਸ਼ਹ ਦੇ ਲੋਕਾਂ ਕੋਲ ਨਾ ਜਾਣ ਅਤੇ ਨਾ ਲੜਨ ਦਾ ਨਿਰਣਾ ਕੀਤਾ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਨਾ ਕਰਨ ਦਾ ਨਿਰਣਾ ਕੀਤਾ ਜਿਥੇ ਉਹ ਲੋਕ ਰਹਿੰਦੇ ਸਨ। 34 ਰਊਬੇਨ ਅਤੇ ਗਾਦ ਦੇ ਲੋਕਾਂ ਨੇ ਜਗਵੇਦੀ ਨੂੰ ਇੱਕ ਨਾਮ ਦੇ ਦਿੱਤਾ। ਉਨ੍ਹਾਂ ਨੇ ਇਸਨੂੰ ਨਾਮ ਦਿੱਤਾ, “ਸਬੂਤ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹੈ।”

23:1 ਯਹੋਵਾਹ ਨੇ ਇਸਰਾਏਲ ਨੂੰ ਉਨ੍ਹਾਂ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਸ਼ਾਂਤੀ ਪ੍ਰਦਾਨ ਕੀਤੀ। ਯਹੋਵਾਹ ਨੇ ਇਸਰਾਏਲ ਨੂੰ ਸੁਰਖਿਅਤ ਬਣਾਇਆ। ਬਹੁਤ ਵਰ੍ਹੇ ਗੁਜ਼ਰ ਗਏ, ਅਤੇ ਯਹੋਸ਼ੁਆ ਬਹੁਤ ਬਿਰਧ ਹੋ ਗਿਆ। 2 ਇਸ ਵੇਲੇ ਯਹੋਸ਼ੁਆ ਨੇ ਸਾਰੇ ਪੁਰਾਣੇ ਆਗੂਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਲੋਕਾਂ ਦੇ ਅਧਿਕਾਰੀਆਂ ਦੀ ਇਕਤ੍ਰ੍ਰਤਾ ਸਦ੍ਦੀ। ਯਹੋਸ਼ੁਆ ਨੇ ਆਖਿਆ, “ਮੈਂ ਬਹੁਤ ਬਿਰਧ ਹੋ ਗਿਆ ਹਾਂ। 3 ਤੁਸੀਂ ਉਹ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ ਨੇ ਸਾਡੇ ਦੁਸ਼ਮਣਾ ਨਾਲ ਕੀਤੀਆਂ ਸਨ। ਉਸਨੇ ਅਜਿਹਾ ਸਾਡੀ ਸਹਾਇਤਾ ਕਰਨ ਲਈ ਕੀਤਾ। ਪਰਮੇਸ਼ੁਰ ਤੁਹਾਡਾ ਯਹੋਵਾਹ ਤੁਹਾਡੇ ਲਈ ਲੜਿਆ। 4 ਯਾਦ ਕਰੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਹਾਡੇ ਲੋਕ ਯਰਦਨ ਨਦੀ ਅਤੇ ਵੱਡੇ ਸਾਗਰ ਵਿਚਲੀ ਧਰਤੀ ਲੈ ਸਕਦੇ ਹਨ। ਮੈਂ ਤੁਹਾਨੂੰ ਉਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ ਪਰ ਤੁਸੀਂ ਹਾਲੇ ਇਸ ਉੱਤੇ ਅਧਿਕਾਰ ਨਹੀਂ ਰਖਦੇ। 5 ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਉਥੇ ਰਹਿਣ ਵਾਲੇ ਬੰਦਿਆਂ ਨੂੰ ਉਹ ਥਾਂ ਛੱਡਣ ਲਈ ਮਜ਼ਬੂਰ ਕਰ ਦੇਵੇਗਾ। ਤੁਸੀਂ ਉਹ ਧਰਤੀ ਹਾਸਿਲ ਕਰ ਲਵੋਂਗੇ। ਯਹੋਵਾਹ ਉਥੇ ਰਹਿਣ ਵਾਲਿਆਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਲਈ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 6 “ਤੁਹਾਨੂੰ ਆਪਣੇ ਫ਼ੈਸਲੇ ਨੂੰ ਮਜ਼ਬੂਤ ਕਰਨਾ ਚਾਹੀਦਾ ਅਤੇ ਉਹ ਸਭ ਕੁਝ ਮੰਨਣਾ ਅਤੇ ਕਰਨਾ ਚਾਹੀਦਾ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। ਉਸ ਬਿਧੀ ਤੋਂ ਸੱਜੇ ਜਾਂ ਖੱਬੇ ਨਾ ਮੁੜੋ। 7 ਹਾਲੇ ਵੀ ਸਾਡੇ ਦਰਮਿਆਨ ਰਹਿਣ ਵਾਲੇ ਕੁਝ ਲੋਕ ਅਜਿਹੇ ਹਨ ਜਿਹੜੇ ਇਸਰਾਏਲ ਦੇ ਲੋਕ ਨਹੀਂ ਹਨ। ਉਹ ਲੋਕ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਦੋਸਤੀ ਨਾ ਕਰੋ। ਉਨ੍ਹਾਂ ਦੇ ਦੇਵਤਿਆਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਦੇ ਨਾਮ ਵੀ ਨਾ ਉਚਾਰੋ ਅਤੇ ਉਨ੍ਹਾਂ ਦੇ ਨਾਵਾਂ ਦੀ ਸਹੁੰ ਨਾ ਖਾਵੋ ਅਤੇ ਉਨ੍ਹਾਂ ਦੀ ਉਪਾਸਨਾ ਜਾਂ ਉਨ੍ਹਾਂ ਦੇ ਅੱਗੇ ਨਾ ਝੁਕੋ। 8 ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਪਿਛੇ ਲੱਗੇ ਰਹਿਣਾ ਚਾਹੀਦਾ ਹੈ। ਤੁਸੀਂ ਅਤੀਤ ਵਿੱਚ ਅਜਿਹਾ ਕੀਤਾ ਸੀ ਅਤੇ ਤੁਹਾਨੂੰ ਚਾਹੀਦਾ ਹੈ ਕਿ ਅਜਿਹਾ ਹੀ ਕਰਦੇ ਰਹੋ। 9 “ਯਹੋਵਾਹ ਨੇ ਬਹੁਤ ਸਾਰੀਆਂ ਮਹਾਨ ਅਤੇ ਤਾਕਤਵਰ ਕੌਮਾਂ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਕੀਤੀ ਸੀ, ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸਕੀ। 10 ਯਹੋਵਾਹ ਦੀ ਸਹਾਇਤਾ ਨਾਲ ਇਸਰਾਏਲ ਦਾ ਇੱਕ ਆਦਮੀ ਦੁਸ਼ਮਣ ਦੇ 1000 ਆਦਮੀਆਂ ਨੂੰ ਹਰਾ ਸਕਦਾ ਸੀ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਲਈ ਲੜਦਾ ਹੈ। ਯਹੋਵਾਹ ਨੇ ਅਜਿਹਾ ਕਰਨ ਦਾ ਇਕਰਾਰ ਕੀਤਾ ਸੀ। 11 ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਦੇ ਰਹੋ। 12 “ਯਹੋਵਾਹ ਦੇ ਪਿਛੇ ਲੱਗਣ ਤੋਂ ਨਾ ਹਟੋ। ਉਨ੍ਹਾਂ ਹੋਰਨਾ ਲੋਕਾਂ ਨਾਲ ਮਿੱਤਰਤਾ ਨਾ ਕਰੋ ਜਿਹੜੇ ਇਸਰਾਏਲ ਦਾ ਅੰਗ ਨਹੀਂ ਹਨ। ਉਨ੍ਹਾਂ ਦੇ ਕਿਸੇ ਬੰਦੇ ਨਾਲ ਵਿਆਹ ਨਾ ਰਚਾਉ। ਪਰ ਜੇ ਤੁਸੀਂ ਇਨ੍ਹਾਂ ਲੋਕਾਂ ਦੇ ਮਿੱਤਰ ਬਣੋਂਗੇ। 13 ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਦੁਸ਼ਮਣਾ ਨੂੰ ਹਰਾਉਣ ਵਿੱਚ ਤੁਹਾਡੀ ਸਹਾਇਤਾ ਨਹੀਂ ਕਰੇਗਾ। ਇਹ ਲੋਕ ਤੁਹਾਡੇ ਲਈ ਇੱਕ ਕੁੜਿਕ੍ਕੀ ਵਰਗੇ ਬਣ ਜਾਣਗੇ। ਉਹ ਤੁਹਾਡੇ ਲਈ ਦੁੱਖ ਦਾ ਕਾਰਣ ਬਣਨਗੇ - ਜਿਵੇਂ ਤੁਹਾਡੀਆਂ ਅਖਾਂ ਵਿੱਚ ਧੂੰਆਂ ਅਤੇ ਘਟ੍ਟਾ ਪੈ ਜਾਂਦਾ ਹੈ। ਅਤੇ ਤੁਹਾਨੂੰ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦਿੱਤੀ ਸੀ। ਪਰ ਜੇ ਤੁਸੀਂ ਇਹ ਆਦੇਸ਼ ਨਹੀਂ ਮੰਨੋਗੇ ਤਾਂ ਤੁਸੀਂ ਇਸਨੂੰ ਗਵਾ ਸਕਦੇ ਹੋ। 14 “ਮੇਰੀ ਮੌਤ ਦਾ ਸਮਾਂ ਹੁਣ ਕਰੀਬ-ਕਰੀਬ ਆ ਗਿਆ ਹੈ। ਤੁਸੀਂ ਜਾਣਦੇ ਹੋ ਕ ਅਤੇ ਸੱਚਮੁੱਚ ਯਕੀਨ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਸਾਰੀਆਂ ਮਹਾਨ ਗੱਲਾਂ ਕੀਤੀਆਂ ਹਨ। ਤੁਸੀਂ ਜਾਣਦੇ ਹੋ ਕਿ ਉਹ ਆਪਣੇ ਕਿਸੇ ਇਕਰਾਰ ਨੂੰ ਪੂਰਾ ਕਰਨ ਵਿੱਚ ਅਸਫ਼ਲ ਨਹੀਂ ਹੋਇਆ। ਯਹੋਵਾਹ ਨੇ ਉਹ ਹਰ ਇਕਰਾਰ ਪੂਰਾ ਕੀਤਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ। 15 ਹਰ ਨੇਕ ਇਕਰਾਰ ਜਿਹੜਾ ਤੁਹਾਡੇ ਯਹੋਵਾਹ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਸੱਚਾ ਸਿਧ ਹੋਇਆ ਹੈ। ਪਰ ਉਸੇ ਤਰ੍ਹਾਂ ਯਹੋਵਾਹ ਆਪਣੇ ਦੂਸਰੇ ਇਕਰਾਰ ਨੂੰ ਵੀ ਪੂਰਾ ਕਰਕੇ ਦਿਖਾਵੇਗਾ। ਉਸਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੰਦਾ ਕਰੋਂਗੇ ਤਾਂ ਤੁਹਾਡੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ, ਉਸਨੇ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਸ ਚੰਗੀ ਧਰਤੀ ਵਿੱਚੋਂ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ ਜਿਹੜੀ ਉਸਨੇ ਤੁਹਾਨੂੰ ਦਿੱਤੀ ਸੀ। 16 ਅਜਿਹਾ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਕੀਤੇ ਇਕਰਾਰਨਾਮੇ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿਉਂਗੇ। ਜੇ ਤੁਸੀਂ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਤਾਂ ਇਹ ਧਰਤੀ ਗਵਾ ਬੈਠੋਂਗੇ। ਤੁਹਾਨੂੰ ਉਨ੍ਹਾਂ ਹੋਰਨਾ ਦੇਵਤਿਆਂ ਦੀ ਉਪਾਸਨਾ ਬਿਲਕੁਲ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਨਾਲ ਬਹੁਤ ਨਾਰਾਜ਼ ਹੋ ਜਾਵੇਗਾ। ਫ਼ੇਰ ਤੁਹਾਨੂੰ ਛੇਤੀ ਹੀ ਇਹ ਚੰਗੀ ਧਰਤੀ ਛੱਡਣ ਲਈ ਮਜ਼ਬੂਰ ਹੋਣਾ ਪਵੇਗਾ ਜਿਹੜੀ ਉਸਨੇ ਤੁਹਾਨੂੰ ਦਿੱਤੀ ਸੀ।”

24:1 ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੀ ਸ਼ਕਮ ਵਿਖੇ ਇਕਤ੍ਰ੍ਰਤਾ ਬੁਲਾਈ। ਫ਼ੇਰ ਯਹੋਸ਼ੁਆ ਨੇ ਬਜ਼ੁਰਗ ਆਗੁਆਂ, ਪਰਿਵਾਰਾਂ ਦੇ ਮੁਖੀਆਂ, ਜੱਜਾਂ ਅਤੇ ਇਸਰਾਏਲ ਦੇ ਅਧਿਕਾਰੀਆਂ ਅਤੇ ਹਾਕਮਾਂ ਅਤੇ ਜਜਾਂ ਨੂੰ ਬੁਲਾਇਆ। ਇਹ ਸਾਰੇ ਆਦਮੀ ਪਰਮੇਸ਼ੁਰ ਦੇ ਸਨਮੁਖ ਖਲੋ ਗਏ। 2 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨਾਲ ਗੱਲ ਕੀਤੀ ਅਤੇ ਆਖਿਆ, “ਮੈਂ ਤੁਹਾਨੂੰ ਉਹੋ ਕੁਝ ਦੱਸ ਰਿਹਾ ਹਾਂ ਜੋ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਤੁਹਾਨੂੰ ਆਖਦਾ ਹੈ: ‘ਬਹੁਤ ਸਮਾਂ ਪਹਿਲਾਂ, ਤੁਹਾਡੇ ਪੁਰਖੇ ਤੇਰਹ, ਅਬਰਾਹਾਮ ਅਤੇ ਨਾਹੋਰ ਦੇ ਪਿਤਾ ਸਮੇਤ ਫ਼ਰਾਤ ਨਦੀ ਦੇ ਪਰਲੇ ਕੰਢੇ ਰਹਿੰਦੇ ਸਨ। ਉਨ੍ਹਾਂ ਨੇ ਹੋਰਨਾ ਦੇਵਤਿਆਂ ਦੀ ਉਪਾਸਨਾ ਕੀਤੀ। 3 ਪਰ ਮੈਂ, ਯਹੋਵਾਹ ਨੇ ਤੁਹਾਡੇ ਪੁਰਖੇ ਅਬਰਾਹਾਮ ਨੂੰ ਨਦੀ ਦੇ ਪਰਲੇ ਕੰਢੇ ਦੀ ਧਰਤੀ ਤੋਂ ਕਢਿਆ। ਮੈਂ ਉਸਦੀ ਕਨਾਨ ਦੀ ਧਰਤੀ ਵਿੱਚ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਉਲਾਦ ਦਾ ਵਰ ਦਿੱਤਾ। ਮੈਂ ਅਬਰਾਹਾਮ ਨੂੰ ਉਸਦਾ ਪੁੱਤਰ ਇਸਹਾਕ ਦਿੱਤਾ। 4 ਅਤੇ ਮੈਂ ਇਸਹਾਕ ਨੂੰ ਯਾਕੂਬ ਅਤੇ ਏਸਾਓ ਨਾਮ ਦੇ ਦੋ ਪੁੱਤਰ ਦਿੱਤੇ। ਏਸਾਓ ਨੂੰ ਮੈਂ ਸੇਈਰ ਦੇ ਪਰਬਤਾਂ ਦੇ ਦੁਆਲੇ ਦੀ ਧਰਤੀ ਦਿੱਤੀ ਯਾਕੂਬ ਅਤੇ ਉਸਦੇ ਪੁੱਤਰ ਉਥੇ ਨਹੀਂ ਰਹੇ। ਉਹ ਮਿਸਰ ਦੀ ਧਰਤੀ ਉੱਤੇ ਰਹਿਣ ਲਈ ਚਲੇ ਗਏ। 5 “‘ਫ਼ੇਰ ਮੈਂ ਮੁਸਾ ਅਤੇ ਹਾਰੂਨ ਨੂੰ ਮਿਸਰ ਭੇਜਿਆ। ਮੈਂ ਚਾਹੁੰਦਾ ਸੀ ਕਿ ਉਹ ਮੇਰੇ ਬੰਦਿਆਂ ਨੂੰ ਮਿਸਰ ਵਿੱਚੋਂ ਬਾਹਰ ਲੈ ਆਉਣ। ਮੈਂ ਮਿਸਰ ਦੇ ਲੋਕਾਂ ਲਈ ਬਹੁਤ ਆਫ਼ਤਾਂ ਭੇਜੀਆਂ। ਫ਼ੇਰ ਮੈਂ ਤੁਹਾਡੇ ਬੰਦਿਆਂ ਨੂੰ ਮਿਸਰ ਤੋਂ ਬਾਹਰ ਲੈ ਆਇਆ। 6 ਇਸ ਤਰ੍ਹਾਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਂਦਾ। ਉਹ ਲਾਲ ਸਾਗਰ ਵੱਲ ਆ ਗਏ, ਅਤੇ ਮਿਸਰ ਦੇ ਲੋਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਉਥੇ ਰਥ ਅਤੇ ਘੋੜ ਸਵਾਰ ਸਨ। 7 ਇਸ ਲਈ ਲੋਕਾਂ ਨੇ ਮੈਨੂੰ, ਯਹੋਵਾਹ ਨੂੰ, ਸਹਾਇਤਾ ਲਈ ਪੁਕਾਰਿਆ। ਅਤੇ ਮੈਂ ਮਿਸਰ ਦੇ ਲੋਕਾਂ ਉੱਪਰ ਬਹੁਤ ਮੁਸੀਬਤਾਂ ਭੇਜੀਆਂ। ਮੈਂ, ਯਹੋਵਾਹ ਨੇ, ਸਮੁੰਦਰ ਦੇ ਪਾਣੀ ਨਾਲ ਉਨ੍ਹਾਂ ਨੂੰ ਢਕ ਦਿੱਤਾ। ਤੁਸੀਂ ਖੁਦ ਦੇਖਿਆ ਸੀ ਕਿ ਮੈਂ ਮਿਸਰ ਦੀ ਫ਼ੌਜ ਨਾਲ ਕੀ ਕੁਝ ਕੀਤਾ।“‘ਉਸਤੋਂ ਮਗਰੋਂ, ਤੁਸੀਂ ਬਹੁਤ ਸਮੇਂ ਤੱਕ ਮਾਰੂਥਲ ਵਿੱਚ ਰਹੇ। 8 ਫ਼ੇਰ ਮੈਂ ਤੁਹਾਨੂੰ ਅਮੋਰੀ ਲੋਕਾਂ ਦੀ ਧਰਤੀ ਉੱਤੇ ਲੈ ਆਂਦਾ। ਇਹ ਯਰਦਨ ਨਦੀ ਦੇ ਪੂਰਬ ਵੱਲ ਸੀ। ਉਹ ਲੋਕ ਤੁਹਾਡੇ ਖ਼ਿਲਾਫ਼ ਲੜੇ, ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਨੂੰ ਹਰਾ ਦਿਉ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦੀ ਤਾਕਤ ਦਿੱਤੀ। ਫ਼ੇਰ ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ। 9 “‘ਫ਼ੇਰ ਮੋਆਬ ਦੇ ਰਾਜੇ, ਸਿਫ਼ੋਹ ਦੇ ਪੁੱਤਰ, ਬਾਲਾਕ ਨੇ ਇਸਰਾਏਲ ਦੇ ਲੋਕਾਂ ਨਾਲ ਲੜਨ ਦੀ ਤਿਆਰੀ ਕੀਤੀ। ਰਾਜੇ ਨੇ ਬਓਰ ਦੇ ਪੁੱਤਰ, ਬਿਲਆਮ, ਨੂੰ ਸਦਿਆ। ਉਸਨੇ ਬਿਲਆਮ ਨੂੰ ਆਖਿਆ ਕਿ ਤੁਹਾਨੂੰ ਸਰਾਪ ਦੇਵੇ। 10 ਪਰ ਮੈਂ, ਯਹੋਵਾਹ ਨੇ, ਬਿਲਆਮ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਬਿਲਆਮ ਨੇ ਤੁਹਾਨੂੰ ਵਰ ਦਿੱਤਾ ਉਸਨੇ ਕਈ ਵਾਰੀ ਤੁਹਾਨੂੰ ਅਸੀਸ ਦਿੱਤੀ। ਮੈਂ ਤੁਹਾਨੂੰ ਬਚਾਇਆ ਅਤੇ ਮੁਸੀਬਤ ਵਿੱਚੋਂ ਬਾਹਰ ਕਢਿਆ। 11 “‘ਫ਼ੇਰ ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਸ਼ਹਿਰ ਨੂੰ ਚਲੇ ਗਏ ਯਰੀਹੋ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਲੜਾਈ ਕੀਤੀ। ਅਮੋਰੀ, ਫ਼ਰਿਜ਼ੀ, ਕ੍ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਲੋਕ ਵੀ ਤੁਹਾਡੇ ਨਾਲ ਲੜੇ। ਪਰ ਮੈਂ ਤੁਹਾਨੂੰ ਇਜਾਜ਼ਤ ਦਿੱਤੀ ਕਿ ਉਨ੍ਹਾਂ ਸਾਰਿਆਂ ਨੂੰ ਹਰਾ ਦਿਉ। 12 ਜਦੋਂ ਤੁਹਾਡੀ ਫ਼ੌਜ ਅੱਗੇ ਜਾ ਰਹੀ ਸੀ ਮੈਂ ਉਨ੍ਹਾਂ ਦੇ ਅੱਗੇ-ਅੱਗੇ ਹਾਰਨੇਟ (ਭ੍ਰਿਂਡਾਂ) ਨੂੰ ਭੇਜਿਆ। ਭ੍ਰਿਂਡਾਂ ਨੇ ਲੋਕਾਂ ਨੂੰ ਭਜਾ ਦਿੱਤਾ। ਇਸ ਲਈ ਤੁਸੀਂ ਆਪਣੀਆਂ ਤਲਵਾਰਾਂ ਅਤੇ ਤੀਰ ਕਮਾਨਾ ਦੀ ਵਰਤੋਂ ਕਰਨ ਤੋਂ ਬਗੈਰ ਹੀ ਧਰਤੀ ਉੱਤੇ ਕਬਜ਼ਾ ਕਰ ਲਿਆ। 13 “‘ਮੈਂ, ਯਹੋਵਾਹ ਨੇ, ਤੁਹਾਨੂੰ ਉਹ ਧਰਤੀ ਦਿੱਤੀ! ਤੁਸੀਂ ਉਸ ਧਰਤੀ ਲਈ ਮਿਹਨਤ ਨਹੀਂ ਕੀਤੀ ਸੀ - ਇਹ ਤੁਹਾਨੂੰ ਮੈਂ ਦਿੱਤੀ ਸੀ! ਤੁਸੀਂ ਉਨ੍ਹਾਂ ਸ਼ਹਿਰਾਂ ਨੂੰ ਨਹੀਂ ਸੀ ਉਸਾਰਿਆ - ਇਹ ਤੁਹਾਨੂੰ ਮੈਂ ਦਿੱਤੇ ਸਨ। ਅਤੇ ਹੁਣ ਤੁਸੀਂ ਉਸ ਧਰਤੀ ਅਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਹੋ। ਤੁਹਾਡੇ ਕੋਲ ਅੰਗੂਰਾਂ ਦੀਆਂ ਵੇਲਾਂ ਅਤੇ ਜ਼ੈਤੂਨ ਦੇ ਰੁਖਾਂ ਦੇ ਬਾਗ ਹਨ, ਪਰ ਉਨ੍ਹਾਂ ਬਾਗਾਂ ਨੂੰ ਤੁਸੀਂ ਨਹੀਂ ਸੀ ਲਗਾਇਆ।’” 14 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਹੁਣ ਤੁਸੀਂ ਯਹੋਵਾਹ ਦੇ ਸ਼ਬਦ ਸੁਣ ਲਈ ਹਨ। ਇਸ ਲਈ ਤੁਹਾਨੂੰ ਯਹੋਵਾਹ ਦਾ ਆਦਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਸਦੀ ਸੱਚੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਝੂਠੇ ਦੇਵਤਿਆਂ ਨੂੰ ਸੁੱਟ ਦਿਉ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਇਹ ਗੱਲ ਅਜਿਹੀ ਸੀ ਜਿਹੜੀ ਬਹੁਤ ਸਮਾਂ ਪਹਿਲਾਂ ਮਿਸਰ ਵਿੱਚ ਫ਼ਰਾਤ ਨਦੀ ਦੇ ਪਰਲੇ ਕੰਢੇ ਵਾਪਰੀ ਸੀ। ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ। 15 “ਪਰ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸ਼ਾਇਦ ਤੁਸੀਂ ਯਹੋਵਾਹ ਦੀ ਸੇਵਾ ਨਹੀਂ ਕਰਨਾ ਚਾਹੁੰਦੇ। ਤੁਹਾਨੂੰ ਅੱਜ ਆਪਣੇ ਲਈ ਅਵੱਸ਼ ਚੋਣ ਕਰਨੀ ਚਾਹੀਦੀ ਹੈ। ਅੱਜ ਤੁਹਾਨੂੰ ਇਹ ਨਿਰਣਾ ਕਰਨਾ ਪਵੇਗਾ ਕਿ ਤੁਸੀਂ ਕਿਸਦੀ ਸੇਵਾ ਕਰੋਂਗੇ। ਕੀ ਤੁਸੀਂ ਉਨ੍ਹਾਂ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ ਜਦੋਂ ਉਹ ਫ਼ਰਾਤ ਨਦੀ ਦੇ ਪਰਲੇ ਪਾਸੇ ਰਹਿੰਦੇ ਸਨ? ਜਾਂ ਕੀ ਤੁਸੀਂ ਅਮੋਰੀ ਲੋਕਾਂ ਦੇ ਦੇਵਤਿਆਂ ਦੀ ਸੇਵਾ ਕਰੋਂਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ? ਤੁਹਾਨੂੰ ਇਹ ਚੋਣ ਖੁਦ ਕਰਨੀ ਪਵੇਗੀ। ਪਰ ਜਿਥੋਂ ਤੱਕ ਮੇਰਾ ਅਤੇ ਮੇਰੇ ਪਰਿਵਾਰ ਦਾ ਸੰਬੰਧ ਹੈ, ਅਸੀਂ ਤਾਂ ਯਹੋਵਾਹ ਦੀ ਸੇਵਾ ਕਰਾਂਗੇ!” 16 ਫ਼ੇਰ ਲੋਕਾਂ ਨੇ ਉੱਤਰ ਦਿੱਤਾ, “ਅਸੀਂ ਕਦੇ ਵੀ ਯਹੋਵਾਹ ਦੇ ਪਿਛੇ ਲੱਗਣ ਤੋਂ ਨਹੀਂ ਹਟਾਂਗੇ। ਅਸੀਂ ਕਦੇ ਵੀ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਾਂਗੇ! 17 ਅਸੀਂ ਜਾਣਦੇ ਹਾਂ ਕਿ ਇਹ ਯਹੋਵਾਹ ਪਰਮੇਸ਼ੁਰ ਹੀ ਸੀ ਜਿਸਨੇ ਸਾਡੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਸੀ। ਅਸੀਂ ਉਸ ਧਰਤੀ ਉੱਤੇ ਗੁਲਾਮ ਸਾਂ। ਪਰ ਯਹੋਵਾਹ ਨੇ ਉਥੇ ਸਾਡੇ ਲਈ ਮਹਾਨ ਗੱਲਾਂ ਕੀਤੀਆਂ। ਉਹ ਸਾਨੂੰ ਉਸ ਧਰਤੀ ਤੋਂ ਬਾਹਰ ਲੈ ਆਇਆ ਅਤੇ ਜਦੋਂ ਹੋਰਨਾਂ ਧਰਤੀਆਂ ਵਿੱਚੋਂ ਲੰਘ ਰਹੇ ਸਾਂ ਉਸਨੇ ਸਾਡੀ ਰੱਖਿਆ ਕੀਤੀ। 18 ਯਹੋਵਾਹ ਨੇ ਇਨ੍ਹਾਂ ਧਰਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ। ਯਹੋਵਾਹ ਨੇ ਅਮੋਰੀ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਸਨ ਜਿਥੇ ਅਸੀਂ ਹੁਣ ਹਾਂ। ਇਸ ਲਈ ਅਸੀਂ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ। ਕਿਉਂਕਿ ਉਹ ਸਾਡਾ ਪਰਮੇਸ਼ੁਰ ਹੈ।” 19 ਫ਼ੇਰ ਯਹੋਸ਼ੁਆ ਨੇ ਆਖਿਆ, “ਇਹ ਸੱਚ ਨਹੀਂ ਹੈ। ਤੁਸੀਂ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੇ ਯੋਗ ਨਹੀਂ ਹੋਵੋਂਗੇ। ਯਹੋਵਾਹ ਪਰਮੇਸ਼ੁਰ ਪਵਿੱਤਰ ਹੈ ਅਤੇ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ ਜੇ ਤੁਸੀਂ ਇਸ ਤਰ੍ਹਾਂ ਉਸਦੇ ਵਿਰੁੱਧ ਹੋ ਜਾਵੋਂਗੇ। 20 ਪਰ ਤੁਸੀਂ ਯਹੋਵਾਹ ਨੂੰ ਛੱਡ ਦਿਉਂਗੇ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕਰੋਂਗੇ। ਅਤੇ ਯਹੋਵਾਹ ਤੁਹਾਡੇ ਉੱਤੇ ਭਿਆਨਕ ਆਫ਼ਤਾਂ ਭੇਜੇਗਾ। ਯਹੋਵਾਹ ਤੁਹਾਨੂੰ ਤਬਾਹ ਕਰ ਦੇਵੇਗਾ। ਯਹੋਵਾਹ ਪਰਮੇਸ਼ੁਰ ਤੁਹਾਡੇ ਨਾਲ ਚੰਗਿਆਈ ਕਰਦਾ ਰਿਹਾ ਹੈ। ਪਰ ਜੇ ਤੁਸੀਂ ਉਸਦੇ ਖਿਲਾਫ਼ ਹੋ ਗਏ ਤਾਂ ਉਹ ਤੁਹਾਨੂੰ ਤਬਾਹ ਕਰ ਦੇਵੇਗਾ।” 21 ਪਰ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, “ਨਹੀਂ! ਅਸੀਂ ਯਹੋਵਾਹ ਦੀ ਸੇਵਾ ਕਰਾਂਗੇ।” 22 ਫ਼ੇਰ ਯਹੋਸ਼ੁਆ ਨੇ ਆਖਿਆ, “ਆਪਣੇ ਵੱਲ ਆਲੇ-ਦੁਆਲੇ ਅਤੇ ਇੱਥੇ ਆਪਣੇ ਨਾਲ ਦੇ ਲੋਕਾਂ ਵੱਲ ਵੇਖੋ। ਕੀ ਤੁਸੀਂ ਸਾਰੇ ਜਾਣਦੇ ਹੋ ਅਤੇ ਮੰਨਦੇ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ! ਕੀ ਤੁਸੀਂ ਇਸ ਗੱਲ ਦੇ ਗਵਾਹ ਹੋ?”ਲੋਕਾਂ ਨੇ ਉੱਤਰ ਦਿੱਤਾ ਹਾਂ ਇਹ ਸੱਚ ਹੈ ਅਸੀਂ ਸਾਰੇ ਇਹ ਦੇਖਦੇ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਨ ਦੀ ਚੋਣ ਕੀਤੀ ਹੈ। 23 ਫ਼ੇਰ ਯਹੋਸ਼ੁਆ ਨੇ ਆਖਿਆ, “ਇਸ ਲਈ ਉਨ੍ਹਾਂ ਝੂਠੇ ਦੇਵਤਿਆਂ ਨੂੰ ਪਰਾਂਹ ਸੁੱਟ ਦਿਉ ਜਿਹੜੇ ਤੁਹਾਡੇ ਕੋਲ ਹਨ। ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰੋ।” 24 ਫ਼ੇਰ ਲੋਕਾਂ ਨੇ ਯਹੋਸ਼ੁਆ ਨੂਮ ਆਖਿਆ, “ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਾਂਗੇ। ਅਸੀਂ ਉਸਦਾ ਹੁਕਮ ਮੰਨਾਂਗੇ।” 25 ਇਸ ਲਈ ਉਸ ਦਿਨ ਯਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਕੀਤਾ। ਯਹੋਸ਼ੁਆ ਨੇ ਇਹ ਨੇਮ ਸ਼ਕਮ ਨਾਮ ਦੇ ਕਸਬੇ ਵਿਖੇ ਕੀਤਾ। ਇਹ ਉਨ੍ਹਾਂ ਲਈ ਕਾਨੂੰਨ ਬਣ ਗਿਆ। 26 ਯਹੋਸ਼ੁਆ ਨੇ ਇਨ੍ਹਾਂ ਗੱਲਾਂ ਨੂੰ ‘ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ’ ਵਿੱਚ ਲਿਖ ਦਿੱਤਾ। ਫ਼ੇਰ ਯਹੋਸ਼ੁਆ ਨੇ ਇੱਕ ਵੱਡਾ ਪੱਥਰ ਲਭਿਆ। ਇਹ ਪੱਥਰ ਇਸ ਇਕਰਾਰਨਾਮੇ ਦਾ ਸਬੂਤ ਸੀ। ਉਸਨੇ ਉਸ ਪੱਥਰ ਨੂੰ ਯਹੋਵਾਹ ਦੇ ਪਵਿੱਤਰ ਤੰਬੂ ਦੇ ਨੇੜੇ ਓਕ ਦੇ ਰੁਖ ਹੇਠਾਂ ਰੱਖ ਦਿੱਤਾ। 27 ਫ਼ੇਰ ਯਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, “ਇਹ ਪੱਥਰ ਤੁਹਾਨੂੰ ਉਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਸਹਾਇਤਾ ਦੇਵੇਗਾ ਜਿਹੜੀਆਂ ਅਸੀਂ ਅੱਜ ਆਖੀਆਂ। ਜਦੋਂ ਅੱਜ ਯਹੋਵਾਹ ਸਾਡੇ ਨਾਲ ਗੱਲ ਕਰ ਰਿਹਾ ਸੀ ਇਹ ਪੱਥਰ ਇੱਥੇ ਹੀ ਸੀ। ਇਸ ਲਈ ਇਹ ਪੱਥਰ ਅਜਿਹੀ ਸ਼ੈਅ ਹੋਵੇਗਾ ਜਿਹੜੀ ਤੁਹਾਨੂੰ ਇਹ ਯਾਦ ਕਰਨ ਵਿੱਚ ਸਹਾਈ ਹੋਵੇਗੀ ਕਿ ਅੱਜ ਕੀ ਵਾਪਰਿਆ। ਇਹ ਪੱਥਰ ਤੁਹਾਡੇ ਖਿਲਾਫ਼ ਇੱਕ ਪ੍ਰਮਾਣ ਹੋਵੇਗਾ। ਇਹ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਹੋਣ ਤੋਂ ਰੋਕੇਗਾ।” 28 ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਘਰ ਚਲੇ ਜਾਣ ਲਈ ਆਖਿਆ। ਇਸ ਲਈ ਹਰ ਕੋਈ ਆਪਣੇ ਘਰ ਆਪਣੀ ਧਰਤੀ ਉੱਤੇ ਚਲਾ ਗਿਆ। 29 ਉਸਤੋਂ ਮਗਰੋਂ ਨੂਨ ਦਾ ਪੁੱਤਰ ਯਹੋਸ਼ੁਆ ਮਰ ਗਿਆ। ਯਹੋਸ਼ੁਆ 110 ਵਰ੍ਹੇ ਦਾ ਸੀ। 30 ਯਹੋਸ਼ੁਆ ਨੂੰ ਉਸਦੀ ਆਪਣੀ ਧਰਤੀ ਉੱਤੇ ਤਿਮਨਥ ਸਰਹ ਵਿਖੇ ਦਫ਼ਨਾਇਆ ਗਿਆ। ਇਹ ਗਆਸ਼ ਪਰਬਤ ਦੇ ਉੱਤਰ ਵੱਲ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸੀ। 31 ਇਸਰਾਏਲ ਦੇ ਲੋਕਾਂ ਨੇ ਉਸ ਸਮੇਂ ਦੌਰਾਨ ਯਹੋਵਾਹ ਦੀ ਸੇਵਾ ਕੀਤੀ ਸੀ ਜਦੋਂ ਯਹੋਸ਼ੁਆ ਜਿਉਂਦਾ ਸੀ। ਅਤੇ ਯਹੋਸ਼ੁਆ ਦੇ ਦੇਹਾਂਤ ਤੋਂ ਬਾਦ, ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ। ਲੋਕ ਯਹੋਵਾਹ ਦੀ ਸੇਵਾ ਕਰਦੇ ਰਹੇ ਜਦੋਂ ਤੀਕ ਉਨ੍ਹਾਂ ਦੇ ਆਗੂ ਜਿਉਂਦੇ ਸਨ। ਇਹ ਉਹ ਆਗੂ ਸਨ ਜਿਨ੍ਹਾਂ ਨੇ ਉਹ ਗੱਲਾਂ ਦੇਖੀਆਂ ਸਨ ਜਿਹੜੀਆਂ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਸਨ। 32 ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਆਪਣੇ ਨਾਲ ਯੂਸੁਫ਼ ਦੀਆਂ ਅਸਥੀਆਂ ਲੈ ਆਏ। ਇਸ ਲਈ ਲੋਕਾਂ ਨੇ ਯੂਸੁਫ਼ ਦੀਆਂ ਅਸਥੀਆਂ ਨੂੰ ਸ਼ਕਮ ਵਿਖੇ ਦਫ਼ਨਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਅਸਥੀਆਂ ਨੂੰ ਉਸ ਜ਼ਮੀਨ ਵਿੱਚ ਦਫ਼ਨਾਇਆ ਜਿਹੜੀ ਯਾਕੂਬ ਨੇ ਹਮੋਰ ਦੇ ਪੁੱਤਰਾਂ ਪਾਸੋਂ ਖਰੀਦੀ ਸੀ ਜਿਹੜਾ ਸ਼ਕਮ ਨਾਮ ਦੇ ਬੰਦੇ ਦਾ ਪਿਤਾ ਸੀ। ਯਾਕੂਬ ਨੇ ਇਹ ਧਰਤੀ ਚਾਂਦੀ ਦੇ 100 ਸਿਕਿਆਂ ਬ੍ਬਦਲੇ ਖਰੀਦੀ ਸੀ। ਇਹ ਧਰਤੀ ਯੂਸੁਫ਼ ਦੀ ਸੰਤਾਨ ਦੀ ਮਾਲਕੀ ਹੇਠਾਂ ਸੀ। 33 ਹਾਰੂਨ ਦਾ ਪੁੱਤਰ, ਅਲਆਜ਼ਾਰ ਮਰ ਗਿਆ ਅਤੇ ਉਸਨੂੰ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਗਿਬੀਹ ਵਿਖੇ ਦਫ਼ਨਾਇਆ ਗਿਆ। ਗਿਬੀਹ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਦਿੱਤਾ ਗਿਆ ਸੀ।