Luke

1:1 ਪਿਆਰੇ ਥਿਉਫ਼ਿਲੁਸ,ਜੋ ਘਟਨਾਵਾਂ ਸਾਡੇ ਦਰਮਿਆਨ ਵਾਪਰੀਆਂ ਹਨ, ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ। 2 ਜੋ ਕੁਝ ਅਸੀਂ ਦੂਜਿਆਂ ਕੋਲੋਂ ਸਿਖਿਆ ਉਨ੍ਹਾਂ ਨੇ ਵੀ ਉਹੀ ਗੱਲਾਂ ਲਿਖੀਆਂ ਹਨ। ਇਹ ਉਨ੍ਹਾਂ ਵੱਲੋਂ ਹੈ ਜਿਨ੍ਹਾਂ ਨੇ ਮੁਢੋਂ ਹੀ ਇਹ ਵਾਪਰਦਿਆਂ ਆਪਣੀ ਅਖੀਂ ਵੇਖਿਆ ਅਤੇ ਜਿਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾ ਕੇ ਪ੍ਰਭੂ ਦੀ ਸੇਵਾ ਕੀਤੀ। 3 ਮਾਣ ਯੋਗ ਥਿਉਫ਼ਿਲੁਸ, ਕਿਉਂਕਿ ਮੈਂ ਮੁਢ ਤੋਂ ਹੀ ਇਸ ਸਭ ਕਾਸੇ ਦਾ ਬੜੇ ਧਿਆਨ ਨਾਲ ਅਧਿਐਨ ਕੀਤਾ ਹੈ, ਇਸ ਲਈ ਮੈਂ ਮਹਿਸੂਸ ਕੀਤਾ ਕਿ ਮੈਂ ਤੈਨੂੰ ਇਹ ਸਭ ਕਰਮਵਾਰ ਦੱਸਾਂ ਕਿ ਇਹ ਕਿਵੇਂ ਵਾਪਰਿਆ। 4 ਤਾਂ ਜੋ ਤੁਸੀਂ ਜਾਣ ਸਕੋਂ ਕਿ ਤੁਹਾਨੂੰ ਜੋ ਕੁਝ ਵੀ ਸਿਖਾਇਆ ਗਿਆ ਹੈ ਉਹ ਸਭ ਸੱਚ ਹੈ। 5 ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਆਰੋਨ ਦੇ ਖਾਨਦਾਨ ਵਿੱਚੋਂ ਸੀ। 6 ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬੜੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ। 7 ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ। 8 ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ। 9 ਜਦੋਂ ਉਸਦੇ ਸਮੂਹ ਦੀ ਵਾਰੀ ਆਈ, ਤਾਂ ਉਸਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ। 10 ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕਠ੍ਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ। 11 ਤਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ। 12 ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸਨੂੰ ਘੇਰ ਲਿਆ। 13 ਫ਼ੇਰ ਪ੍ਰਭੂ ਦੇ ਦੂਤ ਨੇ ਉਸਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪ੍ਰਭੂ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ। 14 ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਆਮਦ ਤੇ ਖੁਸ਼ ਹੋਣਗੇ। 15 ਕਿਉਂਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ। 16 “ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ। 17 ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸਦੇ ਬਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।” 18 ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁਢੇ ਹੋ ਗਏ ਹਾਂ।” 19 ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਮ੍ਹਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼-ਖਬਰੀ ਦੱਸਣ ਲਈ ਭੇਜਿਆ ਗਿਆ ਹੈ। 20 ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।” 21 ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ। 22 ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸਕਿਆ। ਉਸਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸਕਿਆ। 23 ਜਦੋਂ ਉਸਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁੜ ਆਇਆ। 24 ਫ਼ਿਰ ਕੁਝ ਦਿਨਾਂ ਪਿਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸਨੇ ਆਖਿਆ, 25 “ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।” 26 ਜਦੋਂ ਇਲੀਸਬਤ ਗਰਭ ਅਵਸਥਾ ਦੇ ਛੇਵੇਂ ਮਹੀਨੇ ਵਿੱਚ ਸੀ ਤਾਂ ਜ਼ਿਬਰਾਏਲ ਦੂਤ ਨੂੰ ਪਰਮੇਸ਼ੁਰ ਦੇ ਵੱਲੋਂ ਨਾਸਰਤ ਨਾਮੀ ਗਲੀਲ ਦੇ ਇੱਕ ਨਗਰ ਦੇ ਵਿੱਚ ਇੱਕ ਕੁਆਰੀ ਕੁੜੀ ਕੋਲ ਭੇਜਿਆ ਗਿਆ। ਉਸ ਕੁੜੀ ਦੀ ਦਾਊਦ ਦੇ ਪਰਿਵਾਰ ਵਿੱਚੋਂ ਯੂਸੁਫ਼ ਨਾਉਂ ਦੇ ਇੱਕ ਆਦਮੀ ਨਾਲ ਕੁੜਮਾਈ ਹੋਈ ਸੀ, ਅਤੇ ਉਸ ਕੁੜੀ ਦਾ ਨਾਮ ਮਰਿਯਮ ਸੀ। 27 28 ਦੂਤ ਉਸ ਕੁੜੀ ਕੋਲ ਆਇਆ ਅਤੇ ਆਖਿਆ, “ਮੁਬਾਰਕ ਹੋਵੇ! ਪ੍ਰਭੂ ਤੇਰੇ ਨਾਲ ਹੈ ਅਤੇ ਤੇਰੇ ਤੇ ਪ੍ਰਭੂ ਨੇ ਆਪਣੀ ਕਿਰਪਾ ਵਿਖਾਈ ਹੈ।” 29 ਜਦੋਂ ਉਸਨੇ ਦੂਤ ਦੇ ਸ਼ਬਦ ਸੁਣੇ, ਉਹ ਪਰੇਸ਼ਾਨ ਹੋ ਗਈ ਅਤੇ ਘਬਰਾ ਗਈ। ਉਹ ਸੋਚਣ ਲੱਗੀ, “ਇਸ ਸ਼ੁਭਕਾਮਨਾ ਦਾ ਕੀ ਅਰਥ ਹੋਇਆ।” 30 ਦੂਤ ਨੇ ਉਸਨੂੰ ਆਖਿਆ, “ਮਰਿਯਮ, ਤੂੰ ਘਬਰਾ ਨਾ, ਕਿਉਂਕਿ ਪ੍ਰਭੂ ਤੇਰੇ ਤੇ ਬੜਾ ਪ੍ਰਸੰਨ ਹੈ। 31 ਅਤੇ ਵੇਖ! ਤੂੰ ਗਰਭਵਤੀ ਹੋਵੇਂਗੀ, ਅਤੇ ਇੱਕ ਪੁੱਤਰ ਪੈਦਾ ਕਰੇਂਗੀ ਅਤੇ ਉਸਦਾ ਨਾਉਂ ਯਿਸੂ ਰੱਖਣਾ। 32 ਉਹ ਮਹਾਨ ਹੋਵੇਗਾ ਅਤੇ ਲੋਕ ਉਸਨੂੰ ਅੱਤ ਉਚ੍ਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸਦੇ ਪਿਤਾ ਦਾਊਦ ਦਾ ਤਖਤ ਉਸਨੂੰ ਦੇਵੇਗਾ। 33 ਉਹ ਹਮੇਸ਼ਾ ਲਈ ਇਸਰਾਏਲੀਆਂ ਤੇ ਹਕੂਮਤ ਕਰੇਗਾ ਅਤੇ ਉਸਦਾ ਰਾਜ ਕਦੀ ਵੀ ਖਤਮ ਨਹੀਂ ਹੋਵੇਗਾ।” 34 ਤਾਂ ਮਰਿਯਮ ਨੇ ਦੂਤ ਨੂੰ ਪੁੱਛਿਆ, “ਇਹ ਕਿਵੇਂ ਵਾਪਰੇਗਾ? ਮੈਂ ਤਾਂ ਅਜੇ ਕੁਆਰੀ ਹਾਂ!” 35 ਦੂਤ ਨੇ ਮਰਿਯਮ ਨੂੰ ਕਿਹਾ, “ਪਵਿੱਤਰ ਆਤਮਾ ਤੇਰੇ ਕੋਲ ਆਵੇਗਾ ਅਤੇ ਅੱਤ ਉਚ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਪਰ ਆਪਣੀ ਪਰਛਾਈ ਢਾਲੇਗੀ ਅਤੇ ਇਸ ਲਈ ਜਿਹੜਾ ਪਵਿੱਤਰ ਬਾਲਕ ਪੈਦਾ ਹੋਣ ਵਾਲਾ ਹੈ, ਪਰਮੇਸ਼ੁਰ ਦਾ ਪੁੱਤਰ ਕਹਾਵੇਗਾ। 36 ਅਤੇ ਸੁਣ, ਤੇਰੀ ਰਿਸ਼ਤੇਦਾਰ ਇਲੀਸਬਤ ਵੀ ਗਰਭਵਤੀ ਹੈ। ਭਾਵੇਂ ਉਹ ਬੜੀ ਬੁਢੀ ਹੈ ਪਰ ਉਸਨੂੰ ਬੱਚਾ ਹੋਣ ਵਾਲਾ ਹੈ। ਇਹ ਔਰਤ, ਜਿਸਨੂੰ ਲੋਕ ਬਾਂਝ ਆਖਦੇ ਸਨ, ਇਸਨੂੰ ਗਰਭਵਤੀ ਹੋਈ ਨੂੰ ਛੇ ਮਹੀਨੇ ਹੋ ਗਏ ਹਨ! 37 ਕਿਉਂਕਿ ਪਰਮੇਸ਼ੁਰ ਲਈ ਕੁਝ ਵੀ ਅਸੰਭਵ ਨਹੀਂ ਹੈ।” 38 ਮਰਿਯਮ ਨੇ ਕਿਹਾ, “ਮੈਂ ਤਾਂ ਪ੍ਰਭੂ ਦੀ ਦਾਸੀ ਹਾਂ ਸੋ ਮੇਰੇ ਨਾਲ ਸਭ ਤੇਰੇ ਕਹੇ ਅਨੁਸਾਰ ਹੀ ਵਾਪਰੇ!” ਤਦ ਦੂਤ ਉਸ ਪਾਸੋਂ ਚਲਾ ਗਿਆ। 39 ਮਰਿਯਮ ਤਿਆਰ ਹੋਈ ਅਤੇ ਛੇਤੀ ਹੀ ਯਹੂਦਿਯਾ ਦੇ ਪਹਾੜੀ ਇਲਾਕੇ ਦੇ ਇੱਕ ਨਗਰ ਨੂੰ ਗਈ। 40 ਫ਼ਿਰ ਉਹ ਜ਼ਕਰਯਾਹ ਦੇ ਘਰ ਜਾ ਵੜੀ ਅਤੇ ਇਲੀਸਬਤ ਨੂੰ ਸਲਾਮ ਕੀਤਾ। 41 ਜਦੋਂ ਇਲੀਸਬਤ ਨੇ ਮਰਿਯਮ ਦੀਆਂ ਸ਼ੁਭਕਾਮਨਾਵਾਂ ਸੁਣੀਆਂ ਤਾਂ ਉਸਦੀ ਕੁਖ ਵਿੱਚ ਬੱਚਾ ਨਚ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਈ। 42 ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਤੂੰ ਸਭ ਔਰਤਾਂ ਤੋਂ ਵਧੇਰੇ ਧੰਨ ਹੈ। ਅਤੇ ਉਹ ਜੋ ਬਾਲਕ ਤੈਨੂੰ ਪੈਦਾ ਹੋਵੇਗਾ ਉਹ ਵੀ ਧੰਨ ਹੈ। 43 ਮੇਰੇ ਪ੍ਰਭੂ ਦੀ ਮਾਤਾ ਦਾ ਮੇਰੇ ਕੋਲ ਆਉਣ ਦਾ ਭਾਗ ਮੈਨੂੰ ਕਿਵੇਂ ਪ੍ਰਾਪਤ ਹੋਇਆ! 44 ਮੈਂ ਕਿੰਨੀ ਖੁਸ਼ਨਸੀਬ ਹਾਂ। ਜਦੋਂ ਮੈਂ ਤੇਰੀ ਅਵਾਜ਼ ਸੁਣੀ ਤਾਂ ਮੇਰੀ ਕੁਖ ਅੰਦਰਲਾ ਬੱਚਾ ਖੁਸ਼ੀ ਨਾਲ ਉਛਲ ਪਿਆ। 45 ਤੂੰ ਸੱਚ-ਮੁੱਚ ਧੰਨ ਹੈ! ਕਿਉਂਕਿ ਤੂੰ ਵਿਸ਼ਵਾਸ ਕੀਤਾ ਹੈ ਕਿ, ਜਿਹੜੀਆਂ ਗੱਲਾਂ ਪ੍ਰਭੂ ਨੇ ਤੈਨੂੰ ਕਹੀਆਂ, ਉਹ ਜ਼ਰੂਰ ਪੂਰੀਆਂ ਹੋਣਗੀਆਂ।” 46 ਤਾਂ ਮਰਿਯਮ ਨੇ ਕਿਹਾ, 47 “ਮੇਰਾ ਆਤਮਾ ਪ੍ਰਭੂ ਦੀ ਉਸਤਤਿ ਕਰਦਾ ਹੈਮੇਰਾ ਦਿਲ ਬੜਾ ਖੁਸ਼ ਹੈ ਕਿਉਂਕਿ ਪ੍ਰਭੂ ਮੇਰਾ ਮੁਕਤੀਦਾਤਾ ਹੈ। 48 ਉਸਨੇ ਆਪਣੇ ਦੀਨ ਦਾਸੀਵੱਲ ਆਪਣਾ ਧਿਆਨ ਦਿੱਤਾ ਹੈ।ਹਾਂ, ਹੁਣ ਤੋਂ ਸਭਮੈਨੂੰ ਧੰਨ ਆਖਣਗੇ, 49 ਕਿਉਂਕਿ, ਇਸ ਸਰਬ ਸ਼ਕਤੀਮਾਨ ਨੇ ਮੇਰੇ ਲਈ ਮਹਾਨ ਕਾਰਜ ਕੀਤੇ ਹਨਅਤੇ ਉਸਦਾ ਨਾਮ ਪਵਿੱਤਰ ਹੈ। 50 ਜਿਹੜੇ ਲੋਕ ਉਸਤੋਂ ਡਰਦੇ ਹਨ ਉਹ ਉਨ੍ਹਾਂ ਤੇ, ਅਤੇ ਉਨ੍ਹਾਂ ਦੀਆਂ ਉਲਾਦਾਂ ਤੇ ਮਿਹਰਬਾਨ ਹੁੰਦਾ ਹੈ। 51 ਉਸਨੇ ਆਪਣੀਆਂ ਬਾਹਾਂ ਦੀ ਤਾਕਤ ਵਿਖਾਈ।ਉਸਨੇ ਹੰਕਾਰੀ ਲੋਕਾਂ ਨੂੰ ਉਨ੍ਹਾਂ ਦੀਆਂ ਹੰਕਾਰੀ ਸੋਚਾਂ ਨਾਲ ਖਿੰਡਾ ਦਿੱਤਾ। 52 ਉਸਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈਅਤੇ ਉਸਨੇ ਦੀਨ ਲੋਕਾਂ ਨੂੰ ਉੱਚਾ ਉਠਾਇਆ। 53 ਉਸਨੇ ਭੁਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾ ਦਿੱਤਾਅਤੇ ਅਮੀਰ ਲੋਕਾਂ ਨੂੰ ਖਾਲੀ ਹੱਥੀ ਭੇਜ ਦਿੱਤਾ। 54 ਉਹ ਇਸਰਾਏਲ ਦੇ ਲੋਕਾਂ ਦੀ ਮਦਦ ਲਈ ਆਇਆ ਜਿਨ੍ਹਾਂ ਨੂੰ ਉਸਨੇ ਆਪਣੀ ਸੇਵਾ ਲਈ ਚੁਣਿਆ ਸੀ।ਉਸਨੇ ਸਾਨੂੰ ਆਪਣੀ ਮਿਹਰ ਵਿਖਾਈ ਤਾਂ ਜੋ ਅਸੀਂ ਉਸਨੂੰ ਯਾਦ ਰੱਖੀਏ। 55 ਇਸ ਤਰ੍ਹਾਂ ਉਸਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ, ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ। 56 ਮਰਿਯਮ ਇਲੀਸਬਤ ਨਾਲ ਤਿੰਨ ਕੁ ਮਹੀਨੇ ਰਹੀ ਅਤੇ ਫ਼ਿਰ ਘਰ ਮੁੜ ਆਈ। 57 ਜਦੋਂ ਇਲੀਸਬਤ ਦੇ ਜਣਨ ਦਾ ਵੇਲਾ ਆ ਗਿਆ ਤਾਂ ਉਸਦੇ ਘਰ ਇੱਕ ਪੁੱਤਰ ਨੇ ਜਨਮ ਲਿਤਾ। 58 ਜਦੋਂ ਉਸਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਪਰ ਆਪਣੀ ਮਹਾਨ ਦਯਾ ਵਿਖਾਈ ਹੈ ਤਾਂ ਉਹ ਉਸਦੇ ਨਾਲ ਜਸ਼ਨ ਮਨਾਉਣ ਲਈ ਆਏ। 59 ਜਦੋਂ ਬਾਲਕ ਅਠਾਂ ਦਿਨਾਂ ਦਾ ਹੋ ਗਿਆ ਤਾਂ ਉਹ ਲੋਕ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸਦਾ ਨਾਉਂ ਜ਼ਕਰਯਾਹਰੱਖਣ ਲੱਗੇ, ਕਿਉਂਕਿ ਇਹੀ ਉਸਦੇ ਪਿਤਾ ਦਾ ਨਾਉਂ ਸੀ। 60 ਪਰ ਉਸਦੀ ਮਾਤਾ ਨੇ ਆਖਿਆ, “ਨਹੀਂ! ਉਹ ਯੂਹੰਨਾ ਸਦਵਾਏਗਾ। 61 ਫ਼ਿਰ ਉਨ੍ਹਾਂ ਨੇ ਉਸਨੂੰ ਕਿਹਾ, “ਤੇਰੇ ਸਾਕਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਹੈ ਜੋ ਇਸ ਨਾਉਂ ਨਾਲ ਸਦਵਾਉਂਦਾ ਹੋਵੇ।” 62 ਤਦ ਉਨ੍ਹਾਂ ਨੇ ਉਸਦੇ ਪਿਤਾ ਵੱਲ ਇਸ਼ਾਰਾ ਕੀਤਾ “ਉਹ ਉਸਦਾ ਕੀ ਨਾਉਂ ਰੱਖਣਾ ਚਾਹੁੰਦਾ ਹੈ?” 63 ਤਾਂ ਉਸਨੇ ਲਿਖਣ ਵਾਸਤੇ ਕੁਝ ਮੰਗਵਾਕੇ ਉਸ ਉੱਪਰ ਲਿਖਿਆ ਕਿ, ‘ਇਸਦਾ ਨਾਮ ਯੂਹੰਨਾ ਹੈ।” ਸਾਰੇ ਲੋਕ ਵੇਖਕੇ ਹੈਰਾਨ ਰਹਿ ਗਏ। 64 ਫ਼ੇਰ ਤੁਰੰਤ ਹੀ ਉਸਦਾ ਮੂੰਹ ਖੁਲ੍ਹਿਆ ਅਤੇ ਉਸਦੀ ਜੀਭ ਢਿਲੀ ਹੋ ਗਈ ਅਤੇ ਉਸਨੇ ਪ੍ਰਭੂ ਦੀ ਉਸਤਤਿ ਕਰਨੀ ਸ਼ੁਰੂ ਕਰ ਦਿੱਤੀ। 65 ਤਾਂ ਸਾਰੇ ਆਂਢੀ-ਗੁਆਂਢੀ ਇਹ ਵੇਖਕੇ ਘਬਰਾ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਖੇਤ੍ਰ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚਰਚਾ ਕਰਨ ਲੱਗ ਪਏ। 66 ਸਾਰੇ ਲੋਕ ਜਿਨ੍ਹਾਂ ਨੇ ਵੀ ਅਜਿਹੀਆਂ ਗੱਲਾਂ ਸੁਣੀਆਂ ਉਹ ਹੈਰਾਨ ਹੋਏ ਅਤੇ ਪੁੱਛਿਆ, “ਇਹ ਬੱਚਾ ਕਿਵੇਂ ਦਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਬੱਚੇ ਦੇ ਨਾਲ ਸੀ। 67 ਤਦ ਯੂਹੰਨਾ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਉਹ ਲੋਕਾਂ ਨੂੰ ਦੱਸਦਾ ਕਿ ਭਵਿਖ ਵਿੱਚ ਕੀ ਵਾਪਰੇਗਾ: 68 :ਉਸਤਤਿ ਹੋਵੇ ਇਸਰਾਏਲ ਦੇ ਪ੍ਰਭੂ ਦੀ,ਕਿਉਂ ਜੁ ਉਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ ਅਤੇ ਉਨ੍ਹਾਂ ਨੂੰ ਛੁਟਕਾਰਾ ਦਿੱਤਾ ਹੈ। 69 ਉਸਨੇ ਸਾਨੂੰ ਆਪਣੇ ਸੇਵਕ ਦਾਊਦ ਦੇਪਰਿਵਾਰ ਵਿੱਚੋਂ ਸ਼ਕਤੀਸ਼ਾਲੀ ਮੁਕਤੀਦਾਤਾ ਬਖਸ਼ਿਆ ਹੈ। 70 ਉਸਨੇ ਅਜਿਹਾ ਉਸ ਵਾਦੇ ਲਈ ਕੀਤਾ ਜਿਹੜਾਉਸਨੇ ਬਹੁਤ ਪਹਿਲਾਂ ਆਪਣੇ ਨਬੀਆਂ ਰਾਹੀਂ ਕੀਤਾ ਸੀ। 71 ਉਸਨੇ ਸਾਨੂੰ ਸਾਡੇ ਵੈਰੀਆਂ ਤੋਂਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਹੱਥਾਂ ਤੋਂ ਬਚਾਉਣ ਦਾ ਵਾਦਾ ਕੀਤਾ ਜੋ ਸਾਨੂੰ ਨਫ਼ਰਤ ਕਰਦੇ ਹਨ। 72 ਪ੍ਰਭੂ ਨੇ ਵਾਦਾ ਕੀਤਾ ਸੀ ਕਿ ਉਹ ਸਾਡੇ ਪਿਉ-ਦਾਦਿਆਂ ਤੇ ਮਿਹਰਬਾਨ ਹੋਵੇਗਾਅਤੇ ਆਪਣੇ ਪਵਿੱਤਰ ਵਾਦੇ ਨੂੰ ਚੇਤੇ ਰੱਖੇਗਾ। 73 ਉਸਨੇ ਅਬਰਾਹਾਮ, ਸਾਡੇ ਪੂਰਵਜ ਨਾਲ ਇਕਰਾਰ ਕੀਤਾ 74 ਕਿ ਉਹ ਸਾਨੂੰ ਸਾਡੇ ਦੁਸ਼ਮਣਾਂ ਦੇ ਹੱਥੋਂ ਛੁਟਕਾਰਾ ਦੁਆਵੇਗਾ ਤਾਂ ਜੋਅਸੀਂ ਉਸਦੀ ਨਿਰਭੈ ਹੋਕੇ ਸੇਵਾ ਕਰ ਸਕੀਏ 75 ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚ ਉਸਦੇ ਸਾਮ੍ਹਣੇ ਪਵਿੱਤਰ ਅਤੇ ਧਰਮੀ ਰਹਾਂਗੇ। 76 ਹੇ ਬਾਲਕ, ਹੁਣ ਤੂੰ ਅੱਤ ਉਚ ਪਰਮੇਸ਼ੁਰ ਦਾ ਨਬੀ ਅਖਵਾਏਂਗਾ ਕਿਉਂਕਿ ਤੂੰਪ੍ਰਭੂ ਦੇ ਅੱਗੇ-ਅੱਗੇ ਜਾਵੇਂਗਾ ਅਤੇ ਉਸ ਲਈ ਰਾਹ ਤਿਆਰ ਕਰੇਂਗਾ। 77 ਅਤੇ ਤੂੰ ਉਸਦੇ ਲੋਕਾਂ ਨੂੰ ਦੱਸੇਂਗਾ ਕਿ ਉਹ ਆਪਣੇ ਪਾਪਾਂ ਦੀ ਮਾਫ਼ੀ ਰਾਹੀਂ ਬਚਾਏ ਜਾਣਗੇ। 78 ਸਾਡੇ ਪਰਮੇਸ਼ੁਰ ਦੀ ਮਹਾਨ ਦਯਾ ਦੇ ਕਾਰਣ,ਇੱਕ ਨਵੀਂ ਸਵੇਰ ਸਾਡੇ ਉੱਪਰ ਆਵੇਗੀ। 79 ਇਹ ਨਵੀਂ ਸਵੇਰ ਉਨ੍ਹਾਂ ਲੋਕਾਂ ਤੇ ਚਮਕੇਗੀ ਜੋ ਹਨੇਰੇ ਅਤੇ ਮੌਤ ਦੇ ਪਰਛਾਵੇਂ ਵਿੱਚ ਰਹਿ ਰਹੇ ਹਨ। ਤਾਂ ਜੋਸਾਡੇ ਕਦਮ ਸ਼ਾਂਤੀ ਵੱਲ ਵਧ ਸਕਣ।” 80 ਇਉਂ ਉਹ ਛੋਟਾ ਬੱਚਾ ਵੱਡਾ ਹੋਇਆ ਅਤੇ ਆਤਮਾ ਵਿੱਚ ਤਾਕਤਵਰ ਬਣਿਆ। ਅਤੇ ਇਸਰਾਏਲ ਉੱਤੇ ਆਪਣੇ ਪਰਗਟ ਹੋਣ ਦੇ ਦਿਨ ਤੀਕਰ, ਉਜਾੜ ਵਿੱਚ ਰਿਹਾ।

2:1 ਉਸ ਸਮੇਂ ਔਗੁਸਤੁਸ ਕੈਸਰ ਵੱਲੋਂ ਇਹ ਆਦੇਸ਼ ਹੋਇਆ ਕਿ ਸਾਰੇ ਰੋਮ ਵਾਸੀਆਂ ਨੂੰ ਮਰਦੁਮ-ਸ਼ੁਮਾਰੀ ਵਾਸਤੇ ਆਪਣੇ ਨਾਮ ਦਰਜ ਕਰਾਉਣੇ ਚਾਹੀਦੇ ਹਨ। 2 ਇਹ ਪਹਿਲੀ ਵਾਰੀ ਸੀ, ਜੋ ਮਰਦੁਮ-ਸ਼ੁਮਾਰੀ ਦੀਆਂ ਕਿਤਾਬਾਂ ਵਿੱਚ ਸਾਰੇ ਲੋਕਾਂ ਨੂੰ ਦਰਜ ਕੀਤਾ ਜਾਣਾ ਸੀ। ਇਹ ਉਸ ਸਮੇਂ ਕੀਤਾ ਗਿਆ ਸੀ ਜਦੋਂ ਸੂਰੀਆਂ ਦਾ ਰਾਜਪਾਲ ਕੁਰੇਨਯੁਸ ਸੀ। 3 ਇਸ ਲਈ ਹਰ ਕੋਈ ਆਪੋ-ਆਪਣੇ ਨਗਰ ਵਿੱਚ ਆਪਣਾ ਨਾਉਂ ਦਰਜ ਕਰਵਾਉਣ ਲਈ ਗਿਆ। 4 ਤਾਂ ਯੂਸੁਫ਼ ਗਲੀਲ ਦੇ ਸ਼ਹਿਰ ਨਾਸਰਤ ਤੋਂ ਵਿਦਾ ਹੋਇਆ। ਉਹ ਯਹੂਦਿਯਾ ਵਿੱਚ ਬੈਤਲਹਮ ਦੇ ਨਗਰ ਨੂੰ ਗਿਆ। ਇਹ ਨਗਰ ਦਾਊਦ ਦਾ ਨਗਰ ਕਹਾਉਂਦਾ ਸੀ। ਯੂਸੁਫ਼ ਉਥੇ ਇਸ ਲਈ ਗਿਆ ਕਿਉਂਕਿ ਉਹ ਦਾਊਦ ਦੇ ਘਰਾਣੇ ਵਿੱਚੋਂ ਸੀ। 5 ਤਾਂ ਉਹ ਵੀ ਮਰਿਯਮ ਨਾਲ ਆਪਣੇ ਨਾਮ ਦਰਜ ਕਰਵਾਉਣ ਗਿਆ ਕਿਉਂਕਿ ਮਰਿਯਮ ਉਸ ਨਾਲ ਵਿਆਹ ਲਈ ਮੰਗੀ ਹੋਈ ਸੀ ਪਰ ਹੁਣ ਮਰਿਯਮ ਗਰਭਵਤੀ ਸੀ। 6 ਜਦੋਂ ਯੂਸੁਫ਼ ਅਤੇ ਮਰਿਯਮ ਬੈਤਲਹਮ ਵਿੱਚ ਸਨ ਤਾਂ ਮਰਿਯਮ ਨੂੰ ਪ੍ਰਸੂਤ ਪੀੜਾਂ ਸ਼ੁਰੂ ਹੋਈਆਂ। 7 ਉਸਨੇ ਆਪਣੇ ਪਹਿਲੇ ਪੁੱਤਰ ਯਿਸੂ ਨੂੰ ਉਥੇ ਜਨਮ ਦਿੱਤਾ। ਪਰ ਉਸ ਘਰ ਵਿੱਚ ਉਨ੍ਹਾਂ ਦੇ ਰਹਿਣ ਲਈ ਕਾਫ਼ੀ ਜਗ੍ਹਾ ਨਹੀਂ ਸੀ, ਮਰਿਯਮ ਨੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਲਕ ਨੂੰ ਇੱਕ ਬਕਸੇ ਵਿੱਚ ਪਾਕੇ ਜਿਥੇ ਪਸ਼ੂਆਂ ਨੂੰ ਚਾਰਾ ਖੁਆਇਆ ਜਾਂਦਾ ਸੀ ਉਥੇ ਇੱਕ ਖੁਰਲੀ ਵਿੱਚ ਰੱਖਿਆ। 8 ਉਸੇ ਰਾਤ, ਉਸ ਇਲਾਕੇ ਵਿੱਚ ਕੁਝ ਆਜੜੀ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। 9 ਪ੍ਰਭੂ ਦਾ ਦੂਤ ਆਜੜੀਆਂ ਦੇ ਸਾਮ੍ਹਣੇ ਆਕੇ ਖੜਾ ਹੋ ਗਿਆ। ਪ੍ਰਭੂ ਦੀ ਮਹਿਮਾ ਉਨ੍ਹਾਂ ਦੇ ਚੁਫ਼ੇਰੇ ਚਮਕੀ ਤਾਂ ਆਜੜੀ ਬਹੁਤ ਡਰ ਗਏ। 10 ਦੂਤ ਨੇ ਉਨ੍ਹਾਂ ਨੂੰ ਆਖਿਆ, “ਡਰੋ ਨਹੀਂ, ਮੈਂ ਤੁਹਾਨੂੰ ਖੁਸ਼ ਖਬਰੀ ਦੱਸ ਰਿਹਾ ਹਾਂ, ਜੋ ਸਾਰਿਆਂ ਲੋਕਾਂ ਨੂੰ ਬਹੁਤ ਪ੍ਰਸੰਨ ਕਰ ਦੇਵੇਗੀ। 11 ਖੁਸ਼ ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹ ਪ੍ਰਭੂ ਹੈ। 12 ਤੁਸੀਂ ਉਸਦੀ ਪਛਾਣ ਇਸ ਤਰ੍ਹਾਂ ਕਰ ਸਕਦੇ ਹੋ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਪਾਵੋਗੇ।” 13 ਉਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ: 14 “ਸਵਰਗ ਵਿੱਚ ਪਰਮੇਸ਼ੁਰ ਦੀ ਉਸਤਤਿ ਹੋਵੇ,ਅਤੇ ਧਰਤੀ ਉੱਤੇ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।” 15 ਦੂਤ ਆਜੜੀਆਂ ਨੂੰ ਛੱਡਕੇ ਫ਼ੇਰ ਸੁਰਗ ਨੂੰ ਵਾਪਸ ਮੁੜ ਗਏ। ਆਜੜੀ ਇੱਕ ਦੂਜੇ ਨੂੰ ਆਖਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ, ਅਤੇ ਉਸ ਗੱਲ ਨੂੰ ਵੇਖੀਏ ਜਿਸਦੀ ਖਬਰ ਸਾਨੂੰ ਪ੍ਰਭੂ ਦੁਆਰਾ ਦਿੱਤੀ ਗਈ ਹੈ।” 16 ਉਹ ਛੇਤੀ ਹੀ ਚਲੇ ਗਏ ਅਤੇ ਉਥੇ ਉਨ੍ਹਾਂ ਨੇ ਯੂਸੁਫ਼ ਅਤੇ ਮਰਿਯਮ ਨੂੰ ਵੇਖਿਆ ਅਤੇ ਬਾਲਕ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖਿਆ। 17 ਜਦੋਂ ਆਜੜੀਆਂ ਨੇ ਉਸ ਬਾਲਕ ਨੂੰ ਵੇਖਿਆ ਤਾਂ ਉਨ੍ਹਾਂ ਨੇ ਉਸ ਸੰਦੇਸ਼ ਨੂੰ ਫ਼ੈਲਾਇਆ ਜਿਹੜਾ ਇਸ ਬਾਲਕ ਬਾਰੇ ਉਨ੍ਹਾਂ ਨੂੰ ਦਿੱਤਾ ਗਿਆ ਸੀ। 18 ਉਹ ਸਾਰੇ ਲੋਕ ਜਿਨ੍ਹਾਂ ਨੇ ਆਜੜੀਆਂ ਦਾ ਸੰਦੇਸ਼ ਸੁਣਿਆ, ਹੈਰਾਨ ਸਨ। 19 ਪਰ ਮਰਿਯਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ, ਅਤੇ ਉਨ੍ਹਾਂ ਬਾਰੇ ਲਗਾਤਾਰ ਸੋਚਣਾ ਜਾਰੀ ਰੱਖਿਆ। 20 ਆਜੜੀ ਉਹ ਸਭ ਗੱਲਾਂ ਬਾਰੇ ਵੇਖ-ਸੁਣਕੇ ਪ੍ਰਭੂ ਦਾ ਸ਼ੁਕਰਾਨਾ ਤੇ ਉਸਤਤਿ ਕਰਦੇ ਹੋਏ ਆਪਣੇ ਘਰਾਂ ਵੱਲ ਵਾਪਸ ਮੁੜ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਉਨ੍ਹਾਂ ਨੂੰ ਦਸਿਆ ਗਿਆ ਸੀ। 21 ਜਦੋਂ ਬਾਲਕ ਅਠਾਂ ਦਿਨਾਂ ਦਾ ਹੋਇਆ, ਤਾਂ ਉਸਦੀ ਸੁੰਨਤ ਹੋਈ ਅਤੇ ਉਸਦਾ ਨਾਮ ਯਿਸੂ ਰੱਖਿਆ ਗਿਆ। ਇਹ ਨਾਮ ਬਾਲਕ ਦੇ ਮਰਿਯਮ ਦੀ ਕੁਖ ਚੋਂ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦੂਤ ਨੇ ਰੱਖਿਆ ਸੀ। 22 2ਜਦੋਂ ਮਰਿਯਮ ਲਈ ਮੂਸਾ ਦੀ ਸ਼ਰ੍ਹਾ ਮੁਤਾਬਕ ਸ਼ੁਧ ਹੋਣ ਦਾ ਸਮਾਂ ਆਇਆ ਤਾਂ ਮਰਿਯਮ ਅਤੇ ਯੂਸੁਫ਼ ਯਿਸੂ ਨੂੰ, ਪ੍ਰਭੂ ਨੂੰ ਸਮਰਪਿਤ ਕਰਨ ਲਈ, ਯਰੂਸ਼ਲਮ ਵਿੱਚ ਲਿਆਏ। 23 ਜਿਵੇਂ ਕਿ ਇਹ ਪ੍ਰਭੂ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ ਕਿ, “ਹਰ ਪਰਿਵਾਰ ਦਾ ਪਹਿਲਾ ਜਨਮਿਆਂ ਨਰ ਬੱਚਾ ਪ੍ਰਭੂ ਨੂੰ ਅਰਪਿਤ ਕੀਤਾ ਜਾਣਾ ਚਾਹੀਦਾ ਹੈ।’ 24 ਪ੍ਰਭੂ ਦੇ ਨੇਮ ਤਾਂ ਇਹ ਵੀ ਆਖਦਾ ਹੈ ਕਿ ਤੁਹਾਨੂੰ, “ਦੋ ਘੁੱਗੀਆਂ ਦਾ ਜੋੜਾਂ ਜਾਂ ਦੋ ਕਬੂਤਰਾਂ ਦਾ ਬਲੀਦਾਨ ਜ਼ਰੂਰ ਦੇਣਾ ਚਾਹੀਦਾ ਹੈ।” ਤਾਂ ਯੂਸੁਫ਼ ਅਤੇ ਮਰਿਯਮ ਵੀ ਯਰੂਸ਼ਲਮ ਵਿੱਚ ਇਸੇ ਮਕਸਦ ਲਈ ਗਏ ਸਨ। 25 ਉਥੇ ਯਰੂਸ਼ਲਮ ਵਿੱਚ ਸਿਮਓਨ ਨਾਉਂ ਦਾ ਇੱਕ ਆਦਮੀ ਸੀ ਜੋ ਕਿ ਧਰਮੀ ਅਤੇ ਚੰਗਾ ਮਨੁੱਖ ਸੀ। ਉਹ ਇਸ ਉਡੀਕ ਵਿੱਚ ਸੀ ਕਿ ਕਦੋਂ ਪ੍ਰਭੂ ਇਸਰਾਏਲ ਨੂੰ ਬਚਾਵੇਗਾ। ਉਸ ਅੰਦਰ ਪਵਿੱਤਰ ਆਤਮਾ ਦਾ ਵਾਸਾ ਸੀ। 26 ਸਿਮਓਨ ਨੂੰ ਪਵਿੱਤਰ ਆਤਮਾ ਨੇ ਦਸਿਆ ਕਿ ਜਦ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਵੇਖਦਾ ਨਹੀਂ, ਉਹ ਨਹੀਂ ਮਰ ਸਕਦਾ। 27 ਸਿਮਓਨ ਆਤਮਾ ਦੀ ਅਗਵਾਈ ਨਾਲ ਮੰਦਰ ਵਿੱਚ ਆਇਆ। ਉਸ ਸਮੇਂ ਯੂਸੁਫ਼ ਅਤੇ ਮਰਿਯਮ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਕਰਨ ਲਈ ਮੰਦਰ ਵਿੱਚ ਗਏ। ਉਹ ਬਾਲਕ ਯਿਸੂ ਨੂੰ ਮੰਦਰ ਵਿੱਚ ਲਿਆਏ। 28 ਸਿਮਓਨ ਨੇ ਬਾਲਕ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਪਰਮੇਸ਼ੁਰ ਦਾ ਸ਼ੁਕਰਾਨਾ ਕਰਨ ਲੱਗਾ: 29 “ਪ੍ਰਭੂ! ਹੁਣ ਤੂੰ ਮੈਨੂੰ ਆਪਣੇ ਵਚਨ ਅਨੁਸਾਰ ਆਪਣੇ ਦਾਸ ਨੂੰ ਸ਼ਾਂਤੀ ਨਾਲ ਮਰ ਜਾਣ ਦੇ। 30 ਮੈਂ ਤੇਰੇ ਮੁਕਤੀ ਦਾਤਾ ਨੂੰ ਆਪਣੀ ਅਖੀ ਵੇਖਿਆ ਹੈ। 31 ਤੂੰ ਉਸਨੂੰ ਸਾਰੀਆਂ ਕੌਮਾਂ ਅੱਗੇ ਤਿਆਰ ਕੀਤਾ ਹੈ। 32 ਇਹ ਬਾਲਕ ਗੈਰ-ਯਹੂਦੀਆਂ ਨੂੰ ਤੇਰਾ ਰਸਤਾ ਦਰਸਾਉਣ ਲਈ ਜੋਤ ਹੈਅਤੇ ਉਹ ਤੇਰੇ ਇਸਰਾਏਲ ਦੇ ਆਪਣੇ ਲੋਕਾਂ ਲਈ ਮਹਿਮਾ ਹੈ।” 33 ਉਸਦੇ ਮਾਤਾ-ਪਿਤਾ, ਯਿਸੂ ਬਾਰੇ ਜੋ ਆਖਿਆ ਗਿਆ ਸੀ, ਸੁਣਕੇ ਹੈਰਾਨ ਰਹਿ ਗਏ। 34 ਤਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸਦੀ ਮਾਤਾ ਮਰਿਯਮ ਨੂੰ ਆਖਿਆ, “ਇਸ ਬਾਲਕ ਦੇ ਕਾਰਣ ਬਹੁਤ ਸਾਰੇ ਇਸਰਾਏਲੀ ਡਿੱਗਣਗੇ ਅਤੇ ਬਹੁਤ ਸਾਰੇ ਉਠਣਗੇ। ਉਹ ਪ੍ਰਭੂ ਵੱਲੋਂ ਇੱਕ ਅਜਿਹਾ ਨਿਸ਼ਾਨ ਹੋਵੇਗਾ ਜਿਸਦਾ ਲੋਕਾਂ ਦੁਆਰਾ ਵਿਰੋਧ ਕੀਤਾ ਜਾਵੇਗਾ। 35 ਇਹ ਨਿਸ਼ਾਨ ਬਹੁਤ ਸਾਰੇ ਲੋਕਾਂ ਦੀਆਂ ਸੋਚਾਂ ਨੂੰ ਪ੍ਰਕਾਸ਼ਮਾਨ ਕਰੇਗਾ। ਅਤੇ ਤੂੰ ਵੀ ਬਹੁਤ ਗੰਭੀਰ ਦਰਦ ਅਨੁਭਵ ਕਰੇਂਗਾ ਜਿਵੇਂ ਕਿ ਤਲਵਾਰ ਤੇਰੇ ਦਿਲ ਵਿੱਚ ਧਸ ਰਹੀ ਹੋਵੇ।” 36 ਅਨਾ ਨਾਉਂ ਦੀ ਇੱਕ ਨਬੀਆ ਸੀ, ਅਤੇ ਉਹ ਅਸ਼ੇਰ ਦੇ ਘਰਾਣੇ ਵਿੱਚੋਂ ਫ਼ਨੂਏਲ ਦੀ ਧੀ ਸੀ। ਉਹ ਬੜੀ ਬਜ਼ੁਰਗ ਸੀ। 37 ਉਹ ਇੱਕ ਵਿਧਵਾ ਸੀ ਅਤੇ ਹੁਣ ਉਹ 84 ਸਾਲਾਂ ਦੀ ਸੀ। ਉਸਨੇ ਕਦੇ ਮੰਦਰ ਨਹੀਂ ਸੀ ਛਡਿਆ। ਉਹ ਵਰਤ ਰੱਖਦੀ ਅਤੇ ਦਿਨ-ਰਾਤ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੀ। 38 ਉਸੇ ਵਕਤ ਉਹ ਅੰਦਰ ਆਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ। ਉਸਨੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਬਾਲਕ ਬਾਰੇ ਦਸਿਆ ਜੋ ਪਰਮੇਸ਼ੁਰ ਦੇ ਇੰਤਜ਼ਾਰ ਵਿੱਚ ਸਨ, ਕਿ ਉਹ ਆਕੇ ਯਰੂਸ਼ਲਮ ਦਾ ਛੁਟਕਾਰਾ ਕਰੇ। 39 ਯੂਸੁਫ਼ ਅਤੇ ਮਰਿਯਮ, ਪ੍ਰਭੂ ਦੇ ਨੇਮ ਅਨੁਸਾਰ ਸਭ ਕੁਝ ਕਰਨ ਤੋਂ ਬਾਦ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਆਏ। 40 ਬਾਲਕ ਵੱਡਾ ਹੋਇਆ ਅਤੇ ਤਾਕਤਵਰ ਬਣ ਗਿਆ। ਉਹ ਸਿਆਣਪ ਨਾਲ ਭਰਪੂਰ ਸੀ, ਅਤੇ ਪਰਮੇਸ਼ੁਰ ਦੀ ਕਿਰਪਾ ਉਸਦੇ ਨਾਲ ਸੀ। 41 ਹਰ ਸਾਲ ਯਿਸੂ ਦੇ ਮਾਂ-ਬਾਪ ਪਸਾਹ ਦੇ ਤਿਉਹਾਰ ਤੇ ਯਰੂਸ਼ਲਮ ਜਾਂਦੇ ਹੁੰਦੇ ਸਨ। 42 ਜਦ ਯਿਸੂ ਬਾਰ੍ਹਾਂ ਵਰ੍ਹਿਆਂ ਦਾ ਸੀ ਤਾਂ ਉਹ ਹਮੇਸ਼ਾ ਵਾਂਗ ਦਾਅਵਤ ਤੇ ਗਏ। 43 ਜਦੋਂ ਤਿਉਹਾਰ ਖਤਮ ਹੋ ਗਿਆ ਅਤੇ ਜਦੋਂ ਉਹ ਵਾਪਸ ਘਰ ਪਰਤ ਰਹੇ ਸਨ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਠਹਿਰ ਗਿਆ, ਪਰ ਉਸਦੇ ਮਾਪੇ ਇਸ ਬਾਰੇ ਨਹੀਂ ਜਾਣਦੇ ਸਨ। 44 ਇਹ ਸੋਚਕੇ ਕਿ ਉਹ ਯਾਤਰੀਆਂ ਦੇ ਸਮੂਹ ਵਿੱਚ ਹੀ ਹੋਵੇਗਾ ਉਹ ਸਾਰਾ ਦਿਨ ਸਫ਼ਰ ਕਰਦੇ ਰਹੇ, ਤਾਂ ਕੁਝ ਦੇਰ ਬਾਦ ਉਨ੍ਹਾਂ ਨੇ ਉਸਨੂੰ ਆਪਣੇ ਨਜ਼ਦੀਕੀ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਲਭਣਾ ਸ਼ੁਰੂ ਕੀਤਾ। 45 ਫ਼ੇਰ ਜਦੋਂ ਉਹ ਉਸਨੂੰ ਨਾ ਲਭ ਸਕੇ ਤਾਂ ਉਹ ਉਸਨੂੰ ਲਭਦੇ ਹੋਏ ਯਰੂਸ਼ਲਮ ਵਾਪਸ ਚਲੇ ਗਏ। 46 ਤਿੰਨਾਂ ਦਿਨਾਂ ਬਾਦ ਉਨ੍ਹਾਂ ਨੇ ਉਸਨੂੰ ਮੰਦਰ ਵਿੱਚ ਗੁਰੂਆਂ ਵਿਚਕਾਰ ਬੈਠਿਆਂ, ਉਨ੍ਹਾਂ ਨੂੰ ਸੁਣਦਿਆਂ ਅਤੇ ਉਨ੍ਹਾਂ ਨੂੰ ਪ੍ਰਸ਼ਨ ਪੁਛਦਿਆਂ ਲਭਿਆ। 47 ਸਭ ਸੁਣਨ ਵਾਲੇ ਉਸਦੇ ਸਵਾਲਾਂ-ਜਵਾਬਾਂ ਅਤੇ ਸਮਝ ਨੂੰ ਵੇਖਕੇ ਹੈਰਾਨ ਹੋ ਰਹੇ ਸਨ। 48 ਜਦੋਂ ਯਿਸੂ ਦੇ ਮਾਪਿਆਂ ਨੇ ਉਸਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸਦੀ ਮਾਤਾ ਨੇ ਉਸਨੂੰ ਆਖਿਆ, “ਪੁੱਤਰ, ਤੂੰ ਸਾਡੇ ਨਾਲ ਇੰਝ ਕਿਉਂ ਕੀਤਾ? ਤੇਰੇ ਪਿਤਾ ਅਤੇ ਮੈਂ ਤੇਰੇ ਲਈ ਕਿੰਨੇ ਫ਼ਿਕਰਮੰਦ ਸਾਂ, ਅਤੇ ਤੈਨੂੰ ਲਭ ਰਹੇ ਸਾਂ।” 49 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੈਨੂੰ ਕਿਉਂ ਲਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਤੇਰੇ ਪਿਤਾ ਦੇ ਘਰ ਵਿੱਚ ਹੋਣਾ ਚਾਹੀਦਾ ਸੀ।” 50 ਪਰ ਉਹ ਯਿਸੂ ਦੇ ਉੱਤਰ ਨੂੰ ਨਾ ਸਮਝ ਸਕੇ। 51 ਤਾਂ ਯਿਸੂ ਆਪਣੇ ਮਾਪਿਆਂ ਦੇ ਨਾਲ ਨਾਸਰਤ ਨੂੰ ਆਇਆ ਅਤੇ ਜੋ ਉਹ ਕਹਿੰਦੇ ਰਹੇ ਉਨ੍ਹਾਂ ਦਾ ਹੁਕਮ ਮੰਨਦਾ ਰਿਹਾ। ਉਸਦੀ ਮਾਤਾ ਨੇ ਇਹ ਸਭ ਗੱਲਾਂ ਧਿਆਨ ਨਾਲ ਆਪਣੇ ਦਿਲ ਵਿੱਚ ਰੱਖੀਆਂ। 52 ਯਿਸੂ ਸਿਆਣਪ ਅਤੇ ਸ਼ਰੀਰਕ ਤੌਰ ਤੇ ਵਧਿਆ, ਅਤੇ ਉਸਨੂੰ ਪਰਮੇਸ਼ੁਰ ਅਤੇ ਲੋਕਾਂ ਦੋਨਾਂ ਵੱਲੋਂ ਕਿਰਪਾ ਪ੍ਰਾਪਤ ਸੀ।

3:1 ਤਿਬਿਰਿਯੁਸ ਕੈਸਰ ਦੇ ਪੰਦਰ੍ਹਵੇਂ ਵਰ੍ਹੇ ਵਿੱਚ, ਇਹ ਆਦਮੀ ਕੈਸਰ ਦੇ ਅਧੀਨ ਸਨ: 2 ਅਨਾਸ ਅਤੇ ਕਯਾਫ਼ਾ ਸਰਦਾਰ ਜਾਜਕ ਸਨ। ਉਸ ਸਮੇਂ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ, ਉਜਾੜ ਵਿੱਚ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ। 3 ਤਾਂ ਉਹ ਯਰਦਨ ਨਦੀ ਦੇ ਆਸ-ਪਾਸ ਦੇ ਸਾਰੇ ਇਲਾਕਿਆਂ ਵਿੱਚ ਗਿਆ ਅਤੇ ਲੋਕਾਂ ਨੂੰ ਪ੍ਰਚਾਰ ਕੀਤਾ ਕਿ ਉਹ ਆਪਣੇ ਦਿਲਾਂ ਅਤੇ ਜੀਵਨ ਨੂੰ ਬਦਲਣ ਅਤੇ ਆਪਣੇ ਪਾਪਾਂ ਦੀ ਮੁਆਫ਼ੀ ਲਈ ਬਪਤਿਸਮਾ ਲੈਣ। 4 ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:“ਉਜਾੜ ਵਿੱਚ ਇੱਕ ਅਵਾਜ਼ ਹੋਕਾ ਦੇ ਰਹੀ ਹੈ:‘ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋਉਸਦੇ ਮਾਰਗ ਨੂੰ ਸਿਧਾ ਕਰੋ। 5 ਹਰ ਘਾਟੀ ਭਰੀ ਜਾਵੇਗੀ, ਹਰ ਪਹਾੜਅਤੇ ਟਿਬਾ ਪਧਰਾ ਕੀਤਾ ਜਾਵੇਗਾ।ਟੇਢੇ ਰਾਹਾਂ ਨੂੰ ਸਿਧਿਆਂ ਕੀਤਾ ਜਾਵੇਗਾਅਤੇ ਉੱਚੇ ਨੀਵੇਂ ਰਾਹਾਂ ਨੂੰ ਸਮਤਲ ਕੀਤਾ ਜਾਵੇਗਾ। 6 ਅਤੇ ਹਰ ਇੱਕ ਮਨੁੱਖ ਪਰਮੇਸ਼ੁਰ ਦੀ ਮੁਕਤੀ ਬਾਰੇ ਜਾਣ ਜਾਵੇਗਾ।’” 7 ਯੂਹੰਨਾ ਨੇ ਉਸ ਭੀੜ ਨੂੰ ਆਖਿਆ, ਜੋ ਉਸ ਕੋਲ ਬਪਤਿਸਮਾ ਲੈਣ ਆਈ ਸੀ, “ਤੁਸੀਂ ਜ਼ਹਿਰੀਲੇ ਨਾਗਾਂ ਵਰਗੇ ਹੋ! ਤੁਹਾਨੂੰ ਆਉਣ ਵਾਲੀ ਕਰੋਪੀ ਤੋਂ ਭੱਜਣਾ ਕਿਸਨੇ ਦਸਿਆ? 8 ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਇਹ ਪ੍ਰਮਾਣਿਤ ਕਰਨ ਕਿ ਤੁਸੀਂ ਸੱਚਮੁੱਚ ਆਪਣੇ ਹਿਰਦੇ ਬਦਲੇ ਹਨ। ਤੁਸੀਂ ਆਪਣੇ ਆਪ ਵਿੱਚ ਇਹ ਨਾ ਆਖੋ ‘ਅਬਰਾਹਾਮ ਸਾਡਾ ਪਿਤਾ ਹੈ।’ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਤਾਂ ਇਨ੍ਹਾਂ ਪੱਥਰਾਂ ਵਿੱਚੋਂ ਵੀ ਬਾਲਕ ਪੈਦਾ ਕਰ ਸਕਦਾ ਹੈ। 9 ਕੁਲਹਾੜਾ ਹੁਣ ਬਿਰਖ ਵੱਢਣ ਲਈ ਤਿਆਰ ਹੈ। ਜਿਹੜਾ ਵੀ ਬਿਰਖ ਚੰਗੇ ਫ਼ਲ ਨਹੀਂ ਦੇਵੇਗਾ, ਉਸਨੂੰ ਵਢਕੇ ਅੱਗ ਵਿੱਚ ਸੁਟਿਆ ਜਾਵੇਗਾ।” 10 ਤਾਂ ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਸਾਨੂੰ ਕੀ ਕਰਨਾ ਚਾਹੀਦਾ ਹੈ?” 11 ਉਸਨੇ ਉੱਤਰ ਦਿੱਤਾ, “ਜੇਕਰ ਕਿਸੇ ਕੋਲ ਦੋ ਕਮੀਜ਼ਾਂ ਹਨ, ਤਾਂ ਉਸਨੂੰ ਉਨ੍ਹਾਂ ਨਾਲ ਸਾਂਝਿਆਂ ਕਰਨ ਦਿਉ ਜਿਸ ਕੋਲ ਇੱਕ ਵੀ ਨਹੀਂ ਹੈ। ਅਤੇ ਜੇਕਰ ਕਿਸੇ ਕੋਲ ਭੋਜਨ ਹੈ ਤਾਂ ਉਸਨੂੰ ਉਨ੍ਹਾਂ ਲੋਕਾਂ ਨਾਲ ਸਾਂਝਾ ਕਰਨ ਦਿਉ ਜਿਨ੍ਹਾਂ ਕੋਲ ਨਹੀਂ ਹੈ।” 12 ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ। ਉਨ੍ਹਾਂ ਨੇ ਉਸਨੂੰ ਪੁੱਛਿਆ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?” 13 ਉਸ ਲਈ ਉਸਨੇ ਜਵਾਬ ਦਿੱਤਾ, “ਜਿੰਨੇ ਦਾ ਤੁਹਾਨੂੰ ਆਦੇਸ਼ ਹੈ ਉਸਤੋਂ ਵਧ ਇਕੱਤਰ ਨਾ ਕਰੋ।” 14 ਸਿਪਾਹੀਆਂ ਨੇ ਯੂਹੰਨਾ ਨੂੰ ਆਖਿਆ, “ਸਾਨੂੰ ਦੱਸ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ?”ਤਾਂ ਉਸਨੇ ਉਨ੍ਹਾਂ ਨੂੰ ਕਿਹਾ, ਜਬਰਦਸਤੀ ਕਿਸੇ ਤੋਂ ਪੈਸਾ ਇਕੱਠਾ ਨਾ ਕਰੋ। ਕਿਸੇ ਤੇ ਕੋਈ ਇਲਜ਼ਾਮ ਲਾਕੇ ਕੁਝ ਨਾ ਲਵੋ, ਸਿਰਫ਼ ਆਪਣੀ ਤਨਖਾਹ ਉੱਤੇ ਹੀ ਖੁਸ਼ ਰਹੋ।” 15 ਸਭ ਲੋਕ ਮਸੀਹ ਨੂੰ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਬਾਰੇ ਇਹ ਵਿਚਾਰ ਕਰ ਰਹੇ ਸਨ ਕਿ “ਹੋ ਸਕਦਾ ਉਹ ਖੁਦ ਮਸੀਹ ਹੋਵੇ।” 16 ਫ਼ਿਰ ਯੂਹੰਨਾ ਨੇ ਸਾਰਿਆਂ ਨੂੰ ਜਵਾਬ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਵਿੱਚ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਤੋਂ ਬਾਦ ਜਿਹੜਾ ਮਨੁੱਖ ਆ ਰਿਹਾ ਹੈ ਉਹ ਮੇਰੇ ਤੋਂ ਕਿਤੇ ਵਡੇਰੇ ਤੇ ਉੱਚੇ ਕੰਮ ਕਰੇਗਾ। ਮੈਂ ਤਾਂ ਉਸਦੀ ਜੁਤੀ ਦਾ ਤਸਮਾ ਖੋਲਣ ਦੇ ਜੋਗ ਵੀ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17 ਉਸਦੇ ਹੱਥ ਵਿੱਚ ਇੱਕ ਤੰਗਲੀ ਹੈ ਜਿਸ ਨਾਲ ਉਹ ਗਾਹੇ ਹੋਏ ਦਾਣਿਆਂ ਨੂੰ ਸਾਫ਼ ਕਰੇਗਾ। ਉਹ ਕਣਕ ਨੂੰ ਇਕੱਠਾ ਕਰਕੇ ਆਪਣੇ ਗੁਦਾਮ ਵਿੱਚ ਪਾਵੇਗਾ ਅਤੇ ਤੂੜੀ ਨੂੰ ਅਲੱਗ ਕਰਕੇ, ਉਸ ਅੱਗ ਵਿੱਚ ਸੁੱਟ ਦੇਵੇਗਾ ਜਿਹੜੀ ਕਿ ਕਦੇ ਬੁਝਣ ਵਾਲੀ ਨਹੀਂ ਹੈ।” 18 ਇਸ ਤਰ੍ਹਾਂ, ਉਹ ਉਨ੍ਹਾਂ ਨੂੰ ਹੋਰ ਬਹੁਤ ਸਾਰੇ ਬਚਨ ਦੱਸਦਾ ਅਤੇ ਉਨ੍ਹਾਂ ਵਿੱਚ ਖੁਸ਼ ਖਬਰੀ ਦਾ ਪ੍ਰਚਾਰ ਕਰਦਾ। 19 ਯੂਹੰਨਾ ਨੇ ਹਾਕਮ ਹੇਰੋਦੇਸ ਨੂੰ ਉਸਦੇ ਆਪਣੇ ਭਰਾ ਦੀ ਪਤਨੀ ਹੇਰੋਦਿਆਸ ਨਾਲ ਨਾਜਾਇਜ਼ ਸੰਬੰਧ ਹੋਣ ਲਈ ਝਿੜਕਿਆ। 20 ਇਸ ਤਰ੍ਹਾਂ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਕਰ ਦਿੱਤਾ ਅਤੇ ਇੱਕ ਹੋਰ ਦੁਸ਼ਟ ਕਰਨੀ ਆਪਣੀਆਂ ਦੁਸ਼ਟ ਕਰਨੀਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਈ। 21 ਜਦੋਂ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਜਾ ਰਿਹਾ ਸੀ, ਤਦ ਯਿਸੂ ਨੂੰ ਵੀ ਬਪਤਿਸਮਾ ਦਿੱਤਾ ਗਿਆ ਅਤੇ ਜਦੋਂ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁਲ੍ਹ ਗਿਆ, 22 ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਸ ਉੱਪਰ ਆਇਆ ਅਤੇ ਫ਼ੇਰ ਸੁਰਗਾਂ ਤੋਂ ਇੱਕ ਬਾਣੀ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈ! ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਤੇਰੇ ਤੇ ਬਹੁਤ ਖੁਸ਼ ਹਾਂ।” 23 ਜਦੋਂ ਯਿਸੂ ਨੇ ਉਪਦੇਸ਼ ਦੇਣੇ ਸ਼ੁਰੂ ਕੀਤੇ, ਉਸ ਵਕਤ ਉਹ ਤਕਰੀਬਨ ਤੀਹ ਕੁ ਸਾਲਾਂ ਦਾ ਸੀ। ਉਹ ਯੂਸੁਫ਼ ਦਾ ਪੁੱਤਰ ਮੰਨਿਆ ਜਾਂਦਾ ਸੀ 24 ਹੇਲੀ ਮਥਾਤ ਦਾ ਪੁੱਤਰ ਸੀ 25 ਯੂਸੁਫ਼ ਮਤਿੱਥਯਾਹ ਦਾ ਪੁੱਤਰ ਸੀ 26 ਹਸਲੀ ਨਗਈ ਦਾ ਪੁੱਤਰ ਸੀ। 27 ਯਹੂਦਾਹ ਯੋਹਾਨਾਨ ਦਾ ਪੁੱਤਰ ਸੀ 28 ਸ਼ਾਲਤੀਏਲ ਨੇਰੀ ਦਾ ਪੁੱਤਰ ਸੀ 29 ਏਰ ਯੋਸ਼ੇ ਦਾ ਪੁੱਤਰ ਸੀ 30 ਲੇਵੀ ਸਿਮਓਨ ਦਾ ਪੁੱਤਰ ਸੀ 31 ਅਲਯਾਕੀਮ ਮਲਯੇ ਦਾ ਪੁੱਤਰ ਸੀ, 32 ਦਾਊਦ ਯੱਸੀ ਦਾ ਪੁੱਤਰ ਸੀ, 33 ਨਹਸ਼ੋਨ ਅੰਮੀਨਾਦਾਬ ਦਾ ਪੁੱਤਰ ਸੀ 34 ਯਹੂਦਾਹ ਯਾਕੂਬ ਦਾ ਪੁੱਤਰ ਸੀ, 35 ਨਹੋਰ ਸਰੂਗ ਦਾ ਪੁੱਤਰ ਸੀ, 36 ਸ਼ਲਹ ਕੇਨਾਨ ਦਾ ਪੁੱਤਰ ਸੀ, 37 ਲਾਮਕ ਮਥੂਸਲਹ ਦਾ ਪੁੱਤਰ ਸੀ, 38 ਕੇਨਾਨ ਅਨੋਸ਼ ਦਾ ਪੁੱਤਰ ਸੀ,

4:1 ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋਕੇ ਯਰਦਨ ਨਦੀ ਤੋਂ ਮੁੜਿਆ ਤਾਂ ਆਤਮਾ ਉਸਨੂੰ ਉਜਾੜ ਵਿੱਚ ਲੈ ਗਿਆ। 2 ਉਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸਨੂੰ ਬੜੀ ਭੁਖ ਲੱਗੀ। 3 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਵੇ।” 4 ਯਿਸੂ ਨੇ ਜਵਾਬ ਦਿੱਤਾ, “ਇਹ ਲਿਖਿਆ ਗਿਆ ਹੈ ਕਿ:‘ਇਹ ਸਿਰਫ਼ ਰੋਟੀ ਹੀ ਨਹੀਂ ਜੋ ਮਨੁੱਖ ਨੂੰ ਜਿਉਂਦਾ ਰੱਖਦੀ ਹੈ।’” 5 ਫ਼ਿਰ ਸ਼ੈਤਾਨ ਉਸਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ ਅਤੇ ਇੱਕ ਪਲ ਵਿੱਚ ਦੁਨੀਆਂ ਦੀਆਂ ਤਮਾਮ ਪਾਤਸ਼ਾਹੀਆਂ ਉਜਾਗਰ ਕੀਤੀਆਂ। 6 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਮੈਂ ਇਹ ਤਮਾਮ ਰਾਜਾਂ ਦਾ ਅਧਿਕਾਰ ਅਤੇ ਮਹਿਮਾ ਤੈਨੂੰ ਦਿੰਦਾ ਹਾਂ। ਕਿਉਂ ਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ। ਅਤੇ ਮੈਂ ਇਹ ਤਾਕਤ ਜਿਸ ਮਨੁੱਖ ਨੂੰ ਚਾਹਾਂ ਦੇ ਸਕਦਾ ਹਾਂ। 7 ਅਤੇ ਜੇਕਰ ਤੂੰ ਮੇਰੇ ਚਰਨਾਂ ਤੇ ਡਿੱਗ ਮੇਰੀ ਉਪਾਸਨਾ ਕਰੇਂ ਮੈਂ ਇਹ ਸਭ ਰਾਜ ਤੈਨੂੰ ਦਿੰਦਾ ਹਾਂ।” 8 ਯਿਸੂ ਨੇ ਜਵਾਬ ਦਿੱਤਾ, “ਇਹ ਪਵਿੱਤਰ ਪੋਥੀ ਵਿੱਚ ਲਿਖਿਆ ਹੈ ਕਿ:‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈਅਤੇ ਉਸ ਇਕੱਲੇ ਦੀ ਹੀ ਸੇਵਾ ਕਰ।’” 9 ਤਦ ਸ਼ੈਤਾਨ ਉਸਨੂੰ ਯਰੂਸ਼ਲਮ ਵਿੱਚ ਲੈ ਗਿਆ ਅਤੇ ਉਸਨੂੰ ਮੰਦਰ ਦੇ ਸਭ ਤੋਂ ਉੱਚੇ ਸਥਾਨ ਤੇ ਖੜਾ ਕਰ ਦਿੱਤਾ ਅਤੇ ਆਖਿਆ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇਥੋਂ ਥੱਲੇ ਕੁਦ ਜਾ। 10 ਇਹ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੈ ਕਿ:‘ਪਰਮੇਸ਼ੁਰ ਤੇਰੀ ਲਈ ਆਪਣੇ ਦੂਤਾਂ ਨੂੰ ਧਿਆਨ ਨਾਲ ਤੇਰੀ ਰੱਖਿਆ ਕਰਨ ਦਾ ਹੁਕਮ ਦੇਵੇਗਾ।’ 11 ਅਤੇ ਇਹ ਵੀ ਲਿਖਿਆ ਹੋਇਆ ਹੈ ਕਿ!‘ਉਹ ਤੈਨੂੰ ਆਪਣੇ ਹੱਥਾਂ ਵਿੱਚ ਬੋਚ ਲੈਣਗੇ ਤਾਂ ਜੋਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।’” 12 ਯਿਸੂ ਨੇ ਜਵਾਬ ਦਿੱਤਾ, “ਪਰ ‘ਪੋਥੀਆਂ’ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ:‘ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਨਾ ਪਰਤਿਆ।’” 13 ਤਾਂ ਸ਼ੈਤਾਨ ਜਦੋਂ ਸਾਰਾ ਪਰਤਿਆਵਾ ਕਰ ਚੁੱਕਾ ਤਾਂ ਫ਼ੇਰ ਕਿਸੇ ਹੋਰ ਚੰਗੇ ਵਕਤ ਦੀ ਉਡੀਕ ਕਰਦਾ ਉਸ ਕੋਲੋਂ ਦੂਰ ਚਲਾ ਗਿਆ। 14 ਯਿਸੂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਗਲੀਲ ਨੂੰ ਵਾਪਸ ਆਇਆ, ਅਤੇ ਉਸ ਇਲਾਕੇ ਦੇ ਹਰ ਪਾਸੇ ਉਸਦੀ ਕੀਰਤੀ ਫ਼ੈਲ ਗਈ। 15 ਯਿਸੂ ਨੇ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਹਰੇਕ ਨੇ ਉਸਦੀ ਉਸਤਤਿ ਕੀਤੀ। 16 ਫ਼ਿਰ ਯਿਸੂ ਨਾਸਰਤ ਸ਼ਹਿਰ ਵਿੱਚ ਆਇਆ, ਜਿਥੇ ਉਹ ਵੱਡਾ ਹੋਇਆ ਸੀ। ਸਬਤ ਦੇ ਦਿਨ ਉਹ ਪ੍ਰਾਰਥਨਾ ਸਥਾਨ ਤੇ ਗਿਆ, ਜਿਵੇਂ ਕਿ ਉਹ ਹਮੇਸ਼ਾ ਕਰਦਾ ਸੀ ਉਵੇ ਹੀ ਉਹ ਉਸ ਦਿਨ ਪਢ਼ਨ ਲਈ ਖੜੋ ਗਿਆ। 17 ਯਸਾਯਾਹ ਨਬੀ ਦੀ ਪੋਥੀ ਉਸਨੂੰ ਦਿੱਤੀ ਗਈ ਅਤੇ ਉਸਨੇ ਇਹ ਪੋਥੀ ਖੋਲ੍ਹਕੇ ਉਹ ਸਫ਼ਾ ਕਢਿਆ, ਜਿਥੇ ਇਹ ਲਿਖਿਆ ਹੋਇਆ ਸੀ: 18 “ਪ੍ਰਭੂ ਦਾ ਆਤਮਾ ਮੇਰੇ ਨਾਲ ਹੈ।ਉਸਨੇ ਮੈਨੂੰ ਗਰੀਬਾਂ ਨੂੰ ਖੁਸ਼-ਖਬਰੀ ਦੇਣ ਲਈ ਮਸਹ ਕੀਤਾ ਹੈ।ਉਸਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ, 19 ਅਤੇ ਲੋਕਾਂ ਨੂੰ ਇਸ ਗੱਲ ਦਾ ਐਲਾਨ ਕਰਨ ਲਈ ਕਿ ਪ੍ਰਭੂ ਦਾ ਆਪਣੀ ਮਿਹਰ ਪ੍ਰਗਟ ਕਰਨ ਦਾ ਨਿਯੁਕਤ ਸਮਾਂ ਨੇੜੇ ਆ ਗਿਆ ਹੈ।” 20 ਫ਼ਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਥੱਲੇ ਬੈਠ ਗਿਆ। ਪ੍ਰਾਰਥਨਾ ਸਥਾਨ ਵਿੱਚ ਹਰ ਇੱਕ ਦੀ ਨਜ਼ਰ ਉਸਤੇ ਜੰਮ ਗਈ। 21 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਆਖਣਾ ਸ਼ੁਰੂ ਕੀਤਾ, ਅਤੇ ਕਿਹਾ, “ਜਿਹੜਾ ਅਗੰਮੀ ਵਾਕ ਹੁਣੇ ਤੁਸੀਂ ਪੋਥੀਆਂ ਵਿੱਚੋਂ ਸੁਣਿਆ ਹੈ, ਹੁਣ ਪੂਰਣ ਹੈ।” 22 ਸਭ ਲੋਕ ਉਸਦੀ ਉਸਤਤਿ ਕਰ ਰਹੇ ਸਨ। ਉਸਦੇ ਮੂਹੋਂ ਕਿਰਪਾ ਦੇ ਸ਼ਬਦ ਸੁਣਕੇ ਸਭ ਲੋਕ ਹੈਰਾਨ ਸਨ। ਉਨ੍ਹਾਂ ਨੇ ਕਿਹਾ, “ਉਹ ਇਹੋ ਜਿਹੀਆਂ ਗੱਲਾਂ, ਕਿਵੇਂ ਬੋਲ ਸਕਦਾ ਹੈ? ਕੀ ਭਲਾ ਇਹ ਯੂਸੁਫ਼ ਦਾ ਪੁੱਤਰ ਨਹੀਂ?” 23 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਜਾਣਦਾ ਹਾਂ ਤੁਸੀਂ ਇਹ ਕਹਾਵਤ ਜ਼ਰੂਰ ਮੇਰੇ ਉੱਤੇ ਲਾਗੂ ਕਰੋਂਗੇ ਕਿ ‘ਹੇ ਵੈਦ! ਆਪਣੇ-ਆਪ ਨੂੰ ਰਾਜੀ ਕਰ।’ ਜੋ ਕੁਝ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ ਅਸੀਂ ਉਹ ਸੁਣਿਆ ਹੈ, ਉਹ ਗੱਲਾਂ ਤੂੰ ਇਥੇ ਆਪਣੇ ਨਗਰ ਵਿੱਚ ਵੀ ਕਰ!’” 24 ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਕੋਈ ਵੀ ਨਬੀ ਕਦੇ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ। 25 “ਜੋ ਮੈਂ ਆਖ ਰਿਹਾ ਹਾਂ ਉਹ ਸੱਚ ਹੈ ਕਿ ਏਲੀਯਾਹ ਦੇ ਸਮੇਂ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਾ ਪਿਆ। ਇਸਰਾਏਲ ਵਿੱਚ ਅਜਿਹਾ ਕਾਲ ਪਿਆ ਕਿ, ਉਸ ਸਮੇਂ ਉਥੇ ਬਹੁਤ ਵਿਧਵਾਵਾਂ ਸਨ। 26 ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਕਿਸੇ ਵਿਧਵਾ ਕੋਲ ਨਹੀਂ ਭੇਜਿਆ ਗਿਆ। ਉਸਨੂੰ ਸੈਦਾ ਇਲਾਕੇ ਦੇ ਨਗਰ ਵਿੱਚ ਸਿਰਫ਼ ਸਰਿਪਥ ਦੀ ਵਿਧਵਾ ਕੋਲ ਭੇਜਿਆ ਗਿਆ ਸੀ। 27 “ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਉਨ੍ਹਾਂ ਵਿੱਚੋਂ ਸ੍ਰੀਯਾਨੀ ਦੇ ਨਾਮਨ ਤੋਂ ਬਿਨਾ ਕਿਸੇ ਵੀ ਕੋੜ੍ਹੀ ਨੂੰ ਰਾਜੀ ਨਾ ਕੀਤਾ ਗਿਆ। 28 ਪ੍ਰਾਰਥਨਾ ਸਥਾਨ ਵਿੱਚ ਬੈਠੇ ਤਮਾਮ ਲੋਕਾਂ ਨੇ ਇਹ ਸਭ ਗੱਲਾਂ ਸੁਣੀਆਂ ਤਾਂ ਉਹ ਬੜੇ ਗੁੱਸੇ ਵਿੱਚ ਆਏ। 29 ਉਹ ਖੜੇ ਹੋਏ ਅਤੇ ਯਿਸੂ ਨੂੰ ਨਗਰੋਂ ਬਾਹਰ ਕਢਿਆ। ਉਨ੍ਹਾਂ ਨੇ ਉਸਦਾ ਪਹਾੜੀ ਦੀ ਟਿਸੀ ਤੱਕ, ਜਿਥੇ ਉਨ੍ਹਾਂ ਦਾ ਨਗਰ ਉਸਾਰਿਆ ਸੀ, ਪਿਛਾ ਕੀਤਾ ਤਾਂ ਜੋ ਉਹ ਉਸਨੂੰ ਖੜੀ ਚੱਟਾਨ ਤੋਂ ਹੇਠਾਂ ਸੁੱਟ ਸਕਣ। 30 ਪਰ ਯਿਸੂ ਉਨ੍ਹਾਂ ਵਿੱਚੋਂ ਦੀ ਲੰਘਕੇ ਆਪਣੇ ਰਾਹ ਚਲਿਆ ਗਿਆ। 31 ਜਦੋਂ ਉਹ ਗਲੀਲ ਦੇ ਕਫ਼ਰਨਾਹੂਮ ਵਿੱਚ ਪਹੁੰਚਿਆ ਤਾਂ ਉਸਨੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। 32 ਲੋਕ ਉਸਦੇ ਉਪਦੇਸ਼ ਤੇ ਹੈਰਾਨ ਹੋ ਗਏ ਕਿਉਂਕਿ ਉਹ ਅਧਿਕਾਰ ਨਾਲ ਬੋਲਿਆ। 33 ਪ੍ਰਾਰਥਨਾ ਸਥਾਨ ਤੇ ਇੱਕ ਮਨੁੱਖ ਸੀ ਜਿਸਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਹ ਆਦਮੀ ਉੱਚੀ ਅਵਾਜ਼ ਵਿੱਚ ਚੀਕਿਆ, 34 “ਹੇ ਨਾਸਰਤ ਦੇ ਯਿਸੂ! ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਇਥੇ ਸਾਨੂੰ ਤਬਾਹ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਕਿ ਤੂੰ ਕੌਣ ਹੈਂ ਤੂੰ ਪਰਮੇਸ਼ੁਰ ਦਾ ਪਵਿੱਤਰ ਪੁਰਖ ਹੈਂ।” 35 ਪਰ ਯਿਸੂ ਨੇ ਉਸਨੂੰ ਰੋਕਕੇ ਤਾੜਨਾ ਕੀਤੀ ਅਤੇ ਕਿਹਾ, “ਚੁੱਪ ਕਰ! ਅਤੇ ਇਸ ਮਨੁੱਖ ਵਿੱਚੋਂ ਨਿਕਲ ਜਾ।” ਭਰਿਸ਼ਟ ਆਤਮਾ ਨੇ ਸਾਰੇ ਲੋਕਾਂ ਦੇ ਸਾਮ੍ਹਣੇ ਉਸ ਮਨੁੱਖ ਨੂੰ ਠਾਹ ਜ਼ਮੀਨ ਤੇ ਪਟਕਿਆ ਅਤੇ ਫ਼ੇਰ ਭਰਿਸ਼ਟ ਆਤਮਾ ਬਿਨਾ ਉਸ ਆਦਮੀ ਨੂੰ ਸੱਟ ਪਹੁੰਚਾਏ ਉਸ ਵਿੱਚੋਂ ਨਿਕਲ ਗਿਆ। 36 ਲੋਕ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਉਪਦੇਸ਼ ਹਨ? ਕਿ ਉਹ ਭਰਿਸ਼ਟ ਆਤਮਿਆਂ ਨੂੰ ਸ਼ਕਤੀ ਅਤੇ ਅਧਿਕਾਰ ਨਾਲ ਹੁਕਮ ਦਿੰਦਾ ਹੈ ਅਤੇ ਉਹ ਬਾਹਰ ਆ ਜਾਂਦੇ ਹਨ।” 37 ਉਸ ਖੇਤ੍ਰ ਦੇ ਸਾਰੇ ਭਾਗਾਂ ਵਿੱਚ ਯਿਸੂ ਬਾਰੇ ਖਬਰ ਫ਼ੈਲਣੀ ਸ਼ੁਰੂ ਹੋ ਗਿਆ। 38 ਫ਼ਿਰ ਉਹ ਪ੍ਰਾਰਥਨਾ ਸਥਾਨ ਤੋਂ ਉਠਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਬੜੀ ਬਿਮਾਰ ਸੀ, ਉਸਨੂੰ ਬੜਾ ਤੇਜ ਬੁਖਾਰ ਸੀ। ਉਨ੍ਹਾਂ ਨੇ ਯਿਸੂ ਨੂੰ ਉਸਦੀ ਮਦਦ ਕਰਨ ਲਈ ਕਿਹਾ। 39 ਯਿਸੂ ਨੇ ਉਸਦੇ ਬਿਸਤਰੇ ਦੇ ਨਜ਼ਦੀਕ ਖੜਾ ਹੋਕੇ ਬੁਖਾਰ ਨੂੰ ਝਿੜਕਿਆ। ਬੁਖਾਰ ਨੇ ਉਸਨੂੰ ਛੱਡ ਦਿੱਤਾ। ਉਹ ਤੁਰੰਤ ਹੀ ਖੜੀ ਹੋ ਗਈ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗ ਪਈ। 40 ਸੂਰਜ ਡੁੱਬਣ ਦੇ ਸਮੇਂ ਜਿਨ੍ਹਾਂ ਦੇ ਘਰ ਬਿਮਾਰ ਲੋਕ, ਭਿੰਨ-ਭਿੰਨ ਬਿਮਾਰੀਆਂ ਤੋਂ ਪੀੜਿਤ ਸਨ, ਉਨ੍ਹਾਂ ਨੂੰ ਉਹ ਯਿਸੂ ਕੋਲ ਲਿਆਏ। ਯਿਸੂ ਨੇ ਹਰ ਇੱਕ ਉੱਪਰ ਆਪਣਾ ਹੱਥ ਰੱਖਕੇ ਉਨ੍ਹਾਂ ਨੂੰ ਨਿਰੋਗ ਕਰ ਦਿੱਤਾ। 41 ਕਈ ਲੋਕਾਂ ਵਿੱਚੋਂ ਭੂਤ ਰੌਲਾ ਪਾਉਂਦੇ ਹੋਏ ਬਾਹਰ ਨਿਕਲੇ, “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ” ਪਰ ਯਿਸੂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਜਾਣਦੇ ਸਨ ਕਿ ਉਹ ਹੀ ਮਸੀਹ ਸੀ। 42 ਜਿਵੇਂ ਦਿਨ ਸ਼ੁਰੂ ਹੋਇਆ, ਯਿਸੂ ਉਹ ਥਾਂ ਛੱਡਕੇ ਇੱਕ ਇਕਾਂਤ ਥਾਂ ਤੇ ਚਲਾ ਗਿਆ ਪਰ ਭੀੜ ਉਸਦੀ ਭਾਲ ਵਿੱਚ ਗਈ ਅਤੇ ਆਖਿਰ ਰਾਤ ਵੇਲੇ ਉਸ ਜਗ੍ਹਾ ਪਹੁੰਚ ਗਈ, ਜਿਥੇ ਉਹ ਸੀ। ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਉਥੋਂ ਨਾ ਜਾਵੇ। 43 ਪਰ ਉਸਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਹੋਰ ਨਗਰਾਂ ਵਿੱਚ ਵੀ ਜਾਣਾ ਹੈ। ਕਿਉਂਕਿ ਮੈਂ ਇਸੇ ਉਦੇਸ਼ ਲਈ ਭੇਜਿਆ ਗਿਆ ਹਾਂ।” 44 ਇਸ ਤਰ੍ਹਾਂ ਯਿਸੂ ਨੇ ਯਹੂਦਿਯਾ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਜਾਰੀ ਰੱਖਿਆ।

5:1 ਯਿਸੂ ਗਨੇਸਰਤ ਦੀ ਝੀਲ ਕੰਢੇ ਖੜਾ ਸੀ ਅਤੇ ਭੀੜ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸਦੇ ਆਸ-ਪਾਸ ਇਕਠੀ ਹੋ ਰਹੀ ਸੀ। 2 ਫ਼ਿਰ ਉਸਨੇ ਝੀਲ ਦੇ ਕੰਢੇ ਦੋ ਬੇੜੀਆਂ ਦੇਖੀਆਂ। ਬੇੜੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। 3 ਯਿਸੂ ਇੱਕ ਬੇੜੀ ਵਿੱਚ ਚੜ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। 4 ਜਦੋਂ ਉਹ ਬੋਲ ਹਟਿਆ, ਉਸਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।” 5 ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮਛੀਆਂ ਫ਼ੜਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ। 6 ਸਭ ਮਾਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁਟਣੇ ਸ਼ੁਰੂ ਹੋ ਗਏ। 7 ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ। 8 ਜਦੋਂ ਸ਼ਮਊਨ ਨੇ ਇਹ ਵੇਖਿਆ, ਤਾਂ ਉਸਨੇ ਯਿਸੂ ਅੱਗੇ ਸਿਰ ਝੁਕਾਇਆ ਅਤੇ ਆਖਿਆ, “ਪ੍ਰਭੂ ਮੈਂ ਇੱਕ ਪਾਪੀ ਬੰਦਾ ਹਾਂ, ਤੂੰ ਮੇਰੇ ਕੋਲੋਂ ਦੂਰ ਚਲਿਆ ਜਾ।” ਉਸਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਉਹ ਅਤੇ ਹੋਰ ਜੋ ਉਸਦੇ ਨਾਲ ਸਨ ਇੰਨੀਆਂ ਮਛੀਆਂ ਫ਼ੜੇ ਜਾਣ ਲਈ ਹੈਰਾਨ ਸਨ। 9 10 ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬੜੇ ਹੈਰਾਨ ਹੋਏ। ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ।ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।” 11 ਫ਼ੇਰ ਉਨ੍ਹਾਂ ਨੇ ਆਪਣੀਆਂ ਬੇੜੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿਛੇ ਛਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ। 12 ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉਥੇ ਕੋੜ੍ਹ ਨਾਲ ਭਰਪੂਰ ਇੱਕ ਬੰਦਾ ਸੀ। ਜਦੋਂ ਉਸਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸਕਦੇ ਹੋਂ। 13 ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸਨੂੰ ਛੋਹਿਆ ਅਤੇ ਉਸਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋੜ ਗਾਇਬ ਹੋ ਗਿਆ। 14 ਤਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਬਲੀ ਭੇਟਾ ਕਰ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।” 15 ਪਰ ਯਿਸੂ ਦੀ ਚਰਚਾ ਵਧ ਤੋਂ ਵਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ। 16 ਪਰ ਅਕਸਰ ਯਿਸੂ ਇਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚਲਿਆ ਜਾਂਦਾ ਸੀ। 17 ਇੱਕ ਦਿਨ ਯਿਸੂ ਜਦੋਂ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਤਾਂ ਫ਼ਰੀਸੀ, ਅਤੇ ਕੁਝ ਨੇਮ ਦੇ ਉਪਦੇਸ਼ਕ ਵੀ ਉਥੇ ਬੈਠੇ ਹੋਏ ਸਨ। ਉਹ ਗਲੀਲ ਅਤੇ ਯਹੂਦਿਯਾ ਦੇ ਹਰ ਨਗਰ ਤੋਂ ਅਤੇ ਯਰੂਸ਼ਲਮ ਤੋਂ ਵੀ ਆਏ ਸਨ। ਪ੍ਰਭੂ ਯਿਸੂ ਨੂੰ ਲੋਕਾਂ ਨੂੰ ਠੀਕ ਕਰਨ ਲਈ ਆਪਣੀ ਸਮਰਥਾ ਦੇ ਰਿਹਾ ਸੀ। 18 ਉਥੇ ਇੱਕ ਮਨੁੱਖ ਸੀ ਜਿਸਨੂੰ ਅਧਰੰਗ ਹੋਇਆ ਸੀ। ਕੁਝ ਲੋਕ ਉਸਨੂੰ ਮੰਜੀ ਤੇ ਚੁੱਕ ਕੇ ਲਿਆਏ। ਉਹ ਆਦਮੀ ਚਾਹੁੰਦੇ ਸਨ ਕਿ ਉਹ ਇਸ ਅਧਰੰਗੀ ਨੂੰ ਅੰਦਰ ਲੈਜਾਕੇ ਯਿਸੂ ਦੇ ਸਾਮ੍ਹਣੇ ਰੱਖਣ। 19 ਪਰ ਉਥੇ ਇੰਨੀ ਭੀੜ ਸੀ ਕਿ ਜਦ ਉਨ੍ਹਾਂ ਨੂੰ ਅੰਦਰ ਜਾਣ ਦਾ ਕੋਈ ਢੰਗ ਨਾ ਦਿਸਿਆ ਫ਼ਿਰ ਉਹ ਛੱਤ ਉੱਤੇ ਚੜ੍ਹੇ ਅਤੇ ਉਨ੍ਹਾਂ ਨੇ ਕੁਝ ਖਪਰੈਲਾਂ ਕਢੀਆਂ ਅਤੇ ਭੀੜ ਦੇ ਵਿਚਕਾਰ ਅਤੇ ਠੀਕ ਯਿਸੂ ਦੇ ਸਾਮ੍ਹਣੇ ਉਸ ਬਿਮਾਰ ਮਨੁੱਖ ਨੂੰ ਉਸਦੇ ਬਿਸਤਰੇ ਸਮੇਤ ਹੇਠਾਂ ਲਾਹ ਦਿੱਤਾ। 20 ਯਿਸੂ ਨੇ ਉਨ੍ਹਾਂ ਦੀ ਆਸਥਾ ਵੇਖਕੇ ਬਿਮਾਰ ਮਨੁੱਖ ਨੂੰ ਕਿਹਾ, “ਮਿੱਤਰ, ਤੇਰੇ ਪਾਪ ਬਖਸ਼ੇ ਗਏ ਹਨ।” 21 ਯਹੂਦੀ, ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਪਸ ਵਿੱਚ ਸੋਚਿਆ, “ਇਹ ਕੌਣ ਆਦਮੀ ਹੈ ਜੋ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ? ਕਿਉਂਕਿ ਕੇਵਲ ਪ੍ਰਭੂ ਹੀ ਪਾਪ ਮਾਫ਼ ਕਰ ਸਕਦਾ ਹੈ।” 22 ਯਿਸੂ ਉਨ੍ਹਾਂ ਦੀ ਸੋਚਾਂ ਨੂੰ ਜਾਣਦਾ ਸੀ ਤਾਂ ਉਸਨੇ ਕਿਹਾ, “ਤੁਹਾਡੇ ਮਨ ਵਿੱਚ ਅਜਿਹੇ ਵਿਚਾਰ ਕਿਉਂ ਪੈਦਾ ਹੋ ਰਹੇ ਹਨ? 23 ਕਿਹੜੀ ਗੱਲ ਸੌਖੀ ਹੈ? ਇਹ ਆਖਣਾ ‘ਤੇਰੇ ਪਾਪ ਮਾਫ਼ ਹੋ ਗਏ ਹਨ’, ‘ਜਾਂ ਉਠ ਅਤੇ ਚੱਲ।’ 24 ਪਰ ਮੈਂ ਤੁਹਾਨੂੰ ਇਹ ਸਬੂਤ ਦਿਆਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਤਾਂ ਉਸਨੇ ਅਧਰੰਗੀ ਮਨੁੱਖ ਨੂੰ ਆਖਿਆ। “ਮੈਂ ਤੈਨੂੰ ਕਹਿੰਦਾ ਹਾਂ, ਖੜਾ ਹੋ ਆਪਣਾ ਬਿਸਤਰਾ ਚੁੱਕ ਅਤੇ ਘਰ ਨੂੰ ਜਾ।” 25 ਤਾਂ ਉਹ ਮਨੁੱਖ ਤੁਰੰਤ ਹੀ ਉਨ੍ਹਾਂ ਸਾਮ੍ਹਣੇ ਉਠ ਖਲੋਇਆ। ਉਸਨੇ ਆਪਣਾ ਬਿਸਤਰਾ ਚੁਕਿਆ ਅਤੇ ਪ੍ਰਭੂ ਦੀ ਉਸਤਤਿ ਕਰਦਾ ਹੋਇਆ ਘਰ ਨੂੰ ਚਲਾ ਗਿਆ। 26 ਉਹ ਹੈਰਾਨ ਸਨ ਅਤੇ ਉਨ੍ਹਾਂ ਨੇ ਪੂਰੀ ਇਜ੍ਜਤ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ, “ਅੱਜ ਅਸੀਂ ਹੈਰਾਨੀ ਭਰੀਆਂ ਗੱਲਾਂ ਵੇਖਿਆਂ ਹਨ।” 27 ਇਸਤੋਂ ਬਾਦ ਯਿਸੂ ਬਾਹਰ ਗਿਆ ਉਸਨੇ ਇੱਕ ਮਸੂਲੀਏ ਲੇਵੀ ਨੂੰ ਮਸੂਲ ਦੀ ਚੌਕੀਂ ਤੇ ਬੈਠੇ ਵੇਖਿਆ। ਯਿਸੂ ਨੇ ਉਸਨੂੰ ਕਿਹਾ, “ਮੇਰੇ ਪਿਛੇ ਹੋ ਤੁਰ!” 28 ਲੇਵੀ ਸਭ ਕੁਝ ਛੱਡਕੇ ਉਸਦੇ ਪਿਛੇ ਹੋ ਤੁਰਿਆ। 29 ਲੇਵੀ ਨੇ ਆਪਣੇ ਘਰ ਵਿੱਚ ਯਿਸੂ ਲਈ ਇੱਕ ਵੱਡੀ ਦਾਵਤ ਦਾ ਇੰਤਜਾਮ ਕੀਤਾ। ਖਾਣੇ ਦੀ ਮੇਜ ਤੇ ਕਾਫ਼ੀ ਸਾਰੇ ਮਸੂਲੀਏ ਅਤੇ ਕੁਝ ਹੋਰ ਵੀ ਲੋਕ ਇਕੱਤਰ ਹੋਏ ਸਨ। 30 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸੂ ਦੇ ਚੇਲਿਆਂ ਨੂੰ ਸ਼ਿਕਾਇਤ ਕੀਤੀ “ਤੁਸੀਂ ਮਸੂਲੀਆਂ ਅਤੇ ਪਾਪੀਆਂ ਨਾਲ ਕਿਉਂ ਖਾ-ਪੀ ਰਹੇ ਹੋ?” 31 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਇਹ ਬਿਮਾਰ ਮਨੁੱਖ ਹਨ, ਜਿਨ੍ਹਾਂ ਨੂੰ ਵੈਦ ਦੀ ਜ਼ਰੂਰਤ ਹੈ ਨਾ ਕਿ ਤੰਦਰੁਸਤਾਂ ਨੂੰ। 32 ਮੈਂ ਪਾਪੀਆਂ ਨੂੰ ਉਨ੍ਹਾਂ ਦੇ ਦਿਲ ਅਤੇ ਜੀਵਨ ਬਦਲਣ ਲਈ ਆਖਣ ਲਈ ਆਇਆ ਹਾਂ, ਨਾ ਕਿ ਧਰਮੀਆਂ ਨੂੰ।” 33 ਉਨ੍ਹਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਵੀ ਆਮ ਤੌਰ ਤੇ ਫ਼ਰੀਸੀਆਂ ਦੇ ਚੇਲਿਆਂ ਵਾਂਗ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਸਨ, ਪਰ ਤੇਰੇ ਚੇਲੇ ਹਰ ਵਕਤ ਖਾਂਦੇ-ਪੀਂਦੇ ਰਹਿੰਦੇ ਹਨ।” 34 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਲਾੜੇ ਦੇ ਦੋਸਤਾਂ ਤੋਂ ਵਰਤ ਰੱਖਵਾ ਸਕਦੇ ਹੋ ਜਦੋਂ ਤੱਕ ਕਿ ਲਾੜਾ ਉਨ੍ਹਾਂ ਦੇ ਨਾਲ ਹੁੰਦਾ ਹੈ? 35 ਪਰ ਵਕਤ ਆਵੇਗਾ ਜਦੋਂ ਲਾੜਾ ਉਨ੍ਹਾਂ ਤੋਂ ਲੈ ਲਿਆ ਜਾਵੇਗਾ। ਉਸ ਵਕਤ ਉਹ ਵਰਤ ਰੱਖਣਗੇ।” 36 ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਕੋਈ ਵੀ ਮਨੁੱਖ ਨਵੇਂ ਕੱਪੜੇ ਦੀ ਟਾਕੀ ਪਾੜਕੇ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਜੇਕਰ ਉਹ ਇਹ ਕਰਦਾ ਹੈ ਤਾਂ ਉਹ ਨਵੀਂ ਪੁਸ਼ਾਕ ਨੂੰ ਖਰਾਬ ਕਰ ਲਵੇਗਾ, ਪਰ ਹਾਂ ਨਵੀਂ ਪੁਸ਼ਾਕ ਦੀ ਟਾਕੀ ਵੀ ਪੁਰਾਣੀ ਪੋਸ਼ਾਕ ਤੇ ਮੇਲ ਨਹੀਂ ਖਾਂਦੀ। 37 ਲੋਕ ਨਵੀਂ ਮੈਅ ਨੂੰ ਕਦੇ ਵੀ ਪੁਰਾਣੀ ਮਸ਼ਕਾਂ ਵਿੱਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈਅ ਉਨ੍ਹਾਂ ਵਿੱਚੋਂ ਡੁਲ੍ਹ ਜਾਵੇਗੀ ਅਤੇ ਮਸ਼ਕਾਂ ਨਸ਼ਟ ਹੋ ਜਾਣਗੀਆਂ। 38 ਇਸੇ ਲਈ ਲੋਕ ਨਵੀਂ ਮੈ ਹਮੇਸ਼ਾ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। 39 ਅਤੇ ਪੁਰਾਣੀ ਮੈ ਪੀਕੇ ਨਵੀਂ ਕੋਈ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹ ਆਖਦਾ ਹੈ ਕਿ, ‘ਪੁਰਾਣੀ ਮੈ ਹੀ ਵਧੀਆ ਹੈ।’”

6:1 ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸਦੇ ਕੁਝ ਚੇਲੇ ਕਣਕ ਦੇ ਸਿੱਟੇ ਤੋੜਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ। 2 ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।” 3 ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪੜਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸਦੇ ਸਾਥੀ ਭੁਖੇ ਸਨ। 4 ਕੀ ਤੁਸੀਂ ਨਹੀਂ ਪੜਿਆ ਕਿ ਉਹ ਪਰਮੇਸ਼ੁਰ ਦੇ ਘਰ ਵੜਿਆ, ਤੇ ਉਸਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸਕਦਾ ਹੈ।” 5 ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।” 6 ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ। 7 ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸਨੂੰ ਸਬਤ ਦੇ ਦਿਨ ਰਾਜੀ ਕਰ ਸਕਦਾ ਹੈ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸਨੂੰ ਦੋਸ਼ੀ ਠਹਿਰਾ ਸਕਣ। 8 ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੋ। ਅਤੇ ਉਸਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉਠ ਅਤੇ ਵਿਚਾਲੇ ਆਕੇ ਖੜਾ ਹੋ ਜਾ।”ਤਾਂ ਉਸਨੇ ਇੰਝ ਹੀ ਕੀਤਾ। 9 ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?” 10 ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕਢਿਆ ਤਾਂ ਉਹ ਬਿਲਕੁਲ ਠੀਕ ਸੀ। 11 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬੜੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?” 12 ਉਨ੍ਹੀ ਦਿਨੀ ਯਿਸੂ ਇੱਕ ਪਹਾੜ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ। 13 ਅਗਲੀ ਸਵੇਰ ਉਸਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ। 14 ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ: ਸ਼ਮਊਨ, 15 ਮੱਤੀ, 16 ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ। 17 ਯਿਸੂ ਅਤੇ ਰਸੂਲ ਪਹਾੜ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ। 18 ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾ ਤੋਂ ਚਗੇ ਹੋਣ ਲਈ ਉਸ ਕੋਲ ਆਏ ਸਨ। ਜਿਹੜੇ ਲੋਕ ਭਰਿਸ਼ਟ ਆਤਮਿਆਂ ਤੋਂ ਪੀੜਿਤ ਸਨ ਉਹ ਵੀ ਰਾਜੀ ਕੀਤੇ ਗਏ। 19 ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ। 20 ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ,“ਗਰੀਬ ਲੋਕੋ! ਤੁਸੀਂ ਧੰਨ ਹੋ,ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ। 21 ਤੁਸੀਂ ਜੋ ਹੁਣ ਭੁਖੇ ਹੋ,ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ।ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋਕਿਉਂਕਿ ਮਗਰੋਂ ਤੁਸੀਂ ਹੱਸੋਂਗੇ। 22 “ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ। 23 ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ। 24 “ਤੁਹਾਡੇ ਤੇ ਲਾਹਨਤ, ਅਮੀਰ ਲੋਕੋ,ਕਿਉਂਕਿ ਤੁਹਾਡੇ ਕੋਲ ਸਭ ਸੁਖ ਹਨ। 25 ਤੁਹਾਡੇ ਤੇ ਲਾਹਨਤ, ਜਿਹੜੇ ਹੁਣ ਰੱਜੇ ਹੋਏ ਹੋਮਗਰੋਂ ਤੁਸੀਂ ਭੁਖੇ ਰਹੋਂਗੇ।ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ,ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ। 26 “ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ। 27 “ਪਰ ਤੁਸੀਂ, ਜੋ ਮੈਨੂੰ ਸੁਣ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਵੈਰੀਆਂ ਨੂੰ ਵੀ ਪਿਆਰ ਕਰੋ। ਜਿਹੜੇ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਤੁਹਾਡਾ ਬੁਰਾ ਚਿਤਵਦੇ ਹਨ, ਉਨ੍ਹਾਂ ਦਾ ਵੀ ਭਲਾ ਕਰੋ। 28 ਜੋ ਤੁਹਾਨੂੰ ਸ਼ਰਾਪ ਦਿੰਦੇ ਹਨ ਉਨ੍ਹਾਂ ਨੂੰ ਅਸੀਸਾਂ ਦਿਉ, ਜੋ ਤੁਹਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੋ। 29 ਜੇਕਰ ਕੋਈ ਤੁਹਾਡੀ ਇੱਕ ਗਲ ਤੇ ਚਪੇੜ ਮਾਰਦਾ ਹੈ ਤਾਂ ਤੁਸੀਂ ਦੂਜੀ ਗਲ ਵੀ ਭੁਆ ਦਿਓ। ਜੇਕਰ ਕੋਈ ਤੁਹਾਡਾ ਚੋਗ਼ਾ ਖੋਂਹਦਾ ਹੈ ਤਾਂ ਉਸਨੂੰ ਆਪਣੀ ਕਮੀਜ ਖੋਹਣ ਤੋਂ ਵੀ ਨਾ ਰੋਕੋ। 30 ਜੋ ਕੋਈ ਵੀ ਤੁਹਾਡੇ ਕੋਲੋ ਮੰਗੇ ਉਸਨੂੰ ਦੇ ਦੇਵੋ। ਜੇਕਰ ਕੋਈ ਤੁਹਾਡੀ ਕੋਈ ਵੀ ਵਸਤੂ ਲੈਂਦਾ ਹੈ ਤਾਂ ਉਸਨੂੰ ਵਾਪਸ ਨਾ ਮੰਗੋ। 31 ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਨਾਲ ਕਰੇ ਤੁਸੀਂ ਆਪ ਵੀ ਦੂਜਿਆਂ ਨਾਲ ਉਹੋ ਜਿਹਾ ਵਰਤਾਵਾ ਕਰੋ। 32 “ਜੇਕਰ ਤੁਸੀਂ ਕੇਵਲ ਉਨ੍ਹਾਂ ਨੂੰ ਹੀ ਪਿਆਰ ਕਰੋਂਗੇ, ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਉਸਤਤਿ ਦੀ ਆਸ ਰੱਖ ਸਕਦੇ ਹੋ? ਕਿਉਂਕਿ ਇੰਝ ਤਾਂ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। 33 ਜੇਕਰ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਚੰਗਾ ਕਰੋ ਜੋ ਤੁਹਾਡੇ ਲਈ ਚੰਗਾ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਉਸਤਤਿ ਦੀ ਆਸ ਰੱਖਦੇ ਹੋ। ਪਾਪੀ ਵੀ ਤਾਂ ਇਹੀ ਕਰਦੇ ਹਨ। 34 ਜੇਕਰ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਉਧਾਰ ਦਿਉ, ਜਿਨ੍ਹਾਂ ਕੋਲੋਂ ਵਾਪਸ ਆਉਣ ਦੀ ਆਸ ਹੋਵੇ ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਉਸਤਤਿ ਦੀ ਆਸ ਰੱਖ ਸਕਦੇ ਹੋ? ਇੰਝ ਤਾਂ ਪਾਪੀ ਲੋਕ ਵੀ ਦੂਜੇ ਪਾਪੀ ਲੋਕਾਂ ਨੂੰ ਉਧਾਰ ਦਿੰਦੇ ਹਨ ਤਾਂ ਜੋ ਉਹ ਆਪਣਾ ਪੂਰਾ ਪੈਸਾ ਵਾਪਸ ਲੈ ਸਕਣ। 35 “ਇਸ ਲਈ ਆਪਣੇ ਵੈਰੀਆਂ ਨਾਲ ਪਿਆਰ ਕਰੋ, ਮੁੜ ਵਾਪਸ ਲੈਣ ਦੀ ਆਸ ਤੋਂ ਬਿਨਾ, ਉਹੀ ਕਰੋ ਜੋ ਚੰਗਾ ਹੈ। ਫ਼ਿਰ ਤੁਹਾਡਾ ਫ਼ਲ ਮਹਾਨ ਹੋਵੇਗਾ। ਅਤੇ ਤੁਸੀਂ ਸਰਬ ਉਚ੍ਚ ਪਰਮੇਸ਼ੁਰ ਦੇ ਬੱਚੇ ਹੋਵੋਂਗੇ ਕਿਉਂਕਿ ਪਰਮੇਸ਼ੁਰ ਪਾਪੀ ਲੋਕਾਂ ਅਤੇ ਨਾਸ਼ੁਕਰੇ ਲੋਕਾਂ ਤੇ ਵੀ ਦਯਾਵਾਨ ਹੈ। 36 ਦਿਆਲੂ ਹੋਵੋ ਜਿਵੇਂ ਕਿ ਤੁਹਾਡਾ ਪਿਤਾ ਵੀ ਦਿਆਲੂ ਹੈ। 37 “ਦੂਜਿਆਂ ਦਾ ਨਿਰਣਾ ਨਾ ਕਰੋ ਤਾਂ ਤੁਹਾਡਾ ਵੀ ਨਿਰਣਾ ਨਹੀਂ ਕੀਤਾ ਜਾਵੇਗਾ। ਦੂਜਿਆਂ ਦੀ ਨਿੰਦਿਆ ਨਾ ਕਰੋ ਤਾਂ ਤੁਸੀਂ ਵੀ ਨਹੀਂ ਨਿੰਦੇ ਜਾਵੋਂਗੇ, ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਕਰੋਂਗੇ ਤਾਂ ਤੁਸੀਂ ਵੀ ਮਾਫ਼ ਕੀਤੇ ਜਾਵੋਂਗੇ। 38 ਦੇਵੋ, ਤੁਹਾਨੂੰ ਵੀ ਦਿੱਤਾ ਜਾਵੇਗਾ। ਤੁਹਾਨੂੰ ਬਹੁਤ ਵਧੇਰੇ ਦਿੱਤਾ ਆਵੇਗਾ। ਇਹ ਤੁਹਾਡੇ ਹੱਥਾਂ ਵਿੱਚੋਂ ਵਗਾਇਆ ਜਾਵੇਗਾ ਅਤੇ ਤੁਸੀਂ ਇਸਨੂੰ ਫ਼ੜਨ ਯੋਗ ਨਹੀਂ ਹੋਵੋਂਗੇ। ਅਤੇ ਇਹ ਬਾਹਰ ਤੁਹਾਡੀ ਗੋਦੀ ਵਿੱਚ ਵਗੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪਦੇ ਹੋਂ ਉਸੇ ਮਾਪ ਨਾਲ ਤੁਹਾਨੂੰ ਵੀ ਮਾਪਿਆ ਜਾਵੇਗਾ।” 39 ਉਸਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਵੀ ਦਿੱਤੀ, “ਕੀ ਭਲਾ ਇੱਕ ਅੰਨ੍ਹਾਂ ਦੂਜੇ ਅੰਨ੍ਹੇ ਦਾ ਆਗੂ ਹੋ ਸਕਦਾ ਹੈ? ਨਹੀਂ! ਦੋਵੇਂ ਹੀ ਟੋਏ ਵਿੱਚ ਜਾ ਡਿੱਗਣਗੇ। 40 ਕੋਈ ਵੀ ਚੇਲਾ ਆਪਣੇ ਗੁਰੂ ਤੋਂ ਉਚੇਰਾ ਨਹੀਂ ਹੈ। ਪਰ ਜਦੋਂ ਚੇਲਾ ਪੂਰੀ ਤਰ੍ਹਾਂ ਸਿਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ। 41 “ਤੁਸੀਂ ਉਸ ਕਖ ਦੇ ਕਣ ਨੂੰ ਕਿਉਂ ਵੇਖਦੇ ਹੋ ਜਿਹੜਾ ਤੁਹਾਡੇ ਭਰਾ ਦੀ ਅਖ ਵਿੱਚ ਹੈ। ਜਦੋਂ ਕਿ ਤੁਸੀਂ ਉਸ ਸ਼ਤੀਰ ਨੂੰ ਨਹੀਂ ਵੇਖਦੇ ਜਿਹੜਾ ਤੁਹਾਡੀ ਆਪਣੀ ਅਖ ਵਿੱਚ ਹੈ? 42 ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸਕਦੇ ਹੋਂ, ‘ਵੀਰ, ਮੈਨੂੰ ਤੇਰੀ ਅਖ ਚੋਂ ਕਖ ਦਾ ਕਣ ਕਢ ਲੈਣਦੇ’ ਜਦੋਂ ਕਿ ਤੁਸੀਂ ਉਹ ਸ਼ਤੀਰ ਨਹੀਂ ਵੇਖਦੇ ਜੋ ਤੁਹਾਡੀ ਆਪਣੀ ਅਖ ਵਿੱਚ ਹੈ। ਹੇ ਕਪਟੀਓ, ਪਹਿਲਾਂ ਆਪਣੀ ਅਖ ਵਿੱਚੋਂ ਸ਼ਤੀਰ ਨੂੰ ਕਢੋ ਤਾਂ ਹੀ ਤੁਸੀਂ ਆਪਣੇ ਭਰਾ ਦੀ ਅਖ ਵਿੱਚ ਉਸ ਕਖ ਦੇ ਕਣ ਨੂੰ ਕੱਢਣ ਲਈ ਠੀਕ ਤਰ੍ਹਾਂ ਵੇਖ ਸਕਦੇ ਹੋ। 43 “ਇੱਕ ਚੰਗਾ ਰੁੱਖ ਮਾੜਾ ਫ਼ਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਵਧੀਆ ਫ਼ਲ ਦਿੰਦਾ ਹੈ। 44 ਹਰ ਰੁੱਖ ਆਪਣੇ ਫ਼ਲ ਤੋਂ ਜਾਣਿਆ ਜਾਂਦਾ ਹੈ। ਲੋਕ ਕੰਡਿਆਲੀਆਂ ਥੋਰਾਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਝਾੜੀਆਂ ਤੋਂ ਉਨ੍ਹਾਂ ਨੂੰ ਅੰਗੂਰ ਮਿਲ ਸਕਦੇ ਹਨ। 45 ਚੰਗਾ ਵਿਅਕਤੀ ਆਪਣੇ ਦਿਲ ਵਿੱਚ ਇਕਤ੍ਰਿਤ ਚੰਗਿਆਈਆਂ ਵਿੱਚੋਂ ਚੰਗੀਆਂ ਗੱਲਾਂ ਕਢਦਾ ਹੈ, ਅਤੇ ਇੱਕ ਦੁਸ਼ਟ ਵਿਅਕਤੀ ਆਪਣੇ ਦਿਲ ਵਿੱਚ ਇਕਤ੍ਰਿਤ ਬੁਰੀਆਂ ਗੱਲਾਂ ਵਿੱਚੋਂ ਬੁਰੀਆਂ ਗੱਲਾਂ ਬਾਹਰ ਲਿਆਉਂਦਾ ਹੈ। ਕਿਉਂਕਿ ਵਿਅਕਤੀ ਆਪਣੇ ਮੂੰਹ ਨਾਲ ਉਹੀ ਗੱਲਾਂ ਆਖਦਾ ਹੈ ਜੋ ਉਸਦੇ ਦਿਲ ਵਿੱਚ ਇਕਤ੍ਰਿਤ ਹਨ। 46 “ਤੁਸੀਂ ਮੈਨੂੰ ‘ਪ੍ਰਭੂ, ਪ੍ਰਭੂ’, ਕਿਉਂ ਬੁਲਾਉਂਦੇ ਹੋ ਜਦੋਂ ਕਿ ਜੋ ਮੈਂ ਆਖਦਾ ਹਾਂ ਤੁਸੀਂ ਉਹ ਨਹੀਂ ਕਰਦੇ? 47 ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ: ਹਰ ਉਹ ਮਨੁੱਖ ਜੋ ਮੇਰੇ ਕੋਲ ਆਕੇ ਮੇਰੇ ਉਪਦੇਸ਼ਾਂ ਨੂੰ ਸੁਣਦਾ ਹੈ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ। 48 ਉਸ ਆਦਮੀ ਵਰਗਾ ਹੈ ਜੋ ਕਿ ਘਰ ਬਣਾ ਰਿਹਾ ਹੈ। ਉਹ ਡੂੰਘੀ ਖੁਦਾਈ ਕਰਕੇ ਚੱਟਾਨ ਉੱਤੇ ਨੀਹ ਧਰਦਾ ਹੈ। ਹੜ ਆਉਂਦਾ ਹੈ ਅਤੇ ਹੜ ਦਾ ਪਾਣੀ ਉਸਦੇ ਘਰ ਨੂੰ ਵਹਾਕੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਹੜ ਉਸ ਘਰ ਨੂੰ ਹਿਲਾ ਨਹੀਂ ਸਕਦਾ, ਕਿਉਂਕਿ ਉਸ ਘਰ ਦੀ ਨੀਂਹ ਮਜਬੂਤ ਹੈ। 49 “ਪਰ ਉਹ ਜਿਹੜਾ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਸਨੇ ਆਪਣੇ ਘਰ ਦੀ ਖੁਦਾਈ ਮਜਬੂਤੀ ਨਾਲ ਡੂੰਘੀ ਨਹੀਂ ਪੁੱਟੀ ਅਤੇ ਜਦੋਂ ਹੜ ਆਇਆ ਤਾਂ ਬੜੇ ਅਰਾਮ ਨਾਲ ਹੀ ਉਸਦਾ ਘਰ ਬਹਾਕੇ ਨਾਲ ਲੈ ਗਿਆ ਅਤੇ ਉਹ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ।”

7:1 ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫ਼ਰਨਾਹੂਮ ਵੱਲ ਗਿਆ। 2 ਉਥੇ ਇੱਕ ਸੈਨਾ ਅਧਿਕਾਰੀ ਸੀ। ਉਸਦਾ ਨੌਕਰ ਬੜਾ ਬਿਮਾਰ ਸੀ, ਅਤੇ ਮਰਨ ਕਿਨਾਰੇ ਸੀ। ਉਸ ਨੂੰ ਨੌਕਰ ਨਾਲ ਬੜਾ ਪਿਆਰ ਸੀ। 3 ਜਦੋਂ ਅਧਿਕਾਰੀ ਨੂੰ ਯਿਸੂ ਬਾਰੇ ਪਤਾ ਲੱਗਾ ਉਸਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸਦੇ ਨੌਕਰ ਨੂੰ ਬਚਾਵੇ। 4 ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ। 5 ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸਨੇ ਪ੍ਰਾਰਥਨਾ ਸਥਾਨ ਵੀ ਬਨਵਾਇਆ ਹੈ।” 6 ਇਸਲਈ ਯਿਸੂ ਉਨ੍ਹਾਂ ਦੇ ਨਾਲ ਚਲਿਆ ਗਿਆ ਅਤੇ ਜਦੋਂ ਉਹ ਉਸਦੇ ਘਰ ਤੋਂ ਜਿਆਦਾ ਦੂਰ ਨਹੀਂ ਸੀ। ਤਾਂ ਅਧਿਕਾਰੀ ਨੇ ਆਪਣੇ ਕੁਝ ਮਿੱਤਰਾਂ ਨੂੰ ਉਸਨੂੰ ਇਹ ਆਖਣ ਲਈ ਭੇਜਿਆ, “ਪ੍ਰਭੂ ਤੁਸੀਂ ਇਥੇ ਆਉਣ ਦੀ ਤਕਲੀਫ਼ ਨਾ ਕਰੋ, ਕਿਉਂਕਿ ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ। 7 ਇਸੇ ਕਾਰਣ ਮੈਂ ਆਪਣੇ-ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ। ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋਂ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗ਼ਾ। 8 ਕਿਉਂਕਿ ਮੈਂ ਖੁਦ ਆਪਣੇ ਤੋਂ ਉਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ, ‘ਜਾ’, ਤਾਂ ਉਹ ਜਾਂਦਾ ਹੈ ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ, ‘ਆ’, ਉਹ ਆਉਂਦਾ ਹੈ। ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ, ‘ਇਹ ਕਰ’, ਤਾਂ ਉਹ ਕਰਦਾ ਹੈ। 9 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਨ੍ਹਾਂ ਲੋਕਾਂ ਵੱਲ ਮੁੜਿਆ ਜੋ ਉਸਦਾ ਹੁਕਮ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਸਰਾਏਲ ਵਿੱਚ ਵੀ ਨਹੀਂ ਵੇਖਿਆ।” 10 ਜਿਹੜੇ ਲੋਕ ਯਿਸੂ ਕੋਲ ਭੇਜੇ ਗਏ ਸਨ ਜਦੋਂ ਉਹ ਘਰ ਨੂੰ ਵਾਪਸ ਚਲੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਨੌਕਰ ਰਾਜ਼ੀ ਹੋ ਗਿਆ ਸੀ। 11 ਅਗਲੇ ਦਿਨ ਯਿਸੂ ਨਾਇਨ ਨਾਂ ਦੇ ਇੱਕ ਸ਼ਹਿਰ ਵਿੱਚ ਗਿਆ। ਉਸਦੇ ਚੇਲੇ ਅਤੇ ਲੋਕਾਂ ਦੀ ਇੱਕ ਵੱਡੀ ਭੀੜ ਉਸਦੇ ਨਾਲ ਸਫ਼ਰ ਕਰ ਰਹੀ ਸੀ। 12 ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ। 13 ਜਦੋਂ ਪ੍ਰਭੂ ਯਿਸੂ ਨੇ ਉਸਨੂੰ ਵੇਖਿਆ ਤਾਂ ਉਸਦੇ ਦਿਲ ਨੂੰ ਬੜਾ ਦੁਖ ਲੱਗਾ ਅਤੇ ਉਸਨੇ ਉਸ ਔਰਤ ਨੂੰ ਕਿਹਾ, “ਤੂੰ ਰੋ ਨਹੀਂ।” 14 ਉਹ ਅਗਾਂਹ ਗਿਆ ਅਤੇ ਤਾਬੂਤ ਨੂੰ ਛੋਹਿਆ ਅਤੇ ਜਿਨ੍ਹਾਂ ਲੋਕਾਂ ਨੇ ਤਾਬੂਤ ਨੂੰ ਚੁਕਿਆ ਹੋਇਆ ਸੀ, ਉਥੇ ਹੀ ਰੁਕ ਗਏ। ਯਿਸੂ ਨੇ ਉਸ ਮੁਰਦਾ ਪੁੱਤਰ ਨੂੰ ਕਿਹਾ, “ਹੇ ਯੁਵਕ! 15 ਮੈਂ ਤੈਨੂੰ ਆਖਦਾ ਹਾਂ ਕਿ ਉਠ ਖਲੋ।” ਤਾਂ ਉਹ ਵਿਧਵਾ ਦਾ ਪੁੱਤਰ ਉਠ ਬੈਠਾ ਅਤੇ ਗੱਲਾਂ ਕਰਨ ਲੱਗ ਪਿਆ ਅਤੇ ਯਿਸੂ ਨੇ ਉਸਨੂੰ ਉਸਦੀ ਮਾਂ ਨੂੰ ਦੇ ਦਿੱਤਾ। 16 ਸਭ ਲੋਕ ਡਰ ਨਾਲ ਭਰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੇ “ਇੱਕ ਵੱਡਾ ਨਬੀ ਸਾਡੇ ਕੋਲ ਆਇਆ ਹੈ।” ਅਤੇ ਉਨ੍ਹਾਂ ਕਿਹਾ, “ਪਰਮੇਸ਼ੁਰ ਖੁਦ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ।” 17 ਇਹ ਖਬਰ ਯਿਸੂ ਬਾਰੇ ਸਾਰੇ ਯਹੂਦਿਯਾ ਅਤੇ ਉਸਦੇ ਆਸ-ਪਾਸ ਦੇ ਇਲਾਕੇ ਵਿੱਚ ਫ਼ੈਲ ਗਈ। 18 ਯੂਹੰਨਾ ਦੇ ਚੇਲਿਆਂ ਨੇ ਉਸਨੂੰ ਇਨ੍ਹਾਂ ਸਭ ਗੱਲਾਂ ਬਾਰੇ ਦਸਿਆ ਅਤੇ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ। 19 ਯੂਹੰਨਾ ਨੇ ਉਨ੍ਹਾਂ ਨੂੰ ਪ੍ਰਭੂ ਕੋਲ ਇਹ ਪੁਛਣ ਲਈ ਭੇਜਿਆ “ਕੀ ਤੂੰ ਉਹੀ ਹੈ ਜਿਸਦਾ ਸਾਨੂੰ ਇੰਤਜਾਰ ਹੈ ਜਾਂ ਅਸੀਂ ਕਿਸੇ ਦੂਜੇ ਦੇ ਆਉਣ ਦਾ ਇੰਤਜਾਰ ਕਰੀਏ?” 20 ਤਾਂ ਉਹ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲੋ ਇਹ ਸਵਾਲ ਪੁਛਣ ਲਈ ਭੇਜਿਆ ਹੈ ਕਿ ‘ਕੀ ਤੂੰ ਉਹੀ ਹੈ ਜਿਸਦੀ ਸਾਨੂੰ ਉਡੀਕ ਹੈ ਜਾਂ ਅਸੀਂ ਕਿਸੇ ਹੋਰ ਦੇ ਆਉਣ ਦੀ ਉਡੀਕ ਕਰੀਏ?’” 21 ਉਸ ਵਕਤ ਯਿਸੂ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਬਿਮਾਰੀ ਤੇ ਰੋਗਾਂ ਤੋਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਅਤੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਦ੍ਰਿਸ਼ਟੀ ਦਿੱਤੀ ਤਾਂ ਜੋ ਉਹ ਦੋਬਾਰਾ ਵੇਖ ਸਕਣ। 22 ਤਦ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਜਾਕੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਯੂਹੰਨਾ ਨੂੰ ਦੱਸੋ, ਕਿ ਹੁਣ ਅੰਨ੍ਹੇ ਵੇਖ ਸਕਦੇ ਹਨ, ਲੰਗੜੇ ਤੁਰ ਸਕਦੇ ਹਨ ਕੋੜ੍ਹੀ ਰਾਜ਼ੀ ਹੋ ਗਏ ਹਨ, ਬੋਲੇ ਸੁਣ ਸਕਦੇ ਹਨ ਅਤੇ ਮੁਰਦਿਆਂ ਨੂੰ ਜੀਵਨ ਦਿੱਤਾ ਗਿਆ ਹੈ। ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼-ਖਬਰੀ ਗਰੀਬ ਲੋਕਾਂ ਨੂੰ ਦਿੱਤੀ ਗਈ ਹੈ। 23 ਜੋ ਵਿਅਕਤੀ ਮੈਨੂੰ ਸਵੀਕਾਰਦਾ ਹੈ ਉਹ ਧੰਨ ਹੈ।” 24 ਜਦੋਂ ਯੂਹੰਨਾ ਦੇ ਚੇਲੇ ਚਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾੜ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਦੇ ਬੁਲੇ ਨਾਲ ਹਿਲਦਾ ਹੈ? 25 ਤੁਸੀਂ ਬਾਹਰ ਕੀ ਵੇਖ ਰਹੇ ਸੀ? ਕੀ ਇੱਕ ਵਧੀਆ ਪੋਸ਼ਾਕ ਪਾਈ ਹੋਏ ਆਦਮੀ ਨੂੰ ਵੇਖਦੇ ਸੀ? ਨਹੀਂ ਜਿਹੜੇ ਲੋਕ ਵਧੀਆ ਕੱਪੜੇ ਪਾਉਂਦੇ ਹਨ ਅਤੇ ਐਸ਼ ਨਾਲ ਜਿਉਂਦੇ ਹਨ, ਰਾਜਿਆਂ ਦੇ ਮਹਿਲਾਂ ਵਿੱਚ ਹੀ ਵੇਖੇ ਜਾ ਸਕਦੇ ਹਨ। 26 ਸੱਚੀਂ! ਤੁਸੀਂ ਬਾਹਰ ਕੀ ਵੇਖਣ ਗਏ ਸੀ? ਕੀ ਨਬੀ ਨੂੰ ਵੇਖਣ ਗਏ ਸੀ? ਹਾਂ! ਮੈਂ ਤੁਹਾਨੂੰ ਦੱਸਦਾ ਹਾਂ ਕਿ ਯੂਹੰਨਾ ਇੱਕ ਨਬੀ ਤੋਂ ਵਧ ਹੈ। 27 ਇਹ ਉਹੀ ਵਿਅਕਤੀ ਹੈ ਜਿਸ ਬਾਰੇ ਪੋਥੀਆਂ ਵਿੱਚ ਵੀ ਇਹ ਲਿਖਿਆ ਹੋਇਆ ਹੈ:‘ਸੁਣੋ! ਮੈਂ ਪ੍ਰਭੂ, ਆਪਣਾ ਦੂਤ ਤੇਰੇ ਅੱਗੇ-ਅੱਗੇ ਭੇਜਦਾ ਹਾਂ ਜਿਹੜਾਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।’ 28 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਵੀ ਇਥੇ ਮਨੁੱਖ ਜੰਮੇ ਹਨ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਵੀ ਕੋਈ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਸ ਕੋਲੋਂ ਵੱਡਾ ਹੈ।” 29 ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ। 30 ਪਰ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਪਰਮੇਸ਼ੁਰ ਦੀ ਉਨ੍ਹਾਂ ਬਾਰੇ ਬਣਾਈ ਵਿਉਂਤ ਨੂੰ ਨਾਮੰਜੂਰ ਕਰ ਦਿੱਤਾ, ਉਨ੍ਹਾਂ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਅਨੁਮਤੀ ਨਾ ਦਿੱਤੀ। 31 “ਫ਼ਿਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਸ ਵਰਗਾ ਦੱਸਾਂ? ਉਨ੍ਹਾਂ ਦੀ ਤੁਲਨਾ ਕਿਸ ਨਾਲ ਹੈ? 32 ਉਹ ਉਨ੍ਹਾਂ ਬਚਿਆਂ ਵਰਗੇ ਹਨ ਜਿਹੜੇ ਰਾਹਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਦਾ ਇੱਕ ਸਮੂਹ ਦੂਜੇ ਸਮੂਹ ਨੂੰ ਆਖਦਾ ਹੈ,‘ਅਸੀਂ ਤੁਹਾਡੇ ਲਈ ਬੰਸਰੀ ਵਜਾਈਪਰ ਤੁਸੀਂ ਨਾ ਨੱਚੇ,ਅਸੀਂ ਤੁਹਾਡੇ ਲਈ ਸ਼ੋਕ ਗੀਤ ਗਾਇਆਪਰ ਤੁਸੀਂ ਨਹੀਂ ਰੋਏ।’ 33 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਨਾ ਤਾਂ ਉਹ ਰੋਟੀ ਖਾਂਦਾ ਹੈ ਨਾ ਹੀ ਮੈਅ ਪੀਂਦਾ ਹੈ ਪਰ ਤੁਸੀਂ ਕਹਿੰਦੇ ਹੋ ਉਸਨੂੰ ਭੂਤ ਚਿੰਬੜਿਆ ਹੋਇਆ ਹੈ। 34 ਫ਼ਿਰ ਮਨੁੱਖ ਦਾ ਪੁੱਤਰ ਖਾਂਦੇ ਅਤੇ ਪੀਂਦੇ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਕਿ ‘ਵੇਖੋ ਉਹ ਖਾਊ ਅਤੇ ਪਿਆਊ ਹੈ ਅਤੇ ਉਹ ਮਸੂਲੀਆਂ ਅਤੇ ਪਾਪੀਆਂ ਦਾ ਮਿੱਤਰ ਹੈ।’ 35 ਪਰ ਸਿਆਣਪ ਆਪਣੇ ਕਾਰਨਾਮਿਆਂ ਦੁਆਰਾ ਹੀ ਧਰਮੀ ਦਿਖਾਈ ਦਿੰਦੀ ਹੈ।” 36 ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ। 37 ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ। 38 ਉਹ ਯਿਸੂ ਦੇ ਚਰਨਾਂ ਕੋਲ ਖੜੀ ਸੀ ਅਤੇ ਰੋ ਰਹੀ ਸੀ। ਉਸਨੇ ਆਪਣੇ ਹੰਝੂਆਂ ਨਾਲ ਉਸਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸਨੇ ਕਿੰਨੀ ਵਾਰ ਉਸਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸਦੇ ਪੈਰਾਂ ਤੇ ਅਤਰ ਮਲ ਦਿੱਤਾ। 39 ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹੜੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।” 40 ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।”ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?” 41 ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿਕਿਆਂਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿਕਿਆਂ ਦਾ ਦੇਣਦਾਰ ਸੀ। 42 ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸਲਈ ਉਹ ਆਪਣਾ ਕਰਜਾ ਨਾ ਦੇ ਸਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵਧ ਪਿਆਰ ਕਰੇਗਾ। 43 ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵਧੀਕ ਪਿਆਰ ਕਰੇਗਾ ਜਿਸਨੂੰ ਉਸਨੇ ਜਿਆਦਾ ਧਨ ਬਖਸ਼ਿਆ।”ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।” 44 ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ। 45 ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ। 46 ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸਨੇ ਅਤਰ ਨਾਲ ਮੇਰੇ ਪੈਰ ਮਲੇ। 47 ਇਸਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋੜੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।” 48 ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।” 49 ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸਕਦਾ ਹੈ?” 50 ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਆਸਥਾ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”

8:1 ਇਸਤੋਂ ਬਾਦ ਯਿਸੂ ਸ਼ਹਿਰ-ਸ਼ਹਿਰ ਅਤੇ ਨਗਰ-ਨਗਰ ਵਿੱਚ ਪਰਮੇਸ਼ੁਰ ਦੇ ਰਾਜ ਬਾਰੇ ਖੁਸ਼-ਖਬਰੀ ਫ਼ੈਲਾਉਂਦਾ ਹੋਇਆ ਯਾਤਰਾ ਕਰਦਾ ਰਿਹਾ ਅਤੇ ਬਾਰ੍ਹਾਂ ਰਸੂਲ ਵੀ ਉਸਦੇ ਨਾਲ ਸਨ। 2 ਕੁਝ ਔਰਤਾਂ ਵੀ ਉਸਦੇ ਨਾਲ ਸਨ ਜਿਨ੍ਹਾਂ ਨੂੰ ਉਸਨੇ ਉਨ੍ਹਾਂ ਦੇ ਰੋਗਾਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਸੀ। ਉਥੇ ਉਨ੍ਹਾਂ ਵਿਚਕਾਰ ਮਰਿਯਮ ਮਗਦਲੀਨੀ ਨਾਂ ਦੀ ਔਰਤ ਵੀ ਸੀ। ਉਸਨੂੰ ਸੱਤ ਭੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਭੂਤਾਂ ਨੂੰ ਉਸ ਵਿੱਚੋਂ ਕਢਿਆ ਸੀ। 3 ਇਹ ਔਰਤਾਂ ਵੀ ਨਾਲ ਸਨ: ਹੇਰੋਦੇਸ ਦੇ ਉਚ੍ਚ ਅਧਿਕਾਰੀ ਚੁਜ਼ਾ, ਦੀ ਪਤਨੀ ਯੋਆਨਾ ਵੀ ਉਨ੍ਹਾਂ ਵਿੱਚੋਂ ਹੀ ਸੀ। ਸੁਸ਼ੰਨਾ ਅਤੇ ਕਈ ਹੋਰ ਔਰਤਾਂ ਉਸਦੇ ਨਾਲ ਸਨ। ਇਹ ਔਰਤਾਂ ਆਪਣੇ ਧਨ ਨਾਲ ਯਿਸੂ ਅਤੇ ਉਸਦੇ ਰਸੂਲਾਂ ਦੀ ਸੇਵਾ ਕਰ ਰਹੀਆਂ ਸਨ। 4 ਸਾਰਿਆਂ ਸ਼ਹਿਰਾਂ ਤੋਂ ਲੋਕ ਇਕਠੇ ਹੋਕੇ ਵੱਡੀ ਭੀੜ ਵਾਂਗ ਆਏ। ਅਤੇ ਉਸਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ: 5 “ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ, ਜਦੋਂ ਉਹ ਬੀਜ ਬੋਅ ਰਿਹਾ ਸੀ ਤਾਂ ਕੁਝ ਬੀਜ ਸੜਕ ਦੇ ਨਾਲ ਡਿੱਗ ਪਏ, ਉਸ ਉੱਪਰੋਂ ਦੀ ਲੋਕ ਲੰਘਦੇ ਰਹੇ, ਅਤੇ ਡਿੱਗੇ ਹੋਏ ਬੀਜ ਪੰਛੀ ਚੁਗ ਗਏ। 6 ਕੁਝ ਬੀਜ ਪੱਥਰੀਲੀ ਜਮੀਨ ਤੇ ਡਿੱਗੇ ਅਤੇ ਉਹ ਉਗਣੇ ਸ਼ੁਰੂ ਹੋ ਗਏ ਪਰ ਉਥੇ ਨਮੀ ਨਾ ਹੋਣ ਦੇ ਕਾਰਣ ਉਹ ਸੁੱਕ ਗਏ। 7 ਕੁਝ ਬੀਜ ਕੰਡਿਆਲੀਆਂ ਝਾੜੀਆਂ ਵਿੱਚ ਡਿੱਗ ਪਏ। ਉਹ ਕੰਡਿਆਂ ਵਿਚਕਾਰ ਉਗੇ ਪਰ ਥੋਹਰਾਂ ਨੇ ਉਨ੍ਹਾਂ ਨੂੰ ਪੁੰਗਰਨ ਨਾ ਦਿੱਤਾ ਤੇ ਇਹ ਉਨ੍ਹਾਂ ਹੇਠ ਦਬ ਗਏ। 8 ਕੁਝ ਬੀਜ ਉਪਜਾਊ ਜ਼ਮੀਨ ਤੇ ਡਿੱਗੇ ਅਤੇ ਇਥੋ ਵਾਲੇ ਬੀਜਾਂ ਦੀ ਫ਼ਸਲ ਸੌ ਗੁਣਾ ਵਧ ਪੈਦਾ ਹੋਈ।”ਯਿਸੂ ਨੇ ਇਹ ਦ੍ਰਿਸ਼ਟਾਂਤ ਜਦੋਂ ਖਤਮ ਕੀਤਾ ਤਾਂ ਆਖਿਆ, “ਤੁਸੀਂ ਲੋਕ ਜੋ ਮੈਨੂੰ ਸੁਨਣ ਆਏ ਹੋ, ਸੁਣੋ।” 9 ਯਿਸੂ ਦੇ ਚੇਲਿਆਂ ਨੇ ਉਸਤੋਂ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਕੀ ਅਰਥ ਹੈ?” 10 ਯਿਸੂ ਨੇ ਆਖਿਆ, “ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਗੁਪਤਾਂ ਨੂੰ ਜਾਨਣ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਹੋਰਾਂ ਲਈ ਮੈਂ ਦ੍ਰਿਸ਼ਟਾਂਤਾਂ ਰਾਹੀਂ ਬੋਲਦਾ ਹਾਂ ਤਾਂ ਜੋ:‘ਉਹ ਵੇਖਦੇ ਹੋਏ ਵੀਨਾ ਵੇਖਣਅਤੇ ਸੁਣਦਿਆਂ ਹੋਇਆਂ ਵੀਨਾ ਸਮਝਣ।’ 11 “ਇਸ ਉੱਪਰਲੇ ਦ੍ਰਿਸ਼ਟਾਂ ਦਾ ਅਰਥ ਇਹ ਹੈ ਕਿ: ਬੀਜ ਪਰਮੇਸ਼ੁਰ ਦੇ ਉਪਦੇਸ਼ ਹਨ। 12 ਜਿਹੜੇ ਬੀਜ ਸੜਕ ਦੇ ਕਿਨਾਰੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ। ਅਤੇ ਫ਼ੇਰ ਸ਼ੈਤਾਨ ਆਉਂਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਉਪਦੇਸ਼ ਨੂੰ ਕਢ ਦਿੰਦਾ ਹੈ। ਇਸਲਈ ਉਹ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਬਚਾਏ ਨਹੀਂ ਜਾ ਸਕਦੇ। 13 ਜਿਹੜੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜੜ੍ਹਾਂ ਨਹੀਂ ਫ਼ੜਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ। 14 “ਅਤੇ ਜਿਹੜੇ ਬੀਜ ਕੰਡਿਆਂ ਵਿਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁਖ ਚੈਨ ਉਨ੍ਹਾਂ ਨੂੰ ਵਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਪਾਉਂਦੇ। 15 ਅਤੇ ਉਹ ਬੀਜ ਜਿਹੜੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ। 16 “ਕੋਈ ਵੀ ਮਨੁੱਖ ਦੀਵਾ ਬਾਲਕੇ ਉਸਨੂੰ ਭਾਂਡੇ ਨਾਲ ਢਕ ਕੇ ਲੁਕਾਉਂਦਾ ਨਹੀਂ, ਨਾ ਹੀ ਮੰਜੇ ਹੇਠਾਂ ਰੱਖਦਾ ਹੈ, ਸਗੋਂ ਉਹ ਮਨੁੱਖ ਦੀਵੇ ਨੂੰ ਸ਼ਮ੍ਹਾਦਾਨ ਉੱਤੇ ਰੱਖਦਾ ਹੈ ਤਾਂ ਜੋ ਆਉਣ ਵਾਲੇ ਹਨੇਰੇ ਵਿੱਚੋਂ ਚਾਨਣ ਨੂੰ ਵੇਖ ਸਕਣ। 17 ਕਿਉਂਕਿ ਅਜਿਹਾ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਜਾਹਿਰ ਨਹੀਂ ਕੀਤਾ ਜਾਵੇਗਾ, ਅਤੇ ਇਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਹੜਾ ਦਸਿਆ ਨਹੀਂ ਜਾਵੇਗਾ ਅਤੇ ਚਾਨਣ ਵਿੱਚ ਨਹੀਂ ਲਿਆਂਦਾ ਜਾਵੇਗਾ। 18 ਇਸਲਈ ਹੋਸ਼ਿਆਰ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋਂ ਕਿਉਂਕਿ ਜਿਸ ਕਿਸੇ ਕੋਲ ਹੈ ਉਹ ਜ਼ਿਆਦਾ ਹਾਸਿਲ ਕਰੇਗਾ ਅਤੇ ਜਿਸ ਕਿਸੇ ਕੋਲ ਨਹੀਂ ਹੈ ਉਹ ਉਸਨੂੰ ਵੀ ਗੁਆ ਲਵੇਗਾ, ਜੋ ਉਹ ਸੋਚਦਾ ਹੈ ਕਿ, ਉਸ ਕੋਲ ਹੈ।” 19 ਯਿਸੂ ਦੇ ਮਾਤਾ ਅਤੇ ਭਰਾ ਉਸਨੂੰ ਮਿਲਣ ਲਈ ਆਏ, ਪਰ ਯਿਸੂ ਦੇ ਆਲੇ-ਦੁਆਲੇ ਇੰਨੀ ਭੀੜ ਇਕੱਤਰ ਸੀ ਕਿ ਉਹ ਉਸਦੇ ਨੇੜੇ ਨਾ ਜਾ ਸਕੇ। 20 ਤਾਂ ਕਿਸੇ ਨੇ ਉਸਨੂੰ ਕਿਹਾ, “ਤੇਰੇ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ, ਉਹ ਤੈਨੂੰ ਵੇਖਣਾ ਚਾਹੁੰਦੇ ਹਨ।” 21 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੇਰੀ ਮਾਂ ਅਤੇ ਭਰਾ ਉਹ ਲੋਕ ਹਨ ਜੋ ਪਰਮੇਸ਼ੁਰ ਦੇ ਉਪਦੇਸ਼ ਨੂੰ ਸੁਣਦੇ ਹਨ ਅਤੇ ਉਸਤੇ ਅਮਲ ਕਰਦੇ ਹਨ।” 22 ਇੱਕ ਦਿਨ ਯਿਸੂ ਅਤੇ ਉਸਦੇ ਚੇਲੇ ਬੇੜੀ ਉੱਤੇ ਚੜ੍ਹੇ ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਇਸ ਝੀਲ ਦੇ ਪਾਰ ਚੱਲੀਏ।” ਤਾਂ ਉਹ ਇੱਕ ਬੇੜੀ ਵਿੱਚ ਬੈਠੇ ਅਤੇ ਚੱਲ ਪਏ। 23 ਜਦੋ ਉਹ ਬੇੜੀ ਚਲਾ ਰਹੇ ਸਨ ਯਿਸੂ ਸੌਂ ਗਿਆ। ਉਥੇ ਬੜਾ ਤੇਜ ਤੂਫ਼ਾਨ ਆਇਆ ਅਤੇ ਪਾਣੀ ਬੇੜੀ ਵਿੱਚ ਭਰਨਾ ਸ਼ੁਰੂ ਹੋ ਗਿਆ। ਉਹ ਖਤਰੇ ਵਿੱਚ ਸਨ। 24 ਚੇਲੇ ਯਿਸੂ ਕੋਲ ਗਏ ਅਤੇ ਜਾਕੇ ਉਸਨੂੰ ਜਗਾਇਆ।ਉਨ੍ਹਾਂ ਆਖਿਆ, “ਪ੍ਰਭੂ! ਪ੍ਰਭੂ! ਅਸੀਂ ਤਾਂ ਡੁੱਬ ਚਲੇ ਹਾਂ।” ਯਿਸੂ ਉਠਿਆ ਅਤੇ ਉਸਨੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ ਤਾਂ ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ। 25 ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿਥੇ ਹੈ ਤੁਹਾਡਾ ਵਿਸ਼ਵਾਸ?”ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦੇ ਸਕਦਾ ਹੈ ਤੇ ਉਹ ਉਸਨੂੰ ਮੰਨਦੇ ਹਨ?” 26 ਫ਼ਿਰ ਯਿਸੂ ਅਤੇ ਉਸਦੇ ਚੇਲੇ ਝੀਲ ਦੇ ਪਰਲੇ ਪਾਰ ਗਿਰਸੇਨੀਆ ਦੇ ਦੇਸ਼ ਵਿੱਚ ਪਹੁੰਚੇ ਜੋ ਗਲੀਲ ਦੇ ਸਾਮ੍ਹਣੇ ਹੈ। 27 ਜਦੋਂ ਯਿਸੂ ਬੇੜੀ ਵਿੱਚੋਂ ਉਤਰਿਆ, ਤਾਂ ਉਸ ਸ਼ਹਿਰ ਵਿੱਚੋਂ ਇੱਕ ਮਨੁੱਖ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬੜਿਆ ਹੋਇਆ ਸੀ। ਬੜੇ ਲੰਬੇ ਸਮੇਂ ਤੋਂ ਉਸਨੇ ਕੋਈ ਕੱਪੜੇ ਨਹੀਂ ਪਹਿਨੇ ਸਨ ਨਾ ਹੀ ਘਰ ਵਿੱਚ ਰਿਹਾ ਸੀ, ਸਗੋਂ ਉਹ ਕਬਰਸਤਾਨ ਵਿੱਚ ਰਹਿੰਦਾ ਸੀ। 28 ਜਦੋਂ ਉਸਨੇ ਯਿਸੂ ਨੂੰ ਵੇਖਿਆ ਤਾਂ ਉਸਨੇ ਉੱਚੀ-ਉੱਚੀ ਚੀਕਾਂ ਮਾਰੀਆਂ ਅਤੇ ਉਸਦੇ ਪੈਰਾਂ ਤੇ ਡਿੱਗ ਪਿਆ ਅਤੇ ਉਸਨੇ ਉੱਚੀ ਅਵਾਜ਼ ਵਿੱਚ ਆਖਿਆ, “ਹੇ ਯਿਸੂ! ਸਰਬ ਉਚ ਪਰਮੇਸ਼ੁਰ ਦੇ ਪੁੱਤਰ, ਤੈਨੂੰ ਮੈਥੋਂ ਕੀ ਚਾਹੀਦਾ ਹੈ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੈਨੂੰ ਦੁਖ ਨਾ ਦੇ!” ਉਸਨੇ ਅਜਿਹਾ ਇਸਲਈ ਆਖਿਆ ਕਿਉਂਕਿ ਯਿਸੂ ਨੇ ਉਸ ਭਰਿਸ਼ਟ ਆਤਮਾ ਨੂੰ ਉਸ ਬੰਦੇ ਦਾ ਸ਼ਰੀਰ ਛੱਡਣ ਲਈ ਹੁਕਮ ਦਿੱਤਾ। ਭੂਤ ਕਈ ਵਾਰੀ ਉਸ ਬੰਦੇ ਨੂੰ ਚਿੰਬੜਿਆ ਸੀ। ਅਜਿਹੇ ਅਵਸਰਾਂ ਤੇ, ਹਾਲਾਂ ਕਿ ਉਸਦੇ ਪੈਰਾਂ ਅਤੇ ਹੱਥਾਂ ਵਿੱਚ ਜੰਜੀਰਾਂ ਪਾਈਆਂ ਹੋਈਆਂ ਸਨ ਅਤੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਹ ਜੰਜੀਰਾਂ ਨੂੰ ਤੋੜ ਸੁੱਟਦਾ ਅਤੇ ਭੂਤ ਉਸਨੂੰ ਸੁੰਨਸਾਨ ਥਾਵਾਂ ਉੱਤੇ ਜਾਣ ਲਈ ਮਜਬੂਰ ਕਰਦਾ। 29 30 ਯਿਸੂ ਨੇ ਉਸਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”ਮਨੁੱਖ ਨੇ ਜਵਾਬ ਦਿੱਤਾ, “ਲਸ਼ਕਰ” ਕਿਉਂਕਿ ਉਸ ਵਿੱਚ ਬਹੁਤ ਸਾਰੇ ਭੂਤਾਂ ਦਾ ਵਾਸਾ ਸੀ। 31 ਭੂਤਾਂ ਨੇ ਯਿਸੂ ਅੱਗੇ ਅਰਜੋਈ ਕੀਤੀ ਕਿ ਉਹ ਉਨ੍ਹਾਂ ਨੂੰ ਅਥਾਹ ਹਨੇਰੇ ਵਿੱਚ ਨਾ ਭੇਜੇ। 32 ਉਸ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ ਤਾਂ ਭੂਤਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿੱਚ ਪ੍ਰਵੇਸ਼ ਕਰਨ ਦੇਵੇ। ਤਾਂ ਯਿਸੂ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ। 33 ਉਹ ਭੂਤ ਉਸ ਆਦਮੀ ਵਿੱਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਸੂਰਾਂ ਵਿੱਚ ਜਾ ਵੜੇ। ਫ਼ਿਰ ਸੂਰਾਂ ਦਾ ਪੂਰਾ ਇੱਜੜ ਪਹਾੜੀ ਦੇ ਸਿਰੇ ਤੋਂ ਢਲਵੀ ਥਾਂ ਨੂੰ ਭਜਿਆ ਅਤੇ ਝੀਲ ਵਿੱਚ ਡਿੱਗ ਪਿਆ। ਸਾਰੇ ਸੂਰ ਡੁੱਬ ਗਏ। 34 ਜਦੋਂ ਸੂਰ ਚਰਾਉਣ ਵਾਲਿਆਂ ਨੇ ਇਹ ਸਭ ਵੇਖਿਆ ਤਾਂ ਉਹ ਉਥੋਂ ਭੱਜ ਗਏ ਅਤੇ ਉਨ੍ਹਾਂ ਨੇ ਇਸ ਖਬਰ ਦਾ ਵਰਨਣ ਸਾਰੇ ਲੋਕਾਂ ਨੂੰ ਕੀਤਾ ਜੋ ਖੇਤਾਂ ਤੇ ਸ਼ਹਿਰਾਂ ਵਿੱਚ ਸਨ। 35 ਅਤੇ ਲੋਕ ਇਹ ਸਭ ਵੇਖਣ ਲਈ ਬਾਹਰ ਨਿਕਲੇ ਤਾਂ ਲੋਕ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਯਿਸੂ ਦੇ ਚਰਣਾ ਵਿੱਚ ਬੈਠਾ ਪਾਇਆ। ਹੁਣ ਉਹ ਬੰਦਾ ਸਜਿਆ ਹੋਇਆ ਸੀ ਅਤੇ ਉਸਦਾ ਦਿਮਾਗ ਵੀ ਸਹੀ ਸੀ ਕਿਉਂਕਿ ਭੂਤਾਂ ਨੇ ਉਸਨੂੰ ਛੱਡ ਦਿੱਤਾ ਸੀ। 36 ਇਹ ਸਭ ਵੇਖ ਲੋਕੀ ਭੈਭੀਤ ਹੋ ਗਏ। ਜਿਨ੍ਹਾਂ ਲੋਕਾਂ ਨੇ ਵੇਖਿਆ ਸੀ ਕਿ ਕਿਵੇਂ ਯਿਸੂ ਨੇ ਉਸਨੂੰ ਰਾਜੀ ਕੀਤਾ ਸੀ ਉਨ੍ਹਾਂ ਨੇ ਇਸਦੀ ਵਿਆਖਿਆ ਬਾਕੀ ਲੋਕਾਂ ਨੂੰ ਵੀ ਕੀਤੀ ਕਿ ਯਿਸੂ ਨੇ ਕਿਵੇਂ ਉਸ ਵਿਅਕਤੀ ਨੂੰ ਚੰਗਾ ਕੀਤਾ ਸੀ। 37 ਤਾਂ ਗਿਰਸੇਨੀਆ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਥੋਂ ਦੂਰ ਚਲਾ ਜਾਵੇ ਕਿਉਂਕਿ ਉਹ ਸਭ ਬਹੁਤ ਡਰ ਗਏ ਸਨ।ਤਾਂ ਯਿਸੂ ਬੇੜੀ ਤੇ ਚੜ੍ਹਕੇ ਮੁੜ ਗਲੀਲ ਵੱਲ ਨੂੰ ਮੁੜਿਆ। 38 ਜਿਸ ਮਨੁੱਖ ਨੂੰ ਉਸਨੇ ਠੀਕ ਕੀਤਾ ਸੀ ਉਸਨੇ ਯਿਸੂ ਦੇ ਨਾਲ ਜਾਣ ਦੀ ਬੇਨਤੀ ਕੀਤੀ। 39 ਪਰ ਯਿਸੂ ਨੇ ਇਹ ਕਹਿ ਕਿ ਉਸ ਆਦਮੀ ਨੂੰ ਭੇਜ ਦਿੱਤਾ ਕਿ, “ਉਹ ਆਪਣੇ ਘਰ ਵਾਪਸ ਜਾਕੇ ਲੋਕਾਂ ਨੂੰ ਦੱਸੇ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੀਤਾ ਹੈ?”ਤਾਂ ਉਸ ਆਦਮੀ ਨੇ ਸਾਰੇ ਸ਼ਹਿਰ ਵਿੱਚ ਜਾਕੇ ਦਸਿਆ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ। 40 ਜਦੋਂ ਯਿਸੂ ਗਲੀਲ ਵਾਪਸ ਮੁੜਿਆ ਤਾਂ ਲੋਕਾਂ ਨੇ ਗਲੀਲ ਵਿੱਚ ਉਸਦਾ ਸੁਆਗਤ ਕੀਤਾ। ਸਭ ਲੋਕ ਉਸਦੀ ਉਡੀਕ ਕਰ ਰਹੇ ਸਨ। 41 ਜੈਰੂਸ ਨਾਮ ਦਾ ਇੱਕ ਮਨੁੱਖ ਯਿਸੂ ਕੋਲ ਆਇਆ ਜੋ ਕਿ ਪ੍ਰਾਰਥਨਾ ਸਥਾਨ ਦਾ ਆਗੂ ਸੀ। ਜੈਰੂਸ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਅਰਜੋਈ ਕੀਤੀ ਕਿ ਉਹ ਉਸਦੇ ਘਰ ਚੱਲੇ। 42 ਜੈਰੂਸ ਦੀ ਇਕੱਲੀ ਧੀ, ਜੋ ਕਿ ਬਾਰ੍ਹਾਂ ਸਾਲਾਂ ਦੀ ਸੀ, ਮਰਨ ਕਿਨਾਰੇ ਸੀ।ਜਦੋਂ ਯਿਸੂ ਜੈਰੂਸ ਦੇ ਘਰ ਜਾ ਰਿਹਾ ਸੀ ਤਾਂ ਸਾਰੇ ਪਾਸਿਉਂ ਲੋਕ ਉਸਨੂੰ ਧਕ੍ਕੇ ਦੇ ਰਹੇ ਸਨ। 43 ਉਥੇ ਇੱਕ ਔਰਤ ਆਈ ਜਿਸਨੂੰ ਬਾਰ੍ਹਾਂ ਸਾਲਾਂ ਤੋਂ ਖੂਨ ਆ ਰਿਹਾ ਸੀ। ਉਹ ਆਪਣਾ ਸਾਰਾ ਧਨ ਆਪਣੇ ਇਲਾਜ ਲਈ ਵੈਦਾਂ ਉੱਪਰ ਖਰਚ ਚੁੱਕੀ ਸੀ, ਪਰ ਕੋਈ ਵੀ ਵੈਦ ਉਸਨੂੰ ਰਾਜੀ ਨਾ ਕਰ ਸਕਿਆ। 44 ਤਾਂ ਔਰਤ ਪਿਛੋਂ ਦੀ ਯਿਸੂ ਦੇ ਨੇੜੇ ਆਈ ਅਤੇ ਉਸਦੇ ਚੋਗੇ ਦੇ ਕਿਨਾਰੇ ਨੂੰ ਛੂਹਿਆ। ਉਸੇ ਪਲ ਉਸਦਾ ਖੂਨ ਵਗਣਾ ਬੰਦ ਹੋ ਗਿਆ। 45 ਤਦ ਯਿਸੂ ਨੇ ਆਖਿਆ, “ਕਿਸਨੇ ਮੈਨੂੰ ਛੂਹਿਆ ਹੈ?”ਸਭ ਲੋਕਾਂ ਆਖਿਆ ਕਿ ਉਨ੍ਹਾਂ ਨੇ ਉਸਨੂੰ ਨਹੀਂ ਛੋਹਿਆ। ਪਤਰਸ ਨੇ ਕਿਹਾ, “ਸੁਆਮੀ, ਤੇਰੇ ਆਲੇ-ਦੁਆਲੇ ਇੰਨੇ ਲੋਕ ਹਨ ਕਿ ਉਹ ਤੇਰੇ ਉੱਤੇ ਡਿੱਗ ਰਹੇ ਹਨ।” 46 ਪਰ ਯਿਸੂ ਨੇ ਕਿਹਾ, “ਨਹੀਂ! ਕਿਸੇ ਨੇ ਮੈਨੂੰ ਛੋਹਿਆ ਹੈ ਅਤੇ ਮੈਂ ਆਪਣੇ ਵਿੱਚੋਂ ਸ਼ਕਤੀ ਬਾਹਰ ਜਾਂਦੀ ਮਹਿਸੂਸ ਕੀਤੀ ਹੈ।” 47 ਜਦੋਂ ਉਸ ਔਰਤ ਨੇ ਮਹਿਸੂਸ ਕੀਤਾ ਕਿ ਮੈਂ ਲੁਕ ਨਹੀਂ ਸਕਦੀ। ਤਾਂ ਉਹ ਕੰਬਦੀ ਹੋਈ ਬਾਹਰ ਆਈ ਅਤੇ ਯਿਸੂ ਅੱਗੇ ਆਕੇ ਝੁਕ ਗਈ। ਜਦੋਂ ਸਾਰੇ ਲੋਕੀ ਸੁਣ ਰਹੇ ਸਨ ਤਾਂ ਉਸਨੇ ਦਸਿਆ ਕਿ ਕਿਉਂ ਉਸਨੇ ਯਿਸੂ ਨੂੰ ਛੋਹਿਆ ਸੀ। ਤਦ ਉਸਨੇ ਦਸਿਆ ਕਿ ਉਸੇ ਵਕਤ ਉਸਨੂੰ ਅਰਾਮ ਆ ਗਿਆ ਸੀ ਜਦੋਂ ਹੀ ਉਸਨੇ ਯਿਸੂ ਨੂੰ ਛੂਹਿਆ ਸੀ। 48 ਯਿਸੂ ਨੇ ਉਸਨੂੰ ਕਿਹਾ, “ਮੇਰੀ ਬਚੀ, ਤੂੰ ਇਸਲਈ ਰਾਜੀ ਹੋ ਗਈ ਹੈਂ ਕਿਉਂਕਿ ਤੈਨੂੰ ਵਿਸ਼ਵਾਸ ਹੈ, ਸ਼ਾਂਤ ਹੋਕੇ ਜਾਹ।” 49 ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ ਤਾਂ ਪ੍ਰਾਰਥਨਾ ਸਥਾਨ ਤੋਂ ਜੈਰੁਸ ਦੇ ਘਰੋਂ ਇੱਕ ਆਦਮੀ ਆਇਆ ਅਤੇ ਉਸਨੇ ਆਕੇ ਜੈਰੁਸ ਨੂੰ ਆਖਿਆ, “ਤੇਰੀ ਪੁੱਤਰੀ ਮਰ ਗਈ ਹੈ, ਇਸਲਈ ਤੂੰ ਸੁਆਮੀ ਨੂੰ ਹੋਰ ਪਰੇਸ਼ਾਨ ਨਾ ਕਰ।” 50 ਯਿਸੂ ਨੇ ਇਹ ਸਭ ਸੁਣਿਆ ਤਾਂ ਜੈਰੁਸ ਨੂੰ ਆਖਿਆ, “ਡਰ ਨਾ। ਸਿਰਫ਼ ਵਿਸ਼ਵਾਸ ਕਰ, ਤੇਰੀ ਕੁੜੀ ਬਿਲਕੁਲ ਰਾਜੀ ਹੋ ਜਾਵੇਗੀ।” 51 ਯਿਸੂ ਜੈਰੁਸ ਦੇ ਘਰ ਪਹੁੰਚਿਆ ਅਤੇ ਉਸਨੇ ਆਪਣੇ ਨਾਲ ਸਿਰਫ਼ ਪਤਰਸ, ਯੂਹੰਨਾ ਅਤੇ ਯਾਕੂਬ ਅਤੇ ਕੁੜੀ ਦੇ ਮਾਂ-ਬਾਪ ਨੂੰ ਹੀ ਘਰ ਅੰਦਰ ਆਉਣ ਦਿੱਤਾ। 52 ਉਸਨੇ ਹੋਰ ਕਿਸੇ ਨੂੰ ਵੀ ਅੰਦਰ ਆਉਣ ਤੋਂ ਰੋਕ ਦਿੱਤਾ। ਸਭ ਰੋ ਰਹੇ ਸਨ ਅਤੇ ਮਾਤਮ ਮਨਾ ਰਹੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। ਪਰ ਯਿਸੂ ਨੇ ਕਿਹਾ, “ਰੋਵੋ ਨਹੀਂ। ਉਹ ਮਰੀ ਨਹੀਂ ਉਹ ਸਿਰਫ਼ ਸੁਤ੍ਤੀ ਹੋਈ ਹੈ।” 53 ਸਾਰੇ ਲੋਕ ਯਿਸੂ ਉੱਪਰ ਹੱਸੇ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਚੁੱਕੀ ਸੀ। 54 ਪਰ ਯਿਸੂ ਨੇ ਉਸਦਾ ਹੱਥ ਆਪਣੇ ਹੱਥ ਵਿੱਚ ਲਿਆ ਅਤੇ ਉਸਨੂੰ ਪੁਕਾਰਿਆ, “ਛੋਟੀ ਬਚੀ! ਖੜੀ ਹੋ ਜਾਹ!” 55 ਉਸਦਾ ਆਤਮਾ ਉਸਦੇ ਸ਼ਰੀਰ ਵਿੱਚ ਵਾਪਸ ਪਰਤ ਆਇਆ ਤੇ ਉਹ ਝੱਟ ਉਠ ਖਲੋਤੀ। ਯਿਸੂ ਨੇ ਕਿਹਾ, “ਉਸਨੂੰ ਕੁਝ ਖਾਣ ਲਈ ਦੇਵੋ।” 56 ਕੁੜੀ ਦੇ ਮਾਪੇ ਇਹ ਸਭ ਵੇਖਕੇ ਹੈਰਾਨ ਰਹਿ ਗਏ। ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਕਿਸੇ ਨੂੰ ਨਾ ਦੱਸਣਾ।

9:1 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇੱਕਠਿਆਂ ਸਦਿਆ ਅਤੇ ਉਨ੍ਹਾਂ ਨੂੰ ਰੋਗੀਆਂ ਨੂੰ ਰਾਜੀ ਕਰਨ ਦੀ ਸ਼ਕਤੀ ਦਿੱਤੀ ਅਤੇ ਸਾਰੇ ਭੂਤਾਂ ਤੇ ਇਖਤਿਆਰ ਦਿੱਤਾ। 2 ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਬਿਮਾਰਾਂ ਨੂੰ ਠੀਕ ਕਰਨ ਲਈ ਬਾਹਰ ਭੇਜਿਆ। 3 ਅਤੇ ਉਸਨੇ ਰਸੂਲਾਂ ਨੂੰ ਆਖਿਆ, “ਜਦੋਂ ਤੁਸੀਂ ਸਫ਼ਰ ਕਰੋ ਤਾਂ ਰਾਹ ਲਈ ਕੁਝ ਨਾ ਲਵੋ, ਨਾ ਕੋਈ ਸੋਟੀ, ਨਾ ਝੋਲਾ ਨਾ ਰੋਟੀ ਅਤੇ ਨਾ ਹੀ ਪੈਸੇ। ਸਿਰਫ਼ ਜੋ ਕੱਪੜੇ ਤੁਸੀਂ ਪਾਏ ਹੋਏ ਹਨ ਉਹੀ ਸਫ਼ਰ ਵਿੱਚ ਲੈਕੇ ਜਾਵੋ। 4 ਅਤੇ ਜਿਸ ਘਰ ਜਾਵੋ ਅੱਗੇ ਹੋਰ ਜਗ੍ਹਾ ਤੁਰਨ ਤੱਕ ਉਥੇ ਹੀ ਰੁਕੋ। 5 ਅਤੇ ਜਿਥੇ ਵੀ ਲੋਕ ਤੁਹਾਡਾ ਸੁਆਗਤ ਨਹੀਂ ਕਰਦੇ, ਜਦੋਂ ਤੁਸੀਂ ਉਹ ਨਗਰ ਛੱਡੋਂ, ਤਾਂ ਉਨ੍ਹਾਂ ਦੇ ਖਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦੇਵੋ।” 6 ਇਉਂ ਰਸੂਲ ਬਾਹਰ ਜਾਕੇ ਹਰ ਇੱਕ ਨਗਰ, ਸ਼ਹਿਰ, ਹਰ ਥਾਂ ਤੇ ਜਾਕੇ ਖੁਸ਼-ਖਬਰੀ ਸੁਣਾਉਂਦੇ ਅਤੇ ਲੋਕਾਂ ਦੇ ਰੋਗ ਦੂਰ ਕਰਦੇ। 7 ਜੋ ਵੀ ਗੱਲਾਂ ਵਾਪਰ ਰਹੀਆਂ ਸਨ ਰਾਜਪਾਲ ਹੇਰੋਦੇਸ ਉਨ੍ਹਾਂ ਬਾਰੇ ਜਾਣ ਗਿਆ। ਇਸਲਈ ਉਹ ਪਰੇਸ਼ਾਨ ਹੋ ਗਿਆ ਕਿਉਂਕਿ ਕੁਝ ਲੋਕ ਆਖ ਰਹੇ ਸਨ ਕਿ “ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ, ਮੁਰਦਿਆਂ ਵਿੱਚੋਂ ਜੀਵਨ ਨੂੰ ਉਭਾਰਿਆ ਗਿਆ ਹੈ।” 8 ਕੁਝ ਲੋਕ ਕਹਿੰਦੇ ਹਨ ਕਿ, “ਏਲੀਯਾਹ ਸਾਡੇ ਲਈ ਪ੍ਰਗਟ ਹੋਇਆ ਹੈ।” ਅਤੇ ਕੁਝ ਹੋਰ ਲੋਕਾਂ ਦਾ ਆਖਣਾ ਹੈ, “ਬਹੁਤ ਦੇਰ ਪਹਿਲਾਂ ਦੇ ਨਬੀਆਂ ਵਿੱਚੋਂ ਕੋਈ ਨਬੀ ਜੀਅ ਉਠਿਆ ਹੈ। 9 ਹੇਰੋਦੇਸ ਨੇ ਕਿਹਾ ਕਿ, “ਯੂਹੰਨਾ ਦਾ ਸਿਰ ਤਾਂ ਮੈਂ ਵਢਾ ਚੁਕਿਆ ਹਾਂ ਤਾਂ ਇਹ ਫ਼ਿਰ ਹੁਣ ਕੌਣ ਹੈ ਜਿਸਦੇ ਬਾਰੇ ਮੈਂ ਇਹੋ ਜਿਹੀਆਂ ਗੱਲਾਂ ਸੁਣ ਰਿਹਾ ਹਾਂ?” ਅਤੇ ਉਸਨੇ ਯਿਸੂ ਨੂੰ ਵੇਖਣ ਦੀ ਭਾਲ ਜਾਰੀ ਰੱਖੀ। 10 ਜਦੋਂ ਉਹ ਸਾਰੇ ਰਸੂਲ ਵਾਪਸ ਆਏ ਤਾਂ ਉਨ੍ਹਾਂ ਨੇ ਆਕੇ ਯਿਸੂ ਨੂੰ ਆਪਣੇ ਕੀਤੇ ਹੋਏ ਸਾਰੇ ਕੰਮਾਂ ਦੀ ਤਫ਼ਸੀਲ ਦਸੀ। ਤਾਂ ਯਿਸੂ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਆਪਣੇ-ਆਪ ਨਗਰ ਬੈਤਸੈਦਾ ਨੂੰ ਤੁਰ ਪਏ। 11 ਪਰ ਜਦ ਹੀ ਲੋਕਾਂ ਨੂੰ ਯਿਸੂ ਦੇ ਉਥੇ ਪਹੁੰਚਣ ਦਾ ਪਤਾ ਲੱਗਾ ਉਹ ਉਸਦੇ ਪਿਛੇ ਹੋ ਤੁਰੇ ਤਾਂ ਫ਼ੇਰ ਯਿਸੂ ਨੇ ਉਨ੍ਹਾਂ ਲੋਕਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦ੍ਰਿਸ਼ਟਾਂਤ ਦਿੱਤੇ ਅਤੇ ਬਿਮਾਰ ਲੋਕਾਂ ਨੂੰ ਰਾਜੀ ਕੀਤਾ। 12 ਦੁਪਿਹਰ ਤੋਂ ਬਾਅਦ, ਬਾਰ੍ਹਾਂ ਰਸੂਲ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਮਿਹਰਬਾਨੀ ਕਰਕੇ ਭੀੜ ਨੂੰ ਜਾਣ ਲਈ ਕਹੋ ਤਾਂ ਜੋ ਉਹ ਨੇੜੇ ਦੇ ਪਿੰਡਾਂ, ਖੇਤਾਂ ਵਿੱਚ ਜਾਕੇ ਕੁਝ ਖਾਣ ਲਈ ਲਭ ਸਕਣ ਕਿਉਂ ਜੋ ਅਸੀਂ ਇਥੇ ਦੂਰ ਬੀਆਵਾਨ ਵਿੱਚ ਹਾਂ।” 13 ਪਰ ਯਿਸੂ ਨੇ ਰਸੂਲਾਂ ਨੂੰ ਆਖਿਆ, “ਤੁਸੀਂ ਉਨ੍ਹਾਂ ਦੇ ਖਾਣ ਦਾ ਕੁਝ ਪ੍ਰਬੰਧ ਕਰੋ!ਰਸੂਲਾਂ ਨੇ ਆਖਿਆ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮਛੀਆਂ ਤੋਂ ਵਧ ਕੁਝ ਨਹੀਂ ਹੈ। ਸਾਨੂੰ ਆਸ ਹੈ ਕਿ ਤੁਸੀਂ ਨਹੀਂ ਚਾਹੋਂਗੇ ਕਿ ਅਸੀਂ ਜਾਈਏ ਅਤੇ ਇਨ੍ਹਾਂ ਸਾਰੇ ਲੋਕਾਂ ਲਈ ਭੋਜਨ ਲਿਆਈਏ?” 14 ਉਥੇ ਪੰਜ ਹਜ਼ਾਰ ਦੇ ਕਰੀਬ ਆਦਮੀ ਇਕੱਤਰ ਸਨ।ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਲੋਕਾਂ ਨੂੰ ਕਹੋ ਕਿ ਉਹ ਪੰਜਾਹ-ਪੰਜਾਹ ਦਾ ਇੱਕ ਗੁਟ ਬਣਾਕੇ ਪੰਗਤਾਂ ਵਿੱਚ ਬੈਠ ਜਾਣ।” 15 ਚੇਲਿਆਂ ਨੇ ਉਸਦਾ ਹੁਕਮ ਮੰਨਿਆ ਅਤੇ ਸਾਰੇ ਲੋਕਾਂ ਨੂੰ ਪੰਗਤਾਂ ਵਿੱਚ ਬਿਠਾ ਦਿੱਤਾ। 16 ਤਾਂ ਯਿਸੂ ਨੇ ਉਹ ਪੰਜ ਰੋਟੀਆਂ ਅਤੇ ਦੋ ਮਛੀਆਂ ਹੱਥ ਵਿੱਚ ਫ਼ੜੀਆਂ ਅਤੇ ਅਸਮਾਨ ਵੱਲ ਤੱਕ ਕੇ ਉਸ ਲਈ ਪ੍ਰਭੂ ਦਾ ਸ਼ੁਕਰਾਨਾ ਕੀਤਾ। ਤਾਂ ਯਿਸੂ ਨੇ ਉਨ੍ਹਾਂ ਨੂੰ ਤੋੜਿਆ ਅਤੇ ਚੇਲਿਆਂ ਨੂੰ ਲੋਕਾਂ ਵਿੱਚ ਵੰਡ ਦੇਣ ਲਈ ਦੇ ਦਿੱਤੀਆਂ। 17 ਸਭ ਲੋਕਾਂ ਨੇ ਆਪਣੀ ਸੰਤੁਸ਼ਟੀ ਮੁਤਾਬਿਕ ਖਾਧਾ। ਜਦੋਂ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕਠਿਆਂ ਕੀਤਾ, ਉਨ੍ਹਾਂ ਨਾਲ ਬਾਰ੍ਹਾਂ ਟੋਕਰੀਆਂ ਭਰ ਗਈਆਂ ਸਨ। 18 ਇੱਕ ਵਾਰ ਜਦੋਂ ਯਿਸੂ ਇੱਕਲਿਆਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਦੇ ਚੇਲੇ ਉਸ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” 19 ਚੇਲਿਆਂ ਨੇ ਜਵਾਬ ਦਿੱਤਾ, “ਕੁਝ ਕਹਿੰਦੇ ਹਨ ਕਿ ਤੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਹੈਂ, ਦੂਜੇ ਕਹਿੰਦੇ ਹਨ ਤੂੰ ਏਲੀਯਾਹ ਹੈ ਅਤੇ ਕੁਝ ਦੂਸਰੇ ਆਖਦੇ ਹਨ ਕਿ ਤੂੰ ਪ੍ਰਾਚੀਨ ਕਾਲ ਵਿੱਚ ਹੋ ਚੁੱਕੇ ਨਬੀਆਂ ਵਿੱਚੋਂ ਹੈ ਜਿਹੜਾ ਦੁਬਾਰਾ ਜੀਵਨ ਵਿੱਚ ਆ ਗਿਆ ਹੈ। 20 ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਹਾਂ?”ਪਤਰਸ ਨੇ ਜਵਾਬ ਦਿੱਤਾ, “ਮਸੀਹ ਜੋ ਕਿ ਪਰਮੇਸ਼ੁਰ ਵੱਲੋਂ ਹੈ।” 21 ਯਿਸੂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। 22 ਉਸਨੇ ਆਖਿਆ, “ਮਨੁੱਖ ਦੇ ਪੁੱਤਰ ਲਈ ਇਹ ਜਰੂਰੀ ਹੈ ਕਿ ਉਹ ਬਹੁਤ ਸਾਰੀਆਂ ਤਕਲੀਫ਼ਾਂ ਵਿੱਚੋਂ ਗੁਜਰੇ ਅਤੇ ਬਜ਼ੁਰਗ ਯਹੂਦੀ ਆਗੂਆਂ, ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਵੀ ਨਾਮੰਜ਼ੂਰ ਕੀਤਾ ਜਾਵੇ ਅਤੇ ਮਾਰਿਆ ਜਾਵੇ ਅਤੇ ਫ਼ੇਰ ਤੀਜੇ ਦਿਨ ਮੌਤ ਤੋਂ ਜੀਵਨ ਵੱਲ ਉਭਾਰਿਆ ਜਾਵੇ।” 23 ਉਸਨੇ ਸਭਨਾਂ ਨੂੰ ਆਖਿਆ, “ਜੇਕਰ ਕੋਈ ਮੇਰੇ ਪਿਛੇ ਚੱਲਣਾ ਚਾਹੁੰਦਾ ਹੈ, ਤਾਂ ਉਸਨੂੰ ਆਪਣੇ-ਆਪ ਨੂੰ ਤਿਆਗਣਾ ਚਾਹੀਦਾ ਹੈ ਅਤੇ ਰੋਜ ਆਪਣੀ ਸਲੀਬ ਚੁੱਕ ਕੇ ਮੇਰੇ ਪਿਛੇ ਚੱਲਣਾ ਚਾਹੀਦਾ ਹੈ। 24 ਕਿਉਂਕਿ ਜਿਹੜਾ ਵੀ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਉਸਨੂੰ ਗੁਆ ਲਵੇਗਾ ਪਰ ਜੋ ਕੋਈ ਆਪਣਾ ਜੀਵਨ ਮੇਰੇ ਲਈ ਬਲੀਦਾਨ ਕਰੇਗਾ ਉਹ ਉਸਨੂੰ ਬਚਾ ਲਵੇਗਾ। 25 ਕੀ ਫ਼ਾਇਦਾ ਜੇਕਰ ਕੋਈ ਮਨੁੱਖ ਪੂਰਾ ਜਗਤ ਕਮਾਵੇ ਪਰ ਆਪਣਾ-ਆਪ ਨਸ਼ਟ ਕਰ ਲਵੇ ਜਾਂ ਆਪਣਾ-ਆਪ ਗੁਆ ਲਵੇ? 26 ਜੇਕਰ ਕੋਈ ਮੈਥੋਂ ਅਤੇ ਮੇਰੇ ਬਚਨਾਂ ਤੋਂ ਸ਼ਰਮਿੰਦਾ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਦੋਂ ਸ਼ਰਮਿੰਦਾ ਹੋਵੇਗਾ, ਜਦੋਂ ਉਹ ਆਪਣੀ ਮਹਿਮਾ ਅਤੇ ਆਪਣੇ ਪਿਤਾ ਦੀ ਮਹਿਮਾ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ। 27 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨੇ ਇਸ ਵੇਲੇ ਇਥੇ ਮੌਜੂਦ ਹਨ ਉਨ੍ਹਾਂ ਵਿੱਚੋਂ ਕੁਝ ਮੌਤ ਦਾ ਸੁਆਦ ਨਹੀਂ ਚਖਣਗੇ ਜਦ ਤੱਕ ਉਹ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖ ਲੈਣ।” 28 ਯਿਸੂ ਦੇ ਇਹ ਆਖਣ ਤੋਂ ਅਠ ਕੁ ਦਿਨਾਂ ਬਾਦ, ਉਸਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ ਅਤੇ ਇੱਕ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਗਿਆ। 29 ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਦੇ ਮੂੰਹ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਉਸਦੇ ਵਸਤਰ ਚਿਟੇ ਚਮਕੀਲੇ ਹੋ ਗਏ। 30 ਉਸ ਵਕਤ ਦੋ ਆਦਮੀ ਯਿਸੂ ਨਾਲ ਗੱਲਾਂ ਕਰ ਰਹੇ ਸਨ ਜੋ ਕਿ ਮੂਸਾ ਅਤੇ ਏਲੀਯਾਹ ਸਨ। 31 ਮੂਸਾ ਅਤੇ ਏਲੀਯਾਹ ਵੀ ਬੜੇ ਚਮਕ ਰਹੇ ਸਨ ਅਤੇ ਉਹ ਯਿਸੂ ਨਾਲ ਉਸਦੀ ਮੌਤ ਬਾਰੇ ਗੱਲ ਕਰ ਰਹੇ ਸਨ ਜਿਹੜੀ ਕਿ ਯਰੂਸ਼ਲਮ ਵਿੱਚ ਵਾਪਰਨ ਵਾਲੀ ਸੀ। 32 ਪਰ ਪਤਰਸ ਅਤੇ ਉਸਦੇ ਸਾਥੀ ਗਹਿਰੀ ਨੀਂਦ ਸੁਤ੍ਤੇ ਹੋਏ ਸਨ। ਪਰ ਜਦੋਂ ਉਹ ਜਾਗੇ ਉਨ੍ਹਾਂ ਨੇ ਯਿਸੂ ਦੀ ਮਹਿਮਾ ਵੇਖੀ ਅਤੇ ਉਸ ਨਾਲ ਦੋ ਹੋਰ ਆਦਮੀਆਂ ਨੂੰ ਖੜ੍ਹੇ ਵੇਖਿਆ। 33 ਜਦੋਂ ਮੂਸਾ ਅਤੇ ਏਲੀਯਾਹ ਵਾਪਸ ਜਾ ਰਹੇ ਸਨ ਤਾਂ ਪਤਰਸ ਨੇ ਕਿਹਾ, “ਸੁਆਮੀ, ਸਾਡੇ ਲਈ ਇਥੇ ਰਹਿਣਾ ਚੰਗਾ ਹੈ। ਅਸੀਂ ਇਥੇ ਤਿੰਨ ਤੰਬੂ ਲਾਵਾਂਗੇ ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਵਾਸਤੇ।” ਪਰ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਆਖ ਰਿਹਾ ਹੈ। 34 ਜਦੋਂ ਹਾਲੇ ਪਤਰਸ ਗੱਲਾਂ ਕਰ ਰਿਹਾ ਸੀ ਤਾਂ ਚਾਰ ਚੁਫ਼ੇਰੇ ਇੱਕ ਬੱਦਲ ਛਾਇਆ ਤਾਂ ਉਹ ਡਰ ਗਏ ਜਦੋਂ ਉਹ ਬੱਦਲ ਵਿੱਚ ਘਿਰ ਗਏ। 35 ਤਾਂ ਬੱਦਲ ਵਿੱਚੋਂ ਇੱਕ ਅਵਾਜ਼ ਆਈ ਅਤੇ ਕਿਹਾ, “ਇਹ ਮੇਰਾ ਪੁੱਤਰ ਹੈ! ਇਹ ਉਹ ਹੈ ਜਿਸਨੂੰ ਮੈਂ ਚੁਣਿਆ ਹੈ ਅਤੇ ਤੁਸੀਂ ਸਾਰੇ ਇਸਦੀ ਸੁਣੋ। 36 ਜਦੋਂ ਅਵਾਜ਼ ਅਲੋਪ ਹੋ ਗਈ ਤਾਂ ਉਥੇ ਕੇਵਲ ਯਿਸੂ ਹੀ ਸੀ। ਤਾਂ ਪਤਰਸ, ਯਾਕੂਬ ਅਤੇ ਯੂਹੰਨਾ ਚੁੱਪ ਰਹੇ ਉਨ੍ਹਾਂ ਨੇ ਜੋ ਕੁਝ ਵੀ ਵੇਖਿਆ ਸੀ ਉਸ ਬਾਰੇ ਕਿਸੇ ਨੂੰ ਵੀ ਕੁਝ ਵੀ ਸੂਚਿਤ ਨਹੀਂ ਕੀਤਾ। 37 ਅਗਲੇ ਦਿਨ ਯਿਸੂ, ਪਤਰਸ, ਯਾਕੂਬ ਅਤੇ ਯੂਹੰਨਾ ਪਹਾੜੀ ਤੋਂ ਵਾਪਸ ਪਰਤ ਆਏ। ਲੋਕਾਂ ਦਾ ਇੱਕ ਵੱਡਾ ਸਮੂਹ ਯਿਸੂ ਨੂੰ ਮਿਲਿਆ। 38 ਭੀੜ ਵਿੱਚੋਂ ਇੱਕ ਆਦਮੀ ਚੀਕਿਆ, “ਹੇ ਗੁਰੂ! ਮੇਹਰਬਾਨੀ ਕਰਕੇ ਮੇਰੇ ਪੁੱਤਰ ਨੂੰ ਵੇਖੋ। ਉਹ ਮੇਰਾ ਇੱਕਲੌਤਾ ਪੁੱਤਰ ਹੈ। 39 ਅਚਾਨਕ ਮੇਰੇ ਪੁੱਤਰ ਵਿੱਚ ਪ੍ਰੇਤ ਆਤਮਾ ਆਉਂਦਾ ਹੈ ਤੇ ਫ਼ਿਰ ਉਹ ਚਿਲਾਉਂਦਾ ਹੈ। ਉਹ ਆਪਣੇ-ਆਪ ਤੇ ਕਾਬੂ ਗੁਆ ਬੈਠਦਾ ਹੈ ਅਤੇ ਫ਼ਿਰ ਮੂੰਹ ਵਿੱਚੋਂ ਝੱਗ ਵਹਾਉਂਦਾ ਹੈ। ਇਹ ਭਰਿਸ਼ਟ-ਆਤਮਾ ਉਸਨੂੰ ਬਹੁਤ ਪਰੇਸ਼ਾਨ ਕਰਦਾ ਹੈ, ਅਤੇ ਉਸਨੂੰ ਕਦੀ ਵੀ ਨਹੀਂ ਛੱਡਦਾ। 40 ਮੈਂ ਤੁਹਾਡੇ ਚੇਲਿਆਂ ਨੂੰ ਵੀ ਅਰਜੋਈ ਕੀਤੀ ਕਿ ਉਹ ਮੇਰੇ ਬਾਲਕ ਵਿੱਚੋਂ ਇਸ ਭ੍ਰਿਸ਼ਟ ਆਤਮਾ ਨੂੰ ਕਢ ਦੇਣ ਪਰ ਉਹ ਅਜਿਹਾ ਨਾ ਕਰ ਸਕੇ।” 41 ਯਿਸੂ ਨੇ ਆਖਿਆ, “ਹੇ ਬੇਪਰਤੀਤ ਅਤੇ ਭ੍ਰਸ਼ਟ ਪੀੜ੍ਹੀ! ਕਿੰਨਾ ਚਿਰ ਮੈਂ ਤੇਰੇ ਨਾਲ ਰਹਾਂਗਾ। ਕਿੰਨਾ ਚਿਰ ਮੈਂ ਤੇਰੇ ਨਾਲ ਧੀਰਜਵਾਨ ਰਹਾਂਗਾ।” ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਆਪਣੇ ਬਾਲਕ ਨੂੰ ਇਥੇ ਲਿਆ।” 42 ਜਦੋਂ ਬਾਲਕ ਆ ਰਿਹਾ ਸੀ ਤਾਂ ਭੂਤ ਨੇ ਬਾਲਕ ਨੂੰ ਮਿਰਗੀ ਦੀ ਹਾਲਤ ਵਿੱਚ ਜ਼ਮੀਨ ਤੇ ਪਟਕਿਆ ਤਾਂ ਬਾਲਕ ਆਪਣੇ-ਆਪ ਤੇ ਕਾਬੂ ਗੁਆ ਬੈਠਾ ਪਰ ਯਿਸੂ ਨੇ ਭਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਬਾਲਕ ਨੂੰ ਰਾਜੀ ਕੀਤਾ ਅਤੇ ਬਾਲਕ ਨੂੰ ਉਸਦੇ ਪਿਤਾ ਦੇ ਹਵਾਲੇ ਕਰ ਦਿੱਤਾ। 43 ਸਾਰੇ ਲੋਕ ਉਨ੍ਹਾਂ ਸਾਰੀਂ ਗੱਲਾਂ ਤੇ ਹੈਰਾਨ ਸਨ ਜੋ ਯਿਸੂ ਕਰ ਰਿਹਾ ਸੀ।ਯਿਸੂ ਦੀਆਂ ਮਹਾਨ ਗੱਲਾਂ ਤੇ ਸਭ ਲੋਕ ਹੈਰਾਨ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 44 “ਉਹ ਗੱਲਾਂ ਜੋ ਮੈਂ ਤੁਹਾਨੂੰ ਹੁਣ ਦੱਸ ਰਿਹਾ ਹਾਂ ਇਨ੍ਹਾਂ ਨੂੰ ਧਿਆਨ ਨਾਲ ਸੁਣੋ ਕਿ: ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ।” 45 ਪਰ ਚੇਲੇ ਇਹ ਨਾ ਸਮਝ ਸਕੇ ਕਿ ਉਹ ਕੀ ਆਖ ਰਿਹਾ ਹੈ। ਅਰਥ ਉਨ੍ਹਾਂ ਤੋਂ ਛੁਪਿਆ ਹੋਇਆ ਸੀ ਇਸਲਈ ਉਹ ਇਹ ਸਮਝ ਨਾ ਸਕੇ। ਪਰ ਉਹ ਇਸ ਬਾਰੇ ਯਿਸੂ ਨੂੰ ਪੁਛਣ ਤੋਂ ਘਬਰਾਉਦੇ ਸਨ। 46 ਯਿਸੂ ਦੇ ਚੇਲਿਆਂ ਵਿਚਕਾਰ ਇੱਕ ਤਕਰਾਰ ਸ਼ੁਰੂ ਹੋਈ ਕਿ ਉਨ੍ਹਾਂ ਵਿੱਚੋਂ ਕਿਹੜਾ ਵਿਅਕਤੀ ਮਹੱਤਵਪੂਰਣ ਹੈ? 47 ਉਹ ਜਾਣਦਾ ਸੀ ਕਿ ਉਹ ਕੀ ਸੋਚ ਰਹੇ ਹਨ ਤਾਂ ਉਸਨੇ ਇੱਕ ਬਾਲਕ ਨੂੰ ਲਿਆ ਅਤੇ ਉਸ ਛੋਟੇ ਬਾਲਕ ਨੂੰ ਆਪਣੇ ਕੋਲ ਖੜਾ ਕਰ ਲਿਆ ਅਤੇ ਫ਼ਿਰ ਆਪਣੇ ਚੇਲਿਆਂ ਨੂੰ ਕਿਹਾ, 48 “ਜੇ ਕੋਈ ਵੀ ਮੇਰੇ ਨਾਮ ਤੇ ਇਸ ਛੋਟੇ ਬਾਲਕ ਨੂੰ ਕਬੂਲ ਕਰਦਾ ਹੈ ਤਾਂ ਉਹ ਮੈਨੂੰ ਕਬੂਲ ਕਰ ਲੈਦਾ ਹੈ। ਜੇਕਰ ਕੋਈ ਮੈਨੂੰ ਕਬੂਲਦਾ ਹੈ ਉਹ ਉਸਨੂੰ ਕਬੂਲ ਕਰਦਾ ਹੈ, ਜਿਸਨੇ ਮੈਨੂੰ ਭੇਜਿਆ ਹੈ। ਕਿਉਂਕਿ ਜੋ ਕੋਈ ਵੀ ਤੁਹਾਡੇ ਵਿੱਚੋਂ ਸਭ ਤੋਂ ਵਧ ਨਿਮਰਤਾ ਵਾਲਾ ਹੈ ਉਹੀ ਸਭ ਤੋਂ ਵਧ ਮਹੱਤਵਪੂਰਣ ਮਨੁੱਖ ਹੈ। 49 ਯੂਹੰਨਾ ਨੇ ਅੱਗੋਂ ਆਖਿਆ, “ਪ੍ਰਭੂ, ਅਸੀਂ ਇੱਕ ਬੰਦੇ ਨੂੰ ਤੇਰੇ ਨਾਮ ਵਿੱਚ ਭੂਤਾਂ ਨੂੰ ਕਢਦੇ ਵੇਖਿਆ। ਅਸੀਂ ਉਸਨੂੰ ਇਉਂ ਕਰਨ ਤੋਂ ਵਰਜਿਆ ਕਿਉਂਕਿ ਉਹ ਸਾਡੇ ਸਮੂਹ ਵਿੱਚੋਂ ਨਹੀਂ ਹੈ।” 50 ਯਿਸੂ ਨੇ ਯੂਹੰਨਾ ਨੂੰ ਆਖਿਆ, “ਉਸਨੂੰ ਨਾ ਰੋਕੋ, ਕਿਉਂਕਿ ਉਹ ਜੋ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਪਾਸੇ ਹੈ।” 51 ਉਹ ਵਕਤ ਨੇੜੇ ਆ ਰਿਹਾ ਸੀ ਜਦੋਂ ਯਿਸੂ ਛੱਡਕੇ ਸੁਰਗ ਵੱਲ ਜਾਵੇਗਾ। 52 ਤਾਂ ਉਸਨੇ ਯਰੂਸ਼ਲਮ ਨੂੰ ਜਾਣ ਦਾ ਫ਼ੈਸਲਾ ਕੀਤਾ। ਉਸਨੇ ਆਪਣੇ ਅੱਗੇ ਕੁਝ ਆਦਮੀ ਭੇਜੇ ਅਤੇ ਉਹ ਤੁਰਕੇ ਸਾਮਰਿਯਾ ਦੇ ਇੱਕ ਪਿੰਡ ਵਿੱਚ ਯਿਸੂ ਦੇ ਆਉਣ ਦੀ ਤਿਆਰੀ ਕਰਨ ਲਈ ਗਏ। 53 ਪਰ ਸਾਮਰਿਯਾ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਹੀਂ ਕੀਤਾ ਕਿਉਂਕਿ ਉਹ ਯਰੂਸ਼ਲਮ ਵੱਲ ਜਾ ਰਿਹਾ ਸੀ। 54 ਉਸਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਇਹ ਵੇਖਕੇ ਕਿਹਾ, “ਪ੍ਰਭੂ ਜੀ, ਕੀ ਤੇਰੀ ਮਰਜ਼ੀ ਹੈ ਕਿ ਅਸੀਂ ਹੁਕਮ ਕਰੀਏ ਕਿ ਸਵਰਗ ਤੋਂ ਅੱਗ ਵਰ੍ਹੇ ਤੇ ਇਨ੍ਹਾਂ ਨੂੰ ਨਸ਼ਟ ਕਰ ਦੇਵੇ?” 55 ਪਰ ਯਿਸੂ ਮੁੜਿਆ ਅਤੇ ਉਨ੍ਹਾਂ ਨੂੰ ਝਿੜਕਿਆ। 56 ਫ਼ਿਰ ਉਹ ਅਤੇ ਉਸਦੇ ਚੇਲੇ ਦੂਸਰੇ ਸ਼ਹਿਰ ਨੂੰ ਚੱਲ ਪਏ। 57 ਜਦੋਂ ਉਹ ਰਾਹ ਤੇ ਚਲੇ ਜਾ ਰਹੇ ਸਨ ਤਾਂ ਕਿਸੇ ਨੇ ਯਿਸੂ ਨੂੰ ਕਿਹਾ, “ਜਿਥੇ ਕਿਤੇ ਵੀ ਤੁਸੀਂ ਜਾਵੋ, ਮੈਂ ਤੁਹਾਡਾ ਪਿਛਾ ਕਰਾਂਗਾ।” 58 ਯਿਸੂ ਨੇ ਆਖਿਆ, “ਲੂਂਬੜੀਆਂ ਦੇ ਰਹਿਣ ਲਈ ਘੋਰਨੇ ਹਨ ਅਤੇ ਪੰਛੀਆਂ ਦੇ ਰਹਿਣ ਲਈ ਆਲ੍ਹਣੇ। ਪਰ ਮਨੁੱਖ ਦੇ ਪੁੱਤਰ ਦੇ ਸਿਰ ਧਰਕੇ ਆਰਾਮ ਕਰਨ ਲਈ ਕੋਈ ਥਾਂ ਨਹੀਂ।” 59 ਯਿਸੂ ਨੇ ਇੱਕ ਹੋਰ ਮਨੁੱਖ ਨੂੰ ਕਿਹਾ, “ਮੇਰੇ ਪਿਛੇ ਤੁਰ ਆ!”ਪਰ ਆਦਮੀ ਨੇ ਆਖਿਆ, “ਪ੍ਰਭੂ ਜੀ! ਕਿਰਪਾ ਕਰਕੇ ਮੈਨੂੰ ਜਾਣ ਦੀ ਆਗਿਆ ਦੇਵੋ ਤਾਂ ਜੋ ਮੈਂ ਪਹਿਲਾਂ ਆਪਣੇ ਪਿਓ ਨੂੰ ਦਫ਼ਨਾ ਆਵਾਂ।” 60 ਪਰ ਯਿਸੂ ਨੇ ਉਸਨੂੰ ਆਖਿਆ, “ਮੁਰਦਿਆਂ ਨੂੰ ਆਪਣੇ ਮੁਰਦੇ ਆਪੇ ਦਬ੍ਬਣ ਦਿਓ ਪਰ ਤੂੰ ਜਾ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਉਨ੍ਹਾਂ ਨੂੰ ਦੱਸ।” 61 ਦੂਜੇ ਆਦਮੀ ਨੇ ਆਖਿਆ, “ਪ੍ਰਭੂ, ਮੈਂ ਤੁਹਾਡੇ ਮਗਰ ਤੁਰਾਂਗਾ। ਪਰ ਪਹਿਲਾਂ ਮੈਨੂੰ ਆਗਿਆ ਦੇਵੋ ਕਿ ਮੈਂ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਆਵਾਂ।” 62 ਯਿਸੂ ਨੇ ਆਖਿਆ, “ਜੇਕਰ ਕੋਈ ਆਪਣਾ ਹੱਥ ਹਲ ਤੇ ਰੱਖਕੇ ਪਿਛਾਹਾਂ ਝਾਕਦਾ ਹੈ, ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਲਾਇਕ ਨਹੀਂ ਹੈ।” 10:1 ਇਸਤੋਂ ਬਾਦ ਪ੍ਰਭੂ ਨੇ 72 ਬਹਤ੍ਤਰ ਹੋਰ ਆਦਮੀ ਚੁਣੇ। ਉਸਨੇ ਉਨ੍ਹਾਂ ਨੂੰ ਦੋ-ਦੋ ਆਦਮੀਆਂ ਦੇ ਸਮੂਹਾਂ ਵਿੱਚ ਕੀਤਾ। ਅਤੇ ਉਨ੍ਹਾਂ ਨੂੰ ਸਾਰੇ ਨਗਰਾਂ ਅਤੇ ਸਾਰੀਆਂ ਥਾਵਾਂ ਤੇ ਆਪਣੇ ਅੱਗੇ-ਅੱਗੇ ਭੇਜਿਆ ਜਿਥੇ ਉਹ ਖੁਦ ਜਾਣ ਵਾਲਾ ਸੀ। 2 ਉਸਨੇ ਉਨ੍ਹਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ, ਇਸ ਲਈ ਤੁਸੀਂ ਫ਼ਸਲ ਦੇ ਪ੍ਰਭੂ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਲਈ ਵਾਢੇ ਭੇਜੇ। 3 “ਤੁਸੀਂ ਜਾਓ। ਪਰ ਸਾਵਧਾਨ ਰਹੋ! ਮੈਂ ਤੁਹਾਨੂੰ ਬਘਿਆੜਾਂ ਵਿੱਚ ਲੇਲਿਆਂ ਵਾਂਗ ਭੇਜ ਰਿਹਾ ਹਾਂ। 4 ਆਪਣੇ ਨਾਲ ਕੋਈ ਪੈਸਾ, ਥੈਲਾ, ਜਾਂ ਜੁਤ੍ਤੇ ਵਗੈਰਾ ਨਾ ਚੁੱਕਣਾ ਅਤੇ ਨਾ ਹੀ ਰਾਹ ਜਾਂਦੇ ਲੋਕਾਂ ਨਾਲ ਗੱਲੀ ਲੱਗਣਾ। 5 ਜਿਸ ਘਰ ਵਿੱਚ ਵੀ ਤੁਸੀਂ ਜਾਵੋ ਪਹਿਲਾਂ ਇਹ ਆਖੋ ਕਿ ‘ਇਸ ਘਰ ਵਿੱਚ ਸ਼ਾਂਤੀ ਰਹੇ।’ 6 ਜੇਕਰ ਉਥੇ ਕੋਈ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ, ਤੁਹਾਡੀ ਸ਼ਾਂਤੀ ਦੀ ਅਸੀਸ ਉਸਦੇ ਨਾਲ ਹੋਵੇਗੀ। ਜੇਕਰ ਨਹੀਂ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਤੁਹਾਡੇ ਕੋਲ ਵਾਪਸ ਆ ਜਾਵੇਗੀ। 7 ਉਸ ਘਰ ਵਿੱਚ ਰਹਿਣਾ ਜੋ ਸ਼ਾਂਤੀ ਨੂੰ ਪਿਆਰ ਕਰਦਾ ਹੈ। ਅਤੇ ਉਹ ਜੋ ਖਾਣ-ਪੀਣ ਨੂੰ ਦੇਣ ਉਹੀ ਖਾਣਾ। ਕਿਉਂਕਿ ਇੱਕ ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੁੰਦਾ ਹੈ। ਤੁਸੀਂ ਇੱਕ ਘਰ ਛੱਡਕੇ ਦੂਜੇ ਘਰ ਨਾ ਜਾਣਾ। 8 “ਅਤੇ ਜਦੋਂ ਤੁਸੀਂ ਇੱਕ ਨਗਰ ਵਿੱਚ ਪ੍ਰਵੇਸ਼ ਕਰੋ ਅਤੇ ਲੋਕ ਤੁਹਾਡਾ ਸੁਆਗਤ ਕਰਨ ਤਾਂ ਉਹੀ ਭੋਜਨ ਖਾਓ ਜੋ ਉਹ ਤੁਹਾਨੂੰ ਦੇਣ। 9 ਅਤੇ ਉਥੇ ਦੋ ਬਿਮਾਰ ਲੋਕਾਂ ਨੂੰ ਜਾਕੇ ਰਾਜੀ ਕਰਨਾ ਅਤੇ ਉਨ੍ਹਾਂ ਨੂੰ ਜਾਕੇ ਆਖਣਾ, ‘ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ।’ 10 “ਅਤੇ ਜਦੋਂ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਵਿੱਚ ਜਾਓ ਅਤੇ ਕਹੋ, 11 ‘ਅਸੀਂ ਤੁਹਾਡੇ ਨਗਰ ਦੀ ਧੂੜ, ਵੀ ਝਾੜ ਰਹੇ ਹਾਂ ਜੋ ਸਾਡੇ ਪੈਰਾਂ ਨਾਲ ਲੱਗ ਗਈ ਸੀ। ਪਰ ਇਹ ਯਾਦ ਰੱਖਣਾ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਆਉਣ ਵਾਲਾ ਹੈ।’ 12 ਮੈਂ ਤੁਹਾਨੂੰ ਦੱਸਦਾ ਹਾਂ, ਕਿ ਨਿਰਣੇ ਦੇ ਦਿਨ ਸਦੂਮ ਦੇ ਲੋਕਾਂ ਦਾ ਹਾਲ ਇਨ੍ਹਾਂ ਲੋਕਾਂ ਨਾਲੋਂ ਵਧੇਰੇ ਚੰਗਾ ਹੋਵੇਗਾ।” 13 “ਖੁਰਾਜ਼ੀਨ ਤੇਰੇ ਤੇ ਲਾਹਨਤ, ਬੈਤਸੈਦਾ ਤੇਰੇ ਤੇ ਲਾਹਨਤ। ਮੈਂ ਤੁਹਾਡੇ ਦਰਮਿਆਨ ਬਹੁਤ ਸਾਰੇ ਕਰਿਸ਼ਮੇ ਕੀਤੇ। ਜੇ ਮੈਂ ਉਹ ਕਰਿਸ਼ਮੇ ਸੂਰ ਅਤੇ ਸੈਦਾ ਵਿੱਚ ਕੀਤੇ ਹੁੰਦੇ ਤਾਂ ਉਨ੍ਹਾਂ ਨੇ ਕਦੋਂ ਦੇ ਆਪਣੇ ਜੀਵਨ ਬਦਲ ਲਏ ਹੁੰਦੇ। ਅਤੇ ਤੱਪੜ ਪਹਿਨ ਕੇ ਆਪਣੇ ਉੱਪਰ ਸੁਆਹ ਮਲ ਲੈਂਦੇ ਇਹ ਦਰਸ਼ਾਉਣ ਲਈ ਕਿ ਉਹ ਆਪਣੇ ਪਾਪਾਂ ਲਈ ਮਾਫ਼ੀ ਮੰਗਦੇ ਹਨ। 14 ਪਰ ਨਿਰਣੇ ਦੇ ਦਿਨ ਸੂਰ ਅਤੇ ਸੈਦਾ ਕੋਲੋਂ ਤੁਹਾਡਾ ਹਸ਼ਰ ਵਧ ਮਾੜਾ ਹੋਵੇਗਾ। 15 ਅਤੇ ਤੂੰ ਕਫ਼ਰਨਾਹੂਮ! ਕੀ ਤੂੰ ਸੋਚਦਾ ਹੈਂ ਕਿ ਤੂੰ ਸੁਰਗਾਂ ਤੱਕ ਉੱਚਾ ਚੁਕਿਆ ਜਾਵੇਗਾ? ਨਹੀਂ! ਤੂੰ ਮੌਤ ਦੀ ਥਾਵੇਂ ਥੱਲੇ ਸੁਟਿਆ ਜਾਵੇਂਗਾ। 16 “ਜੇਕਰ ਕੋਈ ਮਨੁੱਖ ਤੁਹਡੀ ਸੁਣਦਾ ਹੈ ਤਾਂ ਜਾਣੋ ਉਹ ਮੈਨੂੰ ਹੀ ਸੁਣਦਾ ਹੈ। ਪਰ ਜੇਕਰ ਕੋਈ ਤੁਹਾਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਮੇਰੇ ਤੋਂ ਵੀ ਇਨਕਾਰੀ ਹੁੰਦਾ ਹੈ। ਅਤੇ ਉਹ ਜੋ ਮੈਨੂੰ ਨਾਮੰਜ਼ੂਰ ਕਰਦਾ ਹੈ ਉਸਨੂੰ ਨਾਮੰਜ਼ੂਰ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ।” 17 ਜਦੋਂ ਬਹਤਰ ਆਦਮੀ ਆਪਣੀ ਯਾਤਰਾ ਤੋਂ ਵਾਪਸ ਮੁੜੇ ਤਾਂ ਉਹ ਬੜੇ ਖੁਸ਼ ਸਨ। ਉਨ੍ਹਾਂ ਆਖਿਆ, “ਪ੍ਰਭੂ, ਜਦੋਂ ਅਸੀਂ ਤੇਰੇ ਨਾਮ ਦਾ ਜ਼ਿਕਰ ਕੀਤਾ ਤਾਂ ਭੂਤਾਂ ਨੇ ਵੀ ਸਾਡੀ ਆਗਿਆ ਦਾ ਪਾਲਣ ਕੀਤਾ।” 18 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦਿਆਂ ਵੇਖਿਆ। 19 ਸੁਣੋ! ਮੈਂ ਤੁਹਾਨੂੰ ਸਪਾਂ ਅਤੇ ਠੂਹਿਆਂ ਨੂੰ ਮਿਧਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੱਤੀ ਹੈ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗਾ। 20 ਪਰ ਪ੍ਰਸੰਨ ਨਾ ਹੋਵੋ ਕਿ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ। ਸਗੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ। 21 ਉਸੇ ਪਲ ਪਵਿੱਤਰ-ਆਤਮਾ ਨੇ ਯਿਸੂ ਨੂੰ ਖੁਸ਼ੀ ਮਹਿਸੂਸ ਕਰਵਾਈ ਤਾਂ ਯਿਸੂ ਨੇ ਆਖਿਆ, “ਹੇ ਪਿਤਾ! ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ। ਕਿਉਂਕਿ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਚਲਾਕ ਲੋਕਾਂ ਤੋਂ ਲੁਕਾਇਆ, ਪਰ ਬਚਿਆਂ ਨੂੰ ਪ੍ਰਕਾਸ਼ਮਾਨ ਕੀਤਾ ਹੈ। ਮੇਰੇ ਪਿਤਾ, ਤੂੰ ਇਹ ਸਭ ਇਸ ਲਈ ਕੀਤਾ ਕਿਉਂਕਿ ਤੂੰ ਅਜਿਹਾ ਕਰਕੇ ਸੱਚਮੁੱਚ ਪ੍ਰਸੰਨ ਸੀ। 22 “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ ਹੈ। ਕੋਈ ਮਨੁੱਖ ਨਹੀਂ ਜਾਣਦਾ ਹੈ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਜਾਣਦਾ ਹੈ। ਅਤੇ ਇਹ ਵੀ ਕੇਵਲ ਪੁੱਤਰ ਹੀ ਜਾਣਦਾ ਹੈ ਕਿ ਪਿਤਾ ਕੌਣ ਹੈ। ਅਤੇ ਜਿਹੜੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੇਗਾ ਕਿ ਪਿਤਾ ਕੌਣ ਹੈ ਕੇਵਲ ਓਹੀ ਪਿਤਾ ਨੂੰ ਜਾਣ ਸਕਣਗੇ।” 23 ਤਦ ਉਹ ਆਪਣੇ ਚੇਲਿਆਂ ਵੱਲ ਮੁੜਿਆ, ਅਤੇ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਕਿਹਾ, “ਧੰਨ ਹਨ ਉਹ ਅਖੀਆਂ ਜੋ ਇਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ। 24 ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਬਹੁਤ ਸਾਰੇ ਰਾਜੇ ਨਬੀ ਵੀ ਉਹ ਗੱਲਾਂ ਦੇਖਣੀਆਂ ਚਾਹੁੰਦੇ ਹਨ ਜੋ ਉਹ ਨਹੀਂ ਵੇਖ ਸਕੇ। ਉਹ ਉਹੀ ਸੁਨਣਾ ਚਾਹੁੰਦੇ ਹਨ ਜੋ ਤੁਸੀਂ ਸੁਣਦੇ ਹੋ। ਪਰ ਸੁਣ ਨਾ ਸਕੇ।” 25 ਤੱਦ ਇੱਕ ਨੇਮ ਦਾ ਉਪਦੇਸ਼ਕ ਉਠ ਖਲੋਇਆ। ਉਹ ਯਿਸੂ ਨੂੰ ਪਰੱਖਣਾ ਚਾਹੁੰਦਾ ਸੀ ਤਾਂ ਉਸਨੇ ਕਿਹਾ, “ਗੁਰੂ ਜੀ! ਸਦੀਵੀ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ।” 26 ਯਿਸੂ ਨੇ ਆਖਿਆ, “ਨੇਮ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਵਿੱਚ ਕੀ ਪੜ੍ਹਿਆ ਹੈ?” 27 ਉਸਨੇ ਜਵਾਬ ਦਿੱਤਾ, “‘ਪ੍ਰਭੂ ਆਪਣੇ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ, ਪੂਰੇ ਆਤਮੇ ਨਾਲ, ਆਪਣੀ ਪੂਰੀ ਤਾਕਤ ਨਾਲ ਅਤੇ ਆਪਣੇ ਪੂਰੇ ਦਿਮਾਗ ਨਾਲ ਪਿਆਰ ਕਰੋ। ਅਤੇ, ‘ਦੂਜਿਆਂ ਨਾਲ ਵੀ ਇੰਝ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ।’” 28 ਯਿਸੂ ਨੇ ਉਸਨੂੰ ਆਖਿਆ, “ਤੂੰ ਬਿਲਕੁਲ ਦਰੁਸਤ ਜਵਾਬ ਦਿੱਤਾ ਹੈ, ਇਸ ਤੇ ਅਮਲ ਕਰੇਂ ਤਾਂ ਤੂੰ ਜਿਉਂਦਾ ਰਹੇਂਗਾ।” 29 ਉਹ ਆਦਮੀ ਦਰਸ਼ਾਉਣਾ ਚਾਹੁੰਦਾ ਸੀ ਕਿ ਉਹ ਸਵਾਲ ਪੁਛਣ ਵਿੱਚ ਸਹੀ ਸੀ, ਇਸ ਲਈ ਉਸਨੇ ਯਿਸੂ ਨੂੰ ਆਖਿਆ, “ਮੇਰਾ ਗੁਆਂਢੀ ਕੌਣ ਹੈ?” 30 ਇਸ ਗੱਲ ਦਾ ਜਵਾਬ ਦਿੰਦਿਆਂ ਯਿਸੂ ਨੇ ਕਿਹਾ, “ਇੱਕ ਆਦਮੀ ਯਰੂਸ਼ਲਮ ਤੋਂ ਯਰੀਹੋ ਵੱਲ ਨੂੰ ਜਾ ਰਿਹਾ ਸੀ। ਕੁਝ ਡਾਕੂਆਂ ਨੇ ਉਸਨੂੰ ਘੇਰ ਲਿਆ। ਉਨ੍ਹਾਂ ਨੇ ਉਸਦੇ ਕੱਪੜੇ ਪਾੜ ਦਿੱਤੇ ਉਸਨੂੰ ਬੁਰੀ ਤਰ੍ਹਾਂ ਕੁਟਿਆ ਅਤੇ ਉਸਨੂੰ ਅਧ ਮੋਇਆ ਛੱਡਕੇ ਚਲੇ ਗਏ। 31 “ਸਬਬ ਨਾਲ ਇੱਕ ਯਹੂਦੀ ਜਾਜਕ ਉਸ ਸੜਕ ਤੋਂ ਲੰਘ ਰਿਹਾ ਸੀ, ਜਿਸ ਵਕਤ ਉਸ ਜਾਜਕ ਨੇ ਉਸ ਅਧਮਰੇ ਮਨੁੱਖ ਨੂੰ ਸੜਕ ਤੇ ਪਿਆ ਵੇਖਿਆ ਤਾਂ ਉਹ ਉਸਦੀ ਮਦਦ ਕਰਨ ਲਈ ਰੁਕਿਆ ਨਹੀਂ ਸਗੋਂ ਅਗ੍ਹਾਂ, ਲੰਘ ਗਿਆ। 32 ਇੱਕ ਲੇਵੀ ਵੀ ਉਸ ਰਾਹ ਤੋਂ ਲੰਘ ਰਿਹਾ ਸੀ ਅਤੇ ਉਹ ਵੀ ਉਸ ਆਦਮੀ ਨੂੰ ਵੇਖਕੇ ਇੱਕ ਪਾਸੇ ਹੋਕੇ ਲੰਘ ਗਿਆ, ਉਹ ਵੀ ਉਸਦੀ ਮਦਦ ਲਈ ਨਹੀਂ ਰੁਕਿਆ। 33 “ਉਸ ਰਾਹ ਫ਼ਿਰ ਇੱਕ ਸਾਮਰੀ ਆਇਆ। ਉਹ ਉਸ ਜਗ੍ਹਾ ਪਹੁੰਚਿਆ ਜਿਥੇ ਉਹ ਅਧ ਮੋਇਆ ਮਨੁੱਖ ਬੇਹਾਲ ਪਿਆ ਸੀ। ਜਦੋਂ ਉਹ ਨੇੜੇ ਆਇਆ ਅਤੇ ਬੰਦੇ ਨੂੰ ਵੇਖਿਆ, ਅਤੇ ਉਸ ਉੱਤੇ ਤਰਸ ਖਾਧਾ। 34 ਉਹ ਉਸਦੇ ਨੇੜੇ ਆਇਆ ਅਤੇ ਜੈਤੂਨ ਦੇ ਤੇਲ ਅਤੇ ਮੈਅ ਨਾਲ ਉਸਦੇ ਜਖਮਾਂ ਤੇ ਪੱਟੀ ਕੀਤੀ। ਉਸ ਸਾਮਰੀ ਕੋਲ ਇੱਕ ਗਧਾ ਸੀ ਉਸਨੇ ਜਖਮੀ ਮਨੁੱਖ ਨੂੰ ਉਸ ਉੱਪਰ ਬਿਠਾਇਆ ਅਤੇ ਉਸਨੂੰ ਇੱਕ ਸਰ੍ਹਾਂ ਵਿੱਚ ਲੈ ਗਿਆ ਅਤੇ ਉਥੇ ਜਾਕੇ ਉਸਦੀ ਟਹਿਲ ਕੀਤੀ। 35 ਅਗਲੇ ਦਿਨ ਉਸਨੇ ਦੋ ਚਾਂਦੀ ਦੇ ਸਿੱਕੇ ਕਢ੍ਢੇ ਅਤੇ ਸਰ੍ਹਾਂ ਵਾਲੇ ਨੂੰ ਦਿੱਤੇ ਅਤੇ ਉਸਨੂੰ ਆਖਿਆ, ‘ਇਸ ਘਾਇਲ ਮਨੁੱਖ ਦੀ ਦੇਖਭਾਲ ਕਰੀ। ਜੇਕਰ ਤੂੰ ਇਸਤੋਂ ਵਧ ਪੈਸਾ ਇਸ ਮਨੁੱਖ ਉੱਪਰ ਖਰਚ ਕਰੇ ਤਾਂ ਜਦੋਂ ਮੈਂ ਇਥੇ ਦੋਬਾਰਾ ਵਾਪਸ ਆਵਾਂਗਾ ਤਾਂ ਤੈਨੂੰ ਮੋੜ ਦੇਵਾਂਗਾ।’” 36 ਮੈਨੂੰ ਦੱਸੋ, “ਇਨ੍ਹਾਂ ਤਿੰਨਾਂ ਆਦਮੀਆਂ ਵਿੱਚੋਂ ਕਿਸ ਆਦਮੀ ਨੇ ਉਸ ਬੰਦੇ ਨਾਲ ਗੁਆਂਢੀ ਹੋਣ ਦਾ ਸਬੂਤ ਦਿੱਤਾ ਜਿਸ ਉੱਤੇ ਡਾਕੂਆਂ ਨੇ ਹਮਲਾ ਕੀਤਾ ਸੀ?” 37 ਨੇਮ ਦੇ ਉਪਦੇਸ਼ਕ ਨੇ ਆਖਿਆ, “ਉਸ ਆਦਮੀ ਨੇ, ਜਿਸਨੇ ਉਸ ਉੱਪਰ ਰਹਿਮ ਦਰਸਾਇਆ।”ਤਾਂ ਯਿਸੂ ਨੇ ਉਸਨੂੰ ਕਿਹਾ, “ਤਾਂ ਜਾ, ਤੂੰ ਵੀ ਜਾਕੇ ਇਵੇਂ ਹੀ ਕਰ।” 38 ਜਦੋਂ ਯਿਸੂ ਅਤੇ ਉਸਦੇ ਚੇਲੇ ਸਫ਼ਰ ਤੇ ਸਨ ਤਾਂ ਉਹ ਇੱਕ ਨਗਰ ਵਿੱਚ ਪਹੁੰਚੇ। ਮਾਰਥਾ ਨਾਉਂ ਦੀ ਇੱਕ ਔਰਤ ਨੇ ਉਸਨੂੰ ਆਪਣੇ ਘਰ ਨਿਉਂਤਾ ਦਿੱਤਾ। 39 ਮਾਰਥਾ ਦੀ ਇੱਕ ਭੈਣ ਸੀ ਜਿਸਦਾ ਨਾਉਂ ਮਰਿਯਮ ਸੀ। ਮਰਿਯਮ ਯਿਸੂ ਦੇ ਚਰਨਾਂ ਵਿੱਚ ਬੈਠਕੇ ਉਸਦੇ ਬਚਨ ਸੁਣ ਰਹੀ ਸੀ। 40 ਪਰ ਮਾਰਥਾ ਨੂੰ ਸਭ ਕੁਝ ਤਿਆਰ ਕਰਨ ਲਈ ਇੰਨਾ ਕੰਮ ਸੀ। ਇਸ ਲਈ ਉਹ ਸਿਧੀ ਯਿਸੂ ਕੋਲ ਗਈ ਅਤੇ ਉਸਨੂੰ ਪੁੱਛਿਆ, “ਪ੍ਰਭੂ, ਕੀ ਤੁਹਾਨੂੰ ਚਿੰਤਾ ਨਹੀਂ ਕਿ ਮੇਰੀ ਭੈਣ ਇੰਨਾ ਸਾਰਾ ਕੰਮ ਮੇਰੇ ਇਕਲਿਆਂ ਕਰਨ ਲਈ ਛੱਡ ਗਈ ਹੈ। ਉਸਨੂੰ ਆਖੋ ਕਿ ਮੇਰੀ ਮਦਦ ਕਰੇ।” 41 ਪਰ ਪ੍ਰਭੂ ਨੇ ਆਖਿਆ, “ਮਾਰਥਾ! ਓ ਮਾਰਥਾ! ਤੂੰ ਬਹੁਤ ਸਾਰੀਆਂ ਗੱਲਾਂ ਬਾਰੇ ਚਿੰਤਿਤ ਅਤੇ ਘਬਰਾਈ ਹੋਈ ਹੈਂ। 42 ਪਰ ਸਿਰਫ਼ ਇੱਕ ਹੀ ਗੱਲ ਜਰੂਰੀ ਹੈ। ਮਰਿਯਮ ਨੇ ਆਪਣੇ ਲਈ ਇਸ ਨੇਕ ਕੰਮ ਦੀ ਚੋਣ ਕੀਤੀ ਹੈ। ਅਤੇ ਇਹ ਉਸਤੋਂ ਨਹੀਂ ਖੋਹਿਆ ਜਾਵੇਗਾ।

11:1 ਇੱਕ ਵਾਰ ਯਿਸੂ ਕਿਸੇ ਥਾਂ ਤੇ ਪ੍ਰਾਰਥਨਾ ਕਰ ਰਿਹਾ ਸੀ। ਜਦੋਂ ਉਹ ਪ੍ਰਾਰਥਨਾ ਕਰ ਹਟਿਆ ਤਾਂ ਉਸਦੇ ਇੱਕ ਚੇਲੇ ਨੇ ਉਸਨੂੰ ਆਖਿਆ, “ਪ੍ਰਭੂ! ਸਾਨੂੰ ਪ੍ਰਾਰਥਨਾ ਕਰਨੀ ਸਿਖਾਵੋ ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ।” 2 ਯਿਸੂ ਨੇ ਚੇਲਿਆਂ ਨੂੰ ਆਖਿਆ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਹ ਆਖੋ:‘ਹੇ ਪਿਤਾ! ਤੇਰਾ ਨਾਮ ਹਮੇਸ਼ਾ ਪਵਿੱਤਰ ਮੰਨਿਆ ਜਾਵੇ,ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੇਰਾ ਰਾਜ ਆਵੇ। 3 ਹਰ ਰੋਜ ਸਾਨੂੰ ਉਹ ਰੋਟੀ ਦੇ, ਜੋ ਸਾਨੂੰ ਲੋੜੀਦੀ ਹੈ। 4 ਸਾਡੇ ਪਾਪ ਮਾਫ਼ ਕਰ ਕਿਉਂਕਿ ਜੋਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂਅਤੇ ਸਾਨੂੰ ਪਰਖੇ ਨਾ ਜਾਣ ਦੇਵੀਂ।’” 5 ਤਾਂ ਉਸਨੇ ਉਨ੍ਹਾਂ ਨੂੰ ਕਿਹਾ, “ਕਿਸੇ ਹਾਲਾਤ ਵਿੱਚ, ਤੁਹਾਡੇ ਵਿੱਚੋਂ ਕੋਈ ਇੱਕ ਅਧੀ ਰਾਤ ਆਪਣੇ ਮਿੱਤਰ ਦੇ ਘਰ ਜਾਕੇ ਆਖੇ ਕਿ, ਕਿਰਪਾ ਕਰਕੇ ਮੈਨੂੰ ਤਿੰਨ ਰੋਟੀਆਂ ਦੇ, ‘ਕਿਉਂਕਿ ਮੇਰਾ ਇੱਕ ਮਿੱਤਰ ਸਫ਼ਰ ਤੋਂ ਮੇਰੇ ਘਰ ਆਇਆ ਹੈ, ਪਰ ਮੇਰੇ ਕੋਲ ਉਸਨੂੰ ਖੁਆਉਣ ਲਈ ਕੁਝ ਨਹੀਂ ਹੈ।’ 6 7 ਮੰਨ ਲਵੋ ਜੇਕਰ ਤੁਹਾਡਾ ਮਿੱਤਰ ਘਰ ਦੇ ਅੰਦਰੋ ਹੀ ਤੁਹਾਨੂੰ ਜਵਾਬ ਦਿੰਦਾ ਹੈ, ‘ਚਲਾ ਜਾ! ਮੈਨੂੰ ਤੰਗ ਨਾ ਕਰ! ਦਰਵਾਜਾ ਪਹਿਲਾਂ ਹੀ ਬੰਦ ਪਿਆ ਹੈ। ਮੈਂ ਅਤੇ ਮੇਰੇ ਬੱਚੇ ਮੰਜੇ ਤੇ ਸੁਤੇ ਪਏ ਹਨ ਤੇ ਮੈਂ ਹੁਣ ਉਠਕੇ ਤੈਨੂੰ ਰੋਟੀਆਂ ਦੇਣ ਦੀ ਜ਼ਹਿਮਤ ਨਹੀਂ ਕਰ ਸਕਦਾ।’ 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਭਾਵੇਂ ਉਹ ਤੁਹਾਨੂੰ ਉਠਕੇ ਰੋਟੀ ਦੇਣੀ ਪਸੰਦ ਨਹੀਂ ਕਰਦਾ ਕਿਉਂਕਿ ਉਹ ਤੇਰਾ ਮਿੱਤਰ ਹੈ। ਪਰ ਕਿਉਂਕਿ ਤੁਸੀਂ ਬਾਰ-ਬਾਰ ਪੁਛ ਰਹੇ ਹੋ, ਉਹ ਉਠੇਗਾ ਅਤੇ ਜੋ ਤੁਹਾਨੂੰ ਚਾਹੀਦਾ ਹੈ ਦੇ ਦੇਵੇਗਾ। 9 ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪ੍ਰਭੂ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ। 10 ਕਿਉਂਕਿ ਹਰੇਕ ਜੋ ਮੰਗਦਾ ਹੈ ਉਸਨੂੰ ਮਿਲਦਾ ਹੈ, ਜੋ ਲਭਦਾ ਹੈ ਉਹ ਪ੍ਰਾਪਤ ਕਰਦਾ ਹੈ, ਅਤੇ ਜਿਹੜਾ ਮਨੁੱਖ ਦਰਵਾਜ਼ਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11 ਤੁਹਾਡੇ ਵਿੱਚੋਂ ਕਿਹੜਾ ਹੈ ਜੋ ਇੱਕ ਪਿਤਾ ਵਜੋਂ ਆਪਣੇ ਪੁੱਤਰ ਨੂੰ ਸੱਪ ਦੇਵੇਗਾ ਜਦ ਕਿ ਉਹ ਮਛੀ ਮੰਗਦਾ ਹੈ। 12 ਜਾਂ ਜਦੋਂ ਉਹ ਆਂਡਾ ਮੰਗੇ ਤਾਂ ਤੁਸੀਂ ਬਿਛੂ ਦੇਵੋਂਗੇ? ਨਹੀਂ! 13 ਤੁਸੀਂ ਵੀ ਬਾਕੀ ਸਭ ਲੋਕਾਂ ਵਾਂਗ ਹੋ। ਤੁਸੀਂ ਬੁਰੇ ਹੋਕੇ ਵੀ ਜੇਕਰ ਆਪਣੇ ਬਚਿਆਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਸਵਰਗ ਵਿੱਚ ਪਿਤਾ ਉਨ੍ਹਾਂ ਨੂੰ ਕਿਤੇ ਵਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ।” 14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਤ ਦੀ ਸਹਾਇਤਾ ਨਾਲ ਭੂਤਾਂ ਨੂੰ ਕਢਦਾ ਹੈ।” 16 ਅਤੇ ਹੋਰਾਂ ਨੇ ਉਸਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ। 21 “ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰਖਿਅਤ ਹੁੰਦੀ ਹੈ। 22 ਪਰ ਜੇਕਰ ਵਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ। 23 “ਜੇਕਰ ਕੋਈ ਮੇਰੇ ਨਾਲ ਨਾ ਹੋਕੇ ਸਗੋਂ ਮੇਰੇ ਵਿਰੁੱਧ ਹੈ ਅਤੇ ਜੇਕਰ ਉਹ ਮੇਰੇ ਨਾਲ ਸਾਂਝ ਨਹੀਂ ਕਰਦਾ ਸੋ ਮੇਰੇ ਵਿਰੁੱਧ ਹੈ ਤੇ ਖਿੰਡ ਜਾਂਦਾ ਹੈ। 24 “ਜਦੋਂ ਕੋਈ ਭ੍ਰਿਸ਼ਟ ਆਤਮਾ ਕਿਸੇ ਮਨੁੱਖ ਵਿੱਚੋਂ ਬਾਹਰ ਆਉਂਦਾ ਹੈ, ਉਹ ਸੁਕੀਆਂ ਥਾਵਾਂ ਵਿੱਚੋਂ ਲੰਘਦਾ ਹੋਇਆ ਅਰਾਮ ਕਰਨ ਲਈ ਜਗ੍ਹਾ ਲਭਦਾ ਫ਼ਿਰਦਾ ਹੈ। ਪਰ ਜਦੋਂ ਉਸਨੂੰ ਅਰਾਮ ਕਰਨ ਲਈ ਕੋਈ ਥਾਂ ਨਹੀਂ ਲਭਦੀ। ਤਾਂ ਉਹ ਆਖਦਾ ਹੈ, ‘ਮੈਂ ਜਿਸ ਘਰ ਨੂੰ ਛੱਡਕੇ ਆਇਆ ਸੀ ਉਥੇ ਹੀ ਜਾ ਰਿਹਾ ਹਾਂ।’ 25 ਫ਼ਿਰ ਉਹ ਵਾਪਸ ਆਉਂਦਾ ਹੈ ਅਤੇ ਜਦੋਂ ਉਹ ਉਸ ਥਾਂ ਨੂੰ ਸਾਫ਼ ਅਤੇ ਸਜਿਆ ਸਵਰਿਆ ਵੇਖਦਾ ਹੈ। 26 ਤਾਂ ਉਹ ਭ੍ਰਿਸ਼ਟ ਆਤਮਾ ਬਾਹਰ ਜਾਕੇ ਸੱਤ ਹੋਰ ਆਤਮਿਆਂ ਨੂੰ ਇਕੱਠਾ ਕਰਦਾ ਹੈ, ਜਿਹੜੇ ਉਸ ਨਾਲੋਂ ਵੀ ਵਧੇਰੇ ਭ੍ਰਿਸ਼ਟ ਹੁੰਦੇ ਹਨ। ਤਾਂ ਉਹ ਸਭ ਭਰਿਸ਼ਟ ਆਤਮੇ ਉਸ ਥਾਵੇਂ ਜਾਕੇ ਫ਼ਿਰ ਰਹਿਣ ਲੱਗ ਜਾਂਦੇ ਹਨ। ਇਸ ਤਰ੍ਹਾਂ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਵਧ ਭੈੜੀ ਹੋ ਜਾਂਦੀ ਹੈ।” 27 ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਆਖੀਆਂ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਧੰਨ ਹੈ ਉਹ ਮਾਂ ਜਿਸਦੀ ਕੁਖੋਂ ਤੂੰ ਜਨਮ ਲਿਆ ਤੇ ਜਿਸਦਾ ਤੂੰ ਦੁਧ ਪੀਤਾ ਹੈ।” 28 ਪਰ ਯਿਸੂ ਨੇ ਆਖਿਆ, “ਇਹ ਸੱਚ ਹੈ, ਪਰ ਉਹ ਲੋਕ ਵਧੇਰੇ ਧੰਨ ਹੋਣਗੇ ਜੋ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਦੇ ਮੁਤਾਬਿਕ ਹੀ ਚੱਲਦੇ ਹਨ। 29 ਜਦੋਂ ਉਸਦੇ ਕੋਲ ਬਹੁਤ ਲੋਕੀ ਇਕਠੇ ਹੁੰਦੇ ਗਏ ਤਾਂ ਉਸਨੇ ਆਖਿਆ, “ਇਹ ਭ੍ਰਿਸ਼ਟ ਪੀੜ੍ਹੀ ਹੈ, ਇਹ ਪਰਮੇਸ਼ੁਰ ਦੇ ਸਬੂਤ ਵਜੋਂ ਕਰਿਸ਼ਮੇ ਜਾਂ ਨਿਸ਼ਾਨ ਚਾਹੰਦੀ ਹੈ। ਪਰ ਉਨ੍ਹਾਂ ਨੂੰ ਸਬੂਤ ਵਜੋਂ ਕੋਈ ਕਰਿਸ਼ਮਾ ਨਹੀਂ ਵਿਖਾਇਆ ਜਾਵੇਗਾ ਸਿਵਾਇ ਯੂਨਾਹ ਦੇ ਕਰਿਸ਼ਮੇ ਤੋਂ। 30 ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ। 31 ਨਿਰਣੇ ਦੇ ਦਿਨ ਦਖਣ ਦੀ ਰਾਣੀ ਖੜੀ ਹੋਵੇਗੀ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲੇਗੀ। ਕਿਉਂ? ਕਿਉਂਕਿ ਉਹ ਧਰਤੀ ਦੇ ਦੂਸਰੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਨਣ ਲਈ ਆਈ ਸੀ। 32 “ਨਿਰਣੇ ਦੇ ਦਿਨ ਨੀਨਵਾਹ ਦੇ ਲੋਕ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਦੇ ਖਿਲਾਫ਼ ਬੋਲਣਗੇ। ਕਿਉਂ? ਕਿਉਂਕਿ ਜਦੋਂ ਉਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਸੁਣੇ ਤਾਂ ਉਨ੍ਹਾਂ ਨੇ ਆਪਣੇ ਹਿਰਦੇ ਬਦਲ ਲਏ ਸਨ। ਅਤੇ ਹੁਣ ਵੇਖੋ ਯੂਨਾਹ ਨਾਲੋਂ ਵੀ ਵਧੇਰੇ ਮਹਾਨ ਕੋਈ ਇਥੇ ਹੈ। 33 “ਕੋਈ ਵੀ ਦੀਵਾ ਜਗਾਕੇ ਉਸਨੂੰ ਛੁਪਾਉਂਦਾ ਨਹੀਂ ਜਾਂ ਭਾਂਡੇ ਥੱਲੇ ਨਹੀਂ ਰੱਖਦਾ, ਸਗੋਂ ਇਸਨੂੰ ਸ਼ਮ੍ਹਾਦਾਨ ਉੱਤੇ ਰੱਖਦਾ ਹੈ ਤਾਂ ਕਿ ਇਹ ਆਉਣ ਵਾਲੇ ਲੋਕਾਂ ਦੇ ਰਾਹ ਨੂੰ ਰੌਸ਼ਨ ਕਰੇ। 34 ਤੇਰੀ ਅਖ ਤੇਰੇ ਸ਼ਰੀਰ ਦਾ ਚਾਨਣ ਹੈ, ਇਸਲਈ ਜੇਕਰ ਤੇਰੀਆਂ ਅੱਖਾਂ ਚੰਗੀਆਂ ਹਨ, ਤਾਂ ਤੇਰਾ ਸਾਰਾ ਸ਼ਰੀਰ ਵੀ ਚਾਨਣ ਨਾਲ ਭਰਪੂਰ ਹੈ। ਪਰ ਜੇਕਰ ਤੇਰੀਂ ਅੱਖਾਂ ਵਿੱਚ ਖੋਟ ਹੈ ਤਾਂ ਤੇਰਾ ਸ਼ਰੀਰ ਵੀ ਹਨੇਰੇ ਨਾਲ ਭਰਪੂਰ ਹੈ। 35 ਇਸ ਲਈ ਸਾਵਧਾਨ ਰਹਿਣਾ, ਕਿਤੇ ਤੁਹਾਡੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ। 36 ਜੇਕਰ ਤੁਹਾਡਾ ਸਾਰਾ ਸ਼ਰੀਰ ਰੌਸ਼ਨੀ ਨਾਲ ਭਰਪੂਰ ਹੈ ਅਤੇ ਜੇ ਇਸਦਾ ਕੋਈ ਵੀ ਅੰਗ ਹਨੇਰੇ ਵਿੱਚ ਨਹੀਂ ਹੈ, ਫ਼ੇਰ ਸਾਰਾ ਸ਼ਰੀਰ ਰੌਸ਼ਨੀ ਨਾਲ ਭਰਪੂਰ ਹੋਵੇਗਾ, ਜਿਵੇਂ ਕਿ ਇੱਕ ਦੀਪਕ ਦੀ ਰੌਸ਼ਨੀ ਸਭ ਉੱਤੇ ਚਮਕਦੀ ਹੈ।” 37 ਜਦੋਂ ਯਿਸੂ ਗੱਲ ਕਰ ਹਟਿਆ, ਇੱਕ ਫ਼ਰੀਸੀ ਨੇ ਉਸਨੂੰ ਆਪਣੇ ਨਾਲ ਭੋਜਨ ਕਰਨ ਲਈ ਬੇਨਤੀ ਕੀਤੀ। ਤਾਂ ਯਿਸੂ ਮੇਜ ਤੇ ਬੈਠ ਗਿਆ। 38 ਪਰ ਫ਼ਰੀਸੀ ਹੈਰਾਨ ਸੀ ਜਦੋਂ ਉਸਨੇ ਵੇਖਿਆ ਕਿ ਯਿਸੂ ਨੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਤੇ ਸਨ। 39 ਪਰ ਪ੍ਰਭੂ ਨੇ ਉਸਨੂੰ ਕਿਹਾ, “ਤੁਸੀਂ ਫ਼ਰੀਸੀ ਆਪਣੇ ਪਿਆਲੇ ਅਤੇ ਥਾਲੀਆਂ ਬਾਹਰੋਂ ਹੀ ਸਾਫ਼ ਕਰਦੇ ਹੋ ਪਰ ਤੁਹਾਡਾ ਅੰਦਰ ਲਾਲਚ ਅਤੇ ਬਦੀ ਨਾਲ ਭਰਪੂਰ ਹੈ। 40 ਹੇ ਮੂਰਖੋ! ਕੀ ਜਿਸਨੇ ਬਾਹਰੋਂ ਬਣਾਇਆ, ਉਸਨੇ ਹੀ, ਅੰਦਰੋਂ ਨਹੀਂ ਬਣਾਇਆ? 41 ਇਸਲਈ ਜੋ ਕੁਝ ਵੀ ਅੰਦਰ ਹੈ, ਉਹ ਲੋੜਵੰਦ ਨੂੰ ਦਿਉ। ਫ਼ੇਰ ਤੁਹਾਡੇ ਲਈ ਸਭ ਕੁਝ ਸ਼ੁਧ ਹੋ ਜਾਵੇਗਾ। 42 “ਫ਼ਰੀਸੀਓ ਤੁਹਾਡੇ ਤੇ ਲਾਹਨਤ ਹੈ ਕਿਉਂਕਿ ਤੁਸੀਂ ਆਪਣੇ ਪੁਦੀਨੇ, ਹਰਮਲ ਪਤ੍ਤੇ ਅਤੇ ਤੁਹਾਡੇ ਬਾਗ ਵਿੱਚ ਉਗੇ ਹੋਰ ਸਾਰੇ ਪੌਦਿਆਂ ਦਾ ਦਸਵੰਧ ਤਾਂ ਦਿੰਦੇ ਹੋ, ਪਰ ਤੁਸੀਂ ਨਿਆਂ ਅਤੇ ਪਰਮੇਸ਼ੁਰ ਦੇ ਪਿਆਰ ਨੂੰ ਟਾਲ ਦਿੰਦੇ ਹੋ। ਪਰ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਉਹ ਵੀ ਕਰਦੇ ਅਤੇ ਇਨ੍ਹਾਂ ਨੂੰ ਵੀ ਨਾ ਛੱਡਦੇ। 43 “ਫ਼ਰੀਸੀਓ ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਪ੍ਰਾਰਥਨਾ ਸਥਾਨਾਂ ਵਿੱਚ ਮਹੱਤਵਪੂਰਣ ਜਗ੍ਹਾਵਾਂ ਅਤੇ ਬਜਾਰਾਂ ਵਿੱਚ ਸ਼ੁਭਕਾਮਨਾਵਾਂ ਚਾਹੁੰਦੇ ਹੋ। 44 ਤੁਹਾਡੇ ਉੱਤੇ ਲਾਹਨਤ, ਕਿਉਂਕਿ ਤੁਸੀਂ ਉਨ੍ਹਾਂ ਲੁਕੀਆਂ ਕਬਰਾਂ ਵਰਗੇ ਹੋ ਜਿਨ੍ਹਾਂ ਉੱਤੇ ਲੋਕੀ ਅਨਭੋਲ ਚੱਲਦੇ ਹਨ।” 45 ਨੇਮ ਦੇ ਉਪਦੇਸ਼ਕਾਂ ਵਿੱਚੋਂ ਕਿਸੇ ਇੱਕ ਨੇ ਯਿਸੂ ਨੂੰ ਕਿਹਾ, “ਗੁਰੂ! ਜਦੋਂ ਤੁਸੀਂ ਫ਼ਰੀਸੀਆਂ ਬਾਰੇ ਇਹ ਕੁਝ ਆਖ ਰਹੇ ਹੋ, ਤਾਂ ਤੁਸੀਂ ਸਾਡੀ ਸਭਾ ਨੂੰ ਵੀ ਨਿੰਦ ਰਹੇ ਹੋ। 46 ਯਿਸੂ ਨੇ ਆਖਿਆ, “ਨੇਮ ਦੇ ਪ੍ਰਚਾਰਕੋ! ਤੁਹਾਡੇ ਤੇ ਲਾਹਨਤ। ਕਿਉਂਕਿ ਤੁਸੀਂ ਲੋਕਾਂ ਤੇ ਇੰਨਾ ਭਾਰ ਪਾਉਂਦੇ ਹੋ, ਜਿਸਨੂੰ ਚੁੱਕਣਾ ਉਹ ਬਹੁਤ ਮੁਸ਼ਕਿਲ ਮਹਿਸੂਸ ਕਰਦੇ ਹਨ ਪਰ ਤੁਸੀਂ ਖੁਦ ਇਸਨੂੰ ਇੱਕ ਉਂਗਲ ਨਾਲ ਵੀ ਨਹੀਂ ਛੂਹਦੇ। 47 ਤੁਹਾਡੇ ਤੇ ਲਾਹਨਤ, ਕਿਉਂਕਿ ਤੁਸੀਂ ਨਬੀਆਂ ਦੇ ਮਕਬਰੇ ਬਣਾਉਂਦੇ ਹੋ ਪਰ ਇਹ ਉਹੀ ਨਬੀ ਹਨ ਜਿਨ੍ਹਾਂ ਨੂੰ ਤੁਹਾਡੇ ਪੁਰਖਿਆਂ ਨੇ ਮਾਰ ਦਿੱਤਾ ਸੀ। 48 ਇਸ ਤਰ੍ਹਾਂ ਤੁਸੀਂ ਸਮੂਹ ਲੋਕਾਂ ਨੂੰ ਦਰਸ਼ਾਉਂਦੇ ਹੋ ਕਿ ਤੁਸੀਂ ਆਪਣੇ ਪੁਰਖਿਆਂ ਦੇ ਕਾਰਜਾਂ ਨਾਲ ਸਹਿਮਤ ਹੋ। ਉਨ੍ਹਾਂ ਨੇ ਨਬੀਆਂ ਨੂੰ ਮਾਰਿਆ ਅਤੇ ਤੁਸੀਂ ਉਨ੍ਹਾਂ ਦੇ ਮਕਬਰੇ ਬਣਵਾਉਂਦੇ ਹੋ। 49 ਇਸੇ ਲਈ ਪਰਮੇਸ਼ੁਰ ਦੇ ਗਿਆਨ ਨੇ ਆਖਿਆ, ‘ਮੈਂ ਉਨ੍ਹਾਂ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ। ਉਹ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਾਰ ਦੇਣਗੇ ਅਤੇ ਦੂਜਿਆਂ ਨੂੰ ਦੰਡ ਦੇਣਗੇ।’ 50 “ਇਸ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੁਨੀਆਂ ਦੇ ਮੁਢ ਤੋਂ ਹੀ ਨਬੀਆਂ ਨੂੰ ਮਾਰਨ ਦਾ ਫ਼ਲ ਭੁਗਤਨਾ ਪਵੇਗਾ। 51 ਤੁਹਾਨੂੰ ਸਾਰੇ ਕਤਲਾਂ ਦੇ ਫ਼ਲ ਦਾ ਸਾਮ੍ਹਣਾ ਕਰਨਾ ਪਵੇਗਾ ਹਾਬਲ ਦੇ ਕਤਲ ਤੋਂ ਲੈਕੇ ਜ਼ਕਰਯਾਹ ਦੇ ਕਤਲ ਤੱਕ, ਜੋ ਜਗਵੇਦੀ ਅਤੇ ਮੰਦਰ ਦੇ ਵਿਚਕਾਰ ਮਾਰਿਆ ਸੀ। ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਸ ਸਭ ਵਾਸਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਜਿੰਮੇਦਾਰ ਠਹਿਰਾਇਆ ਜਾਵੇਗਾ। 52 “ਨੇਮ ਦੇ ਉਪਦੇਸ਼ਕੋ ਤੁਹਾਡੇ ਤੇ ਲਾਹਨਤ, ਕਿਉਂ ਜੁ ਤੁਸੀਂ ਗਿਆਨ ਦੀ ਕੁੰਜੀ ਚੁੱਕ ਲਈ ਹੈ। ਤੁਸੀਂ ਖੁਦ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਤੁਸੀਂ ਉਨ੍ਹਾਂ ਨੂੰ ਵੀ ਅੜਚਨ ਪਾਈ ਜਿਹੜੇ ਪ੍ਰਵੇਸ਼ ਕਰਨਾ ਚਾਹੁੰਦੇ ਸਨ।” 53 ਜਦੋਂ ਯਿਸੂ ਉਹ ਥਾਂ ਛੱਡ ਰਿਹਾ ਸੀ ਤਾਂ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਬੜੇ ਸਵਾਲ ਕਰਕੇ ਭਿਆਨਕਤਾ ਨਾਲ ਉਸਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। 54 ਉਹ ਉਸਨੂੰ ਅਨੇਕਾਂ ਵਿਛਿਆਂ ਬਾਰੇ ਔਖੇ ਸਵਾਲ ਪੁਛਣ ਲੱਗੇ ਤਾਂ ਜੋ ਉਹ ਕੁਝ ਅਜਿਹਾ ਕਹੇ ਜਿਸਨੂੰ ਉਹ ਗਲਤ ਸਾਬਿਤ ਕਰ ਸਕਣ।

12:1 ਇਸੇ ਵਿਚਕਾਰ ਕਈ ਹਜ਼ਾਰ ਲੋਕ ਇਕਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਡਿੱਗਣ ਲੱਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਫ਼ਰੀਸੀਆਂ ਦੇ ਖਮੀਰ ਤੋਂ ਹੁਸ਼ਿਆਰ ਰਹਿਣਾ ਜੋ ਉਨ੍ਹਾਂ ਦਾ ਕਪਟ ਹੈ। 2 ਅਜਿਹੀ ਕੋਈ ਚੀਜ਼ ਛੁਪੀ ਹੋਈ ਨਹੀਂ ਹੈ ਜੋ ਜਾਹਿਰ ਨਹੀਂ ਕੀਤੀ ਜਾਵੇਗੀ। ਅਜਿਹਾ ਕੁਝ ਵੀ ਗੁਪਤ ਨਹੀਂ ਹੈ ਜੋ ਦਸਿਆ ਨਹੀਂ ਜਾਵੇਗਾ। 3 ਜੋ ਕੁਝ ਤੁਸੀਂ ਹਨੇਰੇ ਵਿੱਚ ਆਖਿਆ ਉਹ ਚਾਨਣ ਵਿੱਚ ਸੁਣਿਆ ਜਾਵੇਗ਼ਾ। ਅਤੇ ਜੋ ਕੁਝ ਗੱਲਾਂ ਤੁਸੀਂ ਬੰਦ ਕਮਰਿਆਂ ਵਿੱਚ ਖੁਸਰ-ਫੁਸਰ ਕਰਦੇ ਹੋ, ਘਰ ਦੇ ਕੋਠਿਆਂ ਉੱਪਰੋਂ ਪੁਕਾਰ ਕੇ ਸੁਣਾਈਆਂ ਜਾਣਗੀਆਂ।” 4 ਤਾਂ ਯਿਸੂ ਨੇ ਲੋਕਾਂ ਨੂੰ ਕਿਹਾ, “ਮੇਰੇ ਮਿੱਤਰੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਤੋਂ ਨਾ ਡਰੋ ਜੋ ਸ਼ਰੀਰ ਨੂੰ ਮਾਰ ਸਕਦੇ ਹਨ, ਪਰ ਇਸਤੋਂ ਵਧ ਉਹ ਕੁਝ ਨਹੀਂ ਕਰ ਸਕਦੇ। 5 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ? ਤੁਹਾਨੂੰ ਉਸ ਕੋਲੋਂ ਡਰਨਾ ਚਾਹੀਦਾ ਹੈ ਜੋ ਤੁਹਾਨੂੰ ਮਾਰਨ ਤੋਂ ਬਾਦ ਨਰਕਾਂ ਵਿੱਚ ਸੁੱਟਣ ਦੀ ਤਾਕਤ ਰੱਖਦਾ ਹੈ। ਹਾਂ, ਉਹੀ ਹੈ ਜਿਸ ਕੋਲੋਂ ਤੁਹਾਨੂੰ ਡਰਨਾ ਚਾਹੀਦਾ ਹੈ। 6 “ਕੀ ਪੰਜ ਪੰਛੀ ਦੋ ਪੈਸਿਆਂ ਲਈ ਨਹੀਂ ਵਿਕਦੇ। ਪਰ ਪਰਮੇਸ਼ੁਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਨਹੀਂ ਭੁੱਲਦਾ। 7 ਹਾਂ ਪ੍ਰਭੂ ਜਾਣਦਾ ਹੈ ਕਿ ਤੁਹਾਡੇ ਸਿਰ ਉੱਪਰ ਕਿੰਨੇ ਵਾਲ ਹਨ। ਡਰੋ ਨਹੀਂ, ਤੁਸੀਂ ਬਹੁਤ ਸਾਰੇ ਪੰਛੀਆਂ ਨਾਲੋਂ ਕਿਤੇ ਉੱਤਮ ਹੋ। 8 “ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਲੋਕਾਂ ਅੱਗੇ ਇਹ ਇਕਰਾਰ ਕਰੇ ਕਿ ਉਹ ਮੇਰੇ ਨਾਲ ਸੰਬੰਧਿਤ ਹੈ ਤਾਂ ਮਨੁੱਖ ਦਾ ਪੁੱਤਰ ਵੀ ਉਸਦਾ ਇਕਰਾਰ ਪਰਮੇਸ਼ੁਰ ਦੇ ਦੂਤਾਂ ਅੱਗੇ ਕਰੇਗਾ ਕਿ ਉਹ ਵਿਅਕਤੀ ਉਸ ਨਾਲ ਸੰਬੰਧਿਤ ਹੈ। 9 ਪਰ ਜੇਕਰ ਕੋਈ ਲੋਕਾਂ ਅੱਗੇ ਮੇਰਾ ਇਨਕਾਰ ਕਰੇ ਤਾਂ ਪਰਮੇਸ਼ੁਰ ਦੇ ਦੂਤਾਂ ਅੱਗੇ ਉਸਦਾ ਵੀ ਇਨਕਾਰ ਕੀਤਾ ਜਾਵੇਗਾ। 10 “ਜੇਕਰ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹਿੰਦਾ ਹੈ ਤਾਂ ਮਾਫ਼ ਕੀਤਾ ਜਾ ਸਕਦਾ ਹੈ ਪਰ ਜੇ ਕੋਈ ਪਵਿੱਤਰ ਆਤਮਾ ਦੇ ਖਿਲਾਫ਼ ਮੰਦੀਆਂ ਗੱਲਾਂ ਕਹਿੰਦਾ ਹੈ ਤਾਂ ਉਸਨੂੰ ਮਾਫ਼ ਨਹੀਂ ਕੀਤਾ ਜਾਵੇਗਾ। 11 “ਇਸ ਲਈ ਜੇਕਰ ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾ ਅੱਗੇ, ਹਾਕਮਾਂ ਅਤੇ ਅਧਿਕਾਰੀਆਂ ਅੱਗੇ ਲਿਆਉਂਦੇ ਹਨ ਤਾਂ ਇਹ ਚਿੰਤਾ ਨਾ ਕਰੋ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾਵੋਂਗੇ ਜਾਂ ਤੁਹਾਨੂੰ ਕੀ ਆਖਣਾ ਚਾਹੀਦਾ ਹੈ। 12 ਘਬਰਾਓ ਨਹੀਂ ਕਿਉਂਕਿ ਉਸ ਸਮੇਂ ਪਵਿੱਤਰ ਆਤਮਾ ਤੁਹਾਨੂੰ ਸੂਝ ਦੇਵੇਗਾ ਕਿ ਤੁਹਾਨੂੰ ਕੀ ਆਖਣਾ ਚਾਹੀਦਾ ਹੈ।” 13 ਭੀੜ ਵਿੱਚੋਂ ਇੱਕ ਮਨੁੱਖ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਸਾਡੇ ਪਿਤਾ ਦੀ ਸੰਪਤੀ ਮੇਰੇ ਨਾਲ ਸਾਂਝੀ ਕਰਨ ਲਈ ਕਹੋ।” 14 ਪਰ ਯਿਸੂ ਨੇ ਉਸਨੂੰ ਕਿਹਾ, “ਹੇ ਆਦਮੀ, ਮੈਨੂੰ ਤੁਹਾਡਾ ਮੁਨਸਫ਼ ਜਾਂ ਫ਼ੈਸਲਾ ਕਰਨ ਵਾਲਾ ਕਿਸਨੇ ਬਣਾਇਆ ਹੈ?” 15 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਾਵਧਾਨ ਰਹੋ! ਅਤੇ ਹਰ ਲੋਭ-ਲਾਲਚ ਤੋਂ ਆਪਣੇ ਆਪ ਨੂੰ ਦੂਰ ਰੱਖੋ ਕਿਉਂਕਿ ਕੋਈ ਬੰਦਾ ਆਪਣੀ ਵੱਡੀ ਦੌਲਤ ਤੋਂ ਜੀਵਨ ਪ੍ਰਾਪਤ ਨਹੀਂ ਕਰ ਸਕਦਾ।” 16 ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਕਿਸੇ ਆਦਮੀ ਦੀ ਜ਼ਮੀਨ ਤੇ ਬਹੁਤ ਅਧਿਕ ਅਨਾਜ ਹੁੰਦਾ ਸੀ। 17 ਤਾਂ ਉਸਨੇ ਆਪਣੇ ਮਨ ਵਿੱਚ ਸੋਚਿਆ, ‘ਮੈਂ ਕੀ ਕਰਾਂ? ਮੇਰੇ ਕੋਲ ਫ਼ਸਲ ਸਾਂਭਣ ਲਈ ਕੋਈ ਥਾਂ ਨਹੀਂ।’ 18 “ਤਦ ਅਮੀਰ ਆਦਮੀ ਨੇ ਕਿਹਾ, ‘ਮੈਂ ਜਾਣਦਾ ਹਾਂ ਮੈਂ ਕੀ ਕਰਾਂਗਾ? ਮੈਂ ਆਪਣੇ ਗੁਦਾਮਾਂ ਨੂੰ ਢਾਹ ਕੇ ਵੱਡੇ ਗੁਦਾਮ ਬਣਾਵਾਂਗਾ ਅਤੇ ਮੈਂ ਆਪਣੀ ਕਣਕ ਤੇ ਹੋਰ ਚੰਗੀਆਂ ਵਸਤਾਂ ਨੂੰ ਉਨ੍ਹਾਂ ਵਿੱਚ ਰੱਖਾਂਗਾ। 19 ਤਾਂ ਮੈਂ ਆਪਣੇ-ਆਪ ਨੂੰ ਕਹਾਂਗਾ ਕਿ ਮੇਰੇ ਕੋਲ ਕਾਫੀ ਵਧੀਆਂ ਚੀਜ਼ਾਂ ਹਨ ਜਿਹੜੀਆਂ ਬਹੁਤ ਸਾਲਾਂ ਲਈ ਕਫੀ ਹਨ। ਇਸ ਲਈ ਅਰਾਮ ਕਰੋ ਖਾਵੋ-ਪੀਵੋ ਅਤੇ ਮੌਜ ਕਰੋ!’ 20 “ਪਰ ਪ੍ਰਭੂ ਨੇ ਉਸ ਮਨੁੱਖ ਨੂੰ ਕਿਹਾ, ‘ਹੇ ਮੂਰਖ! ਅੱਜ ਰਾਤ ਹੀ ਤੂੰ ਮਰ ਜਾਵੇਂਗਾ! ਫ਼ਿਰ ਜਿਹੜੀਆਂ ਵਸਤਾਂ ਤੂੰ ਤਿਆਰ ਕੀਤੀਆਂ ਹਨ ਕਿਸ ਦੀਆਂ ਹੋਣਗੀਆਂ?’ 21 “ਹਰ ਉਸ ਬੰਦੇ ਨਾਲ ਵੀ ਇਵੇਂ ਹੀ ਹੋਵੇਗਾ ਜੋ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਮੀਰ ਨਹੀਂ ਹੈ ਅਤੇ ਆਪਣੇ ਲਈ ਅਮੀਰੀ ਜਮ੍ਹਾਂ ਕਰਦਾ ਹੈ।” 22 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਆਖਦਾ ਹਾਂ ਕਿ ਤੁਹਾਨੂੰ ਜਿਉਣ ਲਈ ਜੋ ਖਾਣ ਦੀ ਲੋੜ ਹੈ ਤੁਸੀਂ ਉਸਦੀ ਚਿੰਤਾ ਨਾ ਕਰੋ ਅਤੇ ਨਾ ਹੀ ਸ਼ਰੀਰ ਢਕਣ ਲਈ ਕੱਪੜਿਆਂ ਦੀ ਫ਼ਿਕਰ ਕਰੋ। 23 ਕਿਉਂਕਿ ਜ਼ਿੰਦਗੀ ਖਾਣ ਤੋਂ ਕਿਤੇ ਵਧ ਮਹੱਤਵਯੋਗ ਹੈ ਅਤੇ ਸ਼ਰੀਰ ਕੱਪੜਿਆਂ ਨਾਲੋਂ। 24 ਪੰਛੀਆਂ ਵੱਲ ਵੇਖੋ ਉਹ ਬੀਜਦੇ ਜਾਂ ਵਢਦੇ ਨਹੀਂ ਨਾ ਹੀ ਉਹ ਘਰਾਂ ਜਾਂ ਕੋਠਿਆਂ ਵਿੱਚ ਅਨਾਜ ਜਮ੍ਹਾਂ ਕਰਦੇ ਹਨ, ਪਰ ਫ਼ੇਰ ਵੀ ਪਰਮੇਸ਼ੁਰ ਉਨ੍ਹਾਂ ਨੂੰ ਭੋਜਨ ਦਿੰਦਾ ਹੈ। ਤੁਸੀਂ ਪੰਛੀਆਂ ਨਾਲੋਂ ਵੀ ਬਹੁਤ ਵਧ ਮੁੱਲਵਾਨ ਹੋ। 25 “ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਜ਼ਿੰਦਗੀ ਦਾ ਇੱਕ ਵੀ ਪਲ ਵਧਾ ਸਕਦਾ ਹੈ। 26 ਇਸ ਲਈ ਜੇਕਰ ਤੁਸੀਂ ਇੰਨੀ ਛੋਟੀ ਗੱਲ ਵੀ ਨਹੀਂ ਕਰ ਸਕਦੇ ਤਾਂ ਫ਼ਿਰ ਤੁਸੀਂ ਬਾਕੀ ਗੱਲਾਂ ਬਾਰੇ ਚਿੰਤਾ ਕਿਉਂ ਕਰਦੇ ਹੋ? 27 “ਜੰਗਲੀ ਫ਼ੁੱਲਾਂ ਵੱਲ ਵੇਖੋ! ਦੇਖੋ ਉਹ ਕਿਵੇਂ ਵਧਦੇ ਹਨ! ਉਹ ਨਾ ਹੀ ਸਖਤ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ, ਤਾਂ ਵੀ ਉਹ ਇੰਨੇ ਵਧੀਆ ਦਿਸਦੇ ਹਨ ਕਿ ਸੁਲੇਮਾਨ ਵੀ ਆਪਣੇ ਪੂਰੇ ਤੇਜ ਵਿੱਚ ਇੰਨ੍ਹਾਂ ਵਿੱਚੋਂ ਇੱਕ ਜਿੰਨਾ ਵੀ ਸਜਿਆ ਨਹੀਂ ਹੋਇਆ ਸੀ। 28 “ਪ੍ਰਭੂ ਤਾਂ ਖੇਤ ਵਿਚਲੇ ਘਾਹ ਨੂੰ ਵੀ ਇਉਂ ਪਹਿਰਾਵਾ ਦਿੰਦਾ ਹੈ, ਉਹ ਘਾਹ ਜਿਹੜਾ ਅੱਜ ਜਿਉਂਦਾ ਹੈ ਅਤੇ ਕੱਲ ਭਠੀ ਵਿੱਚ ਮੱਚ ਜਾਣਾ ਹੈ। ਤਾਂ ਹੇ ਥੋੜੀ ਪਰਤੀਤ ਵਾਲੇ ਲੋਕੋ, ਕੀ ਉਹ ਤੁਹਾਨੂੰ ਉਨ੍ਹਾਂ ਨਾਲੋਂ ਵਧੇਰੇ ਨਹੀਂ ਸਜਾਵੇਗਾ। 29 “ਇਸ ਬਾਰੇ ਨਾ ਸੋਚਦੇ ਰਹੋ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ? ਚਿੰਤਾ ਨਾ ਕਰੋ। 30 ਕਿਉਂਕਿ ਇਸ ਦੁਨੀਆਂ ਦੀਆਂ ਸਾਰੀਂ ਕੌਮਾਂ ਇਨ੍ਹਾਂ ਚੀਜ਼ਾਂ ਤੋਂ ਬਾਦ ਹਨ ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। 31 ਪਰ ਪਹਿਲਾਂ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਚਾਹਨਾ ਕਰੋ। ਤਾਂ ਫ਼ੇਰ ਇਹ ਬਾਕੀ ਦੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ। 32 “ਛੋਟੇ ਇੱਜੜ, ਡਰ ਨਾ! ਕਿਉਂਕਿ ਤੇਰਾ ਪਿਤਾ (ਪ੍ਰਭੂ) ਤਾਂ ਤੈਨੂੰ ਰਾਜ ਦੇਣਾ ਚਾਹੁੰਦਾ ਹੈ। 33 ਇਸ ਲਈ ਆਪਣੀ ਸਾਰੀ ਸੰਪੰਤੀ ਵੇਚ ਦੇ ਅਤੇ ਧਨ ਗਰੀਬਾਂ ਵਿੱਚ ਵੰਡ ਦੇ। ਇਸ ਸੰਸਾਰ ਦੀ ਅਮੀਰੀ ਬਹੁਤੇ ਲੰਬੇ ਸਮੇਂ ਤੱਕ ਨਹੀਂ ਰਹਿੰਦੀ। ਇਸ ਲਈ ਆਪਣੇ ਖਜਾਨੇ ਸੁਰਗ ਵਿੱਚ ਰੱਖੋ। ਇਹ ਹਮੇਸ਼ਾ ਲਈ ਰਹਿੰਦਾ ਹੈ ਕਿਉਂਕਿ ਸੁਰਗ ਵਿੱਚ ਨਾ ਤਾਂ ਇਸਨੂੰ ਚੋਰ ਚੁਰਾ ਸਕਦਾ ਹੈ ਅਤੇ ਨਾ ਹੀ ਇਸਨੂੰ ਕੀੜੇ ਨਸ਼ਟ ਕਰ ਸਕਦੇ ਹਨ। 34 ਕਿਉਂਕਿ ਜਿਥੇ ਤੁਹਾਡਾ ਖਜਾਨਾ ਹੋਵੇਗਾ ਤੁਹਾਡਾ ਦਿਲ ਵੀ ਉਥੇ ਹੀ ਹੋਵੇਗਾ। 35 “ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹੋ ਅਤੇ ਆਪਣੀ ਰੋਸ਼ਨੀ ਚਮਕਦੀ ਰੱਖੋ। 36 ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਦੀ ਕਿਸੇ ਵਿਆਹ ਦੀ ਦਾਵਤ ਤੋਂ ਵਾਪਸ ਆਉਣ ਦੀ ਉਡੀਕ ਵਿੱਚ ਹੁੰਦੇ ਹਨ। ਜਦੋਂ ਮਾਲਕ ਆਉਂਦਾ ਹੈ ਤਾਂ ਬੂਹਾ ਖੜਕਾਉਂਦਾ ਹੈ ਅਤੇ ਨੌਕਰ ਝੱਟ ਆਪਣੇ ਮਾਲਕ ਨੂੰ ਬੂਹਾ ਖੋਲ ਦਿੰਦਾ ਹੈ। 37 ਧੰਨ ਹਨ ਅਜਿਹੇ ਨੌਕਰ ਜਿਨ੍ਹਾਂ ਨੂੰ ਜਦੋਂ ਉਨ੍ਹਾਂ ਦਾ ਮਾਲਕ ਆਉਂਦਾ ਤਿਆਰ ਅਤੇ ਉਸਦਾ ਇੰਤਜਾਰ ਕਰਦੇ ਹੋਏ ਪਾਉਂਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਾਲਕ ਖੁਦ ਲੱਕ ਬੰਨ੍ਹਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਖੁਦ ਉਨ੍ਹਾਂ ਦੀ ਟਹਿਲ ਕਰੇਗਾ। 38 ਇਨ੍ਹਾਂ ਨੌਕਰਾਂ ਨੂੰ ਭਾਵੇਂ ਅਧੀ ਰਾਤ ਤੱਕ ਜਾਂ ਉਸਤੋਂ ਦੇਰ ਤੱਕ ਵੀ ਆਪਣੇ ਮਾਲਕ ਦੇ ਆਉਣ ਦੀ ਉਡੀਕ ਕਰਨੀ ਪਵੇ। ਪਰ ਉਹ ਬੜੇ ਖੁਸ਼ ਹੋਣਗੇ ਜੇਕਰ ਉਨ੍ਹਾਂ ਦਾ ਮਾਲਕ ਆਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਉਡੀਕ ਵਿੱਚ ਪਾਉਂਦਾ ਹੈ। 39 “ਹਮੇਸ਼ਾ ਇਹ ਗੱਲ ਯਾਦ ਰੱਖਣਾ: ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਕਿਸ ਵਕਤ ਚੋਰ ਨੇ ਘਰ ਵਿੱਚ ਆਉਣਾ ਹੈ, ਤਾਂ ਉਹ ਉਸ ਚੋਰ ਨੂੰ ਆਪਣੇ ਘਰ ਅੰਦਰ ਵੜਨ ਹੀ ਨਾ ਦਿੰਦਾ। 40 ਇਸੇ ਲਈ ਤੁਹਾਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਮਨੁੱਖ ਦਾ ਪੁੱਤਰ ਉਸ ਵੇਲੇ ਆ ਜਾਵੇਗਾ ਜਿਸ ਵਕਤ ਤੁਹਾਨੂੰ ਉਸਦੇ ਆਉਣ ਦੀ ਕੋਈ ਆਸ ਵੀ ਨਹੀਂ ਹੋਵੇਗੀ।” 41 ਪਤਰਸ ਨੇ ਕਿਹਾ, “ਪ੍ਰਭੂ! ਕੀ ਇਹ ਸਿਰਫ਼ ਸਾਡੇ ਲਈ ਆਖ ਰਿਹਾ ਹੈਂ ਜਾਂ ਸਭਨਾ ਲਈ।” 42 ਤਾਂ ਪ੍ਰਭੂ ਨੇ ਆਖਿਆ, “ਉਹ ਕਿਹੜਾ ਸਿਆਣਾ ਅਤੇ ਵਿਸ਼ਵਾਸਯੋਗ ਨੌਕਰ ਹੈ ਜਿਸਨੂੰ ਮਾਲਕ ਦੂਜੇ ਨੌਕਰਾਂ ਉੱਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਭੋਜਨ ਸਮਗਰੀ ਦੀ ਪੂਰਤੀ ਲਈ ਨਿਯੁਕਤ ਕਰੇਗ਼ਾ? 43 ਖੁਸ਼ ਹੈ ਉਹ ਨੌਕਰ ਜਿਸ ਨੂੰ ਜਦੋਂ ਉਸਦਾ ਮਾਲਕ ਆਵੇ ਤਾਂ ਦਿੱਤਾ ਹੋਇਆ ਕੰਮ ਕਰਦਾ ਪਾਵੇ। 44 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਉਸਨੂੰ ਆਪਣੀ ਸਾਰੀ ਸੰਪਤੀ ਦਾ ਨਿਗਰਾਨ ਨਿਯੁਕਤ ਕਰੇਗ਼ਾ। 45 “ਪਰ ਉਸ ਨੌਕਰ ਦਾ ਕੀ ਹੋਵੇਗ਼ਾ ਜਿਹੜਾ ਇਹ ਸੋਚਦਾ ਹੈ ਕਿ ਨਿਕਟ ਭਵਿਖ ਵਿੱਚ ਉਸਦਾ ਮਾਲਕ ਨਹੀਂ ਪਰਤੇਗਾ। ਅਤੇ ਦੂਸਰੇ ਨੌਕਰ ਨੌਕਰਾਣੀਆਂ ਨੂੰ ਕੁਟਣਾ ਸ਼ੁਰੂ ਕਰ ਦੇਵੇ ਅਤੇ ਖਾਣ ਪੀਣ ਵਿੱਚ ਮਦਮਸਤ ਹੋ ਜਾਵੇ? 46 ਅਤੇ ਫ਼ੇਰ ਉਸਦਾ ਮਾਲਕ ਉਦੋਂ ਵਾਪਸ ਆਵੇਗਾ ਜਦੋਂ ਉਸਨੂੰ ਉਸਦੀ ਉਡੀਕ ਵੀ ਨਹੀਂ ਹੋਵੇਗੀ ਅਤੇ ਵਕਤ ਤੋਂ ਅਵੇਸਲਾ ਹੋਵੇਗਾ। ਫ਼ਿਰ ਮਾਲਕ ਉਸ ਨੌਕਰ ਨੂੰ ਸਖਤ ਸਜ਼ਾ ਦੇਵੇਗਾ ਅਤੇ ਉਸਨੂੰ ਦੂਜੇ ਵਿਸ਼ਵਾਸ ਘਾਤੀ ਨੌਕਰਾਂ ਨਾਲ ਰਹਿਣ ਲਈ ਭੇਜ ਦੇਵੇਗਾ। 47 “ਜਿਹੜਾ ਨੌਕਰ ਇਹ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ੇਰ ਵੀ ਉਹ ਆਪਣੇ-ਆਪ ਨੂੰ ਤਿਆਰ ਨਹੀਂ ਕਰਦਾ ਅਤੇ ਜੋ, ਉਸਦਾ ਮਾਲਕ ਚਾਹੁੰਦਾ ਸੀ ਉਹ ਨਹੀਂ ਕਰਦਾ, ਤਾਂ ਉਸ ਨੌਕਰ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। 48 ਪਰ ਜਿਹੜਾ ਨੌਕਰ ਇਹ ਨਹੀਂ ਜਾਣਦਾ ਸੀ ਕਿ ਉਸਦਾ ਮਾਲਕ ਉਸਤੋਂ ਕੀ ਕਰਾਉਣਾ ਚਾਹੁੰਦਾ ਹੈ ਅਤੇ ਫ਼ਿਰ ਵੀ ਉਸਨੇ ਕੁਝ ਅਜਿਹਾ ਕੀਤਾ ਜੋ ਸਜ਼ਾ ਦੇ ਯੋਗ ਹੈ ਤਾਂ ਉਸਨੂੰ ਘੱਟ ਸਜ਼ਾ ਮਿਲੇਗੀ। ਇਸ ਲਈ ਜਿਸ ਕਿਸੇ ਨੂੰ ਬਹੁਤਾ ਦਿੱਤਾ ਗਿਆ ਹੈ ਉਸਨੂੰ ਬਹੁਤੇ ਦਾ ਲੇਖਾ ਦੇਣਾ ਪਵੇਗਾ। ਅਤੇ ਜਿਸਨੂੰ ਵਧੇਰੇ ਸੌਂਪਿਆ ਗਿਆ ਹੈ ਉਸਤੋਂ ਹੋਰ ਵੀ ਵਧੇਰੇ ਮੰਗਿਆ ਜਾਵੇਗਾ।” 49 ਯਿਸੂ ਲਗਾਤਾਰ ਕਹਿੰਦਾ ਰਿਹਾ, “ਮੈਂ ਇਸ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਹੁਣ ਤੱਕ ਇਹ ਜਲ ਰਹੀ ਹੁੰਦੀ। 50 ਮੈਨੂੰ ਇੱਕ ਅਜਿਹਾ ਬਪਤਿਸਮਾ ਲੈਣਾ ਪਵੇਗਾ, ਜੋ ਵਖਰੀ ਤਰ੍ਹਾਂ ਦਾ ਹੈ ਅਤੇ ਜਦੋਂ ਤੱਕ ਇਹ ਪੂਰਨ ਨਹੀਂ ਹੁੰਦਾ ਮੈਨੂੰ ਕਸ਼ਟ ਹੋਵੇਗਾ। 51 ਤੁਸੀਂ ਕੀ ਸੋਚਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਦੇਣ ਆਇਆ ਹਾਂ? ਨਹੀਂ! ਮੈਂ ਦੁਨੀਆਂ ਨੂੰ ਵੰਡਣ ਆਇਆ ਹਾਂ। 52 ਹੁਣ ਤੋਂ ਬਾਦ ਪੰਜਾਂ ਜਾਣਿਆਂ ਦੇ ਘਰ ਨੂੰ ਇੱਕ-ਦੂਸਰੇ ਦੇ ਵਿਰੁੱਧ ਵੰਡਿਆ ਜਾਵੇਗਾ। ਤਿੰਨ ਦੋਹਾਂ ਦੇ ਵਿਰੁੱਧ ਹੋਣਗੇ ਅਤੇ ਦੋ ਤਿੰਨਾ ਦੇ ਵਿਰੁੱਧ। 53 ਪਿਤਾ ਅਤੇ ਪੁੱਤਰ ਵਿੱਚ ਵੰਡ ਪੈ ਜਾਵੇਗੀਪੁੱਤਰ ਪਿਉ ਦੇ ਵਿਰੁੱਧ ਹੋਜਾਵੇਗਾ ਅਤੇ ਪਿਉ ਪੁੱਤਰ ਦੇ।ਮਾਂ ਅਤੇ ਧੀ ਵਿੱਚ ਵੀ ਵੰਡ ਪੈ ਜਾਵੇਗੀਮਾਂ ਧੀ ਦੇ ਅਤੇ ਧੀਮਾਂ ਦੇ ਵਿਰੁੱਧ ਹੋ ਜਾਵੇਗੀ।ਸੱਸ ਅਤੇ ਨੂੰਹ ਵਿੱਚ ਵੀ ਵੰਡ ਪੈ ਜਾਵੇਗੀ।ਸੱਸ ਆਪਣੀ ਨੂੰਹ ਦੇ ਅਤੇ ਨੂੰਹ ਆਪਣੀਸੱਸ ਦੇ ਵਿਰੁੱਧ ਹੋ ਜਾਵੇਗੀ।” 54 ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਲਹਿੰਦੇ ਪਾਸਿਓ ਬੱਦਲ ਉਠਦਾ ਵੇਖਦੇ ਹੋ ਤਾਂ ਆਖਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਨਿਸ਼ਚਿਤ ਹੀ ਮੀਂਹ ਪੈਂਦਾ ਹੈ। 55 ਜਦੋਂ ਤੁਸੀਂ ਦਖਣ ਵੱਲੋਂ ਹਵਾ ਵਗਦੀ ਮਹਿਸੂਸ ਕਰਦੇ ਹੋ ਤਾਂ ਆਖਦੇ ਹੋ, ‘ਅੱਜ ਗਰਮੀ ਹੋਵੇਗੀ’, ਅਤੇ ਹਾਂ, ਤੁਸੀਂ ਠੀਕ ਆਖਦੇ ਹੋ। 56 ਕਪਟੀਓ! ਜੇਕਰ ਤੁਸੀਂ ਮੌਸਮ ਦੇ ਸੰਕੇਤ ਸਮਝ ਸਕਦੇ ਹੋ ਤਾਂ ਤੁਸੀਂ ਉਸਨੂੰ ਕਿਉਂ ਨਹੀਂ ਸਮਝ ਸਕਦੇ ਜੋ ਹੁਣ ਵਾਪਰ ਰਿਹਾ ਹੈ? 57 “ਤੁਸੀਂ ਆਪਣੇ-ਆਪ ਲਈ ਜੋ ਠੀਕ ਹੈ ਉਸਦਾ ਫ਼ੈਸਲਾ ਕਿਉਂ ਨਹੀਂ ਕਰਦੇ? 58 ਮੰਨ ਲਵੋ ਕਿ ਇੱਕ ਆਦਮੀ ਤੁਹਾਨੂੰ ਕਚਿਹਰੀ ਲੈ ਜਾ ਰਿਹਾ ਹੈ ਤਾਂ ਰਸਤੇ ਵਿੱਚ ਹੀ ਉਸ ਨਾਲ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਉਹ ਤੁਹਾਨੂੰ ਮੁਨਸਫ਼ ਦੇ ਕੋਲ ਲੈ ਜਾਵੇਗਾ ਅਤੇ ਮੁਨਸਫ਼ ਤੁਹਾਨੂੰ ਕੈਦ ਵਿੱਚ ਪਾ ਸਕਦਾ ਹੈ। 59 ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਉਥੋਂ ਉਦੋਂ ਤੱਕ ਬਾਹਰ ਨਹੀਂ ਜਾਵੋਂਗੇ ਜਦੋਂ ਤੱਕ ਕਿ ਤੁਸੀਂ ਉਹ ਆਖਰੀ ਪੈਸਾ ਵੀ ਨਹੀਂ ਦੇ ਦਿੰਦੇ ਜਿਸਦੇ ਤੁਸੀਂ ਦੇਣਦਾਰ ਹੋ।”

13:1 ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸਨੂੰ ਦਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ। 2 ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵਧ ਪਾਪ ਕੀਤੇ? 3 ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ। 4 ਤੁਸੀਂ ਉਨ੍ਹਾਂ ਅਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵਧ ਪਾਪੀ ਸਨ? 5 ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।” 6 ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸਨੂੰ ਕੋਈ ਫ਼ਲ ਨਜ਼ਰ ਨਾ ਆਇਆ। 7 ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸਨੂੰ ਵਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ? 8 ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ। 9 ਹੋ ਸਕਦਾ ਹੈ ਅਗਲੇ ਸਾਲ ਤੀਕ ਇਸਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸਨੂੰ ਕਟਵਾ ਸੁੱਟਣਾ।” 10 ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ। 11 ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸਨੂੰ ਅਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛਡਿਆ ਸੀ। ਉਸਦੀ ਕਮਰ ਵਿੱਚ ਕੁਬ ਪੈ ਗਿਆ ਸੀ, ਅਤੇ ਉਹ ਸਿਧੀ ਖੜੀ ਨਹੀਂ ਹੋ ਸਕਦੀ ਸੀ। 12 ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!” 13 ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿਧੀ ਖੜੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ। 14 ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇਥੇ ਨਾ ਆਵੇ।” 15 ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ? 16 ਇਹ ਔਰਤ ਜਿਸਨੂੰ ਮੈਂ ਠੀਕ ਕੀਤਾ ਹੈ, ਇੱਕ ਯਹੂਦੀ ਭੈਣ ਹੈ ਅਤੇ ਇਹ ਅਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।” 17 ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ। 18 ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19 ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।” 20 ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21 ਇਹ ਉਸ ਖਮੀਰ ਵਾਂਗ ਹੈ ਜਿਸਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।” 22 ਯਿਸੂ ਹਰ ਪਿੰਡ ਨਗਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਵੱਲ ਨੂੰ ਲਗਾਤਾਰ ਜਾ ਰਿਹਾ ਸੀ। 23 ਕਿਸੇ ਨੇ ਯਿਸੂ ਨੂੰ ਕਿਹਾ, “ਪ੍ਰਭੂ! ਕੀ ਕੁਝ ਲੋਕ ਹੀ ਬਚਾਏ ਜਾਣਗੇ?”ਯਿਸੂ ਨੇ ਆਖਿਆ, 24 “ਤੁਸੀਂ ਭੀੜੇ ਦਰਵਾਜੇ ਤੋਂ ਵੜਨ ਦਾ ਵੱਡਾ ਯਤਨ ਕਰੋ ਜਿਹੜਾ ਕਿ ਸੁਰਗ ਵੱਲ ਨੂੰ ਖੁਲ੍ਹਦਾ ਹੈ। ਬਹੁਤ ਸਾਰੇ ਲੋਕ ਉਸ ਵਿੱਚ ਵੜਨ ਦਾ ਯਤਨ ਕਰਨਗੇ ਪਰ ਉਹ ਪ੍ਰਵੇਸ਼ ਕਰ ਨਹੀਂ ਪਾਉਣਗੇ। 25 ਜਦੋਂ ਸਮਾਂ ਆਵੇਗਾ, ਘਰ ਦਾ ਮਾਲਕ ਦਰਵਾਜਾ ਬੰਦ ਕਰ ਦੇਵੇਗਾ ਅਤੇ ਇਸਨੂੰ ਤਾਲਾ ਲਾ ਦੇਵੇਗਾ, ਫ਼ੇਰ ਤੁਸੀਂ ਬਾਹਰ ਖੜੇ ਹੋਕੇ ਦਰਵਾਜਾ ਖੜਕਾਉਂਗੇ। ਤੁਸੀਂ ਆਖ ਸਕਦੇ ਹੋ, ‘ਸ਼੍ਰੀ ਮਾਨ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਮਾਲਕ ਜਵਾਬ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ’, ਜਾਂ ‘ਤੁਸੀਂ ਕਿਥੋਂ ਆਏ ਹੋ।’ 26 ਫ਼ਿਰ ਤੁਸੀਂ ਜਵਾਬ ਦੇਵੋਂਗੇ, ‘ਅਸੀਂ ਤੇਰੇ ਨਾਲ ਖਾਧਾ-ਪੀਤਾ, ਤੂੰ ਸਾਡੇ ਨਗਰਾਂ ਵਿੱਚ ਥਾਂ-ਥਾਂ ਉਪਦੇਸ਼ ਦਿੱਤਾ।’ 27 ਤਾਂ ਉਹ ਬੋਲੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿਥੋਂ ਆਏ ਹੋ? ਮੇਰੇ ਕੋਲੋਂ ਦੂਰ ਚਲੇ ਜਾਵੋ। ਤੁਸੀਂ ਸਾਰੇ ਬਦਕਾਰ ਹੋ।’ 28 “ਤੁਸੀਂ ਪਰਮੇਸ਼ੁਰ ਦੇ ਰਾਜ ਵਿੱਚ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਵੇਖੋਂਗੇ, ਪਰ ਤੁਹਾਨੂੰ ਬਾਹਰ ਸੁੱਟ ਦਿੱਤਾ ਜਾਵੇਗ਼ਾ। ਤਾਂ ਤੁਸੀਂ ਡਰ ਅਤੇ ਕਰੋਧ ਨਾਲ ਆਪਣੇ ਦੰਦ ਕਰੀਚੋਂਗੇ। 29 ਪਰਮੇਸ਼ੁਰ ਦੇ ਰਾਜ ਵਿੱਚ ਲੋਕ ਉੱਤਰ, ਪੂਰਬ, ਪਛਮ, ਦਖਣ ਚਾਰੇ ਦਿਸ਼ਾਵਾਂ ਵਿੱਚੋਂ ਆਕੇ ਦਾਵਤ ਵਿੱਚ ਆਪਣੇ ਸਥਾਨਾਂ ਤੇ ਬੈਠਣਗੇ। 30 ਵੇਖੋ! ਜਿਹੜੇ ਇਥੇ ਪਿਛਲੇ ਹਨ ਸੋ ਉਥੇ ਪਹਿਲੇ ਹੋਣਗੇ ਅਤੇ ਜਿਹੜੇ ਇਥੇ ਪਹਿਲੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਪਿਛਲੇ ਹੋਣਗੇ।” 31 ਉਸੇ ਵਕਤ ਕੁਝ ਫ਼ਰੀਸੀਆਂ ਨੇ ਯਿਸੂ ਦੇ ਕੋਲ ਆਣ ਕੇ ਉਸਨੂੰ ਕਿਹਾ, “ਇਸ ਥਾਂ ਤੋਂ ਦੂਰ ਚਲਿਆ ਜਾ, ਅਤੇ ਕਿਤੇ ਹੋਰ ਜਾਕੇ ਲੁਕ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰਨ ਦੀ ਵਿਉਂਤ ਬਣਾ ਰਿਹਾ ਹੈ।” 32 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਜਾਕੇ ਉਸ ਲੂਬੜ ਨੂੰ ਕਹੋ ਕਿ ਵੇਖ ਮੈਂ ‘ਅੱਜ ਅਤੇ ਕੱਲ ਦੋ ਦਿਨ ਇਥੇ ਲੋਕਾਂ ਅੰਦਰੋਂ ਭੂਤਾਂ ਨੂੰ ਕੱਢਣ ਦਾ ਕੰਮ ਕਰਨਾ ਹੈ ਅਤੇ ਉਨ੍ਹਾਂ ਨੂੰ ਰਾਜੀ ਕਰਨਾ ਹੈ ਅਤੇ ਤੀਜੇ ਦਿਨ ਮੇਰਾ ਕੰਮ ਪੂਰਾ ਹੋ ਜਾਣਾ ਹੈ।’ 33 ਉਸ ਤੋਂ ਬਾਦ ਮੈਨੂੰ ਜਰੂਰ ਜਾਣਾ ਹੀ ਹੈ ਕਿਉਂਕਿ ਸਾਰੇ ਨਬੀਆਂ ਨੂੰ ਯਰੂਸ਼ਲਮ ਵਿੱਚ ਮਰਨਾ ਚਾਹੀਦਾ ਹੈ। 34 “ਹੇ ਯਰੂਸ਼ਲਮ, ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਅਤੇ ਤੂੰ ਉਨ੍ਹਾਂ ਨੂੰ ਪੱਥਰ ਮਾਰਦਾ ਹੈ ਜੋ ਤੇਰੇ ਕੋਲ ਪਰਮੇਸ਼ੁਰ ਵੱਲੋਂ ਭੇਜੇ ਗਏ ਹਨ। ਮੈਂ ਕਿੰਨੀ ਵਾਰ ਚਾਹਿਆ ਕਿ ਤੇਰੇ ਬਾਲਕਾਂ ਨੂੰ ਉਸ ਤਰ੍ਹਾਂ ਇੱਕਠਿਆ ਕਰਾ ਜਿਵੇਂ ਕੋਈ ਕੁਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇੱਕਠਿਆਂ ਕਰਦੀ ਹੈ ਪਰ ਤੂੰ ਮੈਨੂੰ ਨਹੀਂ ਕਰਨ ਦਿੱਤਾ। 35 ਵੇਖੋ! ਹੁਣ ਤੁਹਾਡਾ ਘਰ ਖਾਲੀ ਛੱਡ ਦਿੱਤਾ ਗਿਆ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਮੈਨੂੰ ਉਨੀ ਦੇਰ ਫ਼ਿਰ ਨਹੀਂ ਵੇਖ ਸਕਦੇ ਜਦ ਤੀਕ ਤੁਸੀਂ ਇਹ ਨਹੀਂ ਆਖਦੇ, ‘ਉਹ ਧੰਨ ਹੈ! ਜਿਹੜਾ ਪ੍ਰਭੂ ਦੇ ਨਾਮ ਤੇ ਆਉਂਦਾ ਹੈ।’”

14:1 ਇੱਕ ਸਬਤ ਦੇ ਦਿਨ ਯਿਸੂ ਇੱਕ ਪ੍ਰਧਾਨ ਫ਼ਰੀਸੀ ਦੇ ਘਰ ਉਸ ਨਾਲ ਭੋਜਨ ਕਰਨ ਲਈ ਗਿਆ। ਉਥੇ ਸਭ ਲੋਕ ਬੜੇ ਧਿਆਨ ਨਾਲ ਯਿਸੂ ਨੂੰ ਵੇਖ ਰਹੇ ਸਨ। 2 ਇੱਕ ਆਦਮੀ ਜਿਸਨੂੰ ਜਲੋਧਰੀ ਸੀ ਉਸਦੇ ਸਾਮ੍ਹਣੇ ਕੀਤਾ ਗਿਆ। 3 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪੁੱਛਿਆ, “ਸਬਤ ਦੇ ਦਿਨ ਕਿਸੇ ਨੂੰ ਰਾਜੀ ਕਰਨਾ ਠੀਕ ਹੈ ਜਾਂ ਗਲਤ?” 4 ਪਰ ਉਹ ਚੁੱਪ ਵੱਟੀ ਰਹੇ। ਤਾਂ ਯਿਸੂ ਨੇ ਉਸ ਆਦਮੀ ਨੂੰ ਫ਼ੜਕੇ, ਰਾਜੀ ਕੀਤਾ ਅਤੇ ਉਸਨੂੰ ਭੇਜ ਦਿਤਾ। 5 ਯਿਸੂ ਨੇ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਕਿਹਾ, “ਜੇਕਰ ਤੁਹਾਡਾ ਪੁੱਤਰ ਜਾਂ ਕੋਈ ਕੰਮ ਕਰਦਾ ਜਾਨਵਰ, ਖੂਹ ਵਿੱਚ ਸਬਤ ਦੇ ਦਿਨ ਡਿੱਗ ਪਵੇ, ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਝੱਟ ਉਸਨੂੰ ਖੂਹ ਵਿੱਚੋਂ ਕਢ ਲਵੋਂਗੇ।” 6 ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਉਸਦਾ ਜਵਾਬ ਨਾ ਦੇ ਸਕੇ, ਜੋ ਯਿਸੂ ਨੇ ਕਿਹਾ ਸੀ। 7 ਉਸ ਸਮੇਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਵਿੱਚੋਂ ਕੁਝ ਮਹਿਮਾਨ, ਆਪਣੇ ਵਾਸਤੇ, ਉਸ ਖਾਣੇ ਦੀ ਮੇਜ ਤੇ ਮਹੱਤਵਪੂਰਣ ਥਾਵਾਂ ਚੁਣ ਰਹੇ ਸਨ ਤਾਂ ਉਸਨੇ ਇਹ ਦ੍ਰਿਸ਼ਟਾਂਤ ਦਿੱਤਾ, 8 “ਜੇਕਰ ਕੋਈ ਵਿਅਕਤੀ ਤੁਹਾਨੂੰ ਵਿਆਹ ਤੇ ਨਿਉਂਤਾ ਦਿੰਦਾ ਹੈ ਤਾਂ ਸਭ ਤੋਂ ਵਧੀਆ ਜਗ੍ਹਾ ਤੇ ਨਾ ਬੈਠੇ ਕਿਉਂਕਿ ਹੋ ਸਕਦਾ ਹੈ ਕਿ ਮੇਜਬਾਨ ਨੇ ਤੁਹਾਡੇ ਤੋਂ ਵੀ ਵਧ ਮਹੱਤਵਪੂਰਣ ਵਿਅਕਤੀ ਨੂੰ ਨਿਉਂਤਾ ਦਿੱਤਾ ਹੋਵੇ। 9 ਜਦੋਂ ਤੁਸੀਂ ਸਭ ਤੋਂ ਵਧੀਆ ਜਗ੍ਹਾ ਤੇ ਬੈਠੋ ਹੋ, ਤਾਂ ਹੋ ਸਕਦਾ ਕਿ ਮੇਜਬਾਨ ਤੁਹਾਡੇ ਕੋਲ ਆਣਕੇ ਤੁਹਾਨੂੰ ਆਖੇ, ‘ਆਪਣੀ ਜਗ੍ਹਾ ਇਸ ਆਦਮੀ ਨੂੰ ਦਿਉ!’ ਫ਼ੇਰ ਤੁਹਾਨੂੰ ਅਪਮਾਣਿਤਾਂ ਵਾਂਗ ਸਭ ਤੋਂ ਪਿਛਲੀ ਥਾਂ ਤੇ ਜਾਕੇ ਬੈਠਣਾ ਪਵੇਗਾ। 10 “ਇਸਲਈ ਜਦੋਂ ਤੁਹਾਨੂੰ ਕੋਈ ਬੁਲਾਵਾ ਦਿੰਦਾ ਹੈ ਤਾਂ ਜਾਵੋ ਤੇ ਅਜਿਹੀ ਥਾਂ ਤੇ ਬੈਠੋ ਜਿਹੜੀ ਆਮ ਹੋਵੇ ਖਾਸ ਨਹੀਂ। ਤਾਂ ਉਹ ਮਨੁੱਖ ਜਿਸਨੇ ਤੁਹਾਨੂੰ ਸੱਦਾ ਦਿੱਤਾ ਸੀ ਤੁਹਾਡੇ ਕੋਲ ਆਕੇ ਤੁਹਾਨੂੰ ਆਖੇਗਾ, ‘ਮਿੱਤਰ, ਆ ਅਤੇ ਇਸ ਵਧ ਮਹੱਤਵਪੂਰਣ ਜਗ੍ਹਾ ਤੇ ਬੈਠ।’ ਤਾਂ ਫ਼ਿਰ ਬਾਕੀ ਸਾਰੇ ਮਹਿਮਾਨ ਤੇਰੀ ਇੱਜ਼ਤ ਕਰਨਗੇ। 11 ਹਰ ਕੋਈ ਜੋ ਆਪਣੇ-ਆਪ ਨੂੰ ਮਹਾਨ ਬਣਾਉਂਦਾ ਹੈ ਉਹ ਨਿਮ੍ਰ ਬਣਾਇਆ ਜਾਵੇਗਾ। ਪਰ ਜੋ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਉਸਨੂੰ ਮਹਾਨ ਬਣਾਇਆ ਜਾਵੇਗਾ।” 12 ਤਾਂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, ਜਿਸਨੇ ਉਸਨੂੰ ਸੱਦਾ ਦਿੱਤਾ ਸੀ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜਨ ਲਈ ਲੋਕਾਂ ਨੂੰ ਨਿਉਂਤਾ ਦੇਵੇ ਤਾਂ ਸਿਰਫ਼ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਅਤੇ ਧਨਵਾਨ ਗੁਆਂਢੀਆਂ ਨੂੰ ਹੀ ਸੱਦਾ ਨਾ ਦੇਵੀ। ਜੇ ਤੂੰ ਉਨ੍ਹਾਂ ਨੂੰ ਨਿਉਂਤਾ ਦਿੰਦਾ ਹੈਂ ਤਾਂ, ਉਹ ਵੀ ਤੈਨੂੰ ਸੱਦਾ ਦੇਣਗੇ ਅਤੇ ਤੂੰ ਆਪਣਾ ਇਨਾਮ ਪ੍ਰਾਪਤ ਕਰ ਲਵੇਂਗਾ। 13 ਇਸ ਦੀ ਬਜਾਇ, ਜਦੋਂ ਵੀ ਤੂੰ ਦਾਵਤ ਦੇਵੇਂ ਤਾਂ ਗਰੀਬਾਂ, ਲੰਗੜਿਆਂ, ਟੁਂਡਿਆਂ, ਅਤੇ ਅੰਨ੍ਹਿਆਂ ਲੋਕਾਂ ਨੂੰ ਨਿਉਂਤਾ ਦੇ। 14 ਤਾਂ ਤੇਰੇ ਤੇ ਕਿਰਪਾ ਹੋਵੇਗੀ, ਕਿਉਂਕਿ ਇਨ੍ਹਾਂ ਲੋਕਾਂ ਕੋਲ ਤੈਨੂੰ ਬਦਲੇ ਵਿੱਚ ਵਾਪਸ ਦੇਣ ਲਈ ਕੁਝ ਨਹੀਂ ਹੋਵੇਗਾ। ਤਾਂ ਜਦੋਂ ਧਰਮੀ ਲੋਕ ਮੌਤ ਤੋਂ ਵਾਪਸ ਆਉਣਗੇ, ਤੈਨੂੰ ਤੇਰਾ ਫ਼ਲ ਦਿੱਤਾ ਜਾਵੇਗਾ।” 15 ਯਿਸੂ ਨਾਲ ਮੇਜ ਤੇ ਬੈਠਾ ਇੱਕ ਆਦਮੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ। ਤਾਂ ਉਸ ਆਦਮੀ ਨੇ ਯਿਸੂ ਨੂੰ ਕਿਹਾ, “ਧੰਨ ਹੋਵੇਗਾ ਉਹ ਮਨੁੱਖ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਵੇਗਾ।” 16 ਯਿਸੂ ਨੇ ਉਸਨੂੰ ਆਖਿਆ, “ਇੱਕ ਵਾਰ ਇੱਕ ਆਦਮੀ ਨੇ ਇੱਕ ਬਹੁਤ ਵੱਡੀ ਦਾਵਤ ਦਿੱਤੀ ਅਤੇ ਉਸਨੇ ਬਹੁਤ ਸਾਰੇ ਲੋਕਾਂ ਨੂੰ ਨਿਉਂਤਾ ਦਿੱਤਾ। 17 ਜਦੋਂ ਖਾਣ ਦਾ ਵੇਲਾ ਹੋਇਆ ਉਸ ਆਦਮੀ ਨੇ ਆਪਣੇ ਨੌਕਰ ਨੂੰ ਮਹਿਮਾਨਾਂ ਨੂੰ ਬੁਲਾਉਣ ਲਈ ਅਤੇ ਇਹ ਆਖਣ ਲਈ ਭੇਜਿਆ, ‘ਆ ਜਾਵੋ! ਖਾਣਾ ਤਿਆਰ ਹੈ।’ 18 ਪਰ ਸਾਰੇ ਮਹਿਮਾਨਾਂ ਨੇ ਆਖਿਆ ਕਿ ਉਹ ਨਹੀਂ ਆ ਸਕਦੇ। ਹਰ ਇੱਕ ਆਦਮੀ ਨੇ ਕੋਈ ਨਾ ਕੋਈ ਬਹਾਨਾ ਲਗਾ ਦਿੱਤਾ। ਪਹਿਲੇ ਆਦਮੀ ਨੇ ਕਿਹਾ, ‘ਮੈਂ ਹੁਣੇ-ਹੁਣੇ ਜ਼ਮੀਨ ਖਰੀਦੀ ਹੈ ਤੇ ਮੈਂ ਉਹ ਜਾਕੇ ਵੇਖਣੀ ਹੈ। ਇਸ ਲਈ ਕਿਰਪਾ ਕਰਕੇ ਮੈਨੂੰ ਖਿਮਾ ਕਰਨਾ।’ 19 ਦੂਜੇ ਮਨੁੱਖ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਹੁਣੇ-ਹੁਣੇ ਖਰੀਦੀਆਂ ਹਨ, ਅਤੇ ਮੈਂ ਹੁਣ ਉਨ੍ਹਾਂ ਨੂੰ ਦੇਖਣ ਜਾ ਰਿਹਾ ਹਾਂ ਕਿ ਉਹ ਕਿਵੇ ਕੰਮ ਕਰਦੇ ਹਨ, ਇਸ ਲਈ ਮੈਨੂੰ ਖਿਮਾ ਕਰੋ।’ 20 ਤੀਜੇ ਮਨੁੱਖ ਨੇ ਕਿਹਾ, ‘ਮੇਰਾ ਹੁਣੇ-ਹੁਣੇ ਵਿਆਹ ਹੋਇਆ ਹੈ, ਮੈਂ ਨਹੀਂ ਆ ਸਕਦਾ।’ 21 “ਇਉਂ ਨੌਕਰ ਇਹ ਸਭ ਸੁਣਦਾ ਮਾਲਕ ਕੋਲ ਵਾਪਸ ਪਰਤਿਆ ਤੇ ਸਾਰਾ ਹਾਲ ਜਾ ਸੁਣਾਇਆ। ਤਾਂ ਮਾਲਕ ਬੜਾ ਗੁੱਸੇ ਵਿੱਚ ਆ ਗਿਆ ਅਤੇ ਕਹਿਣ ਲੱਗਾ, ‘ਜਲਦੀ ਕਰੋ! ਸ਼ਹਿਰ ਦੀਆਂ ਗਲੀਆਂ ਵਿੱਚ, ਅਤੇ ਰਾਹਾਂ ਤੇ ਜਾਓ ਅਤੇ ਗਰੀਬਾਂ, ਟੁਂਡਿਆਂ, ਲੰਗਿਆਂ ਅਤੇ ਅੰਨ੍ਹਿਆਂ ਨੂੰ ਇਥੇ ਦਾਵਤ ਵਾਲੇ ਕਮਰੇ ਅੰਦਰ ਲੈ ਆਓ।’ 22 “ਬਾਦ ਵਿੱਚ ਨੌਕਰ ਨੇ ਆਕੇ ਕਿਹਾ, ‘ਮਾਲਕ ਤੂੰ ਮੈਨੂੰ ਜੋ ਕਰਨ ਲਈ ਕਿਹਾ ਮੈਂ ਓਹੀ ਕੀਤਾ, ਹੋਰ ਲੋਕਾਂ ਲਈ ਹਾਲੇ ਵੀ ਬਹੁਤ ਥਾਂ ਖਾਲੀ ਪਈ ਹੈ। 23 ਮਾਲਕ ਨੇ ਨੌਕਰ ਨੂੰ ਕਿਹਾ, ‘ਵੱਡੀਆਂ ਸੜਕਾਂ ਅਤੇ ਨਗਰਾਂ ਵੱਲ ਜਾ ਅਤੇ ਉਨ੍ਹਾਂ ਲੋਕਾਂ ਨੂੰ ਆਉਣ ਲਈ ਮਜਬੂਰ ਕਰ। ਮੈਂ ਆਪਣੇ ਘਰ ਨੂੰ ਲੋਕਾਂ ਨਾਲ ਭਰਿਆ ਵੇਖਣਾ ਚਾਹੁੰਦਾ ਹਾਂ। 24 ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਵੀ ਨਿਉਂਤਾ ਦਿੱਤਾ ਗਿਆ ਸੀ। ਉਹ ਮੇਰਾ ਰਾਤ ਦਾ ਭੋਜਨ ਕਦੇ ਨਹੀਂ ਕਰਨਗੇ।’” 25 ਯਿਸੂ ਨਾਲ ਵੱਡੀ ਭੀੜ ਚੱਲ ਰਹੀ ਸੀ, ਅਤੇ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਿਆ। 26 “ਜੇਕਰ ਕੋਈ ਮਨੁੱਖ ਮੇਰੇ ਕੋਲ ਆਉਂਦਾ ਹੈ ਪਰ ਉਹ ਆਪਣੇ ਪਿਤਾ, ਮਾਤਾ, ਪਤਨੀ, ਬਚਿਆਂ ਭਰਾਵਾਂ ਜਾਂ ਭੈਣਾਂ ਨੂੰ ਮੇਰੇ ਨਾਲੋਂ ਵਧ ਪਿਆਰ ਕਰਦਾ ਹੈ ਤਾਂ ਉਹ ਮਨੁੱਖ ਮੇਰਾ ਚੇਲਾ ਨਹੀਂ ਹੋ ਸਕਦਾ। ਬੰਦੇ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਵਧ ਆਪਣੀ ਜ਼ਿੰਦਗੀ ਨਾਲੋਂ ਵੀ ਵਧ, ਮੈਨੂੰ ਪਿਆਰ ਕਰਨਾ ਚਾਹੀਦਾ ਹੈ। 27 ਕੋਈ ਵੀ ਮਨੁੱਖ ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਹੀਂ ਆ ਸਕਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ। 28 “ਜੇਕਰ ਤੁਸੀਂ ਕੋਈ ਇਮਾਰਤ ਬਨਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਬੈਠਕੇ ਸੋਚਣਾ ਚਾਹੀਦਾ ਹੈ ਕਿ ਇਸ ਉੱਤੇ ਕਿੰਨਾ ਖਰਚਾ ਹੋਵੇਗਾ। ਤੇ ਤੁਹਾਨੂੰ ਇਹ ਵੀ ਹਿਸਾਬ ਲਗਾਉਣਾ ਪਵੇਗਾ ਕਿ ਇਸ ਕਾਰਜ ਦੇ ਪੂਰਾ ਕਰਨ ਲਈ ਕੀ ਤੁਹਾਡੇ ਪਾਸ ਕਾਫ਼ੀ ਧਨ ਹੈ। 29 ਜੇਕਰ ਤੁਸੀਂ ਇੰਝ ਨਹੀਂ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ ਕੰਮ ਸ਼ੁਰੂ ਤਾਂ ਕਰਵਾ ਲਵੋ ਪਰ ਪੂਰਾ ਕਰਨ ਦੇ ਸਮਰਥ ਨਾ ਹੋਵੋ। ਜੇਕਰ ਤੁਸੀਂ ਇਸਨੂੰ ਪੂਰਾ ਨਹੀਂ ਕਰ ਸਕਦੇ, ਤਾਂ ਜੋ ਕੋਈ ਇਸਨੂੰ ਵੇਖੇਗਾ ਤੁਹਾਡੇ ਉੱਤੇ ਹੱਸਣਾ ਸ਼ੁਰੂ ਕਰ ਦੇਵੇਗਾ। 30 ਉਹ ਆਖਣਗੇ ‘ਇਸ ਆਦਮੀ ਨੇ ਬਨਾਉਣਾ ਤਾਂ ਸ਼ੁਰੂ ਕਰ ਲਿਆ ਪਰ ਉਹ ਇਸਨੂੰ ਮੁਕੰਮਲ ਕਰਨ ਦੇ ਕਾਬਿਲ ਨਹੀਂ।’ 31 “ਜੇਕਰ ਕੋਈ ਬਾਦਸ਼ਾਹ ਕਿਸੇ ਦੂਸਰੇ ਬਾਦਸ਼ਾਹ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਬੈਠਕੇ ਸੋਚਣਾ ਚਾਹੀਦਾ ਹੈ ਕਿ ਕੀ ਉਹ ਆਪਣੀ ਦਸ ਹਜ਼ਾਰ ਸੈਨਕਾਂ ਦੀ ਸੈਨਾ ਨਾਲ ਉਸ ਰਾਜੇ ਨੂੰ ਹਰਾ ਸਕਦਾ ਹੈ ਜੋ ਉਸਦੇ ਵਿਰੁੱਧ ਵੀਹ ਹਜ਼ਾਰ ਸੈਨਕਾਂ ਦੀ ਸੈਨਾ ਲੈਕੇ ਆਉਂਦਾ ਹੈ? 32 “ਜੇਕਰ ਉਹ ਸੋਚਦਾ ਹੈ ਕਿ ਉਹ ਉਸ ਦੂਜੇ ਰਾਜੇ ਨੂੰ ਹਰਾਉਣ ਦੇ ਯੋਗ ਨਹੀਂ ਹੈ, ਤਾਂ ਉਹ ਸ਼ਾਂਤੀ ਦੇ ਕਰਾਰ ਨਾਲ ਆਪਣੇ ਕੁਝ ਆਦਮੀਆਂ ਨੂੰ ਉਸ ਕੋਲ ਭੇਜੇਗਾ। 33 “ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੇਰੇ ਪਿਛੇ ਲੱਗਣ ਤੋਂ ਪਹਿਲਾਂ ਵਿਉਂਤ ਬਨਾਉਣੀ ਚਾਹੀਦੀ ਹੈ। ਮੇਰੇ ਪਿਛੇ ਲੱਗਣ ਲਈ ਤੁਹਾਨੂੰ ਆਪਣੀ ਹਰ ਚੀਜ਼ ਛੱਡਣੀ ਪਵੇਗੀ। ਜੇਕਰ ਤੁਸੀਂ ਅਜਿਹਾ ਨਹੀਂ ਕਰੋਂਗੇ, ਤਾਂ ਤੁਸੀਂ ਮੇਰੇ ਚੇਲੇ ਨਹੀਂ ਹੋ ਸਕਦੇ। 34 “ਲੂਣ ਚੰਗਾ ਹੈ, ਪਰ ਜੇਕਰ ਇਹ ਆਪਣਾ ਲੂਣਾਪਣ ਗੁਆ ਲਵੇ ਤਾਂ ਫ਼ਿਰ ਇਹ ਵਿਅਰਥ ਹੈ। ਤੁਸੀਂ ਫ਼ਿਰ ਇਸਨੂੰ ਸਲੂਣਾ ਨਹੀਂ ਕਰ ਸਕਦੇ। 35 ਨਾ ਤਾਂ ਇਹ ਮਿੱਟੀ ਲਈ ਇਸਤੇਮਾਲ ਹੁੰਦਾ ਹੈ ਅਤੇ ਨਾ ਹੀ ਇਸਨੂੰ ਖਾਦ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ। ਲੋਕ ਇਸਨੂੰ ਇਵੇਂ ਹੀ ਸੁੱਟ ਦਿੰਦੇ ਹਨ।“ਕੰਨਾਂ ਵਾਲੇ ਵਿਅਕਤੀ ਨੂੰ ਸੁਨਣ ਦਿਉ।”

15:1 ਬਹੁਤ ਸਾਰੇ ਮਸੂਲੀਏ ਅਤੇ ਮੰਦੇ ਲੋਕ ਯਿਸੂ ਕੋਲ ਉਸਨੂੰ ਸੁਨਣ ਲਈ ਆਏ। 2 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਸ਼ਿਕਾਇਤ ਕਰਨ ਲੱਗੇ, “ਵੇਖੋ! ਇਹ ਆਦਮੀ ਮੰਦੇ ਲੋਕਾਂ ਨੂੰ ਕਬੂਲਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਪੀਂਦਾ ਵੀ ਹੈ।” 3 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ: 4 “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆ ਲਵੇ। ਤਾਂ ਕੀ ਉਹ ਬਾਕੀ ਦੀਆਂ ਨੜਿਂਨਵੇ ਭੇਡਾਂ ਨੂੰ ਇੱਕਲੀਆਂ ਛੱਡਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲਭ ਨਾ ਲਵੇ। 5 ਤੇ ਜਦੋਂ ਉਸਨੂੰ ਉਹ ਗੁਆਚੀ ਹੋਈ ਭੇਡ ਲਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ। 6 ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’ 7 ਇਸੇ ਤਰ੍ਹਾਂ ਹੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਨ੍ਹਾਂ ਨੜਿਂਨਵਿਆਂ ਚੰਗਿਆਂ ਬੰਦਿਆਂ ਨਾਲੋਂ, ਜਿਨ੍ਹਾਂ ਨੂੰ ਆਪਣੇ ਦਿਲ ਬਦਲਣ ਦੀ ਜ਼ਰੂਰਤ ਨਹੀਂ, ਇੱਕ ਪਾਪੀ ਬੰਦੇ ਲਈ ਸਵਰਗ ਵਿੱਚ ਵਧੇਰੇ ਖੁਸ਼ੀ ਹੁਦੀ ਹੈ ਜੋ ਆਪਣੇ ਦਿਲ ਨੂੰ ਬਦਲ ਲੈਂਦਾ ਹੈ। 8 “ਫ਼ਰਜ ਕਰੋ ਇੱਕ ਔਰਤ ਕੋਲ ਦਸ ਚਾਂਦੀ ਦੇ ਸਿੱਕੇ ਹਨ। ਉਨ੍ਹਾਂ ਵਿੱਚੋਂ ਇਕ ਗੁਆਚ ਜਾਂਦਾ ਹੈ, ਉਹ ਦੀਵਾ ਜਗਾਉਂਦੀ ਹੈ ਅਤੇ ਧਿਆਨ ਨਾਲ ਉਸ ਗੁਆਚੇ ਹੋਏ ਸਿੱਕੇ ਨੂੰ ਲਭਦੀ ਹੋਈ ਸੰਭਰਦੀ ਹੈ, ਜਦੋਂ ਤੱਕ ਕਿ ਉਹ ਉਸਨੂੰ ਲਭ ਨਹੀਂ ਲੈਂਦੀ। 9 ਜਦੋਂ ਉਹ ਆਪਣਾ ਗੁਆਚਿਆ ਹੋਇਆ ਸਿੱਕਾ ਲਭ ਲੈਂਦੀ ਹੈ ਤਾਂ ਉਹ ਆਪਣੇ ਮਿੱਤਰਾਂ ਤੇ ਗਆਂਢੀਆਂ ਨੂੰ ਇਕਠਿਆ ਕਰਦੀ ਹੈ ਤੇ ਆਖਦੀ ਹੈ, ‘ਮੇਰੇ ਨਾਲ ਰਲ ਕੇ ਖੁਸ਼ੀ ਮਨਾਓ ਕਿਉਂਕਿ ਮੈਨੂੰ ਮੇਰਾ ਗੁਆਚਾ ਹੋਇਆ ਸਿੱਕਾ ਲਭ ਪਿਆ ਹੈ।’ 10 ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਦੂਤਾਂ ਦੇ ਅੱਗੇ ਉਦੋਂ ਪ੍ਰਸੰਨਤਾ ਹੁੰਦੀ ਹੈ ਜਦੋਂ ਇੱਕ ਪਾਪੀ ਆਪਣਾ ਦਿਲ ਬਦਲਦਾ ਹੈ।” 11 ਤਾਂ ਯਿਸੂ ਨੇ ਕਿਹਾ, “ਇੱਕ ਮਨੁੱਖ ਦੇ ਦੋ ਪੁੱਤਰ ਸਨ। 12 ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ। 13 “ਥੋੜੇ ਹੀ ਸਮੇਂ ਬਾਅਦ ਛੋਟੇ ਪੁੱਤਰ ਨੇ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਇਕੱਠਾ ਕੀਤਾ ਅਤੇ ਇੱਕ ਦੂਸਰੇ ਦੇਸ਼ ਦੀ ਯਾਤਰਾ ਨੂੰ ਚਲਿਆ ਗਿਆ। ਉਸਨੇ ਉਥੇ ਜਾਕੇ ਮੂਰਖਾਂ ਵਾਂਗ ਆਪਣਾ ਧਨ ਉਡਾ ਦਿੱਤਾ। 14 ਉਸ ਕੋਲ ਜਿੰਨੀ ਵੀ ਪੂੰਜੀ ਸੀ ਉਸਨੇ ਸਭ ਖਰਚ ਦਿੱਤੀ। ਉਸਤੋਂ ਬਾਅਦ, ਉਸ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਛੋਟਾ ਪੁੱਤਰ ਔਖੀ ਹਾਲਤ ਵਿੱਚ ਸੀ ਕਿਉਂਕਿ ਉਸ ਕੋਲ ਨਾ ਤਾਂ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਲਈ ਭੋਜਨ। 15 ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ ਤਾਂ ਉਸ ਆਦਮੀ ਨੇ ਉਸਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਮੁੰਡਾ ਇੰਨਾ ਭੁਖਾ ਸੀ ਕਿ ਜਿਹੜੀਆਂ ਛਿਲਕਾਂ ਸੂਰ ਖਾਂਦੇ ਸਨ ਉਹ ਖਾਣੀਆਂ ਚਾਹੁੰਦਾ ਸੀ। ਪਰ ਕਿਸੇ ਨੇ ਉਸਨੂੰ ਖਾਣ ਲਈ ਕੁਝ ਨਾ ਦਿੱਤਾ। 17 “ਤਾਂ ਉਸ ਲੜਕੇ ਨੂੰ ਮਹਿਸੂਸ ਹੋਇਆ ਕਿ ਉਹ ਕਿੰਨਾ ਮੂਰਖ ਸੀ। ਉਸਨੇ ਸੋਚਿਆ, ‘ਮੇਰੇ ਪਿਤਾ ਦੇ ਨੋਕਰਾਂ ਕੋਲ ਵੀ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਇਥੇ ਭੁਖ ਨਾਲ ਮਰ ਰਿਹਾ ਹਾਂ। 18 ਮੈਂ ਇਥੋਂ ਉਠਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਜਾਕੇ ਉਸਨੂੰ ਆਖਾਂਗਾ, “ਪਿਤਾ ਜੀ, ਮੈਂ ਪਰਮੇਸ਼ੁਰ ਅਤੇ ਤੁਹਾਡੇ ਵਿਰੁੱਧ ਅੱਗੇ ਪਾਪ ਕੀਤਾ ਹੈ। 19 ਮੈਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਨਹੀਂ ਹਾਂ ਇਸ ਲਈ ਤੁਸੀਂ ਮੈਨੂੰ ਆਪਣੇ ਇੱਕ ਨੋਕਰ ਦੀ ਤਰ੍ਹਾਂ ਹੀ ਰੱਖ ਲਵੋ।” 20 ਸੋ ਪੁੱਤਰ ਉਠਿਆ ਅਤੇ ਆਪਣੇ ਪਿਤਾ ਕੋਲ ਗਿਆ।“ਜਦੋਂ ਪੁੱਤਰ ਹਾਲੇ ਦੂਰ ਹੀ ਸੀ, ਉਸਦੇ ਪਿਤਾ ਨੇ ਉਸਨੂੰ ਆਉਂਦਿਆਂ ਵੇਖਿਆ ਅਤੇ ਉਸ ਵਾਸਤੇ ਦੁਖ ਮਹਿਸੂਸ ਕੀਤਾ ਉਹ ਉਸ ਵੱਲ ਭਜਿਆ ਅਤੇ ਉਸਨੂੰ ਗਲ ਨਾਲ ਲਾਇਆ ਅਤੇ ਉਸਨੂੰ ਚੁੰਮਿਆ। 21 ਪੁੱਤਰ ਨੇ ਉਸਨੂੰ ਆਖਿਆ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਸਦਾਵਾਂ।’ 22 “ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਕੱਪੜੇ ਲਿਆਓ ਅਤੇ ਉਸਨੂੰ ਪੁਆਓ। ਉਸਦੀ ਉਂਗਲ ‘ਚ ਛਾਪ ਪਾਓ ਅਤੇ ਉਸਦੇ ਪੈਰਾਂ ਵਿੱਚ ਚਪਲਾਂ ਪੁਆਵੋ। 23 ਇੱਕ ਮੋਟਾ ਵਛਾ ਲਿਆਓ ਅਤੇ ਇਸਨੂੰ ਜਿਬਾਹ ਕਰੋ। ਅਸੀਂ ਦਾਵਤ ਕਰੀਏ ਅਤੇ ਅਨੰਦ ਲੁੱਟੀਏ। 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਹੁਣ ਇਹ ਜਿਉਂਦਾ ਹੈ। ਉਹ ਗੁਆਚ ਗਿਆ ਸੀ ਅਤੇ ਹੁਣ ਲਭ ਗਿਆ ਹੈ।’ ਤਾਂ ਸਾਰੇ ਜਸ਼ਨ ਮਨਾਉਣ ਲੱਗੇ। 25 “ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁੜ ਰਿਹਾ ਸੀ, ਅਤੇ ਘਰ ਦੇ ਨਜ਼ਦੀਕ ਆਇਆ ਤਾਂ ਉਸਨੇ ਨਚਣ ਅਤੇ ਗਾਉਣ ਦੀਆਂ ਅਵਾਜ਼ਾਂ ਸੁਣੀਆਂ। 26 ਉਸਨੇ ਇੱਕ ਨੌਕਰ ਨੂੰ ਸਦਿਆ ਅਤੇ ਪੁੱਛਿਆ, ‘ਇਹ ਸਭ ਕੀ ਹੋ ਰਿਹਾ ਹੈ? 27 ਨੌਕਰ ਨੇ ਆਖਿਆ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ, ਕਿਉਂਕਿ ਉਹ ਠੀਕ-ਠਾਕ ਘਰ ਵਾਪਸ ਆ ਗਿਆ ਹੈ, ਇਸ ਲਈ ਉਸਨੇ ਦਾਵਤ ਲਈ ਸਭ ਤੋਂ ਮੋਟਾ ਵਛਾ ਵਢਿਆ ਹੈ।’ 28 “ਵੱਡਾ ਪੁੱਤਰ ਇੰਨਾ ਗੁੱਸੇ ਵਿੱਚ ਸੀ ਕਿ ਉਹ ਖੁਸ਼ੀ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦਾ ਸੀ। ਫ਼ੇਰ ਉਸਦਾ ਪਿਤਾ ਬਾਹਰ ਆਇਆ ਅਤੇ ਉਸਨੂੰ ਅੰਦਰ ਆਉਣ ਦੀ ਬੇਨਤੀ ਕੀਤੀ। 29 ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਵਤ ਕਰਨ ਲਈ ਇੱਕ ਬੱਕਰੀ ਵੀ ਨਹੀਂ ਦਿੱਤੀ। 30 ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵਛਾ ਵਢਿਆ ਹੈ।’ 31 “ਪਰ ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤਰ ਤੂੰ ਹਮੇਸ਼ਾ ਮੇਰੇ ਕੋਲ ਹੈਂ, ਇਸ ਲਈ ਜੋ ਕੁਝ ਮੇਰਾ ਹੈ ਸੋ ਤੇਰਾ ਵੀ ਹੈ। 32 ਪਰ ਸਾਨੂੰ ਦਾਵਤ ਕਰਨੀ ਚਾਹੀਦੀ ਹੈ ਅਤੇ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ, ਮਰ ਗਿਆ ਸੀ, ਪਰ ਉਹ ਫ਼ਿਰ ਜਿਉਂਦਾ ਹੋ ਗਿਆ ਹੈ। ਜਿਹੜਾ ਗੁਆਚਿਆ ਹੋਇਆ ਸੀ ਹੁਣ ਲਭ ਗਿਆ ਹੈ।”

16:1 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸਨੂੰ ਪਤਾ ਚਲਿਆ ਕਿ ਉਸ੍ਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸਨੇ ਉਸਨੂੰ ਅੰਦਰ ਬੁਲਾਇਆ ਅਤੇ ਕਿਹਾ, “ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸਕਦਾ।” 3 “ਬਾਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ। 5 “ਤਾਂ ਉਸਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ। 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ। 7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ? ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸਨੂੰ ਕਣਕ ਦੇ ਸਠ ਹਜ਼ਾਰ ਪੌਂਡ ਦੇਣਦਾਰ ਹਾਂ, ਮੁਖਤਿਆਰ ਨੇ ਉਸਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’ 8 “ਬਾਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵਧੇਰੇ ਚਲਾਕੀ ਕਰਦੇ ਹਨ। 9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁਕ੍ਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ। 10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸਕਦਾ ਹੈ। 11 ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12 ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ? 13 “ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪ੍ਰਭੂ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸਕਦੇ।” 14 ਜਦੋਂ ਪੈਸੇ ਨੂੰ ਪਿਆਰ ਕਰਨ ਵਾਲੇ ਫਰੀਸੀਆਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਯਿਸੂ ਦਾ ਮਜਾਕ ਉਡਾਇਆ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਸਾਮ੍ਹਣੇ ਆਪਣੇ-ਆਪ ਨੂੰ ਬੜਾ ਚੰਗਾ ਕਰਕੇ ਵਿਖਾਉਂਦੇ ਹੋ, ਪਰ ਪ੍ਰਭੂ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ। ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ, ਪਰਮੇਸ਼ੁਰ ਲਈ ਉਸਦੀ ਕੋਈ ਕੀਮਤ ਨਹੀਂ।” 16 “ਪ੍ਰਭੂ ਜਾਣਦਾ ਹੈ ਕਿ ਲੋਕ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦੀ ਯੂਹੰਨਾ ਦੇ ਸਮੇਂ ਤੱਕ ਮੁਨਾਦੀ ਹੋ ਚੁੱਕੀ ਸੀ। ਉਸਤੋਂ ਬਾਦ ਪਰਮੇਸ਼ੁਰ ਦੇ ਰਾਜ ਦੇ ਸਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਰਮੇਸ਼ਰ ਦੇ ਰਾਜ ਵਿੱਚ ਆਉਣ ਲਈ ਜੋਰ-ਜਬਰਦਸਤੀ ਕਰ ਰਹੇ ਹਨ। 17 ਸ਼ਰ੍ਹਾ ਦੇ ਇੱਕ ਅਖਰ ਦੇ ਇੱਕ ਹਿੱਸੇ ਦੇ ਬਦਲਣ ਨਾਲੋਂ ਸਵਰਗ ਅਤੇ ਧਰਤੀ ਦਾ ਮਿਟ ਜਾਣਾ ਸੌਖਾ ਹੈ। 18 “ਕੋਈ ਵੀ ਜੋ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ ਉਹ ਇੱਕ ਬਦਕਾਰ ਹੈ। ਇਸੇ ਤਰ੍ਹਾਂ ਹੀ ਉਹ ਆਦਮੀ ਜੋ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਇੱਕ ਬਦਕਾਰ ਹੈ।” 19 ਯਿਸੂ ਨੇ ਆਖਿਆ, “ਇੱਕ ਅਮੀਰ ਆਦਮੀ ਸੀ। ਉਹ ਮਹੀਨ ਕੀਮਤੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਪ੍ਰਸਤੀ ਦੀ ਜਿੰਦਗੀ ਜਿਉਂਦਾ ਸੀ। 20 ਉਥੇ ਇੱਕ ਲਾਜ਼ਰ ਨਾਂ ਦਾ ਮੰਗਤਾ ਸੀ ਜਿਸਦਾ ਸਾਰਾ ਸ਼ਰੀਰ ਫ਼ੋੜਿਆਂ ਨਾਲ ਭਰਿਆ ਹੋਇਆ ਸੀ। ਉਹ ਅਕਸਰ ਅਮੀਰ ਆਦਮੀ ਦੇ ਦਰ ਅੱਗੇ ਪਿਆ ਹੁੰਦਾ ਸੀ। 21 ਉਸਨੂੰ ਅਮੀਰ ਆਦਮੀ ਦੀ ਮੇਜ਼ ਤੋਂ ਬਚੇ ਹੋਏ ਭੋਜਨ ਲਈ ਵੀ ਤੀਬ੍ਰ ਇੱਛਾ ਰਹਿੰਦੀ ਸੀ। ਸਗੋਂ ਕੁੱਤੇ ਆਕੇ ਉਸਦੇ ਫ਼ੋੜਿਆਂ ਨੂੰ ਵੀ ਚੱਟਦੇ। 22 “ਫ਼ੇਰ ਗਰੀਬ ਲਾਜ਼ਰ ਮਰ ਗਿਆ ਦੂਤਾਂ ਨੇ ਉਸਨੂੰ ਲਿਆ ਅਤੇ ਅਬਰਾਹਾਮ ਦੇ ਪਾਸੇ ਪਾ ਦਿੱਤਾ, ਫ਼ੇਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ। 23 ਉਸਨੇ ਪਤਾਲ ਵਿੱਚੋਂ ਜਿਥੇ ਉਹ ਦੁਖ ਝੱਲ ਰਿਹਾ ਸੀ ਆਪਣੀਆਂ ਅੱਖਾਂ ਚੁੱਕੀਆਂ ਅਤੇ ਦੂਰ ਅਬਰਾਹਾਮ ਦੇ ਨਾਲ ਲਾਜ਼ਰ ਨੂੰ ਵੇਖਿਆ। 24 ਤਾਂ ਉਸਨੇ ਅਵਾਜ਼ ਮਾਰਕੇ ਕਿਹਾ, ‘ਪਿਤਾ ਅਬਰਾਹਾਮ! ਮੇਰੇ ਤੇ ਮਿਹਰ ਕਰ। ਲਾਜ਼ਰ ਨੂੰ ਪਾਣੀ ਵਿੱਚ ਆਪਣੀ ਉਂਗਲ ਭਿਉਂ ਕੇ ਮੇਰੀ ਜੀਭ ਗਿਲੀ ਕਰਨ ਲਈ ਭੇਜ, ਕਿਉਂਕਿ ਮੈਂ ਇਸ ਅੱਗ ਵਿੱਚ ਦੁਖ ਝੱਲ ਰਿਹਾ ਹਾਂ।’ 25 “ਪਰ ਅਬਰਾਹਾਮ ਨੇ ਆਖਿਆ, ‘ਮੇਰੇ ਪੁੱਤਰ, ਯਾਦ ਕਰ ਜੋ ਤੂੰ ਧਰਤੀ ਤੇ ਆਪਣੇ ਜਿਉਂਦੇ ਜੀ ਆਪਣੀਆਂ ਸਾਰੀਆਂ ਵਸਤਾਂ ਭੋਗ ਚੁੱਕਾ ਹੈਂ ਅਤੇ ਲਾਜ਼ਰ ਨੇ ਸਾਰੀਆਂ ਮਾੜੀਆਂ ਵਸਤਾਂ ਭੋਗੀਆਂ ਹਨ। ਇਸ ਲਈ ਉਹ ਹੁਣ ਸੁਖ ਭੋਗ ਰਿਹਾ ਹੈ ਤੇ ਤੂੰ ਦੁਖ। 26 ਇਸਤੋਂ ਇਲਾਵਾ ਤੇਰੇ ਤੇ ਸਾਡੇ ਵਿਚਕਾਰ ਇੱਕ ਗਹਿਰੀ ਖੱਡ ਹੈ, ਇਸ ਲਈ ਕੋਈ ਵੀ, ਜੋ ਤੇਰੀ ਮਦਦ ਕਰਨੀ ਚਾਹੁੰਦਾ ਹੈ, ਇਥੋਂ ਪਾਰ ਲੰਘਕੇ ਸਾਡੇ ਪਾਸੇ ਆ ਸਕਦਾ ਹੈ।’ 27 “ਤਾਂ ਅਮੀਰ ਆਦਮੀ ਨੇ ਕਿਹਾ ‘ਫ਼ੇਰ ਪਿਤਾ ਅਬਰਾਹਾਮ ਮੈਂ ਤੇਰੇ ਅੱਗੇ ਲਾਜ਼ਰ ਨੂੰ ਧਰਤੀ ਤੇ ਮੇਰੇ ਪਿਤਾ ਦੇ ਘਰ ਭੇਜਣ ਦੀ ਬੇਨਤੀ ਕਰਦਾ ਹਾਂ, ਕਿਉਂਕਿ ਮੇਰੇ ਪੰਜ ਭਰਾ ਹਨ। 28 ਲਾਜ਼ਰ ਜਾਕੇ ਮੇਰੇ ਭਰਾਵਾਂ ਨੂੰ ਚੁਕੰਨਾ ਕਰ ਆਵੇ ਕਿ ਉਹ ਇਸ ਪਤਾਲ ਦੇ ਨਰਕ ਕੁੰਡ ਵਿੱਚ ਨਾ ਆਉਣ।’ 29 “ਪਰ ਅਬਰਾਹਾਮ ਨੇ ਆਖਿਆ, ‘ਉਨ੍ਹਾਂ ਕੋਲ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੇ। 30 “ਪਰ ਉਸ ਧਨਵਾਨ ਨੇ ਕਿਹਾ, ‘ਨਹੀਂ ਪਿਤਾ ਅਬਰਾਹਾਮ! ਜੇਕਰ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਕੋਲ ਜਾਵੇ ਤਾਂ ਉਹ ਵਿਸ਼ਵਾਸ ਕਰਨਗੇ ਅਤੇ ਆਪਣੇ ਦਿਲ ਅਤੇ ਜੀਵਨ ਬਦਲ ਲੈਣਗੇ।’ 31 “ਪਰ ਅਬਰਾਹਾਮ ਨੇ ਉਸਨੂੰ ਆਖਿਆ, ‘ਜੇਕਰ ਉਹ ਮੂਸਾ ਅਤੇ ਨਬੀਆਂ ਨੂੰ ਨਹੀਂ ਸੁਣਨਗੇ, ਤਾਂ ਫ਼ੇਰ ਉਹ ਉਸਨੂੰ ਵੀ ਨਹੀਂ ਸੁਣਨਗੇ ਜੋ ਮੁਰਦਿਆਂ ਤੋਂ ਉਭਰਦਾ ਹੈ।’”

17:1 ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਯਕੀਨੀ ਤੌਰ ਤੇ ਅਜਿਹੀਆਂ ਗੱਲਾਂ ਹੋਣਗੀਆਂ ਜੋ ਲੋਕਾਂ ਲਈ ਪਾਪ ਦਾ ਕਾਰਣ ਬਣਨਗੀਆਂ। ਪਰ ਇਹ ਉਸ ਬੰਦੇ ਲਈ ਭਿਆਨਕ ਹੋਵੇਗਾ ਜੋ ਇਨ੍ਹਾਂ ਗੱਲਾਂ ਦਾ ਕਾਰਣ ਹੋਵੇਗਾ। 2 ਇਨ੍ਹਾਂ ਕਮਜ਼ੋਰ ਲੋਕਾਂ ਨੂੰ ਪਾਪ ਕਮਾਉਣ ਦਾ ਕਾਰਣ ਬਨਣ ਨਾਲੋਂ ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸਦੇ ਗਲ ਵਿੱਚ ਚਕੀ ਦਾ ਪੁੜ ਬੰਨ੍ਹਕੇ ਉਸਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। 3 ਖਬਰਦਾਰ ਰਹੋ!“ਜੇਕਰ ਤੁਹਾਡਾ ਭਰਾ ਪਾਪ ਕਰੇ ਤਾਂ ਉਸਨੂੰ ਦੱਸੋ ਕਿ ਉਹ ਗਲਤ ਹੈ।’ ਜੇਕਰ ਉਹ ਮਾਫ਼ੀ ਮੰਗਦਾ ਹੈ ਤਾਂ ਉਸਨੂੰ ਮਾਫ਼ ਕਰ ਦਿਉ। 4 ਜੇਕਰ ਤੁਹਾਡਾ ਭਰਾ ਇੱਕ ਦਿਨ ਵਿੱਚ ਸੱਤ ਵਾਰ ਤੁਹਾਡਾ ਬੁਰਾ ਕਰਦਾ ਹੈ ਅਤੇ ਹਰ ਵਾਰ ਤੁਹਾਡੇ ਕੋਲ ਵਾਪਸ ਆਕੇ ਖਿਮਾ ਮੰਗਦਾ ਹੈ ਤਾਂ ਉਸਨੂੰ ਖਿਮਾ ਕਰ ਦਿਉ।” 5 ਰਸੂਲਾਂ ਨੇ ਯਿਸੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ।” 6 ਪ੍ਰਭੂ ਨੇ ਆਖਿਆ, “ਜੇਕਰ ਤੁਹਾਨੂੰ ਸਰ੍ਹੋਂ ਦੇ ਦਾਣੇ ਜਿੰਨੀ ਵੀ ਆਸਥਾ ਹੈ, ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਵੀ ਹੁਕਮ ਦੇ ਸਕਦੇ ਹੋ, ‘ਜਾ, ਆਪਣੇ-ਆਪ ਨੂੰ ਉਖਾੜ ਤੇ ਸਮੁੰਦਰ ਵਿੱਚ ਲੱਗ ਜਾ’ ਤਾਂ ਉਹ ਤੁਹਾਡੀ ਗੱਲ ਮੰਨ ਲਵੇਗਾ। 7 “ਫ਼ਰਜ ਕਰੋ ਤੁਹਾਡੇ ਵਿੱਚੋਂ ਕਿਸੇ ਇੱਕ ਕੋਲ ਨੇਕਰ ਹੋਵੇ ਜੋ ਖੇਤਾਂ ਵਿੱਚ ਕੰਮ ਕਰਦਾ ਹੋਵੇ, ਹਲ ਵਾਹੁੰਦਾ ਹੋਵੇ ਜਾਂ ਭੇਡਾਂ ਦੀ ਰਖਵਾਲੀ ਕਰਦਾ ਹੋਵੇ, ਜਦੋਂ ਉਹ ਖੇਤ ਤੋਂ ਵਾਪਸ ਆਉਂਦਾ ਹੈ, ਕੀ ਤੁਸੀਂ ਉਸਨੂੰ ਆਖੋਂਗੇ, ‘ਛੇਤੀ ਆ ਅਤੇ ਭੋਜਨ ਲਈ ਬੈਠ ਜਾ?’ 8 ਨਹੀਂ! ਤੁਸੀਂ ਆਪਣੇ ਸੇਵਕ ਨੂੰ ਆਖੋਂਗੇ, ‘ਮੇਰੇ ਲਈ ਰਾਤ ਦਾ ਭੋਜਨ ਤਿਆਰ ਕਰ, ਕੱਪੜੇ ਪਾ ਅਤੇ ਜਦੋਂ ਤੀਕ ਮੈਂ ਖਾਂਦਾ ਤੇ ਪੀਂਦਾ ਹਾਂ, ਮੇਰੀ ਸੇਵਾ ਕਰ। ਫ਼ਿਰ ਤੂੰ ਖਾ ਪੀ ਸਕਦਾ ਹੈਂ। 9 ਕੀ ਉਹ ਆਪਣੇ ਆਦੇਸ਼ ਨੂੰ ਮੰਨਣ ਲਈ ਅਤੇ ਆਪਣੇ ਉਸ ਨੋਕਰ ਦਾ ਧੰਨਵਾਦ ਕਰਨ ਲਈ ਮਜਬੂਰ ਹੈ। 10 ਇਸੇ ਤਰ੍ਹਾਂ ਤੁਹਾਡੇ ਨਾਲ ਹੁੰਦਾ ਹੈ? ਜੇ ਤੁਸੀਂ ਉਹ ਸਭ ਕੁਝ ਉਵੇਂ ਹੀ ਕੀਤਾ ਹੈ, ਜਿਵੇਂ ਤੁਹਾਨੂੰ ਕਰਨ ਲਈ ਕਿਹਾ ਗਿਆ ਸੀ, ਤਾਂ ਤੁਹਾਨੂੰ ਆਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਖਾਸ ਧੰਨਵਾਦ ਦੇ ਅਧਿਕਾਰੀ ਨਹੀਂ। ਅਸੀਂ ਤਾਂ ਸਿਰਫ਼ ਉਹੀ ਕੁਝ ਕੀਤਾ ਹੈ ਜੋ ਕੁਝ ਸਾਨੂੰ ਕਰਨਾ ਚਾਹੀਦਾ ਹੈ।’” 11 ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਿਹਾ ਸੀ। ਉਹ ਗਲੀਲ ਅਤੇ ਸਾਮਰਿਯਾ ਰਾਹੀਂ ਲੰਘਿਆ। 12 ਜਦੋਂ ਉਹ ਇੱਕ ਪਿੰਡ ਵਿੱਚ ਵੜ ਰਿਹਾ ਸੀ, ਉਥੇ ਉਸ ਨੂੰ ਦਸ ਕੋੜ੍ਹੀ ਮਿਲੇ। ਉਹ ਉਸ ਤੋਂ ਥੋੜੀ ਦੂਰੀ ਤੇ ਖੜ੍ਹੇ ਹੋ ਗਏ। 13 ਪਰ ਉਨ੍ਹਾਂ ਸਾਰਿਆਂ ਨੇ ਉਸ ਅੱਗੇ ਤਰਲਾ ਕੀਤਾ, “ਯਿਸੂ ਸੁਆਮੀ, ਕਿਰਪਾ ਕਰਕੇ ਸਾਡੇ ਤੇ ਰਹਿਮ ਕਰ।” 14 ਜਦੋਂ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਵੇਖਿਆ ਤਾਂ ਕਿਹਾ, “ਜਾਓ ਅਤੇ ਆਪਣੇ-ਆਪ ਨੂੰ ਜਾਕੇ ਜਾਜਕਾਂ ਨੂੰ ਦਿਖਾਵੋ।”ਜਦੋਂ ਉਹ ਦਸ ਆਦਮੀ ਜਾਜਕਾਂ ਵੱਲ ਜਾ ਰਹੇ ਸਨ ਤਾਂ ਉਹ ਠੀਕ ਹੋ ਚੁੱਕੇ ਸਨ। 15 ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਸੀ ਤਾਂ ਉਹ ਯਿਸੂ ਕੋਲ ਵਾਪਸ ਆਇਆ ਅਤੇ ਉੱਚੀ ਅਵਾਜ਼ ਵਿੱਚ ਪ੍ਰਭੂ ਦੀ ਉਸਤਤਿ ਕਰਨ ਲੱਗਾ। 16 ਉਸਨੇ ਯਿਸੂ ਦੇ ਚਰਨਾਂ ਅੱਗੇ ਸਿਰ ਝੁਕਾਇਆ ਅਤੇ ਯਿਸੂ ਦਾ ਸ਼ੁਕਰਾਨਾ ਕੀਤਾ। ਇਹ ਆਦਮੀ ਯਹੂਦੀ ਨਹੀਂ ਸਾਮਰੀ ਸੀ। 17 ਯਿਸੂ ਨੇ ਜਵਾਬ ਦਿੱਤਾ, “ਕੀ ਸਾਰੇ ਦਸ ਚੰਗੇ ਨਹੀਂ ਹੋਏ, ਬਾਕੀ ਦੇ ਨੌ ਕਿਥੇ ਹਨ? 18 ਕੀ ਇਹ ਵਿਦੇਸ਼ੀ ਸਾਮਰਿਯਾ ਤੋਂ ਹੈ, ਜੋ ਸਿਰਫ ਇੱਕ ਪਰਮੇਸ਼ੁਰ ਦੀ ਉਸਤਤਿ ਲਈ ਵਾਪਸ ਆਇਆ ਹੈ?” 19 ਤਦ ਯਿਸੂ ਨੇ ਉਸਨੂੰ ਆਖਿਆ, “ਖੜਾ ਹੋ! ਅਤੇ ਜਾ। ਤੇਰੀ ਆਸਥਾ ਨੇ ਹੀ ਤੈਨੂੰ ਰਾਜੀ ਕੀਤਾ ਹੈ।” 20 ਇੱਕ ਫਰੀਸੀ ਨੇ ਯਿਸੂ ਨੂੰ ਪੁੱਛਿਆ, “ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?”ਯਿਸੂ ਨੇ ਆਖਿਆ, “ਪਰਮੇਸ਼ੁਰ ਦਾ ਰਾਜ ਆਵੇਗਾ ਪਰ ਇਸ ਤਰ੍ਹਾਂ ਨਹੀਂ ਕਿ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਦੇ ਯੋਗ ਹੋਵੋਂ। 21 ਅਤੇ ਨਾ ਹੀ ਲੋਕ ਇਹ ਕਹਿਣਗੇ ਕਿ ‘ਵੇਖੋ, ਪਰਮੇਸ਼ੁਰ ਦਾ ਰਾਜ ਇਥੇ ਹੈ’, ਜਾਂ ‘ਇਹ ਉਥੇ ਹੈ।’ ਨਹੀਂ, ਸਗੋਂ ਪਰਮੇਸ਼ੁਰ ਦਾ ਰਾਜ ਤੁਹਾਡੇ ਅੰਦਰ ਹੈ।” 22 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਉਹ ਸਮਾਂ ਆਵੇਗਾ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਕਿਸੇ ਇੱਕ ਦਿਨ ਨੂੰ ਵੇਖਣਾ ਚਾਹੋਂਗੇ ਪਰ ਤੁਸੀਂ ਵੇਖਣ ਯੋਗ ਨਹੀਂ ਹੋਵੋਂਗੇ। 23 ਲੋਕ ਤੁਹਾਨੂੰ ਦੱਸਣਗੇ, ‘ਵੇਖੋ, ‘ਇਹ ਉਥੇ ਹੈ।’ ਜਾਂ ‘ਵੇਖੋ, ਉਹ ਇਥੇ ਹੈ।’ ਤੁਸੀਂ ਜਿਥੇ ਹੋ ਉਥੇ ਹੀ ਠਹਿਰੋ; ਅਤੇ ਜਾਕੇ ਉਨ੍ਹਾਂ ਦਾ ਅਨੁਸਰਣ ਨਾ ਕਰੋ। 24 “ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਉਹ ਸਪਸ਼ਟ ਤੌਰ ਤੇ ਉਸ ਬਿਜਲੀ ਦੀ ਤਰ੍ਹਾਂ ਦਿਸੇਗਾ ਜੋ ਅਕਾਸ਼ ਨੂੰ ਇੱਕ ਹੱਦ ਤੋਂ ਦੂਸਰੀ ਹੱਦ ਤੱਕ ਚਮਕਾਉਂਦੀ ਹੈ। 25 ਪਰ ਪਹਿਲਾਂ, ਮਨੁੱਖ ਦੇ ਪੁੱਤਰ ਨੂੰ ਬਹੁਤ ਤਸੀਹੇ ਝੱਲਣੇ ਪੈਣਗੇ ਅਤੇ ਉਸਨੂੰ ਇਸ ਪੀੜ੍ਹੀ ਦੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ। 26 “ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ। 27 ਜਦੋਂ ਤੱਕ ਨੂਹ ਨੇ ਕਿਸ਼ਤੀ ਵਿੱਚ ਪ੍ਰਵੇਸ਼ ਕੀਤਾ, ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ। ਪਰ ਤਦ ਹੜ੍ਹ ਆਇਆ ਅਤੇ ਉਸ ਵਿੱਚ ਸਭ ਲੋਕ ਖਤਮ ਹੋ ਗਏ। 28 “ਇਸੇ ਤਰ੍ਹਾਂ ਹੀ ਲੂਤ ਦੇ ਸਮੇਂ ਵਿੱਚ ਵਾਪਰਿਆ। ਲੋਕ ਖਾਂਦੇ-ਪੀਂਦੇ ਖਰੀਦਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ। 29 ਉਸ ਦਿਨ ਜਦੋਂ ਲੂਤ ਸਦੂਮ ਤੋਂ ਬਾਹਰ ਆਇਆ ਫ਼ਿਰ ਅਕਾਸ਼ ਤੋਂ ਅੱਗ ਅਤੇ ਗੰਧਕ ਦਾ ਮੀਂਹ ਪਿਆ ਅਤੇ ਹਰ ਕੋਈ ਮਰ ਗਿਆ। 30 ਇਹ ਬਿਲਕੁਲ ਇਸੇ ਤਰ੍ਹਾਂ ਹੀ ਹੋਵੇਗਾ ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ। 31 “ਉਸ ਦਿਨ ਜੇਕਰ ਕੋਈ ਆਪਣੇ ਘਰ ਦੀ ਛੱਤ ਤੇ ਹੈ, ਅਤੇ ਉਸ ਦੀਆਂ ਚੀਜ਼ਾਂ ਘਰ ਦੇ ਅੰਦਰ ਹਨ ਤਾਂ ਉਨ੍ਹਾਂ ਨੂੰ ਲੈਣ ਵਾਸਤੇ ਉਸਨੂੰ ਥੱਲੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਜੇਕਰ ਕੋਈ ਖੇਤ ਵਿੱਚ ਹੈ, ਉਸਨੂੰ ਵਾਪਸ ਘਰ ਨਹੀਂ ਆਉਣਾ ਚਾਹੀਦਾ। 32 ਯਾਦ ਰੱਖੋ ਕਿ ਲੂਤ ਦੀ ਪਤਨੀ ਨਾਲ ਕੀ ਹੋਇਆ ਸੀ? 33 “ਜਿਹੜਾ ਮਨੁੱਖ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸਨੂੰ ਗੁਆ ਬੈਠੇਗਾ ਅਤੇ ਜਿਹੜਾ ਕੋਈ ਉਸਨੂੰ ਗੁਆਵੇ ਉਸਨੂੰ ਵਾਪਸ ਪਾ ਲਵੇਗਾ। 34 ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸ ਰਾਤ, ਹੋ ਸਕਦਾ ਹੈ ਇੱਕ ਹੀ ਮੰਜੇ ਤੇ ਦੋ ਲੋਕ ਸੌਂ ਰਹੇ ਹੋਣ, ਪਰ ਇੱਕ ਨੂੰ ਉੱਪਰ ਚੁੱਕ ਲਿਆ ਜਾਵੇਗਾ ਅਤੇ ਦੂਜੇ ਨੂੰ ਛੱਡ ਦਿੱਤਾ ਜਾਵੇਗਾ। 35 ਦੋ ਔਰਤਾਂ ਦਾਣੇ ਪੀਹ ਰਹੀਆਂ ਹੋਣਗੀਆਂ ਤਾਂ ਇੱਕ ਔਰਤ ਰਹਿ ਜਾਵੇਗੀ ਅਤੇ ਦੂਜੀ ਚੁੱਕ ਲਿਤੀ ਜਾਵੇਗੀ।” 36 37 ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਅਜਿਹਾ ਕਿਥੇ ਹੋਵੇਗਾ?”ਯਿਸੂ ਨੇ ਆਖਿਆ, “ਜਿਥੇ ਕਿਤੇ ਵੀ ਮੁਰਦਾ ਸ਼ਰੀਰ ਹੈ, ਉਥੇ ਗਿਰਝ ਇਕਠ੍ਠੇ ਹੋਕੇ ਆਉਣਗੇ।”

18:1 ਯਿਸੂ ਨੇ ਉਨ੍ਹਾਂ ਨੂੰ ਇਹ ਸਮਝਾਉਣ ਲਈ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਕਿਵੇਂ ਉਨ੍ਹਾਂ ਨੂੰ ਹਮੇਸ਼ਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ। 2 “ਇੱਕ ਵਾਰ, ਇੱਕ ਸ਼ਹਿਰ ਵਿੱਚ, ਇੱਕ ਨਿਆਂਕਾਰ ਸੀ ਜੋ ਪਰਮੇਸ਼ੁਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਲੋਕਾਂ ਵੱਲ ਧਿਆਨ ਦਿੰਦਾ ਸੀ ਕਿ ਉਹ ਉਸ ਬਾਰੇ ਕੀ ਸੋਚਦੇ ਹਨ। 3 ਉਸੇ ਸ਼ਹਿਰ ਵਿੱਚ, ਇੱਕ ਔਰਤ ਰਹਿੰਦੀ ਸੀ ਜਿਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਉਸ ਹਾਕਮ ਪਾਸ ਬਹੁਤ ਵਾਰ ਆਈ ਅਤੇ ਕਿਹਾ, ‘ਇੱਕ ਆਦਮੀ ਮੈਨੂੰ ਕਸ਼ਟ ਦਿੰਦਾ ਹੈ। ਕਿਰਪਾ ਕਰਕੇ ਮੈਨੂੰ ਨਿਆਂ ਦੇਵੋ!” 4 ਪਰ ਉਹ ਹਾਕਮ ਉਸ ਔਰਤ ਦੀ ਮਦਦ ਨਹੀਂ ਸੀ ਕਰਨਾ ਚਾਹੁੰਦਾ। ਬਹੁਤ ਦੇਰ ਬਾਦ ਹਾਕਮ ਨੇ ਆਪਣੇ ਮਨ ਵਿੱਚ ਸੋਚਿਆ, ‘ਨਾ ਤਾਂ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ ਅਤੇ ਨਾ ਹੀ ਇਸ ਗੱਲ ਦੀ ਪ੍ਰਵਾਹ ਕਰਦਾ ਹਾਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹਨ। 5 ਪਰ ਇਹ ਔਰਤ ਮੈਨੂੰ ਕਿੰਨਾ ਦੁਖ ਦਿੰਦੀ ਹੈ। ਜੇਕਰ ਇਹ ਜੋ ਚਾਹੁੰਦੀ ਹੈ ਮੈਂ ਇਸਨੂੰ ਦੇ ਦੇਵਾਂ ਤਾਂ ਇਹ ਮੈਨੂੰ ਇਕਲਿਆਂ ਛਡ ਜਾਵੇਗੀ ਤੇ ਜੇਕਰ ਮੈਂ ਉਸਦੀ ਸਮਸਿਆ ਹਲ ਨਾ ਕੀਤੀ, ਉਹ ਆਉਣਾ ਜਾਰੀ ਰੱਖੇਗੀ ਅਤੇ ਮੈਨੂੰ ਪਰੇਸ਼ਾਨ ਕਰਦੀ ਰਹੇਗੀ।’” 6 ਫਿਰ ਪ੍ਰਭੂ ਨੇ ਆਖਿਆ, “ਸੁਣੋ! ਇਸ ਵਿੱਚ ਡੂੰਘਾ ਭਾਵ ਹੈ, ਜੋ ਕਿ ਹਾਕਮ ਨੇ ਕਿਹਾ। 7 ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਚੀਕਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ੁਰ ਛੇਤੀ ਹੀ ਆਪਣੇ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਨਿਆਂ ਦੇਵੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਤੇ ਉਨ੍ਹਾਂ ਲੋਕਾਂ ਨੂੰ ਲੱਭੇਗਾ ਜਿਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਹੈ?” 9 ਉਥੇ ਕੁਝ ਲੋਕ ਸਨ ਜੋ ਆਪਣੇ-ਆਪ ਨੂੰ ਬਹੁਤ ਭਲਾ ਸਮਝਦੇ ਸਨ। ਉਹ ਬਾਕੀ ਲੋਕਾਂ ਨੂੰ ਆਪਣੇ ਨਾਲੋਂ ਹੀਣੇ ਮੰਨਦੇ ਸਨ। ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ। 10 “ਇੱਕ ਵਾਰ ਇੱਕ ਫਰੀਸੀ ਅਤੇ ਇੱਕ ਮਸੂਲੀਆ ਸੀ। ਇੱਕ ਦਿਨ ਉਹ ਦੋਵੇ ਇਕਠ੍ਠੇ ਪ੍ਰਾਰਥਨਾ ਕਰਨ ਲਈ ਮੰਦਰ ਗਏ। 11 ਫਰੀਸੀ ਮਸੂਲੀਏ ਕੋਲੋਂ ਦੂਰ ਅਲੱਗ ਪ੍ਰਾਰਥਨਾ ਕਰਨ ਲਈ ਖੜਾ ਹੋਇਆ। ਜਦੋਂ ਫਰੀਸੀ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸਨੇ ਆਖਿਆ, ‘ਹੇ ਪ੍ਰਭੂ! ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਭੈੜਾ ਨਹੀਂ ਹਾਂ। ਮੈਂ ਕੋਈ ਚੋਰ ਜਾਂ ਧੋਖੇਬਾਜ ਜਾਂ ਕੋਈ ਬਦਕਾਰ ਨਹੀਂ ਹਾਂ। ਮੈਂ ਤੇਰਾ ਸ਼ੁਕਰਾਨਾ ਕਰਦਾ ਹਾਂ ਕਿਉਂਕਿ ਮੈਂ ਇਸ ਮਸੂਲੀਏ ਨਾਲੋਂ ਚੰਗਾ ਹਾਂ। 12 ਮੈਂ ਚੰਗਾ ਹਾਂ, ਮੈਂ ਹਫਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸਵੰਧ ਦਿੰਦਾ ਹਾਂ।’ 13 “ਮਸੂਲੀਆ ਇੱਕ ਖੂਂਜੇ ਵਿੱਚ ਖੜਾ ਹੋ ਗਿਆ, ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ, ਉਸਨੇ ਆਪਣਾ ਸਿਰ ਵੀ ਸਵਰਗ ਵੱਲ ਚੁੱਕਣ ਦੀ ਦਲੇਰੀ ਨਾ ਕੀਤੀ। ਉਸਨੇ ਪਰਮੇਸ਼ੁਰ ਅੱਗੇ ਆਪਣੇ-ਆਪ ਨੂੰ ਬੜਾ ਨਿਮਾਣਾ ਪ੍ਰਗਟ ਕੀਤਾ ਅਤੇ ਆਖਿਆ, ‘ਹੇ ਪ੍ਰਭੂ! ਮੇਰੇ ਤੇ ਮਿਹਰ ਕਰ! ਮੈਂ ਇੱਕ ਪਾਪੀ ਹਾਂ!’ 14 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਆਦਮੀ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਬਣਕੇ ਘਰ ਗਿਆ, ਪਰ ਫਰੀਸੀ ਜਿਸਨੇ ਆਪਣੇ-ਆਪ ਨੂੰ ਇੱਕ ਚੰਗਾ ਆਦਮੀ ਸਮਝਿਆ, ਧਰਮੀ ਨਹੀਂ ਸੀ। ਕੋਈ ਵੀ ਜੋ ਆਪਣੇ-ਆਪ ਨੂੰ ਉੱਚਾ ਚੁੱਕਦਾ ਹੈ ਥੱਲੇ ਲਿਆਂਦਾ ਜਾਵੇਗਾ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਸੋ ਉੱਚਾ ਚੁਕਿਆ ਜਾਵੇਗਾ।” 15 ਕੁਝ ਲੋਕ ਆਪਣੇ ਛੋਟੇ ਬਚਿਆਂ ਨੂੰ ਯਿਸੂ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਨੂੰ ਛੂਹਵੇ। ਪਰ ਜਦੋਂ ਉਸਦੇ ਚੇਲਿਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ। 16 ਪਰ ਯਿਸੂ ਨੇ ਛੋਟੇ ਬਾਲਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਬਚਿਆਂ ਨੂੰ ਮੇਰੇ ਕੋਲ ਆਉਣ ਦੇਵੋ! ਉਨ੍ਹਾਂ ਨੂੰ ਰੋਕੋ ਨਾ। ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹੈ ਜੋ ਇਨ੍ਹਾਂ ਬਚਿਆਂ ਵਰਗੇ ਹਨ। 17 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਕੋਈ ਵੀ ਜਿਹੜਾ ਪਰਮੇਸ਼ੁਰ ਦੇ ਰਾਜ ਨੂੰ ਬਚਿਆਂ ਦੇ ਭਰੋਸੇ ਵਾਂਗ ਨਹੀਂ ਕਬੂਲਦਾ, ਉਹ ਕਦੀ ਵੀ ਪਰਮੇਸ਼ੁਰ ਦੇ ਰਾਜ ਅੰਦਰ ਪ੍ਰਵੇਸ਼ ਨਹੀਂ ਕਰੇਗਾ।” 18 ਇੱਕ ਯਹੂਦੀ ਆਗੂ ਨੇ ਯਿਸੂ ਨੂੰ ਪੁੱਛਿਆ, “ਚੰਗੇ ਗੁਰੂ ਜੀ, ਕਦੀ ਵੀ ਖਤਮ ਨਾ ਹੋਣ ਵਾਲਾ ਜੀਵਨ ਪਾਉਣ ਵਾਸਤੇ ਮੈਂ ਕੀ ਕਰਾਂ?” 19 ਯਿਸੂ ਨੇ ਉਸਨੂੰ ਆਖਿਆ, ‘ਤੂੰ ਮੈਨੂੰ ਚੰਗਾ ਕਿਉਂ ਆਖਦਾ ਹੈਂ। ਇਕੱਲਾ ਪਰਮੇਸ਼ੁਰ ਹੀ ਚੰਗਾ ਹੈ। 20 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਤੂੰ ਹੁਕਮਨਾਮਿਆਂ ਨੂੰ ਜਾਣਦਾ ਹੈਂ? ‘ਤੈਨੂੰ ਬਦਕਾਰੀ ਦਾ ਪਾਪ ਨਹੀਂ ਕਰਨਾ ਚਾਹੀਦਾ, ਤੈਨੂੰ ਕਿਸੇ ਦਾ ਕਤਲ ਨਹੀਂ ਕਰਨਾ ਚਾਹੀਦਾ, ਤੈਨੂੰ ਚੋਰੀ ਨਹੀਂ ਕਰਨੀ ਚਾਹੀਦੀ, ਤੈਨੂੰ ਝੂਠੀ ਗਵਾਹੀ ਨਹੀਂ ਦੇਣੀ ਚਾਹੀਦੀ ਅਤੇ ਤੈਨੂੰ ਆਪਣੇ ਮਾਤਾ-ਪਿਤਾ ਦੀ ਇਜ੍ਜਤ ਕਰਨੀ ਚਾਹੀਦੀ ਹੈ।” 21 ਪਰ ਆਗੂ ਨੇ ਕਿਹਾ, “ਇਹ ਸਾਰੇ ਹੁਕਮ ਤਾਂ ਮੈਂ ਬਚਪਨ ਤੋਂ ਮੰਨਦਾ ਚਲਿਆ ਆ ਰਿਹਾ ਹਾਂ।” 22 ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸਨੇ ਆਗੂ ਨੂੰ ਆਖਿਆ, “ਅਜੇ ਵੀ ਇੱਕ ਚੀਜ ਹੈ ਜਿਸਦੀ ਤੇਰੇ ਵਿੱਚ ਘਾਟ ਹੈ। ਉਹ ਇਹ ਕਿ ਤੇਰੇ ਕੋਲ ਜਿੰਨੀ ਵੀ ਦੌਲਤ ਹੈ ਉਸਨੂੰ ਵੇਚਕੇ ਧਨ ਗਰੀਬਾਂ ਵਿੱਚ ਵੰਡ ਦੇ। ਤੈਨੂੰ ਸਵਰਗ ਵਿੱਚ ਤੇਰਾ ਖਜਾਨਾ ਮਿਲੇਗਾ। ਇਹ ਸਭ ਕਰਕੇ ਫਿਰ ਤੂੰ ਮੇਰੇ ਕੋਲ ਆ ਤੇ ਮੇਰੇ ਪਿਛੇ-ਪਿਛੇ ਚੱਲ।” 23 ਪਰ ਜਦੋਂ ਉਸ ਆਗੂ ਨੇ ਇਹ ਸੁਣਿਆ ਤਾਂ ਉਹ ਬੜਾ ਉਦਾਸ ਹੋਇਆ ਕਿਉਂਕਿ ਉਹ ਬੜਾ ਅਮੀਰ ਸੀ ਅਤੇ ਸਾਰੀ ਦੌਲਤ ਆਪਣੇ ਕੋਲ ਰੱਖਣੀ ਚਾਹੁੰਦਾ ਸੀ। 24 ਜਦੋਂ ਯਿਸੂ ਨੇ ਵੇਖਿਆ ਕਿ ਉਹ ਮਨੁੱਖ ਬੜਾ ਉਦਾਸ ਹੋ ਗਿਆ ਹੈ ਤਾਂ ਉਸਨੇ ਆਖਿਆ “ਧਨਵਾਨ ਵਾਸਤੇ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਬੜਾ ਔਖਾ ਹੈ। 25 ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਇੱਕ ਊਠ ਦਾ ਸੂਈ ਦੇ ਨਕ੍ਕੇ ਵਿੱਚੋਂ ਲੰਘਣਾ ਸੌਖਾ ਹੈ।” 26 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਆਖਣ ਲੱਗੇ, “ਫਿਰ ਕੌਣ ਬਚਾਇਆ ਜਾ ਸਕਦਾ ਹੈ?” 27 ਯਿਸੂ ਨੇ ਆਖਿਆ, “ਜਿਹੜੀਆਂ ਗੱਲਾਂ ਮਨੁੱਖਾਂ ਲਈ ਅਣਹੋਣੀਆਂ ਹਨ, ਉਹ ਪਰਮੇਸ਼ੁਰ ਤੋਂ ਹੋ ਸਕਦੀਆਂ ਹਨ।” 28 ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡਕੇ ਤੇਰੇ ਮਗਰ ਹੋ ਤੁਰੇ ਹਾਂ।” 29 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਉਹ ਹਰ ਕੋਈ, ਜਿਸਨੇ ਆਪਣੇ ਘਰ, ਪਤਨੀ, ਭਰਾਵਾਂ, ਮਾਪਿਆਂ, ਅਤੇ ਬਚਿਆਂ ਨੂੰ ਪਰਮੇਸ਼ੁਰ ਦੇ ਰਾਜ ਵਾਸਤੇ ਛਡਿਆ ਹੈ, 30 ਉਹ ਆਪਣੇ ਛੱਡੇ ਤੋਂ ਕਿਤੇ ਵਧ ਪਾਵੇਗਾ। ਉਹ ਆਪਣੀ ਜ਼ਿੰਦਗੀ ਵਿੱਚ ਛੱਡੇ ਹੋਏ ਤੋਂ ਕਿਤੇ ਵਧੇਰੇ ਪ੍ਰਾਪਤ ਕਰੇਗਾ ਅਤੇ ਜਦੋਂ ਉਹ ਮਰੇਗਾ, ਉਸਦਾ ਵਾਸਾ ਹਮੇਸ਼ਾ ਪਰਮੇਸ਼ੁਰ ਦੇ ਨਾਲ ਹੋਵੇਗਾ।” 31 ਫਿਰ ਯਿਸੂ ਬਾਰ੍ਹਾਂ ਰਸੂਲਾਂ ਨੂੰ ਇੱਕ ਪਾਸੇ ਲਿਆਇਆ ਅਤੇ ਉਨ੍ਹਾਂ ਨੂੰ ਆਖਿਆ, “ਸੁਣੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਉਹ ਸਾਰੀਆਂ ਗੱਲਾਂ ਜੋ ਨਬੀਆਂ ਨੇ ਮਨੁੱਖ ਦੇ ਪੁੱਤਰ ਬਾਰੇ ਲਿਖੀਆਂ ਹਨ, ਪੂਰਨ ਹੋ ਜਾਣਗੀਆਂ। 32 ਉਸਨੂੰ ਗੈਰ-ਯਹੂਦੀ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਉਹ ਉਸਦਾ ਮਜ਼ਾਕ ਉਡਾਉਣਗੇ, ਉਸਦੀ ਬੇਇੱਜ਼ਤੀ ਕਰਨਗੇ ਅਤੇ ਉਸ ਉੱਪਰ ਥੁਕਣਗੇ। 33 ਉਸਨੂੰ ਕੁਟਣਗੇ ਅਤੇ ਫੇਰ ਉਸਨੂੰ ਮਾਰ ਦੇਣਗੇ। ਪਰ ਉਸਨੂੰ ਤੀਜੇ ਦਿਨ ਜੀਵਨ ਵੱਲ ਉਭਾਰ ਲਿਆ ਜਾਵੇਗਾ।” 34 ਰਸੂਲਾਂ ਨੇ ਉਸਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝ ਨਾ ਸਕੇ, ਉਨ੍ਹਾਂ ਲਈ ਅਰਥ ਗੁਪਤ ਰੱਖਿਆ ਗਿਆ ਸੀ। 35 ਜਦੋਂ ਯਿਸੂ ਯਰੀਹੋ ਦੇ ਨੇੜੇ ਆਇਆ ਉਥੇ, ਪੈਸੇ ਮੰਗਦਾ ਹੋਇਆ ਇੱਕ ਅੰਨ੍ਹਾ ਸੜਕ ਦੇ ਕਿਨਾਰੇ ਬੈਠਾ ਸੀ। 36 ਜਦੋਂ ਉਸਨੇ ਭੀੜ ਲੰਘਦੀ ਨੂੰ ਸੁਣਿਆ ਤਾਂ ਉਸਨੇ ਪੁੱਛਿਆ, “ਇਹ ਕੀ ਵਾਪਸ ਰਿਹਾ ਹੈ?” 37 ਲੋਕਾਂ ਨੇ ਉਸਨੂੰ ਦਸਿਆ, “ਯਿਸੂ ਨਾਸਰੀ, ਇਥੇ ਆ ਰਿਹਾ ਹੈ।” 38 ਅੰਨ੍ਹਾ ਆਦਮੀ ਬੜਾ ਉਤਸਾਹਤ ਹੋਇਆ ਅਤੇ ਆਖਣ ਲੱਗਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਤੇ ਮਿਹਰ ਕਰ!” 39 ਜਿਹੜੇ ਲੋਕ ਅੱਗੇ ਆਗੂ ਬਣਕੇ ਚਲ ਰਹੇ ਸਨ ਉਨ੍ਹਾਂ ਨੇ ਅੰਨ੍ਹੇ ਆਦਮੀ ਨੂੰ ਇਉਂ ਬੋਲਣ ਤੋਂ ਵਰਜਿਆ। ਪਰ ਅੰਨ੍ਹਾ ਆਦਮੀ ਹੋਰ ਵੀ ਜੋਰ ਦੀ ਰੌਲਾ ਪਾਉਣ ਲੱਗਾ, “ਯਿਸੂ, ਦਾਊਦ ਦੇ ਪੁੱਤਰ, ਮੇਰੇ ਤੇ ਮਿਹਰ ਕਰ!” 40 ਯਿਸੂ ਉਥੇ ਰੁਕਿਆ ਅਤੇ ਆਖਿਆ, “ਉਸ ਅੰਨ੍ਹੇ ਆਦਮੀ ਨੂੰ ਮੇਰੇ ਕੋਲ ਲਿਆਵੋ। ਜਦੋਂ ਅੰਨ੍ਹਾ ਆਦਮੀ ਨੇੜੇ ਆਇਆ ਤਾਂ ਉਸਨੇ ਉਸਨੂੰ ਪੁੱਛਿਆ, 41 “ਤੂੰ ਮੈਥੋਂ ਆਪਣੇ ਵਾਸਤੇ ਕੀ ਕਰਾਉਣਾ ਚਾਹੁੰਦਾ ਹੈ?”ਉਸਨੇ ਆਖਿਆ, “ਪ੍ਰਭੂ! ਮੈਂ ਵੇਖਣਾ ਚਾਹੁੰਦਾ ਹਾਂ।” 42 ਯਿਸੂ ਨੇ ਉਸਨੂੰ ਕਿਹਾ, “ਆਪਣੀ ਦ੍ਰਿਸ਼ਟੀ ਪ੍ਰਾਪਤ ਕਰ! ਤੇਰੀ ਆਸਥਾ ਨੇ ਤੈਨੂੰ ਰਾਜੀ ਕੀਤਾ ਹੈ।” 43 ਤਦ ਉਹ ਮਨੁੱਖ ਵੇਖਣ ਦੇ ਸਮਰਥ ਸੀ। ਉਹ ਪਰਮੇਸ਼ੁਰ ਦੀ ਉਸਤਤਿ ਕਰਦਾ ਹੋਇਆ ਯਿਸੂ ਦਾ ਅਨੁਸਰਣ ਕਰਨ ਲੱਗਾ। ਜਿਨ੍ਹਾ ਸਾਰੇ ਲੋਕਾਂ ਨੇ ਇਹ ਵੇਖਿਆ ਉਨ੍ਹਾਂ ਨੇ ਵੀ ਪਰਮੇਸ਼ੁਰ ਦੀ ਉਸਤਤਿ ਕੀਤੀ।

19:1 ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਲੰਘ ਰਿਹਾ ਸੀ। 2 ਯਰੀਹੋ ਵਿੱਚ ਜ਼ਕ੍ਕੀ ਨਾਂ ਦਾ ਇੱਕ ਆਦਮੀ ਸੀ, ਉਹ ਇੱਕ ਅਮੀਰ ਅਤੇ ਪ੍ਰਧਾਨ ਮਸੂਲੀਆ ਸੀ। 3 ਉਹ ਵੇਖਣਾ ਚਾਹੁੰਦਾ ਸੀ ਕਿ ਇਹ ਯਿਸੂ ਕੌਣ ਹੈ? ਹੋਰ ਵੀ ਬੜੇ ਲੋਕ ਉਥੇ ਸਨ ਜਿਹੜੇ ਕਿ ਉਸਨੂੰ ਵੇਖਣਾ ਚਾਹੁਦੇ ਸਨ। ਕਿਉਂਕਿ ਜ਼ਕੀ ਮਧਰਾ ਸੀ, ਉਹ ਭੀੜ ਵਿੱਚ ਯਿਸੂ ਨੂੰ ਨਾ ਵੇਖ ਸਕਿਆ। 4 ਇਸ ਲਈ ਉਹ ਰਾਹ ਦੇ ਉਸ ਹਿੱਸੇ ਵੱਲ ਅੱਗੇ ਨਸਿਆ ਜਿੱਧਰੋਂ ਯਿਸੂ ਆ ਰਿਹਾ ਸੀ। ਫ਼ਿਰ ਉਹ ਉਸਨੂੰ ਵੇਖਣ ਲਈ ਗੁੱਲਰ ਦੇ ਰੁੱਖ ਤੇ ਚੜ ਗਿਆ। 5 ਜਦੋਂ ਯਿਸੂ ਉਸ ਥਾਵੇਂ ਅੱਪੜਿਆ, ਉਸ ਉੱਪਰ ਤਕਿਆ ਅਤੇ ਜ਼ਕੀ ਨੂੰ ਰੁੱਖ ਉੱਤੇ ਵੇਖਿਆ। ਯਿਸੂ ਨੇ ਉਸਨੂੰ ਆਖਿਆ, “ਜ਼ਕੀ, ਜਲਦੀ ਹੇਠਾਂ ਉੱਤਰ ਆ! ਅੱਜ ਰਾਤ ਮੈਂ ਤੇਰੇ ਘਰ ਰੁਕਣਾ ਹੈ।” 6 ਜਕੀ ਫ਼ਟਾਫ਼ਟ ਹੇਠਾਂ ਉੱਤਰਿਆ ਅਤੇ ਉਸਨੇ ਖੁਸ਼ੀ ਨਾਲ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ। 7 ਸਭ ਲੋਕਾਂ ਨੇ ਇਹ ਨਜ਼ਾਰਾ ਵੇਖਿਆ ਅਤੇ ਉਹ ਸ਼ਿਕਾਇਤ ਕਰਨ ਲੱਗੇ, “ਵੇਖੋ! ਯਿਸੂ ਇੱਕ ਪਾਪੀ ਦੇ ਘਰ ਠਹਿਰਣ ਗਿਆ ਹੈ।” 8 ਪਰ ਜ਼ਕੀ ਉੱਪਰ ਉਠਿਆ ਅਤੇ ਆਖਿਆ, “ਪ੍ਰਭੂ, ਮੈਂ ਆਪਣਾ ਅਧਾ ਧਨ ਗਰੀਬਾਂ ਨੂੰ ਦੇਣ ਦਾ ਇਕਰਾਰ ਕਰਦਾ ਹਾਂ। ਜੇਕਰ ਮੈਂ ਕਿਸੇ ਨਲ ਧੋਖਾ ਕਰਾਂ ਤਾਂ ਉਸਦਾ ਚੌਗੁਣਾ ਉਸ ਮਨੁੱਖ ਨੂੰ ਮੋੜਾਂਗਾ।” 9 ਯਿਸੂ ਨੇ ਕਿਹਾ, “ਅੱਜ, ਇਸ ਖਾਨਦਾਨ ਲਈ ਮੁਕਤੀ ਆਈ ਹੈ। ਕਿਉਂਕਿ ਇਹ ਮਸੂਲੀਆਂ ਵੀ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਵਿੱਚੋਂ ਇੱਕ ਹੈ। 10 ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲਭਣ ਅਤੇ ਬਚਾਉਣ ਲਈ ਆਇਆ ਹੈ।” 11 ਲੋਕ ਉਨ੍ਹਾਂ ਗੱਲਾਂ ਨੂੰ ਸੁਣ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਨੂੰ ਆਖੀਆਂ। ਪਰ ਹੁਣ, ਉਹ ਯਰੂਸ਼ਲਮ ਦੇ ਨੇੜੇ ਆ ਗਿਆ, ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਪਰਮੇਸ਼ੁਰ ਦਾ ਰਾਜ ਜਲਦੀ ਆਵੇਗਾ। 12 ਯਿਸੂ ਜਾਣਦਾ ਸੀ ਕਿ ਲੋਕ ਇੰਝ ਸੋਚ ਰਹੇ ਹਨ ਤਾਂ ਇਸ ਆਧਾਰ ਤੇ ਉਸਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਜ਼ਾਦਾ ਕਿਸੇ ਦੂਰ ਦੇਸ਼ ਜਾਣ ਲਈ ਤਿਆਰ ਹੋ ਰਿਹਾ ਸੀ, ਜਿਥੇ ਉਸਨੂੰ ਰਾਜਾ ਬਣਾ ਦਿੱਤਾ ਜਾਣਾ ਸੀ ਅਤੇ ਫ਼ੇਰ ਉਸਨੇ ਆਪਣੇ ਦੇਸ਼ ਵਾਪਸ ਆਉਣਾ ਸੀ। 13 ਇਸਲਈ ਉਸਨੇ ਆਪਣੇ ਦਸ ਨੋਕਰਾਂ ਨੂੰ ਇਕਠਿਆਂ ਕੀਤਾ। ਉਸਨੇ ਹਰ ਇੱਕ ਨੂੰ ਦੌਲਤ ਦਾ ਇੱਕ ਥੈਲਾ ਦਿੱਤਾ। ਅਤੇ ਉਨ੍ਹਾਂ ਨੂੰ ਕਿਹਾ, ‘ਜਦ ਤੱਕ ਮੈਂ ਵਾਪਸ ਮੁੜਾਂ ਤੁਸੀਂ ਇਸ ਧਨ ਨਾਲ ਵਪਾਰ ਕਰਨਾ।’ 14 ਪਰ ਉਸਦੇ ਰਾਜ ਵਿੱਚ ਲੋਕਾਂ ਨੇ ਉਸਨੂੰ ਨਫ਼ਰਤ ਕੀਤੀ। ਇਸ ਲਈ ਲੋਕਾਂ ਨੇ ਕਾਸਦਾਂ ਦਾ ਇੱਕ ਗੁਟ ਉਸ ਆਦਮੀ ਦੇ ਮਗਰ ਦੂਜੇ ਦੇਸ਼ ਭੇਜਿਆ। ਦੂਜੇ ਦੇਸ਼ ਵਿੱਚ ਜਾਕੇ ਕਾਸਦਾਂ ਦੇ ਹੱਥ ਸੁਨੇਹਾ ਭੇਜਿਆ, ‘ਅਸੀਂ ਉਸਨੂੰ ਆਪਣਾ ਰਾਜਾ ਬਨਾਉਣਾ ਨਹੀਂ ਚਾਹੁੰਦੇ।’ 15 “ਪਰ ਉਹ ਆਦਮੀ ਰਾਜਾ ਬਣ ਗਿਆ। ਜਦੋਂ ਉਹ ਮੁੜ ਆਇਆ, ਉਸਨੇ ਆਖਿਆ, ‘ਉਨ੍ਹਾਂ ਨੋਕਰਾਂ ਨੂੰ ਸੱਦੋ ਜਿਨ੍ਹਾਂ ਨੂੰ ਮੈਂ ਧਨ ਦਿੱਤਾ ਸੀ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਧਨ ਨਾਲ ਉਨ੍ਹਾਂ ਨੇ ਕਿੰਨਾ ਨਫ਼ਾ ਕਮਾਇਆ ਹੈ।’ 16 ਪਹਿਲਾ ਨੋਕਰ ਆਇਆ ਤੇ ਆਖਿਆ, “ਮਾਲਕ! ਜੋ ਧਨ ਤੁਸੀਂ ਮੈਨੂੰ ਦੇ ਗਏ ਸੀ, ਉਸਨੂੰ ਲਗਾ ਕੇ ਮੈਂ ਦਸ ਗੁਣਾ ਕਰ ਲਿਆ ਹੈ। 17 ਬਾਦਸ਼ਾਹ ਨੇ ਉਸਨੂੰ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈ। ਤੂੰ ਇਹ ਸਾਬਤ ਕਰ ਦਿੱਤਾ ਹੈ ਕਿ ਤੂੰ ਛੋਟੀਆਂ ਚੀਜ਼ਾਂ ਵਿੱਚ ਵਿਸ਼ਵਾਸਯੋਗ ਹੈ, ਇਸ ਲਈ ਮੈਂ ਹੁਣ ਤੈਨੂੰ ਦਸ ਸ਼ਹਿਰਾਂ ਦਾ ਹਾਕਮ ਬਣਾਵਾਂਗਾ। 18 “ਦੂਜੇ ਨੇ ਆਖਿਆ, ‘ਮਾਲਕ! ਮੈਂ ਤੁਹਾਡੇ ਇੱਕ ਧਨ ਦੇ ਥੈਲੇ ਨਾਲ ਪੰਜ ਗੁਣਾ ਧਨ ਕਮਾਇਆ ਹੈ। 19 ਬਾਦਸ਼ਾਹ ਨੇ ਉਸ ਨੌਕਰ ਨੂੰ ਕਿਹਾ, ‘ਮੈਂ ਤੈਨੂੰ ਪੰਜ ਸ਼ਹਿਰਾਂ ਦਾ ਹਾਕਮ ਬਣਾਵਾਂਗਾ। 20 “ਤਦ ਇੱਕ ਹੋਰ ਨੋਕਰ ਅੰਦਰ ਆਇਆ ਅਤੇ ਉਸਨੇ ਆਣਕੇ ਕਿਹਾ, ‘ਸੁਆਮੀ, ਇਹ ਰਿਹਾ ਤੁਹਾਡਾ ਧਨ ਵਾਲਾ ਥੈਲਾ। ਮੈਂ ਇਸਨੂੰ ਵੱਡੇ ਕੱਪੜੇ ਵਿੱਚ ਲਪੇਟ ਕੇ ਲੁਕਾ ਦਿੱਤਾ ਸੀ। 21 ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਸਖਤ ਤਬੀਅਤ ਦੇ ਆਦਮੀ ਹੋ। ਤੁਸੀਂ ਉਹ ਧਨ ਲੈਂਦੇ ਹੋ ਜੋ ਤੁਸੀਂ ਕਮਾਇਆ ਨਹੀਂ ਸੀ ਅਤੇ ਜੋ ਬੀਜਿਆ ਨਹੀਂ ਸੀ ਸੋ ਵਢਦੇ ਹੋ।’ 22 “ਤਦ ਰਾਜੇ ਨੇ ਨੋਕਰ ਨੂੰ ਆਖਿਆ, ‘ਓ ਦੁਸ਼ਟ ਨੋਕਰ! ਮੈਂ ਤੇਰੇ ਆਪਣੇ ਹੀ ਸ਼ਬਦਾਂ ਨਾਲ ਤੇਰੀ ਨਿਖੇਧੀ ਕਰਾਂਗਾ, ਤੂੰ ਆਖਿਆ ਹੈ ਕਿ ਮੈਂ ਸਖਤ ਦਿਲ ਆਦਮੀ ਹਾਂ ਅਤੇ ਮੈਂ ਉਹ ਧਨ ਲੈਂਦਾ ਹਾਂ ਜੋ ਮੈਂ ਕਮਾਇਆ ਨਹੀਂ ਅਤੇ ਉਹ ਅੰਨ ਲੈ ਲੈਂਦਾ ਹਾਂ ਜੋ ਮੈਂ ਬੀਜਿਆ ਨਹੀਂ। 23 ਜੇਕਰ ਇਹ ਸੱਚ ਹੈ, ਤਾਂ ਤੈਨੂੰ ਮੇਰੇ ਧਨ ਨੂੰ ਸਰਾਫ਼ੇ ਦੀ ਹਟੀ ਵਿੱਚ ਰੱਖਣਾ ਚਾਹੀਦਾ ਸੀ, ਤਾਂ ਜੋ ਜਦੋਂ ਮੈਂ ਵਾਪਸ ਪਰਤਦਾ, ਮੈਂ ਆਪਣਾ ਧਨ ਕੁਝ ਬਿਆਜ ਨਾਲ ਪ੍ਰਾਪਤ ਕੀਤਾ ਹੁੰਦਾ। 24 ਤਦ ਜਿਹੜੇ ਆਦਮੀ ਖੜੇ ਇਹ ਸਭ ਵੇਖ ਰਹੇ ਸਨ ਉਸਨੇ ਉਨ੍ਹਾਂ ਨੂੰ ਕਿਹਾ, ‘ਧਨ ਦਾ ਇਹ ਝੋਲਾ ਇਸ ਨੋਕਰ ਤੋਂ ਲੈ ਲਵੋ ਅਤੇ ਉਸ ਨੋਕਰ ਨੂੰ ਦੇ ਦੇਵੋ ਜਿਸਨੇ ਧਨ ਦੇ ਦਸ ਝੋਲੇ ਕਮਾਏ ਹਨ।’ 25 “ਉਨ੍ਹਾਂ ਮਨੁੱਖਾਂ ਨੇ ਰਾਜੇ ਨੂੰ ਕਿਹਾ, ‘ਪਰ ਸੁਆਮੀ! ਉਸ ਆਦਮੀ ਕੋਲ ਤਾਂ ਪਹਿਲਾਂ ਹੀ ਧਨ ਦੇ ਦਸ ਝੋਲੇ ਹਨ।’ 26 “ਫ਼ੇਰ ਰਾਜੇ ਨੇ ਆਖਿਆ, “ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਉਸਨੂੰ ਜਿਸ ਕੋਲ ਹੈ, ਜ਼ਿਆਦਾ ਦਿੱਤਾ ਜਾਵੇਗਾ, ਪਰ ਹਰ ਕੋਈ ਜਿਸ ਕੋਲ ਨਹੀਂ ਹੈ ਜੋ ਉਸ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ। 27 ਹੁਣ ਕਿਥੇ ਹਨ ਮੇਰੇ ਵੈਰੀ? ਕਿਥੇ ਹਨ ਉਹ ਜੋ ਮੈਨੂੰ ਆਪਣਾ ਰਾਜਾ ਨਹੀਂ ਬਨਾਉਣਾ ਚਾਹੁੰਦੇ ਸਨ? ਮੇਰੇ ਵੈਰੀਆਂ ਨੂੰ ਇਥੇ ਲਿਆਕੇ ਮਾਰ ਸੁੱਟੋ। ‘ਮੈਂ ਉਨ੍ਹਾਂ ਨੂੰ ਮਰਦੇ ਹੋਏ ਵੇਖਾਂਗਾ।’” 28 ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 29 ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30 “ਉਹ ਸ਼ਹਿਰ, ਜੋ ਤੁਹਾਨੂੰ ਇਥੋਂ ਨਜ਼ਰ ਆ ਰਿਹਾ ਹੈ, ਉਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 31 ਜੇਕਰ ਤੁਹਾਨੂੰ ਕੋਈ ਪੁਛੇ, ‘ਤੁਸੀਂ ਇਸਨੂੰ ਕਿਉਂ ਲਿਜਾ ਰਹੇ ਹੋ?’ ਉਸਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’ 32 “ਦੋਨੋ ਚੇਲੇ ਸ਼ਹਿਰ ਅੰਦਰ ਚਲੇ ਗਏ। ਉਨ੍ਹਾਂ ਨੇ ਉਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦਸਿਆ ਸੀ। 33 ਜਿਵੇਂ ਹੀ ਉਹ ਇਸਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?” 34 ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 35 ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36 ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ। 37 ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਸ਼ਰਧਾਲੂਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। 38 ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪ੍ਰਭੂ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਆਖਿਆ,“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’ ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।” 39 ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!” 40 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉਠਣਗੇ।” 41 ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ। 42 ਉਸਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸਨੂੰ ਨਹੀਂ ਜਾਣ ਸਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ। 43 ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ। 44 ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸਨੂੰ ਮਹਿਸੂਸ ਨਾ ਕੀਤਾ।” 45 ਯਿਸੂ ਮੰਦਰ ਦੇ ਖੇਤਰ ਵਿੱਚ ਗਿਆ। ਅਤੇ ਉਸਨੇ ਉਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ, ਜੋ ਅੰਦਰ ਚੀਜ਼ਾਂ ਵੇਚ ਰਹੇ ਸਨ। 46 ਯਿਸੂ ਨੇ ਕਿਹਾ, “ਇਹ ਪੋਥੀਆਂ ਵਿੱਚ ਲਿਖਿਆ ਹੈ, ‘ਮੇਰਾ ਘਰ ਇੱਕ ਪ੍ਰਾਰਥਨਾ ਦਾ ਘਰ ਹੋਵੇਗਾ’, ਪਰ ਤੁਸੀਂ ਇਸਨੂੰ ਡਾਕੂਆਂ ਦੇ ਲੁਕਣ ਦੀ ਜਗ੍ਹਾ ਵਿੱਚ ਬਦਲ ਦਿੱਤਾ ਹੈ।’” 47 ਯਿਸੂ ਨੇ ਹਰ ਰੋਜ਼ ਮੰਦਰ ਵਿੱਚ ਉਪਦੇਸ਼ ਦਿੱਤੇ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਕੁਝ ਲੋਕ ਦੇ ਆਗੂ ਯਿਸੂ ਨੂੰ ਮਾਰਨ ਦਾ ਮੌਕਾ ਤਾੜ ਰਹੇ ਸਨ। 48 ਪਰ ਉਹ ਉਸਨੂੰ ਮਾਰਨ ਦਾ ਰਾਹ ਨਾ ਲਭ ਸਕੇ ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਯਿਸੂ ਦੇ ਉਪਦੇਸ਼ਾਂ ਨੂੰ ਸੁਣ ਰਹੇ ਸਨ।

20:1 ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਮ੍ਹਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼-ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ। 2 ਉਨ੍ਹਾਂ ਨੇ ਉਸਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?” 3 ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ। 4 ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?” 5 ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਤੁਸੀਂ ਕਿਹਾ ਕਿ ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 6 ਪਰ ਜੇਕਰ ਅਸੀਂ ਆਖਦੇ ਹਾਂ ਕਿ, ‘ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।’ 7 ਇਸ ਲਈ ਉਨ੍ਹਾਂ ਨੇ ਆਖਿਆ, ‘ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।” 8 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹੜਾ ਅਧਿਕਾਰ ਇਸਤੇਮਾਲ ਕਰਦਾ ਹਾਂ?” 9 ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚਲਿਆ ਗਿਆ। 10 ਸਮਾਂ ਆਉਣ ਤੇ ਰੁੱਤ ਸਿਰ ਉਸਨੇ ਇੱਕ ਨੌਕਰ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਸਨੂੰ ਅੰਗੂਰਾਂ ਵਿੱਚੋਂ ਉਸਦਾ ਬਣਦਾ ਹਿੱਸਾ ਦੇਣ। ਪਰ ਕਿਸਾਨਾਂ ਨੇ ਨੌਕਰ ਨੂੰ ਕੁਟਿਆ ਅਤੇ ਉਸਨੂੰ ਖਾਲੀ ਹੱਥੀਂ ਵਾਪਸ ਭੇਜ ਦਿੱਤਾ। 11 ਤਾਂ ਫ਼ਿਰ ਉਸ ਮਨੁੱਖ ਨੇ ਉਨ੍ਹਾਂ ਕੋਲ ਆਪਣਾ ਦੂਜਾ ਨੌਕਰ ਭੇਜਿਆ। ਉਨ੍ਹਾਂ ਨੇ ਇਸਨੂੰ ਵੀ ਕੁਟਿਆ ਅਤੇ ਬੇਇੱਜ਼ਤ ਕਰਕੇ ਉਸਨੂੰ ਖਾਲੀ ਹੱਥੀ ਭੇਜ ਦਿੱਤਾ। 12 ਫ਼ੇਰ ਉਸ ਆਦਮੀ ਨੇ ਕਿਸਾਨਾਂ ਕੋਲ ਇੱਕ ਤੀਜਾ ਨੌਕਰ ਭੇਜਿਆ। ਉਨ੍ਹਾਂ ਨੇ ਉਸਨੂੰ ਕੁਟਿਆ ਅਤੇ ਜ਼ਖਮੀ ਕਰਕੇ ਉਸਨੂੰ ਬਾਹਰ ਸੁੱਟ ਦਿੱਤਾ। 13 “ਉਸ ਖੇਤ ਦੇ ਮਾਲਕ ਨੇ ਸੋਚਿਆ, ‘ਮੈਂ ਹੁਣ ਕੀ ਕਰਾਂ? ਮੈਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ। ਇਹ ਕਿਸਾਨ ਮੇਰੇ ਪੁੱਤਰ ਨੂੰ ਇੱਜ਼ਤ ਦੇਣਗੇ!’ 14 ਜਦੋਂ ਕਿਸਾਨਾਂ ਨੇ ਉਸਦੇ ਪੁੱਤਰ ਨੂੰ ਆਉਂਦਾ ਵੇਖਿਆ ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, ‘ਇਹ ਮਾਲਕ ਦਾ ਪੁੱਤਰ ਹੈ ਜੋ ਕਿ ਇਸ ਅੰਗੂਰਾਂ ਦੇ ਬਾਗ ਦਾ ਵਾਰਸ ਹੈ, ਆਓ ਇਸਨੂੰ ਮਾਰ ਦੇਈਏ ਤਾਂ ਜੋ ਇਹ ਅੰਗੂਰਾਂ ਦਾ ਬਾਗ ਸਾਡਾ ਹੋ ਜਾਵੇਗਾ।’ 15 ਇਸ ਲਈ ਕਿਸਾਨਾਂ ਨੇ ਉਸਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਮਾਰ ਦਿੱਤਾ।“ਤਾਂ ਹੁਣ ਅੰਗੂਰਾਂ ਦੇ ਬਾਗ ਦਾ ਮਾਲਕ ਕੀ ਕਰੇਗਾ? 16 ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਰ ਦੇਵੇਗਾ। ਅਤੇ ਅੰਗੂਰਾਂ ਦੇ ਬਾਗ ਨੂੰ ਦੂਸਰੇ ਕਿਸਾਨਾਂ ਨੂੰ ਠੇਕੇ ਤੇ ਦੇ ਦੇਵੇਗਾ।”ਜਦੋਂ ਲੋਕਾਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਆਖਣ ਲੱਗੇ, “ਨਹੀਂ! ਪ੍ਰਭੂ ਨਾ ਕਰੇ ਕਿ ਅਜਿਹਾ ਹੋਵੇ।” 17 ਪਰ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਕਿਆ ਅਤੇ ਆਖਿਆ, “ਤਾਂ ਫ਼ੇਰ ਇਸ ਲਿਖਤ ਦਾ ਕੀ ਅਰਥ:‘ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦ ਕੀਤਾ ਉਹ ਖੂਂਜੇ ਦਾ ਪੱਥਰ ਬਣ ਗਿਆ।’ 18 ਹਰ ਕੋਈ ਜੋ ਉਸ ਪੱਥਰ ਤੇ ਡਿੱਗੇਗਾ ਟੁਕੜੇ-ਟੁਕੜੇ ਹੋ ਜਾਵੇਗਾ। ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ ਕੁਚਲਿਆ ਜਾਵੇਗਾ।” 19 ਯਹੂਦੀ ਆਗੂਆਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਅਤੇ ਮਹਿਸੂਸ ਕੀਤਾ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਕਿਹਾ ਗਿਆ ਸੀ। ਇਸ ਲਈ ਉਹ ਉਸਨੂੰ ਉਸ ਵੇਲੇ ਫੜਨਾ ਚਾਹੁੰਦੇ ਸਨ ਪਰ ਉਹ ਲੋਕਾਂ ਕੋਲੋਂ ਡਰਦੇ ਸਨ ਉਹ ਖਬਰੇ ਕੀ ਕਰਨਗੇ? 20 ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ੜਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਆਖਣੀਆਂ ਵਿੱਚੋਂ ਕੋਈ ਗਲਤੀ ਲਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ। 21 ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। 22 ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?” 23 ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸਨੇ ਉਨ੍ਹਾਂ ਨੂੰ ਕਿਹਾ, 24 “ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?”ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।” 25 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।” 26 ਲੋਕ ਉਸਦੇ ਇੰਨੇ ਬੁਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸਕੇ। ਉਹ ਭੀੜ ਅੱਗੇ ਯਿਸੂ ਦੀਆਂ ਆਖਣੀਆਂ ਵਿੱਚੋਂ ਕੋਈ ਗਲਤੀ ਲਭਣ ਵਿੱਚ ਅਸਮਰਥ ਸਨ। 27 ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉਥਾਨ ਹੈ। 28 ਉਨ੍ਹਾਂ ਉਸਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ। ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸਕੇ। 29 ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸਦੇ ਕੋਈ ਉਲਾਦ ਨਾ ਹੋਈ। 30 ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ। 31 “ਉਸਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ। 32 ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, 33 ਹੁਣ, ਪੁਨਰ ਉਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?” 34 ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ। 35 ਪਰ ਉਹ ਲੋਕ ਜਿਹੜੇ ਮੌਤ ਤੋਂ ਉਭਾਰੇ ਜਾਣ ਦੇ ਯੋਗ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ। 36 ਅਤੇ ਉਹ ਹੋਰ ਨਹੀਂ ਮਰ ਸਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ। 37 ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਉਭਾਰੇ ਜਾਣਗੇ। ਉਸਨੇ ਅਜਿਹਾ ਮਚਦੀ ਹੋਈ ਝਾੜੀ ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ। 38 ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।” 39 ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।” 40 ਉਸ ਵੇਲੇ ਤੋਂ, ਕੋਈ ਵੀ ਇੰਨਾ ਨਿਡਰ ਨਹੀਂ ਸੀ ਕਿ ਉਸਨੂੰ ਕੋਈ ਹੋਰ ਸਵਾਲ ਕਰ ਸਕੇ। 41 ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 42 ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ:‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ,ਤੂੰ ਮੇਰੇ ਸੱਜੇ ਪਾਸੇ ਬੈਠ’ 43 ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’ 44 4ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸਕਦਾ ਹੈ?” 45 ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸਨੇ ਆਪਣੇ ਚੇਲਿਆਂ ਨੂੰ ਕਿਹਾ, 46 “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47 ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਲੋਕਾਂ ਦਾ ਨਿਰਣਾ ਵਧੇਰੇ ਗੰਭੀਰਤਾ ਨਾਲ ਕੀਤਾ ਜਾਵੇਗਾ।”

21:1 ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ। 2 ਤਦ ਉਸਨੇ ਇੱਕ ਗਰੀਬ ਵਿਧਵਾ ਵੇਖੀ। 3 ਉਸਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸਨੇ ਅਮੀਰ ਲੋਕਾਂ ਨਾਲੋਂ ਵਧ ਪਾਇਆ ਹੈ। 4 ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸਨੂੰ ਜਿਉਣ ਵਾਸਤੇ ਚਾਹੀਦੇ ਸਨ।” 5 ਕੁਝ ਚੇਲੇ ਆਪਸ ਵਿੱਚ ਮੰਦਰ ਬਾਰੇ ਗੱਲਾਂ ਕਰਦੇ ਹੋਏ ਕਹਿ ਰਹੇ ਸਨ, “ਇਹ ਬੜਾ ਖੂਬਸੂਰਤ ਮੰਦਰ ਹੈ, ਜੋ ਕਿ ਸਭ ਤੋਂ ਵਧੀਆ ਪੱਥਰਾਂ ਦਾ ਬਣਿਆ ਹੋਇਆ ਹੈ। ਵੇਖੋ, ਇਸ ਮੰਦਰ ਨੂੰ ਸਜਾਉਣ ਵਾਸਤੇ ਕਿੰਨੇ ਤੋਹਫ਼ੇ ਭੇਂਟ ਕੀਤੇ ਗਏ ਹਨ। 6 ਪਰ ਯਿਸੂ ਨੇ ਕਿਹਾ, “ਇੱਕ ਸਮਾਂ ਆਵੇਗਾ ਜਦੋਂ ਤੁਸੀਂ ਵੇਖੋਂਗੇ ਕਿ ਜੋ ਕੁਝ ਵੀ ਇਥੇ ਦਿਸ ਰਿਹਾ ਹੈ ਸਭ ਨਸ਼ਟ ਹੋ ਜਾਵੇਗਾ। ਇਸ ਮੰਦਰ ਦੇ ਹਰ ਪੱਥਰ ਨੂੰ ਥੱਲੇ ਧਰਤੀ ਤੇ ਸੁਟਿਆ ਜਾਵੇਗਾ। ਇੱਕ ਵੀ ਪੱਥਰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹੇਗਾ।” 7 ਚੇਲਿਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਕਿਹੜਾ ਨਿਸ਼ਾਨ ਵਿਖਾਵੇਗਾ ਕਿ ਇਹ ਇਨ੍ਹਾਂ ਗੱਲਾਂ ਦੇ ਹੋਣ ਦਾ ਸਮਾਂ ਹੈ?” 8 ਯਿਸੂ ਨੇ ਕਿਹਾ, “ਸਾਵਧਾਨ ਰਹੋ! ਤਾਂ ਜੋ ਕੋਈ ਵੀ ਤੁਹਾਨੂੰ ਮੂਰਖ ਨਾ ਬਣਾ ਸਕੇ। ਬਹੁਤ ਸਾਰੇ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, ‘ਮੈਂ ਮਸੀਹ ਹਾਂ’, ਅਤੇ ‘ਸਹੀ ਵਕਤ ਆ ਗਿਆ ਹੈ!’ ਪਰ ਉਨ੍ਹਾਂ ਦੇ ਪਿਛੇ ਨਾ ਲਗਿਓ। 9 ਪਰ ਜਦੋਂ ਤੁਸੀਂ ਲੜਾਈਆਂ ਅਤੇ ਦੰਗਿਆਂ ਬਾਰੇ ਸੁਣੋ ਤਾਂ ਡਰਿਓ ਨਾ। ਇਹ ਸਭ ਕੁਝ ਪਹਿਲੋਂ ਹੋਣਾ ਹੈ, ਪਰ ਅੰਤ ਬਾਦ ਵਿੱਚ ਆਵੇਗਾ।” 10 ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕੌਮਾਂ ਇੱਕ ਦੂਸਰੇ ਦੇ ਖਿਲਾਫ਼ ਯੁਧ ਕਰਨਗੀਆਂ, ਅਤੇ ਰਾਜ ਇੱਕ ਦੂਸਰੇ ਦੇ ਖਿਲਾਫ਼ ਯੁਧ ਕਰਨਗੇ। 11 ਇਥੇ ਬਹੁਤ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ ਅਤੇ ਵਖ-ਵਖ ਥਾਵਾਂ ਤੇ ਮਹਾਮਾਰੀ ਪਵੇਗੀ, ਕੁਝ ਡਰਾਉਣੀਆਂ ਗੱਲਾਂ ਵਾਪਰਨਗੀਆਂ ਕੁਝ ਮਹਾਨ ਨਿਸ਼ਾਨ ਲੋਕਾਂ ਨੂੰ ਚੇਤਾਵਨੀ ਦੇਣ ਲਈ ਸਵਰਗ ਤੋਂ ਆਉਣਗੇ। 12 “ਪਰ ਇਹ ਸਭ ਗੱਲਾਂ ਵਾਪਰਨ ਤੋਂ ਪਹਿਲਾਂ, ਤੁਸੀਂ ਗਿਰਫ਼ਤਾਰ ਕੀਤੇ ਜਾਵੋਂਗੇ ਅਤੇ ਤੁਹਾਨੂੰ ਤਸੀਹੇ ਦਿੱਤੇ ਜਾਣਗੇ। ਲੋਕ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਡਾ ਨਿਰਣਾ ਕਰਨਗੇ ਅਤੇ ਤੁਹਾਨੂੰ ਕੈਦ ਵਿੱਚ ਪਾ ਦੇਣਗੇ। ਤੁਹਾਨੂੰ ਮੇਰੇ ਕਾਰਣ ਰਾਜਿਆਂ ਅਤੇ ਰਾਜਪਾਲਾਂ ਸਾਮ੍ਹਣੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਜਾਵੇਗਾ। 13 ਇਹ ਸਭ ਗੱਲਾਂ ਮੇਰੇ ਬਾਰੇ ਗਵਾਹੀ ਦੇਣ ਲਈ ਤੁਹਾਨੂੰ ਅਵਸਰ ਦੇਣਗੀਆਂ। 14 ਪਰ ਆਪਣੇ ਮਨਾਂ ਨੂੰ ਪਕਿਆਂ ਕਰੋ’ ਪਹਿਲਾਂ ਤੋਂ ਹੀ ਇਸ ਗੱਲੋਂ ਨਾ ਘਬਰਾਓ ਕਿ ਤੁਹਾਨੂੰ ਖੁਦ ਦੀ ਰੱਖਿਆ ਕਰਨ ਲਈ ਕੀ ਆਖਣਾ ਚਾਹੀਦਾ ਹੈ। 15 ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸਕੇ। 16 ਇਥੋਂ ਤੱਕ ਕਿ ਤੁਹਾਡੇ ਮਾਂ-ਬਾਪ, ਭਰਾ, ਰਿਸ਼ਤੇਦਾਰ, ਦੋਸਤ ਤੁਹਾਡਾ ਵਿਰੋਧ ਕਰਨਗੇ। ਉਹ ਤੁਹਾਡੇ ਵਿੱਚੋਂ ਕਈਆਂ ਨੂੰ ਮਾਰ ਵੀ ਦੇਣਗੇ। 17 ਸਭ ਲੋਕ ਤੁਹਾਨੂੰ ਨਫਰਤ ਕਰਨਗੇ ਕਿਉਂਕਿ ਤੁਸੀਂ ਮੇਰੇ ਪਿਛੇ ਤੁਰੇ। 18 ਪਰ ਇਹ ਸਭ ਚੀਜਾਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ। 19 ਤੁਸੀਂ ਆਪਣੇ ਵਿਸ਼ਵਾਸ ਵਿੱਚ ਤਕੜੇ ਰਹਿਕੇ ਆਪਣੇ-ਆਪ ਨੂੰ ਬਚਾ ਲਵੋਂਗੇ। 20 “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ। 21 ਉਸ ਵੇਲੇ, ਉਹ ਜਿਹੜੇ ਯਹੂਦਿਯਾ ਵਿੱਚ ਹਨ, ਪਹਾੜਾਂ ਵੱਲ ਫ਼ਰਾਰ ਹੋ ਜਾਣ ਅਤੇ ਉਨ੍ਹਾਂ ਸਾਰਿਆਂ ਨੂੰ, ਜਿਹੜੇ ਯਰੂਸ਼ਲਮ ਵਿੱਚ ਹਨ ਉਥੋਂ ਭੱਜ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਸ਼ਹਿਰ ਦੇ ਕੋਲ ਹੋਵੋ ਤਾਂ ਅੰਦਰ ਨਾ ਵੜੋ। 22 ਨਬੀਆਂ ਨੇ ਉਸ ਸਮੇਂ ਬਾਰੇ ਬੜੀਆਂ ਗੱਲਾਂ ਲਿਖਿਆਂ ਹਨ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਸਜਾਵਾਂ ਦੇਵੇਗਾ। ਇਹ ਸਮਾਂ ਹੁਣ ਹੈ ਜਦੋਂ ਇਹ ਸਭ ਵਾਪਰੇਗਾ। 23 “ਇਹ ਸਮਾਂ ਗਰਭਵਤੀ ਔਰਤਾਂ ਵਾਸਤੇ ਬੜਾ ਵਿਕਰਾਲ ਹੋਵੇਗਾ, ਅਤੇ ਉਨ੍ਹਾਂ ਮਾਵਾਂ ਵਾਸਤੇ ਵੀ, ਜਿਨ੍ਹਾਂ ਕੋਲ ਦੁਧ ਪੀਂਦੇ ਨਿਆਣੇ ਹਨ। ਕਿਉਂਕਿ ਇਸ ਧਰਤੀ ਤੇ ਬਹੁਤ ਮਾੜਾ ਸਮਾਂ ਆਉਣ ਵਾਲਾ ਹੈ। ਪ੍ਰਭੂ ਇਨ੍ਹਾਂ ਲੋਕਾਂ ਨਾਲ ਬੜੇ ਕਰੋਧ ਵਿੱਚ ਹੋਵੇਗਾ। 24 ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸਨੂੰ ਪੈਰਾਂ ਥੱਲੇ ਮਿਧਣਗੇ। 25 “ਸੂਰਜ-ਚੰਦ ਅਤੇ ਤਾਰਿਆਂ ਵਿੱਚ ਹੈਰਾਨੀਜਨਕ ਨਿਸ਼ਾਨ ਦਿਖਾਈ ਦੇਣਗੇ। ਜਦੋਂ ਧਰਤੀ ਦੀਆਂ ਕੌਮਾਂ ਸਮੁੰਦਰ ਦਾ ਉਛਲਨਾ ਅਤੇ ਗਰਜਨਾ ਵੇਖਣਗੀਆਂ ਤਾਂ ਡਰ ਅਤੇ ਵਿਆਕੁਲਤਾ ਮਹਿਸੂਸ ਕਰਨਗੀਆਂ। 26 ਲੋਕ ਘਬਰਾ ਜਾਣਗੇ ਅਤੇ ਉਹ ਇਸ ਗੱਲੋਂ ਚਿੰਤਿਤ ਹੋਣਗੇ ਕਿ ਦੁਨੀਆ ਦਾ ਕੀ ਬਣੇਗਾ ਹਰ ਚੀਜ਼ ਅਕਾਸ਼ ਵਿੱਚ ਬਦਲ ਜਾਵੇਗੀ। 27 ਫ਼ਿਰ ਲੋਕ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਬੱਦਲਾਂ ਉੱਤੇ ਆਉਂਦਿਆਂ ਵੇਖਣਗੇ। 28 ਜਦੋਂ ਇਹ ਗੱਲਾਂ ਵਾਪਰਨੀਆਂ ਸ਼ੁਰੂ ਹੋਣ, ਖੜ੍ਹੇ ਹੋਵੋ ਅਤੇ ਹੌਂਸਲਾ ਰੱਖੋ, ਕਿਉਂਕਿ ਤੁਹਾਡੇ ਛੁਟਕਾਰੇ ਦਾ ਸਮਾਂ ਨੇੜੇ ਹੈ।” 29 ਤਦ ਯਿਸੂ ਨੇ ਇਹ ਦ੍ਰਿਸ਼ਟਾਂਤ ਕਹੀ, “ਅੰਜੀਰ ਦੇ ਰੁੱਖ ਨੂੰ ਅਤੇ ਸਾਰੇ ਰੁਖਾਂ ਨੂੰ ਵੇਖੋ। ਅੰਜੀਰ ਦਾ ਰੁੱਖ ਇੱਕ ਵਧੀਆ ਮਿਸਾਲ ਹੈ। 30 ਜਦੋਂ ਇਸ ਉੱਪਰ ਹਰੇ ਪਤ੍ਤੇ ਨਿਕਲਦੇ ਹਨ ਤਾਂ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਆ ਗਈ ਹੈ। 31 ਇਸੇ ਤਰ੍ਹਾਂ ਹੀ ਜੋ ਗੱਲਾਂ ਮੈਂ ਤੁਹਾਨੂੰ ਆਖੀਆਂ ਵਾਪਰਨੀਆਂ ਹਨ। ਜਦੋਂ ਤੁਸੀਂ ਇਹ ਸਭ ਗੱਲਾਂ ਵਾਪਰਦੀਆਂ ਵੇਖੋਂਗੇ ਤਾਂ ਤੁਸੀਂ ਜਾਣ ਜਾਵੋਂਗੇ ਕਿ ਪਰਮੇਸ਼ੁਰ ਦਾ ਰਾਜ ਬਹੁਤ ਨਜ਼ਦੀਕ ਹੈ।” 32 “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਸ ਸਮੇਂ ਦੇ ਲੋਕਾਂ ਦੇ ਜਿਉਂਦੇ ਜੀਅ ਇਹ ਸਭ ਗੱਲਾਂ ਵਾਪਰਨਗੀਆਂ। 33 ਪੂਰੀ ਦੁਨੀਆਂ, ਧਰਤੀ ਅਤੇ ਅਕਾਸ਼ ਸਭ ਨਸ਼ਟ ਹੋ ਜਾਣਗੇ ਪਰ ਜੋ ਵਾਕ ਮੈਂ ਬੋਲ ਰਿਹਾ ਹਾਂ ਕਦੇ ਵੀ ਨਸ਼ਟ ਨਹੀਂ ਕੀਤੇ ਜਾਣਗੇ।” 34 “ਸਚੇਤ ਰਹੋ! ਅਸਭਿਅਤ ਦਾਵਤਾਂ ਬਾਰੇ, ਪੀਣ ਬਾਰੇ, ਅਤੇ ਦੁਨਿਆਵੀ ਚੀਜ਼ਾਂ ਬਾਰੇ ਚਿੰਤਾ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਸਹੀ ਸੋਚਣ ਦੇ ਯੋਗ ਨਹੀਂ ਹੋਵੋਂਗੇ। ਅਤੇ ਜਦੋਂ ਤੁਸੀਂ ਹਾਲੇ ਤਿਆਰ ਵੀ ਨਹੀਂ ਹੋਵੋਂਗੇ ਕਿ ਅੰਤ ਤੁਹਾਨੂੰ ਫ਼ੜ ਲਵੇਗਾ। 35 ਕਿਉਂਕਿ ਉਹ ਦਿਨ ਧਰਤੀ ਉੱਤੇ ਸਾਰੇ ਲੋਕਾਂ ਲਈ ਅਚਾਨਕ ਇੱਕ ਝਾਂਸੇ ਵਾਂਗ ਆਵੇਗਾ। 36 ਇਸ ਲਈ ਹਰ ਵਕਤ ਤਿਆਰ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ। ਅਤੇ ਤੁਸੀਂ ਮਨੁੱਖ ਦੇ ਪੁੱਤਰ ਦੇ ਸਾਮ੍ਹਣੇ ਖੜਨ ਦੇ ਯੋਗ ਹੋਵੋਂ।” 37 “ਹਰ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦਿੰਦਾ ਅਤੇ ਹਰ ਸ਼ਾਮ ਉਹ ਜੈਤੂਨ ਦੇ ਪਹਾੜ ਤੇ ਜਾਕੇ ਰਾਤ ਵਤੀਤ ਕਰਦਾ ਹੁੰਦਾ ਸੀ। 38 ਹਰ ਸਵੇਰ ਲੋਕ ਤੜਕਸਾਰ ਉਠਕੇ, ਮੰਦਰ ਵਿੱਚ ਯਿਸੂ ਦੇ ਉਪਦੇਸ਼ ਸੁਨਣ ਲਈ ਜਾਂਦੇ।

22:1 ਪਤੀਰੀ ਰੋਟੀ ਦੇ ਤਿਉਹਾਰ ਦਾ ਸਮਾਂ, ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪਹੁੰਚਿਆ। 2 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਯਿਸੂ ਨੂੰ ਮਾਰਨ ਦਾ ਰਾਹ ਲਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ। 3 ਯਿਸੂ ਦੇ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਦਾ ਨਾਂ ਯਹੂਦਾ ਇਸਕਰਿਯੋਤੀ ਸੀ। ਸ਼ੈਤਾਨ ਉਸ ਵਿੱਚ ਪ੍ਰਵੇਸ਼ ਕਰ ਗਿਆ। 4 ਯਹੂਦਾ ਨੇ ਜਾਕੇ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨਾਲ, ਜਿਹੜੇ ਮੰਦਰ ਦੀ ਨਿਗਰਾਨੀ ਕਰਦੇ ਸਨ, ਇਸ ਬਾਰੇ ਵਿਚਾਰ ਕੀਤਾ ਕਿ ਉਹ ਕਿਵੇਂ ਯਿਸੂ ਨੂੰ ਉਨ੍ਹਾਂ ਦੇ ਹੱਥ ਫ਼ੜਵਾ ਸਕੇਗਾ। 5 ਉਹ ਬਹੁਤ ਪ੍ਰਸੰਨ ਸਨ ਅਤੇ ਉਨ੍ਹਾਂ ਨੇ ਉਸ ਨਾਲ ਵਾਦਾ ਕੀਤਾ ਕਿ ਇਸ ਕਾਰਜ ਲਈ ਉਹ ਉਸਨੂੰ ਪੈਸੇ ਦੇਣਗੇ। 6 ਯਹੂਦਾ ਇਸ ਕੰਮ ਲਈ ਰਾਜੀ ਹੋ ਗਿਆ ਅਤੇ ਉਹ ਮੌਕੇ ਦੀ ਤਲਾਸ਼ ਵਿੱਚ ਰਹਿਣ ਲੱਗਾ। ਯਹੂਦਾ ਯਿਸੂ ਨੂੰ ਉਨ੍ਹਾਂ ਦੇ ਹਵਾਲੇ ਉਦੋਂ ਕਰਨਾ ਚਾਹੁੰਦਾ ਸੀ ਜਦੋਂ ਆਲੇ-ਦੁਆਲੇ ਭੀੜ ਨਾ ਹੋਵੇ। 7 ਪਤੀਰੀ ਰੋਟੀ ਦੇ ਦਿਨ ਦਾ ਤਿਉਹਾਰ ਆਇਆ। ਇਹ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਲਈ ਉਹ ਲੇਲੇ ਦਾ ਬਲੀਦਾਨ ਕਰਦੇ ਸਨ। 8 ਫਿਰ ਯਿਸੂ ਨੇ ਯੂਹੰਨਾ ਅਤੇ ਪਤਰਸ ਨੂੰ ਆਖਿਆ, “ਜਾਓ ਅਤੇ ਸਾਡੇ ਲਈ ਪਸਾਹ ਦਾ ਭੋਜਨ ਤਿਆਰ ਕਰੋ।” 9 ਪਤਰਸ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਤੂੰ ਕਿਹੜੀ ਥਾਂ ਚਾਹੁੰਦਾ ਹੈਂ ਜਿਥੇ ਅਸੀਂ ਭੋਜਨ ਤਿਆਰ ਕਰੀਏ?”ਉਸਨੇ ਉਨ੍ਹਾਂ ਨੂੰ ਆਖਿਆ, 10 “ਜਦੋਂ ਤੁਸੀਂ ਸ਼ਹਿਰ ਵਿੱਚ ਵੜੋਂਗੇ, ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦਿਆਂ ਵੇਖੋਂਗੇ। ਉਸਦੇ ਪਿਛੇ ਹੋ ਤੁਰਨਾ। ਉਹ ਇੱਕ ਘਰ ਵਿੱਚ ਵੜੇਗਾ, ਤਸੀਂ ਵੀ ਉਸ ਦੇ ਪਿਛੇ ਉਥੇ ਚਲੇ ਜਾਣਾ। 11 ਘਰ ਦੇ ਮਾਲਕ ਨੂੰ ਆਖਣਾ ਕਿ, ‘ਗੁਰੂ ਪੁਛਦਾ ਹੈ ‘ਉਹ ਕਮਰਾ ਕਿਥੇ ਹੈ ਜਿਥੇ ਉਹ ਤੇ ਉਸਦੇ ਚੇਲੇ ਪਸਾਹ ਦਾ ਭੋਜਨ ਖਾਣਗੇ?’ 12 ਫਿਰ ਮਾਲਕ ਤੁਹਾਨੂੰ ਘਰ ਦੇ ਚੁਬਾਰੇ ਤੇ ਇੱਕ ਵੱਡਾ ਕਮਰਾ ਵਿਖਾਵੇਗਾ। ਇਹ ਕਮਰਾ ਇਸਤੇਮਾਲ ਲਈ ਵਧੀਆ ਸਜਿਆ ਹੋਇਆ ਹੋਵੇਗਾ, ਤੁਸੀਂ ਉਥੇ ਪਸਾਹ ਦਾ ਭੋਜਨ ਤਿਆਰ ਕਰੋ। 13 ਪਤਰਸ ਅਤੇ ਯੂਹੰਨਾ ਗਏ, ਅਤੇ ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ। ਤਾਂ ਉਨ੍ਹਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ। 14 ਪਸਾਹ ਦਾ ਭੋਜਨ ਖਾਣ ਦਾ ਸਮਾਂ ਆਇਆ। ਯਿਸੂ ਅਤੇ ਰਸੂਲ ਇਕਠ੍ਠੇ ਭੋਜਨ ਕਰਨ ਲਈ ਬੈਠ ਗਏ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਰਨ ਤੋਂ ਪਹਿਲਾਂ ਮੈਂ ਉਤਸੁਕਤਾ ਨਾਲ ਇਹ ਪਸਾਹ ਦਾ ਭੋਜਨ ਤੁਹਾਡੇ ਨਾਲ ਕਰਨਾ ਚਾਹੁੰਦਾ ਸਾਂ। 16 ਮੈਂ ਇਹ ਪਸਾਹ ਦਾ ਭੋਜਨ ਤਦ ਤੱਕ ਨਹੀਂ ਕਰਾਂਗਾ ਜਦੋਂ ਤੀਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸਹੀ ਅਰਥਾਂ ਵਿੱਚ ਸੰਪੂਰਨ ਨਾ ਹੋਵੇ।” 17 ਉਸ ਤੋਂ ਬਾਦ, ਉਸਨੇ ਪਿਆਲਾ ਲਿਆ ਅਤੇ ਇਸ ਵਾਸਤੇ ਪਰਮੇਸ਼ੁਰ ਦਾ ਸ਼ੁਕਰਾਨਾ ਕੀਤਾ ਅਤੇ ਆਖਿਆ, “ਇਸ ਪਿਆਲੇ ਨੂੰ ਫੜੋ ਅਤੇ ਆਪਸ ਵਿੱਚ ਵੰਡ ਲਵੋ। 18 ਮੈਂ ਤੁਹਾਨੂੰ ਦੱਸਦਾ ਕਿ ਮੈਂ ਇਹ ਦਾਖ ਰਸ ਓਨਾ ਚਿਰ ਫਿਰ ਕਦੀ ਵੀ ਨਹੀਂ ਪੀਵਾਂਗਾ ਜਿੰਨਾ ਚਿਰ ਫਿਰ ਪਰਮੇਸ਼ੁਰ ਦਾ ਰਾਜ ਨਹੀਂ ਆਉਂਦਾ।” 19 ਫਿਰ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ੁਰ ਦਾ ਸ਼ੁਕਰਾਨਾ ਕਰਕੇ ਤੋੜੀ ਅਤੇ ਇਹ ਕਹਿ ਕੇ ਰਸੂਲਾਂ ਨੂੰ ਦਿੱਤੀ, “ਇਹ ਰੋਟੀ ਮੇਰਾ ਸ਼ਰੀਰ ਹੈ ਜੋ ਮੈਂ ਤੁਹਾਡੇ ਲਈ ਦੇ ਰਿਹਾ ਹਾਂ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” 20 ਇਸ ਢੰਗ ਨਾਲ ਹੀ, ਰਾਤ ਦੇ ਭੋਜਨ ਤੋਂ ਬਾਦ, ਯਿਸੂ ਨੇ ਦਾਖ ਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਪਿਆਲਾ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਨਵਾਂ ਕਰਾਰ ਵਿਖਾਉਂਦਾ ਹੈ। ਇਹ ਮੇਰੇ ਲਹੂ ਦਾ ਨਵਾਂ ਕਰਾਰ ਹੈ ਜੋ ਮੈਂ ਤੁਹਾਡੀ ਖਾਤਿਰ ਵਹਾਉਣਾ ਹੈ।” 21 ਯਿਸੂ ਨੇ ਆਖਿਆ, “ਪਰ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਧੋਖਾ ਦੇਵੇਗਾ। ਉਸਦਾ ਹੱਥ ਮੇਰੇ ਨਾਲ ਮੇਜ ਉੱਤੇ ਹੀ ਹੈ। 22 ਮਨੁੱਖ ਦਾ ਪੁੱਤਰ ਉਵੇਂ ਹੀ ਮਰੇਗਾ ਜਿਵੇਂ ਉਸ ਬਾਰੇ ਆਖਿਆ ਗਿਆ ਹੈ, ਪਰ ਇਹ ਉਸ ਵਿਅਕਤੀ ਲਈ ਭਿਆਨਕ ਹੋਵੇਗਾ ਜੋ ਉਸਨੂੰ ਧੋਖਾ ਦੇਵੇਗਾ।” 23 ਤਾਂ ਰਸੂਲ ਆਪਸ ਵਿੱਚ ਇਹ ਪੁਛਣ ਲੱਗੇ ਕਿ ਸਾਡੇ ਵਿੱਚੋਂ ਕਿਹੜਾ ਅਜਿਹਾ ਕਰੇਗਾ? 24 ਉਸਤੋਂ ਬਾਦ ਰਸੂਲਾਂ ਨੇ ਆਪਸ ਵਿੱਚ ਇਹ ਆਖਦਿਆਂ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਕੌਣ ਮਹਾਨ ਹੈ? 25 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਦੁਨੀਆਂ ਦੇ ਰਾਜੇ ਪ੍ਰਭੂਆਂ ਵਾਂਗ ਆਪਣੇ ਲੋਕਾਂ ਤੇ ਸ਼ਾਸਨ ਕਰਦੇ ਹਨ। ਜਿਨ੍ਹਾਂ ਕੋਲ ਦੂਸਰਿਆਂ ਉੱਪਰ ਇਖਤਿਆਰ ਹੈ ਉਹ ਆਪਣੇ-ਆਪ ਨੂੰ ਲੋਕਾਂ ਦੇ ਮਦਦਗਾਰ ਕਹਾਉਂਦੇ ਹਨ।’ 26 “ਪਰ ਤੁਹਾਨੂੰ ਇਸ ਤਰ੍ਹਾਂ ਦੇ ਨਹੀਂ ਹੋਣਾ ਚਾਹੀਦਾ। ਇਸਦੀ ਜਗ੍ਹਾ ਤੁਹਾਡੇ ਵਿੱਚੋਂ ਮਹਾਨ ਆਦਮੀ ਨੂੰ ਸਭ ਤੋਂ ਛੋਟੇ ਵਰਗਾ ਬਣ ਜਾਣਾ ਚਾਹੀਦਾ ਹੈ। ਆਗੂਆਂ ਨੂੰ ਸੇਵਕਾਂ ਵਾਂਗ ਹੋਣਾ ਚਾਹੀਦਾ ਹੈ। 27 ਤੁਹਾਡੀ ਰਾਇ ਵਿੱਚ ਕੌਣ ਵਧ ਮਹੱਤਵਯੋਗ ਹੈ: ਜੋ ਵਿਅਕਤੀ ਖਾਣੇ ਦੀ ਮੇਜ ਤੇ ਬੈਠਾ ਜਾਂ ਜਿਹੜਾ ਵਿਅਕਤੀ ਉਸਦੀ ਸੇਵਾ ਕਰ ਰਿਹਾ ਹੈ? ਤੁਹਾਡੇ ਖਿਆਲ ਵਿੱਚ ਜਿਹੜਾ ਮੇਜ ਤੇ ਬੈਠਾ ਹੈ ਮਹਾਨ ਹੈ ਮੈਂ ਤੁਹਾਡੇ ਵਿੱਚੋਂ ਸੇਵਕਾਂ ਵਰਗਾ ਹਾਂ।’ 28 “ਤੁਸੀਂ ਹੀ ਹੋ ਜੋ ਮੇਰੇ ਪਰਤਿਆਵਿਆਂ ਦੌਰਾਨ ਮੇਰੇ ਨਾਲ ਰਹੇ। 29 ਜਿਵੇਂ ਕਿ ਮੇਰੇ ਪਿਤਾ ਨੇ ਮੈਨੂੰ ਇੱਕ ਰਾਜ ਦਿੱਤਾ ਹੈ, ਮੈਂ ਵੀ ਤੁਹਾਨੂੰ ਇੱਕ ਰਾਜ ਦੇਵਾਂਗਾ। 30 “ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੇ ਮੇਜ ਤੇ ਬੈਠੋਂਗੇ। ਅਤੇ ਤੁਸੀਂ ਸਿੰਘਾਸਨ ਤੇ ਬੈਠਕੇ ਇਸਰਾਏਲ ਦੀਆਂ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਂਗੇ। 31 “ਆਓ ਸ਼ਮਊਨ, ਸ਼ਮਊਨ ਸ਼ੈਤਾਨ ਨੇ ਤੈਨੂੰ ਕਣਕ ਵਾਂਗ ਛਟਣ ਲਈ ਮੰਗਿਆ ਹੈ। 32 ਮੈਂ ਪ੍ਰਾਰਥਨਾ ਤੇਰੇ ਲਈ ਕੀਤੀ ਹੈ ਤਾਂ ਜੋ ਤੇਰਾ ਵਿਸ਼ਵਾਸ ਕਾਇਮ ਰਹੇ। ਅਤੇ ਜਦੋਂ ਤੂੰ ਵਾਪਸ ਮੇਰੇ ਕੋਲ ਮੁੜੇ ਤਾ ਆਪਣੇ ਭਾਈਆਂ ਨੂੰ ਵੀ ਤਕੜਾ ਕਰੀਂ।” 33 ਪਰ ਪਤਰਸ ਨੇ ਉਸਨੂੰ ਕਿਹਾ, “ਪ੍ਰਭੂ! ਮੈਂ ਤੇਰੇ ਨਾਲ ਕੈਦ ਹੋਣ ਨੂੰ ਵੀ ਤਿਆਰ ਹਾਂ, ਅਤੇ ਤੇਰੇ ਨਾਲ ਮਰਨ ਨੂੰ ਵੀ।” 34 ਪਰ ਯਿਸੂ ਨੇ ਕਿਹਾ, “ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਂਗ ਨਹੀਂ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁਕਰ ਕੇ ਨਾ ਕਹੇ ਕਿ ਮੈਂ ਤੈਨੂੰ ਨਹੀਂ ਜਾਣਦਾ।” 35 ਤਦ ਯਿਸੂ ਨੇ ਰਸੂਲਾਂ ਨੂੰ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਪ੍ਰਚਾਰ ਦੇਣ ਲਈ ਭੇਜਿਆ। ਮੈਂ ਤੁਹਾਨੂੰ ਬਿਨਾ ਪੈਸੇ, ਥੈਲੇ ਅਤੇ ਜੁਤਿਆਂ ਦੇ ਭੇਜ ਦਿੱਤਾ। ਪਰ ਕੀ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆਈ?”ਰਸੂਲਾਂ ਨੇ ਆਖਿਆ, “ਨਹੀਂ।” 36 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜੇਕਰ ਤੁਹਾਡੇ ਕੋਲ ਪੈਸੇ ਤੇ ਇੱਕ ਝੋਲਾ ਹੈ, ਉਨ੍ਹਾਂ ਨੂੰ ਆਪਣੇ ਨਾਲ ਲਵੋ। ਜੇਕਰ ਤੁਹਾਡੇ ਕੋਲ ਇੱਕ ਤਲਵਾਰ ਨਹੀਂ ਹੈ, ਤਾਂ ਆਪਣਾ ਕੁੜਤਾ ਵੇਚਕੇ ਇੱਕ ਖਰੀਦ ਲਵੋ।” 37 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ:‘ਲੋਕਾਂ ਆਖਿਆ ਕਿ ਉਹ ਇੱਕ ਅਪਰਾਧੀ ਹੈ।’ ਇਹ ਗੱਲ ਜਿਹੜੀ ਮੇਰੇ ਬਾਰੇ ਲਿਖੀ ਗਈ ਸੀ ਵਾਪਰਨੀ ਚਾਹੀਦੀ ਹੈ। ਅਤੇ ਅਸਲ ਵਿੱਚ ਹੁਣ ਵਾਪਰ ਰਹੀ ਹੈ” 38 ਚੇਲਿਆਂ ਨੇ ਕਿਹਾ, “ਵੇਖੋ, ਪ੍ਰਭੂ, ਇਥੇ ਦੋ ਤਲਵਾਰਾਂ ਹਨ।”ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਕਾਫ਼ੀ ਹਨ।” 39 ਯਿਸੂ ਯਰੂਸ਼ਲਮ ਸ਼ਹਿਰ ਛੱਡਕੇ ਜੈਤੂਨ ਦੇ ਪਹਾੜ ਨੂੰ ਗਿਆ। ਉਹ ਅਕਸਰ ਉਥੇ ਜਾਇਆ ਕਰਦਾ ਸੀ। ਉਸਦੇ ਚੇਲੇ ਉਸਦੇ ਨਾਲ ਗਏ। ਜਦੋਂ ਉਹ ਉਸ ਜਗ੍ਹਾ ਪਹੁੰਚੇ, ਉਸਨੇ ਚੇਲਿਆਂ ਨੂੰ ਆਖਿਆ, “ਪ੍ਰਾਰਥਨਾ ਕਰੋ ਕਿ ਤੁਹਾਨੂੰ ਪਰਤਿਆਇਆ ਨਾ ਜਾਵੇ।” 40 41 ਫਿਰ ਯਿਸੂ ਉਨ੍ਹਾਂ ਤੋਂ ਪੰਜਾਹ ਕੁ ਕਦਮ ਦੂਰ ਗਿਆ। ਉਹ ਗੋਡਿਆਂ ਭਾਰ ਝੁਕਿਆ ਅਤੇ ਪ੍ਰਾਰਥਨਾ ਕੀਤੀ, 42 “ਹੇ ਪਿਤਾ! ਜੇਕਰ ਤੂੰ ਚਾਹੇਂ, ਤਾਂ ਦੁਖਾਂ ਦਾ ਇਹ ਪਿਆਲਾ ਮੇਰੇ ਤੋਂ ਹਟਾ ਲੈ, ਪਰ ਤੁਹਾਡੀ ਇੱਛਾ ਹੀ ਹੋਵੇ, ਨਾ ਕਿ ਮੇਰੀ।” 43 ਫਿਰ ਸੁਰਗ ਤੋਂ ਇੱਕ ਦੂਤ ਪ੍ਰਗਟਿਆ ਅਤੇ ਉਸਨੂੰ ਸ਼ਕਤੀ ਦਿੱਤੀ। 44 ਯਿਸੂ ਵੱਡੀ ਮਾਨਸਿਕ ਪੀੜਾ ਵਿੱਚ ਸੀ, ਤਾਂ ਉਹ ਹੋਰ ਵੀ ਗੰਭੀਰਤਾ ਪੂਰਵਕ ਪ੍ਰਾਰਥਨਾ ਕਰਨ ਲੱਗਾ। ਉਸਦਾ ਮੁੜ੍ਹਕਾ ਲਹੂ ਦੀਆਂ ਬੂਦਾਂ ਵਾਂਗ ਧਰਤੀ ਉੱਤੇ ਡਿੱਗ ਰਿਹਾ ਸੀ। 45 ਉਹ ਪ੍ਰਾਰਥਨਾ ਕਰਨ ਤੋਂ ਬਾਦ, ਉਠਿਆ ਅਤੇ ਆਪਣੇ ਚੇਲਿਆਂ ਕੋਲ ਗਿਆ। ਉਸਨੇ ਉਨ੍ਹਾਂ ਨੂੰ ਸੁਤਿਆਂ ਹੋਇਆਂ ਵੇਖਿਆ। ਉਨ੍ਹਾਂ ਦੀ ਉਦਾਸੀ ਨੇ ਉਨ੍ਹਾਂ ਨੂੰ ਬੜਾ ਥਕਾ ਦਿੱਤਾ ਸੀ । 46 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸੁਤੇ ਕਿਉਂ ਪਏ ਹੋ? ਉਠੋ ਅਤੇ ਉਠਕੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਿਆਵੇ ਵਿੱਚ ਨਾ ਪਵੋਂ।” 47 ਜਦੋਂ ਯਿਸੂ ਬੋਲ ਰਿਹਾ ਸੀ ਤਾਂ ਲੋਕਾਂ ਦਾ ਇੱਕ ਸਮੂਹ ਉਸ ਕੋਲ ਆਇਆ, ਉਨ੍ਹਾਂ ਵਿੱਚੋਂ ਇੱਕ ਰਸੂਲ ਯਹੂਦਾ, ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤਾਂ ਜੋ ਉਹ ਯਿਸੂ ਨੂੰ ਚੁੰਮ ਸਕੇ। 48 ਪਰ ਯਿਸੂ ਨੇ ਉਸਨੂੰ ਕਿਹਾ, “ਯਹੂਦਾ। ਕੀ ਤੂੰ ਇਹ ਮਿੱਤਰਤਾ ਦਾ ਚੁੰਮਣ ਮਨੁੱਖ ਦੇ ਪੁੱਤਰ ਨੂੰ ਵੈਰੀਆਂ ਦੇ ਹੱਥ ਫ਼ੜਾਉਣ ਲਈ ਦੇ ਰਿਹਾ ਹੈਂ?” 49 ਯਿਸੂ ਦੇ ਚੇਲੇ ਵੀ ਉਸ ਕੋਲ ਹੀ ਖੜੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਕੀ ਵਾਪਰ ਸਕਦਾ ਹੈ ਅਤੇ ਯਿਸੂ ਨੂੰ ਪੁੱਛਿਆ, “ਪ੍ਰਭੂ, ਕੀ ਅਸੀਂ ਉਨ੍ਹਾਂ ਨੂੰ ਆਪਣੀਆਂ ਤਲਵਾਰਾਂ ਨਾਲ ਮਾਰ ਦੇਈਏ?” 50 ਫ਼ਿਰ ਉਨ੍ਹਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਸਰਦਾਰ ਜਾਜਕ ਦੇ ਨੌਕਰ ਦੇ ਕੰਨ ਤੇ ਚਲਾਈ ਅਤੇ ਕੰਨ ਨੂੰ ਵਢ ਦਿੱਤਾ। 51 ਯਿਸੂ ਨੇ ਕਿਹਾ, “ਰੁਕੋ।” ਤਾਂ ਉਸਨੇ ਉਸ ਨੌਕਰ ਦੇ ਕੰਨ ਨੂੰ ਛੂਹਕੇ ਉਸਨੂੰ ਵੀ ਰਾਜੀ ਕਰ ਦਿੱਤਾ। 52 ਉਹ ਸਮੂਹ ਜਿਹੜਾ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਆਇਆ ਸੀ ਉਸ ਵਿੱਚ ਪ੍ਰਧਾਨ ਜਾਜਕ, ਵੱਡੇ ਬਜ਼ੁਰਗ ਯਹੂਦੀ ਆਗੂ ਅਤੇ ਯਹੂਦੀ ਸਿਪਾਹੀ ਸਨ। ਉਸਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਥੇ ਤਲਵਾਰਾਂ ਅਤੇ ਡਾਂਗਾ ਲੈਕੇ ਕਿਉਂ ਆਏ ਹੋ? ਤੁਸੀਂ ਕੀ ਸੋਚਦੇ ਹੋ ਕਿ ਮੈਂ ਅਪਰਾਧੀ ਹਾਂ? 53 ਮੈਂ ਤੁਹਾਡੇ ਨਾਲ ਹਰ ਰੋਜ਼ ਮੰਦਰ ਦੇ ਇਲਾਕੇ ਵਿੱਚ ਹੁੰਦਾ ਸਾਂ। ਤੁਸੀਂ ਮੈਨੂੰ ਉਥੇ ਗਿਰਫ਼ਤਾਰ ਕਿਉਂ ਨਹੀਂ ਕੀਤਾ? ਪਰ ਇਹ ਤੁਹਾਡਾ ਸਮਾਂ ਹੈ, ਹਨੇਰੇ ਦੇ ਸ਼ਾਸਨ ਦਾ ਸਮਾਂ।” 54 ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ ਅਤੇ ਅਗਾਂਹ ਲੈ ਗਏ ਅਤੇ ਉਸਨੂੰ ਸਰਦਾਰ ਜਾਜਕ ਦੇ ਘਰ ਅੰਦਰ ਲੈ ਆਏ। ਪਤਰਸ ਨੇ ਥੋੜੀ ਦੂਰੀ ਤੇ ਹੀ ਉਨ੍ਹਾਂ ਦਾ ਪਿਛਾ ਕੀਤਾ। 55 ਸਿਪਾਹੀਆਂ ਨੇ ਸਰਦਾਰ ਜਾਜਕ ਦੇ ਵਿਹੜੇ ਦੇ ਵਿਚਕਾਰ ਅੱਗ ਮਚਾਈ ਅਤੇ ਇਸ ਦੇ ਆਲੇ-ਦੁਆਲੇ ਬੈਠ ਗਏ, ਪਤਰਸ ਵੀ ਉਨ੍ਹਾਂ ਨਾਲ ਬੈਠ ਗਿਆ। 56 ਇੱਕ ਨੋਕਰਾਣੀ ਨੇ ਪਤਰਸ ਨੂੰ ਉਥੇ ਬੈਠਾ ਵੇਖਿਆ। ਉਹ ਅੱਗ ਦੀ ਰੌਸ਼ਨੀ ਵਿੱਚ ਉਸਦਾ ਚਿਹਰਾ ਪਛਾਣ ਗਈ। ਉਸਨੇ ਧਿਆਨ ਨਾਲ ਪਤਰਸ ਦਾ ਚਿਹਰਾ ਵੇਖਿਆ ਅਤੇ ਆਖਿਆ, “ਇਹ ਆਦਮੀ ਵੀ ਉਸ ਨਾਲ ਸੀ।” 57 ਪਰ ਪਤਰਸ ਨੇ ਕਿਹਾ, ਇਹ ਸੱਚ ਨਹੀਂ ਹੈ। ਉਸਨੇ ਕਿਹਾ, “ਹੇ ਔਰਤ। ਮੈਂ ਉਸ ਨੂੰ ਨਹੀਂ ਜਾਣਦਾ।” 58 ਕੁਝ ਦੇ ਬਾਦ ਇੱਕ ਹੋਰ ਆਦਮੀ ਨੇ ਪਤਰਸ ਵੱਲ ਵੇਖਿਆ ਅਤੇ ਕਿਹਾ, “ਤੂੰ ਵੀ ਉਨ੍ਹਾਂ ਵਿੱਚੋਂ ਇੱਕ ਹੈ।”ਪਰ ਪਤਰਸ ਨੇ ਆਖਿਆ, “ਹੇ ਮਨੁੱਖ। ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ।” 59 ਤਕਰੀਬਨ ਘੰਟੇ ਕੁ ਬਾਦ ਇੱਕ ਹੋਰ ਆਦਮੀ ਨੇ ਜ਼ੋਰ ਦੇਕੇ ਕਿਹਾ, “ਇਹ ਸੱਚ ਹੈ। ਨਿਸ਼ਚਿਤ ਹੀ ਇਹ ਆਦਮੀ ਉਸਦੇ ਨਾਲ ਸੀ ਜੋ ਕਿ ਗਲੀਲ ਤੋਂ ਹੈ।” 60 ਪਰ ਪਤਰਸ ਨੇ ਆਖਿਆ, “ਮਨੁੱਖ। ਮੈਂ ਨਹੀਂ ਜਾਣਦਾ ਤੂੰ ਕਿਸ ਬਾਰੇ ਆਖ ਰਿਹਾ ਹੈਂ?”ਜਦੋਂ ਪਤਰਸ ਹਾਲੇ ਬੋਲ ਰਿਹਾ ਸੀ, ਇੱਕ ਕੁੱਕੜ ਨੇ ਬਾਂਗ ਦਿੱਤੀ। 61 ਤਦ ਪ੍ਰਭੂ ਮੁੜਿਆ ਅਤੇ ਪਤਰਸ ਦੀਆਂ ਅੱਖਾਂ ਵੱਲ ਝਾਕਿਆ। ਪਤਰਸ ਨੂੰ ਯਾਦ ਆਇਆ ਕਿ ਪ੍ਰਭੂ ਨੇ ਕੀ ਆਖਿਆ ਸੀ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰੀ ਇਹ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ।” 62 ਫ਼ਿਰ ਪਤਰਸ ਬਾਹਰ ਗਿਆ ਅਤੇ ਫ਼ੁੱਟ-ਫ਼ੁੱਟਕੇ ਰੋਣ ਲੱਗਾ। 63 ਜਿਹੜੇ ਆਦਮੀ ਜੋ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਉਣਾ ਅਤੇ ਉਸਨੂੰ ਕੁਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤਾਂ ਜੋ ਉਹ ਉਨ੍ਹਾਂ ਨੂੰ ਵੇਖ ਨਾ ਸਕੇ। ਫ਼ਿਰ ਉਨ੍ਹਾਂ ਨੇ ਉਸਨੂੰ ਪੁੱਛਿਆ, “ਅਗੰਮ ਵਾਕ ਕਰ ਤੈਨੂੰ ਕਿਹਨੇ ਮਾਰਿਆ ਹੈ?” 64 65 ਉਨ੍ਹਾਂ ਲੋਕਾਂ ਨੇ ਉਸਨੂੰ ਬਹੁਤ ਕੁਝ ਮੰਦਾ ਆਖਿਆ। 66 ਅਗਲੀ ਸਵੇਰ, ਬਜ਼ੁਰਗ ਯਹੂਦੀ ਆਗੂ, ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਦੀ ਇੱਕ ਸਭਾ ਹੋਈ। ਤੇ ਉਹ ਯਿਸੂ ਨੂੰ ਆਪਣੀ ਸਭ ਤੋਂ ਉੱਚੀ ਅਦਾਲਤ ਵਿੱਚ ਲੈ ਗਏ। 67 ਉਨ੍ਹਾਂ ਆਖਿਆ, “ਜੇਕਰ ਤੂੰ ਮਸੀਹ ਹੈ ਤਾਂ ਸਾਨੂੰ ਦੱਸ ਕਿ ਤੂੰ ਹੀ ਮਸੀਹ ਹੈ।”ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਮੈਂ ਤੁਹਾਨੂੰ ਦੱਸ ਵੀ ਦੇਵਾਂ ਕਿ ਮੈਂ ਮਸੀਹ ਹਾਂ ਤਾਂ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਂਗੇ। 68 ਅਤੇ ਜੇਕਰ ਮੈਂ ਤੁਹਾਨੂੰ ਕੁਝ ਪੁਛਾਂਗਾ ਤਾਂ ਤੁਸੀਂ ਜਵਾਬ ਨਹੀਂ ਦੇਵੋਂਗੇ। 69 ਪਰ ਇਸਤੋਂ ਅੱਗੇ ਮਨੁੱਖ ਦਾ ਪੁੱਤਰ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।” 70 ਉਨ੍ਹਾਂ ਸਭਨਾ ਨੇ ਆਖਿਆ, “ਤਾਂ ਕੀ ਤੂੰ ਪਰਮੇਸ਼ੁਰ ਦਾ ਪੁੱਤਰ ਹੈ?” ਉਸਨੇ ਜਵਾਬ ਦਿੱਤਾ, “ਹਾਂ, ਤੁਸੀਂ ਆਖਣ ਵਿੱਚ ਸਹੀ ਹੋ “ਮੈਂ ਹਾਂ।” 71 ਤਦ ਉਨ੍ਹਾਂ ਸਭ ਨੇ ਆਖਿਆ, “ਹੁਣ ਸਾਨੂੰ ਗਵਾਹੀ ਕਿਉਂ ਲੋੜੀਦੀ ਹੈ?” ਅਸੀਂ ਉਸਨੂੰ ਉਸਦੇ ਹੀ ਮੂੰਹੋਂ ਸੁਣਿਆ ਹੈ।”

23:1 ਤੱਦ ਉਹ ਸਾਰੀ ਟੋਲੀ ਖੜੀ ਹੋਈ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ। 2 ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹ ‘ਪਾਤਸ਼ਾਹ’ ਹੋਣ ਦਾ ਦਾਵਾ ਕਰਦਾ ਹੈ।” 3 ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ?”ਯਿਸੂ ਨੇ ਜਵਾਬ ਦਿੱਤਾ, “ਹਾ, ਇਹ ਸਹੀ ਹੈ।” 4 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਈ।” 5 ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇਥੇ ਵੀ ਆ ਗਿਆ ਹੈ।” 6 ਪਿਲਾਤੁਸ ਨੇ ਇਹ ਸੁਣਿਆ ਅਤੇ ਪੁੱਛਿਆ ਕੀ ਯਿਸੂ ਗਲੀਲ ਤੋਂ ਹੈ। 7 ਜਦੋਂ ਉਸਨੂੰ ਪਤਾ ਲੱਗਾ ਕਿ ਉਹ ਹੇਰੋਦੇਸ ਦੇ ਪ੍ਰਦੇਸ਼ ਤੋਂ ਹੈ, ਉਸਨੇ ਉਸਨੂੰ ਹੇਰੋਦੇਸ ਕੋਲ ਭੇਜ ਦਿੱਤਾ। ਉਸ ਸਮੇਂ ਹੇਰੋਦੇਸ ਯਰੂਸ਼ਲਮ ਵਿੱਚ ਸੀ। 8 ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬੜਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸਨੂੰ ਮਿਲਣ ਦੀ ਇੱਛਾ ਉਸਦੀ ਬੜੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸਕੇਗਾ। 9 ਹੇਰੋਦੇਸ ਨੇ ਯਿਸੂ ਨੂੰ ਬਹੁਤ ਸਾਰੇ ਸਵਾਲ ਪੁਛੇ, ਪਰ ਯਿਸੂ ਨੇ ਉਸਨੂੰ ਕੋਈ ਵੀ ਜਵਾਬ ਨਾ ਦਿੱਤਾ। 10 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉਥੇ ਖੜ੍ਹੇ ਸਨ ਅਤੇ ਉਹ ਜ਼ੋਰ ਨਾਲ ਯਿਸੂ ਤੇ ਦੋਸ਼ ਲਾ ਰਹੇ ਸਨ। 11 1ਫ਼ੇਰ ਹੇਰੋਦੇਸ ਅਤੇ ਉਸਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12 ਅਤੀਤ ਵਿੱਚ ਪਿਲਾਤੁਸ ਅਤੇ ਹੇਰੋਦੇਸ, ਇੱਕ ਦੂਜੇ ਦੇ ਵੈਰੀ ਸਨ, ਪਰ ਉਸ ਦਿਨ, ਉਹ ਦੋਵੇ ਫ਼ਿਰ ਮਿੱਤਰ ਬਣ ਗਏ। 13 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਤੇ, ਯਹੂਦੀ ਆਗੂਆਂ ਅਤੇ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਫ਼ਿਰ ਉਨ੍ਹਾਂ ਨੂੰ ਕਿਹਾ, 14 “ਤੁਸੀਂ ਇਸ ਮਨੁੱਖ ਨੂੰ ਮੇਰੇ ਕੋਲ ਲਿਆਏ ਹੋ। ਪਰ ਮੈਂ ਤੁਹਾਡੇ ਸਭਨਾਂ ਦੇ ਅੱਗੇ ਉਸ ਨੂੰ ਸਵਾਲ ਕੀਤੇ ਅਤੇ ਇਸਦੇ ਖਿਲਾਫ਼ ਤੁਹਾਡੇ ਦੋਸ਼ਾਂ ਦੀ ਕੋਈ ਬੁਨਿਆਦ ਨਹੀਂ ਲਭੀ। ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। 15 ਹੇਰੋਦੇਸ ਨੂੰ ਵੀ ਇਸ ਵਿੱਚ ਕੋਈ ਦੋਸ਼ ਨਹੀਂ ਦਿਸਿਆ, ਇਸ ਲਈ ਹੇਰੋਦੇਸ ਨੇ ਇਸਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਵੇਖੋ। ਯਿਸੂ ਨੇ ਕੋਈ ਗਲਤੀ ਨਹੀਂ ਕੀਤੀ, ਜਿਸ ਵਾਸਤੇ ਉਹ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਵੇ। 16 ਇਸ ਲਈ ਮੈਂ ਉਸਨੂੰ ਥੋੜੀ ਜਿੰਨੀ ਸਜ਼ਾ ਦੇਕੇ ਛੱਡ ਦਿੰਦਾ ਹਾਂ।” 17 18 ਪਰ ਸਾਰੀ ਭੀੜ ਜੋਰ ਦੀ ਚੀਖੀ, “ਉਸਨੂੰ ਮਾਰ ਦਿਉ। ਸਾਡੇ ਲਈ ਬਰ੍ਰਬਾਸ ਨੂੰ ਮੁਕਤ ਕਰ ਦਿਉ।” 19 ਬਰ੍ਰਬਾਸ ਕੈਦ ਵਿੱਚ ਸੀ ਕਿਉਂਕਿ ਉਸਨੇ ਸ਼ਹਿਰ ਵਿੱਚ ਫ਼ਸਾਦ ਸ਼ੁਰੂ ਕੀਤਾ ਸੀ, ਅਤੇ ਕਤਲ ਕੀਤਾ ਸੀ। 20 ਪਿਲਾਤੁਸ ਯਿਸੂ ਨੂੰ ਮੁਕਤ ਕਰਨਾ ਚਾਹੁੰਦਾ ਸੀ, ਇਸ ਲਈ ਲੋਕਾਂ ਉਸਨੇ ਲੋਕਾਂ ਨੂੰ ਯਿਸੂ ਦੀ ਰਿਹਾਈ ਵਾਸਤੇ ਇੱਕ ਵਾਰ ਫ਼ੇਰ ਬੇਨਤੀ ਕੀਤੀ। 21 ਪਰ ਉਨ੍ਹਾਂ ਨੇ ਦੂਸਰੀ ਵਾਰ ਰੌਲਾ ਪਾਇਆ, “ਇਸਨੂੰ ਸਲੀਬ ਦਿਉ, ਇਸ ਨੂੰ ਸਲੀਬ ਦਿਉ।” 22 ਤੀਜੀ ਵਾਰ ਫ਼ੇਰ ਪਿਲਾਤੁਸ ਨੇ ਭੀੜ ਨੂੰ ਕਿਹਾ, “ਤੁਸੀਂ ਇਸਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਸਨੇ ਕੀ ਗਲਤ ਕੀਤਾ ਹੈ? ਇਹ ਕਸੂਰਵਾਰ ਨਹੀਂ ਹੈ। ਮੈਨੂੰ ਇਸਨੂੰ ਮਾਰਨ ਦਾ ਕੋਈ ਕਾਰਣ ਨਹੀਂ ਲਭਿਆ। ਇਸ ਲਈ ਮੈਂ ਇਸਨੂੰ ਥੋੜੀ ਸਜ਼ਾ ਦੇਕੇ ਅਜ਼ਾਦ ਕਰ ਦਿੰਦਾ ਹਾਂ।” 23 ਪਰ ਭੀੜ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ। 24 ਉਨ੍ਹਾਂ ਨੇ ਬਹੁਤ ਉੱਚੀ ਰੌਲਾ ਪਾਇਆ, ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫ਼ੈਸਲਾ ਕਰ ਲਿਆ। 25 ਲੋਕਾਂ ਨੇ ਬਰੱਬਾਸ ਦੀ ਰਿਹਾਈ ਦੀ ਮੰਗ ਕੀਤੀ, ਜੋ ਕਿ ਵਿਦ੍ਰੋਹ ਅਤੇ ਕਤਲ ਕਰਨ ਲਈ ਕੈਦ ਕੀਤਾ ਗਿਆ ਸੀ। ਤਾਂ ਲੋਕਾਂ ਦੀ ਮੰਗ ਤੇ, ਪਿਲਾਤੁਸ ਨੂੰ ਬਰੱਬਾਸ ਨੂੰ ਮੁਕਤ ਕਰਨਾ ਪਿਆ ਅਤੇ ਯਿਸੂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਕਰ ਸਕਦੇ ਹਨ। 26 ਸਿਪਾਹੀ ਉਸਨੂੰ ਮਾਰਨ ਵਾਸਤੇ ਉਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ੜ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਆ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕ ਕੇ ਉਸਦੇ ਮਗਰ ਆਉਣ ਦਾ ਹੁਕਮ ਦਿੱਤਾ। 27 ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿਟ ਰਹੀਆਂ ਸਨ। 28 ਪਰ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬਚਿਆਂ ਵਾਸਤੇ ਰੋਵੋ। 29 ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁਧ ਪੀਂਦੇ ਬੱਚੇ ਨਹੀਂ ਹਨ। 30 ‘ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾੜੀਆਂ ਨੂੰ ਆਖ਼ਣਗੇ ‘ਸਾਨੂੰ ਢਕ ਲਵੋ।’ 31 ਕਿਉਂਕਿ ਜੇਕਰ ਭਲੇ ਵਕਤਾਂ ਵਿੱਚ ਲੋਕਾਂ ਨੇ ਅਜਿਹਾ ਵਤੀਰਾ ਕੀਤਾ ਹੈ ਤਾਂ ਭੈੜੇ ਸਮੇਂ ਵਿੱਚ ਇਨ੍ਹਾਂ ਤੋਂ ਹੋਰ ਕੀ ਆਸ ਰੱਖਦੇ ਹੋ।” 32 ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ। 33 ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸਦੇ ਖੱਬੇ ਪਾਸੇ ਚਢ਼ਾਇਆ। 34 ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।”ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ। 35 ਭੀੜ ਇਹ ਸਭ ਵੇਖਣ ਲਈ ਖੜੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪ੍ਰਭੂ ਦਾ ਚੁਣਿਆ ਮਸੀਹ ਹੈ, ਤਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਆਪਣੇ-ਆਪ ਨੂੰ ਬਚਾ ਲਵੇ।” 36 ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸਨੂੰ ਸਿਰਕਾ ਦਿੱਤਾ ਅਤੇ ਆਖਿਆ, 37 “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!” 38 ਉਸਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “।” 39 ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!” 40 ਪਰ ਦੂਜੇ ਅਪਰਾਧੀ ਨੇ ਉਸਨੂੰ ਝਿੜਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ। 41 ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।” 42 ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।” 43 ਤੱਦ ਯਿਸੂ ਨੇ ਉਸਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।” 44 ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢਕਿਆ ਗਿਆ ਸੀ। 45 ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪੜਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ। 46 ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ। 47 ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰਖ ਸੀ।” 48 ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿਟੀਆਂ ਅਤੇ ਉਥੋਂ ਚਲੇ ਗਏ। 49 ਯਿਸੂ ਦੇ ਨਜ਼ਦੀਕ ਦੇ ਮਿੱਤਰ ਉਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖੜ੍ਹੇ ਹੋਕੇ ਇਹ ਸਭ ਵਾਪਰਦਾ ਵੇਖਿਆ। 50 ਉਥੇ ਇੱਕ ਆਦਮੀ ਯਹੂਦੀਆਂ ਦੇ ਇੱਕ ਨਗਰ ਅਰਿਮਥੇਆ ਤੋਂ ਸੀ ਉਸਦਾ ਨਾਂ ਯੂਸੁਫ਼ ਸੀ। ਉਹ ਚੰਗਾ ਅਤੇ ਧਰਮੀ ਬੰਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂ ਕਿ ਯੂਸੁਫ਼ ਯਹੂਦੀਆਂ ਦੀ ਸਭਾ ਦਾ ਸਦੱਸ ਸੀ, ਪਰ ਉਸਨੇ ਬਾਕੀ ਯਹੂਦੀ ਆਗੂਆਂ ਨਾਲ ਯਿਸੂ ਬਾਰੇ ਇਨ੍ਹਾਂ ਯੋਜਨਾਵਾਂ ਅਤੇ ਕੰਮਾਂ ਨਾਲ ਸਹਿਮਤ ਨਾ ਹੋਇਆ। 51 52 ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸ਼ਰੀਰ ਮੰਗਿਆ। 53 ਉਸਨੇ ਯਿਸੂ ਦੇ ਸ਼ਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸ਼ਰੀਰ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹੜੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ। 54 ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ। 55 ਉਹ ਔਰਤਾਂ ਜਿਹੜੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸ਼ਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ। 56 ਫਿਰ ਉਹ ਘਰ ਮੁੜ ਆਈਆਂ ਅਤੇ ਯਿਸੂ ਦੇ ਸ਼ਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ।ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।

24:1 ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈਕੇ ਔਰਤਾਂ ਕਬਰ ਤੇ ਆਈਆਂ। 2 ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ। 3 ਉਹ ਅੰਦਰ ਗਈਆਂ, ਪਰ ਉਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲਭੀ। 4 ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। 5 ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲਭ ਰਹੀਆਂ ਹੋ? 6 ਉਹ ਇਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਉਭਾਰਿਆ ਗਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ? 7 ਉਸਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਉਭਾਰਿਆ ਜਾਵੇ।” 8 ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ। 9 ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ। 10 ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ। 11 ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰਖਤਾ ਵਾਲੀਆਂ ਗੱਲਾਂ ਵਾਂਗ ਸਨ। 12 ਪਰ ਪਤਰਸ ਉਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸਨੇ ਸਿਰਫ਼ ਲਿਨਨ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸ਼ਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉਥੋਂ ਚਲਾ ਗਿਆ। 13 ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ। 14 ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ। 15 ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ। 16 ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸਨੂੰ ਪਛਾਨਣ ਨਹੀਂ ਦਿੱਤਾ। 17 ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?”ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬੜੇ ਉਦਾਸ ਨਜ਼ਰ ਆ ਰਹੇ ਸਨ। 18 ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸਨੂੰ ਇਹ ਨਹੀਂ ਪਤਾ ਕਿ ਉਥੇ ਪਿਛਲੇ ਕੁਝ ਦਿਨੀ ਕੀ ਵਾਪਰਿਆ ਸੀ।” 19 ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?”ਉਨ੍ਹਾਂ ਨੇ ਉਸਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ। 20 ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸਨੂੰ ਸਲੀਬ ਉੱਪਰ ਠੋਕ ਦਿੱਤਾ। 21 ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ।“ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ। 22 ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ। 23 ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸ਼ਰੀਰ ਉਸ ਵਿੱਚ ਨਾ ਲਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ। 24 ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉਥੇ ਯਿਸੂ ਨਾ ਲਭਿਆ। 25 ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿਲ੍ਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਆਸਥਾ ਰੱਖਣੀ ਚਾਹੀਦੀ ਹੈ। 26 ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।” 27 ਫ਼ਿਰ ਯਿਸੂ ਨੇ ਮੁਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ। 28 ਜਦੋਂ ਉਹ ਇੰਮਊਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਸਨੇ ਉਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ। 29 ਪਰ ਉਨ੍ਹਾਂ ਨੇ ਜੋਰ ਪੂਰਵਕ ਉਸਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗ ਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚਲਿਆ ਗਿਆ। 30 ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸਨੇ ਰੋਟੀ ਹੱਥ ਵਿੱਚ ਫ਼ੜਕੇ ਸ਼ੁਕਰਾਨਾ ਕੀਤਾ। ਫ਼ੇਰ ਉਸਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ। 31 ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ। 32 ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।” 33 ਉਹ ਤੁਰੰਤ ਹੀ ਉਠੇ ਅਤੇ ਯਰੂਸ਼ਲਮ ਨੂੰ ਮੁੜੇ। ਉਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕਠ੍ਠੇ ਹੋਏ ਦੇਖਿਆ। 34 ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।” 35 ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋੜ ਰਿਹਾ ਸੀ। 36 ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।” 37 ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38 ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39 ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸ਼ਰੀਰ ਇਵੇਂ ਦਾ ਤਾਂ ਨਹੀਂ ਹੁੰਦਾ।” 40 ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ। 41 ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?” 42 ਉਨ੍ਹਾਂ ਨੇ ਉਸਨੂੰ ਭੁਜੀ ਮਛੀ ਦਾ ਟੁਕੜਾ ਦਿੱਤਾ। 43 ਯਿਸੂ ਨੇ ਉਨ੍ਹਾਂ ਕੋਲੋਂ ਲੈਕੇ ਉਨ੍ਹਾਂ ਦੇ ਸਾਮ੍ਹਣੇ ਉਹ ਖਾ ਲਿਆ। 44 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੁਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।” 45 ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸਕਣ। 46 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਮੌਤ ਤੋਂ ਉਭਰ ਆਵੇਗਾ। 47 ਜੋ ਕੁਝ ਵਾਪਰਿਆ ਹੈ ਤੁਸੀਂ ਉਸਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੁਹਾਨੂੰ ਇਹ ਸੰਦੇਸ਼ ਮੇਰੇ ਨਾਂ ਤੇ ਦੇਣਾ ਚਾਹੀਦਾ ਹੈ। ਯਰੂਸ਼ਲਮ ਤੋਂ ਸ਼ੁਰੂ ਹੋਕੇ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ। 48 49 ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।” 50 ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਮ੍ਹਣੇ ਲੈ ਗਿਆ। ਉਸਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ। 51 ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ। 52 ਉਸਦੇ ਚੇਲੇ ਉਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ। 53 ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।