Philippians

1:1 ਮਸੀਹ ਯਿਸੂ ਦੇ ਸੇਵਕਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ, ਮਸੀਹ ਵਿੱਚ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਜੋ ਫ਼ਿਲਿੱਪੈ ਵਿੱਚ ਰਹਿੰਦੇ ਹਨ, ਅਤੇ ਤੁਹਾਡੇ ਸਾਰੇ ਬਜ਼ੁਰਗਾਂ ਅਤੇ ਖਾਸ ਸਹਾਇਕਾਂ ਨੂੰ ਸ਼ੁਭਕਾਮਨਾਵਾਂ। 2 ਪਰਮੇਸ਼ੁਰ, ਸਾਡੇ ਪਿਤਾ, ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਤੇ ਸ਼ਾਂਤੀ। 3 ਹਰ ਵੇਲੇ ਜਦੋਂ ਵੀ ਮੈਂ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। 4 ਮੈਂ ਤੁਹਾਡੇ ਸਾਰਿਆਂ ਲਈ ਹਮੇਸ਼ਾ ਅਨੰਦ ਨਾਲ ਪ੍ਰਾਰਥਨਾਵਾਂ ਕਰਦਾ ਹਾਂ। 5 ਮੈਂ ਉਸ ਸਹਾਇਤਾ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜੀ ਤੁਸੀਂ ਉਸ ਪਹਿਲੇ ਦਿਨ ਤੋਂ ਲੈਕੇ ਹੁਣ ਤੱਕ ਖੁਸ਼ਖਬਰੀ ਫ਼ੈਲਾਉਣ ਵਿੱਚ ਕੀਤੀ ਹੈ। 6 ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸਨੂੰ ਪੂਰਾ ਕਰੇਗਾ। 7 ਅਤੇ ਮੈਂ ਜਾਣਦਾ ਹਾਂ ਕਿ ਮੇਰਾ ਤੁਹਾਡੇ ਸਾਰਿਆਂ ਲਈ ਇਉਂ, ਸੋਚਣਾ ਠੀਕ ਹੀ ਹੈ। ਤੁਹਾਡੀ ਮੇਰੇ ਦਿਲ ਵਿੱਚ ਇੱਕ ਖਾਸ ਜਗ਼੍ਹਾ ਹੈ। ਕਿਉਂਕਿ ਤੁਸੀਂ ਸਾਰੇ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਨੂੰ ਸਾਂਝਾ ਕਰਦੇ ਹੋ। ਤੁਸੀਂ ਉਦੋਂ ਮੇਰੇ ਨਾਲ ਪਰਮੇਸ਼ੁਰ ਦੀ ਕਿਰਪਾ ਸਾਂਝੀ ਕਰਦੇ ਹੋ ਜਦੋਂ ਮੈਂ ਕੈਦ ਵਿੱਚ ਹੁੰਦਾ ਹਾਂ, ਜਦੋਂ ਮੈਂ ਖੁਸ਼ਖਬਰੀ ਦੀ ਰੱਖਿਆ ਕਰ ਰਿਹਾ ਹੁੰਦਾ ਹਾਂ, ਅਤੇ ਜਦੋਂ ਮੈਂ ਖੁਸ਼ਖਬਰੀ ਦੇ ਸੱਚ ਨੂੰ ਸਾਬਤ ਕਰ ਰਿਹਾ ਹੁੰਦਾ ਹਾਂ। 8 ਪਰਮੇਸ਼ੁਰ ਜਾਣਦਾ ਹੈ ਕਿ ਮੈਂ ਤੁਹਾਨੂੰ ਮਸੀਹ ਯਿਸੂ ਦੇ ਪਿਆਰ ਨਾਲ ਦੇਖਣ ਦਾ ਚਾਹਵਾਨ ਹਾਂ। 9 ਤੁਹਾਡੇ ਲਈ ਮੇਰੀ ਇਹ ਪ੍ਰਾਰਥਨਾ ਹੈ:ਤੁਹਾਡਾ ਪ੍ਰੇਮ ਵਧ ਤੋਂ ਵਧ ਵਧੇ, ਤੁਹਾਡੇ ਕੋਲ ਸੱਚਾ ਗਿਆਨ ਹੋਵੇ ਅਤੇ ਤੁਹਾਡੇ ਪਿਆਰ ਨਾਲ ਸਮਝ ਹੋਵੇ; 10 ਤੁਸੀਂ ਚੰਗੇ ਤੇ ਮਾੜੇ ਵਿੱਚ ਫ਼ਰਕ ਕਰਨ ਯੋਗ ਹੋਵੋਂ ਅਤੇ ਆਪਣੇ ਲਈ ਸਭ ਤੋਂ ਚੰਗਾ ਚੁਣ ਸਕੋਂ; ਤੁਸੀਂ ਮਸੀਹ ਦੇ ਆਉਣ ਲਈ ਪਵਿੱਤਰ ਅਤੇ ਨਿਰਦੋਸ਼ ਹੋਵੋਂ। 11 ਤੁਸੀਂ ਯਿਸੂ ਮਸੀਹ ਦੀ ਸਹਾਇਤਾ ਨਾਲ ਪਰਮੇਸ਼ੁਰ ਨੂੰ ਮਹਿਮਾ ਅਤੇ ਉਸਤਤਿ ਲਿਆਉਣ ਲਈ ਚੰਗੀਆਂ ਕਰਨੀਆਂ ਕਰ ਸਕੋਂ। 12 ਭਰਾਵੋ ਅਤੇ ਭੈਣੋ, ਮੈਂ ਚਾਹੁੰਨਾ ਕਿ ਤੁਸੀਂ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਬਾਰੇ ਜਾਣੋ ਜਿਹੜੀਆਂ ਮੇਰੇ ਨਾਲ ਵਾਪਰੀਆਂ, ਤੇ ਜਿਨ੍ਹਾਂ ਨੇ ਮੈਨੂੰ ਖੁਸ਼ਖਬਰੀ ਨੂੰ ਵਧ ਤੋਂ ਵਧ ਫ਼ੈਲਾਉਣ ਵਿੱਚ ਸਹਾਇਤਾ ਕੀਤੀ ਹੈ। 13 ਹੁਣ ਇਹ ਗੱਲ ਸਾਫ਼ ਹੈ ਕਿ ਮੈਂ ਕੈਦ ਵਿੱਚ ਹਾਂ ਕਿਉਂਕਿ ਮੈਂ ਮਸੀਹ ਦੀ ਸੇਵਾ ਕਰਦਾ ਹਾਂ। ਸਾੜੇ ਰੋਮੀ ਪਹਿਰੇਦਾਰ ਤੇ ਹੋਰ ਸਾਰੇ ਲੋਕ ਵੀ ਇਹ ਜਾਣਦੇ ਹਨ। 14 ਕਿਉਂਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ। 15 ਕੁਝ ਮਸੀਹ ਬਾਰੇ ਈਰਖਾ ਅਤੇ ਸ਼ਰੀਕੇ ਕਾਰਣ ਪ੍ਰਚਾਰ ਕਰਦੇ ਹਨ, ਪਰ ਦੂਸਰੇ ਮਸੀਹ ਬਾਰੇ ਚੰਗੇ ਪ੍ਰਯੋਜਨਾਂ ਨਾਲ ਪ੍ਰਚਾਰ ਕਰਦੇ ਹਨ। 16 ਇਹ ਲੋਕ ਇਸ ਲਈ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ੁਰ ਨੇ ਮੈਨੂੰ ਖੁਸ਼ਖਬਰੀ ਦੀ ਰੱਖਿਆ ਕਰਨ ਦਾ ਕਾਰਜ ਦਿੱਤਾ ਸੀ। 17 ਪਰ ਉਹ ਦੂਸਰੇ ਲੋਕ ਮਸੀਹ ਬਾਰੇ ਖੁਦਗਰਜ਼ੀ ਦੀ ਮਨੋਬਿਰਤੀ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਪ੍ਰਯੋਜਨ ਗਲਤ ਹਨ। ਉਹ ਸੋਚਦੇ ਹਨ ਕਿ ਉਹ ਮੇਰੇ ਲਈ ਅੜਚਨਾਂ ਪੈਦਾ ਕਰ ਸਕਦੇ ਹਨ ਜਦੋਂ ਕਿ ਮੈਂ ਕੈਦ ਵਿੱਚ ਹਾਂ। 18 ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ।ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰਖਾਂਗਾ। 19 ਤੁਸੀਂ ਮੇਰੇ ਲਈ ਪ੍ਰਾਰਥਨਾ ਕਰ ਰਹੇ ਹੋ ਅਤੇ ਯਿਸੂ ਮਸੀਹ ਦਾ ਆਤਮਾ ਮੇਰੀ ਸਹਾਇਤਾ ਕਰਦਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਇਹ ਮੁਸ਼ਕਿਲਾਂ ਜੋ ਮੇਰੇ ਨਾਲ ਵਾਪਰੀਆਂ ਮੇਰੇ ਲਈ ਛੁਟਕਾਰਾ ਲਿਆਉਣਗੀਆਂ। 20 ਜੋ ਮੈਂ ਸਚਮੁੱਚ ਚਾਹੁੰਦਾ ਹਾਂ ਅਤੇ ਆਸ ਰਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ। 21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” 22 ਜੋ ਮੈਂ ਸ਼ਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ। 23 ਜਿਉਣ ਤੇ ਮਰਨ ਵਿਚਕਾਰ ਚੋਣ ਕਰਨੀ ਔਖੀ ਹੈ। ਸੱਚਮੁਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ। 24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸ਼ਰੀਰਕ ਤੌਰ ਤੇ ਲੋੜ ਹੈ। 25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇਥੇ ਠਹਿਰਾਂਗਾ ਤਾਂ ਕਿ ਤੁਸੀਂ ਵਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ। 26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ। 27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। 28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ। 29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ। 30 ਤੁਸੀਂ ਉਹ ਜਦੋ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।

2:1 ਕੀ ਮਸੀਹ ਵਿੱਚ ਤੁਸੀਂ ਮੇਰੀ ਖਾਤਿਰ ਕੋਈ ਕੰਮ ਕਰ ਸਕਦੇ ਹੋਂ? ਕੀ ਤੁਹਾਡਾ ਪਿਆਰ ਮੈਨੂੰ ਦਿਲਾਸਾ ਦੇਣਾ ਚਾਹੁੰਦਾ ਹੈ? ਕੀ ਅਸੀਂ ਪਵਿੱਤਰ ਆਤਮਾ ਵਿੱਚ ਇਕਠੇ ਭਾਗੀਦਾਰ ਹਾਂ। ਕੀ ਤੁਹਾਡੇ ਵਿੱਚ ਦਯਾ ਅਤੇ ਕਿਰਪਾ ਹੈ? 2 ਜੇ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ, ਤਾਂ ਮੈਂ ਤੁਹਾਨੂੰ ਮੇਰੀ ਖਾਤਿਰ ਕੋਈ ਕੰਮ ਕਰਨ ਲਈ ਆਖਦਾ ਹਾਂ। ਇਸ ਨਾਲ ਮੈਨੂੰ ਬਹੁਤ ਪ੍ਰਸੰਨਤਾ ਮਿਲੇਗੀ। ਮੈਂ ਮੰਗਦਾ ਹਾਂ ਕਿ ਤੁਸੀਂ ਸਾਰੇ ਇੱਕੋ ਮਨ ਨਾਲ ਇੱਕੇ ਵਿਸ਼ੇ ਵਿੱਚ ਵਿਸ਼ਵਾਸ ਕਰੋ। ਇੱਕ ਦੂਸਰੇ ਨੂੰ ਪਿਆਰ ਕਰਦਿਆਂ ਇਕਸਾਥ ਜੁੜਕੇ ਰਹੋ। ਇੱਕੋ ਤਰ੍ਹਾਂ ਦੀਆਂ ਸੋਚਾਂ ਅਤੇ ਇੱਕੋ ਤਰ੍ਹਾਂ ਦੇ ਉਦੇਸ਼ ਰਖਕੇ ਇਕਠੇ ਜਿਉਂਵੋ। 3 ਖੁਦਗਰਜ਼ੀ ਜਾਂ ਖੋਖਲੇ ਘਮੰਡ ਨਾਲ ਗੱਲਾਂ ਨਾ ਕਰੋ। ਇਸਦੀ ਜਗ਼੍ਹਾ, ਨਿਮ੍ਰ ਬਣੋ ਅਤੇ ਦੂਸਰੇ ਲੋਕਾਂ ਨੂੰ ਆਪਣੇ ਆਪ ਨਾਲੋਂ ਵਧੇਰੇ ਬਿਹਤਰ ਕਰਾਰ ਦਿਉ। 4 ਤੁਹਾਨੂੰ ਸਾਰਿਆਂ ਨੂੰ ਕੇਵਲ ਆਪਣੇ ਹੀ ਮਾਮਲਿਆਂ ਬਾਰੇ ਨਹੀਂ ਸੋਚਣਾ ਚਾਹੀਦਾ ਸਗੋਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਬਾਰੇ ਵੀ ਸੋਚਣਾ ਚਾਹੀਦਾ। 5 ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰਖੋ, ਜੋ ਮਸੀਹ ਯਿਸੂ ਦੀ ਸੀ। 6 ਮਸੀਹ ਖੁਦ ਹਰ ਗੱਲ ਵਿੱਚ ਪਰਮੇਸ਼ੁਰ ਵਾਂਗ ਸੀ। ਮਸੀਹ ਪਰਮੇਸ਼ੁਰ ਦੇ ਬਰਾਬਰ ਸੀ।ਪਰ ਉਸਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨਾਲ ਬਰਾਬਰੀ ਕੁਝ ਅਜਿਹੀ ਸੀ ਜੋ ਹਰ ਹਾਲਤ ਵਿੱਚ ਉਸਨੂੰ ਖੁਦ ਲਈ ਹੀ ਰੱਖਣੀ ਚਾਹੀਦੀ ਸੀ। 7 ਇਸ ਦੀ ਜਗ਼੍ਹਾ, ਉਸਨੇ ਆਪਣਾ ਸਭ ਕੁਝ ਤਿਆਗ ਦਿਤਾਅਤੇ ਇੱਕ ਇਨਸਾਨ ਦਾ ਰੂਪ ਧਾਰਿਆ ਅਤੇਇੱਕ ਸੇਵਕ ਵਰਗਾ ਬਣ ਗਿਆ। 8 ਜਦੋਂ ਉਹ ਇਸ ਦੁਨੀਆਂ ਵਿੱਚ ਇੱਕ ਮਨੁੱਖ ਵਾਂਗ ਰਹਿ ਰਿਹਾ ਸੀ ਉਸਨੇ ਖੁਦ ਨੂੰ ਨਿਮ੍ਰ ਬਣਾਇਆ।ਉਹ ਪਰਮੇਸ਼ੁਰ ਨੂੰ ਇੰਨਾ ਆਗਿਆਕਾਰੀ ਹੋ ਗਿਆ ਕਿ ਉਸਨੇ ਸਲੀਬ ਉੱਤੇ ਆਪਣਾ ਜੀਵਨ ਵੀ ਦੇ ਦਿੱਤਾ। 9 ਮਸੀਹ ਨੇ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕੀਤਾ, ਇਸ ਲਈ ਪਰਮੇਸ਼ੁਰ ਨੇ ਉਸਨੂੰ ਉਚਾਈ ਵਾਲੀ ਜਗ਼੍ਹਾ ਤੇ ਉਭਾਰਿਆ।ਅਤੇ ਉਸ ਨੂੰ ਇੱਕ ਨਾਂ ਦਿੱਤਾ ਜੋ ਕਿ ਦੂਜੇ ਸਾਰਿਆਂ ਨਾਵਾਂ ਤੋਂ ਉੱਚਾ ਹੈ। 10 ਇਸ ਲਈ, ਯਿਸੂ ਦੇ ਨਾਂ ਵਾਸਤੇ ਸਵਰਗ ਵਿੱਚ,ਧਰਤੀ ਉੱਤੇ ਜਾਂ ਧਰਤੀ ਦੇ ਅੰਦਰ ਹਰ ਗੋਡਾ ਝੁਕੇਗਾ। 11 ਅਤੇ ਹਰ ਜੀਭ ਇਹ ਸਵੀਕਾਰ ਕਰੇਗੀ, “ਯਿਸੂ ਮਸੀਹ ਪ੍ਰਭੂ ਹੈ।”ਜਦੋਂ ਉਹ ਇਹ ਆਖਣਗੇ ਉਹ ਪਰਮੇਸ਼ੁਰ ਲਈ ਸਤਿਕਾਰ ਲਿਆਉਣਗੇ। 12 ਮੇਰੇ ਪਿਆਰੇ ਲੋਕੋ ਹੁਣ ਮੇਰਾ ਆਦੇਸ਼ ਚੰਗੀ ਤਰ੍ਹਾਂ ਮੰਨੋ। ਜਦੋਂ ਮੈਂ ਤੁਹਾਡੇ ਨਾਲ ਨਹੀਂ ਹਾਂ, ਫ਼ਿਰ ਜਦੋਂ ਮੈਂ ਤੁਹਾਡੇ ਨਾਲ ਹੋਵਾਂਗਾ। ਪਰਮੇਸ਼ੁਰ ਲਈ ਮਹਾਨ ਇੱਜ਼ਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜਾਰੀ ਰਖੋ। 13 ਕਿਉਂਕਿ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਤੇ ਸ਼ਕਤੀ ਉਸਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ। 14 ਸਾਰੇ ਕੰਮ ਬਿਨਾ ਸ਼ਿਕਾਇਤ ਜਾਂ ਦਲੀਲਬਾਜ਼ੀ ਕੀਤਿਆਂ ਕਰਨੇ ਜਾਰੀ ਰਖੋ। 15 ਕੀ ਫ਼ੇਰ ਤੁਸੀਂ ਸ਼ੁਧ ਅਤੇ ਮਾਸੂਮ ਹੋਵੋਂਗੇ। ਤੁਸੀਂ ਬਦੀ ਅਤੇ ਇਸ ਪੀੜ੍ਹੀ ਦੇ ਕਬੇ ਲੋਕਾਂ ਵਿੱਚੋਂ ਬਿਨਾ ਕਿਸੇ ਦੋਸ਼ ਤੋਂ ਪਰਮੇਸ਼ੁਰ ਦੇ ਬੱਚੇ ਹੋਵੋਂਗੇ। ਇਸ ਦੁਨੀਆਂ ਵਿੱਚ ਤਾਰੇ ਵਾਂਗ ਚਮਕੋ। 16 ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸਨੂੰ ਫ਼ੜੀ ਰਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ। 17 ਤੁਹਾਡਾ ਵਿਸ਼ਵਾਸ ਅਤੇ ਤੁਹਾਡੀ ਸੇਵਾ ਜੋ ਤੁਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹੋ, ਉਸ ਬਲੀਦਾਨ ਵਰਗੀਆਂ ਹਨ ਜੋ ਤੁਸੀਂ ਉਸਨੂੰ ਅਰਪਣ ਕਰਦੇ ਹੋਂ। ਹੋ ਸਕਦਾ ਹੈ ਮੈਨੂੰ ਵੀ ਤੁਹਾਡੇ ਬਲੀਦਾਨ ਨਾਲ ਆਪਣਾ ਲਹੂ ਵਹਾਉਣਾ ਪਵੇ। ਫ਼ੇਰ ਮੈਂ ਬਹੁਤ ਖੁਸ਼ ਹੋਵਾਂਗਾ ਅਤੇ ਤੁਸੀਂ ਵੀ ਮੇਰੀ ਖੁਸ਼ੀ ਨੂੰ ਸਾਂਝਾ ਕਰੋਂਗੇ। 18 ਤੁਹਾਨੂੰ ਸਾਰਿਆਂ ਨੂੰ ਵੀ ਮੇਰੇ ਨਾਲ ਰਲਕੇ ਖੁਸ਼ ਅਤੇ ਅਨੰਦ ਨਾਲ ਭਰਪੂਰ ਹੋਣਾ ਚਾਹੀਦਾ ਹੈ। 19 ਮੈਂ ਪ੍ਰਭੂ ਯਿਸੂ ਵਿੱਚ ਤਿਮੋਥਿਉਸ ਨੂੰ ਛੇਤੀ ਤੁਹਾਡੇ ਵੱਲ ਭੇਜਣ ਦੀ ਆਸ ਰਖਦਾ ਹਾਂ। ਜਦੋਂ ਮੈਂ ਉਸ ਕੋਲੋਂ ਤੁਹਾਡੇ ਬਾਰੇ ਖਬਰ ਪ੍ਰਾਪਤ ਕਰਾਂਗਾ, ਤਾਂ ਮੈਂ ਬਹੁਤ ਖੁਸ਼ ਹੋਵਾਂਗਾ। 20 ਮੇਰੇ ਕੋਲ ਤਿਮੋਥਿਉਸ ਵਰਗਾ ਹੋਰ ਕੋਈ ਵਿਅਕਤੀ ਨਹੀਂ ਹੈ। ਉਹ ਸੱਚਮੁਚ ਤੁਹਾਡੇ ਭਲੇ ਦਾ ਖਿਆਲ ਰਖੇਗਾ। 21 ਹਰ ਕੋਈ ਆਪੋ ਆਪਣੇ ਮਾਮਲਿਆਂ ਵਿੱਚ ਹੀ ਦਿਲਚਸਪੀ ਲੈਂਦਾ ਹੈ ਕੋਈ ਵੀ ਮਸੀਹ ਯਿਸੂ ਦੇ ਕਾਰਜ ਵਿੱਚ ਦਿਲਚਸਪੀ ਨਹੀਂ ਲੈਂਦਾ। 22 ਤੁਸੀਂ ਜਾਣਦੇ ਹੀ ਹੋ ਕਿ ਤਿਮੋਥਿਉਸ ਕਿਸ ਤਰ੍ਹਾਂ ਦਾ ਵਿਅਕਤੀ ਹੈ। ਤੁਸੀਂ ਜਾਣਦੇ ਹੀ ਹੋ ਕਿ ਉਸਨੇ ਖੁਸ਼ਖਬਰੀ ਦੇਣ ਵਿੱਚ ਮੇਰੇ ਨਾਲ ਮਿਲਕੇ ਉਸੇ ਤਰ੍ਹਾਂ ਸੇਵਾ ਕੀਤੀ ਹੈ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੀ ਸੇਵਾ ਕਰਦਾ ਹੈ। 23 ਮੇਰਾ ਉਸਨੂੰ ਤੁਹਾਡੇ ਵੱਲ ਛੇਤੀ ਭੇਜਣ ਦਾ ਇਰਾਦਾ ਹੈ। ਮੈਂ ਉਸਨੂੰ ਉਦੋਂ ਭੇਜ ਦਿਆਂਗਾ ਜਦੋਂ ਮੈਨੂੰ ਆਪਣੇ ਨਾਲ ਵਾਪਰਨ ਵਾਲੇ ਹਲਾਤਾਂ ਬਾਰੇ ਪਤਾ ਲੱਗ ਜਾਵੇਗਾ। 24 ਮੈਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਮੈਂ ਵੀ ਛੇਤੀ ਹੀ ਤੁਹਾਡੇ ਕੋਲ ਆਵਾਂਗਾ। 25 ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸਨੂੰ ਮੇਰੀਆਂ ਲੋੜਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ। 26 ਉਹ ਤੁਹਾਨੂੰ ਸਾਰਿਆਂ ਨੂੰ ਮਿਲਣਾ ਚਾਹੁੰਦਾ ਹੈ। ਉਹ ਫ਼ਿਕਰਮੰਦ ਹੈ ਕਿਉਂਕਿ ਤੁਸੀਂ ਜਾਣ ਗਏ ਕਿ ਉਹ ਬਿਮਾਰ ਸੀ। 27 ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ। 28 ਇਸ ਲਈ ਮੈਂ ਜਲਦੀ ਹੀ ਉਸਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਜਦੋਂ ਤੁਸੀਂ ਉਸਨੂੰ ਵੇਖੋਂਗੇ, ਤਾਂ ਤੁਸੀਂ ਇੱਕ ਵਾਰ ਫ਼ੇਰ ਖੁਸ਼ ਹੋਵੋਂਗੇ। ਅਤੇ ਮੇਰੀ ਚਿੰਤਾ ਵੀ ਘਟ ਜਾਵੇਗੀ। 29 ਇਸ ਲਈ ਉਸਦਾ ਪ੍ਰਭੂ ਵਿੱਚ ਵੱਡੇ ਅਨੰਦ ਨਾਲ ਸੁਆਗਤ ਕਰੋ। ਇਹ ਨਿਸ਼ਚਿਤ ਕਰ ਲਵੋ ਕਿ ਤੁਸੀਂ ਉਸ ਵਰਗੇ ਲੋਕਾਂ ਦੀ ਇੱਜ਼ਤ ਕਰਦੇ ਹੋ। 30 ਉਸਨੂੰ ਸਤਿਕਾਰਿਆ ਜਾਣਾ ਚਾਹੀਦਾ ਕਿਉਂਕਿ ਉਸਨੇ ਮਸੀਹ ਦੀ ਖਾਤਿਰ ਆਪਣੇ ਪ੍ਰਾਣ ਦੇਣ ਜਿੰਨਾ ਕੰਮ ਕੀਤਾ। ਉਸਨੇ ਮੇਰੀ ਸਹਾਇਤਾ ਕਰਨ ਲਈ ਆਪਣੇ ਖੁਦ ਦੇ ਪ੍ਰਾਣ ਵੀ ਖਤਰੇ ਵਿੱਚ ਪਾ ਦਿੱਤੇ। ਤੁਸੀਂ ਆਜਿਹੀ ਸਹਾਇਤਾ ਮੇਰੀ ਖਾਤਿਰ ਨਹੀਂ ਕਰ ਸਕੇ।

3:1 ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ। 2 ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁਤਿਆਂ ਵਰਗੇ ਹਨ। ਉਹ ਸ਼ਰੀਰ ਵੱਢਣ ਲਈ ਮੰਗ ਕਰਦੇ ਹਨ। 3 ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਸੱਚੀ ਸੁੰਨਤ ਹੋਈ ਹੈ। ਅਸੀਂ ਪਰਮੇਸ਼ੁਰ ਦੀ ਉਪਾਸਨਾ ਉਸਦੇ ਆਤਮੇ ਰਾਹੀਂ ਕਰਦੇ ਹਾਂ ਅਤੇ ਆਪਣਾ ਵਿਸ਼ਵਾਸ ਆਪਣੇ ਖੁਦ ਵਿੱਚ ਰੱਖਣ ਦੀ ਬਜਾਏ ਮਸੀਹ ਯਿਸੂ ਵਿੱਚ ਰਖਦੇ ਹਾਂ। 4 ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰਖ ਸਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰਖ ਸਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵਧ ਕਾਰਣ ਹਨ। 5 ਮੇਰੀ ਸੁੰਨਤ ਜੰਮਨ ਤੋਂ ਬਾਦ ਅਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ। 6 ਮੈਂ ਆਪਣੇ ਯਹੂਦੀ ਧਰਮ ਬਾਰੇ ਬੜਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬੜੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲਭਿਆ। 7 ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ। 8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸਕਾਂ। 9 ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। 10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸਨੂੰ ਮੌਤ ਤੋਂ ਉਭਾਰਿਆ ਹੈ। ਮੈਂ ਮਸੀਹ ਦੇ ਦੁਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ। 11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸਕਦਾ ਹਾਂ ਜੋ ਮੌਤ ਤੋਂ ਉਭਾਰੇ ਜਾਣਗੇ। 12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਨਿਰੰਤਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਮ੍ਹਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ। 15 ਸਾਨੂੰ ਸਾਰਿਆਂ ਨੂੰ, ਜਿਹੜੇ ਆਤਮਕ ਤੌਰ ਤੇ ਪੂਰੀ ਤਰ੍ਹਾਂ ਵੱਡੇ ਹੋ ਚੁੱਕੇ ਹਾਂ, ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗਲ ਨਾਲ ਵੀ ਸਹਿਮਤ ਨਾ ਹੋਵੋ, ਤਾਂ ਪਰਮੇਸ਼ੁਰ ਤੁਹਾਨੂੰ ਇਹ ਸਪਸ਼ਟ ਕਰ ਦੇਵੇਗਾ। 16 ਹਰ ਹਾਲਤ ਵਿੱਚ ਸਾਨੂੰ ਸੱਚ ਦੇ ਰਾਹ ਤੇ ਤੁਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਅਸੀਂ ਹੁਣ ਤਕ ਅਨੁਸਰਣ ਕਰਦੇ ਆਏ ਹਾਂ। 17 ਭਰਾਵੋ ਅਤੇ ਭੈਣੋ, ਮੇਰੇ ਉਦਾਹਰਣਾਂ ਦਾ ਅਨੁਸਰਣ ਕਰੋ। ਉਨ੍ਹਾਂ ਲੋਕਾਂ ਦਾ ਨਰੀਖਣ ਕਰੋ ਜਿਹੜੇ ਨੇੜਤਾ ਨਾਲ ਸਾਡੇ ਉਦਾਹਰਣਾ ਦਾ ਅਨੁਸਰਣ ਕਰਦੇ ਹਨ। ਜਿਵੇਂ ਅਸੀਂ ਇਹ ਰਾਹ ਤੁਹਾਨੂੰ ਵਿਖਾਏ। ਤੁਸੀਂ ਵੀ ਉਨ੍ਹਾਂ ਵਾਂਗ ਅਨੁਸਰਣ ਕਰੋ। 18 ਬਹੁਤ ਸਾਰੇ ਲੋਕ ਮਸੀਹ ਦੀ ਸਲੀਬ ਦੇ ਦੁਸ਼ਮਣਾਂ ਵਾਂਗ ਜਿਉਂਦੇ ਹਨ। ਮੈਂ ਕਈ ਵਾਰੀ ਅਜਿਹੇ ਲੋਕਾਂ ਬਾਰੇ ਤੁਹਾਨੂੰ ਦਸਿਆ ਹੈ। ਅਤੇ ਹੁਣ ਉਨ੍ਹਾਂ ਬਾਰੇ ਦੱਸਣ ਲਗਿਆਂ ਮੈਨੂੰ ਰੋਣਾ ਆਉਂਦਾ ਹੈ। 19 ਜਿਸ ਰਾਹ ਤੇ ਉਹ ਜਿਉਂ ਰਹੇ ਹਨ ਉਹ ਰਾਹ ਹੈ ਜੋ ਤਬਾਹੀ ਵੱਲ ਜਾਂਦਾ ਹੈ। ਉਨ੍ਹਾਂ ਦੀ ਭੁਖ ਹੀ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਤੇ ਅਭਿਮਾਨ ਹੈ ਜਿਹੜੀਆਂ ਗੱਲਾਂ ਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਹ ਸਿਰਫ਼ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਨ। 20 ਪਰ ਸਾਡੀ ਮਾਤਭੂਮੀ ਸੁਰਗਾਂ ਵਿੱਚ ਹੈ। ਅਸੀਂ ਆਪਣੇ ਮੁਕਤੀਦਾਤੇ ਦੇ ਸੁਰਗਾਂ ਤੋਂ ਆਉਣ ਦੀ ਉਡੀਕ ਕਰ ਰਹੇ ਹਾਂ। ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਹੈ। 21 ਮਸੀਹ ਸਾਡੇ ਭੌਤਿਕ ਸ਼ਰੀਰਾਂ ਨੂੰ ਆਪਣੇ ਮਹਿਮਾਮਈ ਸ਼ਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯਂਤ੍ਰਣ ਹੇਠ ਰੱਖਣ ਯੋਗ ਹੈ।

4:1 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਖੁਸ਼ੀ ਦਿਉ ਅਤੇ ਮੈਨੂੰ ਤੁਹਾਡੇ ਉੱਤੇ ਮਾਣ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਵਫ਼ਾਦਾਰੀ ਨਾਲ ਪ੍ਰਭੂ ਦਾ ਅਨੁਸਰਣ ਕਰਨਾ ਜਾਰੀ ਰਖੋ। 2 ਮੈਂ ਯੂਓਦੀਆ ਅਤੇ ਸੁੰਤੁਖੇ ਨੂੰ ਇੱਕ ਦੂਸਰੇ ਨਾਲ ਸਹਿਮਤ ਹੋਣ ਲਈ ਬੇਨਤੀ ਕਰਦਾ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। 3 ਮੇਰੇ ਮਿੱਤਰੋ, ਕਿਉਂਕਿ ਤੁਸੀਂ ਮੇਰੇ ਨਾਲ ਰਲਕੇ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ ਇਸ ਲਈ ਮੈਂ ਤੁਹਾਨੂੰ ਇਨ੍ਹਾਂ ਔਰਤਾਂ ਦੀ ਅਜਿਹਾ ਕਰਨ ਵਿੱਚ ਸਹਾਇਤਾ ਕਰਨ ਲਈ ਆਖਦਾ ਹਾਂ। ਇਨ੍ਹਾਂ ਨੇ ਕਲੇਮੰਸ ਨਾਲ ਮੇਰੇ ਪਖੋਂ ਅਤੇ ਮੇਰੇ ਹੋਰ ਸਾਥੀਆਂ ਨਾਲ ਮਿਲਕੇ ਖੁਸ਼ਖਬਰੀ ਫ਼ੈਲਾਉਣ ਵਿੱਚ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਗਏ ਹਨ। 4 ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸਨੂੰ ਫ਼ਿਰ ਆਖਾਂਗਾ, ਅਨੰਦ ਮਾਣੋ। 5 ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ। ਪ੍ਰਭੂ ਛੇਤੀ ਆ ਰਿਹਾ ਹੈ। 6 ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਸ਼ੁਕਰਾਨਾ ਕਰੋ। 7 ਪਰਮੇਸ਼ੁਰ ਦੀ ਸ਼ਾਂਤੀ ਇੰਨੀ ਮਹਾਨ ਹੈ ਕਿ ਇਸ ਨੂੰ ਸਾਡੇ ਮਨ ਸਮਝਣ ਲਾਇਕ ਨਹੀਂ ਹਨ। ਪਰ ਉਹ ਸ਼ਾਂਤੀ ਮਸੀਹ ਯਿਸੂ ਵਿੱਚ ਸਾਡੇ ਦਿਲਾਂ ਅਤੇ ਮਨਾਂ ਦੀ ਰਖਵਾਲੀ ਕਰੇਗੀ। 8 ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ। 9 ਉਹ ਗੱਲਾਂ ਕਰੋ ਜਿਹੜੀਆਂ ਤੁਸੀਂ ਮੈਥੋਂ ਸਿਖੀਆਂ ਅਤੇ ਪ੍ਰਾਪਤ ਕੀਤੀਆਂ ਹਨ। ਉਹ ਗੱਲਾਂ ਕਰੋ ਜੋ ਤੁਸੀਂ ਮੈਥੋਂ ਸੁਣੀਆਂ ਅਤੇ ਜੋ ਗੱਲਾਂ ਮੈਨੂੰ ਕਰਦਿਆਂ ਵੇਖਿਆ ਪਰਮੇਸ਼ੁਰ ਜਿਹੜਾ ਸ਼ਾਂਤੀ ਦਿੰਦਾ ਹੈ, ਤੁਹਾਡੇ ਨਾਲ ਹੋਵੇਗਾ। 10 ਤੁਸੀਂ ਮੇਰੇ ਹਿਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ। 11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਪਰਿਸਥਿਤੀਆਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿਖ ਲਿਆ ਹੈ। 12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਪਰਿਸਥਿਤੀ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ। 13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ। 14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ। 15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮੈਕਦੂਨਿਯਾ ਛਡਿਆ, ਤੁਹਾਡੀ ਹੀ ਇਕੱਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ। 21 ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ। ਉਹ ਸਾਰੇ ਭਰਾ ਵੀ ਜੋ ਮੇਰੇ ਨਾਲ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। 22 ਪਰਮੇਸ਼ੁਰ ਦੇ ਸਾਰੇ ਲੋਕ, ਖਾਸਕਰ ਉਹ ਜਿਹੜੇ ਸੀਜ਼ਰ ਦੇ ਮਹਿਲ ਵਿੱਚ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। 23 ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ।