1:1 ਪੌਲੁਸ, ਮਸੀਹ ਯਿਸੂ ਦੇ ਸੇਵਕ ਵੱਲੋਂ ਸ਼ੁਭ ਕਾਮਨਾਵਾਂ।ਪਰਮੇਸ਼ੁਰ ਨੇ ਮੈਨੂੰ ਰਸੂਲ ਬਨਣ ਲਈ ਸਦਿਆ। ਮੈਨੂੰ ਪਰਮੇਸ਼ੁਰ ਦੀ ਖੁਸ਼ ਖਬਰੀ ਸਾਰੇ ਲੋਕਾਂ ਨੂੰ ਸੁਨਾਉਣ ਲਈ ਚੁਣਿਆ ਗਿਆ। 2 ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਇਹ ਖੁਸ਼ਖਬਰੀ ਆਪਣੇ ਲੋਕਾਂ ਨੂੰ ਸੁਨਾਉਣ ਦਾ ਪਹਿਲਾਂ ਤੋਂ ਹੀ ਵਚਨ ਦਿੱਤਾ ਸੀ। ਉਹ ਵਚਨ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੋਇਆ ਹੈ। 3 ਇਹ ਖੁਸ਼ਖਬਰੀ ਪਰਮੇਸ਼ੁਰ ਦੇ ਪੁੱਤਰ, ਸਾਡੇ ਪ੍ਰਭੂ ਯਿਸੂ ਮਸੀਹ ਬਾਰੇ ਹੈ। ਉਹ ਇੱਕ ਮਨੁੱਖ ਦੇ ਤੌਰ ਤੇ ਦਾਊਦ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਪਰ ਪਵਿਤਰਤਾ ਦੇ ਆਤਮੇ ਰਾਹੀਂ ਉਹ ਸ਼ਕਤੀ ਨਾਲ ਪਰਮੇਸ਼ੁਰ ਦਾ ਪੁੱਤਰ ਵਿਖਾਇਆ ਗਿਆ, ਜਦੋਂ ਉਹ ਮੁਰਦਿਆਂ ਤੋਂ ਉਭਾਰਿਆ ਗਿਆ ਸੀ। ਉਹ ਯਿਸੂ ਮਸੀਹ ਸਾਡਾ ਪਰਮੇਸ਼ੁਰ ਹੈ। 4 5 ਮਸੀਹ ਰਾਹੀਂ, ਪਰਮੇਸ਼ੁਰ ਨੇ ਮੈਨੂੰ ਰਸੂਲ ਦਾ ਕਾਰਜ ਕਰਨ ਲਈ ਵਿਸ਼ੇਸ਼ ਅਧਿਕਾਰ ਦਿੱਤਾ ਹੈ। ਪਰਮੇਸ਼ੁਰ ਨੇ ਮੈਨੂੰ ਸਾਰੀਆਂ ਕੌਮਾਂ ਵਿੱਚ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਅਤੇ ਆਗਿਆਕਾਰਤਾ ਵੱਲ ਪ੍ਰੇਰਿਤ ਕਰਨ ਦਾ ਕੰਮ ਦਿੱਤਾ ਹੈ। ਇਹ ਉਸਦੇ ਨਾਂ ਲਈ ਮਹਿਮਾ ਲਿਆਵੇਗਾ। 6 ਤੁਹਾਨੂੰ ਵੀ ਯਿਸੂ ਮਸੀਹ ਨਾਲ ਸੰਬੰਧਿਤ ਹੋਣ ਲਈ ਸਦਿਆ ਗਿਆ ਹੈ। 7 ਇਹ ਚਿਠੀ ਤੁਹਾਨੂੰ ਸਾਰੇ ਰੋਮੀਆਂ ਨੂੰ ਲਿਖੀ ਗਈ ਹੈ ਜਿਹੜੇ ਪਰਮੇਸ਼ੁਰ ਨੂੰ ਪਿਆਰੇ ਹਨ। ਉਸਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਹੋਣ ਲਈ ਸਦਿਆ ਹੈ।ਤੁਹਾਨੂੰ ਸਾਡੇ ਪਿਤਾ ਪਰਮੇਸ਼ੁਰ ਵੱਲੋਂ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਕਿਰਪਾ ਅਤੇ ਸ਼ਾਂਤੀ। 8 ਸਭ ਤੋਂ ਪਹਿਲਾਂ ਤਾਂ ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਸਾਰੀ ਦੁਨੀਆਂ ਵਿੱਚ ਲੋਕ ਤੁਹਾਡੇ ਮਹਾਨ ਵਿਸ਼ਵਾਸ ਬਾਰੇ ਗੱਲਾਂ ਕਰ ਰਹੇ ਹਨ। 9 ਮੈਂ ਹਰ ਵੇਲੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। ਇੱਕ ਪਰਮੇਸ਼ੁਰ ਹੀ ਹੈ ਜਿਸਦੇ ਪੁੱਤਰ ਦੀ ਖੁਸ਼ਖਬਰੀ ਬਾਰੇ ਦੱਸਕੇ ਮੈਂ ਆਪਣੇ ਦਿਲੋਂ ਉਸ ਦੀ ਸੇਵਾ ਕਰਦਾ ਹਾਂ। ਮੈਂ ਉਸ ਅੱਗੇ ਲਗਾਤਾਰ ਪ੍ਰਾਰਥਨਾ ਕਰਦਾ ਹਾਂ ਕਿ ਉਸਦੀ ਇੱਛਾ ਅਨੁਸਾਰ ਮੈਨੂੰ ਤੁਹਾਡੇ ਕੋਲ ਆਉਣ ਦੀ ਆਗਿਆ ਦਿੱਤੀ ਜਾਵੇਗੀ। 10 11 ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਅਤੇ ਤੁਹਾਨੂੰ ਬਲਵਾਨ ਬਨਾਉਣ ਲਈ ਕੁਝ ਆਤਮਕ ਤੋਹਫ਼ੇ ਦੇਣਾ ਚਾਹੁੰਦਾ ਹਾਂ। 12 ਅਸੀਂ ਆਪਣੇ ਆਪ ਨੂੰ ਵਿਸ਼ਵਾਸ ਰਾਹੀਂ ਪਰਸਪਰ ਤਾਕਤ੍ਵਰ ਬਣਾ ਸਕਦੇ ਹਾਂ ਇਸ ਵਿਸ਼ਵਾਸ ਤੋਂ ਮੇਰਾ ਭਾਵ, ਜਿਹੜਾ ਤੁਹਾਨੂੰ ਤੇ ਮੈਨੂੰ ਹੈ। 13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੜੀ ਵਾਰ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਪਰ ਹੁਣ ਤੱਕ ਮੈਨੂੰ ਆਗਿਆ ਨਹੀਂ ਸੀ ਦਿੱਤੀ ਗਈ। ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤਾਂ ਜੋ ਮੈਂ ਤੁਹਾਡੇ ਆਤਮਕ ਵਾਧੇ ਵਿੱਚ ਤੁਹਾਡੀ ਸਹਾਇਤਾ ਕਰ ਸਕਾਂ ਉਵੇਂ ਜਿਵੇਂ ਮੈਂ ਹੋਰਨਾਂ ਕੌਮਾਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਹੈ। 14 ਸਭ ਲੋਕਾਂ ਦੀ, ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁਧੀਵਾਨ ਅਤੇ ਮੂਰਖ ਲੋਕਾਂ ਦੀ, ਸੇਵਾ ਕਰਨੀ ਮੇਰਾ ਫ਼ਰਜ਼ ਹੈ। 15 ਇਸੇ ਲਈ ਮੈਂ ਤੁਹਾਨੂੰ ਵੀ, ਜਿਹੜੇ ਰੋਮ ਵਿੱਚ ਹੋ, ਖੁਸ਼ਖਬਰੀ ਦੇਣ ਦਾ ਇਛੁਕ ਹਾਂ। 16 ਮੈਨੂੰ ਖੁਸ਼ਖਬਰੀ ਤੇ ਮਾਨ ਹੈ। ਇਹ ਉਹ ਤਾਕਤ ਹੈ, ਜਿਹੜੀ ਪਰਮੇਸ਼ੁਰ ਉਨ੍ਹਾਂ ਸਭ ਨੂੰ ਬਚਾਉਣ ਲਈ ਇਸਤੇਮਾਲ ਕਰਦਾ ਹੈ, ਜਿਹੜੇ ਵਿਸ਼ਵਾਸ ਕਰਦੇ ਹਨ, ਪਹਿਲਾਂ ਯਹੂਦੀਆਂ ਨੂੰ ਅਤੇ ਗੈਰ ਯਹੂਦੀਆਂ ਨੂੰ ਵੀ ਬਚਾਉਣ ਲਈ ਇਸਤੇਮਾਲ ਕਰਦਾ ਹੈ। 17 ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਆਸਥਾ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ ਕਿ। “ਜਿਹੜਾ ਮਨੁੱਖ ਨਿਹਚਾ ਨਮਿਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।” 18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ। 19 ਪਰਮੇਸ਼ੁਰ ਆਪਣਾ ਗੁੱਸਾ ਵਿਖਾਉਂਦਾ ਹੈ ਕਿਉਂਕਿ ਜੋ ਕੁਝ ਕੋਈ ਪਰਮੇਸ਼ੁਰ ਬਾਰੇ ਜਾਣ ਸਕਦਾ ਹੈ ਉਹ ਸਭ ਜਾਣਦੇ ਹਨ। ਹਾਂ, ਉਸਨੇ ਸਪਸ਼ਟ ਤੌਰ ਤੇ ਆਪਣੇ ਆਪ ਨੂੰ ਲੋਕਾਂ ਨੂੰ ਵਿਖਾਇਆ ਹੈ। 20 ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰੇ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ। 21 ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ। 22 ਭਾਵੇਂ ਉਨ੍ਹਾਂ ਨੇ ਦਾਵ੍ਹਾ ਕੀਤਾ ਸੀ ਕਿ ਉਹ ਸਿਆਣੇ ਹਨ, ਪਰ ਉਹ ਮੂਰਖ ਬਣ ਗਏ। 23 ਉਨ੍ਹਾਂ ਨੇ ਅਬਨਾਸ਼ੀ ਪਰਮੇਸ਼ੁਰ ਨੂੰ ਸਤਿਕਾਰਨਾ ਬੰਦ ਕਰ ਦਿੱਤਾ, ਤੇ ਇਸਦੀ ਜਗ਼੍ਹਾ ਉਨ੍ਹਾਂ ਨੇ ਮੂਰਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਜੋ ਧਰਤੀ ਦੇ ਲੋਕਾਂ ਵਾਂਗ ਦਿਖਦੀਆਂ ਹਨ। ਉਨ੍ਹਾਂ ਨੇ ਪੰਛੀਆਂ, ਜਾਨਵਰਾਂ ਤੇ ਸਪਾਂ ਵਰਗੀਆਂ ਨਸ਼ਵਾਰ ਚੀਜ਼ਾਂ ਵਾਸਤੇ ਪਰਮੇਸ਼ੁਰ ਦੀ ਮਹਿਮਾ ਦਾ ਵਪਾਰ ਕੀਤਾ। 24 ਲੋਕੀਂ ਪਾਪਾਂ ਨਾਲ ਭਰੇ ਹੋਏ ਸਨ ਅਤੇ ਸਿਰਫ਼ ਮੰਦੀਆਂ ਗੱਲਾਂ ਹੀ ਕਰਨਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪੀ ਰਾਹ ਵੱਲ ਜਾਣ ਲਈ ਛੱਡ ਦਿੱਤਾ। ਇਸ ਲਈ ਉਹ ਇੱਕ ਦੂਜੇ ਨਾਲ ਸ਼ਰਮਨਾਕ ਗੱਲਾਂ ਕਰਕੇ ਆਪਣੇ ਸ਼ਰੀਰਾਂ ਦੀ ਗਲਤ ਵਰਤੋਂ ਕਰਨ ਲੱਗੇ। 25 ਉਨ੍ਹਾਂ ਨੇ ਪਰਮੇਸ਼ੁਰ ਦੇ ਸੱਚ ਨੂੰ ਇੱਕ ਝੂਠ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਉਸਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਪਰ ਉਸ ਪਰਮੇਸ਼ੁਰ ਦੀ ਨਹੀਂ, ਜਿਸਨੇ ਉਨ੍ਹਾ ਚੀਜ਼ਾਂ ਨੂੰ ਬਣਾਇਆ ਸੀ। ਸਿਰਫ਼ ਪਰਮੇਸ਼ੁਰ ਦੀ ਹੀ ਉਸਤਤਿ ਸਦੀਵੀ ਹੋਣੀ ਚਾਹੀਦੀ ਹੈ। ਆਮੀਨ। 26 ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ਰਮਸਾਰੀ ਵਾਲੀਆਂ ਗੱਲਾਂ ਕਰਨ ਲਈ ਛੱਡ ਦਿੱਤਾ, ਜਿਨ੍ਹਾਂ ਦੀ ਉਨ੍ਹਾਂ ਨੇ ਇੱਛਾ ਕੀਤੀ ਸੀ। ਉਨ੍ਹਾਂ ਦੀਆਂ ਔਰਤਾਂ ਨੇ ਮਰਦਾਂ ਨਾਲੋਂ ਜਿਨਸੀ ਸੰਬੰਧ ਤੋੜ ਲਏ ਅਤੇ ਦੂਸਰੀਆਂ ਔਰਤਾਂ ਨਾਲ ਜਿਨਸੀ ਸੰਬੰਧ ਜੋੜ ਲਏ। 27 ਇਸੇ ਤਰ੍ਹਾਂ ਮਰਦਾਂ ਨੇ ਵੀ ਔਰਤਾਂ ਨਾਲ ਜਿਨਸੀ ਸੰਬੰਧ ਤੋੜ ਲਏ ਅਤੇ ਆਪਸ ਵਿੱਚ ਕਾਮਾਤੁਰ ਹੋਕੇ ਕਾਮਅਗਨੀ ਵਿੱਚ ਮੱਚਣ ਲੱਗੇ। ਇੰਝ ਮਰਦਾਂ ਨੇ ਇੱਕ ਦੂਜੇ ਨਾਲ ਸ਼ਰਮਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੇ ਸ਼ਰੀਰਾਂ ਵਿੱਚ, ਕੀਤੇ ਬੁਰੇ ਕੰਮਾਂ ਦੀ ਸਜ਼ਾਂ ਭੁਗਤਨੀ ਪਈ। 28 ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ। 29 ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ। 30 ਉਹ ਲੋਕ ਅਫ਼ਵਾਹਾਂ ਫ਼ੈਲਾਉਂਦੇ ਗਪਾਂ ਮਾਰਦੇ ਅਤੇ ਇੱਕ ਦੂਜੇ ਬਾਰੇ ਨਿੰਦਾ ਕਰਦੇ ਰਹਿੰਦੇ ਹਨ। ਉਹ ਪਰਮੇਸ਼ੁਰ ਨੂੰ ਘਿਰਣਾ ਕਰਦੇ ਹਨ। ਉਹ ਢੀਠ, ਹੰਕਾਰੀ, ਸ਼ੇਖੀਬਾਜ਼, ਹਨ ਅਤੇ ਉਹ ਬਦਕਰਨੀਆਂ ਕਰਨ ਲਈ ਨਿਤ ਨਵੇਂ ਰਾਹਾਂ ਦੀ ਇਜਾਦ ਕਰਦੇ ਹਨ। ਉਹ ਆਪਣੇ ਮਾਪਿਆਂ ਦੇ ਆਗਿਆਕਾਰੀ ਵੀ ਨਹੀਂ। 31 ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰਖਦੇ ਹਨ। 32 ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਵਿਅਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
2:1 ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਦੁਨੀਆਂ ਦਾ ਨਿਰਣਾ ਕਰ ਸਕਦੇ ਹੋ, ਤੁਸੀਂ ਗਲਤੀ ਕਰ ਰਹੇ ਹੋ। ਤੁਸੀਂ ਖੁਦ ਵੀ ਪਾਪ ਕਰਨ ਦੇ ਕਸੂਰਵਾਰ ਹੋ ਅਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋ, ਪਰ ਖੁਦ ਵੀ ਉਹੀ ਕਰਦੇ ਹੋ, ਜੋ ਉਹ ਕਰਦੇ ਹਨ। ਇਸ ਲਈ ਜਦੋਂ ਤੁਸੀਂ ਦੂਜਿਆਂ ਦਾ ਦੋਸ਼ੀ ਹੋਣ ਦਾ ਨਿਰਣਾ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਦਾ ਦੋਸ਼ੀ ਹੋਣ ਦਾ ਨਿਰਣਾ ਕਰਦੇ ਹੋ। 2 ਪਰਮੇਸ਼ੁਰ ਉਨ੍ਹਾਂ ਦਾ ਨਿਰਣਾ ਖੁਦ ਕਰਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਮੰਦੇ ਕੰਮ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਰਣਾ ਹਮੇਸ਼ਾ ਸਹੀ ਹੁੰਦਾ ਹੈ। 3 ਤੁਸੀਂ ਉਨ੍ਹਾਂ ਲੋਕਾਂ ਦਾ ਨਿਰਣਾ ਕਰਦੇ ਹੋ ਜੋ ਅਜਿਹੇ ਮੰਦੇ ਕਰਦੇ ਹਨ, ਪਰ ਤੁਸੀਂ ਖੁਦ ਵੀ ਉਹੀ ਗੱਲਾਂ ਕਰ ਰਹੇ ਹੋ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਹੀ ਅਰਮੇਸ਼ੁਰ ਤੁਹਾਡਾ ਵੀ ਨਿਰਣਾ ਕਰੇਗਾ। ਉਦੋਂ ਤੁਸੀਂ ਨਹੀਂ ਬਚ ਸਕੋਂਗੇ। 4 ਪਰਮੇਸ਼ੁਰ ਤੁਹਾਡੇ ਤੇ ਬਹੁਤ ਦਿਆਲੂ ਰਿਹਾ ਹੈ ਅਤੇ ਉਸਨੇ ਤੁਹਾਡੇ ਨਾਲ ਬੜੇ ਸਬਰ ਤੋਂ ਕੰਮ ਲਿਤਾ ਹੈ। ਉਹ ਤੁਹਾਡੇ ਬਦਲਣ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਤੁਸੀਂ ਉਸਦੀ ਦਯਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹੋ। ਤੁਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪਰਮੇਸ਼ੁਰ ਦੀ ਦਯਾ, ਦਾ ਉਦੇਸ਼ ਤੁਹਾਡੇ ਦਿਲ ਅਤੇ ਜੀਵਨ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਨ ਦਾ ਹੈ। 5 ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ। 6 ਉਸ ਦਿਨ ਪਰਮੇਸ਼ੁਰ ਹਰ ਇੱਕ ਨੂੰ ਉਸਦੇ ਕੀਤੇ ਅਨੁਸਾਰ ਸਜ਼ਾ ਜਾਂ ਫ਼ਲ ਦੇਵੇਗਾ। 7 ਜਿਹੜੇ ਮਨੁੱਖ ਪਰਮੇਸ਼ੁਰ ਦੀ ਮਹਿਮਾ, ਸਤਿਕਾਰ ਅਤੇ ਸਦੀਵੀ ਜੀਵਨ ਵਾਸਤੇ ਜਿਉਂਦੇ ਹਨ ਉਹ ਨਿਰੰਤਰ ਚੰਗੇ ਕੰਮ ਕਰਦੇ ਹਨ। ਉਹ ਪਰਮੇਸ਼ੁਰ ਤੋਂ ਅਮਰ ਜੀਵਨ ਪ੍ਰਾਪਤ ਕਰਨਗੇ। 8 ਪਰ ਕੁਝ ਲੋਕ ਸੁਆਰਥੀ ਹਨ ਅਤੇ ਉਹ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ। ਉਹ ਲੋਕ ਦੁਸ਼ਟਤਾ ਦੇ ਰਾਹ ਦਾ ਅਨੁਸਰਣ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦੇਵੇਗਾ ਤੇ ਆਪਣਾ ਕਰੋਧ ਵਿਖਾਵੇਗਾ। 9 ਪਰਮੇਸ਼ੁਰ ਹਰੇਕ ਉਸ ਮਨੁੱਖ ਨੂੰ ਪਹਿਲਾਂ ਯਹੂਦੀ ਨੂੰ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਉਦਾਸੀ ਅਤੇ ਕਸ਼ਟ ਦੇਵੇਗਾ ਜਿਹੜਾ ਬੁਰਿਆਈ ਕਰਦਾ ਹੈ। 10 ਪਰਮੇਸ਼ੁਰ ਹਰੇਕ ਮਨੁੱਖ ਨੂੰ ਪਹਿਲਾਂ ਯਹੂਦੀ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਮਹਿਮਾ, ਸਤਿਕਾਰ ਅਤੇ ਸ਼ਾਂਤੀ ਦੇਵੇਗਾ ਜਿਹੜੇ ਚੰਗੇ ਕੰਮ ਕਰਦੇ ਹਨ। 11 ਪਰਮੇਸ਼ੁਰ ਸਭ ਲੋਕਾਂ ਦਾ ਨਿਰਣਾ ਬਿਨਾ ਪਖਪਾਤ ਤੋਂ ਕਰਦਾ ਹੈ। 12 ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਤੋਂ ਬਿਨਾ ਪਾਪ ਕੀਤੇ ਹਨ, ਉਨ੍ਹਾਂ ਦਾ ਨਿਰਣਾ ਸ਼ਰ੍ਹਾ ਤੋਂ ਬਿਨਾ ਕੀਤਾ ਜਾਵੇਗਾ, ਅਤੇ ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਹਨ ਉਨ੍ਹਾਂ ਦਾ ਨਿਰਣਾ ਸ਼ਰ੍ਹਾ ਅਨੁਸਾਰ ਕੀਤਾ ਜਾਵੇਗਾ। 13 ਸ਼ਰ੍ਹਾ ਨੂੰ ਸੁਣਨ ਨਾਲ ਕੋਈ ਵੀ ਧਰਮੀ ਨਹੀਂ ਬਣ ਸਕਦਾ। ਸਿਰਫ਼ ਉਹੀ, ਜਿਹੜੇ ਉਹ ਕਰਦੇ ਹਨ ਜੋ ਸ਼ਰ੍ਹਾ ਆਖਦੀ ਹੈ ਧਰਮੀ ਠਹਿਰਾਏ ਜਾਣਗੇ। 14 ਗੈਰ-ਯਹੂਦੀਆਂ ਕੋਲ ਸ਼ਰ੍ਹਾ ਨਹੀਂ ਹੈ। ਪਰ ਜੇ ਉਹ ਜੋ ਸ਼ਰ੍ਹਾ ਦਾ ਹੁਕਮ ਹੈ ਆਪਣੇ ਆਪ ਕਰਦੇ ਹਨ, ਭਾਵੇਂ ਉਨ੍ਹਾਂ ਕੋਲ ਸ਼ਰ੍ਹਾ ਨਹੀਂ ਹੈ, ਉਹ ਖੁਦ ਵਾਸਤੇ ਹੀ ਸ਼ਰ੍ਹਾ ਹਨ। 15 ਉਹ ਦਰਸ਼ਾਉਂਦੇ ਹਨ ਕਿ ਸ਼ਰ੍ਹਾ ਉਨ੍ਹਾਂ ਦੇ ਦਿਲਾਂ ਵਿੱਚ ਲਿਖੀ ਹੋਈ ਹੈ। ਉਹ ਇਸਨੂੰ ਆਪਣੀ ਭਾਵਨਾ ਦੁਆਰਾ ਸਹੀ ਅਤੇ ਗਲਤ ਦਰਸ਼ਾਉਂਦੇ ਹਨ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਗਲਤ ਕੀਤਾ, ਅਤੇ ਇਹ ਉਨ੍ਹਾਂ ਨੂੰ ਦੋਸ਼ੀ ਬਣਾਉਂਦਾ ਹੈ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਸਹੀ ਕੀਤਾ, ਅਤੇ ਇਹ ਉਨ੍ਹਾਂ ਨੂੰ ਨਿਰਦੋਸ਼ ਬਣਾਉਂਦੀਆਂ ਹਨ। 16 ਇਹ ਸਭ ਉਦੋਂ ਵਾਪਰੇਗਾ ਜਦੋਂ ਪਰਮੇਸ਼ੁਰ ਮਨੁੱਖਾਂ ਦੇ ਰਹੱਸਾਂ ਦਾ ਨਿਰਣਾ ਕਰੇਗਾ। ਖੁਸ਼ ਖਬਰੀ ਦੇ ਅਨੁਸਾਰ ਮੈਂ ਪ੍ਰਚਾਰ ਕਰਦਾ ਹਾਂ। ਪਰਮੇਸ਼ੁਰ ਲੋਕਾਂ ਦਾ ਨਿਰਣਾ ਮਸੀਹ ਯਿਸੂ ਰਾਹੀਂ ਕਰੇਗਾ। 17 ਤੁਹਾਡਾ ਕੀ ਬਣੇਗਾ? ਤੁਸੀਂ ਆਖਦੇ ਹੋ ਕਿ ਤੁਸੀਂ ਯਹੂਦੀ ਹੋ। ਤੁਸੀਂ ਸ਼ਰ੍ਹਾ ਵਿੱਚ ਯਕੀਨ ਰਖਦੇ ਹੋ ਅਤੇ ਸ਼ੇਖੀ ਮਾਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਥੋਂ ਕੀ ਕਰਾਉਣਾ ਚਾਹੁੰਦਾ ਹੈ, ਅਤੇ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਗੱਲਾਂ ਮਹਤਵਪੂਰਣ ਹਨ ਕਿਉਂਕਿ ਤੁਹਾਡੇ ਕੋਲ ਸ਼ਰ੍ਹਾ ਦੀ ਅਗਵਾਈ ਹੈ। 19 ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਮਾਰਗ ਦਰਸ਼ਕ ਹੋ, ਜਿਹੜੇ ਅੰਨ੍ਹੇ ਹਨ, ਅਤੇ ਉਨ੍ਹਾਂ ਲਈ ਰੌਸ਼ਨੀ ਹੋ, ਜਿਹੜੇ ਹਨੇਰੇ ਵਿੱਚ ਹਨ। 20 ਤੁਸੀਂ ਸੋਚਦੇ ਹੋ ਕਿ ਤੁਸੀਂ ਮੂਰਖਾਂ ਨੂੰ ਕੀ ਠੀਕ ਹੈ ਦੀ ਪਛਾਣ ਕਰਵਾ ਸਕਦੇ ਹੋ। ਅਤੇ ਇਹ ਵੀ ਸੋਚਦੇ ਹੋ ਤੁਸੀਂ ਨਵੇਂ ਵਿਦਿਆਰਥੀਆਂ ਲਈ ਅਧਿਆਪਕ ਹੋ। ਤੁਹਾਡੇ ਕੋਲ ਸ਼ਰ੍ਹਾ ਹੈ, ਇਸ ਲਈ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਤੁਹਾਡੇ ਕੋਲ ਸਾਰੇ ਸੱਚ ਹਨ। 21 ਤਾਂ ਤੁਸੀਂ ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ, ਤੁਸੀਂ ਆਪਣੇ-ਆਪ ਨੂੰ ਕਿਉਂ ਨਹੀਂ ਸਿਖਾਉਂਦੇ? ਤੁਸੀਂ ਜੋ ਦੂਜਿਆਂ ਨੂੰ ਚੋਰੀ ਨਾ ਕਰਨ ਵਾਸਤੇ ਆਖਦੇ ਹੋ ਕੀ ਤੁਸੀਂ ਚੋਰੀ ਨਹੀਂ ਕਰਦੇ ਹੋ? 22 ਤੁਸੀਂ ਜੋ ਦੂਜਿਆਂ ਨੂੰ ਆਖਦੇ ਹੋ ਬਦਕਾਰੀ ਦਾ ਪਾਪ ਨਾ ਕਰੋ, ਕੀ ਤੁਸੀਂ ਨਹੀਂ ਕਰਦੇ? ਤੁਸੀਂ ਮੂਰਤੀਆਂ, ਨੂੰ ਘਿਰਣਾ ਕਰਦੇ ਹੋ ਪਰ ਮੰਦਰਾਂ ਵਿੱਚੋਂ ਚੁਰਾਉਂਦੇ ਹੋ। 23 ਤੁਸੀਂ ਪਰਮੇਸ਼ੁਰ ਦੀ ਸ਼ਰ੍ਹਾ ਬਾਰੇ ਸ਼ੇਖੀ ਮਾਰਦੇ ਹੋ ਪਰ ਤੁਸੀਂ ਪਰਮੇਸ਼ੁਰ ਦਾ ਨੇਮ ਤੋੜਦੇ ਹੋ ਅਤੇ ਪਰਮੇਸ਼ੁਰ ਨੂੰ ਸ਼ਰਮਸਾਰੀ ਲਿਆਉਂਦੇ ਹੋ। 24 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਤੁਹਾਡੇ ਕਾਰਣ ਗੈਰ-ਯਹੂਦੀ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਹਨ।” 25 ਜੇਕਰ ਤੁਸੀਂ ਸ਼ਰ੍ਹਾ ਦਾ ਅਨੁਸਰਣ ਕਰਦੇ ਹੋ ਤਾਂ ਤੁਹਾਡੀ ਸੁੰਨਤ ਦਾ ਅਰਥ ਹੈ। ਪਰ ਜੇਕਰ ਤੁਸੀਂ ਸ਼ਰ੍ਹਾ ਤੋੜਦੇ ਹੋ, ਤਾਂ ਤੁਸੀਂ ਅਸੁੰਨਤੀਆਂ ਵਾਂਗ ਸਮਝੇ ਜਾਵੋਂਗੇ। 26 ਭਾਵੇਂ ਗੈਰ-ਯਹੂਦੀਆਂ ਦੀ ਸੁੰਨਤ ਨਹੀਂ ਹੋਈ, ਪਰ ਜੇਕਰ ਉਹ ਸ਼ਰ੍ਹਾ ਮੁਤਾਬਕ ਜਿਉਣ, ਉਨ੍ਹਾਂ ਨੂੰ ਇਵੇਂ ਸਮਝਾਇਆ ਜਾਏਗਾ ਜਿਵੇਂ ਉਨ੍ਹਾਂ ਦੀ ਸੁੰਨਤ ਹੋਈ ਹੋਵੇ। 27 ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋੜਦੇ ਹੋ। ਸੋ ਜਿਹੜੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸ਼ਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ। 28 ਉਹ ਮਨੁੱਖ ਸੱਚਾ ਯਹੂਦੀ ਨਹੀਂ ਹੈ, ਜੇਕਰ ਉਹ ਸਿਰਫ਼ ਆਪਣੇ ਸ਼ਰੀਰ ਵਜੋਂ ਯਹੂਦੀ ਹੈ। ਸੱਚੀ ਸੁੰਨਤ ਸ਼ਰੀਰ ਤੇ ਨਿਸ਼ਾਨ ਹੋਣਾ ਨਹੀਂ ਹੈ। 29 ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।
3:1 ਇਸਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ? 2 ਹਾਂ। ਯਹੂਦੀਆਂ ਕੋਲ ਹਰ ਤਰ੍ਹਾਂ ਬਹੁਤ ਖਾਸ ਗੱਲਾਂ ਹਨ। ਸਭ ਤੋਂ ਪਹਿਲਾਂ; ਪਰਮੇਸ਼ੁਰ ਦੇ ਉਪਦੇਸ਼ ਯਹੂਦੀਆਂ ਨੂੰ ਸੌਂਪੇ ਗਏ ਹਨ। 3 ਇਹ ਸੱਚ ਹੈ ਕਿ ਕੁਝ ਯਹੂਦੀ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹਨ। ਪਰ ਕੀ ਉਨ੍ਹਾਂ ਦੀ ਅਨਾਸਥਾ ਪਰਮੇਸ਼ੁਰ ਤੋਂ ਉਸਦਾ ਵਚਨ ਤੁੜਵਾ ਸਕਦੀ ਹੈ? 4 ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ:“ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।” 5 ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵਧੇਰੇ ਸਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? ਲੋਕ ਇੰਝ ਆਖ ਸਕਦੇ ਹਨ। 6 ਨਹੀਂ। ਜੇਕਰ ਉਹ ਸਾਨੂੰ ਦੰਡ ਨਹੀਂ ਦੇਵੇਗਾ ਤਾਂ ਉਹ ਦੁਨੀਆਂ ਦਾ ਨਿਰਣਾ ਕਿਵੇਂ ਕਰੇਗਾ? 7 ਕੋਈ ਮਨੁੱਖ ਆਖ ਸਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?” 8 ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈ ਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ। 9 ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ। 10 ਜਿਵੇਂ ਕਿ ਪੋਥੀਆਂ ਕਹਿੰਦੀਆਂ ਹਨ:“ਕੋਈ ਵੀ ਮਨੁੱਖ ਪਾਪ ਤੋਂ ਬਿਨਾ ਨਹੀਂ ਹੈ। ਇੱਕ ਵੀ ਨਹੀਂ। 11 ਇਥੇ ਕੋਈ ਨਹੀਂ ਜੋ ਸਮਝਦਾ ਹੈ।ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ। 12 ਸਭ ਲੋਕ ਭਟਕ ਗਏ ਹਨ,ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ।ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ।” 13 “ਲੋਕਾਂ ਦੇ ਮੂੰਹ ਖੁਲੀ ਹੋਈ ਕਬਰ ਵਾਂਗ ਹਨ।ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” “ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” 14 “ਉਨ੍ਹਾਂ ਦੇ ਮੂੰਹ ਫ਼ਿਟਕਾਰ ਅਤੇ ਕੁੜਤਣ ਨਾਲ ਭਰੇ ਹਨ।” 15 “ਉਹ ਹਮੇਸ਼ਾ ਮਾਰਨ ਲਈ ਤਿਆਰ ਹਨ; 16 ਜਿਥੇ ਵੀ ਉਹ ਜਾਂਦੇ ਹਨ ਤਬਾਹੀ ਤੇ ਉਦਾਸੀ ਵਰਤਾਉਂਦੇ ਹਨ। 17 ਲੋਕ ਸ਼ਾਂਤੀ ਦਾ ਮਾਰਗ ਨਹੀਂ ਜਾਣਦੇ।” 18 “ਉਨ੍ਹਾਂ ਦੀਆਂ ਅਖਾਂ ਵਿੱਚ ਪਰਮੇਸ਼ੁਰ ਦਾ ਡਰ ਭੈ ਨਹੀਂ।” 19 ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ। 20 ਸ਼ਰ੍ਹਾ ਦੀ ਲੋੜ ਅਨੁਸਾਰ ਕੋਈ ਵੀ ਪਰਮੇਸ਼ੁਰ ਅੱਗੇ ਧਰਮੀ ਨਹੀਂ ਬਣਾਇਆ ਜਾ ਸਕਦਾ। ਸ਼ਰ੍ਹਾ ਸਿਰਫ਼ ਸਾਡੇ ਪਾਪਾਂ ਨੂੰ ਦਰਸ਼ਾ ਸਕਦੀ ਹੈ। 21 ਪਰ ਪਰਮੇਸ਼ੁਰ ਕੋਲ ਬਿਨਾ ਸ਼ਰ੍ਹਾ ਦੇ ਵੀ ਲੋਕਾਂ ਨੂੰ ਧਰਮੀ ਬਨਾਉਣ ਦਾ ਢੰਗ ਹੈ। ਅਤੇ ਹੁਣ ਪਰਮੇਸ਼ੁਰ ਨੇ ਉਹ ਨਵਾਂ ਮਾਰਗ ਸਾਨੂੰ ਵਿਖਾਇਆ ਹੈ। ਸ਼ਰ੍ਹਾ ਅਤੇ ਨਬੀਆਂ ਨੇ ਸਾਨੂੰ ਇਸ ਨਵੇਂ ਰਾਹ ਬਾਰੇ ਕਿਹਾ ਵੀ ਹੈ। 22 ਪਰਮੇਸ਼ੁਰ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਪਰਮੇਸ਼ੁਰ ਨੇ ਇਹ ਉਨ੍ਹਾਂ ਸਭ ਲੋਕਾਂ ਲਈ ਕਰਦਾ ਹੈ ਜੋ ਯਿਸੂ ਮਸੀਹ ਵਿੱਚ ਨਿਹਚਾ ਰਖਦੇ ਹਨ। ਸਭ ਲੋਕ ਬਰਾਬਰ ਹਨ। 23 ਕਿਉਂਕਿ ਹਰੇਕ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ੁਰ ਦੀ ਮਹਿਮਾ ਲਈ ਕਾਫ਼ੀ ਚੰਗੇ ਨਹੀਂ ਹਨ। 24 ਸੋ ਪਰਮੇਸ਼ੁਰ ਦੀ ਕਿਰਪਾ ਨਾਲ ਉਸ ਨਿਸਤਾਰੇ ਕਾਰਣ ਜੋ ਮਸੀਹ ਯਿਸੂ ਤੋਂ ਹੈ ਲੋਕ ਮੁਖਤ ਧਰਮੀ ਬਣਾਏ ਗਏ ਹਨ। 25 ਪਰਮੇਸ਼ੁਰ ਨੇ ਯਿਸੂ ਨੂੰ ਸੇਵਾ ਮਾਰਗ ਦੀ ਤਰ੍ਹਾ ਆਪਣੇ ਲਹੂ ਰਾਹੀਂ ਵਿਸ਼ਵਾਸ ਦੁਆਰਾ ਲੋਕਾਂ ਦੇ ਪਾਪ ਨੂੰ ਮੁਆਫ਼ੀ ਦਿੱਤੀ। ਉਸਨੇ ਅਜਿਹਾ ਇਹ ਵਿਖਾਉਣ ਲਾਈ ਕੀਤਾ ਕਿ ਉਹ ਹਮੇਸ਼ਾ ਉਹੀ ਕਾਰਜ ਕਰਦਾ ਹੈ ਜੋ ਨਿਆਂਈ ਹੈ। ਅਤੀਤ ਵਿੱਚ ਪਰਮੇਸ਼ੁਰ ਨਿਆਂਈ ਸੀ। ਉਦੋਂ ਉਹ ਦਿਯਾਲੂ ਸੀ, ਅਤੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਸਜ਼ਾ ਨਹੀਂ ਦਿੱਤੀ ਗਈ। 26 ਪਰਮੇਸ਼ੁਰ ਨੇ ਯਿਸੂ ਨੂੰ ਵਰਤਮਾਨ ਕਾਲ ਵਿੱਚ ਇਹ ਵਿਖਾਉਣ ਲਈ ਭੇਂਟ ਕੀਤਾ, ਕਿ ਉਹ ਧਰਮੀ ਹੈ। ਪਰਮੇਸ਼ੁਰ ਆਪਣੇ ਆਪ ਨੂੰ ਧਰਮੀ ਮੁਨਸਫ਼ ਵਾਂਗ ਦਰਸ਼ਾਉਂਦਾ ਹੈ ਅਤੇ ਉਸ ਵਾਂਗ ਵੀ ਜੋ ਯਿਸੂ ਵਿੱਚ ਨਿਹਚਾ ਰੱਖਣ ਵਾਲੇ ਕਿਸੇ ਨੂੰ ਵੀ, ਧਰਮੀ ਬਣਾਉਂਦਾ ਹੈ। 27 ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿਛਾ ਕਰਨ ਦਾ ਰਸਤਾ? 28 ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਿਅਕਤੀ ਨਿਹਚੇ ਰਾਹੀਂ ਧਰਮੀ ਬਣਾਇਆ ਜਾਂਦਾ ਹੈ, ਨਾ ਕਿ ਸ਼ਰ੍ਹਾ ਨੂੰ ਮੰਨਣ ਨਾਲ ਜੋ ਗੱਲਾਂ ਉਹ ਕਰਦਾ ਹੈ। 29 ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਪਰਮੇਸ਼ੁਰ ਨਹੀਂ, ਉਹ ਗੈਰ-ਯਹੂਦੀਆਂ ਦਾ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਇੱਕ ਹੈ। 30 ਉਹ ਯਹੂਦੀਆਂ ਨੂੰ ਉਨ੍ਹਾਂ ਦੀ ਆਸਥਾ ਰਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਆਸਥਾ ਰਾਹੀਂ ਧਰਮੀ ਬਣਾਵੇਗਾ। 31 ਕੀ ਅਸੀਂ ਨਿਹਚਾ ਦੇ ਮਾਰਗ ਨੂੰ ਮੰਨਕੇ ਸ਼ਰ੍ਹਾ ਨੂੰ ਨਸ਼ਟ ਕਰਦੇ ਹਾਂ? ਨਹੀਂ। ਆਸਥਾ ਸਾਨੂੰ ਉਵੇਂ ਹੀ ਬਣਾਉਂਦੀ ਹੈ। ਜਿਸ ਢੰਗ ਨਾਲ ਸ਼ਰ੍ਹਾ ਚਾਹੁੰਦੀ ਹੈ ਕਿ ਅਸੀਂ ਹੋਈਏ।
4:1 ਤਾਂ ਅਸੀਂ ਅਬਰਾਹਾਮ ਬਾਰੇ ਕੀ ਆਖੀਏ ਜੋ ਸਾਡੇ ਲੋਕਾਂ ਦਾ ਪਿਤਾ ਹੈ? 2 ਉਸਨੇ ਨਿਹਚਾ ਬਾਰੇ ਕੀ ਸਿਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸਕਿਆ। 3 ਪੋਥੀ ਆਖਦੀ ਹੈ: “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਨੇ ਉਸਦੀ ਨਿਹਚਾ ਕਬੂਲ ਕੀਤੀ ਅਤੇ ਉਸਨੂੰ ਧਰਮੀ ਕਰਾਰ ਦਿੱਤਾ।” 4 ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ, ਤਾਂ ਉਸਦੀ ਤਨਖਾਹ ਉਸ ਨੂੰ ਤੋਹਫ਼ੇ ਵਾਂਗ ਨਹੀਂ ਸਗੋਂ ਜਿਵੇਂ ਕਿ ਉਸਨੇ ਮਜਦੂਰੀ ਕਮਾਈ, ਦਿੱਤੀ ਜਾਂਦੀ ਹੈ। 5 ਪਰ ਜੇਕਰ ਇੱਕ ਵਿਅਕਤੀ ਧਰਮੀ ਬਣਨ ਵਾਸਤੇ ਕੋਈ ਕੰਮ ਨਹੀਂ ਕਰਦਾ, ਸਗੋਂ ਪਰਮੇਸ਼ੁਰ ਵਿੱਚ ਯਕੀਨ ਰਖਦਾ ਹੈ,ਦੋ ਦੁਸ਼ਟ ਆਦਮੀ ਨੂੰ ਧਰਮੀ ਬਣਾਉਂਦਾ ਹੈ, ਫ਼ਿਰ ਪਰਮੇਸ਼ੁਰ ਉਸਦੀ ਨਿਹਚਾ ਨੂੰ ਕਬੂਲਦਾ ਹੈ ਅਤੇ ਉਸਨੂੰ ਧਰਮੀ ਬਣਾਉਂਦਾ ਹੈ। 6 ਦਾਊਦ ਵੀ ਆਖਦਾ ਹੈ ਕਿ ਉਹ ਮਨੁੱਖ ਧੰਨ ਹੈ ਜਿਸਨੂੰ ਪਰਮੇਸ਼ੁਰ ਉਸਦੇ ਕੰਮਾਂ ਨੂੰ ਗਿਣਿਆ ਬਿਨਾ ਧਰਮੀ ਕਰਾਰ ਦਿੰਦਾ ਹੈ। 7 “ਧੰਨ ਹਨ ਉਹ ਲੋਕ ਜਿਨ੍ਹਾਂ ਦੀਆਂ ਦੁਸ਼ਟ ਕਰਨੀਆਂ ਮੁਆਫ਼ ਕੀਤੀਆਂਗਈਆਂ ਹਨ ਅਤੇ ਜਿਨ੍ਹਾਂ ਦੇਪਾਪ ਭੁਲਾਏ ਗਏ ਹਨ। 8 ਧੰਨ ਹੈ ਉਹ ਮਨੁੱਖ ਜਿਸਦੇਪਾਪ ਪ੍ਰਭੂ ਵੱਲੋਂ ਨਹੀਂ ਗਿਣੇ ਜਾਣਗੇ। 9 ਕੀ ਇਹ ਖੁਸ਼ ਨਸੀਬੀ ਸਿਰਫ਼ ਸੁੰਨਤੀਆਂ ਲਈ ਹੀ ਹੈ? ਜਾਂ ਕੀ ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਅਬਰਾਹਾਮ ਦੀ ਆਸਥਾ ਪਰਮੇਸ਼ੁਰ ਦੁਆਰਾ ਕਬੂਲੀ ਗਈ ਸੀ ਅਤੇ ਉਸਦੀ ਆਸਥਾ ਨੇ ਉਸਨੂੰ ਧਰਮੀ ਬਣਾਇਆ। 10 ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। 11 ਉਸਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ। 12 ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹੜੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇਕੱਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸਨੂੰ ਉਹ ਮੰਨਦੇ ਹਨ ਜਿਹੜੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ। 13 ਅਬਰਾਹਾਮ ਅਤੇ ਉਸਦੀ ਉਲਾਦ ਨਾਲ ਇਹ ਵਚਨ ਹੋਇਆ ਕਿ ਉਹ ਪੂਰੀ ਦੁਨੀਆਂ ਪ੍ਰਾਪਤ ਕਰ ਸਕਣਗੇ। ਉਸਨੂੰ ਇਹ ਵਚਨ ਸਿਰਫ਼ ਸ਼ਰ੍ਹਾ ਦਾ ਅਨੁਸਰਣ ਕਰਨ ਕਾਰਣ ਪ੍ਰਾਪਤ ਨਹੀਂ ਹੋਇਆ, ਸਗੋਂ ਉਸਨੇ ਇਹ ਵਚਨ ਸਦਾਚਾਰੀ ਰਾਹੀਂ, ਜਿਹੜੀ ਨਿਹਚਾ ਦੁਆਰਾ ਆਉਂਦੀ ਹੈ, ਪ੍ਰਾਪਤ ਕੀਤਾ। 14 ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ। 15 ਕਿਉਂ? ਕਿਉਂਕਿ ਸ਼ਰ੍ਹਾ ਸਿਰਫ਼ ਪਰਮੇਸ਼ੁਰ ਦਾ ਗੁੱਸਾ ਹੀ ਲਿਆ ਸਕਦੀ ਹੈ ਜਦੋਂ ਸ਼ਰ੍ਹਾ ਦਾ ਪਾਲਣ ਨਹੀਂ ਹੁੰਦਾ। ਪਰ ਜੇਕਰ ਇਥੇ ਸ਼ਰ੍ਹਾ ਨਾ ਹੋਵੇ, ਤਾਂ ਸ਼ਰ੍ਹਾ ਦੀ ਕੋਈ ਅਵਗਿਆ ਨਹੀਂ ਹੋ ਸਕਦੀ? 16 ਇਸ ਕਾਰਣ ਪਰਮੇਸ਼ੁਰ ਦਾ ਵਚਨ ਨਿਹਚਾ ਤੋਂ ਹੋਇਆ। ਇਹ ਇਸ ਲਈ ਹੋਇਆ ਤਾਂ ਜੋ ਵਚਨ ਇੱਕ ਮੁਫ਼ਤੀ ਦਾਤ ਹੋਵੇ। ਤੇ ਜੇਕਰ ਵਚਨ ਮੁਫ਼ਤੀ ਦਾਤ ਹੈ ਤਾਂ ਅਬਰਾਹਾਮ ਦੇ ਸਾਰੇ ਲੋਕ ਇਸ ਵਚਨ ਨੂੰ ਪ੍ਰਾਪਤ ਕਰ ਸਕਦੇ ਹਨ। ਇਹ ਵਚਨ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੈ ਜੋ ਮੂਸਾ ਦੀ ਸ਼ਰ੍ਹਾ ਹੇਠ ਜਿਉਂਦੇ ਹਨ, ਸਗੋਂ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਅਬਰਾਹਾਮ ਵਾਂਗ ਨਿਹਚਾ ਨਾਲ ਜਿਉਂਦੇ ਹਨ। ਇਸ ਲਈ ਅਬਰਾਹਾਮ ਸਾਡੇ ਸਾਰਿਆਂ ਵਾਸਤੇ ਪਿਤਾ ਹੈ। 17 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।” ਇਹ ਪਰਮੇਸ਼ੁਰ ਦੇ ਅੱਗੇ ਸੱਚ ਹੈ ਕਿ ਅਬਰਾਹਾਮ ਨੇ ਉਸ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਜਿਹੜਾ ਮੁਰਦਾ ਲੋਕਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ ਅਤੇ ਅਣਹੋਣੀਆਂ ਨੂੰ ਵੀ ਹੋਣੀਆਂ ਕਰਦਾ ਹੈ। 18 ਕੋਈ ਉਮੀਦ ਨਹੀਂ ਸੀ ਕਿ ਅਬਰਾਹਾਮ ਦੇ ਘਰ ਔਲਾਦ ਹੋਵੇਗੀ। ਪਰ ਅਬਰਾਹਾਮ ਨੇ ਉਮੀਦ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਇਸੇ ਲਈ ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋ ਗਿਆ, ਜਿਵੇਂ ਕਿ ਪਰਮੇਸ਼ੁਰ ਨੇ ਉਸਨੂੰ ਕਿਹਾ, “ਤੇਰੀਆਂ ਬਹੁਤ ਔਲਾਦਾਂ ਹੋਣਗੀਆਂ।” 19 ਅਬਰਾਹਾਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਤਕਰੀਬਨ ਸੌ ਵਰ੍ਹਿਆਂ ਦਾ। ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਲਈ ਔਲਾਦ ਪੈਦਾ ਕਰਨਾ ਸੰਭਵ ਨਹੀਂ ਸੀ। ਸਾਰਾਹ ਵੀ ਬੱਚੇ ਨੂੰ ਜਨਮ ਦੇਣ ਤੋਂ ਅਸਮਰਥ ਸੀ। ਪਰ ਪਰਮੇਸ਼ੁਰ ਵਿੱਚ ਉਸਦੀ ਨਿਹਚਾ ਕਮਜ਼ੋਰ ਨਾ ਹੋਈ। 20 ਪਰਮੇਸ਼ੁਰ ਦੇ ਵਚਨ ਵੱਲੋਂ ਉਸਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ। 21 ਦੂਜੇ ਪਾਸੇ, ਉਸਨੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ, ਜਿਸਨੇ ਉਸ ਨਾਲ ਵਚਨ ਕੀਤਾ ਸੀ, ਵਚਨ ਨੂੰ ਪੂਰਨ ਕਰਨ ਯੋਗ ਸੀ। 22 ਇਸ ਲਈ, “ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ ਅਤੇ ਉਸਨੂੰ ਧਰਮੀ ਬਣਾਇਆ।” ਇਹ ਸ਼ਬਦ “ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ” ਸਿਰਫ਼ ਅਬਰਾਹਾਮ ਲਈ ਨਹੀਂ ਲਿਖੇ ਗਏ ਸਗੋਂ ਇਹ ਸ਼ਬਦ ਸਾਡੇ ਲਈ ਵੀ ਲਿਖੇ ਗਏ ਸਨ। 23 ਪਰਮੇਸ਼ੁਰ ਸਾਨੂੰ ਵੀ ਕਬੂਲ ਕਰੇਗਾ ਕਿਉਂਕਿ ਅਸੀਂ ਉਸ ਉੱਪਰ ਨਿਹਚਾ ਕਰਦੇ ਹਾਂ। 24 ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਉਭਾਰਿਆ। 25 ਯਿਸੂ ਸਾਡੇ ਪਾਪਾਂ ਖਾਤਰ ਮਾਰਨ ਲਈ ਸੌਂਪਿਆ ਗਿਆ ਸੀ ਅਤੇ ਸਾਨੂੰ ਧਰਮੀ ਬਨਾਉਣ ਲਈ ਉਹ ਮੌਤ ਤੋਂ ਜੀਵਿਤ ਕੀਤਾ ਗਿਆ ਸੀ।
5:1 ਜੇਕਰ ਅਸੀਂ ਆਪਣੇ ਨਿਹਚੇ ਕਾਰਣ ਧਰਮੀ ਬਣਾਏ ਗਏ ਹਾਂ, ਤਾਂ ਸਾਡੀ ਆਪਣੇ ਪ੍ਰਭੂ, ਯਿਸੂ ਮਸੀਹ, ਰਾਹੀਂ ਪਰਮੇਸ਼ੁਰ ਨਾਲ ਸ਼ਾਂਤੀ ਹੈ। 2 ਵਿਸ਼ਵਾਸ ਰਾਹੀਂ, ਮਸੀਹ ਨੂੰ ਸਾਡੇ ਅੰਦਰ ਇਸ ਕਿਰਪਾ ਰਾਹੀਂ ਲਿਆਂਦਾ ਗਿਆ ਹੈ। ਜਿਸ ਵਿੱਚ ਅਸੀਂ ਦ੍ਰਿੜਤਾ ਨਾਲ ਖਲੋਤੇ ਹਾਂ। ਅਸੀਂ ਆਪਣੀ ਆਸ ਵਿੱਚ ਵੀ ਖੁਸ਼ ਹੁੰਦੇ ਹਾਂ, ਕਿਉਂਕਿ ਅਸੀਂ ਵੀ ਪਰਮੇਸ਼ੁਰ ਦੀ ਮਹਿਮਾ ਵਿੱਚ ਸ਼ਰੀਕ ਹਾਂ। 3 ਸਿਰਫ਼ ਇਹੀ ਨਹੀਂ, ਅਸੀਂ ਆਪਣੇ ਕਸ਼ਟਾਂ ਵਿੱਚ ਵੀ ਖੁਸ਼ੀ ਅਨੁਭਵ ਕਰਦੇ ਹਾਂ। ਭਲਾ ਅਸੀਂ ਦੁਖਾਂ ਵਿੱਚ ਵੀ ਕਿਉਂ ਖੁਸ਼ ਹਾਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਮੁਸੀਬਤਾਂ ਸਾਨੂੰ ਹੋਰ ਸਹਿਜ ਬਣਾਉਂਦੀਆਂ ਹਨ। 4 ਇਹ ਸਬਰ ਸਾਨੂੰ ਮਜਬੂਤ ਨੈਤਿਕ ਬਲ ਦਿੰਦਾ ਹੈ। ਅਤੇ ਇਹ ਚਰਿਤਰ ਸਾਨੂੰ ਆਸ ਦਿੰਦਾ ਹੈ। 5 ਅਤੇ ਇਹ ਉਮੀਦ ਸਾਨੂੰ ਕਦੇ ਵੀ ਨਿਰਾਸ਼ ਨਹੀਂ ਕਰਦੀ। ਕਿਉਂਕਿ ਪਰਮੇਸ਼ੁਰ ਨੇ ਸਾਡੇ ਦਿਲਾਂ ਅੰਦਰ ਆਪਣੇ ਪਿਆਰ ਦਾ ਛਿੜਕਾ ਕੀਤਾ ਹੈ। ਉਸਨੇ ਆਪਣਾ ਪਿਆਰ ਪਵਿੱਤਰ ਆਤਮਾ ਰਾਹੀਂ ਸਾਨੂੰ ਦਿੱਤਾ ਹੈ। ਪਵਿੱਤਰ ਆਤਮਾ ਸਾਡੇ ਲਈ ਪਰਮੇਸ਼ੁਰ ਵੱਲੋਂ ਇੱਕ ਦਾਤ ਹੈ। 6 ਸਹੀ ਸਮੇਂ ਤੇ ਮਸੀਹ ਸਾਡੇ ਲਈ ਮਰਿਆ, ਜਦੋਂ ਅਜੇ ਅਸੀਂ ਕਮਜ਼ੋਰ ਅਤੇ ਪਰਮੇਸ਼ੁਰ ਦੇ ਖਿਲਾਫ਼ ਜਿਉਂ ਰਹੇ ਸਾਂ। 7 ਕੋਈ ਵੀ ਭਲੇ ਵਿਅਕਤੀ ਲਈ ਮਰਨ ਦਾ ਇਛੁਕ ਨਹੀਂ ਹੋਵੇਗਾ। ਜੇਕਰ ਇੱਕ ਵਿਅਕਤੀ ਬੜਾ ਹੀ ਭਲਾ ਹੈ ਤਾਂ ਫ਼ੇਰ ਕੋਈ ਵੀ ਉਸ ਲਈ ਮਰਨ ਦਾ ਇਛੁਕ ਹੋ ਸਕਦਾ। 8 ਪਰ ਮਸੀਹ ਸਾਡੇ ਲਈ ਮਰਿਆ ਜਦੋਂ ਹਾਲੇ ਅਸੀਂ ਪਾਪੀ ਸਾਂ। ਇੰਝ ਪਰਮੇਸ਼ੁਰ ਨੇ ਸਾਡੇ ਪ੍ਰਤੀ ਆਪਣਾ ਭਰਪੂਰ ਪਿਆਰ ਦਰਸਾਇਆ ਹੈ। 9 ਅਸੀਂ ਮਸੀਹ ਦੇ ਲਹੂ ਕਾਰਣ ਧਰਮੀ ਹੋਏ। ਤਾਂ ਫ਼ਿਰ ਅਸੀਂ ਮਸੀਹ ਦੁਆਰਾ ਜ਼ਰੂਰ ਪਰਮੇਸ਼ੁਰ ਦੀ ਕਰੋਪੀ ਤੋਂ ਬਚਾਏ ਜਾਵਾਂਗੇ। 10 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਪਰਮੇਸ਼ੁਰ ਦੇ ਵੈਰੀ ਸੀ ਤਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਮੌਤ ਰਾਹੀਂ ਸਾਨੂੰ ਆਪਣੇ ਮਿੱਤਰ ਬਣਾਇਆ। ਇਸੇ ਲਈ ਹੁਣ ਅਸੀਂ ਪਰਮੇਸ਼ੁਰ ਦੇ ਮਿੱਤਰ ਹਾਂ। ਨਿਸ਼ਚਿਤ ਤੌਰ ਤੇ ਪਰਮੇਸ਼ੁਰ ਸਾਨੂੰ ਆਪਣੇ ਪੁੱਤਰ ਦੀ ਜ਼ਿੰਦਗੀ ਰਾਹੀਂ ਬਚਾਵੇਗਾ। 11 ਸਿਰਫ਼ ਇਹੀ ਨਹੀਂ ਸਗੋਂ ਅਸੀਂ ਪ੍ਰਭੂ ਯਿਸੂ ਮਸੀਹ ਰਾਹੀਂ ਪਰਮੇਸ਼ੁਰ ਵਿੱਚ ਅਨੰਦ ਮਾਣਦੇ ਹਾਂ। ਯਿਸੂ ਜਿਸਨੇ ਸਾਨੂੰ ਪਰਮੇਸ਼ੁਰ ਦੇ ਦੋਸਤ ਬਣਾਇਆ। 12 ਇੱਕ ਬੰਦੇ ਦੇ ਕਾਰਣ ਸੰਸਾਰ ਵਿੱਚ ਪਾਪ ਆਇਆ, ਅਤੇ ਇਸੇ ਪਾਪ ਤੋਂ ਮੌਤ ਆਈ। ਇਸੇ ਲਈ ਮੌਤ ਸਭਨਾਂ ਲੋਕਾਂ ਤੇ ਆਈ, ਕਿਉਂਕਿ ਸਭਨਾ ਨੇ ਪਾਪ ਕੀਤਾ। 13 ਪਾਪ ਮੂਸਾ ਦੀ ਸ਼ਰ੍ਹਾ ਤੋਂ ਪਹਿਲਾਂ ਵੀ ਸੰਸਾਰ ਵਿੱਚ ਸੀ। ਪਰ ਜਿਥੇ ਕਿਤੇ ਸ਼ਰ੍ਹਾ ਨਹੀਂ ਹੈ ਉਥੇ ਪਾਪ ਦਾ ਲੇਖਾ ਨਹੀਂ ਹੁੰਦਾ। 14 ਪਰ ਆਦਮ ਦੇ ਸਮੇਂ ਤੋਂ ਲੈਕੇ ਮੂਸਾ ਦੇ ਸਮੇਂ ਤੀਕ ਵੀ ਸਭਨਾਂ ਮਨੁੱਖਾਂ ਨੂੰ ਹੀ ਮੌਤ ਆਈ। ਆਦਮ ਇਸ ਲਈ ਮਰਿਆ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਨਾ ਨਹੀਂ ਕੀਤੀ। ਪਰ ਜਿਨ੍ਹਾਂ ਨੇ ਆਦਮ ਵਾਂਗ ਪਾਪ ਨਹੀਂ ਕੀਤਾ ਮਰਨਾ ਉਨ੍ਹਾਂ ਨੂੰ ਵੀ ਪਿਆ।ਆਦਮ ਉਸਦਾ ਉਦਾਹਰਣ ਸੀ ਜੋ ਆਉਣ ਵਾਲਾ ਸੀ। 15 ਪਰ ਪਰਮੇਸ਼ੁਰ ਦੀ ਮੁਫ਼ਤ ਬਖਸ਼ੀਸ਼ ਆਦਮ ਦੇ ਪਾਪ ਵਰਗੀ ਨਹੀਂ ਬਹੁਤ ਸਾਰੇ ਲੋਕ ਉਸ ਇੱਕ ਮਨੁੱਖ ਦੇ ਪਾਪ ਕਾਰਣ ਮਰੇ ਪਰ ਪਰਮੇਸ਼ੁਰ ਦੀ ਕਿਰਪਾ ਜਿਹੜੀ ਕਿ ਲੋਕਾਂ ਨੂੰ ਮਿਲੀ ਉਹ ਉਸਤੋਂ ਕਿਤੇ ਵਧ ਮਹਾਨ ਸੀ। ਬਹੁਤ ਸਾਰੇ ਲੋਕਾਂ ਨੇ ਪਰਮੇਸ਼ੁਰ ਦੀ ਜੀਵਨ ਦੀ ਦਾਤ ਇੱਕ ਆਦਮੀ ਯਿਸੂ ਮਸੀਹ ਦੀ ਕਿਰਪਾ ਨਾਲ ਪ੍ਰਾਪਤ ਕੀਤੀ। 16 ਪਰਮੇਸ਼ੁਰ ਦੀ ਦਾਤ ਉਸ ਇੱਕ ਆਦਮੀ ਦੇ ਪਾਪ ਵਰਗੀ ਨਹੀਂ ਹੈ। ਉਸ ਇੱਕ ਪਾਪ ਨੇ ਸਜ਼ਾ ਲਿਆਂਦੀ, ਪਰ ਪਰਮੇਸ਼ੁਰ ਦੀ ਦਾਤ ਬਹੁਤਿਆਂ ਪਾਪਾਂ ਤੋਂ ਬਾਅਦ ਆਈ ਅਤੇ ਇਹ ਲੋਕਾਂ ਨੂੰ ਧਰਮੀ ਬਣਾਉਂਦੀ ਹੈ। 17 ਇੱਕ ਮਨੁੱਖ ਦੇ ਪਾਪ ਕਾਰਣ, ਉਸ ਇੱਕ ਆਦਮੀ ਰਾਹੀਂ ਹਰ ਇੱਕ ਉੱਤੇ ਮੌਤ ਨੇ ਰਾਜ ਕੀਤਾ। ਪਰ ਹੁਣ ਉਹ, ਜਿਹੜੇ ਪਰਮੇਸ਼ੁਰ ਦੀ ਕਿਰਪਾ ਅਤੇ ਧਰਮੀ ਹੋਣ ਦੀ ਦਾਤ ਨੂੰ ਕਬੂਲਦੇ ਹਨ, ਨਿਸ਼ਚਿਤ ਹੀ ਜੀਵਨ ਪਾਉਣਗੇ ਅਤੇ ਇੱਕ ਆਦਮੀ, ਯਿਸੂ ਮਸੀਹ, ਰਾਹੀਂ ਸ਼ਾਸਨ ਕਰਨਗੇ। 18 ਇਸ ਤਰ੍ਹਾਂ, ਜਿਵੇਂ ਇੱਕ ਪਾਪ ਸਾਰੇ ਲੋਕਾਂ ਲਈ ਮੌਤ ਦੀ ਸਜ਼ਾ ਲਿਆਇਆ, ਉਸੇ ਤਰ੍ਹਾਂ, ਇੱਕ ਚੰਗਾ ਕਰਮ ਸਾਰੇ ਮਨੁੱਖਾਂ ਨੂੰ ਧਰਮੀ ਬਣਾਉਂਦਾ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। 19 ਜਿਵੇਂ ਕਿ ਸਿਰਫ਼ ਇੱਕ ਆਦਮੀ ਦੀ ਅਵਗਿਆ ਕ੍ਕਾਰਣ ਬਹੁਤ ਸਾਰੇ ਲੋਕ ਪਾਪੀ ਬਣੇ, ਉਸੇ ਤਰ੍ਹਾਂ, ਬਹੁਤੇ ਲੋਕ ਇੱਕ ਆਦਮੀ ਦੀ ਆਗਿਆਕਾਰਤਾ ਰਾਹੀਂ, ਧਰਮੀ ਬਣਾਏ ਜਾਣਗੇ। 20 ਸ਼ਰ੍ਹਾ ਲੋਕਾਂ ਤੋਂ ਵਧ ਪਾਪ ਕਰਾਉਣ ਲਈ ਆਈ। ਪਰ ਜਿਵੇਂ ਲੋਕਾਂ ਨੇ ਵਧ ਤੋਂ ਵਧ ਪਾਪ ਕੀਤੇ, ਪਰਮੇਸ਼ੁਰ ਨੇ ਉਨ੍ਹਾਂ ਤੇ ਵਧ ਤੋਂ ਵਧ ਆਪਣੀ ਕਿਰਪਾ ਵਰਤਾਈ। 21 ਜਿਵੇਂ ਕਿ ਪਾਪ ਨੇ ਮੌਤ ਰਾਹੀਂ ਸਾਡੇ ਤੇ ਰਾਜ ਕੀਤਾ, ਤਿਵੇਂ ਹੀ, ਹੁਣ ਕਿਰਪਾ ਸਾਨੂੰ ਧਰਮੀ ਬਣਾਕੇ ਰਾਜ ਕਰੇਗੀ ਅਤੇ ਯਿਸੂ ਮਸੀਹ ਸਾਡੇ ਪ੍ਰਭੂ ਰਾਹੀਂ ਸਦੀਵੀ ਜੀਵਨ ਲਿਆਵੇਗੀ।
6:1 ਤਾਂ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਪਾਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪਰਮੇਸ਼ੁਰ ਸਾਡੇ ਤੇ ਵਧ ਤੋਂ ਵਧ ਕਿਰਪਾ ਦਰਸ਼ਾਵੇ। ਨਿਸ਼ਚਿਤ ਹੀ ਨਹੀਂ। 2 ਅਸੀਂ ਆਪਣੀ ਪੁਰਾਣੀ ਪਾਪ ਦੀ ਜ਼ਿੰਦਗੀ ਲਈ ਮਰ ਚੁੱਕੇ ਹਾਂ। ਤਾਂ ਹੁਣ ਅਸੀਂ ਪਾਪ ਨਾਲ ਜਿਉਣਾ ਜਾਰੀ ਕਿਵੇਂ ਰਖ ਸਕਦੇ ਹਾਂ? 3 ਕੀ ਤੁਸੀਂ ਭੁੱਲ ਗਏ ਹੋ ਕਿ ਅਸੀਂ ਸਾਰੇ, ਜਿਨ੍ਹਾਂ ਨੂੰ ਮਸੀਹ ਯਿਸੂ ਵਿੱਚ ਬਪਤਿਸਮਾ ਦਿੱਤਾ ਗਿਆ ਸੀ, ਉਸਦਾ ਇੱਕ ਅੰਗ ਬਣ ਚੁੱਕੇ ਹਾਂ। ਅਸੀਂ ਉਸਦੇ ਬਪਤਿਸਮੇ ਰਾਹੀਂ ਉਸਦੀ ਮੌਤ ਨੂੰ ਸਾਂਝਾ ਕੀਤਾ ਹੈ ਜਿਹੜਾ ਅਸਾਂ ਲਿਤਾ ਸੀ। 4 ਇਸ ਲਈ ਜਦੋਂ ਸਾਨੂੰ ਬਪਤਿਸਮਾ ਦਿੱਤਾ ਗਿਆ ਸੀ, ਅਸੀਂ ਮਸੀਹ ਦੇ ਨਾਲ ਹੀ ਦਫ਼ਨਾਏ ਗਏ ਸਾਂ ਅਤੇ ਉਸ ਨਾਲ ਮੌਤ ਸਾਂਝੀ ਕੀਤੀ। ਅਸੀਂ ਮਸੀਹ ਨਾਲ ਇਸ ਲਈ ਦਫ਼ਨਾਏ ਗਏ ਤਾਂ ਜੋ ਅਸੀਂ ਉਭਾਰੇ ਜਾਈਏ ਅਤੇ ਇੱਕ ਨਵਾਂ ਜੀਵਨ ਜੀਵੀਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਮਸੀਹ ਨੂੰ ਪਿਤਾ ਦੀ ਮਹਾਨ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਉਭਾਰਿਆ ਗਿਆ ਸੀ। 5 ਮਸੀਹ ਮਰਿਆ, ਅਤੇ ਉਸ ਨਾਲ ਮੌਤ ਸਾਂਝੀ ਕਰਕੇ ਅਸੀਂ ਉਸ ਨਾਲ ਜੁੜ ਗਏ ਹਾਂ, ਇਸ ਲਈ ਨਿਸ਼ਚਿਤ ਤੌਰ ਤੇ ਅਸੀਂ ਉਸਦੇ ਪੁਨਰ ਉਥਾਨ ਵਿੱਚ ਉਸਦੇ ਨਾਲ ਜੁੜਾਂਗੇ। 6 ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਪਾਪੀ ਸੁਭਾਅ ਯਿਸੂ ਦੇ ਨਾਲ ਸਲੀਬ ਤੇ ਚਢ਼ਾਇਆ ਗਿਆ ਸੀ। ਇਹ ਇਸ ਲਈ ਵਾਪਰਿਆ ਤਾਂ ਜੋ ਸਾਡੇ ਪਾਪੀ ਸੁਭਾਅ ਦਾ ਸਾਡੇ ਉੱਤੇ ਕੋਈ ਇਖਤਿਆਰ ਨਾ ਹੋਵੇ। ਅਸੀਂ ਪਾਪ ਦੇ ਹੋਰ ਗੁਲਾਮ ਨਾ ਹੋਈਏ। 7 ਕੋਈ ਵੀ ਮਨੁੱਖ ਜੋ ਮਰ ਗਿਆ ਹੈ ਪਾਪ ਦੀ ਸ਼ਕਤੀ ਤੋਂ ਅਜ਼ਾਦ ਹੈ। 8 ਜੇ ਅਸੀਂ ਮਸੀਹ ਨਾਲ ਮਰੇ, ਤਾਂ ਸਾਡਾ ਵਿਸ਼ਵਾਸ ਹੈ ਕਿ ਅਸੀਂ ਵੀ ਉਸਦੇ ਨਾਲ ਜੀਵਾਂਗੇ। 9 ਸਾਨੂੰ ਪਤਾ ਹੈ ਕਿ ਮਸੀਹ ਮੁਰਦਿਆਂ ਤੋਂ ਜੀਵਾਲਿਆ ਗਿਆ ਸੀ, ਇਸ ਲਈ ਉਹ ਦੁਬਾਰਾ ਨਹੀਂ ਮਰ ਸਕਦਾ। ਹੁਣ ਮੌਤ ਦਾ ਉਸ ਉੱਪਰ ਕੋਈ ਵਸ ਨਹੀਂ। 10 ਹਾਂ, ਮਸੀਹ ਸਾਡੇ ਪਾਪਾਂ ਲਈ ਇੱਕੋ ਵਾਰ ਮਰ ਗਿਆ ਸੀ। ਅਤੇ ਜਿਹੜੀ ਜ਼ਿੰਦਗੀ ਉਹ ਹੁਣ ਜਿਉਂ ਰਿਹਾ ਹੈ ਉਹ ਪਰਮੇਸ਼ੁਰ ਲਈ ਹੈ। 11 ਇਸੇ ਤਰ੍ਹਾਂ, ਤੁਸੀਂ ਵੀ ਆਪਣੇ-ਆਪ ਨੂੰ ਪਾਪ ਵੱਲੋਂ ਮਰੇ ਹੋਏ ਸਮਝੋ। ਪਰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਲਈ ਜਿਉਂਦੇ ਸਮਝੋ। 12 ਪਰ ਪਾਪ ਨੂੰ, ਇਥੇ ਆਪਣੇ ਧਰਤੀ ਦੇ ਜੀਵਨ ਤੇ, ਕਾਬੂ ਨਾ ਕਰਨ ਦਿਉ। ਤੁਹਾਨੂੰ ਆਪਣੇ ਪਾਪੀ ਮਨ ਦੀਆਂ ਦੁਸ਼ਟ ਇੱਛਾਵਾਂ ਲਈ ਇਸਦੇ ਵਸ ਨਹੀਂ ਹੋਣਾ ਚਾਹੀਦਾ। 13 ਆਪਣੇ ਸ਼ਰੀਰ ਦੇ ਅੰਗਾਂ ਨੂੰ, ਬਦੀ ਕਰਨ ਦੇ ਸੰਦਾਂ ਵਾਂਗ, ਪਾਪ ਨੂੰ ਭੇਂਟ ਨਾ ਕਰੋ ਪਰ ਇਹ ਜਾਣਦੇ ਹੋਏ ਆਪਣੇ-ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰੋ ਕਿ ਤੁਸੀਂ ਮੁਰਦੇ ਸੀ ਅਤੇ ਹੁਣ ਤੁਸੀਂ ਜਿਉਂਦੇ ਹੋ। ਆਪਣੇ ਸ਼ਰੀਰ ਦੇ ਅੰਗਾਂ ਨੂੰ, ਚੰਗਿਆਈ ਕਰਨ ਲਈ ਸੰਦਾਂ ਵਾਂਗ, ਪਰਮੇਸ਼ੁਰ ਨੂੰ ਭੇਂਟ ਕਰੋ। 14 ਪਾਪ ਤੁਹਾਡਾ ਮਾਲਕ ਨਹੀਂ ਹੋਵੇਗਾ। ਕਿਉਂਕਿ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਹੋ ਸਗੋਂ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਹੇਠ ਹੋ। 15 ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਪਾਪ ਕਰਨੇ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਹਾਂ ਸਗੋਂ ਕਿਰਪਾ ਹੇਠ ਹਾਂ? ਬਿਲਕੁਲ ਨਹੀਂ। 16 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿਖਾਏ ਗਏ ਸਨ। 18 ਇਸ ਲਈ ਤੁਸੀਂ ਪਾਪਾਂ ਤੋਂ ਅਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ। 19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖਾ ਹੈ। ਅਤੀਤ ਵਿੱਚ, ਤੁਸੀਂ ਆਪਣੇ ਸ਼ਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸ਼ਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ। 20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰਖ ਸਕਿਆ। 21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ। 22 ਪਰ ਹੁਣ ਤੁਸੀਂ ਪਾਪ ਤੋਂ ਅਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਵੀ ਜੀਵਨ ਪ੍ਰਾਪਤ ਕਰੋਂਗੇ। 23 ਤੁਹਾਡੇ ਪਾਪਾਂ ਦੀ ਤਨਖਾਹ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਵੀ ਜੀਵਨ ਦਿੰਦਾ ਹੈ।
7:1 ਹੇ ਭਰਾਵੋ ਅਤੇ ਭੈਣੋ ਤੁਸੀਂ ਸਾਰੇ ਮੂਸਾ ਦੀ ਸ਼ਰ੍ਹਾ ਬਾਰੇ ਜਾਣਦੇ ਹੋ। ਤੁਸੀਂ ਇਹ ਜਰੂਰ ਜਾਣਦੇ ਹੋਵੋਂਗੇ ਕਿ ਜਿੰਨੇ ਦਿਨ ਮਨੁੱਖ ਜਿਉਂਦਾ ਹੈ ਉਨੇ ਦਿਨ ਸ਼ਰ੍ਹਾ ਉਸ ਉੱਪਰ ਵਸ ਰਖਦੀ ਹੈ। 2 ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ; ਇੱਕ ਵਿਆਹੀ ਔਰਤ ਆਪਣੇ ਪਤੀ ਨਾਲ, ਜਦ ਤੱਕ ਉਸਦਾ ਪਤੀ ਜਿਉਂਦਾ ਹੈ ਵਿਆਹ ਦੇ ਬੰਧਨ ਵਿੱਚ ਹੈ। ਜਦੋਂ ਉਸਦਾ ਪਤੀ ਮਰ ਜਾਂਦਾ ਹੈ, ਤਾਂ ਉਹ ਵਿਆਹ ਦੇ ਬੰਧਨ ਤੋਂ, ਅਜ਼ਾਦ ਕਰ ਦਿੱਤੀ ਜਾਂਦੀ ਹੈ। 3 ਪਰ ਜੇਕਰ ਉਹ ਦੂਜੇ ਵਿਅਕਤੀ ਨਾਲ ਉਦੋਂ ਵਿਆਹ ਕਰਵਾਉਂਦੀ ਹੈ, ਜਦੋਂ ਅਜੇ ਉਸਦਾ ਪਤੀ ਜਿਉਂਦਾ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਹੋਵੇਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਫ਼ੇਰ ਉਹ ਵਿਆਹ ਦੀ ਸ਼ਰ੍ਹਾ ਤੋਂ ਅਜ਼ਾਦ ਕਰ ਦਿੱਤੀ ਜਾਂਦੀ ਹੈ। ਤਾਂ ਜੇਕਰ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਨਹੀਂ ਹੋਵੇਗੀ। 4 ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸ਼ਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸਦੇ ਹੋ ਗਏ ਜਿਹੜਾ ਮੁਰਦਿਆਂ ਵਿੱਚੋਂ ਉਭਾਰਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸਕਦੇ ਹਾਂ। 5 ਅਤੀਤ ਵਿੱਚ, ਸਾਡੇ ਪਾਪੀ ਸੁਭਾਅ ਨੇ ਸਾਡੇ ਤੇ ਸ਼ਾਸਨ ਕੀਤਾ। ਸ਼ਰ੍ਹਾ ਨੇ ਸਾਡੇ ਅੰਦਰ ਦੁਸ਼ਟਤਾ ਕਰਨ ਦੀ ਇੱਛਾ ਨੂੰ ਉੱਤੇਜਿਤ ਕੀਤਾ, ਅਤੇ ਉਨ੍ਹਾਂ ਬਦੀਆਂ ਨੇ ਸਾਡੇ ਸ਼ਰੀਰਾਂ ਨੂੰ ਕਾਬੂ ਕਰ ਲਿਆ। ਇਸ ਲਈ ਜੋ ਕੁਝ ਵੀ ਅਸੀਂ ਕੀਤਾ ਸਿਰਫ਼ ਸਾਨੂੰ ਆਪਣੀ ਆਤਮਕ ਮੌਤ ਵੱਲ ਲੈ ਗਿਆ। 6 ਪਹਿਲਾਂ ਸ਼ਰ੍ਹਾ ਨੇ ਸਾਨੂੰ ਕੈਦੀਆਂ ਵਾਂਗ ਰੱਖਿਆ ਪਰ ਜਦੋਂ ਸਾਡੇ ਪੁਰਾਣੇ ਸੁਭਾਅ ਮਰ ਗਏ ਤਾਂ ਅਸੀਂ ਸ਼ਰ੍ਹਾ ਤੋਂ ਅਜ਼ਾਦ ਕੀਤੇ ਗਏ ਸੀ। ਇਸ ਲਈ ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਨਾਲ ਕਰ ਰਹੇ ਹਾਂ, ਨਾ ਕਿ ਲਿਖੇ ਨਿਯਮਾਂ ਦੇ ਪੁਰਾਣੇ ਢੰਗ ਨਾਲ। ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਵਿੱਚ ਆਤਮਾ ਦੇ ਨਾਲ ਰਹਿੰਦਿਆਂ ਹੋਇਆਂ ਕਰ ਰਹੇ ਹਾਂ। 7 ਤਾਂ ਫ਼ੇਰ ਸਿਟਾ ਕੀ ਹੈ? ਕੀ ਪਾਪ ਅਤੇ ਸ਼ਰ੍ਹਾ ਇੱਕੋ ਹਨ? ਨਿਰਸੰਦੇਹ ਨਹੀਂ। ਕਿਉਂਕਿ ਸ਼ਰ੍ਹਾ ਤੋਂ ਬਿਨਾ ਮੈਂ ਪਾਪ ਬਾਰੇ ਨਹੀਂ ਜਾਣ ਸਕਦਾ। ਜੇਕਰ ਸ਼ਰ੍ਹਾ ਨੇ ਮੈਨੂੰ ਇਹ ਨਾ ਕਿਹਾ ਹੁੰਦਾ “ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ,” ਮੈਨੂੰ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਕਰਨ ਬਾਰੇ ਨਾ ਪਤਾ ਹੁੰਦਾ। 8 ਪਰ ਪਾਪ ਨੇ ਹੁਕਮ ਦੁਆਰਾ ਦਿੱਤੇ ਗਏ ਅਵਸਰ ਦਾ ਇਸਤੇਮਾਲ ਕੀਤਾ, ਮੇਰੇ ਅੰਦਰ ਹਰ ਤਰ੍ਹਾਂ ਦੀ ਗਲਤ ਇੱਛਾ ਪੈਦਾ ਕੀਤੀ। ਇਸ ਲਈ ਉਸ ਹੁਕਮ ਦੇ ਕਾਰਣ ਮੇਰੇ ਅੰਦਰ ਪਾਪ ਆਇਆ। ਸ਼ਰ੍ਹਾ ਤੋਂ ਬਿਨਾ ਪਾਪ ਮੁਰਦਾ ਹੈ। 9 ਸ਼ਰ੍ਹਾ ਨੂੰ ਜਾਨਣ ਤੋਂ ਪਹਿਲਾਂ ਮੈਂ ਸ਼ਰ੍ਹਾ ਤੋਂ ਬਿਨਾ ਜਿਉਂਦਾ ਸੀ, ਪਰ ਜਦੋਂ ਸ਼ਰ੍ਹਾ ਦਾ ਹੁਕਮ ਮੇਰੇ ਕੋਲ ਆਇਆ, ਤਾਂ ਪਾਪ ਨੇ ਜੀਵਨ ਪ੍ਰਾਪਤ ਕੀਤਾ। 10 ਅਤੇ ਮੈਂ ਉਸ ਪਾਪ ਕਾਰਣ ਆਤਮਕ ਤੌਰ ਤੇ ਖਤਮ ਹੋ ਗਿਆ। ਸ਼ਰ੍ਹਾ ਦੇ ਹੁਕਮ ਦਾ ਕੰਮ ਜੀਵਨ ਦੇਣਾ ਸੀ ਪਰ ਉਹ ਹੁਕਮ ਮੌਤ ਲਿਆਇਆ। 11 ਪਾਪ ਨੇ ਹੁਕਮ ਨੂੰ ਇਸਤੇਮਾਲ ਕਰਕੇ ਮੈਨੂੰ ਗੁਮਰਾਹ ਕਰਨ ਦਾ ਢੰਗ ਲਭ ਲਿਆ, ਅਤੇ ਹੁਕਮ ਦੇ ਰਾਹੀਂ ਇਹ ਮੇਰੇ ਲਈ ਆਤਮਕ ਮੌਤ ਲਿਆਇਆ। 12 ਇਸ ਲਈ ਸ਼ਰ੍ਹਾ ਪਵਿਤਰ ਹੈ ਅਤੇ ਹੁਕਮ ਪਵਿਤਰ, ਚੰਗਾ ਅਤੇ ਨਿਆਂਈ ਹੈ। 13 ਤਾਂ ਇਸਦਾ ਮਤਲਬ ਇਹ ਹੈ ਕਿ ਇੱਕ ਚੰਗੀ ਗਲ ਮੇਰੇ ਲਈ ਮੌਤ ਲਿਆਈ? ਨਿਰਸੰਦੇਹ ਨਹੀਂ। ਪਰ ਪਾਪ ਨੇ ਮੇਰੇ ਵਾਸਤੇ ਮੌਤ ਲਿਆਉਣ ਲਈ ਇੱਕ ਚੰਗੀ ਚੀਜ਼ ਇਸਤੇਮਾਲ ਕੀਤੀ ਤਾਂ ਜੋ ਮੈਂ ਪਾਪ ਨੂੰ ਪਾਪ ਵਜੋਂ ਪਛਾਣ ਸਕਾਂ। ਇਸਲਈ ਹੋਇਆ ਤਾਂ ਜੋ ਹੁਕਮ ਰਾਹੀਂ ਮੈਂ ਵੇਖ ਸਕਾਂ ਕਿ ਪਾਪ ਕਿੰਨਾ ਭਿਆਨਕ ਹੈ। 14 ਅਸੀਂ ਜਾਣਦੇ ਹਾਂ ਕਿ ਸ਼ਰ੍ਹਾ ਆਤਮਕ ਹੈ। ਪਰ ਮੈਂ ਪਾਪਾਂ ਦਾ ਦਾਸ ਹੋਣ ਲਈ ਵਿਕਿਆ ਹੋਇਆ ਇੱਕ ਕਮਜ਼ੋਰ ਮਨੁੱਖ ਹਾਂ। 15 ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਨੇਕੀ ਕਰਨਾ ਚਾਹੁੰਦਾ ਹਾਂ, ਪਰ ਮੈਂ ਇਹ ਨਹੀਂ ਕਰਦਾ। ਇਸਦੀ ਜਗ਼੍ਹਾ, ਮੈਂ ਉਹ ਕਰਦਾ ਹਾਂ ਜਿਸਨੂੰ ਮੈਂ ਨਫ਼ਰਤ ਕਰਦਾ ਹਾਂ। 16 ਅਤੇ ਜੇਕਰ ਮੈਂ ਬੁਰੇ ਕੰਮ ਨਹੀਂ ਕਰਨਾ ਚਾਹੁੰਦਾ, ਜੋ ਮੈਂ ਕਰਦਾ ਹਾਂ, ਇਸਦਾ ਮਤਲਬ ਇਹ ਹੈ ਕਿ ਮੈਂ ਸਹਿਮਤ ਹਾਂ ਕਿ ਸ਼ਰ੍ਹਾ ਚੰਗੀ ਹੈ। 17 ਪਰ ਮੈਂ ਉਹ ਇੱਕ ਨਹੀਂ ਹਾਂ ਜੋ ਬੁਰੇ ਕੰਮ ਕਰਦਾ ਹਾਂ। ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਉਨ੍ਹਾਂ ਨੂੰ ਕਰਦਾ ਹੈ। 18 ਹਾਂ, ਮੈਨੂੰ ਪਤਾ ਕਿ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਰਹਿੰਦਾ ਹੈ। ਮੇਰਾ ਮਤਲਬ ਹੈ ਕਿ ਮੇਰੇ ਪਾਪੀ ਸੁਭਾਅ ਵਿੱਚ ਕੁਝ ਵੀ ਚੰਗਾ ਨਹੀਂ ਰਹਿੰਦਾ। ਮੈਂ, ਜੋ ਚੰਗਾ ਹੈ, ਉਹ ਕਰਨਾ ਚਾਹੁੰਦਾ ਹਾਮ, ਪਰ ਮੇਰੇ ਕੋਲ ਇਹ ਕਰਨ ਦੀ ਸ਼ਕਤੀ ਨਹੀਂ ਹੈ। 19 ਮੈਂ ਚੰਗੇ ਕੰਮ ਨਹੀਂ ਕਰਦਾ, ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਮੈਂ ਭੈੜੇ ਕੰਮ ਕਰਦਾ ਹਾਂ, ਜੋ ਮੈਂ ਨਹੀਂ ਕਰਨੇ ਚਾਹੁੰਦਾ। 20 ਇਸ ਲਈ ਜੇਕਰ ਮੈਂ ਉਹ ਕਰ ਰਿਹਾ ਹਾਂ ਜੋ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮੈਂ ਨਹੀਂ ਹਾਂ ਜੋ ਇਹ ਕਰ ਰਿਹਾ ਹੈ। ਇਹ ਪਾਪ ਹੈ ਜੋ ਮੇਰੇ ਅੰਦਰ ਰਹਿੰਦਾ ਹੈ ਤੇ ਇਹ ਕਰਦਾ ਹੈ। 21 ਸੋ ਮੈਂ ਇਹ ਅਸੂਲ ਸਿਖਿਆ ਹੈ: ਜਦੋਂ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਹਾਂ, ਤਾਂ ਉਥੇ ਦੁਸ਼ਟਤਾ ਮੇਰੇ ਨਾਲ ਹੈ। ਅਤੇ ਇਹ ਬੁਰੀਆਂ ਗੱਲਾਂ ਕਰਦੀ ਹੈ। 22 ਮੈਂ ਪਰਮੇਸ਼ੁਰ ਦੇ ਨੇਮ ਨਾਲ ਆਪਣੇ ਦਿਲ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। 23 ਪਰ ਮੈਂ ਆਪਣੇ ਸ਼ਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲੜਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ। 24 ਮੈਂ ਕਿੰਨਾ ਅਭਾਗਾ ਹਾਂ। ਮੈਨੂੰ ਇਸ ਸ਼ਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੇਰੇ ਲਈ ਮੌਤ ਲੈਕੇ ਆਉਦਾ ਹੈ। 25 ਪਰਮੇਸ਼ੁਰ ਮੈਨੂੰ ਬਚਾਵੇਗਾ। ਮੈਂ ਯਿਸੂ ਮਸੀਹ, ਸਾਡੇ ਪ੍ਰਭੂ ਰਾਹੀਂ ਬਚਾਉਣ ਲਈ ਉਸਦਾ ਸ਼ੁਕਰਾਨਾ ਕਰਦਾ ਹਾਂ।ਇਸਲਈ ਮੈਂ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇਮ ਦਾ ਦਾਸ ਹਾਂ। ਪਰ ਆਪਣੇ ਪਾਪੀ ਸੁਭਾਅ ਵਿੱਚ ਮੈਂ ਪਾਪ ਦੇ ਨੇਮ ਦਾ ਦਾਸ ਹਾਂ। 26
8:1 ਤਾਂ ਹੁਣ, ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ ਉਨ੍ਹਾਂ ਦਾ ਨਿਰਣਾ ਦੋਸ਼ੀਆਂ ਵਾਂਗ ਨਹੀਂ ਹੋਵੇਗਾ। 2 ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ, ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸਨੇ ਮੈਨੂੰ ਉਸ ਸ਼ਰ੍ਹਾ ਤੋਂ ਮੁਕਤ ਕੀਤਾ ਹੈ, ਜੋ ਪਾਪ ਅਤੇ ਮੌਤ ਲਿਆਉਂਦੀ ਹੈ। 3 ਸ਼ਰ੍ਹਾ ਸ਼ਕਤੀਹੀਣ ਸੀ ਕਿਉਂਕਿ ਸਾਡੇ ਪਾਪੀ ਸੁਭਾਵਾਂ ਨੇ ਇਸਨੂੰ ਕਮਜ਼ੋਰ ਬਣਾ ਦਿੱਤਾ। ਪਰ ਪਰਮੇਸ਼ੁਰ ਨੇ ਉਹ ਕੁਝ ਕੀਤਾ ਜੋ ਸ਼ਰ੍ਹਾ ਨਾ ਕਰ ਸਕੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਸੇ ਮਨੁੱਖੀ ਸ਼ਰੀਰ ਵਿੱਚ ਧਰਤੀ ਉੱਤੇ ਭੇਜਿਆ ਜਿਸਨੂੰ ਅਸੀਂ ਪਾਪ ਕਰਨ ਲਈ ਇਸਤੇਮਾਲ ਕਰਦੇ ਹਾਂ। ਪਰਮੇਸ਼ੁਰ ਨੇ ਉਸੇ ਮਨੁੱਖੀ ਸ਼ਰੀਰ ਨੂੰ ਪਾਪ ਦਾ ਭੁਗਤਾਨ ਕਰਨ ਲਈ ਚਢ਼ਾਵੇ ਦੇ ਤੌਰ ਤੇ ਇਸਤੇਮਾਲ ਕੀਤਾ। ਇਸ ਲਈ ਪਰਮੇਸ਼ੁਰ ਨੇ ਪਾਪ ਨੂੰ ਨਿੰਦਣ ਲਈ ਇਨਸਾਨੀ ਜੀਵਨ ਇਸਤੇਮਾਲ ਕੀਤਾ। 4 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ। 5 ਜਿਹੜੇ ਲੋਕ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਨ ਜੋ ਉਨ੍ਹਾਂ ਦੇ ਪਾਪੀ ਸੁਭਾਅ ਚਾਹੁੰਦੇ ਹਨ। ਪਰ ਜਿਹਾੜੇ ਲੋਕ ਆਤਮਾ ਅਨੁਸਾਰ ਜਿਉਂਦੇ ਹਨ, ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚਦੇ ਹਨ ਜੋ ਆਤਮਾ ਉਨ੍ਹਾਂ ਤੋਂ ਕਰਵਾਉਣੀਆਂ ਚਾਹੁੰਦਾ ਹੈ। 6 ਇਸ ਲਈ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਆਤਮਕ ਮੌਤ ਹੈ, ਪਰ ਜੇਕਰ ਕਿਸੇ ਮਨੁੱਖ ਦੀ ਸੋਚ ਆਤਮਾ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਹੋਵੇਗਾ ਜੀਵਨ ਅਤੇ ਸ਼ਾਂਤੀ। 7 ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇਕ ਨਹੀਂ। 8 ਉਹ ਮਨੁੱਖ ਜਿਹੜੇ ਆਪਣੇ ਪਾਪੀ ਸੁਭਾਅ ਦੇ ਅਨੁਸਾਰੇ ਜਿਉਂਦੇ ਹਨ, ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸਕਦੇ। 9 ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸ਼ਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ। 11 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉਠਾਇਆ। ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ, ਤਾਂ ਉਹ ਤੁਹਾਡੇ ਨਾਸ਼ਵਾਨ ਸ਼ਰੀਰਾਂ ਨੂੰ ਵੀ ਜੀਵਨ ਦੇਵੇਗਾ। ਪਰਮੇਸ਼ੁਰ ਇੱਕ ਹੈ ਜਿਸਨੇ ਮਸੀਹ ਨੂੰ ਮੁਰਦਿਆਂ ਚੋਂ ਉਠਾਇਆ ਅਤੇ ਉਹ ਤੁਹਾਡੇ ਸ਼ਰੀਰਾਂ ਨੂੰ ਆਪਣੇ ਉਸ ਆਤਮੇ ਰਾਹੀਂ, ਤੁਹਾਡੇ ਨਾਸ਼ਵਾਨ ਸ਼ਰੀਰਾਂ ਨੂੰ ਜੀਵਨ ਦੇਵੇਗਾ, ਜਿਹੜਾ ਤੁਹਾਡੇ ਅੰਦਰ ਜਿਉਂਦਾ ਹੈ। 12 ਇਸਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸ਼ਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ। 14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮੇ ਦੇ ਮਗਰ ਚੱਲਦੇ ਹਨ। 15 ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤਾਂ ਜੋ ਤੁਸੀਂ ਫ਼ਿਰ ਤੋਂ ਡਰੋ। ਜਿਹੜਾ ਆਤਮਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਪਰਮੇਸ਼ੁਰ ਦੇ ਚੁਣੇ ਹੋਏ ਬੰਦੇ ਬਣਾਉਂਦਾ ਹੈ। ਉਸ ਆਤਮਾ ਨਾਲ ਅਸੀਂ ਨਿਡਰਤਾ ਨਾਲ, ਆਖਦੇ ਹਾਂ, “ਪਿਤਾ। ਪਿਆਰੇ ਪਿਤਾ।” 16 ਅਤੇ ਉਹ ਆਤਮਾ ਆਪੇ ਹੀ ਸਾਡੇ ਆਤਮੇ ਨਾਲ ਜੁੜ ਜਾਂਦਾ ਹੈ ਅਤੇ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। 17 ਜੇਕਰ ਅਸੀਂ ਪਰਮੇਸ਼ੁਰ ਦੀ ਔਲਾਦ ਹਾਂ ਤਾਂ ਅਸੀਂ ਉਹ ਬਖਸ਼ਿਸ਼ ਜ਼ਰੂਰ ਪਾਵਾਂਗੇ ਜੋ ਉਸਨੇ ਆਪਣੇ ਬਚਿਆਂ ਲਈ ਰਖੀ ਹੈ। ਅਸੀਂ ਉਹ ਅਸੀਸਾਂ ਪਰਮੇਸ਼ੁਰ ਤੋਂ ਮਸੀਹ ਦੇ ਸਮੇਤ ਪਾਵਾਂਗੇ। ਪਰ ਪਹਿਲਾਂ ਜਿਵੇਂ ਮਸੀਹ ਨੂੰ ਤਸੀਹੇ ਸਹਿਣੇ ਪਏ ਸਨ ਸਾਨੂੰ ਵੀ ਸਹਿਣੇ ਪੈਣਗੇ। ਤਾਂ ਫ਼ੇਰ ਸਾਨੂੰ ਵੀ ਮਸੀਹ ਦੀ ਮਹਿਮਾ ਦੀ ਤਰ੍ਹਾਂ ਮਹਿਮਾ ਪ੍ਰਾਪਤ ਹੋਵੇ। 18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਰਣਾ ਕੀਤਾ। 21 ਉਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਅਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬਚਿਆਂ ਨਾਲ ਸੰਬੰਧਿਤ ਹੈ। 22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸ਼ਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸਨੇ ਵੇਖੀ ਹੋਈ ਹੈ। 25 ਪਰ ਅਸੀਂ ਉਹ ਆਸ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਇਸ ਵਾਸਤੇ ਸਹਿਜਤਾ ਨਾਲ ਇੰਤਜ਼ਾਰ ਕਰ ਰਹੇ ਹਾਂ। 26 ਇਸੇ ਢੰਗ ਨਾਲ ਹੀ, ਆਤਮਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਸਾਡੇ ਲਈ ਖੁਦ ਪਰਮੇਸ਼ੁਰ ਅੱਗੇ ਹੌਂਕਿਆਂ ਨਾਲ ਬੇਨਤੀ ਕਰਦਾ ਹੈ, ਜੋ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। 27 ਪਰਮੇਸ਼ੁਰ ਵੇਖ ਸਕਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈ। ਉਹ ਇਹ ਵੀ ਜਾਣਦਾ ਹੈ ਕਿ ਆਤਮਾ ਦੇ ਮਨ ਵਿੱਚ ਕੀ ਹੈ। ਕਿਉਂਕਿ ਆਤਮਾ ਪਰਮੇਸ਼ੁਰ ਅੱਗੇ ਉਸਦੇ ਲੋਕਾਂ ਵੱਲੋਂ ਉਸਦੀ ਰਜ਼ਾ ਅਨੁਸਾਰ ਬੋਲਦਾ ਹੈ। 28 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿੱਚ ਕੰਮ ਕਰਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ। ਇਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਡੀ ਯੋਜਨਾ ਮੁਤਾਬਕ ਸੱਦੇ ਗਏ ਹਨ। 29 ਪਰਮੇਸ਼ੁਰ ਉਨ੍ਹਾਂ ਮਨੁੱਖਾਂ ਨੂੰ ਇਹ ਸੰਸਾਰ ਬਨਾਉਣ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਪਰਮੇਸ਼ੁਰ ਨੇ, ਨਿਹਚਾ ਕੀਤੀ ਕਿ ਉਹ ਲੋਕ ਉਸਦੇ ਪੁੱਤਰ ਮਸੀਹ ਵਾਂਗ ਹੋਣਗੇ। ਤਾਂ ਜੋ ਮਸੀਹ ਬਹੁਤੇ ਭੈਣਾਂ ਭਰਾਵਾਂ ਵਿੱਚੋਂ ਵੱਡਾ ਹੋਵੇ। 30 ਤਾਂ ਜਿਨ੍ਹਾਂ ਲੋਕਾਂ ਨੂੰ ਉਸਨੇ ਵਿਉਂਤਿਆ ਸੀ, ਉਨ੍ਹਾਂ ਨੂੰ ਅਤੇ ਜਿਨ੍ਹਾਂ ਨੂੰ ਉਸਨੇ ਸਦਿਆ ਸੀ ਉਨ੍ਹਾਂ ਨੂੰ ਵੀ ਧਰਮੀ ਬਣਾਇਆ, ਅਤੇ ਜਿਨ੍ਹਾਂ ਲੋਕਾਂ ਨੂੰ ਉਸਨੇ ਧਰਮੀ ਬਣਾਇਆ, ਉਸਨੇ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ। 31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਰਣਾ ਕਰ ਸਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਉਭਾਰਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸਕਦੇ ਹਨ? ਨਹੀਂ। ਕੀ ਮਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵਖ ਕਰ ਸਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੋਇਆ ਹੈ;“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵਧ ਨਹੀਂ ਸਮਝਿਆ।” 37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦਾ। ਨਾ ਹੀ ਮੌਤ ਨਾ ਜੀਵਨ, ਨਾਹੀ ਦੁਖ ਅਤੇ ਰਾਜ ਕਰਨ ਵਾਲੇ ਆਤਮੇ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸਕਦੀ ਹੈ। 39
9:1 ਮੈਂ ਮਸੀਹ ਵਿੱਚ ਹਾਂ ਅਤੇ ਮੈਂ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲਦਾ। ਮੇਰੇ ਵਿਚਾਰਾਂ ਉੱਤੇ ਪਵਿੱਤਰ ਆਤਮਾ ਦਾ ਸ਼ਾਸਨ ਹੈ ਅਤੇ ਉਹ ਵਿਚਾਰ ਮੈਨੂੰ ਦੱਸਦੇ ਹਨ ਕਿ ਮੈਂ ਝੂਠ ਨਹੀਂ ਦੱਸ ਰਿਹਾ। 2 ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ। 3 ਉਹ ਮੇਰੇ ਭਰਾ ਅਤੇ ਭੈਣਾਂ ਹਨ। ਉਹ ਮੇਰੇ ਧਰਤੀ ਦੇ ਪਰਿਵਾਰ ਹਨ। ਕਾਸ਼ ਮੈਂ ਉਨ੍ਹਾਂ ਦੀ ਮਦਦ ਕਰ ਸਕਦਾ। ਮਾਂ ਇਹ ਵੀ ਚਾਹੁੰਦਾ ਹਾਂ ਕਿ ਮੈਂ ਵੀ ਸਰਾਪਿਆ ਹੁੰਦਾ ਅਤੇ ਮਸੀਹ ਤੋਂ ਕਟਿਆ ਹੁੰਦਾ, ਜੇਕਰ ਇਸ ਨਾਲ ਉਨ੍ਹਾਂ ਨੂੰ ਸਹਾਇਤਾ ਮਿਲਦੀ। 4 ਉਹ ਇਸਰਾਏਲੀ ਹਨ। ਉਹ ਲੋਕ ਪਰਮੇਸ਼ੁਰ ਦੀ ਚੁਣੀ ਹੋਈ ਔਲਾਦ ਹਨ। ਉਨ੍ਹਾਂ ਕੋਲ ਪਰਮੇਸ਼ੁਰ ਦੀ ਮਹਿਮਾ ਹੈ ਅਤੇ ਉਹ ਕਰਾਰ ਵੀ ਹਨ ਜਿਹੜੇ ਪਰਮੇਸ਼ੁਰ ਨੇ ਆਪਣੇ ਤੇ ਆਪਣੇ ਲੋਕਾਂ ਵਿਚਕਾਰ ਕੀਤੇ ਸਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਮੂਸਾ ਦੀ ਸ਼ਰ੍ਹਾ ਅਤੇ ਮੰਦਰ ਉਪਾਸਨਾ ਦਿੱਤੀ। ਅਤੇ ਪਰਮੇਸ਼ੁਰ ਨੇ ਆਪਣੇ ਕੌਲ ਉਨ੍ਹਾਂ ਯਹੂਦੀਆਂ ਨੂੰ ਦਿੱਤੇ। 5 ਉਹ ਲੋਕ ਸਾਡੇ ਪਿਉ-ਦਾਦਿਆਂ ਦੀ ਔਲਾਦ ਹਨ, “ਅਤੇ ਉਹ ਮਸੀਹ ਦਾ ਦੁਨਿਆਵੀ ਪਰਿਵਾਰ ਹਨ। ਹਮੇਸ਼ਾ ਲਈ ਪਰਮੇਸ਼ੁਰ ਦੀ ਉਸਤਤਿ ਹੋਵੇ ਜੋ ਸਭ ਤੋਂ ਉੱਤੇ ਹੈ। ਆਮੀਨ। 6 ਹਾਂ, ਮੈਂ ਯਹੂਦੀਆਂ ਲਈ ਦੁਖ ਮਹਿਸੂਸ ਕਰਦਾ ਹਾਂ। ਮੇਰਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਨੇ ਉਨ੍ਹਾਂ ਨਾਲ ਕੀਤਾ ਉਹ ਵਚਨ ਪੂਰਾ ਨਹੀਂ ਕੀਤਾ। ਪਰ ਅਸਲ ਵਿੱਚ ਜਿਹੜੇ ਇਸਰਾਏਲ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ ਹਨ। 7 ਅਤੇ ਨਾ ਹੀ ਅਬਰਾਹਾਮ ਦੀ ਸਾਰੀ ਉਲਾਦ ਪਰਮੇਸ਼ੁਰ ਦੇ ਸੱਚੇ ਬੱਚੇ ਹਨ। ਇਹੀ ਸੀ ਜੋ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: “ਸਿਰਫ਼ ਇਸਹਾਕ ਹੀ ਤੇਰਾ ਪੁੱਤਰ ਨੇਮਕ ਹੋਵੇਗਾ।” 8 ਇਸਦਾ ਮਤਲਬ ਇਹ ਹੈ ਕਿ ਅਬਰਾਹਾਮ ਦੀਆਂ ਸਾਰੀਆਂ ਉਲਾਦਾਂ ਪਰਮੇਸ਼ੁਰ ਦੇ ਸੱਚੇ ਬੱਚੇ ਨਹੀਂ ਹਨ। ਅਬਰਾਹਾਮ ਦੇ ਸੱਚੇ ਬੱਚੇ ਉਹ ਹਨ ਜਿਹੜੇ ਪਰੇਮਸ਼ੁਰ ਦੇ ਵਾਦੇ ਦੇ ਨਤੀਜੇ ਤੋਂ ਪੈਦਾ ਹੋਏ ਹਨ, ਜਿਹੜਾ ਪਰੇਮਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ। 9 ਪਰਮੇਸ਼ੁਰ ਦਾ ਅਬਰਾਹਾਮ ਨੂੰ ਵਚਨ ਇਸ ਤਰ੍ਹਾਂ ਸੀ: “ਮੈਂ ਸਹੀ ਸਮੇਂ ਤੇ ਵਾਪਸ ਆਵਾਂਗਾ, ਅਤੇ ਸਾਰਾਹ ਕੋਲ ਇੱਕ ਪੁੱਤਰ ਹੋਵੇਗਾ।” 10 ਸਿਰਫ਼ ਇਹੀ ਨਹੀਂ। ਰਿਬਕਾਹ ਵੀ ਗਰਭਵਤੀ ਹੋ ਗਈ ਅਤੇ ਉਸਨੇ ਪੁੱਤਰਾਂ ਨੂੰ ਜਨਮ ਦਿੱਤਾ। ਉਨ੍ਹਾਂ ਪੁੱਤਰਾਂ ਦਾ ਵੀ ਉਹੀ ਪਿਤਾ ਸੀ। ਉਹ ਸਾਡਾ ਵਡੇਰਾ ਇਸਹਾਕ ਹੈ। 11 ਪਰ ਦੋ ਬਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੇ ਰਿਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਦੀ ਸੇਵਾ ਕਰੇਗਾ।” ਇਹ ਬਚਿਆਂ ਦੇ ਸੰਸਾਰ ਵਿੱਚ ਭਲਾ ਜਾਂ ਬੁਰਾ ਕਰਨ ਤੋਂ ਪਹਿਲਾਂ ਹੀ ਉਸਨੇ ਆਖ ਦਿੱਤਾ ਸੀ ਕਿਉਂ ਜੋ ਪਰਮੇਸ਼ੁਰ ਨੇ ਬਾਲਕ ਖੁਦ ਆਪਣੀ ਵਿਉਂਤ ਮੁਤਾਬਕ ਚੁਣਿਆ ਸੀ। ਸੋ ਉਹ ਚੁਣਿਆ ਗਿਆ ਕਿਉਂਕਿ ਪਰਮੇਸ਼ੁਰ ਉਸਨੂੰ ਹੀ ਬੁਲਾਉਣਾ ਚਾਹੁੰਦਾ ਸੀ ਅਤੇ ਇਸ ਲਈ ਨਹੀਂ ਕਿ ਉਨ੍ਹਾਂ ਬਾਲਕਾਂ ਨੇ ਕੁਝ ਕੀਤਾ ਸੀ। 12 13 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਮੈਂ ਯਾਕੂਬ ਨਾਲ ਪਿਆਰ ਅਤੇ ਏਸਾਉ ਨਾਲ ਈਰਖਾ ਕੀਤੀ।” 14 ਇਸ ਲਈ ਇਸ ਬਾਰੇ ਤਾਂ ਕੀ ਕਹਿਣਾ ਹੈ ਕੀ ਪਰਮੇਸ਼ੁਰ ਦਾ ਇਨਸਾਫ਼ ਬਰਾਬਰ ਨਹੀਂ ਸੀ? ਅਸੀਂ ਇੰਝ ਨਹੀਂ ਆਖ ਸਕਦੇ। 15 ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, ‘ਮੈਂ ਉਸੇ ਬੰਦੇ ਨੂੰ ਮਿਹਰ ਦਿਖਾਵਾਂਗਾ ਜਿਸਨੂੰ ਮੈਂ ਮਿਹਰ ਵਿਖਾਉਣੀ ਚਾਹੁੰਦਾ ਹਾਂ। ਮੈਂ ਉਸੇ ਵਿਅਕਤੀ ਤੇ ਤਰਸ ਵਿਖਾਵਾਂਗਾ ਜਿਸ ਅਤੇ ਮੈਂ ਤਰਸ ਵਿਖਾਉਣਾ ਚਾਹੁੰਦਾ ਹਾਂ।” 16 ਇਸ ਲਈ ਪਰਮੇਸ਼ੁਰ ਦੀ ਚੋਣ ਉਸ ਤੇ ਨਿਰਭਰ ਨਹੀਂ ਕਰਦੀ, ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਜੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਹੀ ਹੈ ਜੋ ਚੁਣਦਾ ਹੈ ਕਿ ਉਹ ਕਿਸ ਉੱਤੇ ਮਿਹਰ ਵਿਖਾਵੇਗਾ। 17 ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।” 18 ਇਸ ਲਈ ਪਰਮੇਸ਼ੁਰ ਉਸ ਮਨੁੱਖ ਤੇ ਮਿਹਰ ਵਿਖਾਉਂਦਾ ਹੈ ਜਿਸਤੇ ਉਹ ਮਿਹਰ ਵਿਖਾਉਣੀ ਚਾਹੁੰਦਾ ਹੈ। ਅਤੇ ਉਹ ਉਨ੍ਹਾਂ ਲੋਕਾਂ ਨੂੰ ਕਠੋਰ ਬਨਾਉਂਦਾ ਹੈ ਜਿਨ੍ਹਾਂ ਨੂੰ ਉਹ ਕਠੋਰ ਬਨਾਉਣਾ ਚਾਹੁੰਦਾ ਹੈ। 19 ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸਨੂੰ ਨਿਯਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?” 20 ਉਹ ਨਾ ਪੁਛੋ। ਕਿਉਂਕਿ ਤੁਸੀਂ ਕੇਵਲ ਇਨਸਾਨ ਹੋ। ਇਨਸਾਨਾਂ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦਾ ਹੱਕ ਨਹੀਂ ਹੈ। ਇੱਕ ਪ੍ਰਾਣੀ ਆਪਣੇ ਸਿਰਜਣ੍ਹਾਰ ਨੂੰ ਨਹੀਂ ਪੁਛ ਸਕਦਾ, “ਤੂੰ ਮੈਨੂੰ ਇੰਝ ਕਿਉਂ ਬਣਾਇਆ?” 21 ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸਕਦਾ ਹੈ। 22 ਇਸੇ ਤਰ੍ਹਾਂ, ਪਰਮੇਸ਼ੁਰ ਨੇ ਕੀਤਾ ਹੈ। ਪਰਮੇਸ਼ੁਰ ਆਪਣਾ ਗੁੱਸਾ ਵਿਖਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਉਸਦੀ ਸ਼ਕਤੀ ਵੇਖ ਸਕਣ। ਪਰਮੇਸ਼ੁਰ ਨੇ ਬਹੁਤ ਸਬਰ ਨਾਲ ਉਨ੍ਹਾਂ ਲੋਕਾਂ ਨੂੰ ਸਹਾਰਿਆ ਜਿਨ੍ਹਾਂ ਤੇ ਉਹ ਬਹੁਤ ਗੁੱਸੇ ਸੀ ਅਤੇ ਜੋ ਤਬਾਹੀ ਲਈ ਤਿਆਰ ਕੀਤੇ ਗਏ ਸਨ। 23 ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ। 24 ਅਸੀਂ ਪਰਮੇਸ਼ੁਰ ਦੁਆਰਾ ਸੱਦੇ ਗਏ ਲੋਕ ਹਾਂ। ਪਰਮੇਸ਼ੁਰ ਨੇ ਸਾਨੂੰ ਯਹੂਦੀਆਂ ਅਤੇ ਹੋਰਾਂ ਕੌਮਾਂ ਵਿੱਚ ਬੁਲਾਇਆ। 25 ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ:“ਜਿਹੜੇ ਲੋਕ ਮੇਰੇ ਨਹੀਂ ਹਨ,ਮੈਂ ਆਖਾਂਗਾ ਉਹ ਮੇਰੇ ਲੋਕ ਹਨ।ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ। 26 “ਅਤੇ ਉਸੇ ਜਗ਼੍ਹਾ ਉਸ ਪਰਮੇਸ਼ੁਰ ਨੇ ਆਖਿਆ ਹੈ‘ਤੁਸੀਂ ਮੇਰੇ ਲੋਕ ਨਹੀਂ ਹੋ’ਉਸੇ ਥਾਵੇਂ, ਉਹ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।” 27 ਅਤੇ ਯਸਾਯਾਹ ਇਸਰਾਏਲ ਬਾਰੇ ਚੀਕਦਾ ਹੈ:“ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ,ਪਰ ਉਸਦੇ ਕੁਝ ਲੋਕ ਹੀ ਬਚਾਏ ਜਾਣਗੇ। 28 ਹਾਂ, ਕਿਉਂਕਿ ਪ੍ਰਭੂ ਧਰਤੀ ਦੇ ਲੋਕਾਂ ਦਾ ਛੇਤੀ ਅਤੇ ਪੂਰੀ ਤਰ੍ਹਾਂ ਨਿਰਣਾ ਕਰੇਗਾ।” 29 ਜਿਵੇਂ ਯਸਾਯਾਹ ਨੇ ਅੱਗੇ ਵੀ ਕਿਹਾ ਹੈ:“ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਨੇ ਆਪਣੇ ਕੁਝ ਲੋਕਾਂ ਨੂੰ ਸਾਡੇ ਲਈ ਬਚਾਇਆ।ਜੇਕਰ ਉਸਨੇ ਅਜਿਹਾ ਨਾ ਕੀਤਾ ਹੁੰਦਾ,ਤਾਂ ਅਸੀਂ ਵੀ ਸਦੂਮ ਵਰਗੇ ਹੋ ਜਾਂਦੇਅਤੇ ਗੋਮਰਾਹ ਜਿਹੇ ਬਣ ਜਾਂਦੇ।” 30 ਤਾਂ ਇਸ ਸਭ ਦਾ ਕੀ ਅਰਥ ਹੋਇਆ? ਇਸਦਾ ਮਤਲਬ ਇਹ ਹੈ ਕਿ; ਗੈਰ ਯਹੂਦੀ ਲੋਕ ਜਿਹੜੇ ਧਰਮੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ, ਧਰਮੀ ਬਣਾਏ ਗਏ। ਉਹ ਆਪਣੇ ਵਿਸ਼ਵਾਸ ਕਾਰਣ ਹੀ ਧਰਮੀ ਬਣੇ। 31 ਅਤੇ ਇਸਰਾਏਲ ਦੇ ਲੋਕਾਂ ਨੇ ਆਪਣੇ ਆਪ ਨੂੰ ਧਰਮੀ ਬਨਾਉਣ ਲਈ ਸ਼ਰ੍ਹਾ ਨੂੰ ਕਬੂਲਿਆ, ਪਰ ਉਹ ਇਵੇਂ ਕਰਨ ਵਿੱਚ ਨਾਕਾਮਯਾਬ ਰਹੇ। 32 ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ। 33 ਪੋਥੀਆਂ ਇਸ ਪੱਥਰ ਬਾਰੇ ਆਖਦੀਆਂ ਹਨ;“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਪਾਉਂਦਾ ਹਾਂ ਜਿਹੜਾ ਲੋਕਾਂ ਨੂੰ ਠੋਕਰ ਖੁਆਵੇਗਾ।ਅਤੇ ਇਹ ਇੱਕ ਚੱਟਾਨ ਹੈ ਜੋ ਲੋਕਾਂ ਤੋਂ ਪਾਪ ਕਰਵਾਉਂਦੀ ਹੈਪਰ ਉਹ ਮਨੁੱਖ ਜਿਹੜਾ ਕਿ ਉਸ ਚੱਟਾਨ ਤੇ ਨਿਹਚਾ ਰਖਦਾ ਹੈ ਨਿਰਾਸ਼ ਨਹੀਂ ਕੀਤਾ ਜਾਵੇਗਾ।” 10:1 ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਹੈ ਕਿ ਸਾਰੇ ਯਹੂਦੀ ਬਚਾਏ ਜਾ ਸਕਣ। 2 ਇਹ ਗੱਲ ਮੈਂ ਯਹੂਦੀਆਂ ਬਾਰੇ ਆਖ ਸਕਦਾ ਹਾਂ। ਉਹ ਸੱਚ ਮੁੱਚ ਪਰਮੇਸ਼ੁਰ ਦਾ ਅਨੁਸਰਣ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਹੀਂ ਪਤਾ? 3 ਉਹ ਅਨਜਾਣ ਸਨ ਕਿ ਕਿਵੇਂ ਪਰੇਮਸ਼ੁਰ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਅਤੇ ਉਨ੍ਹਾਂ ਨੇ ਆਪਣੇ ਮਨਭਾਉਂਦੇ ਢੰਗ ਨਾਲ ਆਪਣੇ ਆਪ ਨੂੰ ਧਰਮੀ ਬਨਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਰੇਮਸ਼ੁਰ ਦੇ ਲੋਕਾਂ ਨੂੰ ਧਰਮੀ ਬਨਾਉਣ ਦੇ ਢੰਗ ਨੂੰ ਕਬੂਲ ਨਾ ਕੀਤਾ। 4 ਕਿਉਂਕਿ ਮਸੀਹ ਨੇ ਸ਼ਰ੍ਹਾ ਦਾ ਅੰਤ ਕਰ ਦਿੱਤਾ ਤਾਂ ਜੋ ਕੋਈ ਵੀ ਵਿਅਕਤੀ, ਜਿਹੜਾ ਉਸ ਵਿੱਚ ਨਿਹਚਾ ਰਖਦਾ ਹੈ, ਧਰਮੀ ਬਣਾਇਆ ਜਾਵੇਗਾ। 5 ਮੂਸਾ ਨੇ ਧਰਮੀ ਬਣਨ ਲਈ ਸ਼ਰ੍ਹਾ ਨੂੰ ਮੰਨਣ ਬਾਰੇ ਲਿਖਿਆ ਅਤੇ ਕਿਹਾ, “ਕਿਸੇ ਉਸ ਵਿਅਕਤੀ ਨੂੰ, ਜਿਹੜਾ ਸ਼ਰ੍ਹਾ ਦੁਆਰਾ ਜਿਉਣਾ ਚਾਹੁੰਦਾ ਹੈ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਸ਼ਰ੍ਹਾ ਆਖਦੀ ਹੈ।” 6 ਪਰ ਪੋਥੀ ਧਾਰਮਿਕਤਾ ਬਾਰੇ ਆਸਥਾ ਰਾਹੀਂ ਆਖਦੀ ਹੈ: “ਆਪਣੇ ਚਿਤ ਵਿੱਚ ਇਹ ਨਾ ਆਖੋ, ‘ਕੌਣ ਸਵਰਗ ਤੱਕ ਜਾਵੇਗਾ?’” ਇਸਦਾ ਅਰਥ ਹੈ, “ਕੌਣ ਮਸੀਹ ਨੂੰ ਹੇਠਾਂ ਲਿਆਉਣ ਵਾਸਤੇ ਸਵਰਗ ਤੱਕ ਜਾਵੇਗਾ?” 7 “ਅਤੇ ਇਹ ਵੀ ਨਾ ਆਖੋ, ‘ਧਰਤੀ ਦੇ ਥੱਲੇ ਕੌਣ ਜਾਵੇਗਾ’” ਇਸ ਦਾ ਅਰਥ ਹੈ; “ਕੌਣ ਮਸੀਹ ਨੂੰ ਵਾਪਸ ਲਿਆਉਣ ਵਾਸਤੇ ਹੇਠਾਂ ਮੌਤ ਦੇ ਰਾਜ ਨੂੰ ਜਾਵੇਗਾ।” 8 ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇੜੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” ਇਹ ਸਿਖਿਆ ਨਿਹਚਾ ਦੀ ਸਿਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ। 9 ਜੇਕਰ ਤੂੰ ਆਪਣੇ ਮੂੰਹ ਨਾਲ ਐਲਾਨ ਕਰਦਾ ਹੈਂ, “ਯਿਸੂ ਪ੍ਰਭੂ ਹੈ” ਅਤੇ ਜੇਕਰ ਤੂੰ ਆਪਣੇ ਦਿਲ ਵਿੱਚ ਯਕੀਨ ਕਰਦਾ ਹੈਂ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉਠਾਇਆ ਹੈ ਤਾਂ ਤੂੰ ਬਚਾਇਆ ਜਾਵੇਂਗਾ। 10 ਹਾਂ, ਅਸੀਂ ਆਪਣੇ ਦਿਲਾਂ ਨਾਲ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਧਰਮੀ ਬਣਾਏ ਜਾਂਦੇ ਹਾਂ। ਅਸੀਂ ਆਪਣੇ ਖੁਦ ਦੇ ਮੂੰਹਾਂ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬਚਾਏ ਗਏ ਹਾਂ। 11 ਹਾਂ, ਪੋਥੀ ਆਖਦੀ ਹੈ, “ਜਿਹੜਾ ਵੀ ਮਨੁੱਖ ਉਸ ਉੱਪਰ ਨਿਹਚਾ ਰਖੇਗਾ ਉਸ ਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।” 12 ਪੋਥੀ ਦਾ ਉਹ ਪੈਰਾ ਆਖਦਾ ਹੈ, “ਕੋਈ ਵੀ ਵਿਅਕਤੀ” ਕਿਉਂਕਿ ਪਰਮੇਸ਼ੁਰ ਯਹੂਦੀ ਅਤੇ ਗੈਰ ਯਹੂਦੀ ਵਿੱਚ ਭੇਦ ਨਹੀਂ ਕਰਦਾ। ਉਹੀ ਪ੍ਰਭ ਸਭ ਦਾ ਪ੍ਰਭੂ ਹੈ। ਪ੍ਰਭੂ ਉਨ੍ਹਾਂ ਸਭ ਲੋਕਾਂ ਨੂੰ ਅਥਾਹ ਅਸੀਸਾਂ ਦਿੰਦਾ ਹੈ ਜਿਹੜੇ ਉਸ ਵਿੱਚ ਨਿਹਚਾ ਰਖਦੇ ਹਨ। 13 ਪੋਥੀਆਂ ਆਖਦੀਆਂ ਹਨ, “ਹਰ ਉਹ ਮਨੁੱਖ ਜੋ ਪ੍ਰਭੂ ਵਿੱਚ ਵਿਸ਼ਵਾਸ ਰਖਦਾ ਹੈ ਬਚਾਇਆ ਜਾਵੇਗਾ।” 14 ਪਰ ਸਹਾਇਤਾ ਲਈ ਪ੍ਰਭੂ ਵਿੱਚ ਭਰੋਸਾ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਤੇ ਉਸ ਵਿੱਚ ਨਿਹਚਾ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭੂ ਬਾਰੇ ਸੁਣਨਾ ਚਾਹੀਦਾ। ਅਤੇ ਉਸ ਬਾਰੇ ਸੁਣਨ ਤੋਂ ਪਹਿਲਾਂ ਕਿਸੇ ਨੂੰ ਉਨ੍ਹਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ? 15 ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹੜੇ ਖੁਸ਼ ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।” 16 ਪਰ ਸਾਰੇ ਯਹੂਦੀਆਂ ਨੇ ਖੁਸ਼ ਖਬਰੀ ਨੂੰ ਸਵੀਕਾਰ ਨਾ ਕੀਤਾ। ਜਿਵੇਂ ਕਿ ਯਸਾਯਾਹ ਕਹਿੰਦਾ ਹੈ, “ਪ੍ਰਭੂ, ਕਿੰਨ੍ਹਾਂ ਨੇ ਉਸ ਸੰਦੇਸ਼ ਤੇ ਵਿਸ਼ਵਾਸ ਕੀਤਾ, ਜੋ ਉਨ੍ਹਾਂ ਨੇ ਸਾਥੋਂ ਸੁਣਿਆ?” 17 ਇਸ ਲਈ ਨਿਹਚਾ, ਖੁਸ਼ ਖਬਰੀ ਸੁਨਣ ਤੋਂ ਆਉਂਦੀ ਹੈ, ਅਤੇ ਉਹ ਖੁਸ਼ ਖਬਰੀ ਉਦੋਂ ਸੁਣਦੇ ਹਨ ਜਦੋਂ ਕੋਈ ਉਨ੍ਹਾਂ ਨੂੰ ਮਸੀਹ ਬਾਰੇ ਦੱਸਦਾ ਹੈ। 18 ਪਰ ਮੈਂ ਪੁਛਦਾ ਹਾਂ, “ਕੀ ਲੋਕਾਂ ਨੇ ਖੁਸ਼ਖਬਰੀ ਨਹੀਂ ਸੁਣੀ?” ਹਾਂ, ਉਨ੍ਹਾਂ ਨੇ ਸੁਣੀ। ਜਿਵੇਂ ਕਿ ਇਹ ਪੋਥੀ ਵਿੱਚ ਲਿਖਿਆ ਹੋਇਆ ਹੈ,“ਉਨ੍ਹਾਂ ਦੀਆਂ ਅਵਾਜ਼ਾਂ ਸਾਰੀ ਧਰਤੀ ਤੇ ਗਈਆਂਅਤੇ ਉਨ੍ਹਾਂ ਦੇ ਬੋਲ ਦੁਨੀਆਂ ਦੇ ਅੰਤ ਤੀਕ ਪਹੁੰਚੇ।” 19 ਮੈਂ ਫ਼ਿਰ ਪੁਛਦਾ ਹਾਂ, “ਕੀ ਇਸਰਾਏਲ ਦੇ ਲੋਕ ਇਹ ਨਾ ਸਮਝ ਸਕੇ?” ਹਾਂ, ਉਨ੍ਹਾਂ ਨੇ ਸਮਝਿਆ, ਮੂਸਾ ਪਰਮੇਸ਼ੁਰ ਲਈ ਇਹ ਆਖਦਾ ਹੈ:“ਮੈਂ ਉਨ੍ਹਾਂ ਲੋਕਾਂ ਨੂੰ ਈਰਖਾਲੂ ਬਣਾਵਾਂਗਾ ਜੋ ਕੌਮ ਨਹੀਂ ਹਨ।ਤੁਹਾਨੂੰ ਗੁੱਸੇ ਕਰਨ ਲਈ ਮੈਂ ਇੱਕ ਕੌਮ ਦਾ ਇਸਤੇਮਾਲ ਕਰਾਂਗਾ ਜਿਸ ਨੂੰ ਕੋਈ ਸਮਝ ਨਹੀਂ ਹੈ।” 20 ਫ਼ਿਰ ਯਸਾਯਾਹ ਨੇ ਇਹ ਨਿਡਰਤਾ ਨਾਲ ਪਰਮੇਸ਼ੁਰ ਨੂੰ ਆਖਿਆ:“ਉਹ ਲੋਕ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ,ਉਨ੍ਹਾਂ ਨੇ ਮੈਨੂੰ ਲਭ ਲਿਆ।ਸਗੋਂ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ ਉਨ੍ਹਾਂ ਤੇ ਮੈਂ ਪਰਗਟ ਹੋਇਆ।” 21 ਪਰਮੇਸ਼ੁਰ ਨੇ ਗੈਰ ਯਹੂਦੀਆਂ ਲਈ ਇਹ ਗੱਲ ਯਸਾਯਾਹ ਤੋਂ ਅਖਵਾਈ ਪਰ ਯਹੂਦੀਆਂ ਲਈ ਪਰਮੇਸ਼ੁਰ ਆਖਦਾ ਹੈ,“ਸਾਰਾ ਦਿਨ ਮੈਂ ਇਸ ਕੌਮ ਦਾ ਇੰਤਜਾਰ ਕਰ ਰਿਹਾ ਸਾਂ ਜੋ ਅਣ-ਆਗਿਆਕਾਰੀ ਹੈ ਅਤੇ ਮੇਰਾ ਅਨੁਸਰਣ ਕਰਨ ਤੋਂ ਇਨਕਾਰ ਕਰਦੀ ਹੈ।”
11:1 ਇਸ ਲਈ ਤਾਂ ਮੈਂ ਪੁਛਦਾ ਹਾਂ, “ਕੀ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਨਾਮੰਜ਼ੂਰ ਕੀਤਾ?” ਨਹੀਂ। ਮੈਂ ਖੁਦ ਇੱਕ ਇਸਰਾਏਲੀ ਹਾਂ। ਹਾਂ, ਮੈਂ ਅਬਰਾਹਾਮ ਦੇ ਪਰਿਵਾਰ ਅਤੇ ਬਿਨਜਾਮੀਨ ਦੇ ਵੰਸ਼ ਤੋਂ ਹਾਂ। 2 ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਆਪਣੇ ਲੋਕਾਂ ਵਾਂਗ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਚੁਣਿਆ ਤੇ ਉਸਨੇ ਉਨ੍ਹਾਂ ਨੂੰ ਨਾਮੰਜ਼ੂਰ ਨਹੀਂ ਕੀਤਾ। ਤੁਸੀਂ ਚੰਗੀ ਤਰ੍ਹਾਂ, ਜਾਣਦੇ ਹੋ ਕਿ ਏਲੀਯਾਹ ਬਾਰੇ ਪੋਥੀਆਂ ਕੀ ਆਖਦੀਆਂ ਹਨ। ਪੋਥੀਆਂ ਏਲੀਯਾਹ ਅਤੇ ਉਸ ਦੀਆਂ ਪਰਮੇਸ਼ੁਰ ਦੇ ਅੱਗੇ ਇਸਰਾਏਲ ਵਿਰੁੱਧ ਪ੍ਰਾਰਥਨਾਵਾਂ ਬਾਰੇ ਦੱਸਦੀਆਂ ਹਨ। 3 ਏਲੀਯਾਹ ਨੇ ਆਖਿਆ ਹੈ “ਪ੍ਰਭੂ। ਲੋਕਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਸੁਟਿਆ, ਤ੍ਤੇਰੀਆਂ ਜਗਵੇਦੀਆਂ ਢਾਹ ਸੁੱਟੀਆਂ ਅਤੇ ਮੈਂ ਹੀ ਇਕੱਲਾ ਨਬੀ ਰਹਿ ਗਿਆ ਹਾਂ ਅਤੇ ਉਹ ਹੁਣ ਮੇਰੀ ਜਾਨ ਦੇ ਪਿਛੇ ਪਏ ਹੋਏ ਹਨ।” 4 ਪਰ ਪਰੇਮਸ਼ੁਰ ਨੇ ਏਲੀਯਾਹ ਨੂੰ ਬਲਾ ਕੀ ਜਵਾਬ ਦਿੱਤਾ? ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰਖ ਛਡਿਆ ਹੈ ਜੋ ਅਜੇ ਵੀ ਮੈਨੂੰ ਮਥਾ ਟੇਕਦੇ ਹਨ, ਜਿਹੜੇ ਬਆਲ-ਜ਼ਬੂਲ ਅੱਗੇ ਨਹੀਂ ਝੁਕੇ।” 5 ਇਸੇ ਤਰ੍ਹਾਂ ਹੁਣ ਵੀ ਉਥੇ ਕੁਝ ਲੋਕ ਹਨ ਜੋ ਪਰਮੇਸ਼ੁਰ ਦੁਆਰਾ ਉਸਦੀ ਕਿਰਪਾ ਕਾਰਣ ਚੁਣੇ ਗਏ। 6 ਜੇਕਰ ਪਰੇਮਸ਼ੁਰ ਆਪਣੇ ਮਨੁੱਖਾਂ ਨੂੰ ਆਪਣੀ ਕਿਰਪਾ ਕਰਕੇ ਚੁਣੇ, ਤਾਂ ਉਹ ਪਰਮੇਸ਼ੁਰ ਦੇ ਮਨੁੱਖ ਬਣ ਗਏ ਹਨ, ਨਾ ਕਿ ਆਪਣੀ ਕਰਨੀ ਕਾਰਣ। ਜੇਕਰ ਉਹ ਉਨ੍ਹਾਂ ਦੇ ਕੰਮਾਂ ਕਾਰਣ ਧਰਮੀ ਬਣਾਏ ਗਏ ਹਨ, ਫ਼ੇਰ ਪਰਮੇਸ਼ੁਰ ਦੀ ਦਯਾ ਦਾ ਤੋਹਫ਼ਾ ਹੋਰ ਵਧੇਰੇ ਤੋਹਫ਼ਾ ਨਾ ਹੁੰਦਾ। 7 ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ। 8 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ,“ਪਰਮੇਸ਼ੁਰ ਨੇ ਉਨ੍ਹਾਂ ਨੂੰ ਗਹਿਰਾ ਸੌਣ ਦਿੱਤਾ।” “ਪਰਮੇਸ਼ੁਰ ਨੇ ਉਨ੍ਹਾਂ ਨੂੰ ਸੌਣ ਦਿੱਤਾ ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅਖਾਂ ਬੰਦ ਕਰ ਦਿੱਤੀਆਂ ਤਾਂ ਜੋ ਉਹ ਨਾ ਵੇਖ ਸਕਣ।ਉਸਨੇ ਉਨ੍ਹਾਂ ਦੇ ਕੰਨ ਬੰਦ ਕਰ ਦਿੱਤੇ ਤਾਂ ਜੋ ਉਹ ਸੁਣ ਨਾ ਸਕਣ।ਇਹ ਹਾਲੇ ਤੱਕ ਵਾਪਰ ਰਿਹਾ ਹੈ।” 9 ਅਤੇ ਦਾਊਦ ਆਖਦਾ ਹੈ:“ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ।ਉਨ੍ਹਾਂ ਨੂੰ ਫ਼ਂਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ। 10 ਉਨ੍ਹਾਂ ਦੀਆਂ ਅਖਾਂ ਧੁਂਦਲੀਆਂ ਹੋ ਜਾਣ ਤਾਂ ਜੋ ਉਹ ਨਾ ਵੇਖ ਸਕਣਅਤੇ ਉਹ ਹਮੇਸ਼ਾ ਸੰਕਤ ‘ਚ ਰਹਿਣ।” 11 ਤਾਂ ਮੈਂ ਪੁਛਦਾ ਹਾਂ; ਜਦੋਂ ਯਹੂਦੀ ਡਿੱਗੇ, ਕੀ ਉਸ ਗਿਰਾਵਟ ਨੇ ਉਨ੍ਹਾਂ ਨੂੰ ਤਬਾਹ ਕੀਤਾ? ਨਹੀਂ। ਪਰ ਉਨ੍ਹਾਂ ਦੀ ਗਲਤੀ ਨੇ ਹੋਰਾਂ ਕੌਮਾਂ ਲਈ ਮੁਕਤੀ ਲਿਆਂਦੀ। ਇਹ ਯਹੂਦੀਆਂ ਨੂੰ ਈਰਖਾਲੂ ਬਨਾਉਣ ਲਈ ਵਾਪਰਿਆ। 12 ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵਧੇਰੇ ਅਸੀਸਾਂ ਹੋਣਗੀਆਂ। 13 ਹੁਣ ਮੈਂ ਤੁਸਾਂ ਲੋਕਾਂ ਨੂੰ ਆਖ ਰਿਹਾ ਹਾਂ ਜੋ ਕਿ ਹੋਰਾਂ ਕੌਮਾਂ ਤੋਂ ਹਨ। ਮੈਂ ਹੋਰਾਂ ਕੌਮਾਂ ਲਈ ਰਸੂਲ ਹਾਂ, ਸੋ ਜਿਹੜਾ ਮੇਰਾ ਕੰਮ ਹੈ ਜੋ ਜਿੰਨਾ ਚੰਗਾ ਹੋ ਸਕੇ ਕਰਨ ਦੀ ਕੋਸ਼ਿਸ਼ ਕਰਾਂਗਾ। 14 ਮੈਨੂੰ ਆਸ ਹੈ, ਮੈਂ ਆਪਣੇ ਲੋਕਾਂ ਨੂੰ ਈਰਖਾਲੂ ਬਣਾ ਸਕਦਾ। ਇਸ ਤਰ੍ਹਾਂ, ਮੈਂ ਉਨ੍ਹਾਂ ਵਿੱਚੋਂ ਕੁਝ ਨੂੰ ਬਚਾਉਣ ਵਿੱਚ ਮਦਦ ਕਰਨ ਯੋਗ ਹੋ ਸਕਾਂਗਾ। 15 ਪਰਮੇਸ਼ੁਰ ਨੇ ਯਹੂਦੀਆਂ ਤੋਂ ਆਪਣਾ ਮੂੰਹ ਮੋੜ ਲਿਆ। ਜਦੋਂ ਇੰਝ ਹੋਇਆ, ਤਾਂ ਇਹ ਸਪਸ਼ਟ ਹੋ ਗਿਆ ਕਿ ਪਰਮੇਸ਼ੁਰ ਪਰਾਈਆਂ ਕੌਮਾਂ ਦੇ ਲੋਕਾਂ ਦਾ ਮਿੱਤਰ ਬਣ ਗਿਆ ਹੈ। ਇਸ ਲਈ ਜਦੋਂ ਪਰਮੇਸ਼ੁਰ ਯਹੂਦੀਆਂ ਨੂੰ ਕਬੂਲਦਾ ਹੈ, ਤਾਂ ਨਿਸ਼ਚਿਤ ਹੀ ਇਹ ਦੁਨੀਆਂ ਲਈ ਮੌਤ ਤੋਂ ਬਾਅਦ ਜ਼ਿੰਦਗੀ ਲਿਆਵੇਗਾ। 16 ਜੇਕਰ ਰੋਟੀ ਦੀ ਪਹਿਲੀ ਗਰਾਹੀ ਪਰਮੇਸ਼ੁਰ ਨੂੰ ਭੇਂਟ ਕੀਤੀ ਜਾਵੇ, ਤਾਂ ਉਹ ਸਾਰੀ ਰੋਟੀ ਪਵਿੱਤਰ ਹੋ ਜਾਂਦੀ ਹੈ। ਜੇਕਰ ਦਰਖਤ ਦੀਆਂ ਜੜ੍ਹਾਂ ਪਵਿੱਤਰ ਹਨ, ਤਾਂ ਇਸ ਦੀਆਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ। 17 ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰਖਤ ਦੀਆਂ ਕੁਝ ਟਹਿਣੀਆਂ ਤੋੜ ਦਿੱਤੀਆਂ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ। 18 ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜੜ੍ਹ ਹੈ ਜੋ ਤੁਹਾਨੂੰ ਜੀਵਨ ਦਿੰਦੀ ਹੈ। 19 ਤੁਸੀਂ ਆਖੋਂਗੇ, “ਟਹਿਣੀਆਂ ਇਸ ਲਈ ਤੋੜੀਆਂ ਗਈਆਂ ਤਾਂ ਜੋ ਮੈਂ ਦਰਖਤ ਨਾਲ ਪਿਉਂਦ ਲਾਇਆ ਜਾ ਸਕਾਂ।” 20 ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਅਨਾਸਥਾ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਆਸਥਾ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ। 21 ਕਿਉਂਕਿ ਜੇਕਰ ਪਰੇਮਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਹੀਂ ਬਖਸ਼ਿਆ, ਤਾਂ ਜੇਕਰ ਤੂੰ ਆਸਥਾ ਵਿੱਚ ਸਥਿਰ ਨਹੀਂ ਰਹੇਂਗਾ। ਤਾਂ ਉਹ ਤੈਨੂੰ ਵੀ ਨਹੀਂ ਬਖਸ਼ੇਗਾ। 22 ਤਾਂ ਵੇਖ ਪਰਮੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰਖਤ ਤੋਂ ਵਢ ਦਿੱਤਾ ਜਾਵੇਂਗਾ। 23 ਇਉਂ ਉਨ੍ਹਾਂ ਲਈ, ਜੇਕਰ ਉਹ ਮੁੜ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲੱਗਣ, ਤਾਂ ਵਾਪਸ ਰੁੱਖ ਦੀ ਪਿਉਂਦ ਲਾਏ ਜਾਣਗੇ। ਹਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਦਰਖਤ ਦੀ ਪਿਉਂਦ ਲਾਉਣ ਯੋਗ ਹੈ। 24 ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰਖਤ ਦੀ ਟਹਿਣੀ ਨਾਲ ਪੋਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰਖਤ ਤੋਂ ਵਢੀਆਂ ਗਈਆਂ ਹਨ। ਅਤੇ ਇੱਕ ਵਧੀਆਂ ਜੈਤੂਨ ਦੇ ਦਰਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰਖਤ ਤੇ ਉਗ੍ਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰਖਤ ਦੀ ਪਿਉਂਦ ਦੋਬਾਰਾ ਲਾਈਆਂ ਜਾ ਸਕਦੀਆਂ ਹਨ। 25 ਮੇਰੇ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੁਪਤ ਸੱਚ ਨੂੰ ਸਮਝੋ। ਇਹ ਸੱਚ ਤੁਹਾਨੂੰ ਇਹ ਤਥ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਭ ਕੁਝ ਨਹੀਂ ਪਤਾ। ਸੱਚ ਇਹ ਹੈ; ਇਸਰਾਏਲੀਆਂ ਦਾ ਇੱਕ ਹਿੱਸਾ ਕਠੋਰ ਬਣਾ ਦਿੱਤਾ ਗਿਆ ਹੈ। ਪਰ ਉਹ ਉਦੋਂ ਬਦਲੇਗਾ ਜਦੋਂ ਕਾਫ਼ੀ ਸਾਰੇ ਗੈਰ ਯਹੂਦੀ ਪਰਮੇਸ਼ੁਰ ਕੋਲ ਆ ਜਾਣਗੇ। 26 ਇੰਝ ਹੀ ਸਾਰੇ ਇਸਰਾਏਲੀ ਬਚਾਏ ਜਾਣਗੇ, ਇਹ ਪੋਥੀਆਂ ਵਿੱਚ ਕਿਹਾ ਗਿਆ ਹੈ:“ਮੁਕਤੀਦਾਤਾ ਸੀਯੋਨ ਤੋਂ ਆਵੇਗਾ।ਉਹ ਯਾਕੂਬ ਦੇ ਪਰਿਵਾਰ ਦੀਆਂ ਸਾਰੀਆਂ ਬੁਰਿਆਈਆਂ ਬਾਹਰ ਕਢ ਸੁੱਟੇਗਾ। 27 ਅਤੇ ਮੈਂ ਇਹ ਇਕਰਾਰਨਾਮਾ ਉਨ੍ਹਾਂ ਲੋਕਾਂ ਨਾਲ ਬਣਾਵਾਂਗਾ,ਜਦੋਂ ਮੈਂ ਉਨ੍ਹਾਂ ਦੇ ਪਾਪ ਕਢ ਦੇਵਾਂਗਾ।” 28 ਯਹੂਦੀਆਂ ਨੇ ਖੁਸ਼ ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਆਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ। 29 ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਕਦੀ ਨਹੀਂ ਬਦਲੇਗਾ ਜਿਨ੍ਹਾਂ ਨੂੰ ਉਹ ਸੱਦਦਾ ਹੈ ਤੇ ਜੋ ਦਾਤਾਂ ਉਹ ਉਨ੍ਹਾਂ ਨੂੰ ਦਿੰਦਾ ਹੈ। 30 ਇੱਕ ਸਮੇਂ ਤੁਸੀਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਹੁਣ ਤੁਹਾਨੂੰ ਮਿਹਰ ਪ੍ਰਾਪਤ ਹੋਈ ਹੈ, ਕਿਉਂਕਿ ਉਨ੍ਹਾਂ ਲੋਕਾਂ ਨੇ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 31 ਅਤੇ ਹੁਣ, ਯਹੂਦੀ ਆਗਿਆ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਤੇ ਮਿਹਰ ਦਰਸਾਈ, ਪਰ ਇਹ ਇਸ ਲਈ ਵਾਪਰਿਆ ਤਾਂ ਕਿ ਉਹ ਵੀ ਪਰਮੇਸ਼ੁਰ ਪਾਸੋਂ ਮਿਹਰ ਪ੍ਰਾਪਤ ਕਰ ਸਕਣ। 32 ਪਰਮੇਸ਼ੁਰ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕਠਿਆਂ ਕਰ ਲਿਆ ਹੈ, ਜਿਨ੍ਹਾਂ ਨੇ ਉਸਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ, ਤਾਂ ਕਿ ਪਰਮੇਸ਼ੁਰ ਉਨ੍ਹਾਂ ਸਭਨਾਂ ਲੋਕਾਂ ਉੱਤੇ ਆਪਣੀ ਮਿਹਰ ਦਰਸਾ ਸਕੇ। 33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸਦੇ ਨਿਰਣੇ ਦੀ ਵਿਆਖਿਆ ਨਹੀਂ ਕਰ ਸਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸਕਦਾ ਹੈ। 34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?ਕੌਣ ਹੈ ਜੋ ਉਸਦਾ ਸਲਾਹੀ ਬਣੇ?” 35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?ਜਿਹ ਦਾ ਉਸਨੂੰ ਮੁੜ ਵਾਪਸ ਦਿੱਤਾ ਜਾਵੇ।” 36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।
12:1 ਇਸ ਲਈ ਹੇ ਭਰਾਵੋ ਅਤੇ ਭੈਣੋ, ਮੈਂ ਪਰਮੇਸ਼ੁਰ ਦੀ ਦਯਾ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਅੱਗੇ ਜਿਉਂਦੀ ਬਲੀ ਬਣਕੇ ਭੇਂਟ ਕਰੋ। ਇਹ ਭੇਂਟ ਸਿਰਫ਼ ਪਰਮੇਸ਼ੁਰ ਲਈ ਹੋਣੀ ਚਾਹੀਦੀ ਹੈ ਅਤੇ ਉਸਨੂੰ ਹੀ ਪ੍ਰਸੰਨ ਕਰਨ ਲਈ ਹੋਣੀ ਚਾਹੀਦੀ ਹੈ। ਆਪਣੇ ਆਪ ਦਾ ਇਹ ਬਲਿਦਾਨ ਤੁਹਾਡੀ ਪਰਮੇਸ਼ੁਰ ਦੀ ਆਤਮਕ ਉਪਾਸਨਾ ਹੈ। 2 ਆਪਣੇ ਆਪ ਨੂੰ ਇਸ ਦੁਨੀਆਂ ਦੇ ਲੋਕਾਂ ਵਰਗਾ ਨਾ ਬਣਾਓ, ਪਰ ਆਪਣੇ ਮਨਾਂ ਨੂੰ ਤਾਜ਼ਾ ਕਰੋ ਅਤੇ ਇੱਕ ਨਵੇਂ ਢੰਗ ਨਾਲ ਸੋਚੋ ਤਾਂ ਜੋ ਤੁਸੀਂ ਪਛਾਣ ਸਕੋ ਅਤੇ ਪਰਮੇਸ਼ੁਰ ਦੀ ਇੱਛਾ ਕਬੂਲ ਸਕੋਂ। ਤੁਸੀਂ ਜਾਨਣ ਯੋਗ ਹੋਵੋਂਗੇ ਕਿ ਕਿਹੜੀਆਂ ਗੱਲਾਂ ਚੰਗੀਆਂ ਹਨ ਅਤੇ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ, ਅਤੇ ਕਿਹੜੀਆਂ ਗੱਲਾਂ ਸਹੀ ਹਨ। 3 ਪਰਮੇਸ਼ੁਰ ਨੇ ਮੈਨੂੰ ਇੱਕ ਖਾਸ ਤੋਹਫ਼ੇ ਨਾਲ ਨਿਵਾਜਿਆ ਹੈ। ਇਸੇ ਲਈ ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਕੁਝ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿੱਚ ਹੋ। ਇਹ ਨਿਰਣਾ ਕਿ ਤੁਸੀਂ ਕਿਹੋ ਜਿਹੇ ਹੋ ਤੁਸੀਂ ਨਿਹਚਾ ਰਾਹੀਂ ਪਤਾ ਲਗਾ ਸਕਦੇ ਹੋ ਜਿਹੜੀ ਪਰਮੇਸ਼ੁਰ ਨੇ ਤੁਹਾਨੂੰ ਦਿੱਤੀ ਹੈ। 4 ਸਾਡੇ ਸਭਨਾਂ ਕੋਲ ਸ਼ਰੀਰ ਹੈ ਅਤੇ ਉਸ ਸ਼ਰੀਰ ਦੇ ਕਈ ਅੰਗ ਹਨ, ਇਹ ਸਾਰੇ ਅੰਗ ਇੱਕੋ ਜਿਹਾ ਕੰਮ ਨਹੀਂ ਕਰਦੇ। 5 ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸ਼ਰੀਰ ਹਾਂ। ਅਸੀਂ ਸਾਰੇ ਉਸ ਸ਼ਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ। 6 ਅਸੀਂ ਸਾਰੇ ਵਖ-ਵਖ ਸੁਗਾਤਾਂ ਨਾਲ ਨਿਵਾਜੇ ਗਏ ਹਾਂ ਹਰੇਕ ਸੁਗਾਤ ਪਰਮੇਸ਼ੁਰ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਈ ਹੈ। ਜੇਕਰ ਕਿਸੇ ਵਿਅਕਤੀ ਕੋਲ ਅਗੰਮ ਵਾਕ ਦੀ ਦਾਤ ਹੈ, ਤਾਂ ਉਸਨੂੰ ਇਹ ਆਪਣੀ ਨਿਹਚਾ ਅਨੁਸਾਰ ਵਰਤਨੀ ਚਾਹੀਦੀ ਹੈ। 7 ਜੇਕਰ ਕਿਸੇ ਨੂੰ ਸੇਵਾ ਕਰਨ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਉਸਨੂੰ ਸੇਵਾ ਕਰਨੀ ਚਾਹੀਦੀ ਹੈ। ਜੇਕਰ ਕਿਸੇ ਕੋਲ ਸਿਖਿਆ ਦਾ ਫ਼ਲ ਪ੍ਰਾਪਤ ਹੈ ਤਾਂ ਉਸਨੂੰ ਸਿਖਿਆ ਦੇਣੀ ਚਾਹੀਦੀ ਹੈ। 8 ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਅਰਾਮ ਦੇਣ ਦੀ ਦਾਤ ਹੈ, ਉਸਨੂੰ ਇਹ ਦੂਜਿਆਂ ਦੇ ਸੁਖ ਲਈ ਵਰਤਣ ਦਿਉ। ਜੇਕਰ ਕਿਸੇ ਵਿਅਕਤੀ ਕੋਲ ਦੂਜਿਆਂ ਨੂੰ ਦੇਣ ਦੀ ਦਾਤ ਹੈ, ਉਸਨੂੰ ਉਦਾਰਤਾ ਨਾਲ ਦੇਣ ਦਿਉ। ਜੇ ਇੱਕ ਵਿਅਕਤੀ ਕੋਲ ਅਗਵਾਈ ਕਰਨ ਦੀ ਦਾਤ ਹੈ ਤਾਂ ਉਸਨੂੰ ਉਨ੍ਹਾਂ ਦੀ ਕੜੀ ਮਿਹਨਤ ਨਾਲ ਅਗਵਾਈ ਕਰਨ ਦਿਉ। ਜੇ ਇੱਕ ਵਿਅਕਤੀ ਕੋਲ ਦਇਆ ਦਰਸ਼ਾਉਣ ਦੀ ਦਾਤ ਹੈ ਤਾਂ ਉਸਨੂੰ ਉਹੀ ਖੁਸ਼ੀ ਨਾਲ ਕਰਨ ਦਿਉ। 9 ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ। 10 ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਗ ਭੈਣਾਂ ਭਰਾਂਵਾਂ ਜਿੰਨਾ ਪਿਆਰ ਕਰੋ। ਤੁਸੀਂ ਆਪਣੇ-ਆਪ ਤੋਂ ਵਧ ਜਿੰਨਾ ਕਿ ਤੁਸੀਂ ਆਪਣੇ ਲਈ ਮਾਨ ਚਾਹੁੰਦੇ ਹੋ, ਉਸ ਤੋਂ ਵਧ ਮਾਨ ਆਪਣੇ ਭੈਣਾਂ ਭਰਾਵਾਂ ਨੂੰ ਦੇਵੋ। 11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ। 12 ਆਸ ਵਿੱਚ ਖੁਸ਼ ਰਹੋ ਅਤੇ ਸੰਕਟ ਵਿੱਚ ਧੀਰਜ ਰਖੋ। ਹਰ ਵਕਤ ਪ੍ਰਾਰਥਨਾ ਕਰੋ। 13 ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ। 14 ਉਨ੍ਹਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਹੀ ਆਖੋ ਜੋ ਤੁਹਾਡੇ ਨਾਲ ਮਾੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਸਰਾਪ ਨਾ ਦਿਉ। 15 ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ। 16 ਇੱਕ ਦੂਜੇ ਨਾਲ ਅਮਨ ਸ਼ਾਂਤੀ ਵਿੱਚ ਰਹੋ। ਘਮੰਡੀ ਨਾ ਬਣੋ। ਸਾਧਾਰਣ ਲੋਕਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਬਣੋ। ਆਪਣੇ ਗਿਆਨ ਦਾ ਜ਼ਿਆਦਾ ਅੰਦਾਜ਼ਾ ਨਾ ਲਾਓ। 17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ। 18 ਜਿੰਨਾ ਹੋ ਸਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ। 19 ਮੇਰੇ ਮਿੱਤਰੋ। ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸਦੇ ਬਦਲੇ ਵਿੱਚ ਉਸਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।” 20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,“ਜੇਕਰ ਤੇਰਾ ਦੁਸ਼ਮਣ ਭੁਖਾ ਹੈ,ਉਸਨੂੰ ਭੋਜਨ ਦੇ।ਜੇਕਰ ਤੇਰਾ ਵੈਰੀ ਪਿਆਸਾ ਹੈ,ਉਸਨੂੰ ਕੁਝ ਪੀਣ ਲਈ ਦੇ।ਇੰਝ ਕਰਨ ਨਾਲ ਤੂੰ ਉਸਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।” 21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।
13:1 ਤੁਹਾਨੂੰ ਸਾਰਿਆਂ ਨੂੰ, ਉਚ ਅਧਿਕਾਰੀਆਂ ਨੂੰ ਮੰਨਣਾ ਚਾਹੀਦਾ ਹੈ। ਹਰ ਕੋਈ, ਜੋ ਸ਼ਾਸਨ ਕਰਦਾ ਹੈ, ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਅਧਿਕਾਰ ਦਿੱਤਾ ਗਿਆ ਹੈ। ਅਤੇ ਉਹ ਸਾਰੇ ਲੋਕ, ਜਿਹੜੇ ਹੁਣ ਸ਼ਾਸਨ ਕਰ ਰਹੇ ਹਨ ਉਨ੍ਹਾਂ ਨੂੰ, ਪਰਮੇਸ਼ੁਰ ਵੱਲੋਂ ਇਹ ਅਧਿਕਾਰ ਪ੍ਰਾਪਤ ਕੀਤਾ ਹੈ। 2 ਇਸ ਲਈ ਇੱਕ ਵਿਅਕਤੀ ਜਿਹੜਾ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ ਉਹ ਪਰਮੇਸ਼ੁਰ ਦੀ ਵਿਵਸਥਾ ਦਾ ਵਿਰੋਧ ਕਰਦਾ ਹੈ। ਜਿਹੜੇ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਦੰਡ ਦਿੱਤਾ ਜਾਵੇਗਾ। 3 ਜਿਹੜੇ ਲੋਕ ਉਹੀ ਕਰਦੇ ਹਨ ਜੋ ਸਹੀ ਹੈ, ਉਨ੍ਹਾਂ ਨੂੰ ਹਾਕਮਾਂ ਤੋਂ ਡਰਨਾ ਨਹੀਂ ਪੈਂਦਾ। ਪਰ ਗਲਤ ਕੰਮ ਕਰਨ ਵਾਲਿਆਂ ਨੂੰ ਹਾਕਮਾਂ ਤੋਂ ਡਰਨਾ ਚਾਹੀਦਾ ਹੈ। ਕੀ ਤੁਸੀਂ ਹਾਕਮਾਂ ਤੋਂ ਬੇਖੌਫ਼ ਰਹਿਣਾ ਚਾਹੁੰਦੇ ਹੋ? ਤਾਂ ਤੁਹਾਨੂੰ ਚੰਗਾ ਕਰਨਾ ਪਵੇਗਾ। ਜੇਕਰ ਤੁਸੀਂ ਠੀਕ ਕੰਮ ਕਰੋਂਗੇ ਤਾਂ ਸ਼ਾਸਕ ਤੁਹਾਡੀ ਉਸਤਤਿ ਕਰੇਗਾ। 4 ਹਾਕਮ ਤੁਹਾਡੀ ਮਦਦ ਲਈ ਪਰੇਮਸ਼ੁਰ ਦਾ ਸੇਵਕ ਹੈ। ਪਰ ਜੇਕਰ ਤੁਸੀਂ ਗਲਤ ਗੱਲਾਂ ਕਰੋ, ਤਾਂ ਤੁਹਾਨੂੰ ਡਰਨਾ ਚਾਹੀਦਾ ਹੈ। ਕਿਉਂਕਿ ਹਾਕਮ ਕੋਲ ਦੰਡ ਦੇਣ ਦਾ ਅਧਿਕਾਰ ਹੈ ਅਤੇ ਉਹ ਉਸ ਅਧਿਕਾਰ ਦੀ ਵਰਤੋਂ ਕਰੇਗਾ। ਉਹ, ਲੋਕਾਂ ਨੂੰ ਸਜ਼ਾ ਦੇਣ ਲਈ ਜੋ ਗਲਤ ਗੱਲਾਂ ਕਰਦੇ ਹਨ, ਪਰਮੇਸ਼ੁਰ ਦਾ ਸੇਵਕ ਹੈ। 5 ਇਸ ਲਈ ਤੁਹਾਨੂੰ ਉਚ ਅਧਿਕਾਰੀਆਂ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਆਗਿਆ ਦਾ ਅਵਸ਼ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਤੁਸੀਂ ਸਜ਼ਾ ਦੇ ਭਾਗੀ ਹੋ, ਤੁਹਾਨੂੰ ਇਸ ਲਈ ਵੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹੀ ਠੀਕ ਹੈ। 6 ਇਹੀ ਕਾਰਣ ਹੈ ਕਿ ਤੁਸੀਂ ਮਹਿਸੂਲ ਵੀ ਦਿੰਦੇ ਹੋ। ਸ਼ਾਸਕ ਆਪਣੇ ਕੰਮਾਂ ਵਿੱਚ ਰੁਝੇ ਹਨ ਕਿਉਂਕਿ ਪਰਮੇਸ਼ੁਰ ਦੇ ਸੇਵਕ ਹਨ। 7 ਸਭਨਾਂ ਨੂੰ ਉਹ ਕੁਝ ਦੇ ਦਿਉ ਜਿਸਦੇ ਵੀ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਇੱਜ਼ਤ ਦਿਉ, ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦੇ ਦੇਣਦਾਰ ਹੋ। ਉਨ੍ਹਾਂ ਨੂੰ ਮਹਿਸੂਲ ਦਿਉ ਜਿਸਦੇ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿਉ ਜਿਨ੍ਹਾਂ ਲਈ ਸਤਿਕਾਰ ਦੇ ਤੁਸੀਂ ਦੇਣਦਾਰ ਹੋ। 8 ਕਿਸੇ ਦੇ ਕਰਜਾਈ ਨਾ ਰਹੋ। ਪਰ ਹਮੇਸ਼ਾ ਇੱਕ ਦੂਜੇ ਦੇ ਪਿਆਰ ਦੇ ਕਰਜਾਈ ਹੋਵੋ। ਜਿਹੜਾ ਦੂਜਿਆਂ ਲੋਕਾਂ ਨੂੰ ਪਿਆਰ ਕਰਦਾ ਹੈ ਉਸਨੇ ਸਾਰੀ ਸ਼ਰ੍ਹਾ ਨੂੰ ਮੰਨਿਆ ਹੈ। 9 ਭਲਾ ਮੈਂ ਇਹ ਕਿਉਂ ਆਖਦਾ ਹਾਂ? ਕਿਉਂਕਿ ਸ਼ਰ੍ਹਾ ਕਹਿੰਦੀ ਹੈ, “ਬਦਕਾਰੀ ਨਾ ਕਰੋ, ਕਿਸੇ ਨੂੰ ਨਾ ਮਾਰੋ, ਚੋਰੀ ਨਾ ਕਰੋ, ਅਤੇ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ।” ਅਸਲ ਵਿੱਚ ਇਹ ਸਾਰੇ ਹੁਕਮਨਾਮੇ ਪੂਰੀ ਤਰ੍ਹਾਂ ਇੱਕੋ ਹੀ ਹੁਕਮ ਵਿੱਚ ਜਾਹਰ ਹਨ; “ਦੂਜਿਆਂ ਨਾਲ ਉਵੇਂ ਪ੍ਰੇਮ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” 10 ਪਿਆਰ ਦੂਜਿਆਂ ਲੋਕਾਂ ਨੂੰ ਸੱਟ ਨਹੀਂ ਮਾਰਦਾ ਇਸ ਲਈ ਦੂਜਿਆਂ ਨੂੰ ਪ੍ਰੇਮ ਕਰਨਾ ਪੂਰੀ ਸ਼ਰ੍ਹਾ ਨੂੰ ਮੰਨਣ ਵਾਂਗ ਹੈ। 11 ਮੈਂ ਇਹ ਸਭ ਗੱਲਾਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਖਾਸ ਸਮੇਂ ਵਿੱਚ ਜਿਉਂ ਰਹੇ ਹਾਂ। ਹਾਂ, ਹੁਣ ਤੁਹਾਨੂੰ ਤੁਹਾਡੀ ਨੀਂਦ ਤੋਂ ਜਾਗਣ ਦਾ ਇਹੀ ਸਮਾਂ ਹੈ। ਕਿਉਂ ਕਿ ਹੁਣ ਸਾਡੀ ਮੁਕਤੀ ਸਾਡੇ ਨਿਹਚਾ ਕਰਨ ਦੇ ਸਮੇਂ ਤੋਂ ਵੀ ਬਹੁਤ ਨੇੜੇ ਹੈ। 12 ਰਾਤ ਹੁਣ ਬਹੁਤੀ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਹੁਣ ਸਾਨੂੰ ਹਨੇਰੇ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਪ੍ਰਕਾਸ਼ ਦੇ ਕੰਮ ਕਰਨੇ ਚਾਹੀਦੇ ਹਨ। 13 ਸਾਨੂੰ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ ਕਿਉਂਕਿ ਇਹ ਚਾਨਣ ਦੇ ਲੋਕਾਂ ਲਈ ਯੋਗ ਹੈ। ਸਾਨੂੰ ਅਨੈਤਿਕ ਅਤੇ ਫ਼ਿਜ਼ੂਲ ਦਾਅਵਤਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸ਼ਰਾਬੀ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਸ਼ਰੀਰਾਂ ਨਾਲ ਕਿਸੇ ਤਰ੍ਹਾਂ ਦੇ ਜਿਨਸੀ ਪਾਪ ਨਹੀਂ ਕਰਨੇ ਚਾਹੀਦੇ। ਸਾਨੂੰ ਕਿਸੇ ਨਾਲ ਵਿਵਾਦ ਨਹੀਂ ਕਰਨਾ ਚਾਹੀਦਾ ਹੈ ਜਾ ਕਿਸੇ ਨਾਲ ਈਰਖਾ ਮਹਿਸੂਸ ਨਹੀਂ ਕਰਨੀ ਚਾਹੀਦੀ। 14 ਪਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪਹਿਰਾਵਾ ਬਣਾ ਲਵੋ। ਇਸ ਬਾਰੇ ਨਾ ਸੋਚੋ ਕਿ ਤੁਸੀਂ ਆਪਣੇ ਪਾਪੀ ਸੁਭਾਅ ਅਤੇ ਦੁਸ਼ਟ ਇੱਛਾਵਾਂ ਨੂੰ ਕਿਵੇਂ ਪੂਰਨ ਕਰੋਂਗੇ।
14:1 ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸਦੇ ਅਲੱਗ ਵਿਚਾਰਾਂ ਬਾਰੇ ਬਹਿਸ ਕਰੋ। 2 ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। 3 ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸਕਦਾ ਹੈ ਉਸਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। 4 ਦੂਜੇ ਵਿਅਕਤੀ ਦੇ ਨੌਕਰ ਦਾ ਨਿਰਣਾ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸਨੂੰ ਸਹੀ ਬਨਾਉਣ ਦੇ ਸਮਰਥ ਹੈ। 5 ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। 6 ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। 7 ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। 8 ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। 9 ਮਸੀਹ ਮਰਿਆ ਅਤੇ ਮੁਰਦੇ ਤੋਂ ਉਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸਕੇ। 10 ਤੂੰ ਆਪਣੇ ਭਰਾ ਬਾਰੇ ਕਿਉਂ ਨਿਰਣਾ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ ਕਿ;“ਹਰ ਮਨੁੱਖ ਮੇਰੇ ਅੱਗੇ ਨਿਵੇਗਾ ਹਰ ਮਨੁੱਖ ਇਹ ਆਖੇਗਾ;ਕਿ ਮੈਂ ਪਰਮੇਸ਼ੁਰ ਹਾਂ,ਮੈਂ ਜਿਉਂਦਾ ਪ੍ਰਭੂ ਹਾਂ ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ। 12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ। 13 ਇਸ ਲਈ ਸਾਨੂੰ ਇੱਕ ਦੂਜੇ ਦਾ ਨਿਰਣਾ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵਧਣ ਤੋਂ ਰੋਕੇ। 14 ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ। 15 ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਆਸਥਾ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ। 16 ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ। 17 ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉਥੇ ਇਹ ਚੀਜ਼ਾਂ ਮਹੱਤਵ ਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ। 18 ਜਿਹੜਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ। 19 ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ। 20 ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 21 ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈਅ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 22 ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿਢ਼ਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ। 23 ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਰਣਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।
15:1 ਸਾਡੇ ਵਿੱਚੋਂ ਜੋ ਆਪਣੇ ਨਿਹਚਾ ਵਿੱਚ ਤਕੜੇ ਹਨ, ਕਮਜ਼ੋਰਾਂ ਦੀ ਮਦਦ ਕਰਨ। ਸਾਨੂੰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਪ੍ਰਸੰਨ ਨਹੀਂ ਕਰਨਾ ਚਾਹੀਦਾ। 2 ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ। 3 ਇਥੋਂ ਤੱਕ ਕਿ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਨਹੀਂ ਜੀਵਿਆ। ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, “ਉਨ੍ਹਾਂ ਦੀ ਬੇਇੱਜ਼ਤੀ, ਜਿਨ੍ਹਾਂ ਨੇ ਤੁਹਾਨੂੰ ਬੇਇੱਜ਼ਤ ਕੀਤਾ ਸੀ ਮੇਰੇ ਤੇ ਡਿੱਗੀ ਹੈ।” 4 ਸਭ ਕੁਝ ਜੋ ਅਤੀਤ ਵਿੱਚ ਲਿਖਿਆ ਗਿਆ ਸੀ ਸਾਨੂੰ ਸਿਖਾਉਣ ਖਾਤਰ ਲਿਖਿਆ ਸੀ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਸਨ ਤਾਂ ਜੋ ਅਸੀਂ ਆਸ ਰਖ ਸਕੀਏ। ਅਤੇ ਉਹ ਆਸ ਧੀਰਜ ਤੋਂ ਆਉਂਦੀ ਹੈ ਅਤੇ ਉਹ ਤਾਕਤ ਜੋ ਪੋਥੀਆਂ ਸਾਨੂੰ ਦਿੰਦੀਆਂ ਹਨ। 5 ਧੀਰਜ ਅਤੇ ਤਾਕਤ ਪਰਮੇਸ਼ੁਰ ਤੋਂ ਆਉਂਦੀ ਹੈ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਉਸੇ ਢੰਗ ਨਾਲ ਇੱਕ ਹੋਣ ਵਿੱਚ ਸਹਾਇਤਾ ਕਰੇਗਾ ਜਿਵੇਂ ਮਸੀਹ ਯਿਸੂ ਚਾਹੁੰਦਾ ਹੈ। 6 ਫ਼ਿਰ ਤੁਸੀਂ ਸਭ ਇਕਠੇ ਹੋ ਜਾਵੋਂਗੇ ਅਤੇ ਤੁਸੀਂ ਇੱਕ ਮੂੰਹ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦੀ ਉਸਤਤਿ ਕਰੋਂਗੇ। 7 ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9 ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ;“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” 10 ਪੋਥੀ ਇਹ ਵੀ ਆਖਦੀ ਹੈ;“ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿਲਕੇ ਖੁਸ਼ ਹੋਣਾ ਚਾਹੀਦਾ ਹੈ।” 11 ਪੋਥੀ ਇਹ ਵੀ ਆਖਦੀ ਹੈ;“ਤੁਸੀਂ ਸਾਰੇ ਗੈਰ-ਯਹੂਦੀਓ,ਪ੍ਰਭੂ ਦੀ ਉਸਤਤਿ ਕਰੋ;ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” 12 ਅਤੇ ਯਸਾਯਾਹ ਆਖਦਾ ਹੈ,“ਕੋਈ ਯਸੀ ਦੇ ਪਰਿਵਾਰ ਵਿੱਚੋਂ ਉਠੇਗਾਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” 13 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਤ੍ਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁਲ੍ਹੇ। 14 ਮੇਰੇ ਭਰਾਵੋ ਅਤੇ ਭੈਣੋ, ਮੈਂ ਯਕੀਨ ਰਖਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਭਰਪੂਰ ਹੋ ਅਤੇ ਤੁਹਾਡੇ ਕੋਲ ਸਾਰਾ ਗਿਆਨ ਹੈ। ਤੇ ਤੁਹਾਡੇ ਕੋਲ ਇੱਕ ਦੂਜੇ ਨੂੰ ਸਿਖਾਉਣ ਦੀ ਯੋਗਤਾ ਹੈ। 15 ਪਰ ਮੈਂ ਉਨ੍ਹਾਂ ਗੱਲਾਂ ਬਾਰੇ, ਜਿਹੜੀਆਂ ਮੈਂ ਤੁਹਾਨੂੰ ਚੇਤੇ ਕਰਾਉਣੀਆਂ ਚਾਹੁੰਦਾ ਸਾਂ, ਖੁਲ੍ਹੇ ਤੌਰ ਤੇ ਲਿਖਿਆ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇਸ ਖਾਸ ਤੋਹਫ਼ੇ ਨਾਲ ਨਿਵਾਜਿਆ ਸੀ। 16 ਪਰਮੇਸ਼ੁਰ ਨੇ ਮੈਨੂੰ ਮਸੀਹ ਯਿਸੂ ਦਾ ਸੇਵਕ ਗੈਰ ਯਹੂਦੀਆਂ ਵਾਸਤੇ ਅਤੇ ਪਰਮੇਸ਼ੁਰ ਦੀ ਖੁਸ਼ ਖਬਰੀ ਨੂੰ ਫ਼ੈਲਾਉਣ ਲਈ ਬਣਾਇਆ ਹੈ। ਮੈਂ ਇਹ ਗੈਰ ਯਹੂਦੀਆਂ ਦੀ ਖਾਤਿਰ ਇੱਕ ਭੇਂਟ ਬਨਣ ਲਈ ਕਰ ਰਿਹਾ ਹਾਂ ਜੋ ਪਰਮੇਸ਼ੁਰ ਦੁਆਰਾ ਕਬੂਲੀ ਜਾਵੇਗੀ। ਇਹ ਪਵਿੱਤਰ ਆਤਮਾ ਦੁਆਰਾ ਬਣਾਈ ਪਵਿੱਤਰ ਭੇਂਟ ਹੋਵੇਗੀ। 17 ਇਸ ਲਈ ਜੋ ਮੈਂ ਪਰਮੇਸ਼ੁਰ ਲਈ ਮਸੀਹ ਯਿਸੂ ਵਿੱਚ ਕੀਤਾ ਹੈ ਮੈਨੂੰ ਉਸਤੇ ਮਾਨ ਹੈ। 18 ਮੇਰਾ ਹੌਂਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਕੀਤੇ ਬੁਰੇ ਕੁਝ ਬੋਲਾਂ, ਪਰ ਮੈਨੂੰ ਉਨ੍ਹਾਂ ਗੱਲਾਂ ਬਾਰੇ ਬੋਲਣ ਦਾ ਕਾਫ਼ੀ ਹੌਂਸਲਾ ਹੈ ਜਿਹੜੀਆਂ ਮਸੀਹ ਨੇ ਮੇਰੇ ਰਾਹੀਂ ਗੈਰ ਯਹੂਦੀਆਂ ਨੂੰ ਪਰਮੇਸ਼ੁਰ ਲਈ ਆਗਿਆਕਾਰ ਹੋਣ ਲਈ ਆਖੀਆਂ। 19 ਉਨ੍ਹਾਂ ਨੇ ਕਰਾਮਾਤਾਂ ਦੀ ਸ਼ਕਤੀ, ਅਜੂਬੇ ਅਤੇ ਆਤਮਾ ਦੀ ਸ਼ਕਤੀ ਦੇ ਕਾਰਣ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕੀਤੀ। ਮੈਂ ਯਰੂਸ਼ਲਮ ਤੋਂ ਲੈਕੇ ਇਲੁਰਿਕੁਨ ਦੇ ਚਾਰੇ ਪਾਸਿਆਂ ਤੀਕ ਮਸੀਹ ਦੀ ਖੁਸ਼ ਖਬਰੀ ਬਾਰੇ ਪਰਚਾਰ ਕੀਤਾ। 20 ਮੈਂ ਹਮੇਸ਼ਾ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪਰਚਾਰ ਉਨ੍ਹੀਂ ਥਾਵੀਂ ਕਰਨਾ ਚਾਹਿਆ ਜਿਥੇ ਲੋਕਾਂ ਨੇ ਕਦੇ ਵੀ ਮਸੀਹ ਬਾਰੇ ਨਹੀਂ ਸੀ ਸੁਣਿਆ। ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਕਿਸੇ ਹੋਰ ਦੇ ਕੰਮਾਂ ਤੇ ਕੁਝ ਨਹੀਂ ਉਸਾਰਨਾ ਚਾਹੁੰਦਾ ਜਿਸਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੋਵੇ। 21 ਪਰ ਇਹ ਪੋਥੀਆਂ ਵਿੱਚ ਲਿਖਿਆ ਵੀ ਹੋਇਆ ਹੈ;“ਜਿਨ੍ਹਾਂ ਲੋਕਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਵੇਖਣਗੇ;ਅਤੇ ਉਹ ਜਿਨ੍ਹਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਸਮਝਣਗੇ।” 22 ਇਸੇ ਕਾਰਣ ਮੈਨੂੰ ਤੁਹਾਡੇ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਗਿਆ ਸੀ। 23 ਹੁਣ ਇਨ੍ਹਾਂ ਥਾਵਾਂ ਤੋਂ ਮੈਂ ਅਪਣਾ ਕੰਮ ਮੁਕੰਮਲ ਕਰ ਚੁੱਕਾ ਹਾਂ। ਅਤੇ ਲੰਬੇ ਸਮੇਂ ਤੋਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸਾਂ। 24 ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮਦ੍ਦਦਗਾਰ ਸਿਧ ਹੋ ਸਕਦੇ ਹੋ। 25 ਹੁਣ ਮੈਂ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ ਜਾ ਰਿਹਾ ਹਾਂ। 26 ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕੁਝ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ। 27 ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ। 28 ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ।ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ। 29 ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਖਸ਼ਿਸ਼ ਤੁਹਾਡੇ ਲਈ ਲੈਕੇ ਆਵਾਂਗਾ। 30 ਪਿਆਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਾਸਤੇ ਪ੍ਰਾਰਥਨਾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ। 31 ਪ੍ਰਾਰਥਨਾ ਕਰੋ ਕਿ ਯਹੂਦਿਯਾ ਵਿੱਚ ਅਨਾਸਥਾਵਾਨਾਂ ਤੋਂ ਮੇਰੀ ਰੱਖਿਆ ਹੋਵੇ। ਪ੍ਰਾਰਥਨਾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉਥੇ ਪ੍ਰਸੰਨ ਕਰ ਸਕੇ। 32 ਫ਼ਿਰ ਜੋ ਪਰਮੇਸ਼ੁਰ ਨੇ ਚਾਹਿਆ, ਮੈਂ ਤੁਹਾਡੇ ਕੋਲ ਪੂਰੇ ਆਨੰਦ ਨਾਲ ਅਤੇ ਤੁਹਾਡੇ ਨਾਲ ਮਿਲਕੇ ਆਰਾਮ ਕਰਾਂਗਾ। 33 ਕਾਸ਼ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਸਾਰਿਆਂ ਨਾਲ ਹੋਵੇ। ਆਮੀਨ।
16:1 ਮੈਂ ਸਾਡੀ ਭੈਣ ਫ਼ੀਬੀ ਨੂੰ ਤੁਹਾਨੂੰ ਸੌਂਪਣਾ ਚਾਹੁੰਦਾ ਹਾਂ। ਉਹ ਕੰਖਰਿਯਾ ਦੇ ਗਿਰਜੇ ਵਿੱਚ ਖਾਸ ਸਹਾਇਕਾ ਹੈ। 2 ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਸਨੂੰ ਪ੍ਰਭੂ ਦੇ ਨਾਂ ਤੇ ਕਬੂਲੋ ਜਿਵੇਂ ਪਰਮੇਸ਼ੁਰ ਦੇ ਲੋਕਾਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਸਦੀ ਸਭ ਪਾਸੋਂ ਵੀ ਮਦਦ ਕਰੋ ਜਿਸਦੀ ਤੁਹਾਥੋਂ ਉਸਨੂੰ ਜ਼ਰੂਰਤ ਹੈ। ਉਸਨੇ ਮੇਰੀ ਬੜੀ ਸਹਾਇਤਾ ਕੀਤੀ ਸੀ ਅਤੇ ਉਸਨੇ ਹੋਰ ਵੀ ਕਿੰਨੇ ਹੀ ਲੋਕਾਂ ਦੀ ਬਹੁਤ ਮਦਦ ਕੀਤੀ ਹੈ। 3 ਪਰਿਸਕਾ ਅਤੇ ਅਕੂਲਾ ਨੂੰ ਸ਼ੁਭ ਕਾਮਨਾਵਾਂ। ਉਹ ਮਸੀਹ ਯਿਸੂ ਵਿੱਚ ਸਾਥੀ ਕਾਮੇ ਹਨ। 4 ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾਕੇ ਮੇਰੀ ਜਾਨ ਬਚਾਈ। ਮੈਂ ਉਨ੍ਹਾਂ ਦਾ ਧੰਨਵਾਦੀ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਾਂ ਅਤੇ ਸਾਰੇ ਗੈਰ ਯਹੂਦੀ ਗਿਰਜੇ ਵੀ ਉਨ੍ਹਾਂ ਦੇ ਸ਼ੁਕਰ ਗੁਜ਼ਾਰ ਹਨ। 5 ਅਤੇ ਉਸ ਗਿਰਜੇ ਨੂੰ ਵੀ ਸਲਾਮ ਜਿਹੜਾ ਉਨ੍ਹਾਂ ਦੇ ਘਰ ਨਾਲ ਜੁੜਦਾ ਹੈ। 6 ਮਰਿਯਮ ਨੂੰ ਵੀ ਨਮਸਕਾਰ ਆਖਣੀ ਉਸਨੇ ਤੁਹਾਡੇ ਲਈ ਬੜੀ ਸਖਤ ਮਿਹਨਤ ਕੀਤੀ। 7 ਅੰਦਰੁਨਿਕੁਸ ਅਤੇ ਯੂਨਿਆਸ ਨੂੰ ਵੀ ਸੁਖ ਸਾਂਦ ਆਖਣਾ, ਉਹ ਮੇਰੇ ਰਿਸ਼ਤੇਦਾਰ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ। ਉਹ ਬਹੁਤ ਜ਼ਿਆਦਾ ਇੱਜ਼ਤਦਾਰ ਹਨ। ਉਹ ਉਨ੍ਹਾਂ ਵਿੱਚੋਂ ਹਨ ਜੋ ਮਸੀਹ ਦੁਆਰਾ ਉਸਦਾ ਕੰਮ ਕਰਨ ਕਈ ਭੇਜੇ ਗਏ ਹਨ। ਉਹ ਮੇਰੇ ਹੋਣ ਤੋਂ ਪਹਿਲਾਂ ਵੀ ਮਸੀਹ ਦੇ ਚੇਲੇ ਸਨ। 8 ਅੰਪਲਿਯਾਤੁਸ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਦੇਣੀਆਂ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਮਿੱਤਰ ਹੈ। 9 ਮੇਰੇ ਸਾਥੀ ਕਾਮੇ ਉਰਬਾਨੁਸ ਨੂੰ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਮਸੀਹ ਵਿੱਚ ਸ਼ੁਭਕਾਮਨਾਵਾਂ ਦੇਣੀਆਂ। 10 ਅਪਿਲ੍ਲੇਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। ਉਸਨੂੰ ਪਰਖਿਆ ਗਿਆ ਅਤੇ ਉਹ ਮਸੀਹ ਦਾ ਸੱਚਾ ਸੇਵਕ ਹੋਇਆ ਅਤੇ ਅਰਿਸਤਯੂਲੁਸ ਦੇ ਪਰਿਵਾਰ ਵਿੱਚ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਵੀ ਮੇਰੀ ਰਾਜ਼ੀ-ਖੁਸ਼ੀ ਕਹਿਣਾ। 11 ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਅਤੇ ਨਰਕਿਸੁਸ ਦੇ ਪਰਿਵਾਰ ਨੂੰ ਵੀ, ਜੋ ਪ੍ਰਭੂ ਨਾਲ ਸੰਬੰਧਿਤ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। 12 ਤਰੂਫ਼ੇਨਾ ਅਤੇ ਤਰੁਫ਼ੋਸਾ ਔਰਤਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ, ਜੋ ਪ੍ਰਭੂ ਲਈ ਬੜੀ ਸਖਤ ਮਿਹਨਤ ਕਰ ਰਹੀਆਂ ਹਨ। 13 ਰੂਫ਼ਸ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਦੇਣੀਆਂ ਜੋ ਕਿ ਪ੍ਰਭੂ ਵਿੱਚ ਖਾਸ ਵਿਅਕਤੀ ਹੈ। ਅਤੇ ਉਸਦੀ ਮਾਤਾ ਮੇਰੇ ਲਈ ਵੀ ਮਾਤਾ ਹੈ। 14 ਅੰਸੁਕਰਿਤੁਸ, ਫ਼ਲੇਗੁਨ, ਹਰਮੇਸ, ਪਤੁਰਬਾਸ ਅਤੇ ਹਿਰਮਾਸ ਨੂੰ, ਅਤੇ ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ, ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭਕਾਮਨਾਵਾਂ ਦੇਣੀਆਂ। 15 ਫ਼ਿਲੁਲੁਗੁਸ਼ ਯੂਲੀਆ ਅਤੇ ਨੇਰਿਯੁਸ ਅਤੇ ਉਸਦੀ ਭੈਣ ਤੇ ਉਲੁਂਪਾਸ ਨੂੰ, ਅਤੇ ਸਭਨਾਂ ਸ਼ਰਧਾਲੂਆਂ ਨੂੰ ਜਿਹੜੇ ਉਨ੍ਹਾਂ ਦੇ ਨਾਲ ਹਨ, ਮੇਰੀਆਂ ਸ਼ੁਭ ਕਾਮਨਾਵਾਂ ਦੇਣੀਆਂ। 16 ਜਦੋਂ ਤੁਸੀਂ ਮਿਲੋਂ, ਇੱਕ ਦੂਜੇ ਨੂੰ ਪਵਿੱਤਰ ਚੁੰਮੀ ਨਾਲ ਸ਼ੁਭਕਾਮਨਾ ਦਿਉ। ਮਸੀਹ ਦੇ ਸਾਰੇ ਗਿਰਜੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਨ। 17 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਨ੍ਹਾਂ ਲੋਕਾਂ ਤੋਂ ਬਚਕੇ ਰਹਿਣ ਦੀ ਮੰਗ ਕਰਦਾ ਹਾਂ ਜਿਹੜੇ ਲੋਕਾਂ ਵਿੱਚ ਵੰਡਾਂ ਪਵਾਉਂਦੇ ਹਨ। ਅਤੇ ਦੂਜੇ ਲੋਕਾਂ ਦੀ ਨਿਹਚਾ ਵਿੱਚ ਵਿਘਨ ਪਾਉਂਦੇ ਹਨ। ਉਹ ਲੋਕ ਉਸਦੇ ਵਿਰੁੱਧ ਹਨ ਜਿਹੜੀ ਸੱਚੀ ਸਿਖਿਆ ਤੁਸੀਂ ਸਿਖੀ ਹੈ। ਅਜਿਹੇ ਲੋਕਾਂ ਤੋਂ ਦੂਰ ਰਹੋ। 18 ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਸੇਵਾ ਨਹੀਂ ਕਰਦੇ, ਉਹ ਤਾਂ ਸਿਰਫ਼ ਆਪਣੇ ਆਪ ਨੂੰ ਖੁਸ਼ ਰੱਖਣ ਦੇ ਕੰਮ ਕਰਦੇ ਹਨ। ਉਹ ਭੋਲੇ ਲੋਕਾਂ ਨੂੰ ਆਪਣੀਆਂ ਭਰਮੀ ਗੱਲਾਂ ਅਤੇ ਖੁਸ਼ਾਮਦ ਭਰੇ ਸ਼ਬਦਾਂ ਨਾਲ ਗੁਮਰਾਹ ਕਰਦੇ ਹਨ। 19 ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਾਰੇ ਨਿਹਚੀਆਂ ਨੂੰ ਪਤਾ ਹੈ, ਇਸ ਲਈ ਮੈਂ ਤੁਹਾਡੇ ਲਈ ਬੜਾ ਪ੍ਰਸੰਨ ਹਾਂ। ਪਰ ਮੈਂ ਤੁਹਾਨੂੰ ਚੰਗੀਆਂ ਗੱਲਾਂ ਬਾਰੇ ਸਮਝਦਾਰ ਅਤੇ ਬਦੀ ਬਾਰੇ ਭੋਲੇ ਵੇਖਣਾ ਚਾਹੁੰਦਾ ਹਾਂ। 20 ਸ਼ਾਂਤੀ ਦਾ ਪਰਮੇਸ਼ੁਰ ਛੇਤੀ ਹੀ ਸ਼ੈਤਾਨ ਨੂੰ ਚੂਰ ਕਰ ਦੇਵੇਗਾ ਅਤੇ ਤੁਹਾਨੂੰ ਉਸ ਉੱਪਰ ਪੂਰੀ ਤਾਕਤ ਦੇਵੇਗਾ।ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ। 21 ਸਾਡਾ ਸਹਿ ਕਰਮਚਾਰੀ ਤਿਮੋਥਿਉਸ ਤੁਹਾਨੂੰ ਸ਼ੁਭ ਕਾਮਨਾਵਾਂ ਭੇਜਦਾ ਹੈ। ਮੇਰੇ ਨਾਲ ਮੇਰੇ ਸੰਬੰਧੀਆਂ ਲੂਕਿਯੁਸ, ਯੋਨ ਅਤੇ ਸੋਸਿਪਤਰੁਸ ਤੁਹਾਡੀ ਸੁਖ-ਸਾਂਦ ਪੁਛਦੇ ਹਨ। 22 ਮੈਂ ਤਰਤਿਯੁਸ ਹਾਂ। ਮੈਂ ਇਹ ਪੱਤਰ ਉਵੇਂ ਲਿਖਿਆ ਹੈ ਜਿਵੇਂ ਪੌਲੁਸ ਨੇ ਲਿਖਵਾਇਆ ਹੈ। ਪ੍ਰਭੂ ਵਿੱਚ ਮੇਰੀਆਂ ਤੁਹਾਨੂੰ ਸ਼ੁਭਕਾਮਨਾਵਾਂ। 23 ਗਾਯੁਸ ਵੱਲੋਂ ਸ਼ੁਭਕਾਮਨਾਵਾਂ। ਉਸਨੇ ਮੈਨੂੰ ਅਤੇ ਸਾਰੀ ਕਲੀਸਿਯਾ ਨੂੰ ਇਥੇ ਉਸਦੇ ਘਰ ਦਾ ਇਸਤੇਮਾਲ ਕਰਨ ਦੀ ਆਗਿਆ ਦਿੱਤੀ ਹੈ। 24 25 ਪਰਮੇਸ਼ੁਰ ਨੂੰ ਮਹਿਮਾ। ਇਹ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਨਿਹਚਾ ਵਿੱਚ ਮਜ਼ਬੂਤ ਬਣਾ ਸਕਦਾ ਹੈ। ਉਹ ਤੁਹਾਨੂੰ ਮਜ਼ਬੂਤ ਬਨਾਉਣ ਲਈ ਉਸ ਖੁਸ਼ਖਬਰੀ ਦੀ ਵਰਤੋਂ ਕਰ ਸਕਦਾ ਹੈ ਜਿਸਦਾ ਮੈਂ ਲੋਕਾਂ ਨੂੰ ਉਪਦੇਸ਼ ਦਿੰਦਾ ਹਾਂ। ਮੈਂ ਲੋਕਾਂ ਨੂੰ ਯਿਸੂ ਮਸੀਹ ਬਾਰੇ ਉਹੀ ਖੁਸ਼ਖਬਰੀ ਦੱਸਦਾ ਹਾਂ। ਖੁਸ਼ਖਬਰੀ ਗੁਪਤ ਸੱਚ ਹੈ ਜੋ ਪਰਮੇਸ਼ੁਰ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਸੀ। ਇਹ ਗੁਪਤ ਸੱਚ ਮੁਢ ਤੋਂ ਹੀ ਗੁਪਤ ਰੱਖਿਆ ਗਿਆ ਸੀ। 26 ਪਰ ਉਹ ਗੁਪਤ ਸੱਚ ਸਾਨੂੰ ਵਿਖਾਇਆ ਗਿਆ ਹੈ। ਅਤੇ ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਨਬੀਆਂ ਦੀਆਂ ਲਿਖਤਾਂ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਹੈ। ਇਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਕੀਤਾ ਗਿਆ ਹੈ। ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਇਸ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਉਹ ਨਿਹਚਾ ਰਖ ਸਕਣ ਅਤੇ ਮਸੀਹ ਨੂੰ ਮੰਨਣ। ਪਰਮੇਸ਼ੁਰ ਸਦੀਵੀ ਹੈ। 27 ਗਿਆਨਵਾਨ ਪਰਮੇਸ਼ੁਰ ਨੂੰ ਯਿਸੂ ਮਸੀਹ ਰਾਹੀਂ ਸਦੀਵੀ ਮਹਿਮਾ। ਆਮੀਨ।।